Free Hand (Punjabi Story) Chandan Negi
ਫ੍ਰੀ ਹੈਂਡ (ਕਹਾਣੀ) : ਚੰਦਨ ਨੇਗੀ
ਅੰਮ੍ਰਿਤਸਰ ਸਟੇਸ਼ਨ 'ਤੇ ਖਲੋਤੀ ਡੀਲਕਸ ਗੱਡੀ ਦੀ ਪਹਿਲੀ ਚੀਕ ਨਾਲ ਰੀਜ਼ਰਵ ਸੀਟਾਂ ਵਾਲਾ ਡੱਬਾ ਵੀ ਖਚਾ-ਖਚ ਭਰ ਗਿਆ। ਚਾਰ ਸੀਟਾਂ ਵਾਲੀਆਂ ਬਰਥਾਂ ਉਤੇ ਪੂਰੇ ਸੋਲ੍ਹਾਂ ਗੋਡੇ ਨਾਲੋ-ਨਾਲ ਜੁੜ ਗਏ। ਸੀਟਾਂ ਵਾਲੇ ਕੁਝ ਬੋਲੇ ਕੁਝ ਆਰਾਮ ਨਾਲ ਸਰਕੇ। ਭੀੜ ਨਾਲ ਤੁੰਨਿਆਂ ਡੱਬਾ ਤੇ ਕੁਝ ਲੋਕ ਖੱਪ ਮਚਾਂਦੇ ਉਤਲੀਆਂ ਸੀਟਾਂ ਉਤੇ ਵੀ ਜਾ ਬੈਠੇ।
ਛੋਟੇ ਜ਼ਨਾਨਾ ਡੱਬੇ ਦੇ ਬਾਹਰ ਬੈਠੇ ਲਾਲ ਦਾੜ੍ਹੀ ਵਾਲੇ ਬੁੱਢੇ ਮੀਆਂ ਨੂੰ ਨਸਵਾਰੀ ਬੁਰਕੇ ਵਾਲੀ ਔਰਤ ਨੇ ਆਸ-ਪਾਸ ਦੀਆਂ ਸੁਆਰੀਆਂ ਤੋਂ ਪੁੱਛ ਅੰਦਰ ਹੀ ਬੁਲਾਇਆ। ਬੁੱਢੇ ਮੀਆਂ ਨੇ ਛਾਤੀ ਉਤੇ ਹੱਥ ਰੱਖ ਲੰਮਾ ਸਾਹ ਖਿੱਚਿਆ। ਬਾਹਰਲੀ ਭੀੜ 'ਚ ਉਸਦਾ ਦਮ ਘੁੱਟਣ ਲੱਗਾ ਸੀ। ਮਹਿੰਦੀ ਰੰਗੀ ਲਾਲ ਦਾੜ੍ਹੀ, ਕਾਲੀ ਟੋਪੀ 'ਚੋਂ ਮੋਢਿਆਂ ਤੀਕ ਪਲਮਦੀਆਂ ਲਾਲ ਲਿਟਾਂ, ਨੱਕ ਦੀ ਘੋੜੀ ਤੋਂ ਹੇਠਾਂ ਢਿਲਕੀ ਮੋਟੇ ਸ਼ੀਸ਼ਿਆਂ ਵਾਲੀ ਐਨਕ ਦੀ ਕਾਠੀ, ਵਰ੍ਹਿਆਂ ਦੀਆਂ ਨਹੁੰਦਰਾਂ ਦਾ ਤਰੁੰਡਿਆਂ ਜਿਸਮ, ਚਿੱਟੇ ਪਜਾਮੇ 'ਚੋਂ ਬਾਹਰ ਵੱਲ ਉਭਰੀਆਂ ਗੋਡਿਆਂ ਦੀਆਂ ਹੱਡੀਆਂ, ਕਾਲਾ ਲੰਮਾ ਕੋਟ, ਬਾਂਹ ਨਾਲ ਲਟਕਦੀ ਇਕ ਗੁੱਥੀ ਤੇ ਤਸਵੀਹ ਫੇਰਦਾ ਗੋਡੇ ਢਿੱਡ ਨਾਲ ਜੋੜ ਇਕ ਨੁਕਰ ਵਿਚ ਬੈਠ ਗਿਆ।
ਗੱਡੀ ਦੀ ਦੂਜੀ ਚੀਕ ਨਾਲ ਜ਼ਨਾਨਾ ਡੱਬੇ ਦੇ ਬੂਹੇ ਕੋਲ ਭੀੜ 'ਚੋਂ ਸਿਰਾਂ ਦੀ ਲਹਿਰ ਉਠੀ ਤੇ ਕਿੰਨੇ ਹੀ ਲੋਕ ਡਿੱਗਦੇ, ਢਹਿੰਦੇ, ਬਚਦੇ ਅੰਦਰ ਆ ਵੜੇ। ਜ਼ਨਾਨਾ ਸਵਾਰੀਆਂ ਉਕੜੂ ਹੋ ਕੇ ਬੈਠੀਆਂ, ਇਕ ਦੂਜੀ ਵੱਲ ਵੇਖ ਮੂੰਹ ਮੱਥਾ ਸੁਕੇੜਿਆ। ਪੈਰ ਧਰਦੇ-ਧਰਦੇ ਭੀੜ ਨੇ ਸਾਰਾ ਡੱਬਾ ਮਲ ਲਿਆ। ਤਸਵੀਹ ਫੇਰਦੇ ਮੀਆਂ ਜੀ ਦਾ ਹੱਥ ਵੀ ਤੰਗ ਹੋ ਗਿਆ, 'ਯਾ ਅੱਲਾਹ' ਕਹਿੰਦੇ ਉਸ ਲੰਮਾ ਸਾਹ ਭਰਿਆ।
ਭੀੜ ਭੜੱਕੇ ਦੀ ਲਹਿਰ ਦੇ ਸਿਰ ਕੁਝ ਸੀਟਾਂ ਉਤੇ ਅੜ ਗਏ, ਕੁਝ ਉਤਲੀਆਂ ਬਰਥਾਂ ਉਤੇ ਚੜ੍ਹ ਗਏ, ਕੁਝ ਹੇਠ ਪਏ ਸਮਾਨ ਉਤੇ ਸਟ ਗਏ। 'ਯਾ ਆ-ਲਾ-ਹ' ਦੀ ਆਵਾਜ ਨਾਲ ਸਾਰਿਆਂ ਦੀ ਗੱਲਬਾਤ ਮੀਆਂ ਜੀ ਦੁਆਲੇ ਉਲਝ ਗਈ। 'ਕਿੱਥੋਂ ਆਏ ਮੀਆਂ ਜੀ-ਕਿਬਲਾ?' ਇਕ ਨੇ ਜੁੜੇ ਗੋਡਿਆਂ ਉਤੇ ਬਰੀਫ ਕੇਸ 'ਚੋਂ ਤਾਸ਼ ਕੱਢਦੇ ਪੁੱਛਿਆ।
ਇਕ ਅਵਾਜ ਹੋਰ ਉਭਰੀ, 'ਛੱਡ ਪਰ੍ਹਾਂ ਯਾਰ....... ਕਿੰਨੀਆਂ ਨੀਂ?'
'ਲੈ........ ਮਾ........ ਕਦੇ ਕੋਈ ਹੋਰ ਵੀ ਲੈ ਆਇਆ ਕਰੋ,' ਤਾਸ਼ ਕੱਢਦੇ ਆਦਮੀ ਨੇ ਮੂੰਹ ਸੁਜਾ ਕੇ ਕਿਹਾ।
'ਲੈ ਬਈ....... ਅੱਜ ਤੇ ਆ ਗਿਆ ਅਨੰਦ', ਦੋ ਵੱਖੋ ਵੱਖ ਜੁਸਿਆਂ ਦੇ ਹੱਥਾਂ ਦੀ ਤਾੜੀ ਨਾਲ ਜੋਰ ਦੀ ਪਟਾਕਾ ਵੱਜਿਆ।
ਇਕ ਹੋਰ ਨੇ ਕੋਟ ਦੀਆਂ ਜੇਬਾਂ 'ਚੋਂ ਦੋਹੋਂ ਹੱਥ ਬਾਹਰ ਕੱਢੇ, ਫੂਕ ਮਾਰ ਦੋਹਾਂ ਦੀਆਂ ਤਲੀਆਂ ਮਲ ਕੇ ਗਰਮ ਕੀਤੀਆਂ, ਬਾਰੀ ਕੋਲ ਬੈਠੀ ਕੁੜੀ ਨੂੰ ਕੰਨਖੀਆਂ ਵੇਖਿਆ, ਗਲੇ ਨਾਲ ਲਪੇਟੇ ਰੰਗਦਾਰ ਡੱਬੀਆਂ ਵਾਲੇ ਮਫਲਰ ਨੂੰ ਗਰਦਨ ਦੁਆਲਿਓਂ ਖੋਲ੍ਹ ਫਿਰ ਲਪੇਟਿਆਂ। ਭੀੜ ਨਾਲ ਡੱਬੇ 'ਚ ਸਾਹ ਘੁੱਟਵੀਂ ਹਵਾੜ ਭਰੀ ਗਈ। ਕੁੜੀ ਨੇ ਬਾਰੀ ਦਾ ਅੱਧਾ ਕੁ ਸ਼ਟਰ ਖੋਲ੍ਹ ਤਾਜ਼ੀ ਹਵਾ ਦੇ ਲੰਮੇ-ਲੰਮੇ ਸਾਹ ਭਰੇ। ਮਫਲਰ ਵਾਲੇ ਮੁੰਡੇ ਦੀ ਪਿੱਠ ਠੰਢੀ ਹਵਾ ਨਾਲ ਠਰੀ, ਉਸਨੇ ਪਿੱਛੇ ਮੁੜ ਕੇ ਵੇਖਦੇ ਕੁਝ ਕਹਿਣਾ ਚਾਹਿਆ ਪਰ ਕੁੜੀ ਦੇ ਚਿਹਰੇ ਉਤੇ ਸਖਤ ਜਿਹਾ ਪ੍ਰਭਾਵ ਵੇਖ ਕੁਝ ਬੋਲ ਨਾ ਸਕਿਆ।
ਟਿਕਟ ਚੈਕਰ ਨੇ ਕਿਸੇ ਦਾ ਪਾਸ ਵੇਖਿਆ, ਕਿਸੇ ਦਾ ਟਿਕਟ। ਰੀਜ਼ਰਵ ਸੀਟਾਂ ਵਾਲੇ ਜਨਾਨਾ ਛੋਟੇ ਡੱਬੇ ਨੂੰ ਮਰਦਾਂ, ਮੁੰਡਿਆਂ ਨਾਲ ਤੂੜਿਆ ਵੇਖ ਕੇ ਵੀ ਉਸ ਕਿਸੇ ਨੂੰ ਕੁਝ ਨਾਂ ਕਿਹਾ। ਤਾਸ਼ ਫ਼ੈਂਟਦੇ ਬਾਬੂ ਕੋਲੋਂ ਉਸ ਟਿਕਟ ਮੰਗੀ। ਮੁੰਡੇ ਨੇ ਅੱਖਾਂ ਇਵੇਂ ਫੇਰੀਆਂ ਜਿਵੇਂ ਟਿਕਟ ਚੈਕਰ ਦਾ ਨਹੀਂ ਕਿਸੇ ਮੰਗਤੇ ਦਾ ਹੱਥ ਭੀਖ ਮੰਗਣ ਲਈ ਉਸ ਸਾਹਮਣੇ ਅੱਡਿਆ ਹੋਏ ਤੇ ਉਹ ਲਾਪ੍ਰਵਾਹੀ ਨਾਲ ਤਾਸ਼ ਫੈਂਟਦਾ ਰਿਹਾ-ਫੈਂਟਦਾ ਰਿਹਾ।
ਟਿਕਟ ਚੈਕਰ ਨੇ ਉਸਦੇ ਮੋਢੇ ਨੂੰ ਉਂਗਲੀ ਨਾਲ ਠਕੋਰਿਆਂ, 'ਟਿਕਟ.... 'ਤੇ ਉਂਗਲੀ ਜਲਦੀ ਦੇ ਇਸ਼ਾਰੇ 'ਚ ਹਿਲਾਉਣ ਲੱਗਾ।
'ਡੀ.ਪੀ.' ਤੇ ਤਾਸ਼ ਫੈਂਟਦੇ ਉਸ ਅੱਖਾਂ ਨੀਵੀਆਂ ਕਰ ਲਈਆਂ।
'ਕੀ... ਡੀ.ਐਸ.ਪੀ.?'
'ਨਹੀਂ ਸਾਹਬ... ਡੀ.ਪੀ.! ਡੀ.ਪੀ. ਮੀਨਜ਼ ਡੇਲ੍ਹੀ ਪੈਸਿੰਜਰ,' ਸ਼ਾਇਦ ਉਸ ਕੋਲ ਟਿਕਟ ਨਹੀਂ ਸੀ। ਹਾਸੇ ਦਾ ਰਲਵਾਂ-ਮਿਲਵਾਂ ਗ਼ੜਾਕਾ ਡੱਬੇ ਦੀਆਂ ਕੰਧਾਂ ਨਾਲ ਟਕਰਾ ਬਾਰੀ 'ਚੋਂ ਬਾਹਰ ਗੱਡੀ ਦੇ ਸ਼ੋਰ ਵਿਚ ਅਲੋਪ ਹੋ ਗਿਆ। ਹਾਸੇ ਦੀ ਗੂੰਜ ਵਿਚ ਕੁੜੀ ਦੇ ਹਾਸੇ ਦੇ ਘੁੰਗਰੂ ਵੀ ਛਣਕੇ ਤੇ ਬੁੱਢੇ ਮੀਆਂ ਦੀ ਘਗਿਆਈ ਆਵਾਜ਼ ਦੇ ਟੱਲ ਵੀ। ਟਿਕਟ ਚੈਕਰ ਵੀ ਛਿੱਥਾ ਜਿਹਾ ਪੈ ਚਲਾ ਗਿਆ। ਸ਼ਾਇਦ ਬਾਬੂਆਂ ਦੀ ਟੋਲੀ, ਅੱਜ ਦੀ ਪੀੜ੍ਹੀ ਦੇ ਸ਼ਿਸ਼ਟਾਚਾਰ ਤੇ ਗਰਮ ਜੋਸ਼ੀ ਨਾਲ ਉਸ ਦਾ ਰੋਜ਼ ਦਾ ਵਾਹ ਸੀ।
ਤਾਸ਼ ਫੈਂਟਦੇ ਮੁੰਡੇ ਦੀ ਛਾਤੀ ਜਿੱਤ ਦੇ ਅਹਿਸਾਸ ਨੇ ਹੋਰ ਚੌੜੀ ਫੈਲਾ ਦਿੱਤੀ ਉਸ ਦੇ ਹੱਥ ਤਾਸ਼ ਫੈਂਟਦੇ ਹੋਰ ਜ਼ੋਰ ਨਾਲ ਚੱਲਣ ਲਗੇ, 'ਕਿੰਨੀਆਂ ਢੇਰੀਆਂ?' ਉਸ ਆਲੇ ਦੁਆਲੇ ਉਂਗਲ ਫੇਰਦੇ ਖੇਡਣ ਵਾਲੇ ਸਾਥੀਆਂ ਦੇ ਝੁਰਮਟ ਨੂੰ ਗਿਣਿਆ ਤੇ ਪੱਤਿਆਂ ਦੀਆਂ ਅੱਠ ਢੇਰੀਆਂ ਵੰਡੀਆਂ। ਕਾਗਜ਼ ਪੈਨ ਬਰੀਫ਼ ਕੇਸ ਦੀ ਪਿੱਠ ਉਤ ਸੱਜ ਗਏ। ਮਫ਼ਲਰ ਵਾਲੇ ਮੁੰਡੇ ਨੇ ਪੱਤੇ ਜੋੜਦੇ ਗਰਦਨ ਭੁਆਂ ਕੇ ਪਿੱਛੇ ਬੈਠੀ ਕੁੜੀ ਵੱਲ ਵੇਖਿਆ, 'ਮਜ਼ਾ ਆ ਜਾਏ ਯਾਰ..... ਜੇ ਜੋਕਰ ਗੁਲਾਮ ਨਿਕਲੇ..... ਤੇ ਪਪਲੂ ਹੋਏ ਮੇਮ.... ਯਾਰਾਂ ਦੇ ਹੱਥ ਵਿਚ ਫਿਰ ਤ੍ਰੇ-ਤ੍ਰੇ ਮੇਮਾਂ...।' ਉਸ ਤਿਰਛੀ ਨਜ਼ਰ ਕੁੜੀ ਉਤੇ ਸੁੱਟੀ ਤੇ ਪਾਨ ਦੀ ਮੇਮ ਦੇ ਪੱਤੇ ਨੂੰ ਚੁੰਮ ਗਲੇ ਨਾਲ ਲਾ ਲਿਆ।
'ਬਕਵਾਸ ਨ੍ਹੀਂ ਕਰ... ਕੱਢ ਜੋਕਰ....' ਤਾਸ਼ ਫ਼ੈਂਟਦੇ ਮੁੰਡੇ ਨੇ ਬਾਕੀ ਪੱਤਿਆਂ ਦੀ ਢੇਰੀ ਜ਼ੋਰ ਨਾਲ ਬਰੀਫ਼ ਕੇਸ ਉਤੇ ਰੱਖਦੇ ਕਿਹਾ।
'ਹੁਕਮ ਦਾ ਗੁਲਾਮ...' ਉਹ ਉਛਲ ਪਿਆ 'ਵੇਖੀ ਯਾਰਾਂ ਦੀ ਕਿਸਮਤ.... ਫ੍ਰੀ ਹੈਂਡ ਤਾਂ ਹੋਇਆ ਸਮਝੋ। ਉਸ ਚੁਟਕੀ ਵਜ਼ਾਉਂਦੇ ਕੁੜੀ ਵੱਲ ਇਸ਼ਾਰਾ ਕੀਤਾ।
'ਸੁੱਟੋ ਵੀ ਯਾਰੋ ਹੁਣ ਪੱਤਾ... ਹੋਰ ਅੱਧਾ ਘੰਟਾ ਬਾਕੀ ਏ...' ਗੋਡਿਆਂ ਉਤੇ ਪਏ ਬਰੀਫ਼ ਕੇਸ ਉਤੇ ਕਿੰਨੀਆਂ ਹੀ ਅੱਖਾਂ ਦੇ ਜੋੜੇ ਚਿਮੜ ਗਏ, ਬੂਹੇ ਅੱਗੇ ਸਿਰਾਂ ਦੀ ਕੰਧ ਉਤੇ ਕੰਧ ਚੜ੍ਹ ਗਈ। ਉਤਲੀਆਂ ਬਰਥਾਂ ਉਤੇ ਬੈਠੇ ਵੀ ਆਪੋ ਆਪਣੀ ਸਲਾਹ ਦਿੰਦੇ ਰਹੇ। ਕੋਈ ਪੱਤਾ ਸੁੱਟ ਪਛਤਾਣ ਲੱਗਦਾ, ਕੋਈ ਚੁੰਮ ਕੇ ਸਰਾਂ ਨਾਲ ਰਲਾ ਏਨਾਂ ਖੁਸ਼ ਹੁੰਦਾ ਜਿਵੇਂ ਸਾਰੀ ਜ਼ਿੰਦਗੀ ਖੁਸ਼ੀ ਦਾ ਦਾਰੋ-ਮਦਾਰ ਢੇਰੀ ਉਤਲਾ ਹੱਥ ਵਿਚ ਆਇਆ ਪੱਤਾ ਹੀ ਹੋਏ। ਇਕ ਵਿਚ ਤਿਸਰ ਜਾਂ ਰਾਊਡ 'ਚੋਂ ਨਿਕਲਿਆ ਫਾਲਤੂ ਪੱਤਾ ਦੂਜੇ ਰਾਊਂਡ 'ਚੋਂ ਨਿਕਲਿਆ ਫਾਲਤੂ ਪੱਤਾ ਦੂਜੇ ਰਾਊਂਡ ਦੀ ਸੁੱਚੀ ਰਾਊਂਡ ਵਿਚ ਲੱਗਦਾ, ਬਾਜ਼ੀ ਜਿੱਤਣ ਦਾ ਵਸੀਲਾ। ਇਕ ਬਾਜ਼ੀ... ਦੂਜੀ... ਤੇ ਤੀਜੀ ਤੋਂ ਬਾਅਦ ਜਲੰਧਰ ਮਾਡਲ ਟਾਊਨ ਦੀਆਂ ਕੋਠੀਆਂ ਗੱਡੀ ਦੀ ਦੌੜ ਤੋਂ ਪਿੱਛੇ ਰਹਿ ਗਈਆਂ। ਪਹਿਲੇ ਕਰਾਸਿੰਗ ਤੋਂ ਹੀ ਗੱਡੀ ਦੀ ਚਾਲ ਧੀਮੀਂ ਹੋ ਗਈ। ਤਾਸ਼ ਦੇ ਪੱਤਿਆਂ ਤੇ ਹੱਥਾਂ ਵਿਚ ਵੀ ਹਲਚਲ ਮਚ ਗਈ। ਦੋ-ਚਾਰ ਰੁਪਿਆਂ ਦੀਆਂ ਵਟਦੀਆਂ ਜੇਬਾਂ, ਹਿਸਾਬ ਕਿਤਾਬ ਗੱਡੀ ਦੀ ਰੁੱਕੀ ਚਾਲ ਨਾਲ ਖ਼ਤਮ ਹੋ ਗਿਆ। ਤਾਸ਼ ਵਿਚ ਸੱਟੇ ਕੁਝ ਸਿਰ ਸਟੇਸ਼ਨ ਉਤੇ ਦੌੜਦੀ ਭੀੜ 'ਚ ਰਲ ਗਏ... ਸਟੇਸ਼ਨ ਤੋਂ ਨਵੇਂ ਚਿਹਰਿਆਂ ਦੀ ਭੀੜ-ਕੁਝ ਹੱਥ ਹਿੱਲੇ। ਜ਼ਨਾਨਾ ਛੋਟੇ ਡੱਬੇ ਵਿਚ ਵੀ ਨਵੀਂ ਜੁੰਡਲੀ ਨਵੀਆਂ ਅਵਾਜ਼ਾਂ, ਨਵੀਂ ਹਲਚਲ, ਨਵੀਂ ਕਾਵਾਂ ਰੌਲੀ। ਕੁਝ ਨਵੇਂ ਕੁਝ ਪੁਰਾਣੇ ਹੱਥਾਂ 'ਚ ਤਾਸ਼ ਫਿਰ ਜੁੜ ਗਈ.... ਸੁੱਚੀ ਰਾਊਂਡ, ਪਪਲੂ ਜੋਕਰ.... ਤਿੱਸਰ.... ਸਰਾਂ... ਫੇਰ ਨੰਬਰਾਂ ਦਾ ਜਮਾਂ-ਮਨਫੀ ਹੋਣਾ, ਕਾਗਜ਼ ਕਲਮ ਦਾ ਮਿਲਾਪ, ਨਵੀਆਂ ਸਲਾਹਾਂ। ਇੰਨ੍ਹਾਂ ਦਫ਼ਤਰੀ ਲੋਕਾਂ ਦੀ ਜ਼ਿੰਦਗੀ ਦਾ ਤਾਸ਼ ਵੀ ਇਕ ਹਿੱਸਾ ਹੈ... ਢਿੱਡ ਲਈ ਨੌਕਰੀ ਨਾਲ ਜੁੜਿਆ ਹੋਇਆ। ਸਵੇਰ ਸਾਰ ਸੂਰਜ ਦੀ ਲਾਲੀ ਤੋਂ ਪਹਿਲਾਂ ਪਹਿਲਾਂ ਘਰੋਂ ਨਿਕਲ ਇਕ ਸ਼ਹਿਰ ਤੋਂ ਦੂਜੇ ਸ਼ਹਿਰ ਨੌਕਰੀ ਲਈ ਜਾਣਾ, ਰੋਜ਼ ਗੱਡੀਆਂ ਦੀ ਉਡੀਕ, ਰੋਜ਼ ਗੱਡੀਆਂ ਦਾ ਸਫ਼ਰ... ਰੋਜ ਗੱਡੀ ਮਿਲਣ ਨਾ ਮਿਲਣ, ਭੀੜ-ਭੜੱਕੇ ਦੀਆਂ ਗੱਲਾਂ। ਰੋਜ ਭੀੜਾਂ ਦੇ ਧੱਕੇ .... ਧਿੰਗੋਜ਼ੋਰੀ ਡੱਬਿਆਂ 'ਚ ਘੁਸਣਾ.... ਜੇ ਪੈਰ ਪਸਰ ਜਾਣ ਤਾਂ ਤਾਸ਼ ਦਾ ਸ਼ੁਗਲ-ਮੇਲਾ ਜੇ ਨਹੀਂ ਤਾਂ ਦਫਤਰਾਂ ਦੀਆਂ ਗੱਲਾਂ... ਸ਼ਕਾਇਤਾਂ... ਨਿੰਦਿਆ..... ਚੁਗਲੀ....। ਵੱਖੋ ਵੱਖ ਦਫਤਰਾਂ .... ਵੱਖੋ ਵੱਖ ਡੀਪਾਰਟਮੈਂਟਸ ਵਿਚ ਹੁੰਦਿਆਂ ਵੀ ਸਾਰਿਆਂ ਦਾ ਇਕੋ ਟਾਪਿਕ... ਇਕੋ ਰੁਝਾਨ.... ਇਕੋ ਸੰਸਥਾ ਦੇ ਹਿੱਸੇ ਹੋਣ ਜਿਵੇਂ। ਅੱਡੋ-ਅੱਡ ਸਟੇਸ਼ਨਾਂ ਉਤੇ ਚੜ੍ਹ ਕੇ ਵੀ ਅਮੁਕ ਸਾਂਝ, ਅਪਣਤ। ਵਣ ਦੇ ਪੰਛੀਆਂ ਦੀ ਇਕ ਬੋਲੀ... ਇਕੋ ਲੈਅ..... ਇਕੋ ਸੰਗੀਤ.... ਦਫਤਰਾਂ ਸਕੂਲਾਂ 'ਚੋਂ ਨਿਕਲ ਸਟੇਸ਼ਨਾਂ ਵੱਲ ਦੌੜਨਾ, ਗੱਡੀਆਂ ਉਡੀਕਣਾ, ਧੱਕੇ, ਭੀੜ, ਬਹਿਸਾਂ ਸੂਰਜ ਦੇ ਉਦੇਯ ਤੇ ਅਸਤ ਹੋਣ ਦਾ ਇਹਨਾਂ ਸਾਰਿਆਂ ਦਾ ਇਕੋ ਕਰਮ ਇਕੋ ਕਿਰਿਆ.... ਹੋਏ ਜਿਵੇਂ...।
ਗੱਡੀ ਤੇਜ਼ ਚਾਲ ਆਪਣੀ ਮੰਜ਼ਲ ਵੱਲ ਦੌੜਦੀ ਰਹੀ। ਜ਼ਨਾਨਾ ਛੋਟੇ ਡੱਬੇ ਦੇ ਬਾਹਰ ਵੀ ਭੀੜ ਵਿਚ ਰੌਲਾ ਮਚਿਆ, ਸੈਂਕੜੇ ਚੀਕਾਂ ਇਕੱਠੀਆਂ ਹੀ ਗੱਡੀ ਦੀਆਂ ਚੀਕਾਂ 'ਚ ਰਲ ਗਈਆਂ ਸਵਾਰੀਆਂ ਵਿਚ ਹਫੜਾ-ਦਫੜੀ ਮਚ ਗਈ, ਕਿੰਨੇ ਹੀ ਸਿਰ ਬਾਰੀਆਂ 'ਚੋਂ ਬਾਹਰ ਉੜੇ....। ਡੱਬੇ ਦੇ ਬੂਹੇ ਦੀ ਰਾਡ ਨਾਲ ਲਟਕਦਾ ਇਕ ਨੌਜਵਾਨ ਹਵਾ 'ਚ ਉਡਦਾ ਕਟੀ ਹੋਈ ਪਤੰਗ ਵਾਂਗ ਡੋਲਦਾ ਪਟੜੀ ਤੋਂ ਪਰ੍ਹਾਂ ਜਾਂ ਡਿੱਗਿਆ ਤੇ ਉਸਦੀ ਜ਼ਿੰਦਗੀ ਦੀ ਡੋਰ ਟੁੱਟ ਗਈ। ਡੱਬੇ 'ਚ ਵੱਖੋ ਵੱਖ ਆਵਾਜ਼ਾਂ ਉਭਰੀਆਂ, 'ਅਜਾਂਈ ਗਵਾਈ ਜਾਨ'.... 'ਜਵਾਨੀ ਦਾ ਉਬਲਦਾ ਖ਼ੂਨ.... ਅੱਜਕਲ੍ਹ ਦੇ ਨੌਜਵਾਨ ਸੁਣਦੇ ਹੀ ਕਿੱਥੇ ਨੇ ਕਿਸੇ ਦੀ, ਆਪਣੀ ਮਨਚਿੱਤ ਆਈ ਕਰ ਕੇ ਛੱਡਦੇ ਨੇ'... ਅਟੈਂਡੈਂਟ ਨੇ ਕਿੰਨੀ ਵਾਰੀ ਉਸ ਨੂੰ ਅੰਦਰ ਆਉਣ ਲਈ ਕਿਹਾ ਵੀ ਸੀ। ਪਰ ਉਸ ਹੱਥਲਾ ਬੈਗ ਅੰਦਰ ਬਾਰੀ ਕੋਲ ਬੈਠੀ ਸਵਾਰੀ ਕੋਲ ਫੜਾ ਆਪ ਰਾਡ ਫੜੀ ਖਲੋਤਾ ਰਿਹਾ ਸੀ। ਗੱਡੀ ਦੀ ਤੇਜ਼ ਗਤੀ ਰੁਕੀ, ਲੋਕ ਛਾਲਾਂ ਮਾਰ ਕੇ ਉਤਰੇ, ਅਟੈਂਡੈਂਟ ਨੇ ਉਸਦੇ ਬੈਗ 'ਚੋਂ ਐਡਰਜਸ ਕੱਢਿਆ ਤੇ ਕਿੰਨੀ ਵਾਰੀ ਸੁਣਾਇਆ ਪਰ ਕੋਈ ਨਹੀਂ ਸੀ ਜਾਣਦਾ..... ਕਿਸੇ ਦਾ ਜੁੰਡਲੀਦਾਰ ਨਹੀਂ ਸੀ...। ਪੁਲਸ ਵੀ ਪਹੁੰਚੀ ਤੇ ਗੱਡੀ ਹੌਲੀ-ਹੌਲੀ ਰੀਂਗਦੀ ਫਿਰ ਤੇਜ਼ ਹੋ ਗਈ.....।
ਤਾਸ਼ ਟੋਲੀ ਵਿਚ ਵੀ ਥੋੜ੍ਹੀ ਹੱਲ-ਚੱਲ ਮਚੀ ਸੀ। ਹਥਲੀ ਬਾਜ਼ੀ ਅਣਖੇਡੀ ਰਹਿ ਗਈ। ਲੋਕ ਆਪੋ ਆਪਣੀ ਥਾਂ ਫਿਰ ਬੈਠ ਖਲੋ ਗਏ, ਤਾਸ਼ ਦੇ ਪੱਤੇ ਫਿਰ ਫੈਂਟੇ ਜਾਣ ਲੱਗੇ-'ਚਲੋ ਛੱਡੋ ਯਾਰ.... ਆਪਣਾ ਮੂਡ ਕਾਹਨੂੰ ਖਰਾਬ ਕਰਨਾ..... ਹੋਣੈਂ ਕੋਈ..... ਆਪਣੀ ਮੌਤ ਆਪ ਮੁੱਲ ਲਈ ਸੂ। ਆਪਣਾ ਡੀ.ਪੀ.ਨਹੀਂ.... ਆਪਣਾ ਡੀ.ਪੀ. ਹੁੰਦਾ ਤਾਂ ਟੁਰਨ ਦੇਣੀ ਸੀ ਅਸਾਂ ਗੱਡੀ.... ਰੋਜ਼ ਮਰਦੀ ਏ ਏਹੋ ਜਿਹੀ ਦੁਨੀਆਂ.... ਕਿਧਰੇ ਕੋਈ ਫਰਕ ਨਹੀਂ ਪੈਂਦਾ, ਕਿੱਧਰੇ ਕੋਈ ਘਾਟਾ ਨਹੀਂ ਹੁੰਦਾ, ਉਸੀ ਚਾਲੇ ਤੁਰਦੀ ਰਹਿੰਦੇ ਏ ਦੁਨੀਆਂ। ਬਰੀਫ਼ ਕੇਸ ਵਾਲੇ ਮੁੰਡੇ ਨੇ ਤਾਸ਼ ਜ਼ੋਰ ਜ਼ੋਰ ਦੀ ਫੈਂਟਦੇ ਕਿਹਾ। ਤਾਸ਼ ਫਿਰ ਵੰਡੀਣ ਲੱਗੀ.... ਬਾਜ਼ੀਆਂ ਫਿਰ ਗਰਮ ਹੋਈਆਂ.... ਜੋਕਰ ... ਪਪਲੂ... ਤਿਸਰ.. ਰਾਊਂਡ।
ਇਕ ਹੋਰ ਵੱਡੇ ਸਟੇਸ਼ਨ ਦੀਆਂ ਫੈਕਟਰੀਆਂ ਦੀਆਂ ਚਿਮਨੀਆਂ ਦਾ ਧੂੰਆਂ ਵਲ ਵਲੇਸਣੇ ਖਾਂਦਾ ਅਕਾਸ਼ ਦੀ ਬੁਲੰਦੀ ਨੂੰ ਛੂੰਹਦਾ ਦਿਸਣ ਲੱਗਾ... ਕਿੰਨੀਆਂ ਹੀ ਚਿਮਨੀਆਂ... ਕਿੰਨੀਆਂ ਹੀ ਛੱਤਾਂ.... ਤੇ ਵੱਡੇ ਗੇਟਾਂ ਨਾਲ ਠੁਕੇ ਵੱਡੇ ਵੱਡੇ ਬੋਰਡ। ਤਾਸ਼ ਟੋਲੀ ਦੇ ਸਿਰ ਫਿਰ ਕਾਪੀ ਵੱਲ ਝੁਕੇ.... ਝੁਕੇ... ਜਮਾਂ .... ਮਨਫ਼ੀ....। ਵੱਡੇ ਸਟੇਸ਼ਨ ਦੇ ਪਲੇਟਫਾਰਮ ਤੇ ਗੱਡੀ ਰੁਕੀ। ਮਫ਼ਲਰ ਵਾਲੇ ਮੁੰਡੇ ਨੇ ਦੋਹਾਂ ਹੱਥਾਂ ਦੀਆਂ ਤਲੀਆਂ ਖੋਹਲ ਸਿਰ ਤੋਂ ਵੀ ਉਤਾਂਹ ਚੁੱਕੀਆਂ। 'ਆਪਣਾ ਤਾਂ ਫ੍ਰੀ ਹੈਂਡ ਏ.... ਸਾਰੀਆਂ ਬਾਜ਼ੀਆਂ ਜਿੱਤੀਆਂ ਨਾ ਕਿਸੇ ਕੋਲੋਂ ਕੁਝ ਲੈਣਾ...... ਤੇ ਨਾ ਦੇਣਾ ਬਸ ਦੋ ਘੜੀਆਂ ਦਾ ਮੌਜ ਮੇਲਾ....।' ਡੱਬੇ ਵਿਚ ਫੇਰ ਹਲਚਲ ਹੋਈ ਜਿਸਮਾਂ ਉਤੇ ਜੁੜੇ ਸਿਰ ਸਰਕਦੇ-ਸਰਕਦੇ ਡੱਬੇ 'ਚੋਂ ਬਾਹਰ ਨਿਕਲ ਗਏ। ਰੀਜ਼ਰਵ ਜ਼ਨਾਨਾ ਡੱਬੇ ਇਕ ਅਧੇੜ ਜੋੜਾ ਹੋਰ ਆ ਬੈਠਾ। ਸਾਰੀਆਂ ਸਵਾਰੀਆਂ ਨੇ ਸੁੱਖ ਦਾ ਸਾਹ ਲਿਆ। ਬੁੱਢੇ ਮੀਆਂ ਨੇ ਤਸਵੀਹ ਬਾਂਹ ਨਾਲ ਟੁੰਗੀ ਗੁੱਥੀ ਵਿਚ ਪਾਈ ਤੇ ਲੋਹੇ ਦੀ ਡੱਬੀ 'ਚੋਂ ਤੰਬਾਕੂ ਦੀ ਚੁੱਟਕੀ ਭਰ ਕੇ ਹੇਠਲੇ ਹੋਂਠ ਦੇ ਅੰਦਰ ਰੱਖੀ। ਕੁਝ ਪਲਾਂ ਵਿਚ ਹੀ ਸਾਰੇ ਇਕ ਦੂਜੇ ਦੀ ਮੰਜ਼ਿਲ, ਘਰ ਬਾਹਰ, ਸ਼ਹਿਰ, ਕਿੱਤੇ, ਟੱਬਰਾਂ ਬਾਰੇ ਜਾਣੂ ਹੋ ਗਏ। ਅਧੇੜ ਜੋੜਾ ਲਾਲਾ ਜੀ ਜਿਹਲਮ ਦੇ ਸਨ ਤੇ ਉਹ ਕਿੰਨਾ ਚਿਰ ਜਿਹਲਮ ਦਰਿਆ ਉਤੇ ਬਣਿਆ ਪੁਲ, ਸਟੇਸ਼ਨ, ਮਸ਼ੀਨ, ਮਹੱਲੇ, ਗੁਰਦੁਆਰੇ ਬਾਰੇ ਕਿੰਨਾਂ ਕੁਝ ਪੁਛਦੇ ਰਹੇ। ਮਸ਼ੀਨ ਮਹੱਲੇ ਨਵੇਂ ਘਰ ਵਿਚ ਹਾਲੀ ਪੂਰੇ ਬੂਹੇ ਵੀ ਨਹੀਂ ਲੱਗੇ। ਫਿਰ ਲਾਲਾ ਜੀ ਨੇ ਗੱਲਾਂ-ਗੱਲਾਂ 'ਚ ਹੀ ਸਿਆਲਕੋਟ, ਗੁਜਰਾਂਵਾਲਾ, ਵਜ਼ੀਰਾਬਾਦ, ਲਾਹੌਰ ਸਭ ਗਾਹ ਲਏ। ਉਹਨਾਂ ਦੀ ਪਤਨੀ ਰਾਵਲਪਿੰਡੀ ਦੀਆਂ ਥਾਵਾਂ ਚਿਤਵਦੀ ਰਹੀ-ਪੁੱਛਦੀ ਰਹੀ ਅੱਡੀ ਟੱਪਾ, ਕੋਕੜਾ-ਛਪਾਕੀ ਖੇਡੀਆਂ ਗਈਆਂ..... ਮਾਈ ਵੀਰੋ ਦੀ ਬੰਨ੍ਹ.... ਰਾਜਾ ਬਜਾਰ.... ਸਾਰੇ ਹੀ ਘੁੰਮ ਲਿਆ ਉਸ। ਦੋਹੋਂ ਜੋੜੇ ਯਾਦਾਂ ਦੇ ਤਾਣਿਆਂ-ਪੇਟਿਆਂ 'ਚ ਉਲਝਦੇ ਰਹੇ। ਮੀਆਂ ਜੀ ਅੰਬਾਲਾ, ਪਾਨੀਪਤ, ਕਰਨਾਲ ਬਾਰੇ ਪੁੱਛਦੇ ਰਹੇ। ਸਾਲਾਂ ਬਾਅਦ ਵੀ ਲਾਲਾ ਜੀ ਦਾ ਸਿਆਲਕੋਟ, ਗੁਜ਼ਰਾਂਵਾਲਾ ਆਪਣਾ ਸੀ। ਸਾਲਾਂ ਬਾਦ ਵੀ ਮੀਆਂ ਜੀ ਲਈ ਉਹ ਇਲਾਕਾ ਹਾਲਾ ਵੀ ਪਰਾਇਆ। ਆਪੋ ਆਪਣੀ ਧਰਤੀ ਦੀ ਮਿੱਟੀ ਦੀ ਸੁੰਧਦ, ਆਪੋ ਆਪਣੇ ਦਰਿਆਵਾਂ ਕੱਸੀਆਂ ਦੇ ਪਾਣੀ ਦਾ ਸੁਆਦ ਬੀਤੇ ਦਿਨ, ਸੰਗੀ ਸਾਥੀ ਯਾਦਾਂ ਦੀ ਦੱਬੀ ਕਿਤੇ ਹਨ੍ਹੇਰੀ ਗੁੱਠ ਵਿਚੋਂ ਸਾਕਾਰ ਹੋ ਗਏ। ਅੱਖਾਂ ਭਰ ਆਈਆਂ, ਆਵਾਜ਼ਾਂ ਭਰੜਾਂ ਗਈਆਂ, ਸੀਨਿਆਂ 'ਚੋਂ ਨਿਕਲੀਆਂ ਠੰਡੀਆਂ ਆਹਾਂ....। ਡੱਬੇ 'ਚ ਹੁਣ ਸਿਰਫ ਗੱਡੀ ਦੀ ਅਵਾਜ਼ ਤੇ ਹਵਾ ਦੇ ਤੇਜ਼ ਬੁੱਲਿਆਂ ਦਾ ਸ਼ੋਰ ਸੀ। ਬੈਠੀਆਂ ਸਵਾਰੀਆਂ ਦੇ ਬੁੱਲ੍ਹਾਂ ਨੂੰ ਚੁੱਪ ਦਾ ਤਾਲਾ ਵੱਜ ਗਿਆ ਸੀ। ਹਵਾ ਭਾਰੀ ਭਾਰੀ ਹੋ ਗਈ ਸੀ।
'ਤੁਸੀਂ ਕਿੱਥੋਂ ਦੇ ਅੰਮਾਂ...?' ਬੁੱਢੇ ਮੀਆਂ ਨੇ ਚੁੱਪ ਤੋੜਨ ਲਈ ਬਾਰੀ ਕੋਲ ਬੈਠੀ ਕੁੜੀ ਨੂੰ ਪੁੱਛਿਆ।
'ਜੀ... ਮੈਂ...? ਮੇਰੇ ਪੇਰੈਂਟਸ ਵੀ ਉਧਰੋਂ ਦੇ ਹੀ ਨੇ....'
'ਕਿਥੋਂ ਦੇ....?' ਲਾਲਾ ਜੀ ਉਤਸਕ ਹੋ ਗਏ
'ਜੀ ਪੱਕਾ ਤਾਂ ਪਤਾ ਨੀਂ.... ਪਰ ਸ਼ਾਇਦ ਫੰਰਟੀਅਰ ਦੇ...'
'ਸਾਡੀਆਂ ਤਾਂ ਪੁਸ਼ਤਾਂ ਨੂੰ ਆਪਣੇ ਪਿਤਾ ਪੁਰਖੀ ਥਾਵਾਂ ਦੇ ਨਾਂਅ ਵੀ ਭੁਲ ਜਾਣੇ ਨੇ', ਲਾਲਾ ਜੀ ਦੀ ਪਤਨੀ ਨੇ ਦੋਹੇਂ ਹੱਥਾਂ ਦੀਆਂ ਤਲੀਆਂ ਮਲੀਆਂ।
ਕੁੜੀ ਨੇ ਅੱਖਾਂ ਨੀਵੀਆਂ ਕਰ ਲਈਆਂ। ਜਿਵੇਂ ਸੱਚੀ ਉਸ ਤੋਂ ਬਹੁਤ ਵੱਡੀ ਗਲਤੀ ਹੋਈ ਹੋਵੇ ਬੇਸ਼ੱਕ ਉਹ ਏਥੋਂ ਈ ਜੰਮੀ ਪਲੀ ਏ ਪਰ। 'ਬੇਟੀ ਅੰਮਾਂ ਕਹਿਣ ਨਾਲ ਨਰਾਜ਼ ਤੇ ਨਹੀਂ ਹੋਈ.... ਅਸੀਂ ਧੀਆਂ ਨੂੰ ਵੀ ਅੰਮਾਂ ਸੱਦਦੇ ਹਾਂ। ਕਿੰਨਾ ਅਦਬ ਏ ਇਨ੍ਹਾਂ ਅਲਫਾਜ਼ਾਂ ਵਿਚ.... ਹਰ ਬੇਟੀ ਅੰਮਾਂ ਹੁੰਦੀ ਏ.... ਧਰਤੀ ਵੀ ਤਾਂ ਅੰਮਾਂ ਏ.... ਮੈਂ ਆਪਣੀ ਅੰਮਾਂ ਦੀ ਗੋਦ ਵਿਚ ਮੁੱਦਤਾਂ ਬਾਅਦ ਆਇਆ।' ਤੇ ਮੀਆਂ ਨੇ ਡੱਬੇ ਦੀ ਜ਼ਮੀਨ ਨਾਲ ਉਂਗਲਾ ਛੂਹਾ ਮੱਥੇ ਉਤੇ ਮਲੀਆਂ ਤੇ ਸਿੱਜਦਾ ਕੀਤਾ। ਦੋਹਾਂ ਔਰਤਾਂ ਚੁੱਪ ਚਾਪ, ਉਦਾਸੀਆਂ ਉਦਾਸੀਆਂ ਗੱਡੀ ਦੇ ਸ਼ੀਸ਼ਿਆਂ ਤੋਂ ਪਾਰ ਦੌੜਦੇ ਰੁੱਖਾਂ ਤੋਂ, ਖੇਤਾਂ, ਸੜਕਾਂ, ਪਗਡੰਡੀਆਂ ਵੇਖਣ ਲੱਗ ਪਈਆਂ।
ਮਸੋਸੇ ਜਿਹੇ ਵਾਤਾਵਰਣ ਵਿਚ ਪਲ ਪਲ ਭਾਰੀ ਭਾਰੀ ਹੋ ਗਏ ਕੁੜੀ ਨੂੰ ਖੌਰੇ! ਕੀ ਸ਼ੈਤਾਨੀ ਸੁੱਝੀ, 'ਅੱਬਾ! ਅੰਮੀ ਜਾਨ ਤਾਂ ਤੁਹਾਡੇ ਤੋਂ ਬਹੁਤ ਛੋਟੇ ਲੱਗਦੇ ਨੇ....।'
'ਹੂੰ... ਖੈਰ ਨਾਲ ਚੌਥੀ ਬੇਗਮ ਏ.... ਚੌਥੀ, ਬੁੰਢੇ ਮੀਆਂ ਨੇ ਕੰਬਦਾ ਹੱਥ ਝੋਲੀ ਵਿਚੋਂ ਕੱਢ ਚਾਰੇ ਉਂਗਲਾਂ ਕੱਢ ਕੇ ਇੰਝ ਦੱਸੀਆਂ, ਜਿਵੇਂ ਹੋਵੇ, 'ਇਹ ਕਿੰਨੀਆਂ ਉਂਗਲਾਂ ਨੇ?'
'ਤੁਸੀਂ ਤਾਂ ਬੜੇ ਜ਼ਿੰਦਾ ਦਿਲ ਨਿਕਲੇ ਮੀਆਂ ਸਾਨੂੰ ਤਾਂ ਇਕੋ ਇਕ ਭਾਗਭਰੀ, ਸਾਹ ਨਹੀਂ ਲੈਣ ਦਿੰਦੀ,' ਲਾਲਾ ਜੀ ਨੇ ਪਤਨੀ ਨੂੰ ਅੱਖ ਮਾਰੀ।
'ਅਜੀ.... ਏ ਚੌਥੀ ਬੇਗਮ ਥੋੜ੍ਹੇ ਹੀ ਦਿਨ ਹੋਏ ਰਾਜ਼ੀ ਹੋਈ ਏ ਤੇ ਨਿਕਾਹ....।' ਕੁੜੀ ਗੜਾਕੇ ਮਾਰ ਜ਼ੋਰ ਜ਼ੋਰ ਦੀ ਹੱਸਣ ਲੱਗੀ।
ਲਾਲਾ ਜੀ ਤੇ ਪਤਨੀ ਇਕ ਦੂਜੇ ਦੀਆਂ ਅੱਖਾਂ 'ਚ ਝਾਕਦੇ ਮੁਸਕਰਾਏ।
'ਤੇ ਤੁਸੀਂ ਹਨੀਮੂਨ ਲਈ ਆਏ ਓ,' ਸਾਰੇ ਡੱਬੇ ਹਾਸੇ ਦੀ ਪਤਲੀ ਮੋਟੀ ਛਣਕਾਰ ਫੈਲ ਗਈ।
ਗੱਡੀ ਤੇਜ਼ ਰਫ਼ਤਾਰ ਨਾਲ ਪੜਾਵਾਂ ਉਤੇ ਰੁਕਦੀ ਰੁਕਦੀ ਦੌੜਦੀ ਰਹੀ। ਬੁੱਢਾ ਮੀਆਂ ਉਦਾਸ ਜਿਹਾ ਹੋ ਗਿਆ। ਕਾਈ ਹੇਠਾਂ ਦੁੱਬੇ ਚੇਤੇ ਉਸੇ ਧਰਤੀ ਦੀ ਹਿੱਕ ਉਤੇ ਸਾਕਾਰ ਹੋਣ ਲੱਗੇ। 'ਜਦੋਂ ਲਾਲ ਹਨ੍ਹੇਰੀ ਝੁੱਲੀ ਸੀ... ਉਦੋਂ ਪਹਿਲੀ ਬੇਗਮ ਬੱਚਿਆਂ ਸਮੇਤ ਵਿਛੜ ਗਈ ਸੀ ਫਿਰ ਸਾਲਾਂ ਬਾਅਦ ਪਤਾ ਲੱਗਾ ਉਹ ਆਪਣੇ ਘਰ ਹੀ ਠੰਢ ਠਢੀਰ ਤੋਂ ਬਾਅਦ ਵਸਣ ਰਸਣ ਲੱਗ ਪਈ ਸੀ। ਬੜਾ ਭਟਕਿਆ ਕਿਸੇ ਤਰ੍ਹਾਂ ਉਹ ਕੰਡਿਆਲੀ ਵਾੜ ਪਾਰ ਕਰ ਜਾਣ ਜਾਂ ਮੈਂ ਆਪਣੀ ਧਰਤੀ ਦੀ ਹਿੱਕ ਚੁੰਮ ਸਕਾਂ.. ਪਰ ਕੁਝ ਵੀ ਨਾ ਬਣਿਆ.... ਦੂਜੀ ਅਧਵਾਟਿਓਂ ਤੋੜ ਗਈ, ਤੀਜੀ ਅੱਲਾ ਨੂੰ ਪਿਆਰੀ ਹੋ ਗਈ.... ਤੇ ਇਹ .... ਯਾ ਨਸੀਬ,' ਮੀਆਂ ਦੀ ਅਵਾਜ਼ ਭਰੜਾ ਗਈ।
'ਨਵੀਂ.... ਦੁਲਹਨ....' ਕੁੜੀ ਨੇ ਗੜਾਕਾ ਮਾਰਿਆ।
ਬੇਗਮ ਨੇ ਸਿਰ ਉਤੇ ਕੀਤੀ ਮੋਟੀ ਚਾਦਰ ਜਿਹੀ ਨਾਲ ਆਪਣੇ ਗੋਡੇ ਵੀ ਢੱਕ ਲਏ ਤੇ ਹੈਰਾਨੀ ਨਾਲ ਕੁੜੀ ਦਾ ਚਿਹਰਾ ਨਿਹਾਰਨ ਲੱਗੀ। ਅੱਜ ਦੇ ਬੱਚੇ ਕਿੰਨੀ ਖੁੱਲ੍ਹ ਕੇ ਗੱਲ ਕਰ ਲੈਂਦੇ ਨੇ। ਨਾ ਝਕ, ਨਾ ਸ਼ਰਮ ਤੇ ਉਹ ਤਾਂ ਇਸ ਉਮਰ ਵਿਚ ਵੀ ਕਦੇ ਮਰਦਾਂ ਸਾਹਮਣੇ ਖੁੱਲ੍ਹ ਕੇ ਨਹੀਂ ਸੀ ਬੋਲੀ, ਕਦੇ ਖਿੜ ਖਿੜ ਕੇ ਦੰਦ ਨਹੀਂ ਸਨ ਕੱਢੇ।
'ਹੁਣ ਤਾਂ ਦੋ ਗਜ਼ ਜ਼ਮੀਨ ਆਪਣੀ ਦੀ ਝੋਲੀ 'ਚ ਨਸੀਬ ਹੋਏ ਖੁਸ਼ਕਿਸਮਤੀ ਤਾਂ ਖੁਸ਼ਕਿਸਮਤੀ ਏ ਲਾਲਾ ਜੀ।.... ਚਿਰਾਂ ਵਿਛੜੀ ਆਪਣੀ ਮਾਂ ਦੀ ਹਿੱਕ ਇਹੋ ਈ ਆਖਰੀ ਤਮੰਨਾ ਏ.... ਅੱਗੇ ਜੋ ਮੰਨਜ਼ੂਰੇ ਖ਼ੁਦਾ.... ਮੁਕੱਦਰ ਦੀ ਗਲ ਏ.....' ਮੀਆਂ ਨੇ ਉਂਗਲਾਂ ਨਾਲ ਮੱਥਾ ਠਕੋਰਿਆ।
'ਅਬ ਚੁੱਪ ਬੀ ਕਰੋ...' ਨਾਲ ਬੈਠੀ ਔਰਤ ਨੇ ਸਿਰ ਉਤੇ ਪੱਲਾ ਸੰਵਾਰਦੇ ਨਿਹੋਰੇ ਨਾਲ ਕਿਹਾ। ਡੱਬੇ 'ਚ ਫਿਰ ਹਾਸੇ ਦਾ ਫੁਹਾਰਾ ਫੁਟਿਆ.....।'
'ਤਾਂ ਹਨੀਮੂਨ....? ਅੱਬਾ ਜਾਨ। ਹੁਣ ਤੇ ਕਰਨਾਲ ਚਕ੍ਰਵਰਤੀ ਲੇਕ ਬਹੁਤ ਹੀ ਖੂਬਸੂਰਤ ਸਪਾਟ ਏ...., ਕੁੜੀ ਨੇ ਗੋਲ ਅੱਖਾਂ ਮਟਕਾਦੇਂ ਕਿਹਾ।
ਬੁੱਢਾ ਮੀਆਂ ਥੋੜਾ ਝੇਂਪ ਗਿਆ। ਤਾਸ਼ ਖੇਡਦੇ ਸ਼ੋਖ ਜਿਹੇ ਮਫ਼ਲਰ ਵਾਲੇ ਮੁੰਡੇ ਵਾਂਗ-ਵਾਂਗ ਉਸ ਦੋਹੇਂ ਖਾਲੀ ਹੱਥ ਸਿਰ ਤੋਂ ਉਤਾਂਹ ਚੁੱਕੇ। 'ਜ਼ਿੰਦਗੀ ਦੀ ਬਾਜ਼ੀ ਤਾਂ ਹੁਣ ਖੇਡ ਲਈ... ਪਪਲੂ ਟਪਲੂ ਬੇਗਮਾਂ ਵੀ ਭੁਗਤ ਗਈਆਂ.... ਸਰਾਂ ਵੀ ਬਣ ਗਈਆਂ, ਸੁੱਚੀ ਰਾਊਂਡ ਤਿੱਸਰ, ਜੋਕਰ ਵਾਲੀ.... ਕੌਣ ਕਿਸੇ ਬੁੱਢੇ ਦੀ ਪਰਵਾਹ ਕਰਦਾ ਹੈ? ਪੁਰਾਣੀ ਘਸੀ ਪਿਟੀ ਤਾਸ਼ ਨਾਲ ਤਾਂ ਬਾਜ਼ੀ ਵੀ ਨਹੀਂ ਜੰਮਦੀ। ਸਾਡੇ ਵੇਲੇ ਹੋਰ ਸਨ, ਅੱਜ ਕੱਲ ਦੀ ਜ਼ਿੰਦਗੀ ਦੀ ਤੇਜ਼ ਰਫਤਾਰ 'ਚ ਕੌਣ ਕਿਸੇ ਦਾ ਬੋਝ ਚੁੱਕ ਕੇ ਤੁਰਦਾ ਹੈ....? ਇਹ ਭਲੀ ਲੋਕ ਪੈਸੇ ਤੋਂ ਮੁਥਾਜ ਸੀ ਤੇ.... ਤੇ ਮੈਂ ਟੁੱਕਰ ਤੋਂ...., ਮੀਆਂ ਇਕੋ ਸਾਹ ਬੋਲਦਾ ਗਿਆ, 'ਫਲ ਬਹੁਤ ਪੱਕ ਚੁੱਕਾ.... ਡਿੱਗਾ ਕਿ ਡਿੱਗਾ... ਫਲ ਟੁੱਟਣ ਵੇਲੇ ਵੀ ਰੁੱਖ ਦੀ ਟਾਹਣੀ ਵੀ ਰੋਂਦੀ ਏ ਤੇ ਫ਼ਲ ਵੀ ਡੰਡੀ ਵੀ.... ਤੇ ਜੇ ਇਨਸਾਨ ਦਾ ਕੋੲਂ ਸਬੰਧੀ ਹੀ ਨਾ ਹੋਏ ਜਿਸ ਨਾਲੋਂ ਨਾਤਾ ਟੁੱਟੇ ਤਾਂ ਕਿਸ ਰੋਣਾਂ.... ਕੋਈ ਨਾ ਕੋਈ ਤਾਂ ਪਿੱਛੇ ਰੋਣ ਲਈ ਹੋਣਾ ਹੀ ਚਾਹੀਦਾ... ਕੋਈ ਦੋ ਦਿਨ ਯਾਦ ਤਾਂ ਕਰੇ.... ਕੋਈ ਕਬਰ ਉਤੇ ਦੀਵਾ ਤਾਂ ਜਗਾਵੇ.... ਮਰਨ ਵਾਲੇ ਦੇ ਦਿੱਤੇ ਸੁੱਖਾਂ ਖਾਤਰ, ਚਾਦਰ ਦੀਆਂ ਚੁੱਕਾਂ ਤਾਂ ਗਿੱਲੀਆਂ ਹੋਣ ਯਾ ਖੁਦਾ! ਤੂਨੇ ਸਰ ਨੰਗਾ ਕਰ ਦੀਯਾ,' ਜਨਾਨੀਆਂ ਵਾਂਗ ਉਸ ਨੇ ਮੱਥੇ ਉਤੇ ਦੁਹੱਥੜ ਮਾਰਿਆ ਤੇ ਹੱਸਦੇ ਹੱਸਦੇ ਨਾਲ ਬੈਠੀ ਔਰਤ ਵੱਲ ਕੰਨਖੀਆਂ ਨਾਲ ਵੇਖਿਆ।
'ਹੁਣ ਤਾਂ ਲਾਲਾ ਜੀ ਫ਼੍ਰੀ ਹੈਂਡ ਏ.... ਸਾਲਾਂ ਦੇ ਪੱਤੇ ਜੁੜੇ ਨੇ ਤੇ ਨੰਬਰ ਜਮਾਂ ਹੁੰਦੇ ਗਏ.... ਕਦੇ ਬਾਜ਼ੀ ਹਾਰੀ ਕਦੇ ਜਿੱਤੀ ਹੁਣ ਆਖਰੀ ਪੜਾਅ ਤੇ ਫ੍ਰੀ ਹੈਂਡ,' ਮੀਆਂ ਜੀ ਨੇ ਤਾਸ਼ ਦੀ ਬਾਜੀ ਦੇ ਫ੍ਰੀ ਹੈਂਡ ਵਾਂਗ ਦੋਵੇਂ ਹੱਥਾਂ ਦੀਆਂ ਤਲੀਆਂ ਮਲ ਕੇ ਗਰਮ ਕੀਤੀਆਂ ਤੇ ਦੋਵੇਂ ਖਾਲੀ ਹੱਥ ਖੋਹਲ ਕੇ ਹਵਾ ਵਿਚ ਫੈਲਾਅ ਦਿੱਤੇ। ਬੁੱਢੇ ਮੀਆਂ ਦੇ ਚਿਹਰੇ ਉਤੇ ਸਾਰੇ ਜੀਵਨ ਦੇ ਦੱਬੇ ਜਜ਼ਬਾਤਾਂ ਦਾ ਪਿਆਜ਼ੀ ਰੰਗ ਚੜ੍ਹ ਗਿਆ। ਚਿੱਟੀਆਂ ਝਿੰਮਣੀਆਂ ਤੇ ਚਿੱਟੇ ਭਰਵੱਟੇ ਸਾਫ਼ ਉਭਰ ਆਏ। ਹੋਂਠ ਥੋੜ੍ਹੇ ਮੋਟੇ ਮੋਟੇ ਹੋ ਗਏ, ਖੁਸ਼ਕ ਗਲੇ 'ਚੋਂ ਜ਼ੋਰ ਦੀ ਰੁੱਗ ਭਰਿਆ ਤਾਂ ਘੰਡੀ ਦੀ ਹੱਡੀ ਉਚੀ ਨੀਵੀਂ ਹੋ ਕੇ ਬਾਹਰ ਵੱਲ ਉਭਰੀ। 'ਆਖ਼ਰੀ ਬਾਜ਼ੀ... ਲਾਲਾ ਜੀ! ਮਾਂ ਦੀ ਗੋਦ ਵਿਚ ਪੁੱਜ ਗਿਆ। ਖ਼ੁਦਾ ਕਸਮ। ਜਨਮ ਦਾਤੀ ਧਰਤੀ 'ਚ ਸਮਾਉਣ ਏਥੇ ਆਇਆਂ... ਜੇ ਇਹ ਬਾਜ਼ੀ ਹਾਰ ਗਿਆ ਤਾਂ ਅੱਲਾ ਪਾਕ ਦੀ ਕਸਮ ਕਿਆਮਤ ਵਾਲੇ ਦਿਨ ਜਦੋਂ ਫਿਰ ਮੁਰਦੇ ਕਬਰਾਂ 'ਚੋਂ ਉਠਣਗੇ ਤਾਂ ਮੈਂ ਸਭ ਤੋਂ ਵੱਧ ਖੁਸ਼ ਹੋਵਾਂਗਾ।
ਬੁੱਢੇ ਮੀਆਂ ਦੇ ਨਾਲ ਬੈਠੀ ਔਰਤ ਨੇ ਹੱਥ ਨਾਲ ਮੱਥੇ ਤੋਂ ਚਿੱਟੇ ਵਾਲਾਂ ਨੂੰ ਸੰਵਾਰਿਆ ਤੇ ਸਿਰ ਢੱਕ ਲਿਆ। ਡੱਬੇ 'ਚ ਲਾਲਾ ਜੀ ਤੇ ਉਨ੍ਹਾਂ ਦੀ ਪਤਨੀ ਦੇ ਹੋਠਾਂ 'ਚ ਅਬੋਲ ਸ਼ਬਦ ਰੁਕ ਗਏ। ਕੁੜੀ ਦੇ ਹੋਠਾਂ ਤੋਂ ਮੁਸਕਰਾਹਟ ਤੇ ਸ਼ਰਾਰਤ ਕਾਫੂਰ ਹੋ ਗਈ। ਗੱਡੀ ਦੀ ਤੇਜ਼ ਰਫਤਾਰੀ ਆਵਾਜ਼ ਵੀ ਰੁਕ ਗਈ। ਬਾਹਰ ਸਟੇਸ਼ਨ ਉਤੇ ਲੋਕਾਂ ਦੀ ਤੇਜ਼ ਚਾਲ, ਦੌੜ, ਰੌਲਾ, ਸ਼ੋਰ ਮਚ ਗਿਆ। ਸੂਰਜ ਦੀ ਨਿੱਘੀ ਨਿੱਘੀ ਧੁੱਪ ਸਾਰੇ ਸਟੇਸ਼ਨ ਉਤੇ ਵਿਛੀ ਹੋਈ ਸੀ। ਬੁੱਢੇ ਮੀਆਂ ਨੇ ਅੱਖਾਂ ਦੇ ਕੋਹਰੇ ਪੂੰਝੇ ਤੇ ਖਾਲੀ ਹੱਥਾਂ ਨੂੰ ਹਵਾ ਵਿਚ ਫੈਲਾਅ ਕੇ ਇਕ ਅੰਗੜਾਈ ਲਈ ਤੇ ਡੱਬੇ ਦੇ ਦਰਵਾਜ਼ੇ ਵੱਲ ਵੱਧਣ ਲੱਗਾ।