Friend of the government (German Story in Punjabi) : Siegfried Lenz

ਸਰਕਾਰ ਦਾ ਹਮਾਇਤੀ (ਜਰਮਨ ਕਹਾਣੀ) : ਸਿਗਫ੍ਰੀਡ ਲੈਂਜ਼

ਉਨ੍ਹਾਂ ਨੇ ਪੱਤਰਕਾਰਾਂ ਨੂੰ ਖਾਸ ਤੌਰ ’ਤੇ ਸੱਦਾ ਦਿੱਤਾ ਸੀ ਕਿ ਉਹ ਆ ਕੇ ਆਪਣੀਆਂ ਅੱਖਾਂ ਨਾਲ਼ ਦੇਖਣ ਕਿ ਲੋਕਾਂ ਦੀ ਸਰਕਾਰ ਪ੍ਰਤੀ ਹਮਾਇਤ ਕਿੰਨੀ ਮਜਬੂਤ ਹੈ। ਸ਼ਾਇਦ ਉਹ ਸਾਨੂੰ ਯਕੀਨ ਦਿਵਾਉਣਾ ਚਾਹੁੰਦੇ ਸਨ ਕਿ ਉਸ ਸਰਕਾਰ ਦੀਆਂ ਵਧੀਕੀਆਂ ਬਾਰੇ ਜੋ ਕੁੱਝ ਲਿਖਿਆ ਜਾ ਰਿਹਾ ਸੀ, ਉਹ ਸਭ ਝੂਠ ਸੀ, ਉੱਥੇ ਕਿਸੇ ’ਤੇ ‘ਤਸ਼ੱਦਦ’ ਨਹੀਂ ਕੀਤਾ ਜਾ ਰਿਹਾ ਸੀ, ਘੇਰਾਬੰਦੀ ਪੂਰੀ ਤਰ੍ਹਾਂ ਹਟਾ ਦਿੱਤੀ ਗਈ ਸੀ ਅਤੇ ਸੂਬੇ ਦੇ ਕਿਸੇ ਵੀ ਹਿੱਸੇ ’ਚ ਦਹਿਸ਼ਤਗਰਦ ਜਾਂ ਅਜ਼ਾਦੀ ਦੀ ਲੜਾਈ ਵਰਗੀ ਕੋਈ ਮੁਹਿੰਮ ਨਹੀਂ ਬਚੀ ਸੀ।

ਸੱਦੇ ਅਨੁਸਾਰ ਅਸੀਂ ਸ਼ਹਿਰ ਦੀ ਓਪੇਰਾ ਬਿਲਡਿੰਗ ਦੇ ਸਾਹਮਣੇ ਇਕੱਠੇ ਹੋਣਾ ਸੀ। ਉੱਥੇ ਇੱਕ ਮਿੱਠ-ਬੋਲੜੇ ਅਫਸਰ ਨੇ ਸਾਡਾ ਸਵਾਗਤ ਕੀਤਾ ਅਤੇ ਸਰਕਾਰੀ ਬੱਸ ਵਿੱਚ ਬਿਠਾ ਲਿਆ। ਬੱਸ ਦੇ ਅੰਦਰ ਮੱਧਮ ਸੰਗੀਤ ਵੱਜ ਰਿਹਾ ਸੀ। ਜਦੋਂ ਬੱਸ ਰਵਾਨਾ ਹੋਈ, ਅਫਸਰ ਨੇ ਕਲਿੱਪ ’ਤੇ ਲੱਗਿਆ ਮਾਈਕ੍ਰੋਫੋਨ ਕੱਢਿਆ ਅਤੇ ਨਿਮਰਤਾ ਨਾਲ਼ ਸਾਡਾ ਦੁਬਾਰਾ ਸਵਾਗਤ ਕੀਤਾ। “ਮੇਰਾ ਨਾਮ ਗਾਰੇਕ ਹੈ!” ਉਸਨੇ ਕੁੱਝ ਝਿਜਕਦੇ ਹੋਏ ਕਿਹਾ, “ਇਸ ਸਫਰ ਵਿੱਚ ਮੈਂ ਤੁਹਾਡਾ ਮਾਰਗਦਰਸ਼ਕ ਹਾਂ!” ਥੋੜ੍ਹਾ ਅੱਗੇ ਤੁਰ ਕੇ ਉਸ ਨੇ ਹੱਥ ਦੇ ਇਸ਼ਾਰੇ ਨਾਲ਼ ਉਹ ਥਾਂ ਦਿਖਾਈ ਜਿੱਥੇ ਸਰਕਾਰ ਦੀ ਆਦਰਸ਼ ਹਾਊਸਿੰਗ ਕਲੋਨੀ ਦੀ ਨੀਂਹ ਰੱਖੀ ਜਾਣੀ ਸੀ। ਸ਼ਹਿਰ ਤੋਂ ਬਾਹਰ ਨਿੱਕਲ਼ਦੇ ਸਮੇਂ ਅਸੀਂ ਇੱਕ ਸੁੱਕੀ ਨਦੀ ਦੇ ਪੁਲ ਨੂੰ ਪਾਰ ਕੀਤਾ ਜਿੱਥੇ ਇੱਕ ਜਵਾਨ ਸਿਪਾਹੀ ਹੱਥ ਵਿੱਚ ਇੱਕ ਲਾਈਟ ਮਸ਼ੀਨਗੰਨ ਲੈ ਕੇ ਲਾਪਰਵਾਹੀ ਨਾਲ਼ ਖੜ੍ਹਾ ਸੀ। ਸਾਨੂੰ ਦੇਖ ਕੇ ਉਸ ਨੇ ਗਰਮਜੋਸ਼ੀ ਨਾਲ਼ ਹਵਾ ਵਿੱਚ ਹੱਥ ਲਹਿਰਾਇਆ। ਗਾਰੇਕ ਨੇ ਦੱਸਿਆ ਕਿ ਇਸ ਖੇਤਰ ਵਿੱਚ ਨਿਸ਼ਾਨੇਬਾਜੀ ਦੀ ਸਿਖਲਾਈ ਦਿੱਤੀ ਜਾਂਦੀ ਹੈ।

ਵਿੰਗੇ-ਟੇਢੇ ਰਸਤਿਆਂ ਰਾਹੀਂ ਉੱਪਰ ਚੜ੍ਹਦੇ ਹੋਏ ਅਸੀਂ ਗਰਮ ਅਤੇ ਸੁੱਕੇ ਮੈਦਾਨ ’ਚ ਨਿੱਕਲ਼ ਆਏ। ਖਿੜਕੀ ਰਾਹੀਂ ਆਉਂਦੀ ਚਾਕ ਵਰਗੀ ਬਰੀਕ ਧੂੜ ਕਾਰਨ ਸਾਡੀਆਂ ਅੱਖਾਂ ਸੜਨ ਲੱਗੀਆਂ। ਗਰਮੀ ਕਾਰਨ ਅਸੀਂ ਆਪਣਾ ਕੋਟ ਲਾਹ ਲਿਆ, ਪਰ ਗਾਰੇਕ ਨੇ ਆਪਣਾ ਕੋਟ ਪਾਈ ਰੱਖਿਆ। ਹੱਥ ਵਿੱਚ ਮਾਈਕ੍ਰੋਫੋਨ ਫੜੀ, ਉਹ ਉਹਨਾਂ ਬੇਜਾਨ, ਬੰਜਰ ਮੈਦਾਨਾਂ ਵਿੱਚ ਪੈਦਾਵਾਰ ਵਧਾਉਣ ਲਈ ਸਰਕਾਰੀ ਯੋਜਨਾਵਾਂ ਬਾਰੇ ਦੱਸ ਰਿਹਾ ਸੀ। ਮੇਰੇ ਕੋਲ਼ ਬੈਠੇ ਵਿਅਕਤੀ ਨੇ ਕੁੱਝ ਅਕੇਵੇਂ ਵਿੱਚ ਆਪਣਾ ਸਿਰ ਪਿੱਛੇ ਕਰ ਅੱਖਾਂ ਬੰਦ ਕਰ ਲਈਆਂ ਸਨ। ਮੈਂ ਉਸ ਨੂੰ ਕੂਹਣੀ ਮਾਰਕੇ ਜਗਾਉਣ ਬਾਰੇ ਸੋਚਿਆ, ਕਿਉਂਕਿ ਬੱਸ ਦੇ ‘ਰੀਅਰ ਵਿਊ’ ਸ਼ੀਸ਼ੇ ’ਚੋਂ ਦਿਖਾਈ ਦੇਣ ਵਾਲ਼ੀਆਂ ਗਾਰੇਕ ਦੀਆਂ ਅੱਖਾਂ ਮੁੜ-ਮੁੜ ਸਾਡੇ ਦੋਵਾਂ ’ਤੇ ਰੁਕ ਰਹੀਆਂ ਸਨ। ਫਿਰ ਗਾਰੇਕ ਆਪਣੀ ਸੀਟ ਤੋਂ ਉੱਠਿਆ ਅਤੇ ਮੁਸਕਰਾਉਂਦੇ ਚਿਹਰੇ ਨਾਲ਼ ਸਾਰੇ ਮਹਿਮਾਨਾਂ ਨੂੰ ਪਰਾਲ਼ੀ ਦੀਆਂ ਟੋਪੀਆਂ ਅਤੇ ਕੋਲਡ ਡਰਿੰਕਸ ਦੀਆਂ ਠੰਡੀਆਂ ਬੋਤਲਾਂ ਦੇ ਕੇ ਸੀਟਾਂ ਦੀ ਤੰਗ ਗਲ਼ੀ ਵਿੱਚੋਂ ਲੰਘਿਆ।

ਥੋੜ੍ਹਾ ਅੱਗੇ ਅਸੀਂ ਇੱਕ ਪਿੰਡ ’ਚੋਂ ਲੰਘੇ। ਇੱਥੇ ਸਾਰੀਆਂ ਖਿੜਕੀਆਂ ਨੂੰ ਲੱਕੜ ਦੇ ਬਕਸੇ ਤੋਂ ਟੁੱਟੇ ਤਖਤਿਆਂ ’ਚ ਕਿੱਲਾਂ ਠੋਕ ਬੰਦ ਕਰ ਦਿੱਤਾ ਗਿਆ ਸੀ। ਟਹਿਣੀਆਂ ਦੀਆਂ ਬਣੀਆਂ ਵਾੜਾਂ ਝੱਖੜ ਨਾਲ਼ ਥਾਂ-ਥਾਂ ਤੋਂ ਟੁੱਟ ਗਈਆਂ ਸਨ ਅਤੇ ਸਾਬਤ ਹਿੱਸਿਆਂ ਵਿੱਚ ਛੇਕ ਹੋ ਗਏ ਸਨ। ਪੱਧਰੀਆਂ ਛੱਤਾਂ ਵੀਰਾਨ ਸਨ ਅਤੇ ਕਿਤੇ ਵੀ ਕੱਪੜੇ ਨਹੀਂ ਸੁੱਕ ਰਹੇ ਸਨ। ਖੂਹ ਪੱਥਰ ਨਾਲ਼ ਢੱਕਿਆ ਹੋਇਆ ਸੀ ਅਤੇ ਹੈਰਾਨੀ ਦੀ ਗੱਲ ਹੈ ਕਿ ਸਾਡੇ ਪਿੱਛੇ ਕਿਤੇ ਵੀ ਨਾ ਤਾਂ ਕੁੱਤੇ ਹੀ ਭੌਂਕੇ ਅਤੇ ਨਾ ਹੀ ਕੋਈ ਵਿਅਕਤੀ ਓਥੇ ਨਜਰ ਆਇਆ। ਰਫਤਾਰ ਘਟਾਏ ਬਿਨਾਂ ਸਾਡੀ ਬੱਸ ਛੂਕਦੀ ਅੱਗੇ ਨਿੱਕਲ ਗਈ।

ਇਸ ਦੌਰਾਨ ਗਾਰੇਕ ਨੇ ਫਿਰ ਸਾਰਿਆਂ ਨੂੰ ਸੈਂਡਵਿਚ ਦੇ ਪੈਕੇਟ ਵੰਡਣੇ ਸ਼ੁਰੂ ਕਰ ਦਿੱਤੇ। ਬੱਸ ਦੇ ਅੰਦਰ ਦੀ ਗਰਮੀ ਦੀ ਬਜਾਏ, ਉਸਨੇ ਸਾਨੂੰ ਇਹ ਵੀ ਭਰੋਸਾ ਦਿਵਾਇਆ ਕਿ ਅੱਗੇ ਦਾ ਸਫਰ ਬਹੁਤ ਲੰਬਾ ਨਹੀਂ ਹੈ। ਸੜਕ ਅੱਗੇ ਦਰਿਆ ਦੇ ਕੱਟਣ ਨਾਲ਼ ਬਣੀ ਇੱਕ ਘਾਟੀ ਦੇ ਕਿਨਾਰੇ ਸਥਿਤ ਇੱਕ ਛੋਟੇ ਜਿਹੇ ਪਿੰਡ ਦੇ ਨੇੜੇ ਆ ਪਹੁੰਚੀ।

ਗਾਰੇਕ ਨੇ ਆਪਣੇ ਹੱਥ ਨਾਲ਼ ਇਸ਼ਾਰਾ ਕੀਤਾ ਕਿ ਇਹ ਉਹ ਥਾਂ ਹੈ ਜਿੱਥੇ ਅਸੀਂ ਹੇਠਾਂ ਉੱਤਰਨਾ ਹੈ। ਹੁਣ ਅਸੀਂ ਕੱਚੇ ਚੌਂਕ ਵਿੱਚ ਇੱਕ ਸਾਫ ਸੁਥਰੀ ਕਲੀ ਕੀਤੀ ਝੋਂਪੜੀ ਦੇ ਸਾਹਮਣੇ ਖੜ੍ਹੇ ਸੀ। ਉਸ ਝੋਂਪੜੀ ਦੀ ਚਿੱਟੀ ਰੰਗਤ ਇੰਨੀ ਚਕਾਚੌਂਧ ਵਾਲ਼ੀ ਸੀ ਕਿ ਬੱਸ ਤੋਂ ਉੱਤਰਦਿਆਂ ਹੀ ਸਾਡੀਆਂ ਅੱਖਾਂ ’ਚ ਚੁੱਭਦੀ ਮਹਿਸੂਸ ਹੋਈ। ਝੁੱਗੀ ’ਤੇ ਇੱਕ ਨਜਰ ਮਾਰਕੇ, ਅਸੀਂ ਗਾਰੇਕ ਦੇ ਵਾਪਸ ਆਉਣ ਦੀ ਉਡੀਕ ਕਰਨ ਲੱਗੇ, ਜੋ ਬੱਸ ਤੋਂ ਉੱਤਰ ਕੇ ਝੋਂਪੜੀ ਅੰਦਰ ਗਾਇਬ ਹੋ ਗਿਆ ਸੀ।

ਗਾਰੇਕ ਨੂੰ ਵਾਪਸ ਆਉਣ ਲਈ ਕੁੱਝ ਮਿੰਟ ਲੱਗ ਗਏ। ਜਦੋਂ ਉਹ ਬਾਹਰ ਆਇਆ, ਤਾਂ ਉਸਦੇ ਨਾਲ਼ ਇੱਕ ਹੋਰ ਆਦਮੀ ਸੀ ਜਿਸਨੂੰ ਅਸੀਂ ਪਹਿਲਾਂ ਕਦੇ ਨਹੀਂ ਦੇਖਿਆ ਸੀ।

“ਇਹ ਮਿਸਟਰ ਬੇਲਾ ਬੋਂਜੋ ਹੈ!” ਗਾਰੇਕ ਨੇ ਆਦਮੀ ਵੱਲ ਇਸ਼ਾਰਾ ਕਰਦੇ ਹੋਏ ਕਿਹਾ, “ਉਹ ਆਪਣੇ ਘਰ ਵਿੱਚ ਕੁੱਝ ਕੰਮ ਕਰ ਰਿਹਾ ਸੀ, ਪਰ ਫਿਰ ਵੀ ਤੁਸੀਂ ਉਸਨੂੰ ਕੋਈ ਵੀ ਸਵਾਲ ਪੁੱਛ ਸਕਦੇ ਹੋ!”

ਅਸੀਂ ਸਾਰੇ ਬੋਂਜੋ ਨੂੰ ਬੜੇ ਧਿਆਨ ਨਾਲ਼ ਦੇਖਣ ਲੱਗੇ। ਸਾਡੀਆਂ ਖੋਜੀ ਨਜਰਾਂ ਨੂੰ ਝੱਲਦਿਆਂ ਉਸਦਾ ਸਿਰ ਥੋੜਾ ਝੁਕ ਗਿਆ। ਉਸਦੇ ਬੁੱਢੇ ਚਿਹਰੇ ਅਤੇ ਗਰਦਨ ’ਤੇ ਡੂੰਘੀਆਂ ਸਿਆਹ ਲਕੀਰਾਂ ਸਨ। ਅਸੀਂ ਦੇਖਿਆ ਕਿ ਉਸਦਾ ਉੱਪਰਲਾ ਬੁੱਲ੍ਹ ਥੋੜ੍ਹਾ ਸੁੱਜਿਆ ਹੋਇਆ ਸੀ। ਉਸਨੂੰ ਘਰ ਦੇ ਕਿਸੇ ਕੰਮ ਵਿਚਕਾਰ ਅਚਾਨਕ ਹੀ ਹੜਬੜਾ ਦਿੱਤਾ ਗਿਆ ਸੀ ਅਤੇ ਕਾਹਲੀ ਨਾਲ਼ ਵਾਲ਼ਾਂ ਵਿੱਚ ਕੰਘੀ ਕਰਕੇ ਹੁਣ ਸਾਡੇ ਸਾਹਮਣੇ ਪੇਸ਼ ਸੀ। ਉਸਦੀ ਗਰਦਨ ’ਤੇ ਤਾਜੇ ਉਸਤਰੇ ਦੇ ਨਿਸ਼ਾਨ ਦਰਸਾਉਂਦੇ ਸਨ ਕਿ ਉਸਨੇ ਕਿਸੇ ਖੁੰਡੇ ਬਲੇਡ ਨਾਲ਼ ਜਲਦਬਾਜੀ ਵਿੱਚ ਸ਼ੇਵ ਕੀਤੀ ਸੀ। ਇੱਕ ਤਾਜੀ ਸੂਤੀ ਕਮੀਜ ਦੇ ਹੇਠਾਂ, ਉਸਨੇ ਕਿਸੇ ਹੋਰ ਦੇ ਨਾਪ ਦੀ ਅਜੀਬ ਪੈਂਟ ਪਾਈ ਹੋਈ ਸੀ, ਜੋ ਮੁਸ਼ਕਿਲ ਨਾਲ਼ ਉਸਦੇ ਗੋਡਿਆਂ ਤੱਕ ਆਉਂਦੀ ਸੀ। ਉਸਦੇ ਪੈਰਾਂ ਵਿੱਚ ਕੱਚੇ, ਬੇਰੰਗ ਚਮੜੇ ਦੀਆਂ ਨਵੀਆਂ ਜੁੱਤੀਆਂ ਸਨ, ਜਿਵੇਂ ਕਿ ਸਿਖਲਾਈ ਦੌਰਾਨ ਰੰਗਰੂਟਾਂ ਨੂੰ ਮਿਲ਼ਦੇ ਹਨ।

ਅਸੀਂ ਸਾਰਿਆਂ ਨੇ ‘ਹੈਲੋ!’ ਕਹਿ ਵਾਰੀ-ਵਾਰੀ ਉਸ ਨਾਲ਼ ਹੱਥ ਮਿਲ਼ਾਇਆ। ਉਹ ਸਿਰ ਹਿਲਾਉਂਦਾ ਰਿਹਾ ਅਤੇ ਫਿਰ ਉਸਨੇ ਸਾਨੂੰ ਘਰ ਦੇ ਅੰਦਰ ਆਉਣ ਦਾ ਸੱਦਾ ਦਿੱਤਾ। ਇੱਕ ਵੱਡੇ ਕਮਰੇ ਦੇ ਅੰਦਰ ਇੱਕ ਬੁੱਢੀ ਔਰਤ ਜਿਵੇਂ ਸਾਡੀ ਉਡੀਕ ਕਰ ਰਹੀ ਸੀ। ਕਮਰੇ ਦੀ ਮੱਧਮ ਰੌਸ਼ਨੀ ਵਿੱਚ ਸਾਨੂੰ ਉਸਦੇ ਚਿਹਰੇ ਦੀ ਬਜਾਏ ਸਿਰਫ ਉਸਦੀ ਸ਼ਾਲ ਵਿਖਾਈ ਦਿੱਤੀ। ਅੱਗੇ ਵਧਦਿਆਂ, ਉਸਨੇ ਸਾਨੂੰ ਆਪਣੀ ਮੁੱਠੀ ਦੇ ਅਕਾਰ ਦੇ ਇੱਕ ਅਜੀਬ ਫਲ਼ ਦੀ ਪੇਸ਼ਕਸ਼ ਕੀਤੀ, ਜਿਸਦਾ ਗੁੱਦਾ ਇੰਨਾ ਸੁਰਖ ਲਾਲ ਸੀ ਕਿ ਅਸੀਂ ਸੋਚਿਆ ਕਿ ਅਸੀਂ ਇੱਕ ਤਾਜਾ ਜਖਮ ਵਿੱਚ ਦੰਦ ਗੱਡ ਰਹੇ ਹਾਂ।

ਜਦੋਂ ਅਸੀਂ ਕਮਰੇ ਵਿੱਚੋਂ ਨਿੱਕਲ ਕੇ ਚੌਂਕ ਵਿੱਚ ਵਾਪਸ ਆਏ ਤਾਂ ਕਈ ਅੱਧ-ਨੰਗੇ ਬੱਚੇ ਸਾਡੀ ਬੱਸ ਦੇ ਆਲ਼ੇ-ਦੁਆਲ਼ੇ ਇਕੱਠੇ ਹੋ ਗਏ ਸਨ। ਉਹ ਸਾਰੇ ਆਪਣੀ ਥਾਂ ਤੋਂ ਹਿੱਲੇ ਬਿਨਾਂ ਬੋਂਜੋ ਵੱਲ ਬੜੇ ਧਿਆਨ ਨਾਲ਼ ਵੇਖ ਰਹੇ ਸਨ। ਸੰਤੁਸ਼ਟੀ ਦਾ ਇੱਕ ਅਜੀਬ ਜਿਹਾ ਸਾਹ ਲੈਂਦਿਆਂ, ਬੋਂਜੋ ਉਨ੍ਹਾਂ ਵੱਲ ਵੇਖ ਕੇ ਮੁਸਕਰਾਇਆ।

“ਤੇਰੇ ਬੱਚੇ ਹਨ?” ਸਾਡੇ ਇੱਕ ਸਾਥੀ ਨੇ ਰੁਕ ਕੇ ਪੁੱਛਿਆ ਤਾਂ ਬੋਂਜੋ ਨੇ ਕਿਹਾ, “ਹਾਂ, ਇੱਕ ਪੁੱਤਰ ਹੈ। ਪਰ ਮੇਰਾ ਉਸ ਨਾਲ਼ ਕੋਈ ਲੈਣਾ-ਦੇਣਾ ਨਹੀਂ ਹੈ। ਉਹ ਸਰਕਾਰ ਵਿਰੋਧੀ ਸੀ ਅਤੇ ਨਾਲ਼ ਹੀ ਆਲਸੀ ਅਤੇ ਨਿਕੰਮਾ ਵੀ। ਪੈਸੇ ਖਾਤਰ, ਉਸਨੇ ਬਾਗੀ ਇਨਕਲਾਬੀਆਂ ਦਾ ਸਾਥ ਦਿੱਤਾ, ਜੋ ਅੱਜਕੱਲ੍ਹ ਹਰ ਪਾਸੇ ਗੜਬੜ ਫੈਲਾ ਰਹੇ ਹਨ। ਉਹ ਸੋਚਦੇ ਹਨ ਕਿ ਉਹ ਇਸ ਦੇਸ਼ ਨੂੰ ਸਰਕਾਰ ਨਾਲ਼ੋਂ ਬਿਹਤਰ ਚਲਾ ਸਕਦੇ ਹਨ!” ਉਸ ਦੀ ਅਵਾਜ ਵਿੱਚ ਡੂੰਘਾ ਆਤਮ-ਵਿਸ਼ਵਾਸ ਅਤੇ ਭਰੋਸੇਯੋਗਤਾ ਸੀ। ਮੈਂ ਦੇਖਿਆ ਕਿ ਉਸਦੇ ਮੂਹਰਲੇ ਦੰਦ ਨਹੀਂ ਹਨ।

“ਪਰ ਉਸਦਾ ਦਾਅਵਾ ਸੱਚ ਵੀ ਹੋ ਸਕਦਾ ਹੈ!” ਸਾਡੇ ਵਿੱਚੋਂ ਇੱਕ ਨੇ ਉਸਦੇ ਵਿਰੋਧ ਵਿੱਚ ਕਿਹਾ।

ਇਸ ’ਤੇ ਗਾਰੇਕ, ਜੋ ਸਭ ਕੁੱਝ ਸੁਣ ਰਿਹਾ ਸੀ, ਕੁੱਝ ਮੁਸਕਰਾਇਆ। ਪਰ ਬੋਂਜੋ ਨੇ ਬਹੁਤ ਹੀ ਸਖਤ ਅਵਾਜ ਵਿੱਚ ਕਿਹਾ, “ਸਰਕਾਰ ਦਾ ਬੋਝ ਭਾਵੇਂ ਭਾਰੀ ਹੋਵੇ ਜਾਂ ਹਲਕਾ, ਲੋਕਾਂ ਨੇ ਹੀ ਝੱਲਣਾ ਹੈ।”

ਬੱਚਿਆਂ ਨੇ ਇੱਕ ਦੂਜੇ ਵੱਲ ਅਰਥ ਭਰਪੂਰ ਢੰਗ ਨਾਲ਼ ਦੇਖਿਆ।

“ਤੁਸੀਂ ਅਜ਼ਾਦੀ ਲੈਕੇ ਕੀ ਚੱਟੋਗੇ!” ਬੋਂਜੋ ਨੇ ਮੁਸਕਰਾਉਂਦੇ ਹੋਏ ਕਿਹਾ, ‘‘ਅਜਿਹੀ ਅਜ਼ਾਦੀ ਦਾ ਕੀ ਫਾਇਦਾ, ਜਿਸ ਨਾਲ਼ ਪੂਰਾ ਦੇਸ਼ ਨੂੰ ਗਰੀਬੀ ਦੀ ਲਪੇਟ ’ਚ ਆ ਜਾਵੇ।”

ਬੱਚਿਆਂ ’ਚ ਇੱਕ ਲਹਿਰ ਦੌੜ ਗਈ। ਬੋਂਜੋ ਨੇ ਆਪਣੀ ਧੌਣ ਨੂੰ ਝੁਕਾਇਆ ਅਤੇ ਫਿਰ ਕੁੱਝ ਅਜੀਬ ਜਿਹਾ ਮੁਸਕਰਾਇਆ। ਗਾਰੇਕ ਕੁੱਝ ਦੂਰੀ ’ਤੇ ਖੜ੍ਹਾ ਚੁੱਪਚਾਪ ਸੁਣ ਰਿਹਾ ਸੀ।

ਗਾਰੇਕ ਮੁੜਿਆ ਅਤੇ ਬੱਸ ਵੱਲ ਚਲਾ ਗਿਆ। ਬੋਂਜੋ ਉਸ ਵੱਲ ਬੜੀ ਸਾਵਧਾਨੀ ਨਾਲ਼ ਦੇਖ ਰਿਹਾ ਸੀ। ਜਿਵੇਂ ਹੀ ਬੱਸ ਦਾ ਭਾਰੀ ਦਰਵਾਜਾ ਬੰਦ ਹੋ ਗਿਆ ਅਤੇ ਅਸੀਂ ਇਕੱਲੇ ਰਹਿ ਗਏ, ਮੇਰੇ ਸਾਥੀ ਰਿਪੋਰਟਰ ਨੇ ਇਸਦਾ ਫਾਇਦਾ ਉਠਾਇਆ ਅਤੇ ਝੱਟ ਪੁੱਛਿਆ, “ਹੁਣ ਅਸਲ ਕਹਾਣੀ ਦੱਸੋ! ਹੁਣ ਅਸੀਂ ਇਕੱਲੇ ਹਾਂ!”

ਬੋਂਜੋ ਨੇ ਥੁੱਕ ਨਿਗਲਿਆ ਅਤੇ ਕੁੱਝ ਹੈਰਾਨੀ ਨਾਲ਼ ਬੋਲਿਆ, “ਮਾਫ ਕਰਨਾ, ਮੈਂ ਤੁਹਾਡਾ ਸਵਾਲ ਨਹੀਂ ਸਮਝਿਆ”…

“ਹੁਣ ਅਸੀਂ ਖੁੱਲ੍ਹ ਕੇ ਗੱਲ ਕਰ ਸਕਦੇ ਹਾਂ!” ਰਿਪੋਰਟਰ ਨੇ ਹੜਬੜਾਉਂਦਿਆਂ ਕਿਹਾ।

“ਖੁੱਲ੍ਹ ਕੇ ਗੱਲ ਕਰ ਸਕਦੇ ਹਾਂ!” ਬੋਂਜੋ ਨੇ ਬੜੇ ਧਿਆਨ ਨਾਲ਼ ਸਵਾਲ ਦੁਹਰਾਇਆ ਅਤੇ ਫਿਰ ਉਸਦੇ ਚਿਹਰੇ ’ਤੇ ਮੁਸਕਰਾਹਟ ਫੈਲ ਗਈ। ਉਸ ਦੇ ਅਗਲੇ ਦੰਦਾਂ ਵਿਚਲਾ ਪਾੜਾ ਹੁਣ ਸਾਫ ਦਿਖਾਈ ਦੇ ਰਿਹਾ ਸੀ।

“ਮੈਂ ਤੁਹਾਨੂੰ ਖੁੱਲ੍ਹਕੇ ਹੀ ਦੱਸ ਰਿਹਾ ਸੀ। ਮੈਂ ਅਤੇ ਮੇਰੀ ਪਤਨੀ, ਅਸੀਂ ਦੋਵੇਂ ਇਸ ਸਰਕਾਰ ਦੇ ਹੱਕ ਵਿੱਚ ਹਾਂ। ਸਾਨੂੰ ਹੁਣ ਤੱਕ ਜੋ ਵੀ ਮਿਲ਼ਿਆ ਹੈ, ਉਸ ਵਿੱਚ ਸਰਕਾਰ ਦਾ ਵੱਡਾ ਹੱਥ ਰਿਹਾ ਹੈ। ਮੈਂ ਹੀ ਨਹੀਂ, ਮੇਰੇ ਗੁਆਂਢੀ ਅਤੇ ਸਾਹਮਣੇ ਖੜ੍ਹੇ ਇਹ ਸਾਰੇ ਬੱਚੇ ਅਤੇ ਇਸ ਪਿੰਡ ਦਾ ਹਰ ਵਿਅਕਤੀ, ਅਸੀਂ ਸਾਰੇ ਇਸ ਸਰਕਾਰ ਦੇ ਵਫਾਦਾਰ ਹਾਂ। ਤੁਸੀਂ ਇੱਥੇ ਕਿਸੇ ਵੀ ਘਰ ਦਾ ਦਰਵਾਜਾ ਖੜਕਾਓ, ਤੁਹਾਨੂੰ ਸਿਰਫ ਸਰਕਾਰ ਦੇ ਹਮਾਇਤੀ ਹੀ ਮਿਲ਼ਣਗੇ।”

ਇਸ ’ਤੇ ਇਕ ਪਤਲਾ ਨੌਜਵਾਨ ਪੱਤਰਕਾਰ ਅਚਾਨਕ ਅੱਗੇ ਆ ਗਿਆ। ਬੋਂਜੋ ਦੇ ਨੇੜੇ ਆ ਕੇ ਉਸ ਨੇ ਘੁਸਰ-ਮੁਸਰ ਕਰਦਿਆਂ ਪੁੱਛਿਆ, “ਮੈਨੂੰ ਪਤਾ ਹੈ ਕਿ ਤੁਹਾਡਾ ਪੁੱਤਰ ਫੜਿਆ ਗਿਆ ਹੈ ਅਤੇ ਉਸਨੂੰ ਸ਼ਹਿਰ ਦੀ ਜੇਲ੍ਹ ਵਿੱਚ ਤਸੀਹੇ ਦਿੱਤੇ ਜਾ ਰਹੇ ਹਨ। ਤੁਸੀਂ ਇਸ ’ਤੇ ਕੀ ਕਹਿਣਾ ਹੈ?”

ਬੋਂਜੋ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ। ਉਸ ਦੀਆਂ ਪਲਕਾਂ ਹੁਣ ਵੀ ਧੂੜ ਨਾਲ਼ ਮਟਮੈਲੀਆਂ ਸਨ। “ਜਦੋਂ ਉਹ ਮੇਰਾ ਪੁੱਤਰ ਹੀ ਨਹੀਂ ਹੈ ਤਾਂ ਉਸ ਨੂੰ ‘ਤਸੀਹੇ’ ਕਿਵੇਂ ਦਿੱਤੇ ਜਾ ਸਕਦੇ ਹਨ? ਮੈਂ ਤੁਹਾਨੂੰ ਦੁਬਾਰਾ ਦੱਸਦਾ ਹਾਂ ਕਿ ਮੈਂ ਇਸ ਹਕੂਮਤ ਦਾ ਵਫਾਦਾਰ ਅਤੇ ਉਨ੍ਹਾਂ ਦਾ ਦੋਸਤ ਹਾਂ।”

ਉਸਨੇ ਆਪਣੇ ਹੱਥਾਂ ਨਾਲ਼ ਬਣੀ ਇੱਕ ਮੁੜੀ ਹੋਈ ਬੀੜੀ ਸੁਲਗਾਈ ਅਤੇ ਤੇਜੀ ਨਾਲ਼ ਉਸਦੇ ਕਸ਼ ਲਾਉਂਦਿਆਂ ਬੱਸ ਦੇ ਦਰਵਾਜੇ ਵੱਲ ਵੇਖਣ ਲੱਗਾ, ਜੋ ਹੁਣ ਤੱਕ ਖੁੱਲ੍ਹ ਚੁੱਕਾ ਸੀ। ਗਾਰੇਕ ਬੱਸ ਤੋਂ ੳੁੱਤਰਿਆ, ਸਾਡੇ ਵੱਲ ਆਇਆ ਅਤੇ ਹਲਕੇਪਣ ਨਾਲ਼ ਪੁੱਛਣ ਲੱਗਾ, ਸਭ ਕੁੱਝ ਕਿਵੇਂ ਚੱਲ ਰਿਹਾ ਹੈ? ਬੋਂਜੋ ਦੇ ਚਿਹਰੇ ਤੋਂ ਲੱਗਿਆ ਕਿ ਗਾਰੇਕ ਦੀ ਵਾਪਸੀ ਨਾਲ਼ ਉਸਦੀ ਬੇਚੈਨੀ ਬਹੁਤ ਘਟ ਗਈ ਹੈ। ਉਸਨੇ ਸਾਡੇ ਸਾਰੇ ਸਵਾਲਾਂ ਦੇ ਜਵਾਬ ਬੜੇ ਸਹਿਜ ਨਾਲ਼ ਦਿੱਤੇ। ਵਿਚਕਾਰ ਉਹ ਬੀੜੀ ਦਾ ਧੂੰਆਂ ਆਪਣੇ ਦੰਦਾਂ ਦੇ ਵਿਚਕਾਰ ਪਾ ਕੇ ਸਾਹ ਲੈਂਦਾ।

ਬੇਲਚਾ ਲਈ ਇੱਕ ਆਦਮੀ ਓਧਰੋਂ ਲੰਘਿਆ, ਤਾਂ ਬੋਂਜੋ ਨੇ ਉਸਨੂੰ ਇਸ਼ਾਰੇ ਨਾਲ਼ ਆਪਣੇ ਕੋਲ਼ ਬੁਲਾ ਲਿਆ। ਫਿਰ ਬੋਂਜੋ ਨੇ ਉਸ ਨੂੰ ਉਹ ਸਾਰੇ ਸਵਾਲ ਪੁੱਛੇ ਜੋ ਅਸੀਂ ਉਸ ਤੋਂ ਪੁੱਛੇ ਸੀ। ਆਦਮੀ ਨੇ ਕੁੱਝ ਨਰਾਜ ਹੋ ਕੇ ਸਿਰ ਹਿਲਾਇਆ। ਨਹੀਂ, ਉਹ ਦਿਲੋਂ ਸਰਕਾਰ ਦਾ ਹਮਾਇਤੀ ਸੀ। ਬੋਂਜੋ ਉਸ ਦੇ ਬਿਆਨ ਨੂੰ ਜੇਤੂ-ਭਾਵ ਨਾਲ਼ ਸੁਣਦਾ ਰਿਹਾ, ਜਿਵੇਂ ਕਿ ਸਰਕਾਰ ਨਾਲ਼ ਉਹਨਾਂ ਦੇ ਸਾਂਝੇ ਰਿਸ਼ਤੇ ’ਤੇ ਉਹ ਭਰੋਸੇਯੋਗਤਾ ਦੀ ਮੋਹਰ ਲਗਾ ਰਹੇ ਹੋਣ।

ਅਸੀਂ ਸਾਰੇ ਜਾਣ ਤੋਂ ਪਹਿਲਾਂ ਬੋਂਜੋ ਨਾਲ਼ ਵਾਰੀ-ਵਾਰੀ ਹੱਥ ਮਿਲਾਉਣ ਲੱਗੇ। ਮੇਰਾ ਨੰਬਰ ਆਖਰੀ ਸੀ। ਜਦੋਂ ਮੈਂ ਆਪਣੀਆਂ ਉਂਗਲਾਂ ਨਾਲ਼ ਉਸਦੇ ਸਖਤ, ਖੁਰਦਰੇ ਹੱਥ ਨੂੰ ਦਬਾਇਆ, ਤਾਂ ਮੈਂ ਅਚਾਨਕ ਆਪਣੀ ਹਥੇਲੀ ’ਤੇ ਕਾਗਜ ਦੀ ਗੋਲ਼ੀ ਦਾ ਦਬਾਅ ਮਹਿਸੂਸ ਕੀਤਾ। ਤੇਜੀ ਨਾਲ਼ ਆਪਣੀਆਂ ਉਂਗਲਾਂ ਮੋੜ ਕੇ, ਮੈਂ ਇਸਨੂੰ ਪਿੱਛੇ ਖਿੱਚ ਲਿਆ ਅਤੇ ਚੁੱਪਚਾਪ ਗੋਲ਼ੀ ਜੇਬ ਵਿੱਚ ਪਾ ਲਈ ਜਦੋਂ ਅਸੀਂ ਬੱਸ ਵੱਲ ਮੁੜੇ। ਬੀੜੀ ਦੇ ਸੂਟੇ ਲਾਉਂਦਾ ਬੋਂਜੋ ਹੇਠਾਂ ਚੌਂਕ ਵਿੱਚ ਉਸੇ ਤਰ੍ਹਾਂ ਖੜ੍ਹਾ ਸੀ। ਜਦੋਂ ਬੱਸ ਰਵਾਨਾ ਹੋਣ ਵਾਲ਼ੀ ਸੀ ਤਾਂ ਉਸਨੇ ਆਪਣੀ ਪਤਨੀ ਨੂੰ ਵੀ ਬਾਹਰ ਬੁਲਾਇਆ ਅਤੇ ਉਹ ਦੋਵੇਂ, ਬੇਲਚੇ ਵਾਲ਼ੇ ਆਦਮੀ ਅਤੇ ਬੱਚਿਆਂ ਨਾਲ਼ ਖੜ੍ਹੇ ਪਿੱਛੇ ਘੁੰਮਦੀ ਬੱਸ ਨੂੰ ਬੇਚੈਨੀ ਨਾਲ਼ ਦੇਖਦੇ ਰਹੇ।

ਅਸੀਂ ਵਾਪਸ ਜਾਣ ਦੀ ਬਜਾਏ ਉਸੇ ਰਸਤੇ ’ਤੇ ਚੱਲਦੇ ਰਹੇ। ਇਸ ਪੂਰੇ ਸਫਰ ਦੌਰਾਨ ਮੇਰਾ ਹੱਥ ਮੇਰੇ ਕੋਟ ਦੀ ਜੇਬ ਵਿੱਚ ਸੀ ਅਤੇ ਮੇਰੀਆਂ ਉਂਗਲਾਂ ਦੇ ਵਿਚਕਾਰ ਕਾਗਜ ਦੀ ਗੋਲ਼ੀ ਸੀ, ਜੋ ਇੰਨੀ ਸਖਤ ਸੀ ਕਿ ਇਸ ਨੂੰ ਨਹੁੰ ਨਾਲ਼ ਦਬਾਉਣਾ ਮੁਸ਼ਕਲ ਸੀ। ਜੇਬ ’ਚੋਂ ਕੱਢਣਾ ਖਤਰੇ ਤੋਂ ਖਾਲੀ ਨਹੀਂ ਸੀ ਕਿਉਂਕਿ ਗਾਰੇਕ ਦੀਆਂ ਤਿੱਖੀਆਂ ਨਜਰਾਂ ‘ਰੀਅਰ ਵਿਊ’ ਸ਼ੀਸ਼ੇ ਰਾਹੀਂ ਵਾਰ-ਵਾਰ ਸਾਡੇ ’ਤੇ ਟਿਕ ਰਹੀਆਂ ਸਨ।

ਉਸ ਕਾਗਜ ਦੀ ਗੋਲ਼ੀ ਨੂੰ ਆਪਣੇ ਹੱਥ ਵਿਚ ਦਬਾਉਂਦੇ ਹੋਏ ਮੈਂਨੂੰ ਬੋਂਜੋ ਦਾ ਖਿਆਲ ਆਇਆ। ਜਦੋਂ ਇੱਕ ਹੱਥਗੱਡਾ ਉੱਥੋਂ ਲੰਘਿਆ ਤਾਂ ਉਸ ਉੱਤੇ ਬੈਠੇ ਸਿਪਾਹੀਆਂ ਨੇ ਮਸ਼ੀਨ ਗੰਨਾਂ ਹਵਾ ਵਿੱਚ ਲਹਿਰਾ ਕੇ ਸਾਡਾ ਸਵਾਗਤ ਕੀਤਾ। ਮੌਕਾ ਤਾੜ ਮੈਂ ਉਸ ਕਾਗਜ ਦੀ ਗੋਲ਼ੀ ਚੋਰ ਜੇਬ ਵਿੱਚ ਲੁਕਾ ਦਿੱਤੀ ਅਤੇ ਉੱਪਰੋਂ ਬਟਨ ਬੰਦ ਕਰ ਦਿੱਤਾ। ਇਸ ਨਾਲ਼ ਮੈਨੂੰ ਸਰਕਾਰ ਦੇ ਦੋਸਤ ਬੋਂਜੋ ਦਾ ਚਿਹਰਾ ਫਿਰ ਯਾਦ ਆ ਗਿਆ। ਮੈਂ ਆਪਣੀਆਂ ਅੱਖਾਂ ਸਾਹਮਣੇ ਉਸਦੇ ਕੱਚੇ ਚਮੜੇ ਦੀ ਜੁੱਤੀ, ਉਸਦੇ ਚਿਹਰੇ ’ਤੇ ਮੁਸਕਰਾਹਟ ਅਤੇ ਉਸਦੇ ਬੋਲਣ ਵੇਲੇ ਉਸਦੇ ਦੰਦਾਂ ਵਿਚਕਾਰ ਪਾੜਾ ਦੇਖਿਆ। ਸਾਡੇ ਵਿੱਚੋਂ ਕਿਸੇ ਨੂੰ ਕੋਈ ਸ਼ੱਕ ਨਹੀਂ ਸੀ ਕਿ ਸਰਕਾਰ ਨੂੰ ਬੋਂਜੋ ਦੇ ਰੂਪ ਵਿੱਚ ਇੱਕ ਸੱਚਾ ਹਮਾਇਤੀ ਮਿਲ਼ ਗਿਆ ਹੈ।

ਸਮੁੰਦਰ ਦੇ ਕਿਨਾਰੇ ਰਾਹੀਂ ਅਸੀਂ ਸ਼ਹਿਰ ਵਾਪਸ ਆ ਗਏ। ਜਦੋਂ ਅਸੀਂ ਓਪੇਰਾ ਹਾਊਸ ਵਿਖੇ ਬੱਸ ਤੋਂ ਉੱਤਰੇ, ਤਾਂ ਗਾਰੇਕ ਨੇ ਨਿਮਰਤਾ ਨਾਲ਼ ਸਾਥੋਂ ਵਿਦਾ ਲਈ। ਮੈਂ ਇਕੱਲਾ ਹੀ ਹੋਟਲ ਪਰਤਿਆ ਅਤੇ ਕਮਰੇ ਦਾ ਦਰਵਾਜਾ ਬੰਦ ਕਰਕੇ ਬਾਥਰੂਮ ਵਿੱਚ ਸਰਕਾਰ ਦੇ ਹਮਾਇਤੀ ਵੱਲੋਂ ਗੁਪਤ ਰੂਪ ਵਿੱਚ ਮੇਰੇ ਹਵਾਲੇ ਕੀਤੀ ਕਾਗਜ ਦੀ ਗੋਲ਼ੀ ਨੂੰ ਸਾਵਧਾਨੀ ਨਾਲ਼ ਖੋਲਿ੍ਹਆ। ਪਰ ਸਾਰਾ ਕਾਗਜ ਕੋਰਾ ਸੀ, ਉਸ ’ਤੇ ਨਾ ਤਾਂ ਕੋਈ ਸ਼ਬਦ ਲਿਖਿਆ ਸੀ ਅਤੇ ਨਾ ਹੀ ਕੋਈ ਨਿਸ਼ਾਨ ਸੀ। ਅਤੇ ਫਿਰ ਮੈਂ ਦੇਖਿਆ ਕਿ ਉਸੇ ਕਾਗਜ ਵਿੱਚ ਲਪੇਟਿਆ ਹੋਇਆ ਸੀ ਇੱਕ ਟੁੱਟਿਆ ਹੋਇਆ ਭੂਰਾ ਦੰਦ, ਉਸ ਉੱਤੇ ਤੰਬਾਕੂ ਦੇ ਧੱਬੇ ਨੂੰ ਦੇਖ ਕੇ ਇਹ ਅੰਦਾਜਾ ਲਗਾਉਣਾ ਮੁਸ਼ਕਲ ਨਹੀਂ ਸੀ ਕਿ ਇਹ ਦੰਦ ਕਿਸਦਾ ਹੋ ਸਕਦਾ ਹੈ!

  • ਮੁੱਖ ਪੰਨਾ : ਸਿਗਫ੍ਰੀਡ ਲੈਂਜ਼ ਦੀਆਂ ਜਰਮਨ ਕਹਾਣੀਆਂ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •