Gareeban Nu Santushti Da Nuskha : Lu Xun
ਗ਼ਰੀਬਾਂ ਨੂੰ ਸੰਤੁਸ਼ਟੀ ਦਾ ਨੁਸਖ਼ਾ : ਲੂ ਸ਼ੁਨ
ਇੱਕ ਅਧਿਆਪਕ ਆਪਣੇ ਬੱਚਿਆਂ ਨੂੰ ਨਹੀਂ ਪੜ੍ਹਾਉਂਦਾ, ਉਸ ਦੇ ਬੱਚਿਆਂ ਨੂੰ ਦੂਜੇ ਹੀ ਪੜ੍ਹਾਉਂਦੇ ਹਨ। ਇੱਕ ਡਾਕਟਰ ਆਪਣਾ ਇਲਾਜ ਆਪਣੇ ਆਪ ਨਹੀਂ ਕਰਦਾ, ਉਸ ਦਾ ਇਲਾਜ ਕੋਈ ਦੂਜਾ ਡਾਕਟਰ ਕਰਦਾ ਹੈ। ਪਰ ਆਪਣਾ ਜੀਵਨ ਜਿਉਣ ਦਾ ਤਰੀਕਾ ਹਰ ਆਦਮੀ ਨੂੰ ਖ਼ੁਦ ਖੋਜਣਾ ਪੈਂਦਾ ਹੈ, ਕਿਉਂਕਿ ਜਿਉਣ ਦੀ ਕਲਾ ਦੇ ਜੋ ਵੀ ਨੁਸਖ਼ੇ ਦੂਜੇ ਲੋਕ ਬਣਾਉਂਦੇ ਹਨ, ਉਹ ਵਾਰ-ਵਾਰ ਬੇਕਾਰ ਸਾਬਤ ਹੁੰਦੇ ਹਨ।
ਦੁਨੀਆਂ ਵਿੱਚ ਪੁਰਾਤਨ ਸਮੇਂ ਤੋਂ ਹੀ ਅਮਨ ਅਤੇ ਚੈਨ ਬਣਾਈ ਰੱਖਣ ਲਈ ਗ਼ਰੀਬੀ ਵਿੱਚ ਸੰਤੁਸ਼ਟ ਰਹਿਣ ਦਾ ਉਪਦੇਸ਼ ਵੱਡੇ ਪੈਮਾਨੇ ‘ਤੇ ਦਿੱਤਾ ਜਾਂਦਾ ਹੈ। ਗ਼ਰੀਬਾਂ ਨੂੰ ਵਾਰ-ਵਾਰ ਦੱਸਿਆ ਜਾਂਦਾ ਹੈ ਕਿ ਸੰਤੁਸ਼ਟੀ ਹੀ ਪੈਸਾ ਹੈ। ਗ਼ਰੀਬਾਂ ਲਈ ਸੰਤੁਸ਼ਟੀ ਹਾਸਲ ਕਰਨ ਦੇ ਅਨੇਕ ਨੁਸਖ਼ੇ ਤਿਆਰ ਕੀਤੇ ਗਏ ਹਨ, ਪਰ ਉਨ੍ਹਾਂ ਵਿੱਚੋਂ ਕੋਈ ਵੀ ਪੂਰੀ ਤਰ੍ਹਾਂ ਸਫ਼ਲ ਸਾਬਤ ਨਹੀਂ ਹੋਇਆ ਹੈ। ਹੁਣ ਵੀ ਰੋਜ਼ਾਨਾ ਨਵੇਂ-ਨਵੇਂ ਨੁਸਖ਼ੇ ਸੁਝਾਏ ਜਾ ਰਹੇ ਹਨ। ਮੈਂ ਹੁਣੇ ਹਾਲ ਹੀ ਵਿੱਚ ਅਜਿਹੇ ਦੋ ਨੁਸਖ਼ਿਆਂ ਨੂੰ ਵੇਖਿਆ ਹੈ। ਉਂਝ ਇਹ ਦੋਵੇਂ ਵੀ ਬੇਕਾਰ ਹੀ ਹਨ।
ਇਹਨਾਂ ਵਿੱਚੋਂ ਇੱਕ ਨੁਸਖਾ ਇਹ ਹੈ ਕਿ ਲੋਕਾਂ ਨੂੰ ਆਪਣੇ ਕੰਮਾਂ ਵਿੱਚ ਦਿਲਚਸਪੀ ਲੈਣੀ ਚਾਹੀਦੀ ਹੈ। ‘ਜੇਕਰ ਤੁਸੀ ਆਪਣੇ ਕੰਮ ਵਿੱਚ ਦਿਲਚਸਪੀ ਲੈਣੀ ਸ਼ੁਰੂ ਕਰ ਦਿਉ ਤਾਂ ਕੰਮ ਚਾਹੇ ਕਿੰਨਾ ਵੀ ਮੁਸ਼ਕਲ ਕਿਉਂ ਨਾ ਹੋਵੇ, ਤੁਸੀ ਖੁਸ਼ੀ ਨਾਲ਼ ਕੰਮ ਕਰੋਗੇ ਅਤੇ ਕਦੇ ਨਹੀਂ ਥੱਕੋਗੇ।’ ਜੇਕਰ ਕੰਮ ਬਹੁਤ ਮੁਸ਼ਕਲ ਨਾ ਹੋਵੇ ਤਾਂ ਇਹ ਗੱਲ ਸੱਚ ਹੋ ਸਕਦੀ ਹੈ। ਚਲੋ, ਅਸੀਂ ਖਾਣ ਮਜ਼ਦੂਰਾਂ ਅਤੇ ਕਿਰਤੀਆਂ ਦੀ ਗੱਲ ਨਹੀਂ ਕਰਦੇ। ਆਉ ਅਸੀਂ ਸ਼ੰਘਾਈ ਦੇ ਕਾਰਖ਼ਾਨਿਆਂ ਵਿੱਚ ਦਿਨ ‘ਚ ਦਸ ਘੰਟਿਆਂ ਤੋਂ ਜ਼ਿਆਦਾ ਕੰਮ ਕਰਨ ਵਾਲ਼ੇ ਮਜ਼ਦੂਰਾਂ ਬਾਰੇ ਗੱਲ ਕਰੀਏ। ਉਹ ਮਜ਼ਦੂਰ ਸ਼ਾਮ ਤੱਕ ਥੱਕ ਕੇ ਚੂਰ-ਚੂਰ ਹੋ ਜਾਂਦੇ ਹੋ। ਉਨ੍ਹਾਂ ਨੂੰ ਉਪਦੇਸ਼ ਦਿੱਤਾ ਜਾਂਦਾ ਹੈ ਕਿ ਤੰਦਰੁਸਤ ਸਰੀਰ ਵਿੱਚ ਹੀ ਤੰਦਰੁਸਤ ਮਨ ਹੁੰਦਾ ਹੈ। ਜੇਕਰ ਤੁਹਾਨੂੰ ਆਪਣੇ ਸਰੀਰ ਦੀ ਦੇਖਭਾਲ਼ ਦੀ ਫੁਰਸਤ ਨਹੀਂ ਮਿਲ਼ਦੀ ਤਾਂ ਤੁਸੀ ਕੰਮ ਵਿੱਚ ਦਿਲਚਸਪੀ ਕਿੱਥੋਂ ਪੈਦਾ ਕਰੋਗੇ? ਇਸ ਹਾਲਤ ਵਿੱਚ ਉਹੀ ਆਦਮੀ ਕੰਮ ਵਿੱਚ ਦਿਲਚਸਪੀ ਲੈ ਸਕਦਾ ਹੈ ਜੋ ਜੀਵਨ ਵਿੱਚ ਜ਼ਿਆਦਾ ਦਿਲਚਸਪੀ ਰੱਖਦਾ ਹੋਵੇ। ਜੇਕਰ ਤੁਸੀ ਸ਼ੰਘਾਈ ਦੇ ਮਜ਼ਦੂਰਾਂ ਨਾਲ਼ ਗੱਲ ਕਰੋ ਤਾਂ ਉਹ ਕੰਮ ਦੇ ਘੰਟੇ ਘੱਟ ਕਰਨ ਦੀ ਹੀ ਗੱਲ ਕਰਨਗੇ। ਉਹ ਕੰਮ ਵਿੱਚ ਦਿਲਚਸਪੀ ਪੈਦਾ ਕਰਨ ਦੀ ਗੱਲ ਕਲਪਨਾ ਵਿੱਚ ਵੀ ਨਹੀਂ ਸੋਚ ਸਕਦੇ।
ਇਸ ਤੋਂ ਵੀ ਜ਼ਿਆਦਾ ਪੱਕਾ ਨੁਸਖ਼ਾ ਦੂਜਾ ਹੈ। ਕੁੱਝ ਲੋਕ ਅਮੀਰਾਂ ਅਤੇ ਗ਼ਰੀਬਾਂ ਦੀ ਤੁਲਨਾ ਕਰਦੇ ਹੋਏ ਕਹਿੰਦੇ ਹਨ ਕਿ ਅੱਗ ਵਰ੍ਹਾਉਣ ਵਾਲ਼ੇ ਗ਼ਰਮੀ ਦੇ ਦਿਨਾਂ ਵਿੱਚ ਅਮੀਰ ਲੋਕ ਆਪਣੀ ਪਿੱਠ ‘ਤੇ ਵਗਦੇ ਮੁੜ੍ਹਕੇ ਦੀ ਧਾਰ ਦੀ ਚਿੰਤਾ ਨਾ ਕਰਦੇ ਹੋਏ ਸਮਾਜਕ ਸੇਵਾ ਵਿੱਚ ਲੱਗੇ ਰਹਿੰਦੇ ਹਨ। ਗ਼ਰੀਬਾਂ ਦਾ ਕੀ ਹੈ? ਉਹ ਇੱਕ ਟੁੱਟੀ ਚਟਾਈ ਗਲ਼ੀ ਵਿੱਚ ਵਿਛਾ ਲੈਂਦੇ ਹਨ, ਫੇਰ ਆਪਣੇ ਕੱਪੜੇ ਲਾਹੁੰਦੇ ਹਨ ਅਤੇ ਚਟਾਈ ਉੱਤੇ ਬੈਠ ਕੇ ਅਰਾਮ ਨਾਲ ਠੰਡੀ ਹਵਾ ਖਾਂਦੇ ਹਨ। ਇਹ ਕਿੰਨਾ ਸੁਖਦਾਈ ਹੈ। ਇਸ ਨੂੰ ਕਹਿੰਦੇ ਹਨ ਚਟਾਈ ਸਮੇਟਣ ਵਾਂਗ ਦੁਨੀਆਂ ਨੂੰ ਜਿੱਤਣਾ। ਇਹ ਸਭ ਅਨੋਖਾ ਅਤੇ ਰਾਜਸੀ ਨੁਸਖ਼ਾ ਹੈ, ਪਰ ਇਸ ਤੋਂ ਬਾਅਦ ਇੱਕ ਦੁੱਖ ਭਰਿਆ ਦ੍ਰਿਸ਼ ਸਾਹਮਣੇ ਆਉਂਦਾ ਹੈ। ਜੇ ਤੁਸੀ ਠੰਢ ਦੀ ਰੁੱਤ ਵਿੱਚ ਗਲ਼ੀਆਂ ਵਿੱਚੋਂ ਗੁਜ਼ਰ ਰਹੇ ਹੋਵੋ ਤਾਂ ਵੇਖੋਗੇ ਕਿ ਕੁੱਝ ਲੋਕ ਆਪਣੇ ਢਿੱਡ ਕਸ ਕੇ ਫੜੀ ਬੈਠੇ ਹਨ ਅਤੇ ਕੁੱਝ ਨੀਲੇ ਤਰਲ ਪਦਾਰਥ ਦੀ ਉਲਟੀ ਕਰ ਰਹੇ ਹਨ। ਇਹ ਉਲਟੀ ਕਰਨ ਵਾਲ਼ੇ ਉਹ ਹੀ ਗ਼ਰੀਬ ਲੋਕ ਹਨ ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਉਹ ਧਰਤੀ ਉੱਤੇ ਸਵਰਗ ਦਾ ਸੁੱਖ ਲੁੱਟਦੇ ਹਨ ਅਤੇ ਚਟਾਈ ਸਮੇਟਣ ਵਾਂਗ ਦੁਨੀਆਂ ਨੂੰ ਜਿੱਤਦੇ ਹਨ। ਮੇਰਾ ਖਿਆਲ ਹੈ ਕਿ ਸ਼ਾਇਦ ਹੀ ਕੋਈ ਅਜਿਹਾ ਮੂਰਖ ਹੋਵੇਗਾ ਜੋ ਸੁੱਖ ਦਾ ਮੌਕਾ ਵੇਖਕੇ ਵੀ ਉਸ ਤੋਂ ਫਾਇਦਾ ਨਾ ਉਠਾਉਂਦਾ ਹੋਵੇ। ਜੇ ਗ਼ਰੀਬੀ ਇੰਨੀ ਸੁੱਖ ਭਰੀ ਹੁੰਦੀ ਤਾਂ ਇਹ ਅਮੀਰ ਲੋਕ ਸਭ ਤੋਂ ਪਹਿਲਾਂ ਗਲ਼ੀਆਂ ਵਿੱਚ ਜਾ ਕੇ ਸੌਂ ਜਾਂਦੇ ਅਤੇ ਗ਼ਰੀਬਾਂ ਦੀ ਚਟਾਈ ਲਈ ਕੋਈ ਜਗ੍ਹਾ ਨਾ ਛੱਡਦੇ।
ਹੁਣੇ ਹਾਲ ਹੀ ਵਿੱਚ ਹੀ ਸ਼ੰਘਾਈ ਦੇ ਹਾਈ ਸਕੂਲ ਦੇ ਇਮਤਿਹਾਨਾਂ ਦੇ ਵਿਦਿਆਰਥੀਆਂ ਦੇ ਲੇਖ ਛਪੇ ਹਨ। ਉਨ੍ਹਾਂ ਵਿੱਚ ਇੱਕ ਲੇਖ ਦਾ ਸਿਰਲੇਖ ਹੈ ‘ਠੰਡ ਤੋਂ ਬਚਾਉਣ ਯੋਗ ਕੱਪੜੇ ਅਤੇ ਢਿੱਡ ਭਰਕੇ ਭੋਜਨ’। ਇਸ ਲੇਖ ਵਿੱਚ ਕਿਹਾ ਗਿਆ ਹੈ ਕਿ”ਇੱਕ ਗ਼ਰੀਬ ਵਿਅਕਤੀ ਵੀ ਘੱਟ ਖਾਕੇ ਅਤੇ ਘੱਟ ਪਹਿਨਕੇ ਜੇਕਰ ਮਾਨਵੀ ਗੁਣਾਂ ਦਾ ਵਿਕਾਸ ਕਰਦਾ ਹੈ ਤਾਂ ਭਵਿੱਖ ਵਿੱਚ ਉਸ ਨੂੰ ਜਸ ਮਿਲ਼ੇਗਾ। ਜਿਸ ਦਾ ਆਤਮਕ ਜੀਵਨ ਅਮੀਰ ਹੈ ਉਸਨੂੰ ਆਪਣੇ ਭੌਤਿਕ ਜੀਵਨ ਦੀ ਗ਼ਰੀਬੀ ਦੀ ਚਿੰਤਾ ਨਹੀਂ ਕਰਨੀ ਚਾਹੀਦੀ। ਮਨੁੱਖੀ ਜੀਵਨ ਦੀ ਸਾਰਥਕਤਾ ਪਹਿਲੇ ਵਿੱਚ ਹੈ, ਦੂਜੇ ਵਿੱਚ ਨਹੀਂ। ”
ਇਸ ਲੇਖ ਵਿੱਚ ਸਿਰਫ਼ ਭੋਜਨ ਦੀ ਲੋੜ ਨੂੰ ਨਹੀਂ ਨਕਾਰਿਆ ਗਿਆ ਹੈ, ਕੁੱਝ ਅੱਗੇ ਦੀਆਂ ਗੱਲਾਂ ਵੀ ਕਹੀਆਂ ਗਈਆਂ ਹਨ। ਪਰ ਹਾਈ ਸਕੂਲ ਦੇ ਵਿਦਿਆਰਥੀ ਦੇ ਇਸ ਸੁੰਦਰ ਨੁਸਖ਼ੇ ਤੋਂ ਯੂਨੀਵਰਸਿਟੀ ਦੇ ਉਹ ਵਿਦਿਆਰਥੀ ਸੰਤੁਸ਼ਟ ਨਹੀਂ ਹਨ ਜੋ ਨੌਕਰੀ ਖੋਜ ਰਹੇ ਹਨ।
ਤੱਥ ਹਮੇਸ਼ਾ ਬੇਰਹਿਮ ਹੁੰਦੇ ਹਨ। ਉਹ ਖੋਖਲ਼ੀਆਂ ਗੱਲਾਂ ਦੇ ਪਰਖਚੇ ਉਡਾ ਦਿੰਦੇ ਹਨ। ਮੇਰੇ ਖਿਆਲ ਵਿੱਚ ਹੁਣ ਉਹ ਸਮਾਂ ਆ ਗਿਆ ਹੈ ਕਿ ਅਜਿਹੀ ਪੰਡਤਾਊ ਬਕਵਾਸ ਨੂੰ ਬੰਦ ਕਰ ਦਿੱਤਾ ਜਾਵੇ। ਹੁਣ ਕਿਸੇ ਵੀ ਹਾਲਤ ਵਿੱਚ ਇਸ ਦਾ ਕੋਈ ਲਾਭ ਨਹੀਂ ਹੈ।
(13 ਅਗਸਤ, 1934)