Gaus Peer De Shehar Vich (Punjabi Essay) : Kartar Singh Duggal

ਗੌਸ ਪੀਰ ਦੇ ਸ਼ਹਿਰ ਵਿਚ (ਲੇਖ) : ਕਰਤਾਰ ਸਿੰਘ ਦੁੱਗਲ

"ਬਾਬਾ" ਬੁਢੇ ਟਾਂਗੇ ਵਾਲੇ ਨੂੰ ਖੜਾ ਕਰਕੇ ਪਹਿਲੇ ਮੈਂ ਸੋਚਿਆ ਉਸਨੂੰ ਸਮਝਾ ਲਵਾਂ, "ਬਾਬਾ, ਗਲ ਅਸਲ ਵਿਚ ਇਹ ਵੇ ਕਿ ਸਾਨੂੰ ਨਿਕਾ ਜਿਹਾ ਕੰਮ ਹੈ, ਏਥੋਂ ਦੇ ਪੁਲੀਸ ਸਟੇਸ਼ਨ ਵਿਚ ਜਿਥੇ ਕੋਈ ਦਸ ਪੰਦਰਾਂ ਮਿੰਟ ਵਧ ਤੋਂ ਵਧ ਲਗ ਜਾਣਗੇ। ਤੇ ਫੇਰ ਉਸ ਤੋਂ ਬਾਅਦ ਸਾਨੂੰ ਸਿਆਲਕੋਟ ਦੀ ਜ਼ਰਾ ਸੈਰ ਕਰਵਾ ਦਈਂ ਤੇ ਪਿਛਲੇ ਪਹਿਰ ਅਸੀਂ ਵਾਪਸ ਲਾਹੌਰ ਚਲੇ ਜਾਵਾਂਗੇ।"

"ਬਹੁਤ ਅਛਾ,ਬੁਢੇ ਨੇ ਸਿਰ ਹਿਲਾਂਦੇ ਹੋਏ, ਸਮਝਦੇ ਹੋਏ ਕਿਹਾ।

"ਤੇ ਹੁਣ ਬਾਬਾ ਤੂੰ ਸਾਨੂੰ ਕਿਸੇ ਜਹੇ ਹੋਟਲ ਵਿਚ ਲੈ ਚਲ ਜਿਥੇ ਅਸੀਂ ਆਪਣਾ ਇਹ ਸਾਮਾਨ ਰਖ ਦਈਏ ਤੇ ਜ਼ਰਾ ਮੂੰਹ ਹਥ ਧੋਕੇ ਨਾਸ਼ਤਾ ਕਰ ਲਈਏ।

ਬੁੱਢੇ ਟਾਂਗੇ ਵਾਲੇ ਨੇ ਇਕ ਮਿੰਟ ਲਈ ਸੋਚਿਆ। ਇਕ ਨਜ਼ਰ ਮੇਰੇ ਵਲ ਵੇਖਿਆ, ਫੇਰ ਮੇਰੀ ਸਾਥਣ ਵਲ ਵੇਖਿਆ। ਫੇਰ ਆਪਣਾ ਗੰਭੀਰ ਦੁਧ ਚਿਟੀ ਦਾਹੜੀ ਵਾਲਾ ਸਿਰ ਹਿਲਾਇਆ। “ਨਾਂਹ ਬਚਿਓ ਤੁਸੀਂ ਇੰਝ ਕਰੋ, ਏਥੇ ਵੇਟਿੰਗ ਰੂਮ ਵਿਚ ਹੀ ਸਾਮਾਨ ਰਖਕੇ ਨਹਾ ਧੋ ਲਵੋ । ਤੇ ਚਾਹ ਪਾਣੀ ਵੀ ਸਗੋਂ ਏਥੇ ਚੰਗਾ ਮਿਲੇਗਾ। ਤੇ ਫੇਰ ਆਪਣੇ ਚੰਗੀ ਤਰ੍ਹਾਂ ਤਿਆਰ ਹੋਕੇ ਜਿਥੇ ਕਹੋਗੇ ਤੁਹਾਨੂੰ ਲੈ ਚਲਾਂਗਾ।”

ਸਾਨੂੰ ਦੋਹਾਂ ਨੂੰ ਟਾਂਗੇ ਵਾਲੇ ਦੀ ਰਾਏ ਬਹੁਤ ਦਿਲ ਲਗੀ । ਵੇਟਿੰਗ ਰੂਮ ਅਸੀਂ ਖੁਲ੍ਹਵਾ ਕੇ ਸਾਮਾਨ ਉਥੇ ਰਖਵਾ ਲਿਆ ਤੇ ਚੰਗੀ ਤਰ੍ਹਾਂ ਆਪਣੇ ਘਰ ਵਾਂਗ ਨਹਾਤੇ ਧੋਤੇ, ਆਪਣੇ ਮਤਲਬ ਦਾ ਆਰਡਰ ਦੇ ਕੇ ਚਾਹ ਮੰਗਵਾਈ, ਖਾਧਾ ਪੀਤਾ । ਵੇਟਿੰਗ ਰੂਮ ਵਿਚ ਸਾਰੇ ਦਾ ਸਾਰਾ ਵਕਤ ਸਿਰਫ ਮੈਂ ਸਾਂ ਤੇ ਮੇਰੀ ਦੋਸਤ।

ਸਿਆਲਕੋਟ ਭਾਵੇਂ ਸ਼ਹਿਰ ਗਿਣਿਆ ਜਾਂਦਾ ਹੈ, ਪਰ ਕਸਬੇ ਤੋਂ ਵਧੀਕ ਗਲ ਇਹਦੇ ਵਿਚ ਕੋਈ ਨਹੀਂ । ਕੋਈ ਦਸ ਵਜੇ ਅਸੀਂ ਤਿਆਰ ਹੋ ਗਏ । ਮੈਂ ਸੋਚਿਆ ਪੁਲਿਸ ਸਟੇਸ਼ਨ ਦਾ ਦਫ਼ਤਰ ਵੀ ਉਦੋਂ ਤਕ ਖੁਲ੍ਹ ਗਿਆ ਹੋਵਗਾ | ਬਾਹਰ ਟਾਂਗੇ ਵਾਲਾ ਬੈਂਚ ਤੇ ਬੈਠਾ ਸਾਡੀ ਉਡੀਕ ਕਰ ਰਿਹਾ ਸੀ । ਪਲੇਟ ਫਾਰਮ ਤੋਂ ਨਿਕਲ ਕੇ ਅਸੀਂ ਵੇਖਿਆ ਉਹਦਾ ਟਾਂਗਾ ਦਰਮਿਆਨੇ ਜਹੇ ਦਰਜੇ ਦਾ ਸੀ । ਉਹਦੀ ਘੋੜੀ ਲਿਸੀ ਜਹੀ, ਅਸੀਲ ਜਹੀ ਸੀ ।

‘ਬਾਬਾ ਜੀ, ਟਾਂਗਾ ਸਾਰਾ ਦਿਨ ਤੁਹਾਡਾ ਚਲ ਲਵੇਗਾ ?" ਟਾਂਗੇ ਵਿਚ ਬੈਠਦੇ ਹੋਏ ਮੇਰੀ ਦੋਸਤ ਨੇ ਪੁਛਿਆ।

“ਪੁਤਰਾ ਅੱਲਾ ਦਾ ਨਾਂ ਲੈਕੇ ਬਹਿ ਜਾਓ । ਜੋ ਰਬ ਕਰੇਗਾ।” ਤੇ ਫੇਰ ਟਾਂਗੇ ਵਾਲੇ ਨੇ ਘੋੜੀ ਨੂੰ ਚਲਾ ਦਿਤਾ ।

ਸਟੇਸ਼ਨ ਤੋਂ ਨਿਕਲਕੇ ਅਸੀਂ ਸੜਕ ਤੇ ਪੈ ਗਏ । ਕੁਝ ਚਿਰ ਬਾਅਦ ਸਬਜ਼ੀ ਮੰਡੀ ਆ ਗਈ । ਗਡੇ ਭਰੇ ਸਬਜ਼ੀਆਂ ਦੇ ਆ ਜਾ ਰਹੇ ਸਨ। ਫੇਰ ਸਾਡਾ ਟਾਂਗਾ ਭਵਿਆਂ ਤੇ ਇਕ ਦਮ ਇਕ ਚੜ੍ਹਾਈ ਤੇ ਚੜ੍ਹਨਾ ਸ਼ੁਰੂ ਹੋ ਗਿਆ।

“ਬਾਬਾ ਅਸੀਂ ਕਿਧਰ ਜਾ ਰਹੇ ਹਾਂ ਹੁਣ ? ਮੈਂ ਪੁਛਿਆ।

“ਹੈਂ ?" ਬੁਢਾ ਟਾਂਗੇ ਵਾਲਾ ਚੌਂਕ ਪਿਆ, “ਬੇਟਾ ਤੁਸੀਂ ਕਿਹਾ ਸੀ ਨਾਂ ਕੋਤਵਾਲੀ ਜਾਣਾ ਏ ।”

ਤੇ ਟਾਂਗਾ ਸਾਡਾ ਉਤੇ ਚੜ੍ਹਦਾ ਗਿਆ, ਚੜ੍ਹਦਾ ਗਿਆ। ਕਿਲ੍ਹੇ ਦੀ ਤਰਾਂ ਉਪਰ ਧੁਰ ਤੇ ਕੋਤਵਾਲੀ ਸੀ ਜਿਹਦੇ ਸਾਹਮਣੇ ਸਿਆਲਕੋਟ ਦਾ ਟਾਊਨ ਹਾਲ ਹੈ ਤੇ ਹੇਠ ਪੈਰਾਂ ਵਿਚ ਚਵ੍ਹਾਂ ਪਾਸੇ ਸ਼ਹਿਰ ਫੈਲਿਆ ਹੋਇਆ ਹੈ। ਕੋਤਵਾਲੀ ਦੇ ਇਹਾਤੇ ਤੋਂ ਬਾਹਰ ਹੀ ਬੁਢੇ ਟਾਂਗੇ ਵਾਲੇ ਨੇ ਘੋੜੀ ਨੂੰ ਰੋਕ ਲਿਆ।

ਮੈਂ ਕਿਹਾ “ਬਾਬਾ, ਅੰਦਰ ਲੈ ਚਲ।"

“ਨਾਂਹ ਪੁਤਰਾ !" ਜਿਸ ਤਰ੍ਹਾਂ ਹੈਰਾਨ ਹੋਕੇ ਉਸ ਮੈਨੂੰ ਕਿਹਾ।

(ਅਧੂਰੀ ਰਚਨਾ)

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਕਰਤਾਰ ਸਿੰਘ ਦੁੱਗਲ
  • ਮੁੱਖ ਪੰਨਾ : ਕਾਵਿ ਰਚਨਾਵਾਂ, ਕਰਤਾਰ ਸਿੰਘ ਦੁੱਗਲ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ