Generator Chor : Surjit Singh Dila Ram
ਜਨਰੇਟਰ ਚੋਰ : ਸੁਰਜੀਤ ਸਿੰਘ "ਦਿਲਾ ਰਾਮ"
ਅੱਖਾਂ ਮਲਦੇ ਹੋਏ ਜੈਲੇ ਨੇ ਜਦੋਂ ਘਰ ਦੀ ਨੁੱਕਰ ਵੱਲ ਦੇਖਿਆ ਤਾਂ ਹੱਕਾ-ਬੱਕਾ ਜਿਹਾ ਹੋ ਗਿਆ।
ਡਿਉਢੀ 'ਚ ਸੁਤੇ ਆਵਦੇ ਬਾਪ ਨੂੰ ਜਗਾਉਂਦਿਆਂ ਆਖਿਆ "ਭਾਪਾ! ਮੈਨੂੰ ਜਨਰੇਟਰ ਨਹੀਂ ਕਿਧਰੇ ਥਿਆਉਂਦਾ...ਲੱਗਦਾ ਚੋਰੀ ਹੋ ਗਿਆ..!"
ਸਾਰਾ ਵਿਹੜਾ ਤੱਕਿਆ..ਆਂਢ-ਗੁਆਂਢ ਪੁੱਛਿਆ ਪਰ ਕਿਤੋਂ ਪਤਾ ਨਾ ਲੱਗਿਆ।
ਜੈਲੇ ਆਖਿਆ, "ਭਾਪਾ ! ਚੱਲ ਥਾਣੇ ਚੱਲਦੇ ਆ ਰਪਟ ਲਿਖਾਉਣੀ ਪਊ..!"
"ਓ..ਨਹੀਂ ਨਹੀਂ ! ਆਪਣੇ ਐਮ.ਐੱਲ. ਏ. ਕੋਲ ਚਲਦੇ ਆ...ਇਨ੍ਹਾਂ ਥਾਣੇਦਾਰਾਂ ਕੁਝ ਨਹੀਂ ਕਰਨਾ ..ਬਾਠ ਸਾਬ ਨੇ ਇਕ ਹੀ ਫੋਨ ਕਰਨਾ ਏ... ਥਾਣੇਦਾਰ ਤਾਂ ਆਪਣੇ ਘਰੇ ਜਨਰੇਟਰ ਛੱਡ ਕੇ ਜਾਊ..."
ਦੋਵੇਂ ਪਿਉ ਪੁੱਤ ਸਕੂਟਰ ਤੇ ਸਵਾਰ ਹੋ ਕੇ ਐਮ.ਐੱਲ.ਏ.ਦੇ ਘਰ ਨੂੰ ਚੱਲ ਪਏ। ਅਜੇ ਘਰ ਦੇ ਦਰਵਾਜੇ ਦੇ ਅੰਦਰ ਹੀ ਕਦਮ ਰੱਖਿਆ ਸੀ ਕਿ "ਠੱਕ-ਠੱਕ" ਜਨਰੇਟਰ ਦੇ ਚੱਲਣ ਦੀ ਅਵਾਜ ਆਈ..
ਜੈਲੇ ਨੇ ਦੇਖਦਿਆਂ ਹੀ ਆਖਿਆ.."ਚੱਲ ਭਾਪਾ! ਘਰ ਚੱਲੀਏ.. ਜਨਰੇਟਰ ਤਾਂ ਆਪਣਾ ਏਥੇ ਚੱਲੀ ਜਾਂਦਾ ਏ...."