Gharwali (Story in Punjabi) : Ismat Chughtai
ਘਰਵਾਲੀ (ਕਹਾਣੀ) : ਇਸਮਤ ਚੁਗ਼ਤਾਈ
ਜਿਸ ਦਿਨ ਦੀ ਮਿਰਜ਼ਾ ਦੀ ਨਵੀਂ ਨੌਕਰਾਣੀ ਲਾਜੋ ਘਰ ਆਈ ਸੀ, ਸਾਰੇ ਮੁਹੱਲੇ ਵਿਚ ਖਲਬਲੀ ਜਿਹੀ ਮੱਚੀ ਹੋਈ ਸੀ। ਜਮਾਂਦਾਰ ਜਿਹੜਾ ਮਸੀਂ ਦੋ ਝਾੜੂ ਮਾਰਦਾ ਤੇ ਨੱਸ ਜਾਂਦਾ ਸੀ, ਹੁਣ ਜ਼ਮੀਨ ਨੂੰ ਦੇਰ ਤਕ ਖੁਰਚੀ ਜਾਂਦਾ; ਦੋਧੀ ਜਿਹੜਾ ਪਾਣੀ ਨੂੰ ਦੁੱਧ ਦਾ ਤੁੜਕਾ ਲਾ ਕੇ ਮੜ੍ਹ ਜਾਂਦਾ ਸੀ, ਹੁਣ ਘਰੋਂ ਕੜ੍ਹਿਆ ਹੋਇਆ ਦੁੱਧ ਲਿਆਉਣ ਲੱਗ ਪਿਆ—ਏਨਾ ਗਾੜ੍ਹਾ ਕਿ ਰਬੜੀ ਦਾ ਭੁਲੇਖਾ ਪੈਣ ਲੱਗਦਾ।
ਪਤਾ ਨਹੀਂ ਕਿਸ ਅਰਮਾਨ ਭਰੀ ਨੇ ਲਾਜੋ ਨਾਂ ਰੱਖਿਆ ਹੋਵੇਗਾ ਉਸਦਾ!...ਲਾਜ ਤੇ ਸ਼ਰਮ ਦੇ ਲਾਜੋ ਦੀ ਦੁਨੀਆਂ ਵਿਚ ਕੋਈ ਅਰਥ ਨਹੀਂ ਸਨ। ਪਤਾ ਨਹੀਂ ਕਿੱਥੇ ਤੇ ਕਿਸ ਦੇ ਢਿੱਡੋਂ ਨਿਕਲੀ, ਸੜਕਾਂ 'ਤੇ ਰੁਲ-ਖੁਲ ਕੇ ਪਲੀ, ਤੇਰੇ-ਮੇਰੇ ਟੁੱਕੜ ਖਾ ਕੇ ਇਸ ਲਾਇਕ ਹੋਈ ਕਿ ਖੋਹ-ਖਾਹ ਕੇ ਢਿੱਡ ਭਰ ਸਕੇ। ਜਦੋਂ ਸਿਆਣੀ ਹੋ ਗਈ ਤਾਂ ਉਸਦਾ ਸਰੀਰ ਉਸਦੀ ਇਕੋ-ਇਕ ਪੂੰਜੀ ਸਾਬਤ ਹੋਇਆ। ਛੇਤੀ ਹੀ ਹਾਣ-ਪ੍ਰਵਾਣ ਦੇ ਆਵਾਰਾ ਮੁੰਡਿਆਂ ਦੀ ਸੋਹਬਤ ਵਿਚ ਜ਼ਿੰਦਗੀ ਦੇ ਅਛੂਤੇ-ਭੇਦ ਜਾਣ ਗਈ ਤੇ ਬੇਲਗ਼ਾਮ ਘੋੜੀ ਬਣ ਗਈ।
ਮੁੱਲ-ਭਾਅ ਕਰਨ ਦੀ ਉਸਨੂੰ ਬਿਲਕੁਲ ਵੀ ਆਦਤ ਨਹੀਂ ਸੀ—ਜੇ ਕੁਝ ਹੱਥ ਲੱਗ ਗਿਆ ਤਾਂ ਕੀ ਕਹਿਣੈ। ਨਕਦ ਨਾ ਸਹੀ, ਉਧਾਰ ਹੀ ਸਹੀ; ਜੇ ਅਗਲੇ ਵਿਚ ਉਧਾਰ ਦੀ ਗੁੰਜਾਇਸ਼ ਵੀ ਨਾ ਹੁੰਦੀ ਤਾਂ ਪੂੰਨ ਖਾਤ ਹੀ ਸੀ।
“ਕਿਉਂ ਨੀਂ ਤੈਨੂੰ ਸ਼ਰਮ ਨਹੀਂ ਆਉਂਦੀ?” ਲੋਕ ਉਸਨੂੰ ਪੁੱਛਦੇ।
“ਆਉਂਦੀ ਐ।” ਉਹ ਢੀਠਾਂ ਵਾਂਗ ਜਵਾਬ ਦੇਂਦੀ।
“ਇਕ ਦਿਨ ਖੱਟਾ ਖਾਏਂਗੀ, ਖੱਟਾ।”
ਲਾਜੋ ਨੂੰ ਕਦੋਂ ਪ੍ਰਵਾਹ ਸੀ? ਉਹ ਤਾਂ ਖੱਟਾ-ਮਿੱਠਾ ਸਭੋ ਕੁਝ ਇਕੋ ਹੱਲੇ ਡਕਾਰ ਜਾਣ ਦੀ ਆਦੀ ਸੀ। ਸੂਰਤ ਬੜੀ ਭੋਲੀ-ਭਾਲੀ ਸੀ, ਅੱਖਾਂ ਹਿਰਨੀ ਵਾਂਗ ਚੰਚਲ, ਛੋਟੇ-ਛੋਟੇ ਦੰਦ, ਮੁਸ਼ਕੀ ਰੰਗ, ਮੱਲੋਮੱਲੀ ਧਿਆਨ ਖਿੱਚ ਲੈਣ ਵਾਲੀ ਤੋਰ ਕਿ ਦੇਖਣ ਵਾਲੇ ਦੀ ਜ਼ੁਬਾਨ ਰੁਕ ਜਾਂਦੀ ਤੇ ਅੱਖਾਂ ਬਕਵਾਸ ਕਰਨ ਲੱਗ ਪੈਂਦੀਆਂ।
ਮਿਰਜ਼ਾ ਕੁਆਰੇ ਸਨ। ਹੱਥੀਂ ਰੋਟੀਆਂ ਪਕਾਉਂਦੇ-ਪਕਾਉਂਦੇ ਭੱਬੂ ਬਣੇ ਹੋਏ ਸਨ। ਛੋਟੀ ਜਿਹੀ ਬਸਾਤੀ ਦੀ ਦੁਕਾਨ ਸੀ, ਜਿਸਨੂੰ ਉਹ ਜਨਰਲ ਸਟੋਰ ਕਹਿੰਦੇ ਹੁੰਦੇ ਸਨ। ਪਿੰਡ ਜਾ ਕੇ ਸ਼ਾਦੀ ਕਰਾ ਆਉਣ ਦੀ ਵਿਹਲ ਨਹੀਂ ਸੀ ਮਿਲਦੀ। ਕਦੀ ਵਪਾਰ ਏਨਾ ਮੰਦਾ ਹੁੰਦਾ ਕਿ ਦਿਵਾਲਾ ਨਿਕਲਣ ਵਾਲਾ ਹੋ ਜਾਂਦਾ, ਕਦੀ ਏਨੀ ਗਾਹਕੀ ਪੈਂਦੀ ਸਿਰ ਖੁਰਕਣ ਦੀ ਵਿਹਲ ਨਾ ਮਿਲਦੀ; ਸਿਹਰਾ ਬੰਨ੍ਹਵਾਉਂਣ ਦੀ ਗੱਲ ਤਾਂ ਦੂਰ ਦੀ ਸੀ।
ਬਖਸ਼ੀ ਨੂੰ ਲਾਜੋ ਇਕ ਬੱਸ ਸਟਾਪ ਉੱਤੇ ਮਿਲੀ ਸੀ। ਪਤਨੀ ਪੂਰੇ ਦਿਨਾਂ 'ਤੇ ਸੀ, ਨੌਕਰਾਨੀ ਦੀ ਲੋੜ ਸੀ। ਜਦੋਂ ਬੱਚਾ ਹੋ ਗਿਆ, ਉਸਨੂੰ ਧੱਕੇ ਮਾਰ ਕੇ ਕੱਢ ਦਿੱਤਾ ਗਿਆ। ਲਾਜੋ ਮਾਰ ਖਾਣ ਤੇ ਕੱਢੇ ਜਾਣ ਦੀ ਆਦੀ ਸੀ, ਪਰ ਬਖਸ਼ੀ ਨੂੰ ਉਸਦੀ ਆਦਤ ਜਿਹੀ ਪੈ ਗਈ ਸੀ। ਪਰ ਹੁਣ ਉਸਨੂੰ ਸਮੁੰਦਰ ਪਾਰ ਇਕ ਵੱਢੀ ਨੌਕਰੀ ਮਿਲ ਗਈ ਸੀ, ਇਸ ਲਈ ਉਸਨੇ ਸੋਚਿਆ ਕਿ ਲਾਜੋ ਨੂੰ ਮਿਰਜ਼ੇ ਕੋਲ ਛੱਡ ਜਾਏ—ਕੰਜਰੀਆਂ ਕੋਲੋਂ ਮਿੱਟੀ ਪਲੀਤ ਕਰਾਉਂਦਾ ਫਿਰਦਾ ਏ; ਜ਼ਰਾ ਇਹ ਮੁਫ਼ਤ ਦਾ ਮਾਲ ਵੀ ਚਖ ਲਵੇਗਾ।
“ਲਾਹੌਲ ਵਲਾ ਕੁਵੱਤ। ਮੈਂ ਨੀਚ ਔਰਤਾਂ ਨੂੰ ਘਰੇ ਨਹੀਂ ਵੜਨ ਦੇਂਦਾ।” ਮਿਰਜਾ ਭੜਕ ਗਏ।
“ਓ ਮੀਆਂ, ਛੱਡੋ ਵੀ, ਸਾਰਾ ਕੰਮਕਾਜ ਕਰੇਗੀ ਸੋ ਮੁਫ਼ਤ ਦੇ ਖਾਤੇ ਵਿਚ।” ਬਖਸ਼ੀ ਨੇ ਸਮਝਾਇਆ।
“ਨਹੀਂ ਬਈ, ਇਹ ਲਾਹਨਤ ਕਿਉਂ ਮੇਰੇ ਸਿਰ ਮੜ੍ਹੀ ਜਾ ਰਹੇ ਓ, ਆਪਣੇ ਨਾਲ ਈ ਕਿਉਂ ਨਹੀਂ ਲੈ ਜਾਂਦੇ?”
“ਮੇਰੀ ਇਕੱਲੇ ਦੀ ਟਿਕਟ ਆਈ ਏ, ਸਾਰੇ ਟੱਬਰ ਦੀ ਨਹੀਂ...।”
ਏਨੇ ਵਿਚ ਲਾਜੋ ਰਸੋਈ ਉੱਤੇ ਧਾਵਾ ਬੋਲ ਚੁੱਕੀ ਸੀ। ਲਹਿੰਗੇ ਨੂੰ ਲੰਗੋਟ ਵਾਂਗ ਕਸੀ, ਇਕ ਲੰਮਾਂ ਬਾਂਸ ਜਿਸ ਦੇ ਸਿਰੇ ਤੇ ਝਾੜੂ ਵੱਝਿਆ ਸੀ, ਚੁੱਕੀ ਸਾਰੇ ਘਰ ਵਿਚ ਘੁਮਾਉਂਦੀ ਫਿਰ ਰਹੀ ਸੀ। ਬਖਸ਼ੀ ਨੇ ਜਦੋਂ ਉਸਨੂੰ ਮਿਰਜਾ ਦੇ ਫ਼ੈਸਲੇ ਬਾਰੇ ਦੱਸਿਆ ਤਾਂ ਉਸਨੇ ਬਿਲਕੁਲ ਨੋਟਸ ਨਾ ਲਿਆ। ਉਸਨੂੰ ਪਤੀਲੀ ਟਾਂਡ ਉੱਤੇ ਰਖ ਆਉਣ ਲਈ ਕਿਹਾ ਤੇ ਆਪ ਨਲਕੇ ਤੋਂ ਪਾਣੀ ਭਰਨ ਚਲੀ ਗਈ।
“ਜੇ ਤੂੰ ਕਹੇਂ ਤਾਂ ਵਾਪਸ ਘਰ ਛੱਡ ਆਵਾਂ...”
“ਚੱਲ ਦਫ਼ਾ ਹੋ! ਤੂੰ ਮੇਰਾ ਖ਼ਸਮ ਲੱਗਦੈਂ ਜਿਹੜਾ ਮੈਨੂੰ ਪੇਕੇ ਛੱਡ ਆਵੇਂਗਾ। ਜਾਹ ਆਪਣਾ ਰਸਤਾ ਫੜ੍ਹ, ਮੈਂ ਏਥੇ ਆਪੇ ਨਿੱਬੜ ਲਵਾਂਗੀ।”
ਬਖਸ਼ੀ ਨੇ ਮੋਟੀ ਜਿਹੀ ਗਾਲ੍ਹ ਕੱਢੀ ਕਿ ਚਗਲ ਆਕੜਦੀ ਕਿਸ ਗੱਲ 'ਤੇ ਹੈ। ਲਾਜੋ ਨੇ ਉਸ ਨਾਲੋਂ ਵੀ ਤਕੜੀ ਗਾਲ੍ਹ ਕੱਢੀ ਕਿ ਬਖਸ਼ੀ ਵਰਗੇ ਲਫੰਗੇ ਨੂੰ ਵੀ ਪਸੀਨੇ ਆਉਣ ਲੱਗ ਪਏ।
ਬਖਸ਼ੀ ਦੇ ਜਾਣ ਪਿੱਛੋਂ ਮਿਰਜਾ ਦੇ ਹੋਸ਼ ਕੁਝ ਇਸ ਤਰ੍ਹਾਂ ਗੁੰਮ ਹੋਏ ਕਿ ਉਹ ਯਕਦਮ ਮਸਜਿਦ ਵੱਲ ਭੱਜ ਤੁਰੇ। ਉੱਥੇ ਬੈਠ ਕੇ ਸੋਚਣ ਲੱਗੇ ਐਵੇਂ ਖਰਚਾ ਵਧੇਗਾ, ਚੋਰੀ ਵੱਖਰੀ ਕਰੇਗੀ, ਕੇਹੀ ਬਲਾ ਸਿਰ ਆਣ ਪਈ ਏ। ਮਗਰਬ ਦੀ ਨਮਾਜ਼ ਤੋਂ ਪਿੱਛੋਂ ਘਰ ਆਏ ਤਾਂ ਹੈਰਾਨ ਹੀ ਰਹਿ ਗਏ। ਜਿਵੇਂ ਬੀ-ਅੰਮਾ ਮਰਹੂਮ ਵਾਪਸ ਤਸ਼ਰੀਫ ਲੈ ਆਈ ਹੋਵੇ! ਘਰ ਚੰਦਨ ਵਾਂਗ ਚਮਕ ਰਿਹਾ ਸੀ। ਪਾਣੀ ਪੀਣ ਵਾਲਾ ਕੋਰਾ ਤੌੜਾ ਤੇ ਉਸ ਉੱਤੇ ਮਾਂਜਿਆ ਹੋਇਆ ਕਟੋਰਾ ਝਿਲਮਿਲਾ ਰਿਹਾ ਸੀ, ਲਾਲਟੈਂਨ ਸਾਫ ਸੁਥਰੀ ਜਗਮਗਾ ਰਹੀ ਸੀ।
“ਮੀਆਂ ਖਾਣਾ ਲਿਆਵਾਂ?” ਲਾਜੋ ਨੇ ਘਾਟ-ਘਾਟ ਦਾ ਪਾਣੀ ਪੀਤਾ ਸੀ।
“ਖਾਣਾ?”
“ਸਬਜ਼ੀ ਤਿਆਰ ਐ, ਗਰਮਾ-ਗਰਮ ਫੁਲਕੇ ਲਾਹ ਦੇਨੀਂ ਆਂ। ਬਸ ਤੁਸੀਂ ਬੈਠੋ।” ਬਿਨਾਂ ਜਵਾਬ ਉਡੀਕੇ ਉਹ ਰਸੋਈ ਵਿਚ ਚਲੀ ਗਈ।
ਆਲੂ ਪਾਲਕ ਦੀ ਸਬਜ਼ੀ, ਧੋਤੀ ਮੂੰਗੀ ਦੀ ਦਾਲ, ਜੀਰੇ ਤੇ ਪਿਆਜ਼ ਦਾ ਤੁੜਕਾ...ਬਸ ਅੰਮਾ ਜੀ ਦੇ ਹੱਥੋਂ ਖਾਧੀ ਸੀ, ਮੂੰਹ ਵਿਚ ਬੁਰਕੀ ਰੁਕ ਗਈ।
“ਪੈਸੇ ਕਿੱਥੋਂ ਲਿਆਈ?” ਉਹਨਾਂ ਪੁੱਛਿਆ।
“ਬਾਣੀਏਂ ਤੋਂ ਸਾਮਾਨ ਉਧਾਰ ਲੈ ਆਂਦਾ ਸੀ।”
“ਮੈਂ ਤੈਨੂੰ ਵਾਪਸੀ ਦਾ ਕਿਰਾਇਆ ਦੇ ਦਿਆਂਗਾ।”
“ਵਾਪਸੀ?”
“ਹਾਂ ਮੇਰੀ...ਹੈਸੀਅਤ ਨਹੀਂ, ਤਨਖ਼ਾਹ ਦੇਣ ਦੀ।”
“ਤਨਖ਼ਾਹ, ਮੰਗੀ ਕਿਸ ਕੰਬਖ਼ਤ ਨੇ ਐ?”
“ਪਰ...?”
“ਮਿਰਚਾਂ ਜ਼ਿਆਦਾ ਤਾਂ ਨਹੀਂ...” ਲਾਜੋ ਨੇ ਫੁਲਕਾ ਰਕਾਬੀ ਵਿਚ ਰੱਖਦਿਆਂ ਪੁੱਛਿਆ। ਜਿਵੇਂ ਗੱਲ ਖ਼ਤਮ ਕੀਤੀ ਹੋਵੇ। ਜੀਅ 'ਚ ਆਇਆ ਕਹਿ ਦਏ, ਨੇਕ ਬੰਦੀ, ਸਿਰ ਤੋਂ ਪੈਰਾਂ ਤੀਕ ਮਿਰਚਾਂ ਹੀ ਮਿਰਚਾਂ ਨੇ, ਪਰ ਲਾਜੋ ਫਟਾਫਟ ਤਾਜ਼ੇ ਫੁਲਕੇ ਲਿਆਉਣ ਵਿਚ ਲੱਗੀ ਹੋਈ ਸੀ, ਜਿਵੇਂ ਰਸੋਈ ਵਿਚ ਬੈਠਾ ਕੋਈ ਹੋਰ ਪਕਾ-ਪਕਾ ਕੇ ਫੜਾ ਰਿਹਾ ਹੋਵੇ।
'ਖ਼ੈਰ ਸਵੇਰੇ ਦੇਖੀ ਜਾਏਗੀ।' ਮਿਰਜ਼ਾ ਇਹ ਸੋਚ ਕੇ ਆਪਣੇ ਕਮਰੇ ਵਿਚ ਚਲੇ ਗਏ। ਸਾਰੀ ਉਮਰ ਵਿਚ ਪਹਿਲੀ ਵਾਰੀ ਇਕ ਔਰਤ ਨੇ ਘਰੇ ਸੌਣਾ ਸੀ, ਪਤਾ ਨਹੀਂ ਕਿਵੇਂ ਲੱਗ ਰਿਹਾ ਸੀ। ਥੱਕੇ ਹੋਏ ਸਨ, ਸੌਂ ਗਏ।
“ਨਾ ਮੀਆਂ ਮੈਂ ਨਹੀਂ ਜਾਣਾ ਕਿਤੇ ਵੀ।” ਸਵੇਰੇ ਜਦੋਂ ਉਹਨਾਂ ਉਸਦੇ ਜਾਣ ਬਾਰੇ ਗੱਲ ਛੇੜੀ ਤਾਂ ਲਾਜੋ ਨੇ ਅਲਟੀਮੇਟਮ ਦੇ ਦਿੱਤਾ।
“ਪਰ...”
“ਕੀ ਮੇਰੇ ਹੱਥ ਦਾ ਖਾਣਾ ਪਸੰਦ ਨਹੀਂ ਆਇਆ?”
“ਇਹ ਗੱਲ ਨਹੀਂ।”
“ਘਰ ਦੀ ਸਫਾਈ ਚੰਗੀ ਨਹੀਂ ਕੀਤੀ?”
“ਉਹ ਤਾਂ ਸਭ ਠੀਕ ਏ ਪਰ...”
“ਤਾਂ ਫੇਰ ਕਾਹਦੀ ਸਜਾ ਹੋਈ?” ਲਾਜੋ ਗਰਮ ਹੋ ਗਈ।
ਪਹਿਲੀ ਨਜ਼ਰ ਵਿਚ ਹੀ ਲਾਜੋ ਦਿਲ ਦੇ ਬੈਠੀ ਸੀ ਮਿਰਜ਼ੇ ਹੁਰਾਂ ਨੂੰ ਨਹੀਂ, ਘਰ ਨੂੰ। ਬਗ਼ੈਰ ਮਾਲਕਿਨ ਦਾ ਘਰ ਆਪਣਾ ਹੀ ਹੋਇਆ ਨਾ। ਘਰ, ਮਰਦ ਦਾ ਥੋੜ੍ਹਾ ਈ ਹੁੰਦਾ ਏ, ਉਹ ਤਾਂ ਮਹਿਮਾਨ ਹੁੰਦਾ ਏ। ਬਖਸ਼ੀ ਮੋਇਆ ਤਾਂ ਕੀੜਿਆਂ ਭਰਿਆ ਕਬਾਬ ਸੀ। ਅਲਗ ਕੋਠੜੀ ਵਿਚ ਸੁੱਟ ਰੱਖਿਆ ਸੀ ਤੇ ਕੋਠੜੀ ਵੀ ਕੀ ਸੀ, ਨੰਦੀ ਕੁਮਾਰ ਦੀ ਮੱਝ ਵਾਲਾ ਛੱਪਰ। ਮੱਝ ਤਾਂ ਕਦੇ ਦੀ ਰੱਬ ਨੂੰ ਪਿਆਰੀ ਹੋ ਚੁੱਕੀ ਸੀ...ਪਰ ਅਜਿਹੀ ਬੋ ਛੱਡ ਗਈ ਸੀ ਕਿ ਲਾਜੋ ਦੀ ਨਸ-ਨਸ ਵਿਚ ਰਚ ਗਈ ਸੀ ਤੇ ਉਪਰੋਂ ਆਕੜ ਵਿਖਾਉਂਦਾ ਸੀ, ਸੋ ਵੱਖਰੀ। ਇੱਥੇ ਘਰ ਦੀ ਰਾਣੀ ਤਾਂ ਉਹੀ ਸੀ।
ਮਿਰਜਾ ਨਿਰੇ ਭੌਂਦੂ ਸਨ—ਲਾਜੋ ਨੇ ਦੇਖਦਿਆਂ ਈ ਇਹ ਤਾੜ ਲਿਆ ਸੀ। ਵਾਕਈ ਮਹਿਮਾਨਾ ਵਾਂਗ ਆਉਂਦੇ—ਚੁੱਪਚਾਪ। ਜੋ ਅੱਗੇ ਰੱਖ ਦੇਂਦੀ, ਖਾ ਲੈਂਦੇ। ਪੈਸੇ ਦੇ ਜਾਂਦੇ, ਦੋ ਚਾਰ ਵਾਰੀ ਹਿਸਾਬ ਪੁੱਛਿਆ, ਫੇਰ ਤੱਸਲੀ ਹੋ ਗਈ ਕਿ ਲੁੱਟਦੀ ਨਹੀਂ। ਸਵੇਰ ਦੇ ਨਿਕਲੇ ਸ਼ਾਮ ਨੂੰ ਘਰ ਆਉਂਦੇ।
ਲਾਜੋ ਸਾਰਾ ਦਿਨ ਘਰ ਦੀ ਸਾਫ-ਸਫਾਈ ਵਿਚ ਰੁੱਝੀ ਰਹਿੰਦੀ। ਵਿਹੜੇ ਵਿਚ ਨਹਾਉਂਦੀ। ਕਦੀ ਜੀਅ 'ਚ ਆਉਂਦਾ ਤਾਂ ਗੁਆਂਢ ਵਿਚ ਰਾਮੂ ਦੀ ਦਾਦੀ ਕੋਲ ਜਾ ਬੈਠਦੀ। ਰਾਮੂ ਮਿਰਜਾ ਦੇ ਸਟੋਰ ਵਿਚ ਕੰਮ ਕਰਦਾ ਸੀ। ਲਾਜੋ ਉੱਤੇ ਫ਼ੌਰਨ ਡੁੱਲ੍ਹ ਗਿਆ। ਤੇਰਾਂ ਚੌਦਾਂ ਸਾਲ ਦਾ ਹੋਏਗਾ। ਮੂੰਹ ਉੱਤੇ ਮੁਹਾਸੇ ਹੀ ਮੁਹਾਸੇ। ਬੁਰੀ ਸੰਗਤ ਵਿਚ ਮਿੱਟੀ ਹੋ ਰਿਹਾ ਸੀ। ਉਸੇ ਨੇ ਦੱਸਿਆ ਕਿ ਮਿਰਜਾ ਅਕਸਰ ਕੰਜਰੀਆਂ ਕੋਲ ਵੀ ਜਾਂਦੇ ਨੇ।
ਲਾਜੋ ਨੂੰ ਬੜਾ ਬੁਰਾ ਲੱਗਿਆ। ਵਾਧੂ ਦਾ ਖਰਚਾ। ਲੁਟੇਰੀਆਂ ਹੁੰਦੀਆਂ ਨੇ ਇਹ ਕੰਜਰੀਆਂ ਵੀ, ਆਖ਼ਰ ਉਹ ਖ਼ੁਦ ਕਿਸ ਮਰਜ਼ ਦੀ ਦੁਆ ਸੀ? ਅੱਜ ਤਕ ਜਿੱਥੇ ਰਹੀ, ਸਾਰੀਆਂ ਸੇਵਾਵਾਂ ਖਿੜੇ ਮੱਥੇ ਸੰਭਾਲੀਆਂ। ਲਾਜੋ ਨੂੰ ਆਇਆਂ ਹਫ਼ਤਾ ਹੋ ਗਿਆ ਸੀ। ਅਜਿਹੀ ਬੇਕਦਰੀ ਉਸਦੀ ਕਿਤੇ ਵੀ ਨਹੀਂ ਸੀ ਹੋਈ। ਮਰਦ ਤੇ ਔਰਤ ਦੇ ਰਿਸ਼ਤੇ ਨੂੰ ਉਸਨੇ ਹਮੇਸ਼ਾ ਖੁੱਲ੍ਹੇ ਦਿਲ ਨਾਲ ਦੇਖਿਆ ਸੀ। ਪਿਆਰ ਹੀ ਉਸ ਲਈ ਸਭ ਤੋਂ ਹੁਸੀਨ ਤਜ਼ੁਰਬਾ ਸੀ। ਕੱਚੀ ਉਮਰ ਤੋਂ ਹੀ ਉਸਨੂੰ ਇਸ ਪਿਆਰ ਵਿਚ ਦਿਲਚਸਪੀ ਹੋ ਗਈ ਸੀ। ਨਾ ਮਾਂ ਮਿਲੀ ਨਾ ਦਾਦੀ ਨਾਨੀ ਜਿਹੜੀ ਊਚ-ਨੀਚ ਸਮਝਾਉਂਦੀ। ਇਸ ਮਾਮਲੇ ਵਿਚ ਲਾਜੋ ਬਿਲਕੁਲ ਗੁਆੜ ਦੀ ਬਿੱਲੀ ਸੀ, ਜਿਹੜੀ ਹਰੇਕ ਬਿੱਲੇ ਉੱਪਰ ਆਪਣਾ ਹੱਕ ਸਮਝਦੀ ਸੀ।
ਇਧਰੋਂ ਉਧਰੋਂ ਕਈ ਇਸ਼ਾਰੇ ਵੀ ਮਿਲ ਰਹੇ ਸਨ ਪਰ ਉਹ ਮਿਰਜ਼ੇ ਦੀ ਨੌਕਰਾਣੀ ਸੀ, ਉਸਨੇ ਸਾਰਿਆਂ ਨੂੰ ਟਾਲ ਦਿੱਤਾ ਕਿ ਲੋਕ ਹੱਸਣਗੇ ਮਿਰਜ਼ੇ ਉੱਤੇ।
ਮਿਰਜ਼ਾ ਉੱਪਰੋ ਬਰਫ਼ ਦਾ ਤੋਦਾ ਬਣੇ ਬੈਠੇ ਸਨ, ਅੰਦਰ ਵਿਚਾਰਿਆਂ ਦੇ ਜਵਾਲਾ ਮੁਖੀ ਰਿੱਝ ਰਹੇ ਸਨ। ਜਾਣ-ਬੁਝ ਘਰੋਂ ਲਾਂਭੇ-ਪਾਸੇ ਰਹਿੰਦੇ। ਦਿਲ ਦਾ ਹਾਲ ਅਜੀਬ ਸੀ। ਕੁਝ ਮੁਹੱਲੇ ਦੇ ਮਨ ਚਲਿਆਂ ਦਾ ਵੀ ਹਵਾ ਦੇਣ ਵਿਚ ਹੱਥ ਸੀ। ਜਿਧਰ ਦੋਖੋ, ਲਾਜੋ ਦੇ ਚਰਚੇ—ਅੱਜ ਉਸਨੇ ਦੁੱਧ ਵਾਲੇ ਦਾ ਮੂੰਹ ਵਲੂੰਧਰ ਸੁੱਟਿਆ, ਕਲ੍ਹ ਪਨਵਾੜੀ ਦੇ ਥੱਪੜ ਜੜ ਦਿੱਤਾ। ਜਿਧਰ ਜਾਂਦੀ ਲੋਕ ਹਥੇਲੀ ਉੱਤੇ ਦਿਲ ਰੱਖ ਕੇ ਦੌੜ ਪੈਂਦੇ ਸਨ। ਸਕੂਲ ਦੇ ਮਾਸਟਰ ਜੀ ਗਲੀ ਵਿਚ ਮਿਲ ਜਾਂਦੇ ਤਾਂ ਉਸਨੂੰ ਸਿੱਖਿਆ ਦੇਣ ਵਿਚ ਰੁੱਝ ਜਾਂਦੇ। ਮਸਜਿਦ 'ਚੋਂ ਨਿਕਲਦੇ ਹੋਏ ਮੁੱਲਾ ਜੀ ਵੀ ਉਸਦੇ ਕੜਿਆਂ ਦੀ ਆਵਾਜ਼ ਸੁਣ ਕੇ ਆਇਤੇ ਅਲਕਰਸੀ ਪੜ੍ਹਨ ਲੱਗਦੇ। ਮਿਰਜ਼ਾ ਕੁਝ ਹਿਰਖੇ ਜਿਹੇ ਘਰੇ ਆਏ, ਲਾਜੋ ਉਦੋਂ ਹੀ ਨਹਾ ਕੇ ਬਾਹਰ ਨਿਕਲੀ ਸੀ। ਗਿੱਲੇ ਵਾਲ ਮੋਢਿਆਂ ਉੱਤੇ ਝੂਲ ਰਹੇ ਸਨ। ਚੁੱਲ੍ਹਾ ਬਾਲਣ ਦੀ ਖੇਚਲ ਕਰਕੇ ਗੱਲ੍ਹਾਂ ਭਖ਼ ਰਹੀਆਂ ਸਨ, ਅੱਖਾਂ ਛਲਕ ਰਹੀਆਂ ਸਨ, ਮੀਆਂ ਨੂੰ ਬੇ-ਮੌਕੇ ਆਉਂਦਿਆਂ ਦੇਖ ਕੇ ਦੰਦ ਕੱਢ ਵਿਖਾਏ। ਮਿਰਜਾ ਬੌਂਦਲ ਗਏ, ਡਿੱਗਦੇ-ਡਿੱਗਦੇ ਮਸਾਂ ਬਚੇ।
ਚੁੱਪਚਾਪ ਰੋਟੀ ਖਾਧੀ ਫੇਰ ਉੱਠ ਕੇ ਮਸਜਿਦ ਵਿਚ ਜਾ ਬੈਠੇ। ਪਰ ਦਿਲ ਘਰੇ ਪਿਆ ਸੀ। ਪਤਾ ਨਹੀਂ ਬੈਠੇ-ਬੈਠੇ ਘਰ ਕਿਉਂ ਯਕਦਮ ਯਾਦ ਆਉਣ ਲੱਗ ਪਿਆ ਸੀ। ਮੁੜੇ ਤਾਂ ਲਾਜੋ ਬੂਹੇ ਵਿਚ ਖੜ੍ਹੀ ਕਿਸੇ ਨਾਲ ਝਗੜ ਰਹੀ ਸੀ, ਮਿਰਜਾ ਨੂੰ ਦੇਖ ਕੇ ਅੰਦਰ ਚਲੀ ਗਈ।
“ਕੌਣ ਸੀ?” ਉਹਨਾਂ ਸ਼ੱਕੀ ਪਤੀ ਵਾਂਗ ਪੁੱਛਿਆ।
“ਰਘੂਆ।”
“ਰਘੂਆ?” ਮਿਰਜ਼ਾ ਕਈ ਸਾਲਾਂ ਤੋਂ ਦੁੱਧ ਲੈ ਰਹੇ ਸਨ ਪਰ ਦੋਧੀ ਦਾ ਨਾਂਅ ਵੀ ਨਹੀਂ ਸੀ ਪਤਾ।
“ਦੁੱਧ ਵਾਲਾ। ਹੁੱਕਾ ਤਾਜ਼ਾ ਕਰਾਂ ਮੀਆਂ।” ਲਾਜੋ ਟਲਣ ਲੱਗੀ।
“ਨਹੀਂ...ਕੀ ਕਹਿ ਰਿਹਾ ਸੀ?”
“ਪੁੱਛਦਾ ਸੀ ਕਿੰਨਾਂ ਪਾਵਾਂ?”
“ਫੇਰ ਤੂੰ ਕੀ ਕਿਹਾ?”
“ਮੈਂ ਕਿਹਾ, ਮੋਇਆ ਤੇਰੀ ਅਰਥੀ ਉੱਠੇ...ਜਿੰਨਾਂ ਦੁੱਧ ਰੋਜ ਪਾਉਂਦਾ ਐਂ ਪਾ ਦੇ।”
“ਫੇਰ?” ਮਿਰਜ਼ਾ ਦਾ ਅੰਦਰ ਬਾਹਰ ਭਖ਼ਣ ਲੱਗਾ।
“ਫੇਰ ਮੈਂ ਕਿਹਾ ਹਰਾਮੀਆਂ ਆਪਣੀ ਮਾਂ-ਭੈਣ ਦੇ ਪਾ...”
“ਉੱਲੂ ਦਾ ਪੱਠਾ। ਬੜਾ ਹਰਾਮੀ ਏਂ ਰਘੂਆ। ਬੰਦ ਕਰ ਦਿਓ ਦੁੱਧ। ਮੈਂ ਸਟੋਰ ਤੋਂ ਆਉਂਦਾ ਹੋਇਆ ਲੈ ਆਇਆ ਕਰਾਂਗਾ।”
ਰਾਤ ਦਾ ਖਾਣਾ ਖਾਣ ਪਿੱਛੋਂ ਮਿਰਜ਼ੇ ਹੁਰਾਂ ਬੜੀ ਸ਼ਾਨ ਨਾਲ ਕਾਲੇ ਰੰਗ ਦਾ ਕੁੜਤਾ ਪਾਇਆ, ਇਤਰ ਦਾ ਫੰਬਾ ਕੰਨ ਵਿਚ ਟੁੰਗਿਆ ਤੇ ਖੁੰਡੀ ਚੁੱਕ ਕੇ ਖੰਘੂਰੇ ਮਾਰਦੇ ਹੋਏ ਬਾਹਰ ਵੱਲ ਤੁਰ ਪਏ। ਲਾਜੋ ਮੱਚ ਸੜ ਕੇ ਕੋਲੇ ਹੋ ਗਈ, ਕਿਸੇ ਪਤੀ ਵਰਤਾ ਵਾਂਗ ਹੀ ਗੁੰਮਸੁੰਮ ਬੈਠੀ ਦੇਖਦੀ ਰਹੀ ਤੇ ਮਨ ਹੀ ਮਨ ਉਸ ਕੰਬਖ਼ਤ ਨੂੰ ਬੁਰਾ ਭਲਾ ਕਹਿੰਦੀ ਰਹੀ। ਉਹ ਮਿਰਜਾ ਨੂੰ ਪਸੰਦ ਨਹੀਂ, ਅਜਿਹਾ ਤਾਂ ਕੁਝ ਵੀ ਨਹੀਂ ਲੱਗਦਾ।
ਕੰਜਰੀ ਆਪਣੇ ਦੂਜੇ ਗਾਹਕ ਨੂੰ ਨਿਪਟਾ ਰਹੀ ਸੀ। ਮਿਰਜਾ ਹਿਰਖ ਕੇ ਲਾਲੇ ਦੀ ਦੁਕਾਨ 'ਤੇ ਜਾ ਬੈਠੇ। ਮਹਿੰਗਾਈ ਤੇ ਸਿਆਸੀ ਉਲਟ ਫੇਰ ਉੱਤੇ ਸਿਰ ਖਪਾ ਕੇ ਹਿਰਖੇ ਹੋਏ ਵਾਪਸ ਪਰਤੇ ਤਾਂ ਗਿਆਰਾਂ ਵੱਜ ਚੁੱਕੇ ਸਨ। ਪਾਣੀ ਵਾਲੀ ਸੁਰਾਹੀ ਸਿਰਹਾਣੇ ਵੱਲ ਰੱਖੀ ਹੋਈ ਸੀ ਪਰ ਧਿਆਨ ਨਾ ਗਿਆ। ਰਸੋਈ ਘਰ ਵਿਚ ਇਕ ਪਾਸੇ ਤੌੜਾ ਪਿਆ ਹੋਇਆ ਸੀ। ਗਟਾਗਟ ਠੰਡਾ ਪਾਣੀ ਪੀਤਾ ਪਰ ਅੰਦਰਲੀ ਅੱਗ ਹੋਰ ਭੜਕ ਪਈ।
ਲਾਜੋ ਦੀਆਂ ਕੂਲੀਆਂ ਸੁਨਹਿਰੀ ਲੱਤਾਂ ਦਰਵਾਜ਼ੇ ਦੀ ਓਟ ਵਿਚੋਂ ਝਾਕ ਰਹੀਆਂ ਸਨ। ਬੇਢੰਗੀ ਕਰਵਟ ਲੈਣ ਕਾਰਨ ਉਸਦੇ ਕੜੇ ਖਣਕੇ ਤੇ ਟੰਗਾ ਹੋਰ ਪਸਰ ਗਈਆਂ। ਮਿਰਜਾ ਨੇ ਇਕ ਗਲਾਸ ਪਾਣੀ ਹੋਰ ਅੰਦਰ ਸੁੱਟਿਆ ਤੇ ਲਾਹੌਲ ਪੜ੍ਹਦੇ ਹੋਏ ਪਲੰਘ ਉੱਤੇ ਢੈ ਪਏ।
ਪਾਸੇ ਪਰਤ-ਪਰਤ ਕੇ ਪਿੰਡਾ ਛਿੱਲਿਆ ਗਿਆ। ਪਾਣੀ ਪੀ-ਪੀ ਢਿੱਡ ਢੋਲ ਬਣ ਗਿਆ। ਦਰਵਾਜ਼ੇ ਪਿੱਛੋਂ ਟੰਗਾਂ ਕੁਝ ਹੋਰ ਵੀ ਅੜੰਗੇ ਮਾਰਦੀਆਂ ਲੱਗੀਆਂ। ਅਣਜਾਣ ਭੈ ਛਾਤੀ ਉੱਤੇ ਆ ਸਵਾਰ ਹੋਇਆ। ਬੜਾ ਰੌਲਾ ਪਾਏਗੀ ਨਾ-ਮੁਰਾਦ। ਪਰ ਸ਼ੈਤਾਨ ਨੇ ਪਿੱਠ ਥਾਪੜਨੀ ਸ਼ੁਰੂ ਕਰ ਦਿੱਤੀ। ਆਪਣੇ ਪਲੰਘ ਤੋਂ ਉਸ ਮੰਜੇ ਤਕ ਪਤਾ ਨਹੀਂ ਕਿੰਨੇ ਮੀਲ ਦਾ ਚੱਕਰ ਕੱਟ ਚੁੱਕੇ ਸਨ, ਹੁਣ ਹਿੰਮਤ ਨਹੀਂ ਸੀ ਰਹੀ।
ਫੇਰ ਇਕ ਬੜਾ ਹੀ ਭੋਲਾ-ਭਾਲਾ ਜਿਹਾ ਖ਼ਿਆਲ ਉਹਨਾਂ ਦੇ ਮਨ ਵਿਚ ਸਿਰ ਚੁੱਕਣ ਲੱਗਾ ਜੇ ਲਾਜੋ ਦੀਆਂ ਲੱਤਾਂ ਏਨੀਆਂ ਨੰਗੀਆਂ ਨਾ ਹੁੰਦੀਆਂ ਤਾਂ ਉਹਨਾਂ ਨੂੰ ਏਨੀ ਪਿਆਸ ਨਾ ਲੱਗਦੀ। ਇਸ ਖ਼ਿਆਲ ਨੇ ਜਿਵੇਂ ਹੀ ਫਨ ਚੁੱਕਿਆ ਉਹਨਾਂ ਦੀ ਹਿੰਮਤ ਵਧ ਗਈ। ਨਾਮੁਰਾਦ ਜਾਗ ਪਈ ਤਾਂ ਪਤਾ ਨਹੀਂ ਕੀ ਸਮਝੇਗੀ। ਪਰ ਆਪਣੇ ਬਚਾਅ ਖਾਤਰ, ਖਤਰਾ ਮੁੱਲ ਲੈਣਾ ਹੀ ਪੈਂਦਾ ਹੈ।
ਬੂਟ ਪਲੰਘ ਕੋਲ ਛੱਡੇ ਤੇ ਦਬਵੇਂ ਪੈਰੀਂ, ਸਾਹ ਰੋਕ ਕੇ ਉਹ ਅੱਗੇ ਵਧੇ। ਜਿਵੇਂ ਤਿਵੇਂ ਲਹਿੰਗੇ ਦਾ ਗੋਟਾ ਫੜ੍ਹ ਕੇ ਹੇਠਾਂ ਖਿੱਚ ਦਿੱਤਾ। ਦੂਜੇ ਪਲ ਉਹਨਾਂ ਨੂੰ ਪਛਤਾਵਾ ਵੀ ਹੋਣ ਲੱਗਿਆ ਕਿ ਸ਼ਾਇਦ ਗਰੀਬ ਨੂੰ ਗਰਮੀ ਲੱਗ ਰਹੀ ਹੋਵੇ। ਕੁਝ ਚਿਰ ਦੋਚਿੱਤੀ ਜਿਹੀ ਵਿਚ ਖੜ੍ਹੇ ਕੰਬਦੇ ਰਹੇ। ਫੇਰ ਦਿਲ ਉੱਤੇ ਪੱਥਰ ਰੱਖ ਕੇ ਵਾਪਸ ਮੁੜੇ।
ਅਜੇ ਉਹਨਾਂ ਦੇ ਥਿੜਕਦੇ ਕਦਮ ਦਹਿਲੀਜ਼ ਤਕ ਨਹੀਂ ਸੀ ਪਹੁੰਚੇ ਕਿ ਕਿਆਮਤ ਆ ਗਈ ਜਾਪੀ। ਇਕਦਮ ਪਾਸਾ ਪਰਤ ਕੇ ਇਕੋ ਛਾਲ ਵਿਚ ਲਾਜੋ ਨੇ ਉਹਨਾਂ ਨੂੰ ਜਾ ਦਬੋਚਿਆ ਸੀ। ਮਿਰਜ਼ਾ ਦੀ ਘਿੱਗੀ ਵੱਝ ਗਈ ਸੀ। ਮਿਰਜ਼ਾ ਨਾਲ ਸਾਰੀ ਜ਼ਿੰਦਗੀ ਵਿਚ ਅਜਿਹੀ ਕਦੀ ਨਹੀਂ ਹੋਈ ਸੀ। ਉਹ ਹੈਂ-ਹੈਂ ਕਰਦੇ ਰਹਿ ਗਏ ਤੇ ਲਾਜੋ ਨੇ ਉਹਨਾਂ ਦੀ ਲਾਜ ਲੁੱਟ ਲਈ।
ਸਵੇਰੇ ਮਿਰਜਾ ਲਾਜੋ ਤੋਂ ਇੰਜ ਸ਼ਰਮਾ ਰਹੇ ਸਨ, ਜਿਵੇਂ ਨਵੀਂ ਵਿਆਹੀ ਦੁਲਹਨ। ਲਾਜੋ ਸੀਨਾ ਜ਼ੋਰ ਜੇਤੂ ਵਾਂਗ ਗੁਣਗੁਣਾ ਰਹੀ ਸੀ ਤੇ ਪਰੌਂਠਿਆਂ ਉੱਪਰ ਘਿਓ ਲਿੱਪ ਰਹੀ ਸੀ। ਉਸਦੀਆਂ ਅੱਖਾਂ ਵਿਚ ਰਾਤ ਦੀ ਗੱਲ ਦਾ ਕੋਈ ਅਕਸ ਨਹੀਂ ਸੀ। ਓਵੇਂ ਹੀ ਹਰ ਰੋਜ਼ ਵਾਂਗ ਦਹਿਲੀਜ਼ ਉਤੇ ਬੈਠੀ ਮੱਖੀਆਂ ਉਡਾਉਂਦੀ ਰਹੀ। ਮਿਰਜਾ ਡਰ ਰਹੇ ਸਨ ਹੁਣ ਉਂਗਲ ਫੜ੍ਹਦਿਆਂ ਹੀ ਪੰਜਾ ਫੜ੍ਹੇਗੀ।
ਦੁਪਹਿਰੇ ਜਦੋਂ ਉਹ ਉਹਨਾਂ ਲਈ ਖਾਣਾ ਲੈ ਕੇ ਦੁਕਾਨ ਉੱਤੇ ਆਈ ਤਾਂ ਉਸਦੀ ਚਾਲ ਵਿਚ ਅਜੀਬ ਜਿਹਾ ਠੁੰਮਕਾ ਸੀ। ਲਾਜੋ ਨੂੰ ਦੇਖ ਕੇ ਲੋਕ ਐਵੇਂ ਹੀ ਚੀਜਾਂ ਦਾ ਭਾਅ ਪੁੱਛਣ ਆ ਜਾਂਦੇ ਸਨ। ਸ਼ਰਮੋ-ਸ਼ਰਮੀਂ ਫਸਿਆਂ ਨੂੰ ਕੁਝ ਖਰੀਦਨਾ ਵੀ ਪੈਂਦਾ। ਬਗ਼ੈਰ ਕਹੇ ਲਾਜੋ ਫ਼ੌਰਨ ਸਾਮਾਨ ਨਾਪ ਤੋਲ ਕੇ ਦੇਣ ਲੱਗਦੀ। ਹਰ ਚੀਜ਼ ਨਾਲ ਢੇਰ ਸਾਰੀਆਂ ਮੁਸਕਰਾਹਟਾਂ ਤੇ ਨਖ਼ਰੇ ਵੀ ਬੰਨ੍ਹ ਦੇਂਦੀ। ਏਨੀ ਕੁ ਦੇਰ ਵਿਚ ਉਹ ਏਨੀ ਵਿੱਕਰੀ ਕਰ ਜਾਂਦੀ ਕਿ ਮਿਰਜ਼ਾ ਤੋਂ ਸਵੇਰ ਤੋਂ ਸ਼ਾਮ ਤੀਕ ਨਾ ਹੁੰਦੀ। ਅੱਜ ਉਹਨਾਂ ਨੂੰ ਇਹ ਗੱਲ ਬੜੀ ਭੈੜੀ ਲੱਗ ਰਹੀ ਸੀ।
ਪਰ ਹੁਣ ਤਾਂ ਜੋ ਨੂਰ ਮਿਰਜਾ ਉੱਤੇ ਸੀ ਕਿਸੇ ਰਾਜੇ 'ਤੇ ਨਹੀਂ ਸੀ। ਸਿਹਤ ਬਣ ਗਈ ਸੀ, ਰੰਗ ਨਿੱਖਰ ਆਇਆ ਸੀ। ਲੋਕ ਕਾਰਨ ਜਾਣਦੇ ਸਨ ਤੇ ਮੱਚਦੇ ਸੜਦੇ ਰਹਿੰਦੇ ਸਨ। ਮਿਰਜਾ ਦੀ ਬੋਖਲਾਹਟ ਵੀ ਦਿਨ-ਬਦਿਨ ਵਧਦੀ ਜਾ ਰਹੀ ਸੀ। ਜਿੰਨੀ ਉਹ, ਉਹਨਾਂ ਦੀ ਸੇਵਾ-ਟਹਿਲ ਕਰਦੀ ਰਹੀ ਓਨੇ ਹੀ ਇਹ ਉਸਦੇ ਦੀਵਾਨੇ ਹੁੰਦੇ ਗਏ। ਉਹਨਾਂ ਦੇ ਦਿਲ ਵਿਚ ਦੁਨੀਆਂ ਦਾ ਡਰ ਵਧਦਾ ਗਿਆ। ਉਹਨਾਂ ਨੂੰ ਲਾਜੋ ਦੀ ਖੁੱਲ੍ਹਦਿਲੀ ਦਾ ਮਦਹੋਸ਼ ਕਰ ਦੇਣ ਵਾਲਾ ਤਜ਼ੁਰਬਾ ਸੀ—ਪਰਲੇ ਸਿਰੇ ਦੀ ਬੇਹਯਾ ਸੀ। ਖਾਣਾ ਲਿਆਉਂਦੀ ਤਾਂ ਬਾਜ਼ਾਰ ਵਿਚ ਭੂਚਾਲ ਆ ਜਾਂਦਾ। ਕਿਸੇ ਨੂੰ ਚੂੰਢੀ ਵੱਢਦੀ, ਕਿਸਨੇ ਨੂੰ ਠੋਸਾ ਦਿਖਾਉਂਦੀ, ਥਿਰਕਦੀ, ਲੱਕ ਮਟਕਾਉਂਦੀ, ਗਾਲ੍ਹਾਂ ਕੱਢਦੀ ਹੋਈ ਆਉਂਦੀ ਤਾਂ ਮਿਰਜਾ ਦਾ ਖ਼ੂਨ ਉਬਾਲੇ ਖਾਣ ਲੱਗ ਪੈਂਦਾ।
“ਤੂੰ ਖਾਣਾ ਲੈ ਕੇ ਨਾ ਆਇਆ ਕਰ।”
“ਕਿਉਂ ਜੀ...?” ਲਾਜੋ ਦਾ ਮੂੰਹ ਲੱਥ ਗਿਆ। ਸਾਰਾ ਦਿਨ ਇਕੱਲੀ ਬੈਠੀ ਕਮਲੀ ਹੋ ਜਾਂਦੀ ਸੀ। ਬਾਜ਼ਾਰ ਵਿਚ ਜ਼ਰਾ ਰੰਗ ਵੱਝਦਾ ਸੀ...ਹਾਸਾ-ਠੱਠਾ, ਮਨ-ਪ੍ਰਚਾਵਾ ਹੋ ਜਾਂਦਾ ਸੀ।
ਜਦੋਂ ਉਸ ਖਾਣਾ ਲੈ ਕੇ ਆਉਣਾ ਛੱਡ ਦਿੱਤਾ ਤਾਂ ਮਿਰਜ਼ਾ ਦੇ ਦਿਲ ਵਿਚ ਕਈ ਤਰ੍ਹਾਂ ਦੇ ਸ਼ੰਕੇ ਉੱਠਣ ਲੱਗੇ। ਪਤਾ ਨਹੀਂ ਕੀ ਗੁਲ ਖਿਲਾ ਰਹੀ ਹੋਵੇਗੀ...ਮੁਰਦਾਰ। ਉਹ ਮੌਕੇ-ਬੇਮੌਕੇ ਜਾਸੂਸੀ ਕਰਨ ਆ ਵੜਦੇ। ਉਹ ਫ਼ੌਰਨ ਉਹਨਾਂ ਦੀ ਥਕਾਣ ਉਤਾਰਨ ਲਈ ਤਤਪਰ ਹੋ ਜਾਂਦੀ। ਅਜਿਹੀ ਧਾਕੜ ਤੀਵੀਂ ਤੋਂ ਭੈ ਨਹੀਂ ਆਏਗਾ? ਇਕ ਦਿਨ ਜਦੋਂ ਇੰਜ ਯਕਦਮ ਘਰ ਪਹੁੰਚੇ ਤਾਂ ਦੇਖਿਆ ਲਾਜੋ ਰੱਦੀ ਵਾਲੇ ਨੂੰ ਸਿਲਵਤਾਂ ਸੁਣਾ ਰਹੀ ਹੈ ਤੇ ਰੱਦੀ ਵਾਲਾ ਦੰਦੀਆਂ ਕੱਢਦਾ ਸ਼ਰਬਤ ਵਰਗੀਆਂ ਘੁੱਟਾਂ ਭਰ ਰਿਹਾ ਹੈ। ਮਿਰਜ਼ਾ ਨੂੰ ਦੇਖਿਆ ਤਾਂ ਖਿਸਕਣ ਲੱਗਿਆ, ਮਿਰਜ਼ਾ ਨੇ ਅਹੁਲ ਕੇ ਧੋਣੋ ਜਾ ਫੜਿਆ ਤੇ ਖਿੱਚ ਕੇ ਦੋ-ਚਾਰ ਚਪੇੜਾਂ ਲਾ ਦਿੱਤੀਆਂ ਤੇ ਉਤੋਂ ਮਾਰੀ ਇਕ ਲੱਤ।
“ਕੀ ਕਿੱਸਾ ਸੁਣਾ ਰਹੀ ਸੀ?” ਮਿਰਜ਼ਾ ਦੀਆਂ ਨਾਸਾਂ ਫੁਲਣ ਲੱਗੀਆਂ।
“ਮੌਤੜੀ ਮਾਰਿਆ ਦਸ ਆਨੇ ਸੇਰ ਦੇ, ਦੇ ਰਿਹਾ ਸੀ। ਮੈਂ ਕਿਹਾ ਆਪਣੀ ਮਾਂ ਨੂੰ ਦੇ ਜਾ ਕੇ ਹਰਾਮਜਾਦਿਆ।” ਰੱਦੀ ਦਾ ਭਾਅ ਅੱਠ ਆਨੇ ਸੇਰ ਸੀ।
“ਤੈਨੂੰ ਕਿਸ ਨੇ ਕਿਹਾ ਸੀ, ਰੱਦੀ ਵੇਚਣ ਲਈ?” ਮਿਰਜਾ ਬੜਬੜਾਏ ਤੇ ਪੈਰ ਉੱਪਰ ਕਰਕੇ ਫੀਤੇ ਖੋਹਲਣ ਲੱਗ ਪਏ।
ਪਰ ਉਸ ਦਿਨ ਤਾਂ ਉਹਨਾਂ ਦੇ ਸਬਰ ਦੀ ਹੱਦ ਹੀ ਨਹੀਂ ਸੀ ਰਹੀ ਜਦੋਂ ਉਹਨਾਂ ਲਾਜੋ ਨੂੰ ਗਲੀ ਦੇ ਮੁੰਡਿਆਂ ਨਾਲ ਕੱਬਡੀ ਖੇਡਦਿਆਂ ਦੇਖਿਆ ਸੀ। ਉਸਦਾ ਲਹਿੰਗਾ ਹਵਾ ਵਿਚ ਕਲਾਬਾਜੀਆਂ ਲਾ ਰਿਹਾ ਸੀ। ਬੱਚੇ ਤਾਂ ਕਬਡੀ ਖੇਡ ਰਹੇ ਸਨ ਬੱਚਿਆਂ ਦੇ ਪਿਓ ਲਹਿੰਗੇ ਦੀਆਂ ਉਡਾਰੀਆਂ ਦਾ ਮਜ਼ਾ ਲੈ ਰਹੇ ਸਨ। ਉਹ ਸਾਰੇ ਹੀ ਵਾਰੀ ਵਾਰੀ ਉਸਨੂੰ ਚੁਬਾਰਾ ਦਿਵਾਉਣ ਦੀ ਪੇਸ਼ਕਸ਼ ਕਰ ਚੁੱਕੇ ਸਨ। ਜਿਸਨੂੰ ਲਾਜੋ ਠੁਕਰਾ ਚੁੱਕੀ ਸੀ। ਮਿਰਜ਼ਾ ਬੜੀ ਨਮੋਸ਼ੀ ਨਾਲ ਸਿਰ ਝੁਕਾਈ ਲੰਘ ਰਹੇ ਸਨ। ਲੋਕ ਉਹਨਾਂ ਉੱਤੇ ਹੱਸ ਰਹੇ ਸਨ...ਮੀਆਂ ਜੀ ਦਾ ਗੁੱਸਾ ਤਾਂ ਦੇਖੋ ਜਿਵੇਂ ਉਹ ਉਹਨਾਂ ਦੀ ਵਿਆਹੁਤਾ ਹੋਵੇ।
ਲਾਜੋ ਉਹਨਾਂ ਦੀ ਜਾਨ ਨੂੰ ਰੋਗ ਵਾਂਗ ਚਿੰਬੜ ਗਈ ਸੀ। ਉਸਦੀ ਜੁਦਾਈ ਦੇ ਖ਼ਿਆਲ ਨਾਲ ਹੀ ਤਰੇਲੀਆਂ ਆਉਣ ਲੱਗ ਪੈਂਦੀਆਂ ਸਨ। ਸਟੋਰ 'ਤੇ ਉਹਨਾਂ ਦਾ ਬਿਲਕੁਲ ਜੀਅ ਨਾ ਲੱਗਦਾ। ਹਰ ਵੇਲੇ ਲਾਜੋ ਦਾ ਖ਼ਿਆਲ ਸਤਾਉਂਦਾ ਰਹਿੰਦਾ, ਪਤਾ ਨਹੀਂ ਕਦ ਕਿਸੇ ਮੋਟੀ ਪੇਸ਼ਕਸ਼ ਉੱਪਰ ਨਾਮੁਰਾਦ ਦੀ ਲਾਲ ਡਿੱਗ ਪਏ।
“ਮੀਆਂ ਨਿਕਾਹ ਕਿਉਂ ਨਹੀਂ ਪੜ੍ਹਵਾ ਲੈਂਦੇ।” ਉਹਨਾਂ ਮੀਰਨ ਮੀਆਂ ਅੱਗੇ ਦੁਖੜਾ ਰੋਇਆ ਤਾਂ ਉਹਨਾਂ ਸਲਾਹ ਦਿੱਤੀ।
“ਲਾਹੌਲ ਵਲਾ ਕੁਵੱਤ!” ਨਿਕਾਹ ਵਰਗੀ ਪਵਿੱਤਰ ਚੀਜ਼ ਨੂੰ ਉਸ ਮੁਸ਼ਟੰਡੀ ਨਾਲ ਕਿੰਜ ਜੋੜਿਆ ਜਾ ਸਕਦਾ ਹੈ? ਸਾਰੇ ਜਹਾਨ ਵਿਚ ਲਾਹਨਤਾਂ ਉਛਾਲ ਕੇ ਹੁਣ ਉਹ ਉਹਨਾਂ ਦੀ ਦੁਲਹਨ ਕਿੰਜ ਬਣ ਸਕਦੀ ਹੈ? ਪਰ ਸ਼ਾਮ ਨੂੰ ਜਦੋਂ ਉਹ ਵਾਪਸ ਆਏ ਤੇ ਲਾਜੋ ਨਾ ਦਿਸੀ ਤਾਂ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਲਾਲਾ ਕੰਬਖ਼ਤ ਬੜੇ ਦਿਨਾਂ ਦਾ ਸੁੰਘ ਰਿਹਾ ਸੀ...ਕੋਈ ਢਕੀ-ਛਿਪੀ ਗੱਲ ਨਹੀਂ। ਉਸਨੇ ਸ਼ਰੇਆਮ ਸਭ ਦੇ ਸਾਹਮਣੇ ਕਿਹਾ ਸੀ ਕਿ 'ਕਮਰਾ ਨਹੀਂ, ਉਹ ਕਹੇ ਤਾਂ ਬੰਗਲਾ ਲੈ ਦਿਆਂਗਾ।' ਮੀਰਨ ਮੀਆਂ ਵੱਢੇ ਦੋਸਤ ਬਣੇ ਫਿਰਦੇ ਸਨ, ਪਰ ਅੰਦਰ ਖਾਤੇ ਉਹਨਾਂ ਨੇ ਵੀ ਆਪਣੀ ਹੈਸੀਅਤ ਮੁਤਾਬਿਕ ਨਜ਼ਰਾਨਾ ਪੇਸ਼ ਕੀਤਾ ਸੀ।
ਮਿਰਜ਼ਾ ਬੌਂਦਲੇ ਹੋਏ ਬੈਠੇ ਸਨ ਕਿ ਲਾਜੋ ਵਾਪਸ ਆ ਗਈ। ਉਹ ਰਾਮੂ ਦੀ ਦਾਦੀ ਦੀ ਪਿੱਠ ਮਲਣ ਗਈ ਸੀ। ਉਸ ਦਿਨ ਮਿਰਜ਼ਾ ਨੇ ਫ਼ੈਸਲਾ ਕਰ ਲਿਆ ਕਿ ਖ਼ਾਨਦਾਨ ਦੀ ਨੱਕ ਕੱਟੀ ਜਾਵੇ ਭਾਵੇਂ ਸਲਾਮਤ ਰਹੇ ਲਾਜੋ ਨੂੰ ਨਿਕਾਹ ਵਿਚ ਬੰਨਣਾ ਪਵੇਗਾ।
“ਕਿਉਂ ਮੀਆਂ ਕਿਉਂ?”' ਜਦੋਂ ਮਿਰਜ਼ਾ ਨੇ ਆਪਣੀ ਗੱਲ ਰੱਖੀ ਤਾਂ ਲਾਜੋ ਬੋਲੀ।
“ਕਿਉਂ? ਕੀ ਕਿਤੇ ਹੋਰ ਦੀਦੇ ਲੜਾਉਣ ਦਾ ਇਰਾਦਾ ਏ?” ਮਿਰਜ਼ਾ ਹਿਰਖ ਗਏ।
“ਥੂਹ...ਮੈਂ ਕਿਉਂ ਲੜਾਵਾਂ ਦੀਦੇ...”
“ਉਹ ਰਾਓ ਜੀ ਬੰਗਲਾ ਦਿਵਾਉਣ ਲਈ ਕਹਿੰਦਾ ਹੈ।”
“ਮੈਂ ਥੁੱਕਦੀ ਵੀ ਨਹੀਂ ਉਸਦੇ ਬੰਗਲੇ 'ਤੇ। ਜੁੱਤੀ ਮਾਰ ਦਿੱਤੀ ਸੀ ਮੈਂ ਉਸਦੇ ਬੂਥੜ ਉੱਤੇ।”
“ਤਾਂ ਫੇਰ?”
ਪਰ ਲਾਜੋ ਦੀ ਸਮਝ ਵਿਚ ਨਹੀਂ ਸੀ ਆਇਆ ਕਿ ਵਿਆਹ ਕਰਨ ਦੀ ਲੋੜ ਕੀ ਹੈ? ਉਹ ਤਾਂ ਜਨਮਾਂ-ਜਨਮਾਂ ਤੋਂ ਉਹਨਾਂ ਦੀ ਹੈ, ਤੇ ਉਹਨਾਂ ਦੀ ਹੀ ਰਹੇਗੀ। ਫੇਰ ਅਜਿਹੀ ਕਿਹੜੀ ਭੁੱਲ ਹੋ ਗਈ ਕਿ ਮਿਰਜ਼ਾ ਨੂੰ ਨਿਕਾਹ ਦੀ ਲੋੜ ਮਹਿਸੂਸ ਹੋਈ? ਪਰ ਅਜਿਹਾ ਮਾਲਕ ਤਾਂ ਪਤਾ ਨਹੀਂ ਕਿੰਨੇ ਜਨਮ ਭੋਗਣ ਪਿੱਛੋਂ ਮਿਲਦਾ ਹੈ। ਲਾਜੋ ਨੇ ਬੜੀਆਂ ਠੋਕਰਾਂ ਖਾਧੀਆਂ ਸਨ। ਮਿਰਜ਼ਾ ਉਸਨੂੰ ਫਰਿਸ਼ਤੇ ਲੱਗਦੇ ਸਨ। ਉਸਦੇ ਸਾਰੇ ਮਾਲਕ ਉਸਦੇ ਆਸ਼ਕ ਬਣ ਜਾਂਦੇ ਸਨ। ਫੇਰ ਉਸਨੂੰ ਚੱਟਚੁੱਟ ਕੇ, ਕੁੱਟਮਾਰ ਕਰਕੇ ਦੌੜਾ ਦੇਂਦੇ ਸਨ।
ਮਿਰਜ਼ਾ ਨੇ ਕਦੀ ਉਸਨੂੰ ਫੁੱਲਾਂ ਦੀ ਛੜੀ ਨਾਲ ਵੀ ਨਹੀਂ ਸੀ ਮਾਰਿਆ ਤੇ ਪਿਆਰ ਵੀ ਦਿਲ ਖੋਲ੍ਹ ਕੇ ਕੀਤਾ ਸੀ। ਦੋ ਜੋੜੇ ਬਣਵਾਏ ਗਏ ਤੇ ਸੋਨੇ ਦੀਆਂ ਮੁੰਦਰੀਆਂ ਦਿਵਾਈਆਂ...ਖਰੇ ਸੋਨੇ ਦਾ ਜ਼ੇਵਰ ਤਾਂ ਉਸਦੀਆਂ ਸੱਤ ਪੀੜ੍ਹੀਆਂ 'ਚ ਵੀ ਕਿਸੇ ਨਹੀਂ ਪਾਇਆ ਹੋਣਾ।
ਉਹਨਾਂ ਨੇ ਰਾਮੂ ਦੀ ਦਾਦੀ ਨੂੰ ਕਿਹਾ, ਉਹ ਵੀ ਹੈਰਾਨ ਰਹਿ ਗਈ।
“ਓਇ ਮੀਆਂ ਕਿਉਂ ਗਲੇ 'ਚ ਘੰਟੀ ਬਣਨ ਲੱਗੇ ਓ? ਜੇ ਸਹੂਰੀ ਨਖ਼ਰੇ ਕਰਦੀ ਐ ਤਾਂ ਚਾੜ੍ਹ ਦਿਓ ਕੁਟਾਪਾ ਚੁੜੈਲ ਨੂੰ, ਸਿੱਧੀ ਹੋ ਜਾਏਗੀ। ਜਿੱਥੇ ਜੁੱਤੀ ਫੇਰਿਆਂ ਕੰਮ ਹੋ-ਜੇ—ਉੱਥੇ ਨਿਕਾਹ ਕਰਨ ਦੀ ਕੀ ਲੋੜ ਪਈ ਏ।”
ਪਰ ਮਿਰਜ਼ਾ ਨੂੰ ਤਾਂ ਇਕੋ ਰਟ ਲੱਗੀ ਹੋਈ ਸੀ, 'ਜੇ ਮੇਰੀ ਹੈ ਤਾਂ ਮੇਰੇ ਨਾਲ ਨਿਕਾਹ ਕਰ ਲਏ।'
“ਕਿਉਂ ਨੀਂ, ਤੈਨੂੰ ਜਾਂ ਤੇਰੇ ਧਰਮ ਨੂੰ ਕੋਈ ਛਲ ਪੈਂਦੈ?”
“ਨਾ ਮਾਈ, ਐਸੀ ਕੋਈ ਗੱਲ ਨਹੀਂ। ਮੈਂ ਤਾਂ ਉਹਨਾਂ ਨੂੰ ਆਪਣਾ ਮੰਨਦੀ ਆਂ।” ਲਾਜੋ ਬੜੀ ਮਿੱਠੇ ਸੁਭਾਅ ਦੀ ਸੀ। ਉਹ ਤਾਂ ਦੋ ਘੜੀਆਂ ਦੇ ਗਾਹਕ ਨੂੰ ਵੀ ਪਲ ਭਰ ਲਈ ਆਪਣਾ ਪਤੀ ਮੰਨ ਕੇ ਉਸਦੀ ਪੂਰੀ ਸੇਵਾ-ਟਹਿਲ ਕਰਦੀ ਸੀ...ਉਸਨੇ ਕਦੀ ਆਪਣੇ ਕਿਸੇ ਆਸ਼ਕ ਨਾਲ ਕੰਜੂਸੀ ਨਹੀਂ ਸੀ ਵਰਤੀ। ਧਨ ਨਸੀਬ ਨਹੀਂ ਹੋਇਆ, ਤਨ ਤੇ ਮਨ ਉਸਨੇ ਕਦੀ ਸਾਂਭ ਕੇ ਨਹੀਂ ਰੱਖਿਆ—ਜਿਸਨੂੰ ਵੀ ਦਿੱਤਾ ਜੀਅ ਖੋਲ੍ਹ ਕੇ ਦਿੱਤਾ, ਜੀਅ ਭਰ ਕੇ ਲਿਆ। ਤੇ ਫੇਰ ਮਿਰਜ਼ਾ ਦੀ ਗੱਲ ਹੀ ਨਿਰਾਲੀ ਸੀ, ਉਹਨਾਂ ਨੂੰ ਦੇਣ ਤੇ ਉਹਨਾਂ ਤੋਂ ਖੋਹਣ ਵਿਚ ਜਿਹੜਾ ਮਜ਼ਾ ਆਉਂਦਾ ਸੀ ਉਹ ਕੋਈ ਲਾਜੋ ਦੇ ਦਿਲ ਤੋਂ ਪੁੱਛੇ। ਉਹਨਾਂ ਸਾਹਮਣੇ ਬਾਕੀ ਸਾਰੇ ਢੀਠ ਕੁੱਤੇ ਲੱਗੇ ਸਨ। ਉਹ ਆਪਣੀ ਅਸਲੀਅਤ ਜਾਣਦੀ ਸੀ। ਸ਼ਾਦੀ ਵਿਆਹ ਤਾਂ ਕੁਆਰੀਆਂ ਦੇ ਹੁੰਦੇ ਨੇ ਤੇ ਆਪਣੀ ਸੁਰਤ ਵਿਚ ਉਹ ਕਦੀ ਕੁਆਰੀ ਨਹੀਂ ਸੀ। ਉਹ ਕਿਸੇ ਦੀ ਲਾੜੀ ਬਣਨ ਲਾਇਕ ਨਹੀਂ।
ਉਸਨੇ ਬੜੇ ਹੱਥ ਪੈਰ ਜੋੜੇ ਮਿੰਨਤਾਂ ਕੀਤੀਆਂ ਪਰ ਮਿਰਜ਼ਾ ਉੱਤੇ ਨਿਕਾਹ ਦਾ ਭੂਤ ਸਵਾਰ ਸੀ। ਨੇਕ ਸੈਂਤ ਦੇਖ ਕੇ ਇਕ ਦਿਨ ਅਸ਼ਾ ਦੀ ਨਮਾਜ਼ ਪਿੱਛੋਂ ਨਿਕਾਹ ਹੋ ਗਿਆ। ਸਾਰੇ ਮੁਹੱਲੇ ਟੋਲੇ ਵਿਚ ਉਧਮ ਮੱਚ ਗਿਆ। ਕੁੜੀਆਂ ਕਤਰੀਆਂ ਢੋਲਕੀ ਉੱਤੇ ਸੁਹਾਗ ਗਾਉਣ ਲੱਗੀਆਂ। ਕੋਈ ਲਾੜੀ ਵਾਲੇ ਪਾਸੇ ਦੀ ਬਣ ਗਈ, ਕੋਈ ਲਾੜੇ ਵਾਲੇ ਪਾਸਿਓਂ ਤੇ ਮਿਰਜ਼ਾ ਨੇ ਖਿੜੇ-ਮੱਥੇ ਲਾਗ ਦਿੱਤਾ। ਲਾਜੋ ਉਰਫ਼ ਕਨੀਜ਼ ਫਾਤਮਾ ਦਾ ਨਿਕਾਹ, ਮਿਰਜ਼ਾ ਇਰਫਾਨ ਬੇਗ਼ ਨਾਲ ਹੋ ਗਿਆ।
ਨਿਕਾਹ ਹੁੰਦਿਆਂ ਹੀ ਮਿਰਜ਼ਾ ਨੇ ਲਹਿੰਗੇ ਉੱਤੇ ਪਾਬੰਦੀ ਲਾ ਦਿੱਤੀ ਤੇ ਭੀੜੀ ਮੋਹਰੀ ਦਾ ਪਾਜਾਮਾ ਕੁੜਤਾ ਬਣਵਾ ਦਿੱਤਾ। ਕਨੀਜ਼ ਫਾਤਮਾ ਨੂੰ ਲੱਤਾਂ ਦੇ ਹੇਠਲੇ ਪਾਸੇ ਖੁੱਲ੍ਹੇ ਦੀ ਆਦਤ ਸੀ। ਦੋ ਵੱਖ-ਵੱਖ ਪਹੁੰਚੇ ਜਿਹਨਾਂ ਵਿਚਕਾਰ ਦੋ ਲੱਤਾਂ ਵਿਚਾਲੇ ਕੱਪੜਾ ਆ ਜਾਏ ਨਿਰਾ ਝੰਜਟ ਹੈ। ਉਹ ਵਾਰੀ-ਵਾਰੀ ਉਸ ਵਾਧੂ ਦੀ ਰੁਕਾਵਟ ਨੂੰ ਖਿੱਚੀ ਜਾਂਦੀ। ਪਹਿਲੀ ਫੁਰਸਤ ਵਿਚ ਉਸਨੇ ਪਾਜਾਮਾ ਲਾਹ ਕੇ ਟੰਗਣੀ ਉੱਤੇ ਟੰਗ ਦਿੱਤਾ ਤੇ ਲਹਿੰਗਾ ਚੁੱਕ ਕੇ ਸਿਰ ਵੱਲੋਂ ਪਾਇਆ ਹੀ ਸੀ ਕਿ ਮਿਰਜ਼ਾ ਆ ਗਏ। ਉਸਨੇ ਲਹਿੰਗਾ ਲੱਕ ਉੱਪਰ ਰੋਕਣ ਦੇ ਬਜਾਏ ਛੱਡ ਦਿੱਤਾ।
“ਲਾਹੌਲ ਵਿਲਾ ਕੁਵੱਤ...” ਮਿਰਜ਼ਾ ਦਹਾੜਨ ਲੱਗੇ ਤੇ ਚਾਦਰ ਚੁੱਕ ਕੇ ਉਸ ਉੱਤੇ ਸੁੱਟ ਦਿੱਤੀ। ਪਤਾ ਨਹੀਂ ਮਿਰਜ਼ਾ ਨੇ ਕੀ ਭਾਸ਼ਣ ਦਿੱਤਾ, ਉਸਦੇ ਕੁਝ ਪੱਲੇ ਨਹੀਂ ਸੀ ਪਿਆ ਕਿ ਉਸਨੇ ਕੀ ਗਲਤੀ ਕੀਤੀ ਹੈ? ਉਸਦੀ ਇਸ ਹਰਕਤ ਉੱਤੇ ਤਾਂ ਕਦੀ ਮਿਰਜ਼ਾ ਜਾਨ ਛਿੜਕਦੇ ਹੁੰਦੇ ਸਨ। ਮਿਰਜ਼ਾ ਨੇ ਚੰਗਾ ਭਲਾ ਲਹਿੰਗਾ ਸੱਚਮੁੱਚ ਚੁੱਕ ਕੇ ਚੁੱਲ੍ਹੇ ਵਿਚ ਸੁੱਟ ਦਿੱਤਾ।
ਮਿਰਜ਼ਾ ਬੁੜਬੁੜ ਕਰਦੇ ਬਾਹਰ ਚਲੇ ਗਏ। ਉਹ ਚੋਰ ਜਿਹੀ ਬਣੀ ਥਾਵੇਂ ਖੜ੍ਹੀ ਰਹਿ ਗਈ। ਚਾਦਰ ਪਰ੍ਹਾਂ ਸੁੱਟ ਕੇ ਉਸਨੇ ਆਪਣੇ ਜਿਸਮ ਦਾ ਮੁਅਇਨਾ ਕੀਤਾ ਕਿ ਕਿਤੇ ਕੋਈ ਕੋਹੜ ਤਾਂ ਨਹੀਂ ਫੁੱਟ ਪਿਆ। ਨਲਕੇ ਹੇਠ ਨਹਾਉਂਦੀ ਹੋਈ ਉਹ ਵਾਰੀ-ਵਾਰੀ ਹੰਝੂ ਪੂੰਝਦੀ ਰਹੀ। ਸਿਰਕੀਆਂ ਵਾਲਿਆਂ ਦਾ ਮੁੰਡਾ ਮਿਠੂਆ ਪਤੰਗ ਉਡਾਉਣ ਦੇ ਬਹਾਨੇ, ਨਾਲ ਵਾਲੀ ਛੱਤ, ਉੱਪਰੋਂ ਉਸਨੂੰ ਨਹਾਉਂਦਿਆਂ ਦੇਖਦਾ ਹੁੰਦਾ ਸੀ। ਅੱਜ ਉਹ ਏਨੀ ਉਦਾਸ ਸੀ ਕਿ ਨਾ ਉਸਨੂੰ ਅੰਗੂਠਾ ਦਿਖਾਇਆ ਨਾ ਉਸਨੂੰ ਜੁੱਤੀ ਵਿਖਾ ਕੇ ਡਰਾਇਆ, ਨਾ ਦੌੜਦੀ ਹੋਈ ਕੋਠੜੀ ਅੰਦਰ ਗਈ ਬਲਕਿ ਚਾਦਰ ਲਪੇਟ ਲਈ।
ਦਿਲ ਉੱਤੇ ਪੱਥਰ ਰੱਖ ਕੇ ਉਸਨੇ ਸ਼ੈਤਾਨ ਦੀ ਆਂਦਰ ਜਿੱਡੀਆਂ ਮੋਹਰੀਆਂ ਚੜ੍ਹਾਈਆਂ, ਮੋਇਆ ਕਮਰਬੰਦ ਉਲਟ ਗਿਆ। ਚੀਕ-ਚੀਕ ਕੇ ਗਲਾ ਪੱਕ ਗਿਆ ਤਾਂ ਕਿਤੇ ਜਾ ਕੇ ਭੂਆ ਆਈ ਤੇ ਕਮਰਬੰਦ ਠੀਕ ਕੀਤਾ। ਇਹ ਬੰਦੂਕ ਦਾ ਗਿਲਾਫ ਪਤਾ ਨਹੀਂ ਕਿਸ ਅਕਲ ਦੇ ਅੰਨ੍ਹੇ ਨੇ ਬਣਾਇਆ ਹੋਏਗਾ...ਜਿੰਨੀ ਵਾਰੀ ਟੱਟੀ ਪਿਸ਼ਾਬ ਜਾਓ, ਖੋਹਲੋ-ਬੰਨ੍ਹੋਂ।
ਜਦੋਂ ਮਿਰਜ਼ਾ ਦੁਕਾਨ ਤੋਂ ਵਾਪਸ ਆਏ ਤਾਂ ਫੇਰ ਕਮਰਬੰਦ ਢਿਲਕ ਗਿਆ। ਉਹ ਇਕ ਹੱਥ ਨਾਲ ਵਾਰੀ-ਵਾਰੀ ਉਤਾਂਹ ਕਰਦੀ ਰਹੀ। ਮਿਰਜਾ ਨੂੰ ਉਸ ਉੱਤੇ ਪਿਆਰ ਆਉਣ ਲੱਗਾ। ਪੁਚਕਾਰ ਕੇ ਕਲਾਵੇ ਵਿਚ ਭਰ ਲਿਆ। ਬੜੇ ਤਿਕੜਮਾਂ ਨਾਲ ਕਮਰਬੰਦ ਹੱਥ ਆਇਆ, ਤਦ ਉਸਨੂੰ ਪਾਜਾਮੇ ਨਾਲ ਏਨੀ ਸ਼ਿਕਾਇਤ ਨਾ ਰਹੀ।
ਫੇਰ ਇਕ ਮੁਸੀਬਤ ਹੋਰ ਖੜ੍ਹੀ ਹੋ ਗਈ। ਪਹਿਲਾਂ ਲਾਜੋ ਦੀਆਂ ਜਿਹੜੀਆਂ ਸ਼ਰਾਰਤਾਂ ਚੰਗੀਆਂ ਲੱਗਦੀਆਂ ਸਨ—ਉਹ ਮਿਰਜ਼ਾ ਨੂੰ ਘਬਵਾਲੀ ਦੀਆਂ ਬੁਰਾਈਆਂ ਲੱਗਣ ਲੱਗ ਪਈਆਂ। ਇਹ ਬਾਜ਼ਾਰੂ ਔਰਤਾਂ ਵਾਲੀਆਂ ਅਦਾਵਾਂ ਸ਼ਰੀਫ ਜਾਦੀਆਂ ਨੂੰ ਨਹੀਂ ਸੋਭਦੀਆਂ। ਉਹ ਉਹਨਾਂ ਦੇ ਸੁਪਨਿਆਂ ਵਾਲੀ ਰਵਾਇਤੀ ਬੀਵੀ (ਪਤਨੀ) ਨਹੀਂ ਬਣ ਸਕੀ ਕਿ ਮਿਰਜ਼ਾ ਪਿਆਰ ਦੀ ਭੀਖ ਮੰਗਣ, ਇਹ ਸ਼ਰਮਾਏ। ਉਹ ਜ਼ਿੱਦ ਕਰਨ, ਇਹ ਨਾਰਾਜ਼ ਹੋ ਜਾਏ। ਉਹ ਮਨਾਉਣ, ਇਹ ਰੁੱਸ-ਰੁੱਸ ਬੈਠੇ। ਲਾਜੋ ਤਾਂ ਸੜਕ ਦਾ ਪੱਥਰ ਸੀ, ਸੇਜ ਦਾ ਫੁੱਲ ਬਣਨ ਦੇ ਗੁਰ ਨਹੀਂ ਸੀ ਜਾਣਦੀ। ਝਾੜ-ਫਿਟਕਾਰ ਕੇ ਮਿਰਜ਼ਾ ਨੇ ਲਗਾਮ ਪਾਈ, ਅਖ਼ੀਰ ਬਾਂਦਰੀ ਨੂੰ ਸਿਧਾਅ ਹੀ ਲਿਆ।
ਮਿਰਜ਼ਾ ਹੁਣ ਬੜੇ ਨਿਸ਼ਚਿੰਤ ਹੋ ਗਏ ਸਨ ਕਿ ਉਹਨਾਂ ਲਾਜੋ ਨੂੰ ਸ਼ਰੀਫਜਾਦੀ ਬਣਾ ਕੇ ਹੀ ਛੱਡਿਆ। ਇਹ ਹੋਰ ਗੱਲ ਹੈ ਕਿ ਹੁਣ ਉਹਨਾਂ ਨੂੰ ਘਰ ਜਾਣ ਦੀ ਜ਼ਿਆਦਾ ਜਲਦੀ ਨਹੀਂ ਸੀ ਹੁੰਦੀ। ਆਮ ਪਤੀਆਂ ਵਾਂਗ ਹੀ ਯਾਰ-ਦੋਸਤਾਂ ਵਿਚ ਵੀ ਉੱਠ ਬੈਠ ਲੈਂਦੇ ਕਿ ਲੋਕ ਤੀਵੀਂ ਦਾ ਗੁਲਾਮ ਨਾ ਕਹਿਣ। ਮਾਸ਼ੂਕਾ ਦੇ ਨਖਰੇ ਝੱਲਣਾ ਹੋਰ ਗੱਲ ਹੁੰਦੀ ਹੈ ਪਰ ਪਤਨੀ ਦੀ ਧੌਂਸ ਮਰਦ ਬਰਦਾਸ਼ਤ ਨਹੀਂ ਕਰ ਸਕਦਾ।
ਆਪਣੀ ਗ਼ੈਰਹਾਜ਼ਰੀ ਨੂੰ ਪੂਰਨ ਲਈ ਉਹਨਾਂ ਇਕ ਨੌਕਰਾਣੀ ਰੱਖ ਲੈਣ ਦੀ ਗੱਲ ਕੀਤੀ ਤਾਂ ਲਾਜੋ ਦੀਆਂ ਅੱਖਾਂ ਵਿਚ ਲਹੂ ਉਤਰ ਆਇਆ। ਉਹ ਜਾਣਦੀ ਸੀ ਕਿ ਮੀਆਂ ਕੰਜਰੀਆਂ ਕੋਲ ਜਾਣ ਲੱਗੇ ਨੇ। ਸਾਰੇ ਮੁਹੱਲੇ ਦੇ ਮੀਆਂ ਹੀ ਜਾਂਦੇ ਸਨ, ਪਰ ਘਰ ਵਿਚ ਉਹ ਕਿਸੇ ਦਾ ਦਾਖਲਾ ਬਰਦਾਸ਼ਤ ਨਹੀਂ ਸੀ ਕਰ ਸਕਦੀ। ਕੋਈ ਉਸਦੇ ਝਿਲਮਿਲ ਕਰਦੇ ਭਾਂਡਿਆਂ ਨੂੰ ਹੱਥ ਲਾਏ, ਉਸਦੀ ਰਸੋਈ ਵਿਚ ਪੈਰ ਰੱਖੇ ਤਾਂ ਉਸਦੀਆਂ ਲੱਤਾਂ ਤੋੜ ਕੇ ਰੱਖ ਦਏਗੀ। ਮਿਰਜ਼ਾ ਵਿਚ ਸਾਂਝ ਬਰਦਾਸ਼ਤ ਕਰ ਸਕਦੀ ਸੀ, ਪਰ ਘਰ ਦੀ ਉਹੀ ਇਕੱਲੀ ਮਾਲਕਣ ਸੀ।
ਫੇਰ ਮਿਰਜ਼ਾ ਹੁਰੀਂ ਲਾਜੋ ਨੂੰ ਘਰ ਬਿਠਾਅ ਕੇ ਜਿਵੇਂ ਭੁੱਲ ਗਏ ਹੋਣ। ਹਫਤਿਆਂ ਬੱਧੀ ਹੂੰ-ਹਾਂ ਤੋਂ ਅੱਗੇ ਗੱਲ ਨਾ ਤੁਰਦੀ। ਜਦੋਂ ਤਕ ਉਹ ਨੌਕਰਾਣੀ ਸੀ, ਸਾਰੇ ਅੱਖਾਂ ਸੇਕਦੇ ਸਨ। ਜਦੋਂ ਕਿਸੇ ਸ਼ਰੀਫ ਦੇ ਘਰ ਬੈਠ ਗਈ ਤਾਂ ਮੁਹੱਲੇ ਟੋਲੇ ਦੇ ਅਸੂਲਾਂ ਅਨੁਸਾਰ ਮਾਂ, ਭੈਣ ਤੇ ਬੇਟੀ ਬਣ ਗਈ। ਕੋਈ ਭੁੱਲ ਕੇ ਟਾਟ ਦੇ ਪਰਦੇ ਦੇ ਅੰਦਰ ਝਾਤ ਮਾਰਨ ਦਾ ਕਸ਼ਟ ਨਾ ਕਰਦਾ, ਸਿਵਾਏ ਮਿਠੂਏ ਸਿਰਕੀਆਂ ਵਾਲਿਆਂ ਦੇ ਮੁੰਡੇ ਦੇ। ਉਹ ਹੁਣ ਵੀ ਵਫ਼ਾ ਨਿਭਾ ਰਿਹਾ ਸੀ। ਉਹ ਹੁਣ ਵੀ ਕੋਠੇ 'ਤੇ ਪਤੰਗ ਉਡਾਉਂਦਾ। ਜਦੋਂ ਮਿਰਜਾ ਚਲੇ ਜਾਂਦੇ ਤੇ ਲਾਜੋ ਕੰਮ-ਧੰਦੇ ਤੋਂ ਵਿਹਲੀ ਹੋ ਕੇ ਟੂਟੀ ਹੇਠ ਨਹਾਉਣ ਬੈਠਦੀ। ਪਰਦੇ ਦੇ ਖ਼ਿਆਲ ਨਾਲ ਹੀ ਘਰੇ ਨਲਕਾ ਲਗਵਾਇਆ ਸੀ। ਲਾਜੋ ਨੇ ਕੋਠੇ ਵੱਲ ਦੇਖਣਾ ਛੱਡ ਦਿੱਤਾ ਸੀ। ਪਰ ਉਸ ਰਾਤ ਮਿਰਜਾ ਯਾਰ ਦੋਸਤਾਂ ਨਾਲ ਦਸਿਹਰੇ ਦੇ ਜਸ਼ਨ ਮਨਾਉਂਦੇ ਘਰੋਂ ਗਾਇਬ ਰਹੇ। ਸਵੇਰੇ ਸੰਗਦੇ ਸ਼ਰਮਾਉਂਦੇ ਜਿਹੇ ਪਰਤੇ ਤੇ ਜਲਦੀ ਜਲਦੀ ਨਹਾ ਧੋ ਕੇ ਸਟੋਰ ਚਲੇ ਗਏ। ਲਾਜੋ ਚੜ੍ਹੀ ਬੈਠੀ ਸੀ। ਉਦੋਂ ਹੀ ਉਸਦੀ ਨਜ਼ਰ ਕੋਠੇ ਵੱਲ ਗਈ ਜਾਂ ਸ਼ਾਇਦ ਉਸ ਦਿਨ ਮਿਠੂਏ ਦੀਆਂ ਨਜ਼ਰਾਂ ਵਿਚੋਂ ਬਰਛੇ ਨਿਕਲ ਰਹੇ ਸਨ ਜਿਹੜੇ ਉਸਦੇ ਗਿੱਲੇ ਜਿਸਮ ਵਿਚ ਪੁਰ ਗਏ ਸਨ ਤੇ ਮੁੰਡੇ ਦੀ ਬੜੇ ਦਿਨਾਂ ਬਾਅਦ ਉਸ ਦਿਨ ਪਤੰਗ ਕੱਟੀ ਗਈ ਸੀ। ਡੋਰ ਟੁੱਟੀ ਤਾਂ ਲਾਜੋ ਦੀ ਪਿੱਠ ਉੱਤੇ ਘਸੜਾ ਮਾਰਦੀ ਗਈ। ਲਾਜੋ ਨੇ ਸਿਸਕਾਰੀ ਜਿਹੀ ਲਈ ਤੇ ਜਾਣੇ ਜਾਂ ਅਣਜਾਣੇ ਵਿਚ ਬਗ਼ੈਰ ਚਾਦਰ ਉੱਤੇ ਲਏ ਉੱਠ ਕੇ ਕੋਠੜੀ ਵਿਚ ਚਲੀ ਗਈ। ਇਕ ਬਿਜਲੀ ਜਿਹੀ ਲਿਸ਼ਕੀ ਤੇ ਸਾਹਮਣੇ ਵਾਲੇ ਕੋਠੇ ਉੱਤੇ ਡਿੱਗੀ। ਫੇਰ ਉਸਨੂੰ ਖ਼ਿਆਲ ਆਇਆ ਕਿ ਟੂਟੀ ਤਾਂ ਚੱਲਦੀ ਹੀ ਛੱਡ ਆਈ ਸੀ। ਸੋ ਵਾਪਸ ਓਨੀਂ ਪੈਰੀਂ ਦੌੜੀ।
ਇਸ ਤੋਂ ਪਿੱਛੋਂ ਜਦੋਂ ਵੀ ਲਾਜੋ ਹਲਵਾਈ ਦਿਓਂ ਕੁਝ ਮੰਗਵਾਉਣ ਲਈ ਟਾਟ ਦਾ ਪਰਦਾ ਸਰਕਾਉਂਦੀ—ਮਿਠੂਆ ਉਸਨੂੰ ਨੇੜੇ-ਤੇੜੇ ਫਿਰਦਾ ਹੋਇਆ ਨਜ਼ਰ ਆਉਂਦਾ।
“ਓਇ ਮਿਠੂਏ, ਸਾਰਾ ਦਿਨ ਮਿੱਟੀ ਦਾ ਮਾਧੋ ਬਣਿਆ ਬੈਠਾ ਰਹਿਣੈ, ਜਾਹ ਜ਼ਰਾ ਦੋ ਕਚੌਰੀਆਂ ਤਾਂ ਲਿਆ ਦੇ, ਚਟਨੀ ਵਿਚ ਖ਼ੂਬ ਸਾਰੀਆਂ ਮਿਰਚਾਂ ਪੁਆ ਲਈਂ।”
ਫੇਰ ਮਿਠੂਆ ਹੋਰ ਵੀ ਖੁੱਲ੍ਹ ਗਿਆ। ਜੇ ਗਲਤੀ ਨਾਲ ਨਹਾਉਣ ਵੇਲੇ ਕੋਠੇ 'ਤੇ ਨਾ ਨਜ਼ਰ ਆਉਂਦਾ ਤਾਂ ਫੜਫੜਾ ਕੇ ਜਾਗ ਉਠਦਾ। ਜਿਹੜਾ ਪਿਆਰ ਉਹ ਸਾਰੀ ਉਮਰ ਦੋਵਾਂ ਹੱਥਾਂ ਨਾਲ ਲੁਟਾਂਦੀ ਆਈ ਸੀ, ਮਿਠੂਏ ਲਈ ਵੀ ਹਾਜ਼ਰ ਸੀ। ਮਿਰਜ਼ਾ ਦੇ ਕਿਸੇ ਡੰਗ ਖਾਣਾ ਨਾ ਖਾਂਦੇ ਤਾਂ ਉਹ ਸੁੱਟ ਥੋੜੇ ਹੀ ਦੇਂਦੀ ਸੀ...ਕਿਸੇ ਗਰੀਬ, ਲੋੜਮੰਦ ਨੂੰ ਦੇ ਦੇਂਦੀ ਸੀ ਤੇ ਮਿਠੂਏ ਨਾਲੋਂ ਵੱਧ ਲੋੜਮੰਦ ਉਸਦੀ ਮਿਹਰ ਨਜ਼ਰ ਵਿਚ ਹੋਰ ਕੌਣ ਹੋ ਸਕਦਾ ਸੀ...
ਮਿਰਜ਼ਾ ਨੇ ਲਾਜੋ ਦੇ ਪੈਰਾਂ ਵਿਚ ਵਿਆਹ ਦੀ ਬੇੜੀ ਪਾ ਕੇ ਸੋਚ ਲਿਆ ਕਿ ਹੁਣ ਬਣ ਗਈ ਉਹ ਕਬੀਲਦਾਰ। ਆਪਣੀਆਂ ਅੱਖਾਂ ਨਾਲ ਨਾ ਦੇਖਦੇ ਤਾਂ ਯਕੀਨ ਵੀ ਨਾ ਕਰਦੇ। ਲਾਜੋ ਨੇ ਜਦੋਂ ਉਹਨਾਂ ਨੂੰ ਇੰਜ ਬੇਵਕਤ ਚੌਖਟ ਤੇ ਖੜ੍ਹੇ ਦੇਖਿਆ ਤਾਂ ਬੇਮੁਹਾਰੇ ਹੀ ਉਸਦੀ ਹਾਸੀ ਨਿਕਲ ਗਈ। ਉਸਨੇ ਸੁਪਨੇ ਵਿਚ ਵੀ ਨਹੀਂ ਸੀ ਸੋਚਿਆ ਕਿ ਮਿਰਜ਼ਾ ਏਨਾ ਬੁਰਾ ਮੰਨ ਜਾਣਗੇ, ਪਰ ਮਿਠੂਆ ਤਾੜ ਗਿਆ ਤੇ ਤੰਬੀ ਚੁੱਕ ਕੇ ਇੰਜ ਨੱਸਿਆ ਕਿ ਤਿੰਨ ਪਿੰਡ ਪਾਰ ਕਰਕੇ ਹੀ ਸਾਹ ਲਿਆ।
ਮਿਰਜ਼ਾ ਨੇ ਲਾਜੋ ਨੂੰ ਏਨਾ ਕੁਟਾਪਾ ਚਾੜ੍ਹਿਆ ਕਿ ਜੇ ਉਸਨੇ ਦੁਨੀਆਂ ਦੀਆਂ ਗਰਮ-ਸਰਦ ਹਵਾਵਾਂ ਨਾ ਝੱਲੀਆਂ ਹੁੰਦੀਆਂ ਤਾਂ ਉਹ ਅੱਲਾ ਨੂੰ ਪਿਆਰੀ ਹੋ ਗਈ ਹੁੰਦੀ। ਉਸੇ ਵੇਲੇ ਇਹ ਖ਼ਬਰ ਸਾਰੇ ਮੁਹੱਲੇ ਵਿਚ ਅੱਗ ਵਾਂਗ ਫ਼ੈਲ ਗਈ ਕਿ ਮਿਰਜ਼ਾ ਨੇ ਆਪਣੀ ਘਰਵਾਲੀ ਨੂੰ ਮਿਠੂਏ ਨਾਲ ਫੜ੍ਹ ਲਿਆ ਤੇ ਦੋਵਾਂ ਨੂੰ ਮਾਰ ਮੁਕਾਇਆ ਹੈ। ਮਿਰਜ਼ਾ ਦਾ ਮੂੰਹ ਕਾਲਾ ਹੋ ਗਿਆ। ਖ਼ਾਨਦਾਨ ਦੀ ਨੱਕ ਕੱਟੀ ਗਈ। ਲੋਕ ਤਮਾਸ਼ਾ ਦੇਖਣ ਲਈ ਇਕੱਠੇ ਹੋ ਗਏ, ਪਰ ਇਹ ਦੇਖ ਕੇ ਉਹਨਾਂ ਨੂੰ ਬੜਾ ਅਫਸੋਸ ਹੋਇਆ ਕਿ ਮਿਠੂਆ ਛਾਲੀਂ ਹੋ ਚੁੱਕਿਆ ਸੀ ਤੇ ਘਰਵਾਲੀ ਟੁੱਟੀ-ਫੁੱਟੀ ਪਈ ਹੈ। ਪਰ ਅੰਦਰਦੀ ਖ਼ਬਰ ਲਿਆਈ ਰਾਮੂ ਦੀ ਦਾਦੀ। ਕੋਈ ਸੋਚੇਗਾ ਕਿ ਏਨੀਆਂ ਜੁੱਤੀਆਂ ਖਾ ਕੇ ਲਾਜੋ ਨੂੰ ਮਿਰਜ਼ਾ ਦੀ ਸੂਰਤ ਨਾਲ ਵੀ ਨਫ਼ਰਤ ਹੋ ਗਈ ਹੋਏਗੀ। ਤੋਬਾ ਕਰੋ, ਜੁੱਤੀ-ਫੇਰੀ ਨਾਲ ਤਾਂ ਅਸਲ ਬੰਧਨ ਮਜ਼ਬੂਤ ਹੋਇਆ ਜਿਹੜਾ ਨਿਕਾਹ ਨਾਲ ਨਹੀਂ ਸੀ ਹੋਇਆ। ਹੋਸ਼ ਵਿਚ ਆਉਂਦੀ ਹੀ ਮਿਰਜ਼ਾ ਬਾਰੇ ਪੁੱਛਣ ਲੱਗੀ। ਉਸਦੇ ਸਾਰੇ ਆਕਾ ਦੇਰ ਸਵੇਰ ਉਸਦੇ ਆਸ਼ਕ ਬਣ ਬੈਠਦੇ ਸਨ। ਇਸ ਮਿਹਰਬਾਨੀ ਤੋਂ ਬਾਅਦ ਤਨਖਾਹ ਦਾ ਸਵਾਲ ਖ਼ਤਮ ਹੋ ਜਾਂਦਾ। ਮੁਫ਼ਤ ਦੀ ਰਗੜਾਈ, ਉੱਪਰੋਂ ਚਾਰ ਚੋਟ ਦੀ ਮਾਰ...ਮਿਰਜ਼ਾ ਨੇ ਅੱਜ ਤਕ ਉਸਨੂੰ ਫੁੱਲਾਂ ਦੀ ਛੜੀ ਨਹੀਂ ਛੁਹਾਈ ਸੀ। ਦੂਸਰੇ ਆਕਾ ਉਸਨੂੰ ਯਾਰਾਂ ਦੋਸਤਾਂ ਨੂੰ ਵੀ ਪੇਸ਼ ਕਰ ਦੇਂਦੇ ਸਨ, ਮਿਰਜ਼ਾ ਨੇ ਅੱਜ ਤਕ ਉਸਨੂੰ ਆਪਣੀ ਚੀਜ਼ ਸਮਝਿਆ, ਉਸ ਉੱਤੇ ਆਪਣਾ ਹੱਕ ਦਿਖਾਇਆ। ਇਹ ਉਸਦੀ ਇੱਜ਼ਤ ਵਧਾਈ ਹੀ ਸੀ। ਹਾਲਾਂਕਿ ਇਸਤੇਮਾਲ ਵਿਚ ਰਹਿੰਦੀ ਸੀ, ਫੇਰ ਵੀ ਉਹਨਾਂ ਨੂੰ ਏਨੀ ਪਿਆਰੀ ਸੀ ਕਿ ਆਪਣੀ ਪੀੜਾਂ ਉੱਤੇ ਮਿਰਜ਼ਾ ਦੀ ਪੀੜ ਭਾਰੂ ਹੋ ਗਈ। ਸਾਰਿਆਂ ਨੇ ਉਸਨੂੰ ਸਮਝਾਇਆ ਜਾਨ ਦੀ ਖ਼ੈਰ ਚਾਹੁੰਦੀ ਏਂ ਤਾਂ ਭੱਜ ਜਾਹ, ਪਰ ਉਹ ਨਹੀਂ ਮੰਨੀ।
ਮੀਰਨ ਮੀਆਂ ਨੇ ਮਿਰਜ਼ਾ ਨੂੰ ਰੋਕਿਆ ਹੋਇਆ ਸੀ ਨਹੀਂ ਤਾਂ ਨੱਕ ਗੁੱਤ ਕੱਟ ਕੇ ਕਤਲ ਕੀਤੇ ਬਗ਼ੈਰ ਛੁਟਕਾਰਾ ਨਹੀਂ ਸੀ। ਉਹਨਾਂ ਦੀ ਨੱਕ ਕੱਟੀ ਗਈ ਸੀ; ਲਾਜੋ ਜਿਊਂਦੀ ਬਚ ਗਈ ਸੀ। ਹੁਣ ਉਹ ਦੁਨੀਆਂ ਨੂੰ ਕਿੰਜ ਮੂੰਹ ਦਿਖਾਉਣਗੇ।
“ਓਇ ਇਕ ਤੀਵੀਂ ਖਾਤਰ ਫਾਂਸੀ ਚੜ੍ਹ ਜਾਏਂਗਾ...”
“ਕੋਈ ਪ੍ਰਵਾਹ ਨਹੀਂ।”
“ਮੀਆਂ ਤਲਾਕ ਦੇ ਦਿਓ ਸਾਲੀ ਨੂੰ।” ਮੀਰਨ ਮੀਆਂ ਨੇ ਸਮਝਾਇਆ। ਕੋਈ ਸ਼ਰੀਫਜਾਦੀ ਹੁੰਦੀ ਤਾਂ ਹੋਰ ਗੱਲ ਸੀ।
ਮਿਰਜ਼ਾ ਨੇ ਉਸੇ ਵੇਲੇ ਤਲਾਕ ਦੇ ਦਿੱਤਾ। ਮੁਬਲਗ 32 ਰੁਪਏ ਮਿਹਰ ਤੇ ਉਸਦੇ ਕੱਪੜੇ ਲੀੜੇ ਰਾਮੂ ਦੀ ਦਾਦੀ ਦੇ ਘਰ ਭੇਜ ਦਿੱਤੇ।
ਜਦੋਂ ਲਾਜੋ ਨੂੰ ਤਲਾਕ ਦੀ ਖ਼ਬਰ ਮਿਲੀ ਤਾਂ ਉਸਦੀ ਜਾਨ ਵਿਚ ਜਾਨ ਆ ਗਈ। ਜਿਵੇਂ ਸਿਰ ਤੋਂ ਮਣਾਂ ਮੂੰਹੀਂ ਭਾਰ ਲੱਥ ਗਿਆ ਹੋਵੇ। ਨਿਕਾਹ ਵੈਸੇ ਵੀ ਉਸਨੂੰ ਰਾਸ ਨਹੀਂ ਸੀ ਆਇਆ। ਇਹ ਸਭ ਇਸੇ ਕਰਕੇ ਹੋਇਆ, ਚਲੋ ਪਾਪ ਕੱਟਿਆ ਗਿਆ।
“ਮੀਆਂ ਤਾਂ ਨਾਰਾਜ਼ ਨਹੀਂ?” ਉਸਨੇ ਰਾਮੂ ਦੀ ਦਾਦੀ ਨੂੰ ਪੁੱਛਿਆ।
“ਤੇਰੀ ਸ਼ਕਲ ਨਹੀਂ ਦੇਖਣੀ ਚਾਹੁੰਦੇ, ਕਿਹੈ ਕਿ ਇੱਥੋਂ ਮੂੰਹ ਕਾਲਾ ਕਰ ਜਾ।”
ਮਿਰਜ਼ਾ ਦੀ ਤਲਾਕ ਦੀ ਖ਼ਬਰ ਸਾਰੇ ਮੁਹੱਲੇ ਵਿਚ ਝਟਪਟ ਫੈਲ ਗਈ। ਫ਼ੌਰਨ ਲਾਲੇ ਨੇ ਪੈਗ਼ਾਮ ਭਿਜਵਾਇਆ, “ਬੰਗਲਾ ਤਿਆਰ ਹੈ।”
“ਉਸ ਵਿਚ ਆਪਣੀ ਮਾਂ ਨੂੰ ਬਿਠਾਅ ਦੇ...” ਲਾਜੋ ਨੇ ਕਹਿ ਦਿੱਤਾ। ਮੁਬਲਗ 32 ਰੁਪਏ ਵਿਚੋਂ ਦਸ ਉਸਨੇ ਰੋਟੀ ਪਾਣੀ ਦੇ ਰਾਮੂ ਦੀ ਮਾਂ ਨੂੰ ਦੇ ਦਿੱਤੇ । ਤੰਗ ਪਾਜਾਮੇ ਸ਼ਕੂਰੇ ਦੀ ਬਹੂ ਦੇ ਹੱਥ ਔਣੇ-ਪੌਣੇ ਵੇਚ ਲਏ। ਪੰਦਰਾਂ ਦਿਨਾਂ ਵਿਚ ਲੁਟਪੁਟ ਜਾਣ ਪਿੱਛੋਂ ਖੜ੍ਹੀ ਹੋ ਗਈ। ਕੰਮਬਖ਼ਤ ਦੀ ਜਿਵੇਂ ਧੂੜ, ਝੜ ਗਈ ਹੋਵੇ। ਜੁੱਤੀਆਂ ਖਾ ਕੇ ਹੋਰ ਨਿਖਰ ਆਈ। ਲੱਕ ਸੌ-ਸੌ ਵਲ ਖਾਣ ਲੱਗਾ। ਪਾਨ ਦਾ ਬੀੜਾ ਲੈਣ ਲਈ ਜਾਂ ਕਚੌਰੀਆਂ ਲੈਣ ਹਲਵਾਈ ਦੀ ਦੁਕਾਨ ਤੀਕ ਜਾਂਦੀ ਤਾਂ ਗਲੀ ਦੀ ਚਹਿਲ-ਪਹਿਲ ਵਧ ਜਾਂਦੀ।
ਮਿਰਜ਼ਾ ਦੇ ਦਿਲ ਉੱਤੇ ਆਰੇ ਚੱਲਦੇ। ਇਕ ਦਿਨ ਪਨਵਾੜੀ ਦੇ ਖੜ੍ਹੀ ਲੈਚੀ ਦੇ ਦਾਣਿਆਂ ਲਈ ਝਗੜ ਰਹੀ ਸੀ। ਉਹ ਮਜ਼ੇ ਲੈ ਰਿਹਾ ਸੀ। ਮਿਰਜ਼ਾ ਅੱਖ ਬਚਾਅ ਕੇ ਪਾਸੇ ਦੀ ਨਿਕਲ ਗਏ।
“ਓਇ ਬਈ ਤੇਰੀ ਤਾਂ ਮੱਤ ਮਾਰੀ ਗਈ ਏ। ਹੁਣ ਤੇਰੀ ਬਲਾ ਨਾਲ ਉਹ ਕੁਝ ਕਰਦੀ ਫਿਰੇ। ਤੂੰ ਤਾਂ ਤਲਾਕ ਦੇ ਦਿੱਤਾ ਏ। ਤੇਰਾ ਹੁਣ ਉਸ ਨਾਲ ਕੀ ਵਾਸਤਾ?”
“ਮੇਰੀ ਘਰਵਾਲੀ ਸੀ, ਮੈਂ ਕਿੰਜ ਬਰਦਾਸ਼ਤ ਕਰ ਸਕਦਾਂ?” ਮਿਰਜ਼ਾ ਹਿਰਖ ਗਏ।
“ਫੇਰ ਕੀ ਹੋਇਆ, ਹੁਣ ਤਾਂ ਤੇਰੀ ਬੀਵੀ ਨਹੀਂ। ਜੇ ਸੱਚ ਪੁੱਛਣੈ ਤਾਂ ਉਹ ਤੇਰੀ ਹੈ ਈ ਨਹੀਂ ਸੀ।”
“ਤੇ ਨਿਕਾਹ ਜਿਹੜਾ ਹੋਇਆ ਸੀ?”
“ਬਿਲਕੁਲ ਨਾਜਾਇਜ਼...”
“ਯਾਨੀ ਕਿ...”
“ਹੋਇਆ ਈ ਨਹੀਂ ਬਰਾਦਰ। ਪਤਾ ਨਹੀਂ ਉਹ ਕਿਸ ਦੀ ਨਾਜਾਇਜ਼ ਔਲਾਦ ਹੋਏਗੀ। ਨਾਜਾਇਜ਼ ਨਾਲ ਨਿਕਾਹ ਹਰਾਮ ਹੁੰਦੈ।'' ਮੀਰਨ ਮੀਆਂ ਨੇ ਗੱਲ ਮੇਲੀ।
“ਤਾਂ ਨਿਕਾਹ ਹੋਇਆ ਹੀ ਨਹੀਂ?”
“ਕਤਈ ਨਹੀਂ।” ਬਾਅਦ ਵਿਚ ਮੁੱਲਾ ਜੀ ਨੇ ਵੀ ਸਾਫ ਕਰ ਦਿੱਤਾ ਕਿ ਹਰਾਮੀ ਔਲਾਦ ਨਾਲ ਨਿਕਾਹ ਜਾਇਜ਼ ਨਹੀਂ।”
“ਤਾਂ ਮਤਲਬ ਇਹ ਕਿ ਨੱਕ ਨਹੀਂ ਕੱਟੀ ਗਈ ਸਾਡੀ।” ਮਿਰਜਾ ਦੇ ਸਿਰੋਂ ਬੋਝ ਲੱਥ ਗਿਆ।
“ਬਿਲਕੁਲ ਨਹੀਂ।”
“ਬਈ ਕਮਾਲ ਏ, ਤਾਂ ਤੇ ਫੇਰ ਤਲਾਕ ਵੀ ਨਹੀਂ ਹੋਇਆ?”
“ਭਰਾ ਮੇਰਿਆ ਨਿਕਾਹੀ ਹੀ ਨਹੀਂ ਹੋਇਆ ਤਾਂ ਫੇਰ ਤਲਾਕ ਕਿਵੇਂ ਹੋ ਸਕਦਾ ਏ?”
“ਮੁਬਲਗ ਬੱਤੀ ਰੁਪਏ ਮਿਹਰ ਦੇ ਮੁਫ਼ਤ ਵਿਚ ਗਏ।” ਮਿਰਜ਼ਾ ਨੂੰ ਦੁੱਖ ਹੋਣ ਲੱਗਾ।
ਫ਼ੌਰਨ ਇਹ ਖ਼ਬਰ ਸਾਰੇ ਮੁਹੱਲੇ ਵਿਚ ਛਲਾਂਗਾਂ ਮਾਰਨ ਲੱਗੀ ਕਿ ਮਿਰਜ਼ਾ ਦਾ ਉਹਨਾਂ ਦੀ ਘਰਵਾਲੀ ਨਾਲ ਨਿਕਾਹ ਹੀ ਨਹੀਂ ਹੋਇਆ, ਨਾ ਤਲਾਕ ਹੋਈ—ਹਲਾਂਕਿ ਮੁਬਲਗ ਦੇ ਬੱਤੀ ਰੁਪਏ ਜ਼ਰੂਰ ਡੁੱਬ ਗਏ।
ਲਾਜੋ ਨੇ ਇਹ ਖੁਸ਼ਖਬਰੀ ਸੁਣੀ ਤਾਂ ਨੱਚ ਉੱਠੀ, ਸੀਨੇ ਤੋਂ ਭਾਰ ਲੱਥ ਗਿਆ। ਨਿਕਾਹ ਤੇ ਤਲਾਕ ਇਕ ਭਿਆਨਕ ਸੁਪਨਾ ਸੀ, ਜਿਹੜਾ ਟੁੱਟ ਗਿਆ ਤੇ ਜਾਨ ਛੁੱਟੀ।
ਸਭ ਤੋਂ ਵਧ ਖੁਸ਼ੀ ਸੀ ਤਾਂ ਇਸ ਗੱਲ ਦੀ ਸੀ ਕਿ ਮੀਆਂ ਦੀ ਨੱਕ ਨਹੀਂ ਸੀ ਕੱਟੀ ਗਈ। ਉਸਨੂੰ ਮੀਆਂ ਦੀ ਇੱਜ਼ਤ ਜਾਣ ਦਾ ਬੜਾ ਦੁੱਖ ਸੀ। ਹਰਾਮੀ ਹੋਣਾ ਕਿੰਨੇ ਮੌਕੇ 'ਤੇ ਕੰਮ ਆਇਆ। ਰੱਬ ਨਾ ਕਰੇ ਜੇ ਉਹ ਕਿਸੇ ਦੀ ਜਾਇਜ਼ ਔਲਾਦ ਹੁੰਦੀ ਤਾਂ ਛੁੱਟੀ ਹੋ ਜਾਂਦੀ। ਰਾਮੂ ਦੀ ਦਾਦੀ ਦੇ ਘਰ ਵਿਚ ਉਸਦਾ ਦਮ ਘੁਟ ਰਿਹਾ ਸੀ। ਜ਼ਿੰਦਗੀ ਵਿਚ ਕਦੀ ਇੰਜ ਘਰ ਦੀ ਮਾਲਕਣ ਬਣ ਕੇ ਬੈਠਣ ਦਾ ਮੌਕਾ ਨਹੀਂ ਸੀ ਮਿਲਿਆ। ਉਸਨੂੰ ਘਰ ਦੀ ਫਿਕਰ ਲੱਗੀ ਹੋਈ ਸੀ। ਚੋਰੀ ਚਕਾਰੀ ਦੇ ਡਰ ਨਾਲ ਮੀਆਂ ਨੇ ਏਨੇ ਦਿਨਾਂ ਦੀ ਝਾੜੂ ਵੀ ਨਹੀਂ ਦਿਵਾਈ ਸੀ...ਕੂੜੇ ਦੇ ਢੇਰ ਲੱਗ ਗਏ ਹੋਣਗੇ। ਉਹ ਸਟੋਰ ਜਾ ਰਹੇ ਸਨ। ਲਾਜੋ ਨੇ ਰਸਤਾ ਰੋਕ ਲਿਆ:
“ਫੇਰ ਮੀਆਂ ਕੱਲ੍ਹ ਤੋਂ ਕੰਮ 'ਤੇ ਆ ਜਾਵਾਂ...?” ਉਹ ਠੁਣਕੀ।
“ਲਾਹੌਲ ਵਲਾ ਕੁਵੱਤ।” ਮੀਆਂ ਸਿਰ ਝੁਕਾ ਕੇ ਲੰਮੀਆਂ-ਲੰਮੀਆਂ ਪਲਾਂਘਾਂ ਪੁੱਟਦੇ ਨਿਕਲ ਗਏ। ਦਿਲ ਵਿਚ ਸੋਚਿਆ ਇਸ ਦੇ ਮਨ ਵਿਚ ਕੋਈ ਗੱਲ ਜ਼ਰੂਰ ਹੈ, ਬਦਕਾਰ ਹੀ ਸੀ, ਪਰ ਪਿਛਲੇ ਮਾਮਲੇ ਤਾਂ ਸਾਰੇ ਨਿਬੜ ਹੀ ਗਈ ਨੇ।
ਲਾਜੋ ਨੇ ਕਲ੍ਹ ਦੀ ਉਡੀਕ ਨਹੀਂ ਕੀਤੀ। ਛੱਤੋ ਛੱਤ ਹੁੰਦੀ ਹੋਈ ਵਿਹੜੇ ਵਿਚ ਜਾ ਛਾਲ ਮਾਰੀ। ਲਹਿੰਗੇ ਦਾ ਲੰਗੋਟ ਬਣਾਇਆ ਤੇ ਜੁਟ ਗਈ।
ਸ਼ਾਮੀਂ ਮਿਰਜਾ ਵਾਪਸ ਆਏ ਤਾਂ ਲੱਗਿਆ ਜਿਵੇਂ ਮੋਈ ਹੋਈ ਅੰਮਾ ਬੀ ਵਾਪਸ ਆ ਹੋਏ। ਘਰ ਸਾਫ ਸੀ, ਚੰਦਨ ਵਾਂਗ। ਧੂਫ ਦੀ ਨਿੰਮੀ ਨਿੰਮੀ ਖੁਸ਼ਬੂ, ਕੋਰੇ ਮਟਕੇ ਉੱਤੇ ਲਿਸ਼ਲਿਸ਼ ਕਰਦਾ ਮਾਂਜਿਆ ਹੋਇਆ ਕਟੋਰਾ; ਗੱਚ ਭਰ ਆਇਆ। ਚੁੱਪਚਾਪ ਭੁੰਨਿਆਂ ਹੋਇਆ ਮੀਟ ਤੇ ਗਰਮਾ-ਗਰਮ ਰੋਟੀਆਂ ਖਾਂਦੇ ਰਹੇ। ਲਾਜੋ ਆਪਣੀ ਹੈਸੀਅਤ ਮੁਤਾਬਕ ਦਹਿਲੀਜ਼ ਉੱਤੇ ਬੈਠੀ ਪੱਖਾ ਝੱਲਦੀ ਰਹੀ।
ਰਾਤੀਂ ਜਦੋਂ ਰਸੋਈ ਵਿਚੋਂ ਵਾਪਸ ਆਈ ਤੇ ਦੋ ਟਾਟ ਜੋੜ ਕੇ ਲੇਟ ਗਈ ਤਾਂ ਮਿਰਜਾ ਨੂੰ ਫੇਰ ਡਾਢੀ ਪਿਆਸ ਦਾ ਦੌਰਾ ਪੈ ਗਿਆ। ਮਨ ਮਾਰ ਕੇ ਪਏ ਉਸਦੇ ਕੜਿਆਂ ਦੀ ਝਣਕਾਰ ਸੁਣਦੇ ਤੇ ਪਾਸੇ ਪਰਤਦੇ ਰਹੇ। ਦਿਲ ਵਿਚ ਡਰ ਸੀ ਕਿ ਬੜੀ ਬੇਕਦਰੀ ਕੀਤੀ ਸੀ ਉਹਨਾਂ ਉਸਦੀ।
“ਲਾਹੌਲ ਵਲਾ ਕੁਵੱਤ...” ਅਚਾਨਕ ਉਸ ਬੜਬੜਾਉਂਦੇ ਹੋਏ ਉੱਠੇ ਤੇ ਟਾਟ 'ਤੇ ਪਈ ਘਰਵਾਲੀ ਨੂੰ ਸਮੇਟ ਲਿਆ।
(ਅਨੁਵਾਦ: ਮਹਿੰਦਰ ਬੇਦੀ, ਜੈਤੋ)