Giddaraan-Di-Asees : Rajasthani Lok Kahani

ਗਿੱਦੜਾਂ ਦੀ ਅਸੀਸ : ਰਾਜਸਥਾਨੀ ਲੋਕ ਕਥਾ

ਭਾਂਤ ਭਾਂਤ ਕੇ ਲੋਗ, ਬਦਨ ਬਦਨ ਕੇ ਰੋਗ। ਬਾਤ ਬਾਤ ਕਾ ਭੋਗ। ਹਾਥ ਹਾਥ ਕਾ ਜੋਗ। ਜਿਤਨੇ ਲੋਗ, ਉਤਨੇ ਬਿਉਹਾਰ। ਜਿਤਨੇ ਰੋਗ ਉਤਨੇ ਉਪਚਾਰ। ਜਿਤਨੇ ਭੋਗ ਉਤਨੀ ਚਾਹੇਂ। ਜਿਤਨੇ ਰੋਗ ਉਤਨੀ ਰਾਹੇਂ। ਜੈਸੀ ਸਮਝ ਤੈਸੀ ਚਾਲ। ਜੈਸੀ ਨੀਯਤ ਵੈਸਾ ਹਾਲ। ਜੈਸਾ ਅੰਤਸ ਵੈਸਾ ਭਾਉ। ਜੈਸਾ ਦਾਉ, ਵੈਸਾ ਉਪਾਉ। ਸੋ ਭਾਈਓ, ਸ੍ਰਿਸ਼ਟੀ ਦਾ ਸਿਰਜਣਹਾਰ ਸਾਈਂ, ਅਕਲ ਦੇ ਉਜਲੇ ਚਾਨਣ ਉੱਤੇ ਕਾਲਖ ਨਾ ਚੋਪੜੇ, ਇੱਕ ਸੀ ਰਾਜਾ, ਜਿਸਦਾ ਉਹੀ ਵਾਜਾ ਉਹੀ ਗਾਜਾ। ਬਿਮਾਰੀ ਅਤੇ ਮੌਤ ਤੋਂ ਬਿਨਾਂ ਉਸ ਉੱਪਰ ਹੋਰ ਕਿਸੇ ਦਾ ਬਸ ਨਹੀਂ ਚਲਦਾ ਸੀ। ਉਸਦੇ ਦਿਲ ਵਿੱਚ ਇਸ ਗੱਲ ਦੀ ਸਦਾ ਖਿਝ ਰਹਿੰਦੀ ਕਿ ਨਾਸ਼ੁਕਰੇ ਅਤੇ ਮੂਰਖ ਵਿਧਾਤਾ ਨੇ ਬਾਕੀ ਬੰਦਿਆਂ ਦਾ ਸਰੀਰ ਅਤੇ ਨੈਣ ਨਕਸ਼ ਮੇਰੇ ਵਰਗੇ ਕਿਉਂ ਬਣਾ ਦਿੱਤੇ। ਰਾਜਕੁਮਾਰਾਂ, ਰਾਣੀਆਂ ਅਤੇ ਰਾਜਿਆਂ ਤੋਂ ਬਿਨਾਂ ਬਾਕੀ ਹੋਰਨਾਂ ਦੇ ਚਿਹਰੇ ਮੁਹਰੇ ਸੁਹਣੇ ਬਣਾਉਣ ਦੀ ਲੋੜ ਹੀ ਨਹੀਂ ਸੀ। ਬਿਧਮਾਤਾ ਸ਼ੁਰੂ ਤੋਂ ਹੀ ਜੇ ਚੌਕਸ ਰਹਿੰਦੀ ਧਰਤੀ ਦੇ ਸੁਆਮੀ ਰਾਜਾ ਦੀ ਸ਼ਕਲ ਸੂਰਤ ਬਾਕੀਆਂ ਤੋਂ ਇਕ ਦਮ ਵੱਖਰੀ ਹੁੰਦੀ, ਫਿਰ ਰਾਜੇ ਨੂੰ ਆਪ ਇਸ ਪਾਸੇ ਮਿਹਨਤ ਨਾ ਕਰਨੀ ਪੈਂਦੀ। ਆਮ ਬੰਦਿਆਂ ਦਾ ਕੰਮ ਤਾਂ ਇੱਕ ਅੱਖ ਅਤੇ ਇੱਕ ਕੰਨ ਨਾਲ ਚੱਲੀ ਜਾਣਾ ਸੀ, ਨੱਕ ਦੀ ਥਾਂ ਇੱਕ ਗਲੀ ਹੁੰਦੀ ਬਸ, ਫਿਰ ਕੀ ਘਾਟਾ ਸੀ?

ਚਲੋ ਬਿਧਮਾਤਾ ਤੋਂ ਭੁੱਲ ਹੋ ਗਈ ਫੇਰ ਕੀ ਹੋਇਆ, ਰਾਜਾ ਸਮਝਦਾਰ ਹੈ, ਉਹ ਆਪ ਭੁੱਲਾਂ ਦੀ ਸੋਧ ਕਰਨਯੋਗ ਹੈ। ਰਾਜਾ ਅਤੇ ਪਰਜਾ ਵਿੱਚ ਸਾਫ਼ ਫ਼ਰਕ ਹੋਵੇ ਇਸ ਲਈ ਆਪਣੇ ਵਾਲ ਪੂਰੇ ਲੰਬੇ, ਦਾਹੜੀ ਤੇ ਵੱਡੀਆਂ ਮੁੱਛਾਂ ਰੱਖਦਾ, ਬਾਕੀ ਸਾਰੀ ਪਰਜਾ ਰੁੰਡ ਮੁੰਡ। ਸ਼ਾਹੀ ਪਰਿਵਾਰ ਨੂੰ ਛੱਡ ਕੇ ਹੋਰ ਕਿਸੇ ਦੇ ਸਿਰ ਤੇ ਵਾਲ ਨਹੀਂ। ਆਮ ਮਰਦਾਂ ਲਈ ਦਾਹੜੀ ਮੁੱਛਾਂ ਦੀ ਗੱਲ ਦੂਰ ਦੀ, ਪਲਕਾਂ ਅਤੇ ਸੇਹਲੀਆਂ ਦੇ ਵਾਲ ਵੀ ਇਕਦਮ ਸਫ਼ਾਚੱਟ!

ਦੋ ਲੱਤਾਂ ਤੇ ਸਿੱਧੇ ਤੁਰਨ ਦੀ ਵੀ ਮਨਾਹੀ। ਸ਼ਾਹੀ ਸ਼ਹਿਰ ਦੀ ਵੱਡੀ ਦੀਵਾਰ ਦਾ ਦਰਵਾਜ਼ਾ ਲੰਘ ਕੇ ਅੰਦਰ ਆਉਣ ਸਾਰ ਪਸ਼ੂਆਂ ਵਾਂਗ ਹੱਥਾਂ ਪੈਰਾਂ ਉੱਪਰ ਚੱਲਣਾ ਪੈਂਦਾ। ਰਾਜੇ ਨਾਲ ਗੱਲ ਕਰਨੀ ਹੁੰਦੀ ਤਾਂ ਪਹਿਲਾਂ ਹਰ ਬੰਦਾ ਕਿਸੇ ਪੰਛੀ ਜਾਂ ਪਸ਼ੂ ਦੀ ਆਵਾਜ਼ ਹੂਬਹੂ ਨਕਲ ਕਰਦਾ। ਕੋਈ ਮਿਆਊਂ ਮਿਆਊਂ, ਕੋਈ ਕਾਂ ਕਾਂ, ਕੋਈ ਗੁਟਰਗੂੰ, ਕੋਈ ਹੁੱਕੂ, ਹੁੱਕੂ ਬੋਲਣ ਪਿੱਛੋਂ ਗੱਲ ਕਰਦਾ। ਇਸ ਨਾਲ ਰਾਜੇ ਨੂੰ ਪਤਾ ਲੱਗ ਜਾਂਦਾ ਕੌਣ ਕਿਸ ਜੂਨ ਵਿੱਚ ਪਿਆ ਹੋਇਆ ਹੈ, ਰੁਤਬਿਆਂ ਦੀ ਪਛਾਣ ਇਸੇ ਨਾਲ ਹੋਇਆ ਕਰਦੀ। ਜਿਹੜੇ ਵੱਡੇ ਬੰਦਿਆਂ ਉੱਪਰ ਰਾਜੇ ਦੀ ਖਾਸ ਮਿਹਰਬਾਨੀ ਹੁੰਦੀ ਉਨ੍ਹਾਂ ਨੂੰ ਹਾਥੀ, ਸ਼ੇਰ, ਸਾਨ੍ਹ, ਊਠ, ਘੋੜੇ ਦੀਆਂ ਬੋਲੀਆਂ ਬੋਲਣ ਦੀ ਆਗਿਆ ਮਿਲਦੀ। ਛੋਟੇ ਮੋਟੇ ਲੋਕਾਂ, ਮੁਲਾਜ਼ਮਾਂ ਨੂੰ ਜਦੋਂ ਗਿੱਦੜ, ਕੁੱਤੇ, ਗਧੇ ਅਤੇ ਕਾਂ ਦੀ ਬੋਲੀ ਬੋਲਣੀ ਪੈਂਦੀ ਉਨ੍ਹਾਂ ਨੂੰ ਸ਼ਰਮ ਤਾਂ ਆਉਂਦੀ ਪਰ ਕੀ ਕਰਦੇ? ਰਾਜੇ ਦੇ ਹੁਕਮ ਅੱਗੇ ਕਿਸ ਦਾ ਜ਼ੋਰ? ਰਾਜਾ ਕਿਸ ਆਵਾਜ਼ ਤੇ ਖਿਝ ਜਾਏ ਕੀ ਪਤਾ, ਇਸ ਕਰਕੇ ਹਰ ਦਰਬਾਰੀ ਕਈ ਕਈ ਬੋਲੀਆਂ ਸਿਖਣ ਲਈ ਮਜਬੂਰ ਹੁੰਦਾ!

ਮਨੁੱਖਾਂ ਦਾ ਰਾਜਾ ਤਾਂ ਉਹ ਹੈ ਈ ਸੀ, ਜੰਗਲ ਦੇ ਤਮਾਮ ਪਸ਼ੂ ਪੰਛੀਆਂ ਦਾ ਰਾਜਾ ਵੀ ਸੀ। ਦਇਆ, ਤਰਸ, ਹਮਦਰਦੀ ਦਾ ਪੁਤਲਾ! ਮਨੁੱਖਾਂ ਦੀ ਬਜਾਇ ਉਹ ਕੀੜੀਆਂ, ਪਤੰਗਿਆਂ ਤੇ ਹੋਰ ਜੀਵਾਂ ਦਾ ਖ਼ਿਆਲ ਵੱਧ ਰੱਖਦਾ। ਜਿਵੇਂ ਵੀ ਹੋਵੇ, ਮਨੁੱਖ ਤਾਂ ਸੱਜੇ ਖੱਬੇ ਕਰ ਕਰਾ ਕੇ ਆਪਣਾ ਪੇਟ ਭਰ ਲੈਂਦੇ ਨੇ ਪਰ ਜੀਵ ਜੰਤੂ ਤਾਂ ਵਿਚਾਰੇ ਬੋਲ ਕੇ ਕੁਝ ਦਸ ਨਹੀਂ ਸਕਦੇ, ਉਨ੍ਹਾਂ ਦੇ ਦਿਲ ਦਾ ਦੁੱਖ ਸਮਝਣ ਦੀ ਜ਼ਿੰਮੇਵਾਰੀ ਰਾਜਾ ਦੀ ਹੈ।

ਗਵਾਂਢੀ ਰਾਜਾਂ ਦੇ ਰਾਜਿਆਂ ਤੋਂ ਸਰਕਾਰ ਵੱਖਰੀ ਤਰ੍ਹਾਂ ਦੀ ਹੋਵੇ ਇਸ ਕਰਕੇ ਰਾਜਾ ਦਿਨ ਵਿੱਚ ਸੌਂਦਾ ਤੇ ਰਾਤ ਨੂੰ ਜਾਗਦਾ। ਪਰਜਾ ਨੇ ਉਹੀ ਕਰਨਾ ਸੀ ਜੋ ਰਾਜਾ ਕਰੇ, ਸੋ ਪਰਜਾ ਵੀ ਸਾਰਾ ਦਿਨ ਸੌਂਦੀ, ਰਾਤੀਂ ਜਾਗਦੀ। ਉਲੰਘਣਾ ਕਰਨ ਵਾਲੇ ਨੂੰ ਸਿਰਫ਼ ਇਕਾਨਵੇਂ ਕੋੜੇ ਤੇ ਦੋ ਡੰਗ ਘਾਹ ਖਾਣਾ ਪੈਂਦਾ। ਕੋੜਿਆਂ ਦੀ ਤਾਂ ਚਲੋ ਕੋਈ ਗੱਲ ਨੀ, ਲੋਕ ਘਾਹ ਚਰਦੇ ਵੱਧ ਔਖੇ ਹੁੰਦੇ, ਸ਼ਰਮਿੰਦੇ ਹੁੰਦੇ। ਇਹੀ ਨਿਆਂ ਪ੍ਰਣਾਲੀ ਪ੍ਰਚੱਲਤ ਸੀ। ਦੂਜੇ ਜੀਵਾਂ ਨੂੰ ਖਾਣ ਪੀਣ ਸੌਣ ਜਾਗਣ ਦੀ ਪੂਰੀ ਖੁੱਲ੍ਹ ਸੀ।

ਇੱਕ ਵਾਰ ਦੂਜ ਦੀ ਚਾਨਣੀ ਰਾਤ ਸੀ, ਖਚਾਖਚ ਭਰੇ ਦਰਬਾਰ ਵਿੱਚ ਦਇਆ ਦੇ ਅਵਤਾਰ ਰਾਜਾ ਦੇ ਕੰਨਾਂ ਵਿੱਚ ਹੁਆਂ... ਹੁਆਂ... ਦਾ ਸ਼ੋਰ ਪਿਆ। ਦਰਬਾਰੀਆਂ ਨੂੰ ਚੁੱਪ ਕਰਨ ਦਾ ਇਸ਼ਾਰਾ ਕਰਕੇ ਕੁਝ ਦੇਰ ਪੂਰੇ ਧਿਆਨ ਨਾਲ ਇਹ ਆਵਾਜ਼ਾਂ ਸੁਣਨ ਲੱਗਾ। ਫਿਰ ਅਚਾਨਕ ਦੀਵਾਨ ਵੱਲ ਮੂੰਹ ਕਰਕੇ ਹੈਰਾਨੀ ਨਾਲ ਪੁੱਛਿਆ- ਦੀਵਾਨ ਜੀ, ਇਹ ਆਵਾਜ਼ ਅਸੀਂ ਪਹਿਲੀ ਵਾਰ ਸੁਣੀ। ਕਿਹੜੇ ਪੰਛੀ ਬੋਲ ਰਹੇ ਨੇ?

ਸਾਨ੍ਹ ਵਾਂਗ ਤਿੰਨ ਵਾਰ ਜ਼ੋਰ ਦੀ ਬੜ੍ਹਕਣ ਬਾਅਦ ਦੀਵਾਨ ਨੇ ਜਵਾਬ ਦਿੱਤਾ- ਗਿੱਦੜ ਹੁਆਂਕ ਰਹੇ ਨੇ ਅੰਨਦਾਤਾ।

ਅਬੋਧ ਬੱਚੇ ਦੀ ਉਤਸੁਕਤਾ ਨਾਲ ਰਾਜੇ ਨੇ ਪੁੱਛਿਆ- ਇਹ ਪੰਛੀ ਹੁੰਦੇ ਨੇ ਕਿ ਜਾਨਵਰ? ਸਮਝ ਗਿਆ ਕਿ ਰਾਜਾ ਜਵਾਬ ਸੁਣਨ ਲਈ ਬਹੁਤਾ ਉਤਾਵਲਾ ਹੈ ਇਸ ਕਰਕੇ ਚਤਰ ਦੀਵਾਨ ਇੱਕ ਵਾਰੀ ਬੜ੍ਹਕਣ ਪਿੱਛੋਂ ਬੋਲਿਆ- ਹਜ਼ੂਰ ਨੇ ਸਹੀ ਫਰਮਾਇਆ ਮਹਾਰਾਜ, ਗਿੱਦੜ ਜਾਨਵਰਾਂ ਦੀ ਸ਼੍ਰੇਣੀ ਵਿੱਚ ਆਉਂਦੇ ਨੇ।

-ਚੰਗੀ ਗੱਲ ਹੈ। ਸੁਣਕੇ ਖ਼ਸ਼ੀ ਹੋਈ ਪਰ ਰਾਤ ਵੇਲੇ ਇਸ ਤਰ੍ਹਾਂ ਜ਼ੋਰ ਜ਼ੋਰ ਦੀ ਚੀਕਾਂ ਕਿਉਂ ਮਾਰਦੇ ਹਨ? ਇਨ੍ਹਾਂ ਦੇ ਦਿਲ ਵਿੱਚ ਕੋਈ ਦਰਦ, ਕੋਈ ਚੀਸ ਜ਼ਰੂਰ ਹੋਣੀ ਹੈ।

ਦੀਵਾਨ ਚਤੁਰਾਈ ਵਿੱਚ ਇਹੋ ਜਿਹਾ ਕਮਾਲ ਕਿ ਹੋਰ ਕਿਸੇ ਰਾਜ ਵਿੱਚ ਉਸ ਵਰਗਾ ਨਹੀਂ ਸੀ। ਤੁਰ ਫੁਰਤ ਇੱਕ ਤਰੀਕਾ ਸੋਚ ਲਿਆ। ਰਾਜਾ ਨੂੰ ਖ਼ੁਸ਼ ਕਰਨ ਵਾਸਤੇ ਪਹਿਲਾਂ ਪੰਜ ਸੱਤ ਵਾਰ ਬੜ੍ਹਕਿਆ, ਫਿਰ ਪੂਰਨ ਨਿਮਰਤਾ ਨਾਲ ਕਹਿਣ ਲੱਗਾ- ਗਿੱਦੜ ਬਹੁਤ ਸ਼ਰੀਫ ਅਤੇ ਸੁਆਮੀ-ਭਗਤ ਹੁੰਦੇ ਨੇ ਗ਼ਰੀਬ ਨਵਾਜ! ਤੁਹਾਡੀ ਦੇਖਾ ਦੇਖੀ ਇਹ ਵੀ ਹੁਣ ਦਿਨੇ ਸੌਂਦੇ ਹਨ ਤੇ ਰਾਤ ਨੂੰ ਜਾਗਦੇ ਹਨ। ਹੁਆਂ ਹੁਆਂ ਕਰਕੇ ਇਹ ਆਪ ਜੀ ਨੂੰ ਆਪਣੇ ਜਾਗਦੇ ਰਹਿਣ ਦਾ ਸਬੂਤ ਦੇ ਰਹੇ ਨੇ।

-ਸੱਚਮੁੱਚੀ? ਖ਼ੁਸ਼ੀ ਨਾਲ ਚਹਿਕਦੇ ਰਾਜਾ ਨੇ ਜਾਣਨਾ ਚਾਹਿਆ। ਹਰੇਕ ਨਵੀਂ ਜਾਣਕਾਰੀ ਹਾਸਲ ਕਰਨ ਵਾਸਤੇ ਉਹ ਹਮੇਸ਼ਾਂ ਤਿਆਰ ਕਹਿੰਦਾ। ਉਸ ਨੂੰ ਪਤਾ ਸੀ ਸਰਕਾਰ ਨਿਪੁੰਨਤਾ ਨਾਲ ਚਲਾਉਣੀ ਹੋਵੇ ਤਾਂ ਨਵੀਨਤਮ ਜਾਣਕਾਰੀ ਲੈਣੀ ਬਹੁਤ ਜ਼ਰੂਰੀ ਹੁੰਦੀ ਹੈ।

-ਆਪ ਅੱਗੇ ਝੂਠ ਬੋਲਣ ਦੀ ਗੁਸਤਾਖੀ ਕੌਣ ਕਰ ਸਕਦਾ ਹੈ ਅੰਨਦਾਤਾ? ਮੇਰੇ ਉੱਪਰ ਰਤਾ ਵੀ ਸ਼ੱਕ ਹੈ ਤਾਂ ਬਾਕੀ ਦਰਬਾਰੀਆਂ ਤੋਂ ਪੁੱਛ ਲਵੋ ਬੇਸ਼ਕ।

ਸਾਰੇ ਸਵਾਮੀ-ਭਗਤ ਦਰਬਾਰੀਆਂ ਨੇ ਆਪੋ ਆਪਣੀਆਂ ਬੋਲੀਆਂ ਦਾ ਇਜ਼ਹਾਰ ਕਰਦਿਆਂ ਹਮਾਇਤ ਕੀਤੀ। ਪਰ ਹੈਰਾਨੀ ਦੀ ਗੱਲ ਇਹ ਕਿ ਕਿਸੇ ਵੀ ਦਰਬਾਰੀ ਦੇ ਮੂੰਹੋਂ ਹੁਆਂ... ਹੁਆਂ... ਦਾ ਅਲਾਪ ਨਹੀਂ ਸੁਣਿਆ ਤਾਂ ਰਾਜਾ ਨੂੰ ਸਾਰਿਆਂ ਉੱਪਰ ਗੁੱਸਾ ਆਇਆ। ਦੰਦ ਪੀਂਹਦਿਆਂ ਬੋਲਿਆ- ਮੇਰੇ ਰਾਜ ਵਿੱਚ ਇੱਕ ਵੀ ਸਵਾਮੀ-ਭਗਤ ਨੇਕ ਦਰਬਾਰੀ ਨਹੀਂ ਹੈ? ਤਾਂ ਹੀ ਤਾਂ ਹੁਣ ਤੱਕ ਮੈਂ ਕਿਸੇ ਦੇ ਮੂੰਹੋਂ ਗਿੱਦੜ ਦੀ ਬੋਲੀ ਨਹੀਂ ਸੁਣੀ।

-ਸ਼ਾਇਦ ਇੱਕ ਅੱਧ ਵਾਰ ਸੁਣੀ ਹੈ ਜਹਾਂ ਪਨਾਹ! ਆਪ ਕਿਸੇ ਹੋਰ ਖ਼ਿਆਲ ਵਿੱਚ ਡੁੱਬੇ ਹੋਏ ਹੋਵੋਗੇ। ਆਪ ਦਾ ਖ਼ਜਾਨਚੀ ਗਿੱਦੜ ਦੀ ਬੋਲੀ ਚੰਗੀ ਤਰਾਂ ਜਾਣਦੈ। ਪਰ ਉਹ ਬੋਲਦਾ ਬੜਾ ਘੱਟ ਹੈ। ਬੜੀ ਮੁਸ਼ਕਲ ਨਾਲ ਹੋਲੀ ਦੀਵਾਲੀ ਨੂੰ ਉਸਦਾ ਮੂੰਹ ਰਤਾ ਕੁ ਖੁੱਲ੍ਹਦਾ ਹੈ। ਦੀਵਾਨ ਵਾਸਤੇ ਖ਼ਜਾਨਚੀ ਦੀ ਹਮਾਇਤ ਕਰਨੀ ਜ਼ਰੂਰੀ ਸੀ।

ਵਾਕਈ ਖ਼ਜਾਨਚੀ ਬਹੁਤ ਘੱਟ ਬੋਲਦਾ। ਗਿੱਦੜ ਦੀ ਬੋਲੀ ਬੋਲਦਿਆਂ ਬੜਾ ਸੰਗਦਾ। ਚਤਰ ਰਾਜੇ ਨੇ ਤੁਰਤ ਇਸ ਦਾ ਹੱਲ ਕੱਢ ਲਿਆ। ਦੀਵਾਨ ਵੱਲ ਦੇਖਦਿਆਂ ਬੋਲਿਆ- ਦੀਵਾਨ ਜੀ ਤੁਹਾਨੂੰ ਹਰ ਵਕਤ ਬੋਲਣ ਦੀ ਲੋੜ ਪੈਂਦੀ ਹੈ। ਅੱਜ ਤੋਂ ਤੁਸੀਂ ਇਨ੍ਹਾਂ ਸਵਾਮੀ-ਭਗਤ ਗਿੱਦੜਾਂ ਦੀ ਬੋਲੀ ਬੋਲਣੀ ਸ਼ੁਰੂ ਕਰ ਦਿਉ ਠੀਕ ਰਹੇ। ਤੇ ਇਹ ਖ਼ਜਾਨਚੀ ਹੋਲੀ ਦਿਵਾਲੀ ਦੇ ਦਿਨ ਸਾਨ੍ਹ ਵਾਂਗ ਦਹਾੜੇ ਤਾਂ ਕੋਈ ਹਰਜ ਨਹੀਂ। ਸਾਡੇ ਰਾਜ ਵਿੱਚ ਹਰ ਕਿਸਮ ਦੇ ਜੀਵ ਚਾਹੀਦੇ ਹਨ।

ਇੱਛਾ ਨਾ ਹੁੰਦਿਆਂ ਵੀ ਦੀਵਾਨ ਨੂੰ ਰਾਜਾ ਦਾ ਹੁਕਮ ਮੰਨਣਾ ਪਿਆ। ਉਤਰੇ ਮੂੰਹ ਨਾਲ ਹੌਲ਼ੀ ਦੇ ਕੇ ਬੋਲਿਆ- ਜੋ ਆਪ ਦੀ ਆਗਿਆ।

ਗਿੱਦੜ ਫਿਰ ਜ਼ੋਰ ਜ਼ੋਰ ਨਾਲ ਹੁਆਂਕਣ ਲੱਗੇ। ਕਰੁਣਾ ਦੇ ਸਾਗਰ ਰਾਜਾ ਨੇ ਹਮਦਰਦੀ ਪ੍ਰਗਟਾਉਂਦਿਆਂ ਕਿਹਾ- ਵਿਚਾਰੇ ਸੁਆਮੀ-ਭਗਤ ਗਿੱਦੜ ਚਿਲਾਉਣ ਤੋਂ ਹਟਦੇ ਈ ਨਹੀਂ। ਮੈਨੂੰ ਤਾਂ ਇਨ੍ਹਾਂ ਦੀ ਆਵਾਜ਼ ਵਿੱਚੋਂ ਮਹਿਸੂਸ ਹੁੰਦੈ ਜਿਵੇਂ ਦੁਖੀ ਹੋਣ।

ਉਤਰਦੇ ਪੋਹ ਦੀ ਭਿਆਨਕ ਠੰਢ ਪੈ ਰਹੀ ਸੀ। ਦੀਵਾਨ ਨੇ ਤੀਹਰਾ ਕੰਬਲ ਓੜ੍ਹ ਰੱਖਿਆ ਸੀ। ਕੰਬਣ ਦਾ ਨਾਟਕ ਕਰਦਿਆਂ ਬੋਲਿਆ- ਹਜ਼ੂਰ ਦੀਆਂ ਤੇਜ਼ ਨਿਗਾਹਾਂ ਤੋਂ ਭਲਾ ਕੀ ਛੁਪ ਸਕਦਾ ਹੈ ਮਹਾਰਾਜ? ਦੁਖਿਆਰੇ ਗਿੱਦੜ ਵਿਚਾਰੇ ਸਾਰੀ ਰਾਤ ਸਰਦੀ ਨਾਲ ਕੰਬਦੇ ਰਹਿੰਦੇ ਨੇ ਤਾਂ ਵੀ ਨਾ ਕਦੀ ਸ਼ਿਕਾਇਤ ਕਰਨ, ਨਾ ਦਾਦ ਫਰਿਆਦ। ਰਾਜ ਦੇ ਖ਼ਜ਼ਾਨੇ ਵਿੱਚੋਂ ਇਨ੍ਹਾਂ ਵਾਸਤੇ ਜੇ ਲੇਫ, ਗਦੈਲਿਆਂ, ਕੰਬਲਾਂ ਦਾ ਬੰਦੋਬਸਤ ਹੋ ਜਾਵੇ ਤਾਂ ਇਨ੍ਹਾਂ ਦੀ ਤਕਲੀਫ਼ ਦੂਰ ਹੋ ਸਕਦੀ ਹੈ ਗਰੀਬ ਪਰਵਰ, ਪਰ ਕੰਬਲ ਮੋਟੇ ਹੋਣ!

ਗੱਲ ਤਾਂ ਜੋ ਕਰਨੀ ਸੀ ਕਰ ਦਿੱਤੀ ਪਰ ਭੁੱਲ ਦਾ ਅਹਿਸਾਸ ਬਾਅਦ ਵਿੱਚ ਹੋਇਆ ਕਿ ਗਿੱਦੜਾਂ ਦੀ ਬੋਲੀ ਬੋਲਣੀ ਤਾਂ ਭੁੱਲ ਹੀ ਗਿਆ। ਰਾਜਾ ਨੂੰ ਪਤਾ ਲੱਗ ਗਿਆ ਡਾਂਟ ਫਟਕਾਰ ਪਏਗੀ ਇਸ ਕਰਕੇ ਗੱਲ ਪੂਰੀ ਕਰਨ ਬਾਅਦ ਚਾਰ ਪੰਜ ਵਾਰ ਹੁਆਂਕਿਆ। ਇਸ ਪਿੱਛੋਂ ਭੁਲ ਮੁੜਕੇ ਕਦੀ ਨਹੀਂ ਹੋਈ।

ਵਿੱਚੋਂ ਟੋਕਦਿਆਂ ਰਾਜਾ ਨੇ ਕਿਹਾ- ਦੀਵਾਨ ਜੀ ਇਹੋ ਜਿਹੇ ਸੁਆਮੀ-ਭਗਤਾਂ ਦਾ ਖ਼ਿਆਲ ਰੱਖਣਾ ਤੁਹਾਡੀ ਜ਼ਿੰਮੇਵਾਰੀ ਹੈ। ਹੁਣ ਜਲਦੀ ਇਨ੍ਹਾਂ ਲਈ ਬੰਦੋਬਸਤ ਕਰੋ।

ਰਾਜਾ ਤੋਂ ਆਗਿਆ ਮਿਲ ਜਾਂਦੀ ਤਾਂ ਦੀਵਾਨ ਕਦੀ ਕੋਈ ਕਮੀ ਨਾ ਰਹਿਣ ਦਿੰਦਾ। ਉਹ ਕਿਹੜਾ ਗਿੱਦੜਾਂ ਤੋਂ ਘੱਟ ਸੁਆਮੀ ਭਗਤ ਸੀ! ਰਾਜਾ ਦੀ ਆਗਿਆ ਮਿਲੀ, ਖ਼ਜ਼ਾਨੇ ਵਿੱਚੋਂ ਧਨ ਕਢਵਾਇਆ ਤੇ ਦਰਬਾਰ ਦੇ ਗਿੱਦੜਾਂ ਨੇ ਸਾਰਾ ਕੰਮ ਇਉਂ ਉਸਤਾਦੀ ਨਾਲ ਸਿਰੇ ਚਾੜ੍ਹਿਆ ਕਿ ਰਾਜਾ ਨੂੰ ਕਿਸੇ ਗੱਲ ਦੀ ਭਿਣਕ ਨਾ ਪਈ।

ਲਗਾਤਾਰ ਸੱਤ ਦਿਨ ਰਾਜੇ ਨੇ ਗਿੱਦੜਾਂ ਦੇ ਹੁਆਂਕਣ ਦੀ ਆਵਾਜ਼ ਕੰਨ ਲਾ ਕੇ ਸੁਣਨੀ ਚਾਹੀ ਪਰ ਉਸਨੂੰ ਹੁਆਂ... ਹੁਆਂ... ਸੁਣਨ ਨੂੰ ਨਹੀਂ ਮਿਲਿਆ। ਦੀਵਾਨ ਉੱਪਰ ਬਹੁਤ ਖ਼ੁਸ਼ ਹੋ ਕੇ ਮੁਹਰਾਂ ਦੀ ਬਖ਼ਸ਼ੀਸ਼ ਦਿੱਤੀ, ਬਖ਼ਸ਼ਿਸ਼ਨਾਮਾ ਲਿਖਕੇ ਦਿੱਤਾ। ਇੰਤਜ਼ਾਮ ਹੋਵੇ ਇਹੋ ਜਿਹਾ ਹੋਵੇ। ਇਹੋ ਜਿਹਾ ਦੀਵਾਨ ਕਿਸੇ ਦੇਸ਼ ਨੂੰ ਭਾਗਾਂ ਨਾਲ ਮਿਲਿਆ ਕਰਦੈ।

ਦੀਵਾਨ ਜੀ ਦਾ ਬੰਦੋਬਸਤ ਬਿਲਕੁਲ ਸਹੀ ਸੀ ਪਰ ਇੱਕ ਰਾਤ ਫਿਰ ਹੁਆਂ... ਹੁਆਂ... ਦੀਆਂ ਆਵਾਜ਼ਾਂ ਆਉਣ ਲੱਗੀਆਂ। ਸਰਕਾਰ ਦੇ ਜਿਸ ਮਸਲੇ ਤੇ ਗੰਭੀਰ ਬਹਿਸ ਹੋ ਰਹੀ ਸੀ, ਉਸਨੂੰ ਇੱਕ ਪਾਸੇ ਕਰਦਿਆਂ ਰਾਜਾ ਨੇ ਤੁਰੰਤ ਪੁੱਛਿਆ- ਦੀਵਾਨ ਜੀ, ਧਿਆਨ ਦਿਉ, ਗਿੱਦੜ ਚੀਕ ਰਹੇ ਨੇ?

ਦੀਵਾਨ ਪਹਿਲਾਂ ਖ਼ੁਦ ਹੁਆਂਕਿਆ, ਫਿਰ ਕਿਹਾ- ਹਾਂ ਕਿਰਪਾ ਨਿਧਾਨ, ਤੁਹਾਡੇ ਵੱਲੋਂ ਕੀਤੀ ਪਛਾਣ ਕਦੇ ਗ਼ਲਤ ਨਹੀਂ ਹੋਇਆ ਕਰਦੀ।

-ਪਰ ਹੁਣ ਇਨ੍ਹਾਂ ਦੇ ਚੀਕਣ ਦਾ ਕਾਰਨ ਕੀ ਹੈ?

ਦੀਵਾਨ ਕਿਸੇ ਜਵਾਬ ਬਾਰੇ ਸੋਚ ਹੀ ਰਿਹਾ ਸੀ ਕਿ ਉਸਦੇ ਬੋਲਣ ਤੋਂ ਪਹਿਲਾਂ ਹੀ ਰਾਜ ਕਵੀ ਨੇ ਮਿਆਊਂ ਮਿਆਊਂ ਕੀਤਾ, ਫਿਰ ਕਿਹਾ- ਗ਼ਰੀਬ ਪਰਵਰ ਬਾਹਰ ਠੰਢ ਏਨੀ ਪੈ ਰਹੀ ਹੈ ਕਿ ਅੱਗ ਨੂੰ ਵੀ ਕਾਂਬਾ ਛਿੜ ਜਾਵੇ। ਸਿਰਫ਼ ਕੱਪੜਿਆਂ ਨਾਲ ਪੂਰਾ ਨਹੀਂ ਪੈਂਦਾ। ਇਕੱਠੇ ਹੋ ਕੇ ਛੋਟੇ ਮੋਟੇ ਮਕਾਨਾਂ ਵਾਸਤੇ ਫਰਿਆਦ ਕਰ ਰਹੇ ਨੇ।

-ਫਿਰ ਇਸ ਵਿੱਚ ਪੁੱਛਣ ਗਿੱਛਣ ਦੀ ਕੀ ਲੋੜ? ਤੁਹਾਨੂੰ ਪਤਾ ਨਹੀਂ ਸੀ ਸਰਦੀ ਆਏਗੀ? ਇਨ੍ਹਾਂ ਵਾਸਤੇ ਮਕਾਨਾਂ ਦਾ ਬੰਦੋਬਸਤ ਪਹਿਲਾਂ ਕਰਨਾ ਚਾਹੀਦਾ ਸੀ। ਪਸ਼ੂਆਂ ਪੰਛੀਆਂ ਦਾ ਰਾਜਾ ਮੈਂ ਪਹਿਲਾਂ ਹਾਂ, ਮਨੁੱਖਾਂ ਦਾ ਬਾਅਦ ਵਿੱਚ। ਸਮਝੇ ਕਿ ਨਹੀਂ?

-ਜੈ ਹੋਵੇ, ਰਾਜ ਰਾਜੇਸ਼ਵਰ ਦੀ ਜੈ ਜੈ ਕਾਰ! ਆਪ ਵਰਗੇ ਦਿਆਲੂ ਰਾਜਾ ਸੱਤ ਜਨਮ ਦੀ ਤਪੱਸਿਆ ਕਰਨ ਤੋਂ ਬਾਅਦ ਨਸੀਬ ਹੁੰਦੇ ਨੇ।

ਰਾਜ ਵਿਆਸ ਤਿੰਨ ਵਾਰ ਕਾਂ ਕਾਂ ਕਰਨ ਪਿੱਛੋਂ ਬੋਲਿਆ- ਆਪਦੀ ਆਗਿਆ ਬਿਨ ਕਿਸ ਦੀ ਹਿੰਮਤ ਮਹਾਰਾਜ ਇੱਕ ਪੈਸਾ ਵੀ ਖ਼ਰਚ ਸਕੇ? ਹੁਣ ਆਪ ਹੁਕਮ ਕਰੋ, ਮਕਾਨ ਤਿਆਰ ਕਰਵਾ ਦਿਆਂਗੇ।

ਜਨਾਨਖ਼ਾਨੇ ਦੇ ਨਾਜਰ ਨੇ ਭੇਡ ਭਾਂਗ ਤਿੰਨ ਵਾਰ ਮੇਂ... ਮੇਂ... ਕਰਨ ਪਿੱਛੋਂ ਕਿਹਾ- ਅੰਨਦਾਤਾ ਗਿੱਦੜਾਂ ਵਾਸਤੇ ਵੱਖ ਵੱਖ ਮਕਾਨ ਬਣਾ ਕੇ ਦੇਣ ਦੀ ਕੀ ਲੋੜ? ਇਨ੍ਹਾ ਵਾਸਤੇ ਤਾਂ ਵੀਹ ਪੱਚੀ ਕਰਮ ਲੰਮਾ ਸੁਰੰਗ ਵਰਗਾ ਗਿੱਦੜਵਾੜਾ ਬਣ ਜਾਏ ਕਾਫ਼ੀ ਰਹੇ!

ਰਾਜਾ ਤਾੜੀ ਵਜਾ ਕੇ ਜ਼ੋਰ ਜ਼ੋਰ ਦੀ ਹੱਸਿਆ, ਕਿਹਾ- ਨਾਜਰ ਜੀ ਤੁਸੀਂ ਵੀ ਕਿੰਨੀਆਂ ਭੋਲੀਆਂ ਗੱਲਾਂ ਕਰਦੇ ਹੋ। ਤੁਹਾਡੇ ਵਾਂਗ ਗਿੱਦੜ ਨਪੁੰਸਕ ਥੋੜ੍ਹੇ ਹਨ? ਗਿੱਦੜ ਗਿੱਦੜੀਆਂ ਵਾਸਤੇ ਅੱਡੋ ਅੱਡ ਰੰਗ ਮਹਿਲ ਹੋਣੇ ਚਾਹੀਦੇ ਨੇ!

ਨਾਜਰ ਜੀ ਨੂੰ ਮਰਦ ਬੋਲ ਬੋਲਣ ਦੀ ਮਨਾਹੀ ਸੀ। ਬੱਕਰੀ, ਗਾਂ, ਮੱਝ, ਭੇਡ ਆਦਿਕ ਮਾਦਾ ਪ੍ਰਾਣੀਆਂ ਦੀ ਆਵਾਜ਼ ਕੱਢਣ ਦਾ ਅਧਿਕਾਰ ਸੀ। ਪੰਛੀਆਂ ਦੀਆਂ ਬਹੁਤੀਆਂ ਨਸਲਾਂ ਵਿੱਚ ਨਰ ਮਾਦਾ ਦੀ ਪਛਾਣ ਕਰਨੀ ਔਖੀ ਹੁੰਦੀ ਹੈ ਇਸ ਕਰਕੇ ਦੀਵਾਨ ਦੇ ਕਹਿਣ ਤੇ ਉਸ ਨੂੰ ਬੋਲਣ ਤੋਂ ਰੋਕ ਦਿੱਤਾ ਸੀ।

ਰਾਜਾ ਦਾ ਹੁਕਮ ਮਿਲਣ ਸਾਰ ਗਿੱਦੜਾਂ ਵਾਸਤੇ ਅੱਡੋ ਅੱਡ ਫਲੈਟਾਂ ਦੀ ਉਸਾਰੀ ਹੋਣ ਲੱਗੀ, ਖ਼ਜ਼ਾਨਾ ਘਟਣ ਲੱਗਾ, ਘਟਣਾ ਹੀ ਸੀ। ਰਾਤ ਦਿਨ ਇੱਕ ਕਰਕੇ ਨਿਰਮਾਣ ਕਾਰਜ ਸਿਰੇ ਚਾੜ੍ਹਿਆ। ਚੁਸਤ ਦਰੁਸਤ ਰਾਜਾ ਦੋ ਹਫ਼ਤੇ ਪੂਰੇ ਧਿਆਨ ਨਾਲ ਸੁਣਦਾ ਰਿਹਾ ਪਰ ਗਿੱਦੜਾਂ ਦਾ ਹੁਆਂਕਣਾ ਨਹੀਂ ਸੁਣਿਆ। ਦੀਵਾਨ ਦੀ ਨਿਪੁੰਨਤਾ ਦੇਖਦਿਆਂ ਉਸਨੂੰ ਅਸ਼ਵ-ਸਿਰੋਪਾ ਬਖ਼ਸ਼ਿਸ਼ ਹੋਇਆ, ਯਾਨੀ ਕਿ ਘੋੜਾ ਅਤੇ ਸਨਮਾਨ ਪੱਤਰ।

ਰਾਜਾ ਤਾਂ ਸ਼ਰੇਆਮ ਦਰਬਾਰ ਵਿੱਚ ਦੀਵਾਨ ਨੂੰ ਹੀ ਬਖ਼ਸ਼ੀਸ਼ ਦਿਆ ਕਰਦਾ ਪਰ ਨਿਰਪੱਖ ਤਿਆਗੀ ਦੀਵਾਨ ਚੁੱਪਚਾਪ ਅੰਦਰਖਾਤੇ ਬਾਕੀ ਦਰਬਾਰੀਆਂ ਵਿੱਚ ਵੀ ਸਨਮਾਨ ਵਿੱਚੋਂ ਰਕਮ ਵੰਡ ਦਿੰਦਾ। ਸਾਰੇ ਸੰਤੁਸ਼ਟ। ਬੈਕੁੰਠ ਵਿੱਚ ਤਾਂ ਹੀ ਜਾ ਸਕਦੇ ਹੋ ਜੇ ਮਿਲਜੁਲ ਕੇ ਬੈਠੋਗੇ ਮਿਲਜੁਲ ਕੇ ਖਾਉਗੇ! ਵੱਡੇ ਪ੍ਰਾਜੈਕਟ ਆਖ਼ਰ ਬਹੁਤ ਸਾਰੇ ਸਹਿਯੋਗੀਆਂ ਦੀ ਮਦਦ ਨਾਲ ਪੂਰੇ ਹੋਇਆ ਕਰਦੇ ਨੇ। ਬਸ ਜਸ ਦਾ ਸਿਹਰਾ ਇਕੱਲੇ ਦੀਵਾਨ ਦੇ ਸਿਰ ਬੰਨ੍ਹਿਆ ਜਾਂਦਾ।

ਦੀਵਾਨ ਦੇ ਸਹੀ ਬੰਦੋਬਸਤ ਵਿੱਚ ਕਦੇ ਬੇਧਿਆਨੀ ਨਹੀਂ ਹੁੰਦੀ ਸੀ। ਮਹੀਨੇ ਦੀ ਸੋਲ੍ਹਵੀਂ ਅੱਧੀ ਰਾਤ ਢਲਣ ਤੇ ਰਾਜੇ ਦੇ ਕੰਨਾਂ ਵਿੱਚ ਫਿਰ ਉਹੀ ਹੁਆਂ... ਹੁਆਂ... ਦੀ ਆਵਾਜ਼ ਪਈ। ਰਾਜੇ ਦੇ ਮੱਥੇ ਉੱਪਰ ਤਿਉੜੀਆਂ ਉਭਰ ਆਈਆਂ... ਮੁਲਾਜ਼ਮਾਂ ਨੇ ਉਸਾਰੀ ਵਿੱਚ ਢਿੱਲ ਕਰ ਦਿੱਤੀ ਹੋਣੀ! ਅੱਖਾਂ ਵਿੱਚ ਗ਼ੁੱਸਾ ਉਤਰ ਆਇਆ, ਕੜਕ ਕੇ ਦੀਵਾਨ ਨੂੰ ਪੁੱਛਿਆ- ਏਨਾ ਸਮਾਂ ਬੀਤ ਗਿਆ ਅਜੇ ਤੱਕ ਮਕਾਨ ਬਣੇ ਨਹੀਂ?

ਦੀਵਾਨ ਤੋਂ ਪਹਿਲੋਂ ਰਾਜਮੁਨੀਮ ਕਾਫ਼ੀ ਦੇਰ ਤੱਕ ਕੁੱਤੇ ਵਾਂਗ ਭੌਂਕਿਆ, ਫਿਰ ਹੋਠਾਂ ਉੱਪਰ ਮੁਸਕਾਨ ਲਿਆ ਕੇ ਬੋਲਿਆ- ਅੰਨਦਾਤਾ ਆਪ ਦੇ ਹੁਕਮ ਮੂਜਬ ਨਿਰਮਾਣ ਕਾਰਜ ਵਿੱਚ ਕੋਈ ਕਮੀ ਨਹੀਂ ਰਹੀ। ਹੁਣ ਤਾਂ ਉਹ ਬਸ ਏਨੀ ਫਰਿਆਦ ਕਰ ਰਹੇ ਨੇ ਕਿ ਸਾਡਾ ਵਿਆਹ ਕਰ ਦਿਉ।

ਉਤੇਜਤ ਹੋ ਕੇ ਰਾਜਾ ਨੇ ਪੁੱਛਿਆ- ਕਿਉਂ? ਹੁਣ ਤੱਕ ਇਨ੍ਹਾਂ ਦਾ ਵਿਆਹ ਹੋਇਆ ਕਿਉਂ ਨੀ? ਇਹ ਗੱਲ ਸਾਡੇ ਨਾਲ ਪਹਿਲੋਂ ਕਰਨੀ ਬਣਦੀ ਸੀ। ਤੁਸਾਂ ਲੋਕਾਂ ਨੂੰ ਤਾਂ ਆਪਣੇ ਨੱਕ ਤੋਂ ਅੱਗੇ ਕੁਝ ਦਿਖਦਾ ਈ ਨਹੀਂ। ਅਸੀਂ ਇਕੱਲੇ ਕਿਸ ਕਿਸ ਗੱਲ ਵੱਲ ਧਿਆਨ ਦੇਈਏ?

ਦੀਵਾਨ ਨਾਲ ਅੱਖ ਮਿਲਦਿਆਂ ਹੀ ਇਸ ਵਾਰ ਖ਼ਜਾਨਚੀ ਨੇ ਜ਼ੋਰ ਦੀ ਦੜੂਕਣ ਦੀ ਆਵਾਜ਼ ਕੱਢੀ- ਮਾਲਕ! ਸਾਰੇ ਮਾਮਲਿਆਂ ਦਾ ਧਿਆਨ ਤਾਂ ਤੁਹਾਨੂੰ ਹੀ ਰੱਖਣਾ ਪਏਗਾ। ਨੌ ਲੱਖ ਤਾਰਿਆਂ ਵਿੱਚ ਉਹ ਰੌਸ਼ਨੀ ਕਿੱਥੇ ਜਿਹੜੀ ਇਕੱਲੇ ਚੰਦ ਵਿੱਚ ਪੂਰਨਮਾਸ਼ੀ ਦੀ ਰਾਤ ਨੂੰ ਹੁੰਦੀ ਹੈ? ਅੰਨਦਾਤਾ, ਤੁਸੀਂ ਹੀ ਫਰਮਾਉ, ਕੀ ਪੂਰਬ ਵਿੱਚੋਂ ਕਦੀ ਦੋ ਸੂਰਜ ਵੀ ਉਦਯ ਹੋਇਆ ਕਰਦੇ ਨੇ?

ਅਨੰਦਿਤ ਹੋ ਕੇ ਰਾਜਾ ਮੁਸਕਾਂਦਿਆਂ ਬੋਲਿਆ- ਖ਼ਜਾਨਚੀ ਪੱਠਾ ਬੋਲਦਾ ਤਾਂ ਕੇਵਲ ਤਿੱਥ ਤਿਉਹਾਰ ਨੂੰ ਹੀ ਹੈ ਪਰ ਗੱਲ ਅਕਲ ਦੀ ਕਰਦੈ। ਮੇਰੀ ਸਮਝ ਵਿੱਚ ਨਹੀਂ ਆਈ ਇਹ ਗੱਲ ਕਿ ਵਿਚਾਰੇ ਗਿੱਦੜਾਂ ਨੂੰ ਹੁਣ ਤੱਕ ਬ੍ਰਹਮਚਾਰੀ ਰੱਖਿਆ ਕਿਉਂ?

ਇਸ ਵਾਰ ਸੈਨਾਪਤੀ ਦੇਰ ਤੱਕ ਗਧੇ ਵਾਂਗ ਢੇਂਚੂ... ਢੇਂਚੂ... ਹਿਣਕਦਾ ਰਿਹਾ। ਫਿਰ ਪੰਘੂਰਾ ਮਾਰਕੇ ਬੁਲੰਦ ਆਵਾਜ਼ ਵਿੱਚ ਬੋਲਿਆ- ਸੌ ਨਰ ਗਿੱਦੜਾਂ ਵਿੱਚ ਇੱਕ ਮਾਦਾ ਗਿਦੜੀ ਮਸਾਂ ਮਿਲਦੀ ਹੈ ਹਜ਼ੂਰ। ਆਪਣੀ ਸਰਕਾਰ ਵਾਂਗ ਇਨ੍ਹਾਂ ਵਿੱਚ ਵੀ ਇੱਕ ਨਰ ਇੱਕ ਮਾਦਾ ਨਾਲ ਵਿਆਹ ਕਰਾਉਂਦਾ ਹੈ, ਬਾਕੀ ਨੜਿਨਵੇਂ ਗਿੱਦੜ ਤਾਂ ਗਿਦੜੀ ਦਾ ਮੂੰਹ ਵੀ ਨਹੀਂ ਦੇਖਦੇ।

ਵਿਚਕਾਰੋਂ ਹੀ ਉਤੇਜਤ ਹੋ ਕੇ ਰਾਜਾ ਬੋਲਿਆ- ਇਸ ਵਿੱਚ ਇੰਨੀ ਸੋਚ ਵਿਚਾਰ ਦੀ ਕੀ ਲੋੜ? ਆਪਣੇ ਰਾਜ ਦੀਆਂ ਕੁਆਰੀਆਂ ਕੰਨਿਆਵਾਂ ਗਿੱਦੜਾਂ ਨਾਲ ਵਿਆਹ ਦਿਉ...!

ਤਿੰਨ ਵਾਰ ਹਿਣਕਣ ਪਿੱਛੋਂ ਸੈਨਾਪਤੀ ਫਿਰ ਬੋਲਿਆ- ਆਪਣੇ ਦੇਸ਼ ਦੀਆਂ ਕੰਨਿਆ ਦੇਵੀਆਂ ਦਾ ਸਰਾਪ ਆਪ ਨਾ ਹੀ ਲਵੋ ਤਾਂ ਚੰਗਾ ਰਹੇ। ਆਪ ਦੀ ਆਗਿਆ ਹੋਵੇ ਤਾਂ ਮੈਂ ਆਲ਼ੇ ਦੁਆਲ਼ੇ ਦ ੇ ਦੇਸ਼ਾਂ ਦੀਆਂ ਕੰਨਿਆਵਾਂ ਖੋਹ ਲਿਆਉਨਾ? ਆਪਦੇ ਰਹਿੰਦਿਆਂ ਆਪਣੀ ਫ਼ੌਜ ਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ। ਜਾਂ ਫਿਰ ਇੱਕ ਤਰੀਕਾ ਹੋਰ ਵੀ ਹੈ। ਗਵਾਂਢੀ ਅਪਾਹਜ ਤੇ ਕੁੱਬਾ ਰਾਜਾ ਦੇਸ਼ ਦੀਆਂ ਕੁੜੀਆਂ ਆਮ ਵੇਚਦੈ, ਉਹਦੇ ਤੋਂ ਖ਼ਰੀਦ ਲਿਆਉਨਾ। ਇੱਕੀ ਮੁਹਰਾਂ ਨਾਲ ਜਿਹੋ ਜਿਹੀ ਮਰਜ਼ੀ ਸੁਹਣੀ ਕੁੜੀ ਖ਼ਰੀਦ ਲਿਆਉ, ਕਿਉਂ ਅੰਨਦਾਤਾ?

ਜੰਗਲੀ ਬਿੱਲੇ ਵਾਂਗ ਗੁਰਰਾਉਣ ਬਾਅਦ ਰਾਜ ਪੁਰੋਹਿਤ ਬੋਲਿਆ- ਜਿਹੜੀ ਚੀਜ਼ ਖੁੱਲ੍ਹੇ ਬਾਜ਼ਾਰ ਵਿਕਦੀ ਮਿਲਦੀ ਹੈ ਉਸ ਵਾਸਤੇ ਬਿਨ ਮਤਲਬ ਫ਼ੌਜਾਂ ਚਾੜ੍ਹਨ ਦਾ ਕੀ ਅਰਥ?

ਰਾਜ ਪੁਰੋਹਿਤ ਨੂੰ ਸ਼ਾਬਾਸ਼ ਦੇਣ ਪਿੱਛੋਂ ਰਾਜਾ ਨੇ ਦੀਵਾਨ ਨੂੰ ਹੁਕਮ ਦਿੱਤਾ- ਹੁਣ ਫਿਰ ਇੱਥੇ ਖੜ੍ਹੇ ਖੜ੍ਹੇ ਮੇਰਾ ਮੂੰਹ ਕੀ ਦੇਖ ਰਹੇ ਹੋ? ਮੇਰੇ ਰਾਜ ਵਿਚਲਾ ਕੋਈ ਗਿੱਦੜ ਬ੍ਰਹਮਚਾਰੀ ਨਹੀਂ ਰਹਿਣਾ ਚਾਹੀਦਾ। ਕਿਸੇ ਨੇ ਗ਼ੈਰ ਜ਼ਿੰਮੇਵਾਰੀ ਦਿਖਾਈ ਉਸ ਦੀ ਖ਼ੈਰ ਨਹੀਂ! ਤੁਹਾਨੂੰ ਪਤੈ ਮਾਮੂਲੀ ਭੁੱਲ ਚੁੱਕ ਵੀ ਮੈਂ ਮਾਫ਼ ਨਹੀਂ ਕਰਿਆ ਕਰਦਾ!

ਮਿਆਊਂ ਮਿਆਊਂ ਕਰਨ ਬਾਅਦ ਰਾਜਕਵੀ ਕੜਕਵੀਂ ਆਵਾਜ਼ ਵਿੱਚ ਬੋਲਿਆ- ਜਾਣਦੇ ਹਾਂ ਗ਼ਰੀਬ ਪਰਵਰ, ਚੰਗੀ ਤਰ੍ਹਾਂ ਜਾਣਦੇ ਹਾਂ। ਆਪ ਦੇ ਇਸ ਮਹਾਨ ਗੁਣ ਦਾ ਕਿਸਨੂੰ ਨਹੀਂ ਪਤਾ? ਜਿਸ ਪਾਸ ਦੋ ਸਿਰ ਹੋਣ ਉਹ ਆਪਦੇ ਹੁਕਮ ਦੀ ਉਲੰਘਣਾ ਕਰੇ! ਇਸੇ ਕਰਕੇ ਤਾਂ ਪੜੌਸੀ ਰਾਜੇ ਆਪ ਤੋਂ ਥਰ ਥਰ ਕੰਬਦੇ ਹਨ।

ਰਾਜ ਦੇ ਸਾਰੇ ਦਰਬਾਰੀ ਰਾਜੇ ਦੀ ਨਸ ਨਸ ਤੋਂ ਵਾਕਫ! ਫਿਰ ਕਿਸ ਚੀਜ਼ ਦੀ ਢਿੱਲ? ਰਾਜ ਦੇ ਉਹੀ ਘੋੜੇ, ਉਹੀ ਕਮਲੇ ਸਵਾਰ! ਜਿਹੋ ਜਿਹਾ ਅਕਲਮੰਦ ਤੇਜ਼ ਤਰਾਰ ਰਾਜਾ ਮਿਲਿਆ, ਕੋਈ ਪਿੱਛੇ ਨਹੀਂ ਰਹਿਣਾ ਚਾਹੁੰਦਾ। ਸਿਰ ਮੁਨਾਣ ਵਿੱਚ, ਸੇਹਲੀਆਂ, ਪਲਕਾਂ ਸਫ਼ਾਚੱਟ ਕਰਵਾਉਣ ਵਿੱਚ, ਡੰਗਰਾਂ ਵਾਂਗ ਚਾਰ ਪੈਰਾਂ ਸਹਾਰੇ ਚੱਲਣ ਵਿੱਚ, ਪਸ਼ੂ ਪੰਛੀਆਂ ਦੀਆਂ ਆਵਾਜ਼ਾਂ ਕੱਢਣ ਵਿੱਚ ਜੇ ਮਨਇਛਿਤ ਫਾਇਦੇ ਮਿਲਦੇ ਹੋਣ ਤਾਂ ਕਿਸੇ ਨੂੰ ਕੋਈ ਦੁਬਿਧਾ ਨਹੀਂ। ਕਲਜੁਗ ਵਿੱਚ ਏਕਾ ਚਾਹੀਦੈ ਬਸ!

ਡੇਢ ਮਹੀਨੇ ਤੱਕ ਰਾਜੇ ਦੇ ਕੰਨਾਂ ਵਿੱਚ ਗਿੱਦੜਾਂ ਦੇ ਕੁਰਲਾਣ ਦੀ ਭਿਣਕ ਨਹੀਂ ਪਈ। ਵਿਚਾਰੇ ਗਿੱਦੜ ਨਾਸ਼ੁਕਰੇ ਤਾਂ ਨਹੀਂ ਨਾ। ਕਿੰਨੇ ਸੰਤੋਖੀ, ਕਿੰਨੇ ਅਦਬ ਨਾਲ ਪੇਸ਼ ਆਉਣ ਵਾਲੇ! ਵਿਆਹਾਂ ਦੀਆਂ ਰੰਗਰਲੀਆਂ ਵਿੱਚ ਮਸਤ! ਹੋਰ ਗੱਲਾਂ ਵੱਲ ਧਿਆਨ ਹੀ ਨਹੀਂ। ਤੇ ਦੀਵਾਨ? ਇਹੋ ਜਿਹਾ ਸਮਝਦਾਰ ਦੀਵਾਨ ਸੂਰਜ ਨੂੰ ਵੀ ਨਾ ਲੱਭੇ! ਗਲੇ ਲਾ ਕੇ ਰਾਜਾ ਨੇ ਉਸਨੂੰ ਹਾਥੀ ਸਿਰੋਪਾ ਦਿੱਤਾ। ਦਰਬਾਰ ਵਿੱਚ ਖ਼ੁਸ਼ੀਆਂ ਦਾ ਜਿਵੇਂ ਤੂਫ਼ਾਨ ਆ ਗਿਆ ਹੋਵੇ? ਦੀਵਾਨ ਨੇ ਸ਼ਾਨਦਾਰ ਦਾਅਵਤ ਦਿੱਤੀ, ਰਾਜਾ ਨੇ ਵੀ ਸ਼ਾਮਲ ਹੋਣਾ ਮਨਜ਼ੂਰ ਕਰ ਲਿਆ। ਕਾਬਲ ਦਰਬਾਰੀਆਂ ਦੀ ਸ਼ਾਨੋਸ਼ੌਕਤ ਵਿੱਚ ਸ਼ਾਮਲ ਨਾ ਹੋਵੇ ਫਿਰ ਰਾਜਾ ਕਾਹਦਾ? ਹਰੇਕ ਯੋਗ ਰਾਜ ਦਾ ਸ਼ਾਮਿਆਨਾ ਯੋਗ ਅਫ਼ਸਰਾਂ ਦੇ ਮੋਢਿਆਂ ਤੇ ਕੀ ਟਿਕਦਾ ਹੁੰਦਾ ਹੈ।

ਪਰ ਬੇਹੱਦ ਹੈਰਾਨੀ ਫਿਰ ਹੋਈ ਕਿ ਅੱਧੀ ਰਾਤ ਬੀਤਣ ਪਿੱਛੋਂ ਇੱਕ ਵਾਰ ਫੇਰ ਗਿੱਦੜਾਂ ਦ ੇ ਹੁਆਂਕਣ ਦਾ ਸ਼ੋਰ ਸੁਣਾਈ ਦਿੱਤਾ। ਤੈਸ਼ ਵਿੱਚ ਆ ਕੇ ਰਾਜਾ ਨੇ ਦੀਵਾਨ ਤੋਂ ਕਾਰਨ ਪੁੱਛਿਆ। ਇਸ ਹੱਲੇ ਗੁੱਲੇ ਵਿੱਚ ਦੀਵਾਨ ਵੀ ਏਨਾ ਹੁਆਂਕਣ ਲੱਗਿਆ ਕਿ ਰੁਕੇ ਈ ਨਾ। ਆਖ਼ਰ ਖਿਝ ਕੇ ਰਾਜਾ ਨੇ ਕਿਹਾ- ਹੁਣ ਚੁੱਪ ਵੀ ਕਰੋ। ਮੈਨੂੰ ਮਤਲਬ ਦੱਸੋ ਹੁਣ ਕੀ ਘਾਟ ਹੈ, ਗਿੱਦੜ ਕਿਉਂ ਹੁਆਂਕ ਰਹੇ ਨੇ?

ਦੀਵਾਨ ਨੇ ਕਿਹਾ- ਹਜ਼ੂਰ ਭੁੱਖੇ ਨੇ, ਤਾਂ ਹੀ ਵਿਲਕ ਰਹੇ ਨੇ। ਸੁਣਨਸਾਰ ਰਾਜਾ ਅੱਗ ਬਗੂਲਾ ਹੋ ਗਿਆ। ਫਟਕਾਰਦਿਆਂ ਕਿਹਾ- ਤੁਸਾਂ ਲੋਕਾਂ ਨੂੰ ਏਨੀ ਅਕਲ ਨਹੀਂ ਕਿ ਮੇਰੀ ਸਲਾਹ ਬਗ਼ੈਰ ਵੀ ਕੋਈ ਕੰਮ ਆਪ ਕਰ ਸਕੋ? ਸਿਆਣੇ ਗਿੱਦੜ ਮੇਰੇ ਕਰਕੇ ਚੁੱਪ ਰਹਿੰਦੇ ਨੇ, ਤੁਹਾਡੇ ਵਰਗੇ ਮੁਲਾਜ਼ਮਾਂ ਨੂੰ ਦੋ ਦਿਨ ਰੋਟੀ ਨਾ ਮਿਲੇ ਆਸਮਾਨ ਸਿਰ ਤੇ ਚੁੱਕ ਲਵੋ। ਹੁਣ ਇੱਕ ਪਲ ਦੀ ਦੇਰ ਵੀ ਨਾ ਕਰੋ। ਅਨਾਜ ਅਤੇ ਗੁੜ ਨਾਲ ਉਨ੍ਹਾਂ ਦੇ ਤਹਿਖਾਨੇ ਭਰ ਦਿਉ ਤੇ ਹਿਸਾਬ ਸਿਰ ਦਾ ਤੇਲ ਘਿਉ। ਹੋਰ ਲੋੜ ਪਏ ਅੱਗਾ ਪਿੱਛਾ ਨਹੀਂ ਦੇਖਦਾ। ਸਮਝ ਗਏ?

ਦੇਸ ਦੇ ਮਾਲਕ ਦਾ ਹੁਕਮ ਹੋ ਗਿਆ ਤਾਂ ਆਗਿਆ ਮੰਨਣ ਵਿੱਚ ਦਰਬਾਰੀ ਕਿਉਂ ਪਿੱਛ ੇ ਰਹਿੰਦੇ? ਖ਼ਜ਼ਾਨਾ ਤੇਜ਼ੀ ਨਾਲ ਘਟਣ ਲੱਗਾ। ਖ਼ਜ਼ਾਨਾ ਦੁਬਾਰਾ ਭਰਿਆ ਜਾਏਗਾ। ਹੁਣ ਤਾਂ ਗਿੱਦੜ ਉਸ ਪਿੱਛੋਂ ਹੀ ਅਰਦਾਸ ਕਰਨਗੇ! ਇਉਂ ਸੱਤ ਅੱਠ ਮਹੀਨਿਆਂ ਤੱਕ ਜੰਗਲ ਵਿੱਚ ਸੰਨਾਟਾ ਛਾ ਗਿਆ। ਦਿਆਲੂ ਰਾਜਾ ਉਨ੍ਹਾਂ ਦੀ ਆਵਾਜ਼ ਉਡੀਕਦਾ ਪਰ ਵਿਅਰਥ! ਕਿਸੇ ਚੀਜ਼ ਦੀ ਕਮੀ ਹੋਵੇ ਤਾਂ ਰੌਲ਼ਾ ਪਾਉਣ, ਖਾਹ ਮਖਾਹ ਕਿਉਂ?

ਲੇਕਿਨ ਵਿਆਹ ਦੇ ਨੌ ਮਹੀਨਿਆਂ ਬਾਅਦ ਫਿਰ ਉਹੀ ਹੁਆਂ... ਹੁਆਂ... ਦਾ ਸ਼ੋਰ! ਰਾਜਾ ਦੀ ਹੈਰਾਨੀ ਦੀ ਕੋਈ ਹੱਦ ਨਾਂ। ਉਚੀ ਸੁਰ ਵਿੱਚ ਗੱਜਦਿਆਂ ਪੜਤਾਲ ਦਾ ਹੁਕਮ ਹੋਇਆ। ਗਊ ਵਾਂਗ ਰੰਭਣ ਪਿੱਛੋਂ ਨੱਚਦਾ ਹੋਇਆ ਨਾਜਰ ਬੋਲਿਆ- ਅੰਨਦਾਤਾ ਇਨ੍ਹਾਂ ਅਮੀਰਜ਼ਾਦਿਆਂ ਨੂੰ ਦਸਦਿਆਂ ਸੰਕੋਚ ਹੋ ਰਿਹੈ, ਮੈਂ ਦੱਸ ਦਿੰਨਾ- ਹਰੇਕ ਗਿਦੜੀ ਨੇ ਇੱਕੋ ਦਿਨ ਬੱਚਿਆਂ ਨੂੰ ਜਨਮ ਦਿੱਤੇ ਹਨ। ਇਨ੍ਹਾਂ ਦੇ ਘਰ ਵਧੇ ਹਨ ਨਾ ਮਹਾਰਾਜ, ਪੰਜੀਰੀ ਮੰਗ ਰਹੇ ਹਨ।

ਰਾਜਾ ਨੇ ਮੁਸਕਾਂਦਿਆਂ ਕਿਹਾ- ਵਿਆਹ ਹੋਣ ਪਿੱਛੋਂ ਬੱਚੇ ਤਾਂ ਹੋਣਗੇ ਹੀ। ਪ੍ਰਸੂਤ ਪੀੜਾਂ ਕਰਕ ੇ ਗਿਦੜੀਆਂ ਰੋਂਦੀਆਂ ਰਹੀਆਂ ਹੋਣਗੀਆਂ ਤੇ ਤੁਹਾਨੂੰ ਕੋਈ ਪਰਵਾਹ ਨਹੀਂ? ਉਨ੍ਹਾਂ ਦੀ ਦੁਰਸੀਸ ਲੱਗ ਗਈ ਤਾਂ ਕੋਹੜ ਪੈ ਕੇ ਮਰੋਗੇ ਸਾਰੇ। ਹੁਣੇ ਦੱਸ ਦਿੱਤਾ ਤੁਹਾਨੂੰ। ਹੁਣ ਫੁਰਤੀ ਕਰੋ। ਸੁੰਢ, ਜਵੈਣ, ਗੂੰਦ, ਖੰਡ, ਗੋਕਾ ਘਿਉ, ਨਾਰੀਅਲ, ਬਦਾਮ, ਦਾਖਾਂ ਸਭ ਮੰਗਵਾ ਕੇ ਪੰਜੀਰੀ ਤਿਆਰ ਕਰਵਾਉ। ਮਾੜੀ ਮੋਟੀ ਕਸਰ ਵੀ ਰਹਿ ਗਈ, ਮੈਥੋਂ ਬੁਰਾ ਕੋਈ ਨਹੀਂ ਫੇਰ। ਇੱਕ ਨੂੰ ਵੀ ਮਾਫ਼ ਨਹੀਂ ਕਰਾਂਗਾ। ਯਾਦ ਰੱਖੋਗੇ।

ਇਹੋ ਜਿਹੇ ਇਨਸਾਫ਼ ਪਸੰਦ ਰਾਜਾ ਦੇ ਹੁਕਮ ਦੀ ਤਾਮੀਲ ਕਿਵੇਂ ਨਾ ਹੁੰਦੀ! ਸਾਰੇ ਇੱਕ ਤੋਂ ਵਧਕੇ ਇੱਕ ਤਾਬਿਆਦਾਰ! ਫਲਸਰੂਪ ਖ਼ਜ਼ਾਨਾ ਤਾਂ ਜਿਵੇਂ ਹਵਨਕੁੰਡ ਵਿੱਚ ਜਾ ਪਿਆ ਹੋਵੇ! ਪਰ ਹਠੀ ਗਿੱਦੜਾਂ ਨੇ ਫੇਰ ਵੀ ਆਪਣਾ ਹਠ ਨਾ ਤਿਆਗਿਆ। ਸੱਤਵੇਂ ਦਿਨ ਫੇਰ ਉਹੀ ਹੁਆਂ... ਹੁਆਂ...! ਏਨੀ ਉੱਚੀ ਆਵਾਜ਼ ਕਿ ਆਸਮਾਨੀ ਗੂੰਜ!

ਮੁੱਛਾਂ ਕੁੰਢੀਆਂ ਕਰਦਿਆਂ ਰਾਜਾ ਨੇ ਕੜਕਦੀ ਆਵਾਜ਼ ਵਿੱਚ ਫਿਰ ਪੁੱਛਿਆ। ਪਸ਼ੂ ਪੰਛੀਆਂ ਵਾਂਗ ਆਵਾਜ਼ਾਂ ਕਢਦੇ ਦਰਬਾਰੀਆਂ ਨੇ ਕਿਹਾ- ਮਹਾਰਾਜ ਹੁਣ ਨਹੀਂ ਗਿੱਦੜਾਂ ਨੂੰ ਕੁਝ ਚਾਹੀਦਾ। ਤੁਹਾਨੂੰ ਦਿਲੋਂ ਅਸੀਸਾਂ ਦੇ ਰਹੇ ਨੇ! ਹੁਣ ਕਿਉਂ ਰੋਕੀਏ? ਇਨ੍ਹਾਂ ਦੀਆਂ ਅਸੀਸਾਂ ਸਦਕਾ ਤੁਹਾਡੇ ਰਾਜ ਦੀਆਂ ਹੱਦਾਂ ਵਧਣਗੀਆਂ, ਬੇਅੰਤ ਖ਼ਜ਼ਾਨਾ ਆਏਗਾ। ਹਜ਼ਾਰਾਂ ਸਾਲਾਂ ਤੱਕ ਤੁਸੀਂ ਸੂਰਜ ਵਾਂਗ ਚਮਕੋਂਗੇ। ਤੁਹਾਡੀ ਜੈ ਜੈ ਕਾਰ ਹੋ ਰਹੀ ਹੈ। ਹੁਕਮ ਕਰੋ ਚੁੱਪ ਕਰਵਾ ਦੇਈਏ?

ਰਾਜਾ ਨੇ ਕੁਝ ਗੰਭੀਰ ਆਵਾਜ਼ ਵਿੱਚ ਕਿਹਾ- ਤੁਸੀਂ ਮੈਨੂੰ ਬੇਵਕੂਫ਼ ਸਮਝਦੇ ਹੋ ਇਨ੍ਹਾਂ ਨੂੰ ਚੁੱਪ ਕਰਵਾਉਣ ਦਾ ਹੁਕਮ ਦੇ ਦਿਆਂ? ਇਨ੍ਹਾਂ ਭੋਲੇ ਭਾਲੇ ਗਿੱਦੜਾਂ ਦੀ ਅਸੀਸ ਉੱਪਰ ਮੈਨੂੰ ਪੂਰਾ ਇਤਬਾਰ ਹੈ! ਸੋਚਿਆ ਜਾਵੇ ਇਨ੍ਹਾਂ ਦੀਆਂ ਅਸੀਸਾਂ ਦੀ ਵੀ ਕੀ ਲੋੜ? ਮੈਂ ਤਾਂ ਰਾਜਾ ਹੋਣ ਦੇ ਨਾਤੇ ਆਪਣਾ ਫ਼ਰਜ਼ ਹੀ ਨਿਭਾਇਆ...!

ਗਿੱਦੜਾਂ ਦੀ ਅਸੀਸ ਵਿੱਚ ਇਕਦਮ ਭਾਰੀ ਵਾਧਾ ਹੋ ਗਿਆ। ਯੋਗ ਅਤੇ ਸਿਆਣੇ ਦਰਬਾਰੀ ਜੋਸ਼ ਖਰੋਸ਼ ਨਾਲ ਹੁਆਂ... ਹੁਆਂ... ਕਰਨ ਲੱਗੇ ਜਿਸ ਕਰਕੇ ਜੰਗਲੀ ਗਿੱਦੜਾਂ ਦੀ ਅਸੀਸ ਕੁਝ ਦਬ ਗਈ। ਛੋਟਾ ਵੱਡਾ ਮੁਲਾਜ਼ਮ ਕਿਸੇ ਤੋਂ ਘੱਟ ਸੁਆਮੀ-ਭਗਤ ਨਹੀਂ ਸੀ।

(ਮੂਲ ਲੇਖਕ: ਵਿਜੇਦਾਨ ਦੇਥਾ)
(ਅਨੁਵਾਦਕ: ਹਰਪਾਲ ਸਿੰਘ ਪੰਨੂ)

  • ਮੁੱਖ ਪੰਨਾ : ਲੋਕ ਕਹਾਣੀਆਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ