Gilehri De Bacche (Punjabi Story) : Omkar Sood Bahona
ਗਲ਼ਹਿਰੀ ਦੇ ਬੱਚੇ (ਕਹਾਣੀ) : ਓਮਕਾਰ ਸੂਦ ਬਹੋਨਾ
ਪੰਕਜ ਦੀ ਉਮਰ ਅੱਠਾਂ ਸਾਲਾਂ ਦੀ ਸੀ । ਉਹ ਦੂਜੀ ਜਮਾਤ ਵਿੱਚ ਪੜ੍ਹਦਾ ਸੀ । ਪੜ੍ਹਨ ਵਿੱਚ ਹੁਸ਼ਿਆਰ ਤੇ
ਬੋਲਚਾਲ ਵਿੱਚ ਵੀ ਸਿਆਣਾ ਮੁੰਡਾ ਸੀ । ਉਹ ਕਿਸੇ ਨੂੰ ਕੌੜਾ ਤਾਂ ਉੱਕਾ ਹੀ ਨਹੀਂ ਸੀ ਬੋਲਦਾ । ਜਦ ਵੀ ਗੱਲ ਕਰਦਾ ਸੀ
ਬੜੀ ਸਿਆਣੀ ਤੇ ਮਧੁਰ ਅਵਾਜ਼ ਵਿੱਚ ਕਰਦਾ ਸੀ ।
ਕੁਝ ਦਿਨਾਂ ਤੋਂ ਉਨ੍ਹਾਂ ਦੇ ਘਰ ਮਿਸਤਰੀ ਲੱਗੇ ਹੋਏ ਸਨ । ਊਂ ਮਕਾਨ ਤਾਂ ਉਨ੍ਹਾਂ ਦਾ ਪੱਕਾ ਹੀ
ਸੀ । ਚਾਰ-ਪੰਜ ਸਾਲ ਹੋ ਗਏ ਸਨ ਮਕਾਨ ਬਣੇ ਨੂੰ ਪਰ ਪਲੱਸਤਰ ਅਜੇ ਤੱਕ ਇੱਕ ਹੀ ਕਮਰੇ ਨੂੰ ਕਰਵਾਇਆ ਹੋਇਆ
ਸੀ । ਬਾਕੀ ਦੋ ਕਮਰੇ ਅਤੇ ਇੱਕ ਬਰਾਂਡਾ ਪਲੱਸਤਰ ਕਰਨ ਵਾਸਤੇ ਹੁਣ ਮਿਸਤਰੀ ਤੇ ਮਜ਼ਦੂਰ ਲਾਏ ਹੋਏ ਸਨ । ਪੰਕਜ
ਸਕੂਲੋਂ ਆ ਕੇ ਮਿਸਤਰੀਆਂ ਕੋਲ ਆ ਬੈਠਾ । ਉਹ ਕੰਧਾਂ 'ਤੇ ਪਲੱਸਤਰ ਹੁੰਦਾ ਵੇਖ ਰਿਹਾ ਸੀ । ਮਿਸਤਰੀ ਪਹਿਲਾਂ
ਕੰਧ 'ਤੇ ਕਰੰਡੀ ਨਾਲ ਮਸਾਲਾ ਚੇਪ ਦਿੰਦਾ ਤੇ ਬਾਅਦ ਵਿੱਚ ਲਕੜੀ ਦਾ ਚਾਰ ਕੁ ਫੁੱਟਾ ਗ਼ਜ ਫੇਰ ਮਸਾਲੇ ਨੂੰ ਪੱਧਰ
ਕਰਦਾ । ਫਿਰ ਹੋਰ ਪੱਧਰ ਕਰਨ ਵਾਸਤੇ ਲੱਕੜੀ ਦਾ ਗੁਰਮਾਲਾ ਫੇਰਦਾ ਤੇ ਅਖੀਰ ਵਿੱਚ ਲੋਹੇ ਦਾ ਗੁਰਮਾਲਾ ਫੇਰ ਕੇ ਕੰਧ
ਇੱਕਦਮ ਚਿਕਨੀ ਕਰ ਦਿੰਦਾ ਸੀ । ਪੰਕਜ ਬੈਠਾ ਮਿਸਤਰੀ ਨੂੰ ਕੰਮ ਕਰਦਿਆਂ ਵੇਖ ਰਿਹਾ ਸੀ । ਇਹ ਸਭ ਵੇਖ ਕੇ ਉਸ
ਨੂੰ ਬੜਾ ਮਜ਼ਾ ਆ ਰਿਹਾ ਸੀ ।
ਦੁਪਹਿਰੇ ਮਿਸਤਰੀ ਤੇ ਮਜ਼ਦੂਰ ਰੋਟੀ ਖਾਣ ਚਲੇ ਗਏ । ਪੰਕਜ ਉੱਥੇ ਹੀ ਬੈਠਾ-ਬੈਠਾ ਖੇਡਣ ਲੱਗ
ਪਿਆ । ਖੇਡਦਿਆਂ-ਖੇਡਦਿਆਂ ਪੰਕਜ ਦਾ ਧਿਆਨ ਕੰਧ ਕੋਲ ਚੱਕਰ ਕੱਟ ਰਹੀ ਇੱਕ ਗਲ਼ਹਿਰੀ ਵੱਲ ਚਲਿਆ ਗਿਆ । ਉਹ ਬੜੀ
ਬੇਚੈਨੀ ਨਾਲ ਅੰਦਰ-ਬਾਹਰ ਚੱਕਰ ਲਗਾ ਰਹੀ ਸੀ । ਉਹ ਕੰਧ ਦੇ ਉੱਪਰ ਚੜ੍ਹਨ ਦੀ ਅਸਫ਼ਲ ਕੋਸ਼ਿਸ਼ ਕਰ ਰਹੀ ਸੀ । ਪੰਕਜ ਦਾ
ਧਿਆਨ ਖੇਡਣ ਵੱਲੋਂ ਹਟ ਕੇ ਗਲ਼ਹਿਰੀ 'ਤੇ ਕੇਂਦਰਤ ਹੋ ਗਿਆ । ਉਹ ਗਲ਼ਹਿਰੀ ਦੀਆਂ ਬੇਚੈਨ ਹਰਕਤਾਂ ਨੂੰ ਬੜੀ
ਉਤਸੁਕਤਾ ਨਾਲ ਵੇਖਣ ਲੱਗ ਪਿਆ । ਉਸ ਨੁੰ ਯਾਦ ਆਇਆ ਕਿ ਕੰਧ ਦੀ ਇੱਕ ਤਰੇੜ ਵਿੱਚ ਗਲ਼ਹਿਰੀ ਦੇ ਬੱਚੇ
ਸਨ । ਉਹ ਦਰਜ਼ (ਮੋਰੀ) ਪਲੱਸਤਰ ਹੋਣ ਕਰਕੇ ਬੰਦ ਹੋ ਗਈ ਸੀ । ਬੱਚੇ ਮੋਰੀ ਦੇ ਅੰਦਰ ਹੀ ਸਨ । ਜਿਸ ਕਰਕੇ ਬੱਚਿਆਂ ਕੋਲ
ਪਹੁੰਚਣ ਦੀ ਤਾਂਘ ਗਲ਼ਹਿਰੀ ਦੀ ਬੇਚੈਨੀ ਦਾ ਕਾਰਨ ਸੀ । ਗਲ਼ਹਿਰੀ ਨੂੰ ਉਹ ਰੋਜ਼ ਵੇਖਦਾ ਸੀ । ਉਨ੍ਹਾਂ ਦੇ ਘਰੇ ਕਈ
ਗਲ਼ਹਿਰੀਆਂ ਘੁੰਮਦੀਆਂ ਫਿਰਦੀਆਂ ਰਹਿੰਦੀਆਂ ਸਨ । ਕਦੇ ਉਹ ਉਨ੍ਹਾਂ ਦੇ ਵਿਹੜੇ ਵਿੱਚ ਉੱਗੇ ਤੂਤ 'ਤੇ ਚੜ੍ਹ
ਜਾਂਦੀਆਂ । ਕਦੇ ਗੁਆਂਢੀਆਂ ਦੇ ਘਰੇ ਚਲੀਆਂ ਜਾਂਦੀਆਂ ਸਨ । ਜਿਆਦਾ ਸਮਾਂ ਉਨ੍ਹਾਂ ਦੀ ਕੰਧ 'ਚ ਬਣੀਆਂ ਦਰਜਾਂ
ਵਿੱਚ ਛੁਪਦੀਆ-ਨਿਲਕਦੀਆਂ ਰਹਿੰਦੀਆਂ ਸਨ । ਕੰਧਾਂ 'ਤੇ ਪਲੱਸਤਰ ਨਾ ਹੋਇਆ ਹੋਣ ਕਰਕੇ ਕੰਧਾਂ ਵਿੱਚ ਕਈ
ਵੱਡੀਆਂ-ਛੋਟੀਆਂ ਖੋੜਾਂ ਸਨ । ਉਨ੍ਹਾਂ ਖੋੜਾਂ ਵਿੱਚ ਗਲ਼ਹਿਰੀਆਂ ਦੇ ਘਰ ਸਨ । ਉੱਪਰ ਛੱਤ ਦੇ ਲੈਂਟਰ ਦੇ ਨਾਲ ਇੱਕ
ਵੱਡੀ ਸਾਰੀ ਮੋਰੀ ਵਿੱਚ ਗਲ਼ਹਿਰੀ ਦੇ ਬੱਚਿਆਂ ਦਾ ਉਸ ਨੂੰ ਪਤਾ ਸੀ । ਹੁਣ ਉਹ ਮੋਰੀ ਪਲੱਸਤਰ ਹੋਣ ਕਰਕੇ ਬੰਦ ਹੋ ਗਈ
ਸੀ । ਉਸ ਨੇ ਸੋਚਿਆ, 'ਜੇ ਪਲੱਸਤਰ ਸੁੱਕ ਗਿਆ ਤਾਂ ਬੱਚੇ ਵਿੱਚੇ ਹੀ ਦਮ ਘੁੱਟ ਕੇ ਮਰ ਜਾਣਗੇ । ' ਉਹ ਕਿਸੇ ਤਰ੍ਹਾਂ
ਗਲ਼ਹਿਰੀ ਦੇ ਮਾਸੂਮ ਬੱਚਿਆਂ ਨੂੰ ਬਚਾਉਣ ਦੀ ਵਿਊਂਤ ਸੋਚਣ ਲੱਗ ਪਿਆ । ਮੋਰੀ ਬਹੁਤ ਉੱਚੀ ਛੱਤ ਦੇ ਨਾਲ ਕਰਕੇ
ਸੀ । ਪੰਕਜ ਅਜੇ ਬਹੁਤ ਛੋਟਾ ਸੀ । ਮੋਰੀ ਤੱਕ ਪਹੁੰਚਣਾ ਉਸ ਲਈ ਬੜਾ ਮੁਸ਼ਕਿਲ ਸੀ । ਉਸ ਨੇ ਸੋਚਿਆ ਕਿ ਉਹ ਮਿਸਤਰੀ
ਅਤੇ ਮਜ਼ਦੂਰਾਂ ਨੂੰ ਕਹਿ ਕੇ ਗਲ਼ਹਿਰੀ ਦੇ ਬੱਚੇ ਮੋਰੀ ਵਿੱਚੋਂ ਬਾਹਰ ਕਢਵਾ ਦੇਵੇਗਾ । ਇਸ ਲਈ ਜਦੋਂ ਮਿਸਤਰੀ-
ਮਜ਼ਦੂਰ ਰੋਟੀ ਖਾ ਕੇ ਵਾਪਸ ਆਏ ਤਾਂ ਉਸ ਨੇ ਕਿਹਾ, "ਅੰਕਲ ਜੀ,ਉੱਥੇ ਮੋਰੀ ਵਿੱਚ ਗਲ਼ਹਿਰੀ ਦੇ ਬੱਚੇ ਹਨ! ਪਲੱਸਤਰ
ਨਾਲ ਮੋਰੀ ਬੰਦ ਹੋ ਗਈ ਹੈ । "
"……ਫਿਰ ਅਸੀਂ ਕੀ ਕਰੀਏ ?ਗਲ਼ਹਿਰੀ ਦੇ ਬੱਚੇ ਹੀ ਹਨ ,ਹੋਰ ਤਾਂ ਕੁਝ ਨਹੀਂ ਹੈ !" ਮਿਸਤਰੀ ਉਸ ਦੀ ਗੱਲ ਵਿੱਚੋਂ ਹੀ
ਕਟਦਿਆਂ ਰੁੱਖੇ ਜਿਹੇ ਅੰਦਾਜ਼ ਵਿੱਚ ਬੋਲ ਕੇ ਹੱਸ ਪਿਆ । ਕੋਲ ਖੜ੍ਹੇ ਮਜ਼ਦੂਰ ਵੀ ਹਿੜ੍ਹ-ਹਿੜ੍ਹ ਕਰਨ ਲੱਗ ਪਏ । ਪੰਕਜ
ਰੋਣਹਾਕਾ ਜਿਹਾ ਹੋ ਗਿਆ । ਕੋਈ ਵਾਹ ਨਾ ਚੱਲਦੀ ਵੇਖ ਉਹ ਦੁਖੀ ਮਨ ਨਾਲ ਆਪਣੇ ਪਾਪਾ ਕੋਲ ਆ ਗਿਆ । ਉਸ
ਨੂੰ ਕੁਝ ਚਿਰ ਪਹਿਲਾਂ ਜਿਹੜੇ ਮਜ਼ਦੂਰ ਕੰਮ ਕਰਦੇ ਚੰਗੇ-ਚੰਗੇ ਲੱਗ ਰਹੇ ਸਨ,ਹੁਣ ਉਹੀ ਭੈੜੇ-ਭੈੜੇ ਬਦਮਾਸ਼
ਜਿਹੇ ਜਾਪਣ ਲੱਗ ਪਏ ਸਨ । ਉਸ ਦੇ ਪਾਪਾ ਅਖਬਾਰ ਪੜ੍ਹ ਰਹੇ ਸਨ । ਉਹ ਆਉਂਦਿਆਂ ਹੀ ਨਿਮਰਤਾ ਨਾਲ ਬੋਲਿਆ,
"ਪਾਪਾ ਜੀ!"
"ਦੱਸ ਪੁੱਤਰ ?" ਕਹਿ ਕੇ ਉਸ ਦੇ ਪਾਪਾ ਨੇ ਅਖਬਾਰ ਤੋਂ ਧਿਆਨ ਹਟਾ ਕੇ ਉਸ ਦੇ ਮੋਢੇ 'ਤੇ ਹੱਥ ਰੱਖ ਲਿਆ । ਪਿਓ
ਦੇ ਮਿੱਠੇ ਬੋਲਾਂ ਅਤੇ ਪਿਆਰ ਨਾਲ ਮੋਢੇ 'ਤੇ ਰੱਖੇ ਹੱਲਾਸ਼ੇਰੀ ਵਰਗੇ ਹੱਥ ਨੇ ਉਸ ਨੂੰ ਬੋਲਣ ਦਾ ਹੌਸਲਾ
ਬਖਸ਼ਿਆ । ਉਹ ਬੋਲਿਆ, "ਪਾਪਾ ਜੀ, ਉੱਥੇ ਜਿਹੜੇ ਮੋਰੀ ਵਿੱਚ ਕਾਟੋ ਦੇ ਬੱਚੇ ਹਨ, ਉਨ੍ਹਾਂ ਦੀ ਮੋਰੀ ਆਪਣੇ
ਮਿਸਤਰੀ ਨੇ ਬੰਦ ਕਰ ਦਿੱਤੀ ਹੈ । ਬੱਚੇ ਵਿੱਚੇ ਹੀ ਹਨ ,ਵਿਚਾਰੇ ਮਰ ਜਾਣਗੇ !" ਪਾਪਾ ਪੰਕਜ ਦੀ ਗੱਲ ਦੀ ਅਸਲੀਅਤ ਸਮਝ
ਗਏ । ਬੋਲੇ, "ਚੱਲ ਪੁੱਤਰ,ਹੁਣੇ ਹੀ ਆਪਾਂ ਕਢਵਾ ਦਿੰਦੇ ਹਾਂ…ਚੱਲ, ਚੱਲ ……!" ਤੇ ਉਸਦੇ ਪਾਪਾ ਉੱਠ ਕੇ
ਉਹਦੇ ਨਾਲ ਦੂਜੇ ਕਮਰੇ ਵਿੱਚ ਚਲੇ ਗਏ । ਪੰਕਜ ਨੇ ਆਪਣੀ ਨਿੱਕੀ ਜਿਹੀ ਉਂਗਲੀ ਨਾਲ ਇਸ਼ਾਰਾ ਕਰਕੇ ਬੱਚਿਆਂ ਬਾਰੇ
ਦੱਸਿਆ । ਪਾਪਾ ਨੇ ਕੋਲ ਪਈ ਲੱਕੜ ਦੀ ਪੌੜੀ ਕੰਧ ਨਾਲ ਲਗਾ ਦਿੱਤੀ । ਮਿਸਤਰੀ ਨੂੰ ਕਹਿ ਕੇ ਪਲੱਸਤਰ ਝੜਵਾ ਦਿੱਤਾ । ਫਿਰ
ਇੱਕ ਡੱਕੇ ਨਾਲ ਦਰਜ਼ ਖੁਰਚ ਕੇ ਵਿੱਚ ਫਸਿਆ ਗਿੱਲਾ ਮਸਾਲਾ ਵੀ ਕਢਵਾ ਦਿੱਤਾ । ਮੋਰੀ ਵਿੱਚੋਂ ਗਲ਼ਹਿਰੀ ਦੇ ਬੱਚੇ ਬਾਹਰ
ਛਾਲਾਂ ਮਾਰ ਗਏ । ਉਹ ਬੇਚੈਨ ਹੋਈ ਫਿਰਦੀ ਆਪਣੀ ਮਾਂ ਦੇ ਸੰਗ ਜਾ ਰਲੇ । ਮਿਸਤਰੀ ਤੇ ਮਜ਼ਦੂਰ ਚੁੱਪਚਾਪ ਖੜ੍ਹੇ
ਪੰਕਜ ਜੀ ਦਿਆਲਤਾ ਬਾਰੇ ਸੋਚ ਰਹੇ ਸਨ । ਮਿਸਤਰੀ ਨੂੰ ਸੰਬੋਧਿਨ ਹੋ ਕੇ ਪੰਕਜ ਦੇ ਪਾਪਾ ਬੋਲੇ, "ਮਿਸਤਰੀ ਸਾਬ੍ਹ
,ਉੱਪਰ ਦੁਬਾਰਾ ਪਲੱਸਤਰ ਮਾਰ ਦੇਵੀਂ !" "ਜੀ!" ਕਹਿ ਕੇ ਮਿਸਤਰੀ ਬੱਠਲ ਵਿਚਲੇ ਮਸਾਲੇ ਵਿੱਚ ਕਰੰਡੀ ਫੇਰਨ ਲੱਗ
ਪਿਆ । ਪੰਕਜ ਮੁਸਕਰਾਉਂਦਾ ਕਿਸੇ ਜੇਤੂ ਵਾਂਗ ਆਪਣੇ ਪਾਪਾ ਦੇ ਨਾਲ ਹੀ ਕਮਰੇ ਵਿੱਚੋਂ ਬਾਹਰ ਨਿਕਲ
ਆਇਆ । ਉਸ ਦਾ ਮੁਸਕਰਾਉਂਦਾ ਚਿਹਰਾ ਕਿਸੇ ਗੁਲਾਬ ਦੇ ਖਿੜੇ ਫੁੱਲ ਵਾਂਗ ਪ੍ਰਤੀਤ ਹੋ ਰਿਹਾ ਸੀ ।