Goi (Punjabi Story) : Prem Parkash

ਗੋਈ (ਕਹਾਣੀ) : ਪ੍ਰੇਮ ਪ੍ਰਕਾਸ਼

ਅਜੀਬ ਇੱਤਫਾਕ ਹੈ-ਅੱਜ ਮੇਰੀ ਬੇਬੇ ਦੀ ਬਰਸੀ ਹੈ ਤੇ ਅੱਜ ਹੀ ਮੇਰੇ ਪੁੱਤ ਜੰਗ ਬਹਾਦਰ ਸਿੰਘ ਉਰਫ ਜੰਗੀ ਦਾ ਜਨਮ ਦਿਨ। ਜਨਮਦਿਨ ਮਨਾਇਆ ਜਾ ਰਿਹਾ ਹੈ। ਹਰ ਸਾਲ ਮਨਾਇਆ ਜਾਂਦਾ ਹੈ। ਇਹ ਮੇਰੀ ਨਹੀਂ, ਮੇਰੀ ਪਤਨੀ ਬਲਵਿੰਦਰ ਉਰਫ ਮਿਸਿਜ਼ ਕੈਪਟਨ ਭੁੱਲਰ ਦੀ ਮਰਜ਼ੀ ਹੈ-ਤੇ ਮੇਰੇ ਬਾਪੂ ਦੀ ਵੀੇ। ਬੇਬੇ ਦੀ ਬਰਸੀ ਵਾਲੀ ਬਾਪੂ ਦੀ ਉਦਾਸੀ ਇਸ ਖ਼ੁਸ਼ੀ 'ਚ ਲੁਕੀ ਰਹਿੰਦੀ ਹੈ ਕਿ ਉਹਦੀ ਕੁਲ ਦੀ ਜੜ੍ਹ ਹਰੀ ਹੈ। ਨਹੀਂ ਤਾਂ ਹਰਦੁਆਰ ਦੇ ਪਾਂਡਿਆਂ ਦੀ ਵਹੀ 'ਚ ਸਾਡਾ ਖਾਤਾ ਬੰਦ ਹੋ ਜਾਂਦਾ।
ਫ਼ੌਜੀਆਂ ਦੀ ਇਸ ਡਿਫੈਂਸ ਕਾਲੋਨੀ 'ਚ ਆਉਂਦਾ ਜਾਂਦਾ ਤੇ ਆਪਣੀ ਰਜਮੈਂਟ 'ਚ ਮੈਂ ਮੇਜ਼ਰ ਬਣਨ ਵਾਲਾ ਸੀਨੀਅਰ ਕੈਪਟਨ ਹੁੰਦਾ ਹਾਂ, ਪਰ ਘਰ ਆ ਕੇ ਮੈਂ ਆਮ ਫੌਜੀ ਵੀ ਨਹੀਂ ਰਹਿੰਦਾ। ਕਿਸੇ ਨਾ ਕਿਸੇ ਗੱਲ ਦੀ ਸੋਚ ਲਗਾਤਾਰ ਮੇਰੇ ਨਾਲ ਤੁਰੀ ਰਹਿੰਦੀ ਹੈ।
ਰਾਤੀਂ ਸੌ ਮੀਲ ਦਾ ਪਹਾੜੀ ਤੇ ਮੈਦਾਨੀ ਸਫਰ ਕਰਕੇ ਮੈਂ ਇਸ ਦਿਨ ਵਾਸਤੇ ਘਰ ਪਹੁੰਚਿਆ ਹਾਂ। ਹੁਣ ਥੱਕੇ ਅੰਗ ਪਸਾਰ ਕੇ ਪਿਛਲੇ ਕਮਰੇ 'ਚ ਪਿਆ ਹਾਂ। ਜੰਗੀ ਦੀ ਮੰਮੀ ਦੇ ਹੁਕਮ ਨਾਲ ਨੌਕਰਾਣੀ ਬਿਮਲਾ ਸਫਾਈਆਂ ਕਰਦੀ ਫਿਰਦੀ ਹੈ। ਬਾਹਰ ਸ਼ਾਮਿਆਨੇ ਲੱਗਦੇ ਪਏ ਨੇ। ਕੋਠੀ 'ਤੇ ਸਜਾਵਟ ਹੁੰਦੀ ਪਈ ਹੈ। ਜੰਗੀ ਦੀ ਮੰਮੀ ਤੇ ਉਹਦੇ ਭਰਾ ਭਤੀਜੇ ਜਿਹੜੇ ਇਸ ਦਿਨ ਦੀ ਰੌਣਕ ਨੇ, ਡਰਾਇੰਗ ਰੂਮ 'ਚ ਬੈਠੇ ਭਾਰਤ ਤੇ ਇੰਗਲੈਂਡ ਵਿਚਕਾਰ ਹੋ ਰਹੇ ਕ੍ਰਿਕਟ ਮੈਚ ਦੀ ਕਮੈਂਟਰੀ ਸੁਣ ਰਹੇ ਨੇ ਜਾਂ ਗੱਪਾਂ ਮਾਰਦੇ ਹੱਸਦੇ ਪਏ ਨੇ। ਘਰ 'ਚ ਏਨਾ ਰੌਲਾ ਮੇਰੇ ਦਿਲ ਦਿਮਾਗ਼ 'ਤੇ ਬੋਝ ਬਣਿਆ ਪਿਆ ਹੈ।
ਸੂਰਜ ਦੀ ਨਿੱਘੀ ਕਿਰਨ ਮੇਰੇ ਮੰਜੇ 'ਤੇ ਆ ਪਈ ਹੈ। ਚਾਦਰ ਲਾਹ ਕੇ ਬੈਠਾ ਹਾਂ ਤੇ ਮੇਰੀ ਨਜ਼ਰ ਖਿੜਕੀ ਵਿਚੋਂ ਹੋ ਕੇ ਗੈਰੇਜ ਦੇ ਬੂਹੇ 'ਤੇ ਟਿਕ ਗਈ ਹੈ। ਜਿੱਥੇ ਕੁੱਝ ਬੀਮਾਰ ਤੇ ਬੁੱਢਾ ਮੇਰਾ ਬਾਪੂ ਪਿਆ ਹੈ। ਇਸ ਕੋਠੀ ਦੇ ਸਾਢੇ ਚਾਰ ਕਮਰਿਆਂ 'ਚੋਂ ਇਕ ਵੀ ਮੇਰੇ ਬਾਪੂ ਲਈ ਨਹੀਂ-ਜੀਹਨੇ ਆਪਣੀ ਸਾਰੀ ਜਵਾਨੀ ਫ਼ੌਜ 'ਚ ਸਿਪਾਹੀ ਬਣ ਕੇ ਤੇ ਢਲਦੀ ਉਮਰ ਖੇਤੀ 'ਚ ਲਾਈ ਹੈ-ਇਹ ਗੱਲ ਨਹੀਂ ਕਿ ਕੋਈ ਉਹਨੂੰ ਇਹਨਾਂ ਕਮਰਿਆਂ 'ਚ ਵੜਨ ਤੋਂ ਰੋਕਦਾ ਹੈ ਜਾਂ ਰੋਕ ਸਕਦਾ ਹੈ। ਬੱਸ, ਜਿਵੇਂ ਬਜ਼ੁਰਗ ਕਹਿੰਦੇ ਹੁੰਦੇ ਨੇ, ਸਮੇਂ ਦਾ ਹੀ ਫੇਰ ਸਮਝੋ ਕਿ ਨਾ ਇਹ ਕਮਰੇ ਉਹਨੂੰ ਝੱਲਦੇ ਨੇ ਤੇ ਨਾ ਹੀ ਉਹ ਆਪ ਇਹਨਾਂ 'ਚ ਰਹਿਣਾ ਚਾਹੁੰਦਾ ਹੈ।
ਜਦ ਮੇਰੀ ਬੇਬੇ ਮਰੀ ਸੀ ਤਾਂ ਮੈਂ ਬਾਪੂ ਦੀ ਗਿਰਦੀ ਸਿਹਤ ਤੇ ਕਮਜ਼ੋਰ ਨਜ਼ਰ ਦਾ ਖਿਆਲ ਕਰ ਕੇ ਉਹਨੂੰ ਇੱਥੇ ਲੈ ਆਇਆ ਸੀ। ਉਦੋਂ ਅਸੀਂ ਨਾਲ ਦੀ ਕੋਠੀ 'ਚ ਕਿਰਾਏ 'ਤੇ ਰਹਿੰਦੇ ਸੀ। ਜਿਸ ਕੋਠੀ 'ਚ ਹੁਣ ਅਸੀਂ ਰਹਿੰਦੇ ਹਾਂ, ਇਹ ਉਦੋਂ ਖ਼ਾਲੀ ਪਲਾਟ ਸੀ।
ਬਾਪੂ ਦੇ ਆਉਣ ਤੋਂ ਕੁੱਝ ਦਿਨ ਬਾਅਦ ਹੀ ਘਰ 'ਚ ਅਜੀਬ ਕਿਸਮ ਦਾ ਤਣਾਉ ਜਿਹਾ ਪੈਦਾ ਹੋਣ ਲੱਗ ਪਿਆ ਸੀ-ਬਾਪੂ ਬਾਹਰੋਂ ਆ ਕੇ ਵਰਾਂਡੇ ਜਾਂ ਕਾਰੀਡੋਰ ਵਿਚੀਂ ਲੰਘਦਾ ਤਾਂ ਬਲਵਿੰਦਰ ਬਿਮਲਾ ਨੂੰ ਕਹਿ ਕੇ ਸ਼ੀਸ਼ੇ ਵਰਗੇ ਚਮਕਦੇ ਫਰਸ਼ 'ਤੇ ਪੋਚਾ ਮਰਵਾ ਦਿੰਦੀ। ਬਾਪੂ ਜੁੱਤੀ ਲਾਹ ਕੇ ਨੰਗੇ ਪੈਰੀਂ ਲੰਘਦਾ ਤਾਂ ਵੀ ਫਰਸ਼ 'ਤੇ ਪਏ ਪੈਰਾਂ ਦੇ ਦਾਗ਼ ਮਿਟਵਾ ਦਿੰਦੀ। ਮੈਂ ਦੇਖਦਾ ਖਿਝਦਾ ਰਹਿੰਦਾ। ਇਕ ਦਿਨ ਖਿੱਝ ਕੇ ਮੈਂ ਉਹਦੀ ਤੇ ਉਹਦੀ ਸਫਾਈ ਪਸੰਦੀ ਦੀ ਮਾਂ-ਭੈਣ ਇਕ ਕਰ ਦਿੱਤੀ ਤਾਂ ਕਿੰਨੇ ਦਿਨ ਘਰ 'ਚ ਕਲੇਸ਼ ਪਿਆ ਰਿਹਾ। ਬਾਪੂ ਵੀ ਦੁਖੀ ਰਿਹਾ। ਬਲਵਿੰਦਰ ਦੇ ਦੋਵੇਂ ਭਰਾ ਆਏ, ਮਾਂ ਆਈ, ਮੇਜਰ ਆਰ.ਐਸ. ਅਰੋੜਾ ਆਪ ਆਏ। ਸਾਨੂੰ ਦੋਹਾਂ ਨੂੰ ਸਮਝਾਉਂਦੇ ਰਹੇ। ਰੋਅਹਬ ਵੀ ਪਾਉਂਦੇ ਰਹੇ। ਤਦ ਮੈਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ ਪਈ ਮੈਂ ਏਨੇ ਮਾੜੇ ਜੱਟ ਦੇ ਪੁੱਤ ਨੇ ਏਡੇ ਅਮੀਰ ਮੇਜਰ ਅਰੋੜਾ ਦੀ ਧੀ ਦਾ ਹੱਥ ਕਿਉਂ ਕਬੂਲ ਕੀਤਾ। ਉਦੋਂ ਤਾਂ ਮੈਂ ਆਪਣੇ ਅਫਸਰ ਦੇ ਘਰ ਜਾ ਕੇ ਤੇ ਬਲਵਿੰਦਰ ਨਾਲ ਦੋ ਗੱਲਾਂ ਕਰਕੇ ਹੀ ਕਮਲਾ ਹੋ ਗਿਆ ਸੀ।.... ਆਪਣੀ ਗਲਤੀ ਦਾ ਅਹਿਸਾਸ ਮੈਨੂੰ ਉਦੋਂ ਵੀ ਹੋਇਆ ਸੀ ਜਦ ਬਲਵਿੰਦਰ ਦੇ ਮਾਪਿਆਂ, ਰਿਸ਼ਤੇਦਾਰਾਂ ਦੇ ਗਹਿਣੇ ਕੱਪੜਿਆਂ ਦੀ ਠਾਠ ਤੇ ਉਹਨਾਂ ਦੇ ਦੇਣ ਲੈਣ ਦੇ ਰੀਤ ਰਿਵਾਜਾਂ ਨੇ ਮੇਰੇ ਪਿਉ ਦੀ ਗ਼ਰੀਬੀ ਨੰਗੀ ਕਰ ਦਿੱਤੀ ਸੀ। ਉਹਨਾਂ ਦੀਆਂ ਨਜ਼ਰਾਂ 'ਚ ਤਾਂ ਅਸੀਂ ਉਜੱਡ 'ਕਲਚਰ' ਦੇ ਲੋਕ ਹੋ ਗਏ ਸੀ। ਜਿਹਨਾਂ ਨੂੰ ਵਿਆਹ ਦੀਆਂ ਰੀਤਾਂ ਦਾ ਤਾਂ ਕੀ ਲਾਗੀਆਂ ਨੂੰ ਦੇਣ ਦਾ ਵੀ ਪਤਾ ਨਹੀਂ ਸੀ। ਵਿਆਹ 'ਚ ਜਿੱਥੇ ਦੇਣਾ ਮੇਰੇ ਬਾਪੂ ਨੂੰ ਬਣਦਾ ਸੀ, ਉਥੇ ਮੇਜਰ ਸਾਹਿਬ ਬਟੂਆ ਖੋਹਲ ਕੇ ਖਲੋ ਜਾਂਦੇ। ਜਿਵੇਂ ਉਹ ਕਾਹਲਾ ਹੋਵੇ ਸਾਡੀ ਜਾਂ ਆਪਣੇ ਕੁੜਮਾਂ ਦੀ ਇੱਜ਼ਤ ਰੱਖਣ ਨੂੰ ਤੇ ਬਾਪੂ ਇਸ ਤਰ੍ਹਾਂ ਹੱਥ ਜੋੜੀ ਖੜ੍ਹਾ ਰਹਿੰਦਾ ਜਿਵੇਂ ਉਹ ਮੁੰਡੇ ਦਾ ਨਹੀਂ, ਧੀ ਦਾ ਬਾਪ ਹੋਵੇ।
ਵਿਆਹ ਤੋਂ ਬਾਅਦ ਮੇਜਰ ਅਰੋੜਾ ਤੇ ਮਿਸਿਜ਼ ਅਰੋੜਾ ਨੂੰ ਵੀ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ ਸੀ। ਮਿਸਿਜ਼ ਅਰੋੜਾ ਤਾਂ ਕਈ ਦਿਨ ਰੋਂਦੀ ਰਹੀ ਸੀ। ਪਰ ਉਹਨਾਂ ਇਹ ਸੋਚ ਕੇ ਸਬਰ ਕਰ ਲਿਆ ਸੀ ਪਈ ਮੁੰਡਾ ਸੋਹਣਾ ਹੈ, ਹੋਣਹਾਰ ਹੈ, ਸਾਊ ਹੈ। ਤਰੱਕੀ ਕਰ ਜਾਵੇਗਾ। ਕੁੜੀ ਨੂੰ ਸੁਖੀ ਰੱਖੇਗਾ। ਥੱਲੇ ਲੱਗ ਕੇ ਰਵ੍ਹੇਗਾ।
ਆਖ਼ਰ ਉਹੋ ਗੱਲ ਹੋਈ। ਉਹਨਾਂ ਮੇਰਾ ਸਾਰਾ ਘਰ ਸਮਾਨ ਨਾਲ ਭਰ ਦਿੱਤਾ। ਹੁਣ ਵੀ ਇਸ ਘਰ 'ਚ ਮੇਰਾ ਮੈਂ ਹੀ ਹਾਂ। ਇਕ ਪੁਰਾਣਾ ਟਰੰਕ ਹੈ, ਇਕ ਬਿਸਤਰਾ ਜਾਂ ਸੰਦੂਕ 'ਚ ਪਏ ਬੇਬੇ ਦੇ ਗੋਦੜੇ। ਬਾਕੀ ਸਭ ਕੁੱਝ ਬਲਵਿੰਦਰ ਦਾ ਹੈ। ਜੰਗੀ ਦੇ ਪਹਿਲੇ ਜਨਮ ਦਿਨ 'ਤੇ ਤਾਂ ਉਹਨਾਂ ਇਹ ਪਲਾਟ ਖਰੀਦ ਕੇ ਬਲਵਿੰਦਰ ਦੇ ਨਾਂ ਕਰਾ ਦਿੱਤਾ ਸੀ। ...ਫੇਰ ਇਹ ਕੋਠੀ ਬਣੀ, ਫੇਰ ਇਹ ਕਾਲੀਨ, ਇਹ ਫ਼ਰਨੀਚਰ, ਕਿਚਨ ਦਾ ਸਮਾਨ-ਸਭ ਕੁੱਝ ਉਹਨਾਂ ਦਾ ਹੈ। ਪਿਛਲੇ ਕੁੱਝ ਵਰ੍ਹਿਆਂ ਤੋਂ ਮੇਰੀ ਤਨਖਾਹ ਜਾਂ ਤਾਂ ਖਾਧੀ ਪੀਤੀ ਜਾਂਦੀ ਹੈ, ਜਾਂ ਜੇ ਕੋਈ ਚੀਜ਼ ਖਰੀਦੀ ਵੀ ਜਾਂਦੀ ਹੈ ਤਾਂ ਉਹ ਬਲਵਿੰਦਰ ਦੀ ਪਸੰਦ ਹੁੰਦੀ ਹੈ। ਮੇਰੀ ਸਿਰਫ ''ਹਾਂ'' ਹੁੰਦੀ ਹੈ।... ਜੇ ਮੈਂ ਇਸ ਤਰ੍ਹਾਂ ਨਿੱਕੀ ਨਿੱਕੀ ਗੱਲ 'ਤੇ ਝਗੜਾ ਕਰਿਆ ਹੁੰਦਾ ਤਾਂ ਇਹ ਘਰ ਹੁਣ ਤੱਕ ਕਦ ਦਾ ਉਜੜ ਚੁੱਕਿਆ ਹੁੰਦਾ।
''ਹੈਂ ਜੀ, ਮੈਟਲ ਦੇ ਗੁਲਦਸਤੇ ਮੰਗਵਾ ਲਈਏ, ਇਕ ਡਜ਼ਨ। ਵੀਰ ਜੀ ਦੀ ਪਰਪੋਜ਼ਲ ਹੈ। ਉਹ ਰੇਟ ਤੈਅ ਕਰ ਆਏ ਨੇ।'' ਬਲਵਿੰਦਰ ਕਾਹਲੀ ਕਾਹਲੀ ਪੁੱਛਦੀ ਹੈ।
''ਮੰਗਵਾ ਲਓ।'' ਮੈਂ ਝੂਠਾ ਜਿਹਾ ਮੁਸਕਰਾ ਦਿੰਦਾ ਹਾਂ। ਜਦ ਸੌਦਾ ਹੋ ਚੁੱਕਾ ਹੈ ਤਾਂ ਮੇਰੀ ਤਾਂ ਹਾਮੀ ਦੀ ਹੀ ਕਸਰ ਰਹਿ ਜਾਂਦੀ ਹੈ।
ਬਾਪੂ ਜ਼ੋਰ ਦੀ ਖੰਘਿਆ ਹੈ। ਥੁੱਕ ਕੇ ਚੁੱਪ ਹੋ ਗਿਆ ਹੈ। ... ਬਾਪੂ ਗੈਰੇਜ 'ਚ ਇਸ ਲਈ ਵੀ ਪਿਆ ਹੈ ਕਿ ਉਹਨੇ ਇੱਥੇ ਆ ਕੇ ਇਸ ਪਲਾਟ 'ਤੇ ਆਪਣੀ ਪਸੰਦ ਦਾ ਜਿਹੜਾ ਘਰ ਬਣਾਇਆ ਸੀ, ਉਹ ਬਲਵਿੰਦਰ ਨੇ ਆਪਣੀ ਕੋਠੀ ਬਣਵਾਉਣ ਦੇ ਲੋਭ 'ਚ ਢੁਆ ਦਿੱਤਾ ਸੀ।
ਉਹ ਬਾਪੂ ਦਾ ਦੂਜਾ ਉਜਾੜਾ ਸੀ। ਜਦ ਬਾਪੂ ਨੂੰ ਪਤਾ ਲੱਗਾ ਪਈ ਇਹ ਪਲਾਟ ਉਹਦੀ ਨੂੰਹ ਦੇ ਨਾਂਅ ਹੈ ਤਾਂ ਉਹ ਮੇਰੇ ਖਹਿੜੇ ਹੀ ਪੈ ਗਿਆ ਪਈ ਉਹਦੇ 'ਚ ਬਣੇ ਡੰਗ ਟਪਾਊ ਕਮਰੇ ਦੇ ਨਾਲ ਛੰਨ ਪਾ ਕੇ ਉਹਨੂੰ ਉਹਦੇ 'ਚ ਰਹਿਣ ਦਿੱਤਾ ਜਾਵੇ। ...ਇਸ ਤਰ੍ਹਾਂ ਵੱਖਰੇ ਰਹਿਣ ਦੀ ਕੀ ਗੱਲ ਹੋਈ - ਮੈਂ ਤੇ ਬਲਵਿੰਦਰ ਸੋਚ ਕੇ ਬੜੇ ਔਖੇ ਹੋਏ। ਪਰ ਮੈਂ ਛੇਤੀ ਹੀ ਮੰਨ ਗਿਆ। ਮੈਂ ਬਾਪੂ ਨੂੰ ਉਸ ਦੁੱਖ ਤੋਂ ਬਚਾ ਨਹੀਂ ਸਕਦਾ ਸੀ, ਜਿਹੜਾ ਬਲਵਿੰਦਰ ਦੇ ਸਲੂਕ ਤੋਂ ਉਹਨੂੰ ਮਿਲਦਾ ਸੀ। ਕਈ ਵਾਰ ਮੈਨੂੰ ਲੱਗਦਾ ਪਈ ਪਤਨੀ ਬਿਨਾਂ, ਆਦਮੀ ਦੀ ਘੱਟ ਵੱਧ ਉਹੀ ਹਾਲਤ ਹੁੰਦੀ ਹੈ ਜਿਹੜੀ ਮਾਂ ਬਿਨਾਂ, ਪੁੱਤ ਦੀ ਹੁੰਦੀ ਹੈ। ਇਸ ਤਰ੍ਹਾਂ ਸਾਡੇ ਦੁੱਖ ਦੀ ਇਕ ਸਾਂਝ ਵੀ ਬਣਦੀ ਸੀ। ਇਕ ਦਿਨ ਇਸੇ ਵੇਗ 'ਚ ਉਹ ਜੋ ਕੁੱਝ ਆਖੀ ਗਿਆ, ਮੈਂ ਮੰਨੀ ਗਿਆ।
ਬਾਪੂ ਨੇ ਕੁੱਝ ਦਿਨਾਂ 'ਚ ਹੀ ਪਿੰਡ ਦਾ ਅੱਧਾ ਕੋਠਾ ਉਧੇੜ ਕੇ ਗੱਡਾ ਭਰ ਲਿਆਂਦਾ ਤੇ ਦਿਨਾਂ 'ਚ ਹੀ ਨਵਾਂ ਜਿਹਾ ਕੋਠਾ ਤੇ ਅੱਗੇ ਛੰਨ ਉਸਾਰ ਲਈ। ਪਿੰਡ ਵਾਲਾ ਨਲਕਾ ਪੁੱਟ ਕੇ ਗੱਡ ਲਿਆ। ਵਿਹੜੇ 'ਚ ਤੂਤ ਤੇ ਡੇਕ ਦੇ ਦਰੱਖਤ ਲਾ ਲਏ ਤੇ ਪਿੰਡੋਂ ਇਕ ਝੋਟੀ ਲਿਆ ਕੇ ਬੰਨ੍ਹ ਲਈ। - ਇਹ ਕੰਮ ਕਰਦੇ ਕਰਾਂਦੇ ਨੂੰ ਬਾਪੂ ਨੂੰ ਦੇਖ ਕੇ ਮੈਨੂੰ ਵੀ ਸੁੱਖ ਮਿਲਦਾ ਸੀ। ਮੈਨੂੰ ਉਹ ਇਤਿਹਾਸਕ ਗੱਲਾਂ ਚੇਤੇ ਆਉਂਦੀਆਂ ਸਨ ਜਦ ਭੁੱਲਰਾਂ ਦਾ ਇਕ ਟੱਬਰ ਕਿਤੋਂ ਉਜੜ ਕੇ ਰਿਆਸਤ ਨਾਭੇ ਦੇ ਇਕ ਜਾਗੀਰਦਾਰ ਦੇ ਬੀੜ 'ਚ ''ਮਾਮਲਾ ਤਾਰਨ'' ਬਦਲੇ ਜ਼ਮੀਨ ਮੱਲ ਕੇ ਬਹਿ ਗਿਆ ਸੀ। ਉਹਦੇ ਜੀਆਂ ਨੇ ਢੱਕ, ਕਿੱਕਰਾਂ ਤੇ ਫਲਾਹੀਆਂ ਵੱਢ ਕੇ ਧਰਤੀ ਕੱਢੀ ਸੀ ਤੇ ਕੁੱਲੀਆਂ ਪਾ ਕੇ ਪਿੰਡ ਬੰਨ੍ਹ ਲਿਆ ਸੀ-ਭੁੱਲਰ ਮਾਜਰਾ।
ਬਾਪੂ ਬੜਾ ਖੁਸ਼ ਰਹਿਣ ਲੱਗ ਪਿਆ ਸੀ। ਉਹ ਸਾਰਾ ਦਿਨ ਆਪਣਾ ਘਰ ਸੁਆਰਦਾ ਰਹਿੰਦਾ। ਝੋਟੀ ਖੋਹਲਦਾ, ਚਾਰਦਾ, ਬੰਨ੍ਹਦਾ ਰਹਿੰਦਾ। ਆਪਣੇ ਤੇ ਆਪਣੇ ਡੰਗਰਾਂ ਦੇ ਬਹਿਣ ਖੜ੍ਹਣ ਵਾਸਤੇ ਧੁੱਪ ਛਾਂ ਤੇ ਪੁਰੇ ਪੱਛੋਂ ਦਾ ਹਿਸਾਬ ਕਰਦਾ ਰਹਿੰਦਾ। ਉਹ ਆਪਣੇ ਘਰ 'ਚ ਜਿੱਥੇ ਮਰਜ਼ੀ ਜਿਵੇਂ ਮਰਜ਼ੀ ਬੈਠੇ। ਭਾਵੇਂ ਨੰਗੇ ਪੈਰੀਂ ਫਿਰੇ ਭਾਵੇਂ ਜੁੱਤੀ ਪਾ ਕੇ ਤੇ ਭਾਵੇਂ ਨੰਗੇ ਪਿੰਡੇ। ਉਹ ਮੰਜੇ 'ਤੇ ਬਹਿ ਕੇ ਰੋਟੀ ਖਾਂਦਾ, ਪਾਵੇ 'ਤੇ ਰੱਖ ਕੇ ਗੰਢਾ ਭੰਨਦਾ ਤੇ ਪਾਣੀ ਦਾ ਗਲਾਸ ਮੰਜੇ ਦੀ ਦੌਣ 'ਚ ਫਸਾ ਕੇ ਖੜ੍ਹਾ ਕਰ ਲੈਂਦਾ। ਉਸ ਘਰ 'ਚ ਉਹ ਕਿਸੇ ਵੀ ਮੈਲੇ ਕੱਪੜਿਆਂ ਵਾਲੇ ਰਾਜਸਥਾਨੀ ਜੱਟ, ਮੰਗਦੇ ਭਰਾਈ ਜਾਂ ਬਾਜ਼ੀਗਰ ਸਹਿੰਸੀ ਨੂੰ ਬੁਲਾ ਕੇ ਬਿਠਾ ਲੈਂਦਾ ਸੀ। ਕਿਸੇ ਵੀ ਮੰਗਤੇ ਨੂੰ ਆਪਣੇ ਹੱਥ ਨਾਲ ਗੁੜ ਦੀ ਰੋੜੀ ਜਾਂ ਲੱਸੀ ਦੇ ਦਿੰਦਾ ਸੀ। ਲੱਸੀ ਮੰਗਣ ਆਏ ਢਹਿਆਂ ਦੇ ਨਿਆਣਿਆਂ ਤੋਂ ਗੋਹਾ ਪਥਵਾਂਦਾ ਰਹਿੰਦਾ ਸੀ। -ਸੁਬ੍ਹਾ ਸ਼ਾਮ ਦੁੱਧ ਦੀ ਬਾਲਟੀ ਫੜਾਉਣ ਵਾਸਤੇ ਬਲਵਿੰਦਰ ਜਾਂ ਬਿਮਲਾ ਨੂੰ ਬੜੇ ਮਾਣ ਨਾਲ ਹਾਕ ਮਾਰਦਾ ਸੀ।
ਪਰ ਬਲਵਿੰਦਰ ਨੂੰ ਉਸ ਆਖਰੀ ਗੱਲ ਨੂੰ ਛੱਡ ਕੇ ਉਹਦਾ ਕੁੱਝ ਵੀ ਪਸੰਦ ਨਹੀਂ ਸੀ। ਉਹਦਾ ਖਿਆਲ ਸੀ ਕਿ ਬਾਪੂ ਸਾਰੀ ਡੀਫੈਂਸ ਕਾਲੋਨੀ ਵਾਸਤੇ ਮੱਖੀਆਂ ਮੱਛਰ ਪੈਦਾ ਕਰ ਰਿਹਾ ਹੈ। ਉਹਨੂੰ ਤਾਂ ਇਹ ਵੀ ਪਸੰਦ ਨਹੀਂ ਸੀ, ਪਈ ਬਾਪੂ ਜੰਗੀ ਨੂੰ ਆਪਣੇ ਕੋਲ ਖਿਡਾਵੇ। ਬਾਪੂ ਵੀ ਉਹਨੂੰ ਮਿੱਟੀ 'ਚ ਛੱਡ ਦਿੰਦਾ। ਉਹ ਗਾਰੇ ਨਾਲ ਖੇਡਦਾ, ਤਾਂ ਵੀ ਨਾ ਰੋਕਦਾ। ਸਗੋਂ ਕੋਲ ਖੜ੍ਹਾ ਹੱਸਦਾ ਰਹਿੰਦਾ। ਬਲਵਿੰਦਰ ਇਹ ਵੀ ਨਹੀਂ ਸੀ ਚਾਹੁੰਦੀ ਪਈ ਬਾਪੂ ਜੰਗੀ ਨੂੰ ਆਪਣੀ ਛਾਤੀ 'ਤੇ ਲਿਟਾ ਕੇ ਖਿਡਾਵੇ ਤੇ ਵਾਰ-ਵਾਰ ਚੁੰਮੇ। ਇਕ ਦਿਨ ਤਾਂ ਉਹਨੇ ਆਖ ਹੀ ਦਿੱਤਾ ਸੀ ਪਈ-ਚੁੰਮਣ ਨਾਲ ਸਿਆਣਿਆਂ ਦੀਆਂ ਬਿਮਾਰੀਆਂ ਬੱਚਿਆਂ ਨੂੰ ਲੱਗ ਜਾਂਦੀਆਂ ਨੇ।
ਉਸ ਦਿਨ ਮੈਂ ਬੜਾ ਔਖਾ ਹੋਇਆ ਸੀ। ਦਿਲ ਕੀਤਾ ਸੀ ਪਈ ਉਸ ਘਰ ਨੂੰ ਛੱਡ ਕੇ ਕਿਤੇ ਭੱਜ ਜਾਵਾਂ। ਇਸ ਔਰਤ ਨੂੰ ਛੱਡ ਕੇ ਉਹਨਾਂ ਜੱਟਾਂ ਦੀ ਕੁੜੀ ਵਸਾ ਲਵਾਂ ਜੀਹਦੇ ਨਾਲ ਬਾਪੂ ਨੇ ਮੈਥੋਂ ਪੁੱਛੇ ਬਿਨਾਂ ਹੀ ਮੰਗਣਾ ਕਰਨਾ ਮੰਨ ਕੇ ਰੁਪਈਆ ਫੜ ਲਿਆ ਸੀ ਤੇ ਫੇਰ ਕਿੰਨੀਆਂ ਮੁਸੀਬਤਾਂ ਨਾਲ ਨਾਂਹ ਹੋ ਸਕੀ ਸੀ। ਜਿਹੜੀ ਵਿਧਵਾ ਹੋ ਕੇ ਇਕ ਬੱਚਾ ਲਈ ਆਪਣੇ ਬਾਪ ਦੇ ਘਰ ਬੈਠੀ ਹੈ। ਡਰਾਇੰਗ ਰੂਪ 'ਚ ਅਚਾਨਕ ਸ਼ੋਰ ਹੋਇਆ। -ਬਲਵਿੰਦਰ ਦੀ ਭਤੀਜੀ ਨੇ ਮੇਰੇ ਬੂਹੇ 'ਤੇ ਖੜ੍ਹ ਕੇ ਚੀਕਦੀ ਨੇ ਕਿਹਾ ਹੈ-''ਅੰਕਲ ਇੰਗਲੈਂਡ ਆਲ ਆਊਟ ਫਾਰ ਟੂ ਹੰਡਰਡ ਥਰਟੀ ਸੈਵਨ।'' ''ਦੈਨ ਵੱਟ ਟੂ ਮੀ -ਨਾਨਸੈਂਸ।''-ਇਹ ਗੱਲ ਮੈਂ ਉਹਨੂੰ ਨਹੀਂ ਦਿੱਲ 'ਚ ਕਹਿੰਦਾ ਹਾਂ। ''ਬਖਤਾ-ਵਰ।'' ਮੈਨੂੰ ਬਾਪੂ ਨੇ ਹਾਕ ਮਾਰੀ ਹੈ। ਪਰ ਇਵੇਂ ਬਖਤਾ-ਵਰ ਦੇ ਸ਼ਬਦ ਤੋੜ ਕੇ ਕਹਿੰਦਾ ਹੈ। ਉਂਜ ਉਹ ਲੋਕਾਂ ਸਾਹਮਣੇ ਮੈਨੂੰ ਹਾਕ ਨਹੀਂ ਮਾਰਦਾ। ਗੱਲਾਂ ਕਰਦਾ ਜਦ ਕਦੇ ਬੋਲਣਾ ਹੀ ਪੈ ਜਾਵੇ ਤਾਂ ਮੈਨੂੰ ''ਤੁਸੀਂ'' ਕਹਿ ਜਾਂਦਾ ਹੈ। ਤਾਂ ਮੈਨੂੰ ਬੜੀ ਤਕਲੀਫ ਹੁੰਦੀ ਹੈ। ਮੈਨੂੰ ਲੱਗਦਾ ਹੈ, ਉਹ ਮੇਰਾ ਬਾਪੂ ਨਹੀਂ, ਕੋਈ ਰੀਟਾਇਰਡ ਸਿਪਾਹੀ ਬੋਲ ਰਿਹਾ ਹੈ।
ਬਾਪੂ ਤੋਂ ਤਾਂ ਮੇਰੀ ਬੇਬੇ ਤਕੜੀ ਸੀ। ਉਹ ਮੇਰੇ ਸਹੁਰਿਆਂ ਦੇ ਘਰ ਜਾ ਕੇ ਵੀ ਮੈਨੂੰ ਬਖਤੌਰਾ ਹੀ ਕਹਿੰਦੀ ਸੀ। ਉਹਨੂੰ ਸੀ ਮਾਣ ਪੁੱਤ ਜੰਮਣ ਦਾ ਤੇ ਪਾਲਣ ਦਾ। ਉਹਦੀ ਆਵਾਜ਼ ਵੀ ਗਰੀਬੜੀ ਜਿਹੀ ਨਹੀਂ ਸੀ। ਬਾਪੂ ਤਾਂ ਕਿੰਨੀ ਉਮਰ 'ਸਰ-ਸਰ' ਕਰਨ ਵਾਲਾ ਸਿਪਾਹੀ ਤੇ ਫੇਰ ਜੀ-ਜੀ ਕਰਨ ਵਾਲਾ ਕਿਸਾਨ ਹੀ ਰਿਹਾ। ਜੂਨ-ਕੱਟੀ ਹੀ ਹੋਈ, ਹੁਣ ਵੀ ਹੋਈ ਜਾਂਦੀ ਹੈ। ਉਸ ਘਰ 'ਚ ਜਿੱਥੇ ਜਿੰਦਗੀ ਦੀ ਹਰ ਨਿਆਮਤ ਲੱਭ ਸਕਦੀ ਹੈ। ਗੱਲ ਸੁਣੀ ਵੀ ਜਾਂਦੀ ਹੈ। ਪੁੱਗ ਵੀ ਸਕਦੀ ਹੈ।
''ਕੀ ਗੱਲ ਬਾਪੂ?'' ਮੈਂ ਉਹਦੇ ਮੰਜੇ ਕੋਲ ਪਈ ਕੁਰਸੀ 'ਤੇ ਬਹਿ ਜਾਂਦਾ ਹਾਂ।
''ਇਹ ਰੌਲਾ ਕਾਹਦੈ?'' ਉਹ ਪਰਨਾ ਮੂੰਹ ਅਤੇ ਨੱਕ 'ਤੇ ਫੇਰਦਾ ਪੁੱਛਦਾ ਹੈ।
''ਮੈਚ ਹੁੰਦੈ ਕ੍ਰਿਕਟ ਦਾ। ਪਹਿਲਾ ਇੰਗਲੈਂਡ ਦਾ ਖਿਲਾੜੀ ਕੈਚ-ਆਊਟ ਹੋ ਗਿਆ ਸੀ। ਉਹਦੀ ਗੇਂਦ ਬੁੱਚ ਹੋ ਗਈ ਸੀ। ਹੁਣ ਉਹ ਹਾਰਨ ਵਾਲੇ ਹੋ ਗਏ ਨੇ।''
''ਉਹ ਹਾਰ ਜਾਣਗੇ? ਹਰਾ ਦਿਓ ਸਾਲਿਆਂ ਬਿੱਲਿਆਂ ਨੂੰ।'' ਬਾਪੂ ਦੀਆਂ ਧਸੀਆਂ ਅੱਖਾਂ ਹੱਸਦੀਆਂ ਨੇ। -ਏਡੇ ਕੱਦ-ਕਾਠ ਵਾਲੇ ਇਸ ਬੰਦੇ ਨੂੰ ਬੁਢੇਪੇ ਤੇ ਰੋਗ ਨੇ ਘੱਟ ਅਤੇ ਆਪਣੇ ਅਮੀਰ ਪੁੱਤ ਦੇ ਘਰ ਵਸੇਬੇ ਤੇ ਉਸ ਘਰ ਦੀ ਸੁੱਖ ਮੰਗਣ ਨੇ ਬਹੁਤਾ ਮਾਰਿਆ ਹੈ।
ਕਈ ਵਾਰ ਮੈਂ ਸੋਚਦਾ ਹਾਂ-ਜੇ ਈਮਾਨਦਾਰੀ ਦੀ ਗੱਲ ਕਰਾਂ ਤਾਂ ਮੈਨੂੰ ਬਾਪੂ ਨਾਲ ਕਿੰਨਾ ਪਿਆਰ ਤੇ ਹਮਦਰਦੀ ਸਹੀ, ਮੈਂ ਇਸ ਘਰ ਨੂੰ ਤੋੜ ਤੇ ਬਲਵਿੰਦਰ ਨੂੰ ਛੱਡ ਨਹੀਂ ਸਕਦਾ। ਉਹਦੇ ਨਾਲ ਮੇਰਾ ਭਵਿੱਖ ਜੁੜਿਆ ਹੋਇਆ ਹੈ। ਬਹੁਤਾ ਤਾਂ ਮੈਨੂੰ ਜੰਗੀ ਨੇ ਮਾਰਿਆ ਹੈ। ਉਹ ਤਾਂ ਕਿਸੇ 'ਤੇ ਗੁੱਸਾ ਕਰਨ ਹੀ ਨਹੀਂ ਦਿੰਦਾ-ਛੁੱਟ ਆਪਣੇ ਆਪ ਦੇ।
ਬਾਪੂ ਇਸ ਗੈਰੇਜ 'ਚ ਫੇਰ ਵੀ ਖੁਸ਼ ਹੈ। ਜਦ ਇਹ ਕੋਠੀ ਬਣਨ ਦੀ ਗੱਲ ਤੁਰੀ ਤਾਂ ਬਲਵਿੰਦਰ ਨੇ ਮੇਰੇ ਕੰਨ ਖਾ ਲਏ ਸੀ। ਰੋਟੀ ਖਾਣ ਵੇਲੇ ਕੀ, ਸੌਣ ਵੇਲੇ ਕੀ - ਜਿਵੇਂ ਉਹਨੂੰ ਸ਼ੁਦਾਅ ਜਿਹਾ ਹੋ ਗਿਆ ਸੀ। ਆਖ਼ਰ ਮੈਂ ਤਿਆਰ ਹੋ ਗਿਆ, ਇਹ ਸੋਚ ਕੇ ਪਈ ਪਿੰਡ ਦੀ ਜ਼ਮੀਨ ਮਸਾਂ ਸਾਲ ਭਰ ਦੇ ਦਾਣੇ ਦਿੰਦੀ ਹੈ। ਨਾ ਵਾਹੁਣ ਬੀਜਣ ਵਾਲਿਆਂ ਦਾ ਕੁੱਝ ਬਣਦਾ ਸਰਦਾ ਹੈ ਤੇ ਨਾ ਹੀ ਸਾਡਾ। ਫੇਰ ਟ੍ਰੈਕਟਰ ਵਾਲਾ ਚਾਚਾ ਕਈ ਗੇੜੇ ਮਾਰ ਗਿਆ ਸੀ, ਇਸੇ ਹੁੜਕ 'ਚ। ਨਾਲੇ ਬਲਵਿੰਦਰ ਦੀ ਇਹ ਗੱਲ ਵੀ ਠੀਕ ਸੀ ਪਈ ਪਿੰਡ ਦੀ ਜ਼ਮੀਨ ਨਾਲੋਂ ਸ਼ਹਿਰ ਦੀ ਕੋਠੀ ਦੀ ਕੀਮਤ ਤੇਜ਼ੀ ਨਾਲ ਵੱਧਦੀ ਹੈ।
ਪਰ ਬਾਪੂ ਨੂੰ ਮਨਾਉਣਾ ਕਿੰਨਾ ਔਖਾ ਸੀ।-ਜਦ ਉਹ ਕਹਿੰਦਾ-''ਦੋ ਬੀਘੇ ਡਲੇ ਨ੍ਹੀ ਰੱਖ ਹੁੰਦੇ ਤੈਥੋਂ। ਰੈਹਣ ਦੇ। ਆਪਾਂ ਪਿੰਡ ਜਾਣ ਜੋਗੇ ਤਾਂ ਰਹੀਏ। ਅੰਗ ਸਾਕ ਕੀ ਕਹਿਣਗੇ।'' ਤਾਂ ਮੈਂ ਉਹਦੀ ਸਾਰੀ ਦਲੀਲ ਮੰਨ ਜਾਂਦਾ ਪਰ ਬਲਵਿੰਦਰ ਨੂੰ ਕੌਣ ਸਮਝਾਉਂਦਾ?
ਫੇਰ ਬਾਪੂ ਨੂੰ ਸਮਝਾਉਣਾ ਕਿੰਨਾ ਔਖਾ ਹੁੰਦਾ ਸੀ। ਇਕ ਵਾਰ ਤਾਂ ਉਹ ਮੇਰੀਆਂ ਗੱਲਾਂ ਸੁਣਦਾ ਸੁਣਦਾ ਰੋ ਹੀ ਪਿਆ ਸੀ- ਮੈਂ ਜਦੇ ਚੁੱਪ ਕਰ ਗਿਆ। ਫੇਰ ਕਿੰਨਾ ਹੀ ਚਿਰ ਚੁੱਪ ਰਿਹਾ। ਬਲਵਿੰਦਰ ਮੇਰੇ ਚੁੱਪ ਰਹਿਣ ਤੋਂ ਡਰਨ ਲੱਗ ਪਈ। ਫੇਰ ਤਾਂ ਇਸ ਤਰ੍ਹਾਂ ਲੱਗੇ ਜਿਵੇਂ ਸਾਡੇ ਤਿੰਨਾਂ ਦੇ ਅੰਦਰੋਂ ਗੱਲਾਂ ਮੁੱਕ ਗਈਆਂ ਹੋਣ ਜਾਂ ਗੱਲਾਂ ਦੀਆਂ ਗੱਠਾਂ ਬੱਝ ਗਈਆਂ ਹੋਣ। ਹੁਣ ਪਲ-ਪਲ ਇਹੀ ਰਹਿੰਦਾ ਸੀ ਕਿ ਦੇਖੀਏ ਕੌਣ ਫਿਸਦਾ ਹੈ?
ਅੰਤ ਨੂੰ ਬਾਪੂ ਫਿੱਸ ਗਿਆ। ਸ਼ਾਇਦ ਉਸ ਤੋਂ ਮੇਰੀ ਉਦਾਸੀ ਨਾ ਝੱਲੀ ਗਈ। ਮੈਂ ਉਹਦਾ ਮਾਂ-ਬਾਹਰਾ ਪੁੱਤ ਹਾਂ ਨਾ, ਮੈਨੂੰ ਇਵੇਂ ਲੱਗਿਆ ਸੀ। -ਫੇਰ ਉਹ ਆਪ ਹੀ ਜ਼ਮੀਨ ਵੇਚ ਕੇ ਕੋਠੀ ਬਣਾਉਣ ਦੀਆਂ ਸਲਾਹਾਂ ਦੇਣ ਲੱਗ ਪਿਆ। ਕਈ ਦਲੀਲਾਂ ਤਾਂ ਉਹਦੀਆਂ ਬਲਵਿੰਦਰ ਨਾਲ ਹੀ ਰਲਦੀਆਂ। ਪਰ ਮੈਂ ਫਿਰ ਵੀ ਫੈਸਲਾ ਨਾ ਕਰ ਸਕਿਆ।
ਇਕ ਦਿਨ ਫੈਸਲਾ ਹੋ ਈ ਗਿਆ। ਜ਼ਮੀਨ ਦੀ ਰਜਿਸਟਰੀ ਕਰ ਕੇ ਬਾਪੂ ਰੁਪਈਏ ਪੱਲੇ ਪੁਆਕੇ ਆ ਗਿਆ। ਫੇਰ ਝੋਟੀ ਵਿਕ ਗਈ। ਛੰਨ ਤੇ ਕੋਠਾ ਢਾਹ ਦਿੱਤਾ ਗਿਆ। ਨਵੀਂ ਕੋਠੀ ਉਸਰਨ ਲੱਗੀ। ਬਾਪੂ ਆਪ ਉਹਦੇ ਕੰਮਾਂ 'ਚ ਉਲਝਿਆ ਰਹਿੰਦਾ।
ਕੋਠੀ ਤਿਆਰ ਹੋ ਗਈ ਤਾਂ ਬਾਪੂ ਵਾਸਤੇ ਫੇਰ ਮੁਸ਼ਕਲਾਂ ਖੜ੍ਹੀਆਂ ਹੋ ਗਈਆਂ। ਉਹ ਕਿਹੜੇ ਕਮਰੇ 'ਚ ਰਵ੍ਹੇ? ਕਿੱਥੇ ਬੈਠੇ ਉਠੇ? ਉਹ ਥਾਂ ਕਿਹੜੀ ਹੋਵੇ ਜਿੱਥੇ ਬਲਵਿੰਦਰ ਦਾ ਦਖ਼ਲ ਨਾ ਹੋਵੇ। ਉਹ ਸੀ ਗੈਰਜ। ਜਿੱਥੇ ਖੜ੍ਹੀ ਕਰਨ ਵਾਸਤੇ ਸਾਡੇ ਕੋਲ ਹਾਲੇ ਕਾਰ ਨਹੀਂ ਸੀ।
ਇੱਥੇ ਹੁਣ ਬਾਪੂ ਖੁਸ਼ ਰਹਿੰਦਾ ਹੈ। ਉਹ ਆਪਣੇ ਮੰਜੇ ਕੋਲ ਸੁਆਹ ਦਾ ਤਸਲਾ ਰੱਖਦਾ ਹੈ। ਆਪਣੀ ਮਰਜ਼ੀ ਨਾਲ ਖੰਘਦਾ ਥੁੱਕਦਾ ਹੈ। ਆਪਣੇ ਮੋਢੇ 'ਤੇ ਰੱਖੇ ਪਰਨੇ ਜਾਂ ਚਾਂਦਰੇ ਨਾਲ ਨੱਕ ਪੁੰਝ ਲੈਂਦਾ ਹੈ। ਚਾਹਵੇ ਤਾਂ ਬਿਸਤਰਾ ਵਲ੍ਹੇਟ ਦੇਵੇ, ਚਾਹੇ ਤਾਂ ਖੋਹਲ ਲਵੇ। ਕੱਪੜੇ ਚਾਹੇ ਆਪਣੀ ਬਿਲੰਗ 'ਤੇ ਟੰਗੇ ਤੇ ਭਾਵੇਂ ਕੁਰਸੀ 'ਤੇ ਸੁੱਟੀ ਰੱਖੇ। ਉਹਨੂੰ ਕੋਈ ਪੁੱਛਣ ਟੋਕਣ ਵਾਲਾ ਨਹੀਂ।
ਇਸ ਤਰ੍ਹਾਂ ਰਹਿਣ ਦੇ ਸੁੱਖ ਨੂੰ ਬਲਵਿੰਦਰ ਨਹੀਂ ਸਮਝਦੀ। ਮੇਰੇ ਉਹ ਦੋਸਤ ਸਮਝਦੇ ਨੇ ਜਿਨ੍ਹਾਂ ਦੇ ਘਰ ਇਹੋ ਜਿਹੇ ਬਾਪੂ ਨੇ। ਉਹ ਜਦ ਵੀ ਆਉਂਦੇ ਨੇ, ਬਾਪੂ ਨੂੰ ਜ਼ਰੂਰ ਮਿਲਦੇ ਨੇ। ਜਦ ਬਾਪੂ ਛੰਨ ਹੇਠਾਂ ਬਹਿੰਦਾ ਸੀ, ਉਹ ਤਾਂ ਵੀ ਉਹਦੇ ਕੋਲ ਬੈਠੇ ਰਹਿੰਦੇ ਸੀ। ਮੱਝ ਦੇ ਗੋਹੇ ਤੇ ਮੁਤਰਾਲ ਦੀ ਹਵਾੜ 'ਚ ਉਹ ਬਾਪੂ ਨਾਲ ਦਾਰੂ ਕੱਢਣ, ਪੀਣ, ਪਿੰਡ ਦੀਆਂ ਲੜਾਈਆਂ, ਛਿੰਝਾਂ ਦੀਆਂ ਗੱਲਾਂ ਕਰਦੇ ਰਹਿੰਦੇ। ਬਲਵਿੰਦਰ ਉਹਨਾਂ ਲੋਕਾਂ ਨੂੰ ਵੀ ਅਧ-ਪੜ੍ਹ ਸਮਝਦੀ ਸੀ।
''ਬਾਪੂ, ਅੱਜ ਕੀ ਖਾਣ ਨੂੰ ਚਿੱਤ ਕਰਦੈ?'' ਮੈਂ ਝਿਜਕਦਾ ਪੁੱਛਦਾ ਹਾਂ। ਅੱਜ ਉਹਦੇ ਪੋਤੇ ਦਾ ਜਨਮ ਦਿਨ ਹੈ। ਬਾਪੂ ਨੂੰ ਸ਼ਰਾਬ ਦੀ ਮਨਾਹੀ ਹੈ, ਨਹੀਂ ਤਾਂ ਉਹਦੀ ਪਹਿਲੀ ਮੰਗ ਇਹ ਹੁੰਦੀ। ਕੁੱਝ ਢਿੱਲਾ ਹੋਣ ਕਰਕੇ ਵੀ ਬਾਪੂ ਬਹੁਤਾ ਖੁਸ਼ ਨਹੀਂ। ਉਂਝ ਵੀ ਅੱਜ ਮੇਰੀ ਬੇਬੇ ਦੀ ਬਰਸੀ ਵੀ ਹੈ।
ਬਾਪੂ ਨੂੰ ਬੇਬੇ ਦੀ ਯਾਦ ਉਦੱਣ ਤੋਂ ਬਹੁਤੀ ਆਉਣ ਲੱਗੀ ਹੈ, ਜਦ ਤੋਂ ਉਹ ਹਸਪਤਾਲ ਤੋਂ ਨਵਾਂ ਜਨਮ ਲੈ ਕੇ ਮੁੜਿਆ ਹੈ। ''ਇੰਨੀ ਕੁ ਗੋਈ ਬਣਾ ਦੇ। ਮੇਰਾ ਸਾਹ ਵੀ ਕੁਸ਼ ਅੜਦੈ।'' ਬਾਪੂ ਫਰਮੈਸ਼ ਪਾਉਂਦਾ ਹੈ।
ਇਸ ਨਿਗੂਣੀ ਜਿਹੀ ਚੀਜ਼ ਦੀ ਲਾਲਸਾ ਬਾਪੂ ਨੂੰ ਪਤਾ ਨਹੀਂ ਕਿਉਂ ਹੈ, ਕਦ ਤੋਂ ਹੈ?-ਪਹਿਲਾਂ ਪਹਿਲ ਜਦ ਉਸ ਨੇ ਫਰਮੈਸ਼ ਪਾਈ ਸੀ ਤਾਂ ਮੈਂ ਬਲਵਿੰਦਰ ਨੂੰ ਸਮਝਾਇਆ ਸੀ ਪਈ ਗੋਈ ਪਤਲੇ ਜਿਹੇ ਕੜਾਹ ਨੂੰ ਕਹਿੰਦੇ ਨੇ। ਭਾਵੇਂ ਗੁੜ ਸ਼ੱਕਰ ਦਾ ਹੋਵੇ। ਪਰ ਉਸਨੂੰ ਜਾਚ ਹੀ ਨਹੀਂ ਸੀ। -ਇਕ ਵਾਰ ਤਾਂ ਇਸੇ ਗੋਈ ਪਿੱਛੇ ਮੈਂ ਡਾਈਨਿੰਗ ਟੇਬਲ ਤੋਂ ਡੌਗੇ ਤੇ ਪਲੇਟਾਂ ਚੁੱਕ ਕੇ ਫ਼ਰਸ਼ 'ਤੇ ਮਾਰ ਦਿੱਤੀਆਂ ਸਨ-ਉਸ ਮੂਰਖ ਤੋਂ ਕਹਿ ਹੋ ਗਿਆ ਸੀ। -''ਮੈਨੂੰ ਕੀ ਪਤਾ ਤੁਹਾਡੇ ਜੱਟਾਂ ਬੂਟਾਂ ਦੇ ਇਹੋ ਜਿਹੇ ਖਾਣੇ ਹੁੰਦੇ ਨੇ।'' -ਇਹ ਗੱਲ ਕਹਿ ਕੇ ਉਹਨੇ ਆਪਣੇ ਚਿਹਰੇ 'ਤੇ ਮੁਸਕਰਾਹਟ ਲਿਆਉਣ ਦੀ ਕੋਸ਼ਿਸ਼ ਵੀ ਕੀਤੀ ਸੀ । ਦੋ ਦਿਨਾਂ ਬਾਅਦ ਲੜਾਈ ਮੁੱਕ ਗਈ ਤਾਂ ਬਲਵਿੰਦਰ ਉਸ ਗੱਲ ਦਾ ਚੇਤਾ ਮੈਨੂੰ ਬਾਪੂ ਡਿਸ਼ ਕਹਿ ਕੇ ਕਰਾਂਦੀ ਰਹੀ ਸੀ।
ਗੋਈ ਬਿਮਲਾ ਵੀ ਬਣਾ ਸਕਦੀ ਹੈ। ਪਰ ਬਣਾਉਂਦਾ ਅਕਸਰ ਮੈਂ ਹੀ ਹਾਂ। ਇਸ ਲਈ ਵੀ ਪਈ ਉਹ ਮੇਰਾ ਬਾਪੂ ਹੈ-ਪਤਨੀ ਬਾਹਰਾ।
ਉਂਜ ਦਿਲ ਦੀ ਬਲਵਿੰਦਰ ਵੀ ਮਾੜੀ ਨਹੀਂ। - ਉਹ ਤਾਂ ਚਾਹੁੰਦੀ ਹੈ ਪਈ ਬਾਪੂ ਚੰਗਾ ਖਾਵੇ, ਚੰਗਾ ਪੀਵੇ, ਹੰਢਾਏ, ਚੰਗਾ ਬੋਲੇ, ਗੁਰਦੁਆਰੇ ਮੱਥਾ ਟੇਕੇ ਤੇ ਵਾਹਿਗੁਰੂ ਵਾਹਿਗੁਰੂ ਕਰਿਆ ਕਰੇ। ਜਿਸ ਤਰ੍ਹਾਂ ਉਹਦਾ ਦਾਦਾ ਜੀ ਚਿੱਟੇ ਦੁੱਧ ਵਰਗੇ ਕੱਪੜੇ ਪਾ ਕੇ ਬੈਠਦੇ ਨੇ, ਡਾਈਨਿੰਗ ਟੇਬਲ 'ਤੇ ਬਹਿ ਕੇ ਖਾਂਦੇ ਨੇ ਤੇ ਸ਼ਾਮ ਨੂੰ ਘਰ ਆਏ ਪੁੱਤਰਾਂ, ਪੋਤਰਿਆਂ ਨਾਲ ਰਾਜਨੀਤੀ ਦੀਆਂ ਗੱਲਾਂ ਕਰਦੇ ਨੇ। ਉਹ ਨਹੀਂ ਸਮਝਦੀ ਪਈ ਬਾਪੂ ਉਸ ਮਿੱਟੀ ਦਾ ਜੰਮਿਆ ਪਲਿਆ ਹੈ। ਜਿੱਥੇ ਖੇਤ ਨੇ, ਪਿੱਪਲਾਂ ਬਰੋਟਿਆਂ ਵਾਲੇ ਟੋਭੇ ਨੇ, ਵਿਹੜਿਆਂ 'ਚ ਮਾਲ ਡੰਗਰ ਨੇ। ਹਰ ਬਦਲਦੇ ਮੌਸਮ ਨਾਲ ਧਰਤੀ ਮਾਤਾ ਆਪਣੀ ਸੁਗਾਤ ਦਿੰਦੀ ਹੈ। ਕੁਦਰਤ ਦੀ ਕਰੋਪੀ ਨਾਲ ਲੜਨਾ ਪੈਂਦਾ ਹੈ। ਇਹ ਝੋਰਾ ਬਾਪੂ ਦਾ ਹੀ ਨਹੀਂ, ਕੁੱਝ ਮੇਰਾ ਵੀ ਹੈ। ਜਦ ਜ਼ਮੀਨ ਵੇਚੀ ਸੀ ਤਾਂ ਮੈਨੂੰ ਲੱਗਿਆ ਸੀ ਪਈ ਅਸੀਂ ਵੀ ਉਹ ਲੋਕ ਹੋ ਗਏ ਹਾਂ ਜਿਹਨਾਂ ਦਾ ਪਿੱਛਾ ਕੋਈ ਨਹੀਂ ਹੁੰਦਾ। ਜਿਹਨਾਂ ਨੂੰ ਅਖ਼ਬਾਰਾਂ ਵਾਲੇ ਤਨਖਾਹਾਂ 'ਤੇ ਜਿਊਣ ਵਾਲੇ ਆਖਦੇ ਨੇ।
ਪਿੱਛੇ ਜਿਹੇ ਟੀ.ਵੀ. 'ਤੇ ਹਰਿਆਣੇ ਦੇ ਇਕ ਪਿੰਡ ਬਾਰੇ ਸਰਕਾਰ ਦੀ ਨਿੱਕੀ ਡਾਕੂਮੈਂਟਰੀ ਫਿਲਮ ਆਈ ਸੀ ''ਚੌਮਾਸਾ''। ਉਹਦਾ ਇਕ ਸੀਨ ਵੇਖਦਿਆਂ ਮੈਂ ਸੋਫੇ 'ਤੇ ਹੀ ਟੱਪ ਪਿਆ ਸੀ। -ਸਾਉਣ ਦੀ ਹਵਾ ਜ਼ੋਰ ਦੀ ਵੱਗਦੀ ਹੈ। ਰੁੱਖ, ਬੂਟੇ, ਪੈਲੀਆਂ ਦੂਹਰੀਆਂ ਚਹੁਰੀਆਂ ਹੁੰਦੀਆਂ ਜਾਂਦੀਆਂ ਨੇ। ਖੇਤਾਂ 'ਚ ਗੋਡੀ ਕਰਦੇ ਲੋਕ ਉਠ ਉਠ ਅਸਮਾਨ ਵੱਲ ਤੱਕਦੇ ਨੇ। ਜਦੇ ਪੁਰੇ ਵੱਲ ਬਿਜਲੀ ਲਿਸ਼ਕਦੀ ਹੈ ਤੇ ਪਹਾੜਾਂ ਵੱਲੋਂ ਕਾਲੀ ਭੂਰੀ ਘਟਾ ਘੁੰਮਦੀ ਘੁੰਮਾਂਦੀ ਆਉਂਦੀ ਹੈ। ਜਦੋਂ ਮੋਟਾ ਮੋਟਾ ਕਣਾ ਪੈਣ ਲੱਗ ਪੈਂਦਾ ਹੈ। ਕਿਸਾਨ ਸੰਦ ਸਾਂਭ ਕੇ ਪਿੰਡ ਵੱਲ ਨੂੰ ਤੁਰਦੇ ਨੇ ਤੇ ਵੱਢਾਂ 'ਚ ਚੁਗਦੇ ਡੰਗਰ ਕੰਨ ਚੁੱਕ ਚੁੱਕ ਚਾਰੇ ਪਾਸੇ ਵੇਖਦੇ ਨੇ ਤੇ ਟਪੂਸੀਆਂ ਮਾਰ ਪੂਛਾਂ ਚੁੱਕ ਕੇ ਪਿੱਠ ਨੂੰ ਲਾ ਕੇ ਹਿਰਨਾਂ ਵਾਂਗੂੰ ਭੱਜ ਪੈਂਦੇ ਨੇ। ਇਕ ਕਿਸਾਨ ਆਪਣੇ ਕੋਠੇ ਦੇ ਛੱਪਰ ਹੇਠ ਖੜ੍ਹਾ ਮੀਂਹ ਦਾ ਪਾਣੀ ਵੇਖ ਵੇਖ ਹੱਸਦਾ ਹੈ ਤੇ ਆਪਣੀ ਘਰ ਵਾਲੀ ਨੂੰ ਹਾਕ ਮਾਰ ਕੇ ਕਿਆਰੇ ਭਰ ਮੀਂਹ ਦੀ ਖ਼ੁਸ਼ਖ਼ਬਰੀ ਦਿੰਦਾ ਹੈ।
ਮੈਂ ਸੋਫੇ 'ਤੇ ਕਿਉਂ ਕੁੱਦ ਪਿਆ ਸੀ, ਬਲਵਿੰਦਰ ਨਹੀਂ ਜਾਣਦੀ ਪਰ ਉਹਨੇ ਜਾਂ ਹਾਲਾਤ ਨੇ ਮੈਨੂੰ ਇੰਨੇ ਜੋਗਾ ਹੀ ਕਰ ਦਿੱਤਾ ਸੀ।
ਬਾਪੂ ਆਪਣੀ ਪਿੱਠ ਪਲੋਸਦਾ ਹੈ। ਮੇਰੇ ਪੁੱਛਣ 'ਤੇ ਦੱਸਦਾ ਹੈ ਪਈ ਉਸ ਦੇ ਖੱਬੇ ਮੌਰ 'ਚ ਦਰਦ ਹੁੰਦਾ ਹੈ। ਮੈਂ ਉਹਦੇ ਸਾਹਮਣੇ ਵੱਲ ਕੰਧ ਦੀ ਬੀਂਢਲ ਤੋਂ ਬਾਮ ਦੀ ਸ਼ੀਸ਼ੀ ਚੁੱਕ ਕੇ ਮਾਲਸ਼ ਕਰਦਾ ਹਾਂ। ਸਾਰੀ ਪਿੱਠ ਦਾ ਮਾਸ ਲਮਕਾਵਾਂ ਤੇ ਖੁਰਦਰਾ ਹੈ। ਇਸ ਪਿੱਠ 'ਤੇ ਕਿੰਨੀ ਉਮਰ ਤੱਕ ਪਿੱਠੂ ਰਿਹਾ ਤੇ ਫੇਰ ਬੋਰੀਆਂ।
''ਭਰਾ ਜੀ, ਜ਼ਰਾ ਬਾਹਰ ਆਇਓ।'' ਮੇਰਾ ਛੋਟਾ ਸਾਲਾ ਬੁਲਾਉਂਦਾ ਹੈ। ਉਹਦੇ ਨਾਲ ਹੋਟਲ ਦਾ ਨੌਕਰ ਖੜ੍ਹਾ ਹੈ। ਮੈਂ ਆਪਣੀ ਮਦਦ ਲਈ ਬਲਵਿੰਦਰ ਨੂੰ ਆਵਾਜ ਦਿੰਦਾ ਹਾਂ। ਉਹ ਮੇਰੇ ਨਾਲੋਂ ਕਿਤੇ ਛੇਤੀ ਗਿਣਤੀ ਮਿਣਤੀ ਕਰ ਲੈਂਦੀ ਹੈ।
ਕਿੰਨੇ ਕਿਸਮ ਦੇ ਮੀਟ, ਮੱਛੀ, ਪਲਾਉ ਜ਼ਰਦਾ ਤੇ ਡਿਸ਼ਾਂ... ਬਾਪੂ ਗੋਈ ਮੰਗਦਾ ਹੈ।
''ਬਸ ਠੀਕ ਹੈ!'' ਮੈਂ ਉਹਨਾਂ ਦੀਆਂ ਸਾਰੀਆਂ ਗੱਲਾਂ 'ਤੇ ਹਾਂ ਦਿੰਦਾ ਹਾਂ ਤੇ ਖਹਿੜਾ ਛੁਡਾ ਕੇ ਰਸੋਈ 'ਚ ਆ ਜਾਂਦਾ ਹਾਂ। ਬਾਪੂ ਗੋਈ ਮੰਗਦਾ ਹੈ। ਉਸ ਦੀ ਇਹ ਮੰਗ ਉਸੇ ਤਰ੍ਹਾਂ ਦੀ ਹੈ ਜਿਵੇਂ ਅਸੀਂ ਸ਼ਹਿਰ ਆ ਕੇ ਜਲੇਬੀਆਂ ਜਾਂ ਬੱਤਾ ਮੰਗਦੇ ਹੁੰਦੇ ਸੀ। ਜਿਵੇਂ ਕੋਈ ਚੀਜ਼ ਮਨ 'ਚ ਹੀ ਰਹੀ ਪਈ ਹੋਵੇ। ਫ਼ਰਕ ਸਿਰਫ ਇਹ ਹੈ ਪਈ ਅਸੀਂ ਜਿੱਦ ਨਾਲ ਮੰਗਦੇ ਹੁੰਦੇ ਸੀ ਤੇ ਬਾਪੂ ਫਰਮੈਸ਼ ਪਾਉਂਦਾ ਹੈ।
ਡਰਾਇੰਗ ਰੂਮ 'ਚ ਫੇਰ ਸ਼ੋਰ ਮਚਿਆ ਹੈ। ਰੇਡੀਓ ਦੀ ਆਵਾਜ਼ ਦੇ ਨਾਲ ਹਾਸੇ ਦਾ ਰੌਲਾ ਵੀ ਹੈ। ਸ਼ਾਇਦ ਕਿਸੇ ਭਾਰਤੀ ਖਿਡਾਰੀ ਨੇ ਛਿੱਕਾ ਮਾਰਿਆ ਹੈ ਜਾਂ ਸੈਂਚਰੀ ਦਾ ਨਵਾਂ ਰਿਕਾਰਡ ਬਣਾਇਆ ਹੈ-ਜਾਂ ਕਿਸੇ ਨੇ ਜ਼ੋਰਦਾਰ ਚੁਟਕਲਾ ਸੁਣਾਇਆ ਹੈ।
ਮੈਂ ਘੀ 'ਚ ਆਟਾ ਭੁੰਨ ਰਿਹਾ ਹਾਂ। ਹਾਸਾ ਹਾਲੇ ਵੀ ਜਾਰੀ ਹੈ।
ਕਦੇ ਕਦੇ ਚੁਟਕਲਾ ਸੁਣਾਉਣ ਵਾਲਾ ਜਾਂ ਸੁਣ ਕੇ ਹੱਸਣ ਵਾਲਾ ਬੰਦਾ ਕਿੰਨਾ ਬੇਰਹਿਮ ਹੋ ਜਾਂਦਾ ਹੈ। ਉਹਦੀ ਇਕ ਮਿਸਾਲ ਬਲਵਿੰਦਰ ਵੀ ਹੈ। ਜੀਹਦਾ ਕਾਰਨ ਸ਼ਾਇਦ ਉਹਦੀ ਮਾੜੀ ਨੀਤ ਨਹੀਂ, ਬੇ-ਸਮਝੀ ਹੈ।
ਉਦੋਂ ਬਾਪੂ ਬਹੁਤ ਬਿਮਾਰ ਹੋ ਗਿਆ ਸੀ। ਅਸੀਂ ਉਹਨਾਂ ਨੂੰ ਗੈਰੇਜ 'ਚੋਂ ਚੁੱਕ ਕੇ ਇਸ ਕਮਰੇ 'ਚ ਲੈ ਆਏ ਸੀ। ਬਲਵਿੰਦਰ ਡਰਦੀ ਸੀ ਪਈ ਉਹਦੇ ਰਿਸ਼ਤੇਦਾਰ ਖਬਰ ਨੂੰ ਆਉਣਗੇ ਤਾਂ ਕੀ ਆਖਣਗੇ ਪਈ ਬੁੱਢਾ ਗੈਰੇਜ 'ਚ ਪਿਆ ਹੈ। ਉਸੇ ਸ਼ਾਮ ਬਾਪੂ ਦੇ ਚਿਹਰੇ 'ਤੇ ਕਦੇ ਰਤਾ ਕੁ ਸ਼ਾਂਤੀ ਹੁੰਦੀ ਤੇ ਕਦੇ ਅਚਾਨਕ ਮੁਰਦਨੀ ਛਾ ਜਾਂਦੀ। ਮੈਨੂੰ ਲੱਗਿਆ, ਹੁਣ ਹਾਲਤ ਚੰਗੀ ਨਹੀਂ। ਅਸੀਂ ਸ਼ਾਮ ਨੂੰ ਹੀ ਮਿਲਟਰੀ ਹਸਪਤਾਲ 'ਚ ਲੈ ਗਏ। ਰਾਤ ਦੇ ਚਾਰ ਕੁ ਵਜੇ, ਬਾਪੂ ਨੇ ਸਾਨੂੰ ਕੋਲ ਨੂੰ ਹੋਣ ਦੀ ਸੈਨਤ ਕੀਤੀ ਤੇ ਵਸੀਅਤ ਵਰਗੀ ਬੇਨਤੀ ਕੀਤੀ, ''ਮੈਨੂੰ ਪਿੰਡ ਆਲੀਆਂ ਮੜ੍ਹੀਆਂ 'ਚ ਲਿਜਾਇਉ।''
ਪਰ ਡਾਕਟਰ ਗਰੇਵਾਲ ਨੇ ਉਹਨੂੰ ਰਾਤੋ ਰਾਤ ਠੀਕ ਕਰ ਦਿੱਤਾ। ਉਹਦੇ ਸਰੀਰ ਦਾ ਪਾਣੀ ਘੱਟ ਗਿਆ ਸੀ। ਦੂਜੇ ਦਿਨ ਸ਼ਾਮ ਨੂੰ ਅਸੀਂ ਘਰ ਲੈ ਆਏ। ਦੋ ਦਿਨਾਂ ਬਾਅਦ ਬਾਪੂ ਤੁਰਨ ਫਿਰਨ ਲੱਗ ਪਿਆ। ਤੇ ਇਕ ਦਿਨ ਚੁੱਪ ਕਰਕੇ ਆਪਣਾ ਸਾਮਾਨ ਚੁੱਕ ਕੇ ਗੈਰੇਜ 'ਚ ਜਾ ਵੜਿਆ। ਸ਼ਾਇਦ ਇਸ ਡਰੋਂ ਪਈ ਬਲਵਿੰਦਰ ਦੇ ਰਿਸ਼ਤੇਦਾਰ ਦੇਖਣਗੇ, ਤਾਂ ਕੀ ਕਹਿਣਗੇ।
ਕੁੱਝ ਦਿਨਾਂ ਬਾਅਦ ਜਦ ਸਭ ਕੁੱਝ ਨਾਰਮਲ ਹੋ ਗਿਆ ਤਾਂ ਇਕ ਸ਼ਾਮ ਬਲਵਿੰਦਰ ਦੀਆਂ ਵਾਲ ਕਟੀਆਂ ਸਹੇਲੀਆਂ ਆਈਆਂ। ਕੌਫ਼ੀ ਸਿੱਪ ਕਰਦਿਆਂ ਬਲਵਿੰਦਰ ਨੇ ਬਾਪੂ ਦੀ 'ਮੜ੍ਹੀਆਂ ਵਾਲੀ ਗੱਲ' ਚੁਟਕਲਾ ਬਣਾ ਕੇ ਸੁਣਾ ਦਿੱਤੀ। ਉਹ ਸਭ ਜ਼ੋਰ ਨਾਲ ਹੱਸੀਆਂ ਪਈ ਮਰਨ ਵਾਲੇ ਨੂੰ ਕੀ ਪਤਾ ਪਈ ਉਹਨੂੰ ਕਿੱਥੇ ਲਿਜਾਇਆ ਜਾਵੇਗਾ ਤੇ ਕਿੱਥੇ ਨਹੀਂ।
ਫੇਰ ਹਰੇਕ ਔਰਤ ਨੇ ਆਪਣੀ ਸੱਸ ਜਾਂ ਸਹੁਰੇ ਦਾ ਕੋਈ ਨਾ ਕੋਈ ਚੁਟਕਲਾ ਸੁਣਾਇਆ। ਜਵਾਬ 'ਚ ਸਾਰੀਆਂ ਹੱਸੀਆਂ।
ਗੋਈ ਤਿਆਰ ਹੋ ਗਈ ਹੈ। ਠੰਡੀ ਹੋਣ ਦੀ ਦੇਰ ਹੈ। ਡਰਾਇੰਗ ਰੂਮ ਵਿਚ ਫਿਰ ਹਾਸੇ ਛੁੱਟੇ ਨੇ। ਹੁਣ ਕਮੈਂਟਰੀ ਲੰਚ ਬਰੇਕ ਕਰਕੇ ਬੰਦ ਹੈ ਸ਼ਾਇਦ। ਹੁਣ ਤਾਂ ਜ਼ਰੂਰ ਕਿਸੇ ਨਾ ਕਿਸੇ ਨੇ ਬੇਵਕੂਫੀ ਦੀ ਹੱਦ ਤੱਕ ਕੋਈ ਚੁਟਕਲਾ ਸੁਣਾਇਆ ਹੋਵੇਗਾ। ਸ਼ਾਇਦ ਬਲਵਿੰਦਰ ਨੇ ਹੀ ਉਹੀ ਚੁਟਕਲਾ ਦੁਹਰਾਇਆ ਹੋਏ। ਬਾਪੂ ਵਾਲਾ।
ਮੈਂ ਉਹਨਾਂ ਦੇ ਰੰਗ 'ਚ ਭੰਗ ਨਹੀਂ ਪਾਉਂਦਾ। ਗੋਈ ਦੀ ਬਾਟੀ ਚੁੱਕ ਕੇ ਬਾਪੂ ਕੋਲ ਚਲਿਆ ਜਾਂਦਾ ਹਾਂ।

  • ਮੁੱਖ ਪੰਨਾ : ਕਹਾਣੀਆਂ, ਪ੍ਰੇਮ ਪ੍ਰਕਾਸ਼
  • ਮੁੱਖ ਪੰਨਾ : ਪੰਜਾਬੀ ਕਹਾਣੀਆਂ