Guide (Punjabi Story) : Sanwal Dhami
ਗਾਈਡ (ਕਹਾਣੀ) : ਸਾਂਵਲ ਧਾਮੀ
ਮੈਂ ਪਹਿਲੀ ਮੁਲਾਕਾਤ 'ਤੇ ਸਮਝ ਗਿਆ ਸਾਂ ਕਿ ਉਸ
ਵਿਚ ਅੰਤਾਂ ਦੀ ਚੰਚਲਤਾ ਏ। ਉਦੋਂ ਉਸਦੀ ਉਮਰ ਸਤਾਰਾਂ ਕੁ
ਸਾਲ ਸੀ। ਗੋਲ-ਮਟੋਲ ਸਰੀਰ, ਦਰਮਿਆਨਾ ਕੱਦ ਤੇ ਲਟਲਟ
ਬਲਦਾ ਲਾਲ-ਸੂਹਾ ਰੰਗ। ਉਹ ਤਾਂ ਜਿਉਂ ਕਿਸੇ ਨੂੰ
ਸਮਰਪਿਤ ਹੋਣ ਲਈ ਤੜਫ ਰਹੀ ਹੋਵੇ। ਉਸਦੇ ਸੁਰਖ਼ ਹੋਂਠ
ਇਕ ਗੱਲ ਦੇ ਬਾਅਦ ਹੀ ਖ਼ੁਸ਼ਕ ਹੋ ਜਾਂਦੇ।
''ਤੁਸੀਂ ਇਕੱਲੇ ਕਿਉਂ ਰਹਿੰਦੇ ਹੋ?''
''ਤੁਹਾਡਾ ਕੱਲਿਆਂ ਦਾ ਦਿਲ ਕਿਵੇਂ ਲੱਗ ਜਾਂਦੈ?''
''ਤੁਸੀਂ ਵਿਆਹ ਕਦੋਂ ਕਰਵੌਣਾਂ?''
''ਲੱਗਦੈ ਤੁਸੀਂ ਲਵ-ਮੈਰਿਜ ਕਰਵਾਓਗੇ?''
ਉਸਨੇ ਤਾਂ ਸਵਾਲਾਂ ਦੀ ਝੜੀ ਲਗਾ ਦਿੱਤੀ ਸੀ। ਮਣੀ
ਉਸਨੂੰ ਘੂਰਦੀ ਵੀ ਰਹੀ ਤੇ ਸ਼ਰਮਾਉਂਦੀ ਵੀ ਰਹੀ। ਮੈਂ ਵੀ
ਖਾਮੋਸ਼ ਮੁਸਕਰੌਂਦਾ ਰਿਹਾ। ਪਰ ਉਹ ਨਾ ਟਲੀ।
''ਸਰ ਜੀ ਮਣੀ ਤਾਂ ਸਾਰਾ ਦਿਨ ਤੁਹਾਡੀਆਂ ਈ ਗੱਲਾਂ
ਕਰਦੀ ਰਹਿੰਦੀ ਆ ਬਸ। ਸਰ ਜੀ ਨੇ ਆਹ ਕਿਹਾ, ਸਰ ਜੀ ਨੇ
ਉਹ ਕਿਹਾ। ਬੜੀਆਂ ਕੁੜੀਆਂ ਦੀਵਾਨੀਆਂ ਹੋਈਆਂ ਪਈਆਂ
ਨੇ ਤੁਹਾਡੀਆਂ। ਪਤਾ ਨਹੀਂ ਕੀ ਜਾਦੂ ਦੀ ਪੁੜੀ ਧੂੜ ਦਿੱਤੀ ਏ
ਤੁਸੀਂ ਇਨ੍ਹਾਂ ਦੇ ਸਿਰਾਂ 'ਤੇ?''
ਉਹ ਨਿਝੱਕ ਗੱਲਾਂ ਕਰਦੀ ਰਹੀ, ਜਿਉਂ ਮੇਰੇ ਨਾਲ
ਵਰ੍ਹਿਆਂ ਤੋਂ ਸਾਂਝ ਹੋਵੇ। ਮੈਂ ਉਦੋਂ ਚਵੀ ਕੁ ਸਾਲਾਂ ਦਾ ਸਾਂ।
ਉਸਦੀਆਂ ਲਾਲ-ਸੂਹੀਆਂ ਗੱਲ੍ਹਾਂ ਮੇਰੇ ਈਮਾਨ ਨੂੰ ਖੋਰਦੀਆਂ
ਜਾ ਰਹੀਆਂ ਸਨ। ਮਣੀ ਦੀ ਹਾਜ਼ਰੀ ਕਾਰਨ ਮੈਂ ਖਾਹਸ਼ਾਂ ਨੂੰ
ਕਾਬੂ 'ਚ ਰੱਖ ਕੇ ਗੱਲਾਂ ਕਰ ਰਿਹਾ ਸਾਂ।
ਮਣੀ ਮੇਰੀ ਬੀ.ਏ. ਸੈਕੰਡ ਯੀਅਰ ਦੀ ਸਟੂਡੈਂਟ ਸੀ,
ਲੰਮ-ਸਲੰਮੀ ਤੇ ਤਿੱਖੇ-ਤਿੱਖੇ ਨੈਣ ਨਕਸ਼ਾਂ ਵਾਲੀ, ਇਹ
ਸਾਂਵਲੀ ਜਿਹੀ ਕੁੜੀ ਬਹੁਤ ਘੱਟ ਬੋਲਦੀ ਸੀ। ਮੈਂ ਜਿਸ ਗਲੀ
'ਚ ਕਿਰਾਏ ਦਾ ਰੂਮ-ਸੈੱਟ ਲੈ ਕੇ ਰਹਿ ਰਿਹਾ ਸਾਂ, ਉਸ ਗਲੀ
ਦੀ ਅਖੀਰ 'ਚ ਮਣੀ ਦੇ ਡੁਬਈ 'ਚ ਰਹਿੰਦੇ ਬਾਪ ਦਾ ਦੋਮੰਜ਼ਲਾ
ਆਲੀਸ਼ਾਨ ਮਕਾਨ ਸੀ। ਇਹ ਮੈਨੂੰ ਅਕਸਰ ਮਿਲਣ
ਆ ਜਾਂਦੀ। ਬਹੁਤ ਵਾਰ ਨੂਡਲਜ਼ ਜਿਹਾ ਕੋਈ ਫਾਸਟ ਫੂਡ
ਬਣਾ ਲਿਆਉਂਦੀ।
''ਮੈਂ ਤੁਹਾਡੇ ਵਿਚਾਰ ਸੁਣਨ ਆਈ ਹਾਂ।'' ਸ਼ਰਮਾਉਂਦੇ
ਹੋਏ ਏਨਾ ਕੁ ਆਖਦੀ ਤੇ ਕੁਰਸੀ 'ਤੇ ਬੈਠ ਜਾਂਦੀ। ਮੇਰੀਆਂ
ਗੱਲਾਂ ਸੁਣਦੀ ਹੋਈ ਸ਼ਰਧਾ 'ਚ ਸਿਰ ਮਾਰਦੀ ਰਹਿੰਦੀ। ਉਹ
ਮੇਰੇ ਪੜ੍ਹਾਉਣ ਦੇ ਢੰਗ, ਪੇਂਡੂ ਜਟਕੀ ਬੋਲੀ, ਦਾਰਸ਼ਨਿਕ
ਗੱਲਾਂ ਤੇ ਕਵਿਤਾਵਾਂ 'ਤੇ ਫਿਦਾ ਸੀ।
''ਤੁਹਾਡੇ ਵਰਗਾ ਤੇ ਕੋਈ ਨਹੀਂ ਏਸ ਦੁਨੀਆਂ 'ਤੇ।
ਸੋਹਣਾ ਤੇ ਸਿਆਣਾ।''
ਇਹ ਵੱਡੀ ਤੋਂ ਵੱਡੀ ਗੱਲ ਸੀ, ਜੋ ਉਸਨੇ ਪੰਜ ਮਹੀਨਿਆਂ
ਦੇ ਬਾਅਦ ਕੀਤੀ ਸੀ। ਉਸ ਦੀ ਇਹ ਖ਼ਾਮੋਸ਼ ਚਾਹਤ ਨੇ ਮੈਨੂੰ
ਥੋੜ੍ਹਾ ਜਿਹਾ ਪ੍ਰਭਾਵਿਤ ਤਾਂ ਕੀਤਾ ਸੀ, ਪਰ ਦੀਵਾਨਾ ਨਹੀਂ। ਪਰ
ਓਸ ਕੁੜੀ ਨੇ ਤਾਂ ਮੈਨੂੰ ਇਕੋ ਮੁਲਾਕਾਤ 'ਚ ਝੱਲਾ ਕਰ ਸੁੱਟਿਆ
ਸੀ। ਦੋਵੇਂ ਮਾਸੀ ਦੀਆਂ ਧੀਆਂ ਸਨ ਤੇ ਚੰਚਲ ਕੁੜੀ ਦਾ ਨਾਂ
ਚੀਨਾ ਸੀ।
''ਅਸੀਂ ਵੀ ਕਦੇ-ਕਦੇ ਤੁਹਾਡੀ ਆਵਾਜ਼ ਸੁਣ ਲਿਆ
ਕਰਾਂਗੇ।''
ਉਹ ਵਿਛੜਨ ਲੱਗਿਆਂ ਮੋਬਾਇਲ ਨੰਬਰ ਲੈ ਗਈ ਸੀ।
ਮੈਂ ਕਈ ਦਿਨ ਬੇਚੈਨ ਰਿਹਾ ਸਾਂ। ਉਸਦੇ ਗੁੰਦਵੇਂ ਜਿਸਮ ਨੂੰ
ਬਾਹਵਾਂ 'ਚ ਘੁੱਟ ਲੈਣ ਦੀ ਕਲਪਨਾ ਕਰਦਿਆਂ ਪਛਤਾਵੇ ਨਾਲ
ਭਰਦਾ ਰਿਹਾ ਸਾਂ। ਜਦੋਂ ਉਹ ਮੇਰੇ ਕੋਲ ਕਿਚਨ 'ਚ ਆ ਕੇ
ਮੱਲੋ-ਮੱਲੀ ਚਾਹ ਬਣਾਉਣ ਲੱਗ ਪਈ ਸੀ, ਉਹ ਉਸ ਨੇ
ਮੌਕਾ ਦਿੱਤਾ ਸੀ। ਮੈਂ ਉਸਨੂੰ ਚੁੰਮ ਵੀ ਲੈਂਦਾ ਤਾਂ ਉਸ ਨੇ ਕੋਈ
ਇਤਰਾਜ਼ ਨਹੀਂ ਸੀ ਕਰਨਾ।
ਅਜਿਹੀਆਂ ਸੋਚਾਂ ਮੈਨੂੰ ਅੰਤਾਂ ਦੀ ਤੜਫ ਨਾਲ ਭਰ
ਜਾਂਦੀਆਂ ਸਨ। ਇਸ ਤੜਫ ਨੇ ਮੇਰਾ ਖਹਿੜਾ ਛੱਡਣ ਲਈ ਬੜਾ
ਵਕਤ ਲਿਆ ਸੀ, ਪਰ ਉਸ ਦੇ ਚਿਹਰੇ ਦੀ ਉਹ ਲਾਲਗੀ ਦਾ
ਜਲਵਾ ਤਾਂ ਦਿਲੋ-ਦਿਮਾਗ ਤੋਂ ਪੂਰੀ ਤਰ੍ਹਾਂ ਕਦੇ ਵੀ ਰੁਖ਼ਸਤ
ਨਹੀਂ ਸੀ ਹੋ ਸਕਿਆ। ਮਣੀ ਮਿਲਦੀ ਤਾਂ ਅਸੀਂ ਬਹੁਤੀਆਂ
ਗੱਲਾਂ ਚੀਨਾ ਬਾਰੇ ਹੀ ਕਰਦੇ ਸਾਂ।
ਕੁਝ ਦਿਨਾਂ ਪਿੱਛੋਂ ਚੀਨਾ ਦਾ ਫੋਨ ਆਇਆ ਸੀ। 'ਹੈਲੋ'
ਆਖ ਕੁਝ ਦੇਰ ਲਈ ਚੁੱਪ ਰਹੀ ਸੀ।
''ਸਰ ਜੀ ਮੈਂ ਬਹੁਤ ਸ਼ੇਮਫੁੱਲ ਆਂ, ਸਮਝ ਨਹੀਂ ਆਉਂਦੀ
ਕਿ ਕਿੱਦਾਂ ਗੱਲ ਕਰਾਂ?...ਇਕ ਗੁਆਂਢੀ ਮੁੰਡਾ ਆ, ਖੱਤਰੀਆਂ
ਦਾ। ਮੈਨੂੰ ਬਹੁਤ ਪਿਆਰ ਕਰਦਾ। ਮੈਂ ਉਦ੍ਹੇ ਨਾਲ ਵਿਆਹ
ਕਰਵੌਣਾ ਸਰ ਜੀ। ਜੇ ਨਾ ਹੋਇਆ ਤਾਂ ਮੈਂ ਮਰ ਜਾਣਾ। ਮੈਂ
ਉਦ੍ਹੇ ਬਗੈਰ ਨਹੀਂ ਜੀ ਸਕਦੀ। ਇਕ ਤੁਹਾਡੇ 'ਤੇ ਭਰੋਸਾ ਆ
ਮੈਨੂੰ ਬਸ। ਕੋਈ ਢੰਗ ਦੱਸੋ ਜ੍ਹਿਦੇ ਨਾਲ ਸਾਡੇ ਘਰ ਦੇ ਮੰਨ
ਜਾਣ। ਤੁਸੀਂ ਮੇਰੇ ਗਾਈਡ ਆ ਬਸ।'' ਉਹ ਜ਼ਿੱਦ ਪਏ ਬੱਚੇ
ਵਾਂਗ ਕਈ ਦੇਰ ਬੋਲਦੀ ਰਹੀ।
''ਘਰ ਦੇ ਤਾਂ ਬਾਅਦ 'ਚ ਪਹਿਲਾਂ ਇਹ ਦੱਸ ਕਿ ਇਹ
ਮੁੰਡਾ ਚਾਹੁੰਦਾ ਵਿਆਹ ਕਰਵੌਣਾ?'' ਮੈਂ ਸਵਾਲ ਕੀਤਾ ਸੀ।
''ਉਹ ਤਾਂ ਮੇਰੇ 'ਤੇ ਜਾਨ ਦਿੰਦਾ ਸਰ ਜੀ।'' ਉਸਨੇ
ਤੱਟ-ਫਟ ਜਵਾਬ ਦਿੱਤਾ ਸੀ।
''ਐਂ ਕਰ ਤੂੰ ਉਹਨੂੰ ਪਰਖ ਕੇ ਤਾਂ ਦੇਖ।'' ਮੈਂ ਦੁਖੀ
ਮਨ ਨਾਲ ਕਿਹਾ ਸੀ।
''ਉਹ ਕਿਵੇਂ?'' ਉਸ ਉਤਸੁਕਤਾ ਨਾਲ ਪੁੱਛਿਆ ਸੀ।
''ਉਸਨੂੰ ਕਹੀਂ ਘਰੋਂ ਦੌੜਨਾਂ, ਤਿਆਰ ਰਹੇ।"
ਚੀਨਾ ਦੀਆਂ ਇਨ੍ਹਾਂ ਗੱਲਾਂ ਨੇ ਮੈਨੂੰ ਤੜਫਾ ਸੁੱਟਿਆ ਸੀ।
ਗੱਲਬਾਤ ਦੌਰਾਨ ਮੈਂ ਸੋਚਦਾ ਰਿਹਾ ਸਾਂ ਕਿ ਗੁਆਂਢੀ ਮੁੰਡੇ
ਨਾਲ ਉਸਦਾ ਪਿਆਰ ਕਿੱਥੋਂ ਤੱਕ ਗਿਆ ਹੋਵੇਗਾ। ਸੈਕਸ?
ਇਸ ਸੰਭਾਵਨਾ ਨੇ ਤਾਂ ਜਿਉਂ ਮੈਨੂੰ ਮਾਰ ਹੀ ਸੁੱਟਿਆ ਹੋਵੇ।
ਉਸ ਅਣਦੇਖੇ ਮੁੰਡੇ ਨਾਲ ਮੈਨੂੰ ਈਰਖਾ ਹੋ ਗਈ ਸੀ।
ਮੈਂ ਚਾਣਚੱਕ ਮਣੀ ਦੀ ਕਮੀ ਮਹਿਸੂਸ ਕਰਨ ਲੱਗ
ਪਿਆ ਸਾਂ। ਜ਼ਿਹਨ ਵਿਚ ਰੰਗ-ਬਿਰੰਗੇ ਖ਼ਿਆਲਾਂ ਦਾ ਤੂਫਾਨ
ਚੜ੍ਹ ਆਇਆ ਸੀ। ਇਉਂ ਮਹਿਸੂਸ ਹੋ ਰਿਹਾ ਸੀ ਜਿਉਂ ਅਣਦੇਖੇ
ਚਿਹਰਿਆਂ ਵਿਚ ਘਿਰੀ ਮਣੀ ਮੈਨੂੰ ਆਵਾਜ਼ਾਂ ਮਾਰ ਰਹੀ ਹੋਵੇ।
''ਮੈਂ ਇਹਨੂੰ ਨਈਂ ਗੁਆਉਣਾ", ਮੈਂ ਮਨ ਹੀ ਮਨ
ਫੈਸਲਾ ਲਿਆ ਸੀ। ਹੁਣ ਮੈਂ ਕਾਲਜ ਪਹਿਲਾਂ ਨਾਲੋਂ ਜ਼ਿਆਦਾ
ਟੌਹਰ ਕੱਢ ਕੇ ਜਾਣ ਲੱਗ ਪਿਆ ਸਾਂ। ਮੈਂ ਕਲਾਸ-ਰੂਮ 'ਚ
ਹੋਰ ਵੀ ਸੋਹਣੀਆਂ-ਸੋਹਣੀਆਂ ਗੱਲਾਂ ਕਰਨ ਲੱਗ ਪਿਆ ਸਾਂ।
ਮਣੀ ਬਿਨਾ ਅੱਖ ਝਪਕੇ ਮੈਨੂੰ ਨਿਰੰਤਰ ਵੇਖਦੀ ਰਹਿੰਦੀ ਜਾਂ
ਕਦੇ-ਕਦੇ ਮੇਰੀ ਕਿਸੇ ਡੂੰਘੀ ਗੱਲ 'ਤੇ ਉਸਦਾ ਸਿਰ ਝੂਮ
ਉੱਠਦਾ। ਮੈਂ ਇਹ ਸਭ ਕੁਝ ਸਹਿਜ ਭਾਵ ਵੇਖਦਾ ਰਹਿੰਦਾ ਤੇ
ਮਨੋ-ਮਨੀ ਖੁਸ਼ ਹੁੰਦਾ ਰਹਿੰਦਾ ਸਾਂ। ਮੈਂ ਉਸਨੂੰ ਓਸ ਹੱਦ
ਤੱਕ ਕਾਇਲ ਕਰਨਾ ਚਾਹੁੰਦਾ ਸਾਂ, ਜਿੱਥੇ ਉਹ ਮੇਰੇ ਪੈਰਾਂ 'ਚ
ਡਿਗ ਹੀ ਪਏ। ਇਨ੍ਹਾਂ ਸਾਰੀਆਂ ਤਿਆਰੀਆਂ ਤੇ ਕੋਸ਼ਿਸ਼ਾਂ ਵਿਚਲੀ
ਸੋਚ ਨੂੰ ਮੈਂ ਚਿਹਰੇ 'ਤੇ ਨਹੀਂ ਸੀ ਉਭਰਨ ਦੇਣਾ ਚਾਹੁੰਦਾ।
ਮੁੜ ਕਈ ਦਿਨਾਂ ਦੇ ਬਾਅਦ ਚੀਨਾ ਦਾ ਫੋਨ ਆਇਆ-
''ਸਰ ਜੀ ਤੁਸੀਂ ਸੱਚੇ ਸੀ!'' ਉਹ ਕੁਝ ਪਲ ਸਿਸਕੀਆਂ
ਭਰਦੀ ਰਹੀ ਸੀ।
ਮਨ ਨੂੰ ਇਹ ਸੰਤੁਸ਼ਟੀ ਤਾਂ ਜ਼ਰੂਰ ਹੋਈ ਕਿ ਮੈਂ ਸ਼ਾਇਦ
ਚੀਨਾ ਨੂੰ ਕਿਸੇ ਨਾਲੋਂ ਤੋੜ ਲਿਆ ਏ, ਪਰ ਆਪਣੇ ਨਾਲ
ਜੋੜਨ ਦੀ ਗੱਲ ਸੋਚੀ ਤਾਂ ਜ਼ਿਹਨ 'ਚ ਚੀਨਾ ਨਾਲੋਂ ਵੀ ਸਾਫ
ਚਿਹਰਾ ਮਣੀ ਦਾ ਉੱਭਰ ਆਇਆ ਸੀ।
''ਕਮੀਨਾ! ਕਹਿਣ ਲੱਗਾ ਮੇਰੀ ਮਾਂ ਹਾਰਟ ਦੀ ਪੇਸ਼ੈਂਟ
ਆ। ਉਹਨੂੰ ਤਾਂ ਅਟੈਕ ਹੋ ਜਾਊ। ਹੁਣ ਇਹਨੂੰ ਕੁਝ ਲਗਦੀ
ਮਾਂ ਦਾ ਚੇਤਾ ਆ ਗਿਆ। ਪਹਿਲਾਂ ਤਾਂ ਮੇਰੇ ਕੋਲੋਂ ਰੁਪਏ ਵੀ
ਮੰਗ-ਮੰਗ ਲਿਜਾਂਦਾ ਰਿਹਾ। ਮੈਨੂੰ ਤਾਂ ਹੁਣ ਸਾਰੀ
ਦੁਨੀਆਂ ਈ ਕਮੀਨੀ ਲੱਗਣ ਲੱਗ ਪਈ ਆ ਸਰ
ਜੀ। ਸਰ ਜੀ ਤੁਸੀਂ ਨਾ ਭੁਲਾ ਦਿਓ ਮੈਨੂੰ। ਹਮੇਸ਼ਾ
ਗਾਈਡ ਕਰਿਓ। ਤੁਸੀਂ ਨਾ ਹੁੰਦੇ ਤਾਂ ਮੈਂ ਐਵੀਂ
ਏਸ ਬਾਂਦਰ-ਬੂਥੇ ਪਿੱਛੇ ਟਾਈਮ ਬਰਬਾਦ ਕਰੀ
ਜਾਣਾ ਸੀ।''
ਉਹ ਚੁੱਪ ਹੋਈ ਤਾਂ ਮੈਂ ਉਸਨੂੰ ਸਮਝਾਇਆ
ਸੀ, ''ਦੇਖ ਉਹ ਪਿਆਰ ਨਹੀਂ ਐਵੇਂ ਇਕ ਸਹੂਲਤ
ਸੀ, ਨੇੜੇ ਹੋਣ ਦੀ ਸਹੂਲਤ। ਇਹਦੇ ਲਈ ਰੋਣ-ਧੋਣ
ਦੀ ਜ਼ਰੂਰਤ ਨਈਂ।''
ਇਸ ਘਟਨਾ ਤੋਂ ਬਾਅਦ ਉਸਦੇ ਫੋਨ ਹੌਲੀ-ਹੌਲੀ
ਘੱਟ ਹੁੰਦੇ ਗਏ। ਕਦੇ-ਕਦਾਈਂ ਹੀ ਫੋਨ
ਕਰਦੀ। ਹਰ ਵਾਰ ਮੇਰੀਆਂ ਦੋ-ਚਾਰ ਤਾਰੀਫਾਂ
ਕਰਦੀ ਤੇ ਮੇਰੀ ਜ਼ਿੰਦਗੀ 'ਚ ਕੁਝ ਨਵੇਂ ਵਾਪਰੇ
ਦੀ ਸੂਹ ਜ਼ਰੂਰ ਲੈਂਦੀ।
ਉਹ ਫਰਵਰੀ ਦਾ ਸੁਹਾਵਣਾ ਦਿਨ ਸੀ। ਮਣੀ
ਫੈਸ਼ਨੇਬਲ ਜਿਹੀ ਬਣ ਕੇ ਮਿਲਣ ਆਈ ਸੀ।
''ਹੈਲੋ" ਆਖ ਮੈਂ ਉਸਦੇ ਮੂਹਰੇ ਹੱਥ ਅੱਡ ਦਿੱਤਾ
ਸੀ। ਹਲਕਾ ਜਿਹਾ ਝਿਜਕਦਿਆਂ ਉਸਨੇ ਮੇਰੇ ਹੱਥਾਂ
'ਚ ਹੱਥ ਦੇ ਦਿੱਤਾ ਸੀ। ਮੋਢਿਆਂ 'ਤੇ ਹਲਕਾ ਜਿਹਾ
ਭਾਰ ਪਾਉਂਦਿਆਂ ਮੈਂ ਉਸਨੂੰ ਕੁਰਸੀ 'ਤੇ ਬਿਠਾ
ਦਿੱਤਾ। ਉਹ ਕੁਝ ਦੇਰ ਮੈਨੂੰ ਹੈਰਾਨੀ ਭਰੀ ਖੁਸ਼ੀ
ਨਾਲ ਵੇਖਦੀ ਰਹੀ ਸੀ। ਜਿਉਂ ਮੈਂ ਉਸਨੂੰ ਵਰ੍ਹਿਆਂ
ਬਾਅਦ ਮਿਲਿਆ ਹੋਵਾਂ ਤੇ ਉਹ ਮੈਨੂੰ ਪਛਾਣਨ ਦੀ
ਕੋਸ਼ਿਸ਼ ਕਰ ਰਹੀ ਹੋਵੇ। ਉਸਦੇ ਮੂਹਰੇ ਖੜ੍ਹ ਕੇ
ਮੈਂ ਉਸਦੇ ਚਿਹਰੇ ਨੂੰ ਹੱਥਾਂ 'ਚ ਲੈ ਕੇ ਉਪਰ ਉਠਾ ਕੇ ਕਿਹਾ
ਸੀ, ''ਤੇਰੀ ਸਾਧਨਾ ਨੇ ਮੈਨੂੰ ਪਿਘਲਾ ਦਿੱਤਾ ਏ।''
''ਮੈਨੂੰ ਮੇਰਾ ਰੱਬ ਮਿਲ ਗਿਆ ਏ।'' ਖੁਸ਼ੀ 'ਚ ਸਿਰ
ਛੰਡਦਿਆਂ, ਮੇਰੇ ਹੱਥਾਂ ਨੂੰ ਆਪਣੇ ਚਿਹਰੇ ਦੁਆਲੇ ਘੁੱਟਦਿਆਂ
ਉਹ ਅੱਖਾਂ ਮੀਟ ਕੇ ਬੋਲੀ ਸੀ।
ਇਹ ਉਸਦਾ 'ਸਮਰਪਣ' ਸੀ।
ਕਾਲਜ 'ਚ ਮੈਂ ਪਾਰਟ-ਟਾਈਮ ਲੈਕਚਰਾਰ ਸਾਂ। ਓਥੋਂ
ਰਿਲੀਵ ਹੋਣ ਤੋਂ ਬਾਅਦ ਮੈਂ ਪੰਜਾਬ ਯੂਨੀਵਰਸਿਟੀ ਵਿਚ ਪੰਜਾਬੀ
ਵਿਸ਼ੇ 'ਚ ਪੀ-ਐਚ.ਡੀ. ਕਰਨ ਦੇ ਇਰਾਦੇ ਨਾਲ ਚੰਡੀਗੜ੍ਹ
ਪਹੁੰਚ ਗਿਆ ਸਾਂ। ਇਕ ਪੁਰਾਣੇ ਦੋਸਤ ਕੋਲ ਹੋਸਟਲ 'ਚ
ਰਹਿਣਾ ਸ਼ੁਰੂ ਕਰ ਦਿੱਤਾ ਸੀ। ਮੈਂ ਗ਼ਜ਼ਲ ਨਾਲ ਸਬੰਧਤ ਵਿਸ਼ੇ
'ਤੇ ਰਿਸਰਚ ਕਰਨੀ ਚਾਹੁੰਦਾ ਸਾਂ। ਇੱਥੇ ਆ ਕੇ ਮੇਰੀ ਪਹਿਲੀ
ਸਮੱਸਿਆ ਗਾਈਡ ਲੱਭਣ ਦੀ ਸੀ। ਮੈਂ ਰੋਜ਼ਾਨਾ ਡਿਪਾਰਟਮੈਂਟ
ਜਾਂਦਾ ਤੇ ਪ੍ਰੋਫੈਸਰਾਂ ਨੂੰ ਮਿਲ-ਮਿਲਾ ਕੇ ਬਿਨਾਂ ਕਿਸੇ ਨਤੀਜੇ ਦੇ
ਹੋਸਟਲ ਮੁੜ ਆਉਂਦਾ। ਹਾਰ-ਹੰਭ ਕੇ ਮੈਂ ਚੇਅਰਮੈਨ ਨੂੰ
ਮਿਲਿਆ ਸਾਂ। ਉਹ ਆਪ ਗ਼ਜ਼ਲਗੋ ਤੇ ਗ਼ਜ਼ਲ-ਸ਼ਾਸਤਰੀ
ਸੀ। ਅਪਣੱਤ ਨਾਲ ਮਿਲਿਆ ਸੀ। ਮੈਥੋਂ ਗ਼ਜ਼ਲ ਵੀ ਸੁਣੀ ਸੀ।
ਉਸ ਨੇ ਮੈਨੂੰ ਦਾਦ ਦਿੰਦਿਆ ਕਿਹਾ ਸੀ, ''ਤੂੰ ਤਾਂ ਪੰਜਾਬੀ
ਗ਼ਜ਼ਲ ਦਾ ਗ਼ਾਲਿਬ ਏਂ।''
ਮੈਂ ਹਾਲੇ ਉਸ ਵਲੋਂ ਬਖਸ਼ੇ ਇਸ ਰੁਤਬੇ ਨੂੰ ਪਚਾ ਹੀ
ਰਿਹਾ ਸਾਂ ਕਿ ਉਹ ਅਲਮਾਰੀ 'ਚੋਂ ਕਿਤਾਬਾਂ ਦਾ ਸੈੱਟ ਕੱਢ ਕੇ
ਮੇਰੇ ਮੂਹਰੇ ਰੱਖਦਿਆਂ ਬੋਲਿਆ ਸੀ, ''ਏਹ ਬੜੀਆਂ ਬੇਹਤਰੀਨ
ਪੁਸਤਕਾਂ ਨੇ। ਤੇਰੇ ਲਈ ਤਾਂ ਪੜ੍ਹਨੀਆਂ ਹੋਰ ਵੀ ਜ਼ਰੂਰੀ ਨੇ।''
''ਥੈਂਕਸ! ਕਿਹੜੇ-ਕਿਹੜੇ ਔਥਰ ਦੀਆਂ ਨੇ?'' ਮੈਂ
ਜਗਿਆਸਾ-ਵਸ ਪੁੱਛਿਆ ਸੀ।
''ਮੇਰੀਆਂ ਆਪਣੀਆਂ ਨੇ। ਤੈਨੂੰ ਨਈਂ ਪਤਾ ਕਿ ਮੈਂ
ਤਿੰਨ ਭਾਸ਼ਾਵਾਂ 'ਚ ਲਿਖਦਾਂ?'' ਪ੍ਰੋਫੈਸਰ ਜੀ ਨੇ ਸਹਿਜਤਾ
ਨਾਲ ਜਵਾਬ ਦਿੱਤਾ ਸੀ। ਮੈਂ ਹੈਰਾਨ ਹੋ ਕੇ ਉਸ ਵਲ ਵੇਖਣ
ਲਗ ਪਿਆ ਸਾਂ, ਪਰ ਉਸਦੇ ਚਿਹਰੇ 'ਤੇ ਸੰਗ-ਸ਼ਰਮ ਦਾ
ਕੋਈ ਭਾਵ ਨਹੀਂ ਸੀ।
''ਅੱਠ ਸੌ ਤੀਹ ਰੁਪਏ ਬਣਦੇ ਨੇ। ਤੂੰ ਇਉਂ ਕਰ ਅੱਠ
ਸੌ ਦੇ-ਦੇ। ਸਿੱਧਾ ਹਿਸਾਬ।'' ਮੈਂ ਕੰਬ ਕੇ ਰਹਿ ਗਿਆ ਸਾਂ। ਮੈਂ
ਤਾਂ ਇਹੀ ਸੋਚੀ ਬੈਠਾ ਸਾਂ ਕਿ ਚੇਅਰਮੈਨ ਜੀ ਮੈਨੂੰ ਤੋਹਫੇ ਵਜੋਂ
ਕਿਤਾਬਾਂ ਦੇ ਰਹੇ ਨੇ।
"ਫਸ ਗਿਐ ਪੰਜਾਬੀ ਗ਼ਜ਼ਲ ਦਾ ਗ਼ਾਲਿਬ।" ਇਹ
ਸੋਚਦਿਆਂ ਮੈਂ ਦੁਖੀ ਮਨ ਨਾਲ ਰੁਪਏ ਉਸਦੇ ਹੱਥ 'ਤੇ ਰੱਖ
ਦਿੱਤੇ ਸੀ।
''ਤੂੰ ਐਂ ਕਰ, ਗ਼ਜ਼ਲ ਬਾਰੇ ਵੀਹ ਕੁ ਸਫੇ ਲਿਖ ਕੇ
ਮੈਨੂੰ ਪੰਦਰਾਂ ਦਿਨਾਂ ਦੇ ਬਾਅਦ ਮਿਲੀਂ।'' ਨੋਟਾਂ ਨੂੰ ਜੇਬ 'ਚ
ਤੁੰਨਦਿਆਂ 3 ਭਾਸ਼ਾਵਾਂ ਦਾ ਲੇਖਕ ਚਾਅ 'ਚ ਬੋਲਿਆ ਸੀ।
''ਮੈਂ ਕਿਤਾਬਾਂ ਦਾ ਸੈਟ ਚੁੱਕੀ ਪੌੜ੍ਹੀਆਂ ਉਤਰ ਰਿਹਾ ਸਾਂ
ਕਿ ਇਕ ਹੋਰ ਪ੍ਰੋਫੈਸਰ ਟੱਕਰ ਗਿਆ,''ਕਿਉਂ ਫਸ ਗਿਆਂ?''
ਉਸਨੇ ਖਚਰਾ ਹਾਸਾ ਹੱਸਦਿਆਂ ਪੁੱਛਿਆ ਸੀ।
''ਮੈਂ ਸਮਝਿਆ ਨਈਂ ਜੀ।'' ਉਂਝ ਮੈਂ ਅੱਧੀ ਕੁ ਗੱਲ
ਤਾਂ ਸਮਝ ਗਿਆ ਸਾਂ।
''ਦਰਅਸਲ ਇਹ ਚੇਅਰਮੈਨ ਨੇ ਕੁੜਿੱਕੀ ਲਗਾਈ ਹੋਈ
ਏ। ਰੋਜ਼ ਕੋਈ ਨਾ ਕੋਈ ਸ਼ਿਕਾਰ ਫਸਾ ਈ ਲੈਂਦੇ ਨੇ। ਕਿਸੇ ਦਾ
ਗਾਈਡ ਬਣ ਕੇ ਜਾਂ ਸਿਰਫ ਗਾਈਡ ਬਣਨ ਦਾ ਲਾਰਾ ਲਗਾ
ਕੇ। ਕਿਸੇ ਨੂੰ ਕਿਸੇ ਕਾਲਜ 'ਚ ਐਡਜਸਟ ਕਰਨ ਦਾ ਸੁਪਨਾ
ਦਿਖਾ ਕੇ। ਹਰ ਵਿਦਿਆਰਥੀ ਨੂੰ ਇਹਦੇ ਦਸਤਖ਼ਤਾਂ ਦੀ ਲੋੜ
ਹੁੰਦੀ ਏ। ਚਾਹੇ ਆਈ ਕਾਰਡ ਬਣਵਾਉਣਾ ਹੋਵੇ। ਇਨਰੋਲਮੈਂਟ
ਜਾਂ ਰਜਿਸਟਰੇਸ਼ਨ ਦਾ ਕੰਮ ਹੋਵੇ। ਹੋਸਟਲ 'ਚ ਕਮਰਾ ਲੈਣਾ
ਹੋਵੇ ਜਾਂ ਫਿਰ ਸਕਾਲਰਸ਼ਿਪ ਲਈ ਕੰਮ ਹੋਵੇ। ਇਹ ਸਾਰੇ
ਕੰਮਾਂ ਲਈ ਇਸਨੇ ਪੱਕੀ ਹਦਾਇਤ ਕੀਤੀ ਹੋਈ ਏ ਕਿ ਹਰੇਕ
ਇਸ ਕੋਲ ਆਵੇ ਤੇ ਜਿਹੜਾ ਇਸਦੇ ਕੋਲ ਜਾਂਦਾ, ਉਸਦਾ ਜੋ
ਹਾਲ ਹੁੰਦਾ ਉਹ ਤਾਂ ਤੈਨੂੰ ਹੁਣ ਦੱਸਣ ਦੀ ਕੋਈ ਲੋੜ ਨਈਂ..।
ਇਹ ਦੁਕਾਨ ਹੈ ਇਸਦੀ। ਇਹ ਕਿਸੇ ਕੰਮ ਦੀਆਂ ਕਿਤਾਬਾਂ
ਨਹੀਂ। ਐਵੇਂ ਭਾਰ ਚੁੱਕਣ ਨਾਲੋਂ ਇਨ੍ਹਾਂ ਨੂੰ ਵੇਚਕੇ ਪਕੌੜੇ ਖਾ
ਲੈ।'' ਇਹ ਆਖ ਉਹ ਖਿੜ ਖਿੜਾ ਕੇ ਹੱਸ ਪਿਆ ਸੀ।
ਸ਼ਰਮ ਨਾਲ ਸਿਰ ਝੁਕਾਉਣ ਤੋਂ ਸਿਵਾ ਮੇਰੇ ਕੋਲ ਹੋਰ
ਕੋਈ ਉੱਤਰ ਨਹੀਂ ਸੀ।
''ਪੀ-ਐਚ.ਡੀ. ਨੂੰ ਵੀ ਇਹ ਦਸ-ਦਸ ਸਾਲ ਲਵਾ
ਦਿੰਦੈ।'' ਇਹ ਆਖ ਉਹ ਤੁਰ ਗਿਆ ਸੀ।
ਮੈਂ ਗ਼ਜ਼ਲ ਨਾਲ ਸਬੰਧਤ ਕਿਤਾਬਾਂ ਇਕੱਠੀਆਂ ਕਰਕੇ
ਦਿਨ-ਰਾਤ ਇਕ ਕਰ ਦਿੱਤੇ। ਭਾਵੇਂ ਕਿ ਮੈਨੂੰ ਪੂਰਾ ਯਕੀਨ
ਨਹੀਂ ਸੀ ਕਿ ਪ੍ਰੋ. ਮਹੇਸ਼ ਜੀ ਮੇਰੇ ਗਾਈਡ ਬਣਨਾ ਮਨਜ਼ੂਰ
ਕਰ ਲੈਣਗੇ। ਇਕ ਖ਼ਿਆਲ ਇਹ ਵੀ ਸੀ ਕਿ ਮੇਰਾ ਲਿਖਿਆ
ਪੜ੍ਹ ਕੇ ਸ਼ਾਇਦ ਉਹ ਮੈਥੋਂ ਪ੍ਰਭਾਵਿਤ ਹੋ ਜਾਣ।
''ਤੂੰ ਮੁੜ ਕੇ ਆਇਆ ਈ ਨਹੀਂ। ਮੈਂ ਸੋਚਿਆ ਸ਼ਾਇਦ
ਇਰਾਦਾ ਈ ਬਦਲ ਲਿਆ ਤੂੰ।'' ਪ੍ਰੋਫੈਸਰ ਹੁਰਾਂ ਦੀ ਪਹਿਲੀ
ਗੱਲ ਨੇ ਹੀ ਮੇਰਾ ਸਾਰਾ ਚਾਅ ਮਾਰ ਦਿੱਤਾ ਸੀ।
''ਤੁਸੀਂ ਆਪ ਈ ਤਾਂ ਕਿਹਾ ਸੀ ਕਿ ਮੈਂ ਪੰਦਰਾਂ ਦਿਨਾਂ ਦੇ
ਬਾਅਦ ਮਿਲਾਂ।'' ਮੈਂ ਵਿਚਾਰਿਆਂ ਵਾਂਗ ਆਪਣਾ ਪੱਖ ਰੱਖਿਆ।
''ਅੱਛਾ! ਅੱਛਾ!!...ਮੈਨੂੰ ਯਾਦ ਨਈਂ ਰਿਹਾ।'' ਉਹ ਖੱਚਰਾ
ਜਿਹਾ ਮੁਸਕ੍ਰਾਉਂਦਿਆਂ ਨਾਟਕੀ ਹੈਰਾਨੀ 'ਚ ਬੋਲਿਆ ਸੀ।
''ਦਰਅਸਲ ਦੋ ਕੁ ਦਿਨ ਪਹਿਲਾਂ ਮੇਰੇ ਕੋਲ ਇਕ ਕੁੜੀ
ਇਨਰੋਲ ਹੋ ਗਈ। ਸਾਡੀ ਆਪਣੀ ਸਟੂਡੈਂਟ ਏ। ਹੁਣ ਕੋਈ
ਸੰਭਾਵਨਾ ਨਈਂ ਰਹੀ। ਮੇਰੇ ਸਟੂਡੈਂਟ ਪੂਰੇ ਹੋ ਗਏ ਨੇ। ਅਸੀਂ
ਬਸ ਛੇ ਈ ਆਪਣੇ ਅੰਡਰ ਇਨਰੋਲ ਕਰ ਸਕਦੇ ਆਂ।
ਯੂਨੀਵਰਸਿਟੀ ਦਾ ਰੂਲ ਆ ਇਹ।''
ਮੇਰਾ ਦਿਲ ਤਾਂ ਚਾਹੁੰਦਾ ਸੀ ਕਿ ਇਸਨੂੰ ਪੁੱਛਾਂ ਕਿ
ਯੂਨੀਵਰਸਿਟੀ ਨੇ ਕੋਈ ਇਸ ਤਰ੍ਹਾਂ ਦਾ ਰੂਲ ਵੀ ਬਣਾਇਆ
ਕਿ ਵਧ ਤੋਂ ਵਧ ਕੁੜੀਆਂ ਨੂੰ ਈ ਆਪਣੇ ਅੰਡਰ ਇਨਰੋਲ
ਕਰਨਾ।
ਉਸ ਕੁੜੀ ਨੂੰ ਮੈਂ ਜਾਣਦਾ ਸਾਂ। ਬਹੁਤ ਖੂਬਸੂਰਤ ਸੀ
ਉਹ। ਦੋ-ਢਾਈ ਸਾਲਾਂ ਤੋਂ ਲਗਪਗ ਸਾਰੇ ਪ੍ਰੋਫੈਸਰ ਇਸ ਕੁੜੀ
ਦੀਆਂ ਨਜ਼ਰਾਂ 'ਚ ਚੰਗੇ ਤੇ ਵਿਦਵਾਨ ਬਣਨ ਲਈ ਪੂਰੀ ਵਾਹ
ਲਗਾ ਰਹੇ ਸਨ। ਦੋ ਕੁ ਦਿਨ ਪਹਿਲਾਂ ਇਕ ਬੀਅਰ-ਬਾਰ 'ਚ
ਪੰਜਾਬੀ ਵਿਭਾਗ ਦੇ ਦੋ ਪ੍ਰੋਫੈਸਰਾਂ ਵਿਚਕਾਰ ਹੋਈ ਗੱਲਬਾਤ
ਦੀਆਂ ਜੜ੍ਹਾਂ ਮੈਨੂੰ ਹੁਣ ਸਮਝ ਆਈਆਂ ਸਨ।
''ਤੂੰ ਐਵੇਂ ਡੂੰਘਾ ਵਾਹੁਣ ਦੇ ਸੁਪਨੇ ਬੀਜਦਾ ਰਿਹਾ।
ਬ੍ਹਾਮਣ ਬਿਨਾ ਕਿਸੇ ਸ਼ੋਰ-ਸ਼ਰਾਬੇ ਦੇ ਬਾਜ਼ੀ ਮਾਰ ਗਿਆ।''
ਪ੍ਰੋ. ਚਾਹਲ ਦੀ ਗੱਲ ਨੇ ਉਸਨੂੰ ਨਿਰ-ਉੱਤਰ ਕਰ ਦਿੱਤਾ ਸੀ।
ਮੈਂ ਪ੍ਰੋ. ਮਹੇਸ਼ ਨੂੰ ਨਮਸਕਾਰ ਕਹਿ ਕੇ ਤੁਰਨ ਲੱਗਾ ਤਾਂ
ਉਹ ਮੇਰੇ ਹੱਥੋਂ ਲਿਖੇ ਹੋਏ ਕਾਗਜ਼ ਫੜ੍ਹਦਿਆਂ ਬੋਲਿਆ ਸੀ,
''ਮੈਂ ਪੜ੍ਹ ਕੇ ਜ਼ਰੂਰ ਵੇਖਾਂਗਾ।''
ਮੈਂ ਦੁਖੀ ਮਨ ਨਾਲ ਪੌੜੀਆਂ ਉਤਰ ਰਿਹਾ ਸਾਂ ਕਿ ਚੀਨਾ
ਦਾ ਫੋਨ ਆ ਗਿਆ। ਹਾਲ ਪੁੱਛਣ ਤੋਂ ਬਾਅਦ ਬੋਲੀ, ''ਸਰ ਜੀ
ਮੈਂ ਇਕ ਉਲਝਣ 'ਚ ਫਸ ਗਈ ਹਾਂ। ਮੈਨੂੰ ਗਾਈਡ ਕਰਿਓ
ਪਲੀਜ਼।'' ਇਕ ਛਿਣ ਲਈ ਮਨ 'ਚ ਆਇਆ ਕਿ ਇਸ
'ਗਾਈਡ' ਲਫਜ਼ ਨੂੰ ਰੱਜ ਕੇ ਗੰਦੀਆਂ-ਗੰਦੀਆਂ ਗਾਲ੍ਹਾਂ ਕੱਢਾਂ।
''ਪਾਪਾ ਕਹਿੰਦੇ ਆ ਕਿ ਮੈਂ ਸਿੰਪਲ ਬੀ.ਏ. ਕਰਾਂ। ਮੌਮ
ਨਰਸਿੰਗ ਦਾ ਕੋਰਸ ਕਰਨ ਨੂੰ ਕਹਿੰਦੇ ਆ। ਬ੍ਰਦਰ ਦੀ ਸਲਾਹ
ਆ ਕਿ ਮੈਂ ਕੰਪਿਊਟਰ-ਕੋਰਸ ਕਰਾਂ। ਮੈਂ ਤਾਂ ਉਲਝੀ ਪਈ
ਆਂ। ਪਲੀਜ਼ ਗਾਈਡ ਕਰੋ ਮੈਨੂੰ ਮੇਰੇ ਗਾਈਡ ਸਾਹਿਬ।''
ਆਪਣਾ ਦੁੱਖ ਭੁਲਾ ਮੈਂ ਸੋਚੀਂ ਪੈ ਗਿਆ ਕਿ ਕਿਸ ਕੋਰਸ 'ਚ
ਇਸ ਕੁੜੀ ਦਾ ਘੱਟ ਤੋਂ ਘੱਟ ਮੁੰਡਿਆਂ ਨਾਲ ਵਾਹ ਪਵੇਗਾ।
'ਨਰਸਿੰਗ?' ਸਭ ਤੋਂ ਪਹਿਲਾਂ ਮੈਂ ਸੋਚਿਆ
ਸੀ।
'ਕਿਸੇ ਹੰਢੇ ਹੋਏ ਡਾਕਟਰ ਦੇ ਚੱਕਰਾਂ 'ਚ
ਫਸ ਗਈ ਤਾਂ ਮੇਰੇ ਤੱਕ ਨਈਂ ਆਉਣ ਲੱਗੀ।'
ਇਹ ਖ਼ਿਆਲ ਤਾਂ ਉਸ ਵੇਲੇ ਹੀ ਰੱਦ ਹੋ ਗਿਆ
ਸੀ।
'ਕੰਪਿਊਟਰ?' ਇਹ ਦੂਜੀ ਸੰਭਾਵਨਾ ਸੀ।
'ਨਈ, ਨਈਂ, ਅੱਜਕਲ੍ਹ ਬਹੁਤੀਆਂ ਲਵ-ਮੈਰਿਜ਼ਾਂ
ਤਾਂ ਇਹੋ ਜਿਹੇ ਕੋਰਸ ਕਰਨ ਵਾਲੇ ਈ
ਕਰਵਾਉਂਦੇ ਨੇ। ਹਾਂ ਬੀ.ਏ. ਹੀ ਠੀਕ ਆ। ਪਰ
ਓਥੇ ਵੀ ਤਾਂ ਮੁੰਡੇ...।' ਇਹ ਸੋਚਦਿਆਂ ਵੀ ਮੈਂ
ਫਿਕਰ ਨਾਲ ਭਰ ਗਿਆ ਸਾਂ।
''ਕੋਈ ਕੁੜੀਆਂ ਦਾ ਕਾਲਜ ਨਈਂ ਤੇਰੇ ਸ਼ਹਿਰ
'ਚ?'' ਮੈਂ ਇਕ ਸੁਖਾਂਵੀ ਆਸ ਨਾਲ ਪੁੱਛਿਆ ਸੀ।
''ਬਥੇਰੇ ਆ। ਦੱਸੋ?'' ਉਹ ਝੱਟ-ਪੱਟ ਬੋਲੀ
ਸੀ।
''ਤੂੰ ਓਥੇ ਬੀ.ਏ.'ਚ ਐਡਮਿਸ਼ਨ ਲੈ ਲਾ।''
ਮੈਂ ਦਿਲ 'ਚੋਂ ਉੱਠਦੇ ਉਬਾਲਾਂ ਨੂੰ ਨੱਪ ਕੇ ਸਹਿਜਤਾ
ਨਾਲ ਕਿਹਾ।
''ਥੈਂਕਸ ਸਰ ਜੀ।'' ਉਹ ਖੁਸ਼ ਸੀ ਕਿ ਮੈਂ
ਉਸਨੂੰ ਗਾਈਡ ਕਰਕੇ ਉਲਝਣ 'ਚੋਂ ਕੱਢ ਲਿਆ
ਸੀ।
ਕੁਝ ਦਿਨਾਂ ਬਾਅਦ ਮੈਂ ਫਿਰ ਤੋਂ ਡਿਪਾਰਟਮੈਂਟ
ਦੇ ਚੱਕਰ ਲਗਾਉਣ ਲੱਗ ਪਿਆ ਸਾਂ। ਹਰ ਪ੍ਰੋਫੈਸਰ
ਮੇਰੇ 'ਚ ਦਿਲਚਸਪੀ ਵਿਖਾਉਣ ਦਾ ਨਾਟਕ ਜ਼ਰੂਰ
ਕਰਦਾ। ਮੈਨੂੰ ਕੋਲ ਬਿਠਾ ਕੇ ਤਰ੍ਹਾਂ-ਤਰ੍ਹਾਂ ਦੇ ਸਵਾਲ
ਕਰਦੇ ਰਹਿੰਦੇ। ਕੋਈ ਕਹਿੰਦਾ, ''ਤੂੰ ਇਉਂ ਕਰ ਚੇਅਰਮੈਨ
ਨੂੰ ਕਿਤਾਬਾਂ ਦਾ ਸੈੱਟ ਮੋੜ ਦੇ।''
''ਗੱਲ ਤਾਂ ਸਿੱਧੀ ਏ ਕਿ ਜੇ ਗਾਈਡ ਈ ਨਈਂ ਬਣਨਾ ਤਾਂ
ਛਿੱਲ ਕਾਹਨੂੰ ਲਹਾ ਲਈ।'' ਕੋਈ ਦੂਜਾ ਆਪਣਾ ਤਰਕ ਦਿੰਦਾ।
''ਇਹ ਪੰਡਤ ਤਾਂ ਹਜ਼ਾਰਾਂ ਸਾਲਾਂ ਤੋਂ ਸਾਡਾ ਦਲਿਤਾਂ ਦਾ
ਸ਼ੋਸ਼ਣ ਕਰੀ ਜਾਂਦੇ ਨੇ। ਹੁਣ ਤਾਂ ਬਸ ਸ਼ੋਸ਼ਣ ਦੀ ਸ਼ਕਲ ਈ
ਬਦਲੀ ਆ।'' ਇਹ ਪ੍ਰੋ. ਪਿਆਰੇ ਲਾਲ ਸਨ। ਮੈਨੂੰ ਇਸ ਗੱਲ
ਦਾ ਮਾਣ ਸੀ ਕਿ ਉਨ੍ਹਾਂ ਦਾ ਪਿਛੋਕੜ ਮੇਰੇ ਪਿੰਡ ਨੇੜਲਾ ਏ।
''ਅੱਛਾ! ਧਰਮੋਆਲ ਦਾ ਏਂ ਤੂੰ। ਫਿਕਰ ਨਾ ਕਰ। ਤੂੰ
ਮਨ ਬਣਾ ਲੈ। ਇਕ ਕਵੀ ਹੈਗਾ, ਵਿਚਾਰਾ ਤੇ ਅਣ-ਗੌਲਿਆ।
ਤੈਨੂੰ ਉਹਦੇ 'ਤੇ ਕੰਮ ਕਰਵਾਉਂਦੇ ਆਂ। ਤੂੰ ਦਸ ਕੁ ਦਿਨਾਂ ਤੱਕ
ਦਲਿਤ-ਚੇਤਨਾ ਦੇ ਬਾਰੇ ਪੜ੍ਹ ਕੇ ਮਿਲੀਂ।''
ਮੈਂ ਦਲਿਤ-ਚੇਤਨਾ ਦੇ ਬਾਰੇ ਕਿਤਾਬਾਂ ਇਕੱਠੀਆਂ ਕਰਨ
ਤੇ ਪੜ੍ਹਨ ਲੱਗਾ। ਮੈਨੂੰ ਆਪਣੇ ਖੇਤਾਂ 'ਚ ਕੰਮ ਕਰਦੇ ਦਲਿਤਾਂ
ਨਾਲ ਹਮਦਰਦੀ ਰਹੀ ਸੀ। ਜਦੋਂ ਕੋਈ ਔਰਤ ਮੈਨੂੰ ਤਰਲਾ
ਜਿਹਾ ਲੈ ਕੇ ਕਹਿੰਦੀ, ''ਦੋ ਕੁ ਚੀਰਨੀਆਂ ਸਾਗ ਦੀਆਂ ਤੋੜ
ਲਵਾਂ?'' ਤਾਂ ਮੇਰੇ ਦਿਲ ਦਾ ਰੁੱਗ ਭਰਿਆ ਜਾਂਦਾ। ਮੈਂ ਕਈ
ਵਾਰ ਆਪਣੇ ਬਾਪੂ ਤੇ ਹੋਰਨਾਂ ਜੱਟਾਂ ਕੋਲੋਂ ਇਨ੍ਹਾਂ ਦਲਿਤਾਂ ਨੂੰ
ਸਾਹਵੇਂ ਹੋ ਕੇ ਬਚਾਇਆ ਸੀ।
''ਤੇਰੇ 'ਚ ਕਿਸੇ ਕੰਮੀ-ਕੰਮੀਣ ਦੀ ਰੂਹ ਆ ਲੱਗਦਾ।''
ਬਾਪੂ ਮੈਨੂੰ ਅਕਸਰ ਮਜ਼ਾਕ 'ਚ ਆਖਦਾ ਹੁੰਦਾ ਸੀ। ਪਿੰਡ ਦੇ
ਬਹੁਤੇ ਲੋਕ ਮੈਨੂੰ ਦਲਿਤਾਂ ਨਾਲ ਹਮਦਰਦੀ ਕਾਰਨ 'ਕਾਮਰੇਡ'
ਕਹਿਣ ਲੱਗ ਪਏ ਸਨ। ਫਿਰ ਜਦੋਂ ਮੈਂ ਦਲਿਤਾਂ ਦੇ ਵਿਹੜੇ ਜਾ
ਕੇ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕੀਤਾ ਸੀ ਤਾਂ ਘਰੋਂ ਤੇ ਬਾਹਰੋਂ
ਮੇਰਾ ਬਹੁਤ ਵਿਰੋਧ ਹੋਇਆ ਸੀ।
''ਦਿਹਾੜੀਦਾਰ ਤਾਂ ਅੱਗੇ ਨਈਂ ਲੱਭਦੇ, ਤੂੰ ਇਨ੍ਹਾਂ ਦੇ
ਦਿਮਾਗ ਹੋਰ ਖਰਾਬ ਕਰਨ ਲੱਗ ਪਿਆਂ ਏਂ।'' ਲਗਪਗ ਸਭ
ਜੱਟਾਂ ਨੂੰ ਮੇਰੇ ਉੱਤੇ ਇਸ ਤਰ੍ਹਾਂ ਦਾ ਗਿਲਾ ਸੀ।
''ਦੱਸ ਤੂੰ ਸਰਦਾਰਾਂ ਦਾ ਪੁੱਤ ਹੋ ਕੇ ਕੰਮੀਆਂ ਦੇ ਵਿਹੜੇ
ਜਾਂਦਾ ਚੰਗਾ ਲੱਗਦੈਂ?'' ਬਾਪੂ ਤਾਂ ਨਿੱਤ ਏਹੋ ਜਿਹੇ ਮਿਹਣੇ
ਮਾਰਨ ਲੱਗ ਪਿਆ ਸੀ।
ਬਾਪੂ ਤੇ ਉਹੋ ਜਿਹੇ ਹੋਰਨਾਂ ਦੀ ਮਾਨਸਿਕਤਾ ਤੇ ਦਲਿਤਾਂ
ਦੇ ਜੀਵਨ ਬਾਰੇ ਸਿਧਾਂਤਕ ਜਾਣਕਾਰੀ ਮੈਨੂੰ ਦਲਿਤ-ਚੇਤਨਾ
ਸੰਬੰਧੀ ਪੜ੍ਹਦਿਆਂ ਪ੍ਰਾਪਤ ਹੋਈ ਸੀ। ਮੈਂ ਧੁਰ-ਦਿਲੋਂ ਪ੍ਰੋ. ਪਿਆਰੇ
ਲਾਲ ਜੀ ਦਾ ਸ਼ੁਕਰ-ਗੁਜ਼ਾਰ ਸਾਂ ਕਿ ਉਨ੍ਹਾਂ ਨੇ ਸੱਚ-ਮੁਚ
ਮੈਨੂੰ ਇਕ ਚੰਗਾ ਵਿਸ਼ਾ ਸੁਝਾਇਆ ਸੀ।
''ਲਿਆ ਮੈਂ ਪੜੂੰਗਾ। ਤੂੰ ਮੈਨੂੰ ਕੱਲ੍ਹ ਨੂੰ ਮਿਲੀਂ।'' ਉਹ
ਮੈਨੂੰ ਤਪਾਕ ਨਾਲ ਮਿਲਿਆ ਸੀ।
ਮੈਂ ਪੇਪਰ ਫੜਾ ਕੇ ਤੁਰਨ ਲੱਗਾ ਤਾਂ ਉਹ ਬੋਲੇ, ''ਬੈਠ।
ਮੈਂ ਤੇਰੇ ਪਰਿਵਾਰ ਬਾਰੇ ਤਾਂ ਪੁੱਛਣਾ ਈ ਭੁੱਲ ਗਿਆ। ਕੀ
ਕਰਦੇ ਆ ਤੇਰੇ ਫਾਦਰ?''
''ਜੀ-ਖੇਤੀ-ਬਾੜੀ ਕਰਵੌਂਦੇ ਆ।'' ਮੇਰਾ ਜਵਾਬ ਸੁਣ
ਕੇ ਉਸਦੇ ਹਾਵ-ਭਾਵ ਹੀ ਬਦਲ ਗਏ ਸਨ।
''ਅੱਛਾ! ਜ਼ਿੰਮੀਦਾਰਾਂ ਦਾ ਮੁੰਡਾ ਏਂ ਤੂੰ?'' ਉਸਦੇ ਮੱਥੇ
'ਤੇ ਚਾਣਚੱਕ ਤਿਊੜੀ ਉੱਭਰ ਆਈ ਸੀ।
''ਜੀ'' ਮੈਂ ਹੌਲੀ ਜਿਹੀ ਜਵਾਬ ਦਿੱਤਾ ਸੀ।
''ਫਿਰ ਇਹ ਤੇਰੇ ਵੱਸ ਦਾ ਕੰਮ ਨਈਂ।'' ਉਹ ਫਿੱਕਾ
ਜਿਹਾ ਹੱਸਦਿਆਂ ਬੋਲਿਆ ਸੀ।
''ਸਰ ਜੀ ਕਿਉਂ?'' ਮੈਂ ਦੁਖੀ ਮਨ ਨਾਲ ਪੁੱਛਿਆ ਸੀ।
''ਦਲਿਤਾਂ ਦੇ ਦੁੱਖ ਇਕ ਦਲਿਤ ਹੀ ਸਮਝ ਸਕਦਾ ਏ।''
ਉਸਨੇ ਸਹਿਜਤਾ ਨਾਲ ਉਤਰ ਦਿੱਤਾ ਸੀ।
ਇਸ ਗੱਲ ਤੋਂ ਬਾਅਦ ਕੁਝ ਦੇਰ ਚੁੱਪ ਛਾਈ ਰਹੀ।
''ਸਰ ਜੀ ਕਿਸੇ ਹੋਰ ਵਿਸ਼ੇ 'ਤੇ ਕਰਵਾ ਦਿਓ।'' ਮੈਂ
ਵਿਚਾਰਿਆਂ ਵਾਂਗ ਕਿਹਾ ਤਾਂ ਉਹ ਮੁਸਕਰਾ ਪਿਆ ਸੀ।
''ਫਿਲਹਾਲ ਮੇਰੇ ਕੋਲ ਕੋਈ ਹੋਰ ਵਿਸ਼ਾ ਨਈਂ ਹੈਗਾ।''
ਹੁਣ ਉਸ ਦੀ ਆਵਾਜ਼ 'ਚ ਰੁੱਖਾਪਨ ਸੀ।
ਮੈਨੂੰ ਬਾਪੂ ਦੀਆਂ ਗਾਲ੍ਹਾਂ ਤੇ ਸ਼ਰੀਕੇ ਦੇ ਮਿਹਣੇ ਯਾਦ
ਆਏ। ਮੈਂ ਪ੍ਰੋਫੈਸਰ ਨੂੰ ਆਪਣੇ ਕ੍ਰਾਂਤੀਕਾਰੀ ਵਿਚਾਰਾਂ ਬਾਰੇ
ਦੱਸਣ ਲੱਗਾ ਤਾਂ ਉਹ ਬੋਲਿਆ, ''ਹਮਦਰਦੀ ਹੋਰ ਚੀਜ਼ ਆ
ਤੇ ਪਿੰਡੇ ਹੰਢਾਇਆ ਦਰਦ ਹੋਰ ਚੀਜ਼।'' ਉਸਦੀ ਇਸ ਗੱਲ
ਨੇ ਤਾਂ ਜਿਉਂ ਹਰ ਸੰਭਾਵਨਾ ਦੇ ਦਰ ਢੋਹ ਦਿੱਤੇ ਸਨ।
ਮੈਂ ਉਸ ਕੋਲੋਂ ਉੱਠ ਕੇ ਤੁਰ ਆਇਆ ਸਾਂ। ਪੌੜੀਆਂ
ਉਤਰਦਿਆਂ ਮੈਨੂੰ ਇਕ ਪੁਰਾਣਾ ਵਾਕਿਆ ਯਾਦ ਆ ਗਿਆ।
ਉਸ ਦਿਨ ਮੀਂਹ ਪੈ ਰਿਹਾ ਸੀ। ਖੇਤਾਂ 'ਚੋਂ ਘਰ ਵਲ ਆਉਂਦਿਆਂ
ਮੈਂ ਦੇਖਿਆ ਕਿ ਠੋਲੂ ਮੋਚੀ ਦੀ ਮਾਂ ਅੰਬ ਹੇਠਾਂ ਕੁੰਗੜੀ ਬੈਠੀ
ਸੀ। ਉਸ ਕੋਲ ਬਾਲਣ ਦੀ ਭਰੀ ਪਈ ਸੀ। ਮੈਂ ਉਹ ਭਰੀ ਸਿਰ
'ਤੇ ਰੱਖ ਕੇ ਉਸਦੇ ਘਰ ਤੱਕ ਛੱਡਣ ਤੁਰ ਪਿਆ ਸਾਂ।
''ਵੇ ਪੁੱਤਰਾ, ਇਹ ਕੀ ਪੁੱਠੀ ਗੰਗਾ ਵਹੌਣ ਲੱਗਾਂ ਏਂ
ਤੂੰ?'' ਬੁੱਢੀਆਂ ਅੱਖਾਂ ਜ਼ਮੀਨ 'ਤੇ ਗੱਡੀ ਉਹ ਬੱਦਲਾਂ ਨਾਲ
ਹੋਏ ਹਨੇਰ 'ਚ ਤਿਲਕਣ ਤੋਂ ਡਰਦੀ, ਮੇਰੇ ਪਿੱਛੇ-ਪਿੱਛੇ ਤੁਰਨ
ਲੱਗ ਪਈ ਸੀ।
ਇਸ ਗੱਲ ਦਾ ਪਤਾ ਲੱਗਦਿਆਂ ਬਾਪੂ ਲੋਹਾ-ਲਾਖਾ ਹੋ
ਗਿਆ ਸੀ। ਮੈਨੂੰ ਬੇਦਖਲ ਕਰਨ ਦੀਆਂ ਧਮਕੀਆਂ ਦੇਣ ਲੱਗ
ਪਿਆ ਸੀ। ''ਪਤਾ ਨਈਂ ਕਿੱਥੋਂ ਇਹ ਨੀਚ ਆਤਮਾ ਜੰਮ ਪਈ
ਸਾਡੇ ਕੁਨਬੇ ਵਿਚ? ਆਇਆ ਵੱਡਾ ਰਣਜੀਤ ਸੂੰ। ਸਾਲਿਆ
ਮੈਂ ਘੁੱਗੀ ਫੇਰਨੀ ਆਂ ਬੱਸ ਤੇ ਤੂੰ ਇਨ੍ਹਾਂ ਆਂਗੂੰ ਈ ਦਿਹਾੜੀਆਂ
ਕਰਕੇ ਟੁੱਕ ਖਾਊਂ।''
ਮੈਂ ਆਪਣੇ ਵਿਚਾਰਾਂ ਨੂੰ ਮਾਰਨ ਨਾਲੋਂ ਘਰ ਛੱਡਣ ਨੂੰ
ਤਰਜ਼ੀਹ ਦਿੱਤੀ ਸੀ। ਐਮ.ਏ. ਕਰਦਿਆਂ ਹੋਸਟਲ 'ਚ ਰਹਿਣਾ
ਸ਼ੁਰੂ ਕਰ ਦਿੱਤਾ। ਪਿੰਡ ਕਦੇ-ਕਦਾਈਂ ਹੀ ਜਾਂਦਾ। ਮੇਰੀ ਮਾਂ
ਵਿਲਕਦੀ ਰਹਿੰਦੀ ਤੇ ਉਹ ਵਿਲਕਦੀ ਹੀ ਮਰ ਗਈ ਸੀ।
ਇਨ੍ਹਾਂ ਸੋਚਾਂ 'ਚ ਡੁੱਬਿਆ ਮੈਂ ਨਜ਼ਰ ਜ਼ਮੀਨ 'ਤੇ ਗੱਡੀ
ਇਉਂ ਤੁਰ ਰਿਹਾ ਸਾਂ, ਜਿਉਂ ਤਿਲਕ ਜਾਣ ਤੋਂ ਡਰ ਰਿਹਾ ਹੋਵਾਂ।
ਮੈਂ ਲਾਅ ਆਡੀਟੋਰੀਅਮ ਮੂਹਰਲੇ ਲਾਅਨ 'ਚ ਜਾ ਬੈਠਾ ਸਾਂ
ਤੇ ਪਤਾ ਨਹੀਂ ਕਿੰਨੀਂ ਦੇਰ ਬੀਤੇ ਦੇ ਸਮੁੰਦਰ 'ਚ ਗੋਤੇ ਖਾਂਦਾ
ਰਿਹਾ ਸਾਂ। ਫੋਨ ਦੀ ਰਿੰਗ ਵੱਜੀ ਤਾਂ ਮੈਨੂੰ ਹੋਸ਼ ਆਇਆ ਸੀ।
ਚੀਨਾ ਦਾ ਫੋਨ ਸੀ।
''ਸਰ ਜੀ ਮੇਰਾ ਬਾਲਮੀਕੀਆਂ ਦੇ ਮੁੰਡੇ ਨਾਲ ਵਿਆਹ
ਹੋ ਸਕਦਾ?'' ਉਸਦੀ ਗੱਲ ਸੁਣ ਕੇ ਮੈਂ ਚਾਣਚੱਕ ਹੱਸ ਪਿਆ
ਸਾਂ। ਇਕ ਪਲ ਲਈ ਜਿਉਂ ਸਾਰੇ ਦੁੱਖ ਛੁੱਟ ਗਏ ਹੋਣ।
''ਸ਼ੁਦੈਣੇ ਵਿਆਹ ਲਈ ਤਾਂ ਇਕ ਮੁੰਡਾ ਚਾਹੀਦਾ ਬਸ।''
ਮੈਂ ਨਾਟਕੀ ਸਹਿਜਤਾ ਨਾਲ ਬੋਲਿਆ ਸਾਂ।
''ਸਰ ਜੀ, ਦੁਨੀਆਂ 'ਚ ਇਕ ਤੁਸੀਂ ਹੋ ਜਿਹੜੇ ਮੈਨੂੰ
ਸਮਝ ਸਕਦੇ ਹੋ। ਕੋਈ ਚੰਗੀ ਜਿਹੀ ਤਕਨੀਕ ਦੱਸੋ ਜਿਸ
ਨਾਲ ਘਰ ਦੇ ਮੰਨ ਜਾਣ। ਅਸੀਂ ਧੀਮਾਨ ਹੁੰਦੇ ਆ ਸਰ ਜੀ।
ਸਾਰੇ ਬੰਦੇ ਰੱਬ ਨੇ ਈ ਬਣਾਏ ਨੇ। ਮੈਂ ਨਈਂ ਮੰਨਦੀ ਜਾਤ-ਪਾਤ
ਨੂੰ।'' ਉਸਦੀ ਆਵਾਜ਼ 'ਚ ਦ੍ਰਿੜਤਾ ਸੀ।
''ਤੂੰ ਨਈਂ ਮੰਨਦੀ ਤਾਂ ਇਹ ਚੰਗੀ ਗੱਲ ਏ, ਪਰ ਤੇਰੇ
ਘਰਦਿਆਂ...।'' ਮੇਰੀ ਗੱਲ ਸੁਣ ਉਹ ਸਿਸਕੀ ਜਿਹੀ ਭਰ ਕੇ
ਚੁੱਪ ਹੋ ਗਈ ਸੀ। ਫਿਰ ਕੁਝ ਦੇਰ ਬਾਅਦ ਬੋਲੀ, ''ਇਹ
ਕਿੱਦਾਂ ਦੀ ਦੁਨੀਆਂ ਏ ਸਰ ਜੀ। ਬੰਦਾ ਜਿਹਨੂੰ ਪਿਆਰ ਕਰੇ
ਉਹਨੂੰ ਹਮੇਸ਼ਾ ਲਈ ਪਾ ਵੀ ਨਈਂ ਸਕਦਾ। ਪਰ ਮੈਂ...।''
ਅਚਾਨਕ ਉਸਦੀ ਆਵਾਜ਼ 'ਚ ਇਕ ਰੋਹ ਆਣ ਰਲਿਆ ਸੀ।
''...ਮੈਂ ਘਰ ਦੇ ਛੱਡ ਦਊਂ, ਦੁਨੀਆਂ ਛੱਡ ਦਊਂ, ਸਭ
ਕੁਝ ਛੱਡ ਦਊਂ। ਇਕ ਤੁਸੀਂ ਮੈਨੂੰ ਗਾਈਡ ਕਰਦੇ ਰਹਿਣਾ
ਪਲੀਜ਼। ਮੈਂ ਤੁਹਾਨੂੰ ਨਹੀਂ ਛੱਡ ਸਕਦੀ। ਤੁਸੀਂ ਮੈਨੂੰ ਛੱਡਿਓ
ਨਾ। ਮੈਂ ਤਾਂ ਪਾਗਲ ਆਂ।'' ਉਹ ਸਿਸਕੀਆਂ ਭਰਨ ਲੱਗ ਪਈ
ਸੀ।
''ਉਹ ਮੁੰਡਾ ਤੈਨੂੰ ਕਿੰਨਾਂ ਕੁ ਪਿਆਰ ਕਰਦਾ?'' ਮੈਂ
ਪੁੱਛਿਆ ਸੀ।
''ਸਰ ਜੀ ਜਾਨ ਤੋਂ ਵਧ ਸਮਝਦਾ ਮੈਨੂੰ। ਇਕ ਦਿਨ
ਮੇਰੇ ਪੈਰਾਂ 'ਤੇ ਸਿਰ ਰੱਖ ਕੇ ਕਹਿਣ ਲੱਗਾ ਕਿ ਇੱਥੇ ਮੇਰੀ
ਜੰਨਤ ਆ। ਦੱਸੋ ਇਹ ਥੋੜਾ ਪਿਆਰ ਆ? ਹੋਰ ਕੀ ਪਰੂਫ
ਚਾਹੀਦਾ?'' ਇਹ ਸਭ ਕੁਝ ਉਹ ਬਚਕਾਨਾ ਜਿਹੇ ਚਾਅ 'ਚ
ਦੱਸ ਰਹੀ ਸੀ।
''ਪਿਆਰ ਦਾ ਤਾਂ ਪਤਾ ਨਈਂ, ਪਰ ਅਦਾਕਾਰੀ ਸੋਹਣੀ
ਕਰਦੈ।'' ਨਾ ਚਾਹੁੰਦੇ ਹੋਏ ਵੀ ਮੇਰੇ ਮੂੰਹੋਂ ਮੱਲੋ-ਜ਼ੋਰੀ ਨਿਕਲ
ਗਿਆ ਸੀ। ਮੇਰੀ ਗੱਲ ਸੁਣ ਕੁਝ ਦੇਰ ਉਹ ਬੋਲ ਨਹੀਂ ਸੀ
ਸਕੀ।
''ਸਰ ਜੀ ਏਦਾਂ ਨਾ ਕਹੋ। ਮੈਂ ਤਾਂ ਉਹਦੇ ਬਗੈਰ ਇਕ
ਪਲ ਨਾ ਜੀਵਾਂ। ਮੈਨੂੰ ਪਹਿਲੀ ਵਾਰ ਪਤਾ ਲੱਗਾ ਕਿ ਪਿਆਰ
ਕੀ ਹੁੰਦਾ।'' ਹੁਣ ਉਸਦੀ ਆਵਾਜ਼ 'ਚ ਤਰਲਾ ਜਿਹਾ ਸੀ।
''ਉਹ ਖੱਤਰੀਆਂ ਦੇ ਮੁੰਡੇ ਦੀ ਵੀ ਕਦੇ ਯਾਦ ਆਈ?''
ਮੈਂ ਜਾਣ-ਬੁਝ ਕੇ ਇਹ ਸਵਾਲ ਕੀਤਾ ਸੀ। ਇਸ ਇਰਾਦੇ ਨਾਲ
ਕਿ ਉਸਨੂੰ ਇਹ ਗੱਲ ਸਮਝ ਆ ਜਾਏ ਕਿ ਬਦਲਦੇ ਵਕਤ
ਨਾਲ ਬੜਾ ਕੁਝ ਬਦਲ ਜਾਂਦਾ ਏ। ਇਸ ਨਵੇਂ ਮੁੰਡੇ ਨੇ ਵੀ ਬੀਤੇ
ਵਕਤ ਦੀ ਨਾ-ਜ਼ਿਕਰਯੋਗ ਕਹਾਣੀ ਬਣ ਜਾਣਾ ਏ।
''ਸਰ ਜੀ ਮੁੜ ਓਸ ਕੁੱਤੇ ਦਾ ਨਾਂ ਨਾ ਲਿਓ ਪਲੀਜ਼। ਉਹ
ਤਾਂ ਮੇਰਾ ਪਾਗਲਪਨ ਸੀ। ਉਦੋਂ ਮੈਂ ਨਿਆਣੀ ਸੀ। ਮੈਨੂੰ ਚੰਗੇਬੁਰੇ
ਦੀ ਸਮਝ ਈ ਨਹੀਂ ਸੀ।'' ਉਹ ਨਿਹੋਰੇ 'ਚ ਬੋਲੀ ਸੀ।
''ਤੇ ਹੁਣ?'' ਮੈਂ ਪੁੱਛਿਆ ਸੀ।
''ਹੁਣ ਤਾਂ ਮੈਂ ਅਡਲਟ ਆਂ। ਮੈਚੁਅਰ ਆਂ। ਮੇਰੇ ਕੋਲ
ਕਾਨੂੰਨੀ ਰਾਈਟ ਆ। ਮੈਂ ਕਿਸੇ ਨਾਲ ਵੀ ਵਿਆਹ ਕਰਵਾ
ਸਕਦੀ ਆਂ।'' ਹੁਣ ਉਸਦੀ ਆਵਾਜ਼ 'ਚ ਰੋਹਬ ਸੀ।
''ਤੂੰ ਇਹਨੂੰ ਵੀ ਪਰਖ ਕੇ ਤਾਂ ਵੇਖ।''
''ਸਰ ਕਿਵੇਂ?'' ਮੇਰੀ ਆਸ ਦੇ ਉਲਟ ਉਹ ਸਹਿਮਤੀ
'ਚ ਬੋਲੀ ਸੀ।
''ਜਿਵੇਂ ਖੱਤਰੀਆਂ ਦੇ ਮੁੰਡੇ ਨੂੰ ਪਰਖਿਆ ਸੀ।'' ਮੈਂ
ਸਹਿਜਤਾ ਨਾਲ ਗਾਈਡ ਕੀਤਾ ਸੀ।
ਇਸ ਗੱਲ-ਬਾਤ ਤੋਂ ਬਾਅਦ ਮੈਂ ਫਿਰ ਬੇਚੈਨ ਹੋ ਗਿਆ
ਸਾਂ। ਮੇਰੇ ਦੁੱਖ ਦਾ ਰੰਗ ਪਤਾ ਨਹੀਂ ਅਚਾਨਕ ਕਦੋਂ ਬਦਲ
ਗਿਆ ਸੀ। ਮੈਂ ਇਉਂ ਸੋਚ ਰਿਹਾ ਸਾਂ 'ਏਸ ਚੰਚਲ ਕੁੜੀ ਤੱਕ
ਪਹੁੰਚਣਾ ਬਹੁਤ ਹੀ ਆਸਾਨ ਏ। ਥੋੜ੍ਹੇ ਜਿਹੇ ਨਾਟਕ ਨਾਲ ਹੀ
ਆਪਣੇ ਵਾਸਤੇ ਉਸਦੇ ਮਨ ਵਿਚਲੀ ਸ਼ਰਧਾ ਨੂੰ ਪਿਆਰ 'ਚ
ਬਦਲਿਆ ਜਾ ਸਕਦਾ ਤੇ ਫਿਰ ਹਲਕੀ ਜਿਹੀ ਮਿਹਨਤ ਹੋਰ।
ਪਰ ਮੈਂ ਸੁਨਹਿਰੀ ਮੌਕਾ ਗੁਆਇਆ ਏ ਤੇ ਗੁਆ ਰਿਹਾ ਹਾਂ।'
ਪਲ-ਪਲ ਮੇਰਾ ਮਨ ਪਛਤਾਵੇ ਨਾਲ ਭਰਦਾ ਜਾ ਰਿਹਾ ਸੀ।
ਪੰਜ ਕੁ ਦਿਨਾਂ ਦੇ ਬਾਅਦ ਉਸ ਦਾ ਫੋਨ ਆਇਆ ਸੀ।
''ਹੈਲੋ ਸਰ।" ਆਖ ਉਹ ਧਾਹਾਂ ਮਾਰਨ ਲੱਗ ਪਈ ਸੀ।
ਮੈਨੂੰ ਆਪਣੇ ਮਨ 'ਤੇ ਬਰਫ ਵਾਂਗ ਜੰਮਿਆ ਪਛਤਾਵਾ ਖੁਰਦਾ
ਜਾਪਿਆ। ਇਕ ਸਕੂਨ ਮਹਿਸੂਸ ਹੋਇਆ ਸੀ। ਉਸਦੇ ਹਟਕੋਰੇ
ਸੁਣਦਾ ਮੈਂ ਮਨ 'ਚ ਉਸਨੂੰ ਭੋਗਣ ਦੀ ਯੋਜਨਾ ਵੀ ਬਣਾਉਂਦਾ
ਰਿਹਾ ਸਾਂ।
''ਕੁੱਤਾ!'' ਉਸ ਨੇ ਵਿਲਕਦਿਆਂ ਗੱਲ ਸ਼ੁਰੂ ਕੀਤੀ ਤਾਂ
ਮੈਂ ਤ੍ਰਭਕ ਪਿਆ ਸਾਂ। ਇਉਂ ਲੱਗਿਆ ਸੀ ਜਿਉਂ ਉਸਨੇ ਮੇਰੀ
ਅੰਤਰ-ਆਤਮਾ ਪੜ੍ਹ ਲਈ ਹੋਵੇ।
''ਕਹਿਣ ਲੱਗਾ ਵਿਆਹ ਤਾਂ ਬੜਾ ਭੈੜਾ ਬੰਧਨ ਏ। ਐਸ਼
ਕਰੋ, ਮਜ਼ੇ ਲਓ। ਸਰ ਜੀ, ਤੁਹਾਡਾ ਥੈਂਕਸ, ਤੁਸੀਂ ਮੈਨੂੰ ਬਚਾ
ਲਿਆ। ਬੱਸ ਹੁਣ ਨਈਂ ਮੈਂ ਇਨ੍ਹਾਂ ਚੱਕਰਾਂ 'ਚ ਪੈਣਾ। ਜਿੱਥੇ
ਘਰਦੇ ਕਹਿਣਗੇ ਓਥੇ ਵਿਆਹ ਕਰਵਾ ਲੈਣਾ। ਸਰ ਜੀ ਤੁਸੀਂ
ਮੈਨੂੰ ਗਾਈਡ ਕਰਦੇ ਰਹਿਓ ਹਮੇਸ਼ਾ।'' ਉਹ ਕਈ ਦੇਰ ਗੱਲਾਂ
ਕਰਦੀ ਰਹੀ। ਗੱਲ-ਗੱਲ 'ਤੇ ਰੋਂਦੀ ਰਹੀ।
''ਦੇਖ! ਮੈਂ ਤੇਰਾ ਦੁੱਖ ਸਮਝਦਾਂ। ਤੈਨੂੰ ਇਕ ਫੁਕਰੇ
ਨਈਂ, ਮੇਰੇ ਵਰਗੇ ਗੰਭੀਰ ਸਾਥੀ ਦੀ ਲੋੜ ਏ।'' ਮੇਰੀ ਕਾਮਤ੍ਰਿਸ਼ਨਾ
ਨੇ ਪੱਤਾ ਖੇਡਿਆ ਸੀ। ''ਸਰ ਜੀ, ਤੁਸੀਂ ਤਾਂ ਗਰੇਟ
ਹੋ। ਮੇਰੀ ਤਾਂ ਏਹੀ ਖੁਸ਼ਕਿਸਮਤੀ ਆ ਕਿ ਤੁਸੀਂ ਮੇਰੇ ਜਿਹੀ
ਪਾਗਲ ਕੁੜੀ ਦੀ ਬਕਵਾਸ ਸੁਣ ਲੈਂਦੇ ਹੋ। ਤੁਹਾਡੇ ਅਰਗੇ ਬੰਦੇ
ਦੀ ਆਵਾਜ਼ ਈ ਸੁਣੀ ਜਾਏ ਤਾਂ ਬਹੁਤ ਆ।''
ਉਸਦੀ ਸ਼ਰਧਾ ਮੈਨੂੰ ਆਪਣੀਆਂ ਇੱਛਾਵਾਂ ਦੇ ਰਾਹ 'ਚ
ਵੱਡੀ ਅੜਚਨ ਲੱਗੀ ਸੀ।
''ਗਰੇਟ-ਗਰੂਟ ਕੋਈ ਨਈਂ ਹੁੰਦਾ। ਮੈਂ ਵੀ ਇਨਸਾਨ
ਆਂ। ਮੈਨੂੰ ਮੁੜ ਕੇ ਗਰੇਟ ਨਾ ਆਖੀਂ।''
'ਸੌਰੀ' ਆਖ ਉਸਨੇ ਫੋਨ ਰੱਖ ਦਿੱਤਾ ਸੀ।
ਉਸ ਦਿਨ ਮੈਨੂੰ ਇਹ ਸਮਝ ਨਹੀਂ ਸੀ ਲੱਗੀ ਕਿ ਮੈਂ
ਉਸਦੇ ਹੋਰ ਨੇੜੇ ਹੋ ਗਿਆਂ ਸਾਂ ਕਿ ਦੂਰ। ਮੈਂ ਕੁਝ ਦਿਨਾਂ ਲਈ
ਪਿੰਡ ਤੁਰ ਗਿਆ ਸਾਂ। ਬਾਪੂ ਸਾਲ ਕੁ 'ਚ ਹਾਰ ਗਿਆ ਸੀ।
ਹੁਣ ਉਹਦੀ ਆਵਾਜ਼ 'ਚ ਪਹਿਲਾਂ ਵਾਲਾ ਗੜਕਾ ਨਹੀਂ ਸੀ
ਰਿਹਾ। ਗੁਆਂਢੀ ਝਿਊਰਾਂ ਦੀ ਕੁੜੀ ਸਵੇਰ ਸ਼ਾਮ ਰੋਟੀ ਪਕਾ ਕੇ
ਦੇ ਜਾਂਦੀ ਸੀ।
''ਮੇਰਾ 'ਕੱਲੇ ਦਾ ਦਿਲ ਓਦਰ ਜਾਂਦਾ। ਏਡੇ ਵੱਡੇ ਘਰ
'ਚ ਕੱਲੀ ਜਿੰਦ। ਰਾਤ ਵੱਡ ਖਾਣ ਨੂੰ ਆਉਂਦੀ ਆ! ਤੂੰ ਹੁਣ
ਪਿੰਡ ਪਰਤ ਆ।'' ਬਾਪੂ ਦੀ ਆਵਾਜ਼ 'ਚ ਇਕ ਤਰਲਾ ਸੀ।
ਮੈਂ ਬਾਪੂ ਨੂੰ ਕਿਹਾ ਸੀ ਕਿ ਗਾਈਡ ਮਿਲ ਜਾਏ ਤੇ ਵਿਸ਼ਾ
ਡਿਸਾਇਡ ਹੋ ਜਾਏ, ਮੈਂ ਬਹੁਤਾ ਸਮਾਂ ਪਿੰਡ ਹੀ ਗੁਜ਼ਾਰਿਆ
ਕਰਾਂਗਾ।
''ਇਹ ਕੀ ਬਲਾ ਹੁੰਦੈ ਗਾਈਡ?'' ਬਾਪੂ ਨੇ ਸਵਾਲ
ਕੀਤਾ ਸੀ।
''ਇਹ ਖੋਜ ਆਲੇ ਕੰਮ 'ਚ ਰਾਹ ਦਿਖਾਲਦਾ।'' ਮੈਂ
ਅਨਪੜ੍ਹ ਬਾਪੂ ਨੂੰ ਸੌਖਿਆਂ ਕਰਕੇ ਦੱਸਿਆ ਸੀ।
''ਫਿਰ ਤਾਂ ਗੁਰੂ ਈ ਹੋਇਆ...।'' ਬਾਪੂ ਨੇ ਸਹਿਜ
ਭਾਵ ਆਖਿਆ ਸੀ।
''ਪਰ ਬਿੰਦਰਾ...." ਉਹ ਅਚਾਨਕ ਬੋਲਿਆ ਸੀ।
"...ਇਹ ਲੱਭਣਾ ਕਿਉਂ ਪੈਂਦਾ? ਕਿਤੇ ਸੂਈ-ਸਲਾਈ
ਆ ਜੋ ਗੁਆਚ ਗਈ ਹੋਵੇ। ਤੂੰ ਕਈ ਮਹੀਨਿਆਂ ਤੋਂ ਇਹੀ
ਲੱਭੀ ਜਾਨਾ।'' ਬਾਪੂ ਉਦਾਸੀ-ਭਰਿਆ ਖਚਰਾ ਹਾਸਾ ਹੱਸਿਆ
ਸੀ।
''ਬਾਪੂ ਸੱਚਾ ਗੁਰੂ ਕਿਤੇ ਸੌਖਿਆਂ ਮਿਲ ਜਾਂਦੈ?'' ਮੈਂ
ਬਾਪੂ ਵਾਲੀ ਟੋਨ 'ਚ ਜਵਾਬ ਦਿੱਤਾ ਸੀ। ਮੇਰੀ ਏਸ ਗੱਲ 'ਤੇ
ਬਾਪੂ ਕਈ ਦੇਰ ਸਹਿਮਤੀ 'ਚ ਸਿਰ ਮਾਰਦਾ ਰਿਹਾ ਸੀ।
'ਜੋ ਜਾਤ, ਧਰਮ, ਖੇਤਰ, ਸੈਕਸ ਆਦਿ ਤੋਂ ਉੱਪਰ
ਉੱਠ ਕੇ ਸਹੀ ਦਿਸ਼ਾ ਦੇ ਸਕੇ ਕੁਸ਼ ਨਵਾਂ ਕਰਨ ਲਈ ਪ੍ਰੇਰ
ਸਕੇ।' ਇਹ ਮੈਂ ਮਨ 'ਚ ਸੋਚਿਆ ਸੀ।
'ਪਰ ਅਜਿਹਾ ਗਾਈਡ ਕਿੱਥੋਂ ਲੱਭੇ?' ਆਪਣੇ-ਆਪ ਨੂੰ
ਇਹ ਖ਼ਾਮੋਸ਼ ਸਵਾਲ ਕਰਕੇ ਮੈਂ ਉਦਾਸ ਹੋ ਗਿਆ ਸਾਂ।
ਯੂਨੀਵਰਸਿਟੀ ਪਰਤ ਕੇ ਮੈਂ ਮੁੜ ਗਾਈਡ ਲੱਭਣ ਦੀ
ਮੁਹਿੰਮ 'ਚ ਜੁੱਟ ਗਿਆ ਸਾਂ। ਹੁਣ ਮੈਂ ਬਹੁਤਾ ਸਮਾਂ ਲਾਇਬ੍ਰੇਰੀ
'ਚ ਗੁਜ਼ਾਰਦਾ। ਪੰਜਾਬੀ ਵਿਭਾਗ ਦਾ ਇਕ ਪ੍ਰੋਫੈਸਰ ਵੀ ਨੇਮ
ਨਾਲ ਲਾਇਬ੍ਰੇਰੀ ਆਉਂਦਾ ਸੀ। ਮੈਂ ਨਮਸਕਾਰ ਤੋਂ ਬਾਅਦ
ਹੌਲੀ-ਹੌਲੀ ਉਸ ਕੋਲੋਂ ਕਦੇ ਕਦੇ ਕਿਸੇ ਸਾਹਿਤਕ ਗੁੰਝਲ
ਬਾਰੇ ਵੀ ਪੁੱਛਣ ਲੱਗ ਪਿਆ ਸਾਂ। ਕੁਝ ਦੇਰ ਬਾਅਦ, ਇਕ
ਦਿਨ ਮੈਂ ਪ੍ਰੋ. ਪੁਰੀ ਨਾਲ ਆਪਣੀ ਸਮੱਸਿਆ ਬਾਰੇ ਗੱਲ ਕੀਤੀ
ਤਾਂ ਉਹ ਹੱਸ ਪਿਆ ਸੀ।
''ਮੈਂ ਤਾਂ ਸੋਚਿਆ ਕਿ ਤੂੰ ਪਿਆਰੇ ਲਾਲ ਦੀ ਝੋਲੀ ਪੈ
ਗਿਆਂ।''
ਮੈਂ ਉਹਨਾਂ ਨੂੰ ਸੰਖੇਪ 'ਚ ਆਪਣੀ ਹੱਡ-ਬੀਤੀ ਸੁਣਾਈ
ਤਾਂ ਉਹ ਹੱਸ ਕੇ ਬੋਲਿਆ ਸੀ, ''ਉਸਦੀਆਂ ਤਾਂ ਬੱਸ ਦੋ ਈ
ਸ਼ਰਤਾਂ ਨੇ, ਜਿਸ ਰਾਈਟਰ 'ਤੇ ਕੰਮ ਕਰਨਾ ਉਹ ਦਲਿਤ ਹੋਵੇ
ਤੇ ਜਿਸ ਨੇ ਕੰਮ ਕਰਨਾ ਉਹ ਵੀ ਦਲਿਤ ਹੋਵੇ। ਕਾਸ਼! ਤੂੰ
ਦਲਿਤ ਹੁੰਦਾ।''
ਪ੍ਰੋ. ਪੁਰੀ ਦੀਆਂ ਗੱਲਾਂ ਸੱਚੀਆਂ ਹੋਣ ਦੇ ਬਾਵਜੂਦ ਮੈਨੂੰ
ਹਲਕੀਆਂ ਜਾਪੀਆਂ ਸਨ।
''ਤੁਸੀਂ ਈ ਮੇਰੇ ਬਾਰੇ ਕੁਝ ਸੋਚੋ।'' ਪ੍ਰੋ. ਪੁਰੀ ਦਾ
ਤਰਲਾ ਕਰਦਿਆਂ ਮੈਨੂੰ ਬਾਪੂ ਦਾ ਤਰਲਾ ਯਾਦ ਆ ਗਿਆ
ਸੀ-ਮੇਰੀ ਇਕੱਲਤਾ ਬਾਰੇ ਵੀ ਕੁਝ ਸੋਚ।
ਪੁਰੀ ਸਾਹਿਬ ਇਕ ਪਲ ਲਈ ਸੋਚੀਂ ਪੈ ਗਏ। ਜਿਉਂ
ਬਾਪੂ ਦੀ ਗੱਲ ਸੁਣ ਕੇ ਮੈਂ ਸੋਚੀਂ ਪੈ ਗਿਆ ਸਾਂ। ''ਦਰਅਸਲ
ਮੈਂ ਮਕਾਨ ਬਣਾਉਣ ਦੇ ਕੰਮ 'ਚ ਰੁਝਿਆਂ ਪਿਆਂ'' ਉਹ
ਗੰਭੀਰਤਾ ਨਾਲ ਬੋਲੇ, ਬਿਲਕੁਲ ਉਸੇ ਗੰਭੀਰਤਾ ਨਾਲ ਜਿਸ
ਨਾਲ ਮੈਂ ਕੁਝ ਦਿਨ ਪਹਿਲਾਂ ਕਿਹਾ ਸੀ-ਮੈਂ ਗਾਈਡ ਲੱਭਣ 'ਚ
ਰੁੱਝਿਆਂ ਹੋਇਆਂ।
ਪ੍ਰੋ. ਪੁਰੀ ਫਿਰ ਬੋਲੇ, ''ਮੈਂ ਦੋ ਕੁ ਮਹੀਨਿਆਂ ਬਾਅਦ
ਵਿਹਲਾ ਹੋ ਜਾਣਾ। ਫਿਰ ਸੋਚਿਆ ਜਾ ਸਕਦਾ। ਤਦ ਤੀਕ ਤੂੰ
ਵੈਸੇ ਵੀ ਮੇਰੇ ਕੋਲੋਂ ਗਾਈਡੈਂਸ ਲੈ ਸਕਦਾਂ।'' ਫਿਰ ਉਸੇ ਤਰ੍ਹਾਂ
ਦੀ ਗੱਲ- ਬਾਪੂ ਦੋ-ਚਾਰ ਕੁ ਮਹੀਨਿਆਂ ਦਾ ਕੰਮ ਆ ਬਸ।
ਉਂਜ ਮੈਂ ਆਉਂਦੇ-ਜਾਂਦੇ ਰਹਿਣਾ।
ਹੌਲੀ-ਹੌਲੀ ਮੈਂ ਤੇ ਪ੍ਰੋ. ਪੁਰੀ ਰੋਜ਼ਾਨਾ ਮਿਲਣ ਲੱਗੇ।
ਉਹ ਦੋਸਤਾਂ ਵਾਂਗ ਹੱਥ ਮਿਲਾਉਂਦਾ ਸੀ। ਉਹ ਮੈਨੂੰ ਬਾਕੀਆਂ
ਦੇ ਮੁਕਾਬਲੇ ਗ੍ਰੇਟ ਲੱਗਦਾ ਸੀ, ਕੰਪਲੈਕਸ ਫਰੀ। ਆਪਣੇ
ਸਕੂਟਰ 'ਤੇ ਬਿਠਾਲ ਬਣ ਰਹੇ ਮਕਾਨ ਵਾਲੀ ਥਾਂ ਵਲ ਲੈ
ਜਾਂਦੇ। ਮੈਂ ਦੋ ਕੁ ਮਹੀਨੇ ਇੰਤਜ਼ਾਰ ਕਰਨਾ ਕਬੂਲ ਕਰ ਲਿਆ
ਸੀ। ਹੁਣ ਪ੍ਰੋ. ਪੁਰੀ ਮੈਨੂੰ ਨਿੱਕੇ-ਮੋਟੇ ਕੰਮ ਦੱਸਣ ਲੱਗ
ਪਿਆ ਸੀ। ਕਦੇ ਮੈਂ ਰੇਤ ਦਾ ਆਰਡਰ ਦੇਣ ਜਾ ਰਿਹਾ ਹੁੰਦਾ,
ਕਦੇ ਬਜਰੀ ਤੇ ਸੀਮੰਟ ਦਾ।
ਕਦੇ ਮੈਂ ਸ਼ਟਰਿੰਗ ਦੇ ਸਮਾਨ ਵਾਲੇ ਖੱਚਰ-ਰੇਹੜੇ ਅੱਗੇ
ਮੋਟਰ-ਸਾਈਕਲ ਲਗਾ ਕੇ ਉਸਦਾ ਮਾਰਗ-ਦਰਸ਼ਨ ਕਰ ਰਿਹਾ
ਹੁੰਦਾ। ਦੋ ਕੁ ਮਹੀਨੇ 'ਚ ਮਕਾਨ ਖੜ੍ਹਾ ਹੋਇਆ। ਮੈਂ ਉਸ
ਘੜੀ ਨੂੰ ਉਡੀਕਣ ਲੱਗਾ, ਜਦ ਪ੍ਰੋ. ਪੁਰੀ ਮੈਨੂੰ ਕਹਿਣਗੇ ਕਿ
ਲਿਆ ਇਨਰੋਲਮੰਟ ਫਾਰਮ ਮੈਂ ਸਾਈਨ ਕਰਾਂ। ਮੈਂ ਹਰ ਸ਼ਾਮ
ਪੁਰੀ ਸਾਹਿਬ ਜੀ ਦੀ ਸੇਵਾ 'ਚੋਂ ਨਿਰਾਸ਼ ਹੋ ਕੇ ਹੋਸਟਲ ਮੁੜ
ਆਉਂਦਾ।
ਇਕ ਦਿਨ ਮੈਂ ਪੁੱਛਿਆ ਤਾਂ ਉਹ ਸਹਿਜਤਾ ਨਾਲ ਬੋਲੇ,
''ਬਸ ਫਰਸ਼ ਦਾ ਕੰਮ ਹੋ ਜਾਵੇ।''
''ਫਿਰ ਲੱਕੜ ਦਾ ਕੰਮ ਸ਼ੁਰੂ ਹੋ ਜਾਏਗਾ।'' ਮੇਰੇ ਦੁਖੀ
ਮਨ 'ਚੋਂ ਆਪ ਮੁਹਾਰੇ ਨਿਕਲ ਗਿਆ।
''ਬੱਸ ਹਾਰ ਗਿਆਂ? ਪ੍ਰੋ. ਪੂਰੀ ਨਾਟਕੀ ਹੈਰਾਨੀ 'ਚ
ਬੋਲਿਆ ਸੀ।
''ਹਾਂ ਜੀ।'' ਮੈਂ ਵਿਚਾਰਿਆਂ ਵਾਂਗ ਉੱਤਰ ਦਿੱਤਾ।
''ਇਕ ਉਹ ਵੀ ਵੇਲਾ ਸੀ। ਜਦੋਂ ਸ਼ਿਸ਼ ਬਾਰ੍ਹਾਂ-ਬਾਰ੍ਹਾਂ
ਸਾਲ ਪਾਣੀ ਭਰਦੇ ਰਹਿੰਦੇ ਸੀ।'' ਪ੍ਰੋ. ਪੁਰੀ ਖਚਰਾ ਜਿਹਾ
ਮੁਸਕਾ ਕੇ ਬੋਲੇ ਸਨ।
''ਉਦੋਂ ਗੁਰੂ ਪੰਜਾਹ-ਪੰਜਾਹ ਹਜ਼ਾਰ ਤਨਖਾਹ ਨਈਂ ਸੀ
ਲੈਂਦੇ ਤੇ ਨਾ ਹੀਂ ਕਰੋੜਾਂ ਦੀਆਂ ਕੋਠੀਆਂ 'ਚ ਰਹਿੰਦੇ ਸੀ।''
ਮੇਰੀਆਂ ਗੱਲਾਂ ਸੁਣ ਕੇ ਪ੍ਰੋਫੈਸਰ ਸਾਹਿਬ ਤੜਫ ਉੱਠੇ। ਉਨ੍ਹਾਂ
ਦੀਆਂ ਅੱਖਾਂ 'ਚ ਲਾਲੀ ਉੱਤਰ ਆਈ ਸੀ।
''ਤੂੰ ਗਾਈਡ ਚਾਹੁੰਦਾ ਏ ਕਿ ਛਣਕਣਾ?'' ਉਹ ਗੁੱਸੇ
'ਚ ਬੋਲਿਆ ਸੀ।
''ਸਰ ਜੀ ਤੁਸੀਂ ਦੱਸੋ ਤੁਹਾਨੂੰ ਇਕ ਖੋਜਾਰਥੀ ਚਾਹੀਦਾ
ਕਿ ਨੌਕਰ?''
ਮੇਰਾ ਸਰੀਰ ਤਪਣ ਲੱਗ ਪਿਆ ਸੀ। ਇਕ ਪਲ ਲਈ
ਦਿਲ 'ਚ ਆਇਆ ਕਿ ਇਕ ਗੁੜੇ ਹੋਏ ਦਾਰਸ਼ਨਿਕ ਦਾ ਭੁਲੇਖਾ
ਪਾਉਂਦੇ ਪ੍ਰੋ. ਪੁਰੀ ਦੇ ਚਿਹਰੇ 'ਤੇ ਥੁੱਕ ਦੇਵਾਂ। ਉਸਨੂੰ ਗੁੱਸੇ
'ਚ ਬੁੜਬੁੜ ਕਰਦਾ ਛੱਡ ਕੇ ਮੈਂ ਤੁਰ ਆਇਆਂ ਸਾਂ।
ਇਸ ਘਟਨਾ ਤੋਂ ਬਾਅਦ ਮੈਂ ਕਾਫੀ ਸਮਾਂ ਬੇਚੈਨ ਰਿਹਾ
ਸਾਂ। ਚੀਨਾ ਜਾਂ ਮਣੀ ਦਾ ਫੋਨ ਆ ਜਾਂਦਾ ਤਾਂ ਦਿਲ ਹੋਧਰੇ ਪੈ
ਜਾਂਦਾ। ਇਕੱਲਾ ਬੈਠਦਾ ਤਾਂ ਪ੍ਰੋ. ਪੁਰੀ ਨਾਲ ਕੀਤੀ 'ਬਦਕਲਾਮੀ'
ਯਾਦ ਆ ਜਾਂਦੀ ਸੀ। ਆਖਰ ਦਿਲ ਤੋਂ ਬੋਝ ਲਾਹੁਣ ਦੇ ਲਈ
ਇਕ ਦਿਨ ਮੈਂ ਪ੍ਰੋ. ਪੁਰੀ ਕੋਲੋਂ ਮੁਆਫੀ ਮੰਗ ਲਈ ਸੀ। ਉਦੋਂ
ਮੈਂ ਹੈਰਾਨ ਰਹਿ ਗਿਆ ਸਾਂ ਜਦੋਂ ਉਸਨੇ ਮੈਨੂੰ ਬੁੱਕਲ 'ਚ ਲੈ
ਕੇ ਮੋਹ ਨਾਲ ਕਿਹਾ ਸੀ, ''ਫਿਰ ਕੀ ਹੋਇਆ? ਨਵਾਂ-ਨਵਾਂ
ਖੂਨ ਏ, ਉਬਾਲਾ ਖਾ ਈ ਜਾਂਦੈ।''
ਉਸ ਸ਼ਾਮ ਦਾ ਡੁੱਬਦਾ ਸੂਰਜ ਮੈਨੂੰ ਕਈ ਦਿਨਾਂ ਦੇ
ਬਾਅਦ ਚੰਗਾ-ਚੰਗਾ ਲੱਗਿਆ ਸੀ। ਬਾਪੂ ਨੂੰ ਫੋਨ ਕੀਤਾ ਤਾਂ
ਉਹ ਅੱਧ-ਰੋਂਦੀ ਆਵਾਜ਼ ਵਿਚ ਬੋਲਿਆ ਸੀ, ''ਕੁੜੀ ਦਾ
ਮੂਹਰਲੇ ਮਹੀਨੇ ਵਿਆਹ ਆ। ਫਿਰ ਤਾਂ ਮੇਰੀ ਰੋਟੀ ਦਾ ਵੀ
ਮੁਸ਼ਕਲ ਹੋ ਜਾਣੈ। ਤੂੰ ਜੇ ਵਿਆਹ ਨਈਂ ਕਰਵੌਣਾ ਤਾਂ ਮੈਂ
ਕੈਨੇਡਾ ਚਲਾ ਜਾਵਾਂ ਛਿੰਦੇ ਕੋਲ?''
ਕੁਝ ਸਮਾਂ ਪਹਿਲਾਂ, ਵੱਡੇ ਵੀਰੇ ਨੇ ਬਾਪੂ ਤੇ ਬੇਬੇ ਨੂੰ
ਆਪਣੇ ਕੋਲ ਕੈਨੇਡਾ ਸੱਦਿਆ ਸੀ, ਪਰ ਇਹ ਦੋਵੇਂ ਕੁਝ
ਮਹੀਨੇ ਓਥੇ ਰਹਿ ਕੇ ਮੁੜ ਆਏ ਸਨ। ਇਨ੍ਹਾਂ ਨੂੰ ਓਥੋਂ ਦੀ
ਆਪਣੇ ਲੋਕਾਂ ਤੋਂ ਟੁੱਟੀ ਜ਼ਿੰਦਗੀ ਪਸੰਦ ਨਹੀਂ ਸੀ ਆਈ।
''ਪੰਜਾਹ ਕਿੱਲਿਆਂ ਦਾ ਮਾਲਕ ਓਥੇ ਮਰਲੇ ਕੁ ਦੇ ਬੋਰੇ
'ਚ ਕਿਵੇਂ ਡੱਕਿਆ ਰਹਿ ਸਕਦਾ ਸੀ!'' ਕੇਨੈਡਾ ਤੋਂ ਮੁੜ ਕੇ
ਬਾਪੂ ਸਭ ਨੂੰ ਮਾਣ ਨਾਲ ਦੱਸਦਾ ਫਿਰਦਾ ਸੀ, ਪਰ ਹੁਣ
ਇਕੱਲਤਾ ਕਾਰਨ ਮਜ਼ਬੂਰ ਸੀ।
''ਓਥੇ ਚਲੇ ਜਾਓ ਤਾਂ ਚੰਗਾ ਈ ਆ।'' ਮੇਰਾ ਸੁਝਾਅ
ਸੁਣ ਕੇ ਬਾਪੂ ਚੁੱਪ ਕਰ ਗਿਆ ਸੀ।
ਇਕ ਦਿਨ ਪ੍ਰੋ. ਚਾਹਲ ਨੇ ਮੈਨੂੰ ਰੋਕ ਲਿਆ ਸੀ।
''ਤੂੰ ਪਿਆਰੇ ਲਾਲ ਦੇ ਬੜਾ ਪੈਰੀਂ ਹੱਥ ਲਾਉਂਦਾ ਫਿਰਦਾ
ਏਂ। ਉਹ ਤਾਂ ਜੱਟਾਂ ਦੇ ਮੁੰਡਿਆਂ ਨੂੰ ਬਹੁਤ ਨਫਰਤ ਕਰਦਾ
ਏ?'' ਉਹ ਅਪਣੱਤ 'ਚ ਬੋਲਿਆ ਸੀ।
''ਪਤਾ ਲੱਗ ਗਿਆ ਜੀ।'' ਮੈਂ ਸਿਰ ਝੁਕਾ ਕੇ ਛੋਟਾ
ਜਿਹਾ ਜਵਾਬ ਦਿੱਤਾ ਸੀ।
''ਨਾਲੇ ਉਹ ਖੱਤਰੀ! ਪੁਰੀ। ਓਥੇ ਤਾਂ ਕੋਈ ਫਸੇ ਨਾ।
ਪਤਾ ਲੱਗਾ ਕਿ ਉਹ ਤੇਰੇ ਕੋਲੋਂ ਹੋਰ ਈ ਕੰਮ ਕਰਵਾਉਂਦਾ
ਰਿਹਾ। ਉਹ ਤਾਂ ਰਿਸਰਚ ਸਿਕਾਲਰਾਂ ਕੋਲੋਂ ਪੂਰੇ ਦਿਹਾੜੀਦਾਰਾਂ
ਵਾਂਗੂ ਕੰਮ ਲੈਂਦਾ ਤੇ ਉਹਦੀ ਪਤਨੀ? ਉਹ ਉਨ੍ਹਾਂ ਕੋਲੋਂ ਵੱਖਰੇ
ਕੰਮ ਲੈਣੇ ਸ਼ੁਰੂ ਕਰ ਦਿੰਦੀ ਏ। ਤੇਰੇ ਵਰਗੇ ਮੁੰਡੇ ਨੂੰ ਤਾਂ
ਉਹ...। ਤੂੰ ਬਚ ਗਿਐਂ?'' ਇਹ ਆਖ ਉਸਨੇ ਮੇਰੇ ਚਿਹਰੇ
'ਤੇ ਅੱਖਾਂ ਗੱਡ ਦਿੱਤੀਆਂ ਸਨ।
''ਨਈਂ ਜੀ! ਮੈਂ ਉਹਨਾਂ ਦੇ ਘਰ ਨਈਂ ਗਿਆ ਕਦੇ ਵੀ।''
ਮੈਂ ਵਿਚਾਰਿਆਂ ਵਾਂਗ ਸਫਾਈ ਦਿੱਤੀ ਸੀ।
''ਚੱਲ ਬਾਕੀ ਗੱਲਾਂ ਛੱਡ! ਹੁਣ ਇਹ ਦੱਸ ਕਿ ਤੇਰਾ
ਕੋਈ ਖਸਮ ਬਣਿਆ ਕਿ ਬੇਖਸਮਾਂ ਈ ਫਿਰਦੈਂ?''
''ਸੌ ਪ੍ਰਤੀਸ਼ਤ ਬੇਖਸਮਾਂ ਜੀ।'' ਮੈਂ ਮੁਸਕਰਾ ਕੇ ਜਵਾਬ
ਦਿੱਤਾ ਸੀ।
''ਤੂੰ ਫਿਰ ਆਸੇ-ਪਾਸੇ ਟੱਕਰਾਂ ਕਿਉਂ ਮਾਰੀ ਜਾਂਦਾ?
ਮੇਰੇ ਕੋਲ ਆ। ਜੱਟਾਂ ਬਗੈਰ ਤੈਨੂੰ ਕਿਸੇ ਨੇ ਨਈਂ ਝੱਲਣਾ।''
ਚਾਅ ਜਿਹੇ 'ਚ ਗੱਲ ਕਰਦਾ ਉਹ ਅਚਾਨਕ ਸੋਚੀਂ ਪੈ ਗਿਆ
ਸੀ ਤੇ ਮੈਨੂੰ ਪਿਆਰ ਨਾਲ ਘੂਰਦਿਆਂ ਬੋਲਿਆ ਸੀ, ''ਪਰ
ਮੇਰੇ ਅਸੂਲ ਜਰਾ ਸਖ਼ਤ ਨੇ। ਮੈਂ ਕੱਚਾ-ਪਿੱਲਾ ਜਿਹਾ ਕੰਮ
ਨਈਂ ਕਰਵਾਇਆ ਕਦੇ ਵੀ। ਜੇ ਕਿਸੇ ਸਟੈਂਡਰਡ ਦਾ ਕੰਮ
ਕਰਨਾ ਏਂ ਤਾਂ ਕੱਲ੍ਹ ਨੂੰ ਮੇਰੇ ਕਮਰੇ 'ਚ ਆ ਜਾਈਂ।''
ਉਸਦੇ ਇਸ ਚੰਗੇ ਹੁੰਗਾਰੇ ਨੇ ਮੈਨੂੰ ਇਕ ਨਵੀਂ ਆਸ
ਦੀ ਕਿਰਨ ਵਿਖਾਈ ਸੀ।
ਅਗਲੇ ਦਿਨ ਉਹ ਮੈਨੂੰ ਪੁੱਛਣ ਲੱਗਾ, ''ਤੂੰ ਕੁਝ ਲਿਖਦਾਂ
ਵੀ ਏਂ?''
''ਜੀ ਸਰ, ਕਵਿਤਾ ਵੀ ਲਿਖਦਾਂ ਤੇ ਕਹਾਣੀ ਵੀ।'' ਮੈਂ
ਇਕ ਮਾਣ ਜਿਹੇ 'ਚ ਜਵਾਬ ਦਿੱਤਾ ਸੀ।
''ਵਧ ਪਿਆਰ ਕਿਹਨੂੰ ਕਰਦਾਂ?''
''ਕਵਿਤਾਂ ਨੂੰ।'' ਮੈਂ ਝੱਟ-ਪੱਟ ਜਵਾਬ ਦਿੱਤਾ ਸੀ।
''ਫਿਰ ਤੂੰ ਇਉਂ ਕਰ, ਕਹਾਣੀ 'ਤੇ ਕੰਮ ਕਰ ਲੈ।''
ਇਹ ਸੁਝਾਅ ਮੈਨੂੰ ਬੁਝਾਰਤ ਵਾਂਗ ਲੱਗਿਆ ਸੀ। ਮੈਨੂੰ
ਸੋਚਾਂ 'ਚ ਪਿਆ ਵੇਖ ਉਹ ਮੁਸਕਾ ਕੇ ਬੋਲਿਆ ਸੀ, ''ਜਿਸ
ਨਾਲ ਸਾਨੂੰ ਪਿਆਰ ਹੋਵੇ, ਅਸੀਂ ਉਸਨੂੰ ਨਿਰਖ-ਪਰਖ ਨਹੀਂ
ਸਕਦੇ। ਉਸ ਤੋਂ ਇਕ ਕਲਾਤਮਕ ਵਿੱਥ ਨਹੀਂ ਥਾਪ ਸਕਦੇ।
ਰਿਸਰਚ ਲਈ ਇਹ ਵਿੱਥ ਬੜੀ ਲਾਜ਼ਮੀ ਏ।''
ਕਈ ਦੇਰ ਧੱਕੇ ਖਾਣ ਤੋਂ ਬਾਅਦ ਹੀ ਸਹੀ ਇਹ ਮੇਰੇ
ਲਈ ਬਹੁਤ ਖੁਸ਼ੀ ਤੇ ਮਾਣ ਵਾਲੀ ਗੱਲ ਸੀ ਕਿ ਡਿਪਾਰਟਮੈਂਟ
ਦੇ ਸਭ ਨਾਲੋਂ ਸੀਨੀਅਰ ਅਤੇ ਚਰਚਿਤ ਵਿਅਕਤੀ ਨੇ ਮੇਰਾ
ਗਾਈਡ ਬਣਨਾ ਕਬੂਲ ਕਰ ਲਿਆ ਸੀ। ਮੈਂ ਮੁੜ ਤੋਂ ਆਪਣੇ
ਨਵੇਂ ਟਾਪਿਕ ਨਾਲ ਸਬੰਧਤ ਸਮੱਗਰੀ ਇਕੱਠੀ ਕਰਨ ਤੇ ਪੜ੍ਹਨ
ਲੱਗਾ। ਗਾਈਡ ਮੇਰੇ ਨਾਲ ਦੋਸਤਾਨਾ ਵਿਵਹਾਰ ਕਰਦਾ। ਮੈਨੂੰ
ਆਪਣੇ ਘਰ ਬੁਲਾ ਲੈਂਦਾ। ਤੋਹਫੇ 'ਚ ਪੁਸਤਕਾਂ ਦਿੰਦਾ ਰਹਿੰਦਾ।
ਉਸ ਦੀ ਕਿਸੇ ਪ੍ਰਾਈਵੇਟ ਕਾਲਜ 'ਚ ਪੜ੍ਹਾਉਂਦੀ ਪਤਨੀ ਵੀ
ਮੈਨੂੰ 'ਪੁੱਤ' ਆਖ ਬੁਲਾਉਂਦੀ ਸੀ। ਉਨ੍ਹਾਂ ਦੀ ਇਕ ਮੁਟਿਆਰ
ਧੀ ਸੀ, ਜੋ ਅਕਸਰ ਬਿਮਾਰ ਤੇ ਉਦਾਸ ਜਿਹੀ ਰਹਿੰਦੀ ਸੀ।
'ਇਸ ਪੱਥਰਾਂ ਦੇ ਸ਼ਹਿਰ 'ਚ ਵੀ ਕੁਝ ਦਰਿਆ-ਦਿਲ
ਲੋਕ ਵੱਸਦੇ ਨੇ।'
ਇਹ ਸੋਚਦਿਆਂ ਮੇਰਾ ਦਿਲ ਆਪਣੇ ਗਾਈਡ ਲਈ
ਸਤਿਕਾਰ ਤੇ ਸ਼ਰਧਾ ਨਾਲ ਭਰ ਜਾਂਦਾ। ਅਜਿਹੇ ਪਲਾਂ 'ਚ ਮੈਂ
ਉਸ ਕੁੜੀ ਦੇ ਬਾਰੇ ਜ਼ਰੂਰ ਸੋਚਦਾ, ਜੋ ਮੈਨੂੰ ਆਪਣਾ 'ਗਾਈਡ'
ਆਖਦੀ ਤੇ ਸਮਝਦੀ ਸੀ।
'ਮੈਂ 'ਗਾਈਡ' ਅਖਵਾਉਣ ਦੇ ਕਾਬਲ ਨਹੀਂ। ਗਾਈਡ
ਤਾਂ ਸੱਚਾ-ਸੁੱਚਾ, ਇਨਟੈਲੀਜੈਂਟ ਤੇ ਸਹੀ ਰਾਹ ਪਾਉਣ ਵਾਲਾ
ਹੋਣਾ ਚਾਹੀਦਾ। ਬਿਲਕੁਲ ਮੇਰੇ ਗਾਈਡ ਵਰਗਾ। ਪਰ ਮੈਂ ਤਾਂ
ਓਸ ਕੁੜੀ ਨੂੰ ਭੋਗਣ ਬਾਰੇ ਸੋਚਦਾ ਰਿਹਾ ਹਾਂ।'
ਪ੍ਰੋਫੈਸਰ ਦੀ ਸ਼ਖ਼ਸੀਅਤ ਨੇ ਮੇਰੀ ਸੋਚ ਬਦਲਣੀ ਸ਼ੁਰੂ
ਕਰ ਦਿੱਤੀ ਸੀ। ਹੁਣ ਜਦੋਂ ਚੀਨਾ ਦਾ ਫੋਨ ਆਉਂਦਾ ਤਾਂ ਉਸ
ਨਾਲ ਹਰ ਗੱਲ ਆਪਣੀਆਂ ਖਾਹਸ਼ਾਂ ਨੂੰ ਕਾਬੂ 'ਚ ਰੱਖ ਕੇ
ਕਰਦਾ ਸਾਂ। ਇਕ ਦਿਨ ਉਹ ਆਪਣੇ ਨਵੇਂ ਇਸ਼ਕ ਦੀ ਕਹਾਣੀ
ਪਾ ਬੈਠੀ ਸੀ।
''ਸਰ ਜੀ, ਤੁਸੀਂ ਵੀ ਸੋਚਦੇ ਤਾਂ ਹੋਣੇ ਆਂ ਕਿ ਪਤਾ
ਨਹੀਂ ਮੈਂ ਗੰਦੀ ਕੁੜੀ ਆਂ। ਕੋਈ ਨਾ ਕੋਈ ਪੰਗਾ ਈ ਪਾਈ
ਰੱਖਦੀ ਆਂ।''
''ਨਹੀਂ-ਨਹੀਂ, ਮੈਂ ਇਸ ਤਰ੍ਹਾਂ ਕਦੇ ਨਹੀਂ ਸੋਚਿਆ।''
ਮੈਂ ਠਰੰਮੇ ਨਾਲ ਜਵਾਬ ਦਿੱਤਾ ਸੀ।
''ਸਰ ਜੀ ਐਤਕੀਂ ਮੈਂ ਸੋਚ-ਸਮਝ ਕੇ ਪਿਆਰ ਕੀਤਾ।
ਕੋਈ ਜਾਤ ਦਾ ਪੰਗਾ ਵੀ ਨਹੀਂ ਪੈਣਾ। ਉਹ ਆਪਣੀ ਬਰਾਦਰੀ
ਦਾ ਏ। ਪਰ!'' ਉਹ ਅਚਾਨਕ ਸਿਸਕੀਆਂ ਭਰਨ ਲੱਗ ਪਈ
ਸੀ।
''ਆਪਣੀ ਬਰਾਦਰੀ!'' ਮੈਂ ਓਸ ਪਲ ਪ੍ਰੋ. ਚਾਹਲ ਬਾਰੇ
ਸੋਚਿਆ ਸੀ।
''ਸਰ ਜੀ ਉਦ੍ਹੇ ਵਲੋਂ ਕੋਈ ਰਿਸਪੌਂਸ ਨਹੀਂ ਮਿਲਿਆ।''
ਗੱਲ ਇਉਂ ਵਾਪਰੀ ਸੀ ਕਿ ਰੋਪੜ ਦੇ ਕਿਸੇ ਪਿੰਡ ਤੋਂ
ਇਨ੍ਹਾਂ ਦਾ ਕੋਈ ਦੂਰ ਦਾ ਰਿਸ਼ਤੇਦਾਰ ਮੁੰਡਾ ਜਲੰਧਰ ਕਿਸੇ
ਡਾਕਟਰ ਕੋਲੋਂ ਮੈਡੀਕਲ ਚੈੱਕ-ਅੱਪ ਕਰਵਾਉਣ ਆਇਆ
ਸੀ। ਰਿਪੋਰਟਾਂ ਦੀ ਉਡੀਕ 'ਚ ਉਹ ਇਕ ਰਾਤ ਇਨ੍ਹਾਂ ਦੇ ਘਰ
ਠਹਿਰ ਗਿਆ। ਰਾਤ ਨੂੰ ਉਹ ਬੁਖਾਰ 'ਚ ਹੂੰਗਣ ਲੱਗਾ। ਚੀਨਾ
ਦਾ ਬਾਪ ਤੇ ਇਕੋ-ਇਕ ਵੱਡਾ ਭਰਾ ਡੁੱਬਈ ਗਏ ਹੋਏ ਸਨ।
ਇਹ ਕੁੜੀ ਤੇ ਇਸ ਦੀ ਮਾਂ ਸਾਰੀ ਰਾਤ ਮੁੰਡੇ ਦੇ ਸਿਰ 'ਤੇ
ਠੰਢੀਆਂ ਪੱਟੀਆਂ ਕਰਦੀਆਂ ਰਹੀਆਂ। ਮੁੰਡੇ ਦਾ ਬੁਖਾਰ ਉਤਰਨ
ਤੱਕ ਚੀਨਾ ਨੂੰ ਉਸ ਨਾਲ ਪਿਆਰ ਹੋ ਚੁੱਕਾ ਸੀ। ਸਵੇਰ ਨੂੰ
ਜਦੋਂ ਉਹ ਬਰੇਕ-ਫਾਸਟ ਕਰਕੇ ਤੁਰਨ ਲੱਗਾ ਤਾਂ ਚੀਨਾ ਨੇ
ਰੋਂਦਿਆਂ ਕਿਹਾ, ''ਆਪਣੀ ਸਿਹਤ ਦਾ ਖਿਆਲ ਰੱਖਿਓ। ਔਂਦੇ-ਜਾਂਦੇ
ਰਹਿਣਾ। ਮੈਨੂੰ ਤੁਸੀਂ ਬਹੁਤ ਚੰਗੇ ਲੱਗੇ।''
ਉਸ ਦਿਨ ਚੀਨਾ ਉਸ ਮੁੰਡੇ ਨੂੰ ਵਾਰ-ਵਾਰ ਫੋਨ ਕਰਦੀ
ਰਹੀ ਸੀ। ਪੂਰੇ ਫਿਕਰ ਨਾਲ ਰਿਪੋਰਟਾਂ ਬਾਰੇ ਪੁੱਛਦੀ ਰਹੀ ਸੀ।
ਬਿਮਾਰ ਮੁੰਡੇ ਨੇ ਅੱਕ ਕੇ ਫੋਨ ਬੰਦ ਕਰ ਦਿੱਤਾ ਸੀ।
''ਸਰ ਜੀ ਤੁਸੀਂ ਮੇਰੇ ਗਾਈਡ ਹੋ। ਕੋਈ ਢੰਗ ਦੱਸੋ।
ਇ੍ਹਤੋਂ ਚੰਗਾ ਮੁੰਡਾ ਨਹੀਂ ਮਿਲਣਾ, ਮੈਨੂੰ ਉਮਰ ਭਰ। ਸ਼ਰੀਫ
ਵੀ ਆ ਤੇ ਸੋਹਣਾ ਵੀ। ਮੈਂ ਸਾਰੀ ਉਮਰ ਰੱਜ ਕੇ ਸੇਵਾ ਕਰੂੰਗੀ।
ਤੁਹਾਡੇ 'ਤੇ ਈ ਆਸਾਂ ਨੇ ਹੁਣ, ਤੁਸੀਂ ਚਾਹੋ ਤਾਂ ਸਭ ਕੁਸ਼ ਹੋ
ਸਕਦਾ। ਬੱਸ ਮੈਂ ਤੜਫਦੀ ਪਈ ਆਂ ਉਹਦੇ ਲਈ। ਬਹੁਤ
ਚਾਹੁੰਦੀ ਆਂ ਮੈਂ ਉਹਨੂੰ।'' ਉਹ ਹਮੇਸ਼ਾ ਦੀ ਤਰ੍ਹਾਂ ਤਰਲੇ ਜਿਹੇ
ਲੈਂਦੀ ਲਗਾਤਾਰ ਬੋਲੀ ਗਈ ਸੀ।
''ਤੇਰੇ ਚਾਹੁਣ ਨਾਲ ਈ ਥੋੜੋ ਸਭ ਕੁਸ਼ ਹੋਈ ਜਾਣਾ। ਹੋ
ਸਕਦਾ ਉਹਦੀ ਪਹਿਲਾਂ ਈ ਕੋਈ ਗਰਲ-ਫਰੈਂਡ ਹੋਵੇ।'' ਇਹ
ਸੁਣ ਕੇ ਉਹ ਕੁਝ ਦੇਰ ਚੁੱਪ ਰਹੀ। ਫਿਰ ਉਦਾਸ ਆਵਾਜ਼ 'ਚ
ਬੋਲੀ, ''ਆਹੋ ਸਰ ਜੀ ਇਹ ਤਾਂ ਮੈਂ ਸੋਚਿਆ ਈ ਨਹੀਂ।''
ਫੋਨ 'ਚੋਂ ਉਹਦੇ ਸਿਸਕਣ ਦੀ ਆਵਾਜ਼ ਫਿਰ ਤੋਂ ਆਉਣ
ਲੱਗ ਪਈ ਸੀ। ਮੈਂ ਕਈ ਦੇਰ ਉਸਦੇ ਬੋਲਾਂ ਦੀ ਉਡੀਕ ਕਰਦਾ
ਰਿਹਾ।
''ਇਹ ਵੀ ਤਾਂ ਹੋ ਸਕਦੈ ਉਹ ਚੁੜੇਲ ਇਹਨੂੰ ਛੱਡ ਦਏ।
ਮੈਂ ਸਾਰੀ ਉਮਰ ਇੰਤਜ਼ਾਰ ਕਰੂੰਗੀ ਸਰ ਜੀ। ਪਹਿਲੀ ਵਾਰ
ਮੈਨੂੰ ਧੁਰ ਦਿਲੋਂ ਪਿਆਰ ਹੋਇਆ। ਮੈਂ ਮੌਤ ਤੱਕ ਉਹਦੀ
ਉਡੀਕ ਕਰਦੀ ਰਹੂੰਗੀ।''...ਤੇ ਉਹ ਭੁੱਬਾਂ ਮਾਰ ਕੇ ਰੋਣ
ਲੱਗ ਪਈ ਸੀ।
''ਬਹੁਤਾ ਕੁਝ ਸਾਨੂੰ ਵਕਤ 'ਤੇ ਛੱਡ ਦੇਣਾ ਚਾਹੀਦਾ
ਚੀਨਾ। ਉਹ ਮੁੰਡਾ ਸ਼ਾਇਦ ਤੈਨੂੰ ਹਮੇਸ਼ਾ ਲਈ ਮਿਲ ਜਾਏ,
ਸ਼ਾਇਦ ਉਹ ਤੈਨੂੰ ਮੁੜ ਇਕ ਵਾਰ ਵਿਖਾਈ ਵੀ ਨਾ ਦੇਵੇ।''
ਮੈਂ ਉਸ ਨੂੰ ਕਈ ਦੇਰ ਸਮਝਾਉਂਦਾ ਰਿਹਾ ਸਾਂ।
---
ਇਨ੍ਹਾਂ ਹੀ ਦਿਨਾਂ 'ਚ ਮਣੀ ਦਾ ਬੀ.ਏ. ਫਾਈਨਲ ਦਾ
ਰਿਜ਼ਲਟ ਆ ਗਿਆ ਸੀ। ਉਹ ਯੂਨੀਵਰਸਿਟੀ ਪੜ੍ਹਨਾ ਚਾਹੁੰਦੀ
ਸੀ। ਦਰਅਸਲ ਉਸਨੂੰ ਖਿੱਚ ਤਾਂ ਮੇਰੀ ਸੀ। ਇਹ ਫੈਸਲਾ ਤਾਂ
ਉਸਨੇ ਪਿਛਲੇ ਸਾਲ ਮੈਥੋਂ ਵਿਛੜਨ ਲੱਗਿਆਂ ਹੀ ਲੈ ਲਿਆ
ਸੀ।
''ਮੈਂ ਵੀ ਤੁਹਾਡੇ ਕੋਲ ਪਹੁੰਚੀ ਸਮਝੋ। ਤੁਸੀਂ ਮੇਰੇ
ਸੁਪਨਿਆਂ ਵਾਲੇ ਸ਼ਖ਼ਸ ਹੋ। ਉਥੇ ਅਸੀਂ ਰੱਜ ਕੇ ਮਿਲਿਆ
ਕਰਾਂਗੇ। ਪੂਰਾ ਇੰਜੁਆਏ ਕਰਾਂਗੇ।''
ਮੈਂ ਉਸਨੂੰ ਐਡਮਿਸ਼ਨ ਫਾਰਮ ਭੇਜ ਦਿੱਤਾ ਸੀ। ਉਸਨੂੰ
ਪੰਜਾਬੀ ਦੀ ਐਮ.ਏ. ਲਈ ਸੌਖਿਆਂ ਦਾਖਲਾ ਮਿਲ ਗਿਆ।
ਅਸੀਂ ਦਿਨ 'ਚ ਕਈ-ਕਈ ਵਾਰ ਮਿਲਦੇ। ਉਹ ਬਹੁਤ ਖੁਸ਼
ਸੀ ਕਿ ਉਸਨੂੰ ਮੇਰੇ ਕੋਲ ਰੱਜ ਕੇ ਬੈਠਣ ਤੇ ਗੱਲਾਂ ਕਰਨ ਦਾ
ਮੌਕਾ ਮਿਲ ਗਿਆ ਏ। ਗੱਲਾਂ-ਗੱਲਾਂ 'ਚ ਚੀਨਾ ਦਾ ਜ਼ਿਕਰ ਵੀ
ਆ ਜਾਂਦਾ ਸੀ। ਮਣੀ ਫਿਕਰਮੰਦ ਹੋ ਕੇ ਆਖਦੀ, ''ਬੜੀ
ਨਟਖਟ ਏ ਉਹ। ਕੋਈ ਹੱਸ ਕੇ ਬੁਲਾ ਲਏ ਬਸ ਉਦ੍ਹੇ 'ਤੇ ਮਰ
ਮਿਟਦੀ ਏ।''
ਫਿਰ ਉਹ ਗੱਲ ਦਾ ਰੁੱਖ ਬਦਲਦੀ ਹੋਈ ਸ਼ਰਧਾ ਜਿਹੀ
'ਚ ਸਿਰ ਮਾਰਦੀ ਕਹਿੰਦੀ, ''ਪਿਆਰ ਤਾਂ ਸਾਧਨਾ ਏ। ਬੰਦਾ
ਬੱਸ ਇਕ 'ਤੇ ਟਿਕਿਆ ਰਹੇ। ਉਹ ਮਿਲੇ ਜਾਂ ਨਾ ਮਿਲੇ।''
ਮੈਨੂੰ ਬਹੁਤ ਕੁੜੀਆਂ ਨੇ ਚਾਹਿਆ ਸੀ। ਮੇਰੇ ਪਿੱਛੇ
ਝੱਲੀਆਂ ਹੋਈਆਂ ਕੁੜੀਆਂ ਦਾ ਇਕ ਲੰਬਾ ਕਾਫਲਾ ਸੀ। ਮੇਰੇ
ਵਲੋਂ ਹੁੰਗਾਰਾ ਨਾ ਮਿਲਣ 'ਤੇ ਸਭ ਆਪੋ-ਆਪਣੀਆਂ
ਜ਼ਿੰਦਗਾਨੀਆਂ 'ਚ ਰੁੱਝ ਗਈਆਂ ਸਨ, ਪਰ ਇਕ ਕੁੜੀ ਮੇਰੇ
ਪਿੱਛੇ-ਪਿੱਛੇ ਤੁਰਦੀ ਰਹੀ ਸੀ, ਆਪਣੀ ਧੁੰਨ 'ਚ ਚੁੱਪ-ਚਾਪ,
ਮੈਨੂੰ ਹਮੇਸ਼ਾ ਲਈ ਪਾਉਣ ਦਾ ਸੁਪਨਾ ਅੱਖਾਂ 'ਚ ਵਸਾਈ।
ਕਿਸੇ ਹੱਦ ਤੱਕ ਉਸਨੇ ਮੈਨੂੰ ਪਾ ਵੀ ਲਿਆ ਸੀ ਤੇ ਮੇਰੀ ਪੈੜ
ਨੱਪਦੀ ਉਹ ਚੰਡੀਗੜ੍ਹ ਤੱਕ ਪਹੁੰਚ ਗਈ ਸੀ।
ਚੰਡੀਗੜ੍ਹ ਆ ਕੇ ਦੋ ਕੁ ਮਹੀਨਿਆਂ 'ਚ ਹੀ ਮਣੀ ਦੀ
ਡਰੈੱਸ, ਬੋਲ-ਚਾਲ ਤੇ ਹਾਵ-ਭਾਵ ਬਦਲ ਗਏ। ਉਹ ਜੀਨਸ
ਟੀ-ਸ਼ਰਟ ਪਹਿਨਣ ਲੱਗ ਪਈ ਸੀ। ਹੁਣ ਉਸਦੀ ਚੁੱਪ ਰਹਿਣ
ਦੀ ਆਦਤ ਨਹੀਂ ਸੀ ਰਹੀ। ਉਸਦੀਆਂ ਗੱਲਾਂ 'ਚ ਇਕ ਵਿਸ਼ਵਾਸ
ਤੇ ਵਰਤਾਓ 'ਚ ਇਕ ਮੜ੍ਹਕ ਜਿਹੀ ਆ ਗਈ ਸੀ। ਉਹ ਹੋਰ
ਖ਼ੂਬਸੂਰਤ ਤੇ ਨਖਰੇਲੋ ਜਿਹੀ ਲੱਗਣ ਲੱਗ ਪਈ ਸੀ। ਅੰਦਰੋਂ-ਅੰਦਰੀਂ
ਮੈਨੂੰ ਇਕ ਧੁੜਕੂ ਜਿਹਾ ਲੱਗਾ ਰਹਿੰਦਾ ਸੀ ਕਿ ਕਿਧਰੇ
ਕੋਈ ਮੁੰਡਾ ਉਸਨੂੰ ਭਰਮਾ ਨਾ ਲਏ। ਇਸੀ ਡਰ ਕਾਰਨ ਮੈਂ
ਉਸ ਨੂੰ ਹਫਤੇ 'ਚ ਇਕ ਵਾਰ ਕਿਧਰੇ ਘੁੰਮਾਉਣ ਲੈ ਜਾਂਦਾ
ਸਾਂ।
ਮਣੀ ਤੇ ਲਾਇਬ੍ਰੇਰੀ, ਦੋਹਾਂ ਤੋਂ ਮੁਕਤ ਹੋ ਕੇ ਮੈਂ ਕਦੇਕਦੇ
ਗਾਈਡ ਦੇ ਘਰ ਚਲਾ ਜਾਂਦਾ ਸਾਂ। ਇਕ ਦਿਨ ਪ੍ਰੋਫੈਸਰ
ਚਾਹਲ ਮੇਰੇ ਪਿਛੋਕੜ ਤੇ ਘਰ-ਬਾਰ ਬਾਰੇ ਪੁੱਛਣ ਲੱਗ ਪਿਆ
ਸੀ, ''ਜ਼ਮੀਨ ਕਿੰਨੀ ਕੁ ਏ। ਨਾਲੇ ਕਿੰਨੇ ਭਾਈ ਆ ਤੁਸੀਂ?''
''ਪੰਜਾਹ ਕੁ ਕਿੱਲੇ ਆ ਜੀ। ਮੇਰਾ ਇੱਕੋ ਭਰਾ ਆ ਜੀ
ਤੇ ਉਹ ਕੈਨੇਡਾ ਸੈਟਲਡ ਆ।''
ਪ੍ਰੋਫੈਸਰ ਖੁਸ਼ ਹੋ ਗਿਆ ਤੇ ਮੈਨੂੰ ਅਪਣੱਤ ਨਾਲ
ਘੂਰਦਿਆਂ ਬੋਲਿਆ, ''ਤੇਰਾ ਰਿਸ਼ਤਾ ਤੇ ਨਹੀਂ ਨਾ ਹੋਇਆ
ਹਾਲੇ?''
''ਨਹੀਂ ਜੀ।''
''ਚੱਕਰ ਤੇ ਨਈਂ ਕੋਈ ਕਿਤੇ?''
''ਨਈਂ ਜੀ।''
''ਵਿਆਹ ਫੌਰਨ 'ਚ ਕਰਵੌਣਾ ਕਿ ਇਥੇ?''
''ਹਾਲੇ ਤਾਂ ਪੜ੍ਹਨ ਬਾਰੇ ਸੋਚਿਆ। ਜੇ ਚੰਗੀ ਨੌਕਰੀ
ਮਿਲ ਗਈ ਤਾਂ ਇੰਡੀਆ ਵੀ ਠੀਕ ਆ।'' ਮੈਂ ਠਰੰਮੇ ਨਾਲ
ਉੱਤਰ ਦਿੱਤਾ।
''ਚੰਗੀ ਨੌਕਰੀ ਤੂੰ ਕਿਹਨੂੰ ਸਮਝਦੈਂ?''
''ਕੋਈ ਟੀਚਿੰਗ ਜਾਬ। ਕਾਲਜ ਲੈਕਚਰਾਰ ਦੀ, ਸਰ
ਜੀ।''
ਮੇਰੀ ਏਸ ਗੱਲ 'ਤੇ ਪ੍ਰੋਫੈਸਰ ਸਾਹਿਬ ਖਿੜਖਿੜਾ ਕੇ
ਹੱਸ ਪਏ ਸੀ।
''ਬੱਸ! ਤੂੰ ਫਿਕਰ ਕੀ ਕਰਦੈਂ? ਰਿਸਰਚ ਮੁਕਾ ਲੈ
ਹੰਭਲਾ ਮਾਰ ਕੇ। ਪਰ ਇਕ ਸ਼ਰਤ ਏ ਕਿ ਰਿਸ਼ਤਾ ਤੇਰਾ ਮੈਂ
ਕਰਵੌਣਾ। ਮੈਨੂੰ ਪੁੱਛੇ ਬਗੈਰ ਹਾਂ ਨਾ ਕਰ ਦਈਂ। ਆਫਟਰ
ਆਲ ਮੈਂ ਤੇਰਾ ਗਾਈਡ ਆਂ, ਤੇਰੀ ਜ਼ਿੰਦਗੀ 'ਤੇ ਮੇਰਾ ਵੀ ਕੁਝ
ਹੱਕ ਬਣਦੈ। ਨਹੀਂ...?''
ਇਹ ਆਖ਼ ਉਹ ਮੈਨੂੰ ਪਿਆਰ ਭਰੀ ਟੇਢੀ ਨਜ਼ਰ ਨਾਲ
ਘੂਰਨ ਲੱਗ ਪਿਆ ਸੀ।
''ਬਿਲਕੁਲ ਸਰ ਜੀ।'' ਮੈਂ ਸ਼ਰਧਾ ਭਾਵ ਨਾਲ ਹੁੰਗਾਰਾ
ਭਰਿਆ ਸੀ।
ਇਕ ਦਿਨ ਮਣੀ ਨੇ ਮੈਨੂੰ ਦੱਸਿਆ, ''ਚੀਨਾ ਦੀ ਬੜੇ
ਚੰਗੇ ਘਰ ਰਿਸ਼ਤੇ ਦੀ ਗੱਲ ਚੱਲ ਰਹੀ ਏ। ਮੁੰਡੇ ਤੇ ਉਸ ਦੇ
ਪਿਓ ਦਾ ਡੁੱਬਈ 'ਚ ਕਾਰੋਬਾਰ ਏ। ਇਕ ਛੋਟਾ ਭਰਾ ਕਾਲਜ
'ਚ ਪੜ੍ਹਦਾ ਏ। ਮੁੰਡਾ ਬੜਾ ਸਾਊ ਤੇ ਸੋਹਣਾ ਏ, ਪਰ ਇਹ
ਸ਼ੁਦੈਣ ਮੰਨਦੀ ਹੀ ਨਹੀਂ। ਤੁਹਾਡੇ ਸਮਝਾਇਆਂ ਸ਼ੈਦ ਸਮਝ
ਹੀ ਜਾਏ।''
ਚੀਨਾ ਦਾ ਫੋਨ ਆਇਆ ਤਾਂ ਉਹ ਬਹੁਤ ਉਲਝੀ ਹੋਈ
ਸੀ- ''ਸਰ ਜੀ, ਇਕ ਅਨਜਾਣ ਆਦਮੀ ਨਾਲ ਮੈਂ ਕਿੱਦਾਂ
ਵਿਆਹ ਕਰਵਾ ਲਵਾਂ। ਜ੍ਹਿਦੇ ਨਾਲ ਮੈਨੂੰ ਪਿਆਰ ਈ ਨਹੀਂ,
ਜ੍ਹਿਦੀਆਂ ਆਦਤਾਂ ਦਾ ਮੈਨੂੰ ਪਤਾ ਨਹੀਂ, ਮੈਂ ਉਹਦੇ ਨਾਲ
ਜ਼ਿੰਦਗੀ ਕਿਵੇਂ ਗੁਜ਼ਾਰ ਸਕਦੀ ਹਾਂ?''
''ਜਿਨ੍ਹਾਂ ਨਾਲ ਤੂੰ ਪਿਆਰ ਕੀਤਾ, ਕੀ ਉਨ੍ਹਾਂ ਬਾਰੇ ਕੁਝ
ਜਾਣ ਲਿਆ ਸੀ?'' ਮੇਰੇ ਸਵਾਲ ਨੇ ਉਸਨੂੰ ਨਿਰ-ਉਤਰ
ਕਰ ਦਿੱਤਾ ਸੀ।
''ਦੇਖ, ਅਸੀਂ ਕਦੇ ਵੀ ਕਿਸੇ ਬਾਰੇ ਸੁਭ ਕੁਝ ਨਈਂ
ਜਾਣ ਸਕਦੇ। ਪਲ-ਪਲ ਬਦਲਦੀ ਜ਼ਿੰਦਗੀ ਤੇ ਦੁਨੀਆਂ 'ਚ
ਇਹ ਕਿਸੇ ਨੂੰ ਪੂਰੀ ਤਰ੍ਹਾਂ 'ਸਮਝਣ' ਵਾਲੀ ਗੱਲ ਤਾਂ ਇਕ
ਭਰਮ ਏ, ਇਕ ਖ਼ੂਬਸੂਰਤ ਭਰਮ।'' ਉਹ ਮੇਰੀਆਂ ਗੱਲਾਂ
ਚੁੱਪ-ਚਾਪ ਸੁਣਦੀ ਰਹੀ ਸੀ।
''ਸਰ ਜੀ ਸਿਰਫ ਤੁਹਾਡੇ ਕਹੇ ਮੈਂ ਮੰਨ ਜਾਂਦੀ ਆਂ, ਪਰ
ਜੇ ਉਹ ਮੇਰੇ ਪਸੰਦ ਨਾ ਆਇਆ?'' ਉਸਨੇ ਠਰੰਮੇ ਨਾਲ
ਪੁੱਛਿਆ ਸੀ।
''ਫਿਰ ਤੂੰ ਨਾਂਹ ਕਰ ਦਈਂ। ਨਾਂਹ ਤੇਰਾ ਹੱਕ ਏ।''
''ਸਰ ਜੀ ਤੁਸੀਂ ਤਾਂ ਮੈਨੂੰ ਹਰ ਵਾਰ ਮਨਾ ਲੈਂਦੇ ਹੋ।''
ਇਹ ਆਖ ਉਹ ਹੱਸ ਪਈ ਸੀ।
---
ਜਿਸ ਦਿਨ ਮੁੰਡਾ ਤੇ ਉਸ ਦਾ ਪਰਿਵਾਰ ਉਸਨੂੰ ਵੇਖਣ
ਆਏ, ਚੀਨਾ ਨੇ ਉਸੇ ਸ਼ਾਮ ਮੈਨੂੰ ਫੋਨ ਕੀਤਾ ਸੀ। ਖੁਸ਼ੀ ਉਸ
ਤੋਂ ਸੰਭਾਲੀ ਨਹੀਂ ਸੀ ਜਾ ਰਹੀ- ''ਸਰ ਜੀ ਥੈਂਕਸ, ਉਹ ਏਡੇ
ਚੰਗੇ! ਹਾਏ ਏਡੇ ਸੋਹਣੇ!! ਮੈਂ ਤਾਂ ਕੁਸ਼ ਵੀ ਨਈਂ ਉਨ੍ਹਾਂ ਦੇ
ਸਾਹਮਣੇ। ਕਿਤੇ ਏਨਾ ਹੌਲੀ ਬੋਲਦੇ। ਮੈਥੋਂ ਕੁਸ਼ ਨਈਂ ਪੁੱਛਿਆ।
ਮੈਂ ਤਾਂ ਬ੍ਹੌਤ ਡਰਦੀ ਸੀ ਸਰ ਜੀ। ਨਾਲ ਇਕ ਗੱਲ ਹੋਰ ਸਰ ਜੀ
ਮੇਰੀ ਸੱਸ ਨਈਂ ਹੈਗੀ। ਕਿਤੇ ਸਹੁਰੇ ਦੀ ਪਰਸਨੈਲਿਟੀ! ਉਨ੍ਹਾਂ
ਦੇ ਵੱਡੇ ਭਰਾ ਈ ਲੱਗਦੇ ਆ। ਸਰ ਜੀ ਉਹ ਨੈਕਸਟ ਸੰਡੇ ਦਾ
ਵਿਆਹ ਮੰਗਦੇ ਨੇ। ਸਰ ਜੀ ਮੈਨੂੰ ਮੇਰੀ ਮੰਜ਼ਿਲ ਮਿਲ ਗਈ
ਆ ਬੱਸ। ਇਹ ਸਭ ਕੁਝ ਤੁਹਾਡੇ ਕਰਕੇ ਹੋਇਆ, ਤੁਸੀਂ ਨਾ
ਗਾਈਡ ਕਰਦੇ ਤਾਂ ਮੈਂ ਓਸ ਬਿਮਾਰੀਆਂ ਦੇ ਖਾਧੇ ਬਾਂਦਰ ਜਿਹੇ
ਦੇ ਪੱਲੇ ਪੈ ਜਾਣਾ ਸੀ। ਤੁਸੀਂ ਤਾਂ ਮੇਰੇ ਰੱਬ ਹੋ ਸਰ ਜੀ।''
ਬਾਅਦ 'ਚ ਮਣੀ ਨੇ ਦੱਸਿਆ ਸੀ ਕਿ ਉਹ ਲਾਵਾਂ ਤੋਂ
ਪਹਿਲਾਂ ਬਹੁਤ ਡਿਸਟਰਬ ਹੋ ਗਈ ਸੀ।...ਤੇ ਵਾਰ-ਵਾਰ ਮਣੀ
ਨੂੰ ਕਹਿ ਰਹੀ ਸੀ 'ਸਰ ਜੀ ਨੂੰ ਫੋਨ ਕਰਕੇ ਪੁੱਛ ਕਿਤੇ ਮੈਂ
ਕੁਸ਼ ਗਲਤ ਤੇ ਨਈਂ ਕਰ ਰਹੀ।' ਪਰ ਲਾਵਾਂ ਤੋਂ ਬਾਅਦ ਉਹ
ਬਹੁਤ ਖੁਸ਼ ਸੀ।
ਚੀਨਾ ਦੇ ਵਿਆਹ ਦੇ ਦਿਨ ਤੱਕ ਮੈਨੂੰ ਇਸ ਗੱਲ ਦਾ
ਮਾਣ ਤੇ ਖੁਸ਼ੀ ਸੀ ਕਿ ਮੇਰੀ ਗਾਈਡੈਂਸ ਨਾਲ ਕਿਸੇ ਦੀ ਧੀ ਦਾ
ਘਰ ਵੱਸਣ ਜਾ ਰਿਹਾ ਸੀ। ਪਰ ਵਿਆਹ ਦੇ ਬਾਅਦ ਮੈਂ ਨਿਰਾਸ਼ਾ
ਨਾਲ ਭਰ ਗਿਆ ਸਾਂ। ਇਕ ਖੂਬਸੂਰਤ ਜਿਸਮ ਨੂੰ ਮਾਨਣ ਦਾ
ਸੁਨਹਿਰੀ ਮੌਕਾ ਮੈਂ ਗੁਆ ਚੁੱਕਾ ਹਾਂ।' ਇਹ ਖ਼ਿਆਲ ਕਰਦਿਆਂ
ਦਿਲ ਨੂੰ ਹੌਲ ਪੈਂਦੇ ਸਨ।
ਹੁਣ ਮੈਂ ਤੇ ਮਣੀ ਅਕਸਰ ਚੀਨਾ ਦੀਆਂ ਗੱਲਾਂ ਕਰਦੇ
ਰਹਿੰਦੇ ਸਾਂ। ਮਣੀ ਦੱਸਦੀ ਕਿ ਉਹ ਆਪਣੇ ਘਰ ਬੜੀ ਖੁਸ਼
ਏ। ਪਤੀ ਨੇ ਮਹੀਨੇ ਕੁ ਬਾਅਦ ਡੁੱਬਈ ਚਲਾ ਜਾਣਾ ਏ। ਫਿਰ
ਪਤਾ ਲੱਗਿਆ ਕਿ ਉਹ ਪਰੈੱਗਨੈਂਟ ਏ ਤੇ ਉਸ ਦਾ ਪਤੀ ਤੇ
ਸਹੁਰਾ ਡੁੱਬਈ ਮੁੜ ਗਏ ਨੇ।
ਮਣੀ ਇਕ ਦਿਨ ਕਹਿਣ ਲੱਗੀ, ''ਅਸੀਂ ਐਤਵਾਰ
ਲਾਇਬ੍ਰੇਰੀ ਨਹੀਂ ਆਇਆ ਕਰਨਾ।''
''ਕਿਉਂ?''
''ਬਸ ਘੁੰਮਿਆ ਕਰਨਾਂ। ਕਿਸੇ ਚੰਗੇ ਜਿਹੇ ਰੈਸਟੋਰੈਂਟ
'ਚ ਡਿਨਰ ਕਰਕੇ ਹੀ ਹੋਸਟਲ ਮੁੜਿਆ ਕਰਨਾ। ਬੋਲੋ
ਮਨਜ਼ੂਰ?'' ਉਸਨੇ ਤਿੱਖੀ ਨਜ਼ਰ ਮੇਰੀਆਂ ਅੱਖਾਂ 'ਚ ਗੱਡ
ਦਿੱਤੀ ਸੀ।
''ਸਾਲ ਹੋ ਚੱਲਿਆ ਮੈਨੂੰ ਇਥੇ ਆਇਆਂ, ਪਰ ਹਾਲੇ
ਤੱਕ ਸਨੈਪਸਿਸ ਨਈਂ ਤਿਆਰ ਹੋਏ। ਜੇ ਘੁੰਮਣ ਦੇ ਚੱਕਰਾਂ
'ਚ ਪੈ ਗਏ ਤਾਂ ਗਏ।'' ਮੈਂ ਇਹ ਸੋਚ ਕੇ ਹੌਲੀ ਜਿਹੀ ਬੋਲਿਆ
ਸਾਂ, ''ਚੱਲ ਸੰਡੇ ਆਇਆ ਤਾਂ ਦੇਖ ਲਾਂਗੇ।'' ਮੇਰਾ ਜਵਾਬ
ਸੁਣ ਕੇ ਉਹ ਥੋੜਾ ਉਦਾਸ ਹੋ ਗਈ ਸੀ।
ਦਰਅਸਲ ਮਣੀ ਦੀ ਚਾਲ-ਢਾਲ 'ਚ ਇਕ ਤਬਦੀਲੀ
ਸਾਫ਼ ਨਜ਼ਰ ਆਉਣ ਲੱਗ ਪਈ ਸੀ। ਐਮ. ਫਿਲ ਕਰ ਰਹੇ
ਇਕ ਮਾਡਲ-ਨੁਮਾ ਮੁੰਡੇ ਨਾਲ ਮੈਂ ਉਸ ਨੂੰ ਅਕਸਰ ਗੱਲਾਂ
'ਚ ਰੁੱਝੀ ਵੇਖਦਾਂ ਸਾਂ।
''ਬਹੁਤ ਡੂੰਘੀ ਸੋਚ ਏ ਜੋਤ ਦੀ। ਕਵਿਤਾ ਵੀ ਕਮਾਲ
ਦੀ ਲਿਖਦੈ। ਨਾਈਸ ਵੀ ਬਹੁਤ ਆ।'' ਉਹ ਹੁਣ ਮੇਰੇ ਮੂਹਰੇ
ਵੀ ਉਸਦੀਆਂ ਤਾਰੀਫਾਂ ਕਰਨ ਲੱਗ ਪਈ ਸੀ।
ਦਰਅਸਲ ਛੋਟੇ ਹਿਜੇ ਸ਼ਹਿਰ ਦਾ ਉਹ ਨਿੱਕਾ ਜਿਹਾ
ਦਾਇਰਾ, ਜਿਸ ਵਿਚ ਮੈਂ ਮਣੀ ਲਈ ਇਕ ਆਦਰਸ਼ਕ ਤੇ
ਸੰਪੂਰਨ ਇਨਸਾਨ ਸਾਂ, ਉਹ ਉਲੰਘ ਆਈ ਸੀ। ਨਵੀਂ ਥਾਂ
ਸਾਰੇ ਈ ਪਹੁੰਚੇ ਹੋਏ 'ਪੀਰ' ਸਨ। ਮੇਰੇ ਨਾਲੋਂ ਵੀ ਡੂੰਘੀਆਂ
ਤੇ ਦਾਰਸ਼ਨਿਕ ਗੱਲਾਂ ਕਰਨ ਵਾਲੇ। ਮੈਂ ਮਣੀ ਦੀਆਂ ਨਜ਼ਰਾਂ
ਵਿਚ ਛੋਟਾ ਹੋ ਗਿਆ ਸਾਂ ਤੇ ਨਿਰੰਤਰ ਹੋਰ ਛੋਟਾ ਹੁੰਦਾ ਜਾ
ਰਿਹਾ ਸਾਂ। ਮੁਹੱਬਤ ਦੇ ਖੁੱਸ ਜਾਣ ਨਾਲੋਂ ਮੈਨੂੰ ਹੋਂਦ ਦੇ ਖੁਰ
ਜਾਣ ਦਾ ਫਿਕਰ ਵਧੇਰੇ ਸੀ।
ਕਦੇ-ਕਦੇ ਤਾਂ ਮਣੀ ਨੂੰ ਯੂਨੀਵਰਸਿਟੀ ਸੱਦਣਾ ਮੈਨੂੰ
ਆਪਣੀ ਬੇਵਕੂਫੀ ਵੀ ਲੱਗਦੀ ਸੀ। ਉਹ ਘੜਾ ਮੈਂ ਆਪ ਤੋੜਿਆ
ਸੀ, ਜਿਸ ਘੜੇ 'ਚ ਮੇਰੀ ਮਛਲੀ ਕੈਦ ਸੀ। ਇਹ ਪਛਤਾਵਾ
ਪ੍ਰਛਾਵੇਂ ਵਾਂਗ ਮੇਰੇ ਨਾਲ-ਨਾਲ ਤੁਰਨ ਲੱਗ ਪਿਆ ਸੀ।
ਆਪਣੇ-ਆਪ ਨੂੰ ਪੂਰੀ ਤਰ੍ਹਾਂ ਰਿਸਰਚ 'ਚ ਡੂਬੋ ਕੇ ਹੀ
ਸ਼ਾਇਦ ਇਸ ਦਿਲ-ਵਿੰਨ੍ਹਵੇਂ ਪਛਤਾਵੇ ਤੋਂ ਬਚਿਆ ਜਾ ਸਕਦਾ
ਸੀ। ਪਰ ਕੀ ਕਰਦਾ? ਗਾਈਡ ਜੀ ਦਿਨ-ਬ-ਦਿਨ ਰਿਸਰਚ ਦੇ
ਮੁਕਾਬਲੇ ਮੇਰੀ ਨਿੱਜੀ ਜ਼ਿੰਦਗੀ 'ਚ ਜ਼ਿਆਦਾ ਦਿਲਚਸਪੀ ਲੈਣ
ਲੱਗ ਪਿਆ ਸੀ। ਇਕ ਦਿਨ ਕਹਿਣ ਲੱਗੇ, ''ਤੂੰ ਕਦੇ ਆਪਣੇ
ਫਾਦਰ ਸਾਹਬ ਨਾਲ ਤਾਂ ਮਿਲਾਈਂ। ਬਥੇਰਾ ਵੱਡਾ ਘਰ ਆ
ਆਪਣਾ। ਸੱਦ ਲੈ। ਨਾਲੇ ਚੰਡੀਗੜ੍ਹ ਵੇਖ ਲੈਣਗੇ। ਜਿੰਨੇ ਦਿਨ
ਚਾਹੁਣ ਇੱਥੇ ਰਹਿਣ।''
ਇਕ ਸ਼ਾਮ ਮੈਨੂੰ ਘਰ ਆਪਣੀ ਧੀ ਕੋਲ ਛੱਡ ਕੇ ਬਾਜ਼ਾਰ
ਚਲੇ ਗਏ।
''ਸਵੀ ਨਾਲ ਗੱਲਾਂ-ਗੁੱਲਾਂ ਕਰ ਅਸੀਂ ਦੋ ਕੁ ਘੰਟਿਆਂ
'ਚ ਆਏ।''
ਸਵੀ ਐਨੀ ਧੀਮੀਂ ਆਵਾਜ਼ 'ਚ ਬੋਲਦੀ ਸੀ ਕਿ ਸੁਣਨਾ
ਮੁਸ਼ਕਲ ਹੋ ਜਾਂਦਾ।
ਮੈਂ ਉਸਦੀ ਪੜ੍ਹਾਈ ਬਾਰੇ ਪੁੱਛਿਆ ਤਾਂ ਉਸਦਾ ਬੱਗਾ
ਚਿਹਰਾ ਹੋਰ ਉਦਾਸ ਹੋ ਗਿਆ ਸੀ। ਕੌੜਾ ਜਿਹਾ ਘੁੱਟ ਭਰਦਿਆਂ
ਉਹ ਮਸਾਂ ਸੁਣੀਂਦੀ ਆਵਾਜ਼ 'ਚ ਬੋਲੀ ਸੀ, ''ਕੈਸੀ ਪੜ੍ਹਾਈ?''
ਮੈਨੂੰ ਇਉਂ ਮਹਿਸੂਸ ਹੋਇਆ ਸੀ ਜਿਉਂ ਮੈਂ ਕੋਈ ਗ਼ਲਤ
ਸਵਾਲ ਕਰ ਬੈਠਾ ਹੋਵਾਂ।
''ਮੇਰੀ ਮੌਮ ਮੈਥੋਂ ਬਾਅਦ ਕਿਸੇ ਬੱਚੇ ਨੂੰ ਜਨਮ ਨਹੀਂ
ਦੇ ਸਕੇ। ਪਾਪਾ ਨੂੰ ਇਸ ਗੱਲ ਦਾ ਹਮੇਸ਼ਾ ਦੁੱਖ ਰਿਹਾ। ਉਹ
ਜ਼ਮੀਨ ਦਾ ਵਾਰਿਸ ਚਾਹੁੰਦੇ ਸੀ। ਮੌਮ ਤਕੜੇ ਸਰਦਾਰਾਂ ਦੀ ਧੀ
ਏ। ਉਹ ਤਲਾਕ ਲਈ ਨਹੀਂ ਮੰਨ੍ਹੇ। ਅੱਜ ਤੱਕ ਪਾਪਾ ਮੌਮ ਨੂੰ
ਮਿਹਣੇ ਮਾਰਦੇ ਨੇ। ਰੋਜ਼ ਕਲੇਸ਼ ਹੁੰਦਾ।'' ਇਹ ਆਖ ਉਹ
ਨੀਵੀਂ ਪਾ ਕੇ ਕੁਝ ਦੇਰ ਚੁੱਪ ਰਹੀ। ਮੈਂ ਵੀ ਖਾਮੋਸ਼ ਰਹਿਣਾ ਹੀ
ਮੁਨਾਸਿਬ ਸਮਝਿਆ ਸੀ।
''ਮੈਂ ਪਾਪਾ ਦਾ ਪਿਆਰ ਨਹੀਂ ਪਾ ਸਕੀ ਤੇ ਸਕੂਲ ਦੇ
ਟਾਈਮ ਤੋਂ ਨਸ਼ੇ ਲੈਣ ਲੱਗ ਪਈ ਸਾਂ। ਪਿਛਲੇ ਸਾਲ ਮੈਨੂੰ ਪੰਜ
ਮਹੀਨੇ ਹਾਸਪਿਟਲ ਰਹਿਣਾ ਪਿਆ। ਇਹ ਸਭ ਕੁਸ਼ ਮੈਂ ਇਸ
ਕਰਕੇ ਦੱਸ ਰਹੀ ਹਾਂ ਕਿ ਪਾਪਾ ਬਾਰੇ ਤੁਸੀਂ ਕਿਸੇ ਭਰਮ 'ਚ
ਨਾ ਰਹੋ। ਮੈਂ...ਮੈਂ ਇਸ ਬੰਦੇ ਨਾਲ ਹੇਟ ਕਰਦੀ ਆਂ...ਜੋ...।''
ਤੇ ਚਾਣਚੱਕ ਉਸਦੀਆਂ ਮੁਰਝਾਈਆਂ ਅੱਖਾਂ 'ਚ ਅੱਥਰੂ ਚਮਕ
ਆਏ ਸਨ।
''...ਜੋ ਆਪਣੀ ਔਲਾਦ ਨਾ ਸੰਭਾਲ ਸਕੇ, ਉਹ ਕਿਸੇ
ਦਾ ਕੀ ਗਾਈਡ ਬਣ ਸਕਦੈ?'' ਇਹ ਸੁਣ ਕੇ ਮੈਂ ਧੁਰ ਅੰਦਰ
ਇਕ ਕੰਬਾਹਟ ਮਹਿਸੂਸ ਕੀਤੀ ਸੀ।
''ਮੈਨੂੰ ਪਤਾ ਕੀ ਕਹਿ ਕੇ ਗਏ ਆ....?'' ਪਲ ਕੁ
ਚੁੱਪ ਰਹਿਣ ਪਿੱਛੋਂ ਉਹ ਬੋਲੀ ਸੀ, ''...ਮੁੰਡਾ ਚੰਗਾ ਏ।
ਫੈਮਿਲੀ ਬੈਕਗਰਾਉਂਡ ਵੀ ਠੀਕ ਆ। ਅਸੀਂ ਸ਼ਾਪਿੰਗ ਦੇ ਬਹਾਨੇ
ਜਾਵਾਂਗੇ, ਤੂੰ ਟੋਹ ਕੇ ਵੇਖੀਂ। ਕਮੀਨਾ ਬੰਦਾ ਏ ਮੇਰਾ ਬਾਪ।
ਮੈਨੂੰ ਤਾਂ ਕਈ ਸਾਲ ਹੋ ਗਏ ਇਨ੍ਹਾਂ ਵੱਲ ਵੇਖਦੀ ਨੂੰ। ਕੋਸ਼ਿਸ਼
ਕਰਨਗੇ ਕਿ ਜੱਟਾਂ ਦੇ ਮੁੰਡੇ ਹੀ ਇਨ੍ਹਾਂ ਦੇ ਅੰਡਰ ਰਿਸਰਚ
ਕਰਨ। ਉਨ੍ਹਾਂ ਨੂੰ ਪਰਖਣਗੇ, ਘਰ ਬੁਲਾਉਣਗੇ, ਆਨੇ-ਬਹਾਨੇ
ਮੇਰੇ ਕੋਲ ਛੱਡ ਕੇ ਜਾਣਗੇ। ਜਦੋਂ ਕੋਈ ਚੁੰਗਲ 'ਚ ਨਹੀਂ
ਫਸੇਗਾ ਤਾਂ ਉਸਦਾ ਥੀਸਸ ਤੱਕ ਰੱਦ ਕਰਵਾ ਦੇਣਗੇ।
ਉਸ ਦੀਆਂ ਗੱਲਾਂ ਸੁਣ ਕੇ ਮੈਂ ਹੈਰਾਨ ਤੇ ਦੁਖੀ ਹੋਈ
ਗਿਆ ਸਾਂ।
''ਜੱਟ ਮਾਨਸਿਕਤਾ ਦੇ ਗੁਲਾਮ ਨੇ ਤੁਹਾਡੇ 'ਗਾਈਡ'।
ਹਿਮਾਚਲ ਤੋਂ ਇਕ ਹਿੰਦੂ ਮੁੰਡਾ ਸੀ। ਇਹ ਨਈਂ ਮੰਨੇ। ਜੱਟ!
ਜੱਟ!! ਜੱਟ!!! ਬੱਸ ਇਸੀ ਚੱਕਰ 'ਚ ਮੇਰਾ ਦਿਲ ਤੋੜ ਦਿੱਤਾ।''
ਗੱਲ ਰੋਕ ਕੇ ਸਵੀ ਨੇ ਇਕ ਠੰਢਾ ਹਉਕਾ ਭਰਿਆ ਸੀ।
''ਮੈਂ ਵੀ ਸੋਚ ਰੱਖਿਆ ਕਿ ਵਿਆਹ ਨਈ ਕਰਵੌਣਾ। ਜੇ
ਕਰਵਾਇਆ ਵੀ ਤਾਂ ਜੱਟ ਨਾਲ ਨਈਂ ਕਰਵੌਣਾ। ਇਹ ਜਿਹੜਾ
ਵੀ ਸ਼ਿਕਾਰ ਕੱਢਦੇ ਨੇ ਮੈਂ ਸਭ ਕੁਝ ਸੱਚ-ਸੱਚ ਦੱਸ ਦਿੰਦੀ
ਹਾਂ।'' ਇੱਥੇ ਆ ਕੇ ਉਸਦੀ ਆਵਾਜ਼ ਥੋੜਾ ਉੱਚੀ ਹੋ ਗਈ ਤੇ
ਉਹ ਹਲਕਾ ਜਿਹਾ ਮੁਸਕਾਈ ਵੀ ਸੀ।
ਜਿਸਨੂੰ ਮੈਂ ਸ਼ੂਕਦਾ ਦਰਿਆ ਸਮਝਦਾ ਰਿਹਾ ਸਾਂ, ਉਹ
ਚਮਕਦੀ ਰੇਤ ਤੋਂ ਵਧ ਕੁਝ ਨਹੀਂ ਨਿਕਲਿਆ। ਮੈਂ ਦੁਖੀ ਮਨ
ਨਾਲ ਉੱਠ ਖੜ੍ਹਾ ਹੋਇਆ ਸਾਂ।
''ਬੀ ਕਿਅਰਫੁੱਲ!'' ਉਸਨੇ ਆਪਣਾ ਸੁੱਕਾ ਜਿਹਾ ਹੱਥ
ਮੇਰੇ ਮੂਹਰੇ ਕਰ ਦਿੱਤਾ ਸੀ। ਹੱਥ ਮਿਲਾ ਮੈਂ ਤੁਰ ਪਿਆ ਸਾਂ।
ਉਸਨੇ ਹੱਥ ਦੇ ਇਸ਼ਾਰੇ ਨਾਲ ਮੈਨੂੰ ਰੋਕਿਆ ਤੇ ਹੌਲੀ ਜਿਹੀ
ਬੋਲੀ ਸੀ, ''ਤੁਹਾਡੇ ਗਾਈਡ ਨੂੰ ਨਾ ਪਤਾ ਲੱਗੇ ਕਿ ਮੈਂ
ਤੁਹਾਨੂੰ...। ਨਹੀਂ ਤਾਂ ਰਿਸਰਚ ਕੀ ਤੁਹਾਡੇ ਸਾਈ ਸਨਾਪਸਿਸ
ਵੀ ਫਾਈਨਲਾਈਸ ਨਈਂ ਕਰਨੇ ਓਸ ਸਟੂਪਿਡ ਜੱਟ ਨੇ।''
ਮੈਂ ਥੱਕੇ-ਟੁੱਟੇ ਕਦਮਾਂ ਨਾਲ ਪ੍ਰੋਫੈਸਰ ਦੀ ਮਹਿਲਨੁਮਾ
ਕੋਠੀ 'ਚੋਂ ਨਿਕਲ ਕੇ ਮਣੀ ਨੂੰ ਫੋਨ ਕੀਤਾ ਸੀ।
''ਤਿਆਰ ਹੋ ਕੇ ਗੇਟ ਮੂਹਰੇ ਆ ਜਾ।''
''ਕਿਉਂ ਕੀ ਹੋਇਆ?''
''ਸੁਖਨਾ ਝੀਲ 'ਤੇ ਚਲਦੇ ਆਂ।'' ਮੇਰੀ ਇਹ ਗੱਲ ਸੁਣ
ਕੇ ਉਹ ਖੁਸ਼ੀ 'ਚ ਚੀਕ ਪਈ ਸੀ।
ਉਸ ਦਿਨ ਤੋਂ ਬਾਅਦ ਮੈਂ ਤੇ ਮਣੀ ਜਦੋਂ ਵੀ ਪੜ੍ਹਾਈ ਤੋਂ
ਅੱਕਦੇ, ਘੁੰਮਣ ਤੁਰ ਜਾਂਦੇ ਸਾਂ। ਕਦੇ ਰੋਜ਼ ਗਾਰਡਨ, ਕਦੇ
ਰੌਕ ਗਾਰਡਨ, ਕਦੇ ਸੁਖਨਾ ਝੀਲ, ਤੇ ਕਦੇ ਕਿਸੇ ਮਿਊਜ਼ੀਅਮ
'ਚ। ਕਦੇ-ਕਦੇ ਅਸੀਂ ਕਲਾ ਭਵਨ ਕੋਈ ਨਾ ਕੋਈ ਪ੍ਰੋਗਰਾਮ
ਵੇਖ ਆਉਂਦੇ। ਕਦੇ ਫਿਲਮ ਵੇਖ ਲੈਂਦੇ। ਮੈਂ ਸ਼ਾਇਦ ਮਨ ਹੀ
ਮਨ ਇਹ ਫੈਸਲਾ ਕਰ ਲਿਆ ਸੀ ਕਿ ਮਣੀ ਨੂੰ ਕਿਸੇ ਵੀ ਤਰ੍ਹਾਂ
ਆਪਣੇ ਪ੍ਰਭਾਵ ਖੇਤਰ ਤੋਂ ਬਾਹਰ ਨਹੀਂ ਨਿਕਲਣ ਦੇਣਾ। ਇਹ
ਮਹਿਸੂਸ ਕਰਕੇ ਮੈਂ ਖੁਸ਼ ਹੋ ਜਾਂਦਾ ਸਾਂ ਕਿ ਮੈਂ ਮਣੀ ਨੂੰ ਫਿਰ
ਤੋਂ ਆਪਣੇ ਵਿਚਾਰਾਂ ਦੇ ਦਾਇਰੇ ਵਿਚ ਕੀਲਦਾ ਜਾ ਰਿਹਾ ਹਾਂ।
ਗਾਈਡ ਨੂੰ ਮੈਂ ਡਿਪਾਰਟਮੈਂਟ 'ਚ ਹੀ ਮਿਲਦਾ, ਪਰ
ਉਹ ਮੈਨੂੰ ਘਰ ਬੁਲਾਉਂਦਾ ਰਹਿੰਦਾ ਸੀ।
''ਸਵੀ ਯਾਦ ਕਰਦੀ ਸੀ। ਅੱਜ ਤੂੰ ਘਰ ਗੇੜਾ ਮਾਰੀਂ।''
ਮੈਂ ਕੋਈ ਨਾ ਕੋਈ ਬਹਾਨਾ ਲਗਾ ਕੇ ਟਾਲ ਦਿੰਦਾ ਸਾਂ।
ਕਦੇ-ਕਦੇ ਚੀਨਾ ਦਾ ਫੋਨ ਆ ਜਾਂਦਾ।
''ਸਰ ਜੀ ਮੈਂ ਉਨ੍ਹਾਂ ਦੀਆਂ ਮਿੰਨਤਾਂ ਕਰਦੀ ਆਂ ਕਿ
ਪੰਦਰਾਂ ਕੁ ਦਿਨਾਂ ਲਈ ਹੀ ਆ ਜਾਓ। ਬੱਸ ਕੰਮ, ਕੰਮ, ਕੰਮ।
ਮੇਰੇ ਲਈ ਜ਼ਿੰਦਗੀ ਮੌਤ ਦਾ ਸਵਾਲ ਆ। ਉਨ੍ਹਾਂ ਦੇ ਕੰਨ 'ਤੇ
ਜੂੰ ਨਈਂ ਸਰਕਦੀ।''
ਇਸ ਤਰ੍ਹਾਂ ਦੀ ਗੱਲ ਕਰਕੇ ਉਹ ਰੋਣ ਲੱਗ ਪੈਂਦੀ। ਇਕ
ਦਿਨ ਕਹਿਣ ਲੱਗੀ, ''ਸਰ ਜੀ ਮੇਰਾ ਦਿਓਰ ਬੜਾ ਚੰਗਾ।
ਵਿਚਾਰਾ ਹਰ ਵੇਲੇ ਹਾਜ਼ਰ। ਤੁਸੀਂ ਯਕੀਨ ਨਹੀਂ ਕਰਨਾ ਕਿ
ਉਹ ਮੇਰੀਆਂ ਲੱਤਾਂ ਵੀ ਘੁੱਟਦਾ। ਇਕ ਏਹੋ ਈ ਚੰਗਾ ਆ ਏਸ
ਪੱਥਰ ਦਿਲ ਫੈਮਿਲੀ 'ਚ। ਇਹ ਨਾ ਹੁੰਦਾ ਤਾਂ ਬੜਾ ਔਖਾ ਹੋ
ਜਾਣਾ ਸੀ।''
ਉਸਦੇ ਘਰ ਬੇਟੀ ਨੇ ਜਨਮ ਲਿਆ ਸੀ। ਕੁਝ ਦਿਨ
ਉਸਦਾ ਫੋਨ ਨਾ ਆਇਆ। ਇਕ ਦਿਨ ਮੈਂ ਮਣੀ ਨੂੰ ਕਿਹਾ ਕਿ
ਉਹ ਮੇਰੀ ਉਸ ਨਾਲ ਗੱਲ ਕਰਾਵੇ।
ਮੈਂ ਉਸਨੂੰ ਮੁਬਾਰਕਬਾਦ ਦਿੱਤੀ ਤਾਂ ਉਹ ਸਿਸਕਣ ਲੱਗ
ਪਈ ਸੀ- ''ਸਰ ਜੀ, ਮੈਂ ਮਰਨੋਂ ਬਚੀ ਆਂ। ਵੱਡਾ ਓਪਰੇਸ਼ਨ
ਹੋਇਆ। ਮੈਂ ਜ੍ਹਿਦੇ ਨਾਲ ਲਾਵਾਂ ਲਈਆਂ ਸੀ ਉਸਨੇ ਤਾਂ ਮੇਰਾ
ਕੋਈ ਫਿਕਰ ਨਹੀਂ ਕੀਤਾ। ਕੀ ਹੁੰਦਾ ਜੇ ਹਫਤੇ ਕੁ ਲਈ ਆ
ਜਾਂਦਾ। ਘੱਟ ਕਮਾਈ ਨਾਲ ਕਿਤੇ ਮਰ ਤੇ ਨਈਂ ਸੀ ਚੱਲਾ। ਮੇਰੇ
ਤਾਂ ਮਨੋਂ ਉਹ ਹਮੇਸ਼ਾ ਪਈ ਹੀ ਲੱਥ ਗਿਆ। ਖਤਮ ਹੋ ਗਈ
ਕਹਾਣੀ।''
ਏਨੀਆਂ ਉੱਚੀਆਂ ਧਾਹਾਂ ਉਸਨੇ ਪਹਿਲਾਂ ਕਦੇ ਨਹੀਂ ਸੀ
ਮਾਰੀਆਂ। ''ਸਰ ਜੀ ਮੈਨੂੰ ਕ੍ਹੈਣ ਲੱਗਾ ਕਿ ਮੈਂ ਤਾਂ ਮੁੰਡਿਆਂ ਦੇ
ਨਾਮ ਲੱਭੀ ਬੈਠਾ ਸੀ, ਤੂੰ ਤਾਂ ਕੁੜੀ ਜੰਮ ਦਿੱਤੀ। ਮੇਰੇ ਲਈ ਤਾਂ
ਉਹ ਮਰ ਗਿਆ ਸਰ ਜੀ।''
ਮਣੀ ਜਦੋਂ ਵੀ ਸ਼ਹਿਰ ਜਾਂਦੀ ਚੀਨਾ ਦੀ ਕੋਈ ਨਾ ਕੋਈ
ਨਵੀਂ ਖਬਰ ਲੈ ਕੇ ਆਉਂਦੀ। ਚੀਨਾ ਦਾ ਦਿਓਰ ਐਮ.ਏ. ਦੀ
ਪੜ੍ਹਾਈ ਛੱਡ ਕੇ ਉਸਦੀ ਸੇਵਾ 'ਚ ਹਾਜ਼ਰ ਹੋ ਗਿਆ ਸੀ। ਉਹ
ਹੁਣ ਹਰ ਗੱਲ 'ਚ ਆਪਣੇ ਦਿਓਰ ਦੀ ਸਿਫਤ ਕਰਦੀ ਸੀ।
ਬੇਟੀ ਦੀ ਦਵਾਈ ਦਾ ਬਹਾਨਾ ਕਰਕੇ ਉਹ ਹਰ ਰੋਜ਼ ਦਿਓਰ
ਨਾਲ ਸ਼ਹਿਰ ਆਉਂਦੀ ਤੇ ਉਹ ਦੋਨੋਂ ਕਿਸੇ ਰੈਸਟੋਰੈਂਟ 'ਚ
ਖਾਣਾ ਖਾ ਕੇ ਘਰ ਮੁੜਦੇ ਸਨ।
''ਕਹਿਣ ਲੱਗੀ ਕਿ ਰੱਬ ਕਰਕੇ ਉਸਦਾ ਪਤੀ ਡੁੱਬਈ
ਤੋਂ ਵਾਪਸ ਹੀ ਨਾ ਆਵੇ।'' ਮਣੀ ਦੀ ਇਹ ਗੱਲ ਸੁਣ ਕੇ ਮੈਨੂੰ
ਕੋਈ ਹੈਰਾਨੀ ਨਹੀਂ ਸੀ ਹੋਈ।
ਇਕ ਦਿਨ ਚੀਨਾ ਦਾ ਫੋਨ ਆਇਆ ਸੀ- ''ਸਰ ਜੀ
ਤੁਹਾਡੇ ਤੋਂ ਕ੍ਹਾਦਾ ਲੁਕੋ। ਮੈਂ ਮਿੰਟੂ ਨੂੰ ਕਿਤੇ ਪਹਿਲਾਂ ਵੇਖਿਆ
ਹੁੰਦਾ ਤਾਂ ਉਹਦੇ ਨਾਲ ਵਿਆਹ ਨਹੀਂ ਸੀ ਕਰਵੌਣਾ। ਦੋਹਾਂ 'ਚ
ਜ਼ਮੀਨ ਅਸਮਾਨ ਦਾ ਫਰਕ ਏ। ਮੈਂ ਇ੍ਹਦੇ ਘਰ ਵਸਣਾ ਚਾਹੁੰਦੀ
ਆਂ, ਕੋਈ ਜੁਗਤ ਲੜਾਓ।'' ਉਸ ਦਿਨ ਉਹ ਹੰਢੀ ਹੋਈ
ਤੀਵੀਂ ਵਾਂਗ ਗੱਲਬਾਤ ਕਰ ਰਹੀ ਸੀ।
''ਦੇਖ ਇਮੋਸ਼ਨਲ ਨਾ ਹੋ। ਐਵੇਂ ਤੇਰਾ ਘਰ ਟੁੱਟੂ। ਇਹਨੇ
ਆਪ ਭੱਜ ਜਾਣਾ।'' ਮੇਰੀ ਇਹ ਗੱਲ ਸੁਣ ਕੇ ਤਾਂ ਉਹ ਵਿਲ੍ਹਕ
ਹੀ ਉੱਠੀ ਸੀ- ''ਸਰ ਜੀ, ਇੰਜ ਤਾਂ ਨਾ ਕਹੋ। ਇਹ ਨਈਂ
ਏਦਾਂ ਕਰਨ ਲੱਗਾ। ਖੁਦ ਨਾਲੋਂ ਕਿਤੇ ਵੱਧ ਯਕੀਨ ਆ ਮੈਨੂੰ
ਇ੍ਹਦੇ 'ਤੇ। ਮੈਂ ਤਾਂ ਸੁੱਖਦੀ ਆਂ ਕਿ ਉਹਦਾ ਡੁੱਬਈ 'ਚ ਈ
ਐਕਸੀਡੈਂਟ ਹੋ ਜਾਏ।''
ਕੁਝ ਸਮੇਂ ਬਾਅਦ ਉਸਦਾ ਪਤੀ ਡੁੱਬਈ ਤੋਂ ਆਇਆ
ਸੀ। ਉਸਨੇ ਆਪਣੇ ਛੋਟੇ ਭਰਾ ਦਾ ਵਿਆਹ ਕੀਤਾ। ਉਸਨੂੰ
ਸ਼ਹਿਰ 'ਚ ਇਕ ਛੋਟਾ ਜਿਹਾ ਮਕਾਨ ਲੈ ਦਿੱਤਾ। ਹਾਰਡਵੇਅਰ
ਦੀ ਦੁਕਾਨ ਵੀ ਪਾ ਦਿੱਤੀ ਤੇ ਕੁਝ ਦਿਨ ਰਹਿ ਕੇ ਪਰਤ ਗਿਆ
ਸੀ। ਇਹ ਸਾਰੀਆਂ ਖ਼ਬਰਾਂ ਮੈਨੂੰ ਮਣੀ ਕੋਲੋਂ ਮਿਲਦੀਆਂ
ਰਹੀਆਂ ਸਨ। ਮੇਰੇ ਅੰਦਰ ਬਹੁਤ ਜਗਿਆਸਾ ਸੀ ਕਿ ਚੀਨਾ
ਇਸ ਸਬੰਧੀ ਕੀ ਕਹੇਗੀ। ''ਸਰ ਜੀ ਤੁਸੀਂ ਸੱਚ ਕਹਿੰਦੇ ਸੀ,
ਹਰਾਮਜਾਦਾ ਚੁੱਪ ਕਰਕੇ ਕੁੜੀ ਦੇਖਣ ਤੁਰ ਪਿਆ। ਮੈਂ ਬਥੇਰੀਆਂ
ਮਿੰਨਤਾਂ ਕੀਤੀਆਂ, ਪਰ ਟੱਸ ਤੋਂ ਮੱਸ ਨਾ ਹੋਇਆ। ਮੈਂ ਉੱਤੋਂ
ਉੱਤੋਂ ਹੱਸਦੀ ਰਹੀ ਤੇ ਵਿਚੋਂ ਵਿਚੋਂ ਸੜਦੀ ਰਹੀ। ਕਾਰ-ਵਿਹਾਰ
ਕਰਦਿਆਂ ਦਿਲ ਧਾਹਾਂ ਮਾਰ-ਮਾਰ ਰੋਂਦਾ ਸੀ। ਕੱਖ ਨਾ ਰਹੇ
ਕੁੱਤੇ ਦਾ। ਕ੍ਹੇਤੇ ਡੁੱਲ੍ਹ ਗਿਆ। ਨਾ ਮੂੰਹ ਨਾ ਮੱਥਾ। ਸਰ ਜੀ,
ਜਿੱਦਾਂ ਇ੍ਹਨੇ ਮੇਰੇ ਕੋਲ਼ੇ ਕੀਤੇ ਆ, ਦੇਖ ਲਿਓ ਇ੍ਹਨੇ ਕੀੜੇ ਪੈ
ਕੇ ਮਰਨਾ। ਦਿਲ ਸੁਆਹ ਕਰਤਾ ਮੇਰਾ! ਹੁਣ ਨਈਂ ਕਰਨਾ ਮੈਂ
ਕਿਸੇ 'ਤੇ ਯਕੀਨ!''
ਕੁਝ ਦੇਰ ਚੁੱਪ ਰਹਿ ਕੇ ਚੀਨਾ ਫੇਰ ਬੋਲੀ ਸੀ, ''ਸਰ
ਜੀ, ਪੂਰੀ ਦੁਨੀਆਂ 'ਚ ਬੱਸ ਇਕ ਤੁਹਾਡੇ 'ਤੇ ਈ ਯਕੀਨ ਰਹਿ
ਗਿਆ। ਤੁਸੀਂ ਨਾ ਭੁਲਾ ਦਿਓ ਮੈਨੂੰ।''
ਮੈਂ ਉਸਨੂੰ ਯਕੀਨ ਦੁਆਇਆ ਸੀ ਕਿ ਉਹ ਹੌਸਲਾ
ਰੱਖੇ। ਮੈਂ ਉਸ ਨਾਲ ਹਮੇਸ਼ਾ ਜੁੜਿਆ ਰਹਾਂਗਾ।
ਹੁਣ ਉਹ ਰੋਜ਼ਾਨਾ ਫੋਨ ਕਰਨ ਲੱਗ ਪਈ ਸੀ। ਬੱਚੀ
ਦੀਆਂ ਕਿਲਕਾਰੀਆਂ ਤੋਂ ਲੈ ਕੇ ਪਤੀ ਨਾਲ ਫੋਨ 'ਤੇ ਹੋਈਆਂ
ਤਕਰਾਰਾਂ ਤੱਕ ਮੇਰੇ ਨਾਲ ਹਰ ਗੱਲ ਸਾਂਝੀ ਕਰਦੀ ਸੀ। ਕਦੇਕਦੇ
ਮੈਂ ਉਸਦੇ ਲੰਬੇ ਫੋਨਾਂ ਤੋਂ ਅੱਕ ਵੀ ਜਾਂਦਾ ਸੀ। ਮੈਂ ਜਾਣਬੁਝ
ਕੇ ਮਣੀ ਕੋਲੋਂ ਚੀਨਾ ਦੇ ਫੋਨਾਂ ਦੇ ਵੇਰਵੇ ਲੁਕਾਉਂਦਾ ਨਹੀਂ
ਸਾਂ। ਸੋਚਦਾਂ ਸਾਂ ਇਕ ਤਾਂ ਮਣੀ ਮੇਰੀ ਸੱਚਾਈ ਦੀ ਕਾਇਲ ਹੋ
ਜਾਏਗੀ ਤੇ ਦੂਜਾ ਇਹ ਕਿ ਉਹ ਮੈਨੂੰ ਗੁਆ ਦੇਣ ਦੇ ਡਰ ਤੋਂ
ਮੇਰੇ ਨਾਲ ਜੁੜੀ ਰਹੇਗੀ।
''ਸਰ ਜੀ ਤੁਸੀਂ ਹੁਣ ਵੀ ਪਹਿਲਾਂ ਅਰਗੇ ਈ ਆਂ।''
ਇਕ ਦਿਨ ਚੀਨਾ ਨੇ ਪੁੱਛਿਆ ਸੀ।
''ਕਿੱਦਾਂ ਦੇ?'' ਮੈਂ ਹੱਸ ਕੇ ਸਵਾਲ ਕੀਤਾ ਸੀ।
''ਸਲਿਮ ਤੇ ਸਮਾਰਟ!'' ਉਹ ਬੜੇ ਸਲੀਕੇ ਨਾਲ ਨਰਮ
ਜਿਹੀ ਆਵਾਜ਼ 'ਚ ਬੋਲੀ ਸੀ।
ਇਸ ਗੱਲ 'ਤੇ ਮੈਂ ਚੁੱਪ ਰਹਿਣਾ ਹੀ ਬਿਹਤਰ ਸਮਝਿਆ
ਸੀ।
''ਸਰ ਜੀ, ਤੁਹਾਨੂੰ ਦੇਖਣ ਨੂੰ ਬੜਾ ਜੀ ਕਰਦਾ। ਮੇਰੇ
ਭਾਣੇ ਤਾਂ ਜੁੱਗ ਬੀਤ ਗਏ ਤੁਹਾਨੂੰ ਦੇਖਿਆਂ। ਕਦੇ ਸ਼ਹਿਰ ਆਏ
ਤਾਂ ਦੱਸਿਓ। ਰੱਜ ਕੇ ਗੱਲਾਂ ਕਰਾਂਗੇ। ਫੋਨ 'ਤੇ ਉਹ ਸਵਾਦ
ਜਿਹਾ ਨਹੀਂ ਔਂਦਾ।''
ਮੈਂ ਉਸ ਨੂੰ ਦੱਸਿਆ ਸੀ ਕਿ ਮੈਂ ਦੋ ਕੁ ਮਹੀਨੇ ਬਹੁਤ
ਬਿਜ਼ੀ ਆਂ।
ਇਸ ਤੋਂ ਬਾਅਦ ਉਸਦੇ ਫੋਨ ਘਟਦੇ ਗਏ ਸਨ।
ਮਣੀ ਨੂੰ ਮੈਂ ਹਰ ਸ਼ਾਮ ਲਾਇਬ੍ਰੇਰੀ ਤੋਂ ਹੋਸਟਲ ਤੱਕ
ਛੱਡਣ ਜਾਂਦਾ। ਉਸਦੇ ਹੋਸਟਲ ਅੱਗੇ ਖੜ੍ਹ ਕੇ ਅਸੀਂ ਕਈਕਈ
ਦੇਰ ਗੱਲਾਂ ਕਰਦੇ ਰਹਿੰਦੇ ਸਾਂ।
''ਰਿੰਮੀ ਰਾਤ ਕਿਸੇ ਹੋਟਲ 'ਚ ਗਈ ਸੀ। ਕਰਮਜੋਤ
ਤਾਂ ਕਸੌਲੀ ਤੁਰੀ ਰਹਿੰਦੀ ਆ ਮੇਰੀ ਰੂਮ-ਮੇਟ, ਨਿਧੀ ਇਕ
ਹਫਤਾ ਸ਼ਿਮਲੇ ਰਹਿ ਕੇ ਆਈ ਆ, ਉਹ ਲਾਅ ਆਲਾ ਮੁੰਡਾ
ਨਈਂ, ਸਮਾਰਟ ਜਿਹਾ, ਜਿਪਸੀ ਆਲਾ, ਉਹਦੇ ਨਾਲ।'' ਜਦ
ਮਣੀ ਅਜਿਹੀਆਂ ਗੱਲਾਂ ਕਰਦੀ ਤਾਂ ਮੈਂ ਜਾਣ ਕੇ ਵੀ ਅਨਜਾਣ
ਬਣਿਆ ਰਹਿੰਦਾ ਸਾਂ।
ਇਕ ਦਿਨ ਕਹਿਣ ਲੱਗੀ, ''ਮੇਰਾ ਸ਼ਿਮਲਾ ਦੇਖਣ ਨੂੰ
ਬਹੁਤ ਜੀ ਕਰਦਾ। ਕਿਤੇ ਚੱਲੀਏ। ਹਫਤਾ ਕੁ ਰਹਿ ਕੇ ਆਉਂਦੇ
ਆਂ।'' ਉਸਦੀ ਗੱਲ ਸੁਣ ਕੇ ਮੇਰੇ ਲਹੂ ਦੇ ਗੇੜੇ ਅਚਾਨਕ
ਵਧ ਗਏ ਸਨ।
''ਬੱਸ ਮਹੀਨਾ ਕੁ ਠਹਿਰ ਲੈ। ਮੈਨੂੰ ਸਨਾਪਸਿਸ ਵਾਲਾ
ਕੰਮ ਨਿਪਟਾ ਲੈਣ ਦੇ। ਜਾਵਾਂਗੇ, ਜ਼ਰੂਰ ਜਾਵਾਂਗੇ...।'' ਇਹ
ਕਹਿੰਦਿਆਂ ਮੇਰੀ ਜ਼ੁਬਾਨ ਥਥਲਾ ਗਈ ਸੀ। ਉਹ ਮੇਰੇ ਕੋਲੋਂ
ਉੱਠ ਕੇ ਤੁਰ ਗਈ ਸੀ। ਮੈਂ ਉਹਨੂੰ ਦੂਰ ਤੱਕ ਵੇਖਦਾ ਰਿਹਾ
ਸਾਂ, ਪਰ ਉਸ ਨੇ ਮੁੜ ਕੇ ਨਹੀਂ ਸੀ ਵੇਖਿਆ।
ਹੁਣ ਉਹ ਜਿਥੇ ਵੀ ਮਿਲਦੀ ਵਿਸ਼ ਕਰਕੇ ਅਗਾਂਹ ਤੁਰ
ਜਾਂਦੀ ਸੀ। ਮੈਂ ਉਦਾਸੀ ਨਾਲ ਭਰ ਜਾਂਦਾ ਸਾਂ। ਮੈਂ ਮਣੀ ਦੀ
ਇਸ ਬੇਰੁਖੀ ਦੀ ਪੀੜ ਨੂੰ ਘੱਟ ਕਰਨ ਲਈ ਪੜ੍ਹਾਈ 'ਚ ਰੁਝ
ਗਿਆ ਸਾਂ।
ਗਾਈਡ ਮੈਨੂੰ ਡਿਪਾਰਟਮੈਂਟ 'ਚ ਕੁਝ ਵੀ ਨਹੀਂ ਸੀ
ਦੱਸਦਾ। ਜਦੋਂ ਵੀ ਮਿਲਦਾ ਇਕੋ ਗੱਲ ਕਰਦਾ, ''ਇਸ ਰੌਲੇ-ਰੱਪੇ
'ਚ ਨਿੱਠ ਕੇ ਗੱਲ ਨਹੀਂ ਹੋ ਸਕਦੀ, ਤੂੰ ਐਂ ਕਰੀਂ, ਘਰ
ਆਵੀਂ।''
ਆਖਰ ਮਜ਼ਬੂਰ ਹੋ ਕੇ ਮੈਂ ਉਸਦੇ ਘਰ ਦੇ ਚੱਕਰ ਕੱਟਣ
ਲੱਗ ਪਿਆ ਸਾਂ। ਮੈਂ ਜਦੋਂ ਵੀ ਰਿਸਰਚ ਸਬੰਧੀ ਕੋਈ ਗੱਲ
ਕਰਦਾਂ ਤਾਂ ਉਹ ਹੱਸ ਕੇ ਆਖਦਾ, ''ਤੇਰਾ ਥੀਸਸ ਮੈਂ ਲਿਖ
ਦਊਂ। ਨਈਂ ਤਾਂ ਤੀਹ-ਪੈਂਤੀ ਹਜ਼ਾਰ ਰੁਪਈਆ ਈ ਆ, ਬਥੇਰੇ
ਬੰਦੇ ਇਹ ਧੰਦਾ ਕਰਦੇ ਆ। ਰੁਪਏ ਵੀ ਮੈਂ ਖਰਚ ਦਊਂ। ਕੋਈ
ਹੋਰ ਗੱਲ ਕਰ।''
ਇਕ ਦਿਨ ਪੁੱਛਣ ਲੱਗਾ, ''ਮਣੀ ਨਾਲ ਤੇਰਾ ਅਫੇਅਰ
ਆ?''
ਮੈਂ ਨਾਂਹ ਕੀਤੀ ਤਾਂ ਉਹ ਖੁਸ਼ ਹੋ ਗਿਆ ਸੀ। ਕਹਿਣ
ਲੱਗਾ, ''ਅੱਜ-ਕੱਲ੍ਹ ਤਾਂ ਉਹ ਉਪਰਲੀਆਂ ਹਵਾਵਾਂ 'ਚ ਉੜਦੀ
ਆ। ਉਹ ਜੋਤ ਨਈਂ, ਐਮ.ਫਿਲ਼ ਵਾਲਾ, ਉਹਦੇ ਨਾਲ।''
ਮੇਰਾ ਮਨ ਤੜਫ ਉੱਠਿਆ ਸੀ। ਮੇਰੇ ਚਿਹਰੇ ਨੂੰ ਘੂਰ
ਕੇ ਵੇਖਦਿਆਂ ਗਾਈਡ ਹੱਸ ਪਿਆ ਸੀ।
''ਤੂੰ ਸਵੀ ਨੂੰ ਕਦੇ-ਕਦੇ ਮਿਲ ਜਾਇਆ ਕਰ। ਕੱਲੀ
ਆ ਨਾ। ਹੋਰ ਨਹੀਂ ਤਾਂ ਮਨ ਹੋਧਰੇ ਪੈਂਦਾ। ਇਹ ਕੋਠੀ ਦਾ ਸਾਨੂੰ
ਤਿੰਨ ਕਰੋੜ ਮਿਲਦਾ। ਜ਼ਮੀਨ ਵੀ ਬਥੇਰੀ ਆ। ਸਭ ਕੁਝ ਸਵੀ
ਦਾ ਈ ਆ। ਅਸੀਂ ਚਾਹੁੰਦੇ ਆਂ ਕੋਈ ਸਾਊ ਤੇ ਨਸ਼ੇ-ਰਹਿਤ
ਮੁੰਡਾ ਮਿਲ ਜਾਏ। ਤੈਨੂੰ ਕਈ ਵਾਰ ਪਹਿਲਾਂ ਵੀ ਆਖਿਆ....ਤੂੰ
ਆਪਣੇ ਪਿਤਾ ਜੀ ਨਾਲ ਤਾਂ ਮਿਲਾ ਕਦੇ।''
''ਹੁਣ ਤਾਂ ਉਹ ਕੈਨੇਡਾ ਚਲੇ ਗਏ ਸੈਰ ਕਰਨ। ਮਹੀਨੇ
ਕੁ ਤੱਕ ਆਉਣਗੇ।'' ਮੈਂ ਝੂਠ ਬੋਲ ਕੇ ਸੁੱਖ ਦਾ ਸਾਹ ਲਿਆ।
ਪਰ ਗਾਈਡ ਦੇ ਮੱਥੇ 'ਤੇ ਝੁਰੜੀਆਂ ਉੱਭਰ ਆਈਆਂ
ਸਨ।
''ਸਰ ਜੀ, ਪੰਦਰਾਂ ਦਿਨ ਰਹਿ ਗਏ। ਮੇਰੇ ਸਿਨਾਪਸਿਸ
ਤਾਂ ਫਾਈਨਲ ਕਰ ਦਿਓ।'' ਇਕ ਦਿਨ ਮੈਂ ਸਿਨਾਪਸਿਸ
ਸਬਮਿਸ਼ਨ ਦੀ ਨੇੜੇ ਆ ਰਹੀ ਤਰੀਕ ਦਾ ਫਿਕਰ ਕਰਦਿਆਂ
ਤਰਲਾ ਲੈਂਦਿਆਂ ਕਿਹਾ ਸੀ।
''ਇਉਂ ਕਰ ਐਕਸਟੈਂਸ਼ਨ ਲੈ ਲਾ।'' ਗਾਈਡ ਰੁੱਖਾ
ਜਿਹਾ ਬੋਲਿਆ ਸੀ।
''ਸਰ ਜੀ ਦੂਜੀ ਵਾਰ ਐਕਸਟੈਂਸ਼ਨ?'' ਮੈਂ ਦੁਖੀ ਮਨ
ਨਾਲ ਪੁੱਛਿਆ ਤਾਂ ਉਹ ਫਿੱਕਾ ਜਿਹਾ ਹੱਸਦਿਆਂ ਬੋਲਿਆ ਸੀ,
''ਤੂੰ ਭਾਵੇਂ ਦਸ ਵਾਰ ਲੈ, ਤੇਰਾ ਹੱਕ ਏ।''
ਗਾਈਡ ਦੇ ਬਦਲੇ ਵਿਹਾਰ ਨੇ ਮੈਨੂੰ ਦੁਖੀ ਕਰ ਦਿੱਤਾ
ਸੀ। ਮਣੀ ਨੂੰ ਲੈ ਕੇ ਮੈਂ ਪਹਿਲਾਂ ਹੀ ਪੀੜ ਨਾਲ ਭਰ ਚੁੱਕਾ ਸਾਂ।
ਮੈਂ ਸਨਾਪਸਿਸ ਦਾਖਲ ਕਰਨ ਲਈ ਸਮਾਂ ਵਧਾਉਣ ਸਬੰਧੀ
ਕੋਈ ਅਰਜ਼ੀ ਨਾ ਦਿੱਤੀ। ਕਈ ਵਾਰ ਦਿਲ 'ਚ ਆਉਂਦਾ ਕਿ
ਸਭ ਕੁਝ ਛੱਡ-ਛੁਡਾ ਕੇ ਪਿੰਡ ਦੌੜ ਜਾਵਾਂ। ਵੱਡੇ ਭਰਾ ਨੇ ਕਈ
ਵਾਰ ਕਿਹਾ ਸੀ ਕਿ ਇੰਡੀਆ 'ਚ ਕੁਝ ਨਹੀਂ ਰੱਖਿਆ। ਕੈਨੇਡਾ
'ਚ ਰਿਸ਼ਤਾ ਕਰਾਉਣ ਲਈ ਵੀ ਜ਼ੋਰ ਪਾਇਆ ਸੀ। ਪਰ ਮੈਂ
ਆਪਣੀ ਜ਼ਿੱਦ 'ਤੇ ਅੜਿਆ ਰਿਹਾ ਸਾਂ। ਮੈਨੂੰ ਸਾਹਿਤ ਨਾਲ
ਪਿਆਰ ਸੀ। ਮੈਂ ਰਿਸਰਚ ਮੁਕੰਮਲ ਕਰਕੇ ਕਾਲਜ ਲੈਕਚਰਾਰ
ਬਣਨ ਦਾ ਸ਼ੁਦਾਅ ਪਾਲੀ ਬੈਠਾ ਸਾਂ।
ਇਕ ਪੇਂਡੂ ਕਾਲਜ 'ਚ ਬੀ.ਏ. ਕਰਦਿਆਂ ਮੈਨੂੰ ਸਾਹਿਤ
ਪੜ੍ਹਨ ਤੇ ਕਵਿਤਾਵਾਂ ਲਿਖਣ ਦੀ ਚੇਟਕ ਲੱਗ ਗਈ ਸੀ। ਸ਼ਹਿਰ
ਦੇ ਕਾਲਜ 'ਚ ਐਮ.ਏ. ਕਰਦਿਆਂ ਮੈਂ ਵਿਦਵਾਨਾਂ ਦੇ ਬਲਿਹਾਰੇ
ਜਾਣ ਲੱਗ ਪਿਆ ਸਾਂ। ਪੁਸਤਕਾਂ ਵਿਚ ਪਈਆਂ ਖਾਮੋਸ਼ੀਆਂ ਨੂੰ
ਸ਼ਬਦ ਜਾਂ ਜ਼ੁਬਾਨ ਦੇਣ ਵਾਲੇ। ਕਿਤੇ ਵੱਡੇ-ਵੱਡੇ ਨਾਂ ਲੱਗਦੇ
ਹੁੰਦੇ ਸੀ, ਇਹ ਮੈਨੂੰ। ਅਪਹੁੰਚ ਮਹਾਨਤਾ ਨਾਲ ਭਰੇ। ਪਰ
ਯੂਨੀਵਰਸਿਟੀ ਆ ਕੇ ਪਤਾ ਲੱਗਿਆ ਸੀ ਕਿ ਇਹ ਕੀ ਬਲਾਵਾਂ
ਨੇ। ਆਪੋ-ਆਪਣੇ ਖੋਲਾਂ 'ਚ ਕੈਦ। ਕਿੰਨੇ ਬੌਣੇ!!
ਇਨ੍ਹਾਂ ਗ਼ਮਗੀਨ ਦਿਨਾਂ 'ਚ ਮੈਨੂੰ ਉਸ ਚੰਚਲ ਜਿਹੀ
ਕੁੜੀ ਦੀ ਆਵਾਜ਼ ਇਉਂ ਜਾਪੀ ਜਿਉਂ ਚਿਰਾਂ ਤੋਂ ਔੜਾਂ ਮਾਰੀ
ਧਰਤੀ 'ਤੇ ਅਚਾਨਕ ਮੀਂਹ ਵਰ੍ਹਨ ਲੱਗ ਪਿਆ ਹੋਵੇ। ਉਸ
ਦਿਨ ਪਹਿਲੀ ਵਾਰ ਮੇਰਾ ਉਸ ਅੱਗੇ ਰੋਣ ਨੂੰ ਜੀ ਕਰ ਰਿਹਾ
ਸੀ। ਮੈਂ ਚਾਹੁੰਦਾ ਸਾਂ ਕਿ ਉਸ ਨੂੰ ਆਪਣਾ ਦਰਦ ਸੁਣਾ ਕੇ
ਕਹਾਂ, ''ਮੈਂ ਬਹੁਤ ਟੈਨਸ਼ਨ 'ਚ ਆਂ, ਪਲੀਜ਼ ਮੈਨੂੰ ਗਾਈਡ
ਕਰ।''
ਪਰ ਉਸਨੇ ਮੇਰਾ ਹਾਲ-ਚਾਲ ਪੁੱਛਿਆ ਈ ਨਹੀਂ ਸੀ।
''ਸਰ ਜੀ, ਮੈਨੂੰ ਤਾਂ ਦੱਸਦਿਆਂ ਵੀ ਸ਼ਰਮ ਔਂਦੀ ਆ।
ਤੁਸੀਂ ਵੀ ਕਹਿਣਾ ਮੈਂ ਪਤਾ ਨਹੀਂ ਕਰੈਕਟਰ ਲੈਸ ਔਰਤ ਆਂ।
ਪਰ ਮੈਂ ਕੀ ਕਰਾਂ? ਦੁਨੀਆਂ 'ਚ ਕੋਈ ਤਾਂ ਚਾਹੀਦਾ, ਬੰਦਾ
ਜਿਸ ਨਾਲ ਦਿਲ ਦੀ ਗੱਲ ਕਰ ਸਕੇ।''
ਇਸ ਵਾਰ ਉਸਨੂੰ ਇਕ ਘੜੀਸਾਜ਼ ਮੁੰਡੇ ਨਾਲ ਪਿਆਰ
ਹੋ ਗਿਆ ਸੀ। ਚੀਨਾ ਉਸਦੀ ਦੁਕਾਨ 'ਤੇ ਘੜੀ ਠੀਕ
ਕਰਵਾਉਣ ਗਈ ਸੀ। ਉਹ ਮੁੰਡਾ ਆਪਣੀ ਦੁਕਾਨ ਸੁੰਨੀ ਛੱਡ
ਕੇ ਇਸ ਦੇ ਪਿੱਛੇ ਤੁਰ ਪਿਆ ਸੀ। ਇਹ ਪਿੰਡ ਜਾਣ ਵਾਲੀ
ਬੱਸ 'ਚ ਬੈਠੀ ਤਾਂ ਉਹ ਨਾਲ ਦੀ ਸੀਟ 'ਤੇ ਬੈਠ ਗਿਆ ਸੀ।
''ਜੇ ਕੋਈ ਪਿੱਛੋਂ ਤੁਹਾਡੀ ਦੁਕਾਨ ਲੁੱਟ ਕੇ ਲੈ ਗਿਆ?''
ਇਸ ਨੇ ਪੁੱਛਿਆ ਤਾਂ ਉਹ ਮੁੰਡਾ ਬੋਲਿਆ ਸੀ, ''ਦੁਕਾਨ ਤਾਂ
ਛੋਟੀ ਚੀਜ਼ ਆ ਤੁਸੀਂ ਤਾਂ ਸਾਡਾ ਦਿਲ ਈ ਲੁੱਟ ਲਿਆ।'' ਤੇ
ਇਸ ਨੂੰ ਉਸ ਮੁੰਡੇ ਨਾਲ ਪਿਆਰ ਹੋ ਗਿਆ ਸੀ। ਫੋਨ ਆਉਣ-ਜਾਣ
ਲੱਗ ਪਏ ਸਨ। ਮੁਲਾਕਾਤਾਂ ਸ਼ੁਰੂ ਹੋ ਗਈਆਂ ਸੀ।
''ਸਰ ਜੀ ਅੱਜ ਤੱਕ ਮੈਂ 'ਨ੍ਹੇਰੇ 'ਚ ਈ ਤੁਰਦੀ ਰਹੀ
ਆਂ। ਰਵੀਕਾਂਤ ਮਿਲਿਆ ਤਾਂ ਸਭ ਕੁਝ ਰੋਸ਼ਨ ਹੋ ਗਿਆ। ਇਹ
ਪੰਡਤਾਂ ਦਾ ਮੁੰਡਾ ਆਪਣੇ ਬਿਜ਼ਨਸ ਤੋਂ ਵਧ ਮੈਨੂੰ ਪਿਆਰ
ਕਰਦਾ। ਜਦੋਂ ਸ਼ਹਿਰ ਜਾਵਾਂ ਦੁਕਾਨ ਬੰਦ ਕਰਕੇ ਮੈਨੂੰ ਮਿਲਣ
ਆ ਜਾਂਦਾ।''
''ਇਹ ਸ਼ਹਿਰੀ ਮੁੰਡੇ ਬੜੇ ਚਲਾਕ ਹੁੰਦੇ ਨੇ ਕੁੜੀਏ।''
ਮੈਂ ਹੱਸ ਕੇ ਕਿਹਾ ਸੀ।
''ਸਰ ਜੀ ਤੁਸੀਂ ਠੀਕ ਕਿਹਾ। ਉਹ ਆਪ ਮੰਨਦੇ ਆ।
ਪਰ ਜਦੋਂ ਦੀ ਮੈਂ ਉਨ੍ਹਾਂ ਦੀ ਜ਼ਿੰਦਗੀ 'ਚ ਆਈ ਆਂ, ਉਨ੍ਹਾਂ ਨਸ਼ੇ
ਕਰਨੇ ਵੀ ਛੱਡ ਦਿੱਤੇ ਤੇ ਗੰਦੀਆਂ ਔਰਤਾਂ ਨੂੰ ਵੀ ਮਿਲਣਾ ਛੱਡ
ਦਿੱਤਾ। ਉਨ੍ਹਾਂ ਮੇਰੇ ਲਈ ਬ੍ਹੌਤ ਸੈਕਰੀਫਾਈਸ ਕੀਤਾ। ਇਹਨੂੰ
ਕਹਿੰਦੇ ਆ ਪਿਆਰ। ਮੈਨੂੰ ਵੀ ਜ਼ਿੰਦਗੀ 'ਚ ਪਹਿਲੀ ਵਾਰ
ਪਤਾ ਲੱਗਿਆ ਕਿ ਪਿਆਰ ਕੀ ਹੁੰਦਾ।''
ਮੈਨੂੰ ਉਸਦੀਆਂ ਬੇਤੁਕੀਆਂ ਗੱਲਾਂ 'ਤੇ ਗੁੱਸਾ ਆ ਗਿਆ
ਸੀ- ''ਕੁਸ਼ ਨਈਂ ਪਤਾ ਤੈਨੂੰ ਉਹ ਨਾਟਕ ਕਰ ਰਿਹਾ ਤੇਰੇ
ਨਾਲ, ਸਾਲਾ ਨੌਟੰਕੀ।''
ਮੇਰੇ ਮੂੰਹੋਂ ਗਾਲ ਸੁਣ ਕੇ ਉਹ ਕੁਝ ਦੇਰ ਚੁੱਪ ਰਹੀ ਸੀ।
''ਸਰ ਜੀ ਤੁਸੀਂ ਤਾਂ ਦਿਲ ਈ ਤੋੜ ਦਿੱਤਾ। ਮੈਂ ਆਪਣਾ
ਪਤੀ ਮੰਨਦੀ ਆਂ ਉਨ੍ਹਾਂ ਨੂੰ। ਅਸੀਂ ਵਿਆਹ ਕਰਵਾ ਲਿਆ।''
ਉਸਦੀ ਗੱਲ ਸੁਣ ਕੇ ਤਾਂ ਮੈਂ ਸੁੰਨ ਹੀ ਹੋ ਗਿਆ ਸਾਂ।
''ਵਿਆਹ?'' ਮੈਂ ਹੈਰਾਨੀ ਭਰੇ ਦੁੱਖ ਨਾਲ ਪੁੱਛਿਆ ਸੀ।
''ਹਾਂ ਜੀ ਸਰ ਜੀ। ਇਕ ਦਿਨ ਉਹ ਮੈਨੂੰ ਮੰਦਰ ਲੈ
ਗਏ। ਮੇਰੀ ਮਾਂਗ 'ਚ ਸੰਧੂਰ ਭਰ ਕੇ ਕਹਿਣ ਲੱਗੇ- ਅਸੀਂ
ਕਾਨੂੰਨੀ ਤੌਰ 'ਤੇ ਤਾਂ ਵਿਆਹ ਨਹੀਂ ਕਰਵਾ ਸਕਦੇ, ਪਰ ਅਸੀਂ
ਅੱਜ ਤੋਂ ਪਤੀ-ਪਤਨੀ ਹੋ ਗਏ ਆਂ। ਕੌਣ ਕਰ ਸਕਦਾ ਏਨੀ
ਕੁਰਬਾਨੀ। ਮੈਂ ਇਸ ਵਾਰ ਇਨ੍ਹਾਂ ਦੇ ਨਾਂ ਦਾ ਵਰਤ ਰੱਖਿਆ।''
ਉਸ ਨੇ ਸਹਿਜ-ਭਾਵ ਗੱਲ ਪੂਰੀ ਕੀਤੀ ਸੀ।
''ਤੇ ਜਿਸ ਵਿਚਾਰੇ ਨੇ ਚਾਰ ਲਾਵਾਂ ਲਈਆਂ, ਉਹ ਵੀ
ਅਸਲੀ, ਉਹਦੇ ਬਾਰੇ ਨਈਂ ਸੋਚਿਆ?'' ਮੈਂ ਵੀ ਸਹਿਜਤਾ
ਨਾਲ ਹੀ ਪੁੱਛਿਆ ਸੀ।
''ਮੈਨੂੰ ਉਹਦੇ ਨਾਂ ਤੋਂ ਵੀ ਨਫ਼ਰਤ ਆ।'' ਉਹ ਘਿਰਣਾ
ਨਾਲ ਬੋਲੀ।
''ਦੇਖ ਆਪਣਾ ਘਰ ਨਾ ਤੋੜ ਲਈਂ। ਐਵੇਂ ਤਲਾਕ ਦੇ
ਚੱਕਰਾਂ 'ਚ ਤੂੰ ਕੁੜੀ ਨੂੰ ਵੀ ਰੋਲ ਦਊਂਗੀ। ਥੋੜਾ ਸੰਭਲ!'' ਮੈਂ
ਉਸ ਨੂੰ ਸਮਝਾਇਆ ਸੀ।
''ਸਰ ਜੀ ਮੈਂ ਕੁੜੀ ਛੱਡਣ ਨੂੰ ਵੀ ਤਿਆਰ ਆਂ। ਮੈਂ
ਨਹੀਂ ਮੁੜਨਾ। ਮੈਨੂੰ ਪਹਿਲੀ ਵਾਰ ਪਤਾ ਲੱਗਾ ਕਿ ਪਿਆਰ ਕੀ
ਹੁੰਦਾ।'' ਉਹ ਲੇਲੜੀਆਂ ਜਿਹੀਆਂ ਕੱਢਦੀ ਹੋਈ ਬੋਲੀ ਸੀ।
''ਤੂੰ ਐਂ ਦੱਸ ਕਿ ਤੇਰੇ ਨਾਲ ਇਹ ਪੰਡਤਾਂ ਦਾ ਮੁੰਡਾ
ਵਿਆਹ ਕਿਉਂ ਨਈਂ ਕਰਵਾ ਸਕਦਾ?'' ਮੈਂ ਉਸ ਨੂੰ ਕੁਰਬਾਨੀ
ਦੇ ਪੁਤਲੇ ਦੀ ਅਸਲੀਅਤ ਵਿਖਾਉਣ ਬਾਰੇ ਸੋਚ ਲਿਆ ਸੀ।
''ਕਿਉਂਕਿ ਮੈਂ ਮੈਰਿਡ ਆਂ।'' ਉਸਨੇ ਜਵਾਬ ਦਿੱਤਾ
ਸੀ।
''ਜੇ ਤੇਰਾ ਤਲਾਕ ਹੋ ਜਾਏ ਫਿਰ?'' ਮੈਂ ਪੁੱਛਿਆ ਸੀ।
''ਫਿਰ ਕੋਈ ਪ੍ਰੌਬਲਮ ਨਈਂ।'' ਉਸ ਚਾਅ 'ਚ ਜਵਾਬ
ਦਿੱਤਾ ਸੀ।
''ਤੂੰ ਆਪਣੇ ਪਤੀ ਤੋਂ ਤਲਾਕ ਚਾਹੁੰਦੀ ਆ?'' ਮੈਂ ਸਵਾਲ
ਕੀਤਾ ਸੀ।
''ਸਰ ਜੀ ਮੈਂ ਤਾਂ ਹਜ਼ਾਰ ਵਾਰ ਚਾਹੁੰਦੀ ਆਂ।'' ਉਹ
ਝਟ-ਪਟ ਬੋਲੀ ਸੀ।
''ਠੀਕ ਆ ਤਲਾਕ ਤੇਰਾ ਮੈਂ ਕਰਵਾਉਂ, ਤੂੰ ਪਹਿਲਾਂ
ਇਸ ਮੁੰਡੇ ਨੂੰ ਪੁੱਛ ਲੈ।''
''ਸਰ ਜੀ ਮੈਂ ਉਨ੍ਹਾਂ ਨਾਲ ਗੱਲ ਕਰਕੇ ਤੁਹਾਡੇ ਨਾਲ
ਹੁਣੇ ਗੱਲ ਕਰਦੀ ਆਂ। ਦੇਖਿਓ ਰਵੀ ਨੇ ਕਿੰਨ੍ਹੇ ਖੁਸ਼ ਹੋਣਾ।''
ਖੁਸ਼ੀ 'ਚ ਏਨਾ ਆਖ ਉਸਨੇ ਫੋਨ ਬੰਦ ਕਰ ਦਿੱਤਾ।
''ਸਰ ਜੀ!'' ਦੱਸ ਕੁ ਮਿੰਟ ਬਾਅਦ ਹੀ ਉਸ ਦਾ ਫੋਨ
ਆ ਗਿਆ ਸੀ।
''ਤੁਸੀਂ ਸੱਚ ਕਿਹਾ ਸੀ। ਉਹ ਤਾਂ ਮੇਰੀ ਗੱਲ ਸੁਣ ਕੇ
ਭੜਕ ਹੀ ਉੱਠਿਆ। ਕੁੱਤਾ ਕਿਸੇ ਥਾਂ ਦਾ! ਮੈਂ ਤੁਹਾਨੂੰ ਦੱਸ
ਨਈਂ ਸਕਦੀ ਕਿ ਮੈਨੂੰ ਉਸਨੇ ਕੀ ਕਿਹਾ।'' ਉਹ ਧਾਹਾਂ ਮਾਰਨ
ਲੱਗ ਪਈ ਸੀ।
ਮੈਂ ਚੁਪਚਾਪ ਉਸਦੇ ਬੋਲਾਂ ਦੀ ਉਡੀਕ ਕਰਨ ਲੱਗਾ ਸੀ।
''...ਸਰ ਜੀ ਕਹਿਣ ਲੱਗਾ ਕਿ ਆਪਣੀ ਔਕਾਤ ਦੇਖ।
ਤੂੰ ਤਾਂ ਗਸ਼ਤੀ ਏ। ਤੇਰੇ ਅਰਗੀਆਂ ਤਾਂ ਛੱਤੀ ਫਿਰਦੀਆਂ ਨੇ
ਸ਼ਹਿਰ ਵਿਚ। ਸਰ ਜੀ ਦੱਸੋ ਮੈਂ ਕਰੈਕਟਰਲੈੱਸ ਕੁੜੀ ਆਂ?''
ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਮੈਂ ਕੀ ਜਵਾਬ
ਦੇਵਾਂ।
''ਇਹ ਜ਼ਮਾਨਾ ਈ ਕਰੈਕਟਰਲੈੱਸ ਆ। ਦੁਖੀ ਨਾ ਹੋ।
ਆਪਣੀ ਬੇਟੀ ਨੂੰ ਪਿਆਰ ਕਰ।'' ਮੈਂ ਜਵਾਬ ਦਿੱਤਾ।
''ਸਰ ਜੀ, ਮੇਰੇ ਪਤੀ ਨੂੰ ਪਤਾ ਸੀ ਕਿ ਮੇਰੇ ਆਪਣੇ
ਦਿਓਰ ਦੇ ਨਾਲ ਸਬੰਧ ਨੇ। ਉਨ੍ਹਾਂ ਨੇ ਏਨਾ ਕਿਹਾ ਕਿ ਦੇਖ
ਚੀਨਾ ਤੇਰਾ ਕੋਈ ਕਸੂਰ ਨਹੀਂ, ਕੱਲਾ ਬੰਦਾ ਓਦਰ ਈ ਜਾਂਦਾ।
ਇਹ ਤਾਂ ਘਰ ਦੀ ਇੱਜ਼ਤ ਘਰ 'ਚ ਰਹਿ ਗਈ। ਕਦੇ ਕਿਸੇ
ਹੋਰ ਦੇ ਬਾਰੇ ਨਾ ਸੋਚੀਂ। ਕਿੰਨੇ ਗਰੇਟ ਨੇ ਉਹ। ਮੈਨੂੰ ਅੱਜ
ਪਤਾ ਲੱਗਾ। ਜਿਹੜੀ ਗੱਲ ਮੇਰੇ ਪਤੀ ਨੇ ਨਈਂ ਕਹੀ, ਇਹ
ਬਾਮ੍ਹਣ ਕੌਣ ਹੁੰਦਾ ਕਹਿਣ ਵਾਲਾ।''
ਉਸ ਦਿਨ ਉਹ ਮੇਰੇ ਨਾਲ ਬੜੀ ਦੇਰ ਗੱਲਾਂ ਕਰਦੀ
ਰਹੀ ਸੀ।
ਕੁਝ ਦਿਨਾਂ ਬਾਅਦ ਉਸਦਾ ਫੋਨ ਆਇਆ ਤਾਂ ਉਹ ਇਉਂ
ਖੁਸ਼ ਸੀ, ਜਿਉਂ ਕੁਝ ਵਾਪਰਿਆ ਈ ਨਾ ਹੋਵੇ।
''ਸਰ ਜੀ, ਇਕ ਗੱਲ ਕਹਾਂ, ਮਾਈਂਡ ਨਾ ਕਰਿਓ
ਪਲੀਜ਼।'' ਏਨਾ ਆਖ ਉਹ ਕੁਝ ਪਲ ਚੁੱਪ ਰਹੀ।
''ਸਰ ਜੀ, ਜਦੋਂ ਮੈਂ ਤੁਹਾਨੂੰ ਪਹਿਲੀ ਵਾਰ ਦੇਖਿਆ ਸੀ,
ਤੁਸੀਂ ਮੈਨੂੰ ਬਹੁਤ ਸੋਹਣੇ ਤੇ ਚੰਗੇ ਲੱਗੇ ਸੀ। ਮੈਨੂੰ ਪਤਾ ਸੀ
ਮਣੀ ਵੀ ਤੁਹਾਨੂੰ ਚਾਹੁੰਦੀ ਆ। ਮੈਂ ਫਿਰ ਵੀ ਤੁਹਾਡੇ ਬਾਰੇ ਉਸ
ਤਰ੍ਹਾਂ ਸੋਚਣ ਲੱਗ ਪਈ ਸੀ। ਮਣੀ ਮੈਨੂੰ ਜੈਲਸ ਕਰਨ ਲੱਗ
ਪਈ ਸੀ। ਮੈਂ ਚਾਹਤ ਦਿਲ 'ਚ ਈ ਦਬਾ ਲਈ। ਇਕ ਸੱਚੀ
ਗੱਲ ਆਖਾਂ ਕਿ ਜੇ ਉਦੋਂ ਤੁਸੀਂ ਮੈਨੂੰ ਮਿਲ ਜਾਂਦੇ ਤਾਂ ਮੈਂ ਐਨਾ
ਨਹੀਂ ਸੀ ਭਟਕਣਾ।''
ਮੈਂ ਜਾਣ-ਬੁੱਝ ਚੁੱਪ ਰਿਹਾ ਸਾਂ।
''ਸਰ ਜੀ ਤੁਸੀਂ ਜੋ ਮੈਨੂੰ ਆਸਰਾ ਦਿੱਤਾ, ਗਾਈਡ ਕੀਤਾ,
ਆਖਰ ਕਿਉਂ? ਕੀ ਰਿਸ਼ਤਾ ਏ ਸਾਡਾ? ਤੁਸੀਂ ਕਿਉਂ ਸੁਣਦੇ
ਰਹੇ ਇਕ ਪਾਗਲ ਕੁੜੀ ਦੀ ਬਕਵਾਸ? ਮੈਨੂੰ ਕਈ ਵਾਰ
ਲੱਗਿਆ ਕਿ ਤੁਸੀਂ ਵੀ ਮੈਨੂੰ ਪਸੰਦ ਕਰਦੇ ਓ। ਕਰਦੇ ਓ ਨਾ
ਸਰ ਜੀ?''
ਮੈਂ ਇਸ ਵਾਰ ਵੀ ਕੁਝ ਨਾ ਬੋਲਿਆ।
ਉਹ ਚਾਣਚੱਕ ਹਟਕੋਰੇ ਭਰਨ ਲੱਗ ਪਈ ਸੀ।
''ਸਰ ਜੀ ਮੈਨੂੰ ਪਤਾ ਸੀ। ਬਸ ਮੈਂ ਤੁਹਾਨੂੰ ਹੁਣੇ ਮਿਲਣਾ
ਚਾਹੁੰਦੀ ਆਂ।'' ਉਹ ਤਰਲਾ ਜਿਹਾ ਲੈਂਦਿਆਂ ਬੋਲੀ ਸੀ।
''ਤੂੰ ਡੇਢ ਸੌ ਕਿਲੋਮੀਟਰ ਦੂਰ ਇਕ ਪਿੰਡ 'ਚ ਬੈਠੀ ਏਂ
ਤੇ ਮੈਂ ਚੰਡੀਗੜ੍ਹ, ਹੁਣੇ ਕਿਵੇਂ ਮਿਲ ਸਕਦੇ ਆਂ?''
''ਸਰ ਜੀ ਵਾਅਦਾ ਕਰੋ ਕਿ ਮੈਨੂੰ ਛੇਤੀ ਮਿਲੋਗੇ। ਮੈਂ
ਤੁਹਾਡੇ ਨਾਲ ਬਹੁਤ ਗੱਲਾਂ ਕਰਨੀਆਂ ਨੇ। ਦੁਨੀਆਂ 'ਚ ਹੁਣ
ਕੋਈ ਨਈਂ ਮੇਰਾ ਤੁਹਾਡੇ ਸਿਵਾ। ਜਿਸ ਦਿਨ ਤੁਸੀਂ ਮੁੱਖ
ਮੋੜਿਆ, ਮੈਂ ਉਸ ਦਿਨ ਸੂਸਾਈਡ ਕਰ ਲੈਣਾ।''
ਮੇਰਾ ਸਰੀਰ ਤਪਣ ਲੱਗ ਪਿਆ ਸੀ। ਦਿਲ ਦੀ ਧੜਕਨ
ਤੇਜ਼ ਹੋ ਗਈ ਸੀ।
''ਮੈਂ ਤੈਨੂੰ ਛੇਤੀ ਮਿਲਾਂਗਾ।'' ਇਹ ਕਹਿੰਦਿਆਂ ਮੈਂ
ਉਸਦੀਆਂ ਲਾਲ ਗੱਲ੍ਹਾਂ ਨੂੰ ਯਾਦ ਕੀਤਾ ਸੀ।
ਫਿਰ ਚੀਨਾ ਦਾ ਮੈਨੂੰ ਹਰ ਰੋਜ਼ ਫੋਨ ਆਉਣ ਲੱਗ ਪਿਆ
ਸੀ।
ਇਕ ਦਿਨ ਮੈਨੂੰ ਮਣੀ ਨੇ ਦੱਸਿਆ ਕਿ ਉਹ ਹਫਤੇ ਕੁ
ਲਈ ਘਰ ਜਾ ਰਹੀ ਏ। ਮੈਨੂੰ ਉਸੀ ਸ਼ਾਮ ਉਸਦੇ ਕਲਾਸਮੇਟ
ਕੋਲੋਂ ਪਤਾ ਲੱਗ ਗਿਆ ਕਿ ਉਹ ਜੋਤ ਨਾਲ ਸ਼ਿਮਲੇ ਗਈ ਏ।
ਮੈਂ ਬੇਚੈਨ ਹੋ ਗਿਆ। ਮੈਨੂੰ ਇਉਂ ਮਹਿਸੂਸ ਹੋਇਆ ਸੀ ਜਿਉਂ
ਮੈਂ ਭਰੇ ਮੇਲੇ 'ਚ ਇਕੱਲਾ ਰਹਿ ਗਿਆ ਹੋਵਾਂ...ਤੇ ਬੈਠ ਕੇ
ਰੋਣ ਤੋਂ ਸਿਵਾ ਮੇਰੇ ਕੋਲ ਹੋਰ ਕੋਈ ਚਾਰਾ ਨਾ ਰਹਿ ਗਿਆ
ਹੋਵੇ।
ਉਸ ਰਾਤ ਮੈਂ ਪਹਿਲੀ ਵਾਰ ਚੀਨਾ ਨੂੰ ਆਪ ਫੋਨ ਕੀਤਾ
ਸੀ। ਉਹ ਹੈਰਾਨੀ-ਭਰੀ ਖੁਸ਼ੀ 'ਚ ਬੋਲੀ ਸੀ, ''ਸਰ ਜੀ ਅੱਜ
ਮੈਨੂੰ ਯਕੀਨ ਹੋ ਗਿਆ ਕਿ ਤੁਸੀਂ ਵੀ ਮੈਨੂੰ ਯਾਦ ਕਰਦੇ ਹੋ।''
ਮੈਂ ਉਸਨੂੰ ਆਪਣਾ ਦੁੱਖ ਤਾਂ ਨਾ ਸੁਣਾ ਸਕਿਆ। ਕੁਝ
ਦੇਰ ਆਸੇ-ਪਾਸੇ ਦੀਆਂ ਗੱਲਾਂ ਕਰਨ ਤੋਂ ਬਾਅਦ ਮੈਂ ਕਿਹਾ,
''ਮੈਂ ਤੈਨੂੰ ਮਿਲਣਾ ਚਾਹੁੰਨਾਂ।''
''ਸਰ ਜੀ ਥੈਂਕਸ। ਮੈਂ ਤਾਂ ਆਪ ਤੁਹਾਨੂੰ ਇਹੋ ਗੱਲ
ਕਹਿਣਾ ਚਾਹੁੰਦੀ ਸੀ। ਮੇਰਾ ਸਹੁਰਾ ਆ ਰਿਹਾ ਅਗਲੇ ਮਹੀਨੇ।
ਫਿਰ ਮੈਨੂੰ ਲੱਗਦਾ ਸ਼ਾਇਦ ਘਰੋਂ ਨਿਕਲਣਾ ਔਖਾ ਹੋ ਜਾਏ।''
ਇਸ ਗੱਲਬਾਤ ਤੋਂ ਬਾਅਦ ਮੇਰਾ ਗ਼ਮ ਰਤਾ ਘੱਟ ਗਿਆ
ਸੀ।
ਇਕ ਦਿਨ ਮੈਂ ਗਾਈਡ ਦੇ ਘਰ ਗਿਆ ਤਾਂ ਸਵੀ ਇਕੱਲੀ
ਘਰ ਸੀ। ਉਸਨੇ ਮੈਨੂੰ ਮੱਲੋ-ਮੱਲੀ ਆਪਣੇ ਕੋਲ ਬਿਠਾਲ
ਲਿਆ ਸੀ। ਰਿਸਰਚ ਬਾਰੇ ਪੁੱਛਦੀ ਰਹੀ। ਮੈਂ ਚੁੱਪ ਰਿਹਾ।
ਮੈਨੂੰ ਨਿਰਾਸ਼ ਦੇਖ ਕੇ ਬੋਲੀ, ''ਉਦਾਸ ਨਾ ਹੋ ਦੋਸਤ। ਇਹ
ਇਸ ਤਰ੍ਹਾਂ ਹੀ ਹੋਣਾ ਸੀ। ਇਨ੍ਹਾਂ ਦੀ ਔਕਾਤ ਹੀ ਇਹੋ ਆ।
ਇਹ ਸਹੀ ਰਾਹ ਦੱਸਣ ਵਾਲੇ ਗਾਈਡ ਨਈਂ, ਭਟਕਾਉਣੇ ਜਾਂ
ਕੁਰਾਹੇ ਪਾਉਣ ਵਾਲੇ ਗਾਈਡ ਆ। ਪਿਛਲੇ ਵੀਕ ਮੈਂ ਤੇ ਮੌਮ
ਡਾਕਟਰ ਦੇ ਗਏ ਹੋਏ ਸੀ। ਤੁਹਾਡੇ ਗਾਈਡ ਨੇ ਪਿੱਛੋਂ ਆਪਣੀ
ਸਟੂਡੈਂਟ ਘਰ ਸੱਦ ਲਈ....ਤੇ ਉਸ ਨੂੰ ਵਰਗਲੌਣ ਦੀ ਕੋਸ਼ਿਸ਼
ਕਰਨ ਲੱਗ ਪਏ....ਤੇ...ਤੇ...!''
ਸਵੀ ਦੀਆਂ ਅੱਖਾਂ ਅੱਥਰੂਆਂ ਨਾਲ ਭਰ ਗਈਆਂ, ਉਸਦੇ
ਚਿਹਰੇ ਦਾ ਮਾਸ ਅਜੀਬ ਢੰਗ ਨਾਲ ਸੁੰਗੜ ਗਿਆ।
''ਮੈਂ ਠੀਕ ਹੋ ਰਹੀ ਸਾਂ।'' ਉਹ ਹੌਲੀ ਜਿਹੀ ਬੋਲੀ ਸੀ।
''ਉਸ ਦਿਨ ਤੋਂ ਫਿਰ ਪ੍ਰੇਸ਼ਾਨ ਹੋ ਗਈ ਹਾਂ। ਬੜੀ ਟੈਨਸ਼ਨ
'ਚ ਆਂ। ਮੁੜ ਨਸ਼ੇ ਲੈਣ ਨੂੰ ਜੀ ਕਰਦਾ। ਸਮਝ ਨਈਂ ਆਉਂਦੀ
ਕੀ ਕਰਾਂ?'' ਉਸਨੇ ਕੰਬਦਾ ਚਿਹਰਾ ਸੁੱਕੇ-ਸੁੱਕੇ ਹੱਥਾਂ 'ਚ
ਲੁਕੋ ਲਿਆ ਸੀ।
''ਸਵੀ ਦੇਖ, ਜ਼ਿੰਦਗੀ ਬਹੁਤ ਛੋਟੀ ਆ। ਇਸ ਨੂੰ ਇੰਜ
ਨਈਂ ਗੁਆਇਆ ਜਾ ਸਕਦਾ। ਤੂੰ ਮੁੜ ਨਸ਼ਿਆਂ ਬਾਰੇ ਨਾ
ਸੋਚੀਂ ਡਰੱਗ ਨਾ ਤਾਂ ਸਮੱਸਿਆ ਦਾ ਹੱਲ ਕਰ ਸਕਦੀ ਆ ਤੇ
ਨਾ ਹੀ ਸਾਨੂੰ ਹਮੇਸ਼ਾ ਲਈ ਚਿੰਤਾ-ਮੁਕਤ ਕਰ ਸਕਦੀ ਏ।''
ਮੈਂ ਉਸਦੇ ਥੋੜਾ ਕੋਲ ਹੁੰਦਿਆਂ ਕਿਹਾ ਸੀ।
''ਮੈਂ ਸਭ ਕੁਝ ਸਮਝਦੀ ਆਂ। ਚਲੋ ਮੈਂ ਡਰੱਗ ਨਹੀਂ
ਲੈਂਦੀ। ਪਰ ਇਕ ਸ਼ਰਤ ਏ।'' ਉਸਦੀਆਂ ਉਦਾਸ ਅੱਖਾਂ ਮੇਰੇ
ਚਿਹਰੇ 'ਤੇ ਟਿਕ ਗਈਆਂ ਸਨ।
''ਦੱਸੋ?'' ਮੈਂ ਡਰਦੇ ਮਨ ਨਾਲ ਪੁੱਛਿਆ ਸੀ।
''ਤੁਸੀਂ ਮੈਨੂੰ ਹਰ ਸ਼ਾਮ ਮਿਲਣ ਆਓਗੇ।'' ਉਸਦੀ
ਆਵਾਜ਼ 'ਚ ਤਰਲਾ ਸੀ।
''ਕੋਸ਼ਿਸ਼ ਕਰਾਂਗਾ।''
''ਕੋਸ਼ਿਸ਼ ਨਹੀਂ ਪਰੌਮਿਸ ਕਰੋ।'' ਉਸ ਨੇ ਸੱਜਾ ਹੱਥ
ਮੇਰੇ ਸਾਹਵੇਂ ਕਰ ਦਿੱਤਾ ਸੀ। ਮੈਂ ਹੱਥ ਉਸਦੇ ਹੱਥਾਂ ਵਿਚ ਦੇ
ਦਿੱਤਾ। ਉਸਨੇ ਕੁਝ ਦੇਰ ਮੇਰਾ ਹੱਥ ਆਪਣੇ ਹੱਥਾਂ 'ਚ ਘੁੱਟੀ
ਰੱਖਿਆ ਸੀ।
ਉਸ ਦਿਨ ਤੋਂ ਮੈਂ ਤਕਰੀਬਨ ਹਰ ਰੋਜ਼ ਗਾਈਡ ਦੇ ਘਰ
ਜਾਣਾ ਸ਼ੁਰੂ ਕਰ ਦਿੱਤਾ ਸੀ। ਮੈਂ ਤੇ ਸਵੀ ਦੇਰ ਰਾਤ ਤੱਕ ਗੱਲਾਂ
ਕਰਦੇ ਰਹਿੰਦੇ। ਗਾਈਡ ਤੇ ਉਸਦੀ ਪਤਨੀ ਸਾਡੀ ਨੇੜਤਾ ਤੋਂ
ਬਹੁਤ ਖੁਸ਼ ਸਨ।
ਮਣੀ ਹਫ਼ਤੇ ਕੁ ਬਾਅਦ ਮਿਲੀ ਤਾਂ ਉਸਦੇ ਚਿਹਰੇ 'ਤੇ
ਇਕ ਮੁਰਝਾਈ ਜਿਹੀ ਸ਼ਾਂਤੀ ਸੀ।
''ਜ਼ਿੰਦਗੀ ਇਨਜਾਏਮੈਂਟ ਦਾ ਨਾਮ ਏ। ਤੁਸੀਂ ਬੁਝੇ-ਬੁਝੇ
ਕਿਉਂ ਬੈਠੇ ਹੋ?'' ਮੈਂ ਕੁਝ ਨਾ ਬੋਲ ਸਕਿਆ। ਮੇਰੀਆਂ
ਅੱਖਾਂ 'ਚ ਅੱਥਰੂ ਛਲਕ ਆਏ ਸਨ।
''ਤੁਸੀਂ ਮੈਨੂੰ ਸਮਝਿਆ ਈ ਨਈਂ। ਮੈਂ ਕਦ ਤੱਕ ਤੁਹਾਨੂੰ
ਉਡੀਕਦੀ ਰਹਿੰਦੀ। ਫਿਰ ਵੀ ਜੇ ਤੁਹਾਡਾ ਦਿਲ ਦੁਖਾਇਆ
ਹੋਵੇ ਤਾਂ ਮਾਫ ਕਰਨਾ। ਮੈਨੂੰ ਗਲਤ ਨਾ ਸਮਝਣਾ। ਮੈਂ ਜੋਤ
ਨਾਲ ਵਿਆਹ ਕਰਵੌਣਾ।'' ਇਸ ਤਰ੍ਹਾਂ ਦੀਆਂ ਸਫਾਈਆਂ ਦੇ
ਕੇ ਉਹ ਤੁਰ ਗਈ ਸੀ।
ਚੀਨਾ ਦੇ ਹੁਣ ਦਿਨ 'ਚ ਕਈ-ਕਈ ਫੋਨ ਆਉਣ ਲੱਗ
ਪਏ ਸਨ।
''ਸਰ ਜੀ ਕਦੋਂ ਦੇਣੇ ਆਂ ਤੁਸੀਂ ਦਰਸ਼ਣ? ਕਿਤੇ
ਉਡੀਕਦੇ ਈ ਨਾ ਮਰ ਜਾਈਏ। ਅਗਲੇ ਹਫਤੇ ਸਹੁਰੇ ਨੇ ਆ
ਜਾਣਾ।''
ਮੇਰੇ ਅੰਦਰ ਵੀ ਚੀਨਾ ਨੂੰ ਮਿਲਣ ਦੀ ਤਾਂਘ ਦਿਨੋਂ-ਦਿਨ
ਵਧ ਰਹੀ ਸੀ, ਪਰ ਇਸ ਤਾਂਘ ਨੂੰ ਸਵੀ ਨਾਲ ਰੋਜ਼ਾਨਾ ਹੁੰਦੀ
ਮੁਲਾਕਾਤ ਨੇ ਕਦੇ ਭਾਂਬੜ ਨਹੀਂ ਸੀ ਬਣਨਾ ਦਿੱਤਾ। ਹੁਣ ਮੈਂ ਤੇ
ਸਵੀ ਕਿਸੇ-ਕਿਸੇ ਸ਼ਾਮ ਦੂਰ ਤੱਕ ਘੁੰਮ ਆਉਂਦੇ। ਗਾਈਡ ਨੇ
ਮੇਰੇ ਸਨਾਪਸਿਸ ਫਾਈਨਲ ਕਰਕੇ ਸਬਮਿਟ ਕਰਵਾ ਦਿੱਤੇ
ਸਨ।
ਆਖਰ ਇਕ ਦਿਨ ਮੈਂ ਚੀਨਾ ਨੂੰ ਮਿਲਣ ਦਾ ਫੈਸਲਾ
ਕਰ ਲਿਆ ਸੀ।
ਮੈਂ ਸ਼ਹਿਰ ਗਿਆ। ਇਕ ਹੋਟਲ 'ਚ ਕਮਰਾ ਲੈ ਕੇ
ਚੀਨਾ ਨੂੰ ਫੋਨ ਕੀਤਾ। ਉਹ ਘੰਟੇ ਕੁ 'ਚ ਪਹੁੰਚ ਗਈ। ਕਮਰੇ
ਅੰਦਰ ਆ ਕੇ ਉਹ ਪਲ ਲਈ ਮੈਨੂੰ ਡੌਰ-ਡੌਰ ਹੋਈ ਵੇਖੀ
ਗਈ। ਉਹ ਥੋੜੀ ਮੋਟੀ ਹੋ ਗਈ ਸੀ। ਪਰ ਉਸਦੀਆਂ ਗੱਲ੍ਹਾਂ
ਦੀ ਲਾਲੀ ਕਾਇਮ ਸੀ। ਅਚਾਨਕ ਉਸਦੇ ਚਿਹਰੇ ਦਾ ਮਾਸ
ਕੰਬਣ ਲੱਗ ਪਿਆ ਸੀ। ਉਸਦੀਆਂ ਮੋਟੀਆਂ ਤੇ ਭੂਰੀਆਂ ਅੱਖਾਂ
ਹੰਝੂਆਂ ਨਾਲ ਭਰ ਗਈਆਂ ਸਨ।
''ਤੁਸੀਂ ਤਾਂ ਮੇਰੇ ਦੇਵਤਾ ਹੋ।'' ਉਹ ਹੱਥ ਜੋੜ ਕੇ ਮੇਰੇ
ਪੈਰਾਂ ਵਲ ਥੋੜਾ ਜਿਹਾ ਹੀ ਝੁਕੀ ਸੀ ਕਿ ਮੈਂ ਉਸਦੇ ਹੱਥ ਫੜ
ਲਏ ਸਨ। ਸਰੀਰ ਨੂੰ ਸਿੱਧਾ ਕਰਦਿਆਂ ਉਹ ਨਿਢਾਲ ਜਿਹੀ ਹੋ
ਗਈ ਸੀ ਤੇ ਆਪਣਾ ਸਿਰ ਮੇਰੇ ਮੋਢੇ 'ਤੇ ਟਿਕਾ ਕੇ ਡੁਸਕਣ
ਲੱਗ ਪਈ ਸੀ।
''ਹੋਸ਼ ਕਰ ਚੀਨਾ।'' ਮੈਂ ਉਸਦਾ ਸਿਰ ਰਤਾ ਪਿਛਾਂਹ
ਕਰਦਿਆਂ ਇਹ ਕਿਹਾ ਤਾਂ ਉਸਨੇ ਮੇਰੇ ਸਰੀਰ ਦੁਆਲੇ ਬਾਹਵਾਂ
ਵਗਲ ਲਈਆਂ ਸਨ।
''ਜੇ ਪਹਿਲਾਂ ਮਿਲੇ ਹੁੰਦੇ ਤਾਂ ਮੈਂ ਥਾਂ-ਕੁਥਾਂ ਕਿਉਂ
ਭਟਕਦੀ? ਅੱਜ ਮੈਨੂੰ ਮੇਰੀ ਮੰਜ਼ਲ ਮਿਲ ਗਈ ਏ ਬੱਸ। ਪਤਾ
ਨਈਂ ਮੈਂ ਸਾਰਿਆਂ 'ਚੋਂ ਤੁਹਾਨੂੰ ਈ ਲੱਭਦੀ ਰਹੀ ਆਂ। ਏਦਾਂ ਦੀ
ਸ਼ਾਂਤੀ ਤਾਂ ਪਹਿਲਾਂ ਕਦੇ ਵੀ ਨਈਂ ਮਿਲੀ। ਚੰਗਾ ਮੈਂ ਘਰ ਪਹੁੰਚ
ਕੇ ਫੋਨ ਕਰੂੰਗੀ।'' ਉਹ ਦੋ ਕੁ ਘੰਟਿਆਂ ਦੇ ਬਾਅਦ ਵਿਛੜਨ
ਲੱਗੀ ਬੋਲੀ ਸੀ।
ਉਹ ਚਲੀ ਗਈ, ਪਰ ਉਸਦਾ ਫੋਨ ਨਾ ਆਇਆ। ਤੀਸਰੇ
ਦਿਨ ਮੈਂ ਫੋਨ ਕੀਤਾ ਤਾਂ ਕਿਸੇ ਆਦਮੀ ਨੇ ਉਠਾਇਆ ਸੀ। ਮੈਂ
ਰੌਂਗ ਨੰਬਰ ਆਖ ਕੱਟ ਦਿੱਤਾ ਸੀ। ਕੁਝ ਦਿਨ ਤਾਂ ਮੈਂ ਫਿਕਰ
ਕੀਤਾ ਤੇ ਫਿਰ ਮੈਂ ਉਸ ਬਾਰੇ ਤਰ੍ਹਾਂ-ਤਰ੍ਹਾਂ ਦੀਆਂ
ਕਿਆਸਅਰਾਈਆਂ ਲਾਉਣ ਲੱਗਾ। ਪਰ ਮੈਂ ਉਸਨੂੰ ਫੋਨ ਨਾ
ਕੀਤਾ। ਮਹੀਨੇ ਕੁ ਬਾਅਦ ਮਣੀ ਮਿਲੀ ਤਾਂ ਮੈਂ ਉਸ ਤੋਂ ਚੀਨਾ
ਬਾਰੇ ਪੁੱਛਿਆ ਸੀ।
ਉਹ ਹੱਸ ਕੇ ਬੋਲੀ, ''ਉਹਦਾ ਫੋਨ ਨਾ ਉਡੀਕਿਓ ਹੁਣ।''
''ਕਿਉਂ?'' ਮੈਂ ਹੈਰਾਨੀ ਨਾਲ ਪੁੱਛਿਆ ਸੀ।
''ਉਹ ਹੁਣ ਆਪਣੇ ਘਰ ਖੁਸ਼ ਆ। ਉਹਦਾ ਸਹੁਰਾ
ਪੱਕੇ ਤੌਰ 'ਤੇ ਇਥੇ ਸ਼ਿਫਟ ਕਰ ਗਿਆ ਏ ਤੇ ਉਹੀ ਉਸਦੀਆਂ
ਸਾਰੀਆਂ ਜ਼ਰੂਰਤਾਂ ਦਾ ਖਿਆਲ ਰੱਖਦਾ ਏ।'' ਉਹ ਹਲਕਾ
ਹੱਸ ਪਈ ਸੀ।
''ਸਾਰੀਆਂ ਦਾ!'' ਮੈਂ ਸ਼ੰਕਾ ਨਵਿਰਤੀ ਲਈ ਪੁੱਛਿਆ
ਸੀ।
''ਆਹੋ ਬਾਬਾ ਸਾਰੀਆਂ ਦਾ।'' ਮਣੀ ਨੇ ਨਖਰੇ ਨਾਲ
ਜਵਾਬ ਦਿੱਤਾ ਸੀ।
ਕੁਝ ਦੇਰ ਲਈ ਮੇਰੀਆਂ ਅੱਖਾਂ ਅੱਗੇ ਧੁੰਦਲਕਾ ਛਾ ਗਿਆ
ਸੀ। ਹੋਸ਼ ਆਈ ਤਾਂ ਮਣੀ ਹੋਸਟਲ ਵਲ ਤੁਰੀ ਜਾ ਰਹੀ ਸੀ।
ਹੋਸਟਲ, ਲਾਇਬ੍ਰੇਰੀ ਤੇ ਸਵੀ! ਮੈਂ ਆਪਣੇ ਆਪ ਨੂੰ
ਜਿਉਂ ਇਸ ਤਿਕੋਣ ਜਿਹੀ ਵਿਚ ਕੈਦ ਕਰ ਲਿਆ ਸੀ। ਸਵੀ
ਅਕਸਰ ਆਖਦੀ, ''ਮੇਰੇ ਕੋਲ ਤਿੰਨ ਕੁ ਸਾਲ ਮਸਾਂ ਨੇ,
ਤੁਸੀਂ ਰਿਸਰਚ ਦਾ ਕੰਮ ਛੇਤੀ-ਛੇਤੀ ਮੁਕਾ ਲਓ।'' ਮੈਂ ਥੋੜਾ
ਨਾਰਾਜ਼ ਜਿਹਾ ਹੋ ਕੇ ਉਸ ਨੂੰ ਅਜਿਹੀ ਗੱਲ ਮੁੜ ਤੋਂ ਨਾ ਕਰਨ
ਲਈ ਆਖ ਦਿੰਦਾ ਸਾਂ।
ਇਹ ਸਵੀ ਦੇ ਚੰਗੇ ਸਾਥ ਤੇ ਹੱਲਾਸ਼ੇਰੀ ਦਾ ਨਤੀਜਾ ਸੀ
ਕਿ ਰਜਿਸਟ੍ਰੇਸ਼ਨ ਤੋਂ ਢਾਈ ਸਾਲਾਂ ਦੇ ਅੰਦਰ ਮੈਂ ਥੀਸਿਸ
ਸਬਮਿਟ ਕਰਵਾ ਦਿੱਤਾ ਸੀ। ਵਾਈਵੇ ਵਾਲੀ ਸ਼ਾਮ ਜਦੋਂ ਮੈਂ
ਮਠਿਆਈ ਦਾ ਡੱਬਾ ਲੈ ਕੇ ਗਾਈਡ ਦੇ ਘਰ ਗਿਆ ਤਾਂ ਸਵੀ
ਮੈਨੂੰ ਲਾਅਨ 'ਚ ਲਿਜਾ ਕੇ ਕਹਿਣ ਲੱਗੀ, ''ਤੁਹਾਡਾ ਮਕਸਦ
ਪੂਰਾ ਹੋ ਗਿਆ। ਕੋਂਗਰੇਟਸ। ਜਾਓ ਇਸ ਮੱਕੜੀ-ਜਾਲ ਤੋਂ
ਮੁਕਤ ਹੋ ਜਾਓ। ਕੱਲ੍ਹ ਤੋਂ ਤੁਹਾਡੀ ਮਰਜ਼ੀ ਏ ਜੇ ਮਿਲਣ
ਆਉਣਾ ਚਾਹੋ ਤਾਂ ਆ ਵੀ ਸਕਦੇ ਹੋ।'' ਉਸ ਦੀ ਗੱਲ ਸੁਣ
ਮੈਂ ਸੱਚਮੁੱਚ ਤੜਫ ਕੇ ਰਹਿ ਗਿਆ ਸਾਂ।
''ਤੇ ਗਾਈਡ ਜੀ ਦਾ ਸੁਪਨਾ?'' ਮੈਂ ਇਹ ਜਾਣ ਗਿਆ
ਸਾਂ ਕਿ ਸਵੀ ਦਿਲ ਦੀ ਸੱਚੀ-ਸੁੱਚੀ ਕੁੜੀ ਏ ਤੇ ਮੈਂ ਮਨੋ-ਮਨੀ
ਇਹ ਫੈਸਲਾ ਕਰ ਲਿਆ ਸੀ ਕਿ ਜੇ ਇਸ ਨਾਲ ਵਿਆਹ
ਹੋ ਗਿਆ ਤਾਂ ਮੈਂ ਇਸ ਨੂੰ ਪਿਆਰ ਨਾਲ ਸੰਭਾਲ ਲਵਾਂਗਾ।
''ਮੈਂ ਤਾਂ ਬੱਸ ਕੁਝ ਦੇਰ ਦੀ ਮਹਿਮਾਨ ਆਂ!'' ਉਹ
ਸਿਰ ਝੁਕਾਈ ਬੋਲੀ ਸੀ।
''ਕਿਉਂ?'' ਮੈਂ ਦਿਲ 'ਚੋਂ ਉੱਠਦੀ ਚੀਸ ਨੂੰ ਦਬਾ ਕੇ
ਪੁੱਛਿਆ ਸੀ।
''ਮੈਂ ਏਡਜ਼!'' ਉਹ ਅਗਾਂਹ ਨਾ ਬੋਲ ਸਕੀ।
ਮੇਰੀਆਂ ਅੱਖਾਂ ਛਲਕ ਪਈਆਂ। ਇਸ ਤੋਂ ਬਾਅਦ ਅਸੀਂ
ਕੋਈ ਗੱਲ ਨਾ ਕੀਤੀ।
ਅਗਲੇ ਦਿਨ ਮੈਂ ਚੰਡੀਗੜ੍ਹ ਛੱਡ ਕੇ ਪਿੰਡ ਆ ਗਿਆ
ਸਾਂ।
ਛੇ ਕੁ ਮਹੀਨਿਆਂ ਪਿੱਛੋਂ ਕਾਨਵੋਕੇਸ਼ਨ ਹੋਈ ਤਾਂ ਮੈਂ
ਸਵੀ ਨੂੰ ਮਿਲਣ ਗਿਆ ਸਾਂ। ਉਹ ਮੈਥੋਂ ਪਛਾਣੀ ਨਹੀਂ ਸੀ
ਗਈ। ਬੈੱਡ 'ਤੇ ਪਈ ਉਹ ਪਤਲੇ ਤੇ ਮੈਲੇ ਜਿਹੇ ਸਿਰਾਹਣੇ ਦਾ
ਭੁਲੇਖਾ ਪਾ ਰਹੀ ਸੀ। ਮੈਂ ਉਸ ਨੂੰ ਬੁਲਾਇਆ ਤਾਂ ਉਸਨੇ ਮੂੰਹ
ਘੁਮਾ ਕੇ ਹੌਲੀ-ਹੌਲੀ ਅੱਖਾਂ ਖੋਲ੍ਹੀਆਂ ਸਨ। ਉਸਦਾ ਚਿਹਰਾ
ਧੁਆਂਖਿਆ ਪਿਆ ਸੀ।
''ਕੱਲ੍ਹ ਕਨਵੋਕੇਸ਼ਨ ਆ। ਮੈਂ ਡਿਗਰੀ ਲੈਣ ਆਇਆਂ।''
ਮੈਂ ਉਸਦੇ ਸਿਰ 'ਤੇ ਝੁਕ ਕੇ ਕਿਹਾ।
ਉਹ ਮੁਸਕਰਾ ਪਈ ਸੀ ਤੇ ਮੈਨੂੰ ਇਸ਼ਾਰੇ ਨਾਲ ਆਪਣੇ
ਮੂੰਹ ਕੋਲ ਬੁਲਾ ਕੇ ਬੋਲੀ, ''ਵਿਆਹ?''
''ਨਹੀਂ ਹਾਲੇ ਨਹੀਂ। ਹਾਂ ਰਿਸ਼ਤਾ ਹੋ ਗਿਆ ਏ।'' ਇਹ
ਦੱਸਦਿਆਂ ਮੈਂ ਉਦਾਸ ਹੋ ਗਿਆ ਸਾਂ।
''ਜੇ ਧੀ ਹੋਈ ਤਾਂ।'' ਉਸਦੀ ਆਵਾਜ਼ ਖੁਸ਼ਕ ਹੋ ਗਈ
ਸੀ। ਉਸਦੀ ਮਾਂ ਨੇ ਉਸਦੇ ਮੂੰਹ 'ਚ ਪਾਣੀ ਦਾ ਚਮਚਾ ਪਾਇਆ।
''ਉਹਨੂੰ ਪਿਆਰ ਕਰਿਓ। ਨਹੀਂ ਤਾਂ...।'' ਉਸਦਾ ਗੱਚ
ਭਰ ਆਇਆ। ਉਹ ਅਗਾਂਹ ਕੁਝ ਬੋਲ ਨਾ ਸਕੀ। ਹੰਝੂਆਂ
ਭਰੀਆਂ ਅੱਖਾਂ ਨਾਲ ਮੈਨੂੰ ਬੜੀ ਮੁਸ਼ਕਲ ਨਾਲ਼ ਵੇਖਦੀ ਰਹੀ
ਸੀ। ਫਿਰ ਉਸਨੇ ਅੱਖਾਂ ਮੀਟ ਲਈਆਂ। ਮੈਂ ਅੱਥਰੂ ਪੂੰਝਦਾ
'ਗਾਈਡ' ਦੀ ਕਰੋੜਾਂ ਦੀ ਕੋਠੀ 'ਚੋਂ ਬਾਹਰ ਨਿਕਲ ਆਇਆ
ਸਾਂ।
ਪਿਛਲੇ ਸਾਲ ਸਵੀ ਦੀ ਮੌਤ ਹੋ ਗਈ ਏ।
ਅੱਜ ਸਵੀ ਦੀ ਮੌਤ ਨੂੰ ਪੰਜ ਸਾਲ ਬੀਤ ਗਏ ਨੇ। ਅੱਜਕੱਲ੍ਹ
ਮੈਂ ਇਕ ਪ੍ਰਾਈਵੇਟ ਕਾਲਜ 'ਚ ਪੜ੍ਹਾ ਰਿਹਾ ਹਾਂ। ਘਰ 'ਚ
ਪਤਨੀ ਤੇ ਇਕ ਪਿਆਰੀ ਜਿਹੀ ਧੀ ਏ। ਉਸਦਾ ਨਾਂ ਅਸੀਂ
ਸਵੀ ਰੱਖਿਆ ਏ। ਮੈਨੂੰ ਇਸ ਸਵੀ ਦੀਆਂ ਅੱਖਾਂ 'ਚੋਂ ਉਹ
'ਸਵੀ' ਵੇਖ ਰਹੀ ਮਹਿਸੂਸ ਹੁੰਦੀ ਏ। ਬਾਪੂ ਮੇਰੇ ਵਿਆਹ 'ਤੇ
ਕੈਨੇਡਾ ਤੋਂ ਆਇਆ ਸੀ।....ਤੇ ਜਾਣ ਤੋਂ ਹਫਤਾ ਕੁ ਪਹਿਲਾਂ
ਉਸ ਦੀ ਹਾਰਟ-ਅਟੈਕ ਨਾਲ ਮੌਤ ਹੋ ਗਈ।
'ਤੂੰ ਤਾਂ ਬੇਸਮੈਂਟ ਵਾਲੀ ਕੈਦ ਤੋਂ ਬਚ ਗਿਐ।' ਉਸਦੀ
ਚਿਤਾ ਨੂੰ ਲਾਂਬੂ ਲਾਉਂਦਿਆਂ ਮੈਂ ਸੋਚਿਆ ਸੀ।
ਮਣੀ ਅੱਜ ਵੀ ਕਦੇ ਕਿਸੇ ਦੇ ਕਦੇ ਕਿਸੇ ਨਾਲ ਸ਼ਿਮਲੇ
ਦੀ ਸੈਰ ਲਈ ਤੁਰੀ ਰਹਿੰਦੀ ਏ। ਉਸਦਾ ਜੋਤ ਤਾਂ ਕਦੋਂ ਦਾ
ਵਿਆਹ ਕਰਵਾ ਕੇ ਕੈਨੇਡਾ ਜਾ ਚੁੱਕਾ ਏ।
'ਸ਼ਾਇਦ ਚੀਨਾ ਨੂੰ ਕਦੇ ਮੇਰੀ ਰਾਹਨੁਮਾਈ ਦੀ ਲੋੜ
ਪਵੇ।' ਇਹ ਸੋਚ ਕੇ ਮੈਂ ਪਿਛਲੇ ਸੱਤ ਸਾਲਾਂ ਤੋਂ ਆਪਣਾ ਫੋਨ
ਨੰਬਰ ਨਹੀਂ ਬਦਲਿਆ। ਪਰ ਉਸਦਾ ਮੁੜ ਕਦੇ ਫੋਨ ਨਹੀਂ
ਆਇਆ।
ਪਿਛਲੇ ਮਹੀਨੇ ਮੈਂ ਰਿਫਰੈਸ਼ਰ ਕੋਰਸ ਦੇ ਸਬੰਧ 'ਚ
ਯੂਨੀਵਰਸਿਟੀ ਗਿਆ ਸਾਂ। ਅਚਾਨਕ ਮਣੀ ਮਿਲ ਪਈ। ਉਸ
ਨੂੰ ਮੈਂ ਚਾਰ ਸਾਲਾਂ ਦੇ ਬਾਅਦ ਵੇਖਿਆ ਸੀ। ਕਿੰਨਾ ਬਦਲ ਗਈ
ਸੀ ਉਹ! ਨਾ ਜਿਸਮ 'ਚ ਮੜਕ ਸੀ ਨਾ ਚਿਹਰੇ 'ਤੇ ਪਹਿਲਾਂ
ਜਿਹਾ ਨੂਰ ਤੇ ਕਸ਼ਿਸ਼। ਅਸੀਂ ਸਟੂਡੈਂਟਸ ਸੈਂਟਰ 'ਚ ਬੈਠ ਕੇ
ਕਈ ਦੇਰ ਗੱਲਾਂ ਕਰਦੇ ਰਹੇ ਸਾਂ। ਅਚਾਨਕ ਮੈਨੂੰ ਚੀਨਾ ਦਾ
ਖ਼ਿਆਲ ਆ ਗਿਆ ਸੀ।
''ਚੀਨਾ ਨਈਂ ਮਿਲੀ ਕਦੇ?'' ਮੈਂ ਇਕ ਝਿਜਕ ਨਾਲ
ਪੁੱਛਿਆ ਸੀ।
''ਤੁਸੀਂ ਉਹਦੀ ਕੋਈ ਖਬਰ ਨਈਂ ਸੁਣੀ?'' ਉਹ ਮੈਨੂੰ
ਹੈਰਾਨੀ ਨਾਲ ਵੇਖਦਿਆਂ ਬੋਲੀ ਸੀ।
''ਕ੍ਹਾਦੀ ਖਬਰ?'' ਇਕ ਪਲ਼ ਲਈ ਮੈਂ ਡਰ ਕੇ ਸੋਚਿਆ
ਸੀ ਕਿ ਉਸ ਨੇ ਖੁਦਕਸ਼ੀ ਕਰ ਲਈ ਹੋਣੀ ਏ।
''ਉਹਨੇ ਆਪਣੇ ਸਹੁਰੇ ਦਾ ਕਤਲ ਕਰ ਦਿੱਤਾ ਸੀ।''
''ਹੈਂ! ਉਹ ਕਿਉਂ?''
''ਪਹਿਲਾਂ ਤਾਂ ਉਹਦੀ ਸਹੁਰੇ ਨਾਲ ਅਟੈਚਮੈਂਟ ਸੀ। ਫਿਰ
ਇਕ ਗੁਆਂਢੀ ਨਾਲ ਹੋ ਗਈ, ਸਹੁਰਾ ਰੋਕਦਾ ਸੀ। ਬਸ ਕਤਲ
ਕਰ ਦਿੱਤਾ। ਉਹ ਤਾਂ ਡੇਢ ਸਾਲ ਕੈਦ ਕੱਟ ਕੇ ਆਈ ਆ। ਹੁਣ
ਉਹਦਾ ਪਤੀ ਨਾਲ ਤਲਾਕ ਦਾ ਕੇਸ ਚੱਲਦੈ। ਪਿਛਲੇ ਹਫਤੇ ਈ
ਉਹ ਘਰ ਆਈ ਸੀ।''
ਮਣੀ ਨੇ ਹੱਸ ਕੇ ਗੱਲ ਮੁਕਾਈ ਤਾਂ ਮੈਂ ਹੈਰਾਨ ਹੋ ਗਿਆ
ਸਾਂ।
''ਕੀ ਗੱਲਾਂ ਹੋਈਆਂ ਫਿਰ?'' ਮੈਂ ਤਾਂ ਅੰਤਾਂ ਦੀ
ਜਗਿਆਸਾ ਨਾਲ ਪੁੱਛਿਆ ਸੀ।
''ਉਹਨੇ ਕਮਰੇ ਨੂੰ ਅੰਦਰੋਂ ਕੁੰਡੀ ਮਾਰ ਲਈ। ਮੈਂ ਡਰ
ਗਈ। ਮੈਨੂੰ ਬਾਹਵਾਂ ਵਿਚ ਲੈ ਕੇ ਕਈ ਦੇਰ ਰੋਂਦੀ ਰਹੀ। ਫਿਰ
ਕਹਿਣ ਲੱਗੀ-ਚੱਲ ਮਣੀ ਆਪਾਂ ਵਿਆਹ ਕਰਵਾ ਲਈਏ।
ਮੈਨੂੰ ਮਰਦਾਂ ਤੇ ਕੋਈ ਭਰੋਸਾ ਨਈਂ ਰਿਹਾ। ਹੁਣ ਤਾਂ ਔਰਤਾਂ ਦੇ
ਆਪਸ ਵਿਚ ਬਥੇਰੇ ਵਿਆਹ ਹੁੰਦੇ ਆ। ਮੇਰਾ ਦਿਲ ਨਾ ਤੋੜੀਂ।
ਉਹ ਰੋਂਦੀ-ਰੋਂਦੀ ਮੇਰੇ ਪੈਰ ਫੜਕੇ ਮਿੰਨਤਾਂ-ਤਰਲੇ ਕਰਨ
ਲੱਗ ਪਈ। ਮੈਨੂੰ ਤਾਂ ਉਹ ਪਾਗਲ ਜਿਹੀ ਹੋ ਗਈ ਲੱਗਦੀ ਏ।
ਮੈਂ ਤਾਂ ਉਹਨੂੰ ਹੁਣ ਕਦੇ ਨਈਂ ਮਿਲਣਾ। ਵੈਸੇ ਡਿਸਟਰਬ ਬ੍ਹੌਤ
ਆ ਉਹ।''
ਹੁਣ ਮਣੀ ਸੱਚਮੁੱਚ ਚਿੰਤਤ ਸੀ।
''ਮੇਰੇ ਬਾਰੇ ਨਈਂ ਕੋਈ ਗੱਲ ਕੀਤੀ ਉਹਨੇ?'' ਮੈਂ
ਥੋੜਾ ਉਦਾਸ ਹੁੰਦਿਆਂ ਪੁੱਛਿਆ ਸੀ।
''ਨਹੀਂ। ਮੈਂ ਹੀ ਕਿਹਾ ਸੀ ਕਿ ਤੂੰ ਏਨੀ ਡਿਸਟਰਬ ਏਂ,
ਸਰ ਹੁਰਾਂ ਨੂੰ ਈ ਫੋਨ ਕਰ ਲੈ। ਤੈਨੂੰ ਉਹੀ ਸਹੀ ਗਾਈਡ ਕਰ
ਸਕਦੇ ਨੇ। ਉਹ ਅੱਗੋਂ ਪਤਾ ਕੀ ਕ੍ਹੈਣ ਲੱਗੀ?''
''ਕੀ?'' ਮੈਂ ਥੋੜਾ ਡਰ ਕੇ ਪੁੱਛਿਆ ਸੀ।
''ਕਹਿਣ ਲੱਗੀ ਉਹ ਹੁਣ ਮੇਰੇ ਗਾਈਡ ਨਈਂ ਰਹੇ।''
ਮਣੀ ਥੋੜਾ ਗੰਭੀਰ ਹੁੰਦਿਆਂ ਬੋਲੀ ਸੀ।
ਮੇਰਾ ਸਿਰ ਆਪ-ਮੁਹਾਰੇ ਝੁਕ ਗਿਆ ਸੀ।
ਇਸ ਗੱਲ ਤੋਂ ਬਾਅਦ ਮੈਂ ਕੋਈ ਗੱਲ ਨਹੀਂ ਸਾਂ ਕਰ
ਸਕਿਆ।