Gurcharna Gaddar (Punjabi Story) : Gurmeet Karyalvi

ਗੁਰਚਰਨਾ ਗਾਡ੍ਹਰ (ਕਹਾਣੀ) : ਗੁਰਮੀਤ ਕੜਿਆਲਵੀ

ਉਸ ਦੇ ਸਿਰ ਬੇਰਹਿਰਮੀ ਨਾਲ ਕੀਤੇ ਦੋ ਕਤਲ ਸਨ। ਇਕ ਜੇਲ੍ਹੋਂ ਬਾਹਰ ਤੇ ਦੂਜਾ ਜੇਲ੍ਹ ਦੇ ਅੰਦਰ। ਬੈਰਕ ਦੇ ਐਨ ਅਹਾਤੇ ਵਿਚ। ਜੇਲ੍ਹ ਦੇ ਕਰਮਚਾਰੀ ਅਤੇ ਅਧਿਕਾਰੀ ਹੀ ਨਹੀਂ, ਹਵਾਲਾਤੀ ਅਤੇ ਖ਼ਤਰਨਾਕ ਕਿਸਮ ਦੇ ਕੈਦੀ ਵੀ ਉਸ ਤੋਂ ਤਰਿੰਹਦੇ ਸਨ। ਗੋਰਾ ਨਿਛੋਹ ਰੰਗ, ਸੱਠਾਂ ਤੋਂ ਉਤੇ ਢੁੱਕਿਆ ਹੱਬਲ ਸਰੀਰ। ਦੁੱਧ ਚਿੱਟਾ ਦਾਹੜਾ। ਗਹਿਰ-ਭਾਸਦੀਆਂ ਭੂਸਲੀਆਂ ਅੱਖਾਂ। ਸ਼ਾਂਤ-ਚਿੱਤ ਤੁਰਿਆ ਜਾਂਦਾ ਉਹ ਖ਼ਤਰਨਾਕ ਕੈਦੀ ਨਹੀਂ ਸਗੋਂ ਕੋਈ ਦਰਵੇਸ਼ ਜਾਪਦਾ ਸੀ।

''ਅਸਲੀ ਮਰਦ ਐ……!''

''ਫਾਹੇ ਲੱਗੂ…..।'' ਉਸ ਦੇ ਤੁਰ ਜਾਣ ਬਾਅਦ ਕਿੰਨਾ ਹੀ ਚਿਰ ਹਵਾਲਾਤੀਆਂ ਦੀਆਂ ਗੱਲਾਂ ਉਸ ਬਾਰੇ ਚਲਦੀਆਂ ਰਹਿੰਦੀਆਂ ਸਨ।

''ਗੁਰਦਾਸ! ਇਹਨੂੰ ਜਾਣਦੈਂ ? ਪਤਾ ਇਹ ਕੌਣ ਐ ?'' ਡੀ.ਟੀ.ਓ ਗਰੇਵਾਲ ਜਿਹੜਾ ਰਿਸ਼ਵਤ ਦੇ ਦੋਸ਼ ਵਿਚ ਚਾਰ ਸਾਲ ਦੀ ਸਜ਼ਾ ਭੁਗਤ ਰਿਹਾ ਸੀ, ਨੇ ਪੁੱਛਿਆ ਸੀ। ਗਰੇਵਾਲ ਕੈਦੀਆਂ ਵਾਲੀ ਅੱਠ ਨੰਬਰ ਬੈਰਕ ਵਿਚ ਰਹਿੰਦਾ ਸੀ। ਜੇਲ੍ਹ ਵਿਚ ਉਸ ਨੂੰ ਬੀ ਕਲਾਸ ਮਿਲੀ ਹੋਈ ਸੀ। ਸੈਸ਼ਨ ਕੋਰਟ ਵੱਲੋਂ ਹੋਈ ਇਸ ਸਜ਼ਾ ਖ਼ਿਲਾਫ਼ ਉਸ ਨੇ ਹਾਈਕੋਰਟ ਵਿਚ ਅਪੀਲ ਪਾਈ ਹੋਈ ਸੀ ਜਿਸ ਦੀ ਸੁਣਵਾਈ ਅਗਲੇ ਮਹੀਨੇ ਹੋਣੀ ਸੀ।

''ਨਹੀਂ ਤਾਂ…. ਬੱਸ ਦੂਰੋਂ-ਦੂਰੋਂ ਹੀ ਦੇਖਿਆ।'' ਮੈਂ ਜੁਆਬ ਦਿੱਤਾ ਸੀ।

''ਇਹ ਗੁਰਚਰਨਾ ਐ…. ਗੁਰਚਰਨਾ ਗਾਡ੍ਹਰ… ਸੱਚਮੁੱਚ ਦਾ ਗਾਡ੍ਹਰ…ਗਾਡ੍ਹਰ ਵਰਗਾ ਆਦਮੀ।''

''ਗਾਡ੍ਹਰ ਆਦਮੀ……. ਕਿਵੇਂ ?''

''ਇਹ ਝੁੱਬੀਆਣੇ ਤੋਂ ਆ ਗੁਰਚਰਨ ਸਿੰਘ…. ਪਿੰਡ ਦੇ ਜ਼ੈਲਦਾਰ ਦੇ ਵਿਗੜੇ ਛੋਹਰਾਂ ਨੇ ਇਹਦੀ ਧੀ ਦੀ ਇੱਜ਼ਤ ਰੋਲਤੀ ਸੀ। ਵਿਚਾਰੀ ਨੇ ਖੂਹ ਵਿਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ। ਜ਼ੈਲਦਾਰ ਦੇ ਪੈਸਿਆਂ ਨੇ ਆਵਦਾ ਕੰਮ ਕਰ ਦਿੱਤਾ। ਤਿੰਨਾਂ ਮੁੰਡਿਆਂ 'ਚੋਂ ਕੇਵਲ ਇਕ ਦੇ ਸਿਰ ਹਲਕਾ ਜਿਹਾ ਕੇਸ ਪੁਆ ਕੇ ਜੇਲ੍ਹ ਭਿਜਵਾ ਦਿੱਤਾ। ਬਾਕੀ ਦੋ ਜਰਵਾਣੇ ਬਾਹਰ ਬੁੱਕਦੇ ਫਿਰਦੇ ਸਨ, ਗਰੀਬਾਂ ਦੀਆਂ ਧੀਆਂ-ਭੈਣਾਂ ਨੂੰ ਤਾੜਦੇ। ਗੁਰਚਰਨੇ ਦੀ ਹਿੱਕ 'ਤੇ ਜਿਵੇਂ ਸੱਪ ਮੇਲਦੇ। ਇਕ ਦਿਨ ਮੌਕਾ ਪਾ ਕੇ ਉਸ ਨੇ ਇਕ ਦੁਸ਼ਟ ਨੂੰ ਸੋਧ ਦਿੱਤਾ। ਉਸੇ ਕੇਸ ਵਿਚ ਹੀ ਗੁਰਚਰਨਾ ਜੇਲ੍ਹ ਆਇਆ ਸੀ। ਆਹ ਤੇਰੇ ਆਉਣ ਤੋਂ ਚਾਰ ਕੁ ਮਹੀਨੇ ਪਹਿਲਾਂ ਦੀ ਗੱਲ ਐ। ਇਥੇ ਜੇਲ੍ਹ ਵਿਚ ਆ ਕੇ ਗੁਰਚਰਨੇ ਨੇ ਦੂਜੇ ਨੂੰ ਵੀ ਰੇੜ੍ਹ ਦਿੱਤਾ।''

''ਇਥੇ ਜੇਲ੍ਹ ਵਿਚ ਈ…..?'' ਕਿਵੇਂ ? ਆਏਂ ਕਿਵੇਂ ਹੋਜੂ ?'' ਗੱਲ ਮੇਰੀ ਸਮਝ ਵਿਚ ਨਹੀਂ ਸੀ ਆਈ।

''ਇਥੇ ਜੇਲ੍ਹ ਵਿਚ ਆ ਕੇ ਗੁਰਚਰਨੇ ਨੂੰ ਟੇਕ ਕਿਥੋਂ ਆਉਂਦੀ। ਉਸ ਦੀ ਧੀ ਦਾ ਕਾਤਲ ਵੀ ਤਾਂ ਇਸੇ ਜੇਲ੍ਹ ਵਿਚ ਸੀ। ਗੁਰਚਰਨੇ ਦੀਆਂ ਤਾਂ ਅੱਖਾਂ ਵਿਚ ਅੱਗ ਮੱਚਦੀ ਰਹਿੰਦੀ ਸੀ। ਉਹ ਤਾਂ ਬੱਸ ਇਹੀ ਸਕੀਮਾਂ ਸੋਚਦਾ ਰਹਿੰਦਾ ਹੋਣੈ ਕਿ ਕਦੋਂ ਇਸ ਮਰਦੂਦ ਦੀ ਅਗਲੀ ਟਿਕਟ ਕੱਟਾਂ। ਲਉ ਜੀ-ਗੁਰਚਰਨੇ ਨੇ ਰੋਟੀ ਖਾਣ ਵਾਲੇ ਚਮਚੇ ਦੀ ਡੰਡੀ ਨੂੰ ਫਰਸ਼ ਨਾਲ ਰਗੜ-ਰਗੜ ਕੇ ਤਿੱਖਾ ਨੋਕਦਾਰ ਚਾਕੂ ਬਣਾ ਲਿਆ। ਇਕ ਦਿਨ ਗੁਰਚਰਨੇ ਨੇ ਮੌਕਾ ਤਾੜ ਲਿਆ। ਜ਼ੈਲਦਾਰ ਦਾ ਵਿਗੜੈਲ ਕਾਕਾ ਬੈਰਕ ਦੇ ਵਿਹੜੇ ਵਿਚ ਪਾਣੀ ਵਾਲੀ ਖੇਲ 'ਤੇ ਬੈਠਾ ਮਲ-ਮਲ ਕੇ ਨਹਾਈ ਜਾਵੇ। ਜਿਵੇਂ ਸਾਲਾ ਜਨਮਾਂ-ਜਨਮਾਂਤਰਾਂ ਦੀ ਮੈਲ ਲਾਹੁੰਦਾ ਹੋਵੇ। ਪਤਾ ਈ ਉਦੋਂ ਲੱਗਾ ਜਦੋਂ ਗੁਰਚਰਨੇ ਨੇ ਖੇਲ ਦਾ ਪਾਣੀ ਦੁਸ਼ਟ ਦੇ ਖੂਨ ਨਾਲ ਲਾਲ ਕਰ ਦਿੱਤਾ। ਉਥੇ ਈ ਮਿਆਂ-ਮਿਆਂ ਕਰਦਾ ਰਹਿ ਗਿਆ ਜਿਵੇਂ ਕਸਾਈ ਦੀ ਛੁਰੀ ਥੱਲੇ ਬੱਕਰਾ ਮਿਆਂਕਦਾ ਹੁੰਦਾ।''

''ਅੱਛਾ !'' ਹੈਰਾਨੀ ਨਾਲ ਮੇਰੀਆਂ ਅੱਖਾਂ ਫੈਲ ਗਈਆਂ ਸਨ।

''ਗੁਰਦਾਸ! ਗੁਰਚਰਨਾ ਆਂਹਦਾ ਹੁੰਦਾ, ਬੰਦੇ ਅੰਦਰ ਰੜਕ ਹੋਣੀ ਚਾਹੀਦੀ ਐ….. ਦਰਅਸਲ ਜਿਹੜੇ ਆਪਾਂ ਹੁੰਨੈ ਆਂ ਨਾ, ਮੇਰਾ ਮਤਲਬ ਸਰਕਾਰੀ ਨੌਕਰੀਆਂ ਵਾਲੇ, ਅਪਣੇ 'ਚ ਰੜਕ ਨ੍ਹੀ ਰਹਿੰਦੀ। ਆਪਾਂ ਤਾਂ ਬੱਸ ਸੁਰਮਾ ਬਣ ਜਾਂਦੇ ਹਾਂ ਹਾਕਮਾਂ ਦੀ ਅੱਖ ਦਾ। ਧੇਲੀ-ਧੇਲੀ ਦੇ ਬੰਦੇ ਆਪਾਂ ਨੂੰ ਕੱਠਪੁਤਲੀਆਂ ਵਾਂਗੂੰ ਉਂਗਲਾਂ 'ਤੇ ਨਚਾਈ ਜਾਂਦੇ ਆ। ਮਟਕਾਉਂਦੇ ਰਹਿੰਦੇ ਅੱਖਾਂ 'ਚ ਪਾ ਕੇ। ਤੇ ਜੇ ਕਿਧਰੇ ਅਪਣੇ ਵਰਗਾ ਅੱਖਾਂ ਵਿਚ ਰੜਕਣ ਲੱਗ ਜੇ….. ਮੂਲੀ ਵਾਂਗੂੰ ਪੁੱਟ ਕੇ ਅਹੁ ਮਾਰਦੇ। ਕੀ ਜਿਉਣਾ ਅਪਣਾ ? ਬੰਦਾ ਹੋਵੇ ਤਾਂ ਗੁਰਚਰਨੇ ਵਰਗਾ, ਨਹੀਂ ਤਾਂ ਨਾ ਹੋਵੇ; ਕੀ ਫ਼ਰਕ ਪੈਂਦਾ। ਆਪਾਂ ਤਾਂ ਐਵੇਂ ਲਾਲਾਂ ਚੱਟਦੇ ਰਹਿਨੇ ਆ ਦੁੱਕੀ-ਤਿੱਕੀ ਦੀਆਂ। ਕਦੇ ਬਦਲੀ ਦਾ ਡਰ, ਕਦੇ ਮੁਅੱਤਲੀ ਦਾ…..ਕਦੇ ਤੇਰੇ-ਮੇਰੇ ਵਾਂਗੂੰ…..।'' ਗਰੇਵਾਲ ਨੇ ਵਾਕ ਪੂਰਾ ਨਹੀਂ ਸੀ ਕੀਤਾ। ਡੀ.ਟੀ.ਓ ਗਰੇਵਾਲ, ਜਿਹੜਾ ਕਿ ਪੰਜਾਬ ਦਾ ਇਮਾਨਦਾਰ ਅਫਸਰ ਗਿਣਿਆ ਜਾਂਦਾ ਸੀ, ਸ਼ਹਿਰ ਦੇ ਨਾਮਵਰ ਟਰਾਂਸਪੋਰਟਰਾਂ ਨਾਲ ਪੰਗਾ ਲੈ ਬੈਠਾ ਸੀ। ਉਸ ਨੇ ਹਰਚੋਵਾਲੀਆਂ ਦੀਆਂ ਬਿਨਾਂ ਪਰਮਿਟ ਚੱਲਦੀਆਂ ਬੱਸਾਂ ਥਾਣੇ ਬੰਦ ਕਰਵਾ ਦਿੱਤੀਆਂ ਸਨ। ਹਰਚੋਵਾਲੀਆਂ ਕੋਲ ਲੁਧਿਆਣਾ ਤੋਂ ਬਠਿੰਡਾ ਦੇ ਦੋ ਹੀ ਪਰਮਿਟ ਸਨ, ਪਰ ਉਹ ਧੱਕੇ ਨਾਲ ਪੰਜ ਬੱਸਾਂ ਚਲਾਉਂਦੇ ਸਨ। ਹਰਚੋਵਾਲੀਆ ਸਰਦਾਰਾਂ ਨੇ 'ਰੁਪਈਆਂ' ਨਾਲ ਗਰੇਵਾਲ ਨੂੰ ਹੱਥਾਂ ਹੇਠ ਕਰਨਾ ਚਾਹਿਆ ਸੀ, ਪਰ ਉਸ ਨੇ ਹਰਚੋਵਾਲੀਆਂ ਵੱਲੋਂ ਅਪਣੇ ਮੈਨੇਜਰ ਹੱਥ ਭੇਜਿਆ ਨੋਟਾਂ ਦਾ ਬੈਗ ਉਸੇ ਤਰ੍ਹਾਂ ਬਿਨਾਂ ਹੱਥ ਲਾਇਆਂ ਵਾਪਸ ਮੋੜ ਦਿੱਤਾ ਸੀ। ਅਗਲੇ ਦਿਨ ਹਰਚੋਵਾਲੀਏ ਟਰਾਂਸਪੋਰਟ ਮੰਤਰੀ ਕੋਲ ਜਾ ਪਿੱਟੇ ਸਨ।

''ਗਰੇਵਾਲ ਸਾਹਿਬ! ਹਰਚੋਵਾਲੀਆਂ ਨਾਲ ਐਡਜਸਟ ਕਰੋ। ਅਪਣੇ ਵਰਕਰ ਨੇ। ਉਂਝ ਵੀ ਸੀ.ਐਮ ਸਾਹਿਬ ਦੀ ਗੁੱਡ ਬੁੱਕਸ ਵਿਚ ਨੇ…. ਸਮਝ ਲਉ ਮੇਰੀ ਨਹੀਂ ਇਹ ਸੀ. ਐਮ. ਸਾਹਿਬ ਦੀ ਹੀ ਇੱਛਾ ਐ…।'' ਟਰਾਂਸਪੋਰਟ ਮੰਤਰੀ ਦੀ ਆਵਾਜ਼ ਵਿਚ ਇਕ ਤਰ੍ਹਾਂ ਲੁਕਵੀਂ ਧਮਕੀ ਸੀ। ਗਰੇਵਾਲ ਨੇ ਕੋਈ ਜੁਆਬ ਨਹੀਂ ਸੀ ਦਿੱਤਾ। ਬੱਸ ਦੇਸ਼ ਭਗਤੀ ਕੁਝ ਵਧੇਰੇ ਹੀ ਸਿਰ ਹੋ ਗਈ ਸੀ। ਵਜ਼ੀਰ ਦਾ ਫੋਨ ਹਰਚੋਵਾਲੀਆਂ ਦੀਆਂ ਥਾਣੇ ਡੱਕੀਆਂ ਬੱਸਾਂ ਨਹੀਂ ਸੀ ਛੁਡਾ ਸਕਿਆ। ਗਰੇਵਾਲ ਦੀ ਇਸ ਜ਼ੁਰਅਤ ਦੀਆਂ ਗੱਲਾਂ ਤਿੰਨ ਕੁ ਦਿਨ ਇਧਰ-ਉਧਰ ਚੱਲੀਆਂ ਸਨ। ਇਕ ਅੱਧ ਅਖ਼ਬਾਰ ਦੇ ਤੀਜੇ ਕੁ ਪੰਨੇ 'ਤੇ ਛੋਟੀ ਜਿਹੀ ਖ਼ਬਰ ਵੀ ਛਪ ਗਈ ਸੀ। ਫਿਰ ਇਕ ਦਿਨ ਹਰਚੋਵਾਲੀਆਂ ਦੇ ਮੈਨੇਜਰ ਤੋਂ 10 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਡੀ.ਟੀ.ਓ ਗਰੇਵਾਲ ਵਿਜੀਲੈਂਸ ਦੇ ਧੱਕੇ ਚੜ੍ਹ ਗਿਆ ਸੀ। ਪਲਾਂ ਵਿਚ ਹੀ ਇਮਾਨਦਾਰ ਸਮਝਿਆ ਜਾਂਦਾ ਗਰੇਵਾਲ ਚਹੁੰ-ਕੂੰਟੀ ਰਿਸ਼ਵਤਖੋਰ ਅਤੇ ਬੇਈਮਾਨ ਬਣ ਗਿਆ । ਵਿਜੀਲੈਂਸ ਨੇ ਫੜ ਕੇ ਥਾਣੇ ਬੰਦ ਕਰ ਦਿੱਤਾ ਸੀ। ਦੋ ਚਾਰ ਮੁਲਾਜ਼ਮ-ਮਜ਼ਦੂਰ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਗਰੇਵਾਲ ਨੂੰ ਧੱਕੇ ਨਾਲ ਫਸਾਉਣ ਵਿਰੁੱਧ ਦਿੱਤੇ ਧਰਨਿਆਂ ਦਾ ਵਿਜੀਲੈਂਸ 'ਤੇ ਕੋਈ ਅਸਰ ਨਹੀਂ ਸੀ ਹੋਇਆ। ਹਫ਼ਤੇ-ਖੰਡ ਬਾਅਦ ਗੱਲ ਆਈ-ਗਈ ਹੋ ਗਈ ਸੀ। ਦੋ-ਢਾਈ ਸਾਲ ਚੱਲੇ ਅਦਾਲਤੀ ਕੇਸ ਦਾ ਫੈਸਲਾ ਵੀ ਗਰੇਵਾਲ ਦੇ ਖ਼ਿਲਾਫ਼ ਹੀ ਗਿਆ ਸੀ। ਅਦਾਲਤਾਂ ਤਾਂ ਗਵਾਹਾਂ ਅਨੁਸਾਰ ਹੀ ਚੱਲਦੀਆਂ ਨੇ ਤੇ ਗਵਾਹ ਹਰਚੋਵਾਲੀਆਂ ਦੇ ਆਵਦੇ ਸਨ। ਕਈ ਤਾਂ ਇਹ ਵੀ ਆਖਦੇ ਨੇ ਕਿ ਡੀ.ਟੀ.ਓ ਗਰੇਵਾਲ ਨੂੰ ਸਜ਼ਾ ਸੁਣਾਉਣ ਵਾਲਾ ਜੱਜ ਵੀ ਹਰਚੋਵਾਲੀਆਂ ਦਾ 'ਕੋਈ ਅਪਣਾ' ਹੀ ਸੀ।

''ਦਾਸ !''

''ਹੂੰ……!'' ਮੈਂ ਜਿਵੇਂ ਡੂੰਘੇ ਖੂਹ ਵਿਚੋਂ ਨਿਕਲਿਆ ਹੋਵਾਂ।

''ਗੁਰਚਰਨੇ ਵਰਗੇ ਬੰਦੇ ਜ਼ਿੰਦਗੀ ਦਾ ਅਣੂ ਨੇ …..ਆਪਾਂ ਤਾਂ ਬੱਸ਼….. ਨਾ ਜਿਉਂਦਿਆਂ 'ਚ ਨਾ ਮਰਿਆਂ 'ਚ। ਦੱਸ ਅਫਸਰਾ ਕੀ ਖੱਟਿਆ ਆਪਾਂ ਇਮਾਨਦਾਰ ਬਣ ਕੇ ? ਮੈਂ ਤਾਂ ਸੋਚਦਾਂ--।'' ਗਰੇਵਾਲ ਨੇ ਗਹੁ ਨਾਲ ਮੇਰੀਆਂ ਅੱਖਾਂ ਵਿਚ ਝਾਕਿਆ । ਮੈਨੂੰ ਪਿੰਡ ਵਾਲੇ ਮਿੱਤਰ ਹਰਜੀਤ ਦੀ ਗੱਲ ਯਾਦ ਆ ਗਈ ਸੀ। ਜਦੋਂ ਮੈਨੂੰ ਨਵੀਂ- ਨਵੀਂ ਸਰਵਿਸ ਮਿਲੀ ਸੀ, ਉਸਨੇ ਰਾਹ ਜਾਂਦੇ ਨੂੰ ਰੋਕ ਲਿਆ ਸੀ, ''ਮੈਨੂੰ ਤੇਰੇ ਵਿਚਾਰਾਂ ਦਾ ਪਤਾ….ਪਰ। ਹੁਣ ਤੂੰ ਅਫਸਰ ਬਣ ਗਿਆਂ, ਮੇਰੀ ਇਕ ਗੱਲ ਯਾਦ ਰੱਖੀਂ, ਭਗਤ ਸਿੰਘ ਨਾ ਬਣੀਂ।''

''ਦਾਸ! ਕੀ ਸੋਚਦੈਂ ?''

''ਕੁਝ ਨਹੀਂ ਸਰ…..'ਆਪਣੇ' ਬਾਰੇ ਈ ਸੋਚਦਾਂ। ਏਹੀ ਕਿ ਇਮਾਨਦਾਰ ਹੋਣਾ ਵੀ ਵੱਡਾ ਗੁਨਾਹ ਐ। ਇਮਾਨਦਾਰ ਹੋਣ ਦੀ ਕੀਮਤ ਚੁਕਾਉਣੀ ਪੈਂਦੀ ਐ । ਗੱਲਾਂ ਕਰਨੀਆਂ….. ਭਾਸ਼ਨ ਕਰਨਾ ਬੜਾ ਸੌਖਾ।'' ਮੇਰੀ ਗੱਲ ਦੇ ਜੁਆਬ ਵਿਚ ਗਰੇਵਾਲ ਮੇਰੀਆਂ ਅੱਖਾਂ ਵਿਚ ਝਾਕਿਆ ਸੀ।

"ਗੱਲਾਂ ਕਰਨੀਆਂ……ਭਾਸ਼ਨ ਕਰਨਾ ਬੜਾ ਸੌਖਾ।'' ਮੈਂ ਫੇਰ ਦੁਹਰਾਇਆ ਸੀ।

''ਤੂੰ ਠੀਕ ਆਖਦਾਂ ਅਫਸਰਾ। ਕੱਲ੍ਹ ਪੰਦਰਾਂ ਅਗਸਤ, ਆਜ਼ਾਦੀ ਦਿਹਾੜੇ 'ਤੇ ਦੇਖਿਆ ਜੇਲ੍ਹ ਸੁਪਰਡੈਂਟ ਕਿਵੇਂ ਹਵਾਲਾਤੀਆਂ ਕੈਦੀਆਂ ਨੂੰ ਇਮਾਨਦਾਰ ਬਨਣ ਦਾ ਭਾਸ਼ਨ ਝਾੜਦਾ ਸੀ। ਅਖੇ ਇਹ ਜੇਲ੍ਹ ਨੀ ਸੁਧਾਰ ਘਰ ਐ। ਇਥੋਂ  ਵਧੀਆ ਇਨਸਾਨ ਬਣਕੇ ਬਾਹਰ ਜਾਣਾ ਚਾਹੀਦਾ। ਦਸ ਦਿਨ ਹੋਗੇ ਤੈਨੂੰ ਜੇਲ੍ਹ ਆਏ ਨੂੰ….. ਰੋਟੀ- ਪਾਣੀ ਦੇਖ ਲਿਆ ਜਿਹੜਾ ਮਿਲਦਾ ਜੇਲ੍ਹੀਆਂ ਨੂੰ ? ਦਾਲ 'ਚ ਟੁੱਭੀ ਮਾਰਿਆਂ ਵੀ ਦਾਣਾ ਨ੍ਹੀ ਲੱਭਦਾ। ਇਹ ਜਿਹੜਾ ਮੀਸਣਾ ਜਿਹਾ ਜੇਲ੍ਹ ਸੁਪਰਡੈਂਟ ਐ ਨਾ…… ਜਿਹੜਾ ਭਾਸ਼ਨ ਕਰਦਿਆਂ ਸ਼ਹੀਦਾਂ ਦੀਆਂ ਗੱਲਾਂ ਕਰਦਾ ਸੀ ਨਾਲੇ ਗੁਰਬਾਣੀ ਦੇ ਸਲੋਕ ਬੋਲਦਾ ਸੀ, ਸਿਰੇ ਦੀ ਜੋਕ ਆ। ਇਹਨੇ ਸਾਲੇ 'ਬਰਾੜੀ' ਦੇ ਨੇ ਕੈਦੀਆਂ ਦੀ ਦਾਲ ਵਿਚੋਂ ਹੀ ਚਾਲੀ ਕਿਲ੍ਹਿਆਂ ਦਾ ਫਾਰਮ ਬਣਾ ਲਿਆ। ਕੈਦੀਆਂ ਲਈ ਆਉਂਦੇ ਕੰਬਲ ਵੇਚ-ਵੇਚ ਕੇ ਟੈਂਕਾਂ ਆਲੇ ਚੌਕ 'ਚ ਤਿੰਨ ਮੰਜ਼ਲੀ ਕੋਠੀ ਪਾਈ ਆ ਰਾਜੇ ਦੇ ਮਹਿਲ ਅਰਗੀ।''

''ਅੱਛਾ !''

ਡੀ.ਟੀ.ਓ ਸਾਹਿਬ ਦੀਆਂ ਗੱਲਾਂ ਸੁਣ ਕੇ ਮੇਰੀਆਂ ਅੱਖਾਂ ਅੱਗੇ ਤਹਿਸੀਲ ਅਤੇ ਜ਼ਿਲ੍ਹਾ ਕੇਂਦਰਾਂ 'ਤੇ ਮਨਾਇਆ ਜਾਂਦਾ ਆਜ਼ਾਦੀ ਦਿਹਾੜਾ ਆ ਗਿਆ ਸੀ। ਆਜ਼ਾਦੀ ਦੇ 'ਪਵਿੱਤਰ' ਦਿਹਾੜੇ ਨੂੰ ਮਨਾਉਣ ਲਈ ਪੂਰਾ ਜ਼ਿਲ੍ਹਾ ਪ੍ਰਸ਼ਾਸਨ ਹੀ ਪੱਬਾਂ ਭਾਰ ਹੋ ਜਾਂਦਾ। ਡਿਪਟੀ ਕਮਿਸ਼ਨਰ ਦੇ ਤਾਂ ਜਿਵੇਂ ਭਾਅ ਦੀ ਹੀ ਬਣ ਜਾਂਦੀ ਹੈ। ਪ੍ਰਬੰਧਾਂ ਨੂੰ ਸਹੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਜ਼ਿਲ੍ਹੇ ਦੇ ਸਾਰੇ ਵਿਭਾਗਾਂ ਦੀ ਵਿਸ਼ੇਸ਼ ਮੀਟਿੰਗ ਬੁਲਾਈ ਜਾਂਦੀ ਹੈ ।

''ਪੀ.ਡਬਲਿਊ.ਡੀ ਵਾਲੇ ਸਟੇਜ ਤਿਆਰ ਕਰਨਗੇ…..।''

''ਜੀ ਸਰ''

''ਜ਼ਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ ਤੇ ਸੈਕੰਡਰੀ ਅਧਿਆਪਕਾਂ ਅਤੇ ਸਕੂਲਾਂ ਦੇ ਬੱਚਿਆਂ ਨੂੰ ਫੰਕਸ਼ਨ ਵਾਲੀ ਜਗਾ 'ਤੇ ਲਿਆਉਣ ਦੀ ਜ਼ਿੰਮੇਵਾਰੀ ਨਿਭਾਉਣਗੇ।''

''ਬੀ.ਡੀ.ਪੀ.ਓ ਐਂਡ ਡੀ.ਡੀ.ਪੀ.ਓ, ਮੁੱਖ ਮਹਿਮਾਨ ਵੱਲੋਂ ਛੱਡੇ ਜਾਂਦੇ ਗੁਬਾਰਿਆਂ ਦਾ ਪ੍ਰਬੰਧ ਕਰਨਗੇ। ਹੋ ਸਕੇ ਤਾਂ ਦਸ-ਵੀਹ ਕਬੂਤਰਾਂ ਦਾ ਵੀ ਅਰੇਂਜ ਕਰ ਲੈਣ। ਕਬੂਤਰ ਅਮਨ ਦਾ ਪ੍ਰਤੀਕ ਨੇ।''

''ਓ.. ਕੇ ਸਰ।''

''ਏ.ਟੀ.ਸੀ ਸਾਹਿਬ ਕਿਥੇ ਨੇ ?''

''ਹੇਅਰ ਸਰ।''

''ਏ.ਟੀ ਸਾਹਿਬ…. ਹਰ ਵਾਰ ਵਾਂਗੂੰ ਐਕਸਾਈਜ਼ ਡਿਪਾਰਟਮੈਂਟ ਆਉਣ ਵਾਲੇ ਸਾਰੇ ਵੀ.ਆਈ.ਪੀਜ਼ ਦੇ ਖਾਣੇ ਅਤੇ ਰੀਫਰੈਸ਼ਮੈਂਟ ਦਾ ਇੰਤਜ਼ਾਮ ਕਰੇਗਾ।''

''ਜੀਅ…ਸਰ।''

''ਡੀ.ਐਫ਼ ਐਸ਼ ਸੀ..! ਤੁਸੀਂ ਫੰਕਸ਼ਨ ਵਾਲੀ ਜਗ੍ਹਾ 'ਤੇ ਹਾਜ਼ਰ ਸਾਰੇ ਬੱਚਿਆਂ ਨੂੰ ਲੱਡੂ ਵੰਡਣੇ ਹਨ। ਔਰ ਇਸ ਵਾਰ ਜਿਹੜੇ ਮੰਤਰੀ ਸਾਹਿਬ ਆ ਰਹੇ ਨੇ ਝੰਡਾ ਲਹਿਰਾਉਣ ਉਹ ਵੀ ਤੁਹਾਡੇ ਵਿਭਾਗ ਦੇ ਨੇ। ਇਕ ਦਿਨ ਪਹਿਲਾਂ ਪਹੁੰਚ ਜਾਣਗੇ ਨਹਿਰੀ ਵਿਸ਼ਰਾਮ ਘਰ। ਉਨ੍ਹਾਂ ਦੇ ਖਾਣੇ ਤੇ ਰਿਹਾਇਸ਼ ਦਾ ਪ੍ਰਬੰਧ ਅੱਛੀ ਤਰ੍ਹਾਂ ਕਰ ਲੈਣਾ…..।''

''ਯੈੱਸ਼…ਸਰ।''

''ਡੀ.ਐਸ਼.ਪੀ ਸਿਟੀ ਹੋਣ ਵਾਲੀ ਪਰੇਡ ਦੇ ਕਮਾਂਡਰ ਹੋਣਗੇ।''

''ਜੀ ਜਨਾਬ!''

"ਜ਼ਿਲ੍ਹਾ ਮੰਡੀ ਅਫਸਰ…. ਡੀ.ਐਮ.ਓ ਸਾਹਿਬ ! ਮੁੱਖ ਮਹਿਮਾਨ ਸਮੇਤ ਸਾਰੇ ਪਾਰਟੀਸਪੈਂਟਸ ਨੂੰ ਦੇਣ ਲਈ ਟਰਾਫੀਆਂ, ਮਮੈਂਟੋ ਵਗੈਰ ਤੁਸੀਂ ਲੈ ਕੇ ਆਉਣੇ ਨੇ….।''

''ਸਰ…ਸਰ…. ਸਰ, ਐਨਾ ਖਰਚਾ…. ਸਰ…. ਕੁੱਝ…..।''

''ਕੀ ਹੋਇਆ ਖਰਚੇ ਨੂੰ ? ਕੌਣ ਭੁੱਲਿਆ ਥੋਡੀ ਕਮਾਈ ਨੂੰ ? ਮੈਨੂੰ ਸਾਰਾ ਪਤਾ ਕੀ ਕਰਦੇ ਓਂ ਤੁਸੀਂ ਮਹਿਕਮੇ 'ਚ। ਜਿਹੜੀ ਲੁੱਟ ਤੁਸੀਂ….।'' ਡਿਪਟੀ ਕਮਿਸ਼ਨਰ ਦੀ ਭਬਕ ਨਾਲ ਹਾਲ ਸਹਿਮ ਜਾਂਦਾ ਹੈ।

''ਜੀ….ਜੀ….. ਓ.ਕੇ.. ਸਰ !'' ਡੀ.ਐਮ.ਓ ਦੀ ਮੱਧਮ ਜਿਹੀ ਆਵਾਜ਼ ਗਲੇ ਵਿਚ ਹੀ ਰਹਿ ਜਾਂਦੀ ਹੈ।

''ਡੀ.ਆਰ. ਕੋਆਪਰੇਟਿਵ ਸੁਸਾਇਟੀਜ਼ !..ਟੈਂਟ ਦਾ ਸਾਰਾ ਖਰਚਾ ਤੁਹਾਡਾ !''

''ਸਰ ! ਸਰ ਸਾਡੇ ਕੋਲ ਐਹੋ ਜਿਹੇ ਕੋਈ ਫੰਡਜ਼ ਨਹੀਂ ਹੁੰਦੇ ਸਰ। ਐਨਾ ਸਾਰਾ ਖਰਚਾ ਕਿਹੜੀ ਮੱਦ ਵਿਚੋਂ ਕਰਾਂਗੇ ?'' ਇਹ ਅਫਸਰ ਸ਼ਾਇਦ ਨਵਾਂ-ਨਵਾਂ ਭਰਤੀ ਹੋਇਆ ਸੀ, ਜਿਸ ਨੂੰ ਆਏ ਸਾਲ ਪੈਂਦੀ ਵਗਾਰ ਦਾ ਗਿਆਨ ਨਹੀਂ ਸੀ।

''ਨਵਾਂ ਆਇਆ ਲੱਗਦੈਂ ? ਆਵਦੇ ਮਹਿਕਮੇ ਆਲੇ ਪੁਰਾਣੇ ਅਫਸਰਾਂ ਤੋਂ ਪੁੱਛੀਂ ਜਾ ਕੇ.. ਹਰ ਸਾਲ ਉਹੀ ਕਰਦੇ ਨੇ ਇਹ ਸਭ। ਜਿਥੋਂ ਉਹ ਕਰਦੇ ਰਹੇ, ਤੁਸੀਂ ਵੀ ਕਰ ਲੈਣਾ। ਇਹ ਸਾਡਾ ਕਨਸਰਨ ਨੀ!'' ਇੰਝ ਸੱਤਰ ਦੇ ਕਰੀਬ ਮਹਿਕਮਿਆਂ ਨੂੰ ਸੇਵਾ ਲਾ ਕੇ ਆਜ਼ਾਦੀ ਦਿਹਾੜੇ ਨੂੰ ਸਫ਼ਲ ਬਣਾਉਣ ਦੀ ਹਦਾਇਤ ਡੀ.ਸੀ. ਸਾਹਿਬ ਵੱਲੋਂ ਕਰ ਦਿੱਤੀ ਜਾਂਦੀ ਹੈ।

''ਇਹ ਅਪਣਾ ਨੈਸ਼ਨਲ ਡੇ ਹੈ…. ਹਜ਼ਾਰਾਂ-ਲੱਖਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਬਾਅਦ ਆਜ਼ਾਦੀ ਮਿਲੀ ਹੈ ਸਾਨੂੰ। ਇਸ ਨੂੰ ਯਾਦਗਾਰੀ ਢੰਗ ਨਾਲ ਮਨਾਉਣਾ ਸਾਡਾ ਸਾਰਿਆਂ ਦਾ ਫ਼ਰਜ਼ ਹੈ ।'' ਹਰ ਸਾਲ ਵੱਖ-ਵੱਖ ਵਿਭਾਗਾਂ ਦੇ ਅਫਸਰਾਂ ਦੀ 'ਉਪਰਲੀ ਨੇਕ ਕਮਾਈ' ਨਾਲ ਮਨਾਏ ਆਜ਼ਾਦੀ ਦਿਹਾੜੇ ਸਮੇਂ ਮੰਤਰੀ ਜੀ 'ਤਿਰੰਗਾ' ਲਹਿਰਾਉਣ ਉਪਰੰਤ ਬੜੇ ਜ਼ੋਰ-ਸ਼ੋਰ ਨਾਲ ਭ੍ਰਿਸ਼ਟਾਚਾਰ ਵਿਰੁੱਧ ਲੜਨ ਦਾ ਭਾਸ਼ਨ ਕਰਦੇ ਹਨ।

''ਗੁਰਦਾਸ ਸਿਆਂ !'' ਡੀ.ਟੀ.ਓ ਗਰੇਵਾਲ ਦੀ ਆਵਾਜ਼ ਮੈਨੂੰ ਵਾਪਸ ਬੈਰਕ ਵਿਚ ਲੈ ਆਉਂਦੀ ਹੈ।

''ਅਫਸਰਾ ! ਇਹ ਸੁਧਾਰ ਘਰ ਵੀ ਸਮਝ ਲਾ ਅਪਣੇ ਆਲੇ ਮੁਲਕ ਦੀ ਦੂਜੀ ਤਸਵੀਰ ਈ ਹੈ।''

''ਉਹ ਕਿਵੇਂ ?''

''ਦੇਖਿਆ ਨੀ ਜੇਲ੍ਹ ਅਧਿਕਾਰੀ ਕਿਵੇਂ ਕੈਦੀਆਂ-ਹਵਾਲਾਤੀਆਂ ਦਾ ਚੰਮ ਲਾਹੀ ਜਾਂਦੇ ਨੇ। ਜੀਹਦੀ ਪਿੱਠ ਪਿੱਛੇ ਕੋਈ ਮੰਤਰੀ-ਸੰਤਰੀ ਖੜ੍ਹਾ, ਉਹਨੂੰ ਤਾਂ ਸਾਲੇ ਜੁਆਈਆਂ ਵਾਂਗੂੰ ਰੱਖਦੇ। ਅੰਦਰ-ਨਸ਼ਾ ਪਾਣੀ ਵੀ ਪਹੁੰਚਦਾ। ਦਾਲ-ਸਬਜ਼ੀ ਵੀ ਤੜਕਿਆਂ-ਸੜਕਿਆਂ ਆਲੀ ਖਾਂਦੇ ਆ। ਕੇਲੇ-ਸੇਬ ਅਤੇ ਸੁੱਕੇ ਮੇਵੇ ਤੁਰੇ ਆਉਂਦੇ ਬਾਹਰੋਂ। ਦੂਜੇ ਪਾਸੇ ਮਾਤੜ੍ਹ-ਤੁਮਾਤੜ੍ਹ ਵਾਸਤੇ ਕੋਈ ਮੁਲਾਕਾਤੀ ਦਰਜਨ ਕੇਲੇ ਵੀ ਲੈ ਆਵੇ, ਸਾਲੇ ਸਪਾਟੇ ਜਹੇ ਗੇਟ 'ਤੇ ਈ ਰੱਖ ਲੈਂਦੇ ਅੱਧੇ। ਤੂੰ ਆਵਦੀ ਬੈਰਕ ਵਾਲਾ ਕਿਰਤੋਂਵਾਲੀਆ ਸੀਰਾ ਨ੍ਹੀ ਦੇਖਿਆ ? ਇਹਤੋਂ ਪੋਸਤ ਦੀ ਭਰੀ ਦਸ ਟੈਰੀ ਗੱਡੀ ਫੜੀ ਗਈ ਸੀ। ਐਨ.ਡੀ.ਪੀ.ਐਸ ਐਕਟ 'ਚ ਕੇਸ ਚੱਲਦਾ। ਤੈਨੂੰ ਲਗਦਾ ਇਹ ਜੇਲ੍ਹ ਆਇਆ ? ਆਂਏ ਰਹਿੰਦਾ ਜਿਵੇਂ ਨਾਨਕੇ ਆਇਆ ਹੁੰਦਾ। ਸਾਰਾ ਜੇਲ੍ਹ ਸਟਾਫ ਪ੍ਰਾਹੁਣਿਆਂ ਵਾਂਗੂੰ ਖਿਆਲ ਰੱਖਦਾ। ਉਹਦੇ ਲਈ ਤਾਂ ਨਾਂ ਦੀ ਜੇਲ੍ਹ ਐ। ਹੈ ਕੋਈ ਹਵਾਲਾਤੀਆਂ ਵਾਲੀ ਗੱਲ? ਤੈਨੂੰ ਹੋਰ ਦੱਸਾਂ… ਜੇਲ੍ਹ ਦੇ ਅੰਦਰ ਬੈਠਿਆਂ ਹੀ ਇਹਦਾ ਕਾਰੋਬਾਰ ਚੱਲੀ ਜਾਂਦਾ। ਜੇਲ੍ਹ ਦੇ ਅੰਦਰੋਂ ਹੀ ਕੰਟਰੋਲ ਕਰੀ ਜਾਂਦਾ ਸਾਰਾ ਕੁਝ। ਜਮਾਂਦਾਰ, ਸਿਪਾਹੀ, ਹੌਲਦਾਰ ਤੋਂ ਲੈ ਕੇ ਡਿਪਟੀ ਸੁਪਰਡੈਂਟ, ਸੁਪਰਡੈਂਟ ਤਕ ਸਾਰੇ ਮਿਲੇ ਹੋਏ ਆ ਇਹਦੇ ਨਾਲ। ਹੈਰਾਨ ਕੀ ਹੁੰਨਾ…. ਹੋਰ ਸੁਣ; ਆਹ ਤੇਰਾ ਜੇਲ੍ਹ ਮੰਤਰੀ ਹੈ ਨਾ, ਇਹਨੂੰ ਵੀ ਦੋ ਲੱਖ ਤੋਂ ਉਤੇ ਮਹੀਨਾ ਪਹੁੰਚਦਾ ਜੇਲ੍ਹ ਵਿਚੋਂ ।'' ਜੇਲ੍ਹ ਵਿਚ ਆਇਆਂ ਮੈਨੂੰ ਭਾਵੇਂ ਦਸ ਦਿਨ ਹੀ ਹੋਏ ਸਨ ਪਰ ਇਨ੍ਹਾਂ ਦਸਾਂ ਦਿਨਾਂ ਵਿਚ ਹੀ ਪੂਰਾ ਸੰਸਾਰ ਦੇਖ ਲਿਆ ਸੀ। ਜਿਸ ਦਿਨ ਸੁਧਾਰ ਘਰ ਦਾ ਬੂਹਾ ਲੰਘਿਆ ਸੀ, ਜਾਪਿਆ ਸੀ ਜਿਵੇਂ ਨਵੇਂ ਸੰਸਾਰ ਵਿਚ ਆ ਗਿਆ ਹੋਵਾਂ। ਜੇਲ੍ਹ ਗਾਰਦ ਦੇ ਪਹਿਰੇ 'ਤੇ ਖੜ੍ਹੇ ਸੰਤਰੀ ਨੇ ਸਿਰ ਤੋਂ ਪੈਰਾਂ ਤਕ ਗਹੁ ਨਾਲ ਦੇਖਿਆ ਸੀ।

''ਆਹ ਤਾਂ ਔਭੜ ਪਰਿੰਦਾ ਫਸਿਆ ਲੱਗਦੈ ।'' ਸੰਤਰੀ ਨੇ ਦੂਸਰੇ ਹਮਰੁਤਬਾ ਨੂੰ ਹੌਲੀ ਜਿਹੀ ਆਵਾਜ਼ ਵਿਚ ਆਖਿਆ ਸੀ।

''ਐਹੇ ਜਿਹੇ ਦੇਖਣ ਨੂੰ ਈ ਸ਼ਰੀਫ਼ ਲਗਦੇ ਹੁੰਦੇ, ਊਂ ਮੋਟੀ ਮਾਰ ਮਾਰਦੇ ।'' ਦੋਵਾਂ ਸੰਤਰੀਆਂ ਦੀਆਂ ਹੌਲੀ-ਹੌਲੀ ਕੀਤੀਆਂ ਗੱਲਾਂ ਵੀ ਡਿਪਟੀ ਸੁਪਰਡੈਂਟ ਦੇ ਕਮਰੇ ਤਕ ਮੇਰਾ ਪਿੱਛਾ ਕਰਦੀਆਂ ਰਹੀਆਂ ਸਨ।

''ਤੇਰੇ ਬਾਰੇ ਢਿੱਲੋਂ ਸਾਹਬ ਦਾ ਫੋਨ ਆ ਗਿਆ ਸੀ। ਕੋਈ ਤਕਲੀਫ਼ ਨ੍ਹੀਂ ਆਉਣ ਦਿੰਦੇ ਤੈਨੂੰ। ਇਹ ਜੇਲ੍ਹ ਆ, ਤੁਸੀਂ ਇਹਦੇ ਇਸ ਗੇਟ ਤੋਂ ਬਾਹਰ ਨ੍ਹੀਂ ਜਾ ਸਕਦੇ, ਹੋਰ ਕੋਈ ਤਕਲੀਫ਼ ਨ੍ਹੀਂ। ਅੰਦਰ ਸਾਰਾ ਕੁਛ ਮਿਲੂ, ਭਾਵੇਂ ਚਿੜੀਆਂ ਦਾ ਦੁੱਧ ਮੰਗਾ ਲਿਉ। ਬੱਸ ਬੰਦੇ ਦੇ ਆਵਦੇ ਵੱਸ ਐ ਕਿਵੇਂ ਦੇ ਦਿਨ ਕੱਟਣੇ ਅੰਦਰ। ਕਈ ਤਾਂ ਰੋ ਪਿੱਟ ਕੇ ਦਿਨ ਲੰਘਾਉਂਦੇ ਤੇ ਕਈ ਤੀਆਂ ਲਾਈ ਫਿਰਦੇ। ਤਰ੍ਹਾਂ-ਤਰ੍ਹਾਂ ਦੀ ਦੁਨੀਆ ਦੇ ਦਰਸ਼ਨ ਹੋਣਗੇ ਅੰਦਰ।'' ਡਿਪਟੀ ਨੇ ਚੋਰ ਅੱਖ ਨਾਲ ਮੇਰੇ ਪਾਏ ਕੱਪੜਿਆਂ 'ਤੇ ਨਿਗਾਹ ਮਾਰੀ ਸੀ। ਮੈਨੂੰ ਛੱਡਣ ਆਏ ਰਿਸ਼ਤੇਦਾਰ ਬਲਜੀਤ ਦਾ ਪਹਿਲਾਂ ਵੀ ਕਈ ਵਾਰ ਵਾਹ ਜੇਲ੍ਹ ਅਧਿਕਾਰੀਆਂ ਨਾਲ ਪੈ ਚੁੱਕਾ ਹੋਣ ਕਾਰਨ ਉਹ ਜੇਲ੍ਹ ਅੰਦਰਲੇ-ਬਾਹਰਲੇ ਸਾਰੇ ਸਿਸਟਮ ਤੋਂ ਭੇਤੀ ਸੀ।

''ਜਨਾਬ ! ਥੋਨੂੰ ਪਤਾ ਈ ਐ ਵਿਜੀਲੈਂਸ ਮਹਿਕਮੇ ਦਾ, ਕਿਵੇਂ ਧੱਕਾ ਕਰਦੇ ਆ। ਬਾਈ ਗੁਰਦਾਸ ਨੂੰ ਵੀ ਜਮ੍ਹਾ ਨਾਜਾਇਜ਼ ਫਸਾਇਆ। ਤੁਸੀਂ ਖਿਆਲ ਰੱਖਿਓ ਇਹਦਾ, ਜਿੰਨੇ ਦਿਨ ਜ਼ਮਾਨਤ ਨਹੀਂ ਹੁੰਦੀ। ਅਸੀਂ ਵੀ ਥੋਡੇ ਨਾਲ ਪੂਰਾ ਕੋਆਪਰੇਟ ਕਰਾਂਗੇ।'' ਬਲਜੀਤ ਨੇ ਅੱਖ ਬਚਾ ਕੇ ਪੰਜ-ਪੰਜ ਸੌ ਦੇ ਚਾਰ ਨੋਟ ਡਿਪਟੀ ਸੁਪਰਡੈਂਟ ਦੇ ਟੇਬਲ 'ਤੇ ਪਏ ਰਜਿਸਟਰ ਵਿਚ ਸਰਕਾ ਦਿੱਤੇ ਸਨ।

''ਕਿਹੜੀ ਬੈਰਕ 'ਚ ਭੇਜੀਏ ਇਹਨੂੰ ?'' ਡਿਪਟੀ ਸਾਹਿਬ ਦੀ ਦਿਆਲਤਾ ਬੋਲ ਰਹੀ ਸੀ।

''ਕਿਰਤੋਵਾਲੀਆਂ ਸੀਰਾ ਕਿੰਨੇ ਨੰਬਰ ਬੈਰਕ 'ਚ ਐ ? ਬਾਕੀ ਬਾਈ ਸਾਡਾ ਸਾਊ ਬੰਦਾ…… ਉਹੋ ਜਿਹੀ 'ਚ ਪਾਇਓ ਜਿਥੇ ਸੌਖਾ ਰਹੇ।''

''ਇੱਕੀ ਨੰਬਰ ਅਲਾਟ ਕਰ ਦਿੰਨੇ…. ਸਾਫ-ਸੁਥਰੀ ਬੈਰਕ ਆ । ਵੀ.ਆਈ.ਪੀ। ਟੀ.ਵੀ ਲੱਗਿਆ। ਕਿਰਤੋਵਾਲੀਆਂ ਨੂੰ ਸਾਰਾ ਸਾਮਾਨ ਜਾਂਦਾ ਬਾਹਰੋਂ। ਬਾਕੀ ਮੈਂ ਵੀ ਉਹਨੂੰ ਇਸ਼ਾਰਾ ਕਰਦੂੰ ਵਈ ਮੇਰਾ ਖਾਸ ਬੰਦਾ। ਤੁਸੀਂ ਫ਼ਿਕਰ ਨਾ ਕਰੋ। ਖਿਆਲ ਰੱਖਣਗੇ ਸਾਰੇ। ਬਾਕੀ ਪੰਦਰਾਂ-ਵੀਹ ਦਿਨਾਂ ਦੀ ਗੱਲ ਆ ਸਾਰੀ… ਜ਼ਮਾਨਤ ਹੋਜੂ ।'' ਡਿਪਟੀ ਸੁਪਰਡੈਂਟ ਨੇ ਜੇਲ੍ਹ ਗਾਰਡ ਨੂੰ ਅਗਲੇ ਹਵਾਲਾਤੀ ਨੂੰ ਅੰਦਰ ਭੇਜਣ ਦਾ ਇਸ਼ਾਰਾ ਕਰ ਦਿੱਤਾ ਸੀ। ''ਹੁਣ ਇਹ ਆਵਦੇ ਕਮਰੇ 'ਚ ਹੀ ਮੁਲਾਕਾਤ ਕਰਾ ਦਿਆ ਕਰੂ। ਬਾਈ ਸਿਆਂ…. ਤੂੰ ਅੱਗੇ-ਅੱਗੇ ਵੇਖੀਂ। ਜੇਲ੍ਹ 'ਚ ਤਾਂ ਪੱਤੇ ਵੀ ਪੈਸੇ ਮੰਗਦੇ। ਵਿਚ-ਵਿਚਾਲੇ ਹਜ਼ਾਰ-ਪੰਜ ਸੌ ਹੋਰ ਹੱਥ ਝਾੜ ਦਿਆਂਗੇ ਇਹਨੂੰ। ਉਦੋਂ ਨੂੰ ਜ਼ਮਾਨਤ ਹੋਜੂ। ਦਸ-ਪੰਦਰਾਂ ਦਿਨਾਂ ਦੀ ਗੱਲ ਐ ਸਾਰੀ। ਜੇ ਦਿਨ ਚੰਗੇ ਲੰਘਦੇ ਹੋਣ ਫੇਰ ਪਤਾ ਨਹੀਂ ਲੱਗਦਾ…. ਔਖ ਦਾ ਤਾਂ ਇਕ ਦਿਨ ਵੀ ਲੰਘਾਉਣਾ ਔਖਾ। ਜੇ ਜ਼ਿਆਦਾ ਈ ਤੰਗੀ-ਫੰਗੀ ਹੋਈ ਉਹ ਵੀ ਦੱਸਦੀਂ। ਜੇਲ੍ਹ ਡਾਕਟਰ ਅੱਗੇ ਸਿਟਾਂਗੇ ਪੰਜ ਹਜ਼ਾਰ ਦੀ ਗੁੱਟੀ। ਮੌਜ ਕਰੀਂ ਜੇਲ੍ਹ ਦੇ ਹਸਪਤਾਲ 'ਚ। ਜ਼ਿਆਦਾ ਕਹੇਂਗਾ ਤਾਂ ਸੁਪਰਡੈਂਟ ਨਾਲ ਗੱਲ ਕਰ ਕੇ ਫੀਸ ਫੱਤੂ ਤਾਰਕੇ ਜੇਲ੍ਹ ਤੋਂ ਬਾਹਰਲੇ ਸਿਵਲ ਹਸਪਤਾਲ ਵਿਚ ਦਾਖਲ ਕਰਵਾ ਦਿਆਂਗੇ। ਗਾਂਧੀ ਮਾਰ੍ਹਾਜ ਦੀ ਕਿਰਪਾ ਚਾਹੀਦੀ….. ਡਾਕਟਰ ਤਾਂ ਚੰਗੇ-ਭਲੇ ਨੂੰ ਦਿਲ ਦਾ ਰੋਗੀ ਬਣਾ ਦਿੰਦੇ ਆ। ਦੇਖਿਆ ਨੀ ਜਦੋਂ ਕਦੇ ਕਿਸੇ ਲੀਡਰ ਨੂੰ ਗ੍ਰਿਫਤਾਰ ਕਰ ਲੈਣ…. ਉਹਨੂੰ ਉਸੇ ਟਾਈਮ ਦਿਲ ਦਾ ਦੌਰਾ ਪੈ ਜਾਂਦਾ ਚੰਗੇ-ਭਲੇ ਨੂੰ। ਨਾਲੇ ਹੋਰ ਸੁਣਲੈ, ਤੂੰ ਸਾਰਿਆਂ ਨੂੰ ਆਵਦੇ ਵਰਗੇ ਈ ਨਾ ਸਮਝੀਂ ਜਾਈ ਰਾਜੇ ਹਰੀਸ਼ ਚੰਦ ਦੇ ਪੁੱਤ। ਏਸ ਮੁਲਕ 'ਚ ਸਭ ਕੁਝ ਈ ਚੱਲੀ ਚਲਾਈ ਜਾਂਦਾ। ਐਵੇਂ ਨਾ ਘੁੱਟਿਆ ਵੱਟਿਆ ਜਿਹਾ ਰਿਹਾ ਕਰੀਂ। ਗੱਲਬਾਤ ਕਰ ਲਈ ਦੀ ਹੁੰਦੀ ਹਰ ਤਰ੍ਹਾਂ ਦੇ ਬੰਦੇ-ਕੁਬੰਦੇ ਨਾਲ। ਕਈ ਵਾਰ ਜੇਲ੍ਹ ਵਿਚ ਈ ਬੜੇ ਕੰਮ ਦੇ ਬੰਦੇ ਮਿਲ ਜਾਂਦੇ ਆ। ਬਾਕੀ ਤੂੰ ਫਿਕਰ ਨਾ ਕਰੀਂ….. ਮੈਂ ਹੈਗਾਂ……।'' ਬਲਜੀਤ ਨੇ ਅਪਣੇ ਵੱਲੋਂ ਮੈਨੂੰ ਪੂਰੀ ਤਰ੍ਹਾਂ ਤਿਆਰ ਕਰ ਦਿੱਤਾ ਸੀ।

''ਗੁਰਦਾਸ! ਅੱਜ ਦੁਪਹਿਰ ਵਾਲੀ ਬੰਦੀ ਤੋਂ ਬਾਅਦ ਆਪਾਂ ਗੁਰਚਰਨੇ ਨੂੰ ਮਿਲਣ ਚੱਲਾਂਗੇ ਉਹਦੀ ਬੈਰਕ 'ਚ। ਅਹੁ ਸਾਹਮਣੇ ਆਲੀ ਬੈਰਕ 'ਚ ਰਹਿੰਦਾ। ਬੰਦੇ ਨੂੰ ਮਿਲਕੇ ਜਿਉਣ ਨੂੰ ਜੀਅ ਕਰਦਾ, ਨਹੀਂ ਤਾਂ ਆਏਂ ਸੋਚੀਦਾ ਬਈ ਭੰਗ ਦੇ ਭਾੜੇ ਜ਼ਿੰਦਗੀ ਗੁਆ ਲਈ ਆ। ਕਦੇ-ਕਦੇ ਤਾਂ ਸੋਚਣ ਲੱਗ ਜਾਨੈਂ, ਮੈਂ ਪੈਸੇ ਕਿਉਂ ਨ੍ਹੀਂ ਲਏ ਹਰਚੋਵਾਲੀਆਂ ਤੋਂ। ਨਾਲੇ ਉਹ ਖੁਸ਼ ਹੁੰਦੇ, ਨਾਲੇ ਆਹ ਦਿਨ ਨਾ ਦੇਖਣੇ ਪੈਂਦੇ। ਪਛਤਾਵਾ ਹੁੰਦਾ ਰਹਿੰਦਾ।'' ਡੀ.ਟੀ.ਓ ਗਰੇਵਾਲ ਸਾਹਿਬ ਨੇ ਠੰਢੀ ਹਵਾ ਦਾ ਡੂੰਘਾ ਸਾਹ ਭਰਿਆ ਸੀ।

''ਗੁਰਦੁਆਰੇ ਜਾਨਾ ਹੁੰਨਾ ?''

''ਕੱਲ੍ਹ ਗਿਆ ਸੀ।''

''ਜਿਹੜਾ ਪਾਠੀ ਐ ਨਾ…. ਤਿੰਨ ਕਤਲ ਕੀਤੇ ਉਹਨੇ। ਤਿੰਨ ਮਾਸੂਮ-ਬੇਦੋਸ਼ੇ। ਜ਼ਮੀਨ ਖਾਤਰ ਅਪਣੀ ਵਿਧਵਾ ਭਰਜਾਈ ਤੇ ਉਹਦੇ ਦੋ ਨਿੱਕੇ-ਨਿੱਕੇ ਬੱਚਿਆਂ ਨੂੰ ਕੋਹ-ਕੋਹ ਕੇ ਮਾਰਿਆ। ਮਾਰ ਕੇ ਟਿੱਬੇ 'ਚ ਦੱਬ ਦਿੱਤਾ ਸੀ ਆਵਦੇ ਸਕੇ ਭਤੀਜੇ-ਭਤੀਜੀ ਨੂੰ। ਉਮਰ ਕੈਦ ਭੁਗਤ ਰਿਹਾ। ਤੂੰ ਦੇਖਿਆ ਹੋਣੈਂ-ਜਦੋਂ ਪਾਠ ਕਰਦਾ, ਸ਼ਬਦ ਉਸ ਦੀ ਜ਼ੁਬਾਨੋ ਕਿਰ ਜਾਂਦੇ ਆ। ਕਥਾ ਕਰਦਿਆਂ ਅੱਖਾਂ ਭਰ ਆਉਂਦਾ। ਕਹਿੰਦਾ ਗਰੇਵਾਲ ਸਾਹਿਬ ਵਕਤ ਮੇਰੇ ਹੱਥ ਨੀ ਆ ਰਿਹਾ। ਆਵਦੇ ਗੁਨਾਹਾਂ 'ਤੇ ਪਛਤਾਵਾ ਕਰਦਾ ਰਹਿੰਦੈ ।''

''ਸਰ ਮੈਨੂੰ ਤਾਂ ਲੱਗਦੈ ਜੇਲ੍ਹ ਵਿਚ ਸਾਰੇ ਈ ਪਛਤਾਵਾ ਕਰੀ ਜਾਂਦੇ ਨੇ। ਕਈ ਪਛਤਾਵਾ ਕਰਦੇ ਬਈ ਗੁਨਾਹ ਕਿਉਂ ਕੀਤਾ……ਕਈ ਕਰਦੇ ਗੁਨਾਹ ਕਿਉਂ ਨ੍ਹੀ ਕੀਤਾ। ਕਈ ਕਹਿੰਦੇ ਵੱਡਾ ਗੁਨਾਹ ਕਿਉਂ ਨਹੀਂ ਕੀਤਾ ?''

''ਤੂੰ ਠੀਕ ਆਖਨੈਂ ਗੁਰਦਾਸ, ਜੇਲ੍ਹ 'ਚ ਜਿੰਨੇ ਲੋਕ ਨੇ ਉਨ੍ਹੇ ਤਰ੍ਹਾਂ ਦੀ ਦੁਨੀਆ ਐ। ਅਹੁ ਉਨੱਤੀ ਨੰਬਰ ਆਲੀ ਬੈਰਕ 'ਚ ਇਕ ਬੰਦਾ ਬੰਦ ਐ ਭੱਖੜੇ ਪਿੰਡ ਤੋਂ। ਬਲਾਤਕਾਰ ਦਾ ਕੇਸ ਆ ਓਹਦੇ 'ਤੇ। ਧਾਰਾ 376 ਲੱਗੀ ਵੀ ਐ । ਉਹ ਵਿਚਾਰਾ ਧਾਹਾਂ ਮਾਰਦਾ, ਕਹਿੰਦਾ ਮੈਨੂੰ ਉਹ ਕੁੜੀ ਤਾਂ ਦਿਖਾ ਦਿਉ ਜੀਹਦੇ ਨਾਲ ਬਲਾਤਕਾਰ ਕਰਨ ਦਾ ਕੇਸ ਮੇਰੇ ਸਿਰ ਪਾਇਆ। ਉਹ ਹੈ ਕਿਥੋਂ ਦੀ? ਪਰ ਕੌਣ ਸੁਣਦੈ ਵਿਚਾਰੇ ਦੀ। ਉਸੇ ਬੈਰਕ 'ਚ ਇਕ ਹੋਰ ਨੌਜੁਆਨ ਬੰਦ ਐ। ਪੜ੍ਹਿਆ-ਲਿਖਿਆ…ਪੋਸਟ ਗਰੈਜੂਏਟ ਐ। ਲੋਕਾਂ ਦੇ ਖੇਤਾਂ ਵਿਚੋਂ ਚੋਰੀ ਮੋਟਰਾਂ ਲਾਹੁਣ ਦਾ ਕੇਸ ਫਿੱਟ ਕੀਤਾ ਉਹਦੇ 'ਤੇ। ਅਸਲ ਵਿਚ ਉਹਦਾ ਐਨਾ ਕੁ ਕਸੂਰ ਐ ਕਿ ਉਹਨੇ ਚੋਣਾਂ ਵਿਚ ਆਵਦੇ ਹਲਕੇ ਦੇ ਮੌਜੂਦਾ ਮੰਤਰੀ ਦੀ ਡੱਟ ਕੇ ਵਿਰੋਧਤਾ ਕੀਤੀ ਸੀ। ਲੈ ਹੋਰ ਸੁਣ ਲੈ….. ਸੋਲਾਂ ਨੰਬਰ ਆਲੀ ਬੈਰਕ ਵਿਚੋਂ ਅਜੇ ਤਿੰਨ ਦਿਨ ਪਹਿਲਾਂ ਈ ਇਕ ਪੁਲਿਸ ਵਾਲਾ ਬਰੀ ਹੋ ਕੇ ਗਿਆ। ਕਤਲ ਕੇਸ ਵਿਚ ਬੰਦ ਸੀ। ਉਹਦੇ 'ਤੇ ਵੀ ਕਿਸੇ ਉਚ ਪੁਲਿਸ ਅਧਿਕਾਰੀ ਨੇ ਨਹੱਕਾ ਈ ਕੇਸ ਪੁਆ ਦਿੱਤਾ ਸੀ। ਹਾਈਕੋਰਟ ਤੋਂ ਸੱਤਾਂ ਸਾਲਾਂ ਬਾਅਦ ਬਰੀ ਹੋ ਕੇ ਗਿਆ। ਜਿਸ ਦਿਨ ਬਰੀ ਹੋਇਆ ਅਜੀਬ ਕਿਸਮ ਦੀ ਉਦਾਸੀ ਅਤੇ ਖੁਸ਼ੀ ਸੀ ਉਸਦੇ ਚਿਹਰੇ 'ਤੇ। ਫੁੱਟ-ਫੁੱਟ ਕੇ ਰੋਣ ਲੱਗ ਪਿਆ। ਕਹਿੰਦਾ, ਮੇਰੇ ਸੱਤ ਸਾਲ ਕੌਣ ਮੋੜੇਗਾ। ਮੇਰੀ ਬੇਟੀ ਨੇ ਐਮ.ਬੀ.ਬੀ.ਐਸ ਵਿਚ ਦਾਖ਼ਲਾ ਲੈਣਾ ਸੀ….ਮੇਰੀ ਜੇਲ੍ਹ ਕਰਕੇ ਉਹਦੀ ਪੜ੍ਹਾਈ ਛੁੱਟ ਗਈ। ਪਲੱਸ ਟੂ ਮੈਡੀਕਲ ਕਰ ਕੇ ਘਰੇ ਬੈਠ ਗਈ। ਮਾਂ ਮੇਰੀ ਤੁਰ ਗਈ ਹੌਕਾ ਲੈ ਕੇ। ਘਰ ਵਾਲੀ ਡਿਪਰੈਸ਼ਨ ਦੀ ਮਰੀਜ਼ ਹੋਗੀ। ਭਰਾ ਮੇਰੇ ਛੱਡ ਗਏ ਮੈਨੂੰ । ਕੌਣ ਮੋੜ ਦੇਊ ਬੀਤਿਆ ਯੁੱਗ। ਨਾਲੇ ਮੇਰੇ 'ਤੇ ਕਾਤਲ ਹੋਣ ਦਾ ਜਿਹੜਾ ਦਾਗ ਲੱਗ ਗਿਆ, ਉਹ ਕਿਹੜੀ ਸਾਬਣ ਨਾਲ ਧੋਤਾ ਜਾਊ ?''

''ਓ….ਹੋਅ !''

''ਹੌਲੀ-ਹੋਲੀ ਜਾਣ ਜਾਏਂਗਾ। ਗਰੀਬਾਂ ਦੀਆਂ ਆਹਾਂ ਤਾਂ ਜੇਲ੍ਹ ਦੀਆਂ ਵੱਡੀਆਂ-ਵੱਡੀਆਂ ਤੇ ਉਚੀਆਂ- ਉਚੀਆਂ ਕੰਧਾਂ ਨਾਲ ਟੱਕਰਾਂ ਮਾਰ-ਮਾਰ ਕੇ ਦਮ ਤੋੜ ਜਾਂਦੀਆਂ। ਅਫਸਰਾ! ਮੁਜ਼ਰਮਾਂ ਵਾਸਤੇ ਜੇਲ੍ਹ ਨਾਲੋਂ ਵੱਧ ਕੇ ਸੁਰੱਖਿਅਤ ਜਗ੍ਹਾ ਹੋਰ ਕੋਈ ਨਹੀਂ,…. ਤੇ ਤੇਰੇ-ਮੇਰੇ ਵਰਗੇ ਬੇਦੋਸ਼ੇ ਫਸੇ ਪਰਿੰਦਿਆਂ ਵਾਸਤੇ ਮਣ-ਮਣ ਦੇ ਭਾਰੇ ਜਿੰਦਰੇ ਲੱਗਦੇ ਬੈਰਕਾਂ ਦੇ ਬੂਹਿਆਂ ਨੂੰ।''

''ਤੁਸੀਂ ਠੀਕ ਆਹਨੇਂ ਓਂ ਸਰ। ਮੇਰੇ ਆਲੀ ਬੈਰਕ ਵਿਚ ਇਕ ਹਵਾਲਾਤੀ ਐ ਗੁਲਚੈਨ ਜੰਮੂ ਤੋਂ। ਡਰਾਈਵਰ ਮੁੰਡਾ ਐ। ਕਿਸੇ ਕੰਪਨੀ ਵਿਚ ਡਰਾਈਵਰ ਸੀ। ਕੰਪਨੀ ਮਾਲਕ ਦਾ ਮੁੰਡਾ ਕਿਤੇ ਕਾਰ ਲੈ ਕੇ ਜਾ ਰਿਹਾ ਸੀ ਜਲੰਧਰ ਲਾਗੇ। ਇਹ ਨਾਲ ਬੈਠਾ ਸੀ। ਨਸ਼ੇ ਵਿਚ ਟੱਲੀ ਹੋਏ ਛੋਹਰ ਨੇ ਕਾਰ ਦਾ ਐਕਸੀਡੈਂਟ ਕਰਤਾ। ਰੇਹੜ੍ਹੀਆਂ ਵਾਲੇ ਤਿੰਨ ਗਰੀਬ ਦਰੜਤੇ। ਮਾਲਕਾਂ ਨੇ ਅਪਣਾ ਮੁੰਡਾ ਕਢਵਾ ਲਿਆ, ਕੇਸ ਪੁਆ ਦਿੱਤਾ ਗਰੀਬ ਡਰਾਈਵਰ ਗੁਲਚੈਨ 'ਤੇ। ਹੁਣ ਵਿਚਾਰਾ ਜੇਲ੍ਹ ਵਿਚ ਸੜਦਾ ਪਿਆ। ਕੰਪਨੀ ਆਲੇ ਜ਼ਮਾਨਤ ਤਕ ਨ੍ਹੀ ਕਰਾਉਣ ਆਏ। ਘਰੇ ਇਕੱਲੀ ਵਿਧਵਾ ਮਾਂ। ਵਕੀਲਾਂ ਦੀਆਂ ਜੇਬਾਂ ਕਿਥੋਂ ਭਰੇ ? ਹੁਣ ਤਾਂ ਆਖਦਾ ਜੱਜ ਸਜ਼ਾ ਈ ਸੁਣਾ ਦੇਵੇ। ਇਕ ਪਾਸੇ ਤਾਂ ਲੱਗੇ, ਮੈਂ ਤਾਂ ਸੋਚ-ਸੋਚ ਪਾਗਲ ਹੋਈ ਜਾਨੈ… ਬਈ ਏਸ ਮੁਲਖ਼ ਦਾ ਬਣੂ ਕੀ ?''

''ਦਾਸ! ਏਸ ਮੁਲਕ ਨੂੰ ਚੂੰਡ-ਚੂੰਡ ਕੇ ਖਾਣ ਵਾਲਾ ਵੀ ਰੋਂਦਾ ਤੇ ਜਿਹੜਾ ਨਹੀਂ ਖਾਂਦਾ ਉਹਨੇ ਤਾਂ ਰੋਣਾ ਈ ਰੋਣਾ। ਆਹ ਜੇਲ੍ਹ ਸੁਪਰਡੈਂਟ ਵੱਲ ਦੇਖ, ਜਦੋਂ ਦੇਖੋ ਰੋਈ ਈ ਜਾਊ । ਸਾਰੀ ਜੇਲ੍ਹ ਲੁੱਟ ਲਈ, ਅਜੇ ਤਕ ਰੱਜ ਨੀ ਆਇਆ। ਜਦੋਂ ਕਦੇ ਡੀ.ਸੀ. ਜਾਂ ਕਿਸੇ ਜੱਜ ਨੇ ਜੇਲ੍ਹ ਦਾ ਮੁਆਇਨਾ ਕਰਨਾ ਹੋਵੇ, ਉਸ ਦਿਨ ਸਾਲੇ ਹਵਾਲਾਤੀਆਂ, ਕੈਦੀਆਂ ਨੂੰ ਜੁਆਈਆਂ ਵਰਗੀ ਦਾਲ ਰੋਟੀ ਦਿੰਦੇ। ਇਕ ਦਮ ਵਧੀਆ। ਅਗਲੇ ਦਿਨ ਜੱਜ ਸਾਹਿਬ ਜਾਂ ਡੀ.ਸੀ ਸਾਹਿਬ ਦੀ ਫੋਟੋ ਛਪਦੀ ਅਖ਼ਬਾਰਾਂ ਵਿਚ ਦਾਲ ਪੀਂਦਿਆਂ ਦੀ। ਅਜੇ ਪਿਛਲੇ ਮਹੀਨੇ ਗੁਰਚਰਨੇ ਨੇ ਸਾਰਿਆਂ ਕੈਦੀਆਂ-ਹਵਾਲਾਤੀਆਂ ਨੂੰ ਪ੍ਰੇਰ ਕੇ ਜੇਲ੍ਹ ਵਿਚ ਮਿਲਦੀ ਮਾੜੀ ਖੁਰਾਕ ਵਿਰੁੱਧ ਹੜਤਾਲ ਕਰਵਾ ਦਿੱਤੀ ਸੀ। ਮੇਰੇ ਸਾਲੇ, ਇਸੇ ਮਾਊਂ ਜਿਹੇ ਸੁਪਰਡੈਂਟ ਦੀ ਜੀਭ ਬਾਹਰ ਨਿਕਲ ਆਈ ਸੀ ।'' ਸਿੱਧੂ ਨੇ ਸਾਫੇ ਦੇ ਲੜ ਬੱਧੇ ਭੁੱਜੇ ਛੋਲੇ ਖਾਣ ਲਈ ਮੇਰੇ ਅੱਗੇ ਕਰ ਦਿੱਤੇ।

''ਗਰੇਵਾਲ ਸਾਹਿਬ ਜੀਅ ਨਹੀਂ ਕਰਦਾ। ਜੇਲ੍ਹ ਵਿਚ ਭੁੱਜੇ ਛੋਲੇ ਤਾਂ ਬੁੱਕ ਭਰ-ਭਰ ਕੇ ਦੇ ਜਾਂਦੇ ਨੇ ਰੋਜ਼ ਈ।''

''ਖਾਲੈ…ਪਿਆਰਿਆ….ਖਾਲੈ…. ਘੋੜਿਆਂ ਦੀ ਖੁਰਾਕ ਆ ਇਹ ਤਾਂ। ਖਾਏਂਗਾ ਤਾਂ ਤਕੜਾ ਹੋਵੇਂਗਾ। ਸਹੁਰੀ ਦੀ ਦੁਨੀਆ ਨਾਲ ਟੱਕਰ ਲੈਣੀ ਕਿਤੇ ਕਮਜ਼ੋਰ ਬੰਦੇ ਦਾ ਕੰਮ ਐ। ਛੋਲੇ ਖਾਏਂਗਾ ਤਾਂ ਗੁਰਚਰਨਾ ਗਾਡ੍ਹਰ ਬਣੇਂਗਾ।'' ਮੇਰਾ ਦਿਲ ਕੀਤਾ ਗਰੇਵਾਲ ਸਾਹਿਬ ਨੂੰ ਆਖਾਂ, ''ਆਪਾਂ ਕੁਰਸੀਆਂ ਨੂੰ ਪਿਆਰ ਕਰਨ ਵਾਲੇ ਸਮਾਜ ਦੇ ਸਭ ਤੋਂ ਕਮਜ਼ੋਰ ਜੀਅ ਹਾਂ। ਸਮੇਂ ਦੀ ਅੱਖ ਵਿਚ ਰੜਕਣ ਦੀਆਂ ਗੱਲਾਂ ਕਰਦੇ-ਕਰਦੇ ਅਸੀਂ ਸਮੇਂ ਦੀ ਅੱਖ ਦਾ ਸੁਰਮਾ ਬਣ ਗਏ ਹਾਂ।''

''ਕੀ ਆਖਿਆ ਈ ?'' ਮੇਰੀ ਬੁੜਬੜਾਹਟ ਜਿਹੀ ਗਰੇਵਾਲ ਸਾਹਿਬ ਨੂੰ ਸਮਝ ਨਹੀਂ ਸੀ ਆਈ।

''ਕੁਝ ਨੀ…. ਏਹੀ ਕਿ ਅਸੀਂ ਕੁਰਸੀਆਂ ਵਾਲੇ ਸਮਾਜ ਦੇ ਸਭ ਤੋਂ ਕਮਜ਼ੋਰ ਜੀਅ ਹਾਂ……।''

''ਬਿਲਕੁਲ ਖਰੀ ਗੱਲ ਐ ਤੇਰੀ…… ਸਾਡੀ ਰੀੜ੍ਹ ਦੀ ਹੱਡੀ ਨੀ ਹੁੰਦੀ। ਬੱਸ ਰੀਂਗਣ ਆਲੇ ਜੀਵ ਹਾਂ ਅਸੀਂ। ਇਕ ਨ੍ਹੀਂ ਸਾਰੇ ਈ ਮਹਿਕਮਿਆਂ ਦੇ ਅਫਸਰ ਰੰਨਾਂ ਬਣੇ ਫਿਰਦੇ ਲੀਡਰਾਂ ਦੀਆਂ…….ਕੋਈ ਚੰਗੀ ਸੀਟ ਲੈਣ ਲਈ ਲੇਲੜੀਆਂ ਕੱਢਦਾ ਤੇ ਕੋਈ ਚੰਗਾ ਜ਼ਿਲ੍ਹਾ ਲੈਣ ਲਈ। ਮਾਤੜ੍ਹਾਂ-ਤੁਮਾਤੜ੍ਹਾਂ ਦੀ ਛੱਡ-ਆਈ.ਏ.ਐਸ, ਆਈ.ਪੀ.ਐਸ, ਅਫਸਰਾਂ ਦਾ ਤਾਂ ਜਵਾਂ ਈ ਬੇੜਾ ਗਰਕਿਆ ਪਿਆ। ਸੀ.ਐਮ ਦਫਤਰ ਤਾਂ ਕੀ ਕਿਸੇ ਛੋਟੇ-ਮੋਟੇ ਨੇਤਾ ਦੇ ਦਫਤਰ 'ਚੋਂ ਆਈ ਫੋਨ ਦੀ ਇਕ ਘੰਟੀ ਇਨ੍ਹਾਂ ਦੀਆਂ ਕਈ ਰਾਤਾਂ ਦੀ ਨੀਂਦ ਉਡਾ ਦਿੰਦੀ ਹੈ। ਹੋਰ ਤਾਂ ਹੋਰ ਡੀ.ਸੀ ਲੱਗ ਕੇ ਵੀ ਤਸੱਲੀ ਨੀ ਹੁੰਦੀ। ਆਹ ਛੋਟੇ ਜ਼ਿਲ੍ਹੇ ਦਾ ਡੀ.ਸੀ ਤਾਂ ਇਹ ਮਹਿਸੂਸ ਕਰਦਾ ਕਿ ਜਦੋਂ ਕਾਰ ਮੂਹਰੇ ਲੱਗੀ ਝੰਡੀ ਹਿੱਲਣ ਲੱਗਦੀ ਐ ਤਾਂ ਜ਼ਿਲ੍ਹਾ ਖ਼ਤਮ ਹੋ ਜਾਂਦਾ। ਉਹ ਵੱਡੇ ਜ਼ਿਲ੍ਹੇ ਵਿਚ ਲੱਗਣ ਵਾਸਤੇ ਸਿਆਸਤਦਾਨਾਂ ਦੇ ਹਾੜ੍ਹੇ ਕੱਢਦਾ। ਨੱਕ ਰਗੜਦਾ…..ਬੱਸ, ਜੋ ਹਾਲ ਹੋਇਆ ਪਿਆ ਅਫਸਰਸ਼ਾਹੀ ਦਾ, ਗੱਲ ਨਾ ਈ ਕਰੀਏ ਤਾਂ ਚੰਗਾ ।''

''ਸਰ! ਮੈਨੂੰ ਤਾਂ ਕਦੇ-ਕਦੇ ਲੱਗਦਾ, ਅਸਲੀ ਮਰਦ ਤਾਂ ਕੋਈ ਰਿਹਾ ਈ ਨ੍ਹੀਂ। ਕੁਛ ਲੁੱਟੀ ਜਾਂਦੇ ਆ, ਬਹੁਤੇ ਭੇਡਾਂ ਵਾਂਗੂੰ ਲੁੱਟ ਖਾਈ ਜਾਂਦੇ। ਵੇਖਾ-ਵੇਖੀ। ਅਨਪੜ੍ਹਾਂ ਦੀ ਤਾਂ ਗੱਲ ਛੱਡੋ, ਅਪਣੇ ਵਰਗੇ ਜਿਹੜੇ ਆਵਦੇ-ਆਪ ਨੂੰ ਬੜੇ ਫੰਨ੍ਹੇ ਖਾਂ ਸਮਝਦੇ ਹਾਂ, ਉਹ ਵੀ ਮਗਰਮੱਛਾਂ ਅੱਗੇ ਗੋਡੇ ਟੇਕੀ ਬੈਠੇ। ਜਿਹੜਾ ਮਾੜਾ-ਮੋਟਾ ਸਿਰ ਚੱਕਦਾ-ਉਹਨੂੰ ਤੁਹਾਡੇ ਆਗੂ….. ਮੈਨੂੰ ਤਾਂ ਅਸਲੀ ਬੰਦਾ ਕਿਤੇ ਦੀਂਹਦਾ ਨੀ।''

''ਅਫਸਰਾ! ਹੈਗੇ ਅਸਲੀ ਮਰਦ ਅਜੇ ਵੀ ਧਰਤੀ 'ਤੇ। ਬੀਅ-ਨਾਸ਼ ਨ੍ਹੀਂ ਹੋਇਆ। ਐਸੇ ਜੇਲ੍ਹ 'ਚ ਵੀ ਹੈਗੇ। ਅੱਜ ਤਾਂ ਹੁਣ ਬੰਦੀ ਹੋਣ ਵਾਲੀ ਐ, ਕੱਲ੍ਹ ਨੂੰ ਚੱਲਾਂਗੇ। ਗੁਰਚਰਨੇ ਨੂੰ ਮਿਲਾਊਂ ਤੈਨੂੰ; ਫੇਰ ਦੱਸੀਂ-ਹੈਗੇ ਕਿ ਨਹੀਂ ਮਰਦ ਐਸ ਦੁਨੀਆ 'ਤੇ।'' ਗਰੇਵਾਲ ਸਾਹਿਬ ਅਪਣੀ ਬੈਰਕ ਵਿਚ ਜਾਣ ਲਈ ਉਠ ਖੜ੍ਹੇ ਸਨ।

++++++++

''ਅਫਸਰੋ ! ਏਹ ਮਾਣਸ ਦੇਹ ਮਸਾਂ ਮਿਲਦੀ। ਚੁਰਾਸੀ ਲੱਖ ਜੂਨਾਂ ਭੋਗ ਕੇ। ਆਂਹਦੇ ਨਹੀਂ ਹੁੰਦੇ ਅਖੇ ਹੀਰਾ ਜਨਮ ਅਮੋਲ। ਮੇਰੀ ਮਾਈ ਆਂਹਦੀ ਹੁੰਦੀ ਸੀ ਪੁੱਤ ਕੀਟ-ਪਤੰਗ ਵੀ ਨ੍ਹੀ ਮਾਰੀਦਾ। ਸਾਰਿਆਂ 'ਚ ਇਕੋ ਜਿਹੀ ਜਾਨ ਹੁੰਦੀ ਐ। ਹੋਰ ਤਾਂ ਹੋਰ ਬਨਸਪਤੀ ਵਿਚ ਵੀ ਜਾਨ ਹੁੰਦੀਓ । ਜਦੋਂ ਕਦੇ ਸਾਗ ਵੀ ਚੀਰਨ ਲੱਗਣਾ, ਮਾਂ ਮੱਥਾ ਟੇਕਦੀ ਸੀ-ਰੱਬਾ ਮਾਫ਼ ਕਰੀਂ। ਕਣਕ ਪਿਸਾਉਣ ਤੋਂ ਪਹਿਲਾਂ ਮਣਸ ਕੇ ਕੋਠੇ 'ਤੇ ਸਿੱਟਦੀ ਸੀ-ਚਿੜੀ ਜਨੌਰ ਦੇ ਭਾਗਾਂ ਨੂੰ। ਅਫਸਰਾ! ਮੈਨੂੰ ਯਾਦ ਐ। ਕੇਰਾਂ ਮੈਥੋਂ ਚਿੜੀ ਦਾ ਬੋਟ ਮਰ ਗਿਆ। ਤੂੰ ਸੱਚ ਜਾਣੀਂ-ਸਾਰੇ ਟੱਬਰ ਦੇ ਸੰਘੋ ਰੋਟੀ ਨ੍ਹੀ ਸੀ ਲੰਘੀ।'' ਮੈਂ ਹੈਰਾਨ ਹੋ ਕੇ ਗੁਰਚਰਨੇ ਵੱਲ ਦੇਖੀ ਜਾਂਦਾ ਸਾਂ। ਉਸ ਦੇ ਦੁੱਧ ਚਿੱਟੇ ਦਾਹੜੇ ਵਿਚੋਂ ਝਾਕਦਾ ਦਰਵੇਸ਼ੀ ਚਿਹਰਾ। ਅਜਿਹਾ ਦਰਵੇਸ਼ ਆਦਮੀ ਭਲਾ ਕਿਸੇ ਦਾ ਕਾਤਲ ਹੋ ਸਕਦਾ ਹੈ ?

''ਅਫਸਰੋ ! ਇਹ ਬੰਦਾ ਨ੍ਹੀਂ…..ਵਕਤ ਈ ਫੈਸਲਾ ਕਰਦਾ ਬੰਦੇ ਨੇ ਕੀ ਬਨਣਾ ਤੇ ਕੀ ਨਹੀਂ ਬਨਣਾ। ਐਧਰ ਮੇਰੇ ਕੰਨੀ ਵੇਖ ਲੋ…ਥੋਨੂੰ ਕਾਤਲ ਲੱਗਦਾ ਮੈਂ ?'' ਗੁਰਚਰਨਾ ਸਿੱਧਾ ਸਾਡੀਆਂ ਅੱਖਾਂ ਵਿਚ ਝਾਕਿਆ ਸੀ। ਮੈਂ ਅੱਜ ਪਹਿਲੀ ਵਾਰ ਉਸ ਦੀ ਬੈਰਕ ਵਿਚ ਉਸ ਨੂੰ ਮਿਲ ਰਿਹਾ ਸਾਂ। ਮੈਂ ਤਾਂ ਕੀ ਜੁਆਬ ਦੇਣਾ ਸੀ ਪਰੰਤੂ ਗਰੇਵਾਲ ਸਾਹਿਬ ਨੇ ਵੀ ਕੋਈ ਉਤਰ ਨਹੀਂ ਸੀ ਦਿੱਤਾ। ਅਸੀਂ ਸਿਰਫ਼ ਖਾਲੀ-ਖਾਲੀ ਨਜ਼ਰਾਂ ਨਾਲ ਗੁਰਚਰਨੇ ਵੱਲ ਝਾਕੀ ਜਾਂਦੇ ਸਾਂ।

''ਜਿਹੜਾ ਬੰਦਾ ਚਿੜੀ ਦਾ ਬੋਟ ਮਰੇ ਤੋਂ ਤਿੰਨ ਦਿਨ ਰੋਂਦਾ ਰਿਹਾ ਸੀ, ਉਸ ਬੰਦੇ ਨੇ ਇਨ੍ਹਾਂ ਹੱਥਾਂ ਨਾਲ ਦੋ ਬੰਦੇ ਬੇਰਹਿਮੀ ਨਾਲ ਮਾਰੇ ਐ……ਬੰਦੇ ਨ੍ਹੀ ਰਾਖ਼ਸ਼ ਆਖੋ। ਦੋ ਰਾਖ਼ਸ਼ ਮਾਰੇ ਮੈਂ ਇਨ੍ਹਾਂ ਹੱਥਾਂ ਨਾਲ ਕੋਹ-ਕੋਹ ਕੇ।'' ਗੁਰਚਰਨੇ ਨੇ ਹੱਥ ਸਾਡੇ ਅੱਗੇ ਕਰ ਦਿੱਤੇ ਸਨ। ਮੈਂ ਗਹੁ ਨਾਲ ਦੇਖਿਆ। ਹੱਥ ਤਾਂ ਬਿਲਕੁਲ ਸਾਡੇ ਵਰਗੇ ਸਨ। ਹੱਥਾਂ ਵਿਚ ਤਾਂ ਕੋਈ ਵੀ ਫ਼ਰਕ ਨਹੀਂ ਸੀ।

''ਅਫਸਰੋ ਦਰਿਆ ਅਪਣਾ ਵਹਿਣ ਆਪ ਨ੍ਹੀਂ ਤੈਅ ਕਰਦਾ…..ਧਰਤੀ ਦੀ ਢਾਲ ਅਨੁਸਾਰ ਈ ਪਾਣੀ ਵਹਿੰਦਾ। ਇਵੇਂ ਜਿਵੇਂ ਬੰਦੇ ਦੀ ਦਿਸ਼ਾ ਵਕਤ ਤੈਅ ਕਰਦਾ। ਗੁਰਚਰਨਾ…….ਗੁਰਚਰਨਾ ਸਾਂਸੀ ਐਹੋ ਜਾ ਨਾ ਸੀ….ਐਹੋ ਜ੍ਹਾ ਨਈਂ ਸੀ ਗੁਰਚਰਨਾ ।''

ਗੁਰਚਰਨਾ ਜਿਵੇਂ ਕਿਤੇ ਦੂਰ ਜਾ ਪਹੁੰਚਿਆ ਸੀ। ਗਰੇਵਾਲ ਸਾਹਿਬ ਨੇ ਉਸ ਦਾ ਹੱਥ ਅਪਣੇ ਹੱਥਾਂ ਵਿਚ ਲੈ ਕੇ ਪਲੋਸਣਾ ਸ਼ੁਰੂ ਕਰ ਦਿੱਤਾ ਸੀ।

''ਗੁਰਚਰਨਾ ਤਾਂ ਰੱਬ ਤੋਂ ਭੈਅ ਖਾਣ ਵਾਲਾ ਬੰਦਾ ਸੀ., ਸੋਚਦਾ ਸੀ, ਏਸ ਧਰਤੀ 'ਤੇ ਆਏ ਓਂ ਤਾਂ ਸ਼ੋਭਾ ਖੱਟੋ। ਭਲਾ ਕਰੋ ਜੇ ਕਰ ਸਕਦੇ ਹੋ ਤਾਂ, ਤੇ ਅਫਸਰਾ ਗੁਰਚਰਨੇ ਨੇ ਸਾਰੀ ਉਮਰ ਭਲਾ ਈ ਕੀਤਾ। ਸੁਫਨੇ 'ਚ ਵੀ ਕਿਸੇ ਦਾ ਮਾੜਾ ਨੀ ਕੀਤਾ ਹੋਣੈਂ। ਕਿਸੇ ਦਾ ਅੰਗ ਪੈਰ ਉਤਰ ਗਿਆ…..ਆ ਵੇਖੀਂ ਗੁਰਚਰਨ ਸਿਆਂ। ਕਿਸੇ ਪਸ਼ੂ ਦੇ ਜੇਰ ਨੀ ਪੈਂਦੀ…ਸੱਦ ਲਿਆਓ ਬਈ ਗੁਰਚਰਨੇ ਨੂੰ। ਕਿਸੇ ਦੀ ਝੋਟੀ ਅਹੁਰੀ ਗਈ, ਗੁਰਚਰਨਾ ਆਵਦੇ ਕੋਲੋਂ ਕੁਚਲੇ ਭੁੰਨ-ਭੁੰਨ ਕੇ ਤਿਆਰ ਕੀਤੀ ਦੇਸੀ ਦੁਆਈ ਦਿੰਦਾ ਮੁਫ਼ਤੋ-ਮੁਫ਼ਤੀ। ਨਾਲ ਰਾਂਹੀ ਸੌਂਫ਼ ਅਜਵੈਣ ਦੇ ਕਾੜ੍ਹੇ ਕਰ ਕੇ ਪਿਆਉਂਦਾ ਪਸ਼ੂਆਂ ਨੂੰ। ਕਿਸੇ ਬੰਦੇ-ਬੁੜੀ ਦੇ ਧਰਨ ਪੈ ਗੀ-ਗੁਰਚਰਨਾ ਬਿੰਦ ਨਾ ਲਾਉਂਦਾ ਠੀਕ ਕਰਨ ਲੱਗਿਆਂ। ਸਿਰ 'ਤੇ ਭਾਰੀ ਪੰਡ ਚੁੱਕਿਆਂ ਕਿਸੇ ਦੀ ਧੌਣ 'ਚ ਵਲ ਪੈ ਗਿਆ……ਕਿਸੇ ਦੇ ਗਿੱਟੇ-ਗੋਡੇ ਨੂੰ ਮਚਕੋੜ ਆਗੀ….ਕਿਸੇ ਦੇ ਚੁੱਕ ਪੈਗੀ……ਕਿਸੇ ਜੁਆਕ ਦੀ ਕੌਡੀ ਡਿੱਗ ਪਈ…… ਕਿਸੇ ਨਿੱਕੇ ਨਿਆਣੇ ਦਾ ਤਾਲੂਆ ਥੱਲੇ ਆ ਗਿਆ……ਗੁਰਚਰਨਾ ਹਰ ਥਾਂ ਹਾਜ਼ਰ। ਮਜਾਲ ਕੀ ਕਿਸੇ ਤੋਂ ਪਾਈ ਵੀ ਲਈ ਹੋਵੇ। ਅਫਸਰੋ! ਗੁਰਚਰਨੇ ਨੇ ਛੋਟਾ ਨੀ ਕੀਤਾ ਆਵਦੇ ਆਪ ਨੂੰ। ਲੋਕ ਨੋਟ ਚੁੱਕੀ ਫਿਰਦੇ ਸੀ ਮਗਰ-ਮਗਰ, ਪਰ ਨਹੀ….! ਲੋਕ ਆਂਹਦੇ ਸੀ ਗੁਰਚਰਨੇ ਦੇ ਹੱਥੀਂ ਜਸ ਆ। ਇਹਦਾ ਹੱਥ ਲਵਾ ਲਓ….. ਚਿਰਾਂ ਦਾ ਲਟਕਿਆ ਆਉਂਦਾ ਅਸਾਧ ਰੋਗੀ ਵੀ ਘੋੜੇ ਅਰਗਾ ਹੋ ਜੂ। ਚਾਹੁੰਦਾ ਤਾਂ ਪੈਸੇ ਰੋਲ ਦਿੰਦਾ, ਪਰ ਗੁਰਚਰਨੇ ਨੇ ਹੁਨਰ ਨੂੰ ਵਪਾਰ ਨ੍ਹੀ ਬਣਾਇਆ ।'' ਗੁਰਚਰਨਾ ਭਾਵੁਕ ਹੋ ਗਿਆ ਸੀ। ਉਸ ਨੂੰ ਤਾਂ ਇਹ ਵੀ ਭੁੱਲ ਗਿਆ ਸੀ ਕਿ ਉਹ ਜੇਲ੍ਹ ਦੀ ਇੱਕੀ ਨੰਬਰ ਬੈਰਕ ਵਿਚ ਬੰਦ ਕੈਦੀ ਨੰਬਰ ਤਿੰਨ ਸੌ ਤੇਰਾਂ ਹੈ। ਉਮਰ ਕੈਦ ਭੁਗਤ ਰਿਹਾ ਕੈਦੀ, ਜਿਸ ਉਪਰ ਇਕ ਹੋਰ ਕਤਲ ਦਾ ਮੁਕੱਦਮਾ ਚੱਲ ਰਿਹਾ ਹੈ। ਜੇਲ੍ਹ ਵਿਚ ਕੀਤੇ ਬੇਰਹਿਮ ਕਤਲ ਦਾ। ਗਰੇਵਾਲ ਸਾਹਿਬ ਨੇ ਖੱਡੇ ਦੇ ਦੂਜੇ ਸਿਰੇ 'ਤੇ ਪਈ ਪਾਣੀ ਵਾਲੀ ਝੱਜਰੀ ਵਿਚੋਂ ਗਿਲਾਸ ਭਰਿਆ ਤੇ ਗੁਰਚਰਨੇ ਨੂੰ ਪੀਣ ਲਈ ਫੜਾ ਦਿੱਤਾ।

''ਬਾਈ ਸਿਆਂ ਰੱਬ ਵੀ ਚੰਗਾ-ਮਾੜਾ ਨੀ ਵੇਖਦਾ। ਐਧਰ ਵੇਖ਼…ਆਹ ਗੁਰਦਾਸ ਆ-ਸਿੱਧਵਾਂ ਆਲੇ ਬੁਰਜੋਂ। ਪੁੱਜ ਕੇ ਸਾਊ-ਇਮਾਨਦਾਰ ਅਫਸਰ। ਇਹਨੂੰ ਵੀ ਫਸਾਤਾ ਅਗਲਿਆਂ। ਵਿਜੀਲੈਂਸ ਆਲਿਆਂ ਪੈਸੇ ਦੇ ਜ਼ੋਰ 'ਤੇ ਅਸਲ ਮੁਜ਼ਰਮ ਬਾਹਰ ਕੱਢਤੇ, ਕੇਸ ਫਿੱਟ ਕਰਤਾ ਏਸ ਹਮਾਤੜ੍ਹ 'ਤੇ।'' ਗਰੇਵਾਲ ਸਾਹਿਬ ਨੇ ਮੇਰੇ ਮੋਢਿਆਂ 'ਤੇ ਹੱਥ ਰੱਖਦਿਆਂ ਆਖਿਆ ਸੀ।

''ਕੋਈ 'ਨਸਾਫ ਨੀ ਅਪਸਰਾ ਦੁਨੀਆ 'ਤੇ, ਹੈਨੀ ਉਕਾ ਈ। ਕਿੱਥੇ ਆ ਰੱਬ ਮੇਰਾ…..ਮੈਨੂੰ ਲੱਗਦਾ ਹੋਣਾ ਈ ਨੀ….ਨਹੀਂ ਅਪਣੇ ਅਰਗਿਆਂ ਨਾਲ ਆਏਂ ਨਾ ਹੁੰਦੀ। ਅਪਸਰਾ…..ਨਹੀਂ ਹੋਣੀ ਸੀ ਜੱਗੋਂ ਤੇਰਵੀਂ ਗੁਰਚਰਨੇ ਨਾਲ। ਜੀਹਨੇ ਸਾਰੇ ਪਿੰਡ ਦੀਆਂ ਧੀਆਂ-ਭੈਣਾਂ ਨੂੰ ਆਵਦੀਆਂ ਧੀਆਂ-ਭੈਣਾਂ ਸਮਝਿਆ। ਲਾਜ ਪੱਤ ਰੱਖੀ ਪਿੰਡ ਦੀਆਂ ਨੂੰਹਾਂ-ਧੀਆਂ ਦੀ। ਪਰ ਰਾਖ਼ਸ਼ਾਂ ਨੇ…..ਰਾਖ਼ਸ਼ਾਂ ਨੇ ਉਹਦੀ ਧੀ ਵੀ ਨਾ ਬਖਸ਼ੀ। ਉਨ੍ਹਾਂ ਜਰਵਾਣਿਆਂ ਗੁਰਚਰਨੇ ਦੀ ਧੀ ਦੀ ਇੱਜ਼ਤ ਰੋਲੀ ਜਿਨ੍ਹਾਂ……।'' ਗੁਰਚਰਨੇ ਦੀਆਂ ਮੁੱਠੀਆਂ ਮੀਚੀਆਂ ਗਈਆਂ ਸਨ । ਉਹ ਕਿੰਨਾ ਚਿਰ ਚੁੱਪ ਰਿਹਾ। ਅੱਖਾਂ ਵਿਚ ਗ਼ਹਿਰ ਉਤਰ ਆਈ ਸੀ।

''ਬੜਾ ਕਹਿਰ ਕੀਤਾ ਸੀ ਦੁਸ਼ਟਾਂ ਨੇ……ਜੇਹੜੀ ਤੁਸੀਂ ਸਜ਼ਾ ਦਿੱਤੀ ਏਸੇ ਦੇ ਹੱਕਦਾਰ ਸਨ……ਕਤੀੜ੍ਹ ।''

''ਪਰ ਅਪਸਰਾ ਥੋਨੂੰ ਏਹ ਨ੍ਹੀ ਪਤਾ ਹੋਣਾ ਉਨ੍ਹਾਂ ਦੁਸ਼ਟਾਂ ਨਾਲ ਮੈਂ ਕੀ ਭਲੀ ਕੀਤੀ ਸੀ, ਜੀਹਦਾ ਦੇਣਾ ਇਨ੍ਹਾਂ ਨੇ ਇਉਂ ਕਰਕੇ ਮੋੜਿਆ ਮੈਨੂੰ।''

''ਨਹੀਂ ਤਾਂ ।'' ਗਰੇਵਾਲ ਸਾਹਿਬ ਦਾ ਸਿਰ ਨਾਂਹ ਵਿਚ ਹਿੱਲ ਗਿਆ ਸੀ।

''ਅਪਸਰਾ ਉਦੋਂ ਮੈਂ ਚੜ੍ਹਦੀ ਮਾਲੀ ਸਾਂ। ਮੁੱਛ-ਫੁੱਟ ਚੋਬਰ। ਇਕ ਦਿਨ ਮੈਂ ਘਰ ਇਕੱਲਾ ਹੀ ਸਾਂ। ਤਿੱਖੜ ਦੁਪਹਿਰਾ। ਕਾਂ ਅੱਖ ਨਿਕਲੇ। ਜ਼ੈਲਦਾਰ ਦੀ ਕੁਆਰੀ ਕੁੜੀ ਘਬਰਾਈ-ਘਬਰਾਈ ਸਾਡੇ ਘਰ ਆਈ। ਘਰ ਸਾਡਾ ਜ਼ੈਲਦਾਰਾਂ ਦੇ ਐਨ ਨਾਲ ਸੀ। ਲਉ ਜੀ, ਕੁੜੀ ਨੂੰ ਵੇਖ ਕੇ ਮੈਂ ਡੌਰ-ਭੌਰ ਜਿਹਾ ਹੋ ਗਿਆ। ਕੁੜੀ ਵੀ ਪੂਰੀ ਪਸ਼ੇਮਾਨ। ਉਸ ਤੋਂ ਗੱਲ ਈ ਨਹੀਂ ਸੀ ਹੋ ਰਹੀ। ਮੈਂ ਪੁੱਛਿਆ, ''ਭਾਈ ਬੀਬਾ ਗੱਲ ਕੀ ਆ? ਕਿਵੇਂ ਆਈਂ ਏਂ ? ਸੁੱਖ ਤਾਂ ਹੈ ਐਨੀ ਪਸ਼ੇਮਾਨ ਕਿਉਂ ਐਂ….ਟਿਕਾਅ ਨਾਲ ਗੱਲ ਦੱਸ ਭਾਈ ਕੀ ਐ ?'' ਲਉ ਜੀ ਕੁੜੀ ਵੀ ਕੁਛ ਦਿਲ ਧਰ ਆਈ। ਕਹਿੰਦੀ,  "ਬਾਈ ਮੈਂ ਤਾਂ ਆਈ ਸੀ ਵਈ ਚਾਚੀ ਜਾਂ ਭਾਬੀ ਘਰੇ ਹੋਊ। ਘਰੇ ਭਾਬੀ ਦਾ ਦਰਦਾਂ ਨਾਲ ਬੁਰਾ ਹਾਲ ਐ। ਹੋਰ ਕੋਈ ਘਰ ਵੀ ਹੈਨੀ। ਥੋਨੂੰ ਪਤਾ ਹੋਰ ਆਂਢ-ਗੁਆਂਢ ਕੋਈ ਆਉਂਦਾ ਨ੍ਹੀਂ ਸਾਡੇ। ਬਾਈ ਹੋਣਾਂ ਦੀ ਬਣਾਈ ਐਨੀ ਕੁ ਆ ਆਂਢੀਆਂ-ਗੁਆਂਢੀਆਂ ਨਾਲ। ਹੁਣ ਕੀ ਕਰੀਏ ਬਾਈ ? ਜੇ ਕੋਈ ਹੱਲ ਨਾ ਹੋਇਆ….. ਭਾਬੀ ਨ੍ਹੀਂ ਬਚਦੀ। ਨਵਾਂ ਆਉਣ ਵਾਲਾ ਜੀ ਵੀ ਅੰਦਰੇ ਮਰਜੂ। ਹੁਣ ਕੀ ਹੋਊ ਬਾਈ……….ਬਾਈ ਤੂੰ ਹੀ ਆਈਂ ਕੇਰਾਂ ਘਰੇ।'' ਲਉ ਜੀ ਮੈਂ ਪੈਰੀਂ ਜੁੱਤੀ ਵੀ ਨਹੀਂ ਪਾਈ। ਉਸੇ ਤਰ੍ਹਾਂ ਨੰਗੇ ਪੈਰੀਂ ਜ਼ੈਲਦਾਰਾਂ ਦੇ ਘਰ ਜਾ ਵੱਜਾ। ਮੈਂ ਦੇਖਿਆ ਜ਼ੈਲਦਾਰ ਦੀ ਨੂੰਹ ਦਰਦਾਂ ਨਾਲ ਮੱਛੀਓਂ-ਮਾਸ ਹੋਈ ਜਾਵੇ। ਐਨ ਪਿੰਡ ਦੇ ਦੂਜੇ ਪਾਸੇ ਰਹਿੰਦੀ ਦਾਈ ਨੂੰ ਭੱਜ ਕੇ ਸੱਦ ਲਿਆਉਣ ਜੋਗਾ ਵੀ ਟੈਮ ਹੈਨੀ ਸੀ। ਜੱਚਾ-ਬੱਚਾ ਦੋਵਾਂ ਦੀ ਜਾਨ ਬੱਸ ਕੁਝ ਹੀ ਪਲਾਂ ਦੀ ਮਹਿਮਾਨ ਸੀ। ਸੋਚਣ ਦਾ ਟੈਮ ਕਿੱਥੇ ਸੀ ? ਕੀ ਕਰਾਂ ਮੈਂ ? ਇਕ ਪਾਸੇ ਦੋ ਜਿੰਦੜੀਆਂ ਦਾ ਸੁਆਲ ਸੀ, ਦੂਜੇ ਪਾਸੇ ਸੰਗ- ਸ਼ਰਮ। ਕੁੜੀ ਦੇ ਮੰਜੇ ਤੋਂ ਤਾਂ ਖੂਨ ਨੁੱਚੜ-ਨੁੱਚੜ ਥੱਲੇ ਡਿੱਗ ਰਿਹਾ ਸੀ। ਰੱਬ ਨੇ ਚੰਗੀ ਪਰਖ ਦੀ ਘੜੀ ਪਾ ਦਿੱਤੀ ਸੀ ਮੇਰੇ 'ਤੇ। ਲਉ ਜੀ ਅਪਸਰੋ! ਮੈਂ ਦੋ ਜੀਆਂ ਦੀ ਜ਼ਿੰਦਗਾਨੀ ਬਚਾਉਣ ਦਾ ਫੈਸਲਾ ਕਰ ਲਿਆ। ਮੈਂ ਕਾਹਲੀ-ਕਾਹਲੀ ਸਾਬਣ ਨਾਲ ਹੱਥ ਧੋਤੇ। ਬਾਰ੍ਹ ਨੂੰ ਅੰਦਰੋਂ ਕੁੰਡਾ ਮਾਰਿਆ। ਅਪਣੇ ਮੂੰਹ 'ਤੇ ਕੱਪੜਾ ਪਾ ਲਿਆ ਤੇ ਜ਼ੈਲਦਾਰ ਦੀ ਕੁੜੀ ਨੂੰ ਆਖਿਆ-ਭਾਈ ਬੀਬਾ! ਭਾਬੀ ਅਪਣੀ ਦੀ ਸਲਵਾਰ ਉਤਾਰ ਦੇ। ਅਪਸਰਾ! ਹੁਣ ਬੰਦ ਕਮਰਾ ਸੀ। ਮੈਂ ਸਾਂ- ਜ਼ੈਲਦਾਰਾਂ ਦੀ ਨੂੰਹ ਦਾ ਜਿਸਮ ਸੀ ਤੇ ਮੇਰੇ ਹੱਥ। ਉਸ ਦਾ ਨੰਗਾ ਬਦਨ ਤਾਂ ਮੈਨੂੰ ਦਿਖਾਈ ਹੀ ਨਹੀਂ ਸੀ ਦਿੰਦਾ। ਮੇਰੇ ਇਨ੍ਹਾਂ ਹੱਥਾਂ ਨੇ ਸੈਂਕੜੇ ਗਾਵਾਂ-ਮੱਝਾਂ ਦਾ ਜਣੇਪਾ ਕਰਵਾਇਆ ਸੀ, ਹੁਣ ਵੀ ਕੀ ਫਰਕ ਸੀ ? ਗੱਲ ਤਾਂ ਕਿਸੇ ਨਵੇਂ ਜੀਅ ਨੂੰ ਧਰਤੀ 'ਤੇ ਲੈ ਕੇ ਆਉਣ ਦੀ ਹੀ ਸੀ। ਫੇਰ ਕੀ ? ਬੱਸ ਦੋ ਚਾਰ ਮਿੰਟ ਜੂਝਣਾ ਪਿਆ ਤੇ ਬੱਚੇ ਦੀ ਕਿਲਕਾਰੀ ਸਾਡੇ ਕੰਨਾਂ ਵਿਚ ਆ ਗੂੰਜੀ ਸੀ। ਮੈਂ ਦੋਵੇਂ ਹੱਥ ਉਪਰ ਚੁੱਕ ਕੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ।'' ਗੁਰਚਰਨੇ ਨੇ ਹੱਥ ਉਪਰ ਚੁੱਕੇ ਸਨ ਜਿਵੇਂ ਪ੍ਰਾਰਥਨਾ ਕਰ ਰਿਹਾ ਹੋਵੇ।

''ਅਪਸਰਾ ! ਉਸ ਘਟਨਾ ਦੀ ਹਵਾ ਵੀ ਅੱਜ ਤਕ ਮੇਰੇ ਤੋਂ ਕਦੇ ਬਾਹਰ ਨਹੀਂ ਨਿਕਲੀ। ਨਿਕਲਦੀ ਵੀ ਕਿਵੇਂ, ਮੈਨੂੰ ਤਾਂ ਇੰਝ ਲੱਗਿਆ ਸੀ ਜਿਵੇਂ ਮੈਂ ਅਪਣੀ ਹੀ ਧੀ ਦਾ ਸੰਭਾਲਾ ਕੀਤਾ ਹੋਵੇ।''

''ਕਮਾਲ ਐ ਬਾਈ ਸਿਆਂ !'' ਗਰੇਵਾਲ ਸਾਹਿਬ ਸਿਰ ਸੱਜੇ-ਖੱਬੇ ਹਿਲਾ ਰਹੇ ਸਨ।

''ਕਾਹਦੀ ਕਮਾਲ ਅਪਸਰਾ ? ਪਤਾ ਕੀ ਇਨਾਮ ਦਿੱਤਾ ਜ਼ੈਲਦਾਰਾਂ ਦੇ ਕਾਕਿਆਂ ਇਸ ਭਲਿਆਈ ਦਾ?''

''………..?'' ਅਸੀਂ ਸੁਆਲ ਬਣ ਗਏ ਸਾਂ।

''ਮੇਰੀ ਧੀ ਦੀ ਇੱਜ਼ਤ ਰੋਲਤੀ ਜ਼ੈਲਦਾਰਾਂ। ਸੰਘਣੇ ਕਮਾਦਾਂ 'ਚ ਘਿਰੀ ਜ਼ੈਲਦਾਰਾਂ ਦੀ ਬੰਬੀ ਅੱਜ ਵੀ ਗਵਾਹ ਹੈ ਮੇਰੀ ਧੀ ਦੀਆਂ ਸਿਸਕੀਆਂ ਦੀ। ਕੁੜੀ ਨੇ ਖੂਹ 'ਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ। ਮੇਰੀ ਇੱਜ਼ਤ ਤਾਰ-ਤਾਰ ਕਰਤੀ ਇਨ੍ਹਾਂ…..।'' ਗੁਰਚਰਨੇ ਨੇ ਅੱਖਾਂ ਵਿਚ ਸਿੰਮ ਆਏ ਪਾਣੀ ਨੂੰ ਪਰਨੇ ਦੇ ਲੜ ਨਾਲ ਪੂੰਝ ਲਿਆ ਸੀ। ਸਾਡੇ ਵਿਚਕਾਰ ਕਿੰਨਾ ਹੀ ਚਿਰ ਚੁੱਪ ਤਣੀ ਰਹੀ। ਮੈਂ ਤੇ ਗਰੇਵਾਲ ਸਾਹਿਬ ਅੱਖਾਂ ਭਰ ਆਏ ਸਾਂ।

''ਅਪਸਰੋ ! ਗੰਦੀ ਨਾਲੀ ਦੇ ਦੋ ਕੀੜਿਆਂ ਦੀਆਂ ਘੰਡੀਆਂ ਵੱਢੀਆਂ ਮੈਂ। ਥੋਨੂੰ ਪਤਾ ਜੇਲ੍ਹ 'ਚ ਕਤਲ ਹੋ ਜੇ, ਕਿਸੇ ਗਵਾਹੀ ਦੀ ਲੋੜ ਨ੍ਹੀਂ ਹੁੰਦੀ……ਮੈਂ ਫਾਹੇ ਲੱਗੂੰ ਪੱਕਾ। ਫਾਹੇ ਲੱਗੂੰ…….ਪਰ ਰਾਈ ਭਰ ਅਫਸੋਸ ਨ੍ਹੀਂ ਮੈਨੂੰ। ਗੰਦੀ ਨਾਲੀ ਦੇ ਕੀੜੇ ਮਾਰ-ਮਾਰ ਕੇ ਈ ਖ਼ਤਮ ਕੀਤੇ ਜਾ ਸਕਦੇ ਆ ਅਪਸਰਾ।''

''ਗੰਦੀ ਨਾਲੀ ਦੇ ਕੀੜੇ ਮਾਰ-ਮਾਰ ਕੇ ਖ਼ਤਮ ਨ੍ਹੀ ਹੋਣੇ। ਇਹ ਤਾਂ ਸਿਸਟਮ ਹੀ ਬਦਲਣਾ ਪਊ। ਜਮਾਤੀ ਦੁਸ਼ਮਣਾਂ ਦੇ ਸਫਾਏ ਦੀ ਮੁਹਿੰਮ ਨਾਲ ਕੋਈ ਵੀ ਲਹਿਰ ਨੀ ਉਸਰਦੀ ਹੁੰਦੀ। ਸਿਸਟਮ ਬਦਲਣ ਲਈ ਤਾਂ ਲਹਿਰ ਬਣਾਉਣੀ ਪਊ…….ਸਿਸਟਮ ਬਦਲੂ ਤਾਂ ਹੀ ਤੇਰੇ-ਮੇਰੇ ਨਾਲ ਹੋਣ ਵਾਲੀਆਂ ਵਧੀਕੀਆਂ ਖ਼ਤਮ ਹੋਣਗੀਆਂ।'' ਮੇਰਾ ਜੀਅ ਕਰਦਾ ਸੀ ਗੁਰਚਰਨੇ ਨੂੰ ਆਖਾਂ ਪਰ ਕਹਿ ਨਹੀਂ ਸੀ ਸਕਿਆ। ਅਹੁ ਸਾਹਮਣੀ ਇਮਾਰਤ ਵੇਖਦੇ ਓ ਨਾ……..?'' ਗੁਰਚਰਨੇ ਨੇ ਬੈਰਕਾਂ ਦੇ ਸਾਹਮਣੇ ਬਣੀ ਉਚੀ ਸਾਰੀ ਬਿਲਡਿੰਗ ਵੱਲ ਇਸ਼ਾਰਾ ਕਰਦਿਆਂ ਪੁੱਛਿਆ ਸੀ।

''ਹਾਂ!'' ਅਸੀਂ ਇਕੱਠੇ ਹੀ ਬੋਲ ਪਏ ਸਾਂ।

''ਫਾਂਸੀ ਵਾਲੀ ਕੋਠੜੀ ਐ ਏਹ! ਇਥੇ ਫਾਹੇ ਲਾਉਣਗੇ ਮੈਨੂੰ ।'' ਗੁਰਚਰਨੇ ਨੇ ਬੜੀ ਸਹਿਜਤਾ ਨਾਲ ਕਿਹਾ ਸੀ।

''ਥੋਨੂੰ ਹੋਰ ਦੱਸਾਂ…….ਮੇਰਾ ਬਾਪੂ ਵੀ ਇਥੇ ਹੀ ਫਾਹੇ ਲੱਗਾ ਸੀ। ਸੱਤਾਂ ਸਾਲਾਂ ਦਾ ਸੀ ਉਦੋਂ ਮੈਂ। ਪਤਾ ਕਿਉਂ ਫਾਹੇ ਲੱਗਾ ਸੀ ਬਾਪੂ ?''

''……….?''

''ਬਾਪੂ ਨੇ ਪਿੰਡ ਦੇ ਗਰੀਬ ਬਾਜ਼ੀਗਰ ਲੱਭੇ ਦੀ ਧੀ ਨੂੰ ਜ਼ੋਰ-ਜਬਰਦਸਤੀ ਉਧਾਲਣ ਵਾਲੇ ਜੱਗਰ ਬਦਮਾਸ਼ ਨੂੰ ਅਪਣੀ ਬਰਛੀ ਨਾਲ ਦਿਨ-ਦਿਹਾੜੇ ਕੋਹ-ਕੋਹ ਕੇ ਗੱਡੀ ਚੜ੍ਹਾ ਦਿੱਤਾ ਸੀ। ਐਨ ਪਿੰਡ ਦੀ ਸੱਥ ਦੇ ਵਿਚਾਲੇ। ਪੂਰੇ ਪੰਜਾਹ ਸਾਲਾਂ ਬਾਅਦ ਉਸੇ ਥਾਂ ਬਾਪੂ ਬਰੋਬਰ ਜਾ ਖੜੂੰ ਹਿੱਕ ਡਾਹ ਕੇ। ਪੂਰੇ ਮਾਣ ਨਾਲ। ਸਿਰ ਉਚਾ ਕਰ ਕੇ ।'' ਗੁਰਚਰਨੇ ਦੀਆਂ ਅੱਖਾਂ ਵਿਚ ਅਜੀਬ ਤਰ੍ਹਾਂ ਦੀ ਸੰਤੁਸ਼ਟੀ ਸੀ।

''ਅਪਸਰੋ ! ਬਾਜੇ-ਬਾਜੇ ਬੰਦੇ ਵੈਰੀ ਦੀ ਲੱਤ ਹੇਠੋਂ ਦੀ ਲੰਘ ਜਾਂਦੇ ਆ। ਡਰ ਕੇ ਦੁਸ਼ਮਣਾਂ ਦੀ ਅੱਖ ਦਾ ਸੁਰਮਾ ਬਣ ਜਾਂਦੇ। ਮਰਦ ਉਹ ਹੁੰਦਾ ਜਿਹੜਾ ਵੈਰੀਆਂ ਦੀ ਅੱਖ ਵਿਚ ਰੋੜ ਵਾਂਗੂੰ ਰੜਕੇ। ਜੀਹਨੇ ਆਵਦੇ ਨਾਲ ਹੋਏ ਧੱਕੇ ਖਿਲਾਫ਼ ਵੀ ਆਵਾਜ਼ ਨੀ ਉਠਾਈ, ਉਹ ਕਾਹਦਾ ਬੰਦੈ……?'' ਗੁਰਚਰਨਾ ਲੰਬਾ ਸਾਹ ਲੈ ਕੇ ਮੇਰੇ ਵੱਲ ਝਾਕਿਆ ਸੀ।

''ਅਪਸਰਾ! ਮੈਂ ਭੁੱਲ ਗਿਆ, ਕੀ ਨਾਂ ਤੇਰਾ……? ਜਦੋਂ ਕੋਈ ਨਵਾਂ ਹਵਾਲਾਤੀਆ ਜੇਲ੍ਹ ਵਿਚ ਆਉਂਦਾ ਐ ਨਾ……ਉਹਦਾ ਅੱਗਾ-ਪਿੱਛਾ, ਨਾਨਕੇ-ਦਾਦਕੇ, ਗੱਲ ਕੀ ਸਾਰੀ ਜਾਣਕਾਰੀ ਨਾਲ ਦੀ ਨਾਲ ਜੇਲ੍ਹ ਵਿਚ ਪਹੁੰਚ ਜਾਂਦੀ ਐ। ਹੁਣ ਦੇਖ਼…..ਤੇਰੇ ਨਾਲ ਧੱਕਾ ਹੋਇਆ। ਸ਼ਰੇਆਮ ਧੱਕਾ। ਕੀ ਕੀਤਾ ਤੂੰ..?'' ਗੁਰਚਰਨਾ ਹੁਣ ਸਿੱਧਾ ਮੇਰੀਆਂ ਅੱਖਾਂ ਵਿਚ ਝਾਕਿਆ ਸੀ। ਕੀ ਬੋਲਦਾ ਮੈਂ ? ਮੈਂ ਤਾਂ ਰੱਬ ਅੱਗੇ ਅਰਦਾਸਾਂ ਹੀ ਕਰਦਾ ਸਾਂ ਕਿ ਮੈਨੂੰ ਭ੍ਰਿਸ਼ਟਾਚਾਰ ਦੇ ਝੂਠੇ ਦੋਸ਼ ਵਿਚ ਫਸਾਉਣ ਵਾਲੇ ਪੁਲਸੀਏ ਅਤੇ ਸਿਆਸਤਦਾਨ ਕਦੇ ਨਾ ਕਦੇ ਕਾਨੂੰਨ ਦੇ ਅੜਿੱਕੇ ਚੜ੍ਹ ਜਾਣ। ਬਿਲਕੁਲ ਉਸੇ ਤਰ੍ਹਾਂ ਜਿਵੇਂ ਪਟਿਆਲੇ ਵੱਲੀਂ ਦੇ ਕਈ ਉਚ ਪੁਲਿਸ ਅਧਿਕਾਰੀ 'ਸੈਕਸ ਸਕੈਂਡਲ' ਦੇ ਨਾਂ ਹੇਠ ਬੇਗੁਨਾਹਾਂ ਤੋਂ ਪੈਸੇ ਬਟੋਰਦੇ ਸੀ.ਬੀ.ਆਈ ਦੇ ਅੜਿੱਕੇ ਚੜ੍ਹ ਗਏ ਸਨ।

''ਬਾਈ ! ਉਤਲਾ ਸਭ ਵੇਖਦਾ…..ਮੇਰੀਆਂ ਤਾਂ ਉਸੇ 'ਤੇ ਈ ਡੋਰੀਆਂ….ਵੇਖਿਓ ਕਦੇ ਨਾ ਕਦੇ ਆ ਜਾਣਗੇ ਅੜਿੱਕੇ ਮੇਰੇ ਸਾ….। ਸਾਰਾ ਕੁਝ ਠੀਕ ਹੋਜੂ……।'' ਮੇਰੀ ਆਵਾਜ਼ ਬਹੁਤ ਮੱਧਮ ਅਤੇ ਲੈਅਹੀਣ ਸੀ ।

''…….ਇੰਝ ਕਿਵੇਂ ਠੀਕ ਆਜੂ ਅਰਦਾਸਾਂ ਕਰਿਆਂ ? ਹੱਥ 'ਤੇ ਹੱਥ ਧਰਿਆਂ…..ਠੀਕ ਆਜੂ ? ਠੀਕ ਸੋਚਦਾ ਤੂੰ…..?''

ਗੁਰਚਰਨੇ ਦੇ ਸੁਆਲ ਦਾ ਕੀ ਜੁਆਬ ਦਿੰਦਾ ਮੈਂ ?

  • ਮੁੱਖ ਪੰਨਾ : ਕਹਾਣੀਆਂ, ਗੁਰਮੀਤ ਕੜਿਆਲਵੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ