Bhai Lehna Ji Da Pichhokar : Surjit Singh Dila Ram

ਭਾਈ ਲਹਿਣੇ ਜੀ ਦਾ ਪਿਛੋਕੜ ਤੇ ਗੁਰੂ ਨਾਨਕ ਸਾਹਿਬ ਨਾਲ ਮਿਲਾਪ : ਸੁਰਜੀਤ ਸਿੰਘ "ਦਿਲਾ ਰਾਮ"

ਗੁਰੂ ਅੰਗਦ ਸਾਹਿਬ ਜੀ ਜਿਨ੍ਹਾਂ ਦਾ ਨਾਮ ਗੁਰੂ ਪਦ ਦੇ ਅਧਿਕਾਰੀ ਹੋਣ ਤੋਂ ਪਹਿਲਾਂ ਭਾਈ ਲਹਿਣਾ ਜੀ ਸੀ।ਗੁਰੂ ਅੰਗਦ ਸਾਹਿਬ ਜੀ ਦੀ ਸ਼ਖਸੀਅਤ ਲਈ ਜੇ ਕੇਵਲ ਦੋ ਸ਼ਬਦ ਵਰਤਣੇ ਹੋਣ ਤਾਂ 'ਕੁਦਰਤੀ ਨੂਰ 'ਲਫਜ਼ ਠੀਕ ਢੁੱਕਣਗੇ।ਆਪ ਜੀ ਦਾ ਪ੍ਰਕਾਸ਼ 31ਮਾਰਚ 1504 ਈਸਵੀ ਨੂੰ ਪਿੰਡ ਮੱਤੇ ਦੀ ਸਰਾਂ, ਜਿਲ੍ਹਾ ਫਿਰੋਜ਼ਪੁਰ ਵਿੱਚ ਹੋਇਆ । ਇਸ ਬਾਰੇ 'ਗੁਰ ਪ੍ਰਣਾਲੀ 'ਕ੍ਰਿਤ ਕਵੀ ਗੁਲਾਬ ਸਿੰਘ ਵਿੱਚ ਇਸ ਤਰ੍ਹਾਂ ਲਿਖਿਆ ਹੈ- 'ਮਾਲਵੇ ਮੈਂ ਮਤੇ ਕੀ ਸਰਾਇ, ਹਰੀ ਕੇ ਗਿਰਾਉ, ਤ੍ਰੇਹਣ ਕੀ ਕੁੱਲ ਬਿਖੈ।ਇਹ ਵੀ ਸੂਰਜਬੰਸੀ ਲਛਮਣ ਦੀ ਸੰਤਾਨ ਮਧਯ ਤੇ ਹੀ ਨਿਕਸੈ ਹੈ।' ਭਾਈ ਲਹਿਣਾ ਜੀ ਦੇ ਪਿਤਾ ਦਾ ਨਾਂ ਫੇਰੂਮੱਲ ਅਤੇ ਮਾਤਾ ਦਾ ਨਾਂ ਸਭਰਾਈ ਜੀ ਸੀ।

ਭਾਈ ਫੇਰੂ ਮੱਲ ਦੇ ਦਾਦਕੇ ਪਿੰਡ ਮੰਗੋਵਾਲ ਦੇ ਸਨ ਜੋ ਕਿ ਜਿਲ੍ਹਾ ਗੁਜਰਾਤ (ਪਾਕਿਸਤਾਨ ) ਦਾ ਇਕ ਵੱਡਾ ਸੀ ਤੇ ਗੁਜਰਾਤ ਤੋਂ 22 ਮੀਲ ਦੀ ਦੂਰੀ 'ਤੇ ਸੀ।ਮੰਗੋਵਾਲ ਹੀ ਬਾਬਾ ਫੇਰੂ ਮੱਲ ਜੀ ਦੇ ਪਿਤਾ ਜੀ ਬਾਬਾ ਗੇਹਨੂੰ ਮੱਲ ਤੇ ਦਾਦਾ ਸੂਰਜ ਮੱਲ ਜੀ ਰਹਿੰਦੇ ਸਨ।ਗੇਹਨੂੰ ਮੱਲ ਜੀ ਦੇ ਚਾਰ ਲੜਕੇ ਭਾਈ ਰਾਜਾਨੀ, ਗੁਰਯਾ ਮੱਲ ,ਫੇਰੂ ਮੱਲ ਤੇ ਅਰਥੀ ਮੱਲ ਸਨ।ਪੰਜਾਬ ਦਾ ਵਾਪਾਰ ਇਨ੍ਹਾਂ ਦੇ ਹੱਥ ਹੁੰਦਾ ਸੀ ਤੇ ਦੀਵਾਨੀ ਕੰਮਾਂ ਵਿੱਚ ਵੀ ਪੂਰੀ ਜਾਣਕਾਰੀ ਰੱਖਦੇ ਸਨ।

ਭਾਈ ਫੇਰੂ ਮੱਲ ਜੀ ਦੇ ਨਾਨਕੇ ਮੱਤੇ ਦੀ ਸਰਾਂ ਦੇ ਸਨ।ਇਹ ਪਿੰਡ ਮੌਜੂਦਾ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ 9 ਕੁ ਮੀਲ ਉੱਤਰ -ਪੂਰਬ ਵੱਲ ਸਥਿੱਤ ਹੈ।ਬਾਬਰ ਦੇ ਹਮਲੇ ਸਮੇਂ ਹਮਲਾਵਰਾਂ ਨੇ ਇਸ ਸਥਾਨ ਨੂੰ ਢਹਿ ਢੇਰੀ ਕਰ ਦਿੱਤਾ ।ਕਿਹਾ ਜਾਂਦਾ ਹੈ ਕਿ ਨਾਂਗੇ ਸਾਧੂ ਨੇ ਇਸ ਨੂੰ ਮੁੜ ਆਬਾਦ ਕੀਤਾ ਤੇ ਇਹ ਸਰਾਏ ਨਾਂਗਾਂ ਵਜੋਂ ਪ੍ਰਸਿੱਧ ਹੋ ਗਿਆ ।ਭਾਈ ਫੇਰੂ ਮੱਲ ਜੀ ਮੱਤੇ ਦੀ ਸਰਾਂ ਵਿਖੇ ਆ ਗਏ ਤੇ ਆਪਣੀ ਪੜ੍ਹਾਈ ਲਿਖਾਈ ਵੀ ਇੱਥੇ ਹੀ ਕੀਤੀ ।ਬਾਬਾ ਫੇਰੂ ਜੀ ਪੜ੍ਹਾਈ ਲਿਖਾਈ ਵਿੱਚ ਨਿਪੁੰਨ ਸਨ ਤੇ ਫਾਰਸੀ ਦਾ ਗਿਆਨ ਵੀ ਰੱਖਦੇ ਸਨ।ਬਾਬਾ ਫੇਰੂ ਜੀ ਵਪਾਰ ਵੀ ਕਰਦੇ ਸਨ ਤੇ ਸ਼ਾਹੂਕਾਰਾ ਵੀ।ਦਾਨ ਪੁੰਨ ਦਾ ਸੁਭਾਅ ਹੋਣ ਕਰਕੇ ਸਾਧਾਂ ਸੰਤਾਂ ਦੀ ਵੀ ਸੇਵਾ ਕਰਦੇ ਸਨ।ਪਰ ਅਚਾਨਕ ਵਪਾਰ ਵਿੱਚ ਬਹੁਤ ਘਾਟਾ ਪੈਣ ਕਰਕੇ ਤਖਤ ਮੱਲ ਜੋ ਕਿ ਫਿਰੋਜ਼ਪੁਰ ਦੇ ਹਾਕਮ ਦਾ ਖਜ਼ਾਨਚੀ ਸੀ,ਉਸ ਕੋਲ ਨੌਕਰੀ ਕਰ ਲਈ ।ਤਖਤ ਮੱਲ ਕੋਲ ਸੱਠ ਸੱਤਰ ਪਿੰਡਾਂ ਦੀ ਜਗੀਰ ਸੀ,ਉਹ ਆਪਣਾ ਕੰਮ ਬੜੀ ਇਮਾਨਦਾਰੀ ਨਾਲ ਕਰਦੇ ਸਨ ਤੇ ਸ਼ਿਕਾਇਤ ਦਾ ਮੌਕਾ ਨਾ ਕਿਸੇ ਨੂੰ ਦਿੰਦੇ।

ਤਖਤ ਮਲ ਦੇ ਸਤ ਪੁੱਤਰ ਸਨ ਤੇ ਇਕ ਧੀ ਸੀ।ਸੱਤਾਂ ਭਰਾਵਾਂ ਦੀ ਇਕ ਭੈਣ ਹੋਣ ਕਰਕੇ ਉਸਦਾ ਨਾਮ ਸਤ ਭਰਾਈ ਸੀ।ਜੋ ਬੋਲ ਚਾਲ 'ਚ ਵਿਰਾਈ ਹੋ ਗਿਆ ਸੀ।ਵਿਰਾਈ ਫੇਰੂ ਮੱਲ ਦੀ ਮੂੰਹ ਬੋਲੀ ਭੈਣ ਬਣ ਗਈ ਜੋ ਸੁਭਾਅ ਦੀ ਚੰਗੀ ,ਮਿੱਠ ਬੋਲੜੀ ਤੇ ਸ਼ਰਮ ਦੀ ਮੂਰਤ ਸੀ।

ਤਖਤ ਮਲ ਨੇ ਬਾਬਾ ਫੇਰੂ ਮਲ ਤੇ ਇਕ ਵਾਰੀ ਹਿਸਾਬ ਕਿਤਾਬ ਚ ਹੇਰਾ ਫੇਰੀ ਦਾ ਦੋਸ਼ ਲਗਾ ਦਿੱਤਾ ।ਤਖਤ ਮਲ ਨੇ ਬਾਬਾ ਫੇਰੂ ਜੀ ਨੂੰ ਕੈਦ ਕਰ ਲਿਆ ।ਜਦੋਂ ਇਸ ਗਲ ਦਾ ਵਿਰਾਈ ਨੂੰ ਪਤਾ ਲਗਿਆ ਤਾਂ ਉਸਨੇ ਪਿਤਾ ਨੂੰ ਮੁੜ ਹਿਸਾਬ ਕਰਨ ਲਈ ਕਿਹਾ ਜਦੋਂ ਦੁਬਾਰਾ ਹਿਸਾਬ ਕਿਤਾਬ ਕੀਤਾ ਤਾਂ ਗਲਤੀ ਪਕੜੀ ਗਈ । ਏਥੋਂ ਹਿਸਾਬ ਕਿਤਾਬ ਛੱਡ ਕੇ ਆਪ ਹਰੀਕੇ ਆ ਗਏ ਤੇ ਇਥੇ ਹੀ ਦੁਕਾਨ ਪਾ ਲਈ ।

ਬਾਬਾ ਫੇਰ ਜੀ ਆਪ ਚੰਗੇ ਪੜ੍ਹੇ ਲਿਖੇ ਹੋਣ ਕਰਕੇ ਭਾਈ ਲਹਿਣਾ ਜੀ ਦੀ ਪੜ੍ਹਾਈ ਦਾ ਉਚਿਤ ਪ੍ਰਬੰਧ ਕੀਤਾ।ਲਹਿਣਾ ਜੀ ਮਾਤਾ ਪਿਤਾ ਦੇ ਲਾਡਲੇ ਪੁੱਤਰ ਸਨ।ਗੁਰਬਾਣੀ ਵਿੱਚ ਭੱਟਾਂ ਨੇ ਗੁਰੂ ਅੰਗਦ ਸਾਹਿਬ ਜੀ ਦੀ ਉਪਮਾ ਇਸ ਤਰ੍ਹਾਂ ਕੀਤੀ ਹੈ ਕਿ ਫੇਰੂ ਦਾ ਸ਼ੀਂਹ ਵਰਗਾ ਪੁੱਤਰ ਭਾਈ ਲਹਿਣਾ ,ਜਗਤ ਗੁਰੂ ਹੋ ਕੇ ਰਾਜ ਜੋਗ ਮਾਣਦਾ ਹੈ: ਗੁਰੁ ਜਗਤ ਫਿਰਣਸੀਹ ਅੰਗਰਉ ਰਾਜ ਜੋਗੁ ਲਹਣਾ ਕਰੈ।।( ਅੰਗ1391-92)

20 ਕੁ ਸਾਲ ਦੀ ਉਮਰ ਵਿੱਚ ਭਾਈ ਲਹਿਣਾ ਜੀ ਨੇ ਆਪਣੇ ਪਿਤਾ ਨਾਲ ਕਾਰੋਬਾਰ ਕਰਨਾ ਸ਼ੁਰੂ ਕਰ ਦਿੱਤਾ ।ਮਾਈ ਵਿਰਾਈ ਜੀ ਨਾਲ ਲਹਿਣਾ ਜੀ ਦਾ ਬੜਾ ਸਨੇਹ ਸੀ।ਮਾਈ ਵਿਰਾਈ ਦੀ ਨੇ ਸੰਘਰ ਸ਼ਾਹੂਕਾਰ ਦੇਵੀ ਚੰਦ ਮਰਵਾਹ ਖੱਤਰੀ ਦੀ ਪੁੱਤਰੀ ਬੀਬੀ ਖੀਵੀ ਜੀ ਨਾਲ ਆਪ ਜੀ ਦਾ ਰਿਸ਼ਤਾ ਕਰਵਾ ਦਿੱਤਾ ।ਬੀਬੀ ਖੀਵੀ ਜੀ ਦਾ ਜਨਮ ਲਗਭਗ 1503ਈਸਵੀ ਪਿੰਡ ਸੰਘਰ ਕੋਟ ਵਿੱਚ ਹੋਇਆ ।ਭਾਈ ਦੇਵੀ ਚੰਦ ਤੇ ਬਾਬਾ ਫੇਰੂ ਮਲ ਨੇ ਭਾਈ ਲਹਿਣਾ ਜੀ ਤੇ ਬੀਬੀ ਖੀਵੀ ਜੀ ਦੇ ਵਿਆਹ ਦੀ ਤਾਰੀਖ ਨਿਸ਼ਚਿਤਿ ਕੀਤੀ ਤੇ ਵਿਆਹ ਕਰ ਦਿੱਤਾ ।ਭਾਈ ਫੇਰੂ ਜੀ ਬਾਰੇ ਪ੍ਰਸਿਧ ਹੈ ਕਿ ਉਹ ਸਾਰੀ ਜਿੰਦਗੀ ਦੇਵੀ ਪੂਜਾ ਤੇ ਕੱਟੜ ਉਪਾਸ਼ਕ ਰਹੇ ।ਇਕ ਵਾਰੀ ਜਵਾਲਾ ਮੁਖੀ ਦੇ ਦਰਸ਼ਨ ਕਰਦਿਆਂ ਭਾਈ ਫੇਰੂ ਦੀ ਦਾ ਸਰੀਰ ਢਿੱਲਾ ਪੈ ਗਿਆ ਤੇ ਸੰਨ 1526 ਨੂੰ ਸੰਘਰ ਵਿਖੇ ਹੀ ਚਲਾਣਾ ਕਰ ਗਏ।

ਪਿਤਾ ਜੀ ਦੇ ਚਲਾਣੇ ਤੋਂ ਉਪਰੰਤ ਭਾਈ ਲਹਿਣਾ ਜੀ ਨੇ ਸੰਘਰ ਛਡ ਕੇ ਖਡੂਰ ਸਾਹਿਬ ਹੱਟੀ ਪਾ ਲਈ ਤੇ ਨਾਲ ਸ਼ਾਹੂਕਾਰਾ ਵੀ ਕਰਨ ਲੱਗ ਪਏ।ਇਤਿਹਾਸ ਮੁਤਾਬਿਕ 1531 ਈਸਵੀ ਤਕ ਭਾਈ ਲਹਿਣਾ ਜੀ ਜਵਾਲਾ ਮੁਖੀ ਦੇਵੀ ਦੀ ਪੂਜਾ ਲਈ ਜਥੇ ਬਣਾ ਬਣਾ ਯਾਤਰਾ ਲਈ ਜਾਂਦੇ ਰਹੇ।1532 ਈਸਵੀ ਵਿੱਚ ਹਾਲਾਂ ਜੱਥਾ ਲੈ ਜਾਣ ਦੀ ਤਿਆਰੀ ਵਿੱਚ ਸਨ ਕਿ ਭਾਈ ਲਹਿਣਾ ਜੀ ਦੇ ਕੰਨਾਂ ਵਿੱਚ ਭਾਈ ਜੋਧ ਜੀ ਦੇ ਬਾਣੀ- ਪਾਠ ਕਰਨ ਸਮੇਂ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੀਆਂ ਕੁਝ ਸੁਰਾਂ ਸੁਣਾਈਆਂ ਦਿਤੀਆਂ।ਇਹ ਗੁਰੂ ਬਾਣੀ ਦੀਆਂ ਸੁਰਾਂ ਹੀ ਸਨ,ਕਿ ਭਾਈ ਲਹਿਣਾ ਜੀ ਦੀ ਸੁਰਤਿ ਸਹਿਜੇ ਹੀ ਜਾਗ ਪਈ।ਜਾਗੀ ਹੋਈ ਸੁਰਤਿ ਵਿੱਚ ਇਕ ਪ੍ਰਸ਼ਨ ਸੀ ਕਿ ਇਹ ਦੇਵ- ਬਾਣੀ ਕਿਸ ਦੀ ਹੈ ?ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਤਾਂ ਭਾਈ ਲਹਿਣਾ ਜੀ ਨੇ ਪਹਿਲਾਂ ਸੁਣਿਆ ਹੋਇਆ ਸੀ,ਪਰ 'ਦੇਵੀ-ਪੂਜਾ' ਘਰ-ਪਰਿਵਾਰ ਪ੍ਰੰਪਰਾ ਵਿਚ ਇੰਨੀ ਭਾਰੂ ਸੀ ਕਿ ਸ੍ਰੀ ਗੁਰੂ ਨਾਨਕ ਸਾਹਿਬ ਜੀ ਬਾਰੇ ਕੁਝ ਸੁਣਿਆ, ਅਣ-ਸੁਣਿਆ ਦੇ ਬਰਾਬਰ ਸੀ।ਜਦੋਂ ਅਨੁਭਵ ਤੇ ਆਚਾਰ ਨਾਲ ਸ਼ਿੰਗਾਰੀ ਗੁਰੂ-ਬਾਣੀ ਬਾਰੇ ਭਾਈ ਜੋਧ ਨੂੰ ਪੁਛਿਆ ਤਾਂ, ਉਸ ਬੜੀ ਨਿਮਰਤਾ ਤੇ ਮਿੱਠਤ ਨਾਲ ਆਖਿਆ, ਕਿ ਇਹ ਬਾਣੀ ਜਗਤ ਗੁਰੂ ਨਾਨਕ ਸਾਹਿਬ ਦੀ ਹੈ।ਗੁਰੂ ਨਾਨਕ ਸਾਹਿਬ ਜੀ ਦਾ ਇਸ ਵੇਲੇ ਘਰ ਦਰ-ਘਰ ਕਰਤਾਰਪੁਰ ਵਿਖੇ ਹੈ।ਕਰਤਾਰਪੁਰ ਵਿਖੇ ਉਨ੍ਹਾਂ ਨੇ ਇਕ ਧਰਮਸਾਲ ਵੀ ਸਿਰਜੀ ਹੈ ਜਿਥੋਂ 'ਬਾਣੀ' ਦਾ ਪ੍ਰਕਾਸ਼ ਹਰ ਪਾਸੇ ਰੁਸ਼ਨਾ ਰਹੇ ਹਨ।ਭਾਈ ਜੋਧ ਜੀ ਨੇ ਗੁਰੂ ਨਾਨਕ ਸਾਹਿਬ ਦੀ ਦੀ ਆਤਮਿਕ-ਪ੍ਰਤਿਭਾ ਦੀ ਜਿਵੇਂ ਪਛਾਣ ਕਰਵਾਈ ,ਉਸ ਦਾ ਇਨ੍ਹਾਂ ਅਸਰ ਹੋਇਆ ਕਿ ਭਾਈ ਲਹਿਣਾ ਜੀ ਨੇ ਅੰਤਰ-ਆਤਮੇ ਹੀ ਗੁਰੂ ਨਾਨਕ ਸਾਹਿਬ ਜੀ ਨੂੰ ਮਿਲਣ ਦਾ ਦ੍ਰਿੜ੍ਹ ਨਿਸਚਾ ਕਰ ਲਿਆ ।

ਜਵਾਲਾਮੁਖੀ ਜਾ ਰਹੇ ਜਥੇ ਨੂੰ ਤੋਰ ਕੇ ਆਪ ਰਸਤੇ ਵਿੱਚ ਹੀ ਗੁਰੂ ਦਰਸ਼ਨ ਲਈ ਕਰਤਾਰਪੁਰ ਰੁਕ ਗਏ ।

ਆਪ ਨੇ ਆਪਣਾ ਘੋੜਾ ਕਰਤਾਰਪੁਰ ਵੱਲ ਮੋੜ ਲਿਆ ।ਰਸਤੇ ਵਿੱਚ ਇਕ ਬਜ਼ੁਰਗ ਵਿਅਕਤੀ ਜਾ ਰਿਹਾ ਸੀ,ਉਸ ਪਾਸੋਂ ਗੁਰੂ ਨਾਨਕ ਸਾਹਿਬ ਜੀ ਦਾ ਦਰ- ਘਰ ਪੁਛਿਆ ।ਬਜ਼ੁਰਗ ਕਹਿਣ ਲੱਗਾ, 'ਮੇਰੇ ਪਿੱਛੇ ਆ ਜਾਉ ਮੈ ਵੀ ਉਧਰ ਹੀ ਜਾਣਾ ਹੈ।'ਟਿਕਾਣੇ 'ਤੇ ਪਹੁੰਚ ਕੇ ਉਸ ਬਜ਼ੁਰਗ ਵਿਅਕਤੀ ਨੇ ਘੋੜੇ ਦੀ ਵਾਂਗ ਫੜ ਲਈ ਅਤੇ ਘੋੜਾ ਇਕ ਕਿੱਲੇ ਨਾਲ ਬੰਨ ਦਿੱਤਾ ।ਬਜ਼ੁਰਗ ਕਹਿਣ ਲੱਗਾ ਤੁਸੀਂ ਇਥੇ ਆਰਾਮ ਕਰੋ ਤੇ ਇੱਥੇ ਹੀ ਗੁਰੂ ਨਾਨਕ ਸਾਹਿਬ ਨੇ ਆ ਜਾਣਾ ਹੈ।"

ਸ਼ਾਮ ਨੂੰ ਸੰਗਤ ਜੁੜਨੀ ਸ਼ੁਰੂ ਹੋ ਗਈ ਤੇ ਜਦ ਸਤਿਸੰਗ ਦਾ ਵਕਤ ਹੋਇਆ ਤੇ ਉਹੀ ਬਜ਼ੁਰਗ ਵਿਅਕਤੀ ਆ ਕੇ ਆਸਣ 'ਤੇ ਬਿਰਾਜਮਾਨ ਹੋ ਗਿਆ ।ਭਾਈ ਲਹਿਣਾ ਜੀ ਇਹ ਵੇਖ ਕੇ ਹੱਕੇ-ਬੱਕੇ ਰਹਿ ਗਏ ਤੇ ਕਹਿਣਾ ਲਗੇ ਕਿ ਗੁਰੂ ਨਾਨਕ ਸਾਹਿਬ ਆਪ ਹੀ ਸਨ ਜੋ ਮੈਨੂੰ ਇੱਥੇ ਲੈ ਕੇ ਆਏ ਸਨ।ਆਪ ਗੁਰੂ ਜੀ ਦੇ ਚਰਨਾਂ 'ਤੇ ਢਹਿ ਪਏ ਅਤੇ ਖਿਮਾਂ ਜਾਚਨਾ ਕਰਦੇ ਹੋਏ ਕਹਿਣ ਲੱਗੇ, "ਸੱਚੇ ਪਾਤਸ਼ਾਹ ਜੀਉ! ਮੈਥੋਂ ਅਵੱਗਿਆ ਹੋ ਗਈ ਕਿ ਮੈਂ ਘੋੜੇ'ਤੇ ਸਵਾਰ ਹੋ ਕੇ ਆਇਆ ਤੇ ਤੁਸੀਂ ਪੈਦਲ ਆਏ।"ਗੁਰੂ ਸਾਹਿਬ ਮੁਸਕਰਾਉਂਦੇ ਹੋਏ ਰਮਜ਼ ਭਰਪੂਰ ਲਹਿਜ਼ੇ ਵਿਚ ਕਹਿਣ ਲੱਗੇ, "ਇਹ ਕੋਈ ਨਵੀਂ ਗੱਲ ਨਹੀਂ, ਲਹਿਣੇ (ਲਹਿਣੇਦਾਰ)ਵਾਲੇ ਸਦਾ ਘੋੜੀਆਂ ਉੱਤੇ ਚੜ੍ਹ ਕੇ ਹੀ ਆਇਆ ਕਰਦੇ ਹਨ ਅਤੇ ਦੇਣਦਾਰ ਪੈਦਲ ਹੀ ਤੁਰਦੇ ਹਨ।ਤੂੰ ਲਹਿਣਾ ਹੈ ਤੇ ਅਸੀਂ ਦੇਣਾ ਹੈ।'

ਇਸ ਪਹਿਲੀ ਮੁਲਾਕਾਤ ਵਿੱਚ ਹੀ ਭਾਈ ਲਹਿਣਾ ਜੀ ਦੇ ਸਾਰੇ ਭਰਮ-ਭੁਲੇਖੇ ਦੂਰ ਹੋ ਗਏ ।ਵੈਸ਼ਨਵ ਧਰਮ ਅਤੇ ਦੇਵੀ ਦੇ ਦਰਸ਼ਨ ਦੀ ਤਾਂਘ ਉੱਥੇ ਹੀ ਛੱਡ ਕੇ ਸਦਾ ਲਈ ਗੁਰੂ ਜੀ ਦੇ ਸੇਵਕ ਬਣ ਗਏ ।

  • ਮੁੱਖ ਪੰਨਾ : ਸੁਰਜੀਤ ਸਿੰਘ "ਦਿਲਾ ਰਾਮ" ਪੰਜਾਬੀ ਲੇਖ ਅਤੇ ਕਹਾਣੀਆਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ