Guru Teg Bahadur Sahib Ji : Surjit Singh Dila Ram
ਗੁਰੂ ਤੇਗ ਬਹਾਦਰ ਸਾਹਿਬ ਜੀ : ਸੁਰਜੀਤ ਸਿੰਘ "ਦਿਲਾ ਰਾਮ"
ਗੁਰ ਤੇਗ ਬਹਾਦਰ ਜੀ ਦਾ ਜਨਮ ਵੈਸਾਖ ਵਲੋਂ 5 ਸੰਮਤ 1678 ਮੁਤਾਬਿਕ ਪਹਿਲੀ ਅਪ੍ਰੈਲ 1621 ਨੂੰ ਮਾਤਾ ਨਾਨਕੀ ਜੀ ਜੀ ਕੁਖੋ, ਗੁਰੂ ਕੇ ਮਹਿਲ ਅੰਮ੍ਰਿਤਸਰ ਵਿਖੇ ਹੋਇਆ ।
ਆਪ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਸਨ ।ਆਪ ਜੀ ਦੇ ਚਾਰ ਭਰਾ ਬਾਬਾ ਗੁਰਦਿੱਤਾ ਜੀ ,ਬਾਬਾ ਸੂਰਜ ਮਾਲ ਜੀ, ਬਾਬਾ ਅਣੀ ਰਾਏ ਜੀ ,ਬਾਬਾ ਅਟੱਲ ਰਾਏ ਜੀ ਤੇ ਇੱਕ ਵੱਡੀ ਭੈਣ ਬੀਬੀ ਵੀਰੋ ਜੀ ਸੀ ।
ਆਪ ਜੀ ਦੇ ਅਵਤਾਰ ਸਮੇਂ ਗੁਰੂ ਹਰਗੋਬਿੰਦ ਸਾਹਿਬ ਜੀ ਹਰਿਮੰਦਰ ਸਾਹਿਬ ਵਿਖੇ ਆਸਾ ਜੀ ਦੀ ਵਾਰ ਦਾ ਕੀਰਤਨ ਸੁਣ ਰਹੇ ਸਨ ਅਤੇ ਕੀਰਤਨ ਦੀ ਸਮਾਪਤੀ ਤੋਂ ਬਾਅਦ ਜਦੋ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਬਾਲਕ ਦੇ ਜਨਮ ਬਾਰੇ ਸੂਚਨਾ ਦਿੱਤੀ ਗਈ ਤਾਂ ਆਪ ਜੀ ਉਪਰੰਤ ਗੁਰੂ ਕੇ ਮਹਿਲ ਪਹੁੰਚੇ ।
ਇਤਿਹਾਸਕਾਰ ਲਿਖਦੇ ਹਨ ਕਿ ਜਦੋਂ ਛੇਵੇਂ ਪਾਤਸ਼ਾਹ ਨੇ ਨਵੇਂ ਜੰਮੇ ਬਾਲਕ ਦੇ ਦਰਸ਼ਨ ਕੀਤੇ ਤਾਂ ਗੁਰੂ ਜੀ ਨੇ ਸਿਰ ਝੁਕਾ ਕੇ ਨਮਸਕਾਰ ਕੀਤੀ ।ਗੁਰਬਿਲਾਸ ਪਾਤਸ਼ਾਹੀ ਛੇਵੀਂ ਵਿੱਚ ਲਿਖਿਆ ਹੈ ਕਿ ਉਸ ਸਮੇਂ ਗੁਰੂ ਜੀ ਦੇ ਨਾਲ ਹੋਰ ਵੀ ਸੰਗਤ ਸੀ।ਵੇਖਦਿਆਂ ਸਾਰ ਹੀ ਗੁਰੂ ਜੀ ਨੇ ਕਿਹਾ: 'ਸਾਡਾ ਇਹ ਪੁੱਤ ਬੜਾ ਬਲੀ , ਸੂਰਬੀਰ ਤੇ ਤੇਗ ਦਾ ਧਨੀ ਹੋਵੇਗਾ।
ਆਪ ਜੀ ਦਾ ਨਾਮ ਤਿਆਗ ਮੱਲ ਰਖਿਆ ਗਿਆ ।
ਸ੍ਰੀ (ਗੁਰੂ )ਤੇਗ ਬਹਾਦਰ ਜੀ ਦੀ ਪੜ੍ਹਾਈ ਲਿਖਾਈ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਨਿਗਰਾਨੀ ਹੇਠ ਹੀ ਹੋਈ। ਆਪ ਜੀ ਨੂੰ ਗੁਰਬਾਣੀ ਤੇ ਧਰਮ ਗ੍ਰੰਥਾਂ ਦੀ ਪੜ੍ਹਾਈ ਦੇ ਨਾਲ ਨਾਲ ਸ਼ਸਤਰ ਦੀ ਵਰਤੋਂ ਤੇ ਸਵਾਰੀ ਆਦਿ ਦੀ ਸਿਖਲਾਈ ਵੀ ਕਰਵਾਈ ਗਈ।
ਅਮਲੀ ਜੀਵਨ ਨੂੰ ਕਿੰਨਾਂ ਉਚਾ ਸਥਾਨ ਦਿੰਦੇ ਸੀ, ਇਸ ਦੀ ਉਦਾਹਰਨ ਸਾਡੇ ਸਾਖੀਕਾਂਰਾ ਨੇ ਦਿੱਤੀ ਹੈ।
ਇੱਕ ਵਾਰੀ ਗੁਰੂ ਤੇਗ ਬਹਾਦਰ ਜੀ ਕੋਲ ਉਨ੍ਹਾਂ ਦੇ ਇੱਕ ਦੋਸਤ ਦੀ ਮਾਂ ਆਈ ਤੇ ਤੇ ਉਨ੍ਹਾਂ ਦੀ ਮਾਂ ਨੇ ਆਪ ਜੀ ਨੂੰ ਕਿਹਾ ਕਿ ਉਹ ਆਪਣੇ ਹਾਣੀ ਨੂੰ ਸਮਝਾਉਣ,ਇਹ ਗੁੜ ਬਹੁਤ ਖਾਂਦਾ ਐਂ ।
ਆਪ ਜੀ ਨੇ ਮਾਂ ਨੂੰ ਕੁਝ ਦਿਨਾਂ ਬਾਅਦ ਆਉਣ ਲਈ ਕਿਹਾ।
ਜਦੋ ਕੁਝ ਦਿਨਾਂ ਬਾਅਦ ਮਾਂ ਅਤੇ ਆਪ ਜੀ ਦਾ ਦੋਸਤ ਆਇਆ ਤਾਂ ਆਪ ਜੀ ਨੇ ਆਪਣੇ ਦੋਸਤ ਨੂੰ ਕਿਹਾ: ਮਿੱਤਰਾ! ਗੁੜ ਨਹੀ ਖਈਦਾ।'
ਮਾਂ ਨੇ ਕਿਹਾ ਇਹ ਤਾਂ ਤੁਸੀ ਉਸ ਦਿਨ ਵੀ ਕਹਿ ਸਕਦੇ ਸੀ।
ਉਸ ਸਮੇਂ( ਗੁਰੂ ) ਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਉਨ੍ਹਾਂ ਦਿਨਾਂ ਵਿੱਚ ਮੈ ਆਪ ਵੀ ਖਾਂਦਾ ਸੀ।
ਹੁਣ ਛੱਡਿਆ ਹੈ ਤਾਂ ਕਹਿਣ ਦੇ ਯੋਗ ਹੋਇਆ ਹਾਂ ।
ਆਪ ਜੀ ਕਿਸੇ ਦੁਖੀ ਨੂੰ ਦੇਖਦੇ ਤਾਂ ਅੱਗੇ ਹੋ ਕੇ ਉਸਦੀ ਸੇਵਾ ਕਰਦੇ ਸਨ। ਇੱਕ ਵਾਰੀ ਆਪਣੀ ਪੁਸ਼ਾਕ ਹੀ ਗਰੀਬ ਬੱਚੇ ਨੂੰ ਦੇ ਆਏ ਸਨ। ਜਦੋਂ ਮਾਂ ਨੇ ਕਿਹਾ:ਪੁੱਤ!ਇਹ ਕੀ ? ਤਾਂ ਆਪ ਜੀ ਫਰਮਾਇਆ :ਮਾਂ ਉਸ ਨੂੰ ਤਾਂ ਕਿਸੇ ਨੇ ਦੇਣੀ ਨਹੀਂ, ਤੇ ਤੁਸੀਂ ਮੈਨੂੰ ਹੋਰ ਲੈ ਦੇਵੋਗੇ।
ਤਕਰੀਬਨ 13ਸਾਲ ਦੇ ਹੀ ਹੋਏ ਸਨ ਕਿ ਆਪ ਜੀ ਦਾ ਵਿਆਹ ਭਾਈ ਲਾਲ ਚੰਦ ਕਰਤਾਰਪੁਰ( ਜਲੰਧਰ) ਦੀ ਪੁੱਤਰੀ ਮਾਤਾ ਗੁਜਰੀ ਜੀ ਨਾਲ ਹੋਇਆ।ਜਦੋਂ ਲਾਲ ਚੰਦ ਨੇ ਬੜੀ ਨਿਮਰਤਾ ਨਾਲ ਗੁਰੂ
ਹਰਿਗੋਬਿੰਦ ਸਾਹਿਬ ਜੀ ਨੂੰ ਕਿਹਾ ਕਿ ਉਸ ਕੋਲ ਦੇਣ ਲਈ ਕੁਝ ਨਹੀਂ ਤਾਂ ਗੁਰੂ ਜੀ ਨੇ ਕਿਹਾ: ਲਾਲ ਚੰਦ ਜਿੰਨਾਂ ਬਚੀ ਦੇ ਦਿਤੀ ਉਨ੍ਹਾਂ ਸਭ ਕੁਝ ਦੇ ਦਿਤਾ:
" ਲਾਲ ਚੰਦ, ਤੁਮ ਦੀਨੋ ਸਕਲ ਬਿਸਾਲਾ,
ਜਿਨ ਤਣੁਜਾ ਅਰਪਨ ਕੀਨੰ।
ਕਿਆ ਪਾਛੇ ਤਿਨ ਰਖ ਲੀਨੰ।"
ਕਰਤਾਰਪੁਰ ਦੀ ਚੌਥੀ ਜੰਗ ਵਿੱਚ ਜਿਹੜੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਲੜੀ ਸੀ। ਉਸ ਵਿੱਚ (ਗੁਰੂ) ਤੇਗ਼ ਬਹਾਦਰ ਜੀ ਨੇ ਖਾਸ ਹਿੱਸਾ ਲਿਆ, ਉਸ ਵੇਲੇ ਤਕਰੀਬਨ ਆਪ ਜੀ ਦੀ ਉਮਰ ਤੇਰਾਂ ਕੁ ਸਾਲ ਦੀ ਸੀ। ਪਰ ਜਿਸ ਦਲੇਰੀ ਅਤੇ ਫੁਰਤੀ ਨਾਲ ਆਪ ਜੀ ਲੜੇ ਉਸ ਨੇ ਇੱਕ ਚੰਗੇ ਯੋਧੇ ਵਾਲਾ ਭਵਿੱਖ ਦਰਸਾਇਆ ।ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤਿਆਗ ਮੱਲ ਨੂੰ ' ਤੇਗ ਬਹਾਦਰ ਕਹਿ 'ਕੇ ਸਨਮਾਨਿਆ। ਕਰਤਾਰਪੁਰ ਦੀ ਚੌਥੀ ਜੰਗ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਤਾਬ ਵਜੋਂ ਉਨ੍ਹਾਂ ਦੀ ਕਮਾਲ, ਹੁਸ਼ਿਆਰੀ ਤੇ ਜੰਗੀ ਬਹਾਦਰੀ ਦੇਖ ਕੇ ਫ਼ਰਮਾਇਆ ਤੂੰ ਤਿਆਗ ਮੱਲ ਨਹੀਂ ਤੇਗ਼ ਬਹਾਦਰ ਹੈ ।
ਆਪ ਜੀ ਦਾ ਗ੍ਰਹਿਸਥੀ ਜੀਵਨ ਬੜਾ ਸਾਦਾ ਤੇ ਪਵਿੱਤਰ ਸੀ।
ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੇ ਛੋਟੇ ਪੋਤਰੇ ਸ੍ਰੀ ਹਰਿ ਰਾਇ ਜੀ ਨੂੰ ਗੁਰਤਾ ਗੱਦੀ ਦੀ ਜਿੰਮੇਵਾਰੀ ਸੰਭਾਲਣ ਲਈ ਪੂਰੀ ਤਰਾਂ ਯੋਗ ਜਾਣਕੇ 3 ਮਾਰਚ 1644 ਈ ਨੂੰ ਸਤਵੀਂ ਪਾਤਸ਼ਾਹੀ ਥਾਂਵੇ ਗੁਰਤਾ ਗੱਦੀ ਦਾ ਵਾਰਸ ਬਣਾ ਦਿਤਾ।।
ਆਪਣੇ ਗੁਰੂ ਪਿਤਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਆਪ ਆਪਣੇ ਮਾਤਾ ਜੀ ਤੇ ਆਪਣੀ ਸੁਪਤਨੀ ਨੂੰ ਨਾਲ ਲੈ ਕੇ ਆਪਣੇ ਨਾਨਕੇ ਪਿੰਡ ਬਕਾਲੇ ਆ ਗਏ ਸਨ ।
ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੀ ਗੁਰਿਆਈ ਦੇ ਉਪਰੋਕਤ ਸਮੇਂ ਦੌਰਾਨ ਹਿੰਦ ਦੇਸ਼ ਵਿੱਚ ਦੋ ਬਾਦਸ਼ਾਹ ਹੋਏ ਸਨ ,ਸ਼ਾਹਜਹਾਨ ਹਿੰਦ ਦਾ ਬਾਦਸ਼ਾਹ ਰਿਹਾ ਜਦਕਿ 1658 ਤੋਂ ਬਾਅਦ ਔਰੰਗਜ਼ੇਬ ਦਾ ਅਹਿਦ
ਸ਼ੁਰੂ ਹੋ ਗਿਆ ਸੀ।
ਸ੍ਰੀ (ਗੁਰੂ )ਤੇਗ ਬਹਾਦਰ ਸਾਹਿਬ ਜੀ ਨੇ ਇਹ ਸਮਾਂ ਆਪਣੇ ਗੁਰੂ ਪਿਤਾ ਹੁਕਮ ਮੁਤਾਬਕ ਆਪਣੇ ਨਾਨਕੇ ਬਕਾਲੇ ਤੋਂ ਆਰੰਭ ਕੀਤਾ ਸੀ। ਆਪ ਜੀ ਆਪਣੀ ਮਾਤਾ ਨਾਨਕੀ ਅਤੇ ਧਰਮ ਪਤਨੀ ਗੁਜਰੀ ਜੀ ਨਾਲ ਆਪਣੇ ਨਾਨਕੇ ਘਰ ਰਹੇ ।ਇੱਥੇ ਇੱਕ ਸਿੱਖ ਭਾਈ ਮਹਿਰਾ ਸੀ ਜੋ ਬੜਾ ਧਨੀ ਅਤੇ ਆਪ ਜੀ ਦੇ ਮਹਾਨ ਗੁਣਾਂ ਨੂੰ ਦੇਖ ਕੇ ਆਪ ਜੀ ਦੀ ਸੇਵਾ ਤੇ ਸੰਗਤ ਕਰਨ ਲਈ ਆਉਦਾ ਸੀ।
ਰਵਾਇਤੀ ਸਿੱਖ ਇਤਿਹਾਸ ਦੀਆਂ ਕਿਤਾਬਾਂ ਵਿੱਚ ਗੁਰੂ ਤੇਗ਼ ਬਹਾਦਰ ਜੀ ਬਾਰੇ ਇਹ ਪੜ੍ਹਨ ਤੇ ਸੁਣਨ ਨੂੰ ਮਿਲਦਾ ਹੈ ਕਿ ਗੁਰੂ ਤੇਗ ਬਹਾਦਰ ਜੀ ਨੇ ਵੀਹ ਇੱਕੀ ਸਾਲ ਦਾ ਸਮਾਂ (1644 ਤੋਂ 1664)ਤੱਕ ਬਕਾਲੇ ਵਿਖੇ ਹੀ ਤਪੱਸਿਆ ਕਰਕੇ ਗੁਜ਼ਾਰਿਆ , ਜੋ ਠੀਕ ਨਹੀ ਜਾਪਦਾ।
ਗੁਰੂ ਦੀਆਂ ਸਾਖੀਆਂ ਵਿੱਚ ਪੜ੍ਹਨ ਨੂੰ ਮਿਲਦਾ ਹੈ ਕਿ ਆਪ ਜੀ ਨੇ ਇਨ੍ਹਾਂ ਸਮੇਂ ਦੌਰਾਨ ਕੀਰਤਪੁਰ ਸਾਹਿਬ ,ਮਾਲਵਾ ,ਹਰਿਆਣਾ, ਉੱਤਰ ਪ੍ਰਦੇਸ਼ ,ਬਿਹਾਰ ਆਦਿ ਪੂਰਬੀ ਪ੍ਰਦੇਸ਼ਾਂ ਦੇ ਨਗਰਾਂ ਚ ਸਿੱਖੀ ਦਾ ਪ੍ਰਚਾਰ ਆਪਣੀ ਮਾਤਾ ਜੀ ,ਧਰਮ ਪਤਨੀ,ਅਤੇ ਰਿਸ਼ਤੇ ਵਿਚ ਲਗਦੇ ਆਪਣੇ ਸਾਲੇ ਕਿਰਪਾਲ ਚੰਦ ਤੇ ਹੋਰ ਸਿਖਾਂ ਨਾਲ ਕਰਦੇ ਰਹੇ ਸਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਧਰਮ ਫਿਲਾਸਫੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਵੱਲੋਂ ਗੁਰਿਆਈ ਦੌਰਾਨ ਉਚਾਰੀ ਬਾਣੀ ਤਪੱਸਿਆ ਵਾਲੇ ਸਿਧਾਂਤ ਜਾਂ ਹਿੰਦੂ ਸਿਧਾਂਤ ਦੀ ਵਿਰੋਧਤਾ ਕਰਦੀ ਹੈ। ਸਿੱਖ ਮੱਤ ਇੱਕ ਸਮਾਜਿਕ ਅਤੇ ਭਾਈਚਾਰਕ ਮੱਤ ਹੈ ।ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਹੈ :-
ਮਨ ਰੇ ਗਹਿਓ ਨ ਗੁਰ ਉਪਦੇਸੁ ॥
ਕਹਾ ਭਇਓ ਜਉ ਮੂਡੁ ਮੁਡਾਇਓ ਭਗਵਉ ਕੀਨੋ ਭੇਸੁ ॥੧॥ ਰਹਾਉ ॥
( ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ 633)
ਕਾਹੇ ਰੇ ਬਨ ਖੋਜਨ ਜਾਈ ॥
ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਈ ॥੧॥ ਰਹਾਉ॥
( ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ 684)
ਪਾਪੀ ਹੀਐ ਮੈ ਕਾਮੁ ਬਸਾਇ ॥
ਮਨੁ ਚੰਚਲੁ ਯਾ ਤੇ ਗਹਿਓ ਨ ਜਾਇ ॥੧॥ ਰਹਾਉ ॥
ਜੋਗੀ ਜੰਗਮ ਅਰੁ ਸੰਨਿਆਸ ॥
ਸਭ ਹੀ ਪਰਿ ਡਾਰੀ ਇਹ ਫਾਸ ॥੧॥
( ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ 1186)
ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੀ ਬਾਣੀ ਰਾਹੀ ਸਪੱਸ਼ਟ ਦੱਸਿਆ ਕਿ ਮਨ ਨੂੰ ਇਨ੍ਹਾਂ ਬਨਾਵਟੀ ਸਾਧਨਾਂ ਰਾਹੀਂ ਕਾਬੂ ਨਹੀਂ ਕੀਤਾ ਜਾ ਸਕਦਾ ।ਗੁਰੂ ਸਾਹਿਬ ਬਾਣੀ ਅੰਦਰ ਦੱਸਦੇ ਹਨ :-
ਸਾਧੋ ਇਹੁ ਮਨੁ ਗਹਿਓ ਨ ਜਾਈ ॥
ਚੰਚਲ ਤ੍ਰਿਸਨਾ ਸੰਗਿ ਬਸਤੁ ਹੈ ਯਾ ਤੇ ਥਿਰੁ ਨ ਰਹਾਈ ॥੧॥ ਰਹਾਉ ॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ 219)
ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰਬਾਣੀ ਰਾਹੀਂ ਦਰਸਾਏ ਪਹਿਲੇ ਗੁਰੂ ਜਾਮਿਆਂ ਦੇ ਸਮੁੱਚੇ ਫਲਸਫ਼ੇ ਨੂੰ ਚੰਗੀ ਤਰ੍ਹਾਂ ਸਮਝਦੇ ਸਨ। ਉਹ ਸਨਿਆਸੀਆਂ ,ਜੋਗੀਆਂ, ਵਾਲੇ ਏਕਾਂਤੀ ਜੀਵਨ ਦੇ ਕਾਇਲ ਨਹੀਂ ਸਨ ।
ਗੁਰੂ ਤੇਗ ਬਹਾਦਰ ਜੀ ਦੁਆਰਾ ਗੁਰਬਾਣੀ ਅਭਿਆਸ ,ਗੁਰਬਾਣੀ ਵਿਚਾਰ ਤੇ ਭਜਨ ਬੰਦਗੀ ਲਈ ਬਣਾਏ ਗਏ ਸਥਾਨਾਂ ਨੂੰ ਲੋਕਾਂ ਨੇ 'ਭੋਰਾ' ਦਾ ਨਾਮ ਦੇ ਦਿੱਤਾ ਹੈ ਅਤੇ ਨਾਲ ਹੀ ਵੀਹ ਇੱਕੀ ਸਾਲ ਉਥੇ ਬੈਠ ਕੇ ਤਪ ਸਾਧਣ ਅਤੇ ਗੁਰਮਤਿ ਵਿਰੋਧੀ ਗੱਲਾਂ ਨੂੰ ਵੀ ਉਨ੍ਹਾਂ ਦੇ ਜੀਵਨ ਨਾਲ ਜੋੜ ਦਿੱਤਾ ਗਿਆ ਹੈ।ਜਿਹੜਾ ਕਿ ਬਿਲਕੁਲ ਨਿਰਮੂਲ ਹੈ।
ਬਕਾਲੇ ਵਿਖੇ ਹੀ ਸ੍ਰੀ ਤੇਗ ਬਹਾਦਰ ਜੀ ਦੇ ਸਾਲੇ ਕਿਰਪਾਲ ਚੰਦ ਕਈ ਵਾਰੀ ਆਪਣੀ ਭੈਣ ਗੁਜਰੀ ਜੀ ਨੂੰ ਮਿਲਣ ਲਈ ਕੀਰਤਪੁਰ ਸਾਹਿਬ ਤੋਂ ਬਕਾਲੇ ਆ ਜਾਂਦੇ ਸਨ ਅਤੇ ਕਈ ਵਾਰ(ਗੁਰੂ) ਤੇਗ ਬਹਾਦਰ ਸਾਹਿਬ ਜੀ ਵੀ ਕਿਰਪਾਲ ਚੰਦ ਨੂੰ ਮਿਲਣ ਲਈ ਕੀਰਤਪੁਰ ਸਾਹਿਬ ਚਲੇ ਜਾਂਦੇ ਸਨ ।
ਕਿਰਪਾਲ ਚੰਦ ਗੁਰੂ ਹਰ ਰਾਇ ਸਾਹਿਬ ਜੀ ਦੇ 2200 ਘੋੜ ਸਵਾਰਾਂ ਦੀ ਫੌਜੀ ਟੁਕੜੀ ਵਿਚ ਤਾਇਨਾਤ ਸਨ।
ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਕੀਰਤਪੁਰ ਕ੍ਰਿਪਾਲ ਚੰਦ ਨੂੰ ਮਿਲਣ ਲਈ ਜਾਂਦੇ ਤਾਂ ਉਹ ਲਾਜ਼ਮੀ ਤੌਰ ਤੇ ਗੁਰੂ ਹਰ ਰਾਏ ਸਾਹਿਬ ਦੇ ਦਰਬਾਰ ਵਿਚ ਹਾਜ਼ਰੀ ਵੀ ਭਰਦੇ ਸਨ। ਗੁਰੂ ਹਰਿਰਾਏ ਸਾਹਿਬ ਜੀ (ਗੁਰੂ) ਤੇਗ ਬਹਾਦਰ ਜੀ ਦੇ ਭਤੀਜੇ ਸਨ ।
6 ਅਕਤੂਬਰ,1661 ਨੂੰ ਗੁਰੂ ਹਰਿ ਰਾਇ ਸਾਹਿਬ ਜੀ ਜੋਤੀ ਜੋਤ ਸਮਾਏ ਸਨ।ਆਪ ਜੀ ਦੇ ਦੋ ਸਾਹਿਬਜ਼ਾਦੇ ਸਨ।ਵੱਡੇ ਸਾਹਿਬਜ਼ਾਦੇ ਰਾਮ ਰਾਇ ਨੂੰ ਗੁਰਗੱਦੀ ਦੇ ਯੋਗ ਨਾ ਸਮਝਿਆ ਗਿਆ ਕਿਉਂਕਿ ਉਸਨੇ ਦਿਲੀ ਦੇ ਦਰਬਾਰ ਵਿਚ ਸਿਖ ਮੱਤ ਦੀ ਵਿਆਖਿਆ ਕਰਨ ਸਮੇਂ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਵਿਚੋਂ " ਮਿਟੀ ਮੁਸਲਮਾਨ ਕੀ: ਦੀ ਜਗ੍ਹਾ "ਮਿਟੀ ਬੇਈਮਾਨ ਕੀ " ਕਰ ਦਿੱਤਾ ਸੀ।
ਇਸਤੇ ਗੁਰੂ ਹਰਿ ਰਾਇ ਸਾਹਿਬ ਜੀ ਨੇ ਇਤਰਾਜ਼ ਜਤਾਉਦਿਆਂ ਹੋਇਆ ਉਸਨੂੰ ਜੀਵਨ ਭਰ ਮੱਥੇ ਨਾ ਲੱਗਣ ਦਾ ਹੁਕਮ ਕਰ ਦਿੱਤਾ ਸੀ।
ਗੁਰੂ ਹਰਿ ਰਾਇ ਸਾਹਿਬ ਜੀ ਨੇ ਅੰਤਲੇ ਸਮੇਂ ਗੁਰਤਾ ਗੱਦੀ ਦੀ ਜਿੰਮੇਵਾਰੀ ਆਪਣੇ ਛੋਟੇ ਸਾਹਿਬਜ਼ਾਦੇ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਨੂੰ ਸੌਂਪ ਦਿਤੀ ਸੀ।6 ਅਕਤੂਬਰ 1661 ਈ ਨੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਗੁਰਤਾ ਗੱਦੀ ਮਿਲੀ ਸੀ।
ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਤਿੰਨ ਸਾਲ ਗੁਰਿਆਈ ਦੀ ਜ਼ਿੰਮੇਵਾਰੀ ਸੰਭਾਲੀ ।ਭਾਵੇਂ ਉਮਰ ਛੋਟੀ ਸੀ ਪਰ ਸਿਆਣਪ ਅਤੇ ਜੁਰਅਤ ਨਾਲ ਜ਼ਿੰਮੇਵਾਰੀਆਂ ਸੰਭਾਲਿਆ ।ਆਪ ਜੀ ਨੇ ਰਾਮ ਰਾਏ ਦੀਆਂ ਧਮਕੀਆਂ ਦੀ ਪ੍ਰਵਾਹ ਨਾ ਕੀਤੀ ਤੇ ਨਾ ਹੀ ਔਰੰਗਜ਼ੇਬ ਦੇ ਰੋਹਬ ਥੱਲੇ ਆਏ ।ਧਰਮ ਦਾ ਪ੍ਰਚਾਰ ਆਪ ਜੀ ਨੇ ਉਸੇ ਤਰ੍ਹਾਂ ਹੀ ਜਾਰੀ ਰੱਖਿਆ।
ਸਭ ਤੋਂ ਅਮੀਰ ਤੇ ਸਭ ਤੋਂ ਵਿਸ਼ੇਸ਼ ਗੁਰੂ ਦੀ ਚੋਣ ਠੀਕ ਦੇ ਯੋਗ ਕਰ ਜਾਣਾ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਵੱਡੀ ਸ਼ਖਸੀਅਤ ਬਾਰੇ ਦਰਸਾਉਣਾ ਕਾਫੀ ਹੈ ।
ਰਾਮ ਰਾਏ ਤੇ ਧੀਰ ਮੱਲ ਜੀ ਦਾ ਖਿਆਲ ਸੀ ਕਿ ਹੁਣ ਉਨ੍ਹਾਂ ਨੂੰ ਗੁਰੂ ਅਖਵਾਉਣ ਤੋਂ ਕੋਈ ਨਹੀ ਰੋਕ ਸਕਦਾ ਪਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ' ਬਾਬਾ,,,ਬਕਾਲੇ' ਕਹਿ ਕੇ ਉਨ੍ਹਾਂ ਦੀਆਂ ਉਮੀਦਾਂ ਉਤੇ ਇਕ ਵਾਰੀ ਫਿਰ ਪਾਣੀ ਫੇਰ ਦਿੱਤਾ ਸੀ।
ਇਹਨਾਂ ਸ਼ਬਦਾਂ ਦਾ ਭਾਵ ਆਪਣੇ ਆਪ ਵਿੱਚ ਬਿਲਕੁਲ ਸਪਸ਼ਟ ਸੀ।ਸ੍ਰੀ ਗੁਰੂ ਤੇਗ ਬਹਾਦਰ ਜੀ ਉਸ ਸਮੇਂ ਪਿੰਡ ਬਕਾਲਾ ਵਿਖੇ ਹੀ ਨਿਵਾਸ ਕਰਦੇ ਸਨ ਤੇ ਰਿਸ਼ਤੇ ਵਲੋਂ ਉਹ ਆਪ ਜੀ ਦੇ ਬਾਬਾ ਲਗਦੇ ਸਨ।+ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿਚ ਬਾਬਾ ਸ਼ਬਦ ਗੁਰੂ ਲਈ ਹੀ ਵਰਤਿਆ ਹੈ।ਗੁਰੂ ਤੇਗ ਬਹਾਦਰ ਸਾਹਿਬ ਜੀ ਰਿਸ਼ਤੇ ਵਜੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਦਾਦਾ ਜੀ ਹੀ ਲਗਦੇ ਸਨ।
ਇਸ ਲਈ ਆਪ ਜੀ ਦੇ ਬਚਨਾਂ ਦਾ ਸਾਫ ਮਤਲਬ ਇਹੀ ਸੀ ਕਿ ਪਿੰਡ ਬਕਾਲਾ ਵਿਖੇ ਸਾਡੇ ਬਾਬਾ ਰਹਿੰਦੇ ਹਨ , ਸਾਡੇ ਮਗਰੋਂ ਉਹੀ ਗੁਰਗੱਦੀ ਦੀ ਜਿੰਮੇਵਾਰੀ ਸੰਭਾਲਣਗੇ।
ਪਰ ਧੀਰ ਮੱਲ ਤੇ ਰਾਮਰਾਇ ਜਿਹੇ ਗੁਰੂ ਘਰ ਨਾਲ ਸੰਬੰਧ ਰੱਖਣ ਵਾਲੇ ਹੋਰ ਲੋਕ ਵੀ ਗੁਰਗੱਦੀ ਤੇ ਕਬਜਾ ਜਮਾਉਣ ਦੇ ਚਾਹਵਾਨ ਸਨ।
ਹੁਣ ਜਦੋਂ ਅੱਠਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਆਪਣੇ ਹੱਥੀਂ ਗੁਰਿਆਈ ਦਿੱਤੇ ਬਿਨਾਂ ਜੋਤੀ ਜੋਤ ਸਮਾ ਗਏ ਅਤੇ ਉਨ੍ਹਾਂ ਨੇ ਸਪੱਸ਼ਟ ਰੂਪ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਨਾਂ ਵੀ ਨਾ ਲਿਆ ਤਾਂ ਇਸ ਦੀ ਗੁਰਗੱਦੀ ਦੇ ਦਾਅਵੇਦਾਰਾਂ ਨੇ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਕਹੇ ਸ਼ਬਦ ' ਬਾਬਾ ਬਕਾਲੇ' ਨੂੰ ਆਪਣੇ ਨਾਲ ਜੋੜ ਲਿਆ ਤੇ ਹਰੇਕ ਨੇ ਆਪਣੇ ਆਪ ਨੂੰ ਗੁਰੂ ਕਹਾਉਣਾ ਸ਼ੁਰੂ ਕਰ ਦਿਤਾ।
ਬਕਾਲੇ ਵਿਖੇ ਬਾਈ ਮੰਜੀਆਂ ਕਾਇਮ ਹੋ ਗਈਆ ਤੇ ਬਾਈ ਗੁਰੂ ਹੀ ਪ੍ਰਗਟ ਹੋ ਗਏ।
ਸਿੱਖਾਂ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਹੁਕਮਾਂ ਉੱਤੇ ਚਲਦੇ ਹੋਏ ਬਕਾਲੇ ਵੱਲ ਨੂੰ ਜਾਣਾ ਸ਼ੁਰੂ ਕਰ ਦਿਤਾ ਪਰ ਉਥੇ ਬਾਬਾ ਕੋਈ ਨਾ ਮਿਲਿਆ। ਸੰਗਤਾਂ ਪਾਖੰਡੀਆਂ ਦੇ ਵੱਸ ਪੈ ਗਈਆਂ ਤੇ ਕਈ ਮਾਯੂਸ ਹੋ ਕੇ ਮੁੜਨ ਲੱਗ ਪਏ।ਧੀਰ ਮੱਲ ਦੀ ਦੁਕਾਨ ਚੰਗੀ ਚੱਲ ਪਈ।ਇੱਕ ਤਾਂ ਇਹ ਸੀ ਕਿ ਉਹ ਗੁਰੂ ਜੀ ਦੀ ਸੰਤਾਨ ਸੀ ਤੇ ਦੂਜਾ ਉਸ ਕੋਲ ਉਹ ਬੀੜ ਵੀ ਸੀ ਜਿਸ ਨੂੰ ਗੁਰੂ ਅਰਜਨ ਸਾਹਿਬ ਜੀ ਨੇ ਸੰਪਾਦਤ ਕੀਤਾ ਸੀ ,ਇਥੇ ਭੁਲੇਖਾ ਪੈ ਜਾਣਾ ਕੁਦਰਤੀ ਗੱਲ ਸੀ। ਕੁਝ ਸਮਾਂ ਸੰਗਤਾਂ ਗੁਰੂ ਤੋਂ ਬਗੈਰ ਹੀ ਭਟਕਦੀਆਂ ਰਹੀਆਂ ।
ਕਿਹਾ ਜਾਂਦਾ ਹੈ ਕਿ ਆਪਣੇ ਆਪ ਨੂੰ ਗੁਰੂ ਕਹਾਉਣ ਵਾਲਿਆ ਵਿੱਚੋਂ ਹਰੇਕ ਦੇ ਦੁਆਲੇ ਸੁਆਰਥੀ ਚੇਲਿਆਂ ਤੇ ਉਪਾਸ਼ਕਾਂ ਦੀਆਂ ਭੀੜਾਂ ਜੁੜ ਗਈਆਂ । ਇਹ ਚੇਲੇ ਭੋਲੇ ਭਾਲੇ ਸਿੱਖਾਂ ਨੂੰ ਭੇਚਲ ਕੇ ਆਪਣੇ ਗੁਰੂ ਦੀ ਹਜ਼ੂਰੀ ਵਿੱਚ ਖਿੱਚ ਕੇ ਲੈ ਜਾਂਦੇ ।
ਉਨਾਂ ਕੋਲੋ ਕਾਰ ਭੇਟਾ ਵਸੂਲ ਕਦੇ ਅਤੇ ਉਨ੍ਹਾਂ ਨੂੰ ਯਕੀਨ ਦਵਾਉਦੇ ਕਿ ਕੇਵਲ ਸਾਡਾ ਗੁਰੂ ਹੀ ਅਸਲੀ ਗੁਰੂ ਹੈ, ਤੇ ਦੂਜੇ ਐਵੇਂ ਝੂਠੇ ਗੁਰੂ ਬਣ ਬੈਠੇ ਹਨ।ਉਹਨਾ ਦੇ ਜਾਲ ਵਿੱਚ ਨਾ ਫਸੋ।
ਭੋਲੀਆਂ ਸੰਗਤਾਂ ਨੂੰ ਆਪਣੇ ਆਪਣੇ ਵੱਲ ਖਿੱਚਣ ਲਈ ਕਈ ਵਾਰ ਇਨ੍ਹਾਂ ਚੇਲਿਆਂ ਦਾ ਆਪਸੀ ਲੜਾਈ ਝਗੜਾ ਵੀ ਹੋ ਜਾਂਦਾ ਸੀ।
ਸੰਗਤਾਂ ਇਹ ਵੇਖ ਵੇਖ ਕੇ ਹੈਰਾਨ ਹੁੰਦੀਆ ।ਉਨ੍ਹਾਂ ਨੂੰ ਸਮਝ ਨਹੀਂ ਸੀ ਲਗਦੀ ਕਿ ਅਸਲੀ ਗੁਰੂ ਕੌਣ ਹੈ ਤੇ ਨਕਲੀ ਕਿਹੜਾ ਹੈ ?
ਜਿਹੜੇ ਗੁਰੂ ਕੋਲ ਵੀ ਸੰਗਤਾਂ ਜਾਂਦੀਆਂ ਉਹ ਉਨ੍ਹਾਂ ਦੀ ਗੱਠੜੀ ਵੱਲ ਹੀ ਨਜ਼ਰਾਂ ਮਾਰਦੇ , ਕਿਸੇ ਦੇ ਬਚਨਾਂ ਤੋਂ ਸੰਗਤਾਂ ਨੂੰ ਆਤਮਿਕ ਸ਼ਾਤੀ ਤੇ ਰਸ ਪ੍ਰਾਪਤ ਨਾ ਹੁੰਦਾ।
ਸੰਗਤਾਂ ਨੂੰ ਠੱਗੇ ਠੱਗੇ ਜਾਣ ਦਾ ਅਹਿਸਾਸ ਹੀ ਹੁੰਦਾ ਰਹਿੰਦਾ ਸੀ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਇਹ ਸਭ ਕੁਝ ਸੁਣਦੇ ਸਨ ਤੇ ਦੁਖੀ ਵੀ ਹੁੰਦੇ ਸਨ।ਪਰ ਉਹ ਕਿਸੇ ਝਗੜੇ ਵਿਚ ਨਹੀ ਸੀ ਪੈਣਾ ਚਾਹੁੰਦੇ ।
ਝੂਠੇ ਗੁਰੂਆਂ ਦੀ ਝੂਠੀ ਦੁਕਾਨਦਾਰੀ ਚਲਦਿਆ ਤਕਰੀਬਨ ਸਾਲ ਹੋ ਗਿਆ ਸੀ।ਉਨ੍ਹਾਂ ਦੇ ਝਗੜੇ ਹੰਗਾਮੇ ਵਧਦੇ ਗਏ। ਹਰ ਕੋਈ ਦੂਜਿਆਂ ਦੀ ਨਿੰਦਿਆ ਕਰਦਾ ਹੋਇਆ ਆਪਣੇ ਆਪ ਨੂੰ ਸੱਚਾ ਪਾਤਸ਼ਾਹ ਕਹੇ ,ਕੋਸ਼ਿਸ਼ ਸਾਰਿਆ ਦੀ ਇਹੀ ਹੁੰਦੀ ਕਿ ਲੋਕਾਂ ਕੋਲੋ ਵੱਧ ਤੋਂ ਵੱਧ ਕਾਰ ਭੇਟਾ ਠੱਗੀ ਜਾਵੇ।
ਲੋਕਾਂ ਵਿੱਚ ਬੇਮੁੱਖਤਾ ਆਉਣ ਲੱਗੀ ਤੇ ਸ਼ਰਧਾ ਘਟਣ ਲੱਗ ਪਈ ਸੀ । ਸੰਮਤ 1722 ਦੀ ਵਿਸਾਖੀ ਦੇ ਆਉਣ ਕਾਰਨ ਗੁਰੂ ਜੀ ਦੀ ਹਜੂਰੀ ਵਿੱਚ ਭਾਰੀ ਗਿਣਤੀ ਵਿਚ ਸੰਗਤਾਂ ਨੇ ਆਉਣਾ ਸ਼ੁਰੂ ਕੀਤਾ।
ਗੁਰਿਆਈ ਦੇ ਭਰਮ ਭੁਲੇਖਿਆਂ ਦੇ ਹੁੰਦਿਆ ਹੋਇਆ ਵੀ ਸੰਗਤਾਂ ਬਕਾਲਾ ਵਿਖੇ ਆਈਆਂ ਹੋਈਆਂ ਸਨ।ਇਨ੍ਹਾਂ ਵਿਚ ਹੀ ਮੱਖਣ ਸ਼ਾਹ ਲੁਬਾਣਾ ਵੀ ਸੀ। ਇਥੇ ਮੱਖਣ ਸ਼ਾਹ ਲੁਬਾਣਾ ਬਾਰੇ ਵੀ ਜਾਣਨਾ ਜਰੂਰੀ ਹੈ।ਭਾਈ ਮੱਖਣ ਸ਼ਾਹ ਲੁਬਾਣਾ ਕੌਣ ਸੀ?
ਭਾਈ ਕਾਹਨ ਸਿੰਘ ਨਾਭਾ ਮਹਾਨ ਕੋਸ਼ ਵਿੱਚ ਲਿਖਦੇ ਹਨ ਕਿ ਜ਼ਿਲਾ ਜੇਹਲਮ ਦੇ ਟਾਂਡਾ ਪਿੰਡ ਦਾ ਵਸਨੀਕ ਇਹ ਲੁਬਾਣਾ ਵਪਾਰੀ ਸੀ।
ਮੱਖਣ ਸ਼ਾਹ ਤਕੜਾ ਵਪਾਰੀ ਸੀ ।
ਕਿਹਾ ਜਾਂਦਾ ਹੈ ਇਕ ਵਾਰੀ ਇਸਦਾ ਸਮਾਨ ਨਾਲ ਭਰਿਆ ਸਮੁੰਦਰੀ ਜਹਾਜ਼ ਕਿਸੇ ਸੰਕਟ ਵਿਚ ਫਸ ਗਿਆ ਤੇ ਇਸਨੇ ਅਰਦਾਸ ਕੀਤੀ ਕਿ ਉਸਦਾ ਜਹਾਜ਼ ਬਿਨਾ ਨੁਕਸਾਨੇ ਕਿਨਾਰੇ ਲੱਗ ਜਾਏ ਤਾਂ ਉਹ ਇਕੱਠੀ ਕੀਤੀ ਹੋਰ ਭੇਟਾ ਦੇ ਨਾਲ 500 ਮੋਹਰਾਂ ਗੁਰੂ ਨਾਨਕ ਘਰ ਦੇ ਗੱਦੀ ਧਾਰੀ ਦੇ ਅਗੇ ਚੜਾਏਗਾ।ਗੁਰੂ ਕਿਰਪਾ ਨਾਲ ਜਹਾਜ਼ ਠੀਕ ਠਾਕ ਟਿਕਾਣੇ ਤੇ ਪਹੁੰਚ ਗਿਆ ।ਆਪਣੀ ਭੇਟਾ ਚੜਾਉਣ ਲਈ ਉਹ ਪੰਜਾਬ ਆਇਆ ।ਸੰਗਤਾਂ ਦੇ ਦੱਸਣ ਤੇ ਉਹ ' ਬਕਾਲੇ"ਪਹੁੰਚ ਗਿਆ । ਪਰ ਬਕਾਲੇ ਆ ਕੇ ਉਸ ਨੇ ਅਨੋਖੀ ਹੀ ਝਾਕੀ ਵੇਖੀ।
ਉਸ ਨੇ ਦੇਖਿਆ ਕਿ ਗੁਰੂ ਕੁੱਲ ਦੇ ਬਾਈ ਸੋਢੀ ,ਬਾਈ ਮੰਜੀਆਂ ਡਾਹ ਕੇ ਗੁਰੂ ਬਣੇ ਬੈਠੇ ਹਨ, ਸਭਨਾਂ ਦੇ ਦੁਆਲੇ ਚੇਲੇ ਚਾਂਟੇ ਜੁੜੇ ਹੋਏ ਸਨ ਤੇ ਉਹ ਸੰਗਤਾਂ ਨੂੰ ਵਾਜਾ ਮਾਰ ਮਾਰ ਕੇ ਆਪਣੇ ਆਪਣੇ ਗੁਰੂ ਵੱਲ ਲਿਜਾਣ ਦਾ ਯਤਨ ਕਰਦੇ ਸਨ, ਜਿਵੇਂ ਮੇਲਿਆਂ ਵਿੱਚ ਸੌਦਾ ਵੇਚਣ ਵਾਲੇ ਕਰਿਆ ਕਰਦੇ ਹਨ ।
ਹਾਂ ਇਹ ਝੂਠ ਦਾ ਸੌਦਾ ਵੇਚਣ ਵਾਲੇ ਹੀ ਗੁਰੂ ਸਨ। ਜਿਹੜੇ ਕਿ ਅੰਦਰੋਂ ਈਰਖਾ ਅਤੇ ਦਵੈਤ ਨਾਲ ਭੁੱਜ ਰਹੇ ਸਨ ਤੇ ਉੱਤੋਂ ਉੱਤੋਂ ਸਤਿਨਾਮ ਦਾ ਜਾਪ ਕਰਦੇ ਤੇ ਚਰਨੀ ਪੈਂਦੀਆਂ ਸੰਗਤਾਂ ਨੂੰ ਨਾਮ ਦਾਨ ਦੀਆਂ ਬਖਸ਼ਿਸ਼ਾਂ ਕਰ ਰਹੇ ਸਨ। ਮੱਖਣ ਸ਼ਾਹ ਨੇ ਸਾਰੇ ਗੁਰੂ ਵੇਖੇ ਤੇ ਅਸਚਰਜ ਵਿਚ ਪੈ ਗਿਆ ।ਉਸਦੀ ਅਕਲ ਕੰਮ ਨਾ ਕਰੇ ਕਿ ਕਿਹੜਾ ਇਹਨਾਂ ਵਿਚੋਂ ਅਸਲੀ ਗੁਰੂ ਹੈ ਤੇ ਕਿਹੜਾ ਪਖੰਡੀ।
ਉਸ ਦੇ ਅੰਦਰੋਂ ਅਰਦਾਸ ਨਿਕਲੀ ਇਹ ਸੱਚੇ ਪਾਤਸ਼ਾਹ ਮੇਰੀ ਬੁੱਧੀ ਚਕਰਾ ਗਈ ਹੈ ਆਪ ਪ੍ਰਗਟ ਹੋ ਕੇ ਅਥਵਾ ਮੂੰਹੋਂ ਮੰਗ ਕੇ ਆਪਣੀ ਅਮਾਨਤ ਲੈ ਲਵੋ ਜਿਸ ਨਾਲ ਮੇਰੇ ਮਨ ਨੂੰ ਧੀਰਜ ਹੋਵੇ। ਇਸ ਤਰ੍ਹਾਂ ਅਰਦਾਸ ਕਰਕੇ ਉਹ ਅੱਗੇ ਹੋਇਆ ਅਤੇ ਹਰੇਕ ਗੁਰੂ ਅੱਗੇ ਦੋ ਦੋ ਮੋਹਰਾਂ ਰਖ ਕੇ ਮੱਥਾ ਟੇਕਣ ਲਗਿਆ ।
ਸੋਨੇ ਦੀਆਂ ਮੋਹਰਾਂ ਤੱਕ ਹਰੇਕ ਗੁਰੂ ਖ਼ੁਸ਼ ਹੋ ਜਾਂਦਾ ਅਤੇ ਲੁਬਾਣੇ ਵਪਾਰੀ ਨੂੰ ਆਸ਼ੀਰਵਾਦ ਦਿੰਦਾ। ਪਰ ਕਿਸੇ ਨੇ ਵੀ ਉਸ ਨੂੰ ਲਿਆਂਦੀ ਕਾਰ ਭੇਟਾ ਦੀ ਅਸਲੀ ਰਕਮ ਦੀ ਗੱਲ ਨਾ ਕੀਤੀ ।ਹਰ ਕੋਈ ਆਪਣੇ ਸੱਚੇ ਗੁਰੂ ਹੋਣ ਦਾ ਦਾਅਵਾ ਬੰਨ੍ਹ ਕੇ ਤੇ ਦੂਜਿਆਂ ਨੂੰ ਪਖੰਡੀ ਕਹਿੰਦੇ ।
ਮੱਖਣ ਸ਼ਾਹ ਬਾਈ ਦੇ ਬਾਈ ਗੁਰੂਆਂ ਦੇ ਦਰਸ਼ਨ ਕਰ ਗਿਆ। ਪਰ ਉਸ ਨੂੰ ਸੱਚਾ ਗੁਰੂ ਨਾ ਲੱਭਿਆ ।ਉਹ ਬੜਾ ਨਿਰਾਸ਼ ਹੋਇਆ। ਅਖੀਰ ਉਸ ਨੇ ਪਿੰਡ ਦੇ ਸਾਧਾਰਨ ਲੋਕਾਂ ਤੋਂ ਪੁੱਛਿਆ ,'ਕਿਉਂ ਜੀ, ਇੱਥੇ ਕੋਈ ਹੋਰ ਵੀ ਸੋਢੀ ਰਹਿੰਦਾ ਹੈ?
ਇਕ ਬਿਰਧ ਕਿਸਾਨ ਨੇ ਦਸਿਆ, 'ਹਾ,ਤੇਗ ਬਹਾਦਰ ਨਾਮ ਦਾ ਇਕ ਸ਼ਾਂਤ ਸੁਭਾਅ ਦਾ ਸੋਢੀ ਔਹ ਸਾਹਮਣੇ ਕਮਰੇ ਵਿਚ ਰਹਿੰਦਾ ਹੈ।ਉਹ ਕਿਸੇ ਨੂੰ ਮਿਲਦੇ ਜੁਲਦੇ ਘੱਟ ਹੀ ਹਨ ਤੇ ਨਾ ਹੀ ਉਹ ਗੁਰੂ ਬਣਨ ਦੇ ਚਾਹਵਾਨ ਹਨ।
ਮੱਖਣ ਸ਼ਾਹ ਉਸ ਬਜੁਰਗ ਕਿਸਾਨ ਦੁਆਰਾ ਦੱਸੇ ਕੋਠੇ ਨੇ ਅੰਦਰ ਗਿਆ ।
ਪਹਿਲਾਂ ਦੀ ਤਰ੍ਹਾਂ ਹੀ ਉਸਨੇ ਦੋ ਮੋਹਰਾਂ ਰੱਖ ਕੇ ਮੱਥਾ ਟੇਕਿਆ।
ਆਪ ਜੀ ਨੇ ਮੱਖਣ ਸ਼ਾਹ ਵੱਲ ਤੱਕ ਕੇ ਕਿਹਾ ' ਭਾਈ ਪੁਰਖਾ! ਗੁਰੂ ਦੀ ਅਮਾਨਤ ਪੂਰੀ ਦਿਤਿਆ ਹੀ ਭਲਾਂ ਹੁੰਦਾ ਹੈ।ਤੂੰ ਪੰਜ ਸੌ ਦੇ ਵਿਚੋਂ ਕੇਵਲ ਦੋ ਹੀ ਦੇ ਰਿਹਾ ਹੈ ਇਹ ਕਿਉਂ?
ਇਹ ਬਚਨ ਸੁਣਦਿਆਂ ਹੀ ਮੱਖਣ ਸ਼ਾਹ ਨੂੰ ਸੁੱਧ ਬੁਧ ਭੁਲ ਗਈ ,ਉਹ ਇਕ ਦਮ ਗੁਰੂ ਜੀ ਦੇ ਚਰਨਾਂ ਉਤੇ ਲਿਪਟ ਗਿਆ ਅਤੇ ਉਨ੍ਹਾਂ ਤੋਂ ਪੰਜ ਸੌ ਮੋਹਰਾਂ ਲਿਆਉਣ ਲਈ ਆਗਿਆ ਲਈ।
ਉਹ ਬਾਹਰ ਆਉਦਿਆ ਹੀ ਕੋਠੇ ਉਤੇ ਚੜ੍ਹ ਗਿਆ, ਜ਼ੋਰ ਨਾਲ ਪੱਲਾ ਫੇਰਿਆ ਅਤੇ ਉਚੀ ਉਚੀ ਪੁਕਾਰਨ ਲਗਿਆ "ਗੁਰੂ ਲਾਧੋ ਰੇ',ਗੁਰੂ ਲਾਧੋ ਰੇ'।
ਲੋਕਾਂ ਨੇ ਭਾਈ ਮੱਖਣ ਸ਼ਾਹ ਦਾ ਹੋਕਾ ਸੁਣਿਆ ।ਆਸ ਤੇ ਵਿਲਾਸ ਵਿਚਕਾਰ ਲਟਕਦੇ ਉਨ੍ਹਾਂ ਦੇ ਚਿਹਰਿਆਂ ਉਤੇ ਰੌਣਕ ਆ ਗਈ।
ਪਲਾਂ ਛਿਨਾਂ ਵਿਚ ਹੀ ਇਹ ਖਬਰ ਸਾਰੇ ਪਾਸੇ ਫੈਲ ਗਈ।
ਵੇਖਦਿਆਂ ਵੇਖਦਿਆਂ ਹੀ ਗੁਰੂ ਜੀ ਦੇ ਕੋਠੇ ਦੁਆਲੇ ਅਥਾਹ ਭੀੜ ਜੁੜ ਗਈ।ਚਾਰੇ ਪਾਸੇ ਸਿਖਾਂ ਦਾ ਇਕੱਠ ਨਜਰ ਆਉਣ ਲਗਿਆ।ਸੰਗਤਾਂ ਦੀ ਬੇਨਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਾਹਰ ਆ ਕੇ ਦਰਸ਼ਨ ਦਿਤੇ।
ਉਸ ਸਮੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਉਮਰ ਲਗਭਗ 43 ਸਾਲ ਦੀ ਹੀ ਸੀ।
ਸੱਚੇ ਗੁਰੂ ਦੇ ਮਿਲ ਜਾਣ ਨਾਲ ਝੂਠ ਦੀਆਂ ਦੁਕਾਨਾਂ ਖੋਲ੍ਹ ਕੇ ਬੈਠੇ ਨਕਲੀ ਗੁਰੂਆਂ ਵਿਚ ਖਲਬਲੀ ਮਚ ਗਈ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰਗੱਦੀ ਉਤੇ ਬਿਰਾਜੇ।ਸੰਗਤਾਂ ਦੀ ਭਟਕਣਾ ਖਤਮ ਹੋ ਗਈ।
ਸਿਖਾਂ ਨੇ ਨਕਲੀ ਗੁਰੂਆਂ ਦੇ ਭਰਮ ਦੇ ਜਾਲ ਵਿੱਚੋਂ ਨਿਕਲ ਕੇ ਉਨ੍ਹਾਂ ਸਾਰਿਆਂ ਵੱਲੋਂ ਧਿਆਨ ਹਟਾ ਕੇ ਗੁਰੂ ਚਰਨਾ ਨਾਲ ਜੁੜਨਾ ਸ਼ੁਰੂ ਕਰ ਦਿਤਾ।
ਸੰਗਤਾਂ ਦੂਰ ਦੂਰ ਤੋਂ ਦਰਸ਼ਨ ਕਰਨ ਲਈ ਪੁਜਣ ਲਗੀਆਂ ।ਕਾਰ ਭੇਟਾ ਦੀ ਚੜ੍ਹਤ ਦਾ ਵੀ ਕੋਈ ਅੰਤ ਸ਼ੁਮਾਰ ਨਾ ਰਿਹਾ।
ਇਹ ਸਭ ਵੇਖ ਕੇ ਗੁਰੂ ਘਰ ਦਾ ਸਭ ਤੋਂ ਵੱਡਾ ਦੋਖੀ ਧੀਰ ਮੱਲ ਈਰਖਾ ਨਾਲ ਸੜ ਬਲ ਗਿਆ ।ਉਹ ਸਮਝਦਾ ਸੀ ਕਿ ਗੁਰੂ ਤੇਗ ਬਹਾਦਰ ਸੰਸਾਰ ਵਲੋਂ ਵਿਰਕਤ ਹਨ।
ਮੰਜੀਆਂ ਵਾਲੇ ਗੁਰੂਆਂ ਵਿਚੋਂ ਮੈ ਹੀ ਸਭ ਤੋ ਵੱਡਾ ਹਾਂ ਤੇ ਹੁਣ ਗੁਰਗੱਦੀ ਤੇ ਮੇਰਾ ਦਾਅ ਲਗ ਜਾਵੇਗਾ।
ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਅਕਾਲ ਪੁਰਖ ਵਲੋਂ ਸੌਂਪੀ ਗਈ ਜਿੰਮੇਵਾਰੀ ਨੂੰ ਪੂਰਾ ਕਰਨ ਲਈ ਤੇ ਨਾਜ਼ਕ ਸਮਿਆਂ ਵਿਚ ਗੁਰਸਿੱਖਾਂ ਦੀ ਅਗਵਾਈ ਕਰਨ ਲਈ ਇਕਾਂਤ ਵਿਚੋਂ ਨਿਕਲ ਆਏ।
ਇਸ ਨਾਲ ਧੀਰ ਮਲ ਦੀਆਂ ਸਾਰੀਆਂ ਆਸਾਂ ਤੇ ਪਾਣੀ ਫਿਰ ਗਿਆ ।ਉਸਨੂੰ ਆਪਣੀ ਸੁਆਰਥ ਸਿਧੀ ਦਾ ਹੁਣ ਇਕੋ ਢੰਗ ਹੀ ਨਜ਼ਰ ਆਉਂਦਾ ਸੀ ਕਿ ਕਿਸੇ ਤਰ੍ਹਾਂ ਗੁਰੂ ਜੀ ਦੇ ਜੀਵਨ ਦਾ ਅੰਤ ਕੀਤਾ ਜਾਵੇ ।
ਗੁਰੂ ਨਾ ਰਹਿਣਗੇ ਤਾਂ ਗੁਰਗੱਦੀ ਤੇ ਕਬਜ਼ਾ ਜਮਾਉਣਾ ਸੌਖਾ ਹੋ ਜਾਵੇਗਾ ।
ਉਸਨੇ ਆਪਣੇ ਮਸੰਦਾਂ ਤੇ ਚੇਲਿਆਂ ਨਾਲ ਸਲਾਹ ਕੀਤੀ।
ਇਕ ਮਸੰਦ ਸ਼ੀਹੇ ਨੇ ਗੁਰੂ ਜੀ ਨੂੰ ਮਾਰ ਮੁਕਾਉਣ ਦੀ ਜਿੰਮੇਵਾਰੀ ਲੈ ਲਈ।ਧੀਰ ਮੱਲ ਨੇ ਉਸਨੂੰ ਭਾਰੀ ਇਨਾਮ ਦੇਣ ਦਾ ਇਕਰਾਰ ਕੀਤਾ।
ਸ਼ੀਹੇ ਨੇ ਵੀਹ ਦੇ ਕਰੀਬ ਬੰਦੇ ਇਕਠੇ ਕੀਤੇ ਤੇ ਇਕ ਦਿਨ ਮੌਕਾ ਵੇਖ ਕੇ ਸ਼ੀਹੇ ਮਸੰਦ ਨੇ ਗੁਰੂ ਜੀ ਦਾ ਨਿਸ਼ਾਨਾ ਬੰਨ ਕੇ ਗੋਲੀ ਚਲਾਈ ਤੇ ਹਮਲਾ ਕਰ ਦਿੱਤਾ ।ਗੋਲੀ ਲੱਗਣ ਗੁਰੂ ਜੀ ਜਖਮੀ ਵੀ ਹੋ ਗਏ ਸੀ।
ਪਰ ਆਪ ਜੀ ਸ਼ਾਂਤ ਤੇ ਅਡੋਲ ਰਹੇ।
ਹਮਲਾ ਕਰਨ ਉਪਰੰਤ ਉਹ ਗੁਰੂ ਘਰ ਦਾ ਸਾਰਾ ਸਮਾਨ ਲੁਟ ਕੇ ਲੈ ਗਏ।
ਗੁਰੂ ਜੀ ਸ਼ਾਂਤ ਤੇ ਅਡੋਲ ਰਹੇ ਕਿਉਂਕਿ ਉਨ੍ਹਾਂ ਨੂੰ ਸੰਸਾਰਿਕ ਪਦਾਰਥਾਂ ਨਾਲ ਮੋਹ ਨਹੀ ਸੀ।
ਧੀਰਮੱਲ ਦੀ ਇਸ ਨੀਚ ਹਰਕਤ ਬਾਰੇ ਜਦੋਂ ਮੱਖਣ ਸ਼ਾਹ ਤੇ ਦੂਜੇ ਸਿਖਾਂ ਨੂੰ ਪਤਾ ਲੱਗਿਆ ਤਾਂ ਉਹ ਬੜੇ ਰੋਹ ਵਿਚ ਆਏ। ਉਨਾ ਮਸੰਦਾਂ ਤੇ ਧੀਰ ਮੱਲ ਨੂੰ ਸਬਕ ਸਿਖਾਉਣ ਲਈ ਉਨ੍ਹਾਂ ਤੇ ਹੱਲਾ ਬੋਲ ਦਿਤਾ।ਧੀਰ ਮੱਲ ਦਾ ਸਾਰਾ ਘਰ ਬਾਰ ਲੁੱਟ ਲਿਆ ਗਿਆ ਤੇ ਬੀੜ ਦੇ ਆਸਰੇ ਉਹ ਗੁਰੂ ਬਣੀ ਬੈਠਾ ਸੀ ,ਉਹ ਵੀ ਖੋਹ ਲਈ।
ਜਦੋ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸਾਰੀ ਘਟਨਾ ਦਾ ਪਤਾ ਲੱਗਿਆ ਤਾਂ ਉਨ੍ਹਾਂ ਸਿੱਖਾਂ ਨੂੰ ਮਾਲ ਵਾਪਸ ਕਰਨ ਤੇ ਉਹ ਬੀੜ ਵੀ ਧੀਰ ਮੱਲ ਨੂੰ ਵਾਪਸ ਮੋੜ ਦੇਣ ਦਾ ਹੁਕਮ ਦੇ ਦਿਤਾ।
ਸਿੱਖ ਸਾਮਾਨ ਤਾਂ ਸਾਰਾ ਵਾਪਸ ਕਰ ਆਏ, ਪਰ ਬੀੜ ਵਾਪਸ ਨਾ ਕੀਤੀ ।ਸਿੱਖਾਂ ਨੇ ਮਨ ਵਿੱਚ ਇਹ ਧਾਰਿਆ ਕਿ ਬੀੜ ਧੀਰ ਮੱਲ ਦੀ ਕੋਈ ਨਿੱਜੀ ਜਾਇਦਾਦ ਨਹੀਂ ਹੈ, ਇਹ ਕੌਮ ਦੀ ਸਾਂਝੀ ਮਲਕੀਅਤ ਹੈ ।ਉਨ੍ਹਾਂ ਬੀੜ ਨੂੰ ਆਪਣੇ ਕੋਲ ਹੀ ਰਖ ਲਿਆ। ਪਰ ਜਦੋਂ ਗੁਰੂ ਜੀ ਨੂੰ ਪਤਾ ਲੱਗਿਆ ਤਾਂ ਉਹਨਾਂ ਨੈ ਧੀਰ ਮੱਲ ਨੂੰ ਕਹਿਲਾ ਭੇਜਿਆ ਕਿ ਦਰਿਆ ਦੇ ਕੰਡੇ ਉੱਤੇ ਬੀੜ ਪਈ ਹੋਈ ਹੈ ,ਉਹ ਆ ਕੇ ਲੈ ਲਵੋ ।
ਗੁਰੂ ਜੀ ਦਾ ਕਹਿਣਾ ਸੀ ਕਿ ਕੋਈ ਮਾਇਆ ਕਾਰਨ ਗੁਰੂ ਨੇ ਦੁਕਾਨ ਨਹੀਂ ਪਾਈ:-
' ਦਰਬ ਕੇ ਕਾਜ ਗੁਰੂ ਮਹਾਰਾਜ ਨੇ
ਨਹੀ ਇਹ ਬੈਠ ਦੁਕਾਨ ਪਾਈ।
(ਗੁਰਬਿਲਾਸ ਪਾ:10)
ਇਥੇ ਆਪ ਜੀ ਨੇ ਇਹ ਵੀ ਫੁਰਮਾਇਆ ਕਿ ਖਿਮਾਂ ਕਰਨਾ ਹੀ ਸਬ ਤੋਂ ਵਡਾ ਤਪ ਤੇ ਧਰਮ ਹੈ:
' ਕਰਣੀ ਛਿਮਾ ਮਹਾ ਤਪ ਜਾਣ।ਛਿਮਾ ਸਕਲ ਤੀਰਥ ਇਸ਼ਨਾਨ ।
ਛਿਮਾ ਕਰਨ ਹੀ ਦ੍ਵੈਬੋ ਦਾਨ।ਛਿਮਾ ਕਰਤੇ ਨਰ ਕੀ ਕਲਿਆਣ।'
ਧੀਰ ਮੱਲ ਨੇ ਉਹ ਬੀੜ ਲੈ ਲਈ ਸੀ।
ਵਿਦਵਾਨਾਂ ਦਾ ਵਿਚਾਰ ਹੈ ਕਿ ਅਸਲੀ ਬੀੜ ਦਰਿਆ ਵਿਚ ਰੁੜ ਗਈ ਸੀ।
ਗੁਰੂ ਤੇਗ ਬਹਾਦਰ ਜੀ ਨੇ ਗੱਦੀ ਉਤੇ ਬੈਠਦਿਆਂ ਹੀ ਮਹਿਸੂਸ ਲਿਆ ਸੀ ਕਿ ਬਕਾਲੇ ਰਹਿ ਕੇ ਸਿਖੀ ਦੇ ਬੂਟੇ ਨੂੰ ਹੋਰ ਵਧਾ ਸੰਭਾਲ ਨਹੀ ਸਕਣਗੇ।ਕੁਝ ਸਮਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਬਾ ਬਕਾਲੇ ਵਿਖੇ ਹੀ ਰਹੇ ਅਤੇ ਸੰਗਤਾਂ ਨੂੰ ਉਪਦੇਸ਼ ਦਿੰਦੇ ਰਹੇ।
ਇਸ ਤੋਂ ਬਾਅਦ ਗੁਰੂ ਸਾਹਿਬ ਜੀ ਬਾਹਰ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਸੁਨੇਹਾ ਲੋਕਾਂ ਵਿੱਚ ਪ੍ਰਚਾਰਨ ਲਈ ਚਲ ਪਏ।
ਆਪ ਜੀ ਸ੍ਰੀ ਤਰਨਤਾਰਨ, ਖਡੂਰ ਤੇ ਗੋਇੰਦਵਾਲ ਸਾਹਿਬ ਦੇ ਦਰਸ਼ਨ ਕਰਦੇ ਹੋਏ ਅੰਮ੍ਰਿਤਸਰ ਪਹੁੰਚੇ ।
ਅੰਮ੍ਰਿਤ ਸਰੋਵਰ ਵਿਚ ਇਸ਼ਨਨ ਕਰਕੇ ਗੁਰੂ ਜੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਤੁਰੇ ਤਾਂ ਮਸੰਦਾਂ ਤੇ ਮੇਹਰਬਾਨ ਦੇ ਪੁੱਤਰ 'ਹਰਿ ਜੀ' ਨੇ ਹਰਿਮੰਦਰ ਸਾਹਿਬ ਦੇ ਬੂਹੇ ਬੰਦ ਕਰ ਲਏ।
ਉਨ੍ਹਾਂ ਨੂੰ ਡਰ ਸੀ ਕਿ ਗੁਰੂ ਜੀ ਖਬਰੇ ਹਰਿਮੰਦਰ ਸਾਹਿਬ ਤੇ ਕਬਜ਼ਾ ਹੀ ਨਾ ਕਰ ਲੈਣ।
ਗੁਰੂ ਜੀ ਕਾਫੀ ਸਮਾਂ ਉੱਥੇ ਬੈਠ ਕੇ ਉਡੀਕਦੇ ਰਹੇ,ਪਰ ਦਰਵਾਜੇ ਬੰਦ ਹੀ ਰਹੇ।
(ਜਿਸ ਜਗ੍ਹਾ ਗੁਰੂ ਤੇਗ ਬਹਾਦਰ ਸਾਹਿਬ ਜੀ ਉਡੀਕ ਕਰਦੇ ਰਹੇ, ਉਥੇ ਹੁਣ ਗੁਰਦੁਆਰਾ 'ਥੜ੍ਹਾ ਸਾਹਿਬ ' ਹੈ ।ਇਹ ਥਾਂ ਅਕਾਲ ਤਖਤ ਤੋਂ ਸੌ ਗਜ਼ ਦੂਰ ਉੱਤਰ ਦਿਸ਼ਾ ਵੱਲ ਹੈ)
ਓਥੋਂ ਦੀ ਸੰਗਤ ਨੇ ਰੱਜ ਕੇ ਸਤਿਕਾਰ ਕੀਤਾ ਤੇ ਅੰਮ੍ਰਿਤਸਰ ਦੀ ਸੰਗਤ ਵੀ ਹੁਮ ਹੁਮਾ ਕੇ ਪਹੁੰਚ ਗਈ।
ਬਾਅਦ ਵਿੱਚ ਮੱਖਣ ਸ਼ਾਹ ਨੇ ਸਮਝਾਇਆ ਕਿ " ਗੁਰੂ ਤੁਹਾਡੇ ਕੋਲ ਚਲ ਕੇ ਆਏ ਸੀ, ਮੂਰਖੋ ! ਤੁਸਾਂ ਕਦਰ ਨਾ ਜਾਣੀ, ਬੇਮੁੱਖ ਨਾ ਹੋਵੋ ਤੇ ਦਰਸ਼ਨਾਂ ਨੂੰ ਜਾਉ।ਉਹ ਬਖਸ਼ੰਦ ਹਨ ਤਾਂ ਬਖਸ਼ ਵੀ ਲੈਣਗੇ।
ਜਦੋਂ ਉਹ 'ਵੱਲਾ' ਪਿੰਡ ਵਿਖੇ ਗੁਰੂ ਜੀ ਨੇ ਦਰਸ਼ਨਾ ਨੂੰ ਆਏ ਤਾਂ ਮਹਾਰਾਜ ਨੇ ਇਤਨਾ ਹੀ ਕਿਹਾ ਕਿ ਹਰਿਮੰਦਰ ਦੇ ਰਾਖਿਆ, ਸੇਵਾਦਾਰ ਮਸੰਦਾਂ ਨੂੰ ਤ੍ਰਿਸ਼ਨਾ ਨਹੀ ਸੋਭਦੀ:
"ਨਹ ਮਸੰਦ ਤੁਮ ਅੰਮ੍ਰਿਤਸਰੀਏ।
ਤ੍ਰਿਸ਼ਨਾਗਨ ਤੇ ਅੰਤਰਸੜਈਏ।"
(ਇਹ ਵਾਕ ਸ੍ਰੀ ਅੰਮ੍ਰਿਤਸਰ ਦੇ ਵਾਸੀਆਂ ਲਈ ਨਹੀ ਹਨ,ਸਗੋਂ ਉਨ੍ਹਾਂ ਲਈ ਸਨ ਜੋ ਧਰਮ ਪ੍ਰਚਾਰਕ ਹਨ)
ਇਸ ਘਟਨਾ ਉਪਰੰਤ ਗੁਰੂ ਜੀ ਦਾ ਇਰਾਦਾ ਪੱਕਾ ਹੋ ਗਿਆ ਕਿ ਐਸੀ ਥਾਂ ਬਣਾਈ ਜਾਵੇ ਜਿੱਥੋਂ ਧਰਮ ਦੇ ਪ੍ਰਚਾਰ ਦਾ ਕੰਮ ਫਿਰ ਆਰੰਭ ਕੀਤਾ ਜਾ ਸਕੇ ।ਹਰਿਮੰਦਰ ਸਾਹਿਬ ਦੇ ਦਰਸ਼ਨਾਂ ਤੋਂ ਬਾਅਦ ਆਪ ਜੀ ਬਕਾਲੇ ਆ ਕੇ ਕੁਝ ਸਮਾਂ ਟਿਕੇ।ਥੋੜੇ ਸਮੇਂ ਬਾਅਦ ਆਪ ਜੀ ਨੇ ਬਕਾਲੇ ਤੋਂ ਕੀਰਤਪੁਰ ਜਾਣ ਦਾ ਫੈਸਲਾ ਕੀਤਾ।
ਗੁਰੂ ਜੀ ਬਿਆਸ ਪਾਰ ਕਰਕੇ ਕੀਰਤਪੁਰ ਪਹੁੰਚੇ ।
ਰਸਤੇ ਵਿਚ ਗੁਰੂ ਜੀ ਥਾਂ ਥਾਂ ਨਾਮ ਬਾਣੀ ਦਾ ਪ੍ਰਚਾਰ ਕਰਦੇ,ਦੀਨਾਂ ਤੇ ਦੁਖੀਆਂ ਦੀਆਂ ਲੋੜਾਂ ਪੂਰੀਆਂ ਕਰਦੇ ਰਹੇ।ਆਪ ਜੀ ਨੇ ਆਪਣੇ ਪ੍ਰਚਾਰ ਲਈ ਕੇਂਦਰੀ ਸਥਾਨ ਕੀਰਤਪੁਰ ਨੂੰ ਚੁਣਿਆ ।ਪਰ ਕੀਰਤਪੁਰ ਵੀ ਆਪ ਜੀ ਨੂੰ ਅਮਨ ਤੇ ਸ਼ਾਂਤੀ ਪ੍ਰਾਪਤ ਨਾ ਹੋਈ,ਜਿਸ ਦੇ ਆਪ ਚਾਹਵਾਨ ਸਨ।ਕੀਰਤਪੁਰ ਦੇ ਸੋਢੀ ਤੇ ਧੀਰਮੱਲ ਦੇ ਬੰਦੇ ਆਪ ਜੀ ਦੇ ਇਥੇ ਆਉਣ ਨਾਲ ਬਹੁਤ ਦੁਖੀ ਹੋਏ ਕਿਉਂਕਿ ਉਨ੍ਹਾਂ ਦੁਆਰਾ ਧਰਮ ਦੇ ਨਾਂ ਤੇ ਸਜਾਈਆਂ ਦੁਕਾਨਾਂ ਬੇਰੌਣਕ ਹੋਣ ਲਗੀਆਂ ਸਨ।ਉਨਾਂ ਨੇ ਕਈ ਯਤਨਾਂ ਨਾਲ ਨਗਰ ਨੂੰ ਉਜਾੜਨ ਦੇ ਉਪਰਾਲੇ ਕੀਤੇ ਪਰ ਉਨ੍ਹਾਂ ਦੀ ਇਕ ਨਾ ਚੱਲ ਸਕੀ।
ਦੂਜੇ ਪਾਸੇ ਧੀਰਮੱਲ ਤੇ ਰਾਮਰਾਇ ਅਜੇ ਵੀ ਦਿੱਲੀ ਦੇ ਗੇੜੇ ਲਾਉਣ ਵਿਚ ਲਗੇ ਹੋਏ ਸਨ ਕਿ ਕਿਸੇ ਤਰ੍ਹਾਂ ਔਰੰਗਜ਼ੇਬ ਨੂੰ ਗੁਰੂ ਜੀ ਦੇ ਵਿਰੁਧ ਭੜਕਾ ਕੇ ਗੁਰਗੱਦੀ ਪ੍ਰਾਪਤ ਕਰਨ ਦੀ ਸਹਾਇਤਾ ਲੈ ਸਕਣ।
ਗੁਰੂ ਤੇਗ ਬਹਾਦਰ ਦੀ ਅਤੀ ਕੋਮਲ ਚਿਤ ਅਤੇ ਤਿਆਗ ਦੀ ਮੂਰਤ ਸਨ ।ਆਪ ਜੀ ਕਿਸੇ ਨੂੰ ਦੁਖੀ ਕਰਨਾ ਨਹੀਂ ਸੀ ਚਾਹੁੰਦੇ। ਇਸ ਲਈ ਆਪ ਜੀ ਨੇ ਆਪਣੇ ਵਾਸਤੇ ਕੋਈ ਹੋਰ ਟਿਕਾਣਾ ਬਣਾਉਣ ਦਾ ਵਿਚਾਰ ਕੀਤਾ ਜਿਸ ਨਾਲ ਸਭ ਪ੍ਰਕਾਰ ਦੇ ਝਗੜਿਆਂ ਬਖੇੜਿਆਂ ਤੋਂ ਦੂਰ ਰਹਿਆ ਜਾ ਸਕੇ।
ਆਪ ਜੀ ਨੇ ਕਹਿਲੂਰ ਦੇ ਰਾਜੇ ਕੋਲੋ ਪਿੰਡ ਮਾਖੋਵਾਲ ,ਜਿਹੜਾ ਕਿ ਕੀਰਤਪੁਰ ਤੋਂ ਪੰਜ ਮੀਲ ਦੀ ਦੂਰੀ ਤੇ ਸਥਿਤ ਸੀ 'ਦੀ ਜਮੀਨ ਖਰੀਦੀ ।
ਇਥੇ ਆਪ ਜੀ ਨੇ ਦਰਿਆ ਸਤਿਲੁਜ ਦੇ ਕੰਢੇ ਦੇ ਕੋਲ ਕਰਕੇ ਨੈਣਾ ਦੇਵੀ ਪਰਬਤ ਦੇ ਉਰਲੇ ਪਾਸੇ ਇਕ ਨਵਾਂ ਨਗਰ ਵਸਾਇਆ ਜਿਸ ਦਾ ਨਾਂ ਆਪ ਜੀ ਨੇ ਅਨੰਦਪੁਰ ਰਖਿਆ।
ਅਨੰਦਪੁਰ ਦੀ ਸਥਿਤੀ ਬੜੀ ਹੀ ਢੁੱਕਵੀਂ ਸੀ। ਦਰਿਆ ਦਾ ਵੀ ਪੱਤਨ ਨੇੜੇ ਹੋਣ ਕਰਕੇ ਲੋਕਾਂ ਦੀ ਆਰ ਪਾਰ ਦੀ ਆਵਾਜਾਈ ਬਣੀ ਰਹਿੰਦੀ ਸੀ। ਇਥੋਂ ਪਹਾੜੀ ਇਲਾਕਾ ਸ਼ੁਰੂ ਹੁੰਦਾ ਸੀ ਤੇ ਪਹਾੜ ਵੱਲ ਜਾਣ ਦੇ ਕਈ ਰਸਤੇ ਡੰਡੀਆਂ ਨਿਕਲਦੀਆਂ ਸਨ ।
ਅਨੰਦਪੁਰ ਆਉਂਦੇ ਜਾਂਦੇ ਲੋਕਾਂ ਦੇ ਟਿਕਣ ਅਤੇ ਸੌਦਾ ਵਸਤ ਖਰੀਦਣ ਦਾ ਚੰਗਾ ਕੇਂਦਰ ਬਣ ਗਿਆ ਸੀ ਤੇ ਦਿਨਾਂ ਵਿੱਚ ਹੀ ਇੱਥੇ ਬੜੀ ਰੌਣਕ ਹੋ ਗਈ। ਪਹਾੜੀ ਸਥਾਨ ਹੋਣ ਕਰਕੇ ਇਥੋਂ ਦਾ ਆਲਾ ਦੁਆਲਾ ਬੜਾ ਰਮਣੀਕ ਸੀ। ਦੂਜੇ ਮੈਦਾਨੀ ਇਲਾਕੇ ਤੋਂ ਦੂਰ ਹੋਣ ਕਰਕੇ ਇੱਥੇ ਬੜੀ ਸ਼ਾਤੀ ਤੇ ਨਿਵੇਕਲਾਪਨ ਸੀ।
ਗੁਰੂ ਦੀ ਇਥੇ ਬਿਰਾਜੇ ਹੋਏ ਸਨ ,ਇਨ੍ਹਾਂ ਸਭਨਾਂ ਗਲਾਂ ਕਰਕੇ ਦੂਰ ਦੂਰ ਤੋਂ ਸਿਖ ਸੰਗਤਾਂ ਇਥੇ ਆ ਕੇ ਵਸਣ ਲਗੀਆਂ ।
ਪਰਚਾਰ ਲਈ ਦੌਰਾ:
ਔਰੰਗਜ਼ੇਬ 31 ਜੁਲਾਈ, 1658 ਈ ਨੂੰ ਤਖਤ ਉਤੇ ਬੈਠਾ ਸੀ।ਔਰੰਗਜ਼ੇਬ ਨੇ ਆਪਣੇ ਪਿਓ ਨੂੰ ਕੈਦ ਕਰ ਕੇ ਤੇ ਭਰਾਵਾਂ ਨੂੰ ਮਾਰ ਕੇ ਹੀ ਉਹ ਤਖ਼ਤ ਹਾਸਲ ਕੀਤਾ ਸੀ ।ਮੁਸਲਮਾਨਾਂ ਵਿੱਚ ਗਲਤ ਫਹਿਮੀਆਂ ਪੈ ਗਈਆਂ ਸਨ ਤੇ ਲੋਕੀਂ ਉਸ ਨੂੰ ਚੰਗਾ ਨਹੀ ਸਨ ਸਮਝਦੇ ।ਔਰੰਗਜ਼ੇਬ ਨੇ ਕੱਟੜ ਹਿੰਦੂ ਵਿਰੋਧੀ ਧਾਰਮਿਕ ਨੀਤੀ ਦਾ ਐਲਾਨ ਕਰ ਦਿਤਾ ਸੀ।ਉਸ ਨੇ ਆਪਣੇ ਆਪ ਨੂੰ ਇਸਲਾਮ ਦਾ ਰਾਖਾ ਦੱਸ ਕੇ ਮੁਸਲਮਾਨਾਂ ਨੂੰ ਆਪਣੇ ਵੱਲ ਕਰਨਾ ਸ਼ੁਰੂ ਕਰ ਦਿੱਤਾ। ਇਸ ਲਈ ਉਸ ਨੇ ਨਵੇਂ ਮੰਦਰ ਨਾ ਬਣਾਉਣ ,ਪੁਰਾਣਿਆਂ ਦੀ ਮੁਰੰਮਤ ਨਾ ਕਰਨ ਤੇ ਉੜੀਸਾ ਤੇ ਬਿਹਾਰ ਵਿੱਚ ਮੰਦਰ ਗਿਰਾਉਣ ਦਾ ਹੁਕਮ ਦੇ ਦਿੱਤਾ ਸੀ ।
ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਗੁਰੂ ਨਾਨਕ ਦਾ ਉਪਦੇਸ਼ ਫਿਰ ਘਰ ਘਰ ਪਹੁੰਚਾਉਣ ਦਾ ਜ਼ਿੰਮਾ ਲਿਆ। ਲੋਕਾਂ ਵਿੱਚ ਇਹ ਖ਼ਿਆਲ ਮੁੜ ਦ੍ਰਿੜ੍ਹ ਕਰਵਾਇਆ ਕਿ ਜਿਉਂਦਿਆ ਹੀ ਜੇ ਇੱਜ਼ਤ ਖੋਹੀ ਗਈ ਤਾਂ ਜਿਊਣਾ ਕਿਸ ਕੰਮ ?
ਡਰਨ ਵਾਲਾ ਕਾਇਰ ਤੇ ਡਰਾਉਣ ਵਾਲਾ ਜਾਬਰ ਹੈ , ਇਹਨਾਂ ਦੋਹਾਂ ਲਈ ਸਮਾਜ ਵਿੱਚ ਕੋਈ ਥਾਂ ਨਹੀ :-
ਸਲੋਕ ਮਹਲਾ ੯
ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ॥
ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ ॥੧੬॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ 1427)
ਬਾਂਗਰ ਦੇਸ਼ -
ਗੁਰੂ ਜੀ ਨੇ ਮਾਲਵੇ ਦੀ ਧਰਤੀ ਤੋਂ ਆਪਣਾ ਪ੍ਰਚਾਰ ਆਰੰਭਿਆ। 'ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ 'ਹੋਣ ਕਾਰਨ ਪੰਜਾਬ ਨੂੰ ਹਰ ਬਦਲਦੀ ਹਕੂਮਤ ਵੇਲੇ ਦੁੱਖ ਝੱਲਣੇ ਪੈਂਦੇ ਸਨ। ਔਰੰਗਜ਼ੇਬ ਨੇ ਤਾਂ ਰਾਜ ਹੀ ਬੜੇ ਔਖੇ ਹੋ ਕੇ ਲਿਆ ਸੀ। ਰੋਜ਼ ਹੀ ਫੌਜਾਂ ਦੀ ਚੜ੍ਹਈ ਨੇ ਫ਼ਸਲਾਂ ਤਬਾਹ ਕਰ ਦਿੱਤੀਆਂ ਸਨ ।ਲੋਕ ਆਲਸੀ ਅਤੇ ਵਹਿਮੀ ਹੋ ਗਏ ,ਆਪਣਾ ਕੀਮਤੀ ਸਮਾਂ ਨਸ਼ਿਆਂ ਵਿੱਚ ਨਸ਼ਟ ਕਰਨ ਲੱਗੇ ਸਨ। ਤੰਬਾਕੂ ਉਸ ਸਮੇਂ ਦਾ ਨਵਾਂ ਨਵਾਂ ਅਤੇ ਸਸਤਾ ਨਸ਼ਾ ਹੋਣ ਕਰਨ ਲੋਕਾਂ ਨੂੰ ਇਸ ਦੀ ਲੱਤ ਲੱਗ ਗਈ ਸੀ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮਾਲਵੇ ਵੱਲ ਆਉਣਾ ਸ਼ੁਰੂ ਕੀਤਾ।
ਮਾਝੇ ਤੇ ਦੋਆਬੇ ਵਿੱਚ ਪਹਿਲੀਆਂ ਪੰਜ ਗੁਰੂ ਜੋਤਾਂ ਨੇ ਕਾਫ਼ੀ ਸੋਝੀ ਦੇ ਦਿੱਤੀ ਸੀ। ਇਸ ਇਲਾਕੇ ਵਿੱਚ ਵੀ ਸਖੀ ਸਰਵਰਾਂ ਦੇ ਬਹੁਤ ਚੇਲੇ ਹੋ ਗਏ ਸਨ। ਉਹ ਕਬਰਾਂ ਨੂੰ ਪੂਜਦੇ ਅਤੇ ਗੁੱਗੇ ਮਨਾਉਂਦੇਂ ਸਨ। ਗੁਰੂ ਜੀ ਨੇ ਇਸ ਕੁਰੀਤੀ ਤੋਂ ਹਟਾਉਣ ਦਾ ਉਪਰਾਲਾ ਕੀਤਾ। ਇਸਲਾਮ ਵਿੱਚ ਦਾਖਲ ਹੋਣ ਲਈ ਸਖੀ ਸਰਵਰ ਦੀ ਪੂਜਾ ਪਹਿਲੀ ਪੌੜੀ ਹੁੰਦੀ ਸੀ।
ਇਸ ਲਈ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮਾਲਵੇ ਵੱਲ ਧਿਆਨ ਦਿੱਤਾ ਤੇ ਫਿਰ ਪੂਰਬ ਵੱਲ 'ਅਣਖ ਨਾਲ ਜੀਣ' ਦਾ ਪ੍ਰਚਾਰ ਕਰਨ ਲਈ ਗਏ।
ਸ੍ਰੀ ਆਨੰਦਪੁਰ ਸਾਹਿਬ ਤੋਂ ਗੁਰੂ ਤੇਗ਼ ਬਹਾਦਰ ਜੀ ਘਨੌਲੀ ਵਿਖੇ ਗਏ ।ਉੱਥੇ ਲੋਕਾਂ ਦੀ ਮਾੜੀ ਅਵਸਥਾ ਦੇਖ ਕੇ ਜੋ ਕੁਝ ਖਜ਼ਾਨੇ ਵਿਚ ਸੀ ਉਹ ਲੋੜਵੰਦਾਂ ਵਿੱਚ ਵੰਡ ਦਿੱਤਾ। ਉਥੋਂ ਫਿਰ ਆਪ ਜੀ ਰੋਪੜ ਗਏ।ਉਸ ਤੋ ਬਾਅਦ ਫਿਰ ਬਹਾਦਰਗੜ੍ਹ ਟਿਕਾਣਾ ਸ਼ੈਫਦੀਨ ਦੇ ਬਾਗ਼ ਵਿੱਚ ਕੀਤਾ ।
ਕਿਹਾ ਜਾਂਦਾ ਹੈ ਕਿ ਸੈਫਦੀਨ ਬੜਾ ਨੇਕ ਇਨਸਾਨ ਤੇ ਦਿਲ ਦਾ ਸਾਫ ਸੀ ।ਉਸ ਨੇ ਲੰਗਰ ਵਿੱਚ ਰਸਦ ਪਾਈ ਸੀ ਕਿਉਂਕਿ ਗੁਰੂ ਜੀ ਸਭ ਕੁਝ ਪਿੱਛੇ ਵੰਡ ਆਏ ਸਨ ਇਸ ਲਈ ਉਸ ਨੇ ਲੰਗਰ ਲਈ ਭਾਂਡੇ ਤੇ ਤੰਬੂ ਛਾਵਣੀਆਂ ਦਿੱਤੀਆਂ ਸਨ ।ਕੁਝ ਸ਼ਸਤਰਾਂ ਦੇ ਨਾਲ ਨਾਲ ਗੁਰੂ ਜੀ ਦੀ ਸਵਾਰੀ ਲਈ ਘੋੜਾ ਅਤੇ ਮਾਤਾ ਜੀ ਦੀ ਸਵਾਰੀ ਲਈ ਰੱਥ ਦਿੱਤਾ ਸੀ।
ਗੁਰੂ ਜੀ ਦਾਦੂ ਮਾਜਰਾ,ਨੌ ਲੱਖਾ,ਲੰਗਾ,ਮੂਲੋਵਾਲ, ਫਰਵਾਹੀ,ਹੰਢਾਇਆ, ਭਲੇਹਰ,ਖੀਵਾ ਤੇ ਭਿਖੀ ਗਏ।
ਰਾਹ ਵਿੱਚ ਗੁਰੂ ਜੀ ਨੇ ਲੋੜ ਅਨੁਸਾਰ ਖੂਹ ਪੁਟਵਾਏ ਤੇ ਡੂੰਘੇ ਖੂਹ ਪੁਟਵਾ ਕੇ ਠੰਢਾ ਤੇ ਮਿੱਠਾ ਪਾਣੀ ਕੱਢਣ ਦੀ ਜਾਂਚ ਦੱਸੀ ।ਫਿਰ ਉੱਥੋਂ ਹੀ ਗੁਰ ਤੇਗ ਬਹਾਦਰ ਜੀ, ਖਿਆਲਾ, ਮੌੜ, ਮਾਈਸਰ ਖਾਨਾ ਤੋਂ ਹੋ ਕੇ ਸਾਬੋ ਕੀ ਤਲਵੰਡੀ ਪੁੱਜੇ ।(ਸਾਬੋ ਕਿ ਤਲਵੰਡੀ ਮਗਰੋ ਤਕੜਾ ਕੇਂਦਰ ਬਣਿਆ। ਗੁਰੂ ਗੋਬਿੰਦ ਸਿੰਘ ਜੀ ਨੇ ਆ ਕੇ ਇਥੇ ਹੀ ਟਿਕਾਣਾ 1705ਈ ਨੂੰ ਕੀਤਾ ਹੀ।ਇਹ ਜਗ੍ਹਾ ਫਿਰ ਦਮਦਮਾ ਸਾਹਿਬ ਕਰਕੇ ਪ੍ਰਸਿਧ ਹੋਈ।)
ਕੁਝ ਦਿਨ ਦਮਦਮਾ ਸਾਹਿਬ ਟਿੱਕ ਕੇ ਗੁਰੂ ਜੀ ਧਰਮ ਦਾ ਕੋਟ ਬਛੋ ਆਹਵਾ ,ਗੋਬਿੰਦਪੁਰਾ ,ਸੰਘੇੜੀ ਤੇ ਗਰਨਾ ਤੋਂ ਹੋ ਕੇ ਧਮਧਾਨ ਪੁੱਜੇ।ਗੁਰੂ ਜੀ ਦਾ ਇਸ ਇਲਾਕੇ ਵਿੱਚ ਇਹ ਉਪਦੇਸ਼ ਸੀ :ਆਲਸ ਛੱਡੋ, ਉੱਦਮ ਕਰੋ ,ਕਾਮਯਾਬੀ ਤੁਹਾਡੇ ਪੈਰ ਚੁੰਮੇਗੀ।
ਧਮਧਾਣ ਵਿਖੇ ਗੁਰੂ ਤੇਗ ਬਹਾਦਰ ਜੀ ਨੇ ਇੱਕ ਸਿੱਖ ਜਿਸ ਨੇ ਰਾਹ ਵਿੱਚ ਭੱਜ ਭੱਜ ਉਤਸ਼ਾਹ ਨਾਲ ਪਾਣੀ ਦੀ ਸੇਵਾ ਕੀਤੀ ਸੀ, ਉਸਨੂੰ ਮੀਂਹ ਸਾਹਿਬ ਦਾ ਖਿਤਾਬ ਦਿੱਤਾ।
ਉਹ ਪਾਣੀ ਪਿਲਾਉਣ ਤੇ ਇਸ਼ਨਾਨ ਕਰਾਉਣ ਵਿੱਚ ਮੀਂਹ ਵਰ੍ਹਾ ਦਿੰਦਾ ਸੀ। ਉਨ੍ਹਾਂ ਦੀ ਯਾਦਗਾਰ ਧਮਧਾਣ ਹੀ ਹੈ ।ਉੱਥੋਂ ਗੁਰੂ ਦੀ ਰੋਹਤਕ ਤੇ ਕਰਨਾਲ ਦੇ ਜ਼ਿਲ੍ਹਿਆਂ ਵੱਲ ਗਏ। ਇਸੇ ਨੂੰ ਹੀ ਬਾਂਗਰ ਕਿਹਾ ਜਾਂਦਾ ਹੈ। ਪਿੰਡ ਖਰਕ ,ਖੱਟਕੜ ,ਟੋਕਰੀ ਹੁੰਦੇ ਹੋਏ ਗੁਰੂ ਤੇਗ ਬਹਾਦਰ ਜੀ ਕੈਂਥਲ ਪਹੁੰਚੇ ।
ਬਰਾਨਾ ਦੇਸ਼ ਵਿੱਚ ਹੀ ਗੁਰੂ ਜੀ ਨੇ ਤੰਬਾਕੂ ਨੂੰ ਹੱਥ ਨਾ ਲਾਉਣ ,ਨਾ ਉਗਾਉਣ ਤੇ ਨਾ ਪੀਣ ਦਾ ਹੁਕਮ ਦਿੱਤਾ।ਜਿੱਥੇ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜਾਂਦੇ ਉੱਥੇ ਲੋਕਾਂ ਵਿੱਚ ਨਵੀਂ ਜਿੰਦ ਤੇ ਨਵਾਂ ਰੂਪ, ਨਵਾਂ ਉਤਸ਼ਾਹ ਤੇ ਉਮਾਹ ਜਾਗ ਉੱਠਦਾ ਤੇ ਠਾਠਾਂ ਮਾਰਨ ਲੱਗ ਪੈਂਦਾ ।ਦੂਰੋਂ ਦੂਰੋਂ ਲੋਕ ਆਪ ਜੀ ਦੇ ਦਰਸ਼ਨ ਕਰਨ ਤੇ ਉਪਦੇਸ਼ ਸੁਣਨ ਲਈ ਆਉਂਦੇ ਸਨ।
ਕੁਰੂਕਸ਼ੇਤਰ ਇੱਕ ਐਸੀ ਥਾਂ ਹਾਂ ਜਿੱਥੇ ਅੱਠ ਗੁਰੂ ਸਾਹਿਬਾਨ ਨੇ ਚਰਨ ਪਾਏ ਹਨ । ਗੁਰੂ ਅੰਗਦ ਸਾਹਿਬ ਤੇ ਗੁਰੂ ਅਰਜਨ ਸਾਹਿਬ ਜੀ ਤੋਂ ਸਿਵਾਏਂ ਹੋਰ ਸਾਰੇ ਗੁਰੂ ਸਾਹਿਬਾਨ ਇਥੇ ਆਏ ਸਨ ।
ਇਥੋਂ ਦੇ ਲੋਕ ਸੂਰਜ ਗ੍ਰਹਿਣ ਨੂੰ ਪਵਿੱਤਰ ਮੰਨਦੇ ਸਨ
ਸੂਰਜ ਗ੍ਰਹਿਣ ਵੇਲੇ ਜਦੋਂ ਲੋਕ ਇਕੱਠੇ ਹੋਏ ਤਾਂ ਗੁਰੂ ਸਾਹਿਬ ਨੇ ਸੰਗਤ ਦੀ ਮਹੱਤਤਾ ਦ੍ਰਿੜਾਈ। ਉਸ ਸਮੇਂ ਇੱਕ ਸਿੱਖ ਨੇ ਪੁੱਛਿਆ ਮਹਾਰਾਜ !ਗੁਰੂ ਦਾ ਪੁਰਬ ਕਿਹੜਾ ਹੈ ?ਤਾਂ ਗੁਰੂ ਨੇ ਕਿਹਾ! ਜਿਸ ਦਿਨ ਸੰਗਤ ਦਾ ਜੋੜ ਮੇਲਾ ਹੋਵੇ ਉਹ ਦਿਨ ਸਦੀਵ ਹੀ ਗੁਰਪੁਰਬ ਹੈ।ਗੁਰੂ ਤੇ ਸੰਗਤ ਇਕ ਹੀ ਰੂਪ ਹੈ।
ਇੱਥੇ ਹੀ ਗੁਰੂ ਜੀ ਨੇ ਲੋਕਾਂ ਨੂੰ ਧਰਮ ਦੀ ਸੋਝੀ ਕਰਵਾਈ ਅਤੇ ਬ੍ਰਾਹਮਣੀ ਕਰਮ ਕਾਂਡਾਂ ਦੇ ਚੱਕਰਾਂ ਵਿੱਚੋਂ ਕੱਢਿਆ ।ਜਦੋਂ ਇਲਾਕਾ ਵਾਸੀਆਂ ਨੂੰ ਪਤਾ ਲੱਗਿਆ ਕਿ ਗੁਰੂ ਨਾਨਕ ਸਾਹਿਬ ਜੀ ਦੇ ਹੀ ਗੱਦੀ ਦੇ ਵਾਰਸ ਇੱਥੇ ਆਏ ਹਨ ਤਾਂ ਸਭ ਸੰਗਤਾਂ ਹੁੰਮਹੁੰਮਾ ਕੇ ਗੁਰੂ ਜੀ ਦੇ ਦਰਸ਼ਨਾਂ ਨੂੰ ਆਈਆਂ ਤੇ ਗੁਰੂ ਜੀ ਦੇ ਉਪਦੇਸ਼ ਸਰਵਨ ਕੀਤੇ ।
ਇਸ ਤੋਂ ਬਾਅਦ ਜੀ ਆਪ ਜੀ ਬਦਰਪੁਰ ਪਹੁੰਚੇ। ਉਥੋਂ ਦੇ ਵਾਸੀ ਜਲ ਦੇ ਥੋੜੇ ਹੋਣ ਕਰਕੇ ਬਹੁਤ ਦੁਖੀ ਸਨ । ਆਪ ਜੀ ਨੇ ਲੋਕਾਂ ਨੂੰ ਖੂਹ ਲਵਾਉਣ ਲਈ ਪੈਸੇ ਦਿੱਤੇ ਅਤੇ ਉਨ੍ਹਾਂ ਦੀ ਔਖਿਆਈ ਦੂਰ ਕੀਤੀ ।
ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਮਾਲਵੇ ਵਿੱਚ ਪ੍ਰਚਾਰ ਕਰਨ ਦਾ ਦੌਰਾ ਸਫਲ ਰਿਹਾ ।ਜਿੱਥੇ ਜਿੱਥੇ ਆਪ ਜੀ ਨੇ ਚਰਨ ਪਾਏ ਉੱਥੇ ਆਪ ਜੀ ਦੇ ਉਪਦੇਸ਼ਾਂ ਨੇ ਲੋਕਾਂ ਵਿੱਚ ਨਵੀਂ ਜਿੰਦ ਪਾਈ ।
ਹਕੂਮਤ ਦੇ ਜਬਰ ਅੱਗੇ ਆਪਣੇ ਆਪ ਨੂੰ ਬੇਵੱਸ ਤੇ ਲਾਚਾਰ ਸਮਝਣ ਵਾਲੇ ਲੋਕਾਂ ਦੇ ਅੰਦਰ ਹੌਲੀ ਹੌਲੀ ਰੋਹ ਜਾਗਣ ਲੱਗਾ। ਜ਼ਬਰ ਦਾ ਟਾਕਰਾ ਕਰਨ ਦੀ ਭਾਵਨਾ ਉਪਜਣ ਲੱਗੀ ਤੇ ਉਨ੍ਹਾਂ ਦੇ ਸਵੈ ਮਾਣ ਪੈਦਾ ਹੋਣ ਲੱਗਿਆ ।
ਇਹ ਕੋਈ ਛੋਟੀ ਜਿਹੀ ਗੱਲ ਨਹੀਂ ਸੀ ।ਗੁਰੂ ਜੀ ਨੇ ਜਿੱਥੇ ਲੋਕਾਂ ਦਾ ਦੁੱਖ ਵੰਡਾਇਆ ਉੱਥੇ ਉਨ੍ਹਾਂ ਦੀਆਂ ਔਕੜਾਂ ਵੀ ਦੂਰ ਕੀਤੀਆਂ ਖਾਸ ਕਰਕੇ ਪਾਣੀ ਦੀ ਔਕੜ। ਇਸ ਤਰ੍ਹਾਂ ਗੁਰੂ ਜੀ ਲੋਕਾਂ ਲਈ ਮਸੀਹਾ ਬਣ ਗਏ ਸਨ ।ਸਿਖੀ ਧਾਰਨ ਕਰਨ ਦੀ ਇਕ ਜਬਰਦਸਤ ਲਹਿਰ ਚੱਲ ਪਈ।
ਇਸ ਲਹਿਰ ਤੋਂ ਮੁਗ਼ਲ ਹਕੂਮਤ ਨੂੰ ਖ਼ਤਰਾ ਮਹਿਸੂਸ ਹੋਇਆ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਤੋਂ ਹੀ ਸਿੱਖ ਸਰਕਾਰ ਦੀਆਂ ਨਜ਼ਰਾਂ ਵਿੱਚ ਖੜਕਦੇ ਆ ਰਹੇ ਸਨ। ਹੁਣ ਜਦੋਂ ਸਿੱਖਾਂ ਦੀ ਗਿਣਤੀ ਤੇਜ਼ ਗਤੀ ਨਾਲ ਵਧਣ ਲੱਗੀ ਤਾਂ ਉਸ ਸਮੇਂ ਦੀ ਮੁਗਲ ਹਕੂਮਤ ਘਬਰਾ ਉੱਠੀ ।
ਔਰੰਗਜ਼ੇਬ ਨੇ ਗੁਰੂ ਜੀ ਦੀ ਗ੍ਰਿਫਤਾਰੀ ਦਾ ਹੁਕਮ ਦੇ ਦਿਤਾ।
ਇਸ ਦੀ ਗਵਾਹੀ ਮਹਿਮਾ ਪ੍ਰਕਾਸ਼ ਵਿੱਚ ਵੀ ਹੈ ਕਿ ਔਰੰਗਜ਼ੇਬ ਨੇ ਗ੍ਰਿਫਤਾਰੀ ਦਾ ਹੁਕਮ ਭੇਜਿਆ। ਗੁਰੂ ਜੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ।ਇਥੇ ਮਿਰਜ਼ਾ ਰਾਜਾ ਜੈ ਸਿੰਘ ਬਾਰੇ ਦਸਣਾ ਜਰੂਰੀ ਹੈ ।ਮਿਰਜਾ ਰਾਜਾ ਜੈ ਸਿੰਘ ਦਾ ਪਰਿਵਾਰ ਗੁਰੂ ਘਰ ਦਾ ਸ਼ਰਧਾਲੂ ਸੀ ।
ਇਸ ਸਮੇਂ ਰਾਜਾ ਜੈ ਸਿੰਘ ਦਾ ਪੁੱਤਰ ਰਾਜਾ ਰਾਮ ਸਿੰਘ ਔਰੰਗਜ਼ੇਬ ਦਾ ਸੈਨਾਪਤੀ ਦੇ ਸਲਾਹਕਾਰ ਵੀ ਸੀ। ਉਸ ਨੇ ਬਾਦਸ਼ਾਹ ਨੂੰ ਸਮਝਾਇਆ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਪੂਰੇ ਦਰਵੇਸ਼ ਹਨ।
ਮਹਿਮਾ ਪ੍ਰਕਾਸ਼ ਚ ਔਰੰਗਜ਼ੇਬ ਨਾਲ ਹੋਈ ਮੁਲਾਕਾਤ ਵੀ ਲਿਖੀ ਮਿਲਦੀ ਹੈ ।ਔਰੰਗਜ਼ੇਬ ਨੇ ਗੁਰੂ ਜੀ ਨੂੰ ਕਰਾਮਾਤ ਦਿਖਾਉਣ ਲਈ ਕਿਹਾ ਤਾਂ ਆਪ ਜੀ ਨੇ ਕਿਹਾ ਕਿ ਜੋ ਕਰਾਵਾਂ ਦਿਖਾਉਂਦਾ ਹੈ ਉਹ ਵਾਹਿਗੁਰੂ ਦਾ ਸ਼ਰੀਕ ਬਣ ਜਾਂਦਾ ਹੈ ਅਤੇ ਲਾ- ਸ਼ਰੀਕ ਅੱਲ੍ਹਾ ਨੂੰ ਇਹ ਨਹੀਂ ਭਾਉਂਦਾ ।
ਆਪ ਜੀ ਨੇ ਔਰੰਗਜ਼ੇਬ ਨੂੰ ਇਹੀ ਉਪਦੇਸ਼ ਦਿੱਤਾ ਕਿ ਬਾਦਸ਼ਾਹ ਦਾ ਫਰਜ 'ਦੋਨੋ ਚਸ਼ਮ ਬਰਾਬਰ ਬੀਨੀ' (ਮਹਿਮਾ ਪ੍ਰਕਾਸ਼)
ਔਰੰਗਜ਼ੇਬ ਨਾਲ ਨਿੱਬੜ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪੂਰਬ ਦੇਸ਼ ਦਾ ਦੌਰਾ ਆਰੰਭ ਕੀਤਾ। ਬਾਂਗਰ ਦੇਸ਼ ਟੱਪ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਥੁਰਾ ਪਹੁੰਚੇ ।ਮਥੁਰਾ ਔਰੰਗਜ਼ੇਬ ਦੇ ਜ਼ਾਲਮਾਂ ਦਾ ਖਾਸ ਸ਼ਿਕਾਰ ਹੋ ਰਿਹਾ ਸੀ ।ਉੱਥੇ ਹਿੰਦੂਆਂ ਦੇ ਸਾਰੇ ਮੰਦਰ ਢਾਹ ਦਿੱਤੇ ਗਏ ਸਨ।
ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 'ਭੈ ਕਾਹੂ ਕੋ ਭੇਤਿ ਨਹਿ" ਦਾ ਉਪਦੇਸ਼ ਹਿਰਦਿਆਂ ਵਿੱਚ ਗ੍ਰਹਿਣ ਕਰਨ ਲਈ ਕਿਹਾ ।
ਮਥੁਰਾ ਤੋਂ ਆਗਰੇ ਆਪ ਮਾਈ ਥਾਨ ਜੀ ਦੇ ਘਰ ਟਿਕਾਣਾ ਕੀਤਾ। ਗੁਰੂ ਆਗਰੇ ਤੋਂ ਹੁੰਦੇ ਹੋਏ ਕਾਨਪੁਰ ਆਏ ਤੇ ਫਿਰ ਅਲਾਹਾਬਾਦ ਪਹੁੰਚੇ ।ਆਪ ਜੀ ਨੇ ਪ੍ਰਯਾਗ ਵਿਖੇ ਟਿਕਾਣਾ ਕੀਤਾ ਤੇ ਲੋਕਾਂ ਨੂੰ ਸਮਝਾਇਆ ਕਿ ਸਭ ਤੋਂ ਸ੍ਰੇਸ਼ਠ ਸਾਧ ਸੰਗਤ ਹੀ ਹੈ। ਪ੍ਰਭੂ ਦਾ ਹਿਰਦੇ ਵਿੱਚ ਪ੍ਰਗਟ ਕਰਨਾ ਹੀ ਸਰਸਵਤੀ ਨੂੰ ਪ੍ਰਗਟ ਕਰਨਾ ਹੈ।ਅਲਾਹਾਬਾਦ ਚ ਹਿੰਦੂਆਂ ਦਾ ਪ੍ਰਸਿੱਧ ਤੀਰਥ ਤੀਰਥ ਗਿਣਿਆ ਜਾਂਦਾ ਹੈ ।ਅਲਾਹਾਬਾਦ ਵਿਚ ਗੁਰੂ ਜੀ ਤਕਰੀਬਨ ਇਕ ਮਹੀਨਾ ਰਹੇ ਤੇ ਉਥੇ ਆਪ ਜੀ ਨੇ ਪੱਕੀ ਸੰਗਤ ਬਣਾਈ।
ਇਥੇ ਹੁਣ 'ਪੱਕੀ ਸੰਗਤ ' ਗੁਰਦੁਆਰਾ ਵੀ ਹੈ।
ਫਿਰ ਆਪ ਜੀ ਬਨਾਰਸ ਪਹੁੰਚੇ। ਬੁੱਤਾਂ ਦੇ ਸ਼ਹਿਰਾਂ ਵਿੱਚ ਸੰਗਤ ਬਣਾਉਣੀ ਸਿੱਖੀ ਸਾਹਾਸ ਦਾ ਹੀ ਇੱਕ ਨਮੂਨਾ ਹੈ ।ਕਾਸ਼ੀ ਤੋ ਤੁਰ ਕੇ ਆਪ ਜੀ ਸਸਰਾਮ ਤੇ ਗਯਾ ਪਹੁੰਚੇ।ਗਯਾ ਵਿਖੇ ਹਿੰਦੂਆ ਦਾ ਪ੍ਰਸਿਧ ਤੀਰਥ ਹੈ।ਗਯਾ ਤੋਂ ਪਟਨਾ ਜਾਂਦਿਆ ਇਕ ਨਦੀ ਆਉਦੀ ਹੈ ਜਿਸਨੂੰ ਕਰਮਨਾਸ਼ ਕਿਹਾ ਜਾਂਦਾ ਹੈ।ਇਸ ਸੰਬੰਧੀ ਹਿੰਦੂਆ ਦਾ ਖਿਆਲ ਸੀ ਕਿ ਇਸ ਵਿਚ ਇਸ਼ਨਾਨ ਕਰਨ ਨਾਲ ਬੰਦੇ ਦੇ ਸ਼ੁੱਭ ਕਰਮ ਨਾਸ ਹੋ ਜਾਂਦੇ ਹਨ ।ਸਤਿਗੁਰੂ ਅਜਿਹਾ ਭਰਮ ਤੋੜਨਾ ਚਾਹੁੰਦੇ ਸਨ। ਗੁਰੂ ਜੀ ਨੇ ਉਨ੍ਹਾਂ ਲੋਕਾਂ ਨੂੰ ਸਮਝਾਇਆ ਕਿ ਕੋਈ ਪਾਣੀ ਕਿਸੇ ਗੁਣ ਨੂੰ ਨਹੀਂ ਹੋ ਸਕਦਾ ਇਹ ਸਭ ਵਹਿਮ ਹੈ । ਆਪ ਜੀ ਨੇ ਖੁਦ ਇਸ਼ਨਾਨ ਕੀਤਾ ਤੇ ਫੋਕਟ ਦੰਦ ਕਥਾਵਾਂ ਤੇ ਆਖਰੀ ਸੱਟ ਮਾਰੀ ।
ਗਯਾ ਤੋਂ ਆਪ ਜੀ ਪਟਨਾ ਸਾਹਿਬ ਮਈ 1666ਈ ਨੂੰ ਪਹੁੰਚੇ।
ਪਟਨਾ ਦੀ ਸੰਗਤ ਤੇ ਆਪ ਜੀ ਦਾ ਬਹੁਤ ਸਤਿਕਾਰ ਕੀਤਾ।ਕਿਹਾ ਜਾਂਦਾ ਹੈ ਇਥੇ ਆਪ ਭਾਈ ਸਾਲਸ ਰਾਇ ਜੌਹਰੀ ਦੇ ਘਰ ਆ ਕੇ ਟਿਕਾਣਾ ਕੀਤਾ।ਫਿਰ ਸੰਗਤ ਵੱਲੋ ਆਪ ਜੀ ਨੂੰ ਇਕ ਵੱਡੀ ਹਵੇਲੀ ਵਿਚ ਨਿਵਾਸ ਕਰਵਾਇਆ ਗਿਆ ।
ਇਸ ਜਗ੍ਹਾ ਤੇ ਹੁਣ ਹਰਿਮੰਦਰ ਸਾਹਿਬ ਬਣਿਆ ਹੈ ,ਜੋ ਕਿ ਪੰਜਾਂ ਤਖਤਾਂ ਵਿਚੋ ਇਕ ਹੈ।
ਪਟਨੇ ਦੀ ਸੰਗਤ ਨੇ ਕਾਫ਼ੀ ਸਮਾਂ ਗੁਰੂ ਜੀ ਨੂੰ ਆਪਣੇ ਕੋਲ ਠਹਿਰਾਈ ਰੱਖਿਆ ।ਫਿਰ ਆਪ ਜੀ ਨੇ ਬੰਗਾਲ ਤੇ ਆਸਾਮ ਦਾ ਦੌਰਾ ਕਰਨ ਦੀ ਤਿਆਰੀ ਕੀਤੀ ਤੇ ਮਾਤਾ ਗੁਜਰੀ ਜੀ ਨੂੰ ਪਟਨਾ ਵਿਖੇ ਹੀ ਰਹਿਣ ਦੀ ਆਗਿਆ ਦਿੱਤੀ ।
ਪਟਨਾ ਤੋ ਚੱਲ ਕੇ ਆਪ ਨੇ ਮੰਘੇਰ, ਭਾਗਲਪੁਰ,ਰਾਜ ਮਹਿਲ ਆਦਿ ਨਗਰਾਂ ਵਿਚ ਚਰਨ ਪਾਏ।
ਫਿਰ ਆਪ ਜੀ ਬਿਹਾਰ ਦੇ ਇਲਾਕਿਆਂ ਵਿੱਚੋਂ ਹੁੰਦੇ ਹੋਏ ਬੰਗਾਲ ਵਿੱਚ ਦਾਖਲ ਹੋਏ ਅਤੇ ਕਈ ਨਗਰਾਂ ਵਿੱਚ ਹੁੰਦੇ ਹੋਏ ਢਾਕਾ ਪਹੁੰਚੇ। ਢਾਕਾ ਉਸ ਸਮੇਂ ਸਿੱਖੀ ਦਾ ਵੱਡਾ ਕੇਂਦਰ ਸੀ। ਬੰਗਾਲ ਤੇ ਹੋਰ ਵੀ ਕਈ ਨਗਰਾਂ ਵਿੱਚ ਸਿੱਖ ਸੰਗਤਾਂ ਸਥਾਪਤ ਸਨ ।ਗੁਰੂ ਜੀ ਦੇ ਆਉਣ ਤੇ ਵੱਡੀ ਗਿਣਤੀ ਵਿਚ ਸਿਖ ਸੰਗਤਾਂ ਜੁੜਦੀਆਂ ਸਨ , ਤੇ ਉਥੇ ਸਿਖੀ ਦਾ ਪ੍ਰਚਾਰ ਹੁੰਦਾ ।
ਢਾਕਾ ਵਿਖੇ ਹੀ ਗੁਰੂ ਜੀ ਨੇ ਕਿਹਾ "ਢਾਕਾ ਮੇਰਾ ਸਿਖੀ ਦਾ ਕੋਠਾ ਹੈ"।ਢਾਕੇ ਵਿੱਚ ਨਿਵਾਸ ਕਰਦਿਆਂ ਹੀ ਗੁਰੂ ਜੀ ਨੂੰ ਪਟਨਾ ਤੋਂ ਸਪੁੱਤਰ ਪੈਦਾ ਹੋਣ ਦਾ ਸਮਾਚਾਰ ਮਿਲਿਆ। ਬਾਲਕ ਦਾ ਨਾਂ ਗੋਬਿੰਦ ਰਾਏ ਰੱਖਿਆ ਗਿਆ । ਆਪ ਜੀ ਨੇ ਇੱਕ ਹੁਕਮਨਾਮਾ ਪਟਨਾ ਦੀ ਸੰਗਤ ਦੇ ਨਾਮ ਲਿਖਿਆ ਜਿਸ ਵਿੱਚ ਪਟਨੇ ਦੀ ਸੰਗਤ ਦਾ ਧੰਨਵਾਦ ਕੀਤਾ ਤੇ ਲਿਖਿਆ ਸੰਗਤ ਨੇ ਪਰਿਵਾਰ ਦੀ ਸੇਵਾ ਸੰਭਾਲ ਪੂਰੀ ਤਰ੍ਹਾਂ ਕੀਤੀ ਹੈ।
ਬੰਗਾਲ ਦੇ ਇਲਾਕਿਆਂ ਵਿੱਚ ਪ੍ਰਚਾਰ ਕਰਨ ਉਪਰੰਤ ਗੁਰੂ ਜੀ ਆਸਾਮ ਦੇ ਦੌਰੇ ਲਈ ਗਏ ।ਉਥੇ ਹੀ ਆਪ ਜੀ ਨੂੰ ਪਤਾ ਲੱਗਿਆ ਕਿ ਰਾਜਾ ਰਾਮ ਸਿੰਘ ਫ਼ੌਜ ਲੈ ਕੇ ਅਸਾਮ ਉੱਤੇ ਚੜ੍ਹਾਈ ਕਰਨ ਆ ਰਿਹਾ ਹੈ। ਰਾਜਾ ਰਾਮ ਸਿੰਘ ਰੰਗਮਾਟੀ ਦਾ ਫਰਵਰੀ 1669 ਈ ਪਜਿਆ ਸੀ।
ਉਸ ਕਾਲ ਵਿੱਚ ਅਸਾਮ ਅੰਦਰ ਜਾਦੂ ਟੂਣਿਆਂ ਦਾ ਬੜਾ ਜ਼ੋਰ ਸੀ। ਔਰੰਗਜ਼ੇਬ ਨੇ ਅਸਾਮ ਦੇ ਸ਼ਾਸਕ ਵਿਰੁੱਧ ਜਿੰਨੀ ਵਾਰ ਫੌਜੀ ਮੁਹਿੰਮਾਂ ਭੇਜੀਆਂ ਸਨ ਉਹ ਅਸਫਲ ਹੀ ਰਹੀਆਂ ਸਨ।
ਇੱਥੇ ਇਹ ਗੱਲ ਮਸ਼ਹੂਰ ਸੀ ਕਿ ਇਹ ਮੁਹਿੰਮਾਂ ਜਾਦੂ ਦੇ ਜ਼ੋਰ ਨਾਲ ਹੀ ਨਾਕਾਮ ਕੀਤੀਆਂ ਗਈਆਂ ਸਨ।ਉਥੇ ਰਹਿੰਦੇ ਛੋਟੇ ਵੱਡੇ ਲੋਕਾਂ ਦਾ ਜਾਦੂ ਤੇ ਮੰਤਰਾਂ ਵਿਚ ਹੀ ਵਿਸ਼ਵਾਸ ਹੁੰਦਾ ਸੀ ।
ਰਾਜਾ ਰਾਮ ਸਿੰਘ ਨੇ ਜਾਦੂ ਟੂਣਿਆਂ ਤੋਂ ਬਚਣ ਲਈ ਆਪਣੇ ਨਾਲ ਪੰਜ ਪੀਰ ਲੈਂਦੇ ਹੋਏ ਸਨ। ਜਿਨ੍ਹਾਂ ਦਾ ਦਾਅਵਾ ਸੀ ਕਿ ਉਹ ਹਰ ਪ੍ਰਕਾਰ ਦੇ ਜਾਦੂ ਟੂਣਿਆਂ ਨੂੰ ਤੋੜ ਸਕਦੇ ਹਨ ।ਪਰ ਰਾਜਾ ਰਾਮ ਸਿੰਘ ਨੂੰ ਉਨਾਂ ਦੇ ਮੁਸਲਮਾਨ ਹੋਣ ਕਰਕੇ ਪੂਰਾ ਭਰੋਸਾ ਤੇ ਵਿਸ਼ਵਾਸ ਨਹੀਂ ਸੀ।
ਉਹ ਚਾਹੁੰਦਾ ਸੀ ਕਿ ਜੇਕਰ ਗੁਰੂ ਜੀ ਮੇਰੇ ਨਾਲ ਚੱਣਣਗੇ ਤਾਂ ਜਾਦੂਆਂ ਦਾ ਮੇਰੇ ਉੱਤੇ ਕੋਈ ਪ੍ਰਭਾਵ ਨਹੀਂ ਪਵੇਗਾ ।
ਉਸ ਦੀ ਗੁਰੂ ਜੀ ਉੱਤੇ ਬਹੁਤ ਸ਼ਰਧਾ ਸੀ ਤੇ ਉਹ ਸਮਝਦਾ ਸੀ ਕਿ ਗੁਰੂ ਜੀ ਕਰਤਾਰੀ ਸ਼ਕਤੀ ਨਾਲ ਜਾਦੂ ਮੰਤਰਾਂ ਨੂੰ ਬੇਅਸਰ ਕਰ ਸਕਦੇ ਹਨ ।ਇਸ ਲਈ ਰਾਜਾ ਰਾਮ ਸਿੰਘ ਸੰਮਤ 1726 ਵਿੱਚ ਰੰਗਾਮਾਟੀ ਸਥਾਨ ਤੇ ਆ ਕੇ ਗੁਰੂ ਜੀ ਨੂੰ ਮਿਲਿਆ ।
ਰਾਜਾ ਰਾਮ ਸਿੰਘ ਨੇ ਗੁਰੂ ਜੀ ਪਾਸੋਂ ਅਸੀਸ ਤੇ ਸਹਾਇਤਾ ਲਈ ਬੇਨਤੀ ਕੀਤੀ। ਗੁਰੂ ਜੀ ਨੇ ਵਿਚੋਲਗੀ ਕਰਦੇ ਹੋਏ ਅਸਾਮ ਦੇ ਰਾਜੇ ਅਤੇ ਮੁਗਲ ਫੌਜਦਾਰ ਰਾਜਾ ਰਾਮ ਸਿੰਘ ਦੀ ਆਪਸੀ ਸੁਲਾਹ ਕਰਵਾ ਦਿੱਤੀ ।ਬਿਨਾਂ ਖੂਨ ਖਰਾਬੇ ਅਤੇ ਜਾਨੀ ਨੁਕਸਾਨ ਦੇ ਸੁਲਾਹ ਹੋ ਜਾਣ ਨਾਲ ਸੁਭਾਵਿਕ ਤੌਰ ਤੇ ਦੋਹਾਂ ਸੈਨਾਵਾਂ ਨੇ ਸੁਖ ਦਾ ਸਾਹ ਲਿਆ ਅਤੇ ਖੂਬ ਖੁਸ਼ੀਆਂ ਮਨਾਈਆਂ ।ਅਜਿਹਾ ਹੋਣ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਹਰ ਪਾਸੇ ਉਸਤੱਤ ਹੋਰ ਵਧ ਗਈ।
ਸੁਲ੍ਹਾ ਦੀ ਯਾਦਗਾਰ ਵਜੋਂ ਗੁਰੂ ਜੀ ਦੀ ਆਗਿਆ ਨਾਲ ਦੋਹਾਂ ਧਿਰਾਂ ਦੀਆਂ ਫੌਜਾਂ ਨੇ ਆਪਣੀਆਂ ਢਾਲਾਂ ਵਿੱਚ ਮਿੱਟੀ ਭਰ ਭਰ ਕੇ ਢੁਬਰੀ ਅਸਥਾਨ ਉੱਤੇ ਮਿੱਟੀ ਦਾ ਇੱਕ ਥੇਹ ਬਣਾਇਆ ।
ਇਸ ਥੇਹ ਦੇ ਲਾਗੇ ਇਕ ਗੁਰਦੁਆਰਾ ਵੀ ਹੈ ।ਇਸ ਜਗ੍ਹਾ ਤੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਵੀ ਚਰਨ ਪਾਏ ਸਨ।
ਅਸਾਮ ਦਾ ਰਾਜਾ ਤੇ ਰਾਣੀ ਦੋਵੇਂ ਗੁਰੂ ਜੀ ਦੇ ਸਿੱਖ ਸ਼ਰਧਾਲੂ ਬਣ ਗਏ ।ਉਨ੍ਹਾਂ ਦੇ ਘਰ ਕੋਈ ਪੁੱਤਰ ਨਹੀਂ ਸੀ ।ਕਿਹਾ ਜਾਂਦਾ ਹੈ ਕਿ ਗੁਰੂ ਜੀ ਕੋਲ ਉਹ ਪੁੱਤਰ ਦੀ ਦਾਤ ਬਖਸ਼ਣ ਲਈ ਬੇਨਤੀ ਕੀਤੀ ਤਾਂ ਗੁਰੂ ਜੀ ਨੇ ਫਰਮਾਇਆ ਕਿ ਦਾਤਾ ਬਖ਼ਸ਼ਣ ਵਾਲਾ ਤਾਂ ਉਹ ਕਰਤਾਰ ਹੈ ਅਸੀਂ ਤਾਂ ਅਰਦਾਸ ਹੀ ਕਰ ਸਕਦੇ ਹਾਂ ।
ਕੁਝ ਸਮੇਂ ਬਾਅਦ ਰਾਜੇ ਦੇ ਘਰ ਪੁੱਤਰ ਹੋਇਆ ਤਾਂ ਉਸ ਦਾ ਨਾਂ ਰਤਨ ਰਾਏ ਰੱਖਿਆ ਗਿਆ ।ਰਾਜਾ ਰਤਨ ਰਾਏ ਵੱਡਾ ਹੋ ਕੇ ਆਪਣੀ ਮਾਤਾ ਨਾਲ ਗੁਰੂ ਜੀ ਦੇ ਦਰਸ਼ਨ ਲਈ ਅਨੰਦਪੁਰ ਸਾਹਿਬ ਹਾਜ਼ਰ ਹੋਇਆ ।(ਉਸ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਗੁਰਗੱਦੀ ਤੇ ਬਿਰਾਜਮਾਨ ਸਨ )
ਸ੍ਰੀ ਗੁਰੂ ਤੇਗ ਬਹਾਦਰ ਦੀ ਕਰੀਬ ਦੋ ਸਾਲ ਅਸਾਮ ਵਿੱਚ ਵਿਚਰਦੇ ਰਹੇ ।ਆਪ ਜੀ ਦਾ ਵਿਚਾਰ ਅਜੇ ਕੁਝ ਸਮਾਂ ਹੋਰ ਠਹਿਰਨ ਦਾ ਸੀ ।ਪਰ ਫਿਰ ਅਚਾਨਕ ਹੀ ਗੁਰੂ ਜੀ ਨੇ ਪੰਜਾਬ ਵੱਲ ਤਿਆਰੀ ਕਰ ਲਈ ।
ਕਿਉਂਕਿ ਗੁਰੂ ਜੀ ਨੂੰ ਪੰਜਾਬ ਤੋਂ ਮੁਗ਼ਲ ਹਾਕਮਾਂ ਦੇ ਵਧਦੇ ਹੋਏ ਅੱਤਿਆਚਾਰ ਦੀਆਂ ਖਬਰਾਂ ਮਿਲ ਰਹੀਆਂ ਸਨ, ਲੋਕ ਦੁਖੀ ਹੋ ਕੇ ਆਪ ਜੀ ਨੂੰ ਯਾਦ ਕਰਦੇ ਸਨ। ਉਨ੍ਹਾਂ ਦੇ ਦੁੱਖ ਵੰਡਾਉਣ ਦੀ ਖਾਤਰ ਤੇ ਹੌਸਲੇ ਉੱਚੇ ਕਰਨ ਲਈ ਆਪ ਜੀ ਨੇ ਪੰਜਾਬ ਵਾਪਸ ਜਾਣ ਨਿਰਣਾ ਕਰ ਲਿਆ ।
ਆਪ ਜੀ ਪੰਜਾਬ ਜਾਣ ਵੱਲ ਜਾਣ ਨੂੰ ਇੰਨੇ ਕਾਹਲੇ ਸਨ ਕਿ ਰਸਤੇ ਵਿੱਚ ਪਟਨਾ ਵੀ ਨਾ ਰੁਕੇ ,ਤੇ ਸਾਹਿਬਜ਼ਾਦੇ ਨੂੰ ਮਿਲਣ ਦੀ ਵੀ ਪ੍ਰਵਾਹ ਨਾ ਕੀਤੀ।
ਗਯਾ ਤੋਂ ਪਟਨਾ ਦੇ ਮੁਖੀ ਗੁਰਸਿੱਖਾਂ ਨੂੰ ਹੁਕਮਨਾਮਾ ਭੇਜ ਦਿੱਤਾ ਕਿ ਸਭ ਪਰਿਵਾਰ ,ਸਾਹਿਬਜ਼ਾਦੇ ਸੰਭਾਲ ਕਰਨੀ ਤੇ ਸੰਦੇਸ਼ ਆਉਣ ਤੇ ਉਨ੍ਹਾਂ ਨੂੰ ਪੰਜਾਬ ਭੇਜ ਦੇਣਾ।
(ਇਹ ਹੁਕਮਨਾਮਾ ਪਟਨਾ ਸਾਹਿਬ ਵਿਚ ਸੁਰੱਖਿਅਤ ਰਖਿਆ ਹੋਇਆ ਹੈ।)
ਮੁਗਲ ਸਾਮਰਾਜ ਦਾ ਹਾਹਾਕਾਰ
ਔਰੰਗਜ਼ੇਬ ਨੇ ਆਪਣੇ ਭਰਾਵਾਂ ਦਾ ਖੂਨ ਵਹਾ ਕੇ ਤਾਜ ਤਖਤ ਤੇ ਕਬਜ਼ਾ ਕੀਤਾ ਤੇ ਆਪਣੇ ਬਾਪ ਨਜ਼ਰਬੰਦ ਕੀਤਾ ਹੋਇਆ ਸੀ ।
ਦਰਬਾਰ ਸਾਹਿਬ ਵਿਚ ਤੇ ਪੂਰੇ ਦੇਸ਼ ਵਿਚ ਆਪਣੇ ਵਿਰੋਧ ਨੂੰ ਠੰਢਾ ਕਰਨ ਲਈ ਉਸ ਨੇ ਕਈ ਮੁੱਲਾਂ ਮੁਲਾਣਿਆਂ ਨੂੰ ਆਪਣੇ ਨਾਲ ਗੰਢ ਲਿਆ ।ਉਨ੍ਹਾਂ ਨੂੰ ਯਕੀਨ ਦੁਆਇਆ ਕਿ ਮੁਲਕ ਵਿੱਚ ਇਸਲਾਮੀ ਢੰਗ ਦਾ ਰਾਜ ਪ੍ਰਬੰਧ ਕਾਇਮ ਕੀਤਾ ਜਾਵੇਗਾ ।
ਆਪਣੇ ਪੈਰ ਪੱਕੇ ਕਰਨ ਤੋਂ ਬਾਅਦ ਉਸ ਨੇ ਹੁਣ ਆਪਣੇ ਵਾਅਦਿਆਂ ਤੇ ਅਮਲ ਕਰਨਾ ਸ਼ੁਰੂ ਕਰ ਦਿੱਤਾ ਸੀ। ਗੱਲ ਇੱਥੇ ਇਕੱਲੇ ਮੁਲਾਂ ਮੁਲਾਣਿਆਂ ਦੇ ਵਾਦਿਆ ਦੀ ਹੀ ਨਹੀਂ ਸੀ ,ਔਰੰਗਜ਼ੇਬ ਆਪ ਵੀ ਕੱਟੜ ਮੁਤਸਬੀ ਮੁਸਲਮਾਨ ਸੀ ।
ਉਹ ਕਾਫ਼ਰਾਂ ਨੂੰ ਇਸਲਾਮ ਵਿੱਚ ਲਿਆਉਣਾ ਵੱਡਾ ਪੁੰਨ ਸਮਝਦਾ ਸੀ। ਇਹ ਪੁੰਨ ਕਮਾਉਣ ਲਈ ਉਸ ਨੇ ਆਪਣੀ ਸਲਤਨਤ ਦੇ ਸਾਰੇ ਸੂਬੇਦਾਰਾਂ ਨੂੰ ਹੁਕਮ ਜਾਰੀ ਕੀਤੇ ਕਿ ਉਹ ਗੈਰ ਮੁਸਲਮਾਨ ਲੋਕਾਂ ਨੂੰ ਪ੍ਰੇਰਨਾ, ਦਬਾਅ ਤੇ ਜਬਰ ਦੇ ਹਰ ਹੀਲੇ ਨਾਲ ਮੁਸਲਮਾਨ ਬਣਨ ਲਈ ਮਜਬੂਰ ਕਰਨ।
ਔਰੰਗਜ਼ੇਬ ਦੇ ਇਨ੍ਹਾਂ ਹੁਕਮਾਂ ਤੇ ਅਮਲ ਕਰਕੇ ਆਪਣੀ ਕਾਰਜਕਾਰੀ ਨੂੰ ਵਿਖਾਉਣ ਲਈ ਸਾਰੇ ਸੂਬੇਦਾਰ ਇੱਕ ਦੂਜੇ ਤੋਂ ਅੱਗੇ ਵੱਧਣ ਦੀ ਕੋਸ਼ਿਸ਼ ਕਰਨ ਲੱਗ ਪਏ। ਧਾਰਮਿਕ ਸਥਾਨ ਮੰਦਰ, ਗੁਰਦੁਆਰੇ ਧੜਾ ਧੜਾ ਢਾਹੇ ਜਾਣ ਲੱਗੇ ।
ਗੈਰ ਧਰਮ ਦੇ ਅਨੁਯਾਈਆਂ ਉੱਪਰ ਕਈ ਤਰ੍ਹਾਂ ਦੇ ਟੈਕਸ ਲਾ ਦਿੱਤੇ ਗਏ।
ਉਨ੍ਹਾਂ ਨੂੰ ਆਪਣੀਆਂ ਸਮਾਜਿਕ ਤੇ ਧਾਰਮਿਕ ਰਸਮਾਂ ਰਿਵਾਜਾਂ ਨੂੰ ਕਰਨ ਤੋਂ ਰੋਕਿਆ ਜਾਣ ਲੱਗਿਆ। ਗ਼ੈਰ ਮੁਸਲਮਾਨ ਲੋਕਾਂ ਨੂੰ ਉਸ ਸਮੇਂ ਸਰਕਾਰੀ ਨੌਕਰੀਆਂ ਤੋਂ ਹਟਾਇਆ ਜਾਣ ਲੱਗਿਆ। ਧੀਆਂ ਭੈਣਾਂ ਦੀਆਂ ਇਜ਼ਤਾਂ ਖ਼ਤਰੇ ਵਿੱਚ ਪੈ ਗਈਆਂ । ਚਾਰੇ ਪਾਸੇ ਹਾਹਾਕਾਰ ਮੱਚਣ ਲੱਗ ਪਈ ਸੀ।
ਹਿੰਦੂਆਂ ਦੇ ਧਾਰਮਿਕ ਆਗੂ ਹੀ ਬ੍ਰਾਹਮਣ ਸਨ। ਬ੍ਰਾਹਮਣਾਂ ਵਿੱਚੋਂ ਕਸ਼ਮੀਰੀ ਪੜ੍ਹਤਾਂ ਨੂੰ ਉੱਤਮ ਮੰਨਿਆ ਜਾਂਦਾ ਸੀ ।ਇਸ ਲਈ ਬਾਦਸ਼ਾਹੀ ਜਬਰ ਦੇ ਉਹ ਸਭ ਤੋਂ ਵੱਡੇ ਨਿਸ਼ਾਨੇ ਬਣੇ ।ਔਰੰਗਜ਼ੇਬ ਦਾ ਖ਼ਿਆਲ ਸੀ ਕਿ ਇਹ ਕਸ਼ਮੀਰੀ ਪੰਡਤ ਇਸਲਾਮ ਦੇ ਦਾਇਰੇ ਵਿੱਚ ਆ ਜਾਣ ਤਾਂ ਸਾਰੇ ਹਿੰਦੂ ਉਨ੍ਹਾਂ ਦੇ ਮਗਰ ਇਸਲਾਮ ਕਬੂਲ ਕਰ ਲੈਣਗੇ। ਕਸ਼ਮੀਰੀ ਬ੍ਰਾਹਮਣਾਂ ਵਿੱਚੋਂ ਕਈ ਜਬਰ ਦਾ ਸਾਹਮਣਾ ਨਾ ਕਰ ਸਕੇ ਅਤੇ ਮੁਸਲਮਾਨ ਬਣ ਗਏ ।ਪਰ ਵੱਡੀ ਸੰਖਿਆ ਵਿੱਚ ਪੰਡਤ ਅਜੇ ਵੀ ਸੋਚਾਂ ਵਿਚਾਰਾਂ ਵਿੱਚ ਪਏ ਹੋਏ ਸਨ।
ਇਨ੍ਹਾਂ ਦਿਨਾਂ ਵਿੱਚ ਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਆਸਾਮ ਤੋਂ ਅਨੰਦਪੁਰ ਪਰਤੇ ਸਨ ।
ਪੰਜਾਬ 'ਚ ਆਉਣ ਤੋਂ ਥੋੜ੍ਹਾ ਸਮਾਂ ਬਾਅਦ ਹੀ ਗੁਰੂ ਜੀ ਨੇ ਆਪਣਾ ਪਰਿਵਾਰ ਵੀ ਪਟਨੇ ਤੋਂ ਆਨੰਦਪੁਰ ਵਿਖੇ ਬੁਲਾ ਲਿਆ।
ਇੱਥੇ ਆਉਣ ਤੇ ਹੀ ਆਪ ਜੀ ਨੇ ਆਪਣੇ ਸਾਹਿਬਜ਼ਾਦਾ ਗੋਬਿੰਦ ਰਾਏ ਦੀ ਪੜ੍ਹਾਈ ਲਿਖਾਈ ਦਾ ਯੋਗ ਪ੍ਰਬੰਧ ਕਰ ਦਿੱਤਾ।
ਕਸ਼ਮੀਰ ਦਾ ਸੂਬੇਦਾਰ ਸ਼ੇਰ ਅਫ਼ਗਾਨ ਸੀ। ਔਰੰਗਜ਼ੇਬ ਨੇ ਉਸ ਨੂੰ ਸਖ਼ਤੀ ਨਾਲ ਇਸਲਾਮ ਦਾ ਵਿਸਥਾਰ ਕਰਨ ਦਾ ਹੁਕਮ ਦਿੱਤਾ ਹੋਇਆ ਸੀ ।
ਸ਼ਾਹੀ ਹੁਕਮ ਦੀ ਪਾਲਣਾਂ ਕਰਦੇ ਹੋਏ ਸ਼ੇਰ ਅਫ਼ਗਾਨ ਨੇ ਸਖਤੀ ਦੀਆਂ ਹੱਦਾਂ ਤੋੜ ਦਿੱਤੀਆ ।
ਉਸ ਨੇ ਫੌਜ ਦੇ ਛੋਟੇ ਛੋਟੇ ਟੋਲੇ ਤਿਆਰ ਕਰਨੇ ਸ਼ੁਰੂ ਕੀਤੇ ਅਤੇ ਕੱਟੜ ਵਿਚਾਰਾਂ ਵਾਲੇ ਫੌਜਦਾਰ ਟੋਲੇ ਦਾ ਸਰਦਾਰ ਥਾਪਿਆ ਜਾਂਦਾ।
ਇਹ ਟੋਲੇ ਵੱਖ ਵੱਖ ਇਲਾਕਿਆਂ ਵਿੱਚ ਭੇਜੇ ਜਾਂਦੇ ਤੇ ਇਨ੍ਹਾਂ ਦੁਆਰਾ ਪਿੰਡਾਂ ਦੇ ਪਿੰਡ ਘੇਰ ਲਏ ਜਾਂਦੇ ਅਤੇ ਲੋਕਾਂ ਨੂੰ ਤਲਵਾਰ ਦੇ ਜ਼ੋਰ ਨਾਲ ਕਲਮਾਂ ਪੜ੍ਹਾਈਆਂ ਜਾਂਦੀਆਂ ।ਜਿਹੜਾ ਨਾ ਕਰਦਾ ਉਸ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ । ਗਰੀਬ ਤੇ ਕਮਜ਼ੋਰ ਵਰਗ ਦੇ ਲੋਕ ਧੜਾ ਧੜ ਮੁਸਲਮਾਨ ਬਣਨ ਲਗੇ।
ਇਸ ਤੋਂ ਬਾਅਦ ਸ਼ੇਰ ਅਫ਼ਗਾਨ ਨੇ ਉੱਚੀਆਂ ਜਾਤਾਂ ਤੇ ਹਿੰਦੂਆਂ ਤੇ ਬ੍ਰਾਹਮਣਾਂ ਦੇ ਦੁਆਲੇ ਹੋਇਆ। ਉਹ ਉਨ੍ਹਾਂ ਤੇ ਮੁਸਲਮਾਨ ਬਣਨ ਦਾ ਦਬਾਅ ਪਾਉਣ ਲੱਗਿਆ ।ਕਈ ਤਾਂ ਡਰਦੇ ਮਾਰੇ ਕਲਮਾਂ ਪੜ੍ਹ ਗਏ ਤੇ ਕੁਝ ਸ਼ਹੀਦ ਹੋ ਗਏ ।ਇਹ ਹਾਲਤ ਵੇਖ ਕੇ ਮੁਖੀ ਪੰਡਤਾਂ ਨੇ ਉਸ ਨੂੰ ਮਿਲ ਕੇ ਕੁਝ ਸਮੇਂ ਦੀ ਮੋਹਲਤ ਦੇਣ ਦੀ ਬੇਨਤੀ ਕੀਤੀ।
ਸ਼ੇਰ ਅਫ਼ਗਾਨ ਨੇ ਉਨ੍ਹਾਂ ਨੂੰ ਛੇ ਮਹੀਨਿਆਂ ਦਾ ਸਮਾਂ ਦਿੱਤਾ ਅਤੇ ਨਾਲ ਹੀ ਤਾੜਨਾ ਕਰ ਦਿੱਤੀ ਜੇ ਇਸ ਸਮੇਂ ਤੱਕ ਤੁਸੀਂ ਕਲਮਾਂ ਨਾ ਪੜ੍ਹਿਆ ਤਾਂ ਸਭ ਦੇ ਸਭ ਤਲਵਾਰ ਦੇ ਘਾਟ ਉਤਾਰ ਦਿੱਤੇ ਜਾਓਗੇ। ਸੂਬੇਦਾਰ ਕੋਲ ਵਾਪਸ ਆ ਕੇ ਪੰਡਤਾਂ ਨੇ ਸਾਰੀ ਬਰਾਦਰੀ ਦੀ ਇਕੱਤਰਤਾ ਬੁਲਾਈ ਤੇ ਸੂਬੇ ਦੀ ਧਮਕੀ ਤੇ ਹਕੂਮਤ ਜਬਰ ਤੇ ਵਿਚਾਰ ਕੀਤਾ।
ਕਾਫ਼ੀ ਸੋਚ ਵਿਚਾਰ ਤੋਂ ਬਾਅਦ ਕੁਝ ਸਿਆਣਿਆਂ ਦੀ ਸਲਾਹ ਤੇ ਫ਼ੈਸਲਾ ਹੋਇਆ ਕਿ ਧਰਮ ਦੀ ਰੱਖਿਆ ਲਈ ਸ੍ਰੀ ਗੁਰੂ ਤੇਗ ਬਹਾਦਰ ਜੀ ਕੋਲ ਪੁਕਾਰ ਕੀਤੀ ਜਾਵੇ ।ਇਸ ਫੈਸਲੇ ਅਨੁਸਾਰ ਮੁਖੀ ਪੰਡਤਾਂ ਦਾ ਇੱਕ ਛੋਟਾ ਜਿਹਾ ਦਲ ਅਨੰਦਪੁਰ ਸਾਹਿਬ ਲਈ ਚੱਲ ਪਿਆ ।
ਕਸ਼ਮੀਰੀ ਪੰਡਤ ਆਨੰਦਪੁਰ ਪਹੁੰਚੇ ਅਤੇ ਗੁਰੂ ਤੇਗ ਬਹਾਦਰ ਜੀ ਕੋ ਹਾਜ਼ਰ ਹੋਏ ।ਉਨ੍ਹਾਂ ਨੇ ਗੁਰੂ ਜੀ ਨੂੰ ਆਪਣੀ ਦੁੱਖ ਭਰੀ ਕਥਾ ਸੁਣਾਈ ਕਿ ਕਿਵੇਂ ਕਸ਼ਮੀਰ ਵਿੱਚ ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਇਆ ਜਾ ਰਿਹਾ ਹੈ ।ਉਨ੍ਹਾਂ ਨੂੰ ਲੁੱਟਿਆ ਤੇ ਬੇਇਜਤ ਕੀਤਾ ਜਾ ਰਿਹਾ ਹੈ ।
ਉਨ੍ਹਾਂ ਨੇ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਕਿ ਜਿਵੇਂ ਹੋ ਸਕੇ ਉਨ੍ਹਾਂ ਦੇ ਧਰਮ ਦੀ ਰਾਖਿਆ ਕੀਤੀ ਜਾਵੇ ।
ਗੁਰੂ ਜੀ ਕਸ਼ਮੀਰੀ ਪੰਡਤਾਂ ਦੀ ਵਿੱਥਿਆ ਸੁਣ ਕੇ ਸੋਚਣ ਕੀ ਧਰਮ ਦੀ ਰੱਖਿਆ ਕਿਵੇਂ ਹੋਵੇ? ਇਸ ਉੱਤੇ ਉਹ ਵਿਚਾਰ ਕਰਨ ਲੱਗੇ ।
ਏਨੇ ਨੂੰ ਗੁਰੂ ਜੀ ਦੇ ਸਾਹਿਬਜ਼ਾਦੇ ਬਾਲ ਗੋਬਿੰਦ ਰਾਏ ਬਾਹਰੋਂ ਖੇਡਦੇ ਘਰ ਪਰਤੇ ਕੀ ਵੇਖਦੇ ਹਨ ਕਿ ਪਿਤਾ ਜੀ ਗੰਭੀਰ ਰੂਪ ਹੋ ਕੇ ਕਿਸੇ ਡੂੰਘੀ ਸੋਚ ਵਿੱਚ ਗੁਆਚੇ ਹੋਏ ਹਨ ਤੇ ਕੋਲ ਕੁਝ ਪਤਵੰਤੇ ਸੱਜਣ ਬੈਠੇ ਹਨ ।
ਉਹ ਵੀ ਗੰਭੀਰ ਤੇ ਉਦਾਸ ਵਿਖਾਈ ਦਿੰਦੇ ਹਨ ਸਭੇ ਚੁੱਪ ਹਨ ਤੇ ਵਿਚਾਰਾਂ ਵਿੱਚ ਡੁੱਬੇ ਹੋਏ ਹਨ। ਅਜਿਹਾ ਗੰਭੀਰ ਤੇ ਉਦਾਸ ਦ੍ਰਿਸ਼ ਬਾਲ ਗੋਬਿੰਦ ਲਈ ਬਿਲਕੁਲ ਨਵੀਂ ਚੀਜ਼ ਸੀ ਕਿਉਂਕਿ ਅੱਗੇ ਤਾਂ ਗੁਰੂ ਪਿਤਾ ਹਜ਼ੂਰੀ ਵਿੱਚ ਸਦਾ ਕਥਾ ਕੀਰਤਨ ਤੇ ਧਰਮ ਚਰਚਾ ਹੀ ਕਰਦੇ ਹੁੰਦੇ ਸਨ।
ਗੋਬਿੰਦ ਰਾਏ ਨੂੰ ਹੈਰਾਨੀ ਹੋਈ ਤੇ ਪਿਤਾ ਜੀ ਕੋਲ ਜਾ ਕੇ ਬੜੀ ਨਿਮਰਤਾ ਨਾਲ ਇਸ ਉਦਾਸੀ ਦਾ ਕਾਰਨ ਪੁੱਛਣ ਲੱਗੇ।
ਗੁਰੂ ਜੀ ਨੇ ਗੋਬਿੰਦ ਰਾਏ ਨੂੰ ਸਨੇਹ ਨਾਲ ਕੋਲ ਬਿਠਾਇਆ ਅਤੇ ਸਾਰੀ ਗੱਲ ਸੁਣਾਈ। ਸੁਣ ਕੇ ਬਾਲ ਗੋਬਿੰਦ ਵੀ ਗੰਭੀਰ ਹੋ ਗਏ ਤੇ ਕਹਿਣ ਲੱਗੇ 'ਫਿਰ ਪਿਤਾ ਜੀ ਇਸ ਔਕੜ ਦਾ ਕੋਈ ਹੱਲ ਲੱਭਣਾ ਚਾਹੀਦਾ ਹੈ ਅਤੇ ਧਰਮ ਦੀ ਰੱਖਿਆ ਹੋਣੀ ਚਾਹੀਦੀ ਹੈ ।ਗੁਰੂ ਪਿਤਾ ਮੁਸਕਰਾਏ ਚਿਹਰਾ ਗੰਭੀਰ ਤੇ ਦ੍ਰਿੜ੍ਹ ।ਮਸਤਕ ਨੂਰ ਭਰਪੂਰ। ਤੱਕਣੀ ਦੇ ਕੋਮਲਤਾ ਲਿਆਉਂਦੇ ਹੋਏ ਉਨ੍ਹਾਂ ਨੇ ਕਿਹਾ ,
ਬੇਟਾ ਜੀ ਇਸ ਸਮੇਂ ਧਰਮ ਦੀ ਰੱਖਿਆ ਕਿਸੇ ਮਹਾਂਪੁਰਖ ਦੇ ਸੀਸ ਦੇਣ ਨਾਲ ਹੀ ਹੋ ਸਕਦੀ ਹੈ। ਬਾਲ ਗੋਬਿੰਦ ਨੇ ਪਿਤਾ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਤੱਕਿਆ ਤੇ ਗੰਭੀਰ ਆਵਾਜ਼ ਵਿੱਚ ਕਹਿਣ ਲੱਗੇ ਪਿਤਾ ਜੀ ਆਪ ਨਾਲੋਂ ਵੱਡਾ ਮਹਾਂਪੁਰਖ ਕੌਣ ਹੋ ਸਕਦਾ ਹੈ ਆਪ ਹੀ ਧਰਮ ਹੀ ਧਰਮ ਦੀ ਰਖਿਆ ਲਈ ਮੈਦਾਨ ਵਿੱਚ ਨਿਤਰੇ!
ਕਿੰਨਾ ਦਰਦਨਾਕ ਪਰ ਅਲੌਕਿਕ ਦ੍ਰਿਸ਼ ਹੈ!
ਨੌਂ ਸਾਲ ਦਾ ਨਿੱਕਾ ਜਿਹਾ ਬਾਲਕ ਆਪਣੇ ਪਿਤਾ ਨੂੰ ਕੌਮ ਲਈ ਬਲੀਦਾਨ ਦੇਣ ਵਾਸਤੇ ਆਪ ਕਹਿ ਰਿਹਾ ਹੈ।
ਪਿਤਾ ਫਿਰ ਮੁਸਕਰਾਏ ।ਸਨੇਹ ਨਾਲ ਪੁੱਤਰ ਦੀ ਪਿੱਠ ਤੇ ਹੱਥ ਫੇਰਿਆ ਤੇ ਕਹਿਣ ਲੱਗੇ ਪੁੱਤਰ ਜੀ ਅਸੀਂ ਪਹਿਲਾਂ ਹੀ ਇਹ ਨਿਸਚਾ ਕਰ ਚੁੱਕੇ ਹਾਂ ਕੇਵਲ ਤੁਹਾਡੀ ਆਗਿਆ ਦੀ ਹੀ ਉਡੀਕ ਸੀ।
ਫੇਰ ਉਹ ਕਸ਼ਮੀਰੀ ਪੰਡਤਾਂ ਵੱਲ ਵੇਖ ਕੇ ਬੋਲੇ,
ਤੁਸੀਂ ਬਾਦਸ਼ਾਹ ਔਰੰਗਜ਼ੇਬ ਨੂੰ ਸੰਦੇਸ਼ਾਂ ਭੇਜੋ ਕਿ ਤੇਗ ਬਹਾਦਰ ਸਾਡੇ ਨੇਤਾ ਹਨ। ਜੇ ਤੁਸੀਂ ਉਨ੍ਹਾਂ ਨੂੰ ਮੁਸਲਮਾਨ ਬਣਨ ਲਈ ਤਿਆਰ ਕਰ ਲਵੋ ਤਾਂ ਅਸੀਂ ਸਾਰੇ ਦੀਨ ਇਸਲਾਮ ਕਬੂਲ ਕਰ ਲਵਾਂਗੇ ।ਜਦੋਂ ਬਾਦਸ਼ਾਹ ਸਾਨੂੰ ਬਲਾਵੇਗਾ ਤਾਂ ਅਸੀਂ ਉਸ ਨਾਲ ਨਜਿੱਠ ਲਵਾਂ ਗੇ।
ਕਸ਼ਮੀਰੀ ਪੰਡਤਾਂ ਨੇ ਸੁਖ ਦਾ ਸਾਹ ਲਿਆ ।ਉਹਨਾਂ ਨੂੰ ਵੱਡਾ ਸਹਾਰਾ ਮਿਲ ਗਿਆ ।ਉਹ ਮਹਾਨ ਪਿਤਾ ਤੇ ਮਹਾਨ ਪਿਤਾ ਨੂੰ ਨਮਸ਼ਕਾਰ ਕਰਕੇ ਖੁਸ਼ੀ ਖੁਸ਼ੀ ਵਿਦਾ ਹੋਏ।
ਅਨੰਦਪੁਰ ਤੋਂ ਅੰਤਿਮ ਵਿਦਾਇਗੀ ।
ਕਸ਼ਮੀਰ ਵਾਪਸ ਪਹੁੰਚ ਕੇ ਪੰਡਤਾਂ ਨੇ ਉਥੋਂ ਦੇ ਸੂਬੇਦਾਰ ਸ਼ੇਰ ਅਫ਼ਗਾਨ ਨੂੰ ਮਿਲ ਕੇ ਗੁਰੂ ਜੀ ਦੇ ਸਮਝਾਈ ਅਨੁਸਾਰ ਉਸ ਨੂੰ ਕਿਹਾ ਕਿ ਗੁਰੂ ਤੇਗ ਬਹਾਦਰ ਸਾਡੇ ਆਗੂ ਹਨ ਤੁਸੀਂ ਉਨ੍ਹਾਂ ਨਾਲ ਗੱਲਬਾਤ ਕਰੋ ।ਜੇ ਉਹ ਇਸਲਾਮ ਕਬੂਲ ਕਰ ਲੈਣ ਤਾਂ ਅਸੀਂ ਸਾਰੇ ਦੀਨ ਇਸਲਾਮ ਵਿੱਚ ਆ ਜਾਵਾਂਗੇ ।
ਸ਼ੇਰ ਅਫ਼ਗਾਨ ਗੁਰੂ ਜੀ ਨਾਲ ਸਿੱਧੀ ਗੱਲਬਾਤ ਨਹੀਂ ਸੀ ਕਰ ਸਕਦਾ ਕਿਉਂਕਿ ਉਹ ਉਸ ਦੇ ਅਧਿਕਾਰ ਖੇਤਰ ਵਿੱਚੋਂ ਬਾਹਰ ਰਹਿੰਦੇ ਸਨ ।ਉਸ ਨੇ ਸਾਰਾ ਮਾਮਲਾ ਔਰੰਗਜ਼ੇਬ ਨੂੰ ਲਿਖ ਕੇ ਭੇਜਿਆ। ਔਰੰਗਜ਼ੇਬ ਪਹਿਲਾਂ ਹੀ ਗੁਰੂ ਜੀ ਨੂੰ ਆਪਣੇ ਹੱਥ ਵਿੱਚ ਕਰਨਾ ਚਾਹੁੰਦਾ ਸੀ ਕਿਉਂਕਿ ਜੋ ਗੁਰੂ ਜੀ ਦੇ ਪ੍ਰਚਾਰ ਹੇਠਾਂ ਸਿਖੀ ਦਾ ਵਿਸਥਾਰ ਹੁੰਦਾ ਜਾ ਰਿਹਾ ਸੀ।
ਔਰੰਗਜ਼ੇਬ ਇਸ ਨੂੰ ਠੱਲ੍ਹ ਪਾਉਣਾ ਚਾਹੁੰਦਾ ਸੀ। ਉਸ ਇਹ ਰਸਤਾ ਬੜਾ ਸੌਖਾ ਲੱਗਿਆ ਕਿ ਗੁਰੂ ਜੀ ਤੇ ਦਬਾਅ ਪਾ ਕੇ ਉਨ੍ਹਾਂ ਨੂੰ ਮੁਸਲਮਾਨ ਬਣਨ ਤੇ ਮਜਬੂਰ ਕੀਤਾ ਜਾਵੇ ਤੇ ਉਨ੍ਹਾਂ ਦੇ ਮਗਰ ਸਾਰੇ ਹਿੰਦੂ ਇਸਲਾਮ ਵਿੱਚ ਆ ਜਾਣਗੇ। ਇਹ ਸੋਚ ਕੇ ਉਸ ਨੇ ਗੁਰੂ ਜੀ ਦੀ ਗ੍ਰਿਫਤਾਰੀ ਤੇ ਦਿੱਲੀ ਲਿਆਉਣ ਦਾ ਹੁਕਮ ਜਾਰੀ ਕਰ ਦਿੱਤਾ ।
ਗੁਰੂ ਜੀ ਨੇ ਸੰਮਤ 1730 ਵਿਚ ਆਪਣੇ ਪਰਿਵਾਰ ਤੇ ਅਨੰਦਪੁਰ ਸਾਹਿਬ ਦੀਆਂ ਸੰਗਤਾਂ ਤੋਂ ਅੰਤਿਮ ਵਿਦਾਇਗੀ ਲਈ ਪੰਜਾਬ ਤੋ ਦਿਲੀ ਵਲ ਚਲ ਪਏ।
ਸਫਰ ਦੇ ਵਿਚ ਜਿਸ ਇਲਾਕੇ ਵਿਚੋਂ ਆਪ ਲੰਘਦੇ,ਲੋਕ ਆਪ ਜੀ ਦੇ ਬਚਨ ਸੁਣਨ ਲਈ ਵਹੀਰਾਂ ਘੱਤ ਕੇ ਪਹੁੰਚਦੇ ।
ਗੁਰੂ ਜੀ ਦੇ ਉਪਦੇਸ਼ ਸੁਣ ਕੇ ਉਹ ਆਪਣੇ ਅੰਦਰ ਨਵਾਂ ਤਾਣ ,ਬਲ ਅਤੇ ਹੌਂਸਲਾ ਮਹਿਸੂਸ ਕਰਦੇ।
ਸ਼ਾਹੀ ਸੂਹੀਏ ਵੀ ਸੰਗਤਾਂ ਵਿੱਚ ਸਨ ,ਉਹ ਸੰਗਤਾਂ ਵਿੱਚ ਮਿਲ ਕੇ ਸੂਹਾਂ ਲੈਂਦੇ ਸਨ ਤੇ ਬਾਦਸ਼ਾਹ ਨੂੰ ਖਬਰਾਂ ਭੇਜਦੇ ਸਨ।
ਉਹ ਲਿਖਦੇ ਸੀ ਕਿ ਗੁਰੂ ਜੀ ਪੰਜਾਬ ਵਿੱਚ ਹਕੂਮਤ ਵਿਰੁੱਧ ਵੱਡੀ ਲਹਿਰ ਪੈਦਾ ਕਰ ਰਿਹਾ ਹੈ ।ਇਸ ਨੂੰ ਰੋਕਣਾ ਚਾਹੀਦਾ ਹੈ ਨਹੀਂ ਤਾਂ ਇਹ ਹਕੂਮਤ ਲਈ ਭਾਰੀ ਖਤਰਾ ਬਣ ਜਾਏਗੀ।ਔਰੰਗਜ਼ੇਬ ਬੜਾ ਔਖਾ ਹੋ ਰਿਹਾ ਸੀ ਅੱਗੇ ਦੱਖਣ ਦੀਆਂ ਬਗਾਵਤਾਂ ਉਹਦੇ ਲਈ ਭਾਰੀ ਮੁਸੀਬਤਾਂ ਬਣੀਆਂ ਹੋਈਆਂ ਸਨ, ਉੱਤੋਂ ਰਾਵਲਪਿੰਡੀ ਵੱਲ ਪਠਾਣਾਂ ਨੇ ਸਿਰ ਚੁੱਕ ਲਿਆ ।ਔਰੰਗਜ਼ੇਬ ਪਠਾਣਾਂ ਨੂੰ ਦਬਾਉਣ ਲਈ ਰਾਵਲਪਿੰਡੀ ਵਲ ਦੌੜਿਆ ।
ਓਥੋਂ ਉਹ 1675 ਈ ਵਿੱਚ ਵਾਪਸ ਆਇਆ ਪਰ ਜਾਣ ਤੋਂ ਪਹਿਲਾਂ ਉਹ ਸਪਸ਼ਟ ਹੁਕਮ ਦੇ ਗਿਆ ਕਿ ਗੁਰੂ ਜੀ ਨਾਲ ਕੀ ਵਰਤਾਉ ਕਰਨਾ ਹੈ।
ਛੋਟੇ ਛੋਟੇ ਪੜਾਅ ਕਰਦੇ ਗੁਰੂ ਜੀ ਆਗਰੇ ਪੁੱਜੇ ।ਉੱਥੇ ਆਪ ਨੇ ਨਗਰ ਤੋਂ ਬਾਹਰਵਾਰ ਬਣੇ ਇੱਕ ਬਗੀਚੇ ਵਿੱਚ ਜਾ ਡੇਰਾ ਕੀਤਾ। ਆਪ ਨੇ ਸ਼ਾਹੀ ਅਹਿਲਕਾਰਾਂ ਨੂੰ ਆਪਣੇ ਆਉਣ ਦੀ ਖ਼ਬਰ ਇੱਕ ਵਿਲੱਖਣ ਢੰਗ ਨਾਲ ਦਿੱਤੀ ।ਜਿਸ ਬਗੀਚੀ ਵਿੱਚ ਆਪ ਠਹਿਰੇ ਸਨ ਉਸਦੇ ਲਾਗੇ ਇੱਕ ਆਜੜੀ ਮੁੰਡਾ ਭੇਡਾਂ ਚਾਰਦਾ ਪਿਆ ਸੀ।
ਆਪ ਨੇ ਉਸ ਨੂੰ ਆਪਣੇ ਕੋਲ ਬੁਲਾਇਆ ਅਤੇ ਇੱਕ ਕੀਮਤੀ ਸੁੱਚੇ ਨਗਾਂ ਵਾਲੀ ਮੁੰਦਰੀ ਦੇ ਕੇ ਆਖਿਆ ਕਿ ਇਸ ਨੂੰ ਵੇਚ ਕੇ ਦੋ ਰੁਪਏ ਦੀ ਮਠਿਆਈ ਲੈ ਆ। ਮਠਿਆਈ ਬੰਨ੍ਹਣ ਲਈ ਆਪ ਨੇ ਆਪਣਾ ਵਡਮੁੱਲਾ ਦੁਸ਼ਾਲਾ ਲਾਹ ਕੇ ਉਸ ਨੂੰ ਫੜਾ । ਇਹ ਮੁੰਡਾ ਇੱਕ ਹਲਵਾਈ ਦੀ ਦੁਕਾਨ ਤੇ ਗਿਆ ਅਤੇ ਉਸ ਨੂੰ ਮੁੰਦਰੀ ਦੇ ਕੇ ਦੋ ਰੁਪਏ ਦੀ ਮਠਿਆਈ ਤੇ ਬਾਕੀ ਪੈਸੇ ਦੇਣ ਲਈ ਕਿਹਾ ।
ਮਠਿਆਈ ਪਵਾਉਣ ਲਈ ਉਸਨੇ ਗੁਰੂ ਜੀ ਦਾ ਕੀਮਤੀ ਦੁਸ਼ਾਲਾ ਉਸਦੇ ਸਾਹਮਣੇ ਵਿਛਾ ਦਿੱਤਾ ।
ਦੋ ਬਹੁ ਮੁੱਲੀਆਂ ਵਸਤੂਆਂ ਇੱਕ ਗਰੀਬ ਆਜੜੀ ਕੋਲੋਂ ਵੇਖ ਕੇ ਹਲਵਾਈ ਨੂੰ ਸ਼ੱਕ ਪੈ ਗਿਆ ਕਿ ਇਸ ਨੇ ਜ਼ਰੂਰ ਕਿਤੋ ਚੁਰਾਈਆਂ ਨੇ ,ਉਹ ਫੜ ਕੇ ਮੁੰਡੇ ਨੂੰ ਸ਼ਹਿਰ ਦੇ ਕੋਤਵਾਲ ਕੋਲ ਲੈ ਗਿਆ। ਕੋਤਵਾਲ ਦੇ ਪੁੱਛਣ ਤੇ ਆਜੜੀ ਨੇ ਦੱਸਿਆ ਕਿ ਇਹ ਵਸਤਾਂ ਮੈਨੂੰ ਇੱਕ ਸਾਧੂ ਮਹਾਰਾਜ ਨੇ ਦਿੱਤੀਆਂ ਹਨ ਜਿਹੜੇ ਕਿ ਨਗਰ ਤੋਂ ਬਾਹਰ ਵਾਲੀ ਬਗੀਚੀ ਵਿਚ ਠਹਿਰੇ ਹੋਏ ਹਨ। ਕੋਤਵਾਲ ਨੇ ਉਸ ਨਾ ਆਪਣੇ ਸਿਪਾਹੀ ਭੇਜੇ ਕਿ ਪਤਾ ਕਰਕੇ ਆਉਣ।
ਗੁਰੂ ਜੀ ਨੇ ਸਿਪਾਹੀਆਂ ਨੂੰ ਆਪਣੇ ਬਾਰੇ ਖੋਲ੍ਹ ਕੇ ਦੱਸਦਿਆਂ ਕਿਹਾ ਕਿ ਅਸੀ ਬਾਦਸ਼ਾਹ ਨੂੰ ਮਿਲਣ ਆਏ ਹਾਂ । ਸਿਪਾਹੀਆਂ ਕੋਲੋਂ ਖਬਰ ਪਾ ਕੇ ਕੋਤਵਾਲ ਕਿਲ੍ਹੇਦਾਰ ਵੱਲ ਨੱਸ ਗਿਆ। ਕਿਲ੍ਹੇਦਾਰ ਨੇ ਉਸੇ ਪਲ ਸੌ ਸਵਾਰਾਂ ਨੂੰ ਉਧਾਰ ਭੇਜਿਆ ਅਤੇ ਫ਼ੌਜ ਵੱਲੋਂ ਗੁਰੂ ਜੀ ਨੂੰ ਪੰਜਾਂ ਸਿੱਖਾਂ ਸਮੇਤ ਗ੍ਰਿਫਤਾਰ ਕਰਕੇ ਕਿਲੇ ਵਿਚ ਲੈ ਗਏ।
ਗੁਰੂ ਜੀ ਦੀ ਗ੍ਰਿਫਤਾਰੀ ਦੀ ਇਤਲਾਹ ਦਿੱਲੀ ਵੱਲ ਭੇਜੀ ਗਈ। ਉੱਥੋਂ ਬਾਰਾਂ ਸੌ ਸਵਾਰਾਂ ਦੇ ਨਾਲ ਗੁਰੂ ਜੀ ਨੂੰ ਪੰਜਾਂ ਸਿੱਖਾਂ ਸਮੇਤ ਕਰੜੀ ਨਿਗਰਾਨੀ ਵਿੱਚ ਦਿੱਲੀ ਲਿਜਾਇਆ ਗਿਆ। ਉੱਥੇ ਆਪ ਨੂੰ ਬੰਦੀਖ਼ਾਨੇ ਵਿੱਚ ਪਾ ਕੇ ਤੇ ਸਖ਼ਤ ਪਹਿਰਾ ਲਗਾ ਦਿਤਾ ਗਿਆ ।
ਉਪਰੋਕਤ ਅਸੀਂ ਪੜ੍ਹ ਆਏ ਹਾਂ ਕਿ ਔਰੰਗਜ਼ੇਬ ਉਸ ਸਮੇਂ ਰਾਵਲਪਿੰਡੀ ਵੱਲ ਗਿਆ ਹੋਇਆ ਸੀ ਉਹ ਗੁਰੂ ਜੀ ਬਾਰੇ ਆਪਣੇ ਵਜ਼ੀਰ ਤੇ ਵੱਡੇ ਕਾਜ਼ੀ ਨੂੰ ਹੁਕਮ ਦੇ ਗਿਆ ਸੀ ਉਸੇ ਦੇ ਮੁਤਾਬਕ ਵੱਡੇ ਕਾਜ਼ੀ ਨੇ ਪਹਿਲਾਂ ਕੁਝ ਸ਼ਰ੍ਹਾ ਦੇ ਆਲਮ ਗੁਰੂ ਜੀ ਪਾਸ ਭੇਜੇ ਤਾਂ ਕਿ ਗੁਰੂ ਜੀ ਨਾਲ ਧਰਮ ਚਰਚਾ ਕਰਕੇ ਉਨ੍ਹਾਂ ਨੂੰ ਇਸਲਾਮ ਦੀ ਵਡਿਆਈ ਦਾ ਕਾਇਲ ਕਰਨ।
ਪਰ ਵਿਦਵਾਨ ਗੁਰੂ ਜੀ ਨੂੰ ਕਾਇਲ ਨਾ ਕਰ ਸਕੇ। ਫਿਰ ਕਾਜ਼ੀ ਨੇ ਗੁਰੂ ਜੀ ਨੂੰ ਕਈ ਪ੍ਰਕਾਰ ਦੇ ਲਾਲਚ ਦੇ ਕੇ ਮਨਾਉਣ ਦੀ ਕੋਸ਼ਿਸ਼ ਕੀਤੀ ।ਉਸ ਨੇ ਕਹਿਲਾ ਭੇਜਿਆ ਕਿ ਬਾਦਸ਼ਾਹ ਦੀ ਖਾਹਸ਼ ਹੈ ਕਿ ਤੁਸੀਂ ਇਸਲਾਮ ਕਬੂਲ ਕਰ ਲਵੋ।ਤੁਹਾਨੂੰ ਮੁਸਲਮਾਨਾਂ ਦਾ ਵੱਡਾ ਇਮਾਮ ਬਣਾ ਦਿੱਤਾ ਜਾਏਗਾ।
ਤੁਹਾਨੂੰ ਸ਼ਾਹੀ ਦਰਬਾਰ ਵਿੱਚ ਇੱਜ਼ਤ ਤੇ ਦਰਜਾ ਹਾਸਲ ਹੋਵੇਗਾ ਨਾਲ ਹੀ ਹਰ ਕਿਸਮ ਦੇ ਦੁਨਿਆਵੀ ਸੁੱਖ ਤੇ ਆਰਾਮ ਮਿਲਣਗੇ। ਪਰ ਗੁਰੂ ਜੀ ਨੇ ਇਸ ਪੇਸ਼ਕਸ਼ ਨੂੰ ਰੱਦ ਕਰਦਿਆਂ ਉੱਤਰ ਦਿੱਤਾ 'ਸਾਨੂੰ ਕਿਸੇ ਸੰਸਾਰਕ ਸੁੱਖ, ਪਦਾਰਥ ,ਦਰਜੇ ਪਦਵੀ ,ਦੀ ਅਭਿਲਾਖਾ ਨਹੀ। ਸਾਡੇ ਲਈ ਧਰਮ ਸਭ ਉੱਪਰ ਹੈ ।
ਜਿਵੇਂ ਤੁਹਾਨੂੰ ਆਪਣਾ ਦਿਨ ਪਿਆਰਾ ਹੈ ਉਸੇ ਤਰ੍ਹਾਂ ਸਾਨੂੰ ਆਪਣਾ ਧਰਮ ਪਿਆਰਾ ਹੈ ।ਅਸੀਂ ਕਿਸੇ ਨੂੰ ਜ਼ੋਰ ,ਦਬਾਅ, ਲਾਲਚ ਨਾਲ ਆਪਣਾ ਧਰਮ ਧਾਰਨ ਕਰਨ ਲਈ ਮਜਬੂਰ ਨਹੀਂ ਕਰਦੇ ਫਿਰ ਹਕੂਮਤ ਕਿਉਂ ਗੈਰ ਮੁਸਲਮਾਨਾਂ ਨੂੰ ਜ਼ਬਰੀ ਮੁਸਲਮਾਨ ਬਣਾਉਣ ਤੇ ਤੁਲੀ ਹੋਈ ਹੈ ?ਪਰਜਾ ਹਕੂਮਤ ਕੋਲੋਂ ਰੱਖਿਆ ਤੇ ਇਨਸਾਫ਼ ਦੀ ਉਮੀਦ ਰੱਖਦੀ ਹੈ ,ਉਸ ਨਾਲ ਇਨਸਾਫ ਦੀ ਥਾਂ ਧੱਕਾ ਕਰਨਾ ਖੁਦਾ ਦੀਆਂ ਨਜ਼ਰਾਂ ਵਿਚ ਵੀ ਗੁਨਾਹ ਹੈ।
ਕਾਜ਼ੀ ਨੇ ਕਿਹਾ ਬਾਦਸ਼ਾਹ ਦੀ ਮਰਜ਼ੀ ਇਹ ਹੈ ਕਿ ਹਿੰਦੁਸਤਾਨ ਵਿੱਚ ਇੱਕੋ ਮਜ਼ਹਬ ਅਤੇ ਇੱਕੋ ਕੌਮ ਰਹੇ। ਇਹ ਮਜ਼ਹਬ ਤੇ ਕੌਮ ਮੁਸਲਮਾਨ ਹੀ ਹੋ ਸਕਦੀ ਹੈ ਬਾਕੀ ਦੇ ਮਜ਼ਹਬ ਕੁਫਰ ਤੇ ਪਖੰਡ ਹਨ ।ਇਸ ਲਈ ਉਨ੍ਹਾਂ ਨੂੰ ਖ਼ਤਮ ਕਰਨਾ ਚਾਹੀਦਾ ਹੈ।
ਗੁਰੂ ਜੀ ਨੇ ਫਰਮਾਇਆ ਕਾਜ਼ੀ ਸਾਹਿਬ! ਇਹ ਸੁਣ ਲਵੋ, ਬਾਦਸ਼ਾਹ ਦੀ ਇਹ ਖਾਹਿਸ਼ ਕਦੇ ਪੂਰੀ ਨਹੀਂ ਹੋ ਸਕਦੀ ਕਿਉਂਕਿ ਇਹ ਰੱਬ ਦੀ ਰਜ਼ਾ ਦੇ ਬਾਹਰ ਹੈ। ਕੋਈ ਧਰਮ ਕੁਫਰ ਨਹੀ। ਹਰ ਧਰਮ, ਮੱਤ ਜਾਂ ਮਜ਼ਬ ਰਬ ਤੱਕ ਪੁੱਜਣ ਦਾ ਸਾਧਨ ਹੈ। ਕੇਵਲ ਨਾਵਾਂ ਦਾ ਹੀ ਫਰਕ ਹੈ ।ਕਿਸੇ ਮਜ਼ਬ ਨੂੰ ਮਿਟਾਉਣ ਦਾ ਮਤਲਬ ਉਸ ਮਜ਼ਹਬ ਦੇ ਪੈਰੋਕਾਰਾਂ ਨੂੰ ਰੱਬ ਦੀ ਦਰਗਾਹ ਤੱਕ ਪਹੁੰਚਣ ਤੋਂ ਰੋਕਣਾ ਹੈ।
ਅਜਿਹਾ ਕਰਨ ਨਾਲ ਰੱਬ ਕਦੇ ਖੁਸ਼ ਨਹੀ ਹੋਵੇਗਾ, ਸਗੋਂ ਅਜਿਹਾ ਕਰਨ ਵਾਲੇ ਨਾਲ ਰੱਬ ਦਾ ਕਹਿਰ ਟੁਟੇਗਾ।
ਜੇ ਤੁਸੀਂ ਆਪਣੇ ਬਾਦਸ਼ਾਹ ਦੇ ਵਫਾਦਾਰ ਹੋ ਤਾਂ ਉਸ ਨੂੰ ਰੱਬ ਦੇ ਕਹਿਰ ਤੋਂ ਬਚਾਉਣ ਦਾ ਉਪਰਾਲਾ ਕਰੋ। ਇਹ ਬਾਦਸ਼ਾਹ ਲਈ ਵੀ ਖੈਰ ਹੈ ਅਤੇ ਇਨਸਾਨੀਅਤ ਵੱਲ ਵੀ ।
ਇਹ ਸੁਣ ਕੇ ਸ਼ਰ੍ਹਾ ਦੇ ਆਲਮ ਤੇ ਵੱਡਾ ਕਾਜ਼ੀ ਸਭ ਲਾਜਵਾਬ ਹੋ ਗਏ ।ਇਸ ਗੱਲ ਤੋਂ ਚਿੜ੍ਹ ਕੇ ਉਨ੍ਹਾਂ ਨੇ ਗੁਰੂ ਜੀ ਤੇ ਸਖ਼ਤੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ,ਨਾਲ ਨਾਲ ਧਮਕੀਆਂ, ਡਰਾਵਿਆਂ ਤੇ ਲਾਲਚ ਦਾ ਸਿਲਸਿਲਾ ਵੀ ਜਾਰੀ ਰੱਖਿਆ। ਪਰ ਹਰਖ ਸੋਗ ਅਤੇ ਅਤੀਤ ਰਹਿਣ ਵਾਲੇ ਗੁਰੂ ਜੀ ਤੇ ਇਨ੍ਹਾਂ ਕਸ਼ਟਾਂ ਦਾ ਕੋਈ ਅਸਰ ਨਾ ਹੋਇਆ । ਆਪ ਜੀ ਪਰਬਤ ਵਾਂਗ ਅਡੋਲ ਤੇ ਦ੍ਰਿੜ੍ਹ ਰਹੇ।ਫਿਰ ਕਾਜ਼ੀ ਨੇ ਸੋਚਿਆ ਕਿ ਇਹਨਾਂ ਦੀਆਂ ਅਖਾਂ ਦੇ ਸਾਹਮਣੇ ਇਹਨਾ ਦੇ ਸਿਖਾਂ ਨੂੰ ਤਸੀਹੇ ਦੇ ਕੇ ਮਾਰਿਆ ਜਾਵੇ ।ਉਹਨਾਂ ਵੱਲ ਵੇਖ ਕੇ ਸ਼ਾਇਦ ਇਹ ਡਰ ਜਾਣ।
ਇਸ ਨਿਸਚੇ ਅਨੁਸਾਰ ਭਾਈ ਮਤੀ ਦਾਸ ਜੀ ਨੂੰ ਪਹਿਲਾ ਨਿਸ਼ਾਨਾ ਬਣਾਇਆ ਗਿਆ। ਜਲਾਦਾਂ ਨੂੰ ਹੁਕਮ ਦਿੱਤਾ ਗਿਆ ਕਿ ਭਾਈ ਜੀ ਨੂੰ ਆਰੇ ਨਾਲ ਚੀਰ ਕੇ ਜਿਸਮ ਦੇ ਦੋ ਫਾੜ ਕਰ ਦਿੱਤੇ ਜਾਣ। ਆਰਾ ਚੱਲਣ ਲੱਗ ਪਇਆ, ਪਰ ਸਿਦਕੀ ਸਿੱਖ ਅਡੋਲ ਖੜ੍ਹਾ ਜਪਜੀ ਸਾਹਿਬ ਦਾ ਪਾਠ ਕਰਦਾ ਰਿਹਾ । ਸਰੀਰ ਦੇ ਦੋ ਫਾੜ ਹੋ ਗਏ।
ਜਿਸ ਤੇ ਇਸ ਤੋਂ ਬਾਅਦ ਭਾਈ ਦਿਆਲਾ ਜੀ ਆਣਮਨੁਖੀ ਤਸੀਹੈ ਦੇਖ ਕੇ ਦੇਗ ਵਿੱਚ ਪਾ ਕੇ ਆਲੂਆਂ ਵਾਂਗ ਉਬਾਲਿਆ ਗਿਆ ਤੇ ਸ਼ਹੀਦ ਕੀਤਾ ਗਿਆ ।ਪਰ ਕੀ ਮਜ਼ਾਲ ਸਿਦਕਵਾਨ ਸਿੱਖ ਦੇ ਮੂੰਹੋਂ ਉਫ ਵੀ ਨਿਕਲੀ ਹੋਵੇ ।
ਤੀਸਰੇ ਦਿਨ ਭਾਈ ਸਤੀਦਾਸ ਜੀ ਮੂੰਹ ਚ ਲਪੇਟ ਕੇ ਅੱਗ ਲਾ ਦਿੱਤੀ। ਇਨ੍ਹਾਂ ਤਿੰਨਾਂ ਵਿੱਚੋਂ ਕੋਈ ਵੀ ਆਪਣੇ ਧਰਮ ਤੋਂ ਨਾ ਡੋਲਿਆ ਉਹ ਤਿੰਨੇ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ ।
ਦਿੱਲੀ ਤੋਂ ਗੁਰੂ ਜੀ ਨਾਲ ਹੋਈ ਕਾਜ਼ੀ ਦੀ ਗੱਲਬਾਤ ਦੀ ਪੂਰੀ ਇਤਲਾਹ ਔਰੰਗਜ਼ੇਬ ਨੂੰ ਭੇਜ ਦਿੱਤੀ ਗਈ। ਨਵੰਬਰ 1675 ਵਿੱਚ ਗੁਰੂ ਜੀ ਬਾਰੇ ਬਾਦਸ਼ਾਹ ਦਾ ਹੁਕਮ ਪਹੁੰਚ ਗਿਆ। ਉਸ ਨੂੰ ਲੈ ਕੇ ਵੱਡਾ ਕਾਜ਼ੀ ਗੁਰੂ ਜੀ ਪਾਸ ਆਇਆ ਤੇ ਕਹਿਣ ਲੱਗਾ ਬਾਦਸ਼ਾਹ ਨੇ ਆਪ ਵੱਲ ਪ੍ਰਮਾਣ ਭੇਜਿਆ ਕਿ
ਜਾਂ ਤਾ ਕਲਮਾਂ ਪੜ੍ਹ ਕੇ ਦੀਨ ਇਸਲਾਮ ਪ੍ਰਵਾਨ ਕਰੋ
ਜਾਂ ਆਪਣੇ ਆਪ ਨੂੰ ਗੁਰੂ ਸਾਬਤ ਕਰਨ ਲਈ ਕੋਈ ਕਰਾਮਾਤ ਵਿਖਾਉ ਤੇ ਜਾਂ ਮੌਤ ਲਈ ਤਿਆਰ ਹੋ ਜਾਉ।
ਗੁਰੂ ਜੀ ਨੇ ਸ਼ਾਂਤ ਤੇ ਗੰਭੀਰ ਆਵਾਜ਼ ਵਿੱਚ ਫਰਮਾਇਆ ਸਾਨੂੰ ਬਾਦਸ਼ਾਹ ਦੀਆਂ ਦੋਵੇਂ ਸ਼ਰਤਾਂ ਅਪ੍ਰਵਾਨ ਹਨ ।ਅਸੀਂ ਨਾਂ ਆਪਣਾ ਧਰਮ ਤਿਆਗਣ ਲਈ ਤਿਆਰ ਹਾਂ ਅਤੇ ਨਾ ਹੀ ਕਰਾਮਾਤ ਵਿਖਾਉਣ ਲਈ। ਤੁਸੀਂ ਜੋ ਕਾਰਵਾਈ ਕਰਨੀ ਹੈ ਕਰੋ ਗੁਰੂ ਜੀ ਦਾ ਜਵਾਬ ਸੁਣਕੇ ਕਾਜ਼ੀ ਨੇ ਉਨ੍ਹਾਂ ਨੂੰ ਕਤਲ ਕਰਨ ਦਾ ਹੁਕਮ ਦੇ ਦਿੱਤਾ।
ਜੱਲਾਦ ਨੇ ਤਲਵਾਰ ਫੜੀ ਆਪ ਦੇ ਕੋਲ ਆ ਖੜਾ ਹੋਇਆ ।ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ,ਉਨ੍ਹਾਂ ਵਿੱਚ ਹਿੰਦੂ ,ਸਿੱਖ ਅਤੇ ਮੁਸਲਮਾਨ ਸਾਰੇ ਸ਼ਾਮਲ ਸਨ। ਇਹ ਦਰਦ ਭਰਿਆ ਦ੍ਰਿਸ਼ ਵੇਖਣ ਲਈ ਜੁੜੇ ਤੇ ਸਭਨਾਂ ਦੇ ਦਿਲ ਭਰੇ ਹੋਏ ਤੇ ਅੱਖਾਂ ਵਿੱਚੋਂ ਹੰਝੂ ਝਲਕ ਰਹੇ ਸਨ ।
ਜਲਾਦ ਸੱਈਅਦ ਜਲਾਲ ਦੀਨ ਨੇ ਤਲਵਾਰ ਤਾਣੀ ਤੇ ਸੀ ਸੀ ਉਤੇ ਵਾਰ ਕੀਤਾ।ਗੁਰੂ ਜੀ ਦਾ ਸੀਸ ਧੜ੍ਹ ਨਾਲੋ ਵੱਖ ਹੋ ਗਿਆ।
ਉਸ ਦਿਨ ਮੱਘਰ ਸੁਦੀ 5ਸੰਮਤ 1732 ਸੰਨ 1675 ਈ ਦੀ ਨਵੰਬਰ ਮਹੀਨੇ ਦੀ 11 ਤਰੀਖ ਸੀ।
ਜਿਸ ਜਗ੍ਹਾ ਤੇ ਗੁਰੂ ਜੀ ਨੂੰ ਸ਼ਹੀਦ ਕੀਤਾ ਗਿਆ ,ਉਸ ਜਗ੍ਹਾ ਗੁਰਦੁਆਰਾ ਹੁਣ ਸੀਸ ਗੰਜ ਸਥਿਤ ਹੈ।
(ਪੁਸਤਕ: ਨਾਨਕ ਬੇੜੀ ਸਚ ਕੀ)