Haar Giain Ratnian (Punjabi Story) : Gurdial Singh

ਹਾਰ ਗਿਐਂ ਰਤਨਿਆਂ (ਕਹਾਣੀ) : ਗੁਰਦਿਆਲ ਸਿੰਘ

ਸਵੇਰੇ ਚੰਗਾ-ਭਲਾ, ਹੱਸਦਾ-ਖੇਡਦਾ ਉਹ ਮੰਡੀ ਗਿਆ ਸੀ ਤੇ ਦੁਪਹਿਰ ਵੇਲੇ ਉਹ ਸਾਰੇ ਹਸਪਤਾਲੋਂ ਉਸ ਦੀ ਲਾਸ਼ ਚੁੱਕ ਲਿਆਏ ਸਨ। ਡਾਕਟਰ, ਠਾਣੇਦਾਰ ਤੇ ਕੁਝ ‘ਸਰਦਾਰਾਂ’ ਨੇ ਉਨ੍ਹਾਂ ਨੂੰ ਪਹਿਲਾਂ ਡਰਾਇਆ, ਪਰ ਫੇਰ ਦੋ ਸੌ ਰੁਪਈਆ ਦੇ ਕੇ ‘ਸਮਝੌਤਾ’ ਕਰ ਲਿਆ ਸੀ। ਉਹ ਸ਼ਰਾਬੀ ਸਰਦਾਰਾਂ ਦੀ ਜੀਪ ਹੇਠ ਆ ਗਿਆ ਸੀ। ਜੀਪ ਹੇਠ ਆਉਣ ਤੋਂ ਉਹਦੀ ਲਾਸ਼ ਟਿੱਬੀ ਉਤੇ, ਡੇਰੇ ਲਿਆਉਣ ਤਕ ਕੁੱਲ ਇਕ ਪਹਿਰ ਦਾ ਫਰਕ ਸੀ। ਤੇ ਇਕੋ ਪਹਿਰ ਵਿਚ ਹੀ ਸਭ ਕੁਝ ਮੁੱਕ-ਚੁੱਕ ਗਿਆ ਸੀ। ਹੋਰ ਅੱਧੇ ਪਹਿਰ ਮਗਰੋਂ ਜਦੋਂ ਉਹ ਲਾਂਬੂ ਲਾ ਕੇ ਆਏ ਤਾਂ ਕੁਝ ਚਿਰ ਉਨ੍ਹਾਂ ਤੀਵੀਆਂ ਨੂੰ ਰੋਣ ਦਿਤਾ, ਤੇ ਆਪ ਪਾਸੇ ਬਹਿ ਕੇ ਏਥੋਂ ਤੁਰਨ ਦੀਆਂ ਸਲਾਹਾਂ ਕਰਨ ਲੱਗ ਪਏ।
“ਪਰ ਗੱਭਰੂ ਸੀ, ਫੁੱਲ ਚੁਗ ਕੇ ਜਾਂਦੇ ਤਾਂ ਚੰਗਾ ਸੀ।” ਮਾਂਢੇ ਨੇ ਸਰਸਰੀ ਸਲਾਹ ਦਿਤੀ।
“ਕਮਲਿਆ, ਰੁਜ਼ਗਾਰ ਦਾ ਵੇਲੈ। ਪਰਸੋਂ ਦੀ ਸਾਈ ਫੜੀ ਬੈਠੇ ਆਂ। ਫੁੱਲ ਕਿਧਰੇ ਕਿਸੇ ਹੋਰ ਤਾਂ ਨਹੀਂ ਲੈ ਜਾਣੇ-ਦੋ ਦਿਨ ਅੱਗੋਂ ਕੀ ਤੇ ਦੋ ਦਿਨ ਪਿੱਛੋਂ ਕੀ!” ਬਾਬੇ ਧੀਦੋ ਨੇ ਰਤਾ ਤਲਖੀ ਨਾਲ ਜੁਆਬ ਦਿੱਤਾ। ਤੇ ਅੱਗੋਂ ਕਿਸੇ ਨੂੰ ਗੱਲ ਨਾ ਅਹੁੜੀ।
ਡੇਰੇ ਆਏ ਤਾਂ ਸਾਰਿਆਂ ਬਹਿ ਕੇ ਮਸ਼ਵਰਾ ਕੀਤਾ। ਸਲਾਹ ਇਹੋ ਬਣੀ ਕਿ ਜਿਹੜੇ ਨਾਲ ਦੇ ਪਿੰਡ ਵਾਲੇ ਦੋ ਜ਼ਿਮੀਂਦਾਰ ਕੱਲ੍ਹ ਦਿਹਾੜੀ ਲਈ ਸਾਈ ਫੜਾ ਗਏ ਸਨ, ਵੇਲੇ ਸਿਰ ਉਨ੍ਹਾਂ ਦੇ ਕੰਮ ‘ਤੇ ਪਹੁੰਚਣਾ ਚਾਹੀਦਾ ਹੈ। ਉਸ ਵੇਲੇ ਸਾਰੇ ‘ਖੇਮੇ’ ਪੁੱਟ ਕੇ ਗਧੀਆਂ ਉਤੇ ਲੱਦ ਲਏ ਗਏ। ਬੁੱਢੇ-ਠੇਰੇ, ਨਿਆਣੇ, ਲੱਦੇ ਹੋਏ ਸਾਮਾਨ ਉਤੇ ਬਹਿ ਗਏ। ਜੁਆਨ ਮੁੰਡੇ ਤੇ ਕੁੜੀਆਂ ਪੈਦਲ ਤੁਰ ਪਏ। ਧੀਦੋ ਬਾਬਾ ਆਪਣੀ ਹੁੱਕੀ ਚੁੱਕ ਕੇ ਅੱਗੇ ਲੱਗ ਤੁਰਿਆ।
ਅਜੇ ਦਿਨ ਅੰਦਰ-ਬਾਹਰ ਸੀ, ਪਰ ਅਸਮਾਨ ਉਤੇ ਚੜ੍ਹੀ ਧੂੜ ਕਰ ਕੇ ਹਨੇਰਾ ਹੋਇਆ ਜਾਪਦਾ ਸੀ। ਧਰਤੀ ਇੰਜ ਤਪ ਰਹੀ ਸੀ ਜਿਵੇਂ ਭੱਠ ਦਾ ਰੇਤ ਪਾ-ਪਾ ਭੁੰਨ ਦਿੱਤੀ ਹੋਵੇ। ਟਿੱਬੇ ਤੋਂ ਹੇਠ ਲਹਿੰਦਿਆਂ, ਕਾਫਲੇ ਦੀਆਂ ਤੀਵੀਆਂ ਫੇਰ ਰੋਣ ਲੱਗ ਪਈਆਂ।
“ਮੂੰਹ ਲਗਾਮ ਦੇਓ ਨ੍ਹੀਂ, ਸੂਰ ਦੀਓ ਸੂਰੀਓ।” ਬਾਬੇ ਧੀਦੋ ਨੇ ਉਨ੍ਹਾਂ ਨੂੰ ਝਿੜਕਿਆ, “ਰੁਜ਼ਗਾਰ ‘ਤੇ ਚੱਲੇ ਆਂ, ਇਹ ਬੂਕਣ ਡਹੀਆਂ ਹੋਈਐਂ।”
ਬਾਬੇ ਅੱਗੇ ਕੋਈ ਨਾ ਕੁਸਕਿਆ। ਪਰ ਸਿਰਫ ਪਹਿਰ ਡੇਢ ਪਹਿਰ-ਭਰ ਦੀ ਵਿਧਵਾ ਹੋਈ ਛੰਨੋਂ ਨੇ ਘੁੰਡ ਵਿਚੋਂ ਬਾਬੇ ਵੱਲ ਘੂਰ ਕੇ ਵੇਖਿਆ ਤੇ ਪਿਛਾਂਹ ਹਟ ਗਈ। ਫੇਰ ਉਹਦੀ ਨਿਗ੍ਹਾ ਸਿਵੇ ਦੀਆਂ ਲਾਟਾਂ ਉਤੇ ਪਈ। ਇਕ ਵਾਰ ਮੁੜ ਉਹਦੀ ਹਾਅ ਨਿਕਲੀ, ਪਰ ਮੂੰਹ ਅੱਗੇ ਦੋਵੇਂ ਹੱਥ ਦੇ ਕੇ ਉਸ ਨੀਵੀਂ ਪਾ ਲਈ। ਸਿਰਫ ਹੱਥਾਂ ਦੇ ਅੰਗੂਠੇ ਤੇ ਉਂਗਲਾਂ ਹੰਝੂਆਂ ਨਾਲ ਭਿੱਜਦੇ ਰਹੇ।
“ਦਿਲ ਹੌਲਾ ਕਿਉਂ ਕਰਦੀ ਆਂ ਭਰਜਾਈ।” ਨੀਵੀਂ ਪਾ ਕੇ ਕੋਲ ਆਉਂਦਿਆਂ ਛੰਨੋਂ ਦੇ ਦਿਓਰ ਤਾਪੇ ਨੇ ਧਰਵਾਸ ਦਿਤਾ।
ਦੂਜੀਆਂ ਤੀਵੀਆਂ ਉਹਨੂੰ ਛੰਨੋਂ ਦੇ ਕੋਲ ਆਇਆ ਵੇਖ ਕੇ, ਲੰਮੀਆਂ ਪੁਲਾਂਘਾਂ ਨਾਲ ਅਗਾਂਹ ਹੋ ਗਈਆਂ।
ਛੰਨੋਂ ਨੇ ਤਾਪੇ ਵੱਲ ਗਹੁ ਨਾਲ ਵੇਖਿਆ ਤੇ ਘੁੰਡ ਸੂਤ ਕਰਦਿਆਂ ਅੱਖਾਂ ਪੂੰਝ ਲਈਆਂ। ਤਾਪੇ ਦੇ ਪੱਕੇ ਪੀਡੇ ਮੋਟੇ-ਮੋਟੇ ਨਕਸ਼ ਇਕ ਵਾਰ ਉਹਨੂੰ ਧੁੰਦਲੇ ਲੱਗੇ, ਪਰ ਫੇਰ ਸਾਫ ਦਿਸਣ ਲੱਗ ਪਏ। ਸੱਜੇ ਮੌਰ ਕੋਲੋਂ ਪਾਟੇ ਕੁੜਤੇ ਵਿਚੋਂ ਉਹਦੇ ਨਰੋਏ ਹੱਡਾਂ ‘ਤੇ ਨਜ਼ਰ ਪੈਂਦਿਆਂ ਉਹਦੇ ਪਿੰਡੇ ਵਿਚ ਝਰਨਾਹਟ ਛਿੜਦੀ ਜਾਪੀ। ਆਪਣੇ ਨਿਆਣਿਆਂ ਵੱਲ ਤੱਕਿਆ। ਉਹ ਦੋਵੇਂ ਆਪੋ ਵਿਚ ਖੇਡ ਲੱਗੇ ਹੋਏ ਸਨ। ਸੂਏ ਉਤਲੀਆਂ ਕਿੱਕਰਾਂ ਦੀ ਲੁੰਗ ਉਤੇ ਜੰਮਿਆ ਘੱਟਾ-ਮਿੱਟੀ ਕਿਰ-ਕਿਰ ਹੇਠ ਡਿੱਗੀ ਜਾਂਦਾ ਸੀ। ਬੂਈਆਂ, ਅਧ-ਸੁੱਕਾ ਘਾਹ, ਮਲ੍ਹੇ ਤੇ ਬੂਟੀਆਂ, ਸਭ ਧੂੜ ਨਾਲ ਅੱਟੀਆਂ ਹੋਈਆਂ ਸਨ। ਸੂਏ ਦਾ ਪਾਣੀ ਵੀ ਬੜਾ ਗੰਧਲਾ ਸੀ। ਸੂਏ ਦੀ ਪਟੜੀ ਦੇ ਨਾਲ ਨਾਲ ਜਿਹੜੇ ਪਹੇ ਉਤੇ ‘ਕਾਫਲਾ’ ਤੁਰਿਆ ਜਾ ਰਿਹਾ ਸੀ, ਉਹਦੀ ਪੀਕ ਪੈਰ ਮਾਰਿਆਂ ਸਿਰ ਨੂੰ ਚੜ੍ਹਦੀ ਸੀ। ਜੁੱਤੀਆਂ, ਛਿੱਤਰਾਂ ਦੇ ਤਲਿਆਂ ਵਿਚ ਜਿਵੇਂ ਭੁੱਬਲ ਪਾਈ ਹੋਏ ਹੋਵੇ- ਜਿਵੇਂ ਉਹ ਨਿਰੀ ਅੱਗ ਵਿਚੋਂ ਲੰਘ ਰਹੇ ਹੋਣ।
“ਤੂੰ ਗਮ ਨਾ ਲਾਈਂ, ਸਭ ਠੀਕ ਹੋ ਜਾਣੈਂ!” ਛੰਨੋਂ ਨੂੰ ਚੁੱਪ ਵੇਖ ਕੇ ਤਾਪੇ ਨੇ ਆਪਣੀ ਢੱਠੀ ਪੱਗ ਦਾ ਲੜ ਟੰਗਿਆ ਤੇ ਛੰਨੋਂ ਦੀਆਂ ਸਿੱਲ੍ਹੀਆਂ ਅੱਖਾਂ ਦੀਆਂ ਕਾਲੀਆਂ ਝਿੰਮਣੀਆਂ ਉਤੇ ਨਿਗ੍ਹਾ ਟਿਕਾ ਲਈ।
“ਤੂੰ ਮੇਰੇ ਨਿਆਣਿਆਂ ਨੂੰ ਸਾਂਭ ਲਏਂਗਾ?” ਛੰਨੋਂ ਨੇ ਘੱਗੀ ਆਵਾਜ਼ ਵਿਚ ਪੁੱਛਿਆ।
“ਸਾਂਭਣ ਨੂੰ ਹੋਰ ਕਿਧਰੇ, ਇਨ੍ਹਾਂ ਨੂੰ ਹੁਣ ਅਸੀਂ ਕਬੀਲਿਓਂ ਬਾਹਰਲਿਆਂ ਦੇ ਦੁਆਰੇ ਤਾਂ ਨਹੀਂ ਸੁੱਟ ਆਉਣਾ!” ਤਾਪਾ ਮੋਢੇ ਧਰੀ ਖੇਸੀ ਦੇ ਦੋ ਬੁੰਬਲਾਂ ਨੂੰ ਉਂਗਲਾਂ ਨਾਲ ਵੱਟ ਦੇਣ ਲੱਗ ਪਿਆ। ਡਾਂਗ ਉਸ ਕੱਛੇ ਮਾਰ ਲਈ। ਮੂੰਹ ਉਹਦਾ ਤਾਂਬੇ ਵਰਗਾ ਹੋ ਗਿਆ।
“ਸੋਚ ਲੈ।”
“ਸੋਚ ਕੇ ਤੁਰਿਆ ਸਾਂ ਕਿ- ਆਥਣੇ।”
ਛੰਨੋਂ ਨੇ ਉਹਦੇ ਲੰਮੇ, ਪੀਡੇ ਸਰੀਰ ਨੂੰ ਜਿਵੇਂ ਸਿਰ ਤੋਂ ਪੈਰਾਂ ਤਕ ਜੋਹ ਲਿਆ। ਫੇਰ ਆਪਣੀ ਛੀਂਟ ਦੀ ਘੱਗਰੀ ਉਤੇ ਝਟਕਾ ਕੇ ਰੇਤਾ ਝਾੜਿਆ।
“ਇਕ ਵਾਰੀ ਫੇਰ ਸੋਚ ਲੈ!” ਛੰਨੋਂ ਨੇ ਰਤਾ ਪੈਰ ਮਲ ਕੇ ਜੁੱਤੀ ਝਾੜਦਿਆਂ, ਸਿਰੋਂ ਚੁੰਨੀ ਲਾਹ ਕੇ, ਦੋਹਾਂ ਹੱਥਾਂ ਨਾਲ ਉਤਾਂਹ ਹੁਲਾਰੀ ਤੇ ਉਹਦਾ ਘੱਟਾ-ਮਿੱਟੀ ਵੀ ਝਾੜ ਲਿਆ।
“ਤੂੰ ਕੀ ਅਖਵਾਨੀ ਐਂ ਹੋਰ?” ਤਾਪੇ ਨੇ ਬੁੰਬਲਾਂ ਨੂੰ ਜ਼ੋਰ ਨਾਲ ਮਲਦਿਆਂ, ਉਸ ਵੱਲ ਤਾੜ ਕੇ ਵੇਖਿਆ।
ਸੱਚੀਂ ਹੀ, ਹੋਰ ਉਹ ਕੀ ਅਖਵਾਉਣਾ ਚਾਹੁੰਦੀ ਸੀ?
ਛੰਨੋਂ ਨੇ ਪਲ ਦਾ ਪਲ ਸੋਚਿਆ ਤੇ ਉਹਦੀਆਂ ਕਾਲੀਆਂ ਸ਼ਾਹ ਅੱਖਾਂ ਦੀ ਸਿੱਲ੍ਹ ਅਲੋਪ ਹੋ ਗਈ। ਅਸਮਾਨ ਉਤੇ ਧੂੜ ਹੋਰ ਸੰਘਣੀ ਹੁੰਦੀ ਦਿਸੀ। ਕਾਫਲਾ ਅਗਾਂਹ ਲੰਘ ਗਿਆ ਸੀ। ਕੋਈ ਬੰਦਾ, ਤੀਵੀਂ ਸਾਫ ਵਿਖਾਈ ਨਹੀਂ ਸੀ ਦਿੰਦਾ। ਸੂਏ ਦੇ ਨਾਲ ਨਾਲ ਲੋਕਾਂ ਸਭ ਕਣਕਾਂ ਵੱਢ ਕੇ ਮੰਡਲੀਆਂ ਲਾ ਦਿਤੀਆਂ ਹੋਈਆਂ ਸਨ। ਖੇਤ ਸੁੰਨੇ ਸਨ।
“ਚੰਗਾ, ਮੇਰੀ ਬਾਂਹ ਫੜ੍ਹ।” ਛੰਨੋਂ ਨੇ ਸੱਖਣੀ ਬਾਂਹ ਅਗਾਂਹ ਕਰਦਿਆਂ ਕਿਹਾ।
“ਲੈ!”
ਛੰਨੋਂ ਦੇ ਪਿੰਡੇ ਵਿਚੋਂ ਸੇਕ ਨਿਕਲਿਆ। ਉਹਦੀਆਂ ਅੱਖਾਂ ਤਪਣ ਲੱਗ ਪਈਆਂ। ਸਿਰ ਤੋਂ ਪੈਰਾਂ ਤਕ ਲਹੂ ਨਾੜਾਂ ਵਿਚ ਰਿਝਦਾ ਜਾਪਿਆ ਤੇ ਕੰਬਦੇ ਹੋਠਾਂ ਨਾਲ ਸਿਰਫ “ਬੱਸ” ਕਹਿ ਕੇ ਉਹ ਉਹਦੇ ਮੋਢੇ ਲੱਗ ਗਈ।
ਅਗਾਂਹ ਜਾ ਕੇ ਉਹ ਪਟੜੀ ਚੜ੍ਹ ਗਏ। ਕਾਫਲੇ ਦੇ ਨਿਆਣੇ ਸੂਏ ਵਿਚ ਨਹਾਉਣ ਲੱਗ ਪਏ ਸਨ। ਉਨ੍ਹਾਂ ਦੀਆਂ ਕਿਲਕਾਰੀਆਂ ਤੇ ਚੀਕਾਂ ਅਸਮਾਨ ਦੀ ਧੂੜ ਨੂੰ ਖਿੰਡਾ ਰਹੀਆਂ ਜਾਪਦੀਆਂ ਸਨ। ਗਧੀਆਂ ਨਾਲ ਜਾਂਦੇ ਬੰਦੇ-ਤੀਵੀਆਂ, ਦਾਣੇ-ਫੱਕੇ ਤੇ ਰੁਜ਼ਗਾਰ ਦੀਆਂ ਗੱਲਾਂ ਵਿਚ ਰੁਝ ਗਏ ਸਨ। ਛੰਨੋਂ ਤੇ ਤਾਪਾ ਦੋਏ ਹੌਲੀ-ਹੌਲੀ ਤੁਰਦੇ, ਏਸ ਧੂੜ ਅੱਟੇ ਵਾਤਾਵਰਣ ਵਿਚ ਦੋ ਪਰਛਾਵਿਆਂ ਵਾਂਗ ਜਿਵੇਂ ਅਲੋਪ ਹੋ ਰਹੇ ਸਨ, ਪਰ ਪੁਲ ਕੋਲ, ਚਾਣਚਕ ਛੰਨੋਂ ਠੱਲ੍ਹ ਉਤੇ ਚੜ੍ਹ ਕੇ ਪਿਛਾਂਹ ਝਾਕਣ ਲੱਗ ਪਈ। ਏਨੀ ਧੂੜ ਵਿਚੋਂ ਵੀ ਅੱਗ ਦੀ ਲਾਲੀ ਅਜੇ ਦਿਸਦੀ ਸੀ।
“ਕੀ ਗੱਲ?” ਤਾਪੇ ਨੇ ਡਾਂਗ ਦਾ ਅਗਲਾ ਸਿਰਾ ਪਟੜੀ ‘ਤੇ ਮਾਰਦਿਆਂ ਪੁੱਛਿਆ।
“ਕੋਈ ਨਹੀਂ।” ਛੰਨੋਂ ਠੱਲ੍ਹ ਤੋਂ ਹੇਠ ਉਤਰ ਆਈ ਤੇ ਪਹਿਲਾਂ ਵਾਂਗ ਹੀ ਚੁੰਨੀ ਤੋਂ ਧੂੜ ਛੰਡ ਕੇ ਉਸ ਤਾਪੇ ਦਾ ਹੱਥ ਫੇਰ ਫੜ੍ਹ ਲਿਆ।
ਕਾਫਲਾ ਅਗਲੇ ਪਿੰਡ ਅੱਪੜਨ ਵਾਲਾ ਸੀ, ਪਰ ਅਜੇ ਤਕ ਕਿਸੇ ਨੂੰ ਇਹ ਖਿਆਲ ਨਹੀਂ ਸੀ ਆਇਆ ਕਿ ਛੰਨੋਂ ਦਾ ਸਹੁਰਾ ਸੂਏ ਦੇ ਪੁਲ ਦੀ ਓਸੇ ਠੱਲ੍ਹ ‘ਤੇ ਬੈਠਾ ਸੀ ਜਿਸ ਉਤੇ ਚੜ੍ਹ ਕੇ ਛੰਨੋਂ ਨੇ ਪਿਛਾਂਹ ਤੱਕਿਆ ਸੀ। ਉਹਦੇ ਬੁੱਢੇ ਗੋਡੇ ਤੁਰਨੋਂ ਜੁਆਬ ਦੇ ਗਏ ਸਨ। ਉਹ ‘ਰਾਹਾਂ ਵਿਚ’ ਪੰਜਾਂ ਵਿਚੋਂ ਅੱਜ ਤੀਜਾ ਪੁੱਤਰ ਗੁਆ ਕੇ, ਚੁੱਪ-ਚੁਪੀਤਾ, ਕਾਫਲੇ ਪਿੱਛੇ ਤੁਰ ਆਇਆ ਸੀ, ਤੇ ਆਪਣੀ ਹੁੱਕੀ ਦੀ ਅੱਗ ਦੇ ਆਸਰੇ, ਪੁਲ ਤਕ ਪਹੁੰਚ ਗਿਆ ਸੀ, ਪਰ ਏਥੇ ਆ ਕੇ ਹੁੱਕੀ ਦੀ ਅੱਗ ਬੁਝ ਗਈ ਸੀ। ਹੁੱਕੀ ਦੀ ਅੱਗ ਵਾਂਗ ਹੀ ਹੁਣ ਧੂੜ ਤੇ ਰਾਤ ਦਾ ਹਨੇਰਾ ਏਨਾ ਸੰਘਣਾ ਹੋ ਚੁਕਾ ਸੀ ਕਿ ਹੱਥ ਨੂੰ ਹੱਥ ਮਾਰਿਆ ਨਹੀਂ ਸੀ ਦਿਸਦਾ।
“ਇਉਂ ਢੇਰੀ ਢਾਹਿਆਂ ਕੀ ਬਣਦੈ ਰਤਨਿਆਂ।” ਉਸ ਹੰਭਲਾ ਮਾਰ ਕੇ ਉਠਣ ਦਾ ਯਤਨ ਕਰਦਿਆਂ ਆਪਣੇ ਉਸ ‘ਮਨੀ ਰਾਮ’ ਨੂੰ ਕਿਹਾ ਜਿਸ ਨਾਲ ਗੱਲਾਂ ਕਰਨ ਦੀ ਆਦਤ ਉਹਨੂੰ ਜਿਵੇਂ ਕਈ ‘ਜਨਮਾਂ’ ਤੋਂ ਪਈ ਹੋਈ ਸੀ।
ਪਰ ਉਠ ਕੇ ਤੁਰਿਆ ਨਹੀਂ ਗਿਆ। ਇਕ ਵਾਰ ਜੀਅ ਕੀਤਾ ਮੁੜ ਠੱਲ੍ਹ ਉਤੇ ਬਹਿ ਜਾਏ, ਫੇਰ ਉਸ ਹੱਥ ਵਿਚ ਫੜੀ ਹੁੱਕੀ ਨੂੰ ਵੇਖਿਆ ਤੇ ਚਿਲਮ ਦੀ ਅੱਗ ਟੋਹ ਕੇ, ਪਹੀ ਕੋਲ ਖੜੋਤੇ ਇਕ ਵਣ ਹੇਠ ਜਾ ਬੈਠਾ। ਡੱਕੇ ‘ਕੱਠੇ ਕਰ ਕੇ ਜੇਬ ਵਿਚੋਂ ਡੱਬੀ ਕੱਢੀ ਤੇ ਅੱਗ ਬਾਲ ਲਈ। ਹੁੱਕੀ ਉਤੇ ਅੱਗ ਧਰ ਕੇ ਜਦੋਂ ਦੋ ਤਿੰਨ ਸੂਟੇ ਲਾਏ ਤਾਂ ਉਸ ਨੂੰ ਆਪਣੀਆਂ ਕੜਕਦੀਆਂ ਹੱਡੀਆਂ ਵਿਚ ਤਾਅ ਆਉਂਦਾ ਜਾਪਿਆ। ਬਚਦੀ ਅੱਗ ਉਤੇ ਉਸ ਪੈਰ ਮਾਰਿਆ ਤੇ ਖੰਘਦਿਆਂ, ਪਟੜੀ ਆ ਚੜ੍ਹਿਆ, ਪਰ ਠੱਲ੍ਹ ਕੋਲ ਆ ਕੇ ਸੱਜੇ ਗੋਡੇ ਵਿਚ ਅੰਤਾਂ ਦੀ ਪੀੜ ਹੋਈ।
“ਹਾਰ ਗਿਐਂ ਰਤਨਿਆਂ!” ਉਸ ਜਿਵੇਂ ਕਚੀਚੀ ਵੱਟੀ ਤੇ ਹੁੱਕੀ ਦੀ ਨੜੀ ਮੂੰਹ ਨਾਲ ਜੋੜ ਕੇ, ਪੀੜ ਕਰਦੇ ਗੋਡੇ ਨੂੰ ਧਰੀਕਦਾ ਅਗਾਂਹ ਤੁਰ ਪਿਆ। ਕਾਫਲਾ ਬੜਾ ਦੂਰ ਲੰਘ ਗਿਆ ਸੀ, ਪਰ ਬਾਬੇ ਧੀਦੋ ਦੇ ਹੋਕਰੇ ਉਹਨੂੰ ਸੁਣ ਰਹੇ ਸਨ।
“ਵਗੇ ਆਓ, ਵਗੇ ਆਓ ਕੋਹੜੀਓ- ਦਿਨ ਛਿਪਦੈ ਕਿ ਚੜ੍ਹਦੈ!”
ਕਿੱਡਾ ਉਚਾ, ਗੜ੍ਹਕੇ ਵਾਲਾ ਬੋਲ ਸੀ।
ਧੀਦੋ ਨੇ ਵੀ ਤਾਂ ਆਪਣੇ ਚਾਰੇ ਪੁੱਤਰ ਇਉਂ ਈ ‘ਰਾਹਾਂ ਵਿਚ’ ਗੁਆ ਲਏ ਸਨ, ਪਰ ਉਹ ਹਾਰਿਆ ਨਹੀਂ ਸੀ।
“ਮੈਂ ਵੀ ਕਿਹੜਾ ਹਾਰਿਐਂ!” ਉਹ ਦ੍ਰਿੜਤਾ ਨਾਲ ਬੋਲਿਆ।
“ਨਹੀਂ! ਤੂੰ ਤਾਂ ਹਾਰ ਗਿਐਂ ਰਤਨਿਆਂ!” ‘ਮਨੀ ਰਾਮ’ ਬੋਲ ਪਿਆ।
ਰੁਕ ਕੇ ਰਤਨਾ ਸੱਜੇ ਹੱਥ ਨਾਲ ਆਪਣੇ ਖੀਸੇ ਵਿਚ ਨੋਟ ਟੋਹਣ ਲੱਗ ਪਿਆ, ਤੇ ਖੱਬੇ ਨਾਲ ਹੁੱਕੀ ਨੀਵੀਂ ਕਰ ਕੇ ਉਹਦੇ ਮੁੜ ‘ਸੌਂਦੇ ਜਾਂਦੇ’ ਚੰਗਿਆੜਿਆਂ ਨੂੰ ਘੂਰਨ ਲੱਗ ਪਿਆ। ਤੇ ਫੇਰ ਚਾਣਚਕ ਉਹਨੇ ਹੁੱਕੀ ਸੂਏ ਵਿਚ ਵਗਾਹ ਮਾਰੀ।
“ਮੈਂ ਜੋ ਕਹਿਨੈਂ ਤੂੰ ਹਾਰ ਗਿਐ!” ਉਹ ਕਚੀਚੀ ਵੱਟ ਕੇ ਚੀਕਿਆ ਤੇ ਖੀਸੇ ਵਿਚ ਪਾਏ ਹੱਥ ਨੇ ਨਵੇਂ ਨੋਟ ਮਰੋੜ ਕੇ ਕਰੂੰਡਾ ਕਰ ਦਿਤੇ।
‘ਕਾਫਲਾ’ ਬੜੀ ਦੂਰ, ਜਿਵੇਂ ‘ਮੰਜ਼ਲ’ ‘ਤੇ ਵੀ ਅੱਪੜ ਗਿਆ ਸੀ, ਪਰ ਰਤਨਾ ਓਥੇ ਈ ਖੜੋਤਾ ਹਨੇਰੇ ਨੂੰ ਘੂਰ ਰਿਹਾ ਸੀ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਗੁਰਦਿਆਲ ਸਿੰਘ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ