Haar Jitt (Punjabi Story) : Naurang Singh
ਹਾਰ ਜਿੱਤ (ਕਹਾਣੀ) : ਨੌਰੰਗ ਸਿੰਘ
ਜਦੋਂ ਵੀ ਕੇਹਰੂ ਕੰਬਦੀਆਂ ਲੱਤਾਂ ਤੇ ਡੰਡੋਰਕੀ ਨਾਲ ਗਲੀਆਂ ਵਿੱਚੋਂ ਦੀ ਲੰਘਦਾ, ਉਦੋਂ ਹੀ ਤਕਣ ਵਾਲਿਆਂ ਵਿੱਚ ਘੁੱਸਰ ਮੁੱਸਰ ਜਿਹੀ ਛਿੜ ਪੈ'ਦੀ ਤੇ ਮਾਧੋ ਦਾ ਨਾਂ ਘੜੀ ਮੁੜੀ ਇਸ ਕਾਨਾ ਫੂਸੀ ਵਿਚ ਸੁਣਾਈ ਦਿੰਦਾ । ਕੇਹਰੂ, ਜਿਸ ਦੀਆਂ ਝਿੰਮਣੀਆਂ ਵਿੱਚ ਉਤਾਂਹ ਉਭਰਨ ਦੀ ਸਤਿਆ ਵੀ ਘਟ ਸੀ, ਬੜੀ ਉਖਿਆਈ ਨਾਲ ਗਲਾਂ ਕਰਦਿਆਂ ਵਲ ਰਤਾ ਖਲੋ ਕੇ ਤਕਦਾ ਤੇ ਕੁਝ ਪਛਾਣਦਾ, ਪਰ ਨਵੇਂ ਪੋਚ ਦੇ ਬੱਚੇ, ਗਭਰੂ ਢਲੀ ਜੋਤ ਵਾਲਿਆਂ ਬੁੱਢਿਆਂ ਕੋਲੋਂ ਪਛਾਣੇ ਜਾਣੇ ਔਖੇ ਹੁੰਦੇ ਹਨ । ਉਸ ਨੂੰ ਆਪਣੀਆਂ ਅੱਖਾਂ ਅਗੇ ਕੋਈ ਧੁੰਦਲਾ ਜਿਹਾ ਤਾਣਾ ਪੇਟਾ ਦਿਖਾਈ ਦਿੰਦਾ, ਕਿਉਂਕਿ ਉਹਦੀ ਨਜ਼ਰ ਕਾਫ਼ੀ ਕਮਜ਼ੋਰ ਹੋ ਚੁਕੀ ਸੀ । ਉਸ ਦੇ ਪਿੰਡੇ ਉਤੇ ਲੱਖਾਂ ਵੱਟ ਬੋਦੀਆਂ ਰਸੀਆਂ ਵਾਂਗ ਉਭਰੇ ਹੋਏ ਸਨ ਤੇ ਤੁਰਨ ਲਗੇ ਦੀਆਂ ਹਡੀਆਂ ਸਦਾ ਹੀ ਕੜਕਦੀਆਂ ਰਹਿੰਦੀਆਂ ਸਨ । ਕੇਹਰੂ ਤੇ ਮਾਧੋ ਬਚਪਨ ਵਿਚ ਗੀਟੇ ਖੇਡਦੇ, ਓਦੋਂ ਇਹ ਅਲੂਏਂ ਜਿਹੇ ਬੱਚੇ ਹੁੰਦੇ ਸਨ । ਸਾਰਾ ਦਿਨ ਛੱਪੜ ਵਿੱਚ ਮੱਝਾਂ ਵਾੜ ਕੇ ਦੋਵੇਂ ਕੱਠੇ ਉਤਲੀ ਨਿੰਮ ਹੇਠਾਂ ਸ਼ੁਗਲ ਕਰਦੇ ਰਹਿੰਦੇ । ਪਰ ਗੀਟੇ ਉਹਨਾਂ ਦੀ ਪਿਆਰੀ ਖੇਡ ਹੁੰਦੀ ਸੀ । ਉਹਨਾਂ ਘਲੌਟੀ ਰਾਏ ਦੇ ਥੇਹ ਉਤੋਂ ਪੱਥਰ ਦੇ ਟੁਕੜੇ ਲੈ ਕੇ ਘਸਾਏ ਤੇ ਗੀਟੇ ਬਣਾਏ । ਕਹਿੰਦੇ ਨੇ ਉਹਨਾਂ ਨਾਲ ਇਹ ਬੜੀ ਵਡੀ ਉਮਰ ਤਕ ਖੇਡਦੇ ਰਹੇ । ਕਦੇ ਕਿਸੇ ਏਡੀ ੳੁਮਰ ਦੇ ਬੁੱਢੇ ਇਹ ਖੇਡ ਖੇਡਦੇ ਨਹੀਂ ਤਕੇ ।
ਮੱਝਾਂ ਜਦੋਂ ਛਪੜੋਂ ਨਿਕਲਦੀਆਂ, ਤਾਂ ਦੋਵੇਂ ਮੋਢੇ ਤੇ ਡਾਂਗਾਂ ਧਰ ਉਹਨਾਂ ਨੂੰ ਚਰਾਂਦ ਵਲ ਲੈ ਜਾਂਦੇ । ਮੱਝਾਂ ਦੇ ਖੁਰਾਂ ਦੀ ਫਿੜਕ ਫਿੜਕ ਤੇ ਚਬਾੜੀ ਦੀ ਘਰਚ ਘਰਚ ਖ਼ਾਸ ਕਿਸਮ ਦਾ ਵਾਯੂ-ਮੰਡਲ ਪੈਦਾ ਕਰ ਦਿੰਦੀ । ਕੇਹਰੂ ਤੇ ਮਾਧੋ ਵੱਗ ਦੇ ਪਿਛੇ ਟੁਰੇ ਆਉਂਦੇ ਮੌਜ ਵਿਚ ਆ ਕੇ ਹੇਕਾਂ ਖਿਚਦੇ । ਕਦੇ ਬੋਲੀਆਂ ਪਾਉਂਦੇ :-
"ਅੰਬ ਮੁਕ ਗਏ ਯਰਾਨੇ ਟੁੱਟ ਗਏ,
ਕਚੀ ਯਾਰੀ ਅੰਬੀਆਂ ਦੀ ।"
"ਯਾਰੀ ਲਾਈਏ ਤੇ ਤੋੜ ਨਿਭਾਈਏ…" ਮੱਝਾਂ ਚਰਾਂਦ ਵਿੱਚ ਜਾ ਵੜਦੀਆਂ ਤੇ ਖੀਸਿਆਂ ਵਿਚੋਂ ਗੀਟੇ ਚੁਣ ਉਹ ਘਲੌਟੀ ਰਾਏ ਦੇ ਥੇਹ ਉਤੇ ਪਿੜ ਗਡ ਦਿੰਦੇ । ਕੇਹਰੂ ਬੜਾ ਚੇਤੰਨ ਸੀ ਖੇਡਣ ਨੂੰ । ਟੁਘਦਾ ਟੁਘਦਾ ਉਹ ਕਿੰਨਾ ਚਿਰ ਗੀਟੇ ਡਿਗਣ ਹੀ ਨਾ ਦਿੰਦਾ...ਬਹੁਤ ਵਾਰੀ ਮਾਧੋ ਹਾਰ ਜਾਂਦਾ । ਕੇਹਰੂ ਉਹਦੀਆਂ ਅੱਖਾਂ ਬੰਨ੍ਹਦਾ । ਉਹ ਕੇਹਰੂ ਨੂੰ ਫੜਦਾ ਤੇ ਉਹ ਫੜਾਈ ਨਾ ਦਿੰਦਾ। ਮਾਧੋ ਹੰਭ ਕੇ ਬਹਿ ਜਾਂਦਾ । ਕੇਹਰੂ ਉਹਦੀਆਂ ਅੱਖਾਂ ਤੋਂ ਪੱਟੀ ਲਾਹ ਦੇਂਦਾ । ਮਾਧੋ ਮੁੜ੍ਹਕੋ ਮੁੜ੍ਹਕੀ ਹੋਇਆ ਬੈਠਾ ਆਖਦਾ :-
"ਕੇਹਰੂ ਤੂੰ ਮੈਨੂੰ ਹਰਾਉਂਦਾ ਹੀ ਟੁਰਿਆ ਜਾਂਦਾ ਏਂ...।"
ਮਾਧੋ ਦੇ ਇਹ ਸ਼ਬਦ ਸੁਣ ਕੇ ਕੇਹਰੂ ਮਾਨੋ ਅੰਦਰੋਂ ਦ੍ਰਵ ਜਾਂਦਾ ਤੇ ਇਕ ਰਹਿਮ ਜਿਹੇ ਨਾਲ ਉਹਦੀਆਂ ਅੱਖਾਂ ਭਰ ਜਾਂਦੀਆਂ । ਪਰ ਇਹ ਖਾਸ ਮਾਨਸਕ ਅਵਸਥਾ ਨੂੰ ਆਪਣੀ ਗਿਰਾਵਟ ਜਿਹੀ ਅਨੁਭਵ ਕਰਦਾ ਹੋਇਆ ਜ਼ੋਰ ਦੀ ਹੱਸਣ ਲਗ ਜਾਂਦਾ ਤਾਂ ਜੋ ਮਾਧੋ ਦੇ ਮਨ ਉਤੇ ਉਹਦੀ ਜਿੱਤ ਦਾ ਅਸਰ ਨਾ ਰਹੇ ।
"ਇਹ ਤੇ ਖੇਡ ਆ, ਤੂੰ ਟੁਘਦਾ ਜਾਵੇਂ ਤੇ ਤੇਰੀ ਜਿੱਤ ਹੋ ਜਾਵੇ ।" ਕੇਹਰੂ ਗੰਭੀਰਤਾ ਨਾਲ ਕਹਿੰਦਾ ।
"ਅੱਛਾ ਕਦੇ ਤਾਂ ਮੈਂ ਜਿਤਾਂਗਾ ਹੀ ਨਾ ।" ਮਾਧੋ ਫਿੱਕਾ ਜਿਹਾ ਮੂੰਹ ਬਣਾ ਕੇ ਬੋਲਦਾ ਤੇ ਕੇਹਰੂ ਇਨ੍ਹਾਂ ਗਲਾਂ ਵਲ ਬਹੁਤਾ ਧਿਆਨ ਨਾ ਦੇਂਦਾ ।
ਕੇਹਰੂ ਵੀ ਕਈ ਵਾਰੀ ਹਾਰ ਜਾਂਦਾ । ਮਾਧੋ ਉਹਦੀਆਂ ਅੱਖਾਂ ਬੰਨ੍ਹਦਾ । ਪਰ ਕੇਹਰੂ ਆਪਣੇ ਹਾਰਨ ਦੀਆਂ ਅਜਿਹੀਆਂ ਦਲੀਲਾਂ ਦਿੰਦਾ ਕਿ ਹਾਰ ਟਪਲੇ ਦੀ ਹਾਰ ਜਾਪਦੀ । ਉਹਦਾ ਹਾਰਨਾ ਵੀ ਮਾਧੋ ਨੂੰ ਜਿੱਤ ਦੇ ਬਰਾਬਰ ਹੀ ਭਾਸਦਾ ।
ਖ਼ੈਰ ! ਕੁਝ ਵੀ ਹੋਵੇ, ਉਹ ਦੋਵੇਂ ਵਰ੍ਹਿਆਂ ਬਧੀ ਖੇਡਦੇ ਗਏ । ਹੋਰ ਕਿਸੇ ਨਾਲ ਨਹੀਂ, ਦੋਵੇਂ ਆਪੋ ਵਿੱਚ । ਜੇ ਕਿਧਰੇ ਇਕ ਬੀਮਾਰ ਹੁੰਦਾ ਤਾਂ ਦੂਸਰਾ ਓਦਣ ਗੀਟੇ ਛੁਹੰਦਾ ਤਕ ਨਾ ।
ਖੇਡ ਭਾਵੇਂ ਸਾਦੀ ਜਿਹੀ ਸੀ, ਪਰ ਉਹਨਾਂ ਦੋਵਾਂ ਦੀ ਜ਼ਿੰਦਗੀ ਏਸ ਮਲ ਰਖੀ ਸੀ । ਏਸ ਖੇਡ ਉਤੋਂ ਕਈ ਵਾਰੀ ਉਹਨਾਂ ਵਿਚ ਵਖੜਾਂਦ ਵਧਿਆ, ਝਗੜੇ ਹੋਏ, ਮਾਰ ਕੁਟਾਈ ਤਕ ਦੀ ਗਲ ਆ ਪੁੱਜੀ ।
"ਆਹ ਗੀਟਾ ਹਿਲ ਗਿਆ" ਮਾਧੋ ਪਬਾਂ ਪਰਨੇ ਬੈਠਾ ਉੱਚੀ ਸਾਰੀ ਕਹਿੰਦਾ ।
"ਕਿਥੇ ਹਿਲਿਆ..." ਕੇਹਰੂ ਗੀਟੇ ਮੁੱਠ ਵਿੱਚ ਪਿੱਛੇ ਕਰਕੇ ਆਖਦਾ ।
ਇਉਂ ਬੋਲਦੇ ਤਕ ਅਨੇਕਾਂ ਵਾਗੀ ਮੁੰਡੇ ਉਹਨਾਂ ਦੁਆਲੇ ਤਮਾਸ਼ਾ ਵੇਖਣ ਨੂੰ ਜੁੜ ਜਾਂਦੇ ।
"ਤੂੰ ਰੋਂਦਾ ਕਿਉਂ ਏਂ, ਹੁਣ ਪੁਟਣ ਲਗੇ ਦੀ ਉਂਗਲ ਨਾਲ ਹਿਲਿਆ ਨਹੀਂ ਉਹ ਗੀਟਾ ।"
"ਅੱਖਾਂ ਦੇ ਨਹੁੰ ਤਾਂ ਲੁਹਾ ਪਹਿਲਾਂ" ਕੇਹਰੂ ਗੁੱਸੇ ਵਿੱਚ ਆ ਜਾਂਦਾ ਤੇ ਮਾਧੋ ਵਲ ਆਕੜ ਕੇ ਮੁੱਕਾ ਚੁਕਦਾ, ਪਰ ਮਾਧੋ ਮੁਕਾ ਬੋਚ ਲੈਂਦਾ, ਕੇਹਰੂ ਦੂਜੇ ਹਥ ਦੀ ਚਪੇੜ ਕਢ ਮਾਰਦਾ । ਮਾਧੋ ਕੋਲੋਂ ਵੀ ਢਿਲ ਨਾ ਗੁਜ਼ਰਦੀ, ਉਹ ਖਲੋਤਾ ਕੇਹਰੂ ਨੂੰ ਲੱਤਾਂ ਮਾਰਨ ਲਗ ਜਾਂਦਾ । ਮੁੰਡੇ ਉਹਨਾਂ ਲੜਿਦਆਂ ਨੂੰ ਛੁਡਾਉਂਦੇ । ਇਨੇ ਵਿੱਚ ਇਕ ਦੂਜੇ ਦੇ ਵਾਲ ਨੱਪੇ ਜਾਂਦੇ । ਮਾਧੋ ਰਤਾ ਮਾੜਾ ਸੀ । ਉਹਨੂੰ ਮਾਰ ਵਧੇਰੇ ਪੈਣ ਕਰਕੇ ਰੋਂਦਾ ਰੋਂਦਾ ਡੰਗਰਾਂ ਵਲ ਟੁਰ ਪੈਂਦਾ । ਨਾਲੇ ਆਖਦਾ ਜਾਂਦਾ, 'ਮੈਨੂੰ ਹਰਾਣ ਖ਼ਾਤਰ ਰੋਣ ਪਾ ਬਹਿੰਦਾ ਏ...ਤੂੰ ਵੀ ਤੇ ਕਦੇ ਹਾਰੇਂਗਾ ਹੀ ਨਾ ।'
"ਹਾਂ ਹਾਰਾਂਗਾ ਤੇਰੇ ਕੋਲੋਂ..." ਕੇਹਰੂ ਉਥੇ ਖਲੋਤਾ ਲਟੂਰੀਆਂ ਦਾ ਜੂੜਾ ਬਣਾ ਕੇ ਪਗ ਵਲ੍ਹੇਟ ਕੇ ਉਧਰ ਨੂੰ ਟੁਰ ਪੈਂਦਾ ।
ਆਥਣ ਹੋ ਜਾਂਦੀ ਸਾਰੇ ਵਾਗੀ ਘਰੀਂ ਮੁੜ ਚੁਕੇ ਹੁੰਦੇ । ਖੇਡ ਵਿੱਚ ਸਮਾਂ ਗੁਆਣ ਕਰਕੇ ਕੇਹਰੂ ਤੇ ਮਾਧੋ ਦੇ ਡੰਗਰ ਕਿਤੇ ਦੇ ਕਿਤੇ ਨਿਕਲ ਜਾਂਦੇ । ਉਹ ਟੋਲਣ ਦੌੜਦੇ, ਦੂਰ ਕਿਸੇ ਪੈਲੀ ਵਿੱਚ ਮਝਾਂ ਚਰਦੀਆਂ ਦਿਖਾਈ ਦਿੰਦੀਆਂ ।ਦੋਵੇਂ ਸਹਿਮ ਜਾਂਦੇ ਕਿ ਕਿਧਰੇ ਜੱਟ ਵੇਖ ਨਾ ਲਵੇ ਤੇ ਹੱਫੇ ਡੰਗਰਾਂ ਨੂੰ ਉਥੋਂ ਛੇੜ ਕੇ ਘਰ ਮੁੜ ਪੈਂਦੇ । ਲੜਾਈ ਝਗੜਾ ਕਰਕੇ ਇਕ ਦੂਜੇ ਨਾਲ ਨਾ ਬੋਲਦੇ ।
ਕਈ ਕਈ ਦਿਨ ਉਹਨਾਂ ਨੂੰ ਅਣਬੋਲਿਆਂ ਹੀ ਬੀਤ ਜਾਂਦੇ । ਹਾਂ ਸਵੇਰੇ ਉਠ ਕੇ ਇਕ ਦੂਜੇ ਦੇ ਘਰ ਵਲ ਤਕਦੇ ਰਹਿੰਦੇ ਕਿ ਦੂਜੇ ਦੀਆਂ ਮਝਾਂ ਚੁਗਣ ਲਈ ਖੁਲ੍ਹੀਆਂ ਨੇ ਕਿ ਨਹੀਂ । ਜਦੋਂ ਇਕ ਦੇ ਡੰਗਰ ਨਿਕਲਦੇ ਦੂਜਾ ਵੀ ਓਦੋਂ ਹੀ ਛਡਦਾ । ਛੱਪੜ ਤੋਂ ਪਾਣੀ ਡਾਹ ਕੇ ਇਕੱਠੇ ਹੀ ਚਰਾਂਦ ਵਲ ਲਿਜਾਂਦੇ । ਇਕ ਦੂਜੇ ਦੇ ਕੋਲ ਰਹਿੰਦੇ, ਪਰ ਬੁਲਾਉਂਦਾ ਕੋਈ ਕਿਸੇ ਨੂੰ ਨਾ ।
ਇਕ ਕਿਸੇ ਝਾੜ ਦੀ ਛਾਵੇਂ ਬਹਿ ਜਾਂਦਾ ਤੇ ਦੂਜਾ ਵੀ ਉਥੇ ਹੀ ਦੂਜੇ ਪਾਸੇ ਮੂੰਹ ਕਰਕੇ ਖਲੋ ਜਾਂਦਾ । ਇਕ ਦੂਜੇ ਵਲ ਟੇਢੀਆਂ ਨਿਗਾਹਾਂ ਨਾਲ ਵੇਖਦੇ ਰਹਿੰਦੇ ।ਇਉਂ ਆਪਣੇ ਆਪ ਨੂੰ ਰਖਣਾ ਚਾਹੁੰਦੇ, ਜਿਵੇਂ ਉਹਨਾਂ ਨੂੰ ਆਪਸ ਵਿੱਚ ਬੋਲਣ ਦੀ ਚਾਹ ਹੀ ਨਹੀਂ ਹੁੰਦੀ, ਫੇਰ ਵੀ ਪਹਿਲਾਂ ਬੈਠਣ ਵਾਲਾ ਆਖਦਾ :
"ਤੂੰ ਇਥੇ ਕਿਉੱ ਆਇਆ ਏਂ ਮੇਰੇ ਕੋਲ..."
"ਇਹ ਤੇਰੀ ਧਰਤੀ ਏ ?" ਦੂਜਾ ਖਲੋਤਾ ਉੱਤਰ ਦਿੰਦਾ ।
"ਤੂੰ ਹੋਰ ਥਾਂ ਜਾ ਖਲੋ ਮੇਰੇ ਕੋਲੋਂ..."
"ਨਹੀਂ ਜਾਂਦਾ" ਏਨੇ ਨੂੰ ਇਕ ਦੂਜੇ ਵਲ ਝਾਕਦੇ ਮੁਸਕਰਾ ਪੈਂਦੇ । ਦੋ ਚਾਰ ਗਲਾਂ ਕਰਕੇ ਖੁਲ੍ਹ ਕੇ ਹਸ ਪੈਂਦੇ । ਮੁੜ ਜਫੀਆਂ ਪੈ ਜਾਂਦੀਆਂ, ਗੀਟੇ ਖੀਸਿਆਂ ਚੋਂ ਕਢ ਲੈਂਦੇ । ਮੁੜ ਉਹ ਬੋਚਾ ਬਾਚੀ ਤੇ ਹਾਰ ਜਿੱਤ ਦੇ ਸਿਲਸਿਲੇ ।
ਕੇਹਰੂ ਤੇ ਮਾਧੋ ਦੋਹਾਂ ਦੀਆਂ ਜ਼ਮੀਨਾਂ ਵਿਚਕਾਰ ਇਕ ਵੱਟ ਸੀ । ਉਰਲੇ ਪਾਸੇ ਕੇਹਰੂ ਦੀ ਤੇ ਪਰਲੇ ਪਾਸੇ ਮਾਧੋ ਹੋਰਾਂ ਦੀ ਜ਼ਮੀਨ ਸੀ । ਦੋ ਵਰ੍ਹੇ ਪਹਿਲਾਂ ਮਾਧੋ ਤੇ ਕੇਹਰੂ ਨੇ ਕਿਸੇ ਅੰਬ ਦੀ ਗਾਚੀ ਲਾਹ ਕੇ ਆਪਣੇ ਖੇਤਾਂ ਦੇ ਵਿਚਕਾਰਲੇ ਵੱਟ ਉਤੇ ਲਿਆ ਗੱਡੀ । ਮੀਂਹ ਉਸ ਵਰ੍ਹੇ ਚੰਗੇ ਵਰ੍ਹੇ । ਬੂਟੇ ਸੋਕਾ ਉੱਕਾ ਨਾ ਖਾਧਾ । ਖੇਤਾਂ ਦੀਆਂ ਨਿਕੀਆਂ ਚਿੜੀਆਂ ਉਹਦੇ ਉਤੇ ਫੁਟਕਦੀਆਂ ਰਹਿੰਦੀਆਂ । ਕੇਹਰੂ ਤੇ ਮਾਧੋ ਮੱਝਾਂ ਚਰਦੀਆਂ ਛੱਡ ਕੇ ਬੂਟੇ ਵਲ ਤੱਕਦੇ । ਕੋਈ ਚਾਓ ਜਿਹਾ ਉਹਨਾਂ ਦੀਆਂ ਨੱਸਾਂ ਵਿੱਚ ਹੁਲਸ ਆਉਂਦਾ । ਕਾਲੀਆਂ ਘਟਾਂ ਜਦ ਚੜ੍ਹਦੀਆਂ, ਤਾਂ ਦੋਵੇਂ ਅੰਬ ਦੁਆਲੇ ਬੇਲਾ ਬਣਾਉਂਦੇ, ਤਾਂ ਜੋ ਬਰਸਾਤੀ ਡਿਗਿਆ ਪਾਣੀ ਉਹਦੀਆਂ ਜੜ੍ਹਾਂ ਵਿਚ ਖਲੋਤਾ ਰਹੇ । ਉਹਦੇ ਪਤਲੇ ਮੁਢ ਦੁਆਲੇ ਮਿੱਟੀ ਚੜ੍ਹਾਉਂਦੇ, ਤਾਂ ਜੋ ਝੱਖੜ ਉਹਨੂੰ ਹਿਲਾ ਨਾ ਘਤੇ । ਛਾਪਿਆਂ ਦੀ ਸੰਘਣੀ ਵਾੜ ਉਹਦੇ ਦੁਆਲੇ ਗੱਡੀ ਰਹਿੰਦੀ ।
"ਇਹਨੂੰ ਦੋ ਵਰ੍ਹੇ ਤਕ ਬੂਰ ਪੈ ਜਾਵੇਗਾ ।" ਕੇਹਰੂ ਨੇ ਸਹਿਜ ਸੁਭਾ ਆਖਿਆ ।
"ਹਾਂ, ਜੇ ਇਉਂ ਹੀ ਘਟਾਂ ਚੜ੍ਹਦੀਆਂ ਰਹੀਆਂ ਤੇ ਝਖੜਾਂ ਤੋਂ ਬਚਿਆ ਰਿਹਾ ।" ਮਾਧੋ ਦਾ ਮੂੰਹ ਗੰਭੀਰ ਹੋ ਗਿਆ ।
"ਝੱਖੜ ਚੋਖਾ ਨੁਕਸਾਨ ਕਰ ਦਿੰਦੇ ਹੋਣਗੇ ।"
"ਝਖੜ ਤੇ ਜੜ੍ਹੋਂ ਪੁਟ ਘਤਦੇ ਨੇ ਵਡੇ ਵਡੇ ਮੁਦਤਾਂ ਦੇ ਲਗੇ ਦਰਖਤਾਂ ਨੂੰ…।" ਮਾਧੋ ਨੇ ਲੰਮਾ ਸਾਹ ਲੈਂਦਿਆਂ ਆਖਿਆ ।
ਮੁੜ ਉਹ ਚੁਪ ਚਾਪ ਜਿਹੇ ਬੈਠ ਗਏ । ਉਹਨਾਂ ਦੀਆਂ ਅੱਖਾ ਵਿਚ ਆਪਣੀ ਖੇਡ ਘੁੰਮਣ ਲਗ ਪਈ...ਹਾਰ...ਜਿੱਤ । ਦੋਵੇਂ ਵਗਾਂ ਵਲ ਉਠ ਤੁਰੇ, ਜਿਹੜੇ ਥੇਹ ਉਤੇ ਜਾ ਚੜ੍ਹੇ ਸਨ ।
ਇਹ ਇਕ ਪੁਰਾਣਾ ਥੇਹ ਸੀ । ਇਸ ਉਂਤੇ ਪੁਰਾਣੇ ਸਮੇਂ ਦੀਆਂ ਠੀਕਰੀਆਂ ਬੇ-ਬਸੀ ਦੇ ਹੰਝੂਆਂ ਵਾਂਗ ਖਿਲਰੀਆਂ ਪਈਆਂ ਸਨ । ਕਿਸੇ ਪਾਸੇ ਟੋਏ, ਕਿਧਰੇ ਨਾਨਕ-ਸ਼ਾਹੀ ਖੁਰੀਆਂ ਹੋਈਆਂ ਇੱਟਾਂ, ਸਪਾਂ ਦੀਆਂ ਖੁੱਡਾਂ ਤੇ ਸੁੱਕੇ ਟੁੱਟੇ ਪੁਰਾਣੇ ਬ੍ਰਿਛ ਮੁਰਦਿਆਂ ਦੇ ਪਿੰਜਰਾਂ ਵਾਂਗ ਉਤੇ ਖਲੋਤੇ ਸਨ । ਕਿਸੇ ਪੰਛੀ ਦਾ ਇਨ੍ਹਾਂ ਦਰਖ਼ਤਾਂ ਉਤੇ ਆਲ੍ਹਣਾ ਨਹੀਂ ਸੀ ਦਿਸਦਾ । ਪਰ ਇਨ੍ਹਾਂ ਦੇ ਬੋਦੇ, ਪੋਲੇ ਮੁੱਢਾਂ ਵਿੱਚ ਉੱਲੂ, ਚਮਗਾਦੜ ਤੇ ਫ਼ਨੀਅਰ ਨਾਗ ਰਹਿੰਦੇ ਸਨ । ਕੇਹਰੂ ਤੇ ਮਾਧੋ ਨੇ ਇਥੋਂ ਹੀ ਪੁਰਾਣੇ ਪੱਥਰਾਂ ਦੇ ਟੁਕੜੇ ਚੁਰਾ ਕੇ ਗੀਟੇ ਘਸਾਏ ਸਨ ।
ਹੁਣ ਦੋਹਾਂ ਗੀਟੇ ਖੇਡਣੇ ਸ਼ੁਰੂ ਕਰ ਦਿਤੇ । ਕੇਹਰੂ ਦੀ ਬਾਜ਼ੀ ਮੁੜ ਚੜ੍ਹਦੀ ਗਈ । ਕਦੇ ਮਾਧੋ ਵੀ ਉਹਦੇ ਬਰਾਬਰ ਹੀ ਪੁੱਜ ਜਾਂਦਾ । ਬੜੀ ਵਾਰੀ ਉਹ ਜਿੱਤਦਾ, ਪਰ ਕੇਹਰੂ ਅਗੇ ਜੇਤੂ ਹੁੰਦਿਆਂ ਹੋਇਆਂ, ਉਹਦੀ ਕੋਈ ਵਾਹ ਨਾ ਜਾਂਦੀ । ਓੜਕ ਉਹ ਹਾਰ ਖਾਣ ਲਗਦਾ, ਪਰ ਕੇਹਰੂ ਆਖਦਾ ।
"ਪਤਾ ਜੇ ਇਹ ਥੇਹ ਕੀਹਦਾ ਈ ?"
ਮਾਧੋ ਕੇਹਰੂ ਦਾ ਤਾਹਨਾ ਸਮਝ ਕੇ ਚੁਪ ਚਾਪ ਖੇਡਦਾ ਰਹਿੰਦਾ ।
"ਇਹ ਘਲੌਟੀ ਰਾਏ ਦਾ ਥੇਹ ਹੈ, ਘਲੌਟੀ ਰਾਏ," ਕੇਹਰੂ ਰਤਾ ਬੋਲਾਂ ਵਿੱਚ ਤਖਿਆਈ ਭਰਕੇ ਕਹਿੰਦਾ ।
"ਮੁੜ ਕੀ ਹੋਇਆ ?"
"ਉਹ ਕਦੇ ਹਾਰਿਆ ਨਹੀਂ ਸੀ ਕਿਸੇ ਕੋਲੋਂ.........ਤੂੰ ਮੈਨੂੰ ਘਲੌਟੀ ਰਾਏ ਸਮਝ ਛਡ ਖਾਂ ।" ਕੇਹਰੂ ਨੇ ਹੱਸ ਕੇ ਆਖਿਆ ।
ਮਾਧੋ ਨੇ ਰਤਾ ਖੇਡੋਂ ਰੁਕ ਕੇ ਕੇਹਰੂ ਦੇ ਮੂੰਹ ਵਲ ਤਕਿਆ ਤੇ ਆਖਿਆ :-
"ਰਾਣਾ ਬਿਕਰਮ ਨੂੰ ਭੁੱਲ ਗਿਆ ਹੋਵੇਗਾ.........ਵਡਾ ਘਲੌਂਟੀ ਰਾਏ ।"
"ਉਹ ਕਿਤੇ ਜਿੱਤ ਗਿਆ ਹੋਵੇਗਾ ਤਕਦੀਰੀ ਮਾਮਲਾ । ਘਲੌਟੀ ਰਾਏ ਅਨੇਕਾਂ ਵਾਰ ਜਿੱਤਦਾ ਰਿਹਾ, ਅਖ਼ੀਰ ਬਿਕਰਮ ਇਕ ਵਾਰ ਜਿੱਤ ਗਿਆ ਤਾਂ ਕੀ ਹੋਇਆ ?"
"ਪਰ ਬਿਕਰਮ ਦੀ ਇਕ ਵਾਰ ਦੀ ਜਿੱਤ ਨੇ ਘਲੌਟੀ ਰਾਏ ਨੂੰ ਉਠਣ ਜੋਗਾ ਨਹੀਂ ਸੀ ਛਡਿਆ......ਪਤਾ ਈ ।"
"ਚਲ ਯਾਰ ਤੂੰ ਵੀ ਬਿਕਰਮ ਬਣ ਕੇ ਲਾ ਲੈ ਜ਼ੋਰ……" ਕੇਹਰੂ ਨੇ ਖੇਡ ਗਰਮ ਕੀਤੀ ।
"ਚੰਗਾ" ਤੇ ਮਾਧੋ ਵੀ ਪਹਿਲਾਂ ਨਾਲੋਂ ਵਧੇਰੇ ਜ਼ੋਰ ਨਾਲ ਖੇਡਣ ਲਗ ਪਿਆ ।
ਚੜ੍ਹੇ ਦਿਨ ਉਹਨਾਂ ਦਾ ਇਹੋ ਧੰਦਾ ਰਹਿੰਦਾ । ਮੱਝਾਂ ਖੋਹਲਣੀਆਂ, ਆਪਣੇ ਲਾਏ ਅੰਬ ਨੂੰ ਪਾਣੀ ਦੇਣਾ ਤੋ ਘਲੌਟੀ ਰਾਏ ਦੇ ਥੇਹ ਤੇ ਜੰਮ ਜਾਣਾ ।
ਬਚਪਨ, ਜਵਾਨੀ ਤੇ ਬੁਢੇਪਾ ਇਹਨਾਂ ਤਿੰਨਾਂ ਵਿੱਚ ਫਰਕ ਹੈ । ਇਹਨਾਂ ਤਿੰਨਾਂ ਦੇ ਸੁਪਨੇ ਹੋਰ ਹੋਰ । ਖੇਡਾਂ ਵਖੋ ਵਖਰੀਆਂ, ਸੁਆਦ ਵਖੋ ਵੱਖ । ਪਰ ਕੇਹਰੂ ਤੇ ਮਾਧੋ ਜਿਵੇਂ ਸਾਰੀ ਉਮਰ ਬੱਚੇ ਹੀ ਰਹੇ । ਉਹਨਾਂ ਦੇ ਮਾਪੇ ਮਰ ਚੁਕੇ ਸਨ । ਤੇ ਕਈ ਤਰ੍ਹਾਂ ਦੇ ਫਿਕਰਾਂ ਨੇ ਉਹਨਾਂ ਦੀ ਜ਼ਿੰਦਗੀ ਮਲ ਲਈ ਹੋਈ ਸੀ । ਪਰ ਓਹ ਓਵੇਂ ਹੀ ਮੱਝਾਂ ਚਾਰਦੇ ਤੇ ਗੀਟੇ ਖੇਡਦੇ ਰਹੇ । ਲੋਕੀ ਹਸਦੇ ਉਨ੍ਹਾਂ ਨੂੰ ਝੱਲੇ ਤੇ ਮਖੱਟੂ ਆਖਦੇ । ਗਾਲ੍ਹਾਂ ਤਕ ਉਹਨਾਂ ਨੂੰ ਕਢਦੇ । ਪਰ ਉਹ ਸਭ ਸੁਣਿਆ ਅਣਸੁਣਿਆ ਕਰ ਛਡਦੇ । ਮਾਸਾ ਭਰ ਵੀ ਵੱਟ ਮਥੇ ਨਾ ਪਾਉਂਦੇ ।
ਉਹਨਾਂ ਦੇ ਲਾਏ ਅੰਬ ਦਾ ਖਲਾਰ ਤਕ ਕੇ ਅੱਖਾਂ ਪਾਟਦੀਆਂ ਸਨ । ਮਣਾਂ ਮੂੰਹੀਂ ਅੰਬ ਹਰ ਵਰ੍ਹੇ ਉਹਦੀਆਂ ਟਹਿਣੀਆਂ ਨੂੰ ਧਰਤੀ ਨਾਲ ਜੋੜ ਦਿੰਦੇ । ਉਹਨਾਂ ਕਦੇ ਉਹ ਠੇਕੇ ਤੇ ਨਹੀਂ ਸੀ ਚਾੜ੍ਹਿਆ । ਕੁਝ ਤੇ ਆਪੀਂ ਖਾਂਦੇ, ਕੁਝ ਪਿੰਡ ਦੇ ਕਮੀਣ ਕੰਦੂਆਂ ਵਿੱਚ ਵੰਡ ਦਿੰਦੇ । ਕਦੇ ਕਿਸੇ ਨੂੰ ਅੰਬ ਤੋੜਨੋ ਉਹਨਾਂ ਨਹੀਂ ਸੀ ਵਰਜਿਆ ।
ਘਲੌਟੀ ਰਾਏ ਦੇ ਥੇਹ ਤੇ ਉਹਨਾਂ ਸਾਰੀ ਜਵਾਨੀ ਖੇਡੀ । ਹੁਣ ਭਾਵੇਂ ਉਹਨਾਂ ਦੀਆਂ ਦਾੜ੍ਹੀਆਂ ਧੌਲੀਆਂ ਤੇ ਸਿਰ ਚਿੱਟੇ ਹੋ ਗਏ ਸਨ, ਖੇਤੀ ਦਾ ਕੰਮ ਉਹਨਾਂ ਦਿਆਂ ਪੁਤਰਾਂ ਸਾਂਭ ਲਿਆ ਹੋਇਆ ਸੀ, ਪਰ ਉਹ ਓਵੇਂ ਹੀ ਡੰਗਰ ਚਾਰਦੇ ਤੇ ਗੀਟੇ ਖੇਡਦੇ ਰਹੇ । ਉਹੋ ਜਿੱਤ ਹਾਰ, ਜੂਤ ਪਟਾਂਗ, ਦਾੜ੍ਹੀਆਂ ਫੜੀਆਂ ਜਾਂਦੀਆਂ ਧੋਤੀਆਂ ਪਾਟ ਜਾਂਦੀਆਂ, ਓਵੇਂ ਹੀ ਰੁਸੇਵੇਂ, ਪਰ ਹੁਣ ਕੇਹਰੂ ਆਪਣੀ ਜਿੱਤ ਨੂੰ ਓਨੀ ਕਰੜੀ ਤਰ੍ਹਾਂ ਦਿਲ ਵਿੱਚ ਰਖਦਾ ਹੋਇਆ ਵੀ ਕੁਝ ਹੋਰ ਜਿਹਾ ਰਹਿੰਦਾ ।
ਜਿੰਨ੍ਹੀ ਦਿਨੀਂ ਕੇਹਰੂ ਮਾਧੋ ਨਾਲ ਲੜ ਕੇ ਨਾ ਬੋਲਦਾ, ਉਨ੍ਹੀਂ ਦਿਨੀਂ ਉਹ ਕੱਲਾ ਹੀ ਡੰਗਰ ਲੈ ਕੇ ਜਾਂਦਾ । ਥੇਹ ਤੇ ਖਲੋਤੇ ਕਿਸੇ ਸੁੱਕੇ ਦਰਖ਼ਤ ਨਾਲ ਢੋਹ ਲਾ ਕੇ ਬਹਿ ਜਾਂਦਾ । ਆਲੇ ਦੁਆਲੇ ਦੇ ਖੰਡਰ ਖੋਲਿਆਂ ਦੀ ਸੁੰਨਸਾਨ ਇਕ ਝੁਣਝੁਣੀ ਉਹਦੇ ਅੰਦਰ ਛੇੜ ਦਿੰਦੀ । ਬੜੀਆਂ ਬੜੀਆਂ ਵੀਰਾਨ ਖੱਡਾਂ ਇਧਰ ਉਧਰ ਤੱਕ ਕੇ ਉਹਨੂੰ ਇਉਂ ਭਾਸਦਾ ਜਿਵੇਂ ਕਿ ਇਹ ਟੋਏ ਉਹਦੇ ਅੰਦਰ ਪੈਦਾ ਹੋ ਗਏ ਹਨ । ਪਰ੍ਹੇ ਜਿਹੇ ਫਿਰਦੇ ਰੁਸੇ ਹੋਏ ਮਾਧੋ ਵਲ ੳੁਹ ਘੜੀ ਮੁੜੀ ਵੇਖਦਾ ਮਾਧੋ ਤੋਂ ਵੀ ਨਾ ਰਿਹਾ ਜਾਂਦਾ । ਉਹ ਵੀ ਕੋਲ ਕੋਲ ਹੁੰਦਾ ਕੇਹਰੂ ਦੇ, ਕਿ ਉਹ ਉਹਨੂੰ ਕਿਵੇਂ ਬੁਲਾ ਲਵੇ । ਕੇਹਰੂ ਜਾਣ ਕੇ ਕੰਡ ਭੁਆ ਲੈਂਦਾ । ਓੜਕ ਮਾਧੋ ਨੂੰ ਹੀ ਬੋਲਣਾ ਪੈਂਦਾ।
"ਚੰਗਾ ਯਾਰ, ਮੈਂ ਹਾਰਿਆ ਤੂੰ ਜਿਤਿਆ ਹੀ ਸਹੀ ।"
ਏਨੇ ਨੂੰ ਕੇਹਰੂ ਦੀ ਆਤਮਾ ਜੀਭ ਤੇ ਆ ਖਲੋਂਦੀ ।
"ਨਹੀਂ, ਜਿੱਤ ਹਾਰ ਦੀ ਤੇ ਕੋਈ ਗੱਲ ਨਹੀਂ, ਮਾਧੋ ਆ ਬਹਿ ਜਾ ।"
ਦੋਵੇਂ ਜੁੜ ਕੇ ਨਿਘ ਮਹਿਸੂਸ ਕਰਦੇ, ਜਿਵੇਂ ਕਈ ਚਿਰਾਂ ਦੇ ਵਿਛੜੇ ਪੰਛੀ ਹੁੰਦੇ ਹਨ। ਉਨ੍ਹਾਂ ਦੇ ਮੂੰਹੋਂ ਕਿਨਾਂ ਚਿਰ ਕੋਈ ਗਲ ਨਾ ਨਿਕਲ ਸਕਦੀ । ਹੌਲੀ ਹੌਲੀ ਜਦੋਂ ਮਨਾਂ ਤੋਂ ਭਾਰ ਲਹਿ ਜਾਂਦਾ, ਉਹ ਉਂਠ ਕੇ ਸਾਹਮਣੇ ਆਪਣੇ ਅੰਬ ਵਲ ਤਕਦੇ ਜਿਥੇ ਕੋਇਲ ਕੂ ਕੂ ਕਰਦੀ ਸੁਣਾਈ ਦਿੰਦੀ । ਆਪੋ ਆਪਣੀਆਂ ਲਾਠੀਆਂ ਦੇ ਸਹਾਰੇ ਦੋਵੇਂ ਖਲੋ ਜਾਂਦੇ । ਬਰਸਾਤ ਦੇ ਬੱਦਲਾਂ ਵਿੱਚ ਡੁਬਦੇ ਸੂਰਜ ਦੀ ਜੋਗੀਆ ਲਾਲੀ ਉਹਨਾਂ ਦੀਆਂ ਅੱਖਾਂ ਵਿੱਚ ਸਰੂਰ ਭਰ ਦਿੰਦੀ । ਚਿੱਟੀਆਂ ਉਲਝੀਆਂ ਦਾੜ੍ਹੀਆਂ ਉਤੇ ਅੱਗ ਰੰਗੀਆਂ ਕਿਰਨਾਂ ਚਮਕ ਉਠਦੀਆਂ । ਦੂਰ ਪਰ੍ਹੇ ਕਪਾਹ ਵਿੱਚ ਘਾਹਿਣਾਂ ਦੀਆਂ ਚੁੰਨੀਂਆਂ ਕਦੇ ਕਦੇ ਉਡਕੇ ਮੁੜ ਅਲੋਪ ਹੋ ਜਾਂਦੀਆਂ ਸਨ । ਇਕ ਹੁਲਾਰਾ ਜਿਹਾ ਦੋਹਾਂ ਦੇ ਮਨਾਂ ਨੂੰ ਪੀਂਘ ਵਾਂਗ ਹਲੂਣ ਦਿੰਦਾ ਤੇ ਉਹ ਗਾਉਣ ਲਗ ਪੈਂਦੇ :-
"ਕਾਹਨੂੰ ਫਿਰਨੀਂ ਏਂ ਵੱਟਾਂ ਤੇ ਵਲ ਖਾਂਦੀ,
ਨੀ ਚੁੰਨੀ ਲੈ ਕੇ ਅੰਬ ਰਸੀਆ ।"
"ਸਾਡੇ ਝਾੜ ਨਾ ਕਪਾਹ ਤੇ ਫੁੱਲ ਪੈਂਦੇ,
ਨੀਂ ਜੋਗੀਆ ਦੁਪੱਟੇ ਵਾਲੀਏ ।"
ਕੋਈ ਘਾਹਿਣ ਨਾ ਇਨ੍ਹਾਂ ਦੇ ਗੀਤਾਂ ਦਾ ਗੁੱਸਾ ਕਰਦੀ । ਸਗੋਂ ਉਹ ਬੁਢਿਆਂ ਦੇ ਮੂੰਹੋਂ ਬੋਲੀਆਂ ਸੁਣਕੇ ਹਸ ਪੈਂਦੀਆਂ । ਅੰਬ ਉਤੇ ਕੋਇਲ ਦੀ ਕੂ ਕੂ ਫ਼ਿਜ਼ਾ ਗੂੰਜਾ ਦਿੰਦੀ । ਥੇਹ ਉਤੇ ਉਹ ਮਸਤ ਖਲੋਤੇ ਇਉਂ ਜਾਪਦੇ, ਜਿਵੇਂ ਖੰਡਰਾਂ ਵਿੱਚੋਂ ਕੋਈ ਸੁਤੀਆਂ ਰੂਹਾਂ ਜਾਗ ਉਠੀਆਂ ਹੋਣ । ਫੇਰ ਗਾਉਂਦੇ, "ਯਾਰੀ ਲਾਈਏ ਤੇ ਤੋੜ ਨਿਭਾਈਏ..." ਇਥੇ ਉਹਨਾਂ ਦਾ ਤਾਨ ਟੁਟਦਾ ।
ਇਹਨਾਂ ਦੇ ਮੁੰਡਿਆਂ ਨੇ ਜਦ ਤੋਂ ਖੇਤੀ ਸਾਂਭੀ ਸੀ......ਪਹਿਲੇ ਪਹਿਲ ਤਾਂ ਉਨ੍ਹਾਂ ਭਿਆਲੀ ਪਾਈ ਸੀ । ਦੁਹਾਂ ਨੇ ਕਣਕ ਦੇ ਕੱਠੇ ਗਰੇ ਲਾਏ ।ਇਕੋ ਪਿੜ ਕੱਠੀ ਗਾਹੀ । ਬੋਹਲ ਕੱਠਾ ਲਾਉਂਦੇ ਤੇ ਕਮਾਦ ਵੀ ਕਠਾ ਹੀ ਪੀੜਦੇ । ਉਹ ਵੀ ਆਪਣੇ ਪਿਓਆਂ ਦੇ ਪੂਰਨਿਆਂ ਤੇ ਚਲਣ ਦਾ ਯਤਨ ਕਰਦੇ ਪਰ ਇਹ ਮੁੰਡਿਆਂ ਦੀ ਨੀਂਹ ਥਲਿਓਂ ਕੁਝ ਹਿੱਲੀ ਹਿੱਲੀ ਸੀ । ਗੱਲੇ ਗੱਲੇ ਸ਼ੱਕ ਤਾਂ ਇਕ ਦੂਜੇ ਤੇ ਉਹ ਪਹਿਲਾਂ ਵੀ ਕਰਦੇ, ਪਰ ਪਰਗਟ ਨਹੀਂ ਸੀ ਹੋਣ ਦਿੰਦੇ । ਹੁਣ ਤਾਂ ਇਹੋ ਜਿਹੀਆਂ ਗਲਾਂ ਮੂੰਹਂ ਦੂੰਹੀਂ ਹੋਣ ਲਗ ਪਈਆਂ ਸਨ । ਕਣਕ ਵੰਡਣ ਵੇਲੇ ਸ਼ੱਕ, ਆਪਣੇ ਕਮਾਦ ਪੀੜਨ ਵੇਲੇ ਝਗੜਾ । ਸਾਂਝੀਆਂ ਵੱਟਾਂ ਵਾਹ ਕੇ ਕਦੀ ਉਹ ਆਪਣੇ ਖੇਤ ਵਿੱਚ ਰਲਾ ਲੈਂਦੇ, ਕਦੀ ਉਹ । ਬੜੀ ਖਿੱਚੋਤਾਣ ਰਹਿਣ ਲਗੀ । ਕੇਹਹੂ ਦਾ ਮੁੰਡਾ ਕੁਝ ਤਬੀਅਤ ਦਾ ਅਥਰਾ ਸੀ । ਇਕ ਰਾਤ ਰੋਟੀ ਖਾਣ ਪਿਛੋਂ ਉਸ ਆਪਣੇ ਪਿਓ ਨੂੰ ਕਿਹਾ :-
"ਬਾਪੂ, ਮਾਧੋ ਹੁਰੀਂ ਠੀਕ ਨਹੀਂ ਪਏ ਕਰਦੇ...।"
ਕੇਹਰੂ ਹਲੂਣਾ ਜਿਹਾ ਖਾ ਕੇ ਉਠ ਬੈਠਾ ।
"ਕੀ ਆਖਿਆ ਨੇ ?" ਉਸ ਮੰਜੀ ਤੇ ਬਾਂਹ ਦਾ ਸਰ੍ਹਾਣਾ ਦੇ ਕੇ ਬੈਠੇ ਨੇ ਪੁਛਿਆ, 'ਅੰਬ ਦੀ ਗਲ ਆ ।"
ਕੇਹਰੂ ਦੀਆਂ ਅਖਾਂ ਵਿਚ ਇਕ ਤੇਜ਼ੀ ਜਿਹੀ ਭੌਂ ਗਈ ਪਲ ਕੁ ਲਈ ਉਹ ਚੁੱਪ ਜਿਹਾ ਬੈਠ ਰਿਹਾ ।
"ਅੰਬ, ਕੀ ਹੋਇਆ ਅੰਬ ਨੂੰ ?" ਕਾਹਲੀ ਨਾਲ ਉਹ ਬੋਲਿਆ ।
"ਉਹ ਸਾਡੀ ਪੈਲੀ ਵਿਚ ਆ ।"
"ਨਹੀਂ…ਨਹੀਂ…ਨਹੀਂ …" ਕਈ ਵਾਰੀ ਇਹ ਅੱਖਰ ਉਹਦੇ ਮੂੰਹੋਂ ਨਿਕਲਦੇ ਰਹੇ ।
"ਨਹੀਂ, ਕਿਉਂ ਨਹੀਂ" ਮੁੰਡਾ ਫੇਰ ਬੋਲਿਆ ।
"ਓਹ ਤੇ ਅਸਾਂ ਵਟ ਤੇ ਗਡਿਆ ਸੀ, ਮੈਂ ਤੇ ਮਾਧੋ ਨੇ……ਉਹ ਸਾਂਝਾ ਹੈ…ਤੂੰ ਚੁਪ ਕਰਕੇ ਸੌਂ ਜਾ ।"
ਫੇਰ ਖ਼ਾਮੋਸ਼ੀ ਨਾਲ ਦੋਵੇਂ ਮੰਜਿਆਂ ਤੇ ਸੌਂ ਗਏ । ਥੋੜ੍ਹੇ ਚਿਰ ਵਿਚ ਹੀ ਮੁੰਡਾ ਤਾਂ ਘੁਰਾੜੇ ਮਾਰਨ ਲਗ ਪਿਆ, ਪਰ ਕੇਹਰੂ ਅਜੇ ਮੰਜੇ ਤੇ ਹਿਲਦਾ ਪਿਆ ਸੀ ।
ਸਵੇਰੇ ਓਵੇਂ ਹੀ ਮੱਝਾਂ ਖੋਲ੍ਹ ਕੇ ਕੇਹਰੂ ਤੇ ਮਾਧੋ ਥੇਹ ਤੇ ਜਾ ਪੁੱਜੇ । ਖੇਡ ਵਿੱਚੋਂ ਕਦੇ ਕਦੇ ਅਜ ਕੇਹਰੂ ਦਾ ਧਿਆਨ ਉਖੜ ਜਾਂਦਾ ਤੇ ਮਾਧੋ ਉਹਦੇ ਮੂੰਹ ਵਲ ਤਕਦਾ ਰਹਿੰਦਾ ।
ਤੀਜੇ ਚੌਥੇ ਦਿਨ ਹੀ ਪਿੰਡ ਵਿਚ ਘੋਰ ਮਸੋਰੀਆਂ ਹੋਣ ਲਗ ਪਈਆਂ ਕਿ ਕੇਹਰੂ ਤੇ ਮਾਧੋ ਦੇ ਮੁੰਡਿਆਂ ਵਿਚ ਅੱਜ ਅੰਬ ਪਿਛੇ ਬੋਲ ਬੁਲਾਰਾ ਹੋ ਗਿਆ ਹੈ । ਕੇਹਰੂ ਦਾ ਮੁੰਡਾ ਵੱਟ ਵਾਹ ਕੇ ਅੰਬ ਨੂੰ ਆਪਣੇ ਖੇਤ ਵਿੱਚ ਕਰ ਲੈਣਾ ਚਾਹੁੰਦਾ ਸੀ । ਪਟਵਾਰੀ ਦੀ ਮਿਣਤੀ ਤੋਂ ਪਤਾ ਲਗਾ ਕਿ ਉਹ ਅੰਬ ਰਤਾ ਹੈ ਵੀ ਕੇਹਰੂ ਦੀ ਭੋਂ ਵਲ ਹੀ । ਪਰ ਮਾਧੋ ਦਾ ਮੁੰਡਾ ਆਖਦਾ ਸੀ ਉਹ ਅੰਬ ਦੋਹਾਂ ਘਰਾਂ ਦਾ ਸਾਂਝਾ ਹੈ । ਕੇਹਰੂ ਤੇ ਮਾਧੋ ਚਿਰਾਂ ਤੋਂ ਇਹ ਆਖਦੇ ਚਲੇ ਆਉਂਦੇ ਸਨ । ਮਾਧੋ ਦਾ ਮੁੰਡਾ ਅੰਬ ਕਿਸੇ ਦੀ ਪੈਲੀ ਵਿਚ ਜਾਣ ਨਹੀਂ ਸੀ ਦੇਣਾ ਚਾਹੁੰਦਾ । ਏਸੇ ਗਲ ਤੇ ਲੜਾਈ ਝਗੜਾ ਹੋਣੇਂ ਮਸੀਂ ਰੁਕਿਆ ।
ਮਾਮਲਾ ਪਿੰਡ ਦੀ ਪੰਚਾਇਤ ਵਿੱਚ ਗਿਆ । ਪੰਚਾਇਤ ਨੇ ਮਾਧੋ ਤੇ ਕੇਹਰੂ ਦੀ ਮਿੱਤਰਤਾ ਦੇ ਆਧਾਰ ਤੇ ਫ਼ੈਸਲਾ ਦਿਤਾ ਕਿ ਉਹ ਅੰਬ ਸਾਂਝਾ ਹੀ ਰਹਿਣਾ ਚਾਹੀਦਾ ਹੈ । ਮਾਧੋ ਤੇ ਕੇਹਰੂ ਦੇ ਆਪਣੇ ਬਿਆਨ ਵੀ ਇਹੋ ਸਨ ।
"ਨਹੀਂ ਬਾਪੂ......" ਕੇਹਰੂ ਦੇ ਪੁੱਤਰ ਨੇ ਰਾਤੀਂ ਫੇਰ ਆਪਣੇ ਬਾਪੂ ਨੂੰ ਆਖਿਆ, "ਉਹ ਅੰਬ ਸਾਡੀ ਪੈਲੀ ਵਿਚ ਹੈ…ਪੰਚਾਇਤ ਕੀ ਲਗਦੀ ਆ ।"
"ਇਉਂ ਨਾ ਆਖ...ਪੰਚਾਇਤ ਨੂੰ…ਮੈਂ ਜੁ ਆਖਦਾ ਹਾਂ ।" ਕੇਹਰੂ ਦੀ ਤਬੀਅਤ ਵਿਚ ਕਾਹਲਾਪਨ ਸੀ ।
"ਤੂੰ ਤਾਂ ਏਦਾਂ ਈ ਸਭ ਕੁਝ ਮਾਧੋ ਨੂੰ ਦੇ ਬਵ੍ਹੇਂਗਾ ।" ਮੁੰਡਾ ਰੋਹ ਵਿੱਚ ਆ ਗਿਆ, "ਪਟਵਾਰੀ ਝੂਠ ਆਖਦਾ ਹੈ ?"
"ਪਰ-....."
"ਪਰ ਪੁਰ ਮੈਂ ਨਹੀਓਂ ਜਾਣਦਾ..….ਭਲਕੇ ਤਸੀਲਦਾਰ ਦੇ ਅਰਜ਼ੀ ਦੇਹ ।" ਮੁੰਡਾ ਗੁਸੇ ਵਿੱਚ ਉਠ ਕੇ ਸੌਣ ਲਈ ਮੰਜੇ ਤੇ ਚਲਾ ਗਿਆ ।
ਕੇਹਰੂ ਉਥੇ ਹੀ ਬੈਠਾ ਰਿਹਾ । ਉਹਦੀਆਂ ਅੱਖਾਂ ਅਗੇ ਕੁਝ ਆਉਣ ਲਗਾ । ਚਾਲੀ ਕੁ ਵਰ੍ਹੇ ਪਹਿਲਾਂ ਕਿਵੇਂ ਉਹਨੇ ਤੇ ਮਾਧੋ ਨੇ ਅੰਬ ਦੀ ਗਾਚੀ ਲਾਈ ਸੀ । ਪਾਣੀ ਪਾਏ, ਵਾੜਾਂ ਗਡੀਆਂ । ਕੱਠਿਆਂ ਅੰਬ ਖਾਧੇ ।
ਅਰਜ਼ੀ ਦਿਤੀ ਗਈ, ਮਾਧੋ ਨੂੰ ਸੁਣਦਿਆਂ ਸਾਰ ਕੰਬਣੀਂ ਲਗ ਪਈ । ਤਾਰੇ ਚੰਨ, ਅਕਾਸ਼ ਤੇ ਹੋਰ ਸਭ ਕੁਝ ਉਸਨੂੰ ਭੁਚਾਲ ਦੇ ਝੂਟੇ ਵਾਂਗ ਕੰਬਦਾ ਦਿਸਿਆ । ਕਈ ਦਿਨਾਂ ਤੋਂ ਉਹਨਾਂ ਦੇ ਡੰਗਰ ਨਹੀਂ ਸਨ ਖੁਲ੍ਹਦੇ ।
ਪੇਸ਼ੀ ਦੀ ਤਰੀਕ ਦਾ ਦਿਨ ਆ ਗਿਆ । ਬੜੇ ਲੋਕ ਕਚਹਿਰੀ ਵਲ ਸਠਾਂ ਵਰ੍ਹਿਆਂ ਦੀ ਮਿਤ੍ਰਤਾ ਰੁਲਦੀ ਵੇਖਣ ਟੁਰ ਪਏ ।ਭਾਂਤ ਭਾਂਤ ਦੀਆਂ ਗਲਾਂ ਹੁੰਦੀਆਂ ਤੇ ਕਿਆਫੇ ਲਗਦੇ ਸਨ । ਸਾਰੀ ਤਹਿਸੀਲ ਭਰੀ ਪਈ ਸੀ । ਮਾਧੋ ਇਕ ਨੁਕਰੇ ਡੰਗੋਰਚੀ ਦੇ ਸਹਾਰੇ ਖਲੋਤਾ ਸੀ । ਉਹਦਾ ਮੁੰਡਾ ਵਕੀਲ ਰਾਹੀਂ ਉਂਹਦੇ ਬਿਆਨ ਪੱਕੇ ਪਿਆ ਕਰਾਉਂਦਾ ਸੀ ।
ਦੂਜੇ ਬੰਨੇ ਪਟਵਾਰੀ ਆਪਣੇ ਖ਼ਸਰੇ ਸਣੇ ਵਕੀਲ ਰਾਹੀਂ ਕੇਹਰੂ ਨੂੰ ਕੁਝ ਸਮਝਾ ਰਿਹਾ ਸੀ । ਕੇਹਰੂ ਦਾ ਮੁੰਡਾ ਘੜੀ ਮੁੜੀ ਪਿਓ ਨੂੰ ਆਖਦਾ "ਸੁਣ ਲੈ ਇਉਂ ਆਖਣਾ ਏਂ ਹਾਕਮ ਦੇ ਸਾਹਮਣੇ, ਪੱਕਾ ਕਰ ਲੈ ਬਿਆਨ ।"
ਏਨੇ ਨੂੰ ਅਵਾਜ਼ ਪਈ "ਕੋਈ ਹੈ, ਕੇਹਰੂ ਵਾ ਮਾਧੋ ।"
ਕਚਹਿਰੀ ਦੇ ਬ੍ਰੂਹੇ ਬਾਰੀਆਂ ਅਗੇ ਭੀੜ ਹੀ ਭੀੜ ਵਿਖਾਈ ਦੇ ਰਹੀ ਸੀ । ਕੇਹਰੂ ਦਾ ਮੁੰਡਾ ਆਪਣੇ ਪਿਓ ਨੂੰ ਸਹਾਰਾ ਦੇ ਕੇ ਭੀੜ ਵਿੱਚੋਂ ਤਹਿਸੀਲਦਾਰ ਦੇ ਸਾਮਹਣੇ ਲੈ ਗਿਆ ।
"ਕਾਗਾਜ਼ਾਤ ਪੇਸ਼ ਕਰੋ" ਤਹਿਸੀਲਦਾਰ ਨੇ ਆਖਿਆ । ਕਚਹਿਰੀ ਵਿੱਚ ਚੁੱਪ ਜਿਹੀ ਛਾ ਗਈ । ਪਟਵਾਰੀ ਨੇ ਮਿਣਤੀ ਦੇ ਕਾਗਜ਼ ਅਗੇ ਜਾ ਧਰੇ । ਤਹਿਸੀਲਦਾਰ ਨੇ ਚੰਗੀ ਤਰ੍ਹਾਂ ਵੇਖਿਆ, ਮਿਣਤੀ ਵਿਚ ਅੰਬ ਕੇਹਰੂ ਵਲ ਹੀ ਦਿਖਾਇਆ ਗਿਆ ਸੀ ।
"ਕੇਹਰੂ ਬਿਆਨ ਦੇਹ," ਤਸੀਲਦਾਰ ਬੋਲਿਆ ।
ਕੇਹਰੂ ਇੰਜ ਵੇਖ ਰਿਹਾ ਸੀ, ਜਿਵੇਂ ਉਹਦੀ ਸਮਝ ਵਿਚ ਕੁਝ ਨਹੀਂ ਸੀ ਆਉਂਦਾ ।
"ਬੋਲ ਛੇਤੀ," ਹਾਕਮ ਨੇ ਫੇਰ ਆਖਿਆ ।
ਕੇਹਰੂ ਨੇ ਏਧਰ ਉਧਰ ਝਾਕਿਆ ।ਉਹ ਕੁਝ ਬੋਲਣ ਲਗਾ, ਪਰ ਮੂੰਹ ਜੀਕਰ ਜੁੜ ਗਿਆ ਹੁੰਦਾ ਹੈ । ਉਹਦਾ ਵਕੀਲ ਕਾਹਲੀ ਕਾਹਲੀ ਉਹਦੇ ਵਲ ਝਾਕਦਾ ਸੀ । ਕੋਲ ਖਲੋਤੇ ਮੁੰਡੇ ਨੇ ਉਹਦੀ ਵਖੀ ਨੂੰ ਰਤਾ ਚੋਭ ਦਿਤੀ ਤੇ ਅੱਖਾਂ ਕਢੀਆਂ । ਕੇਹਰੂ ਦੇ ਬੁੱਲ੍ਹ ਖੁਲ੍ਹੇ :
"ਹਾਂ...ਜੀ...ਅੰਬ...ਮੇਰੀ ਭੋਂ ਵਿਚ ਹੈ...ਅੰਬ..."
ਸਾਰੀ ਭੀੜ ਨੇ ਇਹ ਅੱਖਰ ਸੁਣੇ, ਮਾਧੋ ਨੇ ਸੁਣੇ, ਤਸੀਲਦਾਰ ਨੇ ਸੁਣੇ । ਭੀੜ ਮੂੰਹ ਅੱਡੀ ਖਲੋਤੀ ਸੀ । ਕਈ ਕੰਨਾਂ ਵਿੱਚ ਹੀ ਗਲਾਂ ਕਰਦੇ ਸਨ, ਕਈ ਅੱਖਾਂ ਨਾਲ ।
"ਮਾਧੋ ਪੇਸ਼ ਹੋਵੇ" ਤਸੀਲਦਾਰ ਨੇ ਕੁਝ ਲਿਖਕੇ ਆਖਿਆ ।
ਮਾਧੋ ਅਗੇ ਵਧਿਆ ।
"ਤੇਰਾ ਕੋਈ ਉਜਰ ਹੈ ?"
ਫੇਰ ਕਚਹਿਰੀ ਵਿਚ ਇਕ ਵਾਰੀ ਚੁਪ ਚਾਂ ਹੋ ਗਈ । ਮਾਧੋ ਦਾ ਮੁੰਡਾ ਤੇ ਵਕੀਲ ਉਸਦੇ ਆਲੇ ਦੁਆਲੇ ਖਲੋਤੇ ਸਨ, ਪਰ ਮਾਧੋ ਦਲੇਰੀ ਨਾਲ ਬੋਲ ਪਿਆ ।
"ਹਜ਼ੂਰ ਜੋ ਕੁਝ ਕੇਹਰੂ ਨੇ ਆਖਿਆ ਹੈ, ਮੈਨੂੰ ਮਨਜ਼ੂਰ ਹੈ…ਹਜ਼ੂਰ ਕੇਹਰੂ ਦਾ ਆਖਿਆ ।"
"ਵਾਹ ਬਈ ਵਾਹ," ਇਕੋ ਵਾਰ ਸਾਰਿਆਂ ਦੇ ਮੂੰਹੋਂ ਨਿਕਲਿਆ । ਪਰ ਉਹਦਾ ਮੁੰਡਾ ਤੇ ਵਕੀਲ ਉਹਦੇ ਉਤੇ ਲਾਲ ਪੀਲੇ ਹੁੰਦੇ ਹਨ । ਉਸ ਬੇੜਾ ਹੀ ਰੋੜ੍ਹ ਘਤਿਆ ਹੈ । ਮਾਧੋ ਇਕ ਦਮ ਹੀ ਬਾਹਰ ਨਿਕਲ ਆਇਆ । ਉਹਦੇ ਮੂੰਹੋਂ ਕੁਝ ਬੋਲ ਪਏ ਨਿਕਲਦੇ ਸਨ : "ਕੇਹਰੂ, ਤੂੰ ਮੈਨੂੰ ਏਥੇ ਵੀ ਅਖੀਰਲੀ ਵਾਰ ਹਰਾ ਦਿਤਾ ।"
ਏਸ ਫੈਸਲੇ ਤੋਂ ਦੂਜੇ ਦਿਨ ਹੀ ਮਾਧੋ ਪਿੰਡੋਂ ਪਤਾ ਨਹੀਂ ਕਿਧਰ ਨੂੰ ਟੁਰ ਗਿਆ । ਖੋਜ ਕਰਨ ਤੇ ਵੀ ਉਹਦਾ ਕੋਈ ਪਤਾ ਨਾ ਲਗਾ ।
ਕੇਹਰੂ ਨੂੰ ਸਾਰਾ ਪਿੰਡ ਘਿਰਣਾ ਭਰੀਆਂ ਅੱਖਾਂ ਨਾਲ ਵੇਖਦਾ ਸੀ । ਹੁਣ ਉਹਨੂੰ ਮਿਤਰ ਧ੍ਰੋਹੀ ਆਖਦੇ ਸਨ ।
ਹੁਣ ਕੇਹਰੂ ਕਲਾ ਹੀ ਅੰਬ ਹੇਠਾਂ ਜਾ ਬੈਠਦਾ । ਅੰਬ ਦੇ ਖਲਾਰ ਨੂੰ ਦੇਖਦਾ ਤਾਂ ਆਪ ਮੁਹਾਰੇ ਹੀ ਹਸ ਪੈਂਦਾ ।
ਮੁੜ ਬਰਸਾਤ ਆਈ, ਕਾਲੀਆਂ ਘਟਾਵਾਂ ਉਠੀਆਂ, ਪਾਣੀ ਹੀ ਪਾਣੀਂ ਧਰਤੀ ਉਤੇ ਹੋ ਗਿਆ । ਅੰਬ ਨੂੰ ਹਦੋਂ ਵਧ ਟਪਕਾ ਪਿਆ । ਮਿੱਠੇ ਅੰਬਾਂ ਦਾ ਢੇਰ, ਕੇਹਰੂ ਦਾ ਮੁੰਡਾ ਘਰ ਲਿਆਉਂਦਾ । ਸਾਰਾ ਟੱਬਰ ਆਲੇ ਦੁਆਲੇ ਬੈਠ ਕੇ ਚੂਪਦਾ ।
ਲੈ ਬਾਪੂ ਤੂੰ ਵੀ ਚੂਪ..." ਮੁੰਡਾ ਪਿਓ ਨੂੰ ਆਖਦਾ ।
"ਨਹੀਂ ਪੁੱਤਰ, ਤੁਸੀਂ ਹੀ ਚੂਪੋ...ਮੈਥੋਂ ਚੂਪੇ ਨਹੀਂ ਜਾਂਦੇ, ਹੁਣ ਅੰਬ ।"
ਸਵੇਰੇ ਹੀ ਉਹ ਮੱਝਾਂ ਨੂੰ ਖੋਹਲਦਾ ਡੰਗੋਰਕੀ ਨਾਲ ਉਂਹਨਾਂ ਨੂੰ ਲੈ ਕੇ ਲੜਖੜਾਉਂਦਾ ਉਹ ਚਰਾਂਦ ਵਲ ਟੁਰ ਪੈਂਦਾ । ਥੇਹ ਉਤੇ ਜਾ ਚੜ੍ਹਦਾ । ਕੱਲਾ ਹੀ ਗੀਟੇ ਖੇਡਣ ਲਗ ਜਾਂਦਾ । ਥਰ ਥਰ ਕਰਦੇ ਹਥਾਂ ਵਿਚੋਂ ਗੀਟੇ ਢਹਿ ਪੈਂਦੇ । ਇਕ ਵਾਰ ਵੀ ਉਸ ਤੋਂ ਨਾ ਬੋਚੇ ਜਾਂਦੇ । ਫੇਰ ਟੁਘਦਾ, ਉਹ ਫੇਰ ਖਿਲਰ ਜਾਂਦੇ ਤੇ ਉਚੀ ਸਾਰੀ ਕੂਕ ਉਠਦਾ:
"ਹੁਣ ਤੂੰ ਜਿਤਿਆ...ਮੈਂ ਹਾਰਿਆ ਮਾਧੋ...ਤੂੰ ਜਿਤਿਆ," ਆਖਦਿਆਂ ਆਖਦਿਆਂ ਹੰਝੂਆਂ ਦੀਆਂ ਤਤੀਰੀਆਂ ਉਹਦੀ ਬੱਗੀ ਦਾੜ੍ਹੀ ਉਤੋਂ ਦੀ ਪਰਲ ਪਰਲ ਚੋਣ ਲਗ ਪੈਂਦੀਆਂ ।
('ਮਿਰਜ਼ੇ ਦੀ ਜੂਹ' ਵਿੱਚੋਂ)