Haarin Na Bachnia (Punjabi Story) : Gurmeet Karyalvi

ਹਾਰੀਂ ਨਾ ਬਚਨਿਆ (ਕਹਾਣੀ) : ਗੁਰਮੀਤ ਕੜਿਆਲਵੀ

ਬਚਨੇ ਨੇ ਘੜੀ ਵੱਲ ਵੇਖਿਆ। ਵਕਤ ਦਾ ਖਿਆਲ ਆਉਂਦਿਆਂ ਹੀ ਉਸ ਦਾ ਦਿਲ ਗੋਤੇ ਖਾਣ ਲੱਗਾ। ਉਹ ਸਵੇਰੇ ਨੌਂ ਵਜੇ ਦਾ ਆ ਕੇ ਡੀ.ਐੱਸ.ਪੀ. ਦੀ ਉਡੀਕ ਕਰਨ ਲੱਗਾ ਸੀ। ਭੁੱਖਣ-ਭਾਣਾ ਖੜ੍ਹਿਆਂ-ਖੜ੍ਹਿਆਂ ਲੱਤਾਂ ਆਕੜ ਗਈਆਂ ਸਨ। ਉਸ ਦਾ ਜੀਅ ਕੀਤਾ ਸੀ ਕਿ ਕਿਸੇ ਰੇਹੜੀ ਤੋਂ ਚਾਹ ਪੀਵੇ ਤੇ ਢਿੱਡ ਨੂੰ ਝੁਲਕਾ ਦੇਣ ਲਈ ਬਰੈੱਡ ਵਗੈਰਾ ਖਾ ਲਵੇ, ਪਰ ਉਸ ਨੇ ਆਪਣੀ ਇਹ ਇੱਛਾ ਅੰਦਰ ਹੀ ਦੱਬ ਲਈ। ਅਫ਼ਸਰ ਦਾ ਕੀ ਪਤਾ ਕਦੋਂ ਆ ਜਾਵੇ ਤੇ ਕਿੰਨਾ ਚਿਰ ਦਫ਼ਤਰ ਬੈਠੇ? ਇਹ ਸੋਚ ਉਹ ਬਿੰਦ ਵੀ ਪਾਸੇ ਨਹੀਂ ਸੀ ਹੋਇਆ।

''ਹੌਲਦਾਰ ਸਾਬ੍ਹ! ਭਲਾ ਕਦੋਂ ਕੁ ਤੱਕ ਆਉਣ ਦਾ 'ਨਮਾਨ ਐ ਸਾਬ੍ਹ ਬਹਾਦਰ ਦਾ?'' ਬਚਨ ਸਿੰਘ ਨੇ ਡਰਦਿਆਂ-ਡਰਦਿਆਂ ਸੰਤਰੀ ਨੂੰ ਪੁੱਛ ਹੀ ਲਿਆ ਸੀ। ਸਵੇਰ ਦਾ ਉਹ ਇਹੀ ਸਵਾਲ ਪੰਜ-ਸੱਤ ਵਾਰ ਪੁੱਛ ਚੁੱਕਾ ਸੀ।

''ਬਾਬਾ, ਵੱਡੇ ਅਫ਼ਸਰ ਸਾਨੂੰ ਕਿਹੜਾ ਦੱਸ ਕੇ ਜਾਂਦੇ ਬਈ ਕਦੋਂ ਜਾਣਾ ਤੇ ਕਦੋਂ ਆਉਣਾ। ਪੁਲਸ ਨੂੰ ਕਿਤੇ ਇਕ ਸਿੜੀ ਸਿਆਪਾ?'' ਫਿਰ ਬਚਨੇ ਦਾ ਸੁਆਲ ਉਡੀਕੇ ਬਿਨਾਂ ਆਪ ਹੀ ਗੱਲ ਅੱਗੇ ਤੋਰ ਲਈ, ''ਬਾਬਾ ਰਮਾਨ ਨਾਲ ਬਹਿਜਾ ਔਹ ਤੂਤ ਥੱਲੇ। ਜਦੋਂ ਸਾਬ੍ਹ ਦੀ ਗੱਡੀ ਆਗੀ ਦਿਸਜੂ ਤੈਨੂੰ ਦੂਰੋਂ ਈ। ਦੋ ਸੌ ਦੇਵੀਂ ਮੈਨੂੰ ਤੇ ਗਾਂਧੀ ਬਾਬੇ ਵਾਲੇ ਪੰਜ ਸੌ ਦੇ ਨੋਟ ਨਾਲ ਰੀਡਰ ਦਾ ਮੱਥਾ ਡੰਮ੍ਹਦੀਂ। ਮਿਲਾ ਦਿਆਂਗੇ ਤੈਨੂੰ ਸਾਬ੍ਹ ਨਾਲ। ਚੱਲ ਹੁਣ ਬਹਿਜਾ ਜਾਕੇ। ਸਮਝਲਾ ਸਾਬ੍ਹ ਛੇ ਵਜੇ ਤੋਂ ਪਹਿਲਾਂ ਨ੍ਹੀ ਆਉਂਦੇ ਕਿਸੇ ਹਿਸਾਬ ਨਾਲ ਵੀ।''
''ਛੀ ਵਜੇ?'' ਬਚਨੇ ਦੀ ਜਿਵੇਂ ਸੱਤਿਆ ਹੀ ਨਿਕਲ ਗਈ ਹੋਵੇ।
''ਭਾਈ ਸੈਬ, ਸੱਤ ਵੀ ਵੱਜ ਸਕਦੇ ਆ ਤੇ ਅੱਠ ਵੀ।''
''ਹੱਛਾਅ...!'' ਹੱਥ ਵਿਚਲੀ ਦਰਖਾਸਤ ਦਾ ਪੋਪਲਾ ਜਿਹਾ ਬਣਾਉਂਦਿਆਂ ਬਚਨਾ ਤੂਤ ਵੱਲ ਤੁਰ ਪਿਆ।

''... ਸਾਡੇ ਕੋਲ ਵੀ ਤਰ੍ਹਾਂ-ਤਰ੍ਹਾਂ ਦੇ ਨਮੂਨੇ ਈ ਆਉਂਦੇ ਦਿਮਾਗ਼ ਚੱਟਣ ਨੂੰ। ਮਹੀਨਾ ਹੋ ਗਿਆ ਕਾਗਤੀ ਜ੍ਹੀ ਚੱਕੀ ਫਿਰਦੇ ਨੂੰ। ਤੀਜੇ ਦਿਨ ਤੁਰ ਪੈਂਦਾ ਜਿਵੇਂ ਪੁਲਸ ਵੇਹਲੀ ਹੁੰਦੀ ਐ ਏਹਦੇ ਵਰਗਿਆਂ ਆਸਤੇ। ਔਲਾਦ ਆਵਦੇ ਤੋਂ ਨ੍ਹੀ ਸਾਂਭੀ ਜਾਂਦੀ, ਮਾੜਾ ਆਖਣਾ ਮੁੰਡੀਹਰ ਨੂੰ।'' ਸੰਤਰੀ ਦੇ ਅੱਕ ਵਰਗੇ ਬੋਲ ਸੁਣ ਕੇ ਬਚਨੇ ਦੇ ਅੰਦਰੋਂ ਲਾਵਾ ਜਿਹਾ ਉੱਠਿਆ ਤੇ ਉਸੇ ਪਲ ਸ਼ਾਂਤ ਹੋ ਗਿਆ। ਉਸ ਦਾ ਜੀਅ ਕੀਤਾ ਸੰਤਰੀ ਨੂੰ ਜਾ ਕੇ ਗਲਮਿਓਂ ਫੜ ਕੇ ਪੁੱਛੇ, ''ਚਗਲਾ ਤੂੰ ਦੱਸ ਕੀ ਜਾਣਦਾ ਏਂ ਮੇਰੀ ਪੋਤਰੀ ਬਾਰੇ?'' ਪਰ... ਉਸ ਨੇ ਬੇਬਸੀ ਦੇ ਹੰਝੂਆਂ ਨੂੰ ਮੋਢੇ 'ਤੇ ਰੱਖੇ ਸਾਫੇ ਨਾਲ ਸਾਫ਼ ਕੀਤਾ।
''ਬਚਨ ਸਿਆਂ ਐਨਾ ਨਿਤਾਣਾ ਵੀ ਹੋਣਾ ਪਊ, ਇਹ ਤਾਂ ਨ੍ਹੀ ਸੀ ਸੋਚਿਆ।'' ਖ਼ੁਦ ਨਾਲ ਗੱਲਾਂ ਕਰਦਿਆਂ ਉਹ ਤੂਤ ਦੇ ਮੁੱਢ ਨਾਲ ਲੱਗ ਕੇ ਬੈਠ ਗਿਆ।

''ਵਕਤ ਵੀ ਕਿੱਢਾ ਡਾਹਡਾ ਐ ਬਚਨ ਸਿਆਂ? ਤੈਨੂੰ ਬਾਜ਼ੀਆਂ ਪਾਉਂਦੇ ਵੇਖਦਿਆਂ ਤੇ ਤੇਰੇ ਬਾਰੇ ਲੋਕਾਂ ਦੀਆਂ ਗੱਲਾਂ ਸੁਣਦਿਆਂ ਤਾਂ ਅਸੀਂ ਜਵਾਨ ਹੋਏ ਆਂ, ਪਰ ਹੁਣ ਤਾਂ ਜਵਾਂ ਹੀ ਝਿਂਵ ਗਿਓਂ। ਕਿਸੇ ਵਕਤ ਘਰ ਘਰ ਗੱਲਾਂ ਹੁੰਦੀਆਂ ਸੀ ਤੇਰੀ ਸੂਲੀ ਦੀ ਛਾਲ ਦੀਆਂ।'' ਬਚਨੇ ਨੂੰ ਪਤਾ ਨਾ ਲੱਗਾ ਆਵਾਜ਼ ਉਸ ਦੇ ਅੰਦਰੋਂ ਆਈ ਸੀ ਜਾਂ ਤੂਤ ਨੇ ਉਸ ਨੂੰ ਕੁਝ ਪੁੱਛਿਆ ਸੀ, ਪਰ ਉਸ ਨੇ ਜੁਆਬ ਜ਼ਰੂਰ ਦਿੱਤਾ, ''ਹਾਂ ਭਰਾਵਾ! ਕੋਈ ਵਕਤ ਸੀ ਤੁਰੇ ਜਾਂਦੇ ਬਚਨੇ ਵੱਲ ਵੇਖਦਿਆਂ ਲੋਕ ਇਸ਼ਾਰੇ ਕਰ ਕਰ ਆਖਦੇ ਸਨ- ਅਹੁ ਜਾ ਰਿਹਾ ਈ ਕਾਜ਼ੀਆਂ ਆਲਾ ਬਚਨਾ ਬਾਜ਼ੀਗਰ। ਤੇ ਹੁਣ ਆਹ ਵੀ ਸਮਾਂ ਵੇਖਣਾ ਸੀ ਜਦੋਂ ਉਹੀ ਬਚਨਾ ਇਨਸਾਫ਼ ਲੈਣ ਲਈ ਥਾਣਿਆਂ-ਕਚਹਿਰੀਆਂ 'ਚ ਭਟਕਦਾ ਫਿਰਦੈ। ਥਾਣੇ ਦੇ ਮੁਨਸ਼ੀ-ਮੁਸੱਦੀ ਪੁੱਛਦੇ ਐ ਕਿਹੜਾ ਬਚਨਾ?''

''ਬਚਨਿਆ, ਤੈਨੂੰ ਖੌਰੇ ਯਾਦ ਹੋਣਾ ਕਿ ਨਹੀਂ ਔਹ ਜਿੱਥੇ ਹੁਣ ਡਿਪਟੀ ਦਾ ਦਫ਼ਤਰ ਐ, ਕਦੇ ਸ਼ਾਮਲਾਟ ਹੁੰਦੀ ਸੀ। ਹੁਣ ਵਾਲਾ ਸ਼ਹਿਰ ਵੀ ਉਦੋਂ ਪਿੰਡ ਹੁੰਦਾ ਸੀ। ਵੇਂਹਦਿਆਂ-ਵੇਂਹਦਿਆਂ ਸ਼ੈਤਾਨ ਦੀ ਆਂਤ ਵਾਂਗੂੰ ਫੈਲ ਗਿਆ। ਪਹਿਲਾਂ ਸਬ ਤਸੀਲ ਤੇ ਫੇਰ ਤਸੀਲ ਬਣਾ ਦਿੱਤਾ। ਊਂ ਬਦਲਿਆ ਤਾਂ ਕੁਛ ਨ੍ਹੀ ਪਰ ਵੱਡੇ ਛੋਟੇ ਅਫ਼ਸਰ ਜਰੂਰ ਆਗੇ। ਸਮਝ ਲੈ ਲੁੱਟ ਆਲੇ ਅੱਡੇ ਨਿੱਕੇ ਸ਼ਹਿਰਾਂ 'ਚ ਵੀ ਬਣਗੇ।''
''ਹਾਂ! ਕਿੰਨਾ ਕੁਝ ਬਦਲ ਗਿਆ, ... ਜੇ ਨਹੀਂ ਬਦਲੇ ਤਾਂ ਆਪਣੇ ਵਰਗੇ ਲੋਕ ਈ ਨ੍ਹੀ ਬਦਲੇ ਸਗੋਂ ਮੇਰੇ ਵਰਗੇ ਤਾਂ ਪਹਿਲਾਂ ਨਾਲੋਂ ਵੀ ਨਿਤਾਣੇ ਹੋਗੇ।''
''ਬਾਈ! ਅੱਜ ਜਿਹੜੀ ਥਾਂ ਤੂੰ ਇਨਸਾਫ਼ ਭਾਲਦਾ ਫਿਰਦਾਂ, ਕਦੇ ਏਸ ਥਾਂ ਤੂੰ ਬਾਜ਼ੀ ਪਾਈ ਸੀ। ਯਾਦ ਐ ਕਿ ਨਈਂ?''
''ਯਾਦ ਵੀ ਆ ਤੇ ਨਹੀਂ ਵੀ।'' ਬਚਨ ਸਿੰਘ ਨੇ ਲੰਬਾ ਹਾਉਕਾ ਭਰਿਆ।

''ਖ਼ੈਰ ਛੱਡ! ਇੰਜ ਕਰ ਐਧਰ ਨੂੰ ਮੂੰਹ ਕਰਕੇ ਬੈਠ ਡਿਪਟੀ ਦੇ ਦਫ਼ਤਰ ਵੱਲ ਨੂੰ। ਭੁੱਲ ਜਾ ਐਥੇ ਕੋਈ ਇਨਸਾਫ਼ ਵਾਲਾ ਅੱਡਾ ਵੀ ਬਣਿਆ ਹੋਇਆ। ਸਮਝ ਲੈ ਖੁੱਲ੍ਹੀ-ਡੁੱਲੀ ਸ਼ਾਮਲਾਟ ਐ। ਬਾਜ਼ੀ ਪੈ ਰਹੀ ਐ। ਬੇਓੜਕ ਮੁਲਖਈਆਂ ਇਕੱਠਾ ਹੋਇਆ ਪਿਆ। ਦੂਰ ਦੂਰ ਤੱਕ ਕੋਠਿਆਂ ਦੇ ਬਨੇਰਿਆਂ ਨਾਲ ਲੱਗ ਕੇ ਬੈਠੀਆਂ ਬੁੜ੍ਹੀਆਂ-ਕੁੜੀਆਂ। ਢੋਲੀ ਗੋਡਣੀਆਂ ਲਾ ਲਾ ਕੇ ਧਮਾਲਾਂ ਪਾਉਂਦਾ। ਢੋਲ ਦੀ ਆਵਾਜ਼ ਅੰਬਰਾਂ ਨੂੰ ਚੀਰਦੀ ਜਾਂਦੀ ਐ। ਬਚਨੇ ਨੇ ਨਾਲ ਦੇ ਸਾਥੀਆਂ ਨਾਲ ਰਲ ਕੇ ਡੰਡਾਉਤ ਕਰਦਿਆਂ ਪਿੜ ਦਾ ਗੇੜਾ ਦਿੱਤਾ। ਚੱਲ ਆਪਾਂ ਸਮੇਂ ਨੂੰ ਆਖਦੇ ਹਾਂ ਸਾਨੂੰ ਬਚਨੇ ਬਾਜ਼ੀਗਰ ਦੀ ਬਾਜ਼ੀ ਦਿਖਾਉਣ ਲਈ ਫੇਰ ਉਸ ਦੌਰ ਵਿੱਚ ਲੈ ਚੱਲੇ।''
ਬਚਨੇ ਨੇ ਮੂੰਹ ਡਿਪਟੀ ਦੇ ਦਫ਼ਤਰ ਵੱਲ ਕਰ ਲਿਆ।

***
''ਲੈ ਬਈ ਸੰਗਤੇ! ਗੁਰੂ ਮਾਰਾਜ੍ਹ ਦੀ ਮਿਹਰ ਨਾਲ ਅੱਜ ਜਵਾਨ ਬਾਜ਼ੀ ਵਿਖਾਉਣ ਆਏ ਨੇ ਥੋਡੇ ਨਗਰ ਖੇੜੇ। ਭਾਂਤ-ਭਾਤ ਦੇ ਕਰਤਬ। ਭਾਂਤ ਭਾਂਤ ਦੀ ਦੁਨੀਆਂ, ਭਾਂਤ ਭਾਂਤ ਦੇ ਰੰਗ ਤਮਾਸ਼ੇ। ਵਈ ਭਲਵਾਨਾ ਕਿਸੇ ਗੁਣੀ ਬੰਦੇ ਦਾ ਗਿਆਨ ਐ।''
''ਕੀ ਗਿਆਨ ਐ ਬਚਨ ਸਿਆਂ ਗੁਣੀ ਬੰਦੇ ਦਾ?''
''ਘੜ-ਘੜ ਪੁਤਲੀਆਂ ਭੇਜਦਾ ਜਹਾਨ ਉੱਤੇ
ਆਪੇ ਉਹਨਾਂ ਵਾਸਤੇ ਹੈ ਚੋਗ ਖਲਿਆਰਦਾ।
ਨੱਚੀ ਜਾਣ ਜਿਵੇਂ ਉਹ ਨਚਾਈ ਜਾਂਦਾ ਦਿਨੇ ਰਾਤੀਂ,
ਆਪ ਹੀ ਜਿਵਾਉਂਦਾ ਅਤੇ ਆਪ ਹੀ ਉਹ ਮਾਰਦਾ।
ਹੋਰ ਐਵੇਂ ਝੂਠੀਆਂ ਨੇ ਸ਼ਾਨਾਂ ਸੱਭੇ ਬਚਨ ਸਿੰਘਾ,
ਜੱਗ ਉੱਤੇ ਸੱਚਾ ਇੱਕੋ ਨਾਮ ਕਰਤਾਰ ਦਾ।''

''ਬਈ ਭਲਵਾਨਾ! ਮਾਰ ਚਾਰ-ਚੁਫ਼ੇਰੇ ਨਜ਼ਰਾਂ। ਸਾਰਾ ਨਗਰ ਖੇੜਾ ਆ ਢੁੱਕਿਆ ਪਿੜ 'ਚ ਬਾਜ਼ੀ ਵੇਖਣ। ਚਾਰੇ ਪਾਸੇ ਮੁਲਖ ਈ ਮੁਲਖ। ਗੁਰੂ ਮਾਰਾਜ੍ਹ ਦੀਆਂ ਬਖ਼ਸ਼ੀਆਂ ਰੰਗ-ਬਿਰੰਗੀਆਂ ਦਸਤਾਰਾਂ। ਦਾਨੇ-ਬਾਨੇ ਸਰਦਾਰ। ਧਰ-ਧਰ ਭੁੱਲਣ ਵਾਲੀਆਂ ਬੀਬੀਆਂ ਰਾਣੀਆਂ। ਸ਼ਰਮਾਂ ਲੱਜਾਂ ਵਾਲੀਆਂ ਧੀਆਂ ਭੈਣਾਂ।''

''ਗੁਰੂਦੇਵ, ਨਗਰ ਖੇੜੇ ਨੂੰ ਕੁਛ ਆਵਦੇ ਬਾਰੇ ਵੀ ਦੱਸੋ
ਕੌਣ ਦੇਸ਼ ਤੇ ਕਿਥੂੰ ਆਏ, ਕਿਹੜਾ ਦੇਸ਼ ਟਿਕਾਣਾ।
ਕਿਹੜੇ ਥੋਡੇ ਸੰਗੀ ਸਾਥੀ, ਤੇ ਕੀ ਕੀ ਖੇਲ ਦਿਖਾਣਾ।''
ਢੋਲੀ ਨੇ ਢੋਲ 'ਤੇ ਥਾਪ ਦੇ ਕੇ ਹਲਚਲ ਪੈਦਾ ਕਰ ਦਿੱਤੀ।
''ਨਾਮ ਹੈ ਬਚਨ ਸਿੰਘ ਬਾਪ-ਦਾਦੇ ਰਾਜਪੂਤ
ਸ਼ਹਿਰ ਹੈ ਮਲੋਟ ਕੋਲ, ਗਾਮ ਸਾਡਾ ਕਾਜ਼ੀਆਂ
ਅਮਰਾ, ਲਹੌਰਾ, ਮੇਲਾ, ਸੁਰਜੂ ਤੇ ਤਾਰਾ ਸਾਥੀ
ਮੇਜਰ ਵਜਾਵੇ ਢੋਲ, ਸੱਭੇ ਪਾਉਣ ਬਾਜ਼ੀਆਂ।
ਮੇਹਰ ਸੱਚੇ ਪਾਤਸ਼ਾਹ ਦੀ, ਦੇਂਵਦਾ ਰਿਜ਼ਕ ਸੱਭੇ
ਜੇਵਡ ਫਿਕਰ ਰਹਿੰਦਾ ਕੁੱਲ ਸੰਸਾਰ ਦਾ।
ਹੋਰ ਐਵੇਂ ਝੂਠੀਆਂ ਨੇ, ਸ਼ਾਨਾਂ ਸੱਭੇ ਬਚਨ ਸਿੰਘਾ,
ਜੱਗ ਉੱਤੇ ਸੱਚਾ ਇੱਕੋ ਨਾਮ ਕਰਤਾਰ ਦਾ।''

ਢੋਲ ਦੀ ਥਾਪ ਨਾਲ ਲੋਕਾਂ ਦੀਆਂ ਤਾੜੀਆਂ ਦੀ ਗੂੰਜ ਰਲਦੀ ਹੈ। ਲਿਸ਼ਕਦੇ ਪਿੰਡਿਆਂ ਵਾਲੇ ਗਵਾਰ ਪੁੱਠੀਆਂ ਸਿੱਧੀਆਂ ਛਾਲਾਂ ਲਾਉਣ ਲੱਗਦੇ ਹਨ। ਸੋਹਣੇ ਦਰਸ਼ਨੀ ਜੁਆਨ। ਡੰਡ ਬੈਠਕਾਂ ਮਾਰਦੇ। ਇਕਹਿਰੀਆਂ ਤੇ ਦੂਹਰੀਆਂ ਛਾਲਾਂ ਲਾਉਂਦੇ। ਲੋਕ ਖ਼ੁਸ਼ ਹੋ ਕੇ ਚੀਕਦੇ-ਕੂਕਦੇ। ਜਵਾਨਾਂ ਦਾ ਹੌਂਸਲਾ ਵਧਾਉਂਦੇ।

''ਉਸਤਾਦ ਜੀ! ਲੋਕਾਂ ਦੀਆਂ ਤਾੜੀਆਂ ਸਿਰ ਮੱਥੇ। ਪਰ ਕੀ ਕਰੀਏ, ਕੱਲੀਆਂ ਤਾੜੀਆਂ ਢਿੱਡ ਨਾ ਭਰਦੀਆਂ। ਬਾਜ਼ੀਆਂ ਪਾਉਣ ਲਈ ਦੁੱਧ ਘੀ ਪਾਣੀ ਵਾਂਗ ਪੀਣਾ ਪੈਂਦਾ। ਅਖਰੋਟ ਬਦਾਮ ਦਹੀਂ ਤੇ ਲੱਸੀ। ਉਸਤਾਦ ਜੀ ਸੁੱਕੀਆਂ ਰੋਟੀਆਂ ਨਾਲ ਬਾਜ਼ੀਆਂ ਨਾ ਪੈਂਦੀਆਂ।'' ਉਮਰੇ ਨੇ ਸੁਆਲ ਹਵਾ ਵਿੱਚ ਛੱਡ ਦਿੱਤਾ।

''ਭਲਵਾਨਾ! ਸੰਗਤ ਵਿੱਚ ਬੜੇ-ਬੜੇ ਦਾਨੀ ਬੈਠੇ ਨੇ। ਬੜੇ ਬੜੇ ਲੰਬੜਦਾਰ, ਸਰਪੈਂਚ ਤੇ ਪੈਂਚ। ਜ਼ੈਲਦਾਰ, ਪਟਵਾਰੀ ਤੇ ਥਾਣੇਦਾਰ। ਪਟੜੀ ਫੇਰ ਜਿਨ੍ਹਾਂ ਦਾ ਹੁਕਮ ਚੱਲਦਾ। ਲੱਖਾਂ 'ਤੇ ਕਲਮਾਂ ਚੱਲਦੀਆਂ। ਭਲਵਾਨਾਂ ਤੂੰ ਖੁਰਾਕ ਤੇ ਪੈਸੇ ਟਕੇ ਦਾ ਸੰਸਾ ਨਾ ਰੱਖ। ਗੁਰੂਆਂ ਪੀਰਾਂ ਦੀ ਮੇਹਰ ਨਾਲ ਸੁਖੀ ਸਾਂਦੀ ਹਾੜੀ ਘਰੇ ਆਈ ਆ। ਸਰਦਾਰਾਂ ਦੇ ਭੜੋਲੇ ਭਰੇ ਪਏ ਅੰਨ ਦੇ। ਸਰਦਾਰ ਵੀ ਵੱਡੇ ਤੇ ਉਹਨਾਂ ਦੇ ਦਿਲ ਵੀ। ਦੁੱਧ, ਘੀ, ਲੱਸੀ ਔਰ ਦਹੀਂ ਕੀ ਘਾਟ ਨ੍ਹੀ ਰਹਿਣ ਦਿੰਦੇ। ਸਾਰੇ ਥੋਡਾ ਮਾਣ ਤਾਣ ਕਰਨਗੇ।''

''ਬੱਲੇ-ਬੱਲੇ-ਬੱਲੇ! ਲਾਓ ਫਿਰ ਤਾੜੀ ਨਗਰ ਖੇੜੇ ਦੇ ਦਾਨੀਆਂ ਤੇ ਗੁਣੀ ਗਿਆਨੀਆਂ ਦੇ ਨਾਮ 'ਤੇ। ਲੈ ਬਈ ਢੋਲੀਆ, ਵਜਾ ਫਿਰ ਧਮਾਲ ਤੇ ਜਵਾਨ ਲਾਉਣਗੇ ਤੀਹਰੀ ਛਾਲ। ਔਹ ਬੰਨੇ ਤੋਂ ਜੁਆਨ ਆਉਣਗੇ ਭੱਜ ਕੇ। ਐਥੋਂ ਲਾਉਣਗੇ ਹਵਾ 'ਚ ਛਾਲ ਤੇ ਫਿਰ ਖਾਣਗੇ ਕਬੂਤਰ ਵਾਂਗੂੰ ਲੋਟਣੀਆਂ। ਲੈ ਕੇ ਬਾਬੇ ਫੱਤੂ ਦਾ ਨਾਮ, ਧਿਆ ਕੇ ਲਾਲਾਂ ਵਾਲੇ ਪੀਰ ਨੂੰ, ਜਵਾਨ ਦਿਖਾਉਣਗੇ ਕਰਤਬ। ਬੱਲੇ-ਬੱਲੇ-ਬੱਲੇ!''
ਮਿੱਟੀ ਦੀ ਧੋਬੜੀ 'ਤੇ ਖੜ੍ਹ ਕੇ ਢੋਲ ਵਜਾਉਂਦਾ ਮੇਜਰ ਜਿਵੇਂ ਖ਼ੁਦ ਬਾਜ਼ੀਆਂ ਪਾਉਣ ਲੱਗ ਪਿਆ ਹੋਵੇ। ਨਾਲ ਨਾਲ ਮਾਹੀਏ ਦੀਆਂ ਹੇਕਾਂ ਲਾਉਂਦਾ।
ਅਮਰਾ, ਲਾਹੌਰਾ, ਮੇਲਾ, ਸੁਰਜਨ ਤੇ ਤਾਰਾ ਸ਼ੂਟ ਵੱਟ ਕੇ ਦੂਰੋਂ ਭੱਜੇ ਤੇ ਖੋਲੀ ਤੋਂ ਉੱਪਰ ਨੂੰ ਉੱਛਲੇ। ਅੱਖ ਦੇ ਫੋਰ ਨਾਲ ਹੀ ਹਵਾ 'ਚ ਤਿੰਨ ਲੋਟਣੀਆਂ ਖਾਂਦੇ ਵਾਪਸ ਧਰਤੀ 'ਤੇ ਪੱਬਾਂ ਭਾਰ ਆਣ ਖਲੋਤੇ। ਤਾੜੀਆਂ ਦੀ ਸੁਰ ਫੇਰ ਗੂੰਜ ਉੱਠੀ।
ਬਚਨੇ ਨੇ ਅਖਾੜੇ ਦਾ ਗੇੜਾ ਦਿੱਤਾ।

ਬਾਜ਼ੀਆਂ ਪਾਉਣ ਵਾਲੇ ਜਵਾਨ ਪਟੜੀ ਦੀ ਛਾਲ ਲਾਉਣ ਲਈ ਪਾੜੇ 'ਤੇ ਆ ਖੜ੍ਹਦੇ। ਸਭ ਤੋਂ ਪਹਿਲਾਂ ਛਾਲ ਲਾਉਣ ਲਈ ਸੁਰਜਨ ਨੇ ਧਰਤੀ ਨੂੰ ਮੱਥਾ ਨਮਸਕਾਰਿਆ ਤੇ ਦੌੜ ਸ਼ੁਰੂ ਕੀਤੀ। ਭੱਜ ਕੇ ਆਉਂਦਿਆਂ ਉਸ ਨੇ ਮਿੱਟੀ ਵਿੱਚ ਟੇਡੇ ਰੁਖ਼ ਖੜ੍ਹੇ ਕੀਤੇ ਫੱਟੇ 'ਤੇ ਜ਼ੋਰ ਨਾਲ ਪੈਰ ਮਾਰਿਆ। ਜਿੰਨੇ ਜ਼ੋਰ ਨਾਲ ਫੱਟੇ 'ਤੇ ਪੈਰ ਵੱਜਿਆ, ਫੱਟੇ ਨੇ ਉਸ ਤੋਂ ਦੂਣੇ ਜ਼ੋਰ ਨਾਲ ਸੁਰਜਨ ਨੂੰ ਉਤਾਂਹ ਹਵਾ 'ਚ ਉਛਾਲ ਦਿੱਤਾ। ਤਿੰਨ ਚਾਰ ਲੋਟਣੀਆਂ ਖਾਣ ਬਾਅਦ ਉਹ ਸਿੱਧਾ ਧਰਤੀ 'ਤੇ ਆਣ ਖੜ੍ਹਿਆ। ਅਮਰਾ, ਲਾਹੌਰਾ, ਮੇਲਾ ਤੇ ਤਾਰਾ ਵੀ ਛਾਲ ਲਾਉਂਦੇ ਹਨ। ਵੱਧ ਤੋਂ ਵੱਧ ਹਵਾ 'ਚ ਉੱਚਾ ਉੱਛਲ ਕੇ ਕਰਤੱਬ ਦਿਖਾਉਂਦੇ ਹਨ।

ਸ਼ੋਰ ਕੁਝ ਥੰਮਿਆ ਤਾਂ ਬਚਨਾ ਅਮਰੇ, ਮੇਲੇ ਤੇ ਤਾਰੇ ਨੂੰ ਲੋਹੇ ਦੇ ਗੋਲ ਕੜੇ ਵਿਚਦੀ ਲੰਘ ਜਾਣ ਲਈ ਇਸ਼ਾਰਾ ਕਰ ਦਿੰਦਾ ਹੈ। ਲੋਹੇ ਦੇ ਇਸ ਕੜੇ ਵਿਚਦੀ ਇਕੱਲਾ-ਕਹਿਰਾ ਬੰਦਾ ਵੀ ਬੜੀ ਮੁਸ਼ਕਲ ਨਾਲ ਲੰਘ ਸਕਦਾ, ਪਰ ਗੁੰਦੇ ਸਰੀਰਾਂ ਵਾਲੇ ਤਿੰਨੇ ਜੁਆਨਾਂ ਨੇ ਹੀ ਭੀੜੇ ਜਿਹੇ ਕੜੇ ਵਿੱਚ ਸਿਰ ਫਸਾ ਲਿਆ। ਗੇਲੀ ਵਰਗੇ ਜੁਆਨਾਂ ਨੂੰ ਇੱਕੋ ਕੜੇ 'ਚ ਫਸਿਆ ਵੇਖ ਲੋਕਾਂ ਨੇ ਦੰਦਾਂ ਥੱਲੇ ਜੀਭ ਦੇ ਲਈ। ਕੜੇ 'ਚ ਜਕੜੇ ਜੁਆਨ ਹਾਲ ਪਾਹਰਿਆ ਕਰਨ ਲੱਗੇ, ''ਉਏ ਨਗਰ ਖੇੜੇ ਵਾਲੇ ਭਰਾਵੋ! ਆਵਦੇ ਪਿੰਡ ਵਾਲੇ ਮਿਸਤਰੀ ਨੂੰ ਬੁਲਾ ਕੇ ਆਹ ਕੜਾ ਕਟਵਾ ਦਿਓ। ਸਾਨੂੰ ਕੇਰਾਂ ਬਚਾਲੋ। ਥੋਡੀ ਮਿਹਰਬਾਨੀ ਨਾਲ ਅੱਜ ਬਚਗੇ ਫੇਰ ਨ੍ਹੀ ਪੰਗਾ ਲੈਂਦੇ।''
ਢੋਲ ਦੀ ਤਾਲ ਹੋਰ ਤਿੱਖੀ ਹੋ ਕੇ ਵੱਜਣ ਲੱਗੀ ਹੈ।

''ਢੋਲ ਵਾਲਿਆ! ਐਧਰ ਸਾਡਾ ਘੋਰੜੂ ਵੱਜੀ ਜਾਂਦਾ, ਤੈਨੂੰ ਢੋਲ ਵਜਾਉਣ ਦੀ ਪਈ ਐ। ਉਏ ਭਰਾਵੋ! ਸਿਆਣੇ ਕਹਿੰਦੇ ਜੇ ਕਿਸੇ ਪਿੰਡ ਬਾਜ਼ੀ ਪਾਉਣ ਵਾਲਾ ਬੰਦਾ ਮਰਜੇ, ਪਿੰਡ ਵਾਲਿਆਂ ਸਿਰੋਂ ਸੱਤ ਜਨਮ ਪਾਪ ਨ੍ਹੀ ਲਹਿੰਦਾ। ਰੱਬ ਦਾ ਵਾਸਤਾ ਪਿੰਡ 'ਚੋਂ ਕੋਈ ਮਿਸਤਰੀ ਬੁਲਾ ਕੇ ਸਾਨੂੰ ਏਸ ਫਾਹੀ 'ਚੋਂ ਕੱਢੋ।''
''ਭਲਵਾਨਾ ਦਿਲ ਨ੍ਹੀ ਛੱਡੀਦਾ। ਲੈ ਕੇ ਗੁਰੂਆਂ ਪੀਰਾਂ ਦੀ ਓਟ ਲੰਘ ਜੋ ਕੜੇ ਵਿਚਦੀ।''

ਜੁਆਨਾਂ ਦੇ ਲੋਹੇ ਦੇ ਕੜੇ ਵਿੱਚੋਂ ਲੰਘ ਜਾਣ ਬਾਅਦ ਚਾਰ ਸੂਤ ਮੋਟਾ ਸਰੀਆ ਸੰਘੀ ਨਾਲ ਮੋੜਨ ਦਾ ਕਰਤੱਬ ਚੱਲ ਪਿਆ। ਸੱਤ ਫੁੱਟੇ ਸਰੀਏ ਦਾ ਇੱਕ ਸਿਰਾ ਇੱਕ ਜਵਾਨ ਨੇ ਭੁੰਜੇ ਬੈਠ ਕੇ ਆਪਣੀ ਧੁੰਨੀ ਨਾਲ ਲਾ ਲਿਆ ਤੇ ਦੂਸਰਾ ਸਿਰਾ ਸੁਰਜਨ ਨੇ ਘੰਡੀ ਤੋਂ ਹੇਠਾਂ ਕਰਕੇ ਸੰਘੀ 'ਤੇ ਲਾ ਲਿਆ। ਢੋਲ ਦੀ ਕੰਨ ਪਾੜਵੀਂ ਆਵਾਜ਼ ਅਤੇ ਤਾੜੀਆਂ ਦੀ ਖੜ-ਖੜ +ਚ ਸੁਰਜਨ ਨੇ ਸਰੀਏ ਨੂੰ ਮੋੜ ਕੇ ਦੂਹਰਾ ਕਰ ਦਿੱਤਾ ਤੇ ਆਪਣਾ ਸਿਰ ਭੁੰਜੇ ਬੈਠੇ ਜਵਾਨ ਦੇ ਸਿਰ ਨਾਲ ਜਾ ਜੋੜਿਆ।
''ਭਾਈ ਵੀਰੋ! ਤੁਸੀਂ ਵੇਖਿਆ ਜਵਾਨ ਨੇ ਬੜਾ ਖ਼ਤਰਨਾਕ ਕਰਤੱਬ ਕੀਤਾ। ਸੰਘੀ 'ਤੇ ਰੱਖ ਕੇ ਚਾਰ ਸੂਤ ਮੋਟਾ ਸਰੀਆ ਮੋੜਿਆ। ਸਾਰੇ ਰਲ-ਮਿਲ ਕੇ ਜੁਆਨ ਦਾ ਸਸਕਾਰ ਕਰੋ।''
''ਉਏ ਸਸਕਾਰ?''
''ਭਲਵਾਨਾ ਗੁੱਸਾ ਨਾ ਕਰੀਂ। ਜ਼ਬਾਨ ਕਈ ਵਾਰ ਗੋਤਾ ਖਾ ਜਾਂਦੀ ਐ। ਮੇਰਾ ਮਤਲਬ ਸਤਿਕਾਰ ਕਹਿਣਾ ਸੀ। ਪਿੰਡ ਵਾਲਿਓ! ਭਾਈ ਜੁਆਨ ਦਾ ਸਤਿਕਾਰ ਕਰੋ।''
ਸਾਰੇ ਲੋਕ ਹੱਸਣ ਲੱਗੇ।

''ਸਰਦਾਰੋ! ਨੰਬਰਦਾਰੋ! ਜ਼ੈਲਦਾਰੋ ਤੇ ਮੋਹਤਬਾਰੋ! ਹੁਣ ਲੱਗੂਗੀ ਚੌਂਕੀ ਦੀ ਛਾਲ ਤੇ ਅਖੀਰ 'ਚ ਵਾਰੀ ਆਊ ਸੂਲੀ ਦੀ ਛਾਲ ਦੀ। ਇਹ ਛਾਲ ਹਾਰੀ ਸਾਰੀ ਨ੍ਹੀ ਲਾ ਸਕਦਾ। ਉਹੀ ਜਵਾਨ ਲਾਉਂਦਾ ਜਿਹੜਾ ਜਤ ਸਤ ਦਾ ਪੱਕਾ ਹੋਵੇ। ਸਰੀਰ 'ਚ ਹੋਵੇ ਚੀਤੇ ਵਰਗੀ ਫੁਰਤੀ ਤੇ ਜਵਾਨ ਦਾ ਦਿਲ ਹੋਵੇ ਸ਼ੇਰ।''

''ਲੈ ਵਈ ਸੁਰਜਨਾ ਹੋਜਾ ਚੌਂਕੀ ਦੀ ਛਾਲ ਲਈ ਤਿਆਰ। ਖੇਡ ਆਪਣੀ ਜਾਨ 'ਤੇ, ਦਿਖਾਦੇ ਆਪਣੀ ਕਲਾ ਪਿੰਡ ਵਾਲਿਆਂ ਨੂੰ। ਬੱਲੇ! ਬੱਲੇ! ਬੱਲੇ! ਲੈ ਵੀ ਦਾਨਸ਼ਵਰੋ! ਜਵਾਨ ਸੁਰਜਨ ਲੱਗਾ ਜੇ ਜਾਨ 'ਤੇ ਖੇਡਣ। ਜਵਾਨ ਦੀਆਂ ਦੋਵੇਂ ਲੱਤਾਂ ਗਿੱਟਿਆਂ ਕੋਲੋਂ ਕਰਕੇ ਰੱਸੀ ਨਾਲ ਬੰਨ੍ਹ ਦਿੱਤੀਆਂ ਨੇ। ਜਵਾਨ ਦੇ ਅੱਗੇ ਪਿੱਛੇ, ਸੱਜੇ-ਖੱਬੇ ਨੰਗੀਆਂ ਤਲਵਾਰਾਂ। ਤਿੱਖੀਆਂ ਕਹੀਆਂ। ਐਸ ਡੱਬੇ 'ਚ ਮਸਾਂ ਖੜ੍ਹਨ ਜੋਗੀ ਥਾਂ ਐ। ਜਵਾਨ ਨੇ ਪੁੱਠੀ ਲੋਟਣੀ ਲਾ ਕੇ ਮੁੜ ਪੈਰਾਂ ਵਾਲੀ ਥਾਂ 'ਤੇ ਆ ਖੜ੍ਹਨੈ। ਮਾੜੀ ਜਿਹੀ ਚੁੱਕ ਹੋਗੀ ਤਲਵਾਰਾਂ ਨੇ ਜਵਾਨ ਨੂੰ ਆਏਂ ਚੀਰ ਕੇ ਰੱਖ ਦੇਣਾ ਜਿਵੇਂ ਸੁਆਣੀਆਂ ਦਾਤ ਨਾਲ ਸਾਗ ਚੀਰਦੀਆਂ। ਲੈ ਵਈ ਪਿੰਡ ਵਾਲਿਓ ਜਵਾਨ ਦਾ ਹੌਂਸਲਾ ਵਧਾਉਣ ਲਈ ਲਾ ਦਿਓ ਤਾੜੀ। ਬੱਲੇ! ਬੱਲੇ!''

ਸੁਰਜਨ ਧਰਤੀ ਨੂੰ ਨਮਸਕਾਰ ਕਰਕੇ ਛਾਲ ਲਾਉਣ ਲਈ ਅੰਤਰ ਧਿਆਨ ਹੋ ਕੇ ਖੜ੍ਹ ਗਿਆ। ਕਮਜ਼ੋਰ ਦਿਲਾਂ ਵਾਲਿਆਂ ਤਾਂ ਅੱਖਾਂ ਹੀ ਬੰਦ ਕਰ ਲਈਆਂ। ਬੁੜੀਆਂ-ਕੁੜੀਆਂ ਵਾਹਿਗੁਰੂ-ਵਾਹਿਗੁਰੂ ਕਰਨ ਲੱਗ ਪਈਆਂ। ਚਾਰ ਚੁਫ਼ਰੇ ਸੁੰਨ ਵਰਤ ਗਈ। ਬਜ਼ੁਰਗਾਂ ਦੇ ਹੱਥ ਆਪਮੁਹਾਰੇ ਹੀ ਅਰਦਾਸ ਲਈ ਜੁੜ ਗਏ।

ਢੋਲੀ ਨੇ ਢੋਲ 'ਤੇ ਡੱਗਾ ਮਾਰ ਕੇ ਆਲੇ ਦੁਆਲੇ ਪਸਰੀ ਸੁੰਨ ਨੂੰ ਭੰਗ ਕਰ ਦਿੱਤਾ। ਸੁਰਜਨ ਬਿਜਲੀ ਦੀ ਤੇਜ਼ੀ ਨਾਲ ਹਵਾ 'ਚ ਉਛਲਿਆ ਤੇ ਪੁੱਠੀ ਲੋਟਣੀ ਖਾਂਦਾ ਸਾਬਤ ਸਬੂਤੇ ਕਦਮੀ ਪੈਰਾਂ ਭਾਰ ਆ ਖੜ੍ਹਿਆ। ਜੀਭਾਂ ਨੇ ਦੰਦਾਂ ਥੱਲਿਓਂ ਨਿਕਲ ਵਾਹ ਵਾਹ ਤੇ ਬੱਲੇ ਬੱਲੇ ਆਖਿਆ। ਅਰਦਾਸ ਲਈ ਜੁੜੇ ਹੱਥ ਤਾੜੀਆਂ ਮਾਰਨ ਲੱਗੇ। ਅਖਾੜੇ 'ਚ ਬੈਠੇ ਤੇ ਖੜ੍ਹੇ ਲੋਕਾਂ ਦੇ ਹੱਥ ਸੁਰਜਨ ਦਾ ਹੌਂਸਲਾ ਵਧਾਉਣ ਲਈ ਮੱਲੋਮੱਲੀ ਜੇਬ੍ਹਾਂ ਵੱਲ ਚਲੇ ਗਏ।

ਬਾਜ਼ੀਆਂ ਪਾਉਣ ਵਾਲੇ ਜੁਆਨਾਂ ਨੇ ਕੁੱਦ ਕੇ ਅੱਗ ਦਾ ਗੋਲਾ ਪਾਰ ਕਰਨ, ਸਿਰ 'ਤੇ ਉਪਰ ਥੱਲੇ ਦੋ ਘੜੇ ਟਿਕਾ ਕੇ ਇੱਕ ਜਵਾਨ ਨੂੰ ਘੜੇ ਉੱਪਰ ਖੜ੍ਹਾ ਕੇ ਮੈਦਾਨ ਦਾ ਗੇੜਾ ਲਾਉਣ ਅਤੇ ਦੰਦਾਂ ਨਾਲ ਸੁਹਾਗਾ ਚੁੱਕਣ ਵਰਗੇ ਹੋਰ ਵੀ ਕਈ ਕਰਤਬ ਦਿਖਾਏ। ਬਾਜ਼ੀ ਆਪਣੇ ਸਿਖਰ ਨੂੰ ਪਹੁੰਚ ਗਈ। ਲੋਕਾਂ ਦੀਆਂ ਨਜ਼ਰਾਂ ਹੁਣ ਪਿੜ ਦੇ ਐਨ ਵਿਚਾਲੇ ਗੱਡੇ ਬਾਂਸ ਨਾਲ ਜਾ ਜੁੜੀਆਂ। ਬਾਂਸ ਦੇ ਸਿਰੇ 'ਤੇ ਲੱਕੜ ਦੀ ਫੱਟੀ ਪੂਰੀ ਮਜ਼ਬੂਤੀ ਨਾਲ ਬੰਨ੍ਹੀ ਹੋਈ ਸੀ। ਜਿਵੇਂ ਕਬੂਤਰਾਂ ਵਾਲਿਆਂ ਨੇ ਕਬੂਤਰਾਂ ਲਈ ਛੱਤਰੀ ਬਣਾਈ ਹੁੰਦੀ ਹੈ। ਫੱਟੀ ਦੇ ਐਨ ਵਿਚਕਾਰ ਕਰਕੇ ਲੋਹੇ ਦੀ ਤਿੱਖੀ ਛੁਰੀ ਸਿੱਧੀ ਖੜ੍ਹੀ। ਏਸੇ ਛੁਰੀ ਕਰਕੇ ਹੀ ਇਸ ਨੂੰ ਸੂਲੀ ਦੀ ਛਾਲ ਕਿਹਾ ਜਾਂਦਾ। ਲੋਕ ਬਚਨੇ ਬਾਜ਼ੀਗਰ ਵੱਲੋਂ ਲਾਈ ਜਾਣ ਵਾਲੀ ਸੂਲੀ ਦੀ ਛਾਲ ਵੇਖਣ ਲਈ ਹੀ ਤਾਂ ਬੇਤਾਬ ਸਨ। ਢੋਲੀ ਨੇ ਸੂਲੀ ਦੀ ਛਾਲ ਦਾ ਐਲਾਨ ਕਰ ਦਿੱਤਾ।
''ਢੋਲ ਵਾਲਿਆ! ਕਿਸੇ ਗੁਣੀ ਬੰਦੇ ਦਾ ਗਿਆਨ ਹੈ।'' ਬਚਨ ਸਿੰਘ ਦੇ ਬੋਲ ਸੁਣ ਕੇ ਮੇਜਰ ਢੋਲੀ ਨੇ ਢੋਲ ਥੰਮ ਲਿਆ।
''ਹਲਾ! ਸੁਣ ਕੇ ਬਈ ਨਗਰ ਵਾਲਿਓ...!''
''ਯਾਰ ਮਾਰ ਕਰੇ ਤੇ ਗਰੀਬ ਮਾਰ ਕਰੇ ਜਿਹੜਾ,
ਸਿਆਣਾ ਨਹੀਂ ਜੋ ਐਹੋ ਜ੍ਹੇ ਨਾ, ਲਾਵੇ ਕਦੇ ਯਾਰੀਆਂ।
ਬੰਦਾ ਕਾਹਦਾ ਕੀਤਾ ਨਾ ਜੇ ਕੰਮ ਕੋਈ ਸਵਾਬ ਵਾਲਾ,
ਖੱਟੀਆਂ ਬਚਨ ਸਿੰਘਾ ਜਿੰਨਾਂ ਬਦਕਾਰੀਆਂ।
ਜੈਮਲ ਤੇ ਫੱਤੇ ਵਾਂਗੂੰ ਲੜੇ ਜਿਹੜੇ ਅਣਖਾਂ ਲਈ,
ਕਿੱਸਿਆਂ 'ਚ ਹਾਲ ਲਿਖੇ ਉਨ੍ਹਾਂ ਦੇ ਲਿਖਾਰੀਆਂ।''

ਬਚਨਾ ਸੂਲੀ ਦੀ ਛਾਲ ਲਾਉਣ ਲਈ ਵੇਖਦਿਆਂ-ਵੇਖਦਿਆਂ ਹੀ ਬਾਂਸ ਦੇ ਸਿਰੇ ਉੱਪਰ ਟੇਢੇ ਰੁਖ਼ ਕਰਕੇ ਬੰਨ੍ਹੀ ਫੱਟੀ 'ਤੇ ਜਾ ਖੜ੍ਹਿਆ।
''ਲੈ ਬਈ ਨਗਰ ਖੇੜੇ ਵਾਲੇ ਦਾਨੀਓਂ! ਜਵਾਨ ਬਚਨ ਸਿਓਂ ਲਾਊ ਹੁਣ ਸੂਲੀ ਦੀ ਛਾਲ। ਔਹ ਜਿਹੜੀ ਫੱਟੀ ਉੱਤੇ ਜਵਾਨ ਖੜ੍ਹਾ ਉਹਦੇ ਵਿਚਾਲੇ ਤਿੱਖੀ ਸੂਲੀ ਗੱਡੀ ਐ ਸਿੱਧੀ ਕਰਕੇ। ਹੱਥ ਭਰ ਲੰਮੀ ਬਰਛੀ। ਏਸੇ ਕਰਕੇ ਏਹਨੂੰ ਸੂਲੀ ਦੀ ਛਾਲ ਆਂਹਦੇ। ਜਵਾਨ ਨੇ ਹਵਾ 'ਚ ਲਾ ਕੇ ਪੁੱਠੀ ਛਾਲ, ਫੇਰ ਪਟੜੀ 'ਤੇ ਆਣ ਖੜ੍ਹਨਾ। ਰੱਬ ਨਾ ਕਰੇ ਜਵਾਨ ਦਾ ਰੱਤੀ ਭਰ ਧਿਆਨ ਏਧਰ-ਓਧਰ ਭਟਕਿਆ, ਸਿੱਧਾ ਛੁਰੀ 'ਤੇ ਆਣ ਡਿੱਗੂ ਤੇ ਹੱਥ ਭਰ ਛੁਰੀ ਨੇ ਜਵਾਨ ਦੀਆਂ ਆਂਦਰਾਂ ਨੂੰ ਖਰਬੂਜੇ ਵਾਂਗੂੰ ਚੀਰ ਦੇਣਾ।''

ਭੀੜ ਵਿੱਚ ਇੱਕ ਵਾਰ ਫੇਰ ਸੁੰਨ ਪਸਰ ਗਈ। ਫੱਟੀ 'ਤੇ ਖੜ੍ਹੇ ਬਚਨੇ ਨੇ ਦੋਵੇਂ ਹੱਥ ਸਿਰ 'ਤੋਂ ਉੱਪਰ ਲਿਜਾ ਕੇ ਲੋਕਾਂ ਨੂੰ ਤਾੜੀਆਂ ਮਾਰਨ ਦਾ ਇਸ਼ਾਰਾ ਕੀਤਾ। ਤਾੜੀਆਂ ਦੀ ਗੜਗੜਾਹਟ ਅੰਬਰ ਵੱਲ ਨੂੰ ਤੁਰ ਗਈ। ਢੋਲ ਵਾਲੇ ਦੇ ਤੇਜ਼ ਡੱਗੇ ਤੋਂ ਬਾਅਦ ਫੇਰ ਸੁੰਨ ਵਰਤ ਗਈ।
''ਨਗਰ ਖੇੜੇ ਵਾਲਿਓ! ਪਹਿਲਾ ਆਸਰਾ ਓਸ ਪਰਮ ਪਿਤਾ ਪਰਮਾਤਮਾ ਦਾ। ਦੂਜਾ ਆਸਰਾ ਥੋਡੇ ਨਗਰ ਖੇੜੇ ਦਾ। ਬੰਦਾ ਪਾਣੀ ਵਾਲੇ ਘੜੇ ਦੇ ਸਮਾਨ। ਪਤਾ ਨ੍ਹੀ ਕਦੋਂ ਭੱਜ ਜਾਵਣਾ। ਲਿਖਾਰੀ ਨੇ ਖ਼ੂਬ ਲਿਖਿਆ,

ਪੁੰਨ ਦਾਨ 'ਤੇ ਧਰਮ ਨਾ ਕਰੇਂ ਬੰਦੇ,
ਨਿੱਤ ਪੁੱਠੀਆਂ ਵਹਿਬਤਾਂ ਛੇੜਦਾ ਏਂ।
ਹੱਕ ਸੱਚ ਦੀ ਗੱਲ ਨਾ ਮੂਲ ਕੀਚੇਂ,
ਫੱਕੜ ਤੋਲਦਾ ਤੇ ਗੱਪਾਂ ਰੇੜ੍ਹਦਾ ਏਂ।
ਤੰਦ ਦਯਾ ਸੰਤੋਖ ਦੇ ਨਈਂ ਪਾਉਂਦਾ,
ਖਿੱਦੋ ਨਾਲ ਲੀਰਾਂ ਰਹਿੰਦਾ ਮੇੜ੍ਹਦਾ ਏਂ।
ਬਚਨ ਸਿੰਘਾ ਕਲਬੂਤ ਨਾ ਸਦਾ ਰਹਿਣਾ,
ਜੀਹਦਾ ਮਾਣ ਕਰਦਾਂ, ਖੇਡਾਂ ਖੇਡਦਾ ਏਂ।''

ਬਚਨੇ ਨੇ ਛਾਲ ਲਾਉਣ ਲਈ ਪੈਂਤੜਾ ਮੱਲ ਲਿਆ। ਲੋਕ ਧੌਣਾਂ ਉੱਪਰ ਨੂੰ ਚੁੱਕ ਕੇ ਬਚਨੇ ਵੱਲ ਇੱਕ ਟਕ ਵੇਖਣ ਲੱਗੇ। ਕੋਠਿਆਂ ਦੀਆਂ ਛੱਤਾਂ 'ਤੇ ਬੈਠੀਆਂ ਜ਼ਨਾਨੀਆਂ ਨੇ ਗੋਦੀ ਵਿਚਲੇ ਛੋਟੇ ਜੁਆਕਾਂ ਨੂੰ ਛਾਤੀਆਂ ਨਾਲ ਘੁੱਟ ਲਿਆ।

ਅੱਖ ਦੇ ਫੋਰ 'ਚ ਹੀ ਬਚਨਾ ਛਾਲ ਲਗਾ ਕੇ ਫੱਟੀ 'ਤੇ ਆ ਸਿੱਧਾ ਖੜ੍ਹਾ ਹੋਇਆ। ਲੋਕਾਂ ਨੂੰ ਯਕੀਨ ਨਹੀਂ ਆ ਰਿਹਾ। ਉਹ ਤਾਂ ਅਜੇ ਵੀ ਹੈਰਾਨ ਖੜ੍ਹੇ ਸਨ। ਢੋਲ ਦੇ ਡੱਗੇ ਨੇ ਉਨ੍ਹਾਂ ਨੂੰ ਸੋਚਾਂ 'ਚੋਂ ਵਾਪਸ ਖਿੱਚ ਲਿਆਂਦਾ। ਤਾੜੀਆਂ ਦੇ ਸ਼ੋਰ 'ਚ ਕੁਝ ਵੀ ਸੁਣਾਈ ਨਹੀਂ ਦਿੰਦਾ।
''ਭਲਵਾਨਾ! ਇਹ ਛਾਲ ਤਾਂ ਹੋ ਗਈ ਮਾਰਾਜ੍ਹ ਦੇ ਨਾਂ ਦੀ, ਹੁਣ ਇੱਕ ਛਾਲ ਹੋਰ ਲਾ, ਇਸ ਨਗਰ ਖੇੜੇ ਦੇ ਨਾਂ 'ਤੇ।'' ਢੋਲ ਵਾਲਾ ਆਖ ਰਿਹਾ।
''ਨਹੀਂ ਨਹੀਂ, ਰਹਿਣ ਦਿਓ!'' ਭੀੜ 'ਚੋਂ ਆਵਾਜ਼ਾਂ ਆਉਂਦੀਆਂ ਨੇ।

''ਸਤਿਬਚਨ ਢੋਲ ਵਾਲਿਆ!'' ਆਖਦਿਆਂ ਬਚਨੇ ਇੱਕ ਵਾਰ ਫੇਰ ਸੂਲੀ ਦੀ ਛਾਲ ਲਾ ਦਿੱਤੀ ਤੇ ਤਾੜੀਆਂ ਦੀ ਗੂੰਜ ਵਿੱਚ ਲੋਟਣੀਆਂ ਮਾਰਦਾ ਥੱਲੇ ਧਰਤੀ 'ਤੇ ਸਿੱਧਾ ਆ ਖੜ੍ਹਿਆ। ਬਾਕੀ ਦੇ ਜਵਾਨਾਂ ਨੇ ਉਸ ਨੂੰ ਮੋਢਿਆਂ 'ਤੇ ਚੁੱਕ ਲਿਆ। ਸਾਰੇ ਜਣੇ ਅਖਾੜੇ ਦਾ ਗੇੜਾ ਦੇਣ ਲੱਗੇ। ਇਨਾਮਾਂ ਨਾਲ ਸਾਰਿਆਂ ਦੇ ਬੁੱਕ ਭਰ ਗਏ। ਅਖਾੜੇ ਦੇ ਵਿਚਕਾਰ ਵਿਛਾਏ ਮੋਟੇ ਖੇਸ ਉੱਪਰ ਅਨਾਜ ਦਾ ਢੇਰ ਲੱਗ ਗਿਆ। ਕਈ ਲੋਕਾਂ ਨੇ ਤਾਂ ਦੇਸੀ ਘਿਓ ਦੇ ਪੀਪੇ ਲਿਆ ਰੱਖੇ। ਬਚਨੇ ਦੀ ਵਿਚਕਾਰਲੀ ਉਂਗਲ ਪਿੰਡ ਵਾਲਿਆਂ ਵੱਲੋਂ ਪਾਈ ਸੋਨੇ ਦੀ ਮੁੰਦਰੀ ਨਾਲ ਚਮਕਣ ਲੱਗੀ। ਬਜ਼ੁਰਗ ਬੰਦੇ ਜਵਾਨਾਂ ਦੇ ਮੋਢੇ ਪਲੋਸਣ ਲੱਗੇ।
''ਵਾਹ ਵਈ ਵਾਹ! ਕਮਾਲਾਂ ਕਰਤੀਆਂ ਜਵਾਨਾਂ ਨੇ। ਨਈਂ ਰੀਸਾਂ ਵਈ ਕਾਜ਼ੀਆਂ ਆਲੇ ਬਚਨੇ ਬਾਜ਼ੀਗਰ ਦੀਆਂ।'' ਅਖਾੜੇ 'ਚੋਂ ਤੁਰੇ ਜਾਂਦੇ ਲੋਕ ਬਚਨੇ ਦੀ ਵਡਿਆਈ ਕਰਦੇ ਜਾਂਦੇ ਸਨ।

***
''ਬਾਬਾ! ਡਿਪਟੀ ਸਾਬ੍ਹ ਨ੍ਹੀ ਆਉਂਦੇ ਅੱਜ। ਐੱਸ.ਐੱਸ.ਪੀ ਸਾਬ੍ਹ ਨੇ ਐਮਰਜੈਂਸੀ ਮੀਟਿੰਗ ਬੁਲਾ ਲਈ। ਟੈਮ ਨਾਲ ਘਰ ਵਗਜਾ। ਕੱਲ ਨੂੰ ਆਜੀਂ ਸਾਝਰੇ। ਹੁਣ ਕੋਈ ਫਾਇਦਾ ਨ੍ਹੀ ਬਹਿਣ ਦਾ।'' ਸੰਤਰੀ ਦੀ ਆਵਾਜ਼ ਨੇ ਬਚਨੇ ਦੇ ਖਿਆਲਾਂ ਦੀ ਲੜੀ ਤੋੜੀ।
''ਹੱਛਾਅ! ਏਦਾ ਮਤਬਲ ਹੁਣ ਨ੍ਹੀ ਆਉਂਦੇ?'' ਬਚਨੇ ਨੇ ਬੜੀ ਨਿਤਾਣੀ ਜਿਹੀ ਆਵਾਜ਼ 'ਚ ਡੀ.ਐੱਸ.ਪੀ. ਦੇ ਆਉਣ ਜਾਂ ਨਾ ਆਉਣ ਬਾਰੇ ਪੱਕਾ ਕਰਨਾ ਚਾਹਿਆ।
''ਦੱਸ ਤਾਂ ਦਿੱਤਾ ਤੈਨੂੰ ਵਈ ਨਹੀਂ ਆਉਂਦੇ ਸਾਹਬ ਬਹਾਦਰ। ਹੋਰ ਕੀ ਹੁਣ ਪਰਨੋਟ 'ਤੇ ਲਿਖ ਕੇ ਦੇਵਾਂ।'' ਸੰਤਰੀ ਨੂੰ ਬਚਨੇ ਦੀ ਪੁੱਛ 'ਤੇ ਗੁੱਸਾ ਆਇਆ।
''ਠੀਕ ਐ ਜਨਾਬ, ਠੀਕ ਐ। ਮੈਂ ਕੱਲ ਨੂੰ ਆਜੂੰ।'' ਆਖਦਿਆਂ ਬਚਨਾ ਪਿੰਡ ਵਾਲੀ ਬੱਸ ਫੜਨ ਲਈ ਅੱਡੇ ਵੱਲ ਤੁਰ ਪਿਆ।

''ਮੇਰੀ ਕੁੜੀ ਦੇ ਸਹੁਰੇ ਆ ਬੁਲ੍ਹਾਢੇ ਕੰਨ੍ਹੀ। ਗਾਹਾਂ ਉਹਦੀ ਨਨਾਣ ਨੂੰ ਕੈਅ ਵਰ੍ਹੇ ਹੋਗੇ ਬਿਆਹੀ ਨੂੰ, ਬਿਚਾਰੀ ਦੀ ਕੁੱਖ ਨ੍ਹੀ ਹਰੀ ਹੋਈ। ... ਆਹ ਭਾਈ ਥੋਡੇ ਪੈਰਾਂ ਦੀ ਮਿੱਟੀ ਚੱਕ ਲਿਚੱਲੀ ਆਂ। ... ਕੁੜੀ ਨੂੰ ਕਹੂੰ ਚੁੰਨੀ ਦੇ ਲੜ ਬੰਨ੍ਹਲੂ। ...ਜੁਆਕ ਬੀ ਹੋਊ ਤੇ ਹੋਊ ਬੀ ਸੁਰਜਨ ਅਰਗਾ।'' ਵਰ੍ਹਿਆਂ ਪਹਿਲਾਂ ਅਖਾੜੇ 'ਚ ਸੁਣੇ ਇਕ ਮਾਈ ਦੇ ਬੋਲ ਬਚਨੇ ਦੇ ਦਿਮਾਗ਼ ਵਿੱਚ ਹਥੋੜੇ ਵਾਂਗੂੰ ਠੱਕ-ਠੱਕ ਵੱਜਣ ਲੱਗੇ ਸਨ।
''ਸੁਰਜਨਾ! ਤੂੰ ਚੰਗਾ ਨ੍ਹੀ ਸੀ ਕੀਤਾ। ਤੂੰ ਰੱਬ ਵਰਗੇ ਲੋਕਾਂ ਦਾ ਵਿਸ਼ਵਾਸ਼ ਤੋੜਿਆ। ਇਸ ਤੋਂ ਮਾੜੀ ਕੋਈ ਗੱਲ ਨ੍ਹੀ ਹੁੰਦੀ।'' ਸੁਰਜਨ ਤਾਂ ਕਿਤੇ ਵੀ ਨਹੀਂ ਸੀ, ਬਚਨੇ ਨੇ ਜਿਵੇਂ ਆਪਣੇ ਆਪ ਨੂੰ ਹੀ ਆਖਿਆ।
''ਆਹ ਵੇਖ ਤੇਰੀਆਂ ਕੀਤੀਆਂ ਦੀ ਸਜ਼ਾ ਭੁਗਤਦਾ ਫਿਰਦਾਂ। ਚੰਗੀ ਨ੍ਹੀ ਸੀ ਕੀਤੀ ਤੂੰ।'' ਬਚਨਾ ਬਹੁਤ ਪਿੱਛੇ ਪਰਤ ਗਿਆ।

ਉਸ ਦਿਨ ਉਹ ਆਥਣ ਦੇ ਘੁਸਮੁਸੇ 'ਚ ਸਬੱਬੀਂ ਡੰਗਰਾਂ ਵਾਲੇ ਵਾੜੇ 'ਚ ਗਿਆ ਸੀ। ਤੂੜੀ ਵਾਲੇ ਕੋਠੇ 'ਚੋਂ ਨਿਕਲ ਕੇ ਨਾਲ ਲੱਗਦੇ ਕਮਾਦ ਦੇ ਖੇਤਾਂ 'ਚ ਗੁਆਚਦਾ ਸੁਰਜਨ ਉਸਨੇ ਆਪਣੀ ਅੱਖੀਂ ਵੇਖਿਆ ਸੀ। ਉਸਦੇ ਮਗਰੇ ਹੀ ਛਨਣ ਛਨਣ ਕਰਦੇ ਘੁੰਗਰੂਆਂ ਦੀ ਆਵਾਜ਼ ਕੱਪੜਿਆਂ ਤੋਂ ਤੂੜੀ ਝਾੜਦੀ ਪਿੰਡ ਦੇ ਚੜ੍ਹਦੇ ਪਾਸੇ ਦੇ ਘਰਾਂ ਵੱਲ ਨੂੰ ਤੁਰ ਗਈ ਸੀ। ਭਾਵੇਂ ਉਸ ਨੂੰ ਔਰਤ ਦੀ ਪੂਰੀ ਸਿਆਣ ਨਹੀਂ ਸੀ ਆਈ, ਪਰ ਉਸ ਨੇ ਔਰਤ ਦੇ ਕੱਦ ਬੁੱਤ ਅਤੇ ਤੋਰ ਤੋਂ ਅੰਦਾਜ਼ਾ ਲਾ ਲਿਆ ਸੀ। ਉਸਦੇ ਤਾਂ ਹਸਾਨ ਈ ਮਾਰੇ ਗਏ ਸਨ। ਉਹ ਡੌਰ-ਭੌਰ ਹੋਇਆ ਕਿੰਨਾ ਚਿਰ ਏਧਰ-ਓਧਰ ਵੇਖਦਾ ਰਿਹਾ। ਬਾਜ਼ੀ ਵਾਲੇ ਪਿੜਾਂ 'ਚੋਂ ਮਿੱਟੀ ਚੁੱਕਦੀਆਂ ਔਰਤਾਂ ਉਸ ਦੀਆਂ ਅੱਖਾਂ ਅੱਗੋਂ ਲੰਘ ਗਈਆਂ ਸਨ।

''ਸੁਰਜਨਾ! ਤੂੰ ਲਾਜ ਲਾ ਦਿੱਤੀ ਐ ਬਾਜ਼ੀਗਰਾਂ ਦੇ ਧਰਮ ਨੂੰ। ਡਿੱਗ ਗਿਓਂ ਆਪਣੇ ਅਕੀਦੇ 'ਤੋਂ। ਸਾਬਤੀ ਦੀ ਲੱਜ ਹੱਥੋਂ ਛੱਡ ਦਿੱਤੀ। ਉਨ੍ਹਾਂ ਧੀਆਂ ਭੈਣਾਂ ਦਾ ਈ ਖਿਆਲ ਕਰ ਲੈਂਦਾ ਜਿਹੜੀਆਂ ਤੇਰੇ ਅਖਾੜੇ ਦੀ ਮਿੱਟੀ ਨੂੰ ਰੱਬ ਵਾਂਗੂੰ ਪੂਜਦੀਆਂ। ਕੋਈ ਹੱਕ ਨ੍ਹੀ ਤੈਨੂੰ ਜਿਉਂਦੇ ਰਹਿਣ ਦਾ।''

ਬਚਨੇ ਦੇ ਸਿਰ 'ਤੇ ਖ਼ੂਨ ਸਵਾਰ ਹੋ ਗਿਆ ਸੀ। ਉਹ ਸੁਰਜਨ ਨੂੰ ਡਾਂਗਾਂ ਨਾਲ ਕੁੱਟਦਾ ਰਿਹਾ। ਸੁਰਜਨ ਦੀ ਸੱਜੀ ਲੱਤ ਚੂਰ-ਚੂਰ ਹੋ ਗਈ ਸੀ। ਰੀੜ੍ਹ ਦੀ ਹੱਡੀ 'ਤੇ ਲੱਗੀ ਸੱਟ ਨੇ ਤਾਂ ਜਵਾਂ ਨਕਾਰਾ ਕਰ ਦਿੱਤਾ। ਫਿਰ ਪੂਰੇ ਤਿੰਨ ਸਾਲ ਸੁਰਜਨ ਮੰਜੇ 'ਤੇ ਹੱਡ ਰਗੜਦਾ ਰਿਹਾ। ਅੱਧ ਅਸਮਾਨੇ ਬਾਜ਼ੀਆਂ ਲਾਉਣ ਵਾਲਾ ਕੜੀ ਵਰਗਾ ਜਵਾਨ ਸੁਰਜਨ ਜਵਾਂ ਨਿਤਾਣਾ ਹੋਇਆ ਪਿਆ ਸੀ। ਥਾਂ ਥਾਂ ਤੋਂ ਟੁੱਟੀ ਲੱਤ 'ਚ ਜ਼ਹਿਰ ਫੈਲ ਜਾਣ ਕਾਰਨ ਪੱਟ ਕੋਲੋਂ ਕੱਟਣੀ ਪਈ। ਦਿਨੋਂ ਦਿਨ ਉਹ ਹੱਡੀਆਂ ਦੀ ਮੁੱਠ ਬਣਦਾ ਗਿਆ ਤੇ ਆਖਰ ਮਿੱਟੀ ਹੋ ਗਿਆ।

ਪੁੱਤਾਂ ਵਰਗੇ ਛੋਟੇ ਭਰਾ ਸੁਰਜਨ ਦੀ ਮੌਤ ਨੇ ਬਚਨੇ ਨੂੰ ਉੱਕਾ ਹੀ ਤੋੜ ਕੇ ਰੱਖ ਦਿੱਤਾ। ਬਾਜ਼ੀਆਂ ਪਾਉਣ ਦੀ ਹੁਣ ਉਸ ਵਿੱਚ ਸਮਰੱਥਾ ਨਹੀਂ ਸੀ ਰਹੀ। ਹੁਣ ਤਾਂ ਬੱਸ ਦਿਨਾਂ ਨੂੰ ਧੱਕੇ ਦੇਣ ਵਾਲੀ ਗੱਲ ਸੀ। ਵਕਤ ਦੀ ਇਸ ਸੱਟ ਨੇ ਚੱਟਾਨ ਵਰਗਾ ਸਰੀਰ ਖੋਰ ਕੇ ਮਿੱਟੀ ਵਰਗਾ ਕਰ ਦਿੱਤਾ। ਹੁਣ ਉਹ ਕਦੇ ਸਾਈਕਲ 'ਤੇ ਖਾਰੀ ਲੱਦ ਸਬਜ਼ੀ ਭਾਜੀ ਵੇਚਦਾ ਤੇ ਕਦੇ ਜ਼ਿਮੀਦਾਰਾਂ ਦੇ ਖੇਤਾਂ ਵਿੱਚ ਕੰਮ ਕਰਾਉਂਦਾ।

ਦੁੱਖਾਂ ਤਕਲੀਫ਼ਾਂ ਨਾਲ ਘੁਲਦਿਆਂ ਉਸ ਨੇ ਤਿੰਨੇ ਧੀਆਂ ਦੇ ਹੱਥ ਪੀਲੇ ਕਰ ਦਿੱਤੇ। ਮੁੰਡਾ ਤਿੰਨਾਂ ਕੁੜੀਆਂ ਤੋਂ ਛੋਟਾ ਸੀ। ਚੰਗਾ ਸੋਹਣਾ ਜਵਾਨ। ਪਾਲਾ ਵੇਖਣ ਪਾਖਣ ਨੂੰ ਆਪਣੇ ਚਾਚੇ ਸੁਰਜਨ ਵਰਗਾ ਹੀ ਜਾਪਦਾ। ਬਚਨੇ ਨੂੰ ਭਰਾ ਦੀ ਮੌਤ ਦਾ ਸੱਲ੍ਹ ਕੁਝ ਘਟਦਾ ਮਹਿਸੂਸ ਹੋਇਆ। ਚਾਵਾਂ ਨਾਲ ਪਾਲੇ ਦਾ ਵਿਆਹ ਕੀਤਾ। ਖ਼ੁਸ਼ੀਆਂ ਨੇ ਘਰ 'ਚ ਚੰਗੀ ਤਰ੍ਹਾਂ ਪੈਰ ਵੀ ਨਹੀਂ ਸੀ ਲਾਏ ਕਿ ਦੁੱਖਾਂ ਦਾ ਵੱਡਾ ਪਹਾੜ ਬਚਨੇ ਦੇ ਪਰਿਵਾਰ ਦੇ ਸਿਰ ਉੱਤੇ ਡਿੱਗ ਪਿਆ। ਸ਼ਹਿਰੋਂ ਕੰਮ ਤੋਂ ਆਉਂਦੇ ਪਾਲੇ ਦੇ ਸਾਈਕਲ ਨੂੰ ਕੋਈ ਟਰੱਕ ਵਾਲਾ ਫੇਟ ਮਾਰ ਕੇ ਸੁੱਟ ਗਿਆ। ਬਚਨੇ ਨੇ ਜਿਵੇਂ ਪੂਰੇ ਵੀਹਾਂ ਸਾਲਾਂ ਬਾਅਦ ਇੱਕ ਵਾਰ ਫੇਰ ਭਰਾ ਦੀ ਅਰਥੀ ਮੋਢਿਆਂ 'ਤੇ ਚੁੱਕ ਕੇ ਸਮਸ਼ਾਨਘਾਟ ਪਹੁੰਚਾਈ ਹੋਵੇ।

ਬਚਨੇ ਦੀ ਨੂੰਹ ਆਪਣੀ ਚਹੁੰ ਮਹੀਨਿਆਂ ਦੀ ਧੀ ਨੂੰ ਬਚਨੇ ਦੀ ਗੋਦੀ ਪਾ ਕੇ ਪੇਕੀਂ ਜਾ ਬੈਠੀ। ਇਸ ਨੰਨ੍ਹੀ ਜਿੰਦ ਨੂੰ ਪਾਲਣ ਲਈ ਬਚਨੇ ਨੇ ਆਪਣੇ ਆਪ ਨੂੰ ਪੱਥਰ ਬਣਾ ਲਿਆ ਤੇ ਹਿੰਮਤ ਕਰਕੇ ਬੋਦੇ ਹੋਏ ਸਰੀਰ ਨੂੰ ਧੂਹਣ ਲੱਗਾ।

''ਅਕੀਦਾ ਬੇਟੀ ਅਮਰ ਰਹੇ! ਅਮਰ ਰਹੇ-ਅਮਰ ਰਹੇ।'' ਨਾਅਰਿਆਂ ਦੀਆਂ ਆਵਾਜ਼ਾਂ ਨੇ ਬਚਨੇ ਨੂੰ ਯਾਦਾਂ 'ਚੋਂ ਵਾਪਸ ਧੂਹ ਲਿਆਂਦਾ। ਉਸ ਨੇ ਵੇਖਿਆ ਜਗਦੀਆਂ ਮੋਮਬੱਤੀਆਂ ਹੱਥਾਂ 'ਚ ਫੜੀ ਚੌਕ 'ਚ ਖੜ੍ਹੇ ਬਹੁਤ ਸਾਰੇ ਲੋਕ ਜੋਸ਼ ਅਤੇ ਗੁੱਸੇ ਨਾਲ ਨਾਅਰੇ ਮਾਰ ਰਹੇ ਸਨ।
'''ਕੀਦਾ! ਉਹ ਕੌਣ ਐ ਬਾਬੂ ਜੀ? ਕੀ ਹੋਇਆ 'ਕੀਦਾ ਨਾਲ?'' ਬਚਨੇ ਨੇ ਹੱਥਾਂ 'ਚ ਇੱਕ ਬੱਚੀ ਦੀ ਫੋਟੋ ਫੜੀ ਨਾਅਰੇ ਮਾਰਦੇ ਸਿਆਣੀ ਉਮਰ ਦੇ ਬਾਬੂ ਨੂੰ ਝਕਦਿਆਂ-ਝਕਦਿਆਂ ਪੁੱਛਿਆ। ਉਸ ਨੂੰ ਫੋਟੋ ਵਿਚਲੀ ਕੁੜੀ ਆਪਣੀ ਪੋਤਰੀ ਵੀਰਾਂ ਵਰਗੀ ਲੱਗੀ ਸੀ।
''ਇਸ ਮਾਸੂਮ ਬਾਲੜੀ ਨਾਲ ਕਈ ਦਰਿੰਦਿਆਂ ਨੇ ਰਲ ਕੇ ਬਲਾਤਕਾਰ ਕੀਤਾ। ਹੱਡਾਰੋੜੀ ਦੇ ਕੁੱਤਿਆਂ ਨਾਲੋਂ ਵੀ ਵੱਧ ਖ਼ਤਰਨਾਕ ਨਿਕਲੇ ਉਹ ਵਹਿਸ਼ੀ। ਆਵਦੀ ਹਵਸ ਦਾ ਸ਼ਿਕਾਰ ਬਣਾਉਣ ਬਾਅਦ ਉਨ੍ਹਾਂ ਭੇੜੀਆਂ ਨੇ ਅਕੀਦਾ ਨੂੰ ਕੋਹ ਕੋਹ ਕੇ ਮਾਰ ਦਿੱਤਾ।'' ਬਾਬੂ ਨੇ ਬਚਨੇ ਨੂੰ ਸੰਖੇਪ 'ਚ ਦੱਸਦਿਆਂ ਫੇਰ ਆਪਣੀ ਆਵਾਜ਼ ਨਾਅਰਿਆਂ 'ਚ ਰਲਾ ਦਿੱਤੀ ਸੀ।
''ਕਿਸੇ ਨੇ ਰੋਕਿਆ ਨ੍ਹੀ?''
''ਨਹੀਂ! ਭਗਵਾਨ ਨੇ ਵੀ ਨਹੀਂ।''
''ਭਗਵਾਨ ਨੇ ਵੀ...?''

''ਹਾਂ! ਭਗਵਾਨ ਨੇ ਵੀ। ਉਨ੍ਹਾਂ ਦਰਿੰਦਿਆਂ ਨੇ ਅਕੀਦਾ ਨੂੰ ਇੱਕ ਧਾਰਮਿਕ ਸਥਾਨ 'ਚ ਲਿਜਾ ਕੇ ਸ਼ਿਕਾਰ ਬਣਾਇਆ। ਭਗਵਾਨ ਤਾਂ ਵਿਚਾਰਾ ਬੱਸ ਚੁੱਪਚਾਪ ਵਿੰਹਦਾ ਰਿਹਾ।'' ਬਚਨਾ ਖਾਲ਼ੀ ਖਾਲ਼ੀ ਤੇ ਖ਼ੌਫ਼ਜ਼ਦਾ ਅੱਖਾਂ ਨਾਲ ਬਾਬੂ ਦੀਆਂ ਗੱਲਾਂ ਸੁਣ ਰਿਹਾ ਸੀ।
''ਬਾਲੜੀ ਚੀਕੀ ਚਿਲਾਈ ਤਾਂ ਹੋਊ ਈ? ਉਸ ਦੀਆਂ ਚੀਕਾਂ ਕੂਕਾਂ ਸੁਣੀਆਂ ਨ੍ਹੀ ਕਿਸੇ ਨੇ?''

''ਜ਼ਰੂਰ ਚੀਕੀ ਹੋਊ। ਜਾਨਵਰਾਂ ਦੇ ਤਰਲੇ ਮਿੰਨਤਾਂ ਵੀ ਕੀਤੇ ਹੋਣਗੇ। ਬਚਣ ਵਾਸਤੇ ਭੱਜੀ ਨੱਠੀ ਵੀ ਹੋਊ। ਪਰ ਭੇੜੀਏ ਕਦੋਂ ਸੁਣਦੇ ਨੇ ਅਬਲਾਵਾਂ ਦੀਆਂ ਚੀਕਾਂ ਕੂਕਾਂ। ਵਿਚਾਰੀ ਨੇ ਰੱਬ ਨੂੰ ਵੀ ਆਵਾਜ਼ਾਂ ਮਾਰੀਆਂ ਹੋਣਗੀਆਂ, ਪਰ ਕਿਸੇ ਨਹੀਂ ਸੁਣੀਆਂ ਉਸ ਦੀਆਂ ਕੂਕਾਂ।'' ਬਚਨਾ ਸੁੰਨ ਹੋ ਗਿਆ। ਬੁਰੀ ਤਰ੍ਹਾਂ ਚੀਥੜੀ ਪਈ ਵੀਰਾਂ ਦੀ ਅਰਧ ਨਗਨ ਲਾਸ਼ ਉਸ ਦੀਆਂ ਅੱਖਾਂ ਅੱਗੇ ਆ ਗਈ। ਸਰੀਰ ਥਾਂ-ਥਾਂ ਤੋਂ ਨੋਚਿਆ ਪਿਆ। ਸਿਰ ਇੱਕ ਪਾਸੇ ਤੋਂ ਫਿੱਸਿਆ ਜਿਵੇਂ ਲੋਹੇ ਦੀਆਂ ਰਾਡਾਂ ਮਾਰ ਮਾਰ ਭੰਨ੍ਹਿਆ ਹੋਵੇ। ਵੀਰਾਂ ਦੀਆਂ ਬੰਦ ਮੁੱਠੀਆਂ 'ਚ ਸਿਰ ਦੇ ਛੋਟੇ ਛੋਟੇ ਵਾਲ ਸਨ ਜਿਸ ਤੋਂ ਜਾਪਦਾ ਸੀ ਕਿ ਉਸ ਨੇ ਬਚਣ ਲਈ ਪੂਰਾ ਯੁੱਧ ਲੜਿਆ ਸੀ।

''ਉਏ ਲੋਕੋ! ਤੁਸੀਂ ਆਂਹਦੇ ਸੀ ਮੇਰੀ ਵੀਰਾਂ ਕਿਸੇ ਯਾਰ ਨਾਲ ਭੱਜ ਗਈ ਐ। ਜੇ ਭੱਜਣਾ ਹੁੰਦਾ ਪਰਸ ਕਿਉਂ ਸੁੱਟਦੀ ਝਾੜੀਆਂ 'ਚ। ਉਹਦੀ ਚੁੰਨੀ ਸੜਕ ਕਿਨਾਰਿਓਂ ਡਿੱਗੀ ਪਈ ਨ੍ਹੀ ਸੀ ਮਿਲਣੀ। ਵੀਰਾਂ ਨੇ ਮੁਕਾਬਲਾ ਕੀਤਾ ਐ ਹਲਕੇ ਕੁੱਤਿਆਂ ਦਾ।'' ਬਚਨੇ ਦੀ ਧਾਹ ਨੇ ਜਿਵੇਂ ਆਸਮਾਨ 'ਚ ਛੇਕ ਕਰ ਦਿੱਤਾ ਸੀ। ਪਿੰਡ ਵਾਲੇ ਨੀਵੀਂਆਂ ਪਾਈ ਖੜ੍ਹੇ ਸਨ। ਵੀਰਾਂ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਰਹਿਣ ਵਾਲਿਆਂ ਕੋਲ ਬਚਨੇ ਨੂੰ ਚੁੱਪ ਕਰਾਉਣ ਤੇ ਹੌਸਲਾ ਦੇਣ ਦੀ ਵੀ ਹਿੰਮਤ ਨਹੀਂ ਸੀ ਰਹੀ।
''ਕਿਹੜਾ ਹੋਇਆ ਐਡਾ ਜ਼ੁਲਮ ਕਰਨ ਵਾਲਾ?'' ਭੀੜ 'ਚੋਂ ਇੱਕ ਮਰੀ ਜਿਹੀ ਆਵਾਜ਼ ਬਚਨੇ ਦੇ ਕੰਨਾਂ ਨਾਲ ਆ ਟਕਰਾਈ ਸੀ।
''ਪਟਵਾਰੀਆਂ ਦੇ ਵਿਗੜੇ ਕਾਕਿਆਂ ਨੇ ਰੋਲੀ ਆ ਮੇਰੀ ਧੀ ਦੀ ਪੱਤ।''
''ਪਟਵਾਰੀਆਂ ਦੇ ਮੁੰਡੇ...?'' ਭੀੜ 'ਚ ਘੁਸਰ-ਮੁਸਰ ਹੋਣੀ ਸ਼ੁਰੂ ਹੋਈ ਸੀ। ਵੱਡੇ ਬੰਦਿਆਂ ਦਾ ਨਾਂ ਵਿੱਚ ਆਉਂਦਿਆਂ ਹੀ ਭੀੜ ਖਿਸਕਣੀ ਸ਼ੁਰੂ ਹੋ ਗਈ।
''ਪਹਿਲਾਂ ਚੰਗੂੰ ਤਰ੍ਹਾਂ ਪਤਾ ਕਰ ਲੈਣਾ ਚਾਹੀਦਾ। ਐਵੇਂ ਕਿਸੇ...।'' ਪਤਾ ਨਹੀਂ ਕੌਣ ਬੋਲਿਆ ਸੀ, ਪਰ ਜੋ ਵੀ ਸੀ ਉਸ ਨਾਲ ਭੀੜ 'ਚ ਹਿਲਜੁਲ ਜ਼ਰੂਰ ਹੋਈ ਸੀ।
''ਹਾਂ! ਹਾਂ! ਬਿਨਾਂ ਕਿਸੇ ਸਬੂਤ ਤੋਂ ਐਵੇਂ ਕਿਸੇ ਦਾ ਨਾਂ ਕਿਵੇਂ ਲਿਆ ਜਾ ਸਕਦਾ?'' ਕਈ ਆਵਾਜ਼ਾਂ ਇਕੱਠੀਆਂ ਹੀ ਆਈਆਂ ਸਨ।
''ਮੈਂ ਜੋ ਆਖਦਾ ਹਾਂ! ਕੁੜੀ ਦਾ ਰਾਹ ਰੋਕਦੇ ਸੀ ਆਉਂਦੀ ਜਾਂਦੀ ਦਾ। ਵੀਰਾਂ ਨੇ ਕਈ ਵਾਰ ਦੱਸਿਆ ਸੀ ਮੈਨੂੰ ਇਨ੍ਹਾਂ ਬਾਰੇ। ਪਟਵਾਰੀਆਂ ਘਰ ਉਲਾਂਭਾ ਵੀ ਦਿੱਤਾ ਸੀ ਮੈਂ। ਵੀਰਾਂ ਹੱਥੋਂ ਬੇਜ਼ਤੀ ਕਰਵਾਈ ਸੀ ਇਨ੍ਹਾਂ ਕਈ ਵਾਰੀ। ਇਨ੍ਹਾਂ ਨੇ ਹੀ ਮੇਰੀ...।'' ਬਚਨਾ ਚੀਕ ਚੀਕ ਕੇ ਦੱਸ ਰਿਹਾ ਸੀ।
''ਇਹ ਤਾਂ ਫੇਰ ਬੜੀ ਮਾੜੀ ਗੱਲ ਐ।''
''ਠੀਕ ਨ੍ਹੀ ਇਹ ਤਾਂ ਮੁੰਡਿਆਂ ਵਾਸਤੇ।''
''ਪਰ ਏਹਦੇ 'ਚ ਪਟਵਾਰੀ ਦਾ ਤਾਂ ਕੀ ਕਸੂਰ? ਮਾਂ-ਪਿਉ ਦੀ ਕਾਹਨੂੰ ਸ਼ਰਮ ਇੱਜ਼ਤ ਰੱਖਦੀ ਐ ਅੱਜ ਦੀ ਮੁੰਡੀਹਰ।''
''ਜ਼ਮਾਨਾ ਖਰਾਬ ਐ ਭਾਈ। ਆਵਦੀ ਧੀ ਭੈਣ ਦੀ ਰੱਖਿਆ ਆਪ ਈ ਕਰਨੀ ਪੈਂਦੀ ਐ।'' ਆਖਦੇ ਕਈ ਲੋਕ ਵੀ ਖਿਸਕ ਗਏ। ਬਚਨੇ ਕੋਲ ਸਿਰਫ਼ ਦਸ ਪੰਦਰਾਂ ਬੰਦੇ ਹੀ ਰਹਿ ਗਏ ਸਨ।

''ਥਾਣੇ ਰਪਟ ਕਰਾਓ। ਜਿਹੜਾ ਵੀ ਹੋਇਆ, ਦੋਸ਼ੀ ਨੂੰ ਸਜ਼ਾ ਤਾਂ ਮਿਲਣੀ ਈ ਚਾਹੀਦੀ।'' ਆਖਣ ਵਾਲਾ ਥਾਣੇ ਤਾਂ ਜਾਣਾ ਚਾਹੁੰਦਾ ਸੀ, ਪਰ ਤਕੜੇ ਘਰ ਦੇ ਮੁੰਡਿਆਂ ਦਾ ਨਾਂ ਲੈ ਕੇ ਰਿਪੋਰਟ ਦਰਜ਼ ਕਰਾਉਣ ਦੇ ਪੱਖ 'ਚ ਨਹੀਂ ਸੀ।
''ਜਿਹੜੇ ਦਾ ਕੀ ਮਤਬਲ ਮਿੰਬਰਾ? ਮੈਂ ਸ਼ਰੇਆਮ ਦੱਸ ਰਿਹਾਂ ਥੋਨੂੰ ਦੋਸ਼ੀਆਂ ਦਾ ਨਾਂ। ਥਾਣੇ 'ਚ ਵੀ ਉਨ੍ਹਾਂ ਦੇ ਨਾਂ ਈ ਲਿਖਾਊਂ। ਏਹੀ ਦੋਸ਼ੀ ਨੇ ਮੇਰੀ ਵੀਰਾਂ ਦੇ।''

''ਐਦਾਂ ਨ੍ਹੀ ਹੁੰਦੀ ਬਚਨ ਸਿਆਂ। ਪੁਲਸ ਐਦਾਂ ਨ੍ਹੀ ਕੇਸ ਦਰਜ ਕਰਦੀ। ਬਕੈਦਾ ਤਪਤੀਸ਼ ਕਰਦੀ ਪਹਿਲਾਂ।'' ਬਿਰਾਦਰੀ ਦੇ ਨੰਬਰਦਾਰ ਸਵਾਵਾ ਸਿੰਘ ਨੇ ਪੁਲੀਸ ਦੀ ਕਾਰਗਰਦਗੀ 'ਤੇ ਚਾਨਣਾ ਪਾਉਂਦਿਆਂ ਟਾਲਾ ਕਰਨ ਦੀ ਕੋਸ਼ਿਸ਼ ਕੀਤੀ।

''ਐਹੇ ਜ੍ਹੇ ਕੇਸਾਂ 'ਚ ਨਿਕਲਦਾ ਕੁਛ ਨ੍ਹੀ ਹੁੰਦਾ। ਪੁਲਸ ਤਕੜਿਆਂ ਦੇ ਪੱਖ 'ਚ ਈ ਭੁਗਤਦੀ ਹੁੰਦੀ ਐ। ਫਿਰ ਪਟਵਾਰੀ ਤਾਂ ਆਪਣੇ ਐਮ.ਐਲ.ਏ. ਦੇ ਵੀ ਨੇੜੂ ਐ। ਸਰਕਾਰੇ ਦਰਬਾਰੇ ਚੱਲਦੀ ਇਨ੍ਹਾਂ ਦੀ। ਮੇਰੇ ਸਾਬ੍ਹ 'ਚ ਤਾਂ ਆਪਣੀ ਧੀ-ਭੈਣ ਦੀ ਮਿੱਟੀ ਖਰਾਬ ਕਰਨ ਵਾਲੀਓ ਗੱਲ ਐ।''

''ਹੁੰਦੀ ਐ ਤਾਂ ਹੋਜੇ ਮਿੱਟੀ ਖਰਾਬ। ਨਾਲੇ ਇਹਤੋਂ ਵੱਧ ਹੋਰ ਮਿੱਟੀ ਕੀ ਖਰਾਬ ਹੋਜੂ?'' ਆਖਦਿਆਂ ਬਚਨੇ ਨੇ ਥਾਣੇ ਚੱਲਣ ਦਾ ਇਸ਼ਾਰਾ ਕਰ ਦਿੱਤਾ। ਸ਼ਰਮੋ-ਸ਼ਰਮੀ ਦਸ ਕੁ ਬੰਦੇ ਉਸ ਨਾਲ ਤੁਰ ਪਏ ਸਨ।

ਥਾਣੇ 'ਚ ਪੁਲੀਸ ਦੀ ਕਾਰਗੁਜ਼ਾਰੀ ਬਿਲਕੁਲ ਉਹੋ ਜਿਹੀ ਸੀ, ਜਿਹੋ ਜਿਹੀ ਨੰਬਰਦਾਰ ਸਵਾਵਾ ਸਿੰਘ ਨੇ ਦੱਸੀ ਸੀ। ਪੁਲੀਸ ਐਫ਼.ਆਈ.ਆਰ. 'ਚ ਅਣਪਛਾਤੇ ਵਿਅਕਤੀ ਦੋਸ਼ੀਆਂ ਵਜੋਂ ਬੋਲਣ ਲੱਗੇ ਸਨ। ਦੋਸ਼ੀਆਂ ਦੀ ਸ਼ਨਾਖਤ ਲਈ ਤਫ਼ਤੀਸ਼ ਦਾ ਲੰਮਾ ਚੱਕਰ। ਇਨਸਾਫ਼ ਦੀ ਭਾਲ 'ਚ ਬਚਨੇ ਦੇ ਗੇੜੇ ਥਾਣੇ 'ਚ ਵੱਜਣ ਲੱਗੇ। ਨਾਲ ਜਾਣ ਵਾਲੇ ਬੰਦਿਆਂ ਦੀ ਗਿਣਤੀ ਘਟਦੀ ਘਟਦੀ ਦਸ ਤੋਂ ਅੱਠ, ਫਿਰ ਅੱਠ ਤੋਂ ਪੰਜ, ਤੇ ਹੌਲੀ ਹੌਲੀ ਉਹ ਇਕੱਲਾ ਹੀ ਰਹਿ ਗਿਆ। ਬਹੁਤੇ ਪਟਵਾਰੀਆਂ ਦੀ ਝੇਪ ਮੰਨਦੇ ਟਾਲਾ ਵੱਟ ਗਏ ਤੇ ਜਿਨ੍ਹਾਂ ਨੇ ਝੇਪ ਨਹੀਂ ਸੀ ਮੰਨੀ ਉਨ੍ਹਾਂ ਨੂੰ ਚੁੱਪ ਕਰਾਉਣ ਲਈ ਕਿਸੇ ਪਾਸਿਓਂ ਦਾਬਾ ਮਰਵਾਉਣਾ ਪਿਆ ਸੀ।

ਮਹੀਨਾ-ਡੇਢ ਮਹੀਨਾ ਥਾਣੇ ਦੇ ਚੱਕਰ ਮਾਰਨ ਬਾਅਦ ਵੀ ਬਚਨੇ ਨੂੰ ਨਿਆਂ ਨਹੀਂ ਸੀ ਮਿਲਿਆ। ਵੀਰਾਂ ਦੇ ਕਾਤਲ ਉਸਦੀਆਂ ਅੱਖਾਂ ਅੱਗੇ ਦਨਦਨਾਉਂਦੇ ਫਿਰਦੇ ਸਨ। ਆਖ਼ਰ ਥੱਕ ਹਾਰ ਉਸ ਨੇ ਪੁਲੀਸ ਦੇ ਉਤਲੇ ਅਫ਼ਸਰਾਂ ਅੱਗੇ ਫਰਿਆਦ ਕਰਨ ਦਾ ਫ਼ੈਸਲਾ ਕੀਤਾ। ਉਹ ਨਵੇਂ ਸਿਰਿਓਂ ਅਰਜ਼ੀਆਂ ਟਾਈਪ ਕਰਵਾ ਡਿਪਟੀ ਨੂੰ ਮਿਲਣ ਸ਼ਹਿਰ ਆ ਗਿਆ।
''ਅਕੀਦਾ ਬੀਬੀ ਦੇ ਕਾਤਲਾਂ ਨੂੰ ਫਾਹੇ ਲਾਓ! ਫਾਹੇ ਲਾਓ-ਫਾਹੇ ਲਾਓ!'' ਨਾਅਰਿਆਂ ਦੀ ਆਵਾਜ਼ ਹੋਰ ਉੱਚੀ ਹੋ ਗਈ ਸੀ। ਮੋਮਬੱਤੀਆਂ ਵਾਲਿਆਂ ਦਾ ਇਕੱਠ ਵਧਦਾ ਹੀ ਜਾਂਦਾ ਸੀ।
''ਭਾਈ ਸਾਹਬ ਏਹ ਕੁੜੀ ਹੈ ਕਿੱਥੋਂ ਦੀ ਸੀ? ਤੁਹਾਡੇ 'ਚੋਂ ਕਿਸੇ ਦੀ ਜਾਣ ਪਛਾਣ 'ਚੋਂ ਹੋਊ?'' ਬਚਨੇ ਨੇ ਨਾਅਰੇ ਮਾਰਦੇ ਬਾਬੂ ਨੂੰ ਫੇਰ ਬਾਹੋਂ ਫੜਦਿਆਂ ਪੁੱਛਿਆ।

''ਦੱਸਿਆ ਤਾਂ ਹੈ ਦੂਰ ਕਿਸੇ ਸੂਬੇ ਦੀ ਸੀ, ਨਾਲੇ ਆਹ ਜਿਹੜੇ ਨਾਅਰੇ ਮਾਰ ਨੇ ਇਨ੍ਹਾਂ 'ਚੋਂ ਕਿਸੇ ਦੀ ਸਕੀ ਨਹੀਂ ਸੀ, ਪਰ ਉਹ ਸਾਡੇ ਸਾਰਿਆਂ ਦੀ ਹੀ ਧੀ ਸੀ। ਅਸੀਂ ਸਾਰੇ ਉਸ ਲਈ ਹਾਅ ਦਾ ਨਾਅਰਾ ਮਾਰ ਰਹੇ ਹਾਂ।'' ਬਚਨਾ ਸੁਣ ਕੇ ਹੈਰਾਨ ਹੋ ਰਿਹਾ ਸੀ ਕਿ ਇਕੱਠੇ ਹੋਏ ਲੋਕ ਸੈਂਕੜੇ ਮੀਲ ਦੂਰ ਦੀ ਕਿਸੇ ਲੜਕੀ ਨੂੰ ਆਪਣੀ ਧੀ ਸਮਝ ਕੇ ਉਸ ਦੇ ਮਾਪਿਆਂ ਨੂੰ ਇਨਸਾਫ਼ ਦਿਵਾਉਣ ਲਈ ਲੜ ਰਹੇ ਸਨ।

''ਮੇਰੀ ਵੀਰਾਂ ਕੁੱਛ ਨ੍ਹੀ ਸੀ ਲੱਗਦੀ ਪਿੰਡ ਤੇ ਭਾਈਚਾਰੇ ਦੀ? ਕਿਉਂ ਨਹੀਂ ਤੁਰਿਆ ਮੇਰੇ ਨਾਲ ਸ਼ਰੀਕਾ ਕਬੀਲਾ?'' ਬਚਨੇ ਦੇ ਬੋਲ ਕੰਬਣ ਲੱਗੇ ਸਨ, ਪਰ ਉਸ ਦੇ ਬੋਲ ਨਾਅਰਿਆਂ ਦੀ ਆਵਾਜ਼ 'ਚ ਕਿਸੇ ਨੂੰ ਸੁਣਾਈ ਨਹੀਂ ਸਨ ਦਿੱਤੇ।

''ਵੇਖਲਾ ਸੁਰਜਨਾ! ਤੂੰ ਧਰਮ ਤੋਂ ਡਿੱਗਿਆ ਤਾਂ ਮੈਂ ਐਡੀ ਵੱਡੀ ਸਜ਼ਾ ਦੇ ਦਿੱਤੀ ਤੈਨੂੰ। ਤੇਰੀ ਰੀੜ੍ਹ ਦੀ ਹੱਡੀ ਤੱਕ ਤੋੜ ਦਿੱਤੀ, ਪਰ ਹੁਣ? ਹੁਣ ਤਾਂ ਲੋਕਾਂ 'ਚ ਰੀੜ੍ਹ ਦੀ ਹੱਡੀ ਈ ਹੈਨ੍ਹੀ।'' ਬਚਨਾ ਆਪਣੇ ਆਪ ਨਾਲ ਗੱਲਾਂ ਕਰੀ ਜਾਂਦਾ ਸੀ। ਸੁਰਜਨ ਦੀ ਯਾਦ ਆਉਂਦਿਆਂ ਉਸ ਦਾ ਦਿਲ ਕਾਹਲਾ ਪੈਣ ਲੱਗਿਆ।

''ਸਰਦਾਰ ਜੀ! ਮੋਮਬੱਤੀਆਂ ਜਗਾਉਣ ਨਾਲ ਕੀ ਹੋਜੂ? ਏਦੇ ਨਾਲ ਬਾਲੜੀ ਮੁੜ ਆਊ?'' ਮੋਮਬੱਤੀ ਫੜੀ ਖੜ੍ਹੇ ਇੱਕ ਵੱਡੀ ਉਮਰ ਦੇ ਸਰਦਾਰ ਨੇ ਬਚਨੇ ਵੱਲ ਬੜੇ ਅਜੀਬ ਜਿਹੇ ਢੰਗ ਨਾਲ ਵੇਖਦਿਆਂ ਉਸ ਦੇ ਸਵਾਲ ਦਾ ਉੱਤਰ ਦਿੱਤਾ ਸੀ, ''ਅਕੀਦਾ ਵਾਪਸ ਨਹੀਂ ਆ ਸਕਦੀ, ਪਰ ਉਸਦੇ ਮਾਪਿਆਂ ਨੂੰ ਇਨਸਾਫ਼ ਤਾਂ ਦਿਵਾਇਆ ਹੀ ਜਾ ਸਕਦੈ।''
''ਸੈਂਕੜੇ ਮੀਲ ਦੂਰ ਬੈਠੇ ਉਸ ਦੇ ਮਾਪਿਆਂ ਨੂੰ 'ਨਸਾਫ਼ ਦਵਾ ਸਕਦੇ ਆਂ?''
''ਕਿਉਂ ਨਹੀਂ? ਅਕੀਦਾ ਨੂੰ ਇਨਸਾਫ਼ ਦਿਵਾਉਣ ਲਈ ਤਾਂ ਹਜ਼ਾਰਾਂ ਮੀਲ ਦੂਰ, ਸਮੁੰਦਰਾਂ ਪਾਰੋਂ ਵੀ ਮੋਮਬੱਤੀਆਂ ਜਗ ਪਈਆਂ ਨੇ।''
''ਜੇ ਭਲਾ 'ਕੀਦਾ ਦੀ ਥਾਵੇਂ ਵੀਰਾਂ ਹੋਵੇ, ਫੇਰ ਵੀ ਮੋਮਬੱਤੀਆਂ ਜਗਾਮੋਗੇ? ਤੇ ਦੋਸ਼ੀ ਕਿਸੇ ਵੱਡੇ ਸਰਦਾਰ ਦੇ ਕਾਕੇ ਹੋਣ, ਫੇਰ ਵੀ?''

''ਭਾਈ ਸਾਹਬ! ਕਿਹੋ ਜਿਹੀਆਂ ਗੱਲਾਂ ਕਰਦੇ ਓ? ਭਾਵੇਂ ਅਕੀਦਾ ਹੋਵੇ ਤੇ ਭਾਵੇਂ ਵੀਰਾਂ। ਭਾਵੇਂ ਕੋਈ ਹੋਰ ਕੁੜੀ। ਜੀਹਦੇ ਨਾਲ ਵੀ ਜਬਰ ਹੁੰਦਾ ਉਹਦੇ ਲਈ ਇਨਸਾਫ਼ ਮੰਗਣ ਵਾਸਤੇ ਆਵਾਜ਼ਾਂ ਉੱਠ ਹੀ ਪੈਂਦੀਆਂ ਨੇ। ਹਜੇ ਸਾਰੇ ਲੋਕ ਨ੍ਹੀ ਮਰੇ ਇਸ ਦੇਸ਼ ਦੇ। ਨਾਲੇ ਹੋਰ ਸੁਣ ਲੋ, ਜਬਰ ਜ਼ੁਲਮ ਕਰਨ ਵਾਲਾ ਭਾਵੇਂ ਕੋਈ ਪੁਜਾਰੀ ਹੋਵੇ, ਸਾਧ ਸੰਤ ਹੋਵੇ ਤੇ ਭਾਵੇਂ ਕਿਸੇ ਸਰਦਾਰ ਦਾ ਕਾਕਾ, ਏਹਦੇ ਨਾਲ ਕੋਈ ਫ਼ਰਕ ਨਹੀਂ ਪੈਂਦਾ।'' ਸਰਦਾਰ ਬੰਦੇ ਦੀਆਂ ਗੱਲਾਂ ਬਚਨੇ ਨੂੰ ਅੰਦਰ ਤੱਕ ਹਲੂਣ ਗਈਆਂ ਸਨ।

''ਸਰਦਾਰ ਜੀ, ਮੈਂ ਵੀ ਖੜ੍ਹ ਸਕਦਾਂ ਮੋਮਬੱਤੀ ਲੈ ਕੇ ਆਪਣੀ ਵੀਰਾਂ ਵਾਸਤੇ?'' ਬਚਨੇ ਨੇ ਪੁੱਛਿਆ ਜ਼ਰੂਰ, ਪਰ ਬਿਨਾਂ ਜੁਆਬ ਦੀ ਉਡੀਕ ਕਰਿਆਂ, ਰੋਸ ਮੁਜ਼ਾਹਰੇ ਦੀ ਅਗਵਾਈ ਕਰ ਰਹੇ ਨੌਜਵਾਨ ਤੋਂ ਮੋਮਬੱਤੀ ਫੜ, ਚੌਕ ਦੀਆਂ ਗਰਿੱਲਾਂ ਟੱਪ ਕੇ ਥੜ੍ਹੇ 'ਤੇ ਜਾ ਖੜ੍ਹਿਆ।

  • ਮੁੱਖ ਪੰਨਾ : ਕਹਾਣੀਆਂ, ਗੁਰਮੀਤ ਕੜਿਆਲਵੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ