Ham Chakar Gobind Ke (Punjabi Story) : S. Saki
ਹਮ ਚਾਕਰ ਗੋਬਿੰਦ ਕੇ (ਕਹਾਣੀ) : ਐਸ ਸਾਕੀ
ਦੁਪਹਿਰ ਠੀਕ ਸਾਢੇ ਬਾਰ੍ਹਾਂ ਵਜੇ 'ਸਤਿਨਾਮ' ਦੀ ਆਵਾਜ਼ ਸਾਡੇ ਘਰ ਦੇ ਬਾਹਰ ਬੂਹੇ 'ਤੇ ਆਉਂਦੀ । ਜਿਸ ਦੇ ਕੰਨੀ ਪੈਂਦਿਆਂ ਸਾਰ ਪਤਾ ਨਹੀਂ ਮੈਨੂੰ ਕੀ ਹੋ ਜਾਂਦਾ । ਮੈਂ ਕਾਹਲ ਨਾਲ ਪਹਿਲਾਂ ਵਿਹੜੇ ਵਿਚ ਲੱਗੇ ਨਲਕੇ ਵੱਲ ਨੱਸਦਾ । ਫਟਾਫਟ ਪੰਪ ਗੇੜ ਹੱਥ ਧੋਂਦਾ ਅਤੇ ਫੇਰ ਉਨ੍ਹਾਂ ਗਿੱਲੇ ਹੱਥਾਂ ਨੂੰ ਝੁੱਗੇ ਨਾਲ ਪੂੰਝਦਾ ਰਸੋਈ ਵੱਲ ਤੁਰ ਪੈਂਦਾ । ਪੋਨੇ ਵਿਚ ਵਲੇਟੇ ਦੋ ਪਰਸ਼ਾਦੇ ਛਾਬੇ ਵਿਚੋਂ ਬਾਹਰ ਕੱਢਦਾ ਅਤੇ ਢੱਕਣ ਨਾਲ ਢਕੀ ਸਬਜ਼ੀ ਵਾਲੀ ਕੌਲੀ ਹੱਥ ਫੜੀ ਬਾਹਰ ਬੂਹੇ ਵੱਲ ਟੁਰ ਪੈਂਦਾ ।
ਬੂਹਾ ਖੁਲ੍ਹਦਿਆਂ ਸਾਰ ਸਾਹਮਣੇ ਖੜ੍ਹੀ ਇਕ ਹਸਤੀ ਦਿਸਦੀ । ਮਸਾਂ ਵੀਹ-ਬਾਈ ਸਾਲਾਂ ਦੀ ਉਮਰ, ਜਿਸ ਦੇ ਚਿਹਰੇ ਵੱਲ ਕੁਝ ਪਲਾਂ ਲਈ ਮੈਂ ਵੇਖਦਾ ਹੀ ਰਹਿ ਜਾਂਦਾ । ਰੇਸ਼ਮ ਜਿਹੀ ਮੁਲਾਇਮ ਕਾਲੀ ਸੰਘਣੀ ਦਾੜ੍ਹੀ ਅਤੇ ਮੁੱਛਾਂ ਨਾਲ ਕੱਜਿਆ ਚਿਹਰਾ, ਇੰਜ ਲੱਗਦਾ ਜਿਵੇਂ ਸਵੇਰ ਦਾ ਸੂਰਜ ਚੜ੍ਹ ਰਿਹਾ ਹੋਵੇ । ਮੇਰੇ ਨਾਲ ਨਜ਼ਰ ਮਿਲਦਿਆਂ ਹੀ ਉਥੇ ਮੁਸਕਾਣ ਖਿਲਰ ਜਾਂਦੀ । ਮੈਨੂੰ ਲਗਦਾ ਜਿਵੇਂ ਉਸ ਚੜ੍ਹਦੇ ਸੂਰਜ ਨੇ ਚਾਰ-ਚੁਫੇਰੇ ਆਪਣਾ ਰੰਗ ਬਿਖੇਰ ਦਿੱਤਾ ਹੋਵੇ । ਫੇਰ ਮੇਰੀ ਨਜ਼ਰ ਉਨ੍ਹਾਂ ਦੇ ਪੱਟ 'ਤੇ ਧਰੇ ਚਿੱਟੇ ਲੱਠੇ ਨਾਲ ਕੱਜੇ ਟੋਕਰੇ 'ਤੇ ਚਲੀ ਜਾਂਦੀ । ਉਹ ਆਪਣੇ ਸੱਜੇ ਪੈਰ ਨੂੰ ਸਾਡੇ ਘਰ ਦੀ ਬਾਹਰ ਵਾਲੀ ਦੇਹਲੀ 'ਤੇ ਧਰ ਆਪਣੇ ਪੱਟ ਨੂੰ ਸਿੱਧਾ ਕਰ ਉਸ 'ਤੇ ਵੱਡਾ ਸਾਰਾ ਟੋਕਰਾ ਧਰ ਲੈਂਦੇ । ਫੇਰ ਜਦੋਂ ਉਹ ਉਸ ਤੋਂ ਚਿੱਟਾ ਕੱਪੜਾ ਲਾਹੁੰਦੇ ਤਾਂ ਮੇਰੀ ਨਜ਼ਰ ਉਸ ਹੇਠੋਂ ਬਾਹਰ ਵੱਲ ਨਿਕਲ ਦਿਸਦੀ ਹਰ ਇਕ ਚੀਜ਼ 'ਤੇ ਪਲਾਂ ਵਿਚ ਘੁੰਮ ਜਾਂਦੀ ।
ਉਹ ਮੇਰੇ ਹੱਥੋਂ ਦੋਵੇਂ ਪਰਸ਼ਾਦੇ ਲੈ ਟੋਕਰੇ ਵਿਚ ਪਹਿਲਾਂ ਹੀ ਇਕ ਪਾਸੇ ਨੂੰ ਪਈਆਂ ਕਾਫੀ ਸਾਰੀਆਂ ਰੋਟੀਆਂ ਦੀ ਥੇਈ 'ਤੇ ਧਰ ਲੈਂਦੇ । ਜੇ ਮੇਰੇ ਹੱਥੀਂ ਫੜੀ ਕੌਲੀ ਵਿਚ ਸਬਜ਼ੀ ਹੁੰਦੀ ਤਾਂ ਉਹ ਪਿੱਤਲ ਦੀ ਚਮਚਮਾਂਦੀ ਛੋਟੀ ਦੋਹਣੀ ਵਿਚ ਪਾ ਲੈਂਦੇ । ਪਰ ਜੇ ਕੌਲੀ ਵਿਚ ਦਾਲ ਹੁੰਦੀ ਤਾਂ ਵੱਡੀ ਦੋਹਣੀ ਵਿਚ ਮੂਧੀ ਕਰ ਲੈਂਦੇ, ਜਿਸ ਦਿਨ ਕੋਈ ਤਿਉਹਾਰ ਹੁੰਦਾ ਮਾਂ ਖੀਰ ਜਾਂ ਕੜਾਹ ਜ਼ਰੂਰ ਬਣਾਂਦੀ ਅਤੇ ਉਹ ਬਾਬਾ ਜੀ ਲਈ ਅੱਡ ਸੁੱਚੀ ਕੌਲੀ ਭਰ ਰੱਖਦੀ । ਏਸ ਲਈ ਉਨ੍ਹਾਂ ਦੇ ਟੋਕਰੇ ਵਿਚ ਇਕ ਖੁੱਲ੍ਹੇ ਮੂੰਹ ਵਾਲਾ ਭਾਂਡਾ ਹੁੰਦਾ, ਜਿਸ ਵਿਚ ਉਹ ਖੀਰ ਅਤੇ ਕੜਾਹ ਦੋਵੇਂ ਇਕੱਠੇ ਕਰੀ ਜਾਂਦੇ ।
ਉਹ ਮੇਰੇ ਹੱਥੋਂ ਸਬਜ਼ੀ ਰੋਟੀ ਲੈ ਟੋਕਰੇ ਨੂੰ ਪਹਿਲਾਂ ਵਾਂਗ ਚਿੱਟੇ ਕੱਪੜੇ ਨਾਲ ਚੰਗੀ ਤਰ੍ਹਾਂ ਕੱਜ ਲੈਂਦੇ ਅਤੇ ਫੇਰ ਹੁਲਾਰਾ ਜਿਹਾ ਮਾਰ ਕੇ ਆਪੇ ਚੁੱਕ ਸਿਰ 'ਤੇ ਧਰਦੇ । ਇਸ ਤੋਂ ਬਾਅਦ ਸਤਿਨਾਮ ਕਹਿ ਅਗਲੇ ਬੂਹੇ ਵੱਲ ਟੁਰ ਪੈਂਦੇ । ਮੈਂ ਉਨ੍ਹਾਂ ਦੇ ਟੁਰੇ ਜਾਂਦਿਆਂ ਦੀ ਪਿੱਠ ਵੱਲ ਵੇਖਦਾ ਰਹਿੰਦਾ । ਦੇਹ 'ਤੇ ਪਹਿਣਿਆਂ ਗੋਡਿਆਂ ਤੀਕ ਦਾ ਚਿੱਟੇ ਮੋਟੇ ਕੱਪੜੇ ਦਾ ਚੋਲਾ ਜਿਸ ਦੀਆਂ ਖੁੱਲ੍ਹੀਆਂ-ਖੁੱਲ੍ਹੀਆਂ ਬਾਹਾਂ । ਸਿਰ 'ਤੇ ਕੱਸ ਕੇ ਬੰਨ੍ਹੀ ਚਿੱਟੀ ਪੱਗ । ਲੱਕ ਦੁਆਲੇ ਲਪੇਟਿਆ ਪੀਲਾ ਕੱਪੜਾ ਅਤੇ ਪੈਰਾਂ ਵਿਚ ਦੇਸੀ ਜੁੱਤੀ । ਗੋਡਿਆਂ ਤੋਂ ਹੇਠਾਂ ਤੀਕ ਦਿਸਦੀਆਂ ਪਿੰਡਰੀਆਂ ਜਿਵੇਂ ਧਰਤੀ ਵਿਚ ਗੱਡੇ ਦੋ ਮਜ਼ਬੂਤ ਥੰਮ੍ਹ । ਉਹ ਸਿਰ 'ਤੇ ਟੋਕਰਾ ਚੁੱਕੀ ਸਾਡੀ ਗਲੀ ਦੇ ਅਖ਼ੀਰ 'ਤੇ ਡਾਕਟਰਾਂ ਦੇ ਬੂਹੇ ਮੂਹਰੇ ਖੜ੍ਹੋ ਸਤਿਨਾਮ ਕਹਿੰਦੇ ਅਤੇ ਉਨ੍ਹਾਂ ਦੀ ਬੁਲੰਦ ਆਵਾਜ਼ ਐਡੀ ਲੰਬੀ ਗਲੀ ਨੂੰ ਪਾਰ ਕਰਦੀ ਮੇਰੇ ਤੀਕ ਪਹੁੰਚ ਜਾਂਦੀ । ਫੇਰ ਉਹ ਉਥੋਂ ਗਲੀ ਦਾ ਮੋੜ ਮੁੜ ਅੱਖਾਂ ਤੋਂ ਓਝਲ ਹੋ ਜਾਂਦੇ ।
ਜਦੋਂ ਦੀ ਇਹ ਗੱਲ ਹੈ ਉਸ ਵੇਲੇ ਮੈਂ ਬਹੁਤ ਛੋਟਾ ਸੀ । ਬਸ ਮਸਾਂ ਦਸ ਜਾਂ ਗਿਆਰਾਂ ਸਾਲਾਂ ਦਾ ਹੋਵਾਂਗਾ । ਮਾਂ ਕੋਲੋਂ ਪਤਾ ਲੱਗਾ ਇਹ ਬਾਬਾ ਨਿਰਮਲ ਸਿੰਘ ਜੀ ਸਨ, ਜਿਹੜੇ ਉਦੋਂ ਤੋਂ ਹੀ ਪਟਿਆਲੇ ਭਾਈ ਜੱਸਾ ਸਿੰਘ ਦੇ ਗੁਰਦੁਆਰੇ ਦੀ ਸੇਵਾ ਕਰਦੇ ਆ ਰਹੇ ਸਨ, ਜਦੋਂ ਕਦੀ ਉਹ ਵਿਆਹੀ ਸ਼ਹਿਰ ਆਈ ਸੀ । ਉਦੋਂ ਤਾਂ ਇਨ੍ਹਾਂ ਦੇ ਮੁੱਛਾਂ ਦੀ ਬੱਸ ਇਕ ਹਲਕੀ ਜਿਹੀ ਲਕੀਰ ਹੀ ਦਿਸਦੀ ਸੀ । ਉਮਰ ਮਸਾਂ ਪੰਦਰਾਂ ਸੋਲਾਂ ਵਰ੍ਹਿਆਂ ਦੀ ਹੋਣੀ ।
ਜਦੋਂ ਇਹ ਗੁਰਦੁਆਰੇ 'ਚ ਆਏ ਤਾਂ ਦੋ ਜਣੇ ਸਨ । ਨਾਲ ਆਇਆ ਮੁੰਡਾ ਤਾਂ ਤਿੰਨ ਚਾਰ ਦਿਨਾਂ ਬਾਅਦ ਆਪਣੇ ਘਰ ਮੁੜ ਗਿਆ ਪਰ ਬਹੁਤ ਕਿਹਾਂ 'ਤੇ ਵੀ ਇਹ ਉਸ ਨਾਲ ਨਾ ਗਾਏ । ਉਸ ਮੁੰਡੇ ਨੇ ਜਾਣ ਤੋਂ ਪਹਿਲਾਂ ਦੱਸਿਆ ਕਿ ਬਾਬਾ ਨਿਰਮਲ ਸਿੰਘ ਜੀ ਇਕ ਬਹੁਤ ਵੱਡੇ ਵਿਉਪਾਰੀ ਦੇ ਘਰੋਂ ਨੇ ਜਿਹੜੇ ਅੰਮਿ੍ਤਸਰ ਦੇ ਰਹਿਣ ਵਾਲੇ ਨੇ । ਹਜ਼ਾਰਾਂ ਲੱਖਾਂ ਦੀ ਜਾਇਦਾਦ ਹੈ । ਇਕੱਲੇ ਪੁੱਤਰ ਨੇ । ਆਪਣੇ ਹੱਥੀਂ ਇਕ ਗਰਾਹੀ ਵੀ ਨਹੀਂ ਸੀ ਤੋੜਣੀ ਪੈਂਦੀ । ਨੌਕਰ ਚਾਕਰ, ਕਾਰਾਂ ਕੋਠੀਆਂ ਕੀ ਨਹੀਂ ਇਨ੍ਹਾਂ ਕੋਲ । ਪਰ ਕਹਿੰਦੇ ਇਨ੍ਹਾਂ ਦੇ ਪਿਤਾ ਜੀ ਸੰਤਾਂ ਦੀ ਸੰਗਤ ਕਰਨ ਵਾਲੇ ਸਨ । ਇਕ ਵਾਰੀ ਇਨ੍ਹਾਂ ਨੂੰ ਨਾਲ ਲੈ ਕੇ ਮਹਾਂਪੁਰਸ਼ ਦੀ ਸੰਗਤ 'ਚ ਗਏ । ਇਹ ਪਿਉ ਦੀ ਕੁਛੜ ਚੜ੍ਹੇ ਹੋਏ ਸਨ । ਮਹਾਂਪੁਰਸ਼ ਨੇ ਬਾਬਾ ਨਿਰਮਲ ਸਿੰਘ ਦੇ ਮੱਥੇ ਵੱਲ ਵੇਖਦਿਆਂ ਇਨ੍ਹਾਂ ਦੇ ਪਿਤਾ ਨੂੰ ਕਿਹਾ, 'ਭਾਈ ਇਹ ਤਾਂ ਸੇਵਕ ਹੈ ਅਤੇ ਲੋਕਾਂ ਦੀ ਸੇਵਾ ਕਰਨ ਲਈ ਹੀ ਇਸ ਸੰਸਾਰ ਵਿਚ ਆਇਐ । ਇਹਨੇ ਤੇਰੀਆਂ ਕਾਰਾਂ ਕੋਠੀਆਂ 'ਚ ਨਹੀਂ ਰਹਿਣਾ ਤੂੰ ਭਾਵੇਂ ਇਸ ਨੂੰ ਕਿੰਨਾ ਵੀ ਬੰਨ੍ਹ ਕੇ ਰੱਖ ਲਈਾ । ਇਨ੍ਹਾਂ ਇਕ ਦਿਨ ਤੇਰੇ ਹੱਥੋਂ ਆਜ਼ਾਦ ਪੰਛੀ ਬਣ ਉਡਾਰੀ, ਮਾਰ ਉੱਡ ਜਾਣੈ ।'
ਪਿਓ ਇਕ ਵਾਰੀ ਤਾਂ ਇਹ ਸੁਣ ਕੇ ਸਕਤੇ ਜਿਹੇ ਵਿਚ ਆ ਗਿਆ । ਉਸ ਦਾ ਇਕੱਲਾ ਪੁੱਤ ਜੋ ਸੀ, ਕਰਦਾ ਵੀ ਕੀ? ਪਰ ਉਹ ਅੱਗੋਂ ਕਿਹੜਾ ਘੱਟ ਸੀ । ਹੋਣੀ ਨੂੰ ਮੰਨਦਾ ਸੀ । ਉਸ ਨੇ ਸਾਰਾ ਕੁਝ ਉੱਪਰ ਵਾਲੇ ਖ਼ਾਤਰ ਛੱਡ ਦਿੱਤਾ । ਫੇਰ ਇਹ ਵੱਡੇ ਹੋ ਕਿੰਨੇ ਹੀ ਸਾਧੂ ਸੰਤਾਂ ਅਤੇ ਮਹਾਂਪੁਰਸ਼ਾਂ ਦੀ ਸੰਗਤ 'ਚ ਘੁੰਮਦੇ ਰਹੇ, ਪਰ ਇਨ੍ਹਾਂ ਦਾ ਮਨ ਕਿਤੇ ਵੀ ਨਹੀਂ ਟਿਕਿਆ । ਇਹ ਇਕ ਦਿਨ ਘੁੰਮਦੇ ਘੁੰਮਾਉਂਦੇ ਸਾਡੇ ਸ਼ਹਿਰ ਪਟਿਆਲੇ ਭਾਈ ਜੱਸਾ ਸਿੰਘ ਦੇ ਗੁਰਦੁਆਰੇ ਆ ਗਏ ਅਤੇ ਇਥੇ ਦੇ ਹੀ ਹੋ ਕੇ ਰਹਿ ਗਏ ।
ਭਾਈ ਜੱਸਾ ਸਿੰਘ ਦਾ ਗੁਰਦੁਆਰਾ ਪਟਿਆਲੇ ਸ਼ਹਿਰ ਦੇ ਲਹਿੰਦੇ ਵੱਲ ਹੈ, ਕੋਈ ਸਾਡੇ ਘਰੋਂ ਤਿੰਨ ਕੋਹ ਦੀ ਦੂਰੀ 'ਤੇ ਜਦੋਂ ਬਾਬਾ ਨਿਰਮਲ ਸਿੰਘ ਜੀ ਗੁਰਦੁਆਰੇ 'ਚ ਆਏ ਤਾਂ ਪਤਾ ਨਹੀਂ ਉਨ੍ਹਾਂ ਨਾਲ ਹੀ ਨੇੜੇੇ ਦੇ ਪਿੰਡ ਦੇ ਕਈ ਕੁੱਤੇ ਕਿਵੇਂ ਉਥੇ ਆ ਕੇ ਰਹਿਣ ਲੱਗੇ । ਅਸਲ 'ਚ ਤਾਂ ਉਨ੍ਹਾਂ ਦੇ ਰਹਿਣ ਦਾ ਕਾਰਨ ਵੀ ਬਾਬਾ ਨਿਰਮਲ ਸਿੰਘ ਜੀ ਸਨ । ਇਹ ਉਨ੍ਹਾਂ ਨੂੰ ਦੋਵੇਂ ਵੇਲੇ ਰੱਜਵਾਂ ਟੁੱਕ ਜੋ ਪਾਣ ਲੱਗੇ ਸਨ । ਪਰ ਉਹ ਟੁੱਕ ਏਨਾ ਨਹੀਂ ਸੀ ਹੁੰਦਾ ਕਿ ਕੁੱਤਿਆਂ ਦਾ ਢਿੱਡ ਭਰ ਕੇ ਗੁਰਦੁਆਰੇ 'ਚ ਰਹਿੰਦੇ ਦੂਜੇ ਸੇਵਕਾਂ ਲਈ ਵੀ ਬਚ ਜਾਵੇ । ਬਸ ਫੇਰ ਕੀ ਉਸੇ ਦਿਨੋਂ ਬਾਬਾ ਨਿਰਮਲ ਸਿੰਘ ਜੀ ਨੇ ਸਿਰ 'ਤੇ ਟੋਕਰਾ ਚੁੱਕ ਲਿਆ ਅਤੇ ਪੱਕਿਆ ਅੰਨ ਇਕੱਠਾ ਕਰਨ ਲੱਗੇ । ਉਹ ਰੋਜ਼ ਦੇ ਬੰਨ੍ਹੇ ਘਰਾਂ 'ਚੋਂ ਪਰਸ਼ਾਦੇ ਮੰਗ ਕੇ ਗੁਰਦੁਆਰੇ ਲੈ ਜਾਂਦੇ । ਉਹ ਅੰਨ ਫੇਰ ਏਨਾ ਹੁੰਦਾ ਕਿ ਗੁਰਦੁਆਰੇ 'ਚ ਰਹਿਣ ਵਾਲੇ ਸੇਵਕਾਂ 'ਚ ਵੰਡ ਅਤੇ ਕੁੱਤਿਆਂ ਨੂੰ ਖੁਆ ਕੇ ਵੀ ਆਉਂਦੇ-ਜਾਂਦੇ ਰਾਹੀਆਂ ਦੇ ਢਿੱਡ ਭਰਨ ਲਈ ਬੱਚ ਜਾਂਦਾ ।
ਗੁਰਦੁਆਰੇ ਤੋਂ ਥੋੜ੍ਹਾ ਅੱਗੇ ਨੂੰ ਜਾ ਕੇ ਇਕ ਸੰਘਣਾ ਬੀੜ ਸੀ । ਅਸੀਂ ਮੁਹੱਲੇ ਦੇ ਮੁੰਡੇ ਜਦੋਂ ਉਥੇ ਝਾੜੀਆਂ ਦੇ ਬੇਰ ਖਾਣ ਲਈ ਜਾਂਦੇ ਤਾਂ ਭਾਈ ਜੱਸਾ ਸਿੰਘ ਦੇ ਗੁਰਦੁਆਰੇ 'ਚ ਹੀ ਦੁਪਹਿਰ ਦਾ ਲੰਗਰ ਛਕਦੇ । ਭਾਵੇਂ ਘਰੋਂ ਅਸੀਂ ਕਿੰਨਾ ਵੀ ਢਿੱਡ ਭਰ ਕੇ ਕਿਉਂ ਨਾ ਜਾਂਦੇ ਪਰ ਉਥੋਂ ਦੇ ਲੰਗਰ ਦਾ ਆਪਣਾ ਹੀ ਸੁਆਦ ਹੁੰਦਾ ਸੀ । ਬਾਬਾ ਨਿਰਮਲ ਸਿੰਘ ਜੀ ਜਦੋਂ ਹਰ ਮੁੰਡੇ ਨੂੰ ਦੋ ਪਰਸ਼ਾਦਿਆਂ 'ਤੇ ਘਰ-ਘਰ ਤੋਂ ਇਕੱਠੀ ਕੀਤੀ ਸਬਜ਼ੀ ਰੱਖ ਦਿੰਦੇ ਤਾਂ ਖਾਣ ਲਈ ਇਕ ਵੇਲੇ ਵਿਚ ਹੀ ਸਾਨੂੰ ਮੌਸਮ ਦੀ ਹਰ ਸਬਜ਼ੀ ਇਕੋ ਵਾਰੀ ਵਿਚ ਮਿਲ ਜਾਇਆ ਕਰਦੀ ਸੀ । ਫੇਰ ਅਸੀਂ ਉਥੋਂ ਟੂਟੀਆਂ ਤੋਂ ਪਾਣੀ ਪੀ ਮੁੜ ਬੀੜ ਵਿਚ ਬੇਰ ਖਾਣ ਲਈ ਚਲੇ ਜਾਂਦੇ ।
ਬਾਬਾ ਨਿਰਮਲ ਸਿੰਘ ਜੀ ਸਾਨੂੰ ਸਾਰਿਆਂ ਨੂੰ ਹਮੇਸ਼ਾ ਹੀ ਚੰਗੇ ਲੱਗਦੇ ਸਨ । ਭਾਵੇਂ ਉਥੇ ਗੁਰਦੁਆਰੇ ਵਿਚ ਉਨ੍ਹਾਂ ਤੋਂ ਵੀ ਵੱਡੇ ਗ੍ਰੰਥੀ ਜੀ ਸਨ । ਪਰ ਅਸੀਂ ਕਦੇ ਵੀ ਉਨ੍ਹਾਂ ਦੇ ਹੱਥੋਂ ਲੰਗਰ ਨਹੀਂ ਸੀ ਲਿਆ ।
ਜਦੋਂ ਵੀ ਅਸੀਂ ਗੁਰਦੁਆਰੇ ਜਾਂਦੇ ਬਾਬਾ ਨਿਰਮਲ ਸਿੰਘ ਜੀ ਨੂੰ ਹਮੇਸ਼ਾ ਸੇਵਾ ਵਿਚ ਲੱਗਿਆ ਵੇਖਦੇ । ਉਹ ਜਿੰਨੀ ਲਗਨ ਨਾਲ ਗੁਰਦੁਆਰਾ ਸਾਹਿਬ ਦੀ ਸੇਵਾ ਕਰਦੇ ਸਨ ਓਨੀ ਹੀ ਲਗਨ ਨਾਲ ਕੀਰਤਨ ਅਤੇ ਪਾਠ ਵੀ ਕਰਦੇ ਸਨ । ਸ਼ਹਿਰ ਵਿਚ ਗੁਰਪੁਰਬ ਵਾਲੇ ਦਿਨ ਜਦੋਂ ਨਗਰ ਕੀਰਤਨ ਨਿਕਲਦਾ ਤਾਂ ਉਹ ਪਾਣੀ ਲਈ ਹੱਥ ਰੇੜ੍ਹੀ ਲੈ ਨਗਰ ਕੀਰਤਨ ਦੇ ਨਾਲ-ਨਾਲ ਟੁਰਦੇ ਰਹਿੰਦੇ । ਰੇੜ੍ਹੀ ਵਿਚ ਦੋ ਵੱਡੇ ਡਰੰਮ ਧਰੇ ਹੁੰਦੇ । ਉਹ ਸੰਗਤਾਂ ਨੂੰ ਪਾਣੀ ਦੇ ਗਲਾਸ ਭਰ-ਭਰ ਪਿਆਂਦੇ । ਕਈ ਮੀਲ ਦਾ ਪੈਂਡਾ ਪੈਦਲ ਤੈਅ ਕਰਦੇ । ਪਰ ਏਨਾ ਕਰਨ 'ਤੇ ਵੀ ਉਨ੍ਹਾਂ ਦੇ ਚਿਹਰੇ 'ਤੇ ਹਮੇਸ਼ਾ ਖੇੜਾ ਖਿਲਰਿਆ ਰਹਿੰਦਾ ।
ਘਰ ਵਿਚ ਰਹਿੰਦਿਆਂ ਇਹ ਸਤਿਨਾਮ ਦੀ ਆਵਾਜ਼ ਸੁਣਨ ਦਾ ਮੌਕਾ ਮੈਨੂੰ ਛੁੱਟੀ ਵਾਲੇ ਦਿਨ ਹੀ ਮਿਲਦਾ ਸੀ । ਬਾਬਾ ਨਿਰਮਲ ਸਿੰਘ ਜੀ ਜਦੋਂ ਸਾਰੇ ਸ਼ਹਿਰ ਦਾ ਚੱਕਰ ਕੱਟ ਘਰ-ਘਰ ਤੋਂ ਪਰਸ਼ਾਦੇ ਇਕੱਠੇ ਕਰ ਸਾਡੇ ਬੂਹੇ 'ਤੇ ਪਹੁੰਚਦੇ ਸਨ ਤਾਂ ਉਸ ਵੇਲੇ ਦੁਪਹਿਰ ਦੇ ਸਾਢੇ ਬਾਰ੍ਹਾਂ ਦਾ ਵੇਲਾ ਹੁੰਦਾ ਸੀ ਤੇ ਤਦ ਅਸੀਂ ਸਕੂਲ ਹੁੰਦੇ ਸਾਂ । ਉਹ ਸਵੇਰੇ ਨੌਾ ਵਜੇ ਸਿਰ 'ਤੇ ਖਾਲੀ ਟੋਕਰਾ ਧਰ ਗੁਰਦੁਆਰਾ ਸਾਹਿਬ ਤੋਂ ਪੈਦਲ ਟੁਰਦੇ ਸਨ । ਫੇਰ ਸਾਰਾ ਆਰੀਆ ਸਮਾਜ, ਸਬਜ਼ੀ ਮੰਡੀ, ਕੜਾਹ ਵਾਲਾ ਚੌਕ ਤੋਂ ਹੁੰਦੇ ਹੋਏ ਸਾਡੇ ਬੂਹੇ ਤੀਕ ਪਹੁੰਚਦੇ । ਸਾਡੇ ਘਰ ਤੀਕ ਅਪੜਦਿਆਂ ਟੋਕਰੇ ਦਾ ਭਾਰ ਏਨਾ ਹੋ ਜਾਂਦਾ ਕਿ ਇਕੱਲਾ ਜਣਾ ਤਾਂ ਆਰਾਮ ਨਾਲ ਉਸ ਨੂੰ ਚੁੱਕ ਵੀ ਨਹੀਂ ਸੀ ਸਕਦਾ । ਪਰ ਬਾਬਾ ਨਿਰਮਲ ਸਿੰਘ ਵਿਚ ਇਹ ਰੱਬੀ ਤਾਕਤ ਪਤਾ ਨਹੀਂ ਕਿੱਥੋਂ ਆਈ ਸੀ ਕਿ ਉਨ੍ਹਾਂ ਗਰਮੀਆਂ, ਸਰਦੀਆਂ, ਮੀਂਹ ਝੱਖੜ ਵਿਚ ਕਦੇ ਇਕ ਵਾਰੀ ਵੀ ਨਾਗਾ ਨਹੀਂ ਸੀ ਕੀਤਾ । ਉਹ ਏਨੇ ਸਾਲਾਂ ਵਿਚ ਕਦੇ ਇਕ ਵਾਰੀ ਵੀ ਬਿਮਾਰ ਨਹੀਂ ਸਨ ਹੋਏ । ਬਸ ਇਹ ਤਾਂ ਕੋਈ ਰੱਬੀ ਸ਼ਕਤੀ ਸੀ ਜਿਹੜੀ ਉਨ੍ਹਾਂ ਕੋਲੋਂ ਸਾਰਾ ਕੁਝ ਕਰਵਾਈ ਜਾਂਦੀ ਸੀ ।
ਫੇਰ ਵਰ੍ਹੇ ਤੋਂ ਵਰ੍ਹੇ ਬੀਤਦੇ ਗਏ । ਮੈਂ ਪੜ੍ਹਾਈ ਪੂਰੀ ਕਰਕੇ ਪਟਿਆਲਾ ਸ਼ਹਿਰ ਛੱਡ ਦਿੱਲੀ ਆ ਗਿਆ । ਹੌਲੇ-ਹੌਲੇ ਬਾਬਾ ਨਿਰਮਲ ਸਿੰਘ ਦਾ ਖਿਆਲ ਮਨੋਂ ਬਾਹਰ ਨਿਕਲ ਗਿਆ । ਜੇ ਕਦੇ ਨੱਸ-ਭੱਜ ਵਿਚ ਪਟਿਆਲੇ ਚੱਕਰ ਲਗਦਾ ਵੀ ਤਾਂ ਸਵੇਰ ਤੋਂ ਲੈ ਕੇ ਸ਼ਾਮ ਤੀਕ ਮਿੱਤਰ ਮੰਡਲੀ ਨੂੰ ਮਿਲਦਿਆਂ ਇਕ ਦੋ ਦਿਨ ਇਸੇ ਤਰ੍ਹਾਂ ਨਿਕਲ ਜਾਂਦੇ ਅਤੇ ਮੈਂ ਮੁੜ ਦਿੱਲੀ ਆ ਜਾਂਦਾ । ਏਨੇ ਲੰਮੇ ਸਮੇਂ ਵਿਚ ਨਾ ਤਾਂ ਮੈਂ ਮੁੜ ਕਦੇ ਭਾਈ ਜੱਸਾ ਸਿੰਘ ਦੇ ਗੁਰਦੁਆਰੇ ਗਿਆ ਅਤੇ ਨਾ ਕਦੇ ਬਾਬਾ ਨਿਰਮਲ ਸਿੰਘ ਜੀ ਦੇ ਦਰਸ਼ਨ ਹੋਏ । ਮਾਂ ਕੋਲੋਂ ਵੀ ਉਨ੍ਹਾਂ ਬਾਰੇ ਕਦੇ ਕੁਝ ਨਾ ਪੁੱਛਿਆ ।
ਇਕ ਵਾਰੀ ਜਦੋਂ ਮੈਂ ਘਰ ਆਇਆ ਬੱਚੇ ਨਾਲ ਸਨ । ਸਵੇਰੇ ਬਿਸਤਰ ਤੋਂ ਉੱਠਿਆ ਤਾਂ ਬੁਖਾਰ ਚੜ੍ਹਿਆ ਹੋਇਆ ਸੀ । ਉਸ ਦਿਨ ਮੈਂ ਘਰ ਹੀ ਸੀ । ਅਜੇ ਦੁਪਹਿਰ ਦੇ ਸਾਢੇ ਬਾਰ੍ਹਾਂ ਵੱਜੇ ਸਨ ਕਿ ਬਾਹਰ ਬੂਹੇ 'ਤੇ ਉਹੀ ਸਤਿਨਾਮ ਦੀ ਆਵਾਜ਼ ਸੁਣਾਈ ਦਿੱਤੀ, ਜਿਸ ਨੂੰ ਮੈਂ ਕਦੇ ਛੋਟਾ ਹੁੰਦਾ ਸੁਣਿਆ ਕਰਦਾ ਸੀ । ਏਸ ਆਵਾਜ਼ ਦੇ ਨਾਲ ਹੀ ਜਿਵੇਂ ਮੇਰੇ ਮਨ ਵਿਚ ਵਰ੍ਹਿਆਂ ਬੱਧੀ ਸੁੱਤੇ ਪਏ ਸਾਰੇ ਖਿਆਲ ਫੇਰ ਜਾਗ ਪਏ । ਮੈਨੂੰ ਇੰਝ ਲੱਗਾ ਜਿਵੇਂ ਮੈਂ ਤਾਂ ਹੁਣ ਵੀ ਤੀਹ ਵਰ੍ਹੇ ਪਹਿਲਾਂ ਝੱਗਾ ਪਹਿਨ ਕੇ ਘਰ 'ਚ ਘੁੰਮਦਾ ਮੁੰਡਾ ਬਣ ਗਿਆ ਸੀ । ਮੈਂ ਛਾਲ ਮਾਰ ਕੇ ਮੰਜੇ ਤੋਂ ਉੱਠ ਵਿਹੜੇ ਵਿਚ ਲੱਗੇ ਪੰਪ ਵੱਲ ਨੱਸਿਆ ਅਤੇ ਫੇਰ ਝੱਗੇ ਨਾਲ ਹੱਥ ਪੂੰਝਦਾ ਰਸੋਈ ਵੱਲ ਹੋ ਲਿਆ । ਉਥੇ ਪੋਣੇ ਵਿਚ ਵਲ੍ਹੇਟੇ ਦੋ ਪਰਸ਼ਾਦੇ ਅਤੇ ਸਬਜ਼ੀ ਵਾਲੀ ਕੌਲੀ ਲੈ ਬਾਹਰ ਬੂਹੇ ਵੱਲ ਟੁਰ ਪਿਆ ।
ਬੂਹਾ ਖੋਲ੍ਹਦਿਆਂ ਮੇਰੇ ਸਾਹਮਣੇ ਉਹੀ ਬਾਬਾ ਨਿਰਮਲ ਸਿੰਘ ਜੀ ਖਲੋਤੇ ਸਨ । ਉਹੀ ਚਿੱਟੇ ਚੋਲੇ ਵਾਲੇ ਬਾਬਾ ਨਿਰਮਲ ਸਿੰਘ ਜੀ । ਉਹੀ ਕੱਸ ਕੇ ਬੰਨ੍ਹੀ ਸਿੱਧੀ ਪੱਗ । ਉਹੀ ਲੱਕ ਦੁਆਲੇ ਵਲ੍ਹੇਟਿਆ ਪੀਲਾ ਕੱਪੜਾ ਅਤੇ ਪੈਰਾਂ ਵਿਚ ਉਹੀ ਦੇਸੀ ਜੁੱਤੀ । ਭਾਵੇਂ ਉਨ੍ਹਾਂ ਦੇ ਚਿਹਰੇ 'ਤੇ ਅਜੇ ਵੀ ਚੜ੍ਹਦਾ ਸੂਰਜ ਉੱਗ ਰਿਹਾ ਸੀ ਜਿਥੇ ਚਾਰੇ ਪਾਸੇ ਮੁਸਕਾਣ ਖਿਲਰੀ ਹੋਈ ਸੀ ਪਰ ਉਥੇ ਹੁਣ ਕਾਲੀ ਸੰਘਣੀ ਦਾੜ੍ਹੀ ਅਤੇ ਮੁੱਛਾਂ ਦੀ ਥਾਂ ਦੁੱਧ ਚਿੱਟੇ ਵਾਲ ਸਨ ਜਿਵੇਂ ਬਾਬਾ ਨਿਰਮਲ ਸਿੰਘ ਜੀ ਨੇ ਕਾਲੀ ਦਾੜ੍ਹੀ ਮੁੱਛਾਂ ਨੂੰ ਚੰਨ ਚਾਨਣੀ ਵਿਚ ਧੋ ਕੇ ਇਕੋ ਵਾਰੀ ਦੁੱਧ ਚਿੱਟਾ ਕਰ ਲਿਆ ਸੀ । ਮੈਨੂੰ ਲੱਗਾ ਮੈਂ ਤਾਂ ਉਹ ਬਾਲ ਹਾਂ ਜਿਹੜਾ ਆਪਣੇ ਸਾਥੀਆਂ ਨਾਲ ਬਾਬਾ ਜੱਸਾ ਸਿੰਘ ਦੇ ਗੁਰਦੁਆਰੇ ਹੱਥ 'ਤੇ ਦੋ ਰੋਟੀਆਂ ਰੱਖ ਲੰਗਰ ਛਕਿਆ ਕਰਦਾ ਸੀ । ਮੇਰਾ ਮਨ ਕੀਤਾ ਮੈਂ ਪਹਿਲਾਂ ਵਾਂਗ ਛਾਲ ਮਾਰ ਕੇ ਦੇਹਲੀ 'ਤੇ ਚੜ੍ਹ ਜਾਵਾਂ ਅਤੇ ਉਨ੍ਹਾਂ ਦੇ ਪੱਟ 'ਤੇ ਧਰੇ ਟੋਕਰੇ ਵਿਚ ਝਾਤ ਮਾਰ ਕੇ ਵੇਖਾਂ ਕਿ ਉਥੇ ਕੀ ਕੀ ਪਿਐ, ਪਰ ਮੈਨੂੰ ਇਹਦੀ ਲੋੜ ਮਹਿਸੂਸ ਨਾ ਹੋਈ, ਕਿਉਂਕਿ ਮੇਰਾ ਕੱਦ ਹੁਣ ਏਨਾ ਲੰਬਾ ਹੋ ਗਿਆ ਸੀ ਕਿ ਮੈਂ ਫਰਸ਼ 'ਤੇ ਖੜੋਤਾ ਹੀ ਟੋਕਰੇ ਵਿਚ ਪਈਆਂ ਚੀਜ਼ਾਂ ਆਸਾਨੀ ਨਾਲ ਵੇਖ ਸਕਦਾ ਸੀ । ਨਜ਼ਰ ਮਾਰਿਆਂ ਉਥੇ ਸਭ ਕੁਝ ਉਹੀ ਦਿੱਸਿਆ ਜਿਹੜਾ ਮੈਂ ਕਦੇ ਸ਼ੁਰੂ ਵਿਚ ਦੇਖਿਆ ਕਰਦਾ ਸੀ ।
ਉਨ੍ਹਾਂ ਮੇਰੇ ਹੱਥੋਂ ਦੋਵੇਂ ਪਰਸ਼ਾਦੇ ਲੈ ਪਹਿਲਾਂ ਥੇਈ ਲੱਗੇ ਪਰਸ਼ਾਦਿਆਂ 'ਤੇ ਧਰ ਦਿੱਤੇ । ਸਬਜ਼ੀ ਪਿੱਤਲ ਦੀ ਚਮਚਮਾਂਦੀ ਦੋਹਣੀ ਵਿਚ ਪਾ ਲਈ । ਇਸ ਤੋਂ ਬਾਅਦ ਉਹ ਟੋਕਰਾ ਚੁੱਕ ਸਤਿਨਾਮ ਕਹਿੰਦੇ ਅੱਗੇ ਨੂੰ ਟੁਰ ਪਏ । ਮੈਂ ਵੇਖਿਆ ਉਨ੍ਹਾਂ ਨੇ ਹੁਣ ਬਹੁਤ ਔਖਿਆਂ ਹੋ ਟੋਕਰਾ ਸਿਰ 'ਤੇ ਧਰਿਆ ਸੀ । ਉਨ੍ਹਾਂ ਉਹ ਪਹਿਲਾਂ ਵਾਲਾ ਹੁਲਾਰਾ ਵੀ ਨਹੀਂ ਸੀ ਮਾਰਿਆ ਅਤੇ ਨਾ ਹੀ ਉਨ੍ਹਾਂ ਦੀ ਟੋਰ ਵਿਚ ਉਹ ਪਹਿਲਾਂ ਵਾਲੀ ਕਾਹਲ ਸੀ ।
ਉਨ੍ਹਾਂ ਦੇ ਜਾਣ ਬਾਅਦ ਮਾਂ ਨਾਲ ਗੱਲਾਂ ਚੱਲ ਪਈਆਂ । ਉਸ ਦੱਸਿਆ ਬਾਬਾ ਨਿਰਮਲ ਸਿੰਘ ਜੀ ਪਿਛਲੇ ਚਾਲੀ ਵਰ੍ਹਿਆਂ ਤੋਂ ਇਸੇ ਤਰ੍ਹਾਂ ਹਰ ਰੋਜ਼ ਪਰਸ਼ਾਦੇ ਇਕੱਠੇ ਕਰਦੇ ਆ ਰਹੇ ਨੇ । ਉਨ੍ਹਾਂ ਏਨੇ ਲੰਬੇ ਅਰਸੇ ਵਿਚ ਕਦੇ ਇਕ ਨਾਗਾ ਨਹੀਂ ਪਾਇਆ । ਇਹ ਹੁਣ ਵੀ ਉਸੇ ਤਰ੍ਹਾਂ ਛਬੀਲਾਂ ਲਾਉਂਦੇ ਨੇ । ਹੁਣ ਵੀ ਗੁਰਪੁਰਬ ਵਾਲੇ ਦਿਨ ਨਗਰ ਕੀਰਤਨ ਨਾਲ ਪਾਣੀ ਦੀ ਰੇੜ੍ਹੀ ਲੈ ਕੇ ਟੁਰਦੇ ਨੇ । ਉਸ ਵਿਚ ਹੁਣ ਵੀ ਉਹੀ ਪਾਣੀ ਨਾਲ ਭਰੇ ਵੱਡੇ ਵੱਡੇ ਡਰਮ ਹੁੰਦੇ ਨੇ । ਇਹ ਕਦੇ ਨਹੀਂ ਦੇਖਦੇ ਇਨ੍ਹਾਂ ਸਾਹਮਣੇ ਪਾਣੀ ਦਾ ਤਿਹਾਇਆ ਕਿਹੜੀ ਜਾਤ ਦਾ ਹੈ, ਕਿਹੜੇ ਧਰਮ ਦਾ ਹੈ । ਇਹ ਹੁਣ ਵੀ ਗੁਰਦੁਆਰਾ ਸਾਹਿਬ 'ਚ ਪਾਠ ਕਰਦੇ ਨੇ, ਸੇਵਾ ਕਰਦੇ ਨੇ, ਕੀਰਤਨ ਕਰਦੇ ਨੇ । ਮਾਂ ਕੋਲੋਂ ਇਹ ਵੀ ਪਤਾ ਲੱਗਾ ਕਿ ਇਨ੍ਹਾਂ ਤੋਂ ਵੱਡੇ ਗ੍ਰੰਥੀ ਜੀ ਪਿਛਲੇ ਮਹੀਨੇ ਚੋਲਾ ਛੱਡ ਗਏ ਨੇ, ਇਸ ਲਈ ਏਸ ਐਤਵਾਰ ਨੂੰ ਗੁਰਪੁਰਬ ਵਾਲੇ ਦਿਨ ਸਾਧ ਸੰਗਤ ਨੇ ਭਰੇ ਦੀਵਾਨ ਵਿਚ ਇਨ੍ਹਾਂ ਨੂੰ ਗੁਰਦੁਆਰਾ ਸਾਹਿਬ ਦਾ ਵੱਡਾ ਗ੍ਰੰਥੀ ਸਥਾਪਿਤ ਕਰਨੈ ।
ਮੇਰੀ ਵੀ ਬੁੱਧ ਤੀਕ ਦੀ ਛੁੱਟੀ ਸੀ । ਮੈਨੂੰ ਵੀ ਇਹ ਸੁਣ ਚੰਗਾ ਲੱਗਾ ਕਿ ਅਜਿਹੇ ਸ਼ੁਭ ਮੌਕੇ 'ਤੇ ਮੈਂ ਵੀ ਬਾਬਾ ਨਿਰਮਲ ਸਿੰਘ ਜੀ ਦੀ ਖੁਸ਼ੀ ਵਿਚ ਥੋੜ੍ਹਾ ਹਿੱਸਾ ਪਾ ਸਕਾਂ । ਜਦੋਂ ਮੈਂ ਐਤਵਾਰ ਨੂੰ ਸਵੇਰੇ ਭਾਈ ਜੱਸਾ ਸਿੰਘ ਦੇ ਗੁਰਦੁਆਰੇ ਪਹੁੰਚਿਆ ਤਾਂ ਉਥੇ ਦੀ ਰੌਣਕ ਤਾਂ ਦੇਖਿਆਂ ਹੀ ਬਣਦੀ ਸੀ । ਬਾਹਰ ਖੁੱਲ੍ਹੀ ਥਾਂ 'ਤੇ ਇਕ ਬਹੁਤ ਵੱਡਾ ਦੀਵਾਨ ਸਜਿਆ ਹੋਇਆ ਸੀ । ਰੰਗ-ਬਰੰਗੇ ਸ਼ਮਿਆਨੇ ਲੱਗੇ ਹੋਏ ਸਨ । ਉਂਝ ਤਾਂ ਪਟਿਆਲੇ ਸ਼ਹਿਰ ਦੀ ਸਾਰੀ ਸੰਗਤ ਜਿਵੇਂ ਉਥੇ ਪਹੁੰਚ ਗਈ ਸੀ । ਲੋਕ ਨਵੇਂ ਕੱਪੜੇ ਪਹਿਨੀ ਦਰੀਆਂ 'ਤੇ ਬੈਠੇ ਸਨ । ਉਨ੍ਹਾਂ ਵਿਚ ਬੱਚੇ ਸਨ । ਉਨ੍ਹਾਂ ਵਿਚ ਜੁਆਨ ਸਨ, ਔਰਤਾਂ ਸਨ । ਉਨ੍ਹਾਂ ਵਿਚ ਮਰਦ ਸਨ, ਬੁੱਢੇ ਸਨ । ਉਨ੍ਹਾਂ ਵਿਚ ਬਹੁਤੇ ਬਾਬਾ ਨਿਰਮਲ ਸਿੰਘ ਜੀ ਨੂੰ ਮੰਨਣ ਵਾਲੇ ਸਨ । ਬਾਹਰ ਖੁੱਲ੍ਹੇ ਵਿਚ ਰੇਸ਼ਮੀ ਚਾਨਣੀ ਹੇਠਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ । ਰਾਗੀ ਜਥਾ ਪਿਆਰੇ ਸ਼ਬਦ ਗਾ ਰਿਹਾ ਸੀ ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਾਬੇ ਸਭ ਤੋਂ ਮੂਹਰੇ ਬਾਬਾ ਨਿਰਮਲ ਸਿੰਘ ਜੀ ਆਪਣੇ ਤੋਂ ਛੋਟੇ ਗ੍ਰੰਥੀ ਭਾਈ ਫ਼ਤਹਿ ਸਿੰਘ ਅਤੇ ਦਸ ਬਾਰ੍ਹਾਂ ਹੋਰ ਸੇਵਕਾਂ ਨਾਲ ਅੱਖਾਂ ਮੀਟੀ ਬੈਠੇ ਸਨ । ਅਜੇ ਕੀਰਤਨ ਦਾ ਰਸ ਚਾਰੇ ਪਾਸੇ ਖਿਲਰ ਹੀ ਰਿਹਾ ਸੀ ਕਿ ਉਹ ਆਪਣੀ ਥਾਵੋਂ ਮੱਥਾ ਟੇਕ ਉੱਠੇ । ਉਨ੍ਹਾਂ ਹੱਥ ਦੇ ਇਸ਼ਾਰੇ ਨਾਲ ਰਾਗੀਆਂ ਨੂੰ ਕੁਝ ਚਿਰ ਖ਼ਾਤਰ ਸ਼ਬਦ ਕੀਰਤਨ ਰੋਕਣ ਲਈ ਕਿਹਾ । ਜਦੋਂ ਬਾਬਾ ਨਿਰਮਲ ਸਿੰਘ ਜੀ ਆਪਣੀ ਥਾਵੋਂ ਉੱਠ ਮਾਇਕ ਨੇੜੇ ਪਹੁੰਚੇ ਤਾਂ ਸਾਰੇ ਪੰਡਾਲ ਵਿਚ ਇਕ ਸੰਨਾਟਾ ਜਿਹਾ ਫੈਲ ਗਿਆ । ਸਾਰੇ ਜਣੇ ਇਕ ਟੱਕ ਬਾਬਾ ਨਿਰਮਲ ਸਿੰਘ ਦੇ ਚਿਹਰੇ ਵੱਲ ਵੇਖਣ ਲੱਗੇ । ਸਾਰੇ ਉਨ੍ਹਾਂ ਦੀ ਸੇਵਾ ਅਤੇ ਘਾਲਣਾ 'ਤੇ ਅਸ਼-ਅਸ਼ ਕਰ ਰਹੇ ਸਨ । ਸਭ ਦੇ ਮੂੰਹਾਂ 'ਤੇ ਇਕੋ ਗੱਲ ਸੀ ਕਿ ਜੇ ਬੰਦਾ ਜਨਮ ਲੈ ਕੇ ਏਸ ਸੰਸਾਰ ਵਿਚ ਆਵੇ ਤਾਂ ਬਾਬਾ ਨਿਰਮਲ ਸਿੰਘ ਜਿਹਾ ਜੀਵਨ ਬਤੀਤ ਕਰੇ ।
ਜਦੋਂ ਬਾਬਾ ਜੀ ਨੇ ਮਾਇਕ ਹੱਥ ਵਿਚ ਫੜਿਆ ਤਾਂ ਪੰਡਾਲ ਵਿਚ ਫੈਲਿਆ ਸੰਨਾਟਾ ਹੋਰ ਗਹਿਰਾ ਹੋ ਗਿਆ । ਉਨ੍ਹਾਂ ਬੋਲਣਾ ਸ਼ੁਰੂ ਕੀਤਾ, ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫ਼ਤਹਿ । ਪਿਆਰੀ ਸਾਧ ਸੰਗਤ ਜੀ, ਅੱਜ ਦੇ ਸਜੇ ਦੀਵਾਨ ਨੂੰ ਵੇਖ ਮਨ ਬਹੁਤ ਖੁਸ਼ ਹੋਇਆ । ਗੁਰੂ ਮਹਾਰਾਜ ਪ੍ਰਤੀ ਸਾਧ ਸੰਗਤ ਦੀ ਕਿੰਨੀ ਸ਼ਰਧਾ ਹੈ ਇਹ ਤਾਂ ਇਕੱਠ ਵੇਖ ਕੇ ਹੀ ਪਤਾ ਲਗਦੈ । ਪਿਛਲੇ ਮਹੀਨੇ ਸਾਡੇ ਵੱਡੇ ਗ੍ਰੰਥੀ ਜੀ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਗੁਰੂ ਮਹਾਰਾਜ ਦੇ ਚਰਨਾਂ ਵਿਚ ਜਾ ਬਿਰਾਜੇ ਹਨ । ਪਰ ਇਹ ਤਾਂ ਇਕ ਸੰਸਾਰਕ ਰੀਤ ਹੈ, 'ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ ।' ਉਹ ਸਾਡੇ ਤੋਂ ਵੱਡੇ ਸਨ । ਇੰਝ ਤਾਂ ਗੁਰੂ ਚਰਨਾਂ ਤੀਕ ਪਹੁੰਚਣ ਲਈ ਬੰਦੇ ਨੂੰ ਆਪ ਘਾਲਣਾ ਘਾਲਣੀ ਪੈਂਦੀ ਹੈ, ਪਰ ਫੇਰ ਵੀ ਜੇ ਕੋਈ ਸਿੱਧਾ ਰਾਹ ਦਿਖਾਵੇ ਤਾਂ ਉਹ ਰਾਹ ਸੁਖਾਲਾ ਹੋ ਜਾਂਦਾ ਅਤੇ ਉਥੇ ਛੇਤੀ ਅਪੜਿਆ ਜਾ ਸਕਦੈ । ਉਨ੍ਹਾਂ ਸਾਨੂੰ ਹਮੇਸ਼ਾ ਸਿੱਧੇ ਰਾਹ 'ਤੇ ਟੁਰਨ ਲਈ ਪ੍ਰੇਰਿਆ । ਸਾਡੀਆਂ ਅਣਜਾਣੇ ਵਿਚ ਕੀਤੀਆਂ ਭੁੱਲਾਂ ਬਖ਼ਸ਼ਾਉਣ ਲਈ ਗੁਰੂ ਮਹਾਰਾਜ ਮੂਹਰੇ ਅਰਦਾਸਾਂ ਕੀਤੀਆਂ ਪਰ ਹੁਣ... ।'
ਮਾਇਕ 'ਤੇ ਬੋਲਦੇ ਹੋਏ ਬਾਬਾ ਨਿਰਮਲ ਸਿੰਘ ਜੀ ਕੁਝ ਚਿਰ ਲਈ ਚੁੱਪ ਕਰ ਗਏ । ਉਨ੍ਹਾਂ ਦੀ ਨਜ਼ਰ ਇਕ ਵਾਰੀ ਪੰਡਾਲ ਵਿਚ ਜੁੜੀ ਸੰਗਤ ਦੇ ਚਿਹਰੇ 'ਤੇ ਘੁੰਮੀ ਅਤੇ ਫੇਰ ਉਹ ਅਧੂਰੀ ਛੱਡੀ ਗੱਲ ਪੂਰੀ ਕਰਨ ਲੱਗੇ, 'ਉਨ੍ਹਾਂ ਦੇ ਜਾਣ ਬਾਅਦ ਅਸੀਂ ਜਿਵੇਂ ਸੱਖਣੇ ਹੋ ਗਏ ਹਾਂ । ਸਾਨੂੰ ਕੁਝ ਨਹੀਂ ਸੁੱਝਦਾ ਅਸੀਂ ਕੀ ਕਰੀਏ । ਹੁਣ ਸਾਨੂੰ ਫੇਰ ਇਕ ਅਜਿਹੀ ਸ਼ਖ਼ਸੀਅਤ ਦੀ ਲੋੜ ਹੈ ਜਿਹੜੀ ਸਾਡਾ ਮਾਰਗ ਦਰਸ਼ਨ ਕਰ ਸਕੇ ਅਤੇ ਇਸ ਲਈ ਜੇ ਮੈਂ ਸਾਧ ਸੰਗਤ ਅਤੇ ਗੁਰੂ ਮਹਾਰਾਜ ਤੋਂ ਆਗਿਆ ਲੈ ਕੇ ਭਾਈ ਫ਼ਤਹਿ ਸਿੰਘ ਜੀ ਦਾ ਨਾਂਅ ਤਜਵੀਜ਼ ਕਰਾਂ ਤਾਂ ਜਾਣਦਾ ਏਨੀ ਜੁੜੀ ਸਾਧ ਸੰਗਤ ਨੂੰ ਕੋਈ ਵੀ ਇਤਰਾਜ਼ ਨਹੀਂ ਹੋਵੇਗਾ । ਮੈਂ ਏਸ ਖ਼ੁਸ਼ੀ ਦੇ ਮੌਕੇ 'ਤੇ ਭਾਈ ਫ਼ਤਹਿ ਸਿੰਘ ਜੀ ਅਤੇ ਸਾਰੀ ਸਾਧ ਸੰਗਤ ਨੂੰ ਵਧਾਈ ਵੀ ਦਿੰਦਾ ਹਾਂ ।'
ਏਨਾ ਕਹਿ ਬਾਬਾ ਨਿਰਮਲ ਸਿੰਘ ਜੀ ਨੇ ਮਾਇਕ ਛੱਡ ਦਿੱਤਾ । ਉਨ੍ਹਾਂ ਇਕ ਵਾਰੀ ਫੇਰ ਗੁਰੂ ਮਹਾਰਾਜ ਮੂਹਰੇ ਮੱਥਾ ਟੇਕਿਆ ਅਤੇ ਉਹ ਚੁੱਪ-ਚਾਪ ਆਪਣੀ ਕੋਠੜੀ ਵੱਲ ਟੁਰ ਪਏ । ਉਨ੍ਹਾਂ ਦੇ ਪਿੱਛੇ-ਪਿੱਛੇ ਭਾਈ ਫ਼ਤਹਿ ਸਿੰਘ ਦੇ ਨਾਲ ਹੋਰ ਸੇਵਕ ਵੀ ਸਨ । ਦੀਵਾਨ ਵਿਚ ਸਜੀ ਸੰਗਤ ਤਾਂ ਜਿਵੇਂ ਇਕ-ਦੂਜੇ ਦੇ ਮੂੰਹ ਵੱਲ ਵੇਖਦੀ ਹੀ ਰਹਿ ਗਈ । ਕਿਸੇ ਨੇ ਇਹ ਤਾਂ ਕਦੇ ਸੋਚਿਆ ਤੀਕ ਨਾ ਸੀ ਕਿ ਬਾਬਾ ਨਿਰਮਲ ਸਿੰਘ ਜੀ ਇੰਝ ਕਰਨਗੇ । ਹੌਲੇ-ਹੌਲੇ ਲੰਗਰ ਛੱਕ ਕੇ ਸੰਗਤ ਆਪਣੇ-ਆਪਣੇ ਘਰਾਂ ਨੂੰ ਮੁੜ ਗਈ । ਮੈਂ ਵੀ ਅਜੀਬ ਜਿਹੀਆਂ ਸੋਚਾਂ 'ਚ ਡੁੱਬਿਆ ਘਰ ਆ ਗਿਆ । ਇਕ ਗੱਲ ਸਮਝ ਨਹੀਂ ਸੀ ਆ ਰਹੀ ਕਿ ਬਾਬਾ ਨਿਰਮਲ ਸਿੰਘ ਜੀ ਨੇ ਇਸ ਤਰ੍ਹਾਂ ਕਿਉਂ ਕੀਤਾ?
ਏਸ ਸਵਾਲ ਨੂੰ ਮਨ ਵਿਚ ਲੈ ਮੈਂ ਮੰਗਲ ਵਾਲੇ ਦਿਨ ਬਾਬਾ ਜੱਸਾ ਸਿੰਘ ਦੇ ਗੁਰਦੁਆਰੇ ਪਹੁੰਚ ਗਿਆ । ਦੂਰੋਂ ਵੇਖਿਆ ਬਾਬਾ ਨਿਰਮਲ ਸਿੰਘ ਜੀ ਮੰਜੀ ਡਾਹੀ ਇਕ ਰੁੱਖ ਹੇਠਾਂ ਲੰਮੇ ਪਏ ਸਨ । ਮੈਂ ਉਨ੍ਹਾਂ ਨੇੜੇ ਜਾ ਹੱਥ ਜੋੜ ਕੇ ਸਤਿਨਾਮ ਕਿਹਾ । ਉਹ ਮੰਜੀ 'ਤੇ ਉੱਠ ਕੇ ਬਹਿ ਗਏ । ਮੈਂ ਵੀ ਉਨ੍ਹਾਂ ਸਾਹਮਣੇ ਪਹਿਲਾਂ ਤੋਂ ਹੀ ਵਿਛੀ ਬੋਰੀ 'ਤੇ ਬਹਿ ਗਿਆ । ਇਧਰ-ਉੱਧਰ ਦੀਆਂ ਗੱਲਾਂ ਟੁਰਦੀਆਂ ਰਹੀਆਂ । ਉਹ ਗੁਰਬਾਣੀ ਅਤੇ ਗੁਰੂ ਸੇਵਾ ਬਾਰੇ ਦੱਸਦੇ ਗਏ, ਪਰ ਮੇਰੇ ਮਨ ਵਿਚ ਤਾਂ ਇਕ ਅਜਿਹਾ ਸਵਾਲ ਸੀ ਜਿਸ ਨੇ ਮੈਨੂੰ ਪਿਛਲੇ ਦੋ ਦਿਨਾਂ ਤੋਂ ਵਿਚਲਿਤ ਕਰ ਰੱਖਿਆ ਸੀ । ਅਚਾਨਕ ਟੁਰਦੀਆਂ ਗੱਲਾਂ ਵਿਚ ਮੈਂ ਉਨ੍ਹਾਂ ਨੂੰ ਪੁੱਛ ਹੀ ਬੈਠਾ, 'ਬਾਬਾ ਜੀ ਇਕ ਗੱਲ ਸਮਝ ਨਹੀਂ ਆਈ । ਜਦੋਂ ਗੁਰਦੁਆਰਾ ਸਾਹਿਬ ਦੇ ਵੱਡੇ ਗ੍ਰੰਥੀ ਜੀ ਦੀ ਥਾਂ ਲੈਣ ਦਾ ਆਪ ਜੀ ਦਾ ਹੱਕ ਸੀ ਫੇਰ ਆਪ ਜੀ ਨੇ ਇਹ ਥਾਂ ਆਪਣੇ ਤੋਂ ਛੋਟੇ ਭਾਈ ਫ਼ਤਹਿ ਸਿੰਘ ਜੀ ਨੂੰ ਕਿਉਂ ਦੇ ਦਿੱਤੀ?'
ਪਹਿਲਾਂ ਤਾਂ ਉਨ੍ਹਾਂ ਜਿਵੇਂ ਏਸ ਗੱਲ ਨੂੰ ਟਾਲਣ ਦੀ ਕੋਸ਼ਿਸ਼ ਕੀਤੀ ਪਰ ਮੇਰੀ ਜ਼ਿੱਦ ਅੱਗੇ ਉਨ੍ਹਾਂ ਨੂੰ ਜਵਾਬ ਦੇਣਾ ਹੀ ਪਿਆ । ਪਰ ਉਨ੍ਹਾਂ ਬਹੁਤ ਕੁਝ ਨਾ ਬੋਲ ਆਪਣੇ ਆਪ ਨੂੰ ਸੰਭਾਲਦਿਆਂ ਕੇਵਲ ਏਨਾ ਹੀ ਕਿਹਾ, 'ਹਮ ਚਾਕਰ ਗੋਬਿੰਦ ਕੇ... ।'
ਏਸ ਤੋਂ ਬਾਅਦ ਉਨ੍ਹਾਂ ਦੀਆਂ ਅੱਖਾਂ ਬੰਦ ਹੋ ਗਈਆਂ ਜਿਵੇਂ ਉਹ ਗਹਿਰੀ ਸਮਾਧੀ ਵਿਚ ਲੀਨ ਹੋ ਗਏ ਹੋਣ ।