Ham Kit Kaaj Jagat Meh Aaye (Punjabi Story) : Ajmer Singh Aulakh
ਹਮ ਕਿਤੁ ਕਾਜ ਜਗਤ ਮਹਿ ਆਏ ? (ਕਹਾਣੀ) : ਅਜਮੇਰ ਸਿੰਘ ਔਲਖ
ਤਾਇਆ ਸੰਤਾ ਮੇਰਾ ਸਕਾ ਤਾਇਆ ਸੀ। ਉਸਨੂੰ ਇਸ ਸੰਸਾਰ ਤੋਂ ਵਿਦਾ ਹੋਇਆਂ ਚਾਰ ਦਹਾਕਿਆਂ ਤੋਂ ਵੀ ਵੱਧ ਸਮਾਂ ਹੋ ਚੱਲਿਆ ਹੈ ਪਰ ਅਜੇ ਵੀ ਉਸਦੀ ਕਿਰਤੀ ਤੇ ਤਪੱਸਵੀ ਜ਼ਿੰਦਗੀ ਦਾ ਬਿੰਬ ਮੇਰੀ ਮਾਨਸਿਕਤਾ ਨਾਲ ਇਸ ਤਰ੍ਹਾਂ ਚਿੰਬੜਿਆ ਹੋਇਆ ਹੈ ਜਿਵੇਂ ਇਹ ਕੋਈ ਕੱਲ੍ਹ-ਪਰਸੋਂ ਦੀ ਹੀ ਬਣੀ ਤਸਵੀਰ ਹੋਵੇ। ਆਪਣੇ ਸਮੇਂ ਦੀ ਦੁਨੀਆਂ ਦੀ ਨਜ਼ਰ ਵਿੱਚ ਉਹ ਭਾਵੇਂ ਮਹਿਜ਼ ਇੱਕ ਆਮ ਕਿਰਤੀ ਕਿਸਾਨ ਸੀ ਪਰ ਮੇਰੀ ਨਜ਼ਰ ਵਿੱਚ ਉਹ ਕਿਸੇ ਵੱਡੇ ਤਪੱਸਵੀ ਤੇ ਮਹਾਂ ਤਿਆਗੀ ਤੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ ਸੀ। ਉਹ ਮੇਰੇ ਬਾਪੂ ਤੋਂ ਛੇ-ਸੱਤ ਸਾਲ ਵੱਡਾ ਸੀ ਤੇ ਆਪਣੀ ਚੜ੍ਹਦੀ ਜਵਾਨੀ ਵੇਲੇ ਉਹਦੇ ਦੋ ਵਿਆਹ ਚੁੱਕੇ ਸਨ। ਪਹਿਲਾਂ ਪਹਿਲਾ ਵਿਆਹ ਹੋਇਆ। ਉਸਦੇ ਇਸ ਪਹਿਲੇ ਵਿਆਹ ਦੀ ਪਤਨੀ ਦੀ ਵਿਆਹ ਤੋਂ ਛੇ ਮਹੀਨਿਆਂ ਦੇ ਅੰਦਰ-ਅੰਦਰ ਹੀ ਮੌਤ ਹੋ ਗਈ। ਫਿਰ ਦੂਜਾ ਵਿਆਹ ਹੋਇਆ ਤਾਂ ਦੂਜੀ ਪਤਨੀ ਨਾਲ ਵੀ ਇਹੀ ਭਾਣਾ ਵਰਤਿਆ। ਇਹਨਾਂ ਅੱਗੜ-ਪਿਛੜ ਦੋ ਮੌਤਾਂ ਨੇ ਤਾਏ ਨੂੰ ਪਤੀ-ਪਤਨੀ ਤੇ ਔਲਾਦ ਵਾਲੇ ਗ੍ਰਹਿਸਥੀ ਜੀਵਨ ਤੋਂ ਸਾਰੀ ਉਮਰ ਲਈ ਵਾਂਝਾ ਕਰ ਦਿੱਤਾ। ਤਾਏ ਸੰਤੇ ਦੀਆਂ ਦੋਵੇਂ ਜੀਵਨ-ਸਾਥਣਾਂ ਦੇ ਭਰੀ ਜਵਾਨੀ ਵਿੱਚ ਇੱਕ ਤੋਂ ਬਾਦ ਦੂਜੀ ਦੇ ਇਸ ਤਰ੍ਹਾਂ ਤੁਰ ਜਾਣ ਦਾ ਹੀ ਸ਼ਾਇਦ ਇਹ ਨਤੀਜਾ ਨਿਕਲਿਆ ਕਿ ਤਾਏ ਦਾ ਇਸ ਸੰਸਾਰ ਦੇ ਗ੍ਰਹਿਸਥੀ ਸੰਸਾਰ ਤੋਂ ਮੋਹ ਭੰਗ ਹੋ ਗਿਆ। ਉਸਦਾ ਦਾ ਇਸ ਗ੍ਰਹਿਸਥ ਸੰਸਾਰ ਤੋਂ ਮੋਹ ਭੰਗ ਤਾਂ ਹੋ ਗਿਆ ਸੀ ਪਰ ਉਸਨੇ ਉਹਨਾਂ ਬੁਜ਼ਦਿਲ ਲੋਕਾਂ ਵਾਂਗ ਇਸ 'ਹਸੰਦੇ-ਖਿਡੰਦੇ' ਸੰਸਾਰ ਨੂੰ ਛੱਡ ਕੇ ਕਿਸੇ ਜੰਗਲ਼-ਬੀਆਬਾਨ ਵਿੱਚ ਜਾਂ ਕਿਸੇ ਪਹਾੜ ਉਤੇ ਜਾ ਕੇ ਡੇਰਾ ਨਹੀਂ ਸੀ ਲਾਇਆ। ਉਹ ਸੰਨਿਆਸੀ ਵੀ ਬਣਿਆ ਤੇ ਤਪੱਸਵੀ ਵੀ, ਪਰ ਇਸ ਸੰਸਾਰ ਵਿੱਚ ਰਹਿ ਕੇ ਕਿਰਤ ਕਰੰਦਿਆਂ ਹੀ। ਉਸਨੇ ਸੰਸਾਰ ਦੀਆਂ ਰੰਗ-ਰੰਗੀਲੀਆਂ ਤੋਂ ਜ਼ਰੂਰ ਮੂੰਹ ਮੋੜਿਆ ਪਰ ਇਸਦੀ ਮੁਸ਼ੱਕਤੀ ਜ਼ਿੰਦਗੀ ਤੋਂ ਨਹੀਂ। ਆਪਣੇ ਜਨਮ ਤੋਂ ਬਾਦ ਜਦ ਮੈਂ ਸੁਰਤ ਸੰਭਾਲ਼ੀ ਤਾਂ ਮੈਂ ਤਾਏ ਨੂੰ ਇੱਕ ਅਜਿਹਾ ਬੰਦਾ ਪਾਇਆ, ਜੀਵਨ ਵਿੱਚ ਜਿਵੇਂ ਉਹ ਇੱਕ ਹੀ ਕੰਮ ਕਰਨ ਆਇਆ ਹੋਵੇ। ਤੇ ਉਹ ਕੰਮ ਸੀ ਕਿਰਤ, ਸਿਰਫ ਧਰਤੀ ਵਿੱਚ ਖ਼ੁਰਪਾ ਮਾਰਨਾ।
ਪਹਿਲਾਂ-ਪਹਿਲਾਂ ਤਾਇਆ ਖੇਤੋਂ ਆ ਕੇ ਘਰ ਦੇ ਹੋਰ ਜੀਆਂ ਵਾਂਗ ਰਾਤ ਨੂੰ ਘਰ ਵਿੱਚ ਸੌਂਦਾ। ਸਿਆਲ਼ ਹੁੰਦਾ ਤਾਂ ਜਾਂ ਤਾਂ ਉਸਦਾ ਮੰਜਾ ਤੂੜੀ ਵਾਲੀ ਸਬ੍ਹਾਤ ਵਿੱਚ ਹੁੰਦਾ ਜਾਂ ਫਿਰ ਠੰਢ ਤੋਂ ਡੰਗਰਾਂ ਨੂੰ ਬਚਾਉਣ ਲਈ ਲਾਏ ਜੁੱਬੜਾਂ ਵਾਲੇ ਵਰ੍ਹਾਂਡੇ ਵਿਚ। ਗਰਮੀਆਂ ਦੀ ਰੁੱਤ ਵਿੱਚ ਡੰਗਰਾਂ ਵਾਲੇ ਵਿਹੜੇ ਵਿੱਚ ਤੇ ਜਾਂ ਫਿਰ ਖੇਤ! ਉਹ ਦਿਨ ਚੜ੍ਹਦੇ ਤੋਂ ਪਹਿਲਾਂ ਬਹੁਤ ਹੀ ਅੰਨ੍ਹੇਰੇ ਉਠਦਾ, ਪਹਿਲਾਂ ਆਪ ਹੀ ਚਾਹ ਬਣਾਉਂਦਾ ਤੇ ਪੀਂਦਾ ਤੇ ਫੇਰ ਬਲ਼ਦਾਂ ਦੀ ਜੋੜੀ ਖੋਲ੍ਹਦਾ, ਉਹਨਾਂ ਦੇ ਗਲ਼ ਪੰਜਾਲ਼ੀ ਪਾਉਂਦਾ ਤੇ ਖੇਤ ਦੇ ਰਾਹ ਪੈ ਜਾਂਦਾ। ਆਥਣੇ ਦਿਨ ਛਿਪਣ ਤੋਂ ਬਾਦ ਜਦ ਉਹ ਘਰ ਮੁੜਦਾ ਤਾਂ ਉਸਦੇ ਸਿਰ ਉਤੇ ਹਰੇ ਦੀ ਭਰੀ ਹੁੰਦੀ। ਆਉਣ-ਸਾਰ ਹੀ ਟੋਕੇ ਵਾਲੀ ਮਸ਼ੀਨ ਉਤੇ ਟੋਕਾ ਕਰਨ ਲੱਗ ਪੈਂਦਾ। ਜੇ ਘਰ ਦਾ ਕੋਈ ਜੀਅ ਨਾਲ ਲਗਦਾ ਤਾਂ ਵਾਹਵਾ ਨਹੀਂ ਤਾਂ ਟੋਕੇ ਵਾਲੀ ਮਸ਼ੀਨ ਵਿੱਚ ਆਪ ਹੀ ਰੁਗ ਦੇਈਂ ਜਾਂਦਾ ਤੇ ਆਪ ਹੀ ਉਸਦਾ ਦਾਤਾਂ ਵਾਲਾ ਪਹੀਆ ਗੇੜੀ ਜਾਂਦਾ। ਇਸ ਤਰ੍ਹਾਂ ਟੋਕਾ ਕਰ ਕੇ ਟੋਕਾ ਕੀਤਾ ਹਰਾ ਪਸ਼ੂਆਂ ਨੂੰ ਪਾਉਣ ਲਗਦਾ। ਕਮਾਲ ਦੀ ਗੱਲ ਇਹ ਕਿ ਇਸ ਸਾਰੇ ਸਮੇਂ ਦੁਰਾਨ ਉਹ ਘਰ ਦੇ ਜੀਆਂ ਨਾਲ ਗਿਣਤੀ ਦੇ ਬੋਲਾਂ ਦੀ ਸਾਂਝ ਹੀ ਕਰਦਾ। ਉਹ ਵੀ ਤਦ ਜਦ ਘਰ ਵਿੱਚ ਕੀਤੇ ਜਾਣ ਵਾਲਾ ਕੋਈ ਕੰਮ ਸਮੇਂ-ਸਿਰ ਨਾ ਹੋਇਆ ਉਸਦੀ ਨਜ਼ਰੀ ਪੈ ਜਾਂਦਾ। ਹਾਸੇ-ਠੱਠੇ ਵਾਲੀ ਗੱਲ ਉਹ ਓਦੋਂ ਹੀ ਕਰਦਾ ਜਦ ਉਸ ਗੱਲ ਦਾ ਸੰਬੰਧ ਕਿਸਾਨੀ ਜ਼ਿੰਦਗੀ ਦੇ ਕਿਸੇ ਕੰਮ-ਧੰਧੇ ਕਰਨ ਵਿੱਚ ਕਿਸੇ ਅਲ੍ਹੜ ਜਾਂ ਅਣਜਾਣ ਬੰਦੇ ਤੋ ਕੀਤੀਂ ਗਲਤੀ ਨਾਲ ਹੁੰਦਾ। ਵਿਆਹ-ਸ਼ਾਦੀਆਂ, ਜਾਂ ਹੋਰ ਲਤੀਫ਼ੇਬਾਜ਼ੀਆਂ ਦੇ ਹਾਸੇ-ਮਖ਼ੌਲਾਂ ਤੋਂ ਦੂਰ ਹੀ ਰਹਿੰਦਾ। ਇਹੋ-ਜੇ ਹਾਸੇ-ਠੱਠਿਆਂ ਨੂੰ ਤਾਂ ਉਹ 'ਵਿਹਲੇ ਤੇ ਕੋਹੜੀ ਬੰਦਿਆਂ ਦੇ ਚੋਂਚਲੇ' ਹੀ ਸਮਝਦਾ। 'ਚੋਂਚਲੇ' ਕੀ, ਇਹੋ-ਜੀਆਂ ਗੱਲਾਂ 'ਤੇ ਉਸਨੂੰ ਕਈ ਵਾਰ ਖਿਝ ਵੀ ਆ ਜਾਂਦੀ। ਖ਼ਾਸ ਤੌਰ 'ਤੇ ਘਰ ਦੇ ਉਹਨਾਂ ਜੀਆਂ ਉਤੇ ਜਿਹੜੇ ਖੇਤੀ ਦੇ ਕੰਮ ਤੋਂ ਤਾਂ ਜੀਅ ਚੁਰਾਉਂਦੇ ਤੇ ਗੱਲਾਂ ਕਰਨ ਵਿੱਚ ਆਪਣੇ-ਆਪਨੂੰ 'ਧੰਨਾ' ਸਿੱਧ ਕਰਨ ਵਿੱਚ ਲੱਗੇ ਰਹਿੰਦੇ। ਇਹਨਾਂ ਵਿਚੋਂ ਇੱਕ ਨੰਬਰ ਉਤੇ ਮੇਰਾ ਵੱਡਾ ਭਰਾ 'ਨੇਕਾ' (ਹਰਨੇਕ) ਆਉਂਦਾ ਜਿਹੜਾ ਕੰਮ ਦਾ ਤਾਂ ਕਦੇ ਡੱਕਾ ਤੋੜ ਕੇ ਦੂਹਰਾ ਨਹੀਂ ਸੀ ਕਰਦਾ ਪਰ ਵਿਹਲਾ ਰਹਿ ਕੇ ਗੱਲਾਂ ਮਾਰ-ਮਾਰ ਘਰ ਉਜਾੜਨ ਵਿੱਚ ਸਭ ਤੋਂ ਮੋਹਰੀ ਬਣ-ਬਣ ਬੈਠਦਾ ਸੀ।
ਹੌਲ਼ੀ-ਹੌਲ਼ੀ ਤਾਏ ਸੰਤੇ ਨੇ ਪਿੰਡ ਘਰ ਆਉਣਾ ਵੀ ਘੱਟ ਕਰ ਦਿੱਤਾ। ਇੱਕ ਪਤੀਲ਼ੀ, ਆਪਣੇ ਜੋਗੀ ਚਾਹ-ਪੱਤੀ ਤੇ ਗੁੜ ਉਹ ਖੇਤ ਹੀ ਰੱਖਣ ਲੱਗ ਪਿਆ। ਦੁੱਧ ਕਿਸੇ ਡੋਲੂ ਬਗੈਰਾ ਵਿੱਚ ਪਾ ਕੇ ਖੇਤ ਵਿਚਲੀ ਬੇਰੀ ਦੀ ਕਿਸੇ ਟਾਹਣੀ ਆਦਿ ਨਾਲ ਲਮਕਾ ਦਿੰਦਾ ਜਿਥੇ ਉਸਨੂੰ ਹਵਾ ਚੰਗੀ ਤਰ੍ਹਾਂ ਲੱਗ ਸਕੇ। ਜਾਂ ਫਿਰ, ਜੇ ਘਰ ਦੇ ਮਾਲ (ਡੰਗਰ-ਪਸ਼ੂਆਂ) ਵਿੱਚ ਦੁੱਧ ਦਿੰਦੀ ਕੋਈ ਬੱਕਰੀ ਹੁੰਦੀ ਤਾਂ ਉਸ ਬੱਕਰੀ ਨੂੰ ਹੀ ਖੇਤ ਰੱਖ ਲੈਂਦਾ। ਗਰਮੀਆਂ ਦੀ ਰੁੱਤ ਵਿੱਚ ਤਾਂ ਰਾਤ ਨੂੰ ਰਹਿਣ ਵਿੱਚ ਐਡੀ ਕੋਈ ਸਮੱਸਿਆ ਨਹੀਂ ਸੀ (ਮੀਂਹ-ਕਣੀ ਜਾਂ ਅੰਨ੍ਹੇਰੀ-ਤੂਫਾਨ ਨੂੰ ਉਹ ਕੋਈ ਸਮੱਸਿਆਂ ਨਹੀਂ ਸੀ ਸਮਝਦਾ) ਤੇ ਸਿਆਲ਼ਾਂ ਵਿੱਚ ਉਹ ਪਿੰਡੋਂ ਜੁੱਬੜ ਮੰਗਾ ਕੇ ਆਪਣਾ ਮੰਜਾ ਖੇਤ ਵਾਲੀ ਬੇਰੀ ਹੇਠ ਕਰ ਕੇ ਜੁੱਬੜ ਵਿੱਚ ਆਪਣੇ-ਆਪਨੂੰ ਲਪੇਟ ਕੇ 'ਮੌਂਜ ਦੀ ਨੀਂਦ' ਸੁੱਤਾ ਰਹਿੰਦਾ। ਬਾਦ ਵਿੱਚ ਤਾਏ ਨੇ ਟੋਭੇ ਦੇ ਮੋਟੇ ਤੇ ਕੱਚੇ ਡਲ਼ਿਆਂ ਦਾ ਖੇਤ ਵਿੱਚ ਇੱਕ ਕੋਠਾ ਹੀ ਛੱਤ ਲਿਆ। ਇਸ ਕੋਠੇ ਨੇ ਤਾਂ ਤਾਏ ਦਾ ਪਿੰਡ ਤੇ ਘਰ ਨਾਲ ਆਉਣ-ਜਾਣ ਵਾਲਾ ਰਿਸ਼ਤਾ ਇੱਕ ਤਰ੍ਹਾਂ ਨਾਲ਼ ਪੱਕੇ ਤੌਰ 'ਤੇ ਹੀ ਤੋੜ ਦਿੱਤਾ। ਹੁਣ ਤਾਏ ਦਾ ਕੰਮ ਸੀ ਖੇਤਾਂ ਵਿੱਚ ਪੱਕੇ ਤੌਰ 'ਤੇ ਕੰਮ ਕਰਨਾ ਤੇ ਖੇਤ ਹੀ ਪੱਕੇ ਤੌਰ 'ਤੇ ਰੈਣ-ਵਸੇਰਾ ਕਰਨਾ। ਪਿੰਡ ਤਾਂ ਉਹ ਕਦੇ-ਕਦੇ ਅਣਸਰਦੇ ਹੀ ਗੇੜਾ ਮਾਰਦਾ। ਦੋਵਾਂ ਵੇਲਿਆਂ ਦੀ ਉਸਦੀ ਰੋਟੀ ਘਰੋਂ ਪਹੁੰਚਦੀ ਹੋ ਜਾਂਦੀ ਸੀ ਤੇ ਚਾਹ ਆਦਿ ਦਾ ਜੁਗਾੜ ਉਹ ਆਪ ਕਰ ਲੈਂਦਾਂ ਸੀ। ਮੇਰੇ ਅੱਖਾਂ ਅੱਗੇ ਅੱਜ ਜਦ-ਕਦ ਵੀ ਤਾਏ ਸੰਤੇ ਦੀ ਕੋਈ ਤਸਵੀਰ ਉਘੜਦੀ ਹੈ ਉਸ ਵਿੱਚ ਸਭ ਤੋਂ ਉਭਰਵੇਂ ਰੰਗ ਵਾਲੀ ਤੇ ਸਪੱਸ਼ਟ ਉਹ ਤਸਵੀਰ ਹੁੰਦੀ ਹੈ ਜਿਸ ਵਿੱਚ ਤਾਇਆ ਜਾਂ ਤਾਂ ਹਲ਼ ਵਿੱਚ ਜ਼ਮੀਨ ਵਾਹ-ਬੀਜ ਰਿਹਾ ਹੁੰਦਾ ਹੈ, ਜਾਂ ਹੱਥ ਵਿੱਚ ਕਹੀ ਲਈਂ ਖੇਤਾਂ ਨੂੰ ਪਾਣੀ ਲਾ ਰਿਹਾ ਹੁੰਦਾ ਹੈ ਤੇ ਜਾਂ ਹੱਥ ਵਿੱਚ ਕਸੀਆ ਜਾਂ ਖ਼ੁਰਪਾ ਲਈਂ ਖੇਤਾਂ ਵਿੱਚ ਗੁਡ-ਗੁਡਾਈ ਕਰ ਰਿਹਾ ਹੁੰਦਾ ਹੈ ਤੇ ਜਾਂ ਫਿਰ ਉਸਦੇ ਸਿਰ ਉਤੇ ਹਰੇ ਦੀ ਭਰੀ ਹੁੰਦੀ ਹੈ ਜਿਹੜੀ ਉਹ ਬਲ਼ਦਾਂ ਜਾਂ ਹੋਰ ਡੰਗਰਾਂ ਵੱਲ ਸੁੱਟਣ ਜਾ ਰਿਹਾ ਹੁੰਦਾ ਹੈ। ਮੇਰੀਆਂ ਅੱਖਾਂ ਸਾਹਮਣੇ ਉਸਦੀ ਜ਼ਿੰਦਗੀ ਦੀ ਕਦੇ ਕੋਈ ਅਜਿਹੀ ਤਸਵੀਰ ਨਹੀਂ ਆਈ ਜਿਸ ਵਿੱਚ ਉਹ ਮੰਜੇ 'ਤੇ ਪਿਆ ਘਰਾੜੇ ਮਾਰ ਰਿਹਾ ਹੋਵੇ, ਜਾਂ ਘੱਟੋ-ਘੱਟ ਸਾਡੇ ਖੇਤ ਵਿੱਚ ਲੱਗੀ ਬੇਰੀ ਹੇਠ ਉਹ ਕਿਸੇ ਵੱਟ ਨਾਲ ਪਿੱਠ ਲਾ ਕੇ ਦੋ ਘੜੀ ਨੀਂਦ ਦਾ ਟੂਲਾ ਹੀ ਲੈ ਰਿਹਾ ਹੋਵੇ। ਉਹ ਜਦੋਂ ਤੇ ਜਿਥੇ ਵੀ ਮੈਂਨੂੰ ਦਿਸਦਾ ਹੈ ਕਿਰਤ ਕਰਨ ਦੇ ਕਿਸੇ ਨਾ ਕਿਸੇ ਰੂਪ ਵਿੱਚ ਹੀ ਦਿਸਦਾ ਹੈ।
ਜਿਵੇਂ ਕਿ ਮੈਂ ਪਹਿਲਾਂ ਕਿਹਾ ਹੈ ਤਾਏ ਸੰਤੇ ਦੇ ਮਨ ਤੇ ਸਰੀਰ ਦਾ ਹਰ ਕਾਰਜ ਕਿਰਤ, ਉਹ ਵੀ ਕਿਸਾਨੀ ਕਿਰਤ, ਨਾਲ ਜੁੜਿਆ ਹੋਇਆ ਸੀ। ਬਾਕੀ ਸਭ ਕੁੱਝ ਉਸਨੇ ਆਪਣੀ ਜ਼ਿੰਦਗੀ ਵਿਚੋਂ ਖ਼ਾਰਜ ਕਰ ਛੱਡਿਆ ਸੀ। ਆਪਣੀ ਪਹਿਲੀ ਉਮਰ ਵਿੱਚ ਉਹ ਪਿੰਡੋਂ ਬਾਹਰ ਕਿਤੇ ਗਿਆ ਹੋਵੇ ਤਾਂ ਸ਼ਾਇਦ ਗਿਆ ਹੋਵੇ, ਪਰ ਖੇਤੀ ਨਾਲ ਇਸ ਹੱਦ ਤੱਕ ਜੁੜਨ ਬਾਦ ਨਾ ਹੀ ਉਹ ਕਿਸੇ ਵਿਆਹ-ਸ਼ਾਦੀ 'ਤੇ ਜਾਂਦਾ ਸੀ, ਨਾ ਕਿਸੇ ਮੇਲੇ-ਤਿਉਹਾਰ 'ਤੇ ਅਤੇ ਨਾ ਹੀ ਕਿਸੇ ਮਰਨੇ-ਸਰਨੇ 'ਤੇ! ਹਾਂ, ਇੱਕ ਮੌਕਾ ਜ਼ਰੂਰ ਮੈਂਨੂੰ ਯਾਦ ਹੈ। ਸਾਡੇ ਪਿੰਡ ਦਾ ਇੱਕ ਜੇਠੂ ਰਾਮ ਸੇਠ ਹੁੰਦਾ ਸੀ। ਸਾਡਾ ਪਰਿਵਾਰ ਸਦਾ ਹੀ ਉਸਦਾ ਕਰਜ਼ਈ ਰਹਿੰਦਾ ਸੀ। ਸੇਠ ਜੇਠੂ ਰਾਮ ਦੀ ਕਿਸੇ ਰਿਸ਼ਤੇਦਾਰੀ ਵਿੱਚ ਕੋਈ ਵਿਆਹ ਸੀ। ਉਥੇ ਉਸਨੇ ਆਪਣੇ ਨਾਲ ਦੋ ਚਾਰ ਕਿਸਾਨ ਲਿਜਾਣੇ ਸਨ। ਸਿਰਫ ਇਸ ਲਈ ਕਿ ਆਪਣੇ ਰਿਸ਼ਤੇਦਾਰਾਂ ਤੇ ਸੂਦਖ਼ੋਰ ਭਾਈਚਾਰੇ ਉਤੇ ਰੋਹਬ ਜਮਾ ਕੇ ਇਹ ਦੱਸਿਆ ਜਾ ਸਕੇ ਕਿ ਉਸ ਨਾਲ਼ ਆਏ ਜੱਟ (ਕਿਸਾਨ) ਉਸਦੀਆਂ ਕਰਜ਼ਈ ਸਾਮੀਆਂ ਹਨ। ਆਮ ਤੌਰ 'ਤੇ ਘਰ ਦੇ ਬਾਹਰ-ਅੰਦਰ ਜਾਣ ਵਾਲੇ ਅਜਿਹੇ 'ਕਾਰਜ' ਮੇਰਾ ਬਾਪੂ ਹੀ ਨਿਭਾਇਆ ਕਰਦਾ ਸੀ (ਬਾਪੂ ਨੂੰ ਇਹਨਾਂ ਵਿਚੋਂ ਖ਼ੁਸ਼ੀ ਵੀ ਬਹੁਤ ਮਿਲਦੀ ਸੀ)। ਉਸ ਦਿਨ, ਪਤਾ ਨਹੀਂ ਕਿਉਂ, ਬਾਪੂ ਜਾ ਨਹੀਂ ਸੀ ਜਾ ਸਕਿਆ। ਤਾਏ ਨੂੰ ਜਾਣਾ ਪੈ ਗਿਆ ਸੀ। ਲੱਗ-ਪਗ ੬੦ ਸਾਲ ਪਹਿਲਾਂ ਦੀ ਇਹ ਘਟਨਾ ਮੈਂਨੂੰ ਇਸ ਕਰ ਕੇ ਯਾਦ ਹੈ ਕਿਉਂਕਿ ਉਸ ਵਿਆਹ ਵਿੱਚ ਤਾਏ ਨਾਲ ਮੈਂ ਵੀ ਗਿਆ ਸੀ ਤੇ ਅਸੀਂ ਆਪਣਾ ਗੱਡਾ ਲੈ ਕੇ ਸੇਠ ਤੇ ਸੇਠ ਦੇ ਪਰਿਵਾਰ ਨੂੰ ਉਸ ਵਿੱਚ ਬਠਾ ਕੇ ਲੈ ਕੇ ਗਈੇ ਸੀ। ਇਸ ਤੋਂ ਬਿਨਾ ਤਾਇਆ ਸ਼ਾਇਦ ਹੀ ਕਿਸੇ ਵਿਆਹ-ਸ਼ਾਦੀ, ਮੇਲੇ-ਗੇਲੇ ਆਦਿ 'ਤੇ ਗਿਆ ਹੋਵੇ। ਹੋਰ ਤਾਂ ਹੋਰ ਕਿਸੇ ਰਿਸ਼ਤੇਦਾਰੀ ਵਿੱਚ ਵੀ ਘੱਟ-ਵੱਧ ਹੀ ਜਾਂਦਾ ਸੀ। ਵੱਧ ਤੋਂ ਵੱਧ ਉਹ ਸਾਡੇ ਪਿੰਡ ਤੋਂ ਦੁ ਕੁ ਕੋਹ 'ਤੇ ਪਿੰਡ ਫਫੜੇ ਭਾਈ-ਕੇ ਵਿਖੇ ਵਿਆਹੀ ਮੇਰੀ ਭੂਆ ਦੀ ਧੀ ਜੰਗੀਰੋ ਨੂੰ ਸਾਲ ਦੋ ਸਾਲ ਬਾਦ ਮਿਲ ਆਉਂਦਾ। ਉਹ ਵੀ ਇਸ ਕਰ ਕੇ ਕਿਉਂਕਿ ਪਿੰਡ ਫਫੜੇ ਭਾਈ-ਕੇ ਸਾਡੇ ਖੇਤਾਂ ਵੱਲ ਸੀ ਤੇ ਸਾਡੇ ਖੇਤੋਂ ਉਹ ਮੁਸ਼ਕਲ ਨਾਲ ਕੋਹ ਕੁ ਦੀ ਵਾਟ 'ਤੇ ਹੀ ਪੈਂਦਾ ਸੀ। ਜੇ ਤਾਇਆ ਸੰਤਾ ਨਾਂ ਜਾਂਦਾ ਤਾਂ ਭੈਣ ਜੰਗੀਰ ਕੌਰ ਆਪ ਹੀ ਖੇਤ ਆ ਕੇ ਉਸਨੂੰ ਮਿਲ ਜਾਂਦੀ। ਜੰਗੀਰੋ ਭੈਣ ਮੋਹਖ਼ੋਰੀ ਇਸਤਰੀ ਸੀ ਤੇ ਆਪਣੇ ਇਸ ਸਾਧ-ਵਿਰਤੀ ਵਾਲੇ ਮਾਮੇ ਨਾਲ ਉਸਨੂੰ ਅੰਤਾਂ ਦਾ ਮੋਹ ਤੇ ਹਮਦਰਦੀ ਸੀ।
ਹੋਰ ਤਾਂ ਹੋਰ, ਤਾਇਆ ਸੰਤਾ ਘਰ ਦੀ ਕਿਸੇ ਤਰ੍ਹਾਂ ਦੀ ਕਬੀਲਦਾਰੀ ਜਾਂ ਇਸ ਕਬੀਲਦਾਰੀ ਦੇ ਝੰਜਟਾਂ ਵਿੱਚ ਵੀ ਕਿਸੇ ਕਿਸਮ ਦੀ ਦਿਲਚਸਪੀ ਨਹੀਂ ਸੀ ਲੈਂਦਾ। ਘਰ ਲਈ ਕੀ ਲਿਆਉਣਾ ਹੈ ਕੀ ਨਹੀਂ, ਕਿਸੇ ਦਾ ਕੀ ਤੇ ਕਿੰਨਾ ਦੇਣਾ-ਲੈਣਾ ਹੈ, ਇਸ ਨਾਲ ਉਹ ਕਿਸੇ ਕਿਸਮ ਦਾ ਲਾਗਾ-ਦੇਗਾ ਨਹੀਂ ਸੀ ਰਖਦਾ। ਇਹ ਸਿਰਦਰਦੀ ਪਹਿਲੇ ਨੰਬਰ 'ਤੇ ਮੇਰੀ ਮਾਂ ਦੀ ਸੀ ਤੇ ਬਾਕੀ ਬਾਹਰਲਾ ਬਹੁਤਾ ਲੈਣ-ਦੇਣ ਮੇਰਾ ਬਾਪੂ ਹੀ ਕਰਦਾ ਸੀ ਜਿਸ ਵਿੱਚ ਉਹ ਅਕਸਰ ਮਾਰ ਖਾ ਜਾਂਦਾ ਸੀ। ਤਾਇਆ ਤਾਂ ਕਮਾ ਕੇ ਬੋਹਲ਼ ਲਾਉਣ ਵਾਲਾ ਸੀ ਅੱਗੋਂ ਇਹ ਬੋਹਲ਼ ਕਿਧਰ ਜਾਂਦੇ ਸਨ ਤੇ ਕੌਣ ਲੈ ਜਾਂਦਾ ਸੀ, ਇਹ ਤਾਇਆ ਮੇਰੀ ਮਾਂ ਤੇ ਮੇਰੇ ਬਾਪੂ ਉਤੇ ਸੁੱਟ ਰਖਦਾ ਸੀ।
ਪਤਾ ਨਹੀਂ ਕਿਰਤ ਨਾਲ ਇਸ ਹੱਦ ਤੱਕ ਜੁੜ ਜਾਣ ਸਦਕਾ ਜਾਂ ਫਿਰ ਆਪਣੀ ਪਹਿਲੀ ਉਮਰ ਵਿੱਚ ਆਪਣੀਆਂ ਦੋਵੇਂ ਪਤਨੀਆਂ ਦੇ ਵਿਛੋੜੇ ਸਦਕਾ ਤਾਇਆ ਸੰਤਾ ਅਫੀਮ ਖਾਣ ਲੱਗ ਪਿਆ ਸੀ। ਇਹ ਅਫੀਮ ਉਹ ਕਦੋਂ ਤੋਂ ਖਾਣ ਲੱਗਿਆ ਸੀ, ਇਹਦਾ ਮੈਂਨੂੰ ਕੋਈ ਪਤਾ ਨਹੀਂ। ਹਾਂ, ਐਨਾ ਜ਼ਰੂਰ ਪਤਾ ਹੈ ਕਿ ਜਦ ਮੈਂ ਸੁਰਤ ਸੰਭਾਲ਼ੀ ਓਦੋਂ ਅਫੀਮ ਖਾਂਦਾ ਹੁੰਦਾ ਸੀ। ਅਜੀਬ ਗੱਲ ਕਿ ਅਫੀਮ ਖਾਣ ਉਪਰੰਤ ਨਾ ਤਾਂ ਉਹ ਬਾਕੀ ਅਮਲੀਆਂ ਵਾਂਗ ਚੁਸਤ-ਫੁਰਤ ਗਪੌੜੀਆਂ ਮਾਰਦਾ ਸੀ ਤੇ ਨਾ ਹੀ ਉਹ ਘੋਰੀ ਅਮਲੀਆਂ ਵਾਂਗ ਘੋਰੀ ਕਿਸਮ ਦਾ ਬੰਦਾ ਬਣ ਕੇ ਮੰਜੇ ਉਤੇ ਗੋਡੇ ਜੋੜ ਕੇ ਹੀ ਪੈਂਦਾ ਸੀ। ਵਿਹਲੜ ਤੇ ਘੋਰੀ (ਨਿਕੰਮੇ ਤੇ ਸੁਸਤ) ਬੰਦਿਆਂ ਨੂੰ ਤਾਂ ਉਹ ਬੇਪਸੰਦ ਤੇ ਨਫ਼ਰਤ ਕਰਦਾ ਸੀ। ਮੇਰੇ ਬਾਪੂ ਤੇ ਵੱਡੇ ਭਾਈ ਹਰਨੇਕ ਨੂੰ ਕੰਮ ਨਾ ਕਰਨ ਕਾਰਨ ਉਹ ਅਕਸਰ 'ਸਾਲੇ ਵਿਹਲੜ ਤੇ ਨਿਖੱਟੂ' ਕਹਿ ਕੇ ਆਪਣੀ ਨਫ਼ਰਤ ਦਾਂ ਪਰਗਟਾਵਾ ਕਰਿਆ ਕਰਦਾ ਸੀ। 'ਵਿਹਲੜ, ਨਖੱਟੂ, ਘੋਰੀ, ਘਰ-ਪੱਟੂ, ਅੰਨ ਦੇ ਕੀੜੇ' ਆਦਿ ਕੁੱਝ ਲਫਜ਼ ਸਨ ਜਿਹੜੇ ਉਹ ਮੇਰੇ ਬਾਪੂ ਤੇ ਮੇਰੇ ਵੱਡੇ ਭਾਈ ਹਰਨੇਕ ਲਈ ਆਮ ਵਰਤਦਾ ਸੀ ਤੇ ਇਹਨਾਂ ਅੱਗੇ ਅਕਸਰ 'ਸਾਲੇ' ਲਫਜ਼ ਦਾ ਵਿਸ਼ੇਸ਼ਣ ਜ਼ਰੂਰ ਲਾਉਂਦਾ ਸੀ। ਤਾਏ ਦੀ ਅਫੀਮ ਖਾਣੀ ਘਰ ਵਿੱਚ ਕਿਸੇ ਨੂੰ ਚੁਭਦੀ ਵੀ ਨਹੀਂ ਸੀ। ਇਸਦਾ ਇੱਕ ਕਾਰਨ ਤਾਂ ਇਹ ਸੀ ਕਿ ਤਾਏ ਰਾਹੀਂ ਕੀਤੀ ਕਮਾਈ ਦੇ ਮੁਕਾਬਲੇ ਉਸਦੀ ਅਫੀਮ 'ਤੇ ਕੀਤਾ ਖਰਚਾ ਬਹੁਤ ਹੀ ਗੈਰ-ਮਾਮੂਲੀ ਸੀ। ਖਾਧੀ ਅਫੀਮ ਸਦਕਾ ਤਾਇਆ ਦਿਨ-ਰਾਤ ਮਿੱਟੀ ਨਾਲ ਮਿੱਟੀ ਹੋਇਆ ਰਹਿੰਦਾ ਸੀ। ਮੁਖ ਤੌਰ 'ਤੇ ਸਾਡੇ ਘਰ ਦੀ ਆਰਥਿਕਤਾ ਦਾ ਦਾਰੋਮੁਦਾਰ ਦੋ ਬੰਦਿਆਂ ਉਤੇ ਖੜ੍ਹਾ ਸੀ। ਇੱਕ ਤਾਏ ਉਤੇ ਦੂਜਾ ਮੇਰੀ ਭੂਆ ਦੇ ਪੁੱਤ ਜੰਗੀਰ ਉਤੇ ਜਿਹੜਾ ਬਚਪਨ ਤੋਂ ਹੀ ਸਾਡੇ ਘਰ ਦਾ ਅੰਗ ਬਣਿਆ ਹੋਇਆ ਸੀ। ਜੰਗੀਰ ਕੰਮ ਵਿੱਚ ਧੂਸ ਜ਼ਰੂਰ ਸੀ ਪਰ ਉਸਨੂੰ ਖੇਤੀ ਕਰਨ ਦੇ ਤੌਰ-ਤਰੀਕਿਆਂ ਦੀ ਉੱਕਾ ਹੀ ਸਮਝ ਨਹੀਂ ਸੀ। ਇਸਦੇ ਉਲ਼ਟ ਮਿੱਟੀ ਨਾਲ਼ ਮਿੱਟੀ ਹੋਏ ਰਹਿਣ ਦੇ ਬਾਵਜੂਦ ਤਾਇਆ ਸੰਤਾ ਖੇਤੀ ਕਰਨ ਦੀ ਆਪਣੇ ਸਮੇਂ ਦੀ ਤਕਨੀਕ ਵਿੱਚ ਪੂਰਾ ਸਮਝਦਾਰ ਤੇ ਤਜਰਬੇਕਾਰ ਸੀ। ਉਸਨੂੰ ਇਸ ਗੱਲ ਦੀ ਹੱਦ ਦਰਜੇ ਤੱਕ ਸਮਝ ਸੀ ਕਿ ਹਲ਼ ਦੀ ਰਾਹਲ਼ ਕਿਵੇਂ ਕੱਢਣੀ ਹੈ, ਬੀਜਾਈ ਕਰਨ ਵੇਲੇ ਕਿੰਨਾ ਬੀਜ ਪਾਉਣਾ ਹੈ, ਫਸਲ ਨੂੰ ਕਦ ਪਾਣੀ ਲਾਉਣਾ ਹੈ ਕਦ ਨਹੀਂ। ਕਪਾਹ, ਕਣਕ, ਬਾਜਰਾ, ਸਰ੍ਹੋਂ, ਛੋਲੇ, ਮੱਕੀ ਆਦਿ ਫਸਲਾਂ ਦੇ ਇੱਕ-ਇੱਕ ਬੂਟੇ ਦਾ ਉਸਨੂੰ ਇਸ ਹੱਦ ਤੱਕ ਪਤਾ ਸੀ ਕਿ ਉਹ ਸਹਿਜੇ ਹੀ ਦਸ ਸਕਦਾ ਸੀ ਕਿ ਕਿਸਨੂੰ ਕੀ ਹੋਇਆ ਹੈ। ਦੂਜੇ, ਉਸਦੇ ਅਫੀਮ ਖਾਣ ਉਤੇ ਮੇਰੇ ਬਾਪੂ ਤੇ ਮੇਰੇ ਵੱਡੇ ਭਰਾ ਨੂੰ ਇਸ ਕਰ ਕੇ ਵੀ ਕੋਈ ਇਤਰਾਜ਼ ਨਹੀਂ ਸੀ ਕਿਉਂਕਿ ਉਸਦੇ ਅਫੀਮ ਖਾਣ ਸਦਕਾ ਉਹਨਾਂ ਨੂੰ ਵਿਹਲੇ ਰਹਿਣ ਦਾ ਪੂਰਾ ਮੌਕਾ ਮਿਲ ਜਾਂਦਾ ਸੀ। ਤਾਇਆ ਅਫੀਮ ਨੀ ਖਾਊ ਤਾਂ ਉਹ ਕੰਮ ਨੀ ਕਰ ਸਕੂ ਤੇ ਜੇ ਕੰਮ ਨੀ ਕਰ ਸਕੂ ਤਾਂ ਉਹਨਾਂ ਦੋਵਾਂ ਨੂੰ ਖੇਤ ਕੰਮ ਕਰਨ ਲਈ ਜਾਣਾ ਪਿਆ ਕਰੂ। ਇਸ ਲਈ ਬਾਪੂ ਤਾਏ ਲਈ ਅਫੀਮ ਨਹੀਂ ਸੀ ਮੁੱਕਣ ਦਿੰਦਾ। ਇਸ ਲਈ ਮਰਦੇ-ਦਮ ਤੱਕ ਤਾਇਆ ਸਾਡੇ ਘਰ ਦੀ ਇੱਕ ਮਜ਼ਬੂਤ ਆਰਥਿਕ ਥ੍ਹੰਮੀ ਬਣਿਆ ਰਿਹਾ।
ਤਾਏ ਸੰਤੇ ਦੇ ਗਲ਼ ਖ਼ੱਦਰ ਦਾ ਕੁੜਤਾ, ਤੇੜ ਖ਼ੱਦਰ ਦੀ ਲੰਗੋਟੀ ਤੇ ਖੱਦਰ ਦੀ ਧੋਤੀ, ਸਿਰ ਉਤੇ ਮੈਲ਼ੀ ਪੱਗ ਤੇ ਪੈਰੀਂ ਫਿੱਡਾ ਬਣੀਂ ਧੌੜੀ ਜੁੱਤੀ ਹੁੰਦੀ ਸੀ। ਕੰਮ ਕਰਨ ਵੇਲੇ ਉਹ ਸਿਰ ਉਤੋਂ ਪੱਗ ਕਦੇ ਵੀ ਨਹੀਂ ਸੀ ਲਾਹੁੰਦਾ। ਜੇਠ ਹਾੜ ਦੀਆਂ ਤਪਦੀਆਂ ਦੁਪਹਿਰਾਂ ਵਿੱਚ ਵੀ। ਹਾਂ, ਕਦੀ-ਕਦਾਈਂ ਪੱਗ ਉਤੋਂ ਦੀ ਪਰਨਾ ਜ਼ਰੁਰ ਲਪੇਟ ਲੈਂਦਾ ਸੀ। ਉਹ ਵੀ ਤਾਂ ਜੇ ਕੰਮ ਕਰਨ ਵੇਲੇ ਇਸਦੀ ਲੋੜ ਹੁੰਦੀ। ਜਿਵੇਂ ਦਾਣੇ ਕੱਢਣ ਜਾਂ ਛੰਡਣ, ਜਾਂ ਭਾਰੀ ਪੰਡਾਂ ਚੁੱਕਣ ਆਦਿ ਦੇ ਮੌਕਿਆਂ ਸਮੇਂ। ਪੱਗ ਪਾਟਦੀ ਪਾਟ ਜਾਂਦੀ ਸੀ ਪਰ ਉਹ ਉਸਦੇ ਸਿਰ ਦਾ ਸਾਥ ਨਹੀਂ ਸੀ ਛਡਦੀ। ਪਰਨਾ ਰਖਦਾ ਜ਼ਰੂਰ ਪਰ ਉਸਨੂੰ ਉਹ ਕਿਸੇ ਚੀਜ਼ ਨੂੰ ਬੰਨ੍ਹਣ-ਬੰਨ੍ਹਾਉਣ, ਸਾਂਭਣ-ਸੰਭਾਉਣ ਲਈ ਹੀ ਬਹੁਤਾ ਵਰਤਦਾ। ਜਿਵੇਂ ਖੇਤ ਰੋਟੀ ਖਾਂਦਿਆਂ ਬਚੀ ਰੋਟੀ ਸਾਂਭ ਕੇ ਰੱਖਣੀ, ਮੱਕੀ ਦੀ ਕੋਈ ਪੱਕੀ ਹੋਈ ਛੱਲੀ, ਖੇਤਾਂ ਵਿੱਚ ਕੰਮ ਕਰਦਿਆਂ ਮਿਲੇ ਮਿੱਠੇ ਚਿਬ੍ਹੜ, ਬੇਰੀ ਜਾਂ ਮਲ੍ਹਿਆਂ ਦੇ ਬੇਰ ਆਦਿ ਪਰਨੇ ਨਾਲ ਬੰਨ੍ਹ ਕੇ ਰਖਣ ਵਾਸਤੇ! ਬੇਰ ਉਹ ਸਾਨੂੰ ਵੀ ਦਿੰਦਾ ਤੇ ਆਪ ਹੀ ਬੜੇ ਸ਼ੌਕ ਨਾਲ ਖਾਂਦਾ। ਮਲ੍ਹਿਆਂ ਦੇ ਬੇਰ ਤਾਂ ਉਹ ਕਈ ਵਾਰ ਇੱਕੋ ਵੇਲੇ ਸੈਂਕੜਾ, ਡੂਢ ਸੈਂਕੜਾ ਗਿਣ ਕੇ ਖਾ ਜਾਂਦਾ। ਕਪੜੇ ਜੇ ਪਿੰਡੋਂ ਧੋ ਕੇ ਆ-ਗੇ ਤਾਂ ਵੀ ਚੰਗਾ ਤੇ ਜੇ ਨਹੀਂ ਆਏ ਤਾਂ ਵੀ ਚੰਗਾ। ਤਾਏ ਨਾਲ ਸੰਬੰਧਿਤ ਕਪੜੇ ਧੋਣ ਦੀ ਗੱਲ ਮਾਂ ਨੂੰ ਵਿਸ਼ੇਸ਼ ਤੌਰ 'ਤੇ ਯਾਦ ਰੱਖਣੀ ਪੈਂਦੀ: "ਵੇ ਜੇ ਉਹਨੂੰ ਨੀ ਇਹਨਾਂ ਗੱਲਾਂ ਦੀ ਪਰਵਾਹ ਤਾਂ ਤੁਸੀਂ ਤਾਂ ਲਹਾ ਲਿਆ ਕਰੋ ਉਸਦੇ ਕਪੜੇ! ?"
ਜਿਥੇ ਮੇਰਾ ਬਾਪੂ ਵਿਹਲੜ ਤੇ ਆਦਰਸ਼ਵਾਦੀ ਵਿਰਤੀ ਤੇ ਮਾਨਸਿਕਤਾ ਵਾਲਾ ਬੰਦਾ ਸੀ ਉਥੇ ਤਾਇਆ ਅਤੀ ਯਥਾਰਥਵਾਦੀ ਸੋਚ ਤੇ ਯਥਾਰਥਕ ਅਮਲ ਦਾ ਮਾਲਕ ਸੀ। ਛੀ ਮਹੀਨਿਆਂ ਬਾਦ ਜਦ ਹਾੜੀ ਜਾਂ ਸਾਉਣੀ ਦੀ ਪੱਕੀ ਜਿਨਸ ਦੇ ਬੋਹਲ਼ ਜਾਂ ਢੇਰ ਲਗਦੇ ਤਾਂ ਮੇਰੇ ਬਾਪੂ ਨੇ ਹਮੇਸ਼ਾਂ ਉਸ ਜਿਨਸ ਨੂੰ ਵਧਾ-ਚੜ੍ਹਾ ਕੇ ਅੰਗਣਾ। ਜੇ ਕਣਕ, ਕਪਾਹ ਨੇ ੬੦-੭੦ ਮਣ ਹੋਣਾ ਤਾਂ ਬਾਪੂ ਨੇ ਤੋਲੇ ਜਾਣ ਤੋਂ ਪਹਿਲਾਂ ਉਸੋਨੂੰ ਸੱਤ-ਅੱਠ ਵੀਹਾਂ (੧੪੦-੧੬੦) ਮਣ ਅੰਗ ਕੇ ਦੱਸਣਾ। ਇਹ ਕੋਈ ਬਾਪੂ ਜਾਣ-ਬੁਝ ਕੇ ਨਹੀਂ ਸੀ ਆਖਦਾ ਸਗੋਂ ਉਹ ਜਿਨਸ ਉਸਨੂੰ ਲਗਦੀ ਹੀ ਉਤਨੀ ਹੁੰਦੀ ਸੀ। ਇਹੀ ਹਾਲ ਮੇਰੀ ਭੂਆ ਦੇ ਪੁੱਤ ਜੰਗੀਰ ਦਾ ਹੁੰਦਾ। ਉਹ ਵੀ ਹੋਈ ਪੈਦਾਵਾਰ ਨੂੰ ਲੋੜ ਨਾਲੋਂ ਵੱਧ ਵਧਾ ਕੇ ਵੇਖਣ ਦਾ ਆਦੀ ਸੀ। ਪਰ ਤਾਏ ਦੀ ਅੰਗੀ ਜਿਨਸ ਵਿੱਚ ਦੋ-ਚਾਰ ਮਣ ਦੀ ਘਾਟ-ਵਾਧ ਤਾਂ ਬੇਸ਼ਕ ਹੋ ਜਾਣੀ ਪਰ ਇਸਤੋਂ ਵੱਧ ਕਦੇ ਨਹੀਂ।
ਜ਼ਿੰਦਗੀ ਵਿੱਚ ਵਧੇਰੇ ਯਥਾਰਥਵਾਦੀ ਸੋਚ ਦਾ ਧਾਰਨੀ ਹੋਣ ਕਾਰਨ ਮੇਰਾ ਤਾਇਆ ਮੇਰੇ ਪੜ੍ਹਨ ਦੇ ਹੱਕ ਵਿੱਚ ਨਹੀਂ ਸੀ। ਉਸਦਾ ਵਿਚਾਰ ਸੀ ਕਿ ਗਰੀਬ ਕਿਸਾਨ ਦੇ ਪੁੱਤਾਂ ਨੂੰ ਪੜ੍ਹਾਈਆਂ ਕੀ ਆਖਣ? ਥੋੜ੍ਹੀ ਜ਼ਮੀਨ 'ਤੇ ਜੇ ਅਸੀਂ ਚਾਰੇ ਭਰਾ ਦੱਬ ਕੇ ਕੰਮ ਕਰੀਏ ਤਾਂ ਥੋੜ੍ਹੀ ਵਿਚੋਂ ਵੀ ਸਿਉਨਾ ਪੈਦਾ ਕੀਤਾ ਜਾ ਸਕਦਾ ਹੈ। ਨਿੱਕੇ ਹੁੰਦਿਆਂ ਖੇਤ ਗਿਆ ਨੂੰ ਉਹ ਹਲ਼ ਵਾਹੁੰਦਾ ਮੈਂਨੂੰ ਤੇ ਮੇਰੇ ਛੋਟੇ ਭਰਾਵਾਂ ਚੰਦ ਤੇ ਮਹਿੰਦਰ ਨੂੰ ਵਾਰੀ-ਸਿਰ ਹਲ਼ ਦਾ ਮੁੰਨਾ ਫੜਾ ਦਿੰਦਾ ਤੇ ਨਾਲ਼ ਦੀ ਨਾਲ਼ ਖੇਤੀ ਦੇ ਕੰਮ ਦੀਆਂ ਬਰਕਤਾਂ ਵੀ ਦਸਦਾ ਰਹਿੰਦਾ। ਉਹ ਅਕਸਰ ਇਸ ਗੱਲ ਉਤੇ ਜ਼ੋਰ ਦੇ ਕੇ ਆਖਦਾ, "ਜੱਟ ਦੇ ਚਾਰ ਪੁੱਤ ਹੋਣ ਤੇ ਫਿਰ ਵੀ ਘਰ ਵਿੱਚ ਭੁੱਖ-ਨੰਗ ਹੋਵੇ, ਧਿਰਗ ਐ ਐਸੇ ਜੱਟ ਦੇ ਪੁੱਤਾਂ ਦੇ!" ਪਰ ਤਾਏ ਦੇ ਕਥਨਾਂ ਮੁਤਾਬਿਕ ਅਸੀਂ ਚਾਰੇ ਦੇ ਚਾਰੇ ਭਰਾ ਖੇਤੀ ਦੇ ਕੰਮ ਵਿੱਚ ਨਾ ਪੈ ਸਕੇ। ਮੇਰੇ ਤੋਂ ਮੇਰਾ ਵੱਡਾ ਭਰਾ ਹਰਨੇਕ ਵਿਹਲਪੁਣੇ ਤੇ ਵੈਲਪੁਣੇ ਦਾ ਸ਼ਿਕਾਰ ਹੋ ਗਿਆ ਤੇ ਮੈਂ ਖੇਤੀ ਮੁਸ਼ੱਕਤੀ ਕੰਮ ਤੋਂ ਉਂਜ ਹੀ ਅੰਦਰੇ-ਅੰਦਰ ਭੈ ਖਾਂਦਾ ਸਾਂ। ਤੇ ਖੇਤੀ ਦਾ ਜ਼ੂਲ਼ਾ ਪੈ ਗਿਆ ਮੇਰੇ ਛੇਟੇ ਭਰਾਵਾਂ ਚੰਦ ਤੇ ਮਹਿੰਦਰ ਦੇ ਗਲ਼ਾਂ ਵਿਚ। ਉਹ ਵੀ ਬਹੁਤ ਛੋਟੀ ਉਮਰ ਵਿਚ। ਇਸੇ ਕਰ ਕੇ ਆਪਣੇ ਚਾਰੇ ਭਤੀਜਿਆਂ ਵਿਚੋਂ ਤਾਏ ਨੂੰ ਸਭ ਤੋਂ ਵੱਧ ਤਿਉਹ ਆਪਣੇ ਇਹਨਾਂ ਛੋਟੇ ਭਤੀਜਿਆਂ ਨਾਲ਼ ਹੀ ਸੀ। ਵਿਹਲਾ ਤੇ ਨਿਖੱਟੂ ਮੇਰਾ ਵੱਡਾ ਭਰਾ ਉਹਨੂੰ ਉਂਜ ਹੀ ਚੰਗਾ ਨਹੀਂ ਸੀ ਲਗਦਾ ਤੇ ਮੇਰੀ ਪੜ੍ਹਾਈ ਤੋਂ ਉਹ ਬਹੁਤਾ ਉਤਸ਼ਾਹਿਤ ਨਹੀਂ ਸੀ। ਪਰ ਇਹ ਵੀ ਇੱਕ ਸੱਚ ਹੈ ਕਿ ਮੈਂਨੂੰ ਪੜ੍ਹਨੋਂ ਹਟਨ ਲਈ ਉਸਨੇ ਮੇਰੇ ਜਾਂ ਸਾਡੇ ਪਰਿਵਾਰ ਉੱਤੇ ਕਦੇ ਜ਼ੋਰ ਨਹੀਂ ਸੀ ਪਾਇਆ। ਘਰ ਦੀ ਮਾੜੀ ਆਰਥਿਕ ਹਾਲਤ ਲਈ ਉਹ ਮੁੱਖ ਤੌਰ 'ਤੇ ਮੇਰੇ ਬਾਪੂ ਤੇ ਮੇਰੇ ਵੱਡੇ ਭਰਾ ਨੂੰ ਹੀ ਸਮਝਦਾ ਸੀ ਕਿਉਕਿ ਉਹ ਦੋਵੇਂ ਹੀ ਖੇਤੀ ਦੇ ਕੰਮ ਤੋਂ ਮੂੰਹ ਮੋੜ ਚੁੱਕੇ ਸਨ।
ਬਾਕੀ ਦੁਨੀਆਂ ਨਾਲੋਂ ਟੁੱਟ ਕੇ ਖੇਤ ਵਿੱਚ ਸਿਰਫ ਕੰਮ ਕਰਨ ਦਾ ਇਹ ਮਤਲਬ ਨਹੀਂ ਬਈ ਤਾਏ ਨੇ ਮਨੁੱਖੀ ਰਿਸ਼ਤਿਆਂ ਤੇ ਮਨੁਖੀ ਮੋਹ ਨੂੰ ਤਿਲਾਂਜਲੀ ਦੇ ਦਿੱਤੀ ਸੀ। ਘਰ ਨਾਲੋਂ ਅੱਡਂ ਖੇਤ ਵਿੱਚ ਰਹਿ ਕੇ ਉਹ ਕਿਰਤ ਇਸ ਕਰ ਕੇ ਨਹੀਂ ਸੀ ਕਰਦਾ ਕਿ ਇਸ ਨਾਲ ਉਸਦਾ ਮਨ ਕਿਸੇ 'ਹੋਰ ਪਾਸੇ' ਲੱਗਿਆ ਰਹੇ? ਨਹੀਂ, ਉਹ ਇਹ ਕਿਰਤ ਇਸ ਤਰ੍ਹਾਂ ਇਸ ਲਈ ਕਰਦਾ ਸੀ ਕਿਉਂਕਿ ਉਸਨੂੰ ਪਤਾ ਸੀ ਕਿ ਇਸ ਕਿਰਤ ਨਾਲ ਇੱਕ ਮਨੁਖੀ ਪਰਿਵਾਰ ਦਾ ਜੀਵਨ-ਨਿਰਬਾਹ ਜੁੜਿਆ ਹੋਇਆ ਸੀ। ਇਸ ਸਿਰਜਣ-ਕਾਰਜ ਨਾਲ਼ ਅੰਦਰੋਂ ਜਨੂੰਨ ਦੀ ਹੱਦ ਤੱਕ ਇੱਕ ਸੁਰ ਹੋਣ ਦਾ ਵੀ ਇਹੋ ਕਾਰਨ ਸੀ। ਜਿਸ ਦਿਨ ਮੀਂਹ, ਝੱਖੜ ਦਾ ਮੌਸਮ ਹੋ ਜਾਂਦਾ ਤਾਂ ਇਸਦਾ ਸਭ ਤੋਂ ਵੱਧ ਫਿਕæਰ ਜਾਂ ਤਾਂ ਮੇਰੇ ਤਾਏ ਨੂੰ ਹੁੰਦਾ ਤੇ ਜਾਂ ਫਿਰ ਮੇਰੀ ਮਾਂ ਨੂੰ। ਇਸ ਲਈ ਜਦ ਕਦ ਕੁਦਰਤ ਵੱਲੋਂ ਉਸਦੀ ਕਿਰਤ 'ਤੇ ਕੋਈ ਕਰੋਪੀ ਜਾਂ ਕਹਿਰ ਹੁੰਦਾ ਸੀ ਤਾਂ ਉਹ ਉਸਨੂੰ ਬੁਰੀ ਤਰ੍ਹਾਂ ਬੇਚੈਨ ਕਰ ਦਿੰਦਾ ਸੀ। ਜਿੰਨਾ ਹੋ ਸਕਦਾ, ਉਹ ਭੱਜ-ਦੌੜ ਕਰ ਕੇ ਇਸਨੂੰ ਬਚਾਉਣ ਦੀ ਕੋਸ਼ਿਸ਼ ਵੀ ਪੂਰੀ ਕਰਦਾ। ਇਸ ਫਿਕæਰ ਦਾ ਇਸ ਤੋਂ ਵੱਡਾ ਸਬੂਤ ਹੋਰ ਕੀ ਹੋ ਸਕਦਾ ਹੈ ਕਿ ਜਦ ੧੯੬੬ ਵਿੱਚ ਵੱਧ ਮੀਂਹ ਪੈਣ ਕਾਰਨ ਆਏ ਸਾਡੇ ਖੇਤਾਂ ਵੱਲ ਆਏ ਇੱਕ ਹੜ੍ਹ ਨੇ ਸਾਡੀ ਸਾਰੀ ਫਸਲ ਤਬਾਹ ਕਰ ਦਿੱਤੀ ਤਾਂ ਤਾਏ ਦਾ ਦਿਮਾਗੀ ਸੰਤੁਲਨ ਹੀ ਹਿੱਲ ਗਿਆ। ਤੇ ਇਹ ਸੰਤੁਲਨ ਅਜਿਹਾ ਵਿਗੜਿਆ ਕਿ ਉਹ ਮੁੜ ਥਾ-ਸਿਰ ਨਾ ਹੋ ਸਕਿਆ। ਇਸ ਸਦਮੇ ਨੇ ਉਸਨੂੰ ਅਜਿਹਾ ਹਿਲਾਇਆ ਕਿ ਉਹ ਖੇਤ ਜਾ ਕੇ ਮੁੜ ਕਿਰਤ ਕਰਨ ਦੇ ਸਮਰੱਥ ਹੀ ਨਾ ਰਿਹਾ। ਬੋਲਦਾ ਤਾਂ ਉਹ ਪਹਿਲਾਂ ਹੀ ਬਹੁਤ ਘੱਟ ਸੀ ਤੇ ਇਸ ਸਦਮੇ ਤੋਂ ਬਾਦ ਉਹ ਬੋਲ ਹੋਰ ਵੀ ਘੱਟ ਗਏ। ਤੇ ਉਸ ਕੋਲ ਬਚੇ ਹੋਏ ਬੋਲ ਐਵੇਂ ਫਾਲਤੂ ਨਹੀਂ, ਸਗੋਂ ਕਿਰਤ ਨਾਲ ਹੀ ਜੁੜੇ ਹੋਏ ਸਨ: "ਹੁਣ ਖੇਤਾਂ ਵਿੱਚ ਕੰਮ ਕੌਣ ਕਰੂ? ਜੁਆਕ ਰੋਟੀ ਕਿਥੋਂ ਖਾਣਗੇ?" ਆਪਣਾ ਧੀ ਨਾ ਪੁੱਤ, ਫਿਕਰ ਭਾਈ ਦੀ ਔਲਾਦ ਦਾ!
ਅਜੀਬ ਗੱਲ ਇਹ ਕਿਂ ਤਿੰਨ-ਚਾਰ ਦਹਾਕਿਆਂ ਤੋਂ ਅਫੀਮ ਖਾਂਦੇ ਆ ਰਹੇ ਤਾਏ ਨੇ ਅਫੀਮ ਵੀ ਉਸ ਸਮੇਂ ਇੱਕ-ਦਮਂ ਹੀ ਛੱਡ ਦਿੱਤੀ ਤੇ ਮਰਦੇ-ਦਮ ਤੱਕ ਮੁੜ ਇਸਨੂੰ ਮੂੰਹ ਨਾ ਲਾਇਆ। "ਜਦ ਕੰਮ ਈ ਨੀ ਕਰਨਾ ਤਾਂ ਅਫੀਮ ਕਾਹਦੇ ਵਾਸਤੇ?" ਜਦ ਫਿਕæਰਮੰਦ ਹੋਏ ਘਰ ਦੇ ਉਸਨੂੰ ਅਫੀਮ ਖਾਣ ਨੂੰ ਆਖਦੇ ਤਾਂ ਉਸਦਾ ਇਹੋ ਜਵਾਬ ਹੁੰਦਾ। ਇਸ ਸਦਮੇ ਸਦਕਾ ਹੀ ਸਾਲ ਦੇ ਅੰਦਰ-ਅੰਦਰ ੧੯੬੭ ਵਿੱਚ ਇਸ ਉਪਕਾਰੀ ਕਰਮਯੋਧੇ ਦੀ ਮੌਤ ਹੋ ਗਈ।
ਤਾਏ ਦੀ ਖੇਤਾਂ ਨਾਲ਼ ਸਾਂਝ ਤੇ ਯਥਾਰਥਵਾਦੀ ਸੋਚ ਦੀ ਇੱਕ ਗੱਲ ਮੈਂਨੂੰ ਹੋਰ ਯਾਦ ਹੈ। ਉਸਦੀ ਮੌਤ ਤੋ ਕੁੱਝ ਦਿਨ ਪਹਿਲਾਂ ਮੈਂ ਤਾਏ ਨੂੰ ਪੁੱਛਿਆ, "ਤਾਇਆ ਜੀ, ਤੁਹਾਥੋਂ ਪਿੱਛੋਂ ਤੁਹਾਨੂੰ ਵੱਡਾ ਕਰੀਏ? ਨਾਲ਼ੇ ਦੱਸੋ ਬਈ ਤੁਹਾਡੇ ਫੁੱਲ ਕਿਥੇ ਪਾ ਕੇ ਆਈਏ, ਹਰਦੁਆਰ ਜਾਂ ਕੀਰਤਪੁਰ?" ਆਪਣੇ ਵਿਚਾਰ ਅਨੁਸਾਰ ਮੈਂ ਤਾਂਏ ਦੇ ਫੁੱਲ ਕੀਰਤਪੁਰ ਪਾਉਣ ਦੀ ਸਲਾਹ ਬਣਾਈ ਬੈਠਾ ਸਾਂ ਪਰ ਤਾਏ ਦਾ ਜਵਾਬ ਸੁਣ ਕੇ ਮੈਂ ਹਰਾਨ ਰਹਿ ਗਿਆ। ਉਸ ਅਨਪੜ੍ਹ ਤੇ ਮਿੱਟੀ ਨਾਲ਼ ਮਿੱਟੀ ਹੋਣ ਵਾਲ਼ੇ ਇਨਸਾਨ ਨੇ ਕਿਹਾ, "ਕੋਈ ਖਰਚਾ ਕਰਨ ਦੀ ਲੋੜ ਨਹੀਂ। ਫੁੱਲ-ਫੱਲ ਕਿਤੇ ਲਜਾਣ ਦੀ ਲੋੜ ਨੀ। ਇਥੇ ਆਪਣੇ ਪਿੰਡ ਆਲ਼ੀ ਨਹਿਰ ਵਿੱਚ ਈ ਤੇਰ ਦਿਉ!"
ਪਰ ਅਫਸੋਸ! ਇਸ ਸਿੱਧੇ-ਸਾਦੇ ਤੇ ਯਥਾਰਥਵਾਦੀ ਇਨਸਾਨ ਦੀ ਇਹ ਇੱਛਾ ਪੂਰੀ ਨਾ ਹੋ ਸਕੀ। ਘਰ ਵਿੱਚ ਪਹਿਲਾਂ ਤੋਂ ਚਲਦੇ ਆ ਰਹੇ ਸਮਾਜਿਕ ਵਿਸ਼ਵਾਸਾਂ ਤੇ ਮਾਨਤਾਵਾਂ ਦੇ ਕਾਰਨ ਉਸਦੇ ਫੁੱਲ ਹਰਦੁਆਰ ਵਿੱਚ ਹੀ ਪਾਏ ਗਏ। ਹਾਂ, ਤਾਏ ਨੂੰ 'ਵੱਡਾ' ਜ਼ਰੂਰ ਨਹੀਂ ਕੀਤਾ ਗਿਆ। ਉਹ ਵੀ ਇਸ ਕਰ ਕੇ ਨਹੀਂ ਕਿ ਇਸ ਤਰ੍ਹਾਂ ਦੀ ਤਾਏ ਦੀ ਇੱਛਾ ਸੀ ਬਲਕਿ ਇਸ ਕਰ ਕੇ ਕਿ ਉਸ ਸਮੇਂ ਘਰ ਦੀ ਆਰਥਿਕ ਹਾਲਤ ਹੀ ਅਜਿਹਾ ਕਰਨ ਦੀ ਇਜ਼ਜਾਤ ਨਹੀਂ ਸੀ ਦਿੰਦੀ। ਹਾਂ, ਤਾਂਏ ਦੇ ਕਹੇ ਨੇ 'ਅਜਿਹਾ- ਨਾ-ਕਰਨ' ਦਾ ਬਹਾਨਾ ਜ਼ਰੂਰ ਸਾਨੂੰ ਦੇ ਦਿੱਤਾ ਸੀ।
ਵੱਡੇ ਹੋ ਕੇ ਮੇਰੇ ਅੰਦਰ ਮੇਰੇ ਤਾਏ ਪ੍ਰਤਿ ਬੜਾ ਸਤਿਕਾਰ ਪੈਦਾ ਹੋ ਗਿਆ ਸੀ ਤੇ ਮੈਂ ਉਸਦਾ ਸਤਿਕਾਰ ਆਪਣੇ ਬਾਪੂ ਨਾਲ਼ੋਂ ਵੀ ਵੱਧ ਕਰਨ ਲੱਗ ਪਿਆ ਸੀ। ਮੈਂਨੂੰ ਇਸ ਗੱਲ ਦਾ ਅਹਿਸਾਸ ਹੋ ਚੁੱਕਾ ਸੀ ਕਿ ਸਾਡੇ ਘਰ ਦੀ ਡਗ-ਮਗਾਉਂਦੀ ਆਰਥਿਕ ਹਾਲਤ ਜੇ ਕੁੱਝ ਸੰਭਲ ਕੇ ਰਹਿ ਸਕੀ ਸੀ ਤਾਂ ਉਸ ਵਿੱਚ ਮੇਰੇ ਤਾਏ ਦਾ ਹੱਥ ਸਭ ਤੋਂ ਉੱਤੇ ਸੀ। ਉਸਦੀ ਸ਼ਖ਼ਸੀਅਤ ਦੇ ਕਿਰਤੀ ਤੇ ਮਿਹਨਤ-ਮੁਸ਼ੱਕਤੀ ਪੱਖ ਨੇ ਮੇਰੇ ਅੰਦਰ ਕਿਰਤ ਤੇ ਕਿਰਤੀਆਂ ਲਈ ਇੱਕ ਵਿਸ਼ੇਸ਼ ਸਤਿਕਾਰ ਵਾਲ਼ੀ ਭਾਵਨਾ ਪਲਪਣ ਵਿੱਚ ਬੜਾ ਅਹਿਮ ਰੋਲ਼ ਅਦਾ ਕੀਤਾ। ਆਪਣੇ ਨਾਟਕਾਂ ਵਿੱਚ ਤਾਏ ਸੰਤਾ ਸਿੰਘ ਨੂੰ ਸਾਹਮਣੇ ਰਖ ਕੇ ਮੈਂ ਬਹੁਤ ਘੱਟ ਪਾਤਰਾਂ ਦੀ ਉਸਾਰੀ ਕੀਤੀ ਹੈ। ਮੁੱਖ ਪਾਤਰਾਂ ਵਿਚੋਂ ਤਾਂ ਬਿਲਕੁਲ ਹੀ ਨਹੀਂ। ਸਿਰਫ ਮੇਰੇ ਪੂਰੇ ਨਾਟਕ 'ਇੱਕ ਸੀ ਦਰਿਆ' ਵਿੱਚ ਇੱਕ ਪਾਤਰ, ਜਿਸਦਾ ਨਾਂ ਵੀ ਮੈਂ ਸੰਤਾ ਸਿੰਘ ਹੀ ਰੱਖਿਆ ਹੈ, ਦੀ ਸਿਰਜਣਾ ਉਸਨੂੰ ਸਾਹਮਣੇ ਰੱਖੀ ਕੀਤੀ ਹੈ। ਇਸ ਨਾਟਕ ਵਿੱਚ ਮੈਂ ਗ੍ਰਹਿਸਥ ਵਿੱਚ ਰਹਿੰਦਿਆਂ ਤੇ ਕਿਰਤ ਕਰਦਿਆਂ ਸਮਾਜਿਕ ਤੇ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰਨ ਦਾ ਸੰਦੇਸ਼ ਦੇਣ ਦਾ ਯਤਨ ਕੀਤਾ ਹੈ। ਤੇ ਨਿਸਚੇ ਹੀ ਇਸ ਨਾਟਕ ਵਿੱਚ ਕਿਰਤ ਦੀ ਵਡਿਆਈ ਦੀ ਭਾਵਨਾ ਪਿੱਛੇ ਮੇਰੇ ਤਾਇਆ ਸੰਤਾ ਸਿੰਘ ਖੜ੍ਹਾ ਹੈ। ਇਸ ਵਿੱਚ ਇੱਕ ਥਾਂ ਗ੍ਰਹਿਸਥ ਤੋਂ ਭੱਜ ਕੇ ਸਾਧ ਬਣੇ ਇੱਕ ਪਾਤਰ ਧਰਮ ਸਿੰਘ ਨੂੰ ਤਾਇਆ ਸੰਤਾ ਸਿੰਘ ਕਹਿੰਦਾ ਹੈ, "ਅਸੀਂ ਲੜਾਂਗੇ ਧਰਮ ਸਿੰਆਂ, ਅਸੀਂ ਲੜਾਂਗੇ! ਤੂੰ ਜਿਥੇ ਜਾਣੈਂ, ਜਾਹ! ਜਾਹ ਪਾ ਲੈ ਮੁਕਤੀ ਜਿਥੋਂ ਪੈਂਦੀ ਐ! ਅਸੀਂ ਤਾਂ ਜੇ ਪਈ ਇਥੇਂ ਈ ਪਾਵਾਂਗੇ! ਇਸ ਧਰਤੀ 'ਤੇ! ਦੁੱਖਾਂ-ਸੁੱਖਾਂ ਨੂੰ ਪਿੰਡਿਆਂ 'ਤੇ ਹੰਢਾ-ਹੰਢਾ! (ਦੂਜਿਆ ਨੂੰ) ਚੱਲੋ ਯੋਧਿਉ! ਕਰਮ-ਭੂਮੀ ਨੂੰ ਵਾਪਿਸ ਚਲੋ!"
ਪਰ ਕਦੇ-ਕਦੇ ਜਦ ਮੇਰਾ ਤਾਇਆ ਮੇਰੇ ਮਨ ਉਤੇ ਅੱਜ ਵੀ ਆ ਬੈਠਦਾ ਹੈ ਤਾਂ ਮੇਰਾ ਸਾਹਿਤਕ ਮਨ ਬਹੁਤ ਉਦਾਸ ਹੋ ਜਾਂਦਾ ਹੈ। ਮੈਂ ਉਸ ਵਰਗੇ ਕਿਰਤੀਆਂ ਦੇ ਇਸ ਧਰਤੀ ਉਤੇ ਆਏ ਮਨੋਰਥਾਂ ਨੂੰ ਸਮਝਣ-ਸਮਝਾਉਣ ਦੇ ਚੱਕਰਾਂ ਵਿੱਚ ਪੈ ਜਾਂਦਾ ਹਾਂ। ਤੇ ਅਜਿਹੇ ਮੌਕਿਆਂ 'ਤੇ ਤਾਏ ਵੱਲੋਂ ਕੀਤੇ ਇਸ ਸੰਸਾਰ ਨੂੰ ਕੀਤੇ ਜਾਣ ਵਾਲਾ ਪ੍ਰਸ਼ਨ ਆਪਣੇ ਆਪ ਮੇਰੇ ਮੂੰਹ ਉਤੇ ਆ ਕੇ ਪੁੱਛਣ ਲੱਗ ਪੈਂਦਾ ਹੈ: "ਹਮ ਕਿਤੁ ਕਾਜ ਜਗਤ ਮਹਿ ਆਏ?"