Hanera (Punjabi Story) : Bachint Kaur

ਹਨੇਰਾ (ਕਹਾਣੀ) : ਬਚਿੰਤ ਕੌਰ

ਸਰੂਪ ਸਿਉਂ ਨੂੰ ਦਾਗ ਦੇਣ ਪਿੱਛੋਂ ਜਦੋਂ ਅਸੀਂ ਸ਼ਮਸ਼ਾਨ ਭੂਮੀ ਤੋਂ ਬਾਹਰ ਨਿਕਲੀਆਂ ਤਾਂ ਮੈਂ ਸਭ ਤੋਂ ਮੂਰ੍ਹੇ ਸੀ। ‘‘ਨੀ ਖੜ ਜਾ ਬੰਤੀ ਭੈਣ, ਮੈਨੂੰ ਤਾਂ ਆ ਜਾਣ ਦੇ।”
ਸਿਆਮੀ ਨੇ ਛੇਤੀ-ਛੇਤੀ ਡਿੰਘਾਂ ਭਰਦਿਆਂ ਮੈਨੂੰ ਆਵਾਜ਼ ਦਿੱਤੀ। ਮੈਂ ਥਾਉਂ ਦੀ ਥਾਉਂ ਰੁਕਦਿਆਂ ਉਸ ਨੂੰ ਪਿਛੇ ਮੁੜ ਕੇ ਦੇਖਦਿਆਂ ਪੁੱਛਿਆ, ‘‘ਆ ਜਾ ਭੈਣੇ, ਹੁਣ ਤੂੰ ਉਥੇ ਕਾਸ ਨੂੰ ਖੜੀ ਐ?”
‘‘ਤੂੰ ਆ ਮੁੜ ਕੇ ਮੇਰੇ ਕੋਲ ਤੇ ਪੰਪ ਦੇ ਪਾਣੀ ਨਾਲ ਆਪਣੀ ਚੁੰਨੀ ਦਾ ਪੱਲਾ ਧੋ..। ਮੜ੍ਹੀਆਂ ‘ਚੋਂ ਕਦੇ ਪੱਲਾ ਗਿੱਲਾ ਕੀਤੇ ਬਿਨਾਂ ਨਹੀਂ ਘਰ ਨੂੰ ਜਾਈਦਾ..।” ਸਿਆਮੀ ਦੇ ਕਹੇ ਮੈਂ ਮੁੜ ਮੜ੍ਹੀਆਂ ਵਿੱਚ ਲੱਗੇ ਪੰਪ ਨੂੰ ਗੇੜ ਕੇ ਆਪਣੀ ਚੁੰਨੀ ਦੀ ਚੂਕ ਨੂੰ ਚੰਗੀ ਤਰ੍ਹਾਂ ਗਿੱਲਾ ਕਰਕੇ ਨਿਚੋੜ ਲਿਆ ਤੇ ਸਿਆਮੀ ਨੂੰ ਪੁੱਛਿਆ, ਇਸ ਨਾਲ ਕੀ ਹੁੰਦਾ ਹੈ?
‘‘ਕਦੇ ਇੱਲ ਬਲਾਂ ਪਿੱਛੇ ਨਹੀਂ ਪੈਂਦੀ, ਇਥੇ ਮੜ੍ਹੀਆਂ ਵਿੱਚ ਆ ਕੇ ਕਈ ਤਾਂਤਰਿਕ ਰੂਹਾਂ ਨੂੰ ਕੀਲ ਲੈਂਦੇ ਹਨ..। ਕਈ ਵਾਰੀ ਬੁਰੀਆਂ ਰੂਬਾਂ ਇਥੋਂ ਹੀ ਬੰਦੇ ਦੇ ਨਾਲ ਹੋ ਤੁਰਦੀਆਂ ਹਨ।” ਸਿਆਮੀ ਦੀ ਗੱਲ ਨੇ ਮੇਰੇ ਮਨ ਵਿੱਚ ਇਕ ਭਰਮ ਜਿਹਾ ਪਾ ਦਿੱਤਾ। ਪਰ ਮੈਨੂੰ ਉਸ ਦੀ ਗੱਲ ਉਤੇ ਰੱਤੀ ਭਰ ਯਕੀਨ ਨਹੀਂ ਸੀ। ਇੰਨੇ ਵਿੱਚ ਹੋਰ ਬਹੁਤ ਸਾਰੇ ਲੋਕ, ਜੋ ਸਰੂਪ ਸਿਉਂ ਦੀ ਅੰਤਿਮ ਯਾਤਰਾ ਵਿੱਚ ਸ਼ਾਮਲ ਹੋਏ ਸਨ, ਸ਼ਮਸ਼ਾਨ ਭੂਮੀ ਤੋਂ ਬਾਹਰ ਆ ਗਏ ਤੇ ਜਿਵੇਂ ਵੀ ਕਿਸੇ ਨੂੰ ਠੀਕ ਲੱਗਿਆ ਆਪਣੇ-ਆਪਣੇ ਰਾਹ ਪੈ ਗਏ। ਕਈ ਨੌਜਵਾਨ ਮੋਟਰ ਸਾਈਕਲਾਂ ਉਤੇ ਸਨ। ਕਸਬੇ ਦਾ ਸਰਪੰਚ ਆਪਣੀ ਕਾਰ ਵਿੱਚ ਸੀ ਤੇ ਬਹੁਤ ਸਾਰੇ ਲੋਕ ਪੈਦਲ ਹੀ ਘਰਾਂ ਨੂੰ ਮੁੜ ਰਹੇ ਸਨ।
ਮੈਂ ਅਤੇ ਸਿਆਮੀ ਵੀ ਪੈਦਲ ਹੀ ਆਪਣੇ ‘ਜੀ ਰਾਜ’ ਦੇ ਮੁਹੱਲੇ ਵੱਲ ਨੂੰ ਹੋ ਤੁਰੀਆਂ। ਰਾਹ ਵਿੱਚ ਅੱਧੇ ਮੀਲ ਤੱਕ ਤਾਂ ਹੋਰ ਵੀ ਕਈ ਬੁੜ੍ਹੀਆਂ ਸਾਡੇ ਨਾਲ ਪੈਦਲ ਤੁਰੀਆਂ ਆਈਆਂ ਸਨ, ਪਰ ਜਿਉਂ-ਜਿਉਂ ਉਨ੍ਹਾਂ ਦੇ ਘਰ ਨੇੜੇ ਆਉਂਦੇ ਗਏ, ਉਹ ਸਾਥੋਂ ਅਲੱਗ ਹੁੰਦੀਆਂ ਗਈਆਂ। ਹੁਣ ਤੱਕ ਤਾਂ ਅਸੀਂ ਸਾਰੀਆਂ ਸਰੂਪ ਸਿਉਂ ਬਾਰੇ ਅਤੇ ਉਸ ਦੇ ਪਰਿਵਾਰ ਬਾਰੇ ਗੱਲਾਂ ਕਰਦੀਆਂ ਲੰਬਾ ਪੈਂਡਾ ਲੰਘ ਆਈਆਂ ਸੀ, ਪਰ ਜਦੋਂ ਸਿਆਮੀ ਦੀ ਗਲੀ ਵੀ ਆ ਗਈ ਤਾਂ ਅੱਗੋਂ ਮੈਂ ‘ਜੌੜੀਆਂ ਭੱਠੀਆਂ’ ਤੱਕ ਆਪਣੇ ਘਰ ਤੱਕ ਦਾ ਪੂਰਾ ਰਾਹ ਇਕੱਲੀ ਨੇ ਹੀ ਪਾਰ ਕਰਨਾ ਸੀ। ਉਤੋਂ ਸੰਝ ਦਾ ਹਨੇਰਾ ਪਲੋ-ਪਲੀ ਵਧਦਾ ਜਾ ਰਿਹਾ ਸੀ। ‘‘ਅੱੱਛਾ ਭੈਣ ਬੰਤੀਏ ਫੁੱਲ ਚੁਗਣ ਵਾਲੇ ਦਿਨ ਆਪਾਂ ਸਰੂਪ ਸਿਉਂ ਦੇ ਘਰ ਹੀ ਮਿਲਾਂਗੀਆਂ।” ਇਹ ਕਹਿੰਦਿਆਂ ਸਿਆਮੀ ਵੀ ਮੇਰੇ ਨਾਲੋਂ ਅਲੱਗ ਹੋ ਗਈ। ਮੈਂ ਹੁਣ ਮਨ ਹੀ ਮਨ ਵਾਹਿਗੁਰੂ-ਵਾਹਿਗੁਰੂ ਜਪਦੀ ਆਪਣੇ ਰਾਹ ਤੁਰੀ ਜਾ ਰਹੀ ਸੀ ਕਿ ਅਚਾਨਕ ਮੇਰੀ ਪਿੱਠ ਉਤੇ ਕਿਸੇ ਨੇ ਜ਼ੋਰ ਦਾ ਦੁਹੱਥੜਾ ਮਾਰਿਆ ਤੇ ਨਾਲ ਹੀ ਨਾਲ ਮੇਰੇ ਕੰਨਾਂ ਵਿੱਚ ਇਕ ਭਿਆਨਕ ਆਵਾਜ਼ ਪਈ।
‘‘ਆਹਾ…ਹਾ…ਆਹਾ…ਬੰਤੀ ਤੈਨੂੰ ਮੈਂ ਫੜ ਹੀ ਲਿਆ…।”
ਡਰ ਨਾਲ ਮੇਰੇ ਲੂੰ ਕੰਢੇ ਖੜੇ ਹੋ ਗਏ ਤੇ ਮੇਰੀ ਭੋਰਾ ਵੀ ਹਿੰਮਤ ਨਾ ਪਈ ਕਿ ਮੈਂ ਪਿੱਛੇ ਮੁੜ ਕੇ ਦੇਖਾਂ ਕਿ ਮੇਰੀ ਪਿੱਠ ਉਤੇ ਐਨੇ ਜ਼ੋਰ ਦੀ ਦੁਹੱਥੜਾ ਕਿਸ ਨੇ ਮਾਰਿਆ ਹੈ। ਹੁਣ ਪਲੋ ਪਲੀ ਵਧਦਾ ਹਨੇਰਾ ਮੇਰੇ ਸਾਰੇ ਆਲੇ ਦੁਆਲੇ ਨੂੰ ਹੋਰ ਵੀ ਡਰਾਉਣਾ ਬਣਾ ਰਿਹਾ ਸੀ। ਰੱਬ ਦਾ ਭਾਣਾ ਕਿ ਜੌੜੀਆਂ ਭੱਠੀਆਂ ਤੱਕ ਪਹੁੰਚਣ ਤੱਕ ਸਾਰੇ ਰਾਹ ਹੋਰ ਕੋਈ ਬੰਦਾ ਨਾ ਪੈਦਲ, ਨਾ ਸਾਈਕਲ ਉਤੇ ਹੀ ਮੈਨੂੰ ਨਜ਼ਰ ਆਇਆ। ਮੇਰੀ ਗਲੀ ਮੇਰੇ ਸਾਹਮਣੇ ਸੀ, ਪਰ ਮੇਰੇ ਕਦਮ ਥਿੜਕ ਰਹੇ ਸਨ। ਜਿਵੇਂ ਮੇਰੀਆਂ ਲੱਤਾਂ ‘ਚੋਂ ਸਾਰੀ ਸਤਿਆ ਹੀ ਨਿਕਲ ਗਈ ਹੋਵੇ।
ਅਚਾਨਕ ਸਾਡੀ ਗਲੀ ਦਾ ਡੱਬੂ ਕੁੱਤਾ ਤਿ੍ਰਪਤਾ ਭੈਣ ਦੇ ਬੂਹੇ ਮੂਰ੍ਹੇ ਬੈਠਾ ਮੇਰੀ ਨਜ਼ਰੀਂ ਪਿਆ। ਉਸ ਨੂੰ ਦੇਖ ਮੈਨੂੰ ਮਾੜਾ ਜਿਹਾ ਧਰਵਾਸ ਮਿਲਿਆ, ਪਰ ਮੇਰੇ ਦਿਲ ਦੀ ਧੜਕਣ ਤਾਂ ਅਜੇ ਵੀ ਗੱਡੀ ਦੇ ਇੰਜਣ ਵਾਂਗ ਸੁਣਾਈ ਦੇ ਰਹੀ ਸੀ, ਜਦਕਿ ਤਿ੍ਰਪਤਾ ਦਾ ਘਰ ਛੱਡ ਕੇ ਤੀਜਾ ਘਰ ਸਾਡਾ ਹੀ ਸੀ। ਡਰ ਅਤੇ ਘਬਰਾਹਟ ਨਾਲ ਕੰਬਦੀ ਮੈਂ ਰੱਬ-ਰੱਬ ਕਰਦੀ ਮਸਾਂ ਆਪਣੇ ਘਰ ਦੀ ਦੇਲ੍ਹੀ ਅੰਦਰ ਪੈਰ ਰੱਖ ਸਕੀ ਤੇ ਮੁੜ ਕੇ ਬੂਹੇ ਦਾ ਕੁੰਡਾ ਝੱਟ ਬੰਦ ਕਰ ਲਿਆ।
ਹੁਣ ਉਪਰ ਚੁਬਾਰੇ ਦੀ ਖਿੜਕੀ ‘ਚੋਂ ਮੇਰੀਆਂ ਨਜ਼ਰਾਂ ਗਲੀ ਤੋਂ ਬਾਹਰ ਦੂਰ ਤੱਕ ਉਸ ਬੰਦੇ ਨੂੰ ਢੂੰਡਣ ਲੱਗੀਆਂ, ਜਿਸ ਨੇ ਮੇਰੀ ਪਿੱਠ ਵਿੱਚ ਜ਼ੋਰ ਦਾ ਧੱਫਾ ਮਾਰਦਿਆਂ ਮੈਨੂੰ ਕਿਹਾ ਸੀ, ‘‘ਆਹਾ…ਹਾ…ਆਹਾ…ਬੰਤੀ ਤੈਨੂੰ ਮੈਂ ਫੜ ਹੀ ਲਿਆ।”
ਪਰ ਮੈਨੂੰ ਤਾਂ ਹੁਣ ਕਿਧਰੇ ਵੀ ਨਜ਼ਰ ਨਹੀਂ ਸੀ ਆ ਰਿਹਾ। ਅੰਦਰੋਂ-ਅੰਦਰੀ ਮੈਂ ਅਜੇ ਤੱਕ ਡਰ ਨਾਲ ਥਰ-ਥਰ ਕੰਬ ਰਹੀ ਸੀ। ‘‘ਕੀ ਹੋਇਆ ਮੰਮੀ, ਪਾਣੀ ਲਿਆਵਾਂ?” ਮੇਰੀ ਧੀ ਸੀਤੋ ਨੇ ਮੇਰੇ ਚਿਹਰੇ ਤੋਂ ਉਡੇ ਮੇਰੇ ਹਾਵ-ਭਾਵ ਦੇਖਦਿਆਂ ਮੈਨੂੰ ਪੁੱਛਿਆ। ‘‘ਨਹੀਂ ਧੀਏ, ਪਹਿਲਾਂ ਮੈਨੂੰ ਸੰਤਾਂ ਦਾ ਪ੍ਰਸ਼ਾਦ ਦੇ ਅੰਦਰੋਂ ਕੱਚ ਦੀ ਕੌਲੀ ਵਿੱਚੋਂ..।” ਸੀਤੋ ਝੱਟ ਪ੍ਰਸ਼ਾਦ ਲੈ ਆਈ। ਮੈਂ ਪ੍ਰਸ਼ਾਦ ਮੂੰਹ ਵਿੱਚ ਪਾ ਕੇ ਫਿਰ ਅੰਦਰੋਂ-ਅੰਦਰੀ ਵਾਹਿਗੁਰੂ ਨੂੰ ਧਿਆਉਣ ਲੱਗੀ। ਸੀਤੋ ਮੈਨੂੰ ਇਸ ਹਾਲ ਦੇਖ ਭੱਜ ਕੇ ਆਪਣੀ ਤਾਈ ਨੂੰ ਹੇਠੋਂ ਸੱਦ ਲਿਆਈ। ‘‘ਦੇਖੋ ਤਾਈ ਜੀ, ਮੰਮੀ ਡਰ ਨਾਲ ਕਿਵੇਂ ਕੰਬ ਰਹੀ ਹੈ?”
ਸੀਤੋ ਸੱਚੀ ਸੀ, ਪਰ ਮੈਂ ਉਸ ਦੇ ਸਾਹਮਣੇ ਆਪਣੀ ਜਠਾਣੀ ਨੂੰ ਕੁਝ ਵੀ ਦੱਸਣਾ ਠੀਕ ਨਾ ਸਮਝਿਆ ਤਾਂ ਕਿ ਮੇਰੀ ਅੱਠ ਨੌਂ ਵਰ੍ਹਿਆਂ ਦੀ ਸੀਤੋ ਉਤੇ ਮੇਰੀ ਹਾਲਤ ਦਾ ਕੋਈ ਗਲਤ ਅਸਰ ਨਾ ਹੋਵੇ। ‘‘ਕੀ ਗੱਲ ਬੰਤੀ, ਤੇਰਾ ਚਿਤ ਤਾਂ ਠੀਕ ਹੈ? ਕੀ ਹੋਇਆ ਤੈਨੂੰ, ਤੂੰ ਮੜ੍ਹੀਆਂ ‘ਚੋਂ ਵਾਪਸ ਮੁੜਦੇ ਸਮੇਂ ਆਪਣੀ ਚੁੰਨੀ ਦੀ ਕੰਨੀ ਤਾਂ ਧੋ ਲਈ ਸੀ?” ਉਸ ਨੇ ਵੀ ਮੈਨੂੰ ਇਹੀ ਸਵਾਲ ਕੀਤਾ, ਜੋ ਸਿਆਮੀ ਨੇ ਕਿਹਾ ਸੀ।
‘‘ਹਾਂ ਭੈਣ, ਪਹਿਲਾਂ ਮੈਂ ਭੁੱਲ ਗਈ ਸੀ, ਫਿਰ ਸਿਆਮੀ ਦੇ ਕਹੇ ਮੁੜ ਕੇ ਅੰਦਰ ਗਈ ਤੇ ਆਪਣੀ ਚੁੰਨੀ ਦੇ ਪੱਲੇ ਨੂੰ ਧੋ ਕੇ ਬਾਹਰ ਆਈ..।” ‘‘ਤਾਂ ਠੀਕ ਐ। ਪਰ ਤੂੰ ਐਨੀ ਘਬਰਾਈ ਹੋਈ ਕਿਉਂ ਹੈ? ਆਜਾ ਹੇਠਾਂ ਆਪਾਂ ਚਾਹ ਬਣਾ ਕੇ ਪੀਂਦੇ ਹਾਂ। ਰੋਟੀ ਵਿੱਚ ਤਾਂ ਹਾਲੇ ਟਾਈਮ ਹੈ।”
ਮੇਰੀ ਜਠਾਣੀ ਨੇ ਮੈਨੂੰ ਢਾਰਸ ਦਿੱਤੀ। ਫਿਰ ਮੈਂ ਹੇਠਾਂ ਹੀ ਉਸ ਦੇ ਨਾਲ ਰੋਟੀ ਪਾਣੀ ਦੇ ਕੰਮ ਵਿੱਚ ਹੱਥ ਵਟਾਉਣ ਲੱਗੀ।
ਐਨੇ ਵਿੱਚ ਘਰ ਦੇ ਆਦਮੀ ਵੀ ਕੰਮਾਂ ਕਾਰਾਂ ਤੋਂ ਮੁੜ ਆਏ। ਸਾਰਿਆਂ ਨੇ ਮਿਲ ਕੇ ਰੋਟੀ ਪਾਣੀ ਖਾਧਾ ਤੇ ਪਿੱਛੋਂ ਸਰੂਪ ਸਿਉਂ ਦੀਆਂ ਗੱਲਾਂ ਛੇੜ ਲਈਆਂ। ਮੈਂ ਇਨ੍ਹਾਂ ਗੱਲਾਂ ਤੋਂ ਘਬਰਾ ਰਹੀ ਸੀ ਤੇ ਆਪਣੀ ਰੋਟੀ ਚੁਬਾਰੇ ਵਿੱਚ ਹੀ ਚੁੱਕ ਲਿਆਈ। ਹੇਠਾਂ ਜਠਾਣੀ ਕੋਲ ਬੈਠ ਕੇ ਸਰੂਪ ਸਿਉਂ ਦੀਆਂ ਗੱਲਾਂ ਸੁਣ-ਸੁਣ ਮੈਂ ਘਬਰਾ ਰਹੀ ਸੀ। ਰਾਤ ਭਰ ਮੈਨੂੰ ਮੜ੍ਹੀਆਂ ਵਿਚਲੇ ਵਾਤਾਵਰਣ ਅਤੇ ਓਸ ਮੇਰੀ ਪਿੱਠ ਵਿੱਚ ਵੱਜੇ ਕਿਸੇ ਦੇ ਦੁਹੱਥੜੇ ਨੇ ਬੇਚੈਨ ਕਰੀ ਰੱਖਿਆ, ਜਿਸ ਦੀ ਪੀੜਾ ਅਜੇ ਤੱਕ ਵੀ ਮੇਰੇ ਮੌਰਾਂ ਵਿੱਚ ਹੋ ਰਹੀ ਸੀ। ਸੀਤੋ ਦਾ ਪਾਪਾ ਆਰਾਮ ਨਾਲ ਮੇਰੇ ਲਾਗੇ ਦੂਜੇ ਮੰਜੇ ਉਤੇ ਪਿਆ ਘੁਰਾੜੇ ਮਾਰ ਰਿਹਾ ਸੀ ਤੇ ਮੈਂ ਡਰ ਦੇ ਮਾਰਿਆਂ ਸੀਤੋ ਨੂੰ ਆਪਣੀ ਛਾਤੀ ਨਾਲ ਘੁੱਟ ਕੇ ਪਈ ਹੋਈ ਸੀ। ਰਾਤ ਦੇ ਤੀਜੇ ਪਹਿਰ ਤੱਕ ਮੈਨੂੰ ਏਸੇ ਪ੍ਰੇਸ਼ਾਨੀ ਨੇ ਘੇਰੀ ਰੱਖਿਆ। ਸੁਭਹ-ਸਵੇਰੇ ਜਾ ਕੇ ਕਿਧਰੇ ਮੇਰੀ ਮਾੜੀ ਜਿਹੀ ਅੱਖ ਲੱਗੀ।
ਪਹੁ ਫੁਟਾਲੇ ਵਿੱਚ ਜਦੋਂ ਮੇਰੀ ਅੱਖ ਖੁੱਲ੍ਹੀ ਤਾਂ ਸੀਤੋ ਦਾ ਭਾਪਾ ਸੀਤੋ ਨੂੰ ਸਾਈਕਲ ਉਤੇ ਸਕੂਲ ਛੱਡਣ ਜਾ ਚੁੱਕਿਆ ਸੀ। ਹੇਠਾਂ ਮੇਰੀ ਜਠਾਣੀ ਨੇ ਸਵੇਰ ਦਾ ਨਾਸ਼ਤਾ ਤਿਆਰ ਕਰਕੇ ਬੱਚਿਆਂ ਨੂੰ ਸਕੂਲ ਤੋਰ, ਬਹੁਤ ਸਾਰਾ ਕੰਮ ਨਿਬੇੜ ਲਿਆ ਸੀ। ਜਦ ਮੈਂ ਹੇਠਾਂ ਆਈ ਤਾਂ ਮੇਰੀ ਜਠਾਣੀ ਨੇ ਮੇਰਾ ਹਾਲ ਚਾਲ ਪੁੱਛਿਆ ਤੇ ਕਿਹਾ, ਬੰਤੀ ਨਹਾ ਧੋ ਕੇ ਅੱਜ ਛੇਤੀ ਤਿਆਰ ਹੋ ਜਾਵੀਂ। ਆਪਾਂ ਦੋਵਾਂ ਨੇ ਕੁਝ ਕੱਪੜੇ ਲੱਤੇ ਖਰੀਦਣ ਬਾਜ਼ਾਰ ਜਾਣਾ ਹੈ, ਗੁਰਮੀਤ ਦੇ ਸਹੁਰਿਆਂ ਨੂੰ ਦੇਣ ਲਈ। ਗੁਰਮੀਤ ਦਾ ਵਿਆਹ ਜੋ ਧਰਿਆ ਹੋਇਆ ਸੀ।
ਨਹਾ ਧੋ ਕੇ ਜਦੋਂ ਮੈਂ ਬਾਜ਼ਾਰ ਜਾਣ ਲਈ ਤਿਾਰ ਹੋਈ ਤਾਂ ਜਿਵੇਂ ਮੇਰੇ ਮਨ ਦਾ ਸਾਰਾ ਡਰ ਲਹਿ ਗਿਆ ਤੇ ਮੈਂ ਖੁਸ਼ੀ-ਖੁਸ਼ੀ ਆਪਣੀ ਅਲਮਾਰੀ ‘ਚੋਂ ਕੁਝ ਕੱਪੜੇ ਖਰੀਦਣ ਵਾਸਤੇ ਪੈਸੇ ਕੱਢ ਕੇ ਪਰਸ ਵਿੱਚ ਪਾ ਲਏ।
ਸਾਡੇ ਪਿੰਡ ਵਿੱਚ ਬਜਾਜੀ ਦੀਆਂ ਤਿੰਨ ਚਾਰ ਹੀ ਦੁਕਾਨਾਂ ਹਨ, ਜਿਥੋਂ ਅਸੀਂ ਅਕਸਰ ਪਿੰਡ ਵਾਲੇ ਕੱਪੜਾ ਲੱਤਾ ਖਰੀਦਦੇ ਹਾਂ। ਜਦੋਂ ਅਸੀਂ ਇਨ੍ਹਾਂ ਦੁਕਾਨਾਂ ‘ਚੋਂ ਪਹਿਲੀ ਦੁਕਾਨ ਦੇ ਅੰਦਰ ਜਾਣ ਲੱਗੀਆਂ ਤਾਂ ਦੇਖਿਆ ਕਿ ਸਰੂਪ ਸਿਉਂ ਦਾ ਸੱਸ ਸਹੁਰਾ ਵੀ ਉਸੇ ਦੁਕਾਨ ਵਿੱਚ ਬੈਠੇ ਕੱਪੜੇ ਖਰੀਦ ਰਹੇ ਸਨ।
ਅਸੀਂ ਗੁਰਮੀਤ ਦੇ ਵਿਆਹ ਲਈ ਕੱਪੜੇ ਖਰੀਦਣੇ ਸਨ, ਇਸ ਕਰਕੇ ਸਾਡੇ ਦੋਵਾਂ ਦੇ ਮਨਾਂ ਵਿੱਚ ਵਹਿਮ ਜਿਹਾ ਆ ਗਿਆ, ਅਸੀਂ ਅਗਲੀ ਦੁਕਾਨ ਵਿੱਚ ਜਾ ਵੜੀਆਂ।
ਅੰਦਰ ਜਾ ਕੇ ਮੇਰੀ ਜਠਾਣੀ ਨੇ ਵਿਆਹ ਵਿੱਚ ਲੈਣ ਦੇਣ ਵਾਲੇ ਕਈ ਸੂਟ ਪਸੰਦ ਕਰ ਲਏ। ਮੈਂ ਵੀ ਆਪਣੇ ਲਈ ਵਿਆਹ ਵਿੱਚ ਪਾਉਣ ਵਾਸਤੇ ਇਕ ਸੂਟ ਪਸੰਦ ਕਰ ਲਿਆ ਹਰੇ ਰੰਗ ਦਾ, ਨਾਲ ਗੋਟੇ ਵਾਲਾ ਦੁਪੱਟਾ।
ਦੋ ਡੂਢ ਘੰਟਾ ਲਾ ਕੇ ਅਸੀਂ ਕੱਪੜੇ ਪਸੰਦ ਕੀਤੇ ਤੇ ਦੁਕਾਨ ਤੋਂ ਬਾਹਰ ਨਿਕਲ ਆਈਆਂ ਤਾਂ ਮੈਂ ਦੇਖਿਆ ਕਿ ਦੁਕਾਨ ਦੇ ਬਾਹਰ ਰੱਖੀ ‘ਡੰਮੀ’ ਨੂੰ ਉਸੇ ਰੰਗ ਦਾ ਸੂਟ ਜੋ ਮੈਂ ਖਰੀਦਿਆ ਸੀ, ਉਹੀ ਦੁਪੱਟਾ ਗੋਟੇ ਵਾਲਾ ਪਹਿਨਾਇਆ ਹੋਇਆ ਸੀ, ਪਰ ਮੈਂ ਦੇਖਿਆ ਜਿਵੇਂ ‘ਡੰਮੀ’ ਦੀਆਂ ਅੱਖਾਂ ‘ਚੋਂ ਅੰਗਿਆਰ ਵਰਸ ਰਹੇ ਹੋਣ। ਮੈਂ ਆਪਣੀ ਜਠਾਣੀ ਵੱਲ ਤੱਕਿਆ ਤੇ ਕਿਹਾ ਭੈਣ, ‘‘ਦੇਖ ਇਹ ਸੂਟ।” ਹਾਂ ਜਮਾਂ ਈ ਤੇਰੇ ਸੂਟ ਵਰਗਾ ਪਰ ਉਸ ਨੂੰ ਵੀ ਲੱਗਿਆ ਜਿਵੇਂ ‘ਡੰਮੀ’ ਦੀਆਂ ਅੱਖਾਂ ‘ਚੋਂ ਅੰਗਿਆਰ ਝੜ ਰਹੇ ਸਨ।
ਅਸੀਂ ਦੋਵੇਂ ਹੈਰਾਨ ਹੁੰਦੀਆਂ ਮੁੜ ਦੁਕਾਨ ਦੇ ਅੰਦਰ ਆਈਆਂ ਤੇ ਦੁਕਾਨਦਾਰ ਨੂੰ ਪੁੱਛਿਆ, ‘‘ਭਾਈ, ਇਹ ਤੂੰ ਕਿਹੋ ਜਿਹੀ ਡਰਾਉਣੀ ‘ਡੰਮੀ’ ਬਾਹਰ ਰੱਖੀ ਹੋਈ ਹੈ, ਜਿਸ ਦੀਆਂ ਅੱਖਾਂ ਅੱਗ ਵਰਸਾਉਂਦੀਆਂ ਨਜ਼ਰ ਆ ਰਹੀਆਂ ਹਨ?”
‘‘ਕਿਹੜੀ ‘ਡੰਮੀ’ ਭੈਣ ਜੀ?” ਉਸ ਨੇ ਸਵਾਲ ਕੀਤਾ ਤੇ ਉਹ ਬਾਹਰ ਤੱਕ ਸਾਡੇ ਨਾਲ ‘ਡੰਮੀ’ ਦੇਖਣ ਆਇਆ। ਦੁਕਾਨ ਦੇ ਬਾਹਰ ਤਾਂ ਹੁਣ ਕੋਈ ‘ਡੰਮੀ’ ਨਹੀਂ ਸੀ। ਅਸੀਂ ਦੋਵੇਂ ਬਹੁਤ ਹੈਰਾਨ ਪ੍ਰੇਸ਼ਾਨ ਚੁੱਪ ਚਾਪ ਦੁਕਾਨਦਾਰ ਵੱਲ ਦੇਖ ਰਹੀਆਂ ਸਾਂ। ਅਸੀਂ ਕੁਝ ਸਮਝ ਨਾ ਸਕੀਆਂ ਕਿ ਇਹ ਸਾਡਾ ਦੋਵਾਂ ਦਾ ਭਰਮ ਹੀ ਸੀ। ਮੈਂ ਆਪਣੇ ਲਿਫਾਫੇ ‘ਚੋਂ ਆਪਣਾ ਨਵਾਂ ਖਰੀਦਿਆਂ ਸੂਟ ਬਾਹਰ ਕੱਢ ਕੇ ਦੇਖਣ ਲੱਗੀ ਕਿ ਸੂਟ ਮੇਰੇ ਲਿਫਾਫੇ ਵਿੱਚ ਹੈ ਕਿ ਨਹੀ।
ਦੇਖਿਆ ਸੂਟ ਜਿਵੇਂ ਮੈਂ ਤਹਿ ਲਾ ਕੇ ਲਿਫਾਫੇ ਵਿੱਚ ਪਾਇਆ ਸੀ, ਉਵੇਂ ਹੀ ਲਿਫਾਫੇ ਵਿੱਚ ਪਿਆ ਸੀ। ਅਸੀਂ ਝੱਟ ਕੋਲੋਂ ਲੰਘ ਰਹੇ ਇਕ ਰਿਕਸ਼ੇ ਵਾਲੇ ਨੂੰ ਰੋਕ ਕੇ ਉਸ ਵਿੱਚ ਬੈਠ ਗਈਆਂ। ਹੁਣ ਅਸੀਂ ਦੋਵੇਂ ਹੀ ਡਰ ਗਈਆਂ ਸੀ। ਰਿਕਸ਼ੇ ਵਿੱਚ ਬੈਠ ਮੈਂ ਪਿੱਛੇ ਦੁਕਾਨ ਵੱਲ ਝਾਤੀ ਮਾਰੀ ਤਾਂ ਉਹ ‘ਡੰਮੀ’ ਉਸੇ ਸੂਟ ਵਿੱਚ ਫਿਰ ਉਥੇ ਹੀ ਦੁਕਾਨ ਦੇ ਬੂਹੇ ਅੱਗੇ ਖੜੀ ਮੈਨੂੰ ਨਜ਼ਰ ਆਈ। ਮੈਂ ਹੈਰਾਨ ਹੁੰਦੀ ਨੇ ਆਪਣੀ ਜਠਾਣੀ ਨੂੰ ਕਿਹਾ, ‘‘ਦੇਖ ਭੈਣ ਉਹ ‘ਡੰਮੀ’ ਸਾਡੇ ਮਗਰ-ਮਗਰ ਤੁਰੀ ਆ ਰਹੀ ਹੈ।” ਪਰ ਮੇਰੀ ਜਠਾਣੀ ਨੂੰ ਕੁਝ ਵੀ ਨਜ਼ਰ ਨਾ ਆਇਆ ਤੇ ਮੈਂ ਡਰਦਿਆਂ ਮੁੜ ਕੇ ਦੁਕਾਨ ਵੱਲ ਦੇਖਣ ਦੀ ਹਿੰਮਤ ਨਾ ਕੀਤੀ।
ਘਰ ਪਹੁੰਚ ਕੇ ਮੈਨੂੰ ਖੂਬ ਤੇਜ਼ ਬੁਖਾਰ ਚੜ੍ਹ ਗਿਆ। ਕਾਂਬੇ ਨਾਲ ਮੇਰਾ ਸਰੀਰ ਥਰ-ਥਰ ਕੰਬ ਰਿਹਾ ਸੀ। ਇਹ ਸਭ ਦੇਖ ਮੇਰੇ ਘਰਦੇ ਸਾਰੇ ਜੀਅ ਘਬਰਾ ਗਏ। ਮੇਰੀ ਬੇਟੀ ਨੇ ਤਾਂ ਰੋ-ਰੋ ਕੇ ਆਪਣਾ ਬੁਰਾ ਹਾਲ ਕਰ ਲਿਆ।
ਕੋਈ ਕਹੇ ਤੇਈਆ ਬੁਖਾਰ ਹੈ, ਕੋਈ ਕਹੇ ਮਲੇਰੀਆ, ਕੋਈ ਓਪਰੀ ਕਸਰ ਦੱਸ ਰਿਹਾ ਸੀ। ਸੀਤੋ ਦਾ ਭਾਪਾ ਆਪਣੇ ਯਤਨ ਕਰਕੇ ਥੱਕ ਗਿਆ। ਕਈ ਡਾਕਟਰ ਬਦਲੇ, ਪੂਰਾ ਹਫਤਾ ਬੀਤ ਗਿਆ, ਫਿਰ ਮਹੀਨਾ ਵੀ, ਪਰ ਬੁਖਾਰ ਉਤਰਨ ਦਾ ਨਾਉਂ ਹੀ ਨਹੀਂ ਸੀ ਲੈ ਰਿਹਾ।
ਹੁਣ ਮੈਨੂੰ ਰਾਤ ਸਮੇਂ ਉਹ ‘ਡੰਮੀ’ ਲਾਲ ਅੱਖਾਂ ਵਾਲੀ ਅਕਸਰ ਦਿਖਾਈ ਦੇਣ ਲੱਗੀ ਅਤੇ ਓਸ ਪਿੱਠ ਵਿੱਚ ਵੱਜੇ ਧੱਫੇ ਦੀ ਸੱਟ ਮੇਰੇ ਮੌਰਾਂ ਵਿੱਚ ਟਸ-ਟਸ ਕਰਨ ਲੱਗਦੀ। ਮਹੀਨਾ ਭਰ ਮੈਂ ਬੁਖਾਰ ਨਾਲ ਉਲਝੀ ਰਹੀ। ਵੈਦ…ਡਾਕਟਰ ਆਪਣੀ-ਆਪਣੀ ਵਾਹ ਲਾ ਕੇ ਥੱਕ ਗਏ। ਹੁਣ ਤਾਂ ਬਸ ਘਰ ਦੇ ਸਿਰਫ ਰੱਬ ਮੂਰ੍ਹੇ ਮੇਰੀ ਤੰਦਰੁਸਤੀ ਲਈ ‘ਦੁਆ’ ਹੀ ਕਰਦੇ ਸਨ। ਇਕ ਦਿਨ ਸਾਧੂਆਂ ਦੀ ਇਕ ਛੋਟੀ ਜਿਹੀ ਟੋਲੀ ਹਰਿਦੁਆਰ ਤੋਂ ਪੈਦਲ ਹੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਜਾਂਦੀ ਹੋਈ ਰਾਤ ਕੱਟਣ ਲਈ ਸਾਡੇ ਪਿੰਡ ਆ ਠਹਿਰੀ। ਪਿੰਡ ਦੇ ਪਤਵੰਤਿਆਂ ਨੇ ਸਤਿਕਾਰ ਸਹਿਤ ਉਨ੍ਹਾਂ ਦੀ ਬਹੁਤ ਸੇਵਾ ਕੀਤੀ ਤੇ ਉਨ੍ਹਾਂ ਦਾ ਸਤਿਸੰਗ ਵੀ ਸੁਣਿਆ। ਮੇਰੇ ਪਤੀਦੇਵ ਮੈਨੂੰ ਵੀ ਦਰਸ਼ਨਾਂ ਲਈ ਉਥੇ ਆਪਣੇ ਨਾਲ ਲੈ ਗਏ।
ਸਤਿਸੰਗ ਸਮਾਪਤ ਹੋਣ ਪਿੱਛੋਂ ਮੇਰੇ ਪਤੀ ਨੇ ਬੇਨਤੀ ਭਰੇ ਸ਼ਬਦਾਂ ਵਿੱਚ ਮੇਰੀ ਬੀਮਾਰੀ ਦੀ ਸਾਰੀ ਵਿਥਿਆ ਸਾਧੂਆਂ ਨੂੰ ਸੁਣਾਈ ਤੇ ਮੇਰੀ ਤੰਦਰੁਸਤੀ ਲਈ ਦੁਆ ਮੰਗੀ। ਸਾਧੂਆਂ ਦੀ ਟੋਲੀ ਦੇ ਮੁਖੀਆ ਸੰਤ ਨੇ ਪੂਰੀ ਗੱਲ ਸਮਝਣ ਪਿੱਛੋਂ ਸਾਨੂੰ ਸੰਬੋਧਿਤ ਹੁੰਦਿਆਂ ਫਰਮਾਇਆ।
ਬੇਟਾ, ਜੇ ਕੋਈ ਮਨੁੱਖ ਹਨੇਰੇ ਕਮਰੇ ਅੰਦਰ ਦੀਵਾ ਜਗਾਏ ਬਿਨਾਂ ਜਾਵੇਗਾ ਤਾਂ ਉਸ ਦਾ ਭੈਅਭੀਤ ਹੋਣਾ ਲਾਜ਼ਮੀ ਹੈ। ਉਸ ਲਈ ਇਹ ‘ਹਨੇਰਾ’ ਹੀ ਡਰ ਹੈ, ਜੋ ਮਨੁੱਖ ਅੰਦਰ ਵੱਡਾ ‘ਰੋਗ’ ਹੈ। ਇਸ ਲਈ ਸਾਨੂੰ ਆਪਣੇ ਅੰਦਰ ਗਿਆਨ ਦਾ ਦੀਪਕ ਜਗਾਉਣ ਦੀ ਅਤਿ ਲੋੜ ਹੈ। ਬੁਹਤ ਵਾਰੀ ਸਾਡਾ ‘ਮਨ’ ਆਪਣੇ ਆਪ ਹੀ ਤਰ੍ਹਾਂ-ਤਰ੍ਹਾਂ ਦੀਆਂ ਘਾੜਤਾਂ ਘੜ ਕੇ ਬੇਮਤਲਬ ਦੀਆਂ ਸੂਰਤਾਂ ਬਣਾ ਲੈਂਦਾ ਹੈ ਤੇ ਫਿਰ ਆਪ ਹੀ ਪ੍ਰੇਸ਼ਾਨ ਹੁੰਦਾ ਰਹਿੰਦਾ ਹੈ। ਡਰ ਨੂੰ ਮਨ ‘ਚੋਂ ਕੱਢੋ ਤੇ ਪ੍ਰਮਾਤਮਾ ਦੀ ਹੋਂਦ ਨੂੰ ਆਪਣੇ ਚਿਤ ਵਿੱਚ ਰੱਖੋ। ਸੰਤਾਂ ਦੀ ਕਹੀ ਆਖਰੀ ਗੱਲ ਨੇ ਜਿਵੇਂ ਮੇਰੀ ਕਾਇਆ ਹੀ ਪਲਟ ਦਿੱਤੀ ਸੀ। ਹੁਣ ਮੈਂ ਆਪਣੇ ਅੰਗ-ਅੰਗ ਵਿੱਚ ਨਿਰੋਗਤਾ ਮਹਿਸੂਸ ਕਰਦੀ ਆਪਣੇ ਪਤੀ ਦੇ ਬਾਈ ਸਾਈਕਲ ਦੇ ਪਿੱਛੇ ਬੇਖੌਫ ਬੈਠੀ ਜਿਵੇਂ ਹੁਣ ਉਡ ਕੇ ਆਪਣੀ ਧੀ ਸੀਤੋ ਕੋਲ ਪਹੁੰਚ ਜਾਣਾ ਚਾਹੁੰਦੀ ਸੀ।

  • ਮੁੱਖ ਪੰਨਾ : ਕਹਾਣੀਆਂ, ਬਚਿੰਤ ਕੌਰ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ