Harappa Di Charwahi (Story in Punjabi) : Tahira Iqbal

ਹੜੱਪਾ ਦੀ ਚਰਵਾਹੀ (ਕਹਾਣੀ) : ਤਾਹਿਰਾ ਇਕਬਾਲ

ਚੰਨਾਂ ਨੂੰ ਲੱਗਦਾ ਇਹਨਾਂ ਪਹਿਰੇਦਾਰਾਂ ਨਾਲ ਉਸਦੀ ਨਫ਼ਰਤ ਓਨੀਂ ਹੀ ਪੁਰਾਣੀ ਹੈ ਜਿੰਨੇ ਪੁਰਾਣੇ ਹੜਪਾ ਦੇ ਇਹ ਖੰਡਰ...ਜਿਹਨਾਂ ਵਿਚ ਬੁੱਢੇ, ਕੁੱਬੇ, ਖੋਖਲੇ ਤਣਿਆਂ ਤੇ ਉੱਚੜੀ ਛਿੱਲ ਵਾਲੇ ਤੂਤ, ਜੰਡ ਤੇ ਬਕੈਣਾ, ਅੱਧੋ-ਅੱਧ ਦਫ਼ਨ ਹੋਏ ਹੋਏ ਨੇ; ਜਿਹਨਾਂ ਦੀਆਂ ਧੂੜ ਲਿਥੜੀਆਂ ਟਾਹਣੀਆਂ, ਛਤਰੀਆਂ ਤਾਣੀ, ਭੁਰਭੁਰੀ ਜ਼ਮੀਨ ਵਿਚ ਮੂੰਹ ਦੇ ਭਾਰ ਧਸੀਆਂ ਹੋਈਆਂ ਨੇ ਤੇ ਜਿਹਨਾਂ ਦੀਆਂ ਡੂੰਘੀਆਂ ਸੁਰੰਗਾਂ ਵਿਚ ਚੰਨਾਂ ਆਪਣੀਆਂ ਬੱਕਰੀਆਂ ਸਮੇਤ ਲੁਕ ਜਾਂਦੀ ਹੈ। ਸਦੀਆਂ ਪੁਰਾਣੀ ਧੂੜ ਨਾਲ ਭਰੇ ਇਹਨਾਂ ਜੰਡਾਂ, ਬਕੈਣਾ ਦੇ ਜੱਫੇ ਵਿਚ ਆ ਸਕਣ ਵਾਲੇ ਤਣਿਆਂ ਦੁਆਲੇ ਪੱਕੇ ਬੈਂਚ ਬਣੇ ਹੋਏ ਸਨ। ਚੰਨਾਂ ਨੂੰ ਉਹਨਾਂ ਉੱਤੇ ਬੈਠ ਕੇ ਆਪਣੀਆਂ ਜਟੂਰੀਆਂ ਖੁਰਕਣ ਤੇ ਉਸ ਦੀਆਂ ਬੱਕਰੀਆਂ ਨੂੰ ਪਿਛਲੀਆਂ ਲੱਤਾਂ ਭਾਰ ਖਲੋ ਕੇ ਲੁੰਗ-ਟੂਸੇ ਤੇ ਪੱਤੇ ਖਾਣ ਦੀ ਖਾਸੀ ਸੌਖ ਰਹਿੰਦੀ। ਨਾ ਉਹ ਖ਼ੁਦ ਗਾਰਡਾਂ ਦੀਆਂ ਸੀਟੀਆਂ ਤੋਂ ਡਰਦੀ, ਨਾ ਹੀ ਉਸ ਦੀਆਂ ਬੱਕਰੀਆਂ ਨੂੰ ਕਦੀ ਉਹ ਸੁਣਾਈ ਦੇਂਦੀਆਂ। ਉਹ ਸੰਘਣੀਆਂ ਟਾਹਣੀਆਂ ਦੀਆਂ ਭਾਰੀ ਪਲਕਾਂ ਰਾਹੀਂ ਖੰਡਰ ਵਿਚ ਉੱਡੀ ਫਿਰਦੀ ਧੂੜ ਦੇ ਪਰਦਿਆਂ ਵਿਚ ਲਿਪਟੀ ਭੀੜ ਨੂੰ ਦੇਖਦੀ। ਇੱਥੇ ਨਿੱਤ ਨਵਾਂ ਜੀਆ-ਜੰਤ ਨਜ਼ਰ ਆਉਂਦਾ...ਕੀ ਗੋਰਾ, ਕੀ ਕਾਲਾ, ਕੀ ਕਣਕ-ਵੰਨਾ...ਪਰ ਜਿਹੜਾ ਇਕ ਵੇਰ ਵਿਖਾਲੀ ਦੇਂਦਾ, ਦੂਜੀ ਵੇਰ ਘੱਟ ਹੀ ਨਜ਼ਰ ਆਉਂਦਾ। ਸਿਵਾਏ ਉਹਨਾਂ ਮਨਹੂਸ ਚਿਹਰਿਆਂ ਵਾਲੇ ਪਹਿਰੇਦਾਰਾਂ ਦੇ ਜਿਹੜੇ ਘੋੜਿਆਂ ਵਰਗੀਆਂ ਟਾਪਾਂ ਵਾਲੇ ਕਾਲੇ ਬੂਟਾਂ ਉੱਤੇ ਸਵਾਰ ਦਬੜ-ਦਬੜ ਕਰਦੇ ਛਤਨਾਰਾਂ ਵਿਚ ਵੜ ਆਉਂਦੇ ਸਨ।
ਮੀਢੀਆਂ ਗੁੰਦੇ ਚੂੰਡੇ ਤੋਂ ਫੜ੍ਹ ਕੇ ਉਹ ਉਸਨੂੰ ਬਾਹਰ ਧਰੀਕ ਦੇਂਦੇ; ਚੰਨਾਂ ਉਹਨਾਂ ਦੇ ਹੱਥ ਵੱਢ ਖਾਂਦੀ ਤੇ ਖੰਡਰਾਂ ਵਿਚ ਬਲ ਖਾਂਦੀ ਪੱਕੀ ਪਟੜੀ ਉੱਪਰ ਦੌੜ ਜਾਂਦੀ ਜਿਸ ਦੇ ਦੋਵੇਂ ਪਾਸੇ ਡਰਾਵਨੇ ਟੀਲਿਆਂ ਦੇ ਮੂੰਹ ਬੰਦ ਸਿਲਸਿਲੇ ਦੂਰ ਤਕ ਫੈਲੇ ਹੋਏ ਸਨ, ਜਿਹਨਾਂ ਵਿਚ ਸਦੀਆਂ ਪਹਿਲਾਂ ਥੇਹ ਹੋਏ, ਮਣਾ ਮੂੰਹੀ ਮਿੱਟੀ ਤਾਣ ਕੇ ਸੁੱਤੇ ਹੋਏ ਸਨ।
ਨਕਟੀ, ਗੀਂਢੀ, ਕਾਲੀ-ਭੂਤਨੀ, ਸਾਲੀ।
ਕਾਲੇ ਬੂਟਾਂ ਦੇ ਘੋੜਿਆਂ ਉੱਪਰ ਸਵਾਰ ਗਾਲ੍ਹਾਂ ਬਕਦੇ ਪਹਿਰੇਦਾਰਾਂ ਦੇ ਡੰਡੇ-ਛਾਂਟੇ ਤੇ ਲੱਤਾਂ ਮੁੱਕੀਆਂ ਖਾਂਦੀ, ਬਚਦੀ ਚੰਨਾਂ ਤਾਂ ਨੌ ਗਜੇ ਦੇ ਮਜਾਰ ਵਿਚ ਘੁਸ ਕੇ ਮੰਨਤ ਦੇ ਮਖਾਣਿਆ ਉੱਤੇ ਝਪਟ ਪੈਂਦੀ ਤੇ ਬੁੱਕ ਭਰ-ਭਰ ਨਿਗਲਦੀ ਰਹਿੰਦੀ ਤੇ ਉਸਦੀਆਂ ਬੱਕਰੀਆਂ ਏਨੇ ਚਿਰ ਵਿਚ ਕਈ ਬੂਟਿਆਂ ਦੇ ਲੁੰਗ-ਟੂਸੇ ਤੇ ਬਕੈਣਾ ਨੂੰ ਮੁੱਛ ਚੁੱਕੀਆਂ ਹੁੰਦੀਆਂ। ਕਈ ਵੇਰ ਚਰਵਾਹੇ ਤੇ ਭਿਖਾਰੀ ਉਸਨੂੰ ਦਬੋਚ ਵੀ ਲੈਂਦੇ, ਉਹ ਧੂੜ ਦੇ ਸਮੁੰਦਰਾਂ ਵਿਚ ਨਹਾਉਂਦੀਆਂ, ਮੌਜਾਂ ਮਾਣਦੀਆਂ, ਢਲਵਾਨਾਂ ਉੱਪਰ ਲੋਟਨੀਆਂ ਖਾਂਦੀ, ਘਿਸੜਦੀ ਹੋਈ ਕਦੀ ਚੌੜੀਆਂ-ਕੱਚੀਆਂ-ਭੁਰਭੁਰੀਆਂ ਇੱਟਾਂ ਵਾਲੇ ਪੁਰਾਣੇ ਸ਼ਹਿਰ ਵਿਚ ਜਾ ਡਿੱਗਦੀ, ਕਦੀ ਕਮੀਨਾ ਦੀ ਬਸਤੀ ਵਿਚ ਤੇ ਕਦੀ ਵੱਡੇ ਤਬਕੇ ਦੀਆਂ ਰਹਾਇਸ਼ ਗਾਹਾਂ ਵਿਚਕਾਰ ਮਟਕਦੀ ਫਿਰਦੀ, ਕਦੀ ਹੇਠਲੇ ਤਬਕੇ ਦੇ ਮਕਾਨਾਂ ਵਿਚਕਾਰ ਲੋਟਨੀਆਂ ਲਾਉਂਦੀ, ਕਦੀ ਬਾਜ਼ਾਰ, ਕਦੀ ਮੰਡੀ, ਕਦੀ ਜ਼ਮੀਨ ਹੇਠ ਬਣੀਆ ਸੁਰੰਗ-ਨਾਲੀਆਂ ਵਿਚ ਢਿੱਡ ਭਾਰ ਘਿਸੜਦੀ ਤੇ ਕਦੀ ਅੰਨ੍ਹੀ-ਬੌੜੀ ਵਿਚ ਜਾ ਛਾਲ ਮਾਰਦੀ, ਜਿਵੇਂ ਚੀਕਣੀ ਮਿੱਟੀ ਦੀ ਕੋਈ ਬਦਰੰਗ ਮੂਰਤੀ, ਜਿਸਨੂੰ ਹੜਪਾ ਦੇ ਬੁੱਤ ਘਾੜਿਆਂ ਨੇ ਮੁੱਢਲੀ ਘੜਤ ਦੇ ਕੇ ਛੱਡ ਦਿੱਤਾ ਹੋਏ ਤੇ ਉਹ ਜ਼ਮੀਨ ਹੇਠ ਸਦੀਆਂ ਤੋਂ ਨੱਪੀ ਰਹਿਣ ਕਰਕੇ ਹੋਰ ਘਿਸ-ਭੁਰ ਗਈ ਹੋਵੇ।
ਧੂੜ ਦਾ ਮੌਜਾਂ ਮਾਣਦਾ ਸਮੁੰਦਰ ਰੇਤ ਦੇ ਜਵਾਰ-ਭਾਟੇ ਉਡਾਉਂਦਾ, ਲਹਿਰਾਂ-ਛੱਲਾਂ ਵਾਂਗ ਸ਼ੂਕਦਾ, ਮੁੱਦਤਾਂ ਪਹਿਲਾਂ ਗਰਕ ਹੋਇਆਂ ਦੇ ਡਰਾਵਨੇ ਟੀਲੇ ਨਾਲ ਜਾ ਟਕਰਾਉਂਦਾ। ਧੁਰ ਅੰਦਰ ਤਕ ਉਤਰਦੀਆਂ ਡੂੰਘੀਆਂ ਢਲਵਾਨਾਂ ਵਿਚ, ਖੁਦਾਈ ਕੀਤੀਆਂ ਥੇਹਾਂ ਵਿਚ, ਪਥਰਾਂ ਦੀਆਂ ਹੱਦ-ਬੰਦੀਆਂ ਤੇ ਲੋਹੇ ਦੀਆਂ ਤਾਰਾਂ ਵਿਚ ਘਿਰੇ ਖੰਡਰਾਂ ਵਿਚ...ਭੱਦੀ, ਨਕਟੀ, ਮੋਟੜ ਜਿਹੀ ਚੰਨਾਂ ਹਰੇਕ ਥਾਂ ਜਾ ਪਹੁੰਚਦੀ, ਹਰ ਹੱਦ-ਬੰਨਾਂ, ਅੜਿੱਕਾ ਟੱਪ ਆਉਂਦੀ। ਪਹਿਰੇਦਾਰ ਸਦੀਆਂ ਪੁਰਾਣੀ ਧੂੜ-ਮਿੱਟੀ ਦੀਆਂ ਪਰਤਾਂ ਚੜ੍ਹੇ ਡੰਡਿਆਂ ਤੇ ਬੰਦੂਕਾਂ ਦੀਆਂ ਵੱਟਾਂ ਦੇ ਹੁੱਜੇ ਮਾਰ-ਮਾਰ ਉਸਨੂੰ ਫੇਰ ਬਾਹਰ ਕੱਢਦੇ। ਕਈ ਮਹੀਨਿਆਂ ਦੇ ਅਣਧੋਤੇ ਵਾਲ, ਗਿੱਡਲ ਚੂੰਧੀਆਂ ਅੱਖਾਂ, ਵਗਦੀ ਹੋਈ ਚਪਟੀ ਨੱਕ, ਜਿਵੇਂ ਉਹਨਾਂ ਥੇਹਾਂ ਦੀ ਹੀ ਕੋਈ ਸ਼ੈਅ ਹੋਵੇ ਉਹ, ਜਿਹੜੀ ਵਜ਼ਨੀ ਇੱਟਾਂ ਹੇਠ ਦੱਬੀ ਰਹਿ ਗਈ ਹੋਵੇ ਤੇ ਹੁਣ ਸਦੀਆਂ ਬਾਅਦ ਖ਼ੁਦਾਈ ਦੌਰਾਨ ਤੇਸੇਆਂ, ਗੈਂਤੀਆਂ ਦੀਆਂ ਸੱਟਾਂ ਖਾ-ਖਾ ਕੇ ਬਾਹਰ ਨਿਕਲੀ ਹੋਵੇ...ਕਿਤੋਂ ਭੁਰੀ ਹੋਈ, ਕਿਤੋਂ ਉਧੜੀ ਹੋਈ...ਮਿੱਧੀ-ਮਰੁੰਡੀ ਜਿਹੀ।
ਸ਼ਹਿਰ ਦੀ ਬਾਹਰੀ ਹੱਦ ਵਾਲੀ ਥੇਹ ਦੀ ਫੱਟੀ ਕੋਲ ਲੱਗੇ ਨਲਕੇ ਉੱਪਰ ਕੱਪੜੇ ਧੋਂਦੀਆਂ ਬਸਤੀ ਦੀਆਂ ਔਰਤਾਂ ਉਸਨੂੰ ਫਿਟਕਾਰ ਦੇਂਦੀਆਂ, “ਗੰਦੀਏ, ਸ਼ੋਹਦੀਏ, ਕਾਲੇ ਮੂੰਹ ਆਲੀਏ, ਗਿੱਠਲੇ, ਚੱਲ ਦਫ਼ਾ ਹੋ ਏਥੋਂ।”
ਮਸਜਿਦ ਦੇ ਖੰਡਰਾਂ ਵਾਲੇ ਟਿੱਲੇ ਤੋਂ ਹੇਠਾਂ ਉਤਰਦੇ ਕਬਰਸਤਾਨ ਵਿਚ ਪਾਣੀ, ਮਿੱਟੀ, ਰੋੜ ਪਾਉਂਦੀਆਂ ਔਰਤਾਂ, ਰੋੜਿਆਂ ਦੀਆਂ ਮੁੱਠਾਂ ਭਰ-ਭਰ ਉਸ ਵੱਲ ਚਲਾਉਣ ਲੱਗ ਪੈਂਦੀਆਂ।
“ਚਲ ਕਿਤੇ ਹੋਰ ਦਫ਼ਾ ਹੋ ਜਾ ਏਥੋਂ...ਬੇ ਵੁਜੂ (ਵੁਜੂ : ਨਮਾਜ਼ ਪੜ੍ਹਨ ਤੋਂ ਪਹਿਲਾਂ ਪਾਣੀ ਜਾਂ ਮਿੱਟੀ ਨਾਲ ਹੱਥ ਪੈਰ ਮੂੰਹ ਵਗ਼ੈਰਾ ਧੋਣਾ)ਪਲੀਦ ਕਬਰਸਤਾਨ ਦੀ ਬੇਹੁਰਮਤੀ (ਬੇਅਦਬੀ) ਨਾ ਕਰ।”
ਪੁਰਾਣੇ ਦਾੜ੍ਹੀ ਵਾਲੇ ਜੰਡਾਂ, ਬਕੈਣਾ ਦੇ ਦੁਆਲੇ ਬਣੇ ਪੱਕੇ ਬੈਂਚਾਂ ਉੱਤੇ ਨਵੇਂ ਜੰਮੇ ਬਾਲਾਂ ਨੂੰ ਦੁੱਧ ਪਿਆਉਂਦੀਆਂ ਤੇ ਹਰੇਕ ਲੰਘਣ-ਟੱਪਣ ਵਾਲੇ ਸੈਲਾਨੀ ਸਾਹਵੇਂ ਹੱਥ ਵਿਚ ਫੜ੍ਹੇ ਕੌਲੇ ਪਸਾਰਦੀਆਂ ਜਵਾਨ ਮਾਵਾਂ ਵੀ ਪੀਲੇ ਸੁੱਕੇ ਪੱਤਿਆਂ ਦੀਆਂ ਮੁੱਠਾਂ ਭਰ ਉਸ ਉੱਤੇ ਪਾਉਣ ਲੱਗ ਪੈਂਦੀਆਂ।
ਖੰਡਰਾਂ ਤੋਂ ਬੜੀ ਹੇਠਾਂ, ਬੜੀ ਦੂਰ, ਤਕ ਵਿਛੇ ਖੇਤਾਂ ਵਿਚ ਹਲ ਚਲਾਉਂਦੇ ਕਿਸਾਨ ਉਸਨੂੰ ਘੁਰਕਦੇ...ਜਿਵੇਂ ਪੂਰੀ ਕਾਏਤਨਾਤ (ਸਰਿਸ਼ਟੀ) ਹੀ ਉਸਨੂੰ ਉਹਨਾਂ ਖੰਡਰਾਂ ਵਿਚੋਂ ਬਾਹਰ ਕੱਢਣ 'ਤੇ ਤੁਲੀ ਹੋਈ ਹੋਵੇ ਤੇ ਇਹ ਪਹਿਰੇਦਾਰ ਤਾਂ ਸ਼ਾਇਦ ਲਾਏ ਹੀ ਏਸੇ ਕੰਮ ਲਈ ਗਏ ਸੀ ਪਰ ਜਦੋਂ ਉਹਨਾਂ ਨੂੰ ਕੋਈ ਗੋਰੀ ਚਮੜੀ ਵਾਲਾ ਦਿਸ ਪੈਂਦਾ ਤਾਂ ਉਹ ਉਸਨੂੰ ਉੱਥੇ ਖੰਡਰਾਂ ਵਿਚ ਹੀ ਛੱਡ ਕੇ ਉਸ ਦੇ ਪਿੱਛੇ ਲੱਗ ਤੁਰਦੇ। ਆਪਣੀ ਟੁੱਟੀ ਫੁੱਟੀ ਅੰਗਰੇਜ਼ੀ ਵਿਚ ਇਹਨਾਂ ਪੁਰਾਣੇ ਥੇਹਾਂ ਦਾ ਇਤਿਹਾਸ ਦੁਹਰਾਉਂਦੇ, ਜਿਹੜਾ ਹੁਣ ਚੰਨਾਂ ਨੂੰ ਜ਼ੁਬਾਨੀ ਯਾਦ ਹੋ ਚੁੱਕਿਆ ਸੀ। ਚੰਨਾਂ ਆਪਣੇ ਮੈਲੇ-ਕੁਚੈਲੇ ਚੀਥੜਿਆਂ ਵਿਚ ਲਿਪਟੀ ਆਪਣੇ ਲੀਰੋ-ਲੀਰ ਦੁਪੱਟੇ ਵਿਚ ਮੂੰਹ ਲੁਕਾਅ ਕੇ ਉਹਨਾਂ ਦੀ ਸੱਚੀ-ਝੂਠੀ ਅੰਗਰੇਜ਼ੀ ਉੱਤੇ ਨਿੱਕੇ-ਨਿੱਕੇ ਠਹਾਕੇ ਲਾਉਂਦੀ। ਜਿਵੇਂ ਇਹ ਭੂਤਨੀ ਪਿਛਲੇ ਪੰਜ ਹਜ਼ਾਰ ਸਾਲ ਤੋਂ ਉਹਨਾਂ ਟੀਲਿਆਂ ਵਿਚ ਹੀ ਕਿਤੇ ਦੱਬੀ ਪਈ ਰਹੀ ਹੋਵੇ ਤੇ ਅਜ ਵੀ ਧੋਣ-ਮਾਂਜਣ ਵਾਲੀ ਹੋਵੇ। ਜਦੋਂ ਕੋਈ ਗੋਰਾ ਪੁੱਛਦਾ ਕਿ 'ਕੀ ਇਸ ਸਦੀਆਂ ਪੁਰਾਣੀ ਕੇਲ, ਦਰਾਵੜ ਨਸਲ ਦੇ ਕੁਝ ਬਾਸ਼ਿੰਦੇ ਹਾਲੇ ਵੀ ਇਸ ਇਲਾਕੇ ਵਿਚ ਵੱਸਦੇ ਨੇ?'...ਤਾਂ ਗਾਰਡ “ਯਸ ਸਰ, ਯਸ ਸਰ” ਕਰਦਾ, ਧੋਣ ਹਿਲਾਉਂਦਾ ਹੋਇਆ ਚੰਨਾਂ ਦਾ ਚਿਹਰਾ ਫੜ੍ਹ ਕੇ ਇੰਜ ਉਹਦੇ ਸਾਹਮਣੇ ਪੇਸ਼ ਕਰ ਦੇਂਦਾ ਜਿਵੇਂ ਉਹ ਵੀ ਸੈਂਕੜੇ ਸਾਲ ਪੁਰਾਣੀ ਸਭਿਅਤਾ ਦੀਆ ਥੇਹਾਂ ਵਿਚੋਂ ਕੱਢੀ ਹੋਈ ਕੋਈ ਲੱਭਤ ਹੋਵੇ...ਤੇ ਜੇ ਉਹਦੇ ਹੱਥ-ਵੱਸ ਹੁੰਦਾ ਤਾਂ ਉਹ ਉਸਨੂੰ ਵੀ ਪੁਰਾਣੀ ਸਭਿਅਤਾ ਦੀ ਕਿਸੇ ਲੱਭਤ ਵਾਂਗ ਹੀ ਮਹਿੰਗੇ ਭਾਅ ਉਸ ਗੋਰੇ ਨੂੰ ਵੇਚ ਦੇਂਦਾ। ਜਿਵੇਂ ਉਹ ਆਪਣੀ ਜੈਕਟ ਦੀਆਂ ਜੇਬਾਂ ਵਿਚ ਭਰੀਆਂ ਉਹਨਾਂ ਠੀਕਰੀਆਂ, ਹੱਡੀਆਂ ਤੇ ਰੋੜਾਂ-ਪੱਥਰਾਂ ਦੇ ਟੋਟੇ ਉਹਨਾਂ ਨੂੰ ਲਾਲ, ਹਰੇ ਨੋਟਾਂ ਬਦਲੇ ਵੇਚ ਦੇਂਦਾ ਸੀ ਜਿਹਨਾਂ ਦੇ ਨਾਲ ਦੇ ਕਈ ਸਬੂਤੇ ਪਿਆਲੇ, ਰਕਾਬੀਆਂ, ਮਟਕੇ, ਡੋਲ, ਖਿਡੌਣੇ, ਮੂਰਤੀਆਂ, ਘੋਗੇ, ਘੋੜੇ ਚੰਨਾਂ ਦੀ ਆਪਣੀ ਕੋਠੜੀ ਦੀ ਪੜਛੱਤੀ ਉੱਤੇ ਸਜੇ ਹੋਏ ਸਨ ਤੇ ਬਸਤੀ ਦੇ ਹਰ ਘਰ ਵਿਚ ਆਮ ਵੇਖੇ ਜਾ ਸਕਦੇ ਸਨ। ਜਿਹਨਾਂ ਨੂੰ ਚਰਵਾਹੇ ਤੇ ਭੀਖ ਮੰਗਣ ਵਾਲੇ ਬੱਚੇ ਚੁੱਕ ਲਿਆਉਂਦੇ ਸੀ ਤੇ ਗੋਰਿਆਂ ਨੂੰ ਦਿਖਾ ਦਿਖਾ ਕੇ ਦਸ ਰੁਪਏ ਦਾ ਨੋਟ ਮੰਗਦੇ ਫਿਰਦੇ ਸੀ। ਪਹਿਰੇਦਾਰ ਨੂੰ ਉਹਨਾਂ ਦੀ ਇਹ ਹਰਕਤ ਪਸੰਦ ਨਾ ਆਉਂਦੀ; ਉਹ ਉਹਨਾਂ ਨੂੰ ਆਪਣੇ ਮੋਟੇ ਮੋਟੇ ਡੰਡਿਆਂ ਦੀਆਂ ਹੁੱਜਾਂ ਨਾਲ ਗੋਰਿਆਂ ਤੋਂ ਦੂਰ, ਪਰ੍ਹੇ ਰੱਖਣ ਦੀ ਕੋਸ਼ਿਸ਼ ਵਿਚ ਰਹਿੰਦੇ। ਇਸ ਬਸਤੀ ਦੇ ਸਾਰੇ ਘਰ ਵੀ ਉਹਨਾਂ ਮੋਟੀਆਂ ਚੌੜੀਆਂ ਲਾਲ ਇੱਟਾਂ ਦੇ ਬਣੇ ਹੋਏ ਸਨ ਜਿਹਨਾਂ ਨੂੰ ਗਾਰਡ ਸੱਤ ਹਜ਼ਾਰ ਸਾਲ ਪੁਰਾਣੀਆਂ ਦਸਦੇ ਸਨ। ਉਹਨਾਂ ਦੇ ਵੱਸ ਵਿਚ ਹੁੰਦਾ ਤਾਂ ਉਹ ਚੰਨਾਂ ਦਾ ਪੂਰਾ ਘਰ ਹੀ ਕਿਸੇ ਗੋਰੇ ਨੂੰ ਵੇਚ ਛੱਡਦੇ, ਉਸਦੀ ਅੰਨ੍ਹੀ ਮਾਂ ਸਮੇਤ ਕਿ ਇਸ ਹਜ਼ਾਰਾਂ ਸਾਲ ਪੁਰਾਣੀ ਸਭਿਅਤਾ ਦਾ ਇਹ ਵੀ ਕੋਈ ਅਜੂਬਾ ਹੈ। ਕਈ ਵਾਰੀ ਤਾਂ ਉਹ ਬਕ ਵੀ ਪੈਂਦੀ—
“ਅਜਿਹੇ ਤਾਂ ਸਾਡੇ ਘਰੇ ਵੀ ਬੜੇ ਪਏ ਐ।”
“ਤੇਰਾ ਘਰ ਕਿੱਥੇ ਈ?”
ਸ਼ੈਲਾਨੀ ਉਸ ਵੱਲ ਭੌਂਅ ਜਾਂਦੇ, ਪਹਿਰੇਦਾਰ ਡੰਡੇ ਸੂਤ ਕੇ ਉਸਦੇ ਪਿੱਛੇ ਪੈ ਜਾਂਦੇ।
“ਕਮਜਾਤ, ਗਧੀ! ਸੌਦਾ ਈ ਖ਼ਰਾਬ ਕਰ ਦੇਂਦੀ ਆ।”
ਤੇ ਉਸਨੂੰ ਧੂ-ਧਰੀਕ ਕੇ ਉਸਦੇ ਇੱਜੜ ਸਮੇਤ ਥੇਹਾਂ ਦੀਆਂ ਖਦਾਨਾਂ ਦੇ ਧੁਰ ਅੰਦਰ ਤਕ ਛੱਡ ਆਉਂਦੇ। ਇੱਥੋਂ ਦੀ ਹਰੇਕ ਸ਼ੈਅ ਜ਼ਮੀਨ ਉੱਤੇ ਦਿਸਦੀ, ਜਿਸਦੇ ਆਸਾਰ ਜ਼ਮੀਨ ਉੱਪਰ ਨਜ਼ਰ ਆਉਂਦੇ ਪਰ ਜੜਾਂ ਸਦੀਆਂ ਪੁਰਾਣੇ ਟੀਲਿਆਂ ਦੇ ਧੁਰ ਅੰਦਰ ਤਕ ਫੈਲੀਆਂ ਹੁੰਦੀਆਂ। ਹਰ ਸ਼ੈ, ਹਰ ਚਿਹਰਾ, ਹਰ ਸਿਰ ਮੈਲੇ ਵਕਤ ਦੀ ਮਿੱਟੀ ਵਿਚ ਚੁੱਪ-ਗੜੁੱਪ ਤੇ ਠੁੱਸ ਪਿਆ ਸੀ ਕਿ ਇਕ ਦਿਨ ਅਚਾਨਕ ਖੁਦਾਈ ਵੇਲੇ ਹੇਠਲੇ ਹਿੱਸਿਆਂ ਵਿਚ ਝੂਲਦੇ ਝੱਖੜ ਦੇ ਵਰੋਲੇ ਵਾਂਗ ਪਾਗਲ ਹੋ ਕੇ ਯਕਦਮ ਮੂੰਹ-ਸਿਰ ਕੱਢ ਵਿਖਾਵੇਗਾ। ਖੰਡਰਾਂ ਉੱਪਰ ਚੜ੍ਹਿਆ ਕੱਚੀ ਧੂੜ ਦਾ ਉਫ਼ਨਦਾ ਸਮੁੰਦਰ ਵਰੋਲੇ ਬਣ-ਬਣ ਉਡਿਆ ਫਿਰਦਾ, ਧੂੜ ਵਿਚ ਲਿਥੜੇ ਦਰਖ਼ਤ, ਟਿੱਬੇ-ਟੀਲੇ, ਥੇਹਾਂ ਵਿਚੋਂ ਮਿਲੀਆਂ ਮੂਰਤੀਆਂ, ਪਹਿਰੇਦਾਰ, ਸਭ ਹਜ਼ਾਰਾਂ ਵਰ੍ਹੇ ਪੁਰਾਣੀ ਰੇਤ-ਕਿਣਕੀ ਵਿਚ ਦਫ਼ਨ ਖਸਤਾ ਤੇ ਪੂਰਾਣੇ।...ਪਰ ਹੜਪਾ ਦੀ ਮੰਡੀ ਦੇ ਥੇਹਾਂ ਦੀ ਲੱਭਤ, ਇਹ ਬੰਦੂਕ ਤਾਣੀ ਖੜ੍ਹਾ ਪਹਿਰੇਦਾਰ ਬੰਦਾ ਤੇ ਨੌ ਗਜੇ ਦੇ ਮਜਾਰ 'ਚੋਂ ਨਿਕਲਦੇ ਹੂ-ਹੱਕ ਦੇ ਆਵਾਜ਼ੇ, ਝੱਖੇੜਿਆਂ ਉੱਤੇ ਸਵਾਰ ਹੋ ਉਸਦੇ ਇਰਦ-ਗਿਰਦ ਧਮਾਲਾਂ ਪਾਉਣ ਲੱਗਦੇ। ਓਕਾਂ ਦੇ ਸੰਘਣੇ ਵਾਲਾਂ ਵਾਲੇ ਰੁੱਖ, ਸੱਜੇ ਖੱਬੇ ਚਟਾਨਾਂ। ਚੰਨਾਂ ਇਹਨਾਂ ਨਸ਼ੀਲੀਆਂ ਫਿਜ਼ਾਵਾਂ ਵਿਚ ਬਹਿਕਣ ਲੱਗੀ, ਜਿਵੇਂ ਬੂਟੀ ਚੜ੍ਹ ਗਈ ਹੋਵੇ। ਉਸਦਾ ਗਿਠ-ਮੁਠੀਆ ਵਜੂਦ ਵਰੋਲਿਆਂ ਨਾਲ ਹੀ ਟੀਲਿਆਂ ਵਿਚ ਕਿਧਰੇ ਉਤਰ ਜਾਂਦਾ ਤੇ ਆਪਣੇ ਪੁਰਖਿਆਂ ਦੀ ਜ਼ਮੀਨ ਵਿਚ ਫੁੱਟੀਆਂ ਨਵੀਂਆਂ ਕਰੂੰਬਲਾਂ ਨਾਲ ਰਲ ਕੇ ਧਮਾਲਾਂ ਪਾਉਣ ਲੱਗਦਾ।
ਚੰਨਾਂ ਨੂੰ ਲੱਗਿਆ ਨਵੇਂ ਪਹਿਰੇਦਾਰ ਦੇ ਹੱਥ ਵਿਚ ਬੰਦੂਕ ਨਹੀਂ, ਸਗੋਂ ਉਹ ਮੁਰਲੀ ਹੈ ਜਿਹੜੀ ਸ਼ੌਅ ਕੇਸ ਵਿਚ ਬੰਦ ਕਿਸੇ ਜੋਗੀ ਦੇ ਬੁੱਲ੍ਹਾਂ ਨਾਲ ਲੱਗੀ ਹੈ। ਜਿਸ ਦੀ ਲੈਅ ਉੱਤੇ ਚੰਨਾਂ ਨਾਗਨ ਵਾਂਗ ਲਹਿਰਾਉਣ ਲੱਗ ਪੈਂਦੀ ਹੈ। ਉਸਦੇ ਹੱਥਾਂ ਵਿਚ ਓਕਾਂ ਦੀ ਟਾਹਣੀ ਦਾ ਮੋਰ-ਖੰਭ ਆ ਗਿਆ ਸੀ ਤੇ ਦਿਲ ਦੇ ਕੋਰੇ ਕਾਗਜ਼ ਉੱਤੇ ਇਕ ਤਸਵੀਰ ਆਪੁ ਬਣਦੀ ਗਈ ਸੀ। ਮੁਰਲੀ ਵਜਾਉਂਦੇ ਹੋਏ ਕਿਸ਼ਨਾ ਦੀ, ਲੰਗੋਟੀ ਵਾਲੇ ਕਿਸੇ ਭਿਕਸ਼ੂ ਦੀ, ਨਿਰਵਾਨ ਦੀ ਭਾਲ ਵਿਚ ਨਿਕਲੇ ਸਿਧਾਰਥ ਦੀ। ਜੀਕਰ ਅਜਾਇਬ ਘਰ ਦੀਆਂ ਅਲਮਾਰੀਆਂ ਵਿਚੋਂ ਨਿਕਲ ਕੇ ਇਹ ਸਾਰੀਆਂ ਮੂਰਤੀਆਂ ਉਸਦੇ ਇਰਦ-ਗਿਰਦ ਆਸਨ ਜਮਾ ਕੇ ਆਣ ਬੈਠੀਆਂ ਹੋਣ। ਉਸਦੇ ਜੀਅ 'ਚ ਆਇਆ, ਕਾਸ਼! ਉਸ ਕੋਲ ਵੀ ਉਸ ਗੋਰੀ ਲੰਮੀ-ਝੰਮੀ ਕੁੜੀ ਵਾਂਗਰ ਕਾਗਜ਼-ਬੁਰਸ਼ ਹੁੰਦਾ, ਜਿਹੜੀ ਆਪਣੇ ਸਾਥੀ ਨੂੰ ਸਾਹਮਣੇ ਬਿਠਾਅ ਕੇ ਉਸਦੀ ਤਸਵੀਰ ਬਣਾਉਂਦੀ ਰਹਿੰਦੀ ਹੈ ਤਾਂ ਉਹ ਵੀ ਉਸ ਕਿਸ਼ਨ ਨੂੰ, ਰਾਮ ਨੂੰ, ਸਿਧਾਰਥ ਨੂੰ ਹਮੇਸ਼ਾ ਲਈ ਕਿਤੇ ਨਾ ਕਿਤੇ ਵਾਹ-ਚਿਪਕਾ ਛੱਡਦੀ।...ਪਰ ਉਸਦੇ ਹੱਥ ਵਿਚ ਤਾਂ ਬੱਕਰੀਆਂ ਹੱਕਣ ਵਾਲੀ ਢਾਂਗੀ ਹੁੰਦੀ ਸੀ, ਜਿਹੜੀ ਟਾਹਣੀਆਂ-ਪੱਤੇ ਤੋੜਨ ਤੇ ਜਾਨਵਰਾਂ ਨੂੰ ਹੱਕਣ ਦੇ ਕੰਮ ਆਉਂਦੀ। ਜੰਗਲੀ ਝਾੜੀਆਂ ਦੇ ਤਹਿ-ਦਰ-ਤਹਿ ਵਿਛੇ ਚੌੜੇ ਪੱਤਿਆਂ ਵਿਚਕਾਰ ਤਾਂ ਖੰਡਰਾਂ ਦੇ ਪ੍ਰੇਤ ਖੜ੍ਹੇ ਸਨ। ਜ਼ਮੀਨ ਤੇ ਆਸਮਾਨ ਵਿਚ ਉਬਲਦੇ ਰੇਤੇ ਦੇ ਤੂਫ਼ਾਨਾਂ ਉੱਤੇ ਕਿਤੇ ਇਕ ਮੂਰਤ ਹੀ ਬਣਾ ਲੈਂਦੀ ਤੇ ਫੇਰ ਉਮਰ ਭਰ ਉਸਨੂੰ ਸਜਾਂਦੀ-ਸੰਵਾਰਦੀ ਰਹਿੰਦੀ ਪਰ ਇੱਜੜ ਦੀ ਸੋਹਬਤ ਵਿਚ ਅੱਠੇ ਪਹਿਰ ਰਹਿਣ ਵਾਲੀ ਉਸ ਚਰਵਾਹੀ ਨੂੰ ਅਤੀ ਸੂਖਮ ਤੇ ਸੋਹਲ ਇਨਸਾਨੀ ਜਜ਼ਬਾਤ ਨੇ ਯਕਦਮ ਪਛਾੜ ਦਿੱਤਾ ਸੀ। ਉਸਦਾ ਜੀਅ ਕੀਤਾ ਉਹ ਮੂਵੀ ਕੈਮਰੇ ਵਾਲੇ ਨੂੰ ਆਖੇ, ਬਸ ਇਕ ਫੋਟੋ ਉਸ ਨਵੇਂ ਪਹਿਰੇਦਾਰ ਦੀ ਖਿੱਚ ਦਵੇ...ਜਿਸਨੂੰ ਉਹ ਆਪਣੀ ਕਮੀਜ਼ ਅੰਦਰ ਸੀਨੇ ਨਾਲ ਚਿਪਕਾ ਕੇ ਰੱਖੇਗੀ। ਯਕਦਮ ਉਸਨੂੰ ਚੇਤਾ ਆਇਆ ਕਿ ਉਸਦਾ ਖੁੱਲ੍ਹਾ, ਢਿੱਲਾ ਚੋਲਾ ਤਸਵੀਰ ਨੂੰ ਆਪਣੀ ਹਿਫ਼ਾਜ਼ਤ ਵਿਚ ਰੱਖਣ ਤੋਂ ਆਹਰੀ ਹੈ। ਉਸਨੂੰ ਗੁਆਂਢਣ ਦੀ ਲਾਂਅ 'ਤੇ ਲਹਿਰਾਉਂਦੀ ਦੋ ਗੁਲਕਾਂ ਵਰਗੇ ਘੋਗਰਿਆਂ ਵਾਲੀ ਬਨੈਣ ਦੇ ਮਹੱਤਵ ਦਾ ਪਤਾ ਲੱਗ ਗਿਆ। ਫੇਰ ਉਸਦਾ ਦਿਲ ਕੀਤਾ ਕਿ ਉਹ ਚਾਹ-ਪਾਣੀ ਵਾਲੇ ਮੁੰਡੇ ਨੂੰ ਆਖੇ ਕਿ ਉਹ ਜਿਹੜਾ ਦੀਵਾਨੇ ਖਾਸ ਵਾਲੇ ਟਿੱਲੇ 'ਤੇ ਨੀਲੇ ਘੋੜੇ 'ਤੇ ਸਵਾਰ, ਸੰਗੀਨਧਾਰੀ, ਲੰਮਾਂ-ਝੰਮਾਂ, ਗੋਰਾ-ਚਿੱਟਾ, ਤਿੱਖੇ-ਤਿੱਖੇ ਨਕਸ਼ਾਂ ਵਾਲਾ ਜਵਾਨ ਖੜ੍ਹਾ ਹੈ ਉਸਨੂੰ ਚਾਹ-ਪਾਣੀ, ਮਠਿਆਈ, ਬੋਤਲ, ਜੋ ਕੁਝ ਤੇਰੇ ਕੋਲ ਹੈ ਸਭ ਦੇ ਆ, ਮੇਰੇ ਕੋਲ ਪੈਸੇ ਤਾਂ ਹੈ ਨਹੀਂ ਪਰ ਬਿੱਲ ਦੇ ਬਦਲੇ 'ਮੇਰੀ ਭਾਵੇਂ ਜਿੰਦ ਮੰਗ ਲਾ'। ਜਦੋਂ ਉਹ ਕੁਝ ਵੀ ਨਾ ਕਰ ਸਕੀ ਤਾਂ ਓਕਾਂ ਦੀ ਬੁਰਸ਼ ਵਰਗੀ ਟਹਿਣੀ ਤੋੜ ਕੇ ਰੇਤ ਢਕੇ ਸੀਨੇ ਵਾਲੀ ਜ਼ਮੀਨ ਉੱਪਰ ਕੁਝ ਲਕੀਰਾਂ ਵਾਹੁਣ ਲੱਗ ਪਈ। ਉਹਨਾਂ ਦੇ ਖਾਕੇ ਜਿਹੜੇ ਅਜਾਇਬ ਘਰ ਦੀਆਂ ਅਲਮਾਰੀਆਂ ਵਿਚ ਕੈਦ ਸਨ...ਮੁਰਲੀ ਵਜਾਉਂਦਾ ਕਿਸ਼ਨ, ਯੁੱਧ ਲਈ ਤਿਆਰ ਅਰਜੁਨ, ਅਪਸਰਾਵਾਂ ਦੀ ਟੋਲੀ...ਫੇਰ, ਫੇਰ ਸਭ ਕੁਝ ਢਾਹ ਦਿੱਤਾ ਸੀ ਉਸਨੇ। ਉਸਨੂੰ ਲੱਗਿਆ ਸੀ, ਇਹ ਨਾ ਕਿਸ਼ਨਾ ਹੈ, ਨਾ ਰਾਮ, ਨਾ ਗੌਤਮ...ਇਹ ਤਾਂ ਆਰੀਆ ਹੈ। ਜਿਸ ਨੇ ਸਾਰੀਆਂ ਮੂਰਤੀਆਂ, ਸੰਦ-ਸੰਦੇੜੇ, ਤਾਊੜੇ, ਚਰਖ਼ੇ, ਖ਼ੂਹ, ਮਹਿਲ-ਮਾੜੀਆਂ ਤੇ ਇਸ ਧਰਤੀ ਦੇ ਸੀਨੇ ਉੱਤੇ ਮੌਜ਼ੂਦ ਹਰ ਸ਼ੈਅ, ਹਰ ਕ੍ਰਿਤ, ਹਰ ਘੜਤ ਤੇ ਉਸਦੇ ਘਾੜੇ ਨੂੰ ਕੁਚਲ ਦਿੱਤਾ ਸੀ। ਉਹ ਘੋੜਿਆਂ ਦੀਆਂ ਟਾਪਾਂ ਨਾਲ ਉਡਦੀ ਧੂੜ ਦੇ ਕਰਾਹੇ ਵਿਚ ਲਿਟਣ ਤੇ ਤੜਫਣ ਲੱਗੀ...ਜਿਵੇਂ ਉਸ ਘੋੜ ਸਵਾਰ ਨੇ ਆਪਣੀ ਸੰਗੀਨ ਨਾਲ ਉਸਦਾ ਪੋਰ-ਪੋਰ ਵਿੰਨ੍ਹ ਦਿੱਤਾ ਹੋਵੇ ਤੇ ਤਲਵਾਰ ਦੀ ਨੋਕ ਵਿਚ ਪਰੋ ਕੇ ਉਸਨੂੰ ਹਵਾ ਵਿਚ ਉਛਾਲ ਦਿੱਤਾ ਹੋਵੇ। ਪਰ ਪਹਿਰੇਦਾਰ ਦੀ ਬੰਦੂਕ ਦਾ ਮੂੰਹ ਤਾਂ ਛੱਤ ਵੱਲ ਸੀ ਤੇ ਅਜਾਇਬ ਘਰ ਵਿਚ ਇਕ ਗੋਰੀ ਦੇ ਪਿੱਛੇ ਪਿੱਛੇ ਤੁਰਿਆ ਜਾ ਰਿਹਾ ਸੀ ਉਹ।
ਗੋਰੀ ਸ਼ੌਅ ਕੇਸਾਂ ਉੱਪਰ ਲਿਖੀ ਇਬਾਰਤ ਪੜ੍ਹਦੀ, ਨਵੇਂ ਗਾਰਡ ਤੋਂ ਕੁਝ ਸਵਾਲ ਪੁੱਛਦੀ, ਆਪਣੀ ਕਾਪੀ ਵਿਚ ਲਿਖਦੀ ਤੇ ਅਗਲੇ ਸ਼ੌਅ ਕੇਸ ਸਾਹਵੇਂ ਜਾ ਖੜ੍ਹੀ ਹੁੰਦੀ। ਚੰਨਾਂ ਗੋਰੀ ਦੇ ਪਿੱਛੇ ਛੱਡੇ ਸ਼ੌਅ ਕੇਸ ਵਿਚ ਬੰਦ ਮੂਰਤੀ ਨੂੰ ਵੇਖਣ ਲੱਗਦੀ। ਚੰਨਾਂ ਨੇ ਉਹ ਸੈਂਕੜੇ ਵਾਰੀ ਪਹਿਲਾਂ ਵੀ ਵੇਖੀਆਂ ਸਨ ਪਰ ਪਹਿਲੀ ਵਾਰੀ ਉਸਨੂੰ ਅਹਿਸਾਸ ਹੋਇਆ ਕਿ ਉਹ ਤਾਂ ਸਾਰੀਆਂ ਈ ਨੰਗੀਆਂ ਨੇ।
“ਹਾਏ ਰੱਬਾ, ਇਹ ਸਭ ਬਣਾਉਣ ਦੀ ਕੀ ਲੋੜ ਸੀ...ਤੇ ਜੇ ਬਣਾਅ ਈ ਦਿੱਤੀਆਂ ਸੀ ਤਾਂ ਫੇਰ ਪਟੋਲੇ ਤਾਂ ਸੀਅ ਦੇਣੇ ਸੀ ਇਹਨਾਂ ਗੁੱਡੀਆਂ ਲਈ।”
ਇਹ ਨੰਗ-ਧੜ ਮੂਰਤੀਆਂ ਕਿੰਨੀ ਬੇਸ਼ਰਮੀ ਨਾਲ ਤਣ ਕੇ ਨਵੇਂ ਪਹਿਰੇਦਾਰ ਸਾਹਮਣੇ ਖਲੋਤੀਆਂ ਸਨ। ਚੰਨਾਂ ਉਮਰ ਵਿਚ ਪਹਿਲੀ ਵਾਰ ਸ਼ਰਮ ਦੇ ਅਹਿਸਾਸ ਤੋਂ ਜਾਣੂ ਹੋਈ, ਜਿਵੇਂ ਤੇਜ਼ ਝੱਖੜ ਨੇ ਉਸਦੇ ਆਪਣੇ ਤਨ ਦੇ ਸਾਰੇ ਕੱਪੜੇ ਉਡਾਅ ਦਿੱਤੇ ਹੋਣ ਤੇ ਖ਼ੁਦ ਉਹ ਨਵੇਂ ਪਹਿਰੇਦਾਰ ਸਾਹਵੇਂ ਅਲਫ਼-ਨੰਗੀ ਖੜ੍ਹੀ ਹੋਵੇ। ਉਹ ਤੀਜੇ ਚੌਥੇ ਸ਼ੋਅ ਕੇਸ ਕੋਲੋਂ ਹੀ ਸ਼ਰਮਾਅ ਕੇ ਬਾਹਰ ਖੰਡਰਾਂ ਵੱਲ ਨੱਸ ਗਈ, ਓਕਾਂ ਤੇ ਵਣਾ ਦੇ ਛਤਨਾਰਾਂ ਹੇਠ ਉਸਦੀਆਂ ਬੱਕਰੀਆਂ ਵੀ ਨਹੀਂ ਸਨ। ਸ਼ਾਇਦ ਉਹ ਵੀ ਉਹ ਵਾਂਗਰ ਸ਼ਰਮਾਅ ਕੇ ਕਿਸੇ ਪਾਸੇ ਨਿਕਲ ਗਈਆਂ ਸਨ ਜਾਂ ਫੇਰ ਪਹਿਰੇਦਾਰਾਂ ਨੇ ਟਿੱਲਿਆਂ ਦੇ ਪੈਰਾਂ ਵਿਚ, ਥੇਹਾਂ ਤੋਂ ਅੱਗੇ, ਵਿਛੇ ਖੇਤਾਂ ਵੱਲ, ਹੱਕ ਦਿੱਤਾ ਸੀ ਉਹਨਾਂ ਨੂੰ। ਜਿਹਨਾਂ ਬੈਂਚਾਂ ਉੱਤੇ ਉਹ ਖੁਰ ਜਮਾਅ ਕੇ ਟਾਹਣੀਆਂ ਚੂੰਡਦੀਆਂ ਸਨ, ਉੱਥੇ ਹੁਣ ਕਈ ਫੈਨਸੀ ਮੂਰਤੀਆਂ ਆਪੋ-ਆਪਣੇ ਮੂਰਲੀ ਵਾਲੇ ਨਾਲ ਜੱਫੀਆਂ ਪਾਈ ਬੈਠੀਆਂ ਸਨ...ਇਹ ਦ੍ਰਿਸ਼ ਉਹਨਾਂ ਛਤਨਾਰਾਂ ਲਈ ਨਵੇਂ ਨਹੀਂ ਸਨ ਪਰ ਅੱਜ ਚੰਨਾਂ ਦੀ ਗੂੜ੍ਹੀ ਕਣਕ-ਵੰਨੀ ਰੰਗਤ ਲਾਲ-ਮਿੱਟੀ ਨਾਲ ਘੜੀਆਂ ਹੜਪਾ ਦੀ ਭੱਠੀ ਵਿਚ ਪੱਕੀਆਂ ਮੂਰਤੀਆਂ ਦੇ ਰੰਗ ਵਰਗੀ ਹੋ ਗਈ ਸੀ। ਉਹ ਪੁਟੇ ਜਾ ਰਹੇ ਟਿੱਲਿਆਂ ਦੀਆਂ ਥੇਹਾਂ ਵੱਲ ਨੱਸੀ, ਅਣ-ਪੁੱਟੇ ਟੀਲਿਆਂ ਉੱਤੇ ਚੱੜ੍ਹੀ, ਢਲਵਾਨਾਂ ਉੱਪਰੋਂ ਤਿਲ੍ਹਕੀ, ਛਤਨਾਰਾਂ ਵਿਚ ਘੁਸੀ, ਹਰ ਜਗ੍ਹਾ ਕੋਈ ਨਾ ਕੋਈ ਸੰਗਮਰਮਰੀ ਰਾਧਾ ਕਿਸੇ ਲੰਗੋਟ ਕਸੇ ਕਿਸ਼ਨ ਦੀ ਮੁਰਲੀ ਉੱਤੇ ਕਥਕ ਨਾਚ ਨੱਚ ਰਹੀ ਸੀ। ਪੱਕੀ ਪਟੜੀ ਉੱਤੇ ਦੌੜਦਿਆਂ-ਦੌੜਦਿਆਂ ਹੁਮਸ ਤੇ ਪਸੀਨੇ ਨਾਲ ਉਸਦਾ ਵਜੂਦ ਨੁਚੱੜਨ ਲੱਗ ਪਿਆ। ਥੇਹਾਂ ਦੀ ਝੋਲੀ ਵਿਚ ਵਿਛੇ ਖੇਤਾਂ ਨੂੰ ਤਰ ਕਰਨ ਵਾਲੇ ਖਾਲ ਵਿਚ ਛਾਲ ਮਾਰ ਗਈ ਉਹ। ਗਾੜ੍ਹੀ ਨੀਲੀ ਚੁੰਨੀ ਲਾਹ ਕੇ ਪਰ੍ਹਾਂ ਸੁੱਟ ਦਿੱਤੀ। ਉਸਨੂੰ ਆਪਣਾ ਅਕਸ ਉਸ ਮੂਰਤੀ ਵਰਗਾ ਲੱਗਿਆ ਜਿਹੜੀ ਪੁਟਾਈ ਦੌਰਾਨ ਸ਼ਾਇਦ ਜ਼ਖ਼ਮੀ ਹੋ ਗਈ ਸੀ, ਜਿਸ ਦੀਆਂ ਦੋਵੇਂ ਛਾਤੀਆਂ ਭੁਰ ਕੇ ਸਾਹਮਣੇ ਵਾਲੇ ਪਾਸਿਓਂ ਸਪਾਟ ਹੋ ਗਈਆਂ ਸਨ। ਜਿਸ ਦੀ ਨੱਕ ਦਾ ਬਾਂਸਾ ਤੇ ਬੁੱਲ੍ਹੀਆਂ ਦੀ ਕਮਾਨ ਝੜ ਗਈ ਸੀ। ਉਸਨੇ ਤਿੱਖੀਆਂ-ਤਿੱਖੀਆਂ ਰਾਧਾਵਾਂ ਵੱਲ ਈਰਖਾਲੂ ਨਜ਼ਰਾਂ ਨਾਲ ਤੱਕਿਆ ਤੇ ਰੇਤੇ ਦੀਆਂ ਮੁੱਠੀਆਂ ਭਰ-ਭਰ ਆਪਣੇ ਸਿਰ ਵਿਚ ਪਾਉਣ ਲੱਗ ਪਈ। ਧੂੜ ਦੇ ਵਰੋਲੇ ਦਾ ਇਕ ਗ਼ਲਾਫ਼ ਜਿਹਾ ਉਸਦੇ ਚੁਫੇਰੇ ਤਣ ਗਿਆ। ਉਸ ਸ਼ਾਮ ਇੱਜੜ ਨੂੰ ਵਾੜੇ ਵਿਚ ਡੱਕਰਣ ਤੋਂ ਪਹਿਲਾਂ ਉਸਨੇ ਨਾਲ ਵਾਲੀ ਦੀ ਤਾਰ 'ਤੇ ਲਹਿਰਾਉਂਦੀ ਤਿੱਖੀ-ਤਿੱਖੀ ਬਨੈਣ ਆਪਣੀ ਸਲਵਾਰ ਦੇ ਨੇਫੇ ਵਿਚ ਟੁੰਗ ਲਈ।
ਹੜਪਾ ਦੇ ਖੰਡਰਾਂ ਵਿਚੋਂ ਨਿਕਲੀਆਂ ਚੌੜੀਆਂ-ਚੌੜੀਆਂ ਉਨਾਭੀ ਇੱਟਾਂ ਨਾਲ ਉਸਾਰੇ ਆਪਣੇ ਕੋਠੜੇ ਦੇ ਸਾਹਮਣਿਓਂ ਲੰਘਦੇ ਖਾਲ ਦੇ ਗਾੜ੍ਹੇ ਗੁਲਾਬੀ ਪਾਣੀ ਵਿਚ ਆਪਣਾ ਅਕਸ ਫੇਰ ਦੇਖਿਆ। ਲਾਲ ਮਿੱਟੀ 'ਚ ਘੜੀ ਮੋਟੀ ਖੁਰਦਰੀ ਖੱਲ ਤੇ ਫਿੱਸੇ-ਫਿੱਸੇ ਜਿਹੇ ਨਕਸ਼ਾਂ ਵਾਲੀ ਮੂਰਤੀ ਦੇ ਅਕਸ ਵਿਚ ਸਫੇਦ ਸੰਗਮਰਮਰ 'ਚੋਂ ਘੜੀਆਂ ਹੋਈਆਂ ਤਿੱਖੇ-ਤਿੱਖੇ ਨੈਣ-ਨਕਸ਼ਾਂ ਵਾਲੀਆਂ ਮੂਰਤੀਆਂ ਰਲਗਡ ਹੋਣ ਲੱਗ ਪਈਆਂ। ਜਿਹਨਾਂ ਦੇ ਪੇਟ ਦੀ ਪਲੇਟ ਵਿਚ ਚੀਰਵੀਂ ਅੱਖ ਬਣੀ ਹੁੰਦੀ ਹੈ। ਜਿਹਨਾਂ ਦੀਆਂ ਅੱਧ ਖੁੱਲ੍ਹੀਆਂ ਮੂੰਹ-ਫਾੜਾਂ ਵਿਚਕਾਰ ਕਪਾਹ ਦੀਆਂ ਫੁੱਟੀਆਂ ਖਿੜੀਆਂ ਜਾਪਦੀਆਂ ਹਨ। ਜਿਹਨਾਂ ਦੇ ਦੁਧੀਆ ਥਣਾ 'ਤੇ ਤਾਂਬੇ ਦੀ ਗਾਗਰ ਵਾਂਗਰ ਚੱਪਣ ਜਿਹੇ ਚੜ੍ਹੇ ਹੁੰਦੇ ਹਨ। ਚੰਨਾਂ ਨੂੰ ਉਮਰ ਵਿਚ ਪਹਿਲੀ ਵਾਰੀ ਮਰਮਰ ਦੀਆਂ ਉਹਨਾਂ ਸਫੇਦ ਮੂਰਤੀਆਂ ਵਰਗਾ ਸੁੰਦਰ ਦਿਖਣ ਦੀ ਚਾਹਤ ਨੇ ਪਛਾੜ ਦਿੱਤਾ।
ਆਪਣੀ ਚਮੜੀ ਦੇ ਰੰਗ ਵਰਗੇ ਖਾਲ ਦੇ ਪਾਣੀ ਵਿਚ ਅੰਗੂਠੇ ਤੇ ਸ਼ਹਾਦਤ ਦੀ ਉਂਗਲ (ਪਹਿਲੀ ਉਂਗਲ) ਨਾਲ ਨੱਕ ਫੜ੍ਹ ਕੇ ਟੁੱਭੀ ਮਾਰ ਗਈ ਉਹ। ਮਿੱਟੀ ਦੀਆਂ ਮੂਰਤੀਆਂ ਦੇ ਰੰਗ ਦੇ ਜਿਸਮ ਨੂੰ ਚੀਕਣੀ ਮਿੱਟੀ ਦੇ ਡਲੇ ਨਾਲ ਰਗੜ-ਰਗੜ ਚਮਕਾਇਆ। ਗੁਆਂਢਣ ਜਿਹੜੀ ਆਪਣੇ ਨਾਂਅ ਨਾਲੋਂ ਵੱਧ 'ਉਹ ਬਨੈਣ ਵਾਲੀ' ਕਹਿ ਕੇ ਬੁਲਾਈ ਜਾਂਦੀ ਸੀ ਤੇ ਹਰੇਕ ਬਨੈਣ ਵਾਲੀ ਨੂੰ ਖੰਡਰਾਂ ਨਾਲ ਜੁੜੀ ਉਸ ਬਸਤੀ ਵਿਚ ਕੰਜਰੀ ਕਿਹਾ ਜਾਂਦਾ ਸੀ...ਕਿਉਂਕਿ ਉਹ ਹਰ ਰੋਜ਼ ਗੁੱਤ ਖੋਲ੍ਹ ਕੇ ਕੰਘਾ ਕਰਦੀ, ਹੜਪਾ ਦੀਆਂ ਲੱਭਤਾਂ ਵਿਚੋਂ ਚੁਰਾਏ ਦੀਵੇ ਵਿਚ ਕੱਪੜੇ ਦੀ ਟਾਕੀ ਸਾੜ ਕੇ ਅੱਖਾਂ ਵਿਚ ਲੱਪ-ਲੱਪ ਕੱਜਲ ਲਾਉਂਦੀ, ਚੁਕੰਦਰ ਖਾ ਕੇ ਮੂੰਹ ਪੂੰਝਣਾ ਭੁੱਲ ਜਾਂਦੀ ਸੀ। ਇਸੇ ਲਈ ਉਸ ਦੀ ਕੋਠੜੀ ਵਿਚ ਕੁਰਖ਼ਤ ਚਿਹਰਿਆਂ ਵਾਲੇ ਪਹਿਰੇਦਾਰਾਂ ਦਾ ਆਉਣਾ-ਜਾਣਾ ਰਹਿੰਦਾ। ਜਦੋਂ ਚੰਨਾਂ ਉਸਦੀ ਕੋਠੜੀ ਵਿਚੋਂ ਨਿਕਲੀ ਤਾਂ ਛਤਨਾਰਾਂ ਵਿਚ ਫਿਰਦੀ ਹਰੇਕ ਸ਼ੈਅ ਤਕ ਇਹ ਆਵਾਜ਼ ਪਹੁੰਚੀ 'ਕੰਜਰੀ, ਕੰਜਰੀ?' ਕੁਝ ਮੰਗਤੇ ਤੇ ਚਰਵਾਹੇ ਵਿਅੰਗ ਵਾਕਾਂ ਤੇ ਠਹਾਕਿਆਂ ਰੂਪੀ ਡਾਂਗਾਂ ਨਾਲ ਹਿੱਕਦੇ ਹੋਏ ਉਸਨੂੰ ਅਜਾਇਬ ਘਰ ਦੀ ਇਮਾਰਤ ਵਿਚ ਧਕੇਲ ਆਏ। ਜਿੱਥੇ ਨਵਾਂ ਗਾਰਡ ਕਿਸੇ ਗੋਰੇ ਨੂੰ ਸ਼ੌਅ ਕੇਸਾਂ ਵਿਚ ਸਜੀਆਂ ਮੂਰਤੀਆਂ ਦਾ ਇਤਿਹਾਸ ਦੱਸ ਰਿਹਾ ਸੀ। ਸਫੇਦ ਸੰਗਮਰਮ ਵਿਚੋਂ ਤਰਾਸ਼ੀਆਂ ਤਿੱਖੇ ਨੈਣ-ਨਕਸ਼ਿਆਂ ਵਾਲੀਆਂ ਦੇਵੀਆਂ ਨਾਲੋਂ ਵੱਧ ਗੋਰੇ ਦਾ ਧਿਆਨ ਭੱਠੀ ਦੀਆਂ ਪੱਕੀਆਂ ਹੋਈਆਂ ਲਾਲ-ਲਾਲ, ਮੋਟੇ-ਮੋਟੇ ਨਕਸ਼ਿਆਂ ਵਾਲੀਆਂ ਅਣਘੜ, ਭੱਦੀਆਂ ਤੇ ਭੁਰਭੁਰੀਆਂ ਮੂਰਤੀਆਂ ਵੱਲ ਸੀ। ਉਸਦੇ ਖ਼ਿਆਲ ਮੁਤਾਬਿਕ ਹੜਪਾ ਦੀ ਮੁੱਢਲੀ ਕਾਰੀਗਰੀ ਦੇ ਆਸਾਰ ਇਹੋ ਸਨ।
ਉਸ ਗੋਰੇ ਨੇ ਵੀ ਉਹੀ ਸਵਾਲ ਦੁਹਰਾਇਆ, “ਕੀ ਪੁਰਾਣੀ ਦਰਾਵੜ ਤੇ ਕੇਲ ਨਸਲ ਦੇ ਲੋਕ ਹੁਣ ਵੀ ਇੱਥੇ ਵੱਸਦੇ ਨੇ?”
“ਯਸ ਸਰ, ਯਸ ਸਰ! ਇਹ, ਅਹਿ ਦੇਖੋ ਨਾ।”
ਨਵੇਂ ਪਹਿਰੇਦਾਰ ਨੇ ਉਸਨੂੰ ਬੂਟ ਦੀ ਨੋਕ ਨਾਲ ਧਰੀਕ ਕੇ ਗੋਰੇ ਦੇ ਹਜ਼ੂਰ ਵਿਚ ਪੇਸ਼ ਕਰ ਦਿੱਤਾ। “ਅਹਿ ਦੇਖੋ ਸਰ! ਬਿਲਕੁਲ ਇਹੀ ਕੱਦ-ਬੁੱਤ, ਇਹੋ ਨੱਕ-ਨਕਸ਼ਾ। ਇਹਨਾਂ ਮੂਰਤੀਆਂ ਦੀ ਹਮਸ਼ਕਲ...ਇਹੀ ਤਾਂ ਵਾਰਸ ਨੇ ਇਸ ਮੋਈ ਸਭਿਅਤਾ ਦੇ।...” ਗੋਰੇ ਨੇ ਆਪਣੇ ਕੈਮਰੇ ਦੀ ਰੌਸ਼ਨੀ ਕਈ ਪਾਸਿਓਂ ਉਸ ਉੱਤੇ ਮਾਰੀ। ਉਸਦੇ ਵੱਸ ਵਿਚ ਹੁੰਦਾ ਤਾਂ ਉਹ ਚੰਨਾਂ ਨੂੰ ਮੁੱਠੀ ਵਿਚ ਦਬੋਚ ਕੇ ਆਪਣੇ ਚਮੜੇ ਦੇ ਬੈਗ਼ ਵਿਚ ਲਕੋਅ ਲੈਂਦਾ ਤੇ ਯੂਰਪ ਲੈ ਜਾ ਕੇ ਪੁਰਾਣੇ ਖੰਡਰਾਂ ਵਿਚੋਂ ਲੱਭੀਆਂ ਲੱਭਤਾਂ ਵਿਚਕਾਰ ਵੇਚ ਦਿੰਦਾ। ਉਹ ਗੇਲਰੀ ਦੇ ਐਨ ਵਿਚਕਾਰ ਰੱਖੇ ਮੁਰਦੇ ਦਫ਼ਨਾਉਣ ਵਾਲੇ ਵੱਡੇ ਵੱਡੇ ਤਾਊੜਿਆਂ (ਮੱਟਾਂ) ਦੀ ਓਟ ਵਿਚ ਹੋ ਗਈ ਜਿਵੇਂ ਡਰ ਗਈ ਹੋਵੇ ਕਿ ਕਿਤੇ ਗੋਰਾ ਉਸਨੂੰ ਦਬੋਚ ਕੋ ਨਾਲ ਨਾ ਲੈ ਜਾਵੇ।
ਜਦੋਂ ਗੋਰਾ ਨਵੇਂ ਗਾਰਡ ਦੀ ਮੁੱਠੀ ਵਿਚ ਲਾਲ ਨੋਟ ਫਸਾਅ ਕੇ ਚਲਾ ਗਿਆ ਤਾਂ ਉਹ ਵਕਫ਼ੇ ਲਈ ਸੀਟੀਆਂ ਵਜਾਉਣ ਤੇ ਲੋਕਾਂ ਨੂੰ ਅਜਾਇਬ ਘਰ ਦੀ ਇਮਾਰਤ ਵਿਚੋਂ ਬਾਹਰ ਕੱਢਣ ਲੱਗ ਪਿਆ। ਬੱਤੀਆਂ ਬੰਦ ਹੁੰਦਿਆਂ ਹੀ ਉਹ ਉਸ ਸ਼ੌਅ ਕੇਸ ਪਿੱਛੋਂ ਨਿਕਲ ਆਈ ਜਿਸ ਵਿਚ ਪੰਜ ਹਜ਼ਾਰ ਸਾਲ ਪੁਰਾਣਾ ਇਨਸਾਨੀ ਢਾਂਚਾ ਹਰੇ ਮਖ਼ਮਲ ਦੇ ਕੱਪੜੇ ਉੱਤੇ ਲੇਟਿਆ ਹੋਇਆ ਹੈ। ਜਿਸਨੂੰ ਪਹਿਰੇਦਾਰ ਦਰਾਵੜ ਨਸਲ ਦੀ ਔਰਤ ਦੱਸਦੇ ਨੇ।
“ਤੂੰ ਮੈਨੂੰ ਉਹਨਾਂ ਵਰਗਾ ਕਿਉਂ ਕਿਹਾ?”
ਗਾਰਡ ਹੱਸਿਆ।
“ਤੂੰ ਸੁਰਖੀ ਤੇ ਕੱਜਲ ਲਾ ਕੇ ਏਹਨਾਂ ਵਰਗੀ ਤਾਂ ਨਹੀਂ ਨਾ ਬਣ ਗਈ।”
ਨਵੇਂ ਗਾਰਡ ਨੇ ਤਿੱਖੇ ਨੱਕ-ਨਕਸ਼ੇ ਵਾਲੀਆਂ ਹਿੰਦੂ ਦੇਵ-ਦਾਸੀਆਂ ਦੀਆਂ ਮੂਰਤੀਆਂ ਵੱਲ ਇਸ਼ਾਰਾ ਕੀਤਾ। “ਹੈ ਤਾਂ ਤੂੰ ਉਹਨਾਂ ਵਰਗੀ ਈ ਏਂ ਨਾ। ਇੱਥੇ ਤਾਂ ਇਹੋ ਜਿਹੀਆਂ ਈ ਹੁੰਦੀਆਂ ਸੀ।”
ਛੋਟੀਆਂ ਛੋਟੀਆਂ ਲਾਲ ਮਿੱਟੀ ਦੀਆਂ ਨੰਗੀਆਂ ਦੇਹਾਂ ਵਾਲੀਆਂ ਭੱਦੀਆਂ ਮੂਰਤੀਆਂ ਵਾਲੇ ਸ਼ੌਅ ਕੇਸ ਉੱਤੇ ਨਵੇਂ ਪਹਿਰੇਦਾਰ ਨੇ ਬੰਦੂਕ ਦੀ ਨਾਲ ਰੱਖ ਦਿੱਤੀ।
“ਕਿਉਂ ਓਹਨਾਂ ਵਰਗੀ ਕਿਉਂ ਨਹੀਂ?”
ਚੰਨਾਂ ਨੇ ਚੁੰਨੀ ਦਾ ਪੱਲਾ ਲਾਹ ਕੇ ਇੰਜ ਬੁੱਕਲ ਮਾਰੀ ਜਿਵੇਂ ਚੁੰਨੀ ਠੀਕ ਕਰ ਰਹੀ ਹੋਵੇ। ਇਸ ਇਕੋ ਪਲ ਵਿਚ ਉਸਦੀ ਕੱਲ੍ਹ, ਸੂਰਜ ਦੇ ਛਿਪਾਅ ਨਾਲ, ਕੀਤੀ ਚੋਰੀ ਖਿੜਖਿੜ ਕਰਕੇ ਹੱਸੀ।
ਗਾਰਡ ਨੇ ਵੀ ਇਹ ਚੋਰੀ ਫੜ੍ਹ ਲਈ ਸੀ।
“ਹਾਂ, ਇਹ ਤਾਂ ਹੈ ਪਰ ਬਾਕੀ ਸਭ ਤਾਂ ਨਹੀਂ ਨਾ। ਇਹ ਕੱਦ-ਬੁੱਤ, ਇਹ ਨੈਣ-ਨਕਸ਼, ਇਹ ਗੋਰੀ-ਰੰਗਤ, ਨੀਂ ਕਮਲੀਏ! ਗੱਲ ਤਾਂ ਮਿੱਟੀ ਦੀ ਤਾਸੀਰ ਦੀ ਹੁੰਦੀ ਆ। ਜਿਹੜਾ ਜਿਸ ਮਿੱਟੀ 'ਚੋਂ ਘੜਿਆ ਗਿਆ, ਉਹ ਉਸੇ ਮਿੱਟੀ ਵਰਗਾ ਹੋਵੇਗਾ ਨਾ...ਇਹ ਤਾਂ ਸੰਗਮਰਮਰ ਦੀਆਂ ਚਟਾਨਾਂ ਵਿਚੋਂ ਘੜੀਆਂ ਗਈਆਂ ਨੇ, ਇੱਥੇ ਕਣਕ ਤੇ ਕਪਾਹ ਦੇ ਖੇਤਾਂ ਵਿਚ ਇਹੋ ਜਿਹੇ ਚਿੱਟੇ ਪੱਥਰ ਕਿੱਥੇ। ਇੱਥੋਂ ਦੇ ਸੜਦੇ-ਭੁੱਜਦੇ ਮੌਸਮ ਤਾਂ ਜੰਗਲੀ ਕਿੱਕਰਾਂ ਦੀਆਂ ਸੂਲਾਂ, ਅੱਕ, ਕੌੜ ਤੁੰਮੇਂ, ਟਾਹਲੀ, ਕੁਆਰ ਗੰਦਲਾਂ, ਥੋਹਰ ਕੰਡਿਆਰਾਂ ਤੇ ਵਣ ਸਿੰਜਰਦੇ ਆ। ਬਿਨ ਬਰਸਾਤੋਂ ਸੁੱਕੇ ਦਰਿਆਈ ਕਿਨਾਰਿਆਂ ਦੀ ਮਿੱਟੀ ਤੋਂ ਤਾਂ ਅਜਿਹੀਆਂ ਭੁਰਭੁਰੀਆਂ ਘਾੜਤਾਂ ਈ ਘੜੀਆਂ ਜਾ ਸਕਦੀਆਂ ਹੈਨ, ਹੈ-ਨਾ...”
ਚੰਨਾਂ ਨੂੰ ਉਹਨਾਂ ਗਾਰਡਾਂ ਦੀ ਜ਼ੁਬਾਨੀ ਹੀ ਪਤਾ ਲੱਗਿਆ ਸੀ ਇਹਨਾਂ ਜਿਸਮਾਨੀ ਕੁਤਾਹੀਆਂ ਕਰਕੇ ਹੀ ਇਸ ਖੰਡਰ ਸ਼ਹਿਰ ਦੇ ਵਾਸੀਆਂ ਨੂੰ ਆਰੀਆਵਾਂ ਨੇ ਆਪਣਾ ਗ਼ੁਲਾਮ ਬਣਾ ਲਿਆ ਸੀ। ਉਹ ਕਪਾਹ ਤੇ ਅਨਾਜ਼ ਉਗਾਉਣ ਵਾਲੇ, ਮਿੱਟੀ ਦੀਆਂ ਮੂਰਤੀਆਂ ਤੇ ਭਾਂਡੇ ਬਣਾਉਣ ਵਾਲੇ, ਮਹਿਲ-ਮਾੜੀਆਂ, ਬਾਜ਼ਾਰ-ਬਸਤੀਆਂ ਉਸਾਰਨ ਵਾਲੇ, ਗਾਵਾਂ-ਬਲ੍ਹਦ ਪਾਲਣ ਵਾਲੇ, ਘੋੜਿਆਂ ਦੇ ਪੌੜਾਂ ਤੇ ਤੀਰ ਤਲਵਾਰਾਂ ਦਾ ਸ਼ਿਕਾਰ ਹੋ ਗਏ। ਕੇਹਾ ਘਮਾਸਾਨ ਯੁੱਧ ਹੋਇਆ ਹੋਵੇਗਾ! ਇਹ ਕਲਾਤਮਕ ਬਸਤੀਆਂ ਉਸਾਰਦੇ ਰਹੇ, ਸਭਿਅਤਾ ਤੇ ਸਭਿਆਚਾਰ ਨੂੰ ਨਿਖਾਰਦੇ ਰਹੇ, ਕਲਾ ਤੇ ਕਲਾ-ਵੰਨਗੀਆਂ ਦੀ ਕਾਢ ਤੇ ਪ੍ਰਚਾਰ-ਪ੍ਰਸਾਰ ਕਰਦੇ ਰਹੇ...ਨਾ ਇਹਨਾਂ ਤੀਰ ਬਣਾਏ ਨਾ ਭਾਲੇ-ਨੇਜੇ, ਨਾ ਤਲਵਾਰਾਂ, ਨਾ ਘੋੜੇ ਪਾਲੇ ਨਾ ਹਾਥੀ। ਬਲ੍ਹਦਾਂ ਨਾਲ ਹਲ ਵਾਹੁੰਦੇ, ਖੱਡੀਆਂ 'ਤੇ ਬੁਣਤਾਂ ਬੁਣਦੇ, ਭੁੱਲ ਗਏ ਕਿ ਇਸ ਸਭ ਕਾਸੇ ਦੀ ਹਿਫ਼ਾਜ਼ਤ ਖਾਤਰ ਜੰਗਲ ਵਾਲੇ ਪਾਸੇ ਖੁੱਲਣ ਵਾਲੇ ਰਸਤਿਆਂ ਉੱਤੇ ਮਜ਼ਬੂਤ ਕਿਲੇ ਉਸਾਰਨੇ ਤੇ ਹਿਫ਼ਾਜ਼ਤ ਲਈ ਹਥਿਆਰ ਬਣਾਉਣੇ ਵੀ ਜ਼ਰੂਰੀ ਸਨ। ਕਿਉਂਕਿ ਦਰਿੰਦਿਆਂ ਕੋਲ ਪਾਰਖੂ ਅੱਖਾਂ, ਕੋਮਲ ਅਹਿਸਾਸ ਜਾਂ ਹਾਏ-ਦਯਾ ਨਾਂਅ ਦੀ ਕੋਈ ਸ਼ੈਅ ਨਹੀਂ ਹੁੰਦੀ...ਉਹ ਤਾਂ ਕਲਾ, ਕਲਾਕਾਰ ਤੇ ਉਸਦੀ ਕ੍ਰਿਤ ਦਾ ਜਵਾਬ ਸਿਰਫ ਆਪਣੇ ਵਹਿਸ਼ੀ ਪੌੜਾਂ ਤੇ ਸੁੰਮਾਂ ਨਾਲ ਦਿੰਦੇ ਨੇ।
ਚੰਨਾ ਨੇ ਬਾਹਰ ਵੱਲ ਵੇਖਿਆ। ਉਸ ਖੰਡਰ ਹੋਏ ਸ਼ਹਿਰ ਵਿਚ ਬੜੀ ਚਹਿਲ-ਪਹਿਲ ਸੀ। ਮੰਡੀ ਦੇ ਚਬੂਤਰਿਆਂ ਉੱਪਰ ਖਰਬੂਜਿਆਂ ਤੇ ਮਤੀਰਿਆਂ ਦੀਆਂ ਪੰਡਾਂ ਧਰੀਆਂ ਹੋਈਆਂ ਸਨ। ਕਪਾਹ ਦੀਆਂ ਗੰਢਾਂ, ਕਣਕ ਦੀਆਂ ਢੇਰੀਆਂ ਲੱਗੀਆਂ ਸਨ। ਪਿਆਜ਼, ਲਸਣ, ਬੇਰ, ਚਿੱਬੜ੍ਹ, ਤੂਤੀਆਂ , ਪੀਲ੍ਹਾਂ ਦੀਆਂ ਢੇਰੀਆਂ ਲੱਗੀਆਂ ਸਨ। ਆੜ੍ਹਤੀਏ ਤੇ ਗਾਹਕ ਮੁੱਲ-ਭਾਅ ਕਰ ਰਹੇ ਸਨ। ਟੋਕਰਿਆਂ ਵਾਲੇ ਤੋਰੀ, ਬੈਂਗਨ ਦੀਆਂ ਆਵਾਜ਼ਾਂ ਲਾਉਂਦੇ ਫਿਰਦੇ...ਧੋਤੀਆਂ ਵਰਗੀਆਂ ਸਾੜ੍ਹੀਆਂ ਬੰਨ੍ਹੀ, ਵੱਡੇ-ਵੱਡੇ ਘੁੰਡ ਕੱਢੀ ਜ਼ਨਾਨੀਆਂ, ਛਾਬਿਆਂ ਵਿਚ ਭਰੇ ਅਨਾਜ਼ ਵੱਟੇ ਫਲ-ਸਬਜੀ ਵਟਾਅ ਰਹੀਆਂ ਸਨ।
ਰਾਵੀ ਕਿਨਾਰੇ ਚੀਕਣੀ ਮਿੱਟੀ ਦੀਆਂ ਕੋਰੀਆਂ ਝੱਝਰਾਂ ਭਰਦੀਆਂ ਨਾਰਾਂ। ਬੋਕੇ ਪਾ-ਪਾ ਕੇ ਮਟਕੇ ਤੇ ਤਾਊੜੇ ਭਰਦੀਆਂ ਮੁਟਿਆਰਾਂ ਤੇ ਸਿਰਾਂ ਤੋਂ ਕੁਹਲਿਆਂ ਤਕ ਝੁਲਾਂਦੀਆਂ ਗੁੱਤਾਂ ਵਾਲੀਆਂ ਜਿਹਨਾਂ ਦੀਆਂ ਵੀਣੀਆਂ ਆਵੀ ਦੀਆਂ ਪੱਕੀਆਂ ਚੂੜੀਆਂ ਨਾਲ ਭਰੀਆਂ ਹੁੰਦੀਆਂ। ਸਾਗ ਦੇ ਕੁੰਨੇ ਚੁਲ੍ਹਿਆਂ 'ਤੇ ਰਿੱਝਦੇ ਰਹਿੰਦੇ। ਧਾਤ ਦੀਆਂ ਚੂੜੀਆਂ ਤੇ ਮਾਲਾਵਾਂ ਵਾਲੀਆਂ ਮਲਕਾਵਾਂ, ਹਾਥੀ ਦੰਦ ਦੇ ਸ਼ਿੰਗਾਰਦਾਨ ਸਾਹਵੇਂ ਖਲੋ ਕੇ ਲੰਮੇ ਸਿਆਹ ਵਾਲਾਂ ਵਿਚ ਲੱਕੜ ਦੇ ਦੰਦਿਆਂ ਵਾਲੀ ਕੰਘੀ ਨਾਲ ਮੀਢੀਆਂ ਗੁੰਦਦੀਆਂ ਸਨ। ਦਾਸੀਆਂ ਉਹਨਾਂ ਦੀਆਂ ਲੱਤਾਂ ਘੁੱਟਦੀਆਂ, ਤੇ ਝਾਵਿਆਂ ਨਾਲ ਅੱਡੀਆਂ ਕੂਚਦੀਆਂ। ਘੁਮਿਆਰ ਚੱਕ ਉੱਤੇ ਚੜ੍ਹੇ ਕੁੱਜੇ ਗੋਲ ਕਰਦੇ। ਬੁੱਤਘਾੜੇ ਮੂਰਤੀਆਂ ਘੜਦੇ। ਫੁੱਲਾਂ ਦਾ ਰੰਗ ਕਸ਼ੀਦ ਕੇ ਨਕਸ਼-ਨੁਹਾਰ ਸ਼ਿੰਗਾਰਦੇ। ਰਾਜ-ਮਜ਼ਦੂਰ ਮਹਿਲ, ਚੌਬਾਰੇ ਤੇ ਅਟਾਰੀਆਂ ਉਸਾਰਦੇ, ਮਨ ਚਲੇ ਮੁਰਲੀ ਵਜਾਉਂਦੇ ਫਿਰਦੇ...ਕਿ ਅਚਾਨਕ ਜੰਗਲ ਦਾ ਦਰਵਾਜ਼ਾ ਖੁੱਲ੍ਹਿਆ। ਉੱਚੇ ਉੱਚੇ ਤੇਜ਼ ਰਫ਼ਤਾਰ ਘੋੜਿਆਂ ਉੱਤੇ ਤਲਵਾਰਾਂ ਨੇਜੇ ਸੰਗੀਨਾਂ ਕਸੀ ਹਮਲਾਵਰ ਆਏ। ਉਸ ਕਲਾ ਨਗਰੀ ਨੂੰ ਹਥਿਆਰਾਂ ਦੀ ਨੋਕ ਵਿਚ ਪਰੋ ਦਿੱਤਾ, ਬਾਜ਼ਾਰਾਂ ਦੀ ਚਹਿਲ ਪਹਿਲ ਨੂੰ ਘੋੜਿਆਂ ਦੇ ਪੌੜਾਂ ਤੇ ਸੁੰਮਾਂ ਹੇਠ ਕੁਚਲ ਦਿੱਤਾ।
ਭਿਆਨਕ ਤੂਫ਼ਾਨ ਉਠਿਆ, ਲਹੂ-ਰੰਗੀ ਧੂੜ ਜ਼ਮੀਨ ਤੇ ਆਸਮਾਨ ਨੂੰ ਲਿਪਟ ਗਈ। ਨੇਜਿਆਂ, ਤਲਵਾਰਾਂ ਤੇ ਸੰਗੀਨਾਂ ਨਾਲ ਲੈਸ ਘੋੜ ਸਵਾਰਾਂ ਦੇ ਲਸ਼ਕਰ, ਚੱਪੇ-ਚੱਪੇ ਉੱਤੇ ਟੁੱਟ ਪਏ। ਫੁੱਲਾਂ ਵਿਚੋਂ ਕਸ਼ੀਦੇ ਹੋਏ ਰੰਗਾਂ ਨਾਲ ਮੂਰਤੀਆਂ ਰੰਗਨ ਵਾਲੇ ਫੁਲਾਂ ਦੀ ਮਹਿਕਾਰ ਆਪਣੇ ਹੱਥਾਂ ਵਿਚ ਵਸਾਈ ਆਪਣੀਆਂ ਮੂਰਤੀਆਂ ਉੱਪਰ ਮੂਧੜੇ ਮੂੰਹ ਜਾ ਪਏ, ਜਿਹਨਾਂ ਦੀ ਛਾਤੀ ਨੂੰ ਤਲਵਾਰ ਦੀ ਧਾਰ ਅੱਗੋਂ-ਪਿੱਛੋਂ ਸੁਰਖ਼ ਗ਼ੁਲਾਬ ਦੇ ਫੁੱਲਾਂ ਵਰਗੀ ਸ਼ੋਖ਼ ਰੰਗਤ ਦੇ ਗਈ ਸੀ। ਚੱਕ ਉੱਤੇ ਚੀਕਣੀ ਮਿੱਟੀ ਚੜ੍ਹਾ ਕੇ ਭਾਂਡੇ ਘੜਦੇ ਹੋਏ ਘੁਮਿਆਰ, ਤਾਣੀਆਂ ਉੱਤੇ ਸੂਤ ਦੀਆਂ ਅੱਟੀਆਂ ਲਪੇਟੀ ਕੱਪੜਾ ਬੁਣਦੇ ਕੱਪੜਾ-ਸਾਜ਼, ਕਪਾਹ ਤੇ ਅਨਾਜ਼ ਦੇ ਉਪਜਾਊ ਖੇਤਾਂ ਵਿਚ ਹਲ ਵਾਹੁੰਦੇ ਕਿਸਾਨ, ਵੱਡੇ ਵੱਡੇ ਨਗਰ-ਖੇੜੇ ਉਸਾਰਨ ਵਾਲੇ ਤੇ ਇਮਾਰਤਾਂ ਦੇ ਹੈਰਾਨ ਕਰ ਦੇਣ ਵਾਲੇ ਡਿਜ਼ਾਇਨ ਬਣਾਉਣ ਵਾਲੇ ਰਾਜ-ਮਜ਼ਦੂਰ...ਸਾਰੇ ਦ੍ਰਿਸ਼ ਲਹੂ-ਲੁਹਾਣ ਸਨ। ਰਾਵੀ ਦਾ ਲਾਲ ਹੋਇਆ ਪਾਣੀ ਵੱਢੀਆਂ-ਟੁੱਕੀਆਂ ਇਨਸਾਨੀ ਲੋਥਾਂ ਨੂੰ ਸਮੇਟਦਾ ਸਾਰੇ ਬੰਨ੍ਹ ਤੋੜ ਨਿਕਲਿਆ। ਜੰਡਾਂ, ਬੋਹਲਾਂ ਤੇ ਕਿੱਕਰਾਂ ਉੱਤੇ ਜਾਨ ਬਚਾਉਣ ਖਾਤਰ ਜਾ ਚੜ੍ਹੇ ਲੋਕਾਂ ਦੀਆਂ ਛਾਤੀਆਂ ਵਿਚ ਖੁੱਭੇ ਤੀਰਾਂ ਦੀਆਂ ਬਰਛੀਆਂ ਲਹੂ ਟਪਕਾਅ ਰਹੀਆਂ ਸਨ। ਬੌੜੀ ਤੋਂ ਬੋਕੇ ਭਰਦੀਆਂ ਨਾਰਾਂ ਮਾਲ੍ਹ ਨਾਲ ਲਟਕ ਗਈਆਂ ਸਨ। ਖ਼ੂਹਾਂ ਦਾ ਲਹੂ ਰੰਗਿਆ ਪਾਣੀ ਕਿਨਾਰਿਆਂ ਤੀਕ ਉਛਲਿਆ ਸੀ ਤੇ ਜ਼ਮੀਨ ਹੇਠ ਬਣੀਆ ਨਾਲੀਆਂ ਵਿਚ ਵਹਿ ਤੁਰਦਾ ਸੀ। ਇਮਾਰਤਾਂ ਕੰਬ ਰਹੀਆਂ ਸਨ। ਜਿੰਨਾਂ ਵਾਂਗਰ ਘੋੜੇ ਹਿਣਹਿਣਾਅ ਰਹੇ ਸਨ। ਹਰ ਪਾਸੇ ਚੀਕਾ-ਰੌਲੀ ਤੋਂ ਬਾਅਦ, ਚੁੱਪ ਵਾਪਰ ਗਈ ਸੀ। ਬਾਕੀ ਬਚੇ ਸਨ ਸ਼ਹਿਰ ਦੇ ਖੰਡਰ, ਮੂਰਤੀਆਂ, ਮਿੱਟੀ ਦੇ ਭਾਂਡੇ ਤੇ ਗ਼ੁਲਾਮ ਜਿਹਨਾਂ ਦੇ ਨੈਣ-ਨਕਸ਼ ਚੰਨਾਂ ਨਾਲ ਮਿਲਦੇ-ਜੁਲਦੇ ਸਨ।
ਚੰਨਾਂ ਨੇ ਉਸ ਸਾਰੀ ਤਬਾਹੀ ਉੱਤੇ ਨਿਗਾਹ ਮਾਰੀ ਤਾਂ ਉਸਨੂੰ ਲੱਗਿਆ ਕਿ ਉਹ ਵੀ ਕਿਸੇ ਤੀਰ ਦੀ ਬਰਛੀ, ਕਿਸੇ ਤਲਵਾਰ ਦੀ ਨੋਕ, ਦਿਲ ਵਿਚ ਖਾਧੀ ਬੈਠੀ...ਬੌੜੀ ਦੀ ਮੰਡ ਉੱਤੇ ਤੜਫ ਰਹੀ ਹੈ ਤੇ ਇਹ ਜਿਹੜਾ ਨਵਾਂ ਗਾਰਡ ਅਜਾਇਬ ਘਰ ਦੀਆਂ ਅਲਮਾਰੀਆਂ ਨੂੰ ਵੱਡੇ-ਵੱਡੇ ਜ਼ਿੰਦਰੇ ਮਾਰ ਰਿਹਾ ਹੈ...ਇਹ ਅਸਲ ਵਿਚ ਉਹੀ ਆਰੀਆ ਹੈ ਜ਼ਾਲਮ, ਕਾਤਲ, ਖ਼ੂਨੀ।
“ਚੱਲ ਹੁਣ ਬਾਹਰ ਨਿੱਕਲ।”
ਪਹਿਰੇਦਾਰ ਨੇ ਅਜਾਇਬ ਘਰ ਦੀ ਆਖ਼ਰੀ ਬੱਤੀ ਵੀ ਬੁਝਾ ਦਿੱਤੀ।
“ਕੋਈ ਜਬਰਦਸਤੀ ਐ ਕਿ? ਤੂੰ ਵੀ ਆਰੀਆ ਐਂ ਜਿਹੜਾ ਮੈਨੂੰ ਕੁਚਲ ਦਏਂਗਾ?”
“ਆਰੀਆ ਹੀ ਤਾਂ ਹਾਂ। ਇਹਨਾਂ ਮੂਰਤੀਆਂ, ਖੰਡਰਾਂ ਦਾ ਆਰੀਆ। ਤੇਰੇ ਵਰਗੇ ਰਾਕਸ਼ਾਂ ਤੋਂ ਇਹਨਾਂ ਨੂੰ ਬਚਾਉਣ ਲਈ ਤੈਨਾਤ ਆਂ। ਨਿਕਲ, ਜ਼ਹਿਰ ਵਿਚ ਬੁਝੇ ਨੇ ਇਹ ਸ਼ੀਸ਼ੇ, ਜੇ ਕਿਤੇ ਮਰ ਗਈ ਤਾਂ ਮੇਰੇ ਸਿਰ ਪਏਂਗੀ...”
“ਤਾਂ ਤੈਨੂੰ ਕੀ ਤੂੰ ਤਾਂ ਆਰੀਆ ਐਂ, ਮਾਰਨਾ, ਵੱਢਣਾ, ਟੁੱਕਣਾ ਈ ਤਾਂ ਤੇਰਾ ਕੰਮ ਐਂ।”
ਮੁਰਦਾ ਲੱਭਤਾਂ ਦੀ ਠੰਡਕ ਅਜਾਇਬ ਘਰ ਦੀਆਂ ਗੇਲਰੀਆਂ ਵਿਚ ਰੀਂਘ ਰਹੀ ਸੀ। ਛੱਤ ਤੋਂ ਫਰਸ਼ ਤਕ ਕਾਫ਼ੂਰ ਦਾ ਲੇਪ ਕੀਤਾ ਹੋਇਆ ਸੀ। ਜਿਸ ਵਿਚ ਖੜ੍ਹੀਆਂ ਬੇਜਾਨ ਲੱਭਤਾਂ ਵੀ ਕੰਬ ਰਹੀਆਂ ਲੱਗਦੀਆਂ ਸਨ।
ਚੰਨਾਂ ਉਸ ਸ਼ੌਅ ਕੇਸ ਨਾਲ ਢੋਅ ਲਾ ਕੇ ਠੰਡੇ ਫਰਸ਼ ਉੱਤੇ ਪਸਰ ਗਈ, ਜਿਵੇਂ ਕਾਫ਼ੂਰ ਦੀ ਠੰਡਕ ਵਿਚ ਬਰਫ਼ ਦੀ ਸਿਲ ਬਣ ਗਈ ਹੋਵੇ। ਹਨੇਰੇ ਦੇ ਘੁਸਮੁਸੇ ਜਿਹੇ ਨਾਲ ਭਰੀਆਂ ਗੇਲਰੀਆਂ ਦੀਆਂ ਉੱਚੀਆਂ ਕੰਧਾਂ ਵਿਚ ਫਿੱਟ ਘੁੰਮਦੇ ਹੋਏ ਗੋਲ ਪੱਖੇ ਅੰਦਰਲੀ ਸਾਰੀ ਗਰਮੀ ਤੇ ਸੇਕ ਬਾਹਰ ਸੁੱਟ ਰਹੇ ਸਨ। ਅੰਦਰ ਹਰੇਕ ਸ਼ੈਅ ਨੂੰ ਕਾਂਬਾ ਚੜ੍ਹ ਰਿਹਾ ਜਾਪਦਾ ਸੀ। ਸ਼ੀਸ਼ਿਆਂ ਪਿੱਛੇ ਬੰਦ ਮੁਰਦਾ ਲੱਭਤਾਂ ਵਿਚ ਵੀ ਇਕ ਹਲਕੀ ਜਿਹੀ ਕੰਬਣੀ ਮਹਿਸੂਸ ਹੋਈ। ਪਹਿਰੇਦਾਰ ਨੇ ਆਪਣੇ ਡੰਡੇ ਦੀ ਹੁੱਜ ਉਸਦੇ ਕੁਹਲੇ ਉੱਤੇ ਮਾਰੀ।
“ਚਲ ਨਿੱਕਲ ਬਾਹਰ ਵਰਨਾ ਏਸੇ ਮੂਰਤੀ ਨਾਲ ਬੰਦ ਕਰ ਦਿਆਂਗਾ ਅਲਮਾਰੀ ਵਿਚ, ਦੋਵੇਂ ਭੈਣਾ ਇਕੱਠੀਆਂ ਰਹਿਣਾ।”
ਪਹਿਰੇਦਾਰ ਦੇ ਠਹਾਕੇ ਦੀ ਗੂੰਜ ਦੋਹਾਂ ਗੇਲਰੀਆਂ ਦੀ ਉੱਚੀ ਛੱਤ ਨਾਲ ਟਕਰਾਈ ਤੇ ਸ਼ੌਅ ਕੇਸਾਂ ਵਿਚ ਗੂੰਜਦੀ ਰਹੀ।
ਬਾਹਰ ਹਾੜ੍ਹ ਜੇਠ ਟਿੱਬਿਆਂ-ਟੀਲਿਆਂ ਉੱਤੇ ਚੜ੍ਹਿਆ ਬੈਠਾ ਸੀ। ਖੰਡਰਾਂ ਵਿਚ ਉਤਰਦੀ ਤੇ ਟੀਲਿਆਂ ਉੱਤੇ ਚੜ੍ਹਦੀ ਧੁੱਪ, ਤੱਤੀ ਧੂੜ ਦੇ ਉਬਲਦੇ ਸਮੁੰਦਰਾਂ ਵਿਚ, ਹੌਂਕ ਰਹੀ ਜਾਪਦੀ ਸੀ। ਪਸੀਨੇ ਸੁਕਾਉਂਦੀ ਤਪਸ਼ ਛਤਨਾਰਾਂ ਹੇਠ ਵੀ ਦਮ ਘੋਟ ਰਹੀ ਸੀ। ਉਸ ਦੀਆਂ ਬੱਕਰੀਆਂ ਇਸ ਅਰਸੇ ਦੌਰਾਨ ਆਸ਼ਾਰਾਂ ਵਿਚ ਜਾ ਵੜੀਆਂ ਸਨ ਤੇ ਚੌੜੀਆਂ ਇੱਟਾਂ ਵਾਲੀਆਂ ਢੱਠੀਆਂ ਨੀਹਾਂ ਉੱਤੇ ਮਟਰ ਗਸ਼ਤੀ ਕਰ ਰਹੀਆਂ ਸਨ। ਜਿਹਨਾਂ ਦੇ ਖੁਰਾਂ ਨਾਲ ਭੁਰਭੁਰੀਆਂ ਇੱਟਾਂ ਦੀ ਰੇਹੀ ਉਡਦੀ ਦੇ ਕਣ ਝੜ-ਝੜ ਡਿੱਗਦੇ। ਕਮਜ਼ੋਰ ਨੀਹਾਂ ਦੇ ਤਲੇ ਨਰਮ ਮਿੱਟੀ ਦੀ ਛਾਤੀ ਵਿਚ ਹੋਰ ਧਸ ਰਹੇ ਸਨ। ਏਸ ਧੀਮੇ ਪ੍ਰੀਵਤਨ ਵੱਲੋਂ ਲਾਪ੍ਰਵਾਹ ਕੈਂਟੀਨ ਦੇ ਸਾਹਮਣੇ ਡੱਠੀਆਂ ਮੰਜੀਆਂ ਉੱਤੇ ਬੈਠੇ ਗਾਰਡ ਚਾਹ ਪੀਂਦੇ ਤੇ ਤੂਤਾਂ ਦੀ ਛਾਂ ਹੇਠ ਸੁਸਤਾਉਂਦੇ ਰਹਿੰਦੇ ਸਨ।
ਸਾਰੇ ਖੰਡਰਾਂ ਉੱਤੇ ਚੰਨਾਂ ਤੇ ਉਸਦੀਆਂ ਬੱਕਰੀਆਂ ਦਾ ਰਾਜ ਸੀ। ਉਹ ਨਾਜ਼ੁਕ ਤੇ ਕੀਮਤੀ ਆਸ਼ਾਰਾਂ ਉੱਤੇ ਆਪਣੇ ਇੱਜੜ ਦੇ ਨਾਲ-ਨਾਲ ਤੁਰਦੀ, ਉਹਨਾਂ ਨੂੰ ਲੰਘਦੀ, ਟੱਪਦੀ ਤੇ ਡੇਗਦੀ-ਢਾਉਂਦੀ ਰਹੀ। ਵਕਫ਼ਾ ਸਮਾਪਤ ਹੋਣ 'ਤੇ ਗਾਰਡਾਂ ਨੇ ਝੱਲਿਆਂ ਵਾਂਗ ਸੀਟੀਆਂ ਵਜਾਈਆਂ। ਬੱਕਰੀਆਂ ਤਾਂ ਆਪਣੀ ਗੁਸਤਾਖ਼ੀ ਤੋਂ ਡਰ ਕੇ ਖ਼ੁਦ ਹੀ ਨੌ ਗਜੇ ਦੇ ਮਜਾਰ ਨਾਲ ਲਗਵੇਂ ਟੀਲਿਆਂ ਤੋਂ ਹੇਠਾਂ ਵੱਲ ਛਾਲਾਂ ਮਾਰ ਗਈਆਂ ਪਰ ਸੇਕ ਤੇ ਭਾਫਾਂ ਮਾਰਦੀ ਸਦੀਆਂ ਪੁਰਾਣੀ ਧੂੜ ਵਿਚ ਲਿਪਟੀ ਚੰਨਾਂ ਸਹਿਜ-ਭਾਅ ਟੁਰਦੀ ਰਹੀ ਜਿਵੇਂ ਉਹਨਾਂ ਖੰਡਰਾਂ ਵਿਚੋਂ ਹੀ ਕਿਤੋਂ ਫੁੱਟ ਪਈ ਹੋਵੇ।
ਹਰ ਛਤਨਾਰ ਹੇਠ ਜੋੜੇ, ਜੁੜੇ ਬੈਠੇ ਸਨ। ਚੁੰਝਾਂ ਲੜਾਉਂਦੇ, ਕਬੂਤਰਾਂ ਦੇ ਜੋੜੇ, ਫੁਦਕ-ਫੁਦਕ ਨੱਚਦੇ ਚਿੜੀਆਂ ਦੇ ਜੋੜ, ਮੁਸਾਮਾਂ ਵਿਚੋਂ ਫੁੱਟਦੀ ਮੁਹੱਬਤ ਦੇ ਹੜ੍ਹ ਵਿਚ ਗੋਤੇ ਖਾਂਦੇ ਨੌਜਵਾਨਾਂ ਦੇ ਜੋੜੇ, ਖੰਡਰਾਂ ਵਿਚੋਂ ਉਛਲਦੀ ਧੂੜ ਤੇ ਤਪਸ਼ ਵਾਂਗ ਹਰ ਸ਼ੈਅ ਅੰਦਰ ਮਿਲਣ ਦੀ ਸ਼ਿੱਦਤ, ਭੁੱਜਦੀ ਹੋਈ ਧਰਤੀ ਵਿਚੋਂ ਉਠਦੀ ਭਾਫ ਵਾਂਗਰ ਉਬਲ ਰਹੀ ਸੀ। ਚਾਕੂ ਦੀ ਨੋਕ ਨਾਲ ਛਿੱਲ ਲੱਥੇ ਤਣੇ ਉੱਪਰ ਨਾਵਾਂ ਦਾ ਜੋੜਾ ਉਕੇਰਦੀ ਕੁੜੀ ਨੂੰ ਚੰਨਾਂ ਨੇ ਕਿਹਾ...
“ਮੇਰਾ ਨਾਂਅ ਵੀ ਏਥੇ ਲਿਖ ਦੇਅ...”
“ਬਈ, ਤੇਰੇ ਨਾਲ ਦੂਜਾ ਨਾਂਅ ਕੇਹਦਾ ਲਿਖਾਂ ਜਿਸਨੇ ਤੈਨੂੰ ਆਪਣੇ ਰੰਗੀਂ ਰੰਗ ਛੱਡਿਐ...”
ਚੰਨਾਂ ਨੇ ਆਪਣੇ ਨਿੱਕੜੇ ਵਜੂਦ ਨੂੰ ਚੁੰਨੀ ਦੀ ਬੁੱਕਲ ਵਿਚ ਕੱਸ ਕੇ ਲਪੇਟ ਲਿਆ।
“ਅਰੀਆ...”
'ਆਰੀਆ' ਗੂੰਜ ਖੰਡਰਾਂ, ਖਦਾਨਾਂ ਵਿਚ ਮੁੜ-ਮੁੜ ਗੂੰਜਦੀ ਰਹੀ।
ਚੰਨਾ ਨੇ ਇਕ ਉਂਗਲ ਦਾ ਇਸ਼ਾਰਾ ਵੱਡੇ ਗੇਟ ਉੱਤੇ ਬੰਦੂਕ ਫੜ੍ਹੀ ਖੜ੍ਹੇ ਨਵੇਂ ਪਹਿਰੇਦਾਰ ਵੱਲ ਕਰ ਦਿੱਤਾ।
ਕੁੜੀ ਤੇ ਉਸਦੇ ਦੋਸਤ ਨੇ ਸਾਂਝਾ ਠਹਾਕਾ ਲਾਇਆ।
“ਅੜੀਏ, ਤੇਰੀ ਪਸੰਦ ਤਾਂ ਅੱਛੀ ਐ, ਪਰ ਕੀ ਉਹ ਵੀ ਤੈਨੂੰ ਪਸੰਦ ਕਰਦੈ?”
ਚੰਨਾਂ ਦੀ ਹੈਰਾਨੀ ਥੇਹਾਂ ਦੀਆਂ ਟੀਸੀਆਂ ਉੱਤੇ ਟੰਗੀ ਰਹਿ ਗਈ। ਇਸ ਨਾਲ ਕੀ ਫਰਕ ਪੈਂਦਾ ਏ ਕਿ ਉਹ ਕਿਸ ਨੂੰ ਪਸੰਦ ਕਰਦੈ, ਉਹ ਖ਼ੁਦ ਤਾਂ ਉਸਦੀ ਪਸੰਦ ਹੈ ਨਾ।
“ਨੀਂ ਤੂੰ ਪੁੱਛੀਂ ਤਾਂ ਸਹੀ ਕਿ ਤੂੰ ਉਸਨੂੰ ਚੰਗੀ ਵੀ ਲੱਗਦੀ ਐਂ ਕਿ ਨਹੀਂ।”
ਖਿੜਖਿੜਾਹਟ ਦੀਆਂ ਟਾਪਾਂ ਨਾਲ ਉੱਡੀ ਧੂੜ ਦੇ ਤੂਫ਼ਾਨ ਨਾਲ ਮਹਿਲ-ਮਾਡੀਆਂ, ਮੰਡੀ-ਬਾਜ਼ਾਰ ਸਭ ਢਕੇ ਗਏ।
ਉਹ ਕਿਸੇ ਕਾਲਜ ਦੀਆਂ ਕਈ ਕੁੜੀਆਂ ਦੀ ਢਾਣੀ ਵਿਚਕਾਰ ਘਿਰਿਆ ਉਹਨਾਂ ਨੂੰ ਖੰਡਰਾਂ ਦਾ ਇਤਿਹਾਸ ਦੱਸ ਰਿਹਾ ਸੀ। ਚੰਨਾਂ ਇੱਜੜ ਦੇ ਨਾਲ ਲੋਹਾ ਪਿਘਲਾਉਣ ਵਾਲੀ ਭੱਠੀ ਤੇ ਮੰਡੀ ਵਾਲੀ ਥੇਹ ਦੇ ਆਸ਼ਾਰਾਂ ਵਲੋਂ ਉਪਰ ਚੜ੍ਹ ਗਈ ਤੇ ਬੱਕਰੀਆਂ ਨੂੰ ਤੂਤਾਂ ਦੇ ਉਸ ਰੁੱਖ ਵਲ ਹੱਕ ਦਿੱਤਾ ਜਿਸ ਦੀ ਛਾਂ ਵਿਚ ਉਹ ਆਰੀਆ, ਕੁੜੀਆਂ ਨੂੰ ਏਸ ਖੰਡਰ-ਸ਼ਹਿਰ ਦਾ ਇਤਿਹਾਸ ਦਸ ਰਿਹਾ ਸੀ। ਕੁੜੀਆਂ ਚੀਕਾਂ ਮਾਰ-ਮਾਰ ਇੰਜ ਏਧਰ-ਉਧਰ ਖਿੱਲਰ ਗਈਆਂ ਜਿਵੇਂ ਆਰੀਆਵਾਂ ਦੇ ਕਿਸੇ ਹਥਿਆਰ ਬੰਦ ਜੱਥੇ ਨੇ ਅਚਾਨਕ ਹਮਲਾ ਕਰ ਦਿੱਤਾ ਹੋਵੇ। ਨਾਜ਼ੁਕ-ਨਾਜ਼ੁਕ ਕੱਚ ਵਰਗੀਆਂ ਸ਼ਹਿਰੀ ਕੁੜੀਆਂ ਦੀਆਂ ਤੇਜ਼-ਧਾਰ ਤਿੱਖੀਆਂ ਚੀਕਾਂ ਵਿਚ ਚੰਨਾਂ ਦੇ ਵਹਿਸ਼ੀ-ਠਹਾਕੇ ਗੁਥਮੁਥ ਹੋ ਗਏ। 'ਥਾੜ' ਕਰਕੇ ਪਏ ਇਕ ਥੱਪੜ ਨਾਲ ਉਸਦੀਆਂ ਖੁੱਲ੍ਹੀਆਂ ਵਾਛਾਂ ਵਿਚ ਆਪਣੇ ਹੀ ਦੰਦ ਖੁੱਭ ਗਏ।
“ਚੱਲ ਹੇਠਾਂ! ਭੂਤਨੀਏਂ ਇਹਨਾਂ ਮਾਵਾਂ ਨੂੰ ਲੈ ਕੇ ਖੰਡਰਾਂ 'ਚੋਂ ਬਾਹਰ ਨਿਕਲ ਜਾ।”
ਉਹ ਟਪੂਸੀ ਮਾਰ ਕੇ ਤੂਤ ਦੇ ਤਣੇ ਦੁਆਲੇ ਬਣੇ ਗੋਲ ਚਬੂਤਰੇ ਉੱਤੇ ਚੜ੍ਹ ਗਈ ਤੇ ਆਰੀਆ ਦੀ ਗਰਦਨ ਵਿਚ ਨੋਕੀਲੇ ਦੰਦ ਖੋਭ ਦਿੱਤੇ।
ਜਦੋਂ ਤਕ ਨਵੇਂ ਪਹਿਰੇਦਾਰ ਨੇ ਚੂੰਡੇ ਤੋਂ ਫੜ੍ਹ ਕੇ ਉਸਨੂੰ ਖਾਲੀ ਵੱਲ ਉਛਾਲਿਆ ਉਦੋਂ ਤਾਈਂ ਉਸਦੀ ਗਰਦਨ ਉੱਤੇ ਤਿੰਨ ਥਾਂ ਦੰਦ ਪਰੋ ਚੁੱਕੇ ਸੀ ਉਹ ਤੇ ਖ਼ੂਨ ਜ਼ਬਾਨ ਦੀ ਚਿੱਤਕਬਰੀ ਨੋਕ ਨਾਲ ਚੱਟ ਰਹੀ ਸੀ।
ਪਹਿਰੇਦਾਰ ਦੀ ਗਰਦਨ ਉਤਲੇ ਦੰਦਾਂ ਦੇ ਨੀਲੇ-ਨੀਲੇ ਨਿਸ਼ਾਨਾਂ ਵਿਚੋਂ ਲਾਲ-ਲਾਲ ਲਹੂ ਸਿੰਮ ਰਿਹਾ ਸੀ, ਜਿਸ ਵਿਚ ਚੰਨਾਂ ਦੀਆਂ ਲਾਲਾਂ ਤੇ ਅੱਥਰੂ ਘੁਲੇ ਹੋਏ ਸਨ। ਉਹ ਟਿੱਲੇ ਦੀ ਢਲਾਣ ਤੋਂ ਲੁੜਕਦੀ ਹੋਈ ਹੇਠਾਂ ਵਗਦੇ ਖੇਤਾਂ ਨੂੰ ਪਾਣੀ ਪਹੁੰਚਾਉਣ ਵਾਲੇ ਖਾਲ ਵਿਚ ਮੂਧੇ-ਮੂੰਹ ਜਾ ਡਿੱਗੀ। ਪਾਣੀ ਦੀ ਤੈਅ ਉੱਤੇ ਅਣਗਿਣਤ ਅੰਗਾਰ ਵਿਛੇ ਜਾਪਦੇ ਸਨ ਜਿਹੜੇ ਚੰਨਾਂ ਦੇ ਪੋਰ-ਪੋਰ ਵਿਚ ਧਸ ਕੇ 'ਸਰ-ਸਰ' ਕਰਕੇ ਬੁਝੇ...ਚਮੜੀ ਚੁਲੂੰ-ਚੁਲੂੰ ਕਰਨ ਲੱਗ ਪਈ। ਸੁੰਨ ਹੋ ਚੁੱਕਿਆ ਨੰਗਾ ਮਾਸ ਭੁੱਜ ਗਿਆ। ਸੈਂਕੜੇ ਫੁੱਟ ਉੱਚੇ, ਟੀਲੇ ਉੱਤੇ ਕੁੜੀਆਂ ਦਾ ਝੁੰਡ ਨਵੇਂ ਪਹਿਰੇਦਾਰ ਦੁਆਲੇ ਫੇਰ ਘੇਰਾ ਘੱਤੀ ਖੜ੍ਹਾ ਸੀ। ਚੰਨਾਂ ਨੇ ਆਪਣੇ ਹੱਥਾਂ-ਬਾਹਾਂ ਉੱਤੇ ਪਾਗਲਾਂ ਵਾਂਗ ਚੱਕ ਵੱਢਣੇ ਸ਼ੁਰੂ ਕਰ ਦਿੱਤੇ। ਮਿੱਟਮੈਲੇ ਪਾਣੀ ਉੱਤੇ ਲਹੂ ਦੀ ਧਾਰ ਵਹਿ ਤੁਰੀ, ਜਿਸ ਵਿਚ ਸੂਰਜ ਦੀ ਚਮਕ ਨੇ ਨੀਲੀ ਭਾਅ ਭਰ ਦਿੱਤੀ; ਜਿਵੇਂ ਲਾਲ-ਨੀਲੇ ਸੁੱਜੇ ਹੋਏ ਜ਼ਖ਼ਮ।
ਉੱਪਰ ਥੇਹਾਂ ਦੀ ਹਰ ਇੱਟ, ਹਰ ਰੁੱਖ, ਹਰ ਖੰਡਰ, ਹਰ ਲੱਭਤ ਉੱਤੇ ਇਕੋ ਨਾਂ ਦੀ ਫੱਟੀ ਲੱਗੀ ਹੋਈ ਸੀ—
'ਆਰੀਆ।'
ਤਸਵੀਰਾਂ ਬਣਾ ਰਹੀ ਕੁੜੀ ਦੇ ਕੈਨਵਾਸ ਉੱਤੇ, ਦਸਤਾਵੇਜੀ ਫ਼ਿਲਮ ਬਣਾਉਂਦੇ ਕੈਮਰਿਆਂ ਵਿਚ, ਫ਼ੀਚਰ ਲਿਖ ਰਹੀ ਕੁੜੀ ਦੀ ਕਲਮ ਨਾਲ ਇਕੋ ਤਸਵੀਰ ਬਣ ਰਹੀ ਸੀ 'ਆਰੀਆ' ਸੈਲਾਨੀਆਂ ਤੇ ਕਾਲਜ ਦੀਆਂ ਕੁੜੀਆਂ ਦੇ ਮੂੰਹੋਂ ਇਕੋ ਲਫ਼ਜ਼ ਨਿਕਲ ਰਿਹਾ ਸੀ 'ਆਰੀਆ'।
ਕਿੱਕਰਾਂ, ਤੂਤਾਂ ਤੇ ਜੰਡਾਂ ਦੀ ਸਰਸਰਾਹਟ ਵਿਚੋਂ ਨਿਕਲੇ ਇਕੋ ਲਫ਼ਜ਼ ਦੀ ਛਣਕਾਰ ਪਾਣੀ ਭਰੇ ਖਾਲ ਵਿਚ ਜਲ-ਤਰੰਗ ਪੈਦਾ ਕਰ ਰਹੀ ਸੀ ਤੇ ਚੰਨਾਂ ਦੇ ਜਿਸਮ ਦੇ ਹਰੇਕ ਤਾਰ ਨਾਲ ਆ ਕੇ ਟਕਰਾ ਰਹੀ ਸੀ।
'ਆਰੀਆ ; ਆਰੀਆ...'
ਅਜਾਇਬ ਘਰ ਵਿਚ ਉਹ ਹਫ਼ਤਾਵਾਰੀ ਛੁੱਟੀ ਦਾ ਦਿਨ ਸੀ। ਸਾਰੇ ਖੰਡਰ, ਟੀਲੇ, ਆਸ਼ਾਰ ਸੁੰਨੇ ਪਏ ਸਨ, ਬਸ ਪੈੜਾਂ ਦੇ ਨਿਸ਼ਾਨਾਂ ਦੀ ਭੀੜ ਸੀ...ਢਲਵਾਨਾਂ ਵਿਚ ਉਤਰਦੀਆਂ ਹੋਈਆਂ ਪੈੜਾਂ, ਟੀਲਿਆਂ 'ਤੇ ਚੜ੍ਹਦੀਆਂ ਹੋਈਆਂ ਪੈੜਾਂ। ਅਣਗਿਣਤ ਪੈੜਾਂ ਤੇ ਸਾਰੀਆਂ ਪੈੜਾਂ ਹੈਰਾਨ ਕਿ ਪਤਾ ਨਹੀਂ ਕਿਹੜੀ ਕਿਸ ਦੀ ਹੈ; ਸਭ ਗਡਮਡ ਹੋਈਆਂ ਹੋਈਆਂ ਸਨ।
ਹਫ਼ਤਾਵਾਰੀ ਛੁੱਟੀ ਹੋਵੇ, ਈਦ ਹੋਵੇ ਜਾਂ ਸ਼ੱਬਰਾਤ ਹੋਵੇ, ਚੰਨਾਂ ਨੂੰ ਤਾਂ ਆਪਣੀਆਂ ਬੱਕਰੀਆਂ ਚਰਾਉਣ ਖਾਤਰ ਏਥੇ ਆਉਣਾ ਹੀ ਪੈਂਦਾ ਸੀ ਕਿਉਂਕਿ ਉਸਦਾ ਇੱਜੜ ਚਰਨ ਦੀ ਛੁੱਟੀ ਕਦੇ ਨਹੀਂ ਸੀ ਕਰਦਾ। ਉਹ ਕਬਰਸਤਾਨ ਵਾਲੀ ਖਾਈ ਰਾਹੀਂ ਉੱਪਰ ਚੜ੍ਹਦੀ ਤੇ ਢੱਠੀ ਹੋਈ ਮਸੀਤ ਦੀਆਂ ਨੀਂਹਾਂ ਟੱਪ ਕੇ ਪੱਕੀ ਪਗਡੰਡੀ ਰਾਹੀਂ, ਵਲ ਪਾ ਕੇ, ਸੱਜੇ ਹੱਥ ਨੌ ਗਜੇ ਦੇ ਮਜਾਰ ਦੇ ਇਰਦ-ਗਿਰਦ ਬੱਕਰੀਆਂ ਚਰਾਉਂਦੀ ਰਹਿੰਦੀ ਤੇ ਖੰਡਰਾਂ ਵਿਚ ਵਿਛੇ ਸੁੰਨੇ ਸੱਖਣੇ ਪੈਰਾਂ ਦੇ ਨਿਸ਼ਾਨਾ ਦੇ ਸਿਲਸਿਲੇ ਮੇਲਦੀ ਰਹਿੰਦੀ ਕਿ ਕਿਹੜਾ ਕਿਸ ਦੇ ਨਾਲ-ਨਾਲ ਕਿੱਥੋਂ ਤੀਕ ਗਿਆ—ਸ਼ਹਿਰੀ ਬੂਟ, ਦੇਸੀ ਜੁੱਤੀ, ਫੈਸ਼ਨੀ ਸੈਂਡਲ ਅੱਡੀਆਂ ਵਾਲੀਆਂ ਚੱਪਲਾਂ ਜਿਹਨਾਂ ਦੇ ਮਲੂਕੜੇ ਜਿਹੇ ਨਿਸ਼ਾਨ ਭਾਰੀ ਜੌਗਰਾਂ ਨਾਲ-ਨਾਲ ਚੜ੍ਹੇ ਸਨ, ਜਿਵੇਂ ਇੱਥੋਂ ਲੰਘਣ ਵਾਲੇ ਹਜ਼ਾਰਾਂ ਇਨਸਾਨ ਆਪਣੇ ਆਸ਼ਾਰ ਇਸ ਪੁਰਾਤਨ ਥੇਹ ਦੇ ਆਸ਼ਾਰਾਂ ਉੱਪਰ ਛੱਡ ਗਏ ਹੋਣ।
ਮਜਾਰ ਦੇ ਮਜਾਵਰ ਹਫ਼ਤੇ ਭਰ ਦੇ ਚੜ੍ਹਾਵਿਆਂ ਨੂੰ ਵੰਡ-ਵੰਡਾਅ ਕੇ ਘਸੀਆਂ ਸਫਾਂ ਉੱਤੇ ਮੁਧੜੇ-ਮੂੰਹ ਪਏ ਹੁੰਦੇ, ਸਿੱਥਲ ਦੇਹਾਂ ਉੱਤੇ ਕੀੜੇ-ਮਕੌੜੇ ਚੜ੍ਹੇ ਫਿਰਦੇ, ਖੁੱਲ੍ਹੇ ਮੂੰਹਾਂ ਵਿਚ ਮੱਖੀਆਂ ਵੜ-ਵੜ ਨਿਕਲਦੀਆਂ ਰਹਿੰਦੀਆਂ, ਕਦੀ ਕਦੀ ਤਾਂ ਚੰਨਾਂ ਨੂੰ ਇੰਜ ਵੀ ਲੱਗਦਾ ਕਿ ਠੰਡੇ ਹੋ ਗਏ ਨੇ ਪਰ ਫੇਰ ਕਬਰ ਨਾਲ ਟਿਕੇ ਰੰਗਲੇ ਪਿਆਲਿਆਂ ਤੇ ਘੁੰਘਰੂ ਵੱਝੇ ਘੋਟਨੇ ਦੀ ਧਮਕ ਮਜਾਵਰਾਂ ਦੇ ਘੌਰੜੂਆਂ ਵਰਗੇ ਘੁਰਾੜੇ ਉਸਦੀ ਇਸ ਸੋਚ ਨੂੰ ਨਕਾਰ ਦਿੰਦੇ ਤੇ ਇਹਨਾਂ ਦੀ ਸ਼ੂਕਰ ਤੋਂ ਡਰ ਕੇ ਚੰਨਾਂ ਦੀਆਂ ਬੱਕਰੀਆਂ ਖੰਡਰਾਂ ਦੇ ਨਾਲ-ਨਾਲ ਵਿਛੇ ਖੇਤਾਂ ਵਿਚ ਛਾਲਾਂ ਮਾਰ ਜਾਂਦੀਆਂ। ਕੰਟੀਨ ਵੀ ਬੰਦ ਹੁੰਦੀ। ਪਹਿਰੇਦਾਰ ਛੁੱਟੀ 'ਤੇ ਹੁੰਦੇ। ਸਾਰੇ ਖੰਡਰ ਚੰਨਾਂ ਤੇ ਉਸਦੀਆਂ ਬੱਕਰੀਆਂ ਦੇ ਰਹਿਮ ਤੇ ਭਰੋਸੇ 'ਤੇ ਹੁੰਦੇ ਪਰ ਇਹ ਨਵਾਂ ਪਹਿਰੇਦਾਰ ਸ਼ਾਇਦ ਕਿਤੇ ਦੂਰ ਪੂਰਬ ਵੱਲੋਂ ਆਇਆ ਲੱਗਦਾ ਸੀ ਜਿਹੜਾ ਅੱਜ ਵੀ ਆਪਣੀ ਕੋਠੜੀ ਉੱਤੇ ਛਾਂ ਕਰੀ ਖੜ੍ਹੇ ਤੂਤ ਦੇ ਤਣੇ ਨਾਲ ਲੱਗ ਕੇ ਸੁੱਤਾ ਹੋਇਆ ਸੀ। ਏਡੀ ਗੂੜ੍ਹੀ ਨੀਂਦ ਜਿਵੇਂ ਹਫ਼ਤਾ ਭਰ ਦਿਨ ਰਾਤ ਇਹਨਾਂ ਖੰਡਰਾਂ ਦੀ ਚੌਕੀਦਾਰੀ ਕੀਤੀ ਹੋਵੇ ਤੇ ਉਹ ਵੀ ਬਿਨਾਂ ਅੱਖ ਝਪਕਾਇਆਂ।
ਕੇਡਾ ਆਲੀਸ਼ਾਨ ਦ੍ਰਿਸ਼ ਸੀ, ਜਿੱਥੋਂ ਤਕ ਤੂਤ ਦੀ ਛਤਰੀ ਦੀ ਛਾਂ ਸੀ ਓਥੋਂ ਤਕ ਉਸਦੇ ਪੈਰ ਵਿਛੇ ਹੋਏ ਸਨ। ਤੂਤ ਦੀ ਛਤਰੀ ਹੇਠ ਹੀ ਜਿੱਥੇ ਬੁੱਢੇ ਜੰਡ ਨੇ ਆਪਣੀਆਂ ਜੜਾ ਫੈਲਾ ਦਿੱਤੀਆਂ ਸਨ, ਉਹਨਾਂ ਉੱਤੇ ਉਸਦੇ ਘੁੰਘਰਾਲੇ ਵਾਲਾਂ ਵਾਲਾ ਸਿਰ ਟਿਕਿਆ ਹੋਇਆ ਸੀ। ਜਿੱਥੇ ਤੋਰੀਆਂ ਦੀ ਨਾਜ਼ੁਕ ਵੇਲ ਨੇ ਤੋਰੀਆ ਫੁੱਲ ਖਿੜਾਏ ਸਨ, ਐਨ ਉੱਥੇ ਬੁੱਲ੍ਹ ਪਹੁੰਚੇ ਹੋਏ ਸਨ ਉਹਦੇ।
ਚੰਨਾਂ ਨੇ ਆਪਣੇ ਕਾਲੇ, ਮੋਟੇ, ਭੱਦੇ, ਲਟਕੇ ਹੋਏ ਬੁੱਲਾਂ ਦਾ ਦਾਇਰਾ ਜਿਹਾ ਬਣਾ ਕੇ ਉਸਦੇ ਪੈਰਾਂ ਨੂੰ ਛੁਹਾਅ ਦਿੱਤਾ। ਉਹ ਇਸ ਫੁਸਫੁਸੀ ਜਿਹੀ ਛੋਹ ਦੀ ਜਰਬ ਸਦਕਾ ਹੜਬੜਾ ਕੇ, ਬੈਠੇ ਬਿਨਾਂ, ਉਠ ਕੇ ਖੜ੍ਹਾ ਹੋ ਗਿਆ।
“ਏ ਤੂੰ, ਅੱਜ ਛੁੱਟੀ ਵਾਲੇ ਦਿਨ ਵੀ...”
ਉਸਨੇ ਉਜਾੜ ਪਏ ਖੰਡਰਾਂ ਵੱਲ ਨਿਗਾਹ ਘੁਮਾਈ...ਜਿੱਥੇ ਢਲਾਣ ਉਤਰਦੇ ਤੇ ਟੀਲਿਆਂ 'ਤੇ ਚੜ੍ਹਦੇ, ਅਣਗਿਣਤ, ਪੈਰਾਂ ਤੇ ਨਿਸ਼ਾਨ ਹਵਾ ਦੀ ਮੁੱਠੀ ਵਿਚ ਗਡਮਡ ਹੋ ਰਹੇ ਸਨ ਤੇ ਮਜਾਵਰਾਂ ਦੇ ਡਰਾਵਨੇ ਘੁਰਾੜਿਆਂ ਤੋਂ ਡਰ ਕੇ ਉਸ ਦੀਆਂ ਬੱਕਰੀਆਂ ਏਧਰ-ਉਧਰ ਖਤਾਣਾ ਵਿਚ ਉਤਰ ਗਈਆਂ ਸਨ।
“ਓ ਤੂੰ ਮੇਰੀ ਨੌਕਰੀ ਦੇ ਪਿੱਛੇ ਕਿਉਂ ਪਈ ਹੋਈ ਏਂ?”
ਉਸਨੇ ਇੰਜ ਹਵਾ ਵਿਚ ਹੱਥ ਲਹਿਰਾਇਆ, ਜਿਵੇਂ ਘੋੜੇ ਨੂੰ ਛਾਂਟੀ ਦਿਖਾ ਰਿਹਾ ਹੋਵੇ ਤੇ ਤਲਵਾਰ ਸੂਤ ਕੇ ਦੁਸ਼ਮਣ 'ਤੇ ਹਮਲਾ ਕਰ ਰਿਹਾ ਹੋਵੇ। ਉਹ ਉਸਦੇ ਛਾਂਟੇ, ਹੰਟਰ, ਤਲਵਾਰ ਦੀ ਮਾਰ ਵਿਚ ਆ ਗਈ...
“ਮਾਰ, ਮੈਨੂੰ ਮਾਰ...ਮਾਰ ਮੁਕਾਅ ਮੈਨੂੰ...”
ਉਸਦੇ ਦੋਵੇਂ ਹੱਥ ਆਪਣੀਆਂ ਗੱਲ੍ਹਾਂ ਉੱਤੇ ਮਾਰਨ ਲੱਗ ਪਈ, ਨਵੇਂ ਪਹਿਰੇਦਾਰ ਨੇ ਝਟਕੇ ਨਾਲ ਹੱਥ ਛੁਡਾਅ ਕੇ ਉਸਦੇ ਸਾਹਮਣੇ ਜੋੜ ਲਏ, “ਦੇਖ ਤੇਰਾ ਖ਼ੁਦਾ ਹੈ ਕਿ ਭਗਵਾਨ, ਬੁੱਧ ਹੈ ਕਿ ਯਸੂ ਮਸੀਹ...ਤੈਨੂੰ ਸਾਰਿਆਂ ਦਾ ਵਾਸਤਾ ਈ ਮੇਰੀ ਨੌਕਰੀ, ਮੈਨੂੰ ਬਖ਼ਸ਼ ਦੇਅ। ਅਜੇ ਤਾਂ ਮੇਰੀ ਸ਼ਾਦੀ ਨੂੰ ਸਿਰਫ ਦੋ ਮਹੀਨੇ ਹੋਏ ਨੇ। ਘਰੇ ਬੈਠੀ ਤਿੱਲੇ ਦੀ ਤਾਰ ਵਰਗੀ ਮੇਰੀ ਜ਼ਨਾਨੀ ਮੇਰੀ ਪਹਿਲੀ ਤਨਖ਼ਾਹ ਉਡੀਕ ਰਹੀ ਏ।”
ਉਸਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਚਕਰਾ ਕੇ ਅੰਨ੍ਹੀ ਬੌੜੀ ਵਿਚ ਜਾ ਡਿੱਗੀ ਤੇ ਫੇਰ ਗੋਡਿਆਂ ਤੇ ਕੁਹਣੀਆਂ ਭਾਰ ਘਿਸਟਦੀ ਹੋਈ ਉੱਪਰ ਚੜ੍ਹੀ ਤੇ ਆਪਣੇ ਹੱਥਾਂ ਦੀ ਰਾਕਸ਼ਸ਼ੀ ਜਕੜ ਨਾਲ ਉਸਦੀਆਂ ਲੱਤਾਂ ਫੜ੍ਹ ਲਈਆਂ। ਨੋਕੀਲੇ ਦੰਦ, ਪਿੰਜਨੀ ਵਿਚ ਖੁਭੋਅ ਦਿੱਤੇ ਜਿਵੇਂ ਦੰਦਾਂ ਰਸਤੇ, ਦੰਦਾਂ ਦੇ ਨਿਸ਼ਾਨਾਂ ਵਿਚੋਂ ਰਿਸਦੇ ਲਹੂ ਵਿਚ ਘੁਲਮਿਲ ਕੇ ਉਸਦੇ ਪੋਰ-ਪੋਰ ਵਿਚ ਸਾਰੀ ਦੀ ਸਾਰੀ ਸਮਾਅ ਜਾਣ ਚਾਹੁੰਦੀ ਹੋਵੇ।
ਪਹਿਰੇਦਾਰ ਪੈਰ ਪਟਕਣ ਲੱਗਿਆ, ਲੱਤਾਂ ਝਟਕਣ ਲੱਗਿਆ ਜਿਵੇਂ ਕੀੜੀਆਂ ਚੜ੍ਹ ਗਈਆਂ ਹੋਣ ਤੇ ਖੰਡਰਾਂ ਦੇ ਨਾਲ ਨਾਲ ਵਿਛੇ ਖੇਤਾਂ ਵਿਚ ਕੰਮ ਕਰਦੇ ਕਿਸਾਨਾਂ ਨੂੰ ਆਵਾਜ਼ਾਂ ਮਾਰਨ ਲੱਗ ਪਿਆ—
“ਓਇ ਭਰਾਵੋ, ਬੱਕਰੀਆਂ ਸਾਰੇ ਖੰਡਰ ਤਬਾਹ ਕਰ ਗਈਆਂ ਬੱਕਰੀਆਂ...ਓਇ ਭਰਾਵੋ ਮੇਰੀ ਨੌਕਰੀ ਦਾ ਸਵਾਲ ਜੇ, ਓਇ ਭਰਾਵੋ ਬੱਕਰੀਆਂ ਨੂੰ ਬਾਹਰ ਕੱਢੋ।”
ਉਹ ਜਿੱਧਰ ਗਿਆ, ਚੰਨਾਂ ਉਸਦੀਆਂ ਲੱਤਾਂ ਨਾਲ ਚੰਬੜੀ ਧੂੜ ਵਿਚ ਘਿਸਟਦੀ ਰਹੀ। ਪੱਕੀ ਪਟੜੀ ਦੀਆਂ ਰਗੜਾਂ ਖਾਂਦੀ, ਅਗੜ-ਦੁਗੜੇ ਟੋਏ-ਟਿੱਬਿਆਂ ਤੇ ਢਲਦੀਆਂ ਢਲਾਣਾ ਵਿਚ ਰੁੜ੍ਹਦੀ, ਆਸ਼ਾਰਾਂ ਦੀਆਂ ਭੁਰਭੁਰੀ ਮਿੱਟੀ ਵਾਲੀਆਂ ਇੱਟਾਂ ਨਾਲ ਵੱਜਦੀ, ਨੌ ਗਜ ਦੇ ਮਜਾਰ ਤੋਂ ਪਰ੍ਹੇ ਤਕ ਵਿਛੇ ਟਿੱਬੀਆਂ ਦੀ ਕੱਚੀ ਧੂੜ ਵਿਚ ਜਿਊਂਦੀ ਹੀ ਨੱਪੀ ਤੜਫਦੀ-ਫੜਕਦੀ ਰਹੀ। ਮਜਾਰ ਵਿਚੋਂ ਆਉਂਦੇ ਤੰਬੂਰੇ ਦੇ ਸੁਰ ਤੇ ਹੱਕ-ਹੂ ਦੇ ਆਵਾਜ਼ੇ ਜਿਵੇਂ ਉਸਦੇ ਵਜੂਦ ਦੇ ਖੁੱਲ੍ਹੇ ਮੁਸਾਮਾ ਨਾਲ ਖਹਿ-ਖਹਿ ਕੂਕਾਂ ਬਣ ਜਾਂਦੇ। ਫੇਰ ਜਿਵੇਂ ਉਹ ਸਾਰੀ ਦੀ ਸਾਰੀ ਪਿਘਲ-ਪਿਘਲ ਕੇ ਥਿਰਕਦਾ ਹੋਇਆ ਤਰਲ ਬਣ ਗਈ ਤੇ ਉਬਲਦੇ-ਉਛਲਦੇ ਲਾਵੇ ਵਾਂਗ ਰਿੱਝਦੀ ਹੋਈ, ਉਸ ਸਿਸ਼ਕਦੀ ਹੋਈ ਬਸਤੀ ਉੱਪਰ ਵਗਦੀ ਰਹੀ, ਪਹਿਰੇਦਾਰ ਮੂੰਹ ਵਿਚ ਸੀਟੀ ਪਾ ਕੇ ਉੱਚੀ ਉੱਚੀ ਵਜਾਉਣ ਲੱਗ ਪਿਆ ਜਿਵੇਂ ਮਦਦ ਲਈ ਨੋ ਗਜੇ ਦੇ ਮਜਾਵਰਾਂ ਨੂੰ ਬੁਲਾਅ ਰਿਹਾ ਹੋਵੇ। ਜਿਵੇਂ ਬਰਬਾਦ ਬਸਤੀ ਉੱਤੇ ਹਮਲਾਵਰ ਲੁਟੇਰਿਆਂ ਦਾ ਮੁਕਾਬਲਾ ਕਰਦਾ ਇਕੱਲਾ ਹੰਭ-ਟੁੱਟ ਗਿਆ ਹੋਵੇ ਤੇ ਅੱਥਰੂਆਂ, ਧੂੜ ਤੇ ਨਕਸੀਰ ਲਿੱਥੜੇ ਚਿਹਰੇ ਦੇ ਹਥਿਆਰਾਂ ਸਾਹਵੇਂ ਬੇਬਸ ਹੋ ਗਿਆ ਹੋਵੇ ਤੇ ਏਡੇ ਵੱਡੀ ਥੇਹ, ਉਸਦੇ ਆਸ਼ਾਰਾਂ ਤੇ ਖੰਡਰਾਂ ਦੀ ਹਰੇਕ ਸ਼ੈਅ ਨੂੰ ਡਾਢਾ ਖ਼ਤਰਾ ਹੋਵੇ।
ਚੰਨਾਂ ਨੂੰ ਜਿਵੇਂ ਹੜਪਾ ਦੀ ਧਾਤ ਪਿਘਲਾਉਣ ਵਾਲੀ ਭੱਠੀ ਵਿਚ ਸੁੱਟ ਦਿੱਤਾ ਗਿਆ ਹੋਵੇ ਤੇ ਹੁਣ ਉਹ ਰਿੱਝਦੇ ਹੋਏ ਲਾਵੇ ਵਾਂਗ ਕਤਰਾ-ਕਤਰਾ ਨਵੇਂ ਪਹਿਰੇਦਾਰ ਦੇ ਵਜੂਦ ਦੀ ਬੰਦੂਕ ਦਾ ਬਾਰੂਦ ਬਣ ਰਹੀ ਹੋਵੇ। ਪਹਿਰੇਦਾਰ ਨੇ ਉਸਨੂੰ ਉਲਝੀਆਂ ਹੋਈਆਂ ਜਟੂਰੀਆਂ ਤੋਂ ਫੜ੍ਹ ਕੇ ਉੱਪਰ ਵੱਲ ਉਛਾਲਿਆ ਤੇ ਜ਼ਮੀਨ ਦੇ ਹੇਠਾਂ-ਹੇਠਾਂ ਜਾਂਦੀ ਨਾਲੀ ਵਿਚ ਸੁੱਟ ਦਿੱਤਾ। ਖ਼ੁਦ ਹਫ਼ਦਾ-ਹੌਂਕਦਾ ਤੇ ਕੰਬਦਾ ਹੋਇਆ ਚੜ੍ਹਾਈ ਚੜ੍ਹਿਆ ਤੇ ਸਿੱਲ੍ਹੀ ਤਪਸ਼ ਵਿਚ ਲਿਪਟੇ ਟੀਲੇ ਉੱਤੇ ਬਣੀ ਆਪਣੀ ਕੋਠੜੀ ਵਿਚ ਵੜ ਕੇ ਅੰਦਰੋਂ ਦਰਵਾਜ਼ਾ ਬੰਦ ਕਰਕੇ ਬੈਠ ਗਿਆ। ਉਹ ਵਰੋਲੇ ਵਾਂਗ ਸਰੀਰ ਦੀ ਗਠੜੀ ਜਿਹੀ ਬਣਾ ਕੇ ਉੱਛਲ-ਉੱਛਲ ਦਰਵਾਜ਼ੇ ਵਿਚ ਟਕਰਾਂ ਮਾਰਦੀ ਰਹੀ, ਪਰ ਕਮਜ਼ੋਰ ਜਿਹਾ ਦਰਵਾਜ਼ਾ ਨਾ ਟੁੱਟਿਆ। ਸ਼ਾਇਦ ਅੰਦਰ ਪਹਿਰੇਦਾਰ ਆਪਣੇ ਮਜ਼ਬੂਤ ਜਿਸਮ ਨਾਲ ਉਸਨੂੰ ਧੱਕੀ ਬੈਠਾ ਸੀ। ਚੰਨਾਂ ਦੀ ਚਮੜੀ ਜ਼ਖ਼ਮਾਂ ਦੀਆਂ ਝਰੀਟਾਂ ਤੇ ਰਗੜਾਂ ਨਾਲ ਉੱਚੜ ਗਈ ਸੀ। ਤਪਦੀ ਦੁਪਹਿਰ ਨੇ ਜਿਸਮ ਉੱਤੇ ਜੰਮੀਂ ਧੂੜ ਤੇ ਮਿੱਟੀ ਨੂੰ ਖੋਰ ਦਿੱਤਾ ਸੀ। ਨਕਸੀਰ ਫੁੱਟ-ਫੁੱਟ ਕੇ ਬੁੱਲ੍ਹਾ, ਗਰਦਨ ਤੇ ਛਾਤੀ ਨੂੰ ਭਿਓਂ ਰਹੀ ਸੀ। ਪੈਰਾਂ ਦੀਆਂ ਪੈੜਾਂ ਨਾਲ ਭਰੇ ਸੁੰਨੇ ਖਾਲੀ ਖੰਡਰਾਂ ਵਿਚ ਬਸਤੀ ਦੀ ਖ਼ਾਮੋਸ਼ੀ ਦਹਾੜ ਰਹੀ ਸੀ। ਹਵਾ ਖੰਭ ਸਾਧ ਕੇ ਖੰਡਰਾਂ, ਖਦਾਨਾਂ ਉੱਤੇ ਹਮਲੇ ਕਰ ਰਹੀ ਸੀ। ਉਸਦੀਆਂ ਬੱਕਰੀਆਂ ਸਾਰੇ ਆਸ਼ਾਰ ਲਿਤਾੜ ਚੁੱਕੀਆਂ ਸਨ, ਜਿਵੇਂ ਕਦੀ ਆਰੀਆਵਾਂ ਨੇ ਆਪਣੇ ਘੋੜਿਆਂ ਦੇ ਸੁੰਮਾਂ ਹੇਠ ਲਿਤੜ ਕੇ ਤਬਾਹ-ਬਰਬਾਦ ਕੀਤਾ ਸੀ ਉਹਨਾਂ ਨੂੰ। ਪੁਰਾਣੀਆਂ ਨੀਹਾਂ ਦੀਆਂ ਇੱਟਾਂ ਉੱਖੜ-ਉੱਖੜ ਲੁੜਕ ਰਹੀਆਂ ਸਨ। ਚੰਨਾਂ ਅੱਥਰੂਆਂ ਤੇ ਜ਼ਖ਼ਮਾਂ ਦੀ ਘਾਣੀ ਵਿਚ ਘਾਣ ਹੋਈ ਪਤਾ ਨਹੀਂ ਸੌਂ ਗਈ ਸੀ ਕਿ ਬੇਹੋਸ਼ ਹੋ ਗਈ ਸੀ। ਉਸਦੀਆਂ ਬੱਕਰੀਆਂ ਉਸਨੂੰ ਸੁੰਘਦੀਆਂ ਰਹੀਆਂ, ਪੌੜ ਮਾਰ-ਮਾਰ ਜਗਾਉਂਦੀਆਂ ਰਹੀਆਂ ਤੇ ਆਖ਼ਰ ਉਸਦੇ ਗਿਰਦ ਘੇਰਾ ਬਣਾ ਕੇ ਬੈਠ ਗਈਆਂ। ਜਿਵੇਂ ਇਕ ਦੂਜੇ ਦੇ ਗਲ਼ ਲੱਗ ਵੈਣ ਪਾ ਰਹੀਆਂ ਹੋਣ। ਉਨਾਭੀ ਸੂਰਜ ਧੂੜ ਵਿਚ ਲਿਪਟਿਆ ਮਘ ਰਿਹਾ ਸੀ। ਆਸਮਾਨ ਵਿਚ ਲਹੂ ਵਰਗੀ ਲਾਲੀ ਪਸਰ ਗਈ ਸੀ, ਜਿਸ ਦਾ ਲਾਲ ਰੰਗ ਲਹੂ ਵਾਂਗਰ ਥੇਹਾਂ ਦੇ ਟਿੱਬਿਆਂ ਦੀਆਂ ਟੀਸੀਆਂ ਉੱਤੇ ਛਿੜਕਿਆ ਜਾਪਦਾ ਸੀ। ਖੰਡਰਾਂ ਵਿਚ ਉੱਡੀ ਫਿਰਦੀ ਧੂੜ ਦੀ ਧੁੰਦ ਕਾਲੀ ਪੈ ਰਹੀ ਸੀ। ਕੋਠੜੀ ਦਾ ਦਰਵਾਜ਼ਾ ਖੁੱਲ੍ਹਾ ਪਿਆ ਸੀ। ਜਿਸ ਵਿਚ ਲੁਕਿਆ ਹਨੇਰਾ ਬਾਹਰ ਵੱਲ ਅਹੁਲ ਰਿਹਾ ਸੀ। ਜਦੋਂ ਚੰਨਾਂ ਦੀ ਅੱਖ ਖੁੱਲ੍ਹੀ ਤਾਂ ਮਗਰਬ (ਆਥਣ) ਦੀ ਆਜਾਨ ਖਦਾਨਾਂ ਦੀ ਗੂੰਜ ਬਣੀ ਹੋਈ ਸੀ, ਜਿਸ ਵਿਚ ਨੋ ਗਜੇ ਦੇ ਮਜਾਰ ਵਿਚੋਂ ਉਠਦੇ ਹੋਏ ਹੂ-ਹੱਕ ਦੇ ਆਵਾਜ਼ੇ ਘੁਲਮਿਲ ਰਹੇ ਸਨ। ਕੋਠੜੀ ਵਿਚ ਭਰੇ ਹਨੇਰੇ ਵਿਚ ਹਰ ਕਿਤੇ ਹੱਥ ਮਾਰਿਆ, ਪਹਿਰੇਦਾਰ ਕਿਤੇ ਨਹੀਂ ਸੀ। ਸ਼ਾਇਦ ਉਹ ਕੋਠੜੀ ਦੇ ਦਰ 'ਤੇ ਬੇਹੋਸ਼ ਪਏ ਵਜੂਦ ਉਪਰੋਂ ਟੱਪ ਕੇ ਕਿਧਰੇ ਚਲਾ ਗਿਆ ਸੀ...ਆਪਣੀ ਤਿੱਲੇ ਦੀ ਤਾਰ ਵਰਗੀ ਨਵੀਂ ਨਕੋਰ ਲਾੜੀ ਕੋਲ...ਤੇ...ਤੇ ਉਸਨੂੰ ਪਤਾ ਵੀ ਨਹੀਂ ਸੀ ਲੱਗਿਆ। ਨਸ-ਨਸ ਵਿਚੋਂ ਫੁੱਟਦਾ ਕੁਰਲਾਹਟ ਮਸਜਿਦ ਵਿਚੋਂ ਆਉਂਦੀ ਅਜ਼ਾਨ ਵਿਚ ਘੁਲ ਰਿਹਾ ਸੀ। ਉਸਦੇ ਤਣ ਦਾ ਰਿੱਝਦਾ ਲਾਵਾ ਤੁਬਕਾ ਤੁਬਕਾ ਕਰਕੇ ਵਹਿ ਗਿਆ ਸੀ। ਖਾਲੀ ਖਾਲੀ ਉੱਧੜੀ ਹੋਈ ਕੁੰਜ, ਮੁੜੀ-ਤੁੜੀ ਪਈ ਸੀ। ਉਸਦੀਆਂ ਬੱਕਰੀਆਂ ਚਰਨਾਂ ਛੱਡ ਕੇ ਕੋਠੜੀ ਦੇ ਬਾਹਰ ਇਕ ਦੂਜੀ ਦੇ ਪੇਟ ਵਿਚ ਬੂਥਾਂ ਧੰਸਾਈ ਉਦਾਸ ਬੈਠੀਆਂ ਸਨ। ਪੁੱਟੀਆਂ ਹੋਈਆਂ ਥੇਹਾਂ ਵਿਚ ਹਲਕੇ ਹਲਕੇ ਹਨੇਰੇ ਦੇ ਜਾਲੇ, ਵਿੰਗੇ-ਤ੍ਰਿਛੇ ਤਣੇ ਹੋਏ ਸਨ। ਟੀਲਿਆਂ 'ਤੇ ਦੂਰ ਤਕ ਫੈਲੇ ਆਸਮਾਨ ਨੂੰ ਦਿਸਹੱਦੇ ਤੀਕ ਗ੍ਰਹਿਣ ਲੱਗਿਆ ਜਾਪਦਾ ਸੀ ਤੇ ਸੂਰਜ ਕਾਂਸੀ ਦੇ ਥਾਲ ਵਰਗਾ ਮੂੰਹ ਕੱਢੀ ਟੀਲਿਆਂ ਦੀ ਟੀਸੀ 'ਤੇ ਟੰਗਿਆ ਜਾਪਦਾ ਸੀ। ਯਕਦਮ ਓਸ ਉਜੜੀ ਬਸਤੀ ਵਿਚ ਜੰਗੀ ਨਾਅਰੇ ਬੁਲੰਦ ਹੋਣ ਲੱਗੇ, ਕਿਤੇ ਫਤਿਹ ਦਾ ਬਿਗਲ ਵੱਜ ਰਿਹਾ ਸੀ।
ਦਗੜ ਦਗੜ ਦੀਆਂ ਆਵਾਜ਼ਾਂ ਬੜੀਆਂ ਤੇਜ਼ ਸਨ। ਸ਼ਾਇਦ ਆਰੀਆਵਾਂ ਦੇ ਜੱਥੇ ਹਮਲਾ ਕਰਨ ਆ ਰਹੇ ਸਨ ਦੇ ਜ਼ਮੀਨ ਤੇ ਆਸਮਾਨ ਦੇ ਵਿਚਕਾਰ ਭਰੀ ਹਰੇਕ ਸ਼ੈਅ ਨੂੰ ਵੱਢ-ਟੁੱਕ ਰਹੇ ਸਨ। ਚੰਨਾਂ ਵਿਚ ਹਿੰਮਤ ਨਹੀਂ ਸੀ ਰਹੀ ਕਿ ਉਹ ਕੋਠੜੀ ਵਿਚ ਭਰੇ ਹਨੇਰੇ ਵਿਚੋਂ ਨਿਕਲ ਕੇ ਬਾਹਰਲੇ ਹੰਗਾਮੇਂ ਨੂੰ ਦੇਖ ਸਕੇ।
ਨੌ ਗਜੇ ਦੀ ਕਬਰ 'ਚੋਂ ਨਿਕਲਣ ਵਾਲਾ ਕਲੰਦਰਾਂ, ਮਸਤਾਂ, ਮਲੰਗਾਂ ਦਾ ਲਸ਼ਕਰ ਨੇਜੇ, ਭਾਲੇ, ਤੀਰ, ਤਲਵਾਰਾਂ ਸੂਤ ਕੇ ਉਸ ਦੇ ਸਿਰ 'ਤੇ ਆਣ ਖੜ੍ਹਾ ਹੋਇਆ। ਹਿਣਹਿਣਾਉਂਦੇ ਹੋਏ ਘੋੜੇ ਪੌੜ ਚੁੱਕੀ ਪੂਛਾਂ ਹਿਲਾਉਂਦੇ ਟਾਪਾਂ ਵਜਾਉਂਦੇ ਕੋਠੜੀ ਦਾ ਕੱਚਾਂ ਫਰਸ਼ ਉਖਾੜ ਰਹੇ ਸਨ।
ਧੂੜ ਤੇ ਹਨੇਰਾ ਭਰੀ ਕੋਠੜੀ ਵਿਚ ਆਲੂ ਵਾਂਗ ਝਿਰੜੀ ਚੰਨਾਂ ਦੀ ਜ਼ਖ਼ਮੀ ਖੱਲੜੀ ਵਿਚੋਂ ਸਿਸਕੀ ਜਿਹੀ ਨਿਕਲੀ,
“ਉਹ ਕਿੱਥੇ ਗਿਆ?”
“ਨੀਂ ਮੂਰਖੇ! ਉਹ ਤਾਂ ਗਿਆ ਆਪਣੀ ਤਿੱਲੇ ਦੀ ਤਾਰ ਵਰਗੀ ਲਾੜੀ ਕੋਲ, ਚੱਲਾ ਗਿਆ।”
ਥੇਹਾਂ ਦੀਆਂ ਸ਼ਾਨਦਾਰ ਲੱਭਤਾਂ, ਚੌੜੀਆਂ ਚੌੜੀਆਂ ਨੀਹਾਂ ਦੀਆਂ ਇੱਟਾਂ, ਦੜ-ਦੜ ਕਰਕੇ ਡਿੱਗਣ ਲੱਗੀਆਂ।
“ਆਰੀਆ, ਆਰੀਆ...”
ਸਿਸਕਾਰ ਉਸਦੇ ਕਾਲੇ ਮੋਟੇ ਬੁੱਲ੍ਹਾਂ ਉੱਪਰ ਲਿਥੜੀ ਨਕਸੀਰ ਨਾਲ ਚਿਪਕ ਕੇ ਰਹਿ ਗਈ।
“ਨੀਂ ਓਸ ਵਿਚ ਕੀ ਸਵਾਦ ਐ ਅਜਿਹਾ, ਜਿਹੜਾ ਸਾਡੇ ਵਰਗੇ ਕਲੰਦਰਾਂ ਵਿਚ ਨਹੀਂ ਲੱਭਾ ਤੈਨੂੰ।”
ਸੱਪ ਦੇ ਫੁਕਾਰੇ ਵਰਗੀ ਆਵਾਜ਼, ਚਪਟੀ ਨੱਕ, ਗੱਲ੍ਹਾਂ ਦੀਆਂ ਹੱਡੀਆਂ ਪਿਚਕੀਆਂ-ਚਿਪਕੀਆਂ ਹੋਈਆਂ, ਠੋਡੀ ਉੱਪਰ ਸਫੇਦੀ ਵਿਚ ਘੁਲੀ ਪੀਲਕ ਲਿੱਪੀ ਦਾੜ੍ਹੀ...ਜਿਵੇਂ ਅਜਾਇਬ ਘਰ ਦੀ ਕਾਫ਼ੂਰ ਦੀ ਠੰਡਕ ਵਿਚ ਲਿਪਟੀ ਹੋਈ ਕੋਈ ਮੁਰਦਾ ਮੂਰਤੀ, ਬਿਲਕੁਲ ਯਖ਼ ਤੇ ਬੇਹਿਸ...ਜਿਸ ਉੱਪਰ ਲਟਕਦੀ ਹੋਈ ਫੱਟੀ ਉੱਤੇ ਲਿਖਿਆ ਸੀ—
“ਆਰੀਆ।”
ਉਸਦੀ ਧੂੜ ਮਿੱਟੀ ਨਾਲ ਲਿੱਬੜੀ ਦਾੜ੍ਹੀ ਦੀਆਂ ਜਟਾਂ ਤੇ ਮੁੱਛਾਂ ਵਿਚਲੀ ਗੁਫ਼ਾ ਵਿਚੋਂ ਲਾਲਾਂ ਵਗ ਰਹੀਆਂ ਸਨ, ਅਜ਼ਾਨ ਦੀਆਂ ਸਦਾਵਾਂ ਦੀ ਗੂੰਜ ਖੰਡਰਾਂ ਵਿਚ ਭੌਂ-ਭਟਕ ਰਹੀ ਸੀ। ਲੰਮੀਆਂ ਜਟਾਂ, ਦਾੜ੍ਹੀ ਤੇ ਮੁੱਛਾਂ ਹੇਠ ਗੰਦੀ ਖੱਲ ਵਿਚ ਮੜ੍ਹੇ ਸਾਈਂ ਬਾਬਾ ਨੇ ਹਰੇ ਚੋਗੇ ਦੀਆਂ ਖੁੱਲ੍ਹੀ ਬਾਹਾਂ ਚੜ੍ਹਾਈਆਂ ਤੇ ਹਿਣਹਿਣਾਉਂਦੇ ਹੋਏ ਘੋੜਿਆਂ ਨੂੰ ਹੱਥ ਦੇ ਇਸ਼ਾਰੇ ਨਾਲ ਰੋਕਿਆ।
“ਇਮਾਮਤ (ਸ਼ੁਰੂਆਤ) ਮੈਂ ਕਰਾਂਗਾ। ਤੁਸੀਂ ਸਬ ਜਮਾਇਤ (ਕੌਮ) ਦੇ ਵਾਸਤੇ ਸਫ਼ ਬਨਾ ਕੇ ਇਕਾਮਤ (ਆਪਣੀ ਵਾਰੀ ਦੀ ਉਡੀਕ) 'ਚ ਰੁਕੋ।”
ਚੰਨਾਂ ਨੇ ਫੁੱਟੀ ਹੋਈ ਨਕਸੀਰ ਦੇ ਮੂੰਹ ਵਿਚ ਪੈ ਰਹੇ ਲਹੂ ਦੇ ਮੋਟੇ ਮੋਟੇ ਲੋਥੜਿਆਂ ਨੂੰ ਅੰਦਰ ਨਿਗਲਿਆ—
“ਸਾਈਂ ਬਾਬਾ! ਅੱਜ ਤੁਸੀਂ ਨਮਾਜ਼ ਨਹੀਂ ਪੜ੍ਹਨੀ ਕਿ...?”
“ਓਇ ਬਈ ਇਹ ਨਮਾਜ਼ ਈ ਤਾਂ ਐ। ਬਾਹਰ ਵੇਖ ਸਾਰੇ ਟਿੱਲੇ-ਟੋਏ, ਖੰਡਰ-ਢਲਵਾਨਾਂ, ਤੂਤ, ਵਣ, ਬਕੈਣਾ ਸਭੋ ਬੰਦਗੀ ਹੈਨ।”
ਚੰਨਾਂ ਦੀਆਂ ਚੀਕਾਂ ਕਾਲੀਆਂ ਲੀਕਾਂ ਵਾਲੇ ਹੱਥਾਂ ਵਿਚ ਫੜ੍ਹੇ ਕੁੰਡੇ ਵਾਲੇ ਪਿਆਲਿਆਂ ਵਿਚ ਡੁੱਬ ਡੁੱਬ ਬੁਝਦੀਆਂ ਰਹੀਆਂ, ਜਿਹਨਾਂ ਵਿਚੋਂ ਭੰਗ ਦੀ ਭੈੜੀ ਬੋ ਆ ਰਹੀ ਸੀ ਤੇ ਹਰੇ ਚੋਲਿਆਂ ਵਿਚ ਵੱਸੀ ਅਫ਼ੀਮ ਦੀ ਬੂ ਦਾ ਚੰਨਾਂ ਦੀ ਮਲੂਕੜੀ ਜਿਹੀ ਦੇਹ ਉੱਤੇ ਲੇਪ ਹੁੰਦਾ ਰਿਹਾ। ਕਾਲੇ ਮਸੂੜਿਆਂ ਵਾਲੇ ਤੇ ਕਰੇੜਾ ਜੰਮੇਂ ਦੰਦਾਂ ਦੀਆਂ ਵਿਰਲਾਂ ਵਿਚੋਂ ਰੂੜੀ ਮਾਰਕਾ ਸ਼ਰਾਬ ਦੀਆਂ ਬੂੰਦਾਂ, ਚੰਨਾਂ ਦੇ ਖੁੱਲ੍ਹੇ ਮੂੰਹ ਵਿਚ ਟਪਕਦੀਆਂ ਰਹੀਆਂ।
ਥੇਹਾਂ, ਖਦਾਨਾਂ ਵਿਚ ਘੁੰਮਦੀ ਅਜ਼ਾਨ ਦੀ ਆਵਾਜ਼ ਚੁੱਪ ਸੀ।
ਤੂਤਾਂ ਤੇ ਵਣਾ ਦੀਆਂ ਛਤਰੀਆਂ ਵਿਚੋਂ ਆਉਂਦੀ ਚਮਗਿੱਦੜਾਂ ਦੇ ਖੰਭਾਂ ਦੀ ਫੜਫੜਾਹਟ ਤੇ ਖੰਡਰਾਂ, ਥੇਹਾਂ ਵਿਚ ਭਰੀ ਹੋਈ ਵਹਿਸ਼ਤ ਵਿਚ ਇਕੋ ਜਿਹੀ ਸ਼ੂਕ ਸੀ—
“ਆਰੀਆ...”
“ਆਰੀਆ...ਆਰੀਆ..”
(ਪਾਕੀ ਉਰਦੂ ਕਹਾਣੀ : ਅਨੁਵਾਦ : ਮਹਿੰਦਰ ਬੇਦੀ, ਜੈਤੋ)

  • ਮੁੱਖ ਪੰਨਾ : ਪੰਜਾਬੀ ਕਹਾਣੀਆਂ