Punjabi Kavita
  

Ik Mada Ik Kuri : Harishankar Parsai

ਇਕ ਮਾਦਾ, ਇਕ ਕੁੜੀ (ਵਿਅੰਗ) : ਹਰੀਸ਼ੰਕਰ ਪਰਸਾਈ

ਕਮਲਾ ਦਾਸ ਮਲਿਆਲਮ ਤੇ ਅੰਗਰੇਜ਼ੀ ਦੀ ਪ੍ਰਸਿੱਧ ਕਥਾ-ਲੇਖਕਾ ਤੇ ਕਵਿੱਤਰੀ ਹੈ ਤੇ ਅੰਮ੍ਰਿਤਾ ਪ੍ਰੀਤਮ ਪੰਜਾਬੀ ਤੇ ਹਿੰਦੀ ਦੀ ਪ੍ਰਸਿੱਧ ਕਥਾ-ਲੇਖਕਾ ਤੇ ਕਵਿੱਤਰੀ। ਦੋਵਾਂ ਆਪੁ-ਆਪਣੀ ਆਤਮ-ਕਥਾ ਲਿਖ ਮਾਰੀ। ਕਮਲਾ ਦਾਸ ਦੀ ਆਤਮ-ਕਥਾ ਦਾ ਨਾਂਅ ਹੈ 'ਮੇਰੀ ਕਹਾਣੀ' ਤੇ ਅੰਮ੍ਰਿਤਾ ਪ੍ਰੀਤਮ ਦੀ 'ਰਸੀਦੀ ਟਿਕਟ'।

ਪੜ੍ਹ ਮੈਂ ਕਾਫੀ ਚਿਰ ਪਹਿਲਾਂ ਹੀ ਲਈਆਂ ਸਨ, ਪਰ ਇਹਨਾਂ ਬਾਰੇ ਕੁਝ ਕਹਿਣ ਤੋਂ ਹਾਲੇ ਤੀਕ ਡਰ ਰਿਹਾ ਹਾਂ…ਕਿਉਂਕਿ ਇਹ ਦੋਵੇਂ 'ਲਿਬਰੇਟੇਡ' (ਮੁਕਤ/ਆਜ਼ਾਦ) ਨਾਰੀਆਂ ਨੇ ; ਘੱਟੋਘੱਟ ਇਹਨਾਂ ਦੇ ਤੇਵਰ ਤਾਂ ਅਜਿਹੇ ਹੀ ਨੇ। ਪਤਾ ਨਹੀਂ ਕਿਸ ਕਿਸ ਚੀਜ਼ ਤੋਂ ਮੁਕਤ ਹੋ ਚੁੱਕੀਆਂ ਨੇ…! ਇਹਨਾਂ ਦੀ ਮੁਕਤੀ ਦੇ ਜਾਲ ਵਿਚ ਫਸ ਜਾਓ, ਤਾਂ ਫ਼ਜ਼ੀਹਤ (ਖ਼ੈਰ ਨਹੀਂ)। ਹਾਂ, ਮੁਕਤੀ ਦੀਆਂ ਵੀ ਆਪਣੀਆਂ ਹੀ ਜੰਜ਼ੀਰਾਂ ਹੁੰਦੀਆਂ ਨੇ।

ਇਹਨਾਂ ਆਤਮ-ਕਥਾਵਾਂ ਨੂੰ ਪੜ੍ਹ ਕੇ ਲੱਗਿਆ ਕਿ ਇਹਨਾਂ ਮੁਕਤ ਤੇ ਬੁੱਧਵਾਨ-ਨਾਰੀਆਂ ਨੇ, ਆਪਣੇ ਆਪ ਨੂੰ ਉਹਨਾਂ ਜੰਜ਼ੀਰਾਂ ਵਿਚ ਹੋਰ ਵਧੇਰੇ ਜਕੜ ਲਿਆ ਹੈ, ਜਿਹੜੀਆਂ ਨਾਰੀ ਨੂੰ ਦਾਸੀ ਬਣਾਈ ਰੱਖਦੀਆਂ ਨੇ…ਯਾਨੀ, ਚੰਮੜੀ ਦਾ ਮੋਹ ਤੇ ਅਤੀ ਭਾਵੁਕਤਾ ਰੂਪੀ ਜੂਲਾ।

ਕਮਲਾ ਦਾਸ ਦੀ ਆਤਮ-ਕਥਾ ਦਾ ਨਾਂਅ ਹੋਣਾ ਚਹੀਦਾ ਸੀ 'ਇਕ ਮਾਦਾ ਦੀ ਕਹਾਣੀ'। ਇਹ ਕਿਸੇ ਔਰਤ ਦੀ ਕਹਾਣੀ ਨਹੀਂ ਜਾਪਦੀ, ਤੇ ਲੇਖਕਾ ਦੀ ਤਾਂ ਬਿਲਕੁਲ ਵੀ ਨਹੀਂ : ਸ਼ੁੱਧ ਮਾਦਾ ਦੀ ਕਹਾਣੀ ਲੱਗਦੀ ਹੈ। ਇਹ ਕਿਸੇ ਬੱਕਰੀ ਜਾਂ ਗਊ ਦੀ ਕਹਾਣੀ ਵੀ ਨਹੀਂ ਹੋ ਸਕਦੀ। ਬੱਕਰੀ ਜਾਂ ਗਊ ਨੂੰ ਘੱਟੋਘੱਟ ਘਾਹ ਫੂਸ ਦੀ ਤਾਂ ਚਿੰਤਾ ਹੁੰਦੀ ਹੈ ; ਕਮਲਾ ਦਾਸ ਨੂੰ ਇਹ ਚਿੰਤਾ ਵੀ ਨਹੀਂ। ਬੱਕਰੀ ਤੇ ਗਊ ਦੇ ਸੈਕਸ ਕਰਨ ਦਾ ਕੋਈ ਵਿਸ਼ੇਸ਼ ਸਮਾਂ ਜਾਂ ਰੁੱਤ ਹੁੰਦੀ ਹੈ ; ਕਮਲਾ ਦਾਸ ਬਾਰਾਂ ਮਾਸੀਆ ਹੈ।

ਬੱਕਰੀ ਜਾਂ ਗਊ ਬੱਚੇ ਨੂੰ ਦੁੱਧ ਪਿਆਉਂਦੀ ਜਾਂ ਚੱਟਦੀ ਹੈ, ਕਮਲਾ ਦਾਸ ਨੇ ਆਪਣੇ ਆਦਮ ਜਾਦ ਨਾਲ ਇੰਜ ਕੀਤਾ ਹੋਵੇ, ਇਸਦੀ ਭਿਣਕ ਵੀ ਇਸ ਕਿਤਾਬ ਵਿਚ ਨਹੀਂ ਮਿਲਦੀ। ਪਤੀ ਨਾਲ ਨਫ਼ਰਤ ਜਾਂ ਪ੍ਰੇਮ ਦਾ ਕੋਈ ਰਿਸ਼ਤਾ ਨਹੀਂ, ਉਹ ਸਿਰਫ ਅਤੀ ਕਾਮੁਕ ਨਰ ਹੈ। ਸਮ-ਲਿੰਗੀ ਵੀ ਹੈ। ਪਤੀ ਸਮੇਤ ਜਿਹਨਾਂ ਆਦਮੀਆਂ ਦੇ ਲੇਖਕਾ ਨਾਲ ਸੰਬੰਧ ਰਹੇ ਨੇ, ਉਹਨਾਂ ਵਿਚੋਂ ਕਿਸੇ ਨਾਲ ਵੀ ਲੇਖਕਾ ਦੀ ਕੋਈ ਭਾਵ-ਆਤਮਕ ਸਾਂਝ ਨਹੀਂ। ਇਕ ਲੋਲ੍ਹੜ ਹੈ, ਜਿਹੜਾ ਲੇਖਕਾ ਨੂੰ ਦੇਵੀ ਮੰਨ ਕੇ ਦੂਰੋਂ ਹੀ ਉਹਦੀ ਆਰਤੀ ਕਰਦਾ ਰਹਿੰਦਾ ਹੈ।
ਪੂਰੀ ਕਥਾ ਵਿਚ ਇਹੋ ਗੱਲਾਂ ਨੇ : ਚੁੰਮਾਂ-ਚੱਟੀ, ਦਬੋਚ ਲੈਣਾ, ਮਸਲ ਦੇਣਾ, ਬਿਸਤਰੇ ਤੇ ਜਾ ਵਿਛਣਾ…ਕਦੀ ਇੱਛਾ ਨਾਲ, ਕਦੀ ਅਣਇੱਛਾ ਨਾਲ। ਮੈਂ ਹਰੇਕ ਅਧਿਆਏ ਇਸ ਆਸ ਨਾਲ ਖੋਹਲਦਾ ਰਿਹਾ ਕਿ ਸ਼ਾਇਦ ਇਸ ਵਿਚ ਕੁਝ ਵੱਖਰਾ ਹੋਵੇ…ਪਰ ਉਹੀ, ਉਹੀ ਤੇ ਸਿਰਫ ਉਹੀ ਕੁਝ ਹੁੰਦਾ ਰਿਹਾ।
ਅੰਮ੍ਰਿਤਾ ਪ੍ਰੀਤਮ ਦੀ ਭਾਸ਼ਾ, ਸ਼ੈਲੀ ਤੇ ਅਦਾਵਾਂ ਬੜੀਆਂ ਰੰਗੀਨ ਨੇ ਤੇ ਅਤੀਭਾਵੁਕ ਤੇ ਸਸਤੀਆਂ ਭਾਵਨਾਵਾਂ ਐਰਾ-ਵਗੈਰਾ ਵੀ ਨੇ। ਠੋਸ ਯਥਾਰਥੀ ਜ਼ਿੰਦਗੀ ਅੰਮ੍ਰਿਤਾ ਪ੍ਰੀਤਮ ਲਈ ਸਿਰਫ ਲਿਜਲਿਜੀ, ਲਿੱਸੜ, ਪਰ ਕਿਤੇ-ਕਿਤੇ ਲੰਮਕਦੇ ਹੋਏ ਫੁੰਦੇ ਵਰਗੀ ਭਾਵੁਕਤਾ ਜਿਹੀ ਹੈ।

ਸਾਹਿਰ ਦੀ ਛਾਤੀ ਉਪਰ ਕਦੀ ਅਲ੍ਹੜ-ਉਮਰੇ, ਅੰਮ੍ਰਿਤਾ ਪ੍ਰੀਤਮ ਨੇ ਕੌੜੇ ਤੇਲ ਦੀ ਮਾਲਿਸ਼ ਕੀਤੀ ਸੀ। ਕਹਿੰਦੀ ਹੈ, 'ਚਾਂਹਦੀ ਸੀ ਹਮੇਸ਼ਾ ਇਵੇਂ ਹੀ ਤੇਲ ਮਲਦੀ ਰਵਾਂ।' (ਯਾਨੀ ਵਿਚਾਰਾ ਸਾਹਿਰ ਜ਼ਿੰਦਗੀ-ਭਰ ਬੀਮਾਰ ਰਹੇ।)। ਇਸ ਘਟਨਾਂ ਨੂੰ ਅੰਮ੍ਰਿਤਾ ਪ੍ਰੀਤਮ ਏਨੀ ਵਾਰੀ ਬਿਆਨ ਕਰ ਚੁੱਕੀ ਹੈ ਤੇ ਲੋਕਾਂ ਨੇ ਏਨੀ ਵਾਰੀ ਪੜ੍ਹੀ ਹੈ ਕਿ ਵਿਚਾਰੇ ਸਾਹਿਰ ਦੀ ਛਾਤੀ ਉੱਤੇ ਰਗੜਾਂ ਨਾਲ ਛਾਲੇ ਪੈ ਗਏ ਹੋਣਗੇ ; ਏਨੀ ਮਾਲਿਸ਼ ਹੋਈ ਹੈ।

ਮੇਰਾ ਅੰਦਾਜ਼ਾ ਹੈ ਕਿ ਅੰਮ੍ਰਿਤਾ ਦੇ ਏਸ ਵਾਰੀ ਦੇ ਬਿਆਨ ਨਾਲ ਤਾਂ ਖ਼ੁਦ ਵਿਚਾਰਾ ਸਾਹਿਰ ਵੀ ਸਿਰਫ ਪ੍ਰੇਸ਼ਾਨ ਹੀ ਨਹੀਂ, ਬਲਿਕੇ ਸ਼ਰਮਿੰਦਾ ਵੀ ਹੋ ਗਿਆ ਹੋਵੇਗਾ। ਇਸ 'ਲਿਬਰੇਸ਼ਨ' ਦਾ, ਅੰਮ੍ਰਿਤਾ ਪ੍ਰੀਤਮ ਦੀ ਜ਼ੁਬਾਨੀ, ਇਹ ਹਾਲ ਹੈ ਕਿ ਉਸਦਾ ਪੁੱਤਰ ਪੁੱਛਦਾ ਹੈ, 'ਬਈ ਇਹ ਜਿਹੜੇ ਮਰਦ ਤੇਰੇ ਆਲੇ ਦੁਆਲੇ ਭੌਂ ਰਹੇ ਨੇ, ਇਹਨਾਂ ਵਿਚੋਂ ਮੇਰਾ ਪਿਓ ਕਿਹੜਾ ਹੈ…? ਮੈਨੂੰ ਆਪਣੇ ਗਵਾਚੇ ਪਿਓ ਦੀ ਤਲਾਸ਼ ਹੈ।'

ਅੰਮ੍ਰਿਤਾ ਪ੍ਰੀਤਮ ਦੀ ਮੌਜ਼ ਇਹ ਹੈ ਕਿ ਹਾਲੇ ਤੀਕ ਉਸਨੇ ਅੱਲ੍ਹੜ ਅਵਸਥਾ ਪਾਰ ਨਹੀਂ ਕੀਤੀ। ਉਹ ਉਹੀ 18 ਸਾਲਾਂ ਦੀ ਕੁੜੀ ਬਣੀ ਹੋਈ ਹੈ। ਜ਼ਿੰਦਗੀ ਨੇ ਉਸਨੂੰ ਕੁਝ ਨਹੀਂ ਸਿਖਾਇਆ, ਅਨੁਭਵ ਉਸ ਲਈ ਬੇਕਾਰ ਦੀ ਸ਼ੈ ਨੇ।

ਕਮਲਾ ਦਾਸ ਦੀ ਆਤਕ-ਕਥਾ ਪੜ੍ਹਦਿਆਂ ਹੋਇਆਂ ਇੰਜ ਲੱਗਿਆ, ਜਿਵੇਂ ਕਿਸੇ ਮਾਸਾ- ਹਾਰੀ ਹੋਟਲ ਸਾਹਵੇਂ ਖੜ੍ਹਾ ਹੋਵਾਂ, ਜਿਸਦੇ ਸਾਈਨ ਬੋਰਡ ਉੱਤੇ ਲਿਖਿਆ ਹੋਵੇ : ਇੱਥੇ ਵਧੀਆ ਚਿਕਨ-ਕਬਾਬ, ਮੁਰਗ-ਮੁਸੱਲਮ, ਬਿਰਿਆਨੀ ਮਿਲਦੇ ਹਨ। ਰੇਡੀਓ ਵਿਚ ਇਕ ਫਿਲਮੀ ਗਾਣਾ ਚੀਕ ਰਿਹਾ ਹੈ 'ਜਾ ਰੇ ਪੀਛਾ ਛੋੜ ਮੁਝ ਮਤਵਾਲੀ ਕਾ, ਰੂਪ ਸਹਾ ਨਾ ਜਾਏ ਨਖ਼ਰੇ ਵਾਲੀ ਕਾ-ਹੋ-ਅ !'

ਅੰਮ੍ਰਿਤਾ ਪ੍ਰੀਤਮ ਦੀ ਆਤਮ-ਕਥਾ ਪੜ੍ਹ ਕੇ ਇੰਜ ਲੱਗਿਆ ਸੀ, ਜਿਵੇ ਦਿਲਬਹਾਰ ਹੋਟਲ ਸਾਹਮਣੇ ਖੜ੍ਹਾ ਹਾਂ, ਜਿਸ ਦੀਆਂ ਕੰਧਾਂ ਅੱਤ ਭੜਕੀਲੇ ਲਾਲ ਤੇ ਗੂੜ੍ਹੇ ਹਰੇ ਰੰਗਾਂ ਨਾਲ ਲਿੱਪੀਆਂ ਹੋਈਆਂ ਨੇ, ਫਿਲਮ ਸਟਾਰਾਂ ਦੇ ਅੱਧਨੰਗੇ ਫੋਟੋ ਟੰਗੇ ਨੇ, ਤੇ ਰੇਡੀਓ ਰਾਹੀਂ ਫਿਲਮੀ ਗਾਣਾ ਕੂਕ ਰਿਹਾ ਹੈ 'ਅੱਖੀਆਂ ਮਿਲਾ ਕੇ ਜੀਆ ਭਰਮਾ ਕੇ, ਚਲੇ ਨਹੀਂ ਜਾਨਾ-ਹੋ-ਅ !'
ਕਮਲਾ ਦਾਸ ਦੀ ਆਤਮ ਕਥਾ-ਕਬਾਬ ਦੀ ਪਲੇਟ ਹੈ।
ਤੇ ਅੰਮ੍ਰਿਤਾ ਪ੍ਰੀਤਮ ਦੀ ਆਤਮ-ਕਥਾ ਲੱਸੀ ਦਾ ਗਿਲਾਸ, ਜਿਸ ਉੱਤੇ ਝੱਗ ਹੀ ਝੱਗ ਹੈ।

ਇਕ ਅੱਧਖੜ ਉਮਰ ਦੀ ਤੀਵੀਂ ਜਾਂ ਕਿਸੇ ਬੁੱਢੀ ਨੇ ਬੁੱਲ੍ਹ ਰੰਗੇ ਹੋਏ ਨੇ, ਚਿਹਰੇ ਉੱਤੇ ਪਾਊਡਰ ਪੋਚਿਆ ਹੋਇਆ ਹੈ, ਅੱਖਾਂ ਵਿਚ ਸੁਰਮਾ ਹੈ, ਵਾਲਾਂ ਵਿਚੋਂ ਤੇਲ ਦੇ ਲਿਸ਼ਕਾਰੇ ਪੈ ਰਹੇ ਨੇ, ਫੁੰਦੇ ਵਾਲੀ ਪਰਾਂਦੀ ਹੈ, ਸਲਮਾ-ਸਿਤਾਰਿਆਂ ਵਾਲਾ ਸੂਟ। ਇੰਜ ਇਕ ਅੱਲ੍ਹੜ ਮੁਟਿਆਰ ਵਾਲੇ ਸਾਰੇ ਲੱਛਣਾ ਸਮੇਤ, ਮਟਕ-ਮਟਕ ਕੇ ਕਹਿੰਦੀ ਫਿਰਦੀ ਹੈ 'ਅਸਾਂ ਕੋਈ ਐਸੇ-ਵੈਸੇ ਨਹੀਂ ਜੀ।' ਇਹ 'ਰਸੀਦੀ ਟਿਕਟ' ਵਾਲੀ ਨਾਰ ਹੈ।

ਦੂਜੀ ਪੱਕੀ ਉਮਰ ਦੀ ਹੈ : ਉਹ ਨਰ ਨੂੰ ਕੰਨੋਂ ਫੜ੍ਹ ਕੇ ਪਲੰਘ ਉੱਤੇ ਲੈ ਜਾਂਦੀ ਹੈ। ਜਦ ਉਸਨੂੰ ਛੱਡਦੀ ਹੈ, ਤਦ ਕਿਸੇ ਭੋਲੀ ਬਾਲੜੀ ਵਾਂਗ ਕਹਿੰਦੀ ਹੈ 'ਅਸਾਨੂੰ ਇਹ ਸਭ ਚੰਗਾ ਨਹੀਂ ਲੱਗਦਾ ਜੀ।'

ਮੈਨੂੰ ਇਹਨਾਂ ਆਤਮ-ਕਥਾਵਾਂ ਨੂੰ ਪੜ੍ਹਨ ਤੋਂ ਪਹਿਲਾਂ ਵੀ ਕੋਈ ਅਜਿਹਾ ਭਰਮ ਨਹੀਂ ਸੀ ਕਿ ਮੈਂ ਸਾਵਿੱਤਰੀ-ਸਤਿਆਵਾਨ ਦੀ ਕਥਾ ਪੜ੍ਹਨ ਲੱਗਿਆ ਹਾਂ। ਮੈਂ ਕੋਈ ਕੱਟੜ ਨੈਤਿਕਤਾਵਾਦੀ ਜਾਂ ਪਵਿੱਤਰਤਾਵਾਦੀ ਵੀ ਨਹੀਂ। ਮੈਂ ਇਹਨਾਂ ਲੇਖਕਾਵਾਂ ਨੂੰ ਕਹਿੰਦਾ ਹਾਂ ਕਿ ਜੇ ਕੁਝ ਦੱਸਣ ਹੀ ਬੈਠੀਆਂ ਸੌ ਤਾਂ ਸਭ ਕੁਝ ਖੋਹਲ-ਫਰੋਲ ਕੇ ਰੱਖ ਦਿੱਤਾ ਹੁੰਦਾ, ਐਵੇਂ, ਖਾਹਮਖਾਹ ਹੀ ਕਿਉਂ ਆਪਣੀ ਇਕ 'ਕੱਲਮ-'ਕੱਲੀ ਗੱਲ ਦੇ ਮਗਰ ਪਈਆਂ ਰਹੀਆਂ ਓ…

ਉਮਰ ਢਲ ਜਾਏ ਤਾਂ ਨਾ ਇਸ ਉਮਰ ਵਿਚ ਘਰਵਾਲੇ ਨੂੰ ਦੂਜੀ ਮਿਲਦੀ ਹੈ, ਨਾ ਆਪਾਂ ਨੂੰ ਦੂਜਾ। ਬੱਚਿਆਂ ਨੂੰ ਅਜਿਹੀ ਸਿਖਿਆ ਮਿਲ ਗਈ ਹੋਵੇ ਕਿ ਉਹ 'ਸੈਕਸ' ਨੂੰ ਆਈਸਕਰੀਮ ਸਮਝਣ ਲੱਗ ਪਏ ਹੋਣ। ਪਰਿਵਾਰ ਤੇ ਸਮਾਜ ਦੀ ਲੋੜ ਹੀ ਨਾ ਰਹੀ ਹੋਵੇ…ਇਸ ਤੋਂ ਬਾਹਰ ਜਾਂ ਪਰ੍ਹੇ ਨਿਕਲ ਗਏ ਹੋਣ ਜਾਂ ਉੱਚੇ ਉਠ ਗਏ ਹੋਣ। ਤਦ ਲੇਖਕਾ ਸੋਚਦੀ ਹੈ : ਬਹਾਦਰ ਬਣ ਗਏ, ਹਰੇਕ ਅੜਿੱਕੇ-ਅੜਚਨ ਨੂੰ ਠੁੱਡ ਮਾਰ ਦਿੱਤੀ ; ਆਪਣੇ ਬਾਰੇ ਕੁਝ ਅਜਿਹਾ ਲਿਖਿਆ ਕਿ ਲੋਕ ਦੰਗ ਰਹਿ ਗਏ, ਸਨਸਨੀ ਫੈਲ ਗਈ, ਬਹਿਸਾਂ ਛਿੜ ਪਈਆਂ।

ਮੈਂ ਇਹਨਾਂ ਲੇਖਕਾਵਾਂ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਜੋ ਉਹਨਾਂ ਲਿਖਿਆ ਹੈ, ਉਹ ਹੈਰਾਨ ਕਰ ਦੇਣ ਵਾਲਾ ਨਹੀਂ, ਅਕਾਅ ਦੇਣ ਵਾਲਾ ਹੈ। ਇਸਨੂੰ ਪੜ੍ਹ ਕੇ ਲੇਖਕਾ ਦੇ ਹੌਸਲੇ ਦੀ ਦਾਦ ਦੇਣ ਦੀ ਇੱਛਾ ਨਹੀਂ ਹੁੰਦੀ, ਉਸ ਉੱਤੇ ਦਯਾ ਆਉਂਦੀ ਹੈ।

ਸਵਾਲ ਉਠਦਾ ਹੈ ਕਿ ਇਹ ਪ੍ਰਬੁੱਧਾ ਲੇਖਕਾਵਾਂ ਏਨੇ ਵਰ੍ਹੇ ਰਹਿੰਦੀਆਂ ਕਿੱਥੇ ਰਹੀਆਂ ਹੋਣਗੀਆਂ ? ਮੈਨੂੰ ਤਾਂ ਇੰਜ ਜਾਪਦਾ ਹੈ…ਕਿਸੇ ਦੇਸ਼, ਕਿਸੇ ਸਮਾਜ ਵਿਚ ਨਹੀਂ ਰਹੀਆਂ ; ਰਹੀਆਂ ਹੁੰਦੀਆਂ ਤਾਂ ਉਸ ਸਮਾਜ ਦੀ ਹਲਚਲ, ਧੜਕਨ, ਮੋਹ-ਮਮਤਾ ਜਾਂ ਦਵੰਧ ਕਿਧਰੇ ਤਾਂ ਨਜ਼ਰ ਆਉਂਦਾ, ਇਹਨਾਂ ਦੀਆਂ ਜੀਵਨੀਆਂ ਵਿਚ। ਕੁਝ ਹੋਰ ਨਹੀਂ ਤਾਂ ਘੱਟੋਘੱਟ ਲੇਖਕੀ ਅਨੁਭਵ ਤੇ ਸੰਘਰਸ਼ ਨੂੰ ਹੀ ਚੇਤੇ ਕਰ ਲੈਂਦੀਆਂ। ਪਰ ਇੰਜ ਲੱਗਦਾ ਹੈ ਜਿਵੇਂ ਇਹ ਜ਼ਿੰਦਗੀ ਭਰ ਹਿੰਦ ਮਹਾਸਾਗਰ ਦੇ ਕਿਸੇ ਨਿਰਜਿੰਦ ਟਾਪੂ ਵਿਚ ਰਹੀਆਂ ਨੇ, ਜਿੱਥੇ ਸਿਰਫ 2-3 ਜਾਂ ਇਕਾ ਦੁੱਕਾ ਕੋਈ ਹੋਰ ਮਰਦ ਵੀ ਹੋਵੇਗਾ। ਖਾਣ-ਪੀਣ ਦਾ ਸਾਮਾਨ ਆਸਮਾਨੋਂ ਡਿੱਗ ਪੈਂਦਾ ਹੋਵੇਗਾ, ਕਪੜੇ ਹਵਾ ਵਿਚੋਂ ਬਰਾਮਦ ਹੋ ਜਾਂਦੇ ਹੋਣਗੇ। ਲੱਗਦਾ ਹੈ,ਅਜਿਹੇ ਹੀ ਕਿਸੇ ਬੀਆਬਾਨ ਟਾਪੂ ਵਿਚ ਇਹਨਾਂ ਪ੍ਰਬੁੱਧ ਲੇਖਕਾਵਾਂ ਨੇ ਸਾਰੀ ਉਮਰ ਵਿਹਾਅ ਦਿੱਤੀ ਹੈ ; ਸਿਰਫ ਸਰੀਰ ਤੇ ਸੁਪਨਿਆਂ ਵਿਚਕਾਰ।

ਜੇ ਕੋਈ ਵਿਗਿਆਨਕ ਆਪਣੀ ਪੂਰੀ ਅਤਮ-ਕਥਾ ਵਿਚ ਇਹੀ ਲਿਖੀ ਜਾਵੇ ਕਿ ਉੱਥੇ ਮੈਂ ਪੁਲਾਅਖਾਧਾ, ਫੇਰ ਉੱਥੇ ਗਿਆ ਤਾਂ ਵਧੀਆ ਮੁਰਗਾ ਖਾਧਾ, ਫੇਰ ਓਥੇ ਗਿਆ ਤਾਂ ਵਧੀਆ ਮੁਰਗੀ ਖਾਧੀ, ਫੇਰ ਓਧਰ ਗਿਆ ਤਾਂ ਅੰਬ ਚੂਪੇ, ਉਸ ਜਗ੍ਹਾ ਦੀ ਰਸ-ਮਲਾਈ ਬੜੀ ਵਧੀਆ ਹੁੰਦੀ ਹੈ…। ਤਾਂ ਕੀ ਇਹ ਇਕ ਵਿਗਿਆਨਕ ਦੀ ਆਤਮ-ਕਥਾ ਹੋ ਗਈ ?...ਇਹ ਤਾਂ ਕਿਸੇ ਚਟੋਰੇ ਦੀ ਆਤਮ ਕਥਾ ਹੋਈ।

ਪਾਠਕ ਪੈਸੇ ਖਰਚ ਕੇ ਇਸ ਆਸ ਨਾਲ ਕਿਤਾਬ ਖਰੀਦਦਾ ਹੈ ਕਿ ਇਹ ਲੇਖਕਾ ਦੀ ਆਤਮ-ਕਥਾ ਹੈ, ਉਹਦੀ ਜੀਵਨ-ਜਾਚ ਤੋਂ ਕੁਝ ਤਜ਼ੁਰਬਾ ਵਧੇਗਾ। ਪਰ ਪੜ੍ਹ ਕੇ ਸੋਚੀਂ ਪੈ ਜਾਂਦਾ ਹੈ ; ਕੀ ਇਹਨਾਂ ਲੇਖਕਾਵਾਂ ਕੋਲ ਕਹਿਣ ਲਈ ਸਿਰਫ ਇਹੋ ਕੁਝ ਸੀ ?

ਇਹ ਆਤਮ-ਕਥਾਵਾਂ ਕੁੱਲ ਏਨਾਂ ਦੱਸਦੀਆਂ ਨੇ ਕਿ ਲੇਖਕ ਜਦੋਂ ਆਪਣੇ ਕੁਝ ਲਿਖਦਾ ਹੈ ਤਾਂ ਉਹ ਲੇਖਕ ਨਹੀਂ ਹੁੰਦਾ। ਮੁੱਕਦੀ ਗੱਲ ਇਹ ਕਿ ਇਹ ਲਿਖਤਾਂ ਕਰਮ ਤੇ ਧਰਮ ਦੋਵਾਂ ਤੋਂ ਹੀ 'ਲਿਬਰੇਟੇਡ' ਨੇ।

(ਅਨੁਵਾਦ : ਮਹਿੰਦਰ ਬੇਦੀ ਜੈਤੋ)

ਪੰਜਾਬੀ ਕਹਾਣੀਆਂ (ਮੁੱਖ ਪੰਨਾ)