Ik Baalri Do Patase (Punjabi Story) : Mohinder Singh Sarna

ਇੱਕ ਬਾਲੜੀ ਦੋ ਪਤਾਸੇ (ਕਹਾਣੀ) : ਮਹਿੰਦਰ ਸਿੰਘ ਸਰਨਾ

ਸ਼ਿੰਗਾਰਾ ਸਿੰਘ ਤੇ ਉਹਦਾ ਬੇਲੀ ਆਤੂ ਦਸ ਨੰਬਰੀਆ ਜ਼ੈਲਦਾਰ ਸੂਬਾ ਸਿੰਘ ਦੇ ਤਬੇਲੇ ਵਿੱਚ ਦਾਰੂ ਪੀ ਰਹੇ ਸਨ। ਜ਼ੈਲਦਾਰ ਆਪਣੇ ਬਾਲ ਬੱਚਿਆਂ ਸਮੇਤ ਅੰਬਰਸਰ ਮੱਸਿਆ ਨ੍ਹਾਉਣ ਗਿਆ ਸੀ। ਪਿੱਛੇ ਦੀ ਸਾਰੀ ਸਪੁਰਦਗੀ ਉਹ ਕੰਮੀ ਖੇਮੇ ਨੂੰ ਕਰ ਗਿਆ ਸੀ। ਆਤੂ ਦਸ ਨੰਬਰੀਆ ਖੇਮੇ ਦਾ ਸਾਲਾ ਸੀ। ਖੇਮੇ ਦੀ ਇਸ ਚਾਰ ਦਿਨਾਂ ਦੀ ਚੌਧਰ ਸਦਕਾ ਹੀ ਆਤੂ ਤੇ ਸ਼ਿੰਗਾਰਾ ਸਿੰਘ ਅੱਜ ਜ਼ੈਲਦਾਰ ਦੇ ਤਬੇਲੇ ਵਿੱਚ ਰਾਣੀ ਖਾਂ ਬਣੇ ਬੈਠੈ ਸਨ। ਖੇਮੇ ਨੇ ਵੀ ਦੋ ਘੁੱਟ ਚੱਖ ਲਈ ਸੀ ਤੇ ਹੁਣ ਜ਼ੈਲਦਾਰ ਦੀ ਹਵੇਲੀ ਵੱਲ ਫ਼ੇਰਾ ਤੋਰਾ ਮਾਰਨ ਤੁਰ ਪਿਆ ਸੀ।
ਸ਼ਿੰਗਾਰਾ ਸਿੰਘ ਨੇ ਆਪਣੀ ਪਗੜੀ ਦਾ ਲੜ ਖੋਲ੍ਹਿਆ, ਬੱਧਾ, ਫ਼ੇਰ ਖੋਲ੍ਹਿਆ ਤੇ ਫ਼ੇਰ ਬੰਨ੍ਹਦਾ ਬੋਲਿਆ, "ਮਖਾਂ ਆਤੂ, ਖੇਮਾ ਗਿਆ?"
"ਗਿਆ।" ਆਤੂ ਨੇ ਲਮਕਵੇਂ ਲਹਿਜ਼ੇ ਵਿੱਚ ਆਖਿਆ।
"ਮਖਾਂ ਚੰਗੀ ਤਰ੍ਹਾਂ ਵੇਖ ਕੇ ਨਿਸ਼ਾ ਕਰ ਲੈ। ਗੱਲ ਤੀਜੇ ਕੰਨੀਂ ਨਹੀਂ ਚੜ੍ਹਨੀਂ ਚਾਹੀਦੀ।"
"ਜਾਂ ਤਾਂ ਗੱਲ ਤੇਰੇ ਮੇਰੇ ਵਿੱਚ ਰਹੇਗੀ", ਆਤੂ ਨੇ ਸੂਝਵਾਨ ਫ਼ਲਸਫ਼ੀਆਂ ਦੇ ਅੰਦਾਜ਼ ਵਿੱਚ ਆਖਿਆ, "ਜਾਂ ਫ਼ਿਰ ਅਸੀਂ ਦੋਹਵੇਂ ਨਹੀਂ ਰਹਾਂਗੇ। ਫਾਂਸੀ ਦਾ ਰੱਸਾ ਸਕੇ ਪਿਓ ਦਾ ਲਿਹਾਜ਼ ਨਹੀਂਓਂ ਕਰਦਾ।"
"ਫਾਂਸੀ!" ਸ਼ਿੰਗਾਰਾ ਸਿੰਘ ਨੇ ਚੌਂਕ ਕੇ ਆਖਿਆ।
ਉਹਦੀ ਆਵਾਜ਼ ਪਾਟੀ ਹੋਈ ਸੀ। ਫ਼ੇਰ ਉਹਨੇ ਪਗੜੀ ਦਾ ਲੜ ਖੋਲ੍ਹ ਕੇ ਮੱਥੇ ਦੀ ਤਰੇਲੀ ਪੂੰਝੀ ਤੇ ਇੱਕੋ ਡੀਕ ਵਿੱਚ ਗਲਾਸ ਖ਼ਾਲੀ ਕਰ ਦਿੱਤਾ।
ਕੁਝ ਚਿਰ ਬੜਾ ਸੋਚਵਾਨ ਬੈਠਾ ਰਿਹਾ। ਫੇਰ ਜਿਗਰਾ ਕਰ ਕੇ ਬੋਲਿਆ, "ਗੱਲ ਤੂੰ ਠੀਕ ਆਹਨਾਂ ਵੇਂ। ਕਤਲ ਦਾ ਮਾਮਲਾ ਹੋਇਆ। ਖੇਮੇ ਨੂੰ ਭਿਣਕ ਨਹੀਂ ਪੈਣੀ ਚਾਹੀਦੀ। ਮਖਾਂ ਆਤੂ, ਤੇਰੇ ਹੱਥ ਕਿਉਂ ਕੰਬੀ ਜਾਂਦੇ ਨੇ।"
"ਐਂਵੇਂ ਨਾ ਪਿਆ ਆਖ। ਲੈ ਕਿੱਥੇ ਪਏ ਕੰਬਦੇ ਨੀਂ?" ਆਤੂ ਨੇ ਹੱਥਾਂ ਦੀ ਕਰੰਗੜੀ ਪਾ ਕੇ ਉਹਨਾਂ ਨੂੰ ਕੰਬਣੋਂ ਹਟਾਉਣ ਦਾ ਯਤਨ ਕੀਤਾ। ਫ਼ਰਕ ਬੱਸ ਏਨਾ ਸੀ ਕਿ ਪਹਿਲੇ ਉਹਦੇ ਹੱਥ ਅੱਡ ਅੱਡ ਕੰਬ ਰਹੇ ਸਨ, ਹੁਣ ਇਕੱਠੇ।
ਆਤੂ ਨੇ ਆਪਣੀ ਉਮਰ ਦੇ ਪੰਜਤਾਲੀ ਵਰ੍ਹਿਆਂ ਵਿੱਚ ਸਾਰੇ ਕਸਬ ਕੀਤੇ ਸਨ, ਪਰ ਕਿਸੇ ਦਾ ਕਤਲ ਨਹੀਂ ਸੀ ਕੀਤਾ।
"ਡਰ ਨਾ", ਸ਼ਿੰਗਾਰਾ ਸਿੰਘ ਨੇ ਹੱਲਾਸ਼ੇਰੀ ਦਿੱਤੀ, "ਮੈਂ ਜੂ ਤੇਰੇ ਨਾਲ ਹੋਵਾਂਗਾ। ਅੱਗੋਂ ਧੌਣ 'ਤੇ ਗੰਡਾਸਾ ਤੂੰ ਮਾਰੀਂ, ਪਿੱਛੋਂ ਮੈਂ ਸਿਰ 'ਤੇ ਕੁਹਾੜੀ ਮਾਰਾਂਗਾ।"
"ਕੌਣ ਪਿਆ ਡਰਦਾ ਏ?" ਆਤੂ ਅੱਧੇ ਗਲਾਸ ਦਾ ਇੱਕੋ ਘੁੱਟ ਕਰਦਾ ਬੋਲਿਆ, "ਐਂਵੇਂ ਨਾ ਪਿਆ ਆਖ। ਮਰ ਗਏ ਆਤੂ ਨੂੰ ਡਰਾਉਣ ਵਾਲੇ।"
ਪਰ ਆਤੂ ਦੇ ਲਹਿਜ਼ੇ ਨੇ ਉਹਦੇ ਵਰਿਆਮ ਬੋਲਾਂ ਦੀ ਸਾਖੀ ਨਾ ਭਰੀ। ਇੱਲਤਾਂ ਕਰ ਲੈਣੀਆਂ, ਚੋਰੀਆਂ ਡਾਕੇ ਮਾਰ ਲੈਣੇ ਸੌਖੇ ਸਨ। ਪਰ ਜਿਊਂਦਾ ਬੰਦਾ ਸਿਰੋਂ ਮਾਰ ਸੁੱਟਣਾ ਜਣੇ ਖਣੇ ਦਾ ਕੰਮ ਨਹੀਂ ਸੀ।
ਆਤੂ ਨੇ ਹੁਣ ਚਾਰੇ ਘੁੱਟ ਸਿੱਧੇ ਬੋਤਲ ਨੂੰ ਮੂੰਹ ਲਾ ਕੇ ਪੀਤੇ ਅਤੇ ਆਪਣੇ ਦਾਈਏ ਨੂੰ ਇੱਕ ਪੀਚਵੀਂ ਗੰਢ ਮਾਰ ਲਈ। 'ਜਿਹੜਾ ਕੰਮ ਕਰਨਾ ਏ, ਉਹ ਕਰਨਾ ਈ ਏ', ਉਹਨੇ ਸੋਚਿਆ, 'ਬੰਦਾ ਮਾਰਨ ਲੱਗਿਆਂ ਕਿਹੜੇ ਹਲ ਜੋਣੇ ਪੈਂਦੇ ਨੇ, ਮਾੜਾ ਜਿਹਾ ਟੱਕ ਗੰਡਾਸੇ ਦਾ ਲਾ ਛੱਡੋ ਤੇ ਬੰਦਾ ਮਰ ਜਾਂਦਾ ਏ।'
ਹਿੱਕ ਥਾਪੜ ਕੇ ਆਤੂ ਬੋਲਿਆ, "ਅੱਜੋ ਰਾਤੀਂ ਜਗੀਰੇ ਵਾਲਾ ਕੰਢਾ ਕੱਢ ਛੱਡਣੈ। ਤੂੰ ਖ਼ਾਤਰ ਜਮ੍ਹਾਂ ਰੱਖ ਤੇ ਐਵੇਂ ਘਾਬਰ ਨਾ ਪਿਆ।"
"ਕੌਣ ਪਿਆ ਘਾਬਰਦਾ ਏ?" ਸ਼ਿੰਗਾਰਾ ਸਿੰਘ ਨੇ ਆਨੇ ਕੱਢੇ।
"ਘਾਬਰਦਾ ਨਹੀਂ ਤਾਂ ਆਹ ਮੁੜ ਮੁੜ ਪੱਗ ਦਾ ਲੜ ਕਿਉਂ ਖੋਲ੍ਹਣਾ ਬੰਨਨਾਂ ਏਂ?"
"ਪਗੜੀ ਸਹੁਰੀ ਢਿੱਲੀ ਹੋ ਗਈ ਏ।"
"ਕੋਈ ਢਿੱਲੀ ਸ਼ਿੱਲੀ ਨਹੀਂ ਹੋਈ।" ਆਤੂ ਨੇ ਕਿਹਾ, "ਕੁਸ਼ ਨਹੀਂ ਹੋਇਆ ਤੇਰੀ ਪੱਗ ਨੂੰ। ਮੈਂ ਅੱਗੇ ਵੀ ਵੇਖਿਆ ਏ। ਜਦੋਂ ਤੇਰੇ ਦਿਲ ਵਿੱਚ ਘਾਬਰ ਉੱਠਦੀ ਏ, ਤੂੰ ਨਿਮਾਣੀ ਪੱਗ ਦੇ ਮਗਰ ਪੈ ਜਾਨਾਂ ਏਂ।"
"ਓਏ ਮੈਂ ਨਹੀਂ ਘਾਬਰਦਾ", ਸ਼ਿੰਗਾਰਾ ਸਿੰਘ ਬੁੜਕਿਆ, "ਵੇਖ ਲਈਂ ਮੈਂ ਤੇਰੇ ਨਾਲ ਜਾਵਾਂਗਾ। ਤੇਰਾ ਗੰਡਾਸਾ ਜੇ ਘੁਸ ਗਿਆ ਤਾਂ ਮੇਰੀ ਕੁਹਾੜੀ ਇੱਕੋ ਵਾਰੀ ਉਹਨੂੰ ਦੁਫਾੜ ਕਰ ਦਏਗੀ, ਗੇਲੀ ਵਾਂਗਰਾਂ।"
"ਬਾਹਲਾ ਵਰਿਆਮ ਨਾ ਪਿਆ ਬਣ", ਆਤੂ ਨੇ ਚੋਟ ਕੀਤੀ, "ਕੁਹਾੜੀ ਮਾਰਨ ਲਈ ਜੁੱਸੇ ਵਿੱਚ ਲਹੂ ਚਾਹੀਦੈ। ਸ਼ਕਲ ਵੇਖੀ ਊ ਆਪਣੀ ਜਿਵੇਂ ਫਿੱਟੇ ਮੂੰਹ ਸੁੱਕਣੇ ਪਈ ਹੁੰਦੀ ਏ। ਤੇ ਆਹ ਪੀਲੀਆਂ ਵਸਾਰ ਬਾਹੀਂ, ਜਿਵੇਂ ਬਿੱਜੂ ਕਬਰਾਂ 'ਚੋਂ ਮੁਰਦਾ ਧੂਹ ਲਿਆਇਆ ਹੋਵੇ। ਤੇਰੀ ਭਖ਼ਦੀ ਜਵਾਨੀ ਸ਼ਿੰਗਾਰਾ ਸਿਹਾਂ, ਕੁਜ੍ਹਰਾਂਵਾਲੇ ਦੀ ਹੀਰਾਬਾਈ ਨੇ ਚੂਸ ਲਈ। ਤੇਰੀ ਜਾਇਦਾਦ ਜ਼ਮੀਨ ਵੀ ਕੰਜਰਾਂ ਦੇ ਲੇਖੇ ਲੱਗ ਗਈ। ਨਹੀਂ ਤਾਂ ਪਿੰਡ ਵਿੱਚ ਤੇਰੇ ਵਰਗਾ ਕੌਣ ਸੀ। ਅੱਜ ਤੂੰ ਧੇਲੇ ਧੇਲੇ ਨੂੰ ਮੁਥਾਜ ਏਂ। ਕੰਮ ਇਹ ਬੜਾ ਮਾੜਾ ਈ। ਅਸੀਂ ਤੇਰੇ ਬੇਲੀ ਆਂ। ਤੇਰੀ ਕੋਈ ਗੱਲ ਅੱਜ ਤੱਕ ਭੁੰਜੇ ਨਹੀਂ ਪੈਣ ਦਿੱਤੀ। ਤੇਰਾ ਇਹ ਕੰਮ ਵੀ ਜ਼ਰੂਰ ਕਰਾਂਗੇ ਤੇ ਅੱਜੋ ਰਾਤੀਂ ਕਰਾਂਗੇ। ਫ਼ੇਰ ਕਦੀ ਸਾਨੂੰ ਵੀ ਹੀਰਾਬਾਈ ਦਾ ਹੂਟਾ ਲਵਾ ਛੱਡੀਂ।"
ਆਤੂ ਬੜੇ ਲੋਰ ਵਿੱਚ ਇਹ ਵਾਰਤਾਲਾਪ ਬੋਲ ਗਿਆ ਸੀ।
"ਜ਼ਰੂਰ! ਜ਼ਰੂਰ!" ਸ਼ਿੰਗਾਰਾ ਸਿੰਘ ਨੇ ਬੜੇ ਦੁਲਾਰ ਨਾਲ ਹਾਮੀ ਭਰੀ, "ਤੂੰ ਸਾਡਾ ਯਾਰ ਏਂ। ਤੇਰੇ ਤੋਂ ਵੀਹ ਹੀਰਾਬਾਈਆਂ ਘੋਲ ਘੁਮਾਈਆਂ। ਤੂੰ ਸਮੁਲੜੀ ਸਾਂਭ ਲਈਂ। ਬਸ ਇੱਕ ਵਾਰੀ ਤੂੰ ਮੁੰਡੇ ਦਾ ਗਾਟਾ ਲਾਹ ਦੇ। ਫੇਰ ਵੇਖੀਂ ਮੈਂ ਕੁਹਾੜੀ ਨਾਲ ਕਿੱਦਾਂ ਉਹਦੀ ਲਾਸ਼ ਦੇ ਟੋਟੇ ਕਰਦਾਂ।"
"ਬੱਲੇ ਬੱਲੇ ਸ਼ਿੰਗਾਰਾ ਸਿਹਾਂ", ਆਤੂ ਨੇ ਕਿਹਾ, "ਤੇਰ ਵਗਰਾ ਸੂਰਬੀਰ ਕਿਸੇ ਮਾਂ ਨਹੀਂ ਜੰਮਣਾ। ਵੇਖ ਲਈਂ ਕਿਤੇ ਕੁਹਾੜੀ ਜੰਗਾਲੀ ਨਾ ਗਈ ਹੋਵੇ।"
ਆਤੂ ਦਾ ਵਿਅੰਗ ਸ਼ਿੰਗਾਰਾ ਸਿੰਘ ਨੂੰ ਨਾ ਪੋਹਿਆ। ਗੱਲ ਅਣਸੁਣੀ ਕਰਦਾ ਉਹ ਬੋਲਿਆ-
"ਜਗੀਰੇ ਦੇ ਕਾਮੇ ਅਲੀ ਮੁਹੰਮਦ ਦਾ ਪਿਸ਼ਾਬ ਬੰਦ ਹੋ ਗਿਆ ਸੀ। ਉਸਨੂੰ ਮੰਜੇ 'ਤੇ ਪਾ ਕੇ ਕੁੱਜ੍ਹਰਾਂਵਾਲੇ ਲੈ ਗਏ ਨੇ। ਅੱਜ ਕੱਲ੍ਹ ਹਦਵਾਣਿਆਂ ਦੀ ਰਾਖੀ ਜਗੀਰਾ ਆਪ ਖੂਹ 'ਤੇ ਸੌਂਦਾ ਏ। ਏਦੂੰ ਚੰਗਾ ਮੌਕਾ ਮੁੜ ਹੱਥ ਨਹੀਂਓਂ ਆਉਣਾ।"
ਜ਼ੈਲਦਾਰ ਸੂਬਾ ਸਿੰਘ ਦੇ ਤਬੇਲੇ ਵਿੱਚ ਪਕਾਇਆ ਗਿਆ ਇਹ ਮਤਾ ਜ਼ੈਲਦਾਰ ਦੀ ਘੋੜੀ ਨੇ ਸੁਣਿਆ, ਗਾਂ ਤੇ ਦੋਹਾਂ ਮਹੀਆਂ ਨੇ ਸੁਣਿਆ। ਪਰ ਉਹ ਬੇਜ਼ੁਬਾਨ ਸਨ ਤੇ ਕਿੱਲੇ ਨਾਲ ਬੱਝੀਆਂ ਸਨ। ਕਾਲਜਿਆਂ 'ਤੇ ਪੱਥਰ ਰੱਖ ਕੇ ਉਹ ਖੁਰਲੀਆਂ ਵਿੱਚ ਮੂੰਹ ਮਾਰਦੀਆਂ ਰਹੀਆਂ। ਪਰ ਜਦੋਂ ਇਹ ਕਨਸੋ ਤਬੇਲੇ ਦੇ ਇੱਕ ਖੂੰਜੇ ਬਣੇ ਮੁਰਗ਼ੀਖ਼ਾਨੇ ਦੀਆਂ ਕੁਕੜੀਆਂ ਦੇ ਕੰਨੀਂ ਪਈ ਤਾਂ ਉਹਨਾਂ ਹਾਲ ਪਾਹਰਿਆ ਪਾ ਦਿੱਤੀ। ਕੁੜ ਕੁੜ ਕਰਦੀਆਂ ਖੰਭ ਫਟਕਾਂਦੀਆਂ ਉਹ ਚਾਰੇ ਪਾਸੇ ਨੱਠ ਭੱਜ ਰਹੀਆਂ ਸਨ।
ਤਬੇਲੇ ਦੀ ਕੰਧ ਪਿੰਡ ਦੀ ਧਰਮਸਾਲ ਨਾਲ ਸਾਂਝੀ ਸੀ। ਗਿੱਝੀਆਂ ਹੋਈਆਂ ਕੁੱਕੜੀਆਂ ਤਾਂ ਸਵੇਰੇ ਧਰਮਸਾਲ ਵਿੱਚ ਹਾਜ਼ਰੀ ਭਰ ਕੇ ਕੁਣਕਾ ਵੀ ਛਕ ਆਉਂਦੀਆਂ ਸਨ। ਅੱਜ ਵੀ ਚਿੱਟੇ ਰੰਗ ਦੀ ਇੱਕ ਉਤਸ਼ਾਹੀ ਕੁਕੜੀ ਧਰਮਸਾਲ ਦੀ ਡਿਓੜੀ ਤੱਕ ਪਹੁੰਚ ਗਈ। ਸ਼ਾਇਦ ਉਹ ਧਰਮਸਾਲ ਅੰਦਰ ਜੁੜੀ ਸੰਗਤ ਨੂੰ ਸ਼ਿੰਗਾਰਾ ਸਿੰਘ ਅਤੇ ਆਤੂ ਦੇ ਮਨਸੂਬੇ ਤੋਂ ਜਾਣੂ ਕਰਵਾਉਣਾ ਚਾਹੁੰਦੀ ਸੀ। ਧਰਮਸਾਲ ਦੀ ਡਿਓੜੀ ਵਿੱਚ ਉਹ ਕੁਕੜੀ ਚੌਹਾਂ ਵਰ੍ਹਿਆਂ ਦੀ ਇੱਕ ਬਾਲੜੀ ਦੀ ਨਜ਼ਰੀਂ ਚੜ੍ਹ ਗਈ ਜੋ ਪ੍ਰਸ਼ਾਦ ਲੈ ਕੇ ਆਪਣੀ ਮਾਂ ਤੋਂ ਪਹਿਲਾਂ ਹੀ ਬਾਹਰ ਆ ਗਈ ਸੀ। ਕੁਕੜੀ ਨੂੰ ਵੇਖਦਿਆਂ ਉਹ ਬਾਲੜੀ ਉਹਦੇ ਮਗਰ ਨੱਠੀ। ਉਹਦੇ ਇੱਕ ਹੱਥ ਵਿੱਚ ਪ੍ਰਸ਼ਾਦ ਅਤੇ ਦੋ ਪਤਾਸੇ ਘੁੱਟੇ ਹੋਏ ਸਨ ਅਤੇ ਦੂਜੀ ਬਾਂਹ ਉਲਾਰ ਕੇ ਉਹ ਕੁਕੜੀ ਨੂੰ ਫੜਨ ਦਾ ਯਤਨ ਕਰ ਰਹੀ ਸੀ। ਕੁੜਕੁੜਾਉਂਦੀ ਅਤੇ ਖੰਭ ਫਟਕਾਉਂਦੀ ਕੁਕੜੀ ਤਬੇਲੇ ਵਿੱਚ ਜਾ ਵੜੀ ਅਤੇ ਮਗਰ-ਮਗਰ ਉਹ ਬਾਲੜੀ ਵੀ।
ਅੰਦਰ ਵੜਦਿਆਂ ਹੀ ਕੁੜੀ ਦਾ ਧਿਆਨ ਕੁਕੜੀ ਵੱਲੋਂ ਹਟ ਗਿਆ ਤੇ ਦਾਰੂ ਪੀਂਦਿਆਂ ਕੋਲ ਰੁਕਦੀ ਉਹ ਬੋਲੀ-
"ਤੁਛੀਂ ਕੀ ਪਏ ਪੀਂਦੇ ਓ?"
"ਕੁਸ਼ ਨਹੀਂ ਕਾਕੋ।" ਆਤੂ ਨੇ ਰੁਖਾਈ ਨਾਲ ਆਖਿਆ, "ਤੂੰ ਏਥੇ ਕੀ ਲੈਣ ਆਈ ਏਂ?"
ਸ਼ਿੰਗਾਰਾ ਸਿੰਘ ਕੁੱਝ ਨਾ ਬੋਲਿਆ। ਕੁੜੀ ਦੀ ਮਾਸੂਮਤਾ ਅਤੇ ਸਵੱਛਤਾ ਦਾ ਕੀਲਿਆ ਉਹ ਬਿੱਟ ਬਿੱਟ ਉਹਦੇ ਵੱਲ ਵੇਖਦਾ ਗਿਆ। ਚਿੱਟੇ ਰਿਬਨਾਂ 'ਤੇ ਤਾਰਿਆਂ ਵਰਗੀਆਂ ਅੱਖਾਂ ਨਾਲ ਉਹ ਇਸ ਪਿੰਡ, ਇਸ ਧਰਤੀ ਦੀ ਨਹੀਂ ਸੀ ਲੱਗਦੀ।
"ਤੁਛੀਂ ਸ਼ਰਬਤ ਪਏ ਪੀਂਦੇ ਓ?"
"ਆਹੋ!" ਆਤੂ ਨੇ ਗੱਲ ਮੁਕਾਣੀ ਚਾਹੀ।
"ਮਿੱਠਾ ਏ?" ਕੁੜੀ ਨੇ ਪੁੱਛਿਆ।
"ਨਹੀਂ।" ਆਤੂ ਨੇ ਸੱਚੋ ਸੱਚ ਆਖਿਆ।
"ਕੌੜਾ ਏ?"
"ਆਹੋ।"
"ਮੈਂ ਮਿੱਠਾ ਪਾ ਦਿਆਂ।" ਕੁੜੀ ਨੇ ਕਿਹਾ ਅਤੇ ਝੱਟ ਇੱਕ ਇੱਕ ਪਤਾਸਾ ਉਹਨਾਂ ਦੋਹਾਂ ਦੇ ਗਲਾਸ ਵਿੱਚ ਪਾ ਦਿੱਤਾ।
"ਇਹ ਕੀ ਕੀਤਾ ਏ?" ਆਤੂ ਚਿਲਕ ਕੇ ਬੋਲਿਆ, "ਧਰਮਸਾਲ ਦਾ ਪ੍ਰਸਾਦ, ਇਹ ਪਤਾਸਾ, ਤੇ ਤੂੰ ਕਿੱਥੇ ਪਾ ਦਿੱਤਾ ਏ।"
ਕਾਹਲੀ ਕਾਹਲੀ ਆਤੂ ਨੇ ਪਤਾਸਾ ਆਪਣੇ ਗਲਾਸ ਵਿੱਚੋਂ ਕੱਢਣ ਦੀ ਕੀਤੀ। ਪਰ ਪਤਾਸਾ ਘੁਲ ਚੁੱਕਾ ਸੀ। ਏਨੇ ਨੂੰ ਬਾਲੜੀ ਦੀ ਮਾਂ ਲੱਭਦੀ-ਲੱਭਦੀ ਤਬੇਲੇ ਦੇ ਅੰਦਰ ਆ ਗਈ। ਅੰਦਰ ਵੜਦਿਆਂ ਹੀ ਉਸਨੂੰ ਸ਼ਰਾਬ ਦੀ ਤੇਜ਼ ਮੁਸ਼ਕ ਆਈ। ਇੱਕ ਹੱਥ ਨਾਲ ਉਸਨੇ ਦੁੱਪਟੇ ਦਾ ਲੜ ਨੱਕ 'ਤੇ ਘੁੱਟ ਲਿਆ ਅਤੇ ਦੂਜੇ ਨਾਲ ਕੁੜੀ ਨੂੰ ਉਲਾਰ ਕੇ ਮੋਢੇ ਲਾਂਦੀ ਕਾਹਲੀ-ਕਾਹਲੀ ਬਾਹਰ ਨਿਕਲ ਗਈ।
ਮੰਤਰ ਮੁਗਧ ਹੋਇਆ ਸ਼ਿੰਗਾਰਾ ਸਿੰਘ ਕਿੰਨਾ ਚਿਰ ਇੱਕ ਟੱਕ ਬਾਹਰਲੇ ਬੂਹੇ ਵੱਲ ਵੇਖੀ ਗਿਆ।
"ਉੱਧਰ ਕੀ ਵੇਖੀ ਜਾਨਾਂ ਏਂ।" ਆਤੂ ਨੇ ਉਹਨੂੰ ਝੰਜੋੜਿਆ।
"ਆਤੂ, ਉਹ ਬਾਲੜੀ।" ਸ਼ਿੰਗਾਰਾ ਸਿੰਘ ਨੇ ਕਿਹਾ।
"ਉਹ ਚਲੀ ਗਈ ਏ", ਆਤੂ ਨੇ ਆਖਿਆ, "ਉਹਦੀ ਮਾਂ ਉਹਨੂੰ ਚੁੱਕ ਕੇ ਲੈ ਗਈ ਏ।"
"ਆਤੂ, ਉਹ ਬਾਲੜੀ, ਪਤਾ ਨਹੀਂ ਕੀ ਕਰ ਗਈ ਏ?"
"ਕਰ ਕੀ ਗਈ ਏ", ਆਤੂ ਬੋਲਿਆ, "ਇੱਕ ਇੱਕ ਪਤਾਸਾ ਸਾਡੇ ਗਲਾਸ ਵਿੱਚ ਪਾ ਗਈ ਏ।"
"ਨਹੀਂ।" ਸ਼ਿੰਗਾਰਾ ਸਿੰਘ ਨੇ ਆਪਣਾ ਹੱਥ ਛਾਤੀ 'ਤੇ ਰੱਖਦਿਆਂ ਆਖਿਆ, "ਉਹ ਬਾਲੜੀ ਮਈਨੂੰ ਅਈਥੇ ਕੁਸ਼ ਕਰ ਗਈ ਏ।"
"ਕੋਈ ਅਕਲ ਦੀ ਗੱਲ ਕਰ ਸ਼ਿੰਗਾਰਿਆ। ਚਹੁੰਆਂ ਵਰ੍ਹਿਆਂ ਦੀ ਉਹ ਬਾਲੜੀ, ਤਈਨੂੰ ਅਈਥੇ ਕੀ ਕਰ ਗਈ ਏ।" ਆਤੂ ਨੇ ਹੱਥ ਆਪਣੀ ਛਾਤੀ 'ਤੇ ਰੱਖਦਿਆਂ ਪੁੱਛਿਆ।
"ਕੁਸ਼ ਨਾ ਪੁੱਛ ਆਤੂ। ਉਹਨੂੰ ਵੇਂਹਿਦਆਂ ਸਾਰ ਮੇਰੇ ਅੰਦਰ ਸਭ ਕੁਸ਼ ਉਲਟ ਪੁਲਟ ਹੋ ਗਿਆ ਏ। ਕੁਸ਼ ਚੰਗਾ-ਚੰਗਾ ਹੋ ਗਿਆ ਈ ਮੇਰੇ ਅੰਦਰ, ਜਿਹੋ ਜਿਹਾ ਪਹਿਲਾਂ ਕਦੇ ਨਹੀਂ ਹੋਇਆ।"
"ਬੋਤਲ ਮੁਕਾਉਣ ਦੀ ਕਰ" ਆਤੂ ਨੇ ਕਿਹਾ, "ਤੇ ਐਵੇਂ ਯੱਬਲੀਆਂ ਨਾ ਪਿਆ ਮਾਰ।"
"ਨਹੀਂ ਆਤੂ, ਹੁਣ ਨਹੀਂ ਮੇਰੀ ਪੀਣ ਨੂੰ ਰੂਹ ਕਰਦੀ।"
"ਫ਼ੇਰ ਕਾਹਦੇ 'ਤੇ ਕਰਦੀ ਏ ਤੇਰੀ ਰੂਹ?" ਆਤੂ ਨੇ ਪੁੱਛਿਆ ।
"ਮੇਰੀ ਰੂਹ ਰੋਣ ਨੂੰ ਕਰਦੀ!" ਸ਼ਿੰਗਾਰਾ ਸਿੰਘ ਨੇ ਅੱਥਰੂਆਂ ਭਿੱਜੀ ਆਵਾਜ਼ ਵਿੱਚ ਕਿਹਾ।
"ਰੋ ਲੈ ਫ਼ੇਰ" ਆਤੂ ਬੋਲਿਆ, "ਰੋਣ 'ਤੇ ਕਿਹੜਾ ਮੁੱਲ ਲੱਗਦੈ।"
ਅਜੇ ਗੱਲ ਆਤੂ ਦੇ ਮੂੰਹ ਵਿੱਚ ਹੀ ਸੀ ਕਿ ਸ਼ਿੰਗਾਰਾ ਸਿੰਘ ਫ਼ਿੱਸ ਪਿਆ। ਤੇ ਅਗਲੇ ਪਲ, ਆਤੂ ਵੇਖ ਕੇ ਹੈਰਾਨ ਹੋਇਆ, ਗੋਡਿਆਂ ਵਿੱਚ ਸਿਰ ਲੁਕਾਈ ਉਹ ਭੁੱਬਾਂ ਮਾਰ ਮਾਰ ਕੇ ਰੋ ਰਿਹਾ ਸੀ।
ਆਤੂ ਨੇ ਉਹਦੇ ਰੋਣ ਵਿੱਚ ਕੋਈ ਵਿਘਨ ਨਾ ਪਾਇਆ। ਜਦੋਂ ਭੁੱਬਾਂ ਡਸਕੋਰੇ ਬਣ ਗਈਆਂ ਤਾਂ ਸ਼ਿੰਗਾਰਾ ਸਿੰਘ ਨੇ ਕਹਿਣਾ ਸ਼ੁਰੂ ਕੀਤਾ-
"ਮੇਰੀ ਘਰਵਾਲੀ ਪਹਿਲੀ ਜੰਮਣੀ ਵਿੱਚ ਹੀ ਮਰ ਗਈ ਅਤੇ ਉਹਦੇ ਨਾਲ ਹੀ ਮੇਰਾ ਅੱਠਾਂ ਦਿਨਾਂ ਦਾ ਪੁੱਤਰ ਵੀ। ਮੁੜ ਕੇ ਮੈਨੂੰ ਕਿਸੇ ਨੇ ਸਾਕ ਨਾ ਦਿੱਤਾ ਤੇ ਮੈਂ ਕੰਜਰਾਂ ਦੇ ਕੋਠਿਆਂ 'ਤੇ ਖੇਹਾਂ ਖਾਂਦਾ ਫ਼ਿਰਿਆ। ਮੇਰਾ ਪੁੱਤਰ ਜਿਊਂਦਾ ਰਹਿੰਦਾ ਤਾਂ ਅੱਜ ਨੂੰ ਏਸ ਬਾਲੜੀ ਵਰਗੀ ਮੇਰੀ ਪੋਤਰੀ ਹੋਣੀ ਸੀ। ਮੈਂ ਉਹਨੂੰ ਚੁੱਕੀ ਫ਼ਿਰਦਾ। ਉਹਨੂੰ ਮੋਢੇ ਲਾ ਕੇ ਧਰਮਸਾਲ ਲੈ ਜਾਂਦਾ।"
"ਲੈ ਆਹ ਕਿਹੜੀ ਵੱਡੀ ਗੱਲ ਏ। ਜਗੀਰਾ ਇੱਕੀਆਂ ਬਾਈਆਂ ਦਾ ਗੱਭਰੂ ਏ। ਜੈਦਾਦ ਜ਼ਮੀਨ ਵਾਲਾ ਏ। ਉਹਨੂੰ ਵੀਹ ਸਾਕ ਆਉਂਦੇ ਨੇ। ਉਹਦਾ ਵਿਆਹ ਕਰ। ਹੋਰ ਉਹਦਾ ਕੌਣ ਏ। ਫ਼ੇਰ ਪਿਆ ਖਿਡਾਈਂ ਪੋਤਰੀਆਂ ਪੋਤਰੇ।" "ਤੂੰ ਆਪਣੇ ਜਗੀਰੇ ਦੀ ਗੱਲ ਕਰਦਾ ਏਂ, ਮੇਰੇ ਆਪਣੇ ਜਗੀਰੇ ਦੀ?" ਸ਼ਿੰਗਾਰਾ ਸਿੰਘ ਨੇ ਮੂਰਖਾਂ ਵਾਂਗ ਪੁੱਛਿਆ ।
"ਆਹੋ, ਭਤੀਜੇ ਤੇਰੇ ਦੀ!", ਆਤੂ ਨੇ ਕਿਹਾ, "ਜਿਸਦਾ ਅੱਜ ਰਾਤੀਂ ਅਸਾਂ ਕਤਲ ਕਰਨਾ ਏਂ।"
"ਨਾਂਹ ਨਾਂਹ ਆਤੂ", ਸ਼ਿੰਗਾਰਾ ਸਿੰਘ ਨੇ ਹੱਥ ਜੋੜਦਿਆਂ ਤੜਫ਼ ਕੇ ਆਖਿਆ, "ਵਾਸਤਾ ਈ ਗੁਰੂ ਦਾ, ਮੁੜ ਕੇ ਇਹ ਗੱਲ ਮੂੰਹੋਂ ਨਾ ਕੱਢੀਂ।"

  • ਮੁੱਖ ਪੰਨਾ : ਕਹਾਣੀਆਂ, ਮਹਿੰਦਰ ਸਿੰਘ ਸਰਨਾ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ