Ik Pathak (Story in Punjabi) : Maxim Gorky

ਇਕ ਪਾਠਕ (ਕਹਾਣੀ) : ਮੈਕਸਿਮ ਗੋਰਕੀ

ਰਾਤ ਕਾਫੀ ਹੋ ਗਈ ਸੀ, ਜਦੋਂ ਮੈਂ ਉਸ ਘਰੋਂ ਵਿਦਾਅ ਹੋਇਆ ਸਾਂ। ਉੱਥੇ ਮਿੱਤਰਾਂ ਦੀ ਇਕ ਗੋਸ਼ਟੀ ਵਿਚ ਆਪਣੀਆਂ ਪ੍ਰਕਾਸ਼ਿਤ ਕਹਾਣੀਆਂ ਵਿਚੋਂ ਇਕ ਦਾ ਪਾਠ ਵੀ ਕੀਤਾ ਸੀ ਮੈਂ ਤੇ ਉਹਨਾਂ ਤਾਰੀਫ਼ ਦੇ ਪੁਲ ਬੰਨ੍ਹਣ ਵਿਚ ਕੋਈ ਕਸਰ ਨਹੀਂ ਸੀ ਛੱਡੀ। ਤੇ ਮੈਂ ਹੌਲੀ-ਹੌਲੀ, ਮਗਨ-ਚਿੱਤ, ਸੜਕ ਉੱਤੇ ਤੁਰ ਰਿਹਾ ਸਾਂ। ਮੇਰਾ ਮਨ-ਚਿੱਤ ਆਨੰਦ ਨਾਲ ਭਰਿਆ ਹੋਇਆ ਸੀ ਤੇ ਮੈਂ ਜੀਵਨ ਵਿਚ ਇਕ ਅਜਿਹੇ ਸੁਖ ਦਾ ਅਨੁਭਵ ਕਰ ਰਿਹਾ ਸਾਂ ਜਿਹੜਾ ਪਹਿਲਾਂ ਕਦੀ ਨਹੀਂ ਸੀ ਕੀਤਾ।
ਫਰਵਰੀ ਦਾ ਮਹੀਨਾ ਸੀ। ਰਾਤ ਸਾਫ਼ ਸੀ ਤੇ ਖ਼ੂਬ ਤਾਰਿਆਂ ਨਾਲ ਜੜਿਆ ਹੋਇਆ, ਬੱਦਲਾਂ ਰਹਿਤ, ਆਸਮਾਨ ਧਰਤੀ ਉੱਪਰ ਨਿਹਾਲ ਕਰ ਦੇਣ ਵਾਲੀ ਠੰਡਕ ਬਰੂਰ ਰਿਹਾ ਸੀ, ਜਿਸ ਨੇ ਨਵੀਂ ਡਿੱਗੀ ਬਰਫ਼ ਨਾਲ ਸੋਲ੍ਹਾਂ ਸ਼ਿੰਗਾਰ ਕੀਤਾ ਹੋਇਆ ਸੀ।
'ਇਸ ਧਰਤੀ ਉੱਪਰ ਲੋਕਾਂ ਦੀਆਂ ਨਜ਼ਰਾਂ ਵਿਚ ਕੁਝ ਹੋਣ, ਬੜਾ ਚੰਗਾ ਲੱਗਦਾ ਹੈ…।' ਮੈਂ ਸੋਚਿਆ ਤੇ ਮੇਰੇ ਭਵਿੱਖ ਦੇ ਚਿੱਤਰ ਵਿਚ ਉੱਜਲ ਰੰਗ ਭਰਨ ਵਿਚ ਮੇਰੀ ਕਲਪਨਾ ਨੇ ਕੋਈ ਕੁਤਾਹੀ ਨਹੀਂ ਕੀਤੀ।
"ਹਾਂ, ਤੂੰ ਇਕ ਬੜੀ ਹੀ ਪਿਆਰੀ ਚੀਜ਼ ਲਿਖੀ ਏ। ਇਸ ਵਿਚ ਕੋਈ ਸ਼ੱਕ ਨਹੀਂ।" ਮੇਰੇ ਪਿੱਛੇ ਅਚਾਨਕ ਕੋਈ ਗੁਣਗੁਣਾਇਆ।
ਕਾਲੇ ਕੱਪੜੇ ਪਾਈ ਇਕ ਛੋਟੇ ਕੱਦ ਦਾ ਆਦਮੀ ਕਾਹਲੇ ਪੈਰੀਂ ਤੁਰਦਾ ਹੋਇਆ ਮੇਰੇ ਨਾਲ ਆ ਰਲਿਆ ਤੇ ਤਿੱਖੀ ਮਲੂਕ ਮੁਸਕਾਨ ਨਾਲ ਮੇਰੇ ਚਿਹਰੇ ਉੱਤੇ ਆਪਣੀਆਂ ਨਜ਼ਰਾਂ ਗੱਡ ਦਿੱਤੀਆਂ। ਉਸਦੀ ਹਰੇਕ ਚੀਜ਼ ਤਿੱਖੀ-ਤਿੱਖੀ ਜਾਪਦੀ ਸੀ…ਉਸਦੀ ਨਿਗਾਹ, ਉਸਦੇ ਜਬਾੜੇ ਦੀਆਂ ਹੱਡੀਆਂ, ਉਸਦੀ ਦਾੜ੍ਹੀ ਜਿਹੜੀ ਬੱਕਰੇ ਦੀ ਦਾੜ੍ਹੀ ਵਾਂਗ ਨੋਕਦਾਰ ਸੀ, ਉਸਦਾ ਸਮੁੱਚਾ ਮੁਰਝਾਇਆ ਜਿਹਾ ਢਾਂਚਾ, ਜਿਹੜਾ ਕੁਝ ਏਨਾ ਵਚਿੱਤਰ ਤੇ ਤਿੱਖਾ-ਨੁਕੀਲਾ ਸੀ ਕਿ ਅੱਖਾਂ ਵਿਚ ਚੁੱਭ ਰਿਹਾ ਸੀ। ਉਸਦੀ ਚਾਲ ਧੀਮੀ ਤੇ ਬੇਆਵਾਜ਼ ਸੀ। ਇੰਜ ਜਾਪਦਾ ਸੀ ਜਿਵੇਂ ਉਹ ਬਰਫ਼ ਉੱਤੇ ਤਿਲ੍ਹਕ ਰਿਹਾ ਹੋਵੇ। ਗੋਸ਼ਟੀ ਵਿਚ ਜਿਹੜੇ ਲੋਕ ਹਾਜ਼ਰ ਸਨ, ਉਹਨਾਂ ਵਿਚ ਉਹ ਮੈਨੂੰ ਨਜ਼ਰ ਨਹੀਂ ਸੀ ਆਇਆ…ਤੇ ਇਸੇ ਲਈ ਉਸਦੀ ਟਿੱਪਣੀ ਨੇ ਮੈਨੂੰ ਹੈਰਾਨ ਕਰ ਦਿੱਤਾ ਸੀ। ਉਹ ਕੌਣ ਸੀ? ਤੇ ਕਿੱਥੋਂ ਆਇਆ ਸੀ?
"ਕੀ ਤੁਸੀਂ…ਮਤਲਬ ਕਿ…ਮੇਰੀ ਕਹਾਣੀ ਸੁਣੀ ਸੀ?" ਮੈਂ ਪੁੱਛਿਆ।
"ਹਾਂ, ਮੈਨੂੰ ਉਸਨੂੰ ਸੁਣਨ ਦਾ ਸੁਭਾਗ ਪ੍ਰਾਪਤ ਹੋਇਆ ਏ।"
ਉਸਦੀ ਆਵਾਜ਼ ਤਿੱਖੀ ਸੀ। ਉਸਦੇ ਪਤਲੇ ਬੁੱਲ੍ਹਾਂ ਉੱਤੇ ਛੋਟੀਆਂ-ਛੋਟੀਆਂ ਕਾਲੀਆਂ ਮੁੱਛਾਂ ਵੀ ਸਨ, ਜਿਹੜੀਆਂ ਉਸਦੀ ਮੁਸਕਾਨ ਨੂੰ ਲਕੋਅ ਨਹੀਂ ਸੀ ਸਕੀਆਂ। ਮੁਸਕਾਨ ਉਸਦੇ ਬੁੱਲ੍ਹਾਂ ਤੋਂ ਵਿਦਾਅ ਹੋਣ ਦਾ ਨਾਂਅ ਹੀ ਨਹੀਂ ਸੀ ਲੈ ਰਹੀ ਤੇ ਇਹ ਮੈਨੂੰ ਬੜਾ ਓਪਰਾ ਜਿਹਾ ਲੱਗ ਰਿਹਾ ਸੀ।
"ਆਪਣੇ ਆਪ ਨੂੰ ਹੋਰਨਾਂ ਨਾਲੋਂ ਅਨੋਖਾ ਅਨੁਭਵ ਕਰਨਾ ਬੜਾ ਸੁਖਦਾਈ ਜਾਪਦੈ। ਕਿਊਂ, ਠੀਕ ਏ ਨਾ?" ਮੇਰੇ ਸਾਥੀ ਨੇ ਪੁੱਛਿਆ।
ਮੈਨੂੰ ਇਸ ਪ੍ਰਸ਼ਨ ਵਿਚ ਅਜਿਹੀ ਕੋਈ ਗੱਲ ਨਹੀਂ ਲੱਗੀ ਜਿਹੜੀ ਅਸਾਧਾਰਣ ਹੋਵੇ। ਸੋ ਮੈਂ ਸਹਿਮਤੀ ਪ੍ਰਗਟ ਕਰਨ ਵਿਚ ਦੇਰ ਨਹੀਂ ਕੀਤੀ।
"ਹੋ-ਹੋ-ਹੋ!" ਪਹਿਲੀ ਉਂਗਲ ਨਾਲ ਆਪਣੀ ਹਥੇਲੀ ਨੂੰ ਮਲਦਾ ਹੋਇਆ ਉਹ ਤਿੱਖੀ ਹਾਸੀ ਹੱਸਿਆ। ਉਸਦੀ ਹਾਸੀ ਮੈਨੂੰ ਅਪਮਾਣਤ ਕਰਨ ਵਾਲੀ ਸੀ।
"ਤੁਸੀਂ ਬੜੇ ਹਸਮੁੱਖ ਜੀਵ ਲੱਗਦੇ ਓ?" ਮੈਂ ਰੁੱਖੀ ਆਵਾਜ਼ ਵਿਚ ਕਿਹਾ।
"ਹਾਂ ਬਈ, ਬਹੁਤ।" ਮੁਸਕਰਾਉਂਦਿਆਂ ਤੇ ਸਿਰ ਹਿਲਾਉਂਦਿਆਂ ਉਸਨੇ ਹਾਮੀ ਭਰੀ, "ਤੇ ਮੈਂ ਵਾਲ ਦੀ ਖੱਲ ਉਧੇੜਨ ਵਾਲਾ ਵੀ ਆਂ, ਕਿਉਂਕਿ ਮੈਂ ਹਮੇਸ਼ਾ ਚੀਜ਼ਾਂ ਬਾਰੇ ਜਾਣਨਾ ਚਾਹੁੰਦਾ ਆਂ…ਹਰ ਗੱਲ ਦੇ ਧੁਰ ਅੰਦਰ ਤੱਕ ਜਾਣਾ ਚਾਹੁੰਦਾ ਆਂ।'
ਉਹ ਫੇਰ ਆਪਣੀ ਤਿੱਖੀ ਹਾਸੀ ਹੱਸਿਆ ਤੇ ਵਿੰਨ੍ਹ ਸੁੱਟਣ ਵਾਲੀਆਂ ਆਪਣੀਆਂ ਕਾਲੀਆਂ ਅੱਖਾਂ ਨਾਲ ਮੇਰੇ ਵੱਲ ਦੇਖਦਾ ਰਿਹਾ। ਮੈਂ ਆਪਣੇ ਕੱਦ ਦੀ ਉਚਾਈ ਤੋਂ ਇਕ ਨਜ਼ਰ ਉਸ ਉੱਤੇ ਮਾਰੀ ਤੇ ਠੰਡੀ ਆਵਾਜ਼ ਵਿਚ ਪੁੱਛਿਆ, "ਮਾਫ਼ ਕਰਨਾ, ਪਰ ਕੀ ਮੈਂ ਜਾਣ ਸਕਦਾਂ ਕਿ ਮੈਨੂੰ ਕਿਸ ਨਾਲ ਗੱਲਾਂ ਕਰਨ ਦਾ ਮਾਣ…"
"ਯਾਨੀ, ਮੈਂ ਕੌਣ ਹਾਂ? ਕੀ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ? ਜੀ ਹਾਂ, ਫਿਲਹਾਲ ਮੈਂ ਤੁਹਾਨੂੰ ਨਹੀਂ ਦੱਸਾਂਗਾ…ਕੀ ਤੁਸੀਂ ਆਦਮੀ ਦਾ ਨਾਂਅ ਉਸ ਗੱਲ ਨਾਲੋਂ ਵਧੇਰੇ ਮਹੱਤਵਪੂਰਨ ਸਮਝਦੇ ਓ, ਜਿਹੜੀ ਉਹ ਕਹਿਣ ਵਾਲਾ ਹੁੰਦਾ ਏ?"
"ਬਿਲਕੁਲ ਨਹੀਂ, ਪਰ ਇਹ ਸਭ ਕੁਝ ਬੜਾ ਈ ਅਜੀਬ ਹੋ ਰਿਹਾ ਏ।" ਮੈਂ ਉਤਰ ਦਿੱਤਾ।
ਉਸਨੇ ਮੈਨੂੰ ਬਾਹੋਂ ਫੜ੍ਹ ਕੇ ਨਿੱਕਾ ਜਿਹਾ ਝਟਕਾ ਦਿੱਤਾ ਤੇ ਸ਼ਾਂਤ ਹਾਸੀ ਹੱਸ ਕੇ ਬੋਲਿਆ, "ਹੋਣ ਦਿਓ ਅਜੀਬ, ਆਦਮੀ ਨੂੰ ਕਦੀ ਤਾਂ ਜ਼ਿੰਦਗੀ ਦੀਆਂ ਸਾਧਾਰਣ ਤੇ ਘਿਸੀਆਂ-ਪਿਟੀਆਂ ਲਕੀਰਾਂ ਤੋਂ ਪਰ੍ਹਾਂ ਹੋਣਾ ਚਾਹੀਦਾ ਏ। ਜੇ ਇਤਰਾਜ਼ ਨਾ ਹੋਵੇ ਤਾਂ ਆਓ ਜ਼ਰਾ ਖੁੱਲ੍ਹ ਕੇ ਗੱਲਾਂ ਕਰੀਏ। ਸਮਝ ਲਓ ਕਿ ਮੈਂ ਤੁਹਾਡਾ ਇਕ ਪਾਠਕ ਆਂ…ਇਕ ਵਚਿੱਤਰ ਕਿਸਮ ਦਾ ਪਾਠਕ, ਜਿਹੜਾ ਇਹ ਜਾਣਨਾ ਚਾਹੁੰਦਾ ਏ ਕਿ ਕੋਈ ਕਿਤਾਬ---ਮਿਸਾਲ ਵਜੋਂ ਤੁਹਾਡੀ ਆਪਣੀ ਲਿਖੀ ਹੋਈ ਕਿਤਾਬ---ਕਿੰਜ ਤੇ ਕਿਸ ਉਦੇਸ਼ ਨੂੰ ਲੈ ਕੇ ਲਿਖੀ ਗਈ…? ਦੱਸੋ, ਇਸ ਕਿਸਮ ਦੀ ਗੱਲਬਾਤ ਕਰਨਾ ਪਸੰਦ ਕਰੋਗੇ?"
"ਓਅ, ਜ਼ਰੂਰ!" ਮੈਂ ਕਿਹਾ, "ਮੈਨੂੰ ਖੁਸ਼ੀ ਹੋਵੇਗੀ। ਅਜਿਹੇ ਆਦਮੀ ਨਾਲ ਗੱਲਾਂ ਕਰਨ ਦਾ ਮੌਕਾ ਰੋਜ਼-ਰੋਜ਼ ਨਹੀਂ ਮਿਲਦਾ।" ਪਰ ਮੈਂ ਇਹ ਝੂਠ ਕਿਹਾ ਸੀ, ਕਿਉਂਕਿ ਮੈਨੂੰ ਇਹ ਸਭ ਬੜਾ ਹੀ ਰੜਕ ਰਿਹਾ ਸੀ। ਫੇਰ ਵੀ ਮੈਂ ਉਸਦੇ ਨਾਲ ਤੁਰਦਾ ਰਿਹਾ---ਧੀਮੇਂ ਕਦਮਾਂ ਨਾਲ, ਬੜੇ ਭੱਦਰ-ਪੁਰਸ਼ਾਂ ਵਾਂਗ ਜਿਵੇਂ ਮੈਂ ਉਸਦੀ ਗੱਲ ਧਿਆਨ ਨਾਲ ਸੁਣ ਰਿਹਾ ਹੋਵਾਂ।
ਮੇਰਾ ਸਾਥੀ ਪਲ ਛਿਣ ਲਈ ਚੁੱਪ ਹੋ ਗਿਆ ਤੇ ਫੇਰ ਬੜੀ ਵਿਸ਼ਵਾਸ ਭਰੀ ਆਵਾਜ਼ ਕਹਿਣ ਲੱਗਾ, "ਮਨੁੱਖੀ ਵਰਤਾਰੇ ਵਿਚ ਗੁੱਝੇ ਉਦੇਸ਼ਾਂ ਤੇ ਇਰਾਦਿਆਂ ਨਾਲੋਂ ਵੱਧ ਵਚਿੱਤਰ ਤੇ ਮਹੱਤਵਪੂਰਨ ਚੀਜ਼ ਇਸ ਦੁਨੀਆਂ ਵਿਚ ਹੋਰ ਕੋਈ ਨਹੀਂ…ਤੁਸੀਂ ਇਹ ਗੱਲ ਮੰਨਦੇ ਓ ਨਾ?"
ਮੈਂ ਸਿਰ ਹਿਲਾ ਕੇ ਹਾਮੀ ਭਰੀ।
"ਠੀਕ, ਫੇਰ ਆਓ ਜ਼ਰਾ ਖੁੱਲ੍ਹ ਕੇ ਗੱਲਾਂ ਕਰੀਏ। ਸੁਣੋ, ਤੁਸੀਂ ਜਦ ਤੀਕ ਜਵਾਨ ਓ, ਖੁੱਲ੍ਹ ਕੇ ਗੱਲਾਂ ਕਰਨ ਦਾ ਇਕ ਵੀ ਮੌਕਾ ਹੱਥੋਂ ਨਾ ਜਾਣ ਦੇਈਓ…।"
'ਅਜੀਬ ਆਦਮੀ ਹੈ।' ਮੈਂ ਸੋਚਿਆ, ਪਰ ਉਸਦੇ ਸ਼ਬਦਾਂ ਨੇ ਮੈਨੂੰ ਉਲਝਾ ਲਿਆ ਸੀ।
"ਸੋ ਤਾਂ ਠੀਕ ਏ," ਮੈਂ ਕਿਹਾ, "ਪਰ ਅਸੀਂ ਗੱਲਬਾਤ ਕਿਸ ਵਿਸ਼ੇ ਉੱਪਰ ਕਰਾਂਗੇ?"
ਕਿਸੇ ਪੁਰਾਣੇ ਜਾਣਕਾਰ ਵਾਂਗ ਉਸਨੇ ਸਿੱਧਾ ਮੇਰੀਆਂ ਅੱਖਾਂ ਵਿਚ ਦੇਖਿਆ, "ਸਾਹਿਤ ਦੇ ਉਦੇਸ਼ ਬਾਰੇ, ਕਿਉਂ ਠੀਕ ਏ ਨਾ?"
"ਹਾਂ, ਪਰ…ਦੇਰ ਕਾਫੀ ਹੋ ਗਈ ਏ…"
"ਓਅ, ਤੁਸੀਂ ਅਜੇ ਨੌਜੁਆਨ ਓ, ਤੁਹਾਡੇ ਲਈ ਅਜੇ ਦੇਰ ਨਹੀਂ ਹੋਈ।"
ਮੈਂ ਰੁਕ ਗਿਆ, ਉਸਦੇ ਸ਼ਬਦਾਂ ਨੇ ਮੈਨੂੰ ਜਕੜ ਲਿਆ ਸੀ। ਕਿਸੇ ਹੋਰ ਹੀ ਅਰਥਾਂ ਵਿਚ ਉਸਨੇ ਇਹਨਾਂ ਸ਼ਬਦਾਂ ਦਾ ਉਚਾਰਨ ਕੀਤਾ ਸੀ ਤੇ ਏਨੀ ਗੰਭੀਰਤਾ ਨਾਲ ਕੀਤਾ ਸੀ ਕਿ ਕੋਈ ਭਵਿੱਖ-ਨਾਦ ਜਾਪ ਰਹੇ ਸਨ। ਮੈਂ ਰੁਕ ਗਿਆ ਸਾਂ, ਪਰ ਉਸਨੇ ਮੈਨੂੰ ਬਾਹੋਂ ਫੜ੍ਹਿਆ ਤੇ ਚੁੱਪਚਾਪ ਪਰ ਦ੍ਰਿੜ੍ਹਤਾ ਨਾਲ ਅੱਗੇ ਵਧਣ ਲੱਗਾ।
"ਰੁਕੋ ਨਾ, ਮੇਰੇ ਨਾਲ ਤੁਸੀਂ ਸਹੀ ਰਸਤੇ ਉੱਪਰ ਓ।" ਉਸਨੇ ਕਿਹਾ, "ਗੱਲ ਸ਼ੁਰੂ ਕਰੋ…ਹਾਂ, ਮੈਨੂੰ ਇਹ ਦੱਸੋ ਬਈ ਸਾਹਿਤ ਦਾ ਉਦੇਸ਼ ਕੀ ਹੈ?"
ਮੇਰੀ ਹੈਰਾਨੀ ਵਧਦੀ ਜਾ ਰਹੀ ਸੀ ਤੇ ਆਤਮ-ਸੰਤੁਲਨ ਘਟਦਾ…'ਆਖ਼ਰ ਇਹ ਆਦਮੀ ਮੈਥੋਂ ਚਾਹੁੰਦਾ ਕੀ ਹੈ? ਤੇ ਇਹ ਹੈ ਕੌਣ?' ਸ਼ੱਕ ਨਹੀਂ ਕਿ ਉਹ ਇਕ ਦਿਲਚਸਪ ਆਦਮੀ ਸੀ, ਪਰ ਮੈਨੂੰ ਉਸ ਉੱਤੇ ਖਿਝ ਚੜ੍ਹਨ ਲੱਗ ਪਈ ਸੀ। ਉਸ ਤੋਂ ਪਿੰਡ ਛੁੜਾਉਣ ਦੀ ਇਕ ਹੋਰ ਕੋਸ਼ਿਸ਼ ਕਰਦਾ ਹੋਇਆ ਮੈਂ ਕਾਹਲ ਨਾਲ ਅੱਗੇ ਵੱਲ ਅਹੁਲਿਆ; ਪਰ ਉਹ ਵੀ ਪਿੱਛੇ ਨਾ ਰਿਹਾ। ਨਾਲ-ਨਾਲ ਤੁਰਦਾ ਹੋਇਆ ਸ਼ਾਂਤ ਭਾਵ ਨਾਲ ਬੋਲਿਆ, "ਮੈਂ ਤੁਹਾਡੀ ਦਿੱਕਤ ਸਮਝ ਸਕਦਾ ਆਂ। ਯਕਦਮ ਸਾਹਿਤ ਦੀ ਵਿਆਖਿਆ ਕਰਨ ਲੱਗ ਪੈਣਾ ਤੁਹਾਡੇ ਲਈ ਔਖਾ ਏ, ਕਹੋ ਤਾਂ ਮੈਂ ਕੋਸ਼ਿਸ਼ ਕਰਾਂ…?"
ਉਸਨੇ ਮੁਸਕਰਾਉਂਦਿਆਂ ਹੋਇਆਂ ਮੇਰੇ ਵੱਲ ਦੇਖਿਆ, ਪਰ ਮੇਰੇ ਉਤਰ ਦੀ ਉਡੀਕ ਕੀਤੇ ਬਿਨਾਂ ਕਹਿਣ ਲੱਗਾ, "ਸ਼ਾਇਦ ਇਸ ਗੱਲ ਨਾਲ ਤੁਸੀਂ ਸਹਿਮਤ ਹੋਵੋ, ਜੇ ਮੈਂ ਕਹਾਂ ਕਿ ਸਾਹਿਤ ਦਾ ਉਦੇਸ਼ ਹੈ---ਖ਼ੁਦ ਆਪਣੇ ਬਾਰੇ ਜਾਣਨ ਵਿਚ ਇਨਸਾਨ ਦੀ ਮਦਦ ਕਰਨੀ; ਉਸਦੇ ਆਤਮ-ਵਿਸ਼ਵਾਸ ਨੂੰ ਦ੍ਰਿੜ੍ਹ ਬਣਾਉਣਾ ਤੇ ਸੱਚ ਦੀ ਪਰਖ ਪ੍ਰਤੀ ਦ੍ਰਿੜ੍ਹ ਹੋਣਾ…ਲੋਕਾਂ ਦੀਆਂ ਚੰਗਿਆਈਆਂ ਨੂੰ ਉਜਾਗਰ ਕਰਨਾ ਤੇ ਬੁਰਿਆਈਆਂ ਦਾ ਨਾਸ਼ ਕਰਨ ਲਈ ਬਲ ਵਧਾਉਣ ਵਿਚ ਮਦਦ ਕਰਨਾ। ਲੋਕਾਂ ਦੇ ਦਿਲਾਂ ਵਿਚ ਅਣਖ, ਗੁੱਸਾ ਤੇ ਹੌਸਲਾ ਪੈਦਾ ਕਰਨਾ, ਉੱਚੇ ਉਦੇਸ਼ਾਂ ਲਈ ਸ਼ਕਤੀ ਪ੍ਰਬਲ ਕਰਨਾ ਤੇ ਸਵੱਛਤਾ ਦੀ ਪਵਿੱਤਰ ਭਾਵਨਾ ਨਾਲ ਉਹਨਾਂ ਦੀ ਜੀਵਨ ਜਾਚ ਨੂੰ ਸ਼ੁੱਧ ਬਣਾਉਣਾ। ਕਿਉਂ, ਏਨਾ ਤਾਂ ਮੰਨਦੇ ਓ…?"
"ਹਾਂ।" ਮੈਂ ਕਿਹਾ, "ਪਰਿਭਾਸ਼ਾ ਬੜੀ ਸਹੀ ਹੈ। ਇਹ ਤਾਂ ਸਾਰੇ ਮੰਨਦੇ ਨੇ ਕਿ ਸਾਹਿਤ ਦਾ ਉਦੇਸ਼ ਲੋਕਾਂ ਨੂੰ ਹੋਰ ਚੰਗੇਰਾ ਬਣਾਉਣਾ ਏਂ।"
"ਫੇਰ ਦੋਖੋ ਨਾ, ਲੋਖਕ ਦੇ ਰੂਪ ਵਿਚ ਤੁਸੀਂ ਕਿੰਨੇ ਉੱਚੇ ਉਦੇਸ਼ ਲਈ ਕੰਮ ਕਰ ਰਹੇ ਓ।" ਮੇਰੇ ਸਾਥੀ ਨੇ ਗੰਭੀਰਤਾ ਨਾਲ ਆਪਣੀ ਗੱਲ ਉੱਤੇ ਜ਼ੋਰ ਦੇਂਦਿਆਂ ਕਿਹਾ ਤੇ ਫੇਰ ਆਪਣੀ ਉਹੀ ਤਿੱਖੀ ਹਾਸੀ ਹੱਸਣ ਲੱਗਾ, "ਹੋ-ਹੋ-ਹੋ!"
ਇਸ ਨਾਲ ਮੈਨੂੰ ਆਪਣੀ ਹੇਠੀ ਹੋ ਰਹੀ ਜਾਪੀ। ਮੈਂ ਦੁੱਖ, ਹਿਰਖ ਤੇ ਖਿਝ ਵੱਸ ਚੀਕਿਆ, "ਆਖ਼ਰ ਤੁਸੀਂ ਮੈਥੋਂ ਚਾਹੁੰਦੇ ਕੀ ਓ?"
"ਆਓ, ਥੋੜ੍ਹੀ ਦੇਰ ਬਾਗ਼ ਵਿਚ ਚੱਲ ਕੇ ਬੈਠਦੇ ਆਂ।" ਉਸਨੇ ਫੇਰ ਇਕ ਨਿੱਕੀ ਹਾਸੀ ਹੱਸਦਿਆਂ ਤੇ ਮੇਰਾ ਹੱਥ ਫੜ੍ਹ ਕੇ ਮੈਨੂੰ ਖਿੱਚਦਿਆਂ ਹੋਇਆਂ ਕਿਹਾ।
ਫੇਰ ਅਸੀਂ ਨਗਰ-ਬਾਗ਼ ਦੀ ਜੂਹ ਵਿਚ ਪਹੁੰਚ ਗਏ। ਚਾਰੇ ਪਾਸੇ ਕਿੱਕਰਾਂ ਤੇ ਲਿਲਕ ਦੀਆਂ ਲੰਮੀਆਂ ਟਾਹਣੀਆਂ ਦਿਖਾਈ ਦੇ ਰਹੀਆਂ ਸਨ, ਜਿੰਨਾਂ ਉੱਪਰ ਬਰਫ਼ ਦੀ ਪਰਤ ਚੜ੍ਹੀ ਹੋਈ ਸੀ। ਉਹ ਚੰਦ ਦੀ ਰੌਸ਼ਨੀ ਵਿਚ ਚਮਕਦੀਆਂ ਹੋਈਆਂ ਮੇਰੇ ਸਿਰ ਉੱਪਰ ਛਾਈਆਂ ਹੋਈਆਂ ਸਨ ਤੇ ਇੰਜ ਮਹਿਸੂਸ ਹੋ ਰਿਹਾ ਸੀ ਜਿਵੇਂ ਰੌਸ਼ਨੀ ਬਰਫ਼ ਦਾ ਕਵਚ ਪਾਈ ਸਖ਼ਤ ਟਾਹਣੀਆਂ ਨੂੰ ਵਿੰਨ੍ਹਾਂ ਕੇ ਸਿੱਧੀ ਮੇਰੇ ਦਿਲ ਤੱਕ ਪਹੁੰਚ ਰਹੀ ਹੋਵੇ।
ਮੈਂ ਬਿਨਾਂ ਇਕ ਸ਼ਬਦ ਕਹੇ ਆਪਣੇ ਸਾਥੀ ਵੱਲ ਦੇਖਿਆ। ਉਸਦੇ ਵਤੀਰੇ ਨੇ ਮੈਨੂੰ ਚੱਕਰ ਵਿਚ ਪਾਇਆ ਹੋਇਆ ਸੀ। 'ਇਸਦੇ ਦਿਮਾਗ਼ ਦਾ ਕੋਈ ਪੁਰਜਾ ਢਿੱਲਾ ਜਾਪਦਾ ਏ।' ਮੈਂ ਸੋਚਿਆ ਤੇ ਉਸਦੇ ਵਤੀਰੇ ਦੀ ਇਸ ਵਿਆਖਿਆ ਨਾਲ ਆਪਣੇ ਮਨ ਨੂੰ ਤਸੱਲੀ ਦੇਣ ਦੀ ਕੋਸ਼ਿਸ਼ ਕੀਤੀ।
"ਸ਼ਾਇਦ ਤੁਸੀਂ ਸੋਚ ਰਹੇ ਓ ਕਿ ਮੇਰਾ ਦਿਮਾਗ਼ ਕੁਝ ਖ਼ਰਾਬ ਲੱਗਦਾ ਏ।" ਉਸਨੇ ਜਿਵੇਂ ਮੇਰੇ ਭਾਵਾਂ ਨੂੰ ਪੜ੍ਹਦਿਆਂ ਕਿਹਾ, "ਪਰ ਇਸ ਖ਼ਿਆਲ ਨੂੰ ਆਪਣੇ ਦਿਮਾਗ਼ ਵਿਚੋਂ ਕੱਢ ਦਿਓ, ਇਹ ਤੁਹਾਡੇ ਲਈ ਨੁਕਸਾਨ ਦੇਹ ਤੇ ਅਢੁੱਕਵਾਂ ਏਂ…। ਬਜਾਏ ਇਸਦੇ ਕਿ ਅਸੀਂ ਉਸ ਆਦਮੀ ਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਜਿਹੜਾ ਸਾਡੇ ਨਾਲੋਂ ਭਿੰਨ ਏ, ਤੇ ਇਸ ਬਹਾਨੇ ਦੀ ਓਟ ਲੈ ਕੇ ਅਸੀਂ ਉਸਨੂੰ ਸਮਝਣ ਦੇ ਝੰਜਟ ਤੋਂ ਖਹਿੜਾ ਛੁਡਾ ਲੈਣਾ ਚਾਹੀਏ---ਮਨੁੱਖ ਦੇ ਪ੍ਰਤੀ ਆਦਮੀ ਦੀ ਉਦਾਸੀਨਤਾ ਦਾ ਬੜਾ ਹੀ ਠੋਸ ਪ੍ਰਮਾਣ ਏਂ ਇਹ।"
"ਉਹ ਤਾਂ ਠੀਕ ਏ," ਮੈਂ ਕਿਹਾ। ਮੇਰੀ ਖਿਝ ਲਗਾਤਾਰ ਵਧਦੀ ਜਾ ਰਹੀ ਸੀ, "ਪਰ ਮਾਫ਼ ਕਰਨਾ, ਮੈਂ ਹੁਣ ਚੱਲਾਂਗਾ। ਕਾਫੀ ਸਮਾਂ ਹੋ ਗਿਐ..."
"ਜਾਓ।" ਉਸਨੇ ਮੋਢੇ ਸਿਕੋੜ ਕੇ ਕਿਹਾ, "ਜਾਓ, ਪਰ ਇਹ ਜਾਣ ਲਓ ਕਿ ਤੁਸੀਂ ਖ਼ੁਦ ਆਪਣੇ ਆਪ ਤੋਂ ਭੱਜ ਰਹੇ ਓ।" ਉਸਨੇ ਮੇਰਾ ਹੱਥ ਛੱਡ ਦਿੱਤਾ ਤੇ ਮੈਂ ਉੱਥੋਂ ਤੁਰ ਪਿਆ।
ਉਹ ਬਾਗ਼ ਵਿਚ ਹੀ ਇਕ ਟਿੱਲੇ ਕੋਲ ਰੁਕ ਗਿਆ। ਉੱਥੋਂ ਵੋਲਗਾ ਨਜ਼ਰ ਆਉਂਦੀ ਸੀ ਜਿਸ ਉੱਪਰ ਹੁਣ ਬਰਫ਼ ਦੀ ਚਾਦਰ ਤਣ ਗਈ ਸੀ ਤੇ ਇੰਜ ਜਾਪਦਾ ਸੀ ਜਿਵੇਂ ਬਰਫ਼ ਦੀ ਉਸ ਚਾਦਰ ਉੱਪਰ ਸੜਕਾਂ ਦੇ ਕਾਲੇ ਫੀਤੇ ਟੰਗੇ ਹੋਏ ਹੋਣ। ਸਾਹਮਣੇ ਦੂਰ ਤਟ ਦੇ ਸ਼ਾਂਤ ਤੇ ਉਦਾਸੀ ਵਿਚ ਡੁੱਬੇ ਲੰਮੇ-ਚੌੜੇ ਮੈਦਾਨ ਫੈਲੇ ਹੋਏ ਸਨ। ਉਹ ਉੱਥੇ ਪਈ ਇਕ ਬੈਂਚ ਉੱਤੇ ਬੈਠ ਗਿਆ ਤੇ ਸੁੰਨੇ ਮੈਦਾਨਾਂ ਵੱਲ ਤੱਕਦਾ ਹੋਇਆ ਸੀਟੀ ਦੀ ਸੁਰ ਵਿਚ ਇਕ ਜਾਣੇ-ਪਛਾਣੇ ਗੀਤ ਦੀ ਧੁਨ ਵਜਾਉਣ ਲੱਗਾ :
'ਉਹ ਕੀ ਦਿਖਾਉਣਗੇ ਰਸਤਾ ਸਾਨੂੰ
ਜਿੰਨ੍ਹਾਂ ਨੂੰ ਖ਼ੁਦ ਆਪਣੀ ਸੁੱਧ ਨਹੀਂ…'
ਮੈਂ ਭੌਂ ਕੇ ਉਸ ਵੱਲ ਦੇਖਿਆ…ਆਪਣੀ ਕੁਹਣੀ ਨੂੰ ਗੋਡੇ ਉੱਤੇ ਤੇ ਠੋਡੀ ਨੂੰ ਹਥੇਲੀ ਉੱਤੇ ਟਿਕਾਈ, ਮੂੰਹ ਨਾਲ ਸੀਟੀ ਵਜਾਉਂਦਾ, ਉਹ ਮੇਰੇ ਵੱਲ ਹੀ ਝਾਕ ਰਿਹਾ ਸੀ ਤੇ ਚੰਨ ਚਾਨਣੀ ਵਿਚ ਚਮਕਦੇ ਉਸਦੇ ਚਿਹਰੇ ਉੱਪਰ ਉਸਦੀਆਂ ਬਰੀਕ ਕਾਲੀਆਂ ਮੁੱਛਾਂ ਫਰਕ ਰਹੀਆਂ ਸਨ। ਇਹ ਸਮਝ ਕੇ ਕਿ ਇਹੀ ਵਿਧੀ ਦਾ ਵਿਧਾਨ ਹੈ, ਮੈਂ ਉਸ ਕੋਲ ਜਾ ਬੈਠਣ ਦਾ ਫੈਸਲਾ ਕਰ ਲਿਆ। ਕਾਹਲੇ ਕਦਮਾਂ ਨਾਲ ਉੱਥੇ ਪਹੁੰਚਿਆ ਤੇ ਉਸਦੇ ਬਰਾਬਰ ਜਾ ਬੈਠਾ।
"ਦੇਖੋ, ਜੇ ਅਸੀਂ ਗੱਲਬਾਤ ਕਰਨੀ ਏਂ ਤਾਂ ਸਿੱਧੇ-ਸਾਦੇ ਢੰਗ ਨਾਲ ਸੰਖੇਪ ਵਿਚ ਹੋਣੀ ਚਾਹੀਦੀ ਏ।" ਮੈਂ ਆਪਣੀ ਰੋਸ ਭਰੀ ਆਵਾਜ਼ ਉੱਤੇ ਕਾਬੂ ਰੱਖਦਿਆਂ ਕਿਹਾ।
"ਲੋਕਾਂ ਨੂੰ ਹਮੇਸ਼ਾ ਸਿੱਧੇ-ਸਾਦੇ ਢੰਗ ਨਾਲ ਗੱਲ ਕਰਨੀ ਚਾਹੀਦੀ ਹੈ।" ਉਸਨੇ ਸਿਰ ਹਿਲਾਉਂਦਿਆਂ ਹੋਇਆਂ ਕਿਹਾ, "ਪਰ ਇਹ ਤੁਹਾਨੂੰ ਵੀ ਮੰਨਣਾ ਪਏਗਾ ਕਿ ਆਪਣੇ ਉਸ ਢੰਗ ਤੋਂ ਕੰਮ ਲਏ ਬਿਨਾਂ ਮੈਂ ਤੁਹਾਡਾ ਧਿਆਨ ਨਹੀਂ ਸੀ ਖਿੱਚ ਸਕਣਾ। ਅੱਜ ਕੱਲ੍ਹ ਸਿੱਧੀਆਂ-ਸਾਦੀਆਂ ਤੇ ਸਪਸ਼ਟ ਗੱਲਾਂ ਨੂੰ ਰਸਹੀਣ, ਰੁੱਖੜ ਕਹਿ ਕੇ ਅੱਖੋਂ ਪਰੋਖੇ ਕਰ ਦਿੱਤਾ ਜਾਂਦਾ ਏ, ਪਰ ਅਸਲ ਗੱਲ ਇਹ ਜੇ ਕਿ ਅਸੀਂ ਕਿਸੇ ਵੀ ਚੀਜ਼ ਵਿਚ ਜੋਸ਼ ਜਾਂ ਕੋਮਲਤਾ ਲਿਆਉਣ ਵਿਚ ਅਸਮਰਥ ਰਹਿੰਦੇ ਆਂ। ਅਸੀਂ ਤੁੱਛ ਕਲਪਨਾਵਾਂ ਤੇ ਦਿੱਵ-ਸੁਪਨਿਆਂ ਵਿਚ ਰਮਨਾ ਤੇ ਆਪਣੇ ਆਪ ਨੂੰ ਵਚਿੱਤਰ ਤੇ ਅਨੋਖਾ ਦਿਖਾਉਣਾ ਚਾਹੁੰਦੇ ਹਾਂ, ਕਿਉਂਕਿ ਜਿਸ ਜੀਵਨ ਦੀ ਅਸੀਂ ਰਚਨਾ ਕੀਤੀ ਏ, ਉਹ ਰਸਹੀਣ, ਬਦਰੰਗ ਤੇ ਅਕਾਅ ਦੇਣ ਵਾਲ ਏ। ਜਿਸ ਜੀਵਨ ਨੂੰ ਅਸੀਂ ਕਦੀ ਏਨੀ ਲਗਨ ਤੇ ਜੋਸ਼ ਨਾਲ ਬਦਲਣ ਤੁਰੇ ਸਾਂ, ਉਸ ਨੇ ਸਾਨੂੰ ਕੁਚਲ ਤੇ ਤੋੜ ਕੇ ਰੱਖ ਦਿੱਤਾ ਏ।" ਇਕ ਪਲ ਚੁੱਪ ਰਹਿ ਕੇ ਉਸਨੇ ਪੁੱਛਿਆ, "ਕਿਉਂ, ਮੈਂ ਠੀਕ ਕਹਿ ਰਿਹਾਂ ਨਾ?"
"ਹਾਂ…" ਮੈਂ ਕਿਹਾ, "ਤੁਹਾਡਾ ਕਹਿਣਾ ਠੀਕ ਏ।"
"ਤੁਸੀਂ ਬੜੀ ਛੇਤੀ ਗੋਡੇ ਟੇਕ ਦੇਂਦੇ ਓ..." ਤਿੱਖੀ ਹਾਸੀ ਹੱਸਦਿਆਂ ਹੋਇਆਂ ਮੇਰੇ ਪ੍ਰਤੀਵਾਦੀ ਨੇ ਮੇਰਾ ਮਖ਼ੌਲ ਉਡਾਇਆ। ਮੈਂ ਕੱਚਾ ਜਿਹਾ ਹੋ ਗਿਆ। ਉਸਨੇ ਤਿੱਖੀਆਂ ਨਜ਼ਰਾਂ ਮੇਰੇ ਉੱਤੇ ਗੱਡ ਦਿੱਤੀਆਂ ਤੇ ਮੁਸਕਰਾਉਂਦਾ ਹੋਇਆ ਬੋਲਿਆ, "ਤੁਸੀਂ ਲੇਖਕ ਓ, ਤੇ ਤੁਸੀਂ ਜੋ ਲਿਖਦੇ ਓ ਉਸਨੂੰ ਹਜ਼ਾਰਾਂ ਲੋਕ ਪੜ੍ਹਦੇ ਨੇ। ਤੁਸੀਂ ਕਿਸ ਗੱਲ ਦਾ ਪ੍ਰਚਾਰ ਕਰਦੇ ਓ? ਤੇ ਕੀ ਕਦੀ ਤੁਸੀਂ ਆਪਣੇ ਆਪ ਨੂੰ ਇਹ ਪੁੱਛਿਆ ਏ ਕਿ ਦੂਜਿਆਂ ਨੂੰ ਸਿਖਿਆ ਦੇਣ ਦਾ ਤੁਹਾਨੂੰ ਕੀ ਅਧਿਕਾਰ ਹੈ?"
ਜੀਵਨ ਵਿਚ ਪਹਿਲੀ ਵਾਰੀ ਮੈਂ ਆਪਣੀ ਸੋਚ ਨੂੰ ਫਰੋਲਿਆ ; ਉਸਨੂੰ ਜਾਚਿਆ-ਪਰਖਿਆ। 'ਹਾਂ, ਤਾਂ ਮੈਂ ਕਿਸ ਚੀਜ਼ ਦਾ ਪ੍ਰਚਾਰ ਕਰਦਾ ਹਾਂ? ਲੋਕਾਂ ਨੂੰ ਕਹਿਣ ਲਈ ਮੇਰੇ ਕੋਲ ਕੀ ਹੈ? ਕੀ ਓਹੋ ਸਾਰੀਆਂ ਗੱਲਾਂ ਜਿਹੜੀਆਂ ਹਮੇਸ਼ਾ ਕਹੀਆਂ-ਸੁਣੀਆਂ ਜਾਂਦੀਆਂ ਨੇ, ਪਰ ਜਿਹੜੀਆਂ ਆਦਮੀ ਨੂੰ ਬਦਲ ਕੇ ਬਿਹਤਰ ਨਹੀਂ ਬਣਾਉਂਦੀਆਂ? ਤੇ ਉਹਨਾਂ ਵਿਚਾਰਾਂ ਤੇ ਨੀਤੀਆਂ ਦਾ ਪ੍ਰਚਾਰ ਕਰਨ ਦਾ ਮੈਨੂੰ ਕੀ ਹੱਕ ਹੈ, ਜਿੰਨ੍ਹਾਂ ਵਿਚ ਨਾ ਤਾਂ ਮੈਂ ਯਕੀਨ ਕਰਦਾ ਹਾਂ, ਤੇ ਨਾ ਜਿੰਨ੍ਹਾਂ ਨੂੰ ਮੈਂ ਅਮਲ ਵਿਚ ਲਿਆਂਦਾ ਹੈ? ਜਦੋਂ ਮੈਂ ਖ਼ੁਦ ਆਪਣੇ ਖ਼ਿਲਾਫ਼ ਆਚਰਨ ਕਰ ਰਿਹਾਂ, ਤਾਂ ਕੀ ਇਹ ਸਿੱਧ ਨਹੀਂ ਹੁੰਦਾ ਕਿ ਉਹਨਾਂ ਦੀ ਸੱਚਾਈ ਵਿਚ ਮੈਨੂੰ ਵਿਸ਼ਵਾਸ ਨਹੀਂ? ਇਸ ਆਦਮੀ ਨੂੰ ਮੈਂ ਕੀ ਜਵਾਬ ਦਿਆਂ…ਜਿਹੜਾ ਮੇਰੇ ਸਾਹਮਣੇ ਬੈਠਾ ਹੋਇਆ ਹੈ?'
ਪਰ ਉਸਨੇ ਮੇਰੇ ਜਵਾਬ ਦੀ ਉਡੀਕ ਤੋਂ ਅੱਕ ਕੇ ਫੇਰ ਬੋਲਣਾ ਸ਼ੁਰੂ ਕਰ ਦਿੱਤਾ, "ਇਕ ਸਮਾਂ ਸੀ ਜਦ ਇਹ ਧਰਤੀ ਲਿਖਣ ਕਲਾ ਮਾਹਿਰਾਂ, ਜੀਵਨ ਤੇ ਮਨੁੱਖੀ ਮਨ ਦੇ ਅਧਿਅਨਕਾਰਾਂ ਤੇ ਅਜਿਹੇ ਲੋਕਾਂ ਨਾਲ ਭਰੀ ਹੋਈ ਸੀ ਜਿਹੜੇ ਦੁਨੀਆਂ ਨੂੰ ਚੰਗੇਰੇ ਬਣਾਉਣ ਦੀ ਸਰਭ ਪ੍ਰਬਲ ਇੱਛਾ ਤੇ ਮਨੁੱਖੀ ਪ੍ਰਕ੍ਰਿਤੀ ਵਿਚ ਡੂੰਘੇ ਵਿਸ਼ਵਾਸ ਨਾਲ ਭਰੇ ਹੋਏ ਸਨ। ਉਹਨਾਂ ਅਜਿਹੀਆਂ ਕਿਤਾਬਾਂ ਲਿਖੀਆਂ ਜਿਹੜੀਆਂ ਕਦੀ ਚੇਤਿਆਂ ਵਿਚੋਂ ਮਿਟ ਹੀ ਨਹੀਂ ਸਕਦੀਆਂ, ਕਾਰਣ?...ਉਹ ਅਮਰ ਸੱਚਾਈਆਂ ਨੂੰ ਉਜਾਗਰ ਕਰਦੀਆਂ ਨੇ ਤੇ ਉਹਨਾਂ ਦੇ ਪੰਨਿਆਂ ਵਿਚੋਂ ਕਦੀ ਮੈਲੀ ਨਾ ਹੋਣ ਵਾਲੀ ਸੁੰਦਰਤਾ ਫੁੱਟ-ਫੁੱਟ ਪੈਂਦੀ ਜੇ। ਉਹਨਾਂ ਵਿਚ ਚਿੱਤਰੇ ਪਾਤਰ, ਜੀਵਨ ਦੇ ਸੱਚੇ ਪਾਤਰ ਨੇ, ਕਿਉਂਕਿ ਪ੍ਰੇਰਨਾ ਨੇ ਉਹਨਾਂ ਵਿਚ ਜਾਨ ਪਾਈ ਹੋਈ ਏ। ਉਹਨਾਂ ਕਿਤਾਬਾਂ ਵਿਚ ਹੌਸਲਾ ਤੇ ਦਲੇਰੀ ਏ, ਦਗਦਾ ਹੋਇਆ ਗੁੱਸਾ ਤੇ ਨਿੱਘਾ-ਸੱਚਾ ਪ੍ਰੇਮ ਹੈ। ਉਹਨਾਂ ਵਿਚ ਇਕ ਵੀ ਸ਼ਬਦ ਭਰਤੀ ਨਹੀਂ ਕੀਤਾ ਗਿਆ।
"ਮੈਂ ਜਾਣਦਾ ਹਾਂ ਕਿ ਇਹਨਾ ਪੁਸਤਕਾਂ ਵਿਚੋਂ ਹੀ ਤੁਸੀਂ ਆਪਣੀ ਆਤਮਾ ਲਈ ਖੁਰਾਕ ਪ੍ਰਾਪਤ ਕੀਤੀ ਏ। ਫੇਰ ਵੀ ਤੁਹਾਡੀ ਆਤਮਾ ਉਸ ਨੂੰ ਪਚਾ ਨਹੀਂ ਸਕੀ। ਸੱਚ ਤੇ ਪ੍ਰੇਮ ਬਾਰੇ ਤੁਸੀਂ ਜੋ ਵੀ ਲਿਖਦੇ ਓ, ਉਹ ਝੂਠਾ, ਫਿੱਕਾ ਤੇ ਅਨੁਭਵਹੀਣ ਜਾਪਦਾ ਏ। ਲੱਗਦਾ ਏ, ਜਿਵੇਂ ਸ਼ਬਦ ਜਬਰਦਸਤੀ ਮੂੰਹ ਵਿਚੋਂ ਉਗਲੇ ਜਾ ਰਹੇ ਹੋਣ। ਚੰਦ ਵਾਂਗਰ ਤੁਸੀਂ ਕਿਸੇ ਦੂਸਰੇ ਦੇ ਚਾਨਣ ਨਾਲ ਚਮਕਦੇ ਓ, ਤੇ ਇਹ ਚਾਨਣ ਵੀ ਪੂਰੀ ਤਰ੍ਹਾਂ ਮੈਲਾ ਏ---ਉਹ ਪ੍ਰਛਾਵੇਂ ਖ਼ੂਬ ਉਭਾਰਦਾ ਏ, ਪਰ ਨੂਰ ਘੱਟ ਬਰੂਰਦਾ ਏ…ਤੇ ਨਿੱਘ ਤਾਂ ਉਸ ਵਿਚ ਬਿਲਕੁਲ ਵੀ ਨਹੀਂ…
"ਅਸਲ ਵਿਚ ਤੁਸੀਂ ਲੋਕ ਖ਼ੁਦ ਗਰੀਬ ਓ, ਏਨੇ ਗਰੀਬ ਕਿ ਦੂਜਿਆਂ ਨੂੰ ਅਜਿਹੀ ਕੋਈ ਸ਼ੈ ਦੇ ਹੀ ਨਹੀਂ ਸਕਦੇ ਜਿਹੜੀ ਸੱਚਮੁੱਚ ਮੁੱਲਵਾਨ ਹੋਵੇ। ਤੇ ਜੇ ਦੇਂਦੇ ਵੀ ਓ ਤਾਂ ਸਰਵਉੱਚ ਸੰਤੋਖ ਦੇ ਇਸ ਗਿਆਨ ਦੇ ਨਾਲ ਨਹੀਂ ਕਿ ਤੁਸੀਂ ਸੁੰਦਰ ਵਿਚਾਰਾਂ ਤੇ ਸ਼ਬਦਾਂ ਦੀ ਲੜੀ ਵਿਚ ਵਾਧਾ ਕਰਕੇ ਜੀਵਨ ਨੂੰ ਅਮੀਰ ਬਣਾਇਆ ਏ---ਬਲਿਕੇ ਤੁਸੀਂ ਸਿਰਫ ਇਸ ਲਈ ਦੇਂਦੇ ਓ ਜੀਵਨ ਤੇ ਹੋਰ ਲੋਕਾਂ ਤੋਂ ਇਸ ਨਾਲੋਂ ਵੱਧ ਹਾਸਲ ਕਰ ਸਕੋਂ। ਤੁਸੀਂ ਏਨੇ ਕਮੀਨੇ ਓ ਕਿ ਸੁਗਾਤ ਵਜੋਂ ਕਿਸੇ ਨੂੰ ਪਿੰਡੇ ਦੀ ਜੂੰ ਤੀਕ ਨਹੀਂ ਦੇ ਸਕਦੇ। ਜਾਂ ਫੇਰ ਸੂਦ-ਖੋਰ ਹੋ ਤੇ ਅਨੁਭਵ ਦੇ ਟੁਕੜਿਆਂ ਦਾ ਲੈਣ-ਦੇਣ ਕਰਦੇ ਓ, ਤਾਂ ਕਿ ਪ੍ਰਸਿੱਧੀ ਦੇ ਰੂਪ ਵਿਚ ਸੂਦ ਪ੍ਰਾਪਤ ਕਰ ਸਕੋਂ।
"ਤੁਹਾਡੀ ਲੇਖਨੀ ਚੀਜ਼ਾਂ ਦੀਆਂ ਉਪਰਲੀਆਂ ਤੈਹਾਂ ਨੂੰ ਹੀ ਖੁਰਚਦੀ ਏ। ਜੀਵਨ ਦੀਆਂ ਤੁੱਛ ਪ੍ਰਸਥਿਤੀਆਂ ਨੂੰ ਹੀ ਤੁਸੀਂ ਅਰਥਹੀਣ ਢੰਗ ਨਾਲ ਖੁਰਚਕੇ-ਵਲੂੰਧਰਦੇ ਰਹਿੰਦੇ ਓ। ਹੋ ਸਕਦਾ ਏ, ਇੰਜ ਤੁਸੀਂ ਉਹਨਾਂ ਨੂੰ ਅਨੇਕ ਸਾਧਾਰਣ, ਮਹੱਤਵਹੀਣ ਸੱਚਾਈਆਂ ਸਿਖਾਉਂਦੇ ਹੋਵੋਂ, ਪਰ ਕੀ ਤੁਸੀਂ ਕੋਈ ਅਜਿਹੀ ਰਚਨਾ ਵੀ ਕਰ ਸਕਦੇ ਓ ਜਿਹੜੀ ਮਨੁੱਖ ਦੀ ਆਤਮਾ ਨੂੰ ਉੱਚਾ ਚੁੱਕਣ ਦਾ ਬਲ ਰੱਖਦੀ ਹੋਵੇ? ਨਹੀ!...ਤਾਂ ਕੀ ਤੁਸੀਂ ਸੱਚਮੁੱਚ ਇਸ ਕਾਰਜ ਨੂੰ ਏਨਾ ਮਹੱਤਵਪੂਰਨ ਸਮਝਦੇ ਓ ਕਿ ਹਰ ਜਗ੍ਹਾ ਪਏ ਕੂੜੇ ਦੇ ਢੇਰਾਂ ਨੂੰ ਫਰੋਲਿਆ ਜਾਏ ਤੇ ਇਹ ਸਿੱਧ ਕੀਤਾ ਜਾਏ ਕਿ ਮਨੁੱਖ ਬੁਰਾ ਹੈ, ਮੂਰਖ ਹੈ, ਆਤਮ-ਸਨਮਾਨ ਦੀ ਭਾਵਨਾ ਤੋਂ ਸੱਖਣਾ ਹੈ, ਪਰਿਸਥਿਤੀਆਂ ਦਾ ਗ਼ੁਲਾਮ ਹੈ, ਪੂਰੀ ਤਰ੍ਹਾਂ ਤੇ ਹਮੇਸ਼ਾ ਲਈ ਕਮਜ਼ੋਰ, ਤਰਸਯੋਗ ਤੇ ਇਕੱਲਾ ਹੈ?
"ਜੇ ਤੁਸੀਂ ਮੈਥੋਂ ਪੁੱਛੋਂ ਤਾਂ ਮਨੁੱਖ ਬਾਰੇ ਅਜਿਹਾ ਘਿਣਾਉਣਾ ਪ੍ਰਚਾਰ ਮਨੁੱਖਤਾ ਦੇ ਦੁਸ਼ਮਣ ਕਰਦੇ ਨੇ---ਤੇ ਦੁੱਖ ਦੀ ਗੱਲ ਇਹ ਹੈ ਕਿ ਉਹ ਮਨੁੱਖ ਦੇ ਮਨ ਵਿਚ ਇਹ ਵਿਸ਼ਵਾਸ ਪੈਦਾ ਕਰਨ ਵਿਚ ਸਫ਼ਲ ਵੀ ਹੋ ਚੁੱਕੇ ਨੇ। ਹੁਣ ਤੁਸੀਂ ਹੀ ਦੋਖੋ, ਮਨੁੱਖੀ ਮਸਤਕ ਅੱਜ ਕਿੰਨਾ ਠੁੱਸ ਹੋ ਚੁੱਕਿਆ ਏ ਤੇ ਉਸਦੀ ਆਤਮਾ ਦੇ ਤਾਰ ਕਿੰਨੇ ਬੇ-ਆਵਾਜ਼ ਹੋ ਗਏ ਨੇ। ਇਹ ਕੋਈ ਅਚਰਜ ਵਾਲੀ ਗੱਲ ਨਹੀਂ…ਉਹ ਆਪਣੇ ਆਪ ਨੂੰ ਉਸੇ ਰੂਪ ਵਿਚ ਦੇਖਦਾ ਏ ਜਿਹੋ ਜਿਹਾ ਉਸਨੂੰ ਪੁਸਤਕਾਂ ਵਿਚ ਦਿਖਾਇਆ ਜਾਂਦਾ ਏ…
"ਤੇ ਪੁਸਤਕਾਂ, ਖਾਸ ਤੌਰ 'ਤੇ ਪ੍ਰਤਿਭਾ ਦਾ ਭਰਮ ਪੈਦਾ ਕਰਨ ਵਾਲੀ ਵਾਕਬੰਦੀ ਵਿਚ ਲਿਖੀਆਂ ਗਈਆਂ ਪੁਸਤਕਾਂ, ਪਾਠਕਾਂ ਦੀ ਮੱਤ ਮਾਰ ਕੇ ਉਹਨਾਂ ਨੂੰ ਆਪਣੇ ਵੱਸ ਵਿਚ ਕਰ ਲੈਂਦੀਆਂ ਨੇ। ਜੇ ਉਹਨਾਂ ਵਿਚ ਮਨੁੱਖ ਨੂੰ ਕਮਜ਼ੋਰ, ਤਰਸਯੋਗ, ਇਕੱਲਾ ਦਿਖਾਇਆ ਗਿਆ ਹੈ ਤਾਂ ਪਾਠਕ ਉਹਨਾਂ ਵਿਚ ਆਪਣਾ ਭੱਦਾਪਨ ਤਾਂ ਦੇਖਦਾ ਏ, ਪਰ ਉਸਨੂੰ ਇਹ ਨਜ਼ਰ ਨਹੀਂ ਆਉਂਦਾ ਕਿ ਉਸ ਵਿਚ ਸੁਧਾਰ ਦੀ ਵੀ ਕੋਈ ਸੰਭਾਵਨਾ ਹੋ ਸਕਦੀ ਹੈ। ਕੀ ਤੁਹਾਡੇ ਵਿਚ ਇਸ ਸੰਭਾਵਨਾ ਨੂੰ ਪ੍ਰਬਲ ਕਰਨ ਦੀ ਤਾਕਤ ਹੈ? ਪਰ ਇਹ ਤੁਸੀਂ ਕਿੰਜ ਕਰ ਸਕਦੇ ਓ, ਜਦਕਿ ਤੁਸੀਂ ਖ਼ੁਦ ਹੀ…ਖ਼ੈਰ ਜਾਣ ਦਿਓ, ਮੈਂ ਤੁਹਾਡੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਵਾਂਗਾ, ਕਿਉਂਕਿ ਮੇਰੀ ਗੱਲ ਨੂੰ ਕੱਟੇ ਜਾਂ ਆਪ ਨੂੰ ਸਹੀ ਸਿੱਧ ਕਰਨ ਦੀ ਕੋਸ਼ਿਸ਼ ਕੀਤੇ ਬਿਨਾਂ ਤੁਸੀਂ ਮੇਰੀ ਗੱਲ ਸੁਣ ਰਹੇ ਓ…
"ਤੁਸੀਂ ਆਪਣੇ ਆਪ ਨੂੰ ਮਸੀਹੇ ਦੇ ਰੂਪ ਵਿਚ ਦੇਖਦੇ ਓ। ਸਮਝਦੇ ਓ ਕਿ ਬੁਰਾਈਆਂ ਨੂੰ ਖੋਲ੍ਹ ਕੇ ਰੱਖ ਦੇਣ ਲਈ ਹੀ ਖ਼ੁਦ ਪ੍ਰਮਾਤਮਾ ਨੇ ਤੁਹਾਨੂੰ ਇਸ ਦੁਨੀਆਂ ਵਿਚ ਭੇਜਿਆ ਏ, ਤਾਂਕਿ ਅੱਛਾਈਆਂ ਦੀ ਜਿੱਤ ਹੋਵੇ ਪਰ ਬੁਰਿਆਈਆਂ ਨੂੰ ਚੰਗਿਆਈਆਂ ਤੋਂ ਵੱਖ ਕਰਨ ਵੇਲੇ ਕੀ ਤੁਸੀਂ ਇਹ ਨਹੀਂ ਦੇਖਿਆ ਕਿ ਇਹ ਦੋਵੇਂ ਇਕ ਦੂਜੇ ਨਾਲ ਗੁਥੀਆਂ ਹੋਈਆਂ ਨੇ ਤੇ ਇਹਨਾਂ ਨੂੰ ਵੱਖ ਨਹੀਂ ਕੀਤਾ ਜਾ ਸਕਦਾ? ਮੈਨੂੰ ਇਸ ਵਿਚ ਵੀ ਬੜਾ ਭਾਰੀ ਸ਼ੰਕਾ ਏ ਕਿ ਪ੍ਰਮਾਤਮਾ ਨੇ ਤੁਹਾਨੂੰ ਆਪਣਾ ਮਸੀਹਾ ਬਣਾ ਕੇ ਭੇਜਿਆ ਏ। ਜੇ ਉਹ ਭੇਜਦਾ ਤਾਂ ਤੁਹਾਥੋਂ ਮਜ਼ਬੂਤ ਇਨਸਾਨਾਂ ਨੂੰ ਇਸ ਕਾਰ ਲਈ ਚੁਣਦਾ। ਉਹਨਾਂ ਦੇ ਦਿਲਾਂ ਵਿਚ ਜੀਵਨ, ਸੱਚ ਤੇ ਲੋਕਾਂ ਦੇ ਪ੍ਰਤੀ ਪਵਿੱਤਰ ਪ੍ਰੇਮ ਦੀ ਜੋਤ ਜਗਾਉਂਦਾ ਤਾਂਕਿ ਉਹ ਹਨੇਰੇ ਵਿਚ ਉਨ੍ਹਾਂ 'ਚ ਮਾਣ-ਸਨਮਾਨ ਤੇ ਸ਼ਕਤੀ ਦਾ ਐਲਾਨ ਕਰਨ ਵਾਲੀਆਂ ਮਸ਼ਾਲਾਂ ਵਾਂਗ ਚਾਨਣ ਫੈਲਾਉਂਣ। ਤੁਸੀਂ ਲੋਕ ਤਾਂ ਸ਼ੈਤਾਨ ਦੀ ਮੋਹ ਉਗਲਨ ਵਾਲੀ ਛੜੀ ਵਾਂਗ ਧੂੰਆਂ ਫੈਲਾਉਂਦੇ ਓ, ਤੇ ਇਹ ਧੂੰਆਂ ਲੋਕਾਂ ਦੇ ਆਤਮ-ਵਿਸ਼ਵਾਸ ਨੂੰ ਹੀਣਤਾ ਨਾਲ ਭਰ ਦੇਂਦਾ ਏ।
"ਇਸ ਲਈ ਤੁਸੀਂ ਤੇ ਤੁਹਾਡੀ ਜਾਤੀ ਦੇ ਹੋਰ ਲੋਕਾਂ ਨੇ ਜੋ ਕੁਝ ਵੀ ਲਿਖਿਆ ਏ, ਉਸ ਸਭ ਦਾ ਇਕ ਸਚੇਤ ਪਾਠਕ, ਮੈਂ ਤੁਹਾਥੋਂ ਪੁੱਛਦਾ ਹਾਂ---ਤੁਸੀਂ ਕਿਉਂ ਲਿਖਦੇ ਹੋ? ਤੁਹਾਡੀਆਂ ਲਿਖਤਾਂ ਕੁਝ ਨਹੀਂ ਸਿਖਾਉਂਦੀਆਂ ਤੇ ਪਾਠਕ ਸਿਵਾਏ ਤੁਹਾਡੀਆਂ ਲਿਖਤਾਂ ਉੱਤੇ ਸ਼ਰਮ ਮਹਿਸੂਸ ਕਰਨ ਦੇ ਹੋਰ ਕੁਝ ਨਹੀਂ ਕਰਦਾ। ਉਹਨਾਂ ਦੀ ਹਰ ਚੀਜ਼ ਆਮ-ਸਾਧਾਰਨ ਏ, ਆਮ-ਸਾਧਾਰਨ ਲੋਕ, ਆਮ ਸਾਧਾਰਨ-ਵਿਚਾਰ, ਆਮ ਸਾਧਾਰਨ-ਘਟਨਾਵਾਂ। ਆਤਮਾ ਦੇ ਵਿਦਰੋਹ ਤੇ ਆਤਮਾ ਦੇ ਮੁੜ ਜਾਗਰਨ ਬਾਰੇ ਤੁਸੀਂ ਲੋਕ ਕਦੋਂ ਬੋਲਣਾ ਸ਼ੁਰੂ ਕਰੋਗੇ? ਤੁਹਾਡੀਆਂ ਲਿਖਤਾਂ ਵਿਚ ਰਚਨਾਤਮਕ ਜੀਵਨ ਦੀ ਉਹ ਲਲਕਾਰ ਕਿੱਥੇ ਹੈ, ਵੀਰਰਸ ਦੇ ਦ੍ਰਿਸ਼ਟਾਂਤ ਤੇ ਜਗਾਉਣ ਤੇ ਉਕਸਾਉਣ ਵਾਲੇ ਉਹ ਸ਼ਬਦ ਕਿੱਥੇ ਨੇ, ਜਿੰਨ੍ਹਾਂ ਨੂੰ ਸੁਣ ਕੇ ਆਤਮਾ ਆਕਾਸ਼ ਦੀਆਂ ਉਚਾਈਆਂ ਨੂੰ ਛੂੰਹਦੀ ਹੈ ?
"ਸ਼ਾਇਦ ਤੁਸੀਂ ਕਹੋ---'ਜੋ ਕੁਝ ਅਸੀਂ ਪੇਸ਼ ਕਰਦੇ ਹਾਂ, ਉਸਦੇ ਇਲਾਵਾ ਜੀਵਨ ਦੇ ਹੋਰ ਨਮੂਨੇ ਮਿਲਦੇ ਹੀ ਕਿੱਥੇ ਨੇ…?' ਨਾ, ਅਜਿਹੀ ਗੱਲ ਮੂੰਹੋਂ ਨਾ ਕੱਢਣਾ। ਇਹ ਨਮੋਸ਼ੀ ਤੇ ਨਿਰਾਦਰੀ ਵਾਲੀ ਗੱਲ ਜੇ ਕਿ ਉਹ, ਜਿਸਨੂੰ ਪ੍ਰਮਾਤਮਾ ਨੇ ਲਿਖਣ ਦੀ ਸ਼ਕਤੀ ਪ੍ਰਦਾਨ ਕੀਤੀ ਏ, ਜੀਵਨ ਸਾਹਮਣੇ ਆਪਣੇ ਆਪ ਨੂੰ ਅਪਾਹਜ ਤੇ ਉਸ ਤੋਂ ਉੱਚਾ ਉਠਣ ਵਿਚ ਆਪਣੀ ਮਜ਼ਬੂਰੀ ਨੂੰ ਸਵੀਕਾਰ ਕਰੇ। ਜੇ ਤੁਹਾਡਾ ਸਤਰ ਵੀ ਉਹੀ ਹੈ, ਜਿਹੜਾ ਆਮ ਜੀਵ ਦਾ ਹੈ; ਜੇ ਤੁਹਾਡੀ ਕਲਪਨਾ ਅਜਿਹੇ ਆਦਰਸ਼ ਨਮੂਨਿਆਂ ਦੀ ਰਚਨਾ ਨਹੀਂ ਕਰ ਸਕਦੀ ਜਿਹੜੇ ਆਮ ਜੀਵਨ ਵਿਚ ਨਹੀਂ ਤੇ ਉਸਨੂੰ ਸੁਧਾਰਨ ਲਈ ਅਤੀ ਜ਼ਰੂਰੀ ਨੇ, ਤਾਂ ਫੇਰ ਤੁਹਾਡੀ ਕ੍ਰਿਤ ਕਿਸ ਕੰਮ ਦੀ? ਕਿਸ ਬਿਮਾਰੀ ਦੇ ਇਲਾਜ ਹੋ ਤੁਸੀਂ? ਤੇ ਤੁਹਾਡੇ ਧੰਦੇ ਦੀ ਸਾਰਥਕਤਾ ਕੀ ਰਹਿ ਜਾਂਦੀ ਹੈ?
"ਲੋਕਾਂ ਦੇ ਦਿਮਾਗ਼ਾਂ ਨੂੰ ਉਹਨਾਂ ਘਟਨਾਹੀਣ ਫੋਟੋਗ੍ਰਾਫਿਕ ਚਿੱਤਰਾਂ ਦਾ ਗੋਦਾਮ ਬਣਾਉਣ ਸਮੇਂ ਆਪਣੇ ਦਿਲ ਤੇ ਹੱਥ ਰੱਖ ਕੇ ਪੁੱਛੋ ਕਿ ਇੰਜ ਕਰਕੇ ਕੀ ਤੁਸੀਂ ਪੂਰੀ ਮਨੁੱਖਤਾ ਨੂੰ ਨੁਕਸਾਨ ਨਹੀਂ ਪਹੁੰਚਾ ਰਹੇ? ਕਾਰਣ---ਤਾਂ ਤੁਹਾਨੂੰ ਇਹ ਤੁਰੰਤ ਸਵੀਕਾਰ ਕਰ ਲੈਣਾ ਚਾਹੀਦਾ ਏ ਕਿ ਤੁਸੀਂ ਜੀਵਨ ਦਾ ਅਜਿਹਾ ਚਿੱਤਰ ਪੇਸ਼ ਕਰਨ ਦਾ ਢੰਗ ਨਹੀਂ ਜਾਣਦੇ ਜਿਹੜਾ ਨਮੋਸ਼ੀ ਦੀ ਇਕ ਪ੍ਰਤੀਸ਼ੋਧਮਈ ਚੇਤਨਾ ਨੂੰ ਜਨਮ ਦੇਵੇ, ਜੀਵਨ ਦੇ ਨਵੇਂ ਰੂਪਾਂ ਦੀ ਰਚਨਾ ਕਰਨ ਲਈ ਆਸਾਂ ਦੀ ਭਖਦੀ ਹੋਈ ਜਵਾਲਾ ਨੂੰ ਜਨਮ ਦੇਵੇ। ਕੀ ਤੁਸੀਂ ਜੀਵਨ ਦੀ ਗਤੀ ਤੇ ਉਸਦੇ ਵੇਗ ਨੂੰ ਹੋਰ ਤੇਜ਼ ਕਰਨਾ ਹੀ ਨਹੀਂ ਚਾਹੁੰਦੇ ਓ, ਜਿਵੇਂ ਕਿ ਲੋਕ ਕਰ ਚੁੱਕੇ ਨੇ?"
ਮੇਰਾ ਵਚਿੱਤਰ ਸਾਥੀ ਚੁੱਪ ਹੋ ਗਿਆ ਤੇ ਮੈਂ ਬਿਨਾਂ ਕੁਝ ਬੋਲੇ, ਉਸਦੇ ਸ਼ਬਦਾਂ ਉੱਪਰ ਗੌਰ ਕਰਨ ਲੱਗਾ। ਥੋੜ੍ਹੀ ਦੇਰ ਬਾਅਦ ਉਸਨੇ ਫੇਰ ਕਿਹਾ, "ਇਕ ਗੱਲ ਹੋਰ, ਕੀ ਤੁਸੀਂ ਅਜਿਹੀ ਹਾਸੜ ਭਰੀ ਕੋਈ ਹਾਸਰਸ ਦੀ ਰਚਨਾ ਦੇ ਸਕਦੇ ਓ ਜਿਹੜੀ ਆਤਮਾ ਦੀ ਸਾਰੀ ਮਲ ਲਾਹ ਸੁੱਟੇ? ਦੋਖੋ ਨਾ, ਲੋਕ ਉੱਕਾ ਹੀ ਭੁੱਲ ਗਏ ਨੇ ਕਿ ਠੀਕ ਢੰਗ ਨਾਲ ਹੱਸਿਆ ਕਿਵੇਂ ਜਾਂਦਾ ਏ। ਉਹ ਗੁੱਝਾ ਹਾਸਾ ਹੱਸਦੇ ਨੇ, ਕਮੀਨੇਪਨ ਨਾਲ ਹੱਸਦੇ, ਅਕਸਰ ਆਪਣੇ ਅੱਥਰੂ ਤੀਕ ਲਕੋ ਕੇ ਹੱਸਦੇ ਨੇ। ਉਹ ਮਨੋਂ, ਆਪਣੇ ਸਮੁੱਚੇ ਅੰਦਰ ਨਾਲ ਕਦੀ ਨਹੀਂ ਹੱਸੇ ਜਿਸ ਨਾਲ ਢਿੱਡੀਂ ਪੀੜ ਪੈਣ ਲੱਗਦੀ ਏ, ਪਸਲੀਆਂ ਬੋਲਣ ਲੱਗ ਪੈਂਦੀਆਂ ਨੇ। ਖੁੱਲ੍ਹ ਕੇ ਹੱਸਣਾ ਸਿਹਤ ਲਈ ਲਾਭਵੰਤ ਹੈ, ਹੈ ਨਾ? ਇਹ ਬੜਾ ਜ਼ਰੂਰੀ ਏ ਕਿ ਲੋਕ ਹੱਸਣ। ਹੱਸਣ ਦੀ ਸੂਖਮ ਕਲਾ ਉਹਨਾਂ ਗਿਣੀਆਂ-ਚੁਣੀਆਂ ਪ੍ਰਵਿਰਤੀਆਂ ਵਿਚੋਂ ਇਕ ਏ, ਜਿਹੜੀਆਂ ਮਨੁੱਖ ਨੂੰ ਪਸ਼ੂ ਨਾਲੋਂ ਵੱਖ ਕਰਦੀਆਂ ਨੇ। ਕੀ ਤੁਸੀਂ ਨਿੰਦਾ ਦੀ ਹਾਸੀ ਦੇ ਇਲਾਵਾ, ਕਿਸੇ ਹੋਰ ਕਿਸਮ ਦੀ ਹਾਸੀ ਨੂੰ ਵੀ ਜਨਮ ਦੇ ਸਕਦੇ ਓ? ਨਿੰਦਾ ਦੀ ਹਾਸੀ ਤਾਂ ਬਾਜ਼ਾਰੂ ਹਾਸੀ ਏ, ਜਿਹੜੀ ਮਨੁੱਖੀ ਜਾਮਾ ਧਾਰੀਆਂ ਨੂੰ ਸਿਰਫ਼ ਹਾਸੇ ਦਾ ਪਾਤਰ ਬਣਾਉਂਦੀ ਹੈ ਕਿ ਉਹਨਾਂ ਦੀ ਸਥਿਤੀ ਤਰਸਯੋਗ ਹੈ।
"ਤੁਹਾਨੂੰ ਆਪਣੇ ਹਿਰਦੇ ਵਿਚ ਮਨੁੱਖ ਦੀਆਂ ਕਮਜ਼ੋਰੀਆਂ ਲਈ ਮਹਾਨ ਘਿਰਣਾ ਤੇ ਪ੍ਰੇਮ ਦੀ ਪਰਵਰਿਸ਼ ਕਰਨੀ ਚਾਹੀਦੀ ਏ। ਤਦ ਹੀ ਤੁਸੀਂ ਲੋਕਾਂ ਨੂੰ ਸਿੱਖਿਆ ਦੇਣ ਦੇ ਅਧਿਕਾਰੀ ਬਣ ਸਕੋਗੇ। ਜੇ ਤੁਸੀਂ ਘਿਰਣਾ ਤੇ ਪ੍ਰੇਮ, ਦੋਵਾਂ ਵਿਚੋਂ ਕਿਸੇ ਦਾ ਅਨੁਭਵ ਨਹੀਂ ਕਰ ਸਕਦੇ, ਤਾਂ ਸਿਰ ਨਿਵਾਅ ਕੇ ਰੱਖੋ ਤੇ ਕੁਝ ਕਹਿਣ ਤੋਂ ਪਹਿਲਾਂ ਸੌ ਵਾਰੀ ਸੋਚੋ।"
--- --- ---
ਸਵੇਰ ਦੀ ਸਫੇਦੀ ਦਿੱਸਣ ਲੱਗ ਪਈ ਸੀ। ਪਰ ਮੇਰੇ ਅੰਦਰ ਘੁੱਪ ਹਨੇਰਾ ਪਸਰ ਗਿਆ ਸੀ। ਇਹ ਆਦਮੀ ਜਿਹੜਾ ਮੇਰੇ ਅੰਦਰਲੇ ਰਹੱਸ ਜਾਣਦਾ ਸੀ, ਹੁਣ ਵੀ ਬੋਲ ਰਿਹਾ ਸੀ :
"ਸਭ ਕਾਸੇ ਦੇ ਬਾਵਜੂਦ ਜੀਵਨ ਪਹਿਲਾਂ ਨਾਲੋਂ ਵਧੇਰੇ ਅਰਥ-ਭਰਪੂਰ, ਚੇਤਨ ਤੇ ਜੁਗਿਆਸੂ ਹੁੰਦਾ ਜਾ ਰਿਹਾ ਹੈ, ਪਰ ਇਹ ਸਭ ਬੜੀ ਧੀਮੀ ਗਤੀ ਨਾਲ ਹੋ ਰਿਹਾ ਏ, ਕਿਉਂਕਿ ਤੁਹਾਡੇ ਕੋਲ ਇਸ ਗਤੀ ਨੂੰ ਤੇਜ਼ ਕਰਨ ਵਾਲੀ ਕੋਈ ਸ਼ਕਤੀ ਨਹੀਂ। ਨਾ ਗਿਆਨ ਹੈ। ਜੀਵਨ ਅੱਗੇ ਵਧ ਰਿਹਾ ਏ, ਤੇ ਲੋਕ ਦਿਨੋਂ-ਦਿਨ ਹੋਰ ਵਧੇਰੇ ਜਾਣਨਾ ਚਾਹੁੰਦੇ ਨੇ। ਉਹਨਾਂ ਦੇ ਸਵਾਲਾਂ ਦੇ ਜਵਾਬ ਕੌਣ ਦਵੇ? ਇਹ ਤੁਹਾਡਾ ਕੰਮ ਹੈ। ਪਰ ਕੀ ਤੁਸੀਂ ਜੀਵਨ ਵਿਚ ਏਨੇ ਡੂੰਘੇ ਉਤਰੇ ਓ ਕਿ ਉਸਨੂੰ ਦੂਜਿਆਂ ਸਾਹਮਣੇ ਖੋਲ੍ਹ ਕੇ ਰੱਖ ਸਕੋ? ਕੀ ਤੁਸੀਂ ਜਾਣਦੇ ਓ ਕਿ ਸਮੇਂ ਦੀ ਮੰਗ ਕੀ ਏ?ਕੀ ਤੁਹਾਨੂੰ ਭਵਿੱਖ ਦੀ ਜਾਣਕਾਰੀ ਹੈ? ਤੇ ਤੁਸੀਂ ਆਪਣੇ ਸ਼ਬਦਾਂ ਨਾਲ ਉਸ ਆਦਮੀ ਵਿਚ ਨਵੀਂ ਜਾਨ ਭਰ ਸਕਦੇ ਓ ਜਿਸਨੂੰ ਜੀਵਨ ਦੀ ਨੀਚਤਾ ਨੇ ਨਸ਼ਟ ਤੇ ਨਿਰਾਸ਼ ਕਰ ਦਿੱਤਾ ਏ…?"
ਇਹ ਕਹਿ ਕੇ ਉਹ ਚੁੱਪ ਹੋ ਗਿਆ। ਮੈਂ ਉਸ ਵੱਲ ਨਹੀਂ ਦੇਖਿਆ। ਯਾਦ ਨਹੀਂ ਕਿਹੜੇ ਵਿਚਾਰ ਮੇਰੇ ਅੰਦਰ ਭਾਰੂ ਹੋਏ ਹੋਏ ਸਨ। ਸ਼ਰਮ ਦੇ ਜਾਂ ਡਰ ਦੇ…ਮੈਂ ਕੁਝ ਨਾ ਕਹਿ ਸਕਿਆ।
"ਤੁਸੀਂ ਕੋਈ ਜਵਾਬ ਨਹੀਂ ਦੇ ਰਹੇ?" ਉਸਨੇ ਫੇਰ ਕਿਹਾ, "ਖ਼ੈਰ, ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ, ਮੈਂ ਤੁਹਾਡੇ ਮਨ ਦੀ ਹਾਲਤ ਸਮਝ ਸਕਦਾ ਹਾਂ, ਤਾਂ ਹੁਣ ਮੈਂ ਚੱਲਦਾਂ…"
"ਏਨੀ ਛੇਤੀ?" ਮੈਂ ਧੀਮੀ ਆਵਾਜ਼ ਵਿਚ ਕਿਹਾ। ਕਾਰਣ, ਮੈਂ ਉਸ ਤੋਂ ਭਾਵੇਂ ਕਿੰਨਾ ਹੀ ਭੈਭੀਤ ਸਾਂ, ਪਰ ਉਸ ਤੋਂ ਵੀ ਵੱਧ ਆਪਣੇ ਆਪ ਤੋਂ ਡਰ ਰਿਹਾ ਸਾਂ।
"ਹਾਂ, ਮੈਂ ਜਾ ਰਿਹਾਂ। ਪਰ ਮੈਂ ਫੇਰ ਆਵਾਂਗਾ, ਮੇਰੀ ਉਡੀਕ ਰੱਖਣਾ।"
ਤੇ ਉਹ ਚਲਾ ਗਿਆ। ਪਰ ਕੀ ਉਹ ਸੱਚਮੁੱਚ ਚਲਾ ਗਿਆ? ਮੈਂ ਉਸਨੂੰ ਜਾਂਦਿਆਂ ਹੋਇਆਂ ਨਹੀਂ ਦੇਖਿਆ। ਉਹ ਕਿਸੇ ਪ੍ਰਛਾਵੇਂ ਵਾਂਗ, ਬੜੀ ਤੇਜ਼ੀ ਨਾਲ, ਅਛੋਪਲੇ ਹੀ ਗਾਇਬ ਹੋ ਗਿਆ ਸੀ। ਮੈਂ ਉੱਥੇ ਬਾਗ਼ ਵਿਚ ਬੈਠਾ ਰਿਹਾ---ਪਤਾ ਨਹੀਂ ਕਿੰਨੀ ਦੇਰ ਤੀਕ! ਨਾ ਮੈਨੂੰ ਠੰਡ ਦਾ ਅਹਿਸਾਸ ਸੀ, ਨਾ ਹੀ ਇਸ ਗੱਲ ਦਾ ਕਿ ਸੂਰਜ ਚੜ੍ਹ ਆਇਆ ਹੈ ਤੇ ਰੁੱਖਾਂ ਦੀਆਂ ਬਰਫ਼ ਲੱਦੀਆਂ ਟਾਹਣੀਆਂ ਉੱਤੇ ਚਮਕ ਰਿਹਾ ਹੈ।

(ਹਿੰਦੀ ਤੋਂ ਅਨੁਵਾਦ : ਮਹਿੰਦਰ ਬੇਦੀ ਜੈਤੋ)

  • ਮੁੱਖ ਪੰਨਾ : ਮੈਕਸਿਮ ਗੋਰਕੀ ਦੀਆਂ ਕਹਾਣੀਆਂ ਤੇ ਹੋਰ ਰਚਨਾਵਾਂ ਪੰਜਾਬੀ ਵਿੱਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ