Ik Rang-Sehakda Dil (Punjabi Story) : Gurbakhsh Singh Preetlari
ਇਕ ਰੰਗ-ਸਹਿਕਦਾ ਦਿਲ (ਕਹਾਣੀ) : ਗੁਰਬਖ਼ਸ਼ ਸਿੰਘ ਪ੍ਰੀਤਲੜੀ
(ਇਕ ਰੰਗ-ਸਹਿਕਦਾ ਦਿਲ ਦੀ ਨਾਇਕਾ ਅਲਿਜ਼ਬੈਥ ਮੈਂਜ਼ਿਜ਼, ੧੯੨੩ ਦੇ ਅਖ਼ੀਰ ਵਿਚ ਬਾਦਿ-ਨਸੀਮ ਦੇ ਕਿਸੇ ਫਿਰੰਤੂ ਝੋਂਕੇ ਵਾਂਗ ਮੇਰੀ ਜ਼ਿੰਦਗੀ ਵਿਚ ਆਈ ਤੇ ਚਲੀ ਗਈ । ਫੇਰ ੧੯੪੦ ਵਿਚ ਉਹਦੀ ਤਾਰ ਆਈ ਕਿ ਉਹ ਸਖ਼ਤ ਬਿਮਾਰ ਹੈ । ਮੁੜ ਕੋਈ ਖ਼ਬਰ ਨਾ ਆਈ । ਇਹੀ ਜਾਪਿਆ ਕਿ ਉਹ ਮੇਰੀ ਦੁਨੀਆਂ ਛੱਡ ਗਈ ਹੈ । ਪਰ ਦਸੰਬਰ ੧੯੬੭ ਵਿਚ ਅਚਾਨਕ ਉਹਦਾ ਸ਼ੁਭ-ਇੱਛਾ ਕਾਰਡ ਆਇਆ ਜਿਦ੍ਹੇ ਲਫਜ਼ ਸਨ:
ਮੇਰੇ ਪਿਆਰੇ ਗੁਰਬਖ਼ਸ਼-
ਕੀ ਮੈਂ ਤੈਨੂੰ ਯਾਦ ਹਾਂ-ਐਟਲਾਂਟਿਕ ਸਾਗਰ ਉੱਤੇ ਸਾਡਾ ਸਫ਼ਰ ?
ਮੈਂ ਅਨੇਕਾਂ ਵਾਰ ਤੇਰੀਆਂ ਸੋਹਣੀਆਂ ਆਖੀਆਂ ਯਾਦ ਕਰਦੀ ਹਾਂ ।
ਅਤਿ ਮਿਰਬਾਨ ਖ਼ਾਹਿਸ਼ਾਂ ਨਾਲ, ਤੇਰੀ
ਬੈਟੀ
ਬੈਟੀ (ਬੈਥ, ਅਲਿਜ਼ਬੈਥ, ਅਲਿਜ਼ੀ) ਵਲ ਮੇਰੀ ਹਸਰਤ:
ਮੇਰੀ ਪਿਆਰੀ ਬੈਟੀ,
ਕੇਡੀ ਵੱਡੀ ਹੈਰਾਨੀ ਤੇ ਉਡੀ ਵੱਡੀ ਹਸਰਤ ! ਓ ਬੈਟੀ ! ਤੂੰ ਜੀਉਂਦੀ ਹੈਂ ਤੇ ਤੂੰ ਕਹਿੰਦੀ ਹੈਂ ਕਿ ਤੂੰ ਮੈਨੂੰ ਕਈ ਵਾਰ ਯਾਦ ਕਰਦੀ ਹੈਂ ! ਪਰ ਕਿਉਂ – ਕਿਉਂ – ਬੈਟੀਏ, ਤੂੰ ਮੈਨੂੰ ਏਨਾ ਚਿਰ ਨਹੀਂ ਲਿਖਿਆ ? ਕਦੇ ਲਿਖਿਆ ਹੁੰਦੋ ਈ – ਤੈਨੂੰ ਨਹੀਂ ਪਤਾ ਫੇਰ ਕੀ ਹੁੰਦਾ ? ਮੈਂ ੨੧ ਤੋਂ ੨੫ ਸਤੰਬਰ, ੧੯੬੭ ਨੂੰ ਤੇਰੇ ਸ਼ਹਿਰ ਟੋਰਾਂਟੋ ਵਿਚ ਫਿਰ ਰਿਹਾ ਸਾਂ । ਕੀ ਪਤਾ, ਨਾਲ ਦੀ ਸੜਕ ਉੱਤੇ ਹੀ ਤੇਰਾ ਘਰ ਸੀ ! ਓ, ਬੈਟੀ, ਇਕ ਸਵਰਗ ਤੋਂ ਤੂੰ ਮੈਨੂੰ ਵਾਂਝਿਆਂ ਰੱਖਿਆ !
ਨਿੱਘੀਆਂ ਯਾਦਾਂ ਨਾਲ, ਤੇਰਾ
ਗੁਰਬਖ਼ਸ਼ ਸਿੰਘ)
ਸੱਤੀਂ ਦਿਨੀਂ ਸਾਡਾ ਜਹਾਜ਼ ਲੰਦਨ ਪਹੁੰਚਣਾ ਸੀ।
ਪਹਿਲੇ ਤਿੰਨ ਦਿਨ ਤਾਂ ਜਹਾਜ਼ ਦੇ ਮੁਸਾਫਰਾਂ ਨੂੰ ਨਵੀਆਂ ਯਾਰੀਆਂ ਦੀ ਕਾਹਲ ਸੀ। ਕਈ ਮੁਸਾਫ਼ਰ ਜਹਾਜ਼ ਦੇ ਸਫ਼ਰ ਕੋਲੋਂ ਅਨੋਖੇ ਪ੍ਰੀਤ-ਤਜਰਬਿਆਂ ਦੀ ਆਸ ਰੱਖਦੇ ਹਨ। ਧਰਤੀ ਦੇ ਕੰਢੇ ਤੋਂ ਦੂਰ, ਨੁਕਤਾਚੀਨੀ ਅੱਖਾਂ ਤੋਂ ਪਰ੍ਹੇ, ਸਮੁੰਦਰ ਦੀ ਝੂਲਦੀ ਹਿੱਕ ਉੱਤੇ ਕਈ ਨਵੀਨਤਾ ਤਾਂਘਦੇ ਦਿਲਾਂ ਵਿੱਚ ਉਹਨਾਂ ਦੀ ਹੱਡੀਂ ਰਚੀ ਪਰੀ-ਕਹਾਣੀ ਧੜਕ ਪੈਂਦੀ ਹੈ। ਹਰ ਕੋਈ ਇੱਕ ਦੂਜੇ ਦੀਆਂ ਅੱਖਾਂ ਵਿੱਚ ਮੁਸਕੁਰਾ ਕੇ ਤੱਕਦਾ ਹੈ; ਭਿੰਨੀ ਭਿੰਨੀ ਸੁਗੰਧ ਵਾਂਗ ਇੱਕ ਕੂਲੀ ਜਿਹੀ ਸ਼ੁਭ-ਇੱਛਾ ਸਾਰੇ ਜਹਾਜ਼ ਵਿੱਚ ਖਿਲਰੀ ਮਹਿਸੂਸ ਹੁੰਦੀ ਹੈ। ਜਹਾਜ਼ ਦਾ ਅਮਲਾ ਵੀ, ਕੀ ਕਪਤਾਨ ਤੇ ਕੀ ਕੁਲੀ, ਏਸ ਪ੍ਰੀਤ-ਢੂੰਡ ਵਿੱਚ ਸ਼ਾਮਲ ਹੁੰਦਾ ਹੈ। ਕੀ ਪਤਾ, ਇਹ ਸਫਰ ਕਿਸੇ ਦੀ ਪ੍ਰੀਤ-ਖੇਡ ਪੁਗਾ ਦੇਵੇ, ਕਿਸੇ ਅੱਖੋਂ ਪਰਵਾਨਗੀ ਲਿਸ਼ਕਾ ਦੇਵੇ, ਕਈ ਪਤੀਆਂ ਪਤਨੀਆਂ ਨੂੰ ਪ੍ਰਸਪਰ ਰਜ਼ਾਮੰਦੀ ਨਾਲ ਮੈਂ ਵੱਖੋ-ਵੱਖ ਮਸੂਮ ਜਿਹੇ ਪ੍ਰੀਤ-ਤਜਰਬੇ ਕਰਦਿਆਂ ਵੇਖਿਆ। ਪਰ ਪ੍ਰੇਮ-ਦੇਵ ਭਾਵੇਂ ਮਾਰਦਾ ਬਾਲਾਂ ਵਾਂਗ ਆਲੀਆਂ ਭੋਲੀਆਂ ਹੀ ਹੈ, ਪਰ ਵਿਚੋਂ ਬੜਾ ਪੀਡਾ ਹੁੰਦਾ ਹੈ, ਜਿਹੜੀਆਂ ਯਾਰੀਆਂ ਇਹ ਲੁਆਂਦਾ ਛੇਤੀ ਛੇਤੀ ਹੈ, ਉਹ ਢਿੱਲੀਆਂ ਵੀ ਛੇਤੀ ਹੀ ਪੁਆ ਦਿੰਦਾ ਹੈ।
ਚੌਥੇ ਦਿਨ ਮੈਨੂੰ ਜਾਪਿਆ ਕਿ ਪ੍ਰੀਤਾਂ ਵਿੱਚ ਪਹਿਲਾਂ ਵਰਗੀ ਸਰਗਰਮੀ ਨਹੀਂ ਸੀ ਰਹੀ, ਧਰਤੀ ਦੀਆਂ ਚਿੰਤਾਵਾਂ ਤੋਂ ਦੂਰ ਤਰਦੇ ਜਾਣ ਦਾ ਚੰਨ ਘਟਦਾ ਜਾ ਰਿਹਾ ਸੀ। ਧਰਤੀ ਦਾ ਦੂਜਾ ਕੰਢਾ ਨੇੜੇ ਆਉਂਦਾ ਦਿਸ ਰਿਹਾ ਸੀ, ਏਸ ਕੰਢੇ ਉੱਤੇ ਉਹੋ ਪੁਰਾਣੀਆਂ ਚਿੰਤਾਵਾਂ ਤੇ ਨੁਕਤਾਚੀਨੀਆਂ ਉਹਨਾਂ ਨੂੰ ਅੱਗੋਂ ਵਾਲੀ ਲੈਣ ਆਈਆਂ ਹੋਣਗੀਆਂ। ਬੰਦਰਗਾਹ ਉਤੇ ਆਏ ਆਪਣੇ ਪਤੀਆਂ ਪਤਨੀਆਂ ਦੀਆਂ ਸ਼ਕਲਾਂ ਅੱਖਾਂ ਸਾਹਮਣੇ ਫਿਰਨ ਲੱਗ ਪਈਆਂ।ਨਵੀਆਂ ਪ੍ਰੀਤਾਂ ਦੀ ਲਾਲੀ ਫਿੱਕੀ ਪੈ ਗਈ, ਨਿੱਘ ਘਟ ਗਿਆ, ਜਿਸ ਤਕਦੀਰ ਕੋਲੋਂ ਏਨੇ ਦਿਨ ਇੱਕ ਸੁਖਾਵੀਂ ਜਿਹੀ ਬੇਵਸਤਗੀ ਮਿਲ ਗਈ ਸੀ, ਉਹੋ ਤਕਦੀਰ ਆਪਣੇ ਲਹਿਣਿਆਂ-ਦੇਣਿਆਂ ਦੀ ਬੋਦੀ ਛਿੱਜੀ ਵਹੀ ਫੋਲਦੀ, ਝਾਤੀਆਂ ਮਾਰਦੀ ਦਿੱਸਣ ਲੱਗ ਪਈ।
ਅੱਜ ਤਕ ਮੇਰੀ ਵਾਕਫ ਸਿਰਫ ਇਕੋ ਮਿਸ਼ਨਰੀ ਭੈਣ ਹੀ ਬਣੀ ਸੀ, ਓਸ ਨੇ ਯਸੂ ਮਸੀਹ ਦਾ ਝੰਡਾ ਨਵਾਂ ਹੀ ਚੁੱਕਿਆ ਸੀ, ਤੇ ਵਿਸ਼ਵਾਸ ਦੇ ਸਵਰਗੀ ਹੁਲਾਰੇ ਵਿੱਚ ਹੋਣ ਕਰਕੇ ਪ੍ਰੀਤ-ਤਜਰਬਿਆਂ ਲਈ ਉਹਦੀ ਭੁੱਖ ਮਚੀ ਨਹੀਂ ਸੀ। ਉਹ ਸਿਰਫ ਮੇਰੇ ਨਾਲ ਹੀ ਲਾਇਬਰੇਰੀ ਵਿੱਚ ਇੱਕ ਅੱਧਾ ਘੰਟਾ ਗੱਲਾਂ ਕਰ ਲੈਂਦੀ ਜਾਂ ਕਦੇ ਚਾਰ ਚੱਕਰ ਡੈੱਕ ਉਤੇ ਮੇਰੇ ਜਾਂ ਇੱਕ ਨੌਜਵਾਨ ਕੈਨੇਡੀਅਨ ਇਸਤਰੀ ਨਾਲ ਲਾ ਲੈਂਦੀ ਸੀ।
ਪਰ ਹੁਣ ਹੋਰ ਅੱਖਾਂ ਨੇ ਵੀ ਮੇਰੇ ਵਲ ਤੱਕਣਾ ਸ਼ੁਰੂ ਕਰ ਦਿੱਤਾ। ਮੈਂ ਦਸਤਾਰ ਤੇ ਦਾੜ੍ਹੀ ਕਰਕੇ ਬਜ਼ੁਰਗ ਹਿੰਦੁਸਤਾਨੀ ਦਿੱਸਦਾ ਸਾਂ। ਮੇਰੇ ਦੇਸ ਦੇ ਹਿਮਾਲੀਆ ਪਰਬਤ ਦੇ ਰਿਸ਼ੀਆਂ ਦੀਆਂ ਕਹਾਣੀਆਂ ਕਈਆਂ ਨੇ ਪੜ੍ਹੀਆਂ ਹੋਈਆਂ ਸਨ; ਪਰ ਰਿਸ਼ੀਆਂ ਬਾਰੇ ਉਹਨਾਂ ਦਾ ਗਿਆਨ ਏਨਾ ਹੀ ਸੀ ਕਿ ਉਹ ਹੋਣੀ ਦੇ ਲੇਖ ਪੜ੍ਹ ਸਕਦੇ ਹਨ। ਕੇਡੀ ਭੁੱਖ ਸੀ ਸਭਨਾਂ ਵਿੱਚ ਆਪਣਾ ਭਵਿੱਖ ਜਾਣਨ ਦੀ।
ਮੈਨੂੰ ਸਾਫ਼ ਹੋ ਗਿਆ ਕਿ ਭਾਵੇਂ ਇਹ ਲੋਕ ਮੇਰੇ ਦੇਸ਼ ਦੇ ਲੋਕਾਂ ਨਾਲੋਂ ਕਿੰਨੇ ਹੀ ਅਮੀਰ ਸਨ, ਪਰ ਉਹਨਾਂ ਨਾਲੋਂ ਵਧੇਰੇ ਸੰਤੁਸ਼ਟ ਨਹੀਂ ਸਨ। ਉਹਨਾਂ ਦਾ ਦਿਲ ਵਰਤਮਾਨ ਨੂੰ ਤਾਂ ਮੁਸਾਫ਼ਰੀ ਜਿਹੀ ਹੀ ਸਮਝਦਾ ਹੈ, ਨਾ ਉਹਦੇ ਲਈ ਸੁਆਰ ਕੇ ਕੱਪੜੇ ਪਾਂਦਾ, ਨਾ ਚੱਜ ਨਾਲ ਉਹਦੇ ਵਿੱਚ ਟਿਕਾਣਾ ਕਰਦਾ ਹੈ; ਹਮੇਸ਼ਾਂ ਉਹ ਭਵਿੱਖ ਦੇ ਕਿਸੇ ਸਵਰਗ ਲਈ ਉਡੂੰ ਉਡੂੰ ਕਰਦਾ ਰਹਿੰਦਾ ਹੈ।
ਕੀ ਮਰਦ, ਤੇ ਕੀ ਇਸਤਰੀਆਂ, ਕੀ ਬੁੱਢੇ ਤੇ ਕੀ ਜਵਾਨ, ਸੱਭੋ ਮੇਰੇ ਹੱਥ ਵਿੱਚ ਆਪਣਾ ਹੱਥ ਲਿਆ ਫੜਾਂਦੇ, ਤੇ ਕਦੇ ਮੁਸਕੁਰਾ ਕੇ, ਕਦੇ ਤਰਲਾ ਕਰ ਕੇ, ਤੇ ਕਦੇ ਬੇਚਾਰਗੀ ਦੀ ਮੂਰਤ ਬਣ ਕੇ, "ਨਾ-ਨਾ'' ਕਰਦੇ ਮੇਰੇ ਕੋਲੋਂ ਕੁੱਝ ਨਾ ਕੁੱਝ ਅਖਵਾ ਹੀ ਲੈਂਦੇ।
ਉਤਸੁਕ ਅੱਖਾਂ ਕਿੰਨਾ ਕੁੱਝ ਆਪੇ ਹੀ ਦੱਸ ਦੇਂਦੀਆਂ ਹਨ, ਤੇ ਉਹਨਾਂ ਦੇ ਦਿਲ ਦੀ ਗੱਲ ਦੱਸ ਦੇਣਾ ਕੋਈ ਅੰਤਰ-ਯਾਮਤਾ ਨਹੀਂ ਹੁੰਦੀ, ਤਾਂ ਵੀ ਮੈਂ ਪੂਰਬ ਦਾ ਇੱਕ ਸਿਆਣਾ ਆਦਮੀ ਸਮਝਿਆ ਜਾਣ ਲੱਗ ਪਿਆ।
ਕਈਆਂ ਨੂੰ ਆਪਣੀ ਤਕਦੀਰ ਦੀ ਕਿਤਾਬ ਦਾ ਵਰਕਾ ਫੋਲਣ ਦਾ ਝੱਸ ਕਈ ਵਾਰੀ ਆ ਪੈਂਦਾ, ਤੇ ਮੈਂ ਉਹਨਾਂ ਨੂੰ ਹਰ ਤਰ੍ਹਾਂ ਯਕੀਨ ਦੁਆਉਣਾ ਚਾਹੁੰਦਾ ਕਿ ਮੈਂ ਏਸ ਵਿਦਿਆ ਤੋਂ ਬਿਲਕੁੱਲ ਕੋਰਾ ਹਾਂ, ਪਰ ਉਹ ਇਹਨੂੰ ਮੇਰੀ ਨਿਰਮਤਾ ਸਮਝ ਕੇ ਆਪਣਾ ਹੱਥ ਮੇਰੇ ਹੱਥ ਵਿਚੋਂ ਓਨਾ ਚਿਰ ਨਾ ਕੱਢਦੇ ਜਿੰਨਾ ਚਿਰ ਹਾਰ ਕੇ ਮੈਂ ਕਿਸੇ ਨੂੰ ਇਸ਼ਕ ਤੇ ਕਿਸੇ ਨੂੰ ਧਨ ਦਾ ਹਰਾ ਰਾਗ ਨਾ ਸੁਣਾ ਦੇਂਦਾ।
ਹੁਣ ਕੁਝ ਚਿਰ ਤੋਂ ਮੈਂ ਆਪ ਤਾਂਘਣ ਲੱਗ ਪਿਆ ਸਾਂ ਕਿ ਕੋਈ ਓਸ ਕੈਨੇਡੀਅਨ ਕੁੜੀ ਨੂੰ, ਜਿਸ ਨੂੰ ਕਦੇ ਕਦੇ ਮੈਂ ਮਿਸ਼ਨਰੀ ਭੈਣ ਦੇ ਸਾਥ ਵਿੱਚ ਡਿੱਠਾ ਸੀ, ਜਾ ਆਖੇ ਕਿ ਮੈਂ ਪੂਰਾ ਪਹੁਤਾ ਹੋਇਆ ਜੋਤਸ਼ੀ ਹਾਂ।
ਇਹ ਕੁੜੀ ਬਹੁਤਾ ਇਕੱਲੀ ਹੀ ਫਿਰਦੀ ਜਾਂ ਜੰਗਲੇ ਨਾਲ ਖਲੋਤੀ, ਮੈਂ ਵੇਖਦਾ ਸਾਂ। ਕੋਲੋਂ ਲੰਘਦੀ ਜਾਂਦੀ ਸ਼ੁਭ-ਇੱਛਾ ਤਾਂ ਉਹ ਜ਼ਰੂਰ ਮੁਸਕਰਾ ਛੱਡਦੀ ਸੀ-ਪਰ ਆਪਣਾ ਹੱਥ ਉਹ ਮੈਨੂੰ ਨਹੀਂ ਸੀ ਵਿਖਾਂਦੀ?
ਦਿਲ ਵਿੱਚ ਆਂਹਦਾ ਸਾਂ, 'ਭਾਵੇਂ ਜੋਤਸ਼ੀ ਮੈਂ ਹਾਂ ਨਹੀਂ, ਇਹ ਕੁੜੀ ਜੇ ਮੈਨੂੰ ਹੱਥ ਵਿਖਾਏ ਤਾਂ ਕਈ ਸੱਚੀਆਂ ਇਹਨੂੰ ਮੈਂ ਦੱਸ ਸਕਾਂ।'
ਉਹਦੇ ਹੇਠਾਂ ਵਲ ਕੁੰਡਲਾਂਦੇ ਬੁੱਲ੍ਹਾਂ, ਉਹਦੀਆਂ ਸੋਚਦੀਆਂ ਅੱਖਾਂ, ਉਹਦਾ ਆਦਮੀਆਂ ਕੋਲੋਂ ਸੰਕੋਚ, ਤੇ ਇਹਨਾਂ ਗੱਲਾਂ ਦੇ ਬਾਵਜੂਦ ਪੁਸ਼ਾਕ ਵੱਲੋਂ ਬੇਧਿਆਨੀ ਕੋਈ ਨਾ-ਉਹ ਬੜੇ ਫੱਬਦੇ ਕੱਪੜੇ ਪਾਣ ਵਾਲੀਆਂ ਕੁੜੀਆਂ 'ਚੋਂ ਸੀ-ਮੈਂ ਕਿੰਨਾ ਕੁੱਝ ਉਹਦਾ ਚੰਗੀ ਤਰ੍ਹਾਂ ਪੜ੍ਹ ਲਿਆ ਹੋਇਆ ਸੀ। …. ਪਰ ਉਹ ਮੈਨੂੰ ਕੋਈ ਮੌਕਾ ਦੇਂਦੀ ਹੀ ਨਹੀਂ ਸੀ।
ਇੱਕ ਸ਼ਾਮ ਉਹ ਮਿਸ਼ਨਰੀ ਸਾਥਣ ਨਾਲ ਖਲੋਤੀ ਸੂਰਜ ਅਸਤ ਹੁੰਦਾ ਵੇਖ ਰਹੀ ਸੀ, ਤੇ ਕਹਿ ਰਹੀ ਸੀ, "ਕੇਡਾ ਸੁਹਣਾ ਸੂਰਜ-ਅਸਤ! ''
ਤੇ ਮਿਸ਼ਨਰੀ ਕੁੜੀ ਨੇ ਜਵਾਬ ਦਿੱਤਾ, "ਏਦੂੰ ਵੀ ਸੁਹਣਾ ਚੰਨ ਹੁਣੇ ਸਮੁੰਦਰ ਵਿਚੋਂ ਚੜ੍ਹੇਗਾ।''
ਮੇਰੇ ਕੋਲੋਂ ਰਿਹਾ ਨਾ ਗਿਆ, ਮੈਂ ਮਿਸ਼ਨਰੀ ਕੁੜੀ ਨੂੰ ਸ਼ੁੱਭ-ਸ਼ਾਮ ਮੁਸਕਰਾ ਕੇ ਆਖਿਆ, "ਮੈਨੂੰ ਮੁਆਫ਼ ਕਰ ਦੇਣਾ ਪਰ ਇਹ ਲਫਜ਼ ਤਾਂ ਮੇਰੇ ਨੇ ਜਿਹੜੇ ਤੁਸਾਂ ਹੁਣੇ ਬੋਲੇ ਨੇ। ''
ਮਿਸ਼ਨਰੀ ਕੁੜੀ ਨੇ ਖ਼ੁਸ਼ ਹੋ ਕੇ ਮੇਰਾ ਪ੍ਰੀਚੈ ਕੈਨੇਡੀਅਨ ਕੁੜੀ ਨਾਲ ਕਰਾਇਆ, "ਮਿਸਟਰ ਸਿੰਘ-ਪੂਰਬ ਦਾ ਸਿਆਣਾ ਆਦਮੀ! ਮਿਸ ਅਲਿਜ਼ਬੈਥ ਮੈਂਜ਼ੀ।''
ਕੈਨੇਡੀਅਨ ਕੁੜੀ ਨੇ ਬੋਲੇ ਬਿਨਾਂ ਮੈਨੂੰ ਹੱਥ ਦਿੱਤਾ, ਪਰ ਉਹਦੀਆਂ ਅੱਖਾਂ ਵਿੱਚ ਸ਼ੁੱਭ-ਇੱਛਾ ਗੁੱਝੀ ਨਹੀਂ ਸੀ।
"ਮੈਂ ਸਮਝਦਾ ਹਾਂ, ਸਿਆਣੇ ਇਹ ਨੇ, ਜਿਨ੍ਹਾਂ ਪਛਾਣ ਲਿਐ ਕਿ ਮੈਂ ਸਿਆਣਾ ਕੋਈ ਨਹੀਂ,''
ਉਹਨੂੰ ਮੈਂ ਬੋਲਣ ਲਈ ਵੰਗਾਰਿਆ।
"ਏਸ ਲਈ ਕਿ ਮੈਂ ਤੁਹਾਨੂੰ ਆਪਣਾ ਹੱਥ ਨਹੀਂ ਵਿਖਾਇਆ? '' ਓਸ ਜ਼ਰਾ ਚੌਂਕ ਕੇ ਪੁੱਛਿਆ।
"ਹਾਂ, ਮਿਸ ਮੈਂਜ਼ੀ।''
"ਤੁਹਾਡੀ ਸਿਆਣਪ ਉਤੇ ਮੈਨੂੰ ਸ਼ੰਕਾ ਕਦੇ ਨਹੀਂ ਹੋਇਆ-ਸਿਰਫ ਮੇਰਾ ਆਪਣੇ ਭਵਿੱਖ ਵਿੱਚ ਯਕੀਨ ਉੱਡ ਗਿਆ ਹੈ-ਮੇਰਾ ਭਵਿੱਖ ਹੀ ਕੋਈ ਨਹੀਂ-'' ਉਸਨੇ ਸਾਡੇ ਵੱਲੋਂ ਮੂੰਹ ਭੁਆ ਕੇ ਦੂਰ ਸਮੁੰਦਰ ਵੱਲ ਵੇਖਦਿਆਂ ਆਖਿਆ।
"ਭਵਿੱਖ ਵਿੱਚ ਯਕੀਨ ਹੋਵੇ ਭਾਵੇਂ ਨਾ ਹੋਵੇ, ਭਵਿੱਖ ਹਰ ਕਿਸੇ ਦਾ ਹੁੰਦਾ ਹੈ-ਹੋਰ ਕਿਸੇ ਦਾ ਭਵਿੱਖ ਮੈਂ ਭਾਵੇਂ ਠੀਕ ਨਾ ਪੜ੍ਹ ਸਕਿਆ ਹੋਵਾਂ, ਤੁਹਾਡਾ ਮੈਂ ਬਿਲਕੁੱਲ ਠੀਕ ਪੜ੍ਹ ਸਕਦਾ ਹਾਂ-ਜੇ ਤੁਸੀਂ ਮੈਨੂੰ ਹੱਥ ਵਖਾਓ।''
ਸਮੁੰਦਰ ਵਿਚੋਂ ਨਿਕਲਦੇ ਚੰਨ ਦੀਆਂ ਰਿਸ਼ਮਾਂ ਉਹਦੇ ਮੱਥੇ ਦੇ ਕੁੰਡਲਾਂ ਉਤੇ ਪਈਆਂ।
"ਸੱਚ ਕਹਿੰਦੇ ਹੋ?'' ਉਹਦੇ ਬੁੱਲ੍ਹਾਂ ਦੇ ਕੁੰਡਲ ਉੱਚੇ ਹੋ ਗਏ ਸਨ।
"ਅਜ਼ਮਾ ਲਵੋ।'' ਮੈਂ ਕਾਮਲ ਜੋਤਸ਼ੀ ਦੇ ਭਰੋਸੇ ਨਾਲ ਆਖਿਆ।
"ਚੰਗਾ, ਖਾਣੇ ਦੇ ਬਾਅਦ-ਉਪਰਲੇ ਡੈੱਕ ਉਤੇ-ਆਓਗੇ ਨਾ?''
ਤੇ ਮੈਂ ਵੇਖਿਆ ਉਹ ਜਾਣ ਲਈ ਬੜੀ ਕਾਹਲੀ ਸੀ।
ਖਾਣ-ਕਮਰੇ ਵਿੱਚ ਜਦੋਂ ਉਹ ਆਈ ਤਾਂ ਉਸ ਨੇ ਪੋਸ਼ਾਕ ਵਟਾਈ ਹੋਈ ਤੇ ਆਪਣੇ ਦੁਆਲੇ ਹਰ ਚੀਜ਼ ਵੱਲ ਪ੍ਰਤੱਖ ਧਿਆਨ ਦਿੱਤਾ ਹੋਇਆ ਸੀ।
ਉਹ ਹੋਰ ਮੇਜ਼ ਉਤੇ ਬੈਠਿਆ ਕਰਦੀ ਸੀ। ਮੈਂ ਆਪਣਾ ਖਾਣਾ ਮੁਕਾ ਕੇ, ਵੱਡਾ ਕੋਟ ਪਾ ਕੇ ਉਪਰਲੇ ਡੈੱਕ ਉੱਤੇ ਜੰਗਲੇ ਨਾਲ ਜਾ ਖਲੋਤਾ।
ਇੱਕ ਅਨੋਖਾ ਹੀ ਚੈਨ ਹਰ ਪਾਸੇ ਖਿਲਰਿਆ ਹੋਇਆ ਸੀ, ਸਭ ਕੁੱਝ ਤੁਰਦਾ ਹੋਣ ਦੇ ਬਾਵਜੂਦ ਅਡੋਲ ਸੀ। ਪੌਣ ਵਗ ਰਹੀ ਸੀ, ਜਹਾਜ਼ ਤੁਰ ਰਿਹਾ ਸੀ, ਸਮੁੰਦਰ ਲਹਿਰਾ ਰਿਹਾ ਸੀ, ਚੰਨ ਉੱਚਾ ਚੜ੍ਹ ਰਿਹਾ ਸੀ-ਪਰ ਖ਼ਾਮੋਸ਼ ਚਿੱਟੀ ਰਾਤ ਦੀ ਤਾਲ ਵਿੱਚ ਸਾਹ ਲੈਂਦੀ ਸਮੁੰਦਰ ਦੀ ਹਿੱਕ ਉੱਤੇ ਮੈਂ ਅਨੰਤ ਦੀ ਅਹਿਲ ਭਾਲ ਬਣਿਆਂ ਖਲੋਤਾ ਸਾਂ।
ਡੈੱਕ ਉੱਤੇ ਆਉਂਦਿਆਂ ਮੈਂ ਕਈ ਵਾਰੀ ਭੌਂ ਕੇ ਤੱਕਿਆ ਕਿ ਕਿਤੇ ਮਿਸ ਮੈਂਜ਼ੀ ਆਉਾਂਦੀ ਹੋਵੇ, ਪਰ ਬੇਕਿਨਾਰ ਸਮੁੰਦਰ ਦੀ ਵਿਸ਼ਾਲ ਹਿੱਕ ਉਤੇ ਆਪਣੇ ਜਹਾਜ਼ ਦੇ ਇਕੱਲਮ-ਕੱਲਿਆਂ, ਇੱਕ ਚਾਨਣੇ ਟਿਮਕੜੇ ਵਾਂਗ, ਨੱਚਦੇ ਤੁਰੇ ਜਾਣ ਦੀ ਬਹਾਦਰ ਝਾਤੀ ਨੇ ਮੇਰਾ ਸਾਰਾ ਧਿਆਨ ਮੱਲ ਲਿਆ ਸੀ।
ਮੈਂ ਚੰਨ ਵਲ ਵੇਖਿਆ, ਉਹ ਵੀ ਆਪਣੀਆਂ ਚਾਂਦੀ-ਮੁਸਕਾਨਾਂ ਨਾਲ ਜਿਉਂ ਏਸ ਬਹਾਦਰੀ ਦੀ ਦਾਦ ਦੇ ਰਿਹਾ ਸੀ।
ਮੈਨੂੰ ਪਤਾ ਹੀ ਨਾ ਲੱਗਾ ਕਿ ਕਦੋਂ ਮਿਸ਼ ਮੈਂਜ਼ੀ ਮੇਰੇ ਪਾਸੇ ਨਾਲ ਆ ਖੜੋਤੀ ਸੀ।
"ਤੁਹਾਨੂੰ ਇਹ ਝਾਤੀ ਬੜੀ ਪਿਆਰੀ ਲੱਗੀ ਜਾਪਦੀ ਹੈ?'' ਉਸ ਮੈਨੂੰ ਆਪਣਾ ਪਤਾ ਦੇਣ ਲਈ ਆਖਿਆ।
"ਆਹ! ਮਿਸ ਮੈਂਜ਼ੀ-ਤੁਸੀਂ ਜ਼ਰੂਰ ਮੈਨੂੰ ਮੁਆਫ਼ ਕਰ ਦੇਣਾ-ਪਲ ਭਰ ਲਈ ਸੱਚਮੁੱਚ ਮੈਂ ਆਪਾ ਭੁੱਲ ਗਿਆ ਸਾਂ,'' ਮੈਂ ਸ਼ਰਮਾ ਕੇ ਆਖਿਆ।
"ਜੇ ਤੁਸੀਂ ਮੈਨੂੰ ਮਿਸ ਮੈਂਜ਼ੀ ਨਾ ਆਖੋ? ''
"ਜੋ ਤੁਹਾਨੂੰ ਚੰਗਾ ਲੱਗੇ, ਮੈਂ ਆਖਾਗਾਂ।'' ਮੇਰੀ ਖ਼ੁਸ਼ੀ ਪ੍ਰਤੱਖ ਸੀ।
"ਜੇ ਤੁਸੀਂ ਮੈਨੂੰ ਐਲਿਜ਼ੀ ਆਖ ਸਕੋ? ਤੁਹਾਡੇ ਲਈ ਵੀ ਇਹ ਸੁਖ਼ਾਲਾ ਹੋ ਜਾਏਗਾ।''
"ਸੁਖਾਲਾ ਹੀ ਨਹੀਂ, ਕਾਵਿਆਨਾ ਵੀ ਲੱਗੇਗਾ। ਐਲਿਜ਼ੀ-ਐਲਿਜ਼ੀ!''
"ਤੁਹਾਨੂੰ ਤਾਂ ਕੱਲਮ-ਕੱਲੇ ਏਸ ਜਹਾਜ਼ ਦੀ ਝਾਤੀ ਕਾਵਿਆਨਾ ਲੱਗੀ ਹੈ-ਪਰ ਮੈਨੂੰ ਤਾਂ ਨਾ ਇਹਦੇ ਤੇ ਨਾ ਆਪਣੇ ਨਾਂ ਵਿੱਚ ਕੋਈ ਕਵਿਤਾ ਲੱਭ ਸਕੀ ਹੈ। …. . ਜਿਹੋ ਜਿਹਾ ਇਹ ਜਹਾਜ਼ ਤਿਹੋ ਜਿਹੀ ਮੈਂ-ਇਹ ਹੁਣ ਤੁਰਦਾ ਜਾ ਰਿਹਾ ਹੈ- ਇਹਦੇ ਦੂਰ ਨੇੜੇ ਇਹਦਾ ਕੋਈ ਮਹਿਰਮ ਨਹੀਂ, ਇਹਦੇ ਦਿਲ ਦੇ ਥੱਲੇ ਕੋਈ ਜ਼ਖ਼ਮ ਹੋ ਜਾਏ-ਇਹਦੇ ਪਾਟੇ ਦਿਲ ਦਾ ਕਿਸੇ ਕੋਲ ਦਾਰੂ ਨਹੀਂ, ਜਿਹੜੀ ਹਿੱਕ ਸਮੁੰਦਰ ਦੀ ਏਸ ਵੇਲੇ ਇਹਨੂੰ ਚੁੰਮੀ ਚੁੱਕੀ ਜਾ ਰਹੀ ਹੈ, ਬੇ-ਮੁਰਵੱਤ ਉਹ ਪਾਟ ਪਏਗੀ ਤੇ ਉਹਦੇ ਵਿੱਚ ਇਹ ਗੜੂੰਦ ਹੋ ਜਾਏਗਾ। …. . ਚਾਰ ਖ਼ਾਲੀ ਬੁਲਬੁਲਿਆਂ ਦੇ ਛੁਟ ਕੋਈ ਹੰਝੂ ਇਹਦੀ ਕਬਰ ਉਤੇ ਕਿਸੇ ਵਗਾਣਾ ਨਹੀਂ। ਚੁਤਰਫ਼ੀਂ ਪਾਣੀਓ ਪਾਣੀ ਫਿਰ ਜਾਏਗਾ-ਇਹਦਾ ਨਿੱਕਾ ਜਿਹਾ ਨਾਂ ਤੇ ਓਦੋਂ ਵੀ ਨਿੱਕਾ ਇਹਦਾ ਨਿਸ਼ਾਨ ਮਿਟਾ ਕੇ, ਅਥਾਹ ਸਮੁੰਦਰ ਇਹਦੇ ਉਤੇ ਸਦਾ ਠਾਠਾਂ ਮਾਰਦਾ ਰਹੇਗਾ। …. ''
ਤੇ ਮੇਰੀਆਂ ਅੱਖਾਂ ਅੱਗੋਂ ਉਹ ਨੱਚਦਾ ਬਹਾਦਰ ਟਿਮਕੜਾ ਅਲੋਪ ਹੋ ਗਿਆ। ਮੈਂ ਜੰਗਲੇ ਨਾਲੋਂ ਹਟ ਖਲੋ ਕੇ, ਬਿਨ ਹੰਝੂਆਂ ਰੋਂਦੀਆਂ ਅੱਖਾਂ ਦੇ ਜੋੜੇ ਵਿੱਚ ਝਾਕ ਰਿਹਾ ਸਾਂ।
ਮੈਂ ਐਲਿਜ਼ੀ ਦਾ ਹੱਥ ਫੜ ਲਿਆ। ਬੜਾ ਠੰਢਾ ਹੱਥ ਸੀ।
ਮੈਂ ਵੇਖਿਆ ਐਲਿਜ਼ੀ ਦੇ ਓਵਰਕੋਟ ਨੂੰ ਜੇਬ ਨਹੀਂ ਸਨ। ਉਹਦਾ ਹੱਥ ਮੈਂ ਆਪਣੀ ਜੇਬ ਵਿਚ ਪਾ ਲਿਆ।
"ਦੂਜਾ ਹੱਥ ਵੀ, ਐਲਿਜ਼ੀ, ਤੁਸੀਂ ਆਪਣੇ ਕੋਟ ਦਾ ਬਟਨ ਖੋਲ੍ਹ ਕੇ ਅੰਦਰ ਕਰ ਲਵੋ, ਸੱਚੀਂਮੁੱਚੀਂ ਇਹ ਝਾਤੀ ਏਡੀ ਸੁਹਣੀ ਨਹੀਂ, ਜੇਡੀ ਇਹ ਠੰਢੀ-ਠਾਰ ਹੈ-ਤੇ ਆਓ ਉਸ ਲੰਪ ਕੋਲ ਛਾਏ ਹੇਠਾਂ ਡੱਠੇ ਬੈਂਚ ਉਤੇ ਜਾ ਬਹੀਏ!''
ਕਿੰਨਾ ਹੀ ਚਿਰ ਉਥੇ ਬੈਠੇ ਅਸੀਂ ਗੱਲਾਂ ਕਰਦੇ ਰਹੇ। ਐਲਿਜ਼ੀ ਨੇ ਉਹਦਾ ਹੱਥ ਵੇਖਣਾ ਮੈਨੂੰ ਯਾਦ ਕਰਾਇਆ। ਉਹਦੇ ਵਰਗੀ ਸਰਲ ਕੁੜੀ ਦੇ ਅੰਦਰਲੇ ਦਿਲ ਨੂੰ ਸੁਤੰਤਰ ਕਰਨ ਵਾਲੀਆਂ ਚਾਰ ਗੱਲਾਂ ਕਹਿ ਲੈਣੀਆਂ ਐਡੀ ਵੱਡੀ ਕੋਈ ਰਾਜ਼ਦਾਨੀ ਨਹੀਂ ਸੀ। ਜਿਦ੍ਹੇ ਨਾਲ ਤੁਹਾਡੇ ਦਿਲ ਦੀ ਸਾਰੀ ਹਮਰਦਰਦੀ ਹੋਵੇ, ਉਹਦੇ ਦਿਲ ਦਾ ਜਿਹੜਾ ਪਾਸਾ ਤੁਸੀਂ ਚਾਹੋ ਵੇਖ ਸਕਦੇ ਹੋ।
ਉਹ ਇੱਕ ਦਰਮਿਆਨੇ ਦਰਜ਼ੇ ਦੇ ਅਮੀਰ ਮਾਪਿਆਂ ਦੀ ਸਭ ਤੋਂ ਛੋਟੀ ਬੱਚੀ ਸੀ। ਛੋਟੇ ਹੁੰਦਿਆਂ ਹੀ ਮਾਪੇ ਮਰ ਗਏ। ਪਰ ਆਖਿਆ ਜਾਂਦਾ ਸੀ, ਵਸੀਅਤ ਵਿੱਚ ਉਹ ਉਹਦੇ ਲਈ ਚੋਖਾ ਧਨ ਛੱਡ ਗਏ ਸਨ, ਪਤਾ ਏਸ ਵਸੀਅਤ ਦਾ ਉਹਦੇ ਵੱਡੇ ਭੈਣ ਭਰਾ ਨੂੰ ਹੀ ਸੀ।
ਜਵਾਨ ਹੋਣ ਉੱਤੇ ਦੋ ਲੜਕਿਆਂ ਨੇ ਵਾਰੀ-ਵਾਰੀ ਐਲਿਜ਼ੀ ਨੂੰ ਪਿਆਰ ਕੀਤਾ। ਪਰ ਉਹਨਾਂ ਦਾ ਪਿਆਰ, ਜਾਪਦੈ ਵਸੀਅਤ ਵਿਚਲੀ ਆਸ ਨਾਲ ਹੀ ਸੀ। ਜਦੋਂ ਪਤਾ ਲੱਗਾ ਕਿ ਐਲਿਜ਼ੀ ਏਡੀ ਅਮੀਰ ਨਹੀਂ ਸੀ ਜੇਡੀ ਖ਼ਿਆਲ ਕੀਤੀ ਜਾਂਦੀ ਸੀ, ਤਾਂ ਐਲਿਜ਼ੀ ਦਾ ਦਿਲ ਤੋੜ ਕੇ ਸੁੱਟ ਗਏ।
ਐਲਿਜ਼ੀ ਬੜੇ ਬਰੀਕ ਜਜ਼ਬਿਆਂ ਵਾਲੀ ਕੁੜੀ ਸੀ। ਉਸ ਨੂੰ ਬੜਾ ਦੁੱਖ ਹੋਇਆ। ਉਸ ਨੇ ਆਪਣੀ ਜਾਇਦਾਦ ਭੈਣ-ਭਰਾ ਦੇ ਹੱਕ ਵਿੱਚ ਛੱਡ ਕੇ ਸਦਾ ਕੰਵਾਰੀ ਇੱਕ ਸੇਵਕ ਡਾਕਟਰ ਬਣ ਜਾਣ ਦਾ ਫ਼ੈਸਲਾ ਕਰ ਲਿਆ, ਤੇ ਉਹ ਲੰਦਨ ਵਿੱਚ ਰਹਿ ਰਹੀ ਆਪਣੀ ਭੈਣ ਨੂੰ ਆਪਣਾ ਫ਼ੈਸਲਾ ਦੱਸਣ ਜਾ ਰਹੀ ਸੀ।
"ਪਰ, ਐਲਿਜ਼ੀ ਦੇ ਅੰਦਰ ਇੱਕ ਰੰਗ-ਸਹਿਕਦਾ ਦਿਲ ਸੀ, ਟੁੱਟਾ ਟੁੱਟਾ ਵੀ ਪ੍ਰਸੰਸਾ ਵਲ ਕੰਨ ਲਾਈ ਰਖਦਾ ਸੀ, ਏਸੇ ਲਈ ਉਹ ਕੱਪੜਿਆਂ ਵਲ ਬੜਾ ਧਿਆਨ ਦੇਂਦੀ ਸੀ। ਭਾਵੇਂ ਦੂਜਿਆਂ ਦੀਆਂ ਅੱਖਾਂ ਵਿੱਚ ਖੁਲ੍ਹ ਕੇ ਤੱਕਣ ਦਾ ਹੀਆ ਉਹਦਾ ਉੱਡ ਗਿਆ ਸੀ, ਪਰ ਉਹਨਾਂ ਅੱਖਾਂ ਵਿੱਚ ਚੰਗਿਆਂ ਲੱਗਦੇ ਰਹਿਣ ਦੀ ਭੁੱਖ ਉਹਦੀ ਨਹੀਂ ਸੀ ਮਿਟੀ।
"ਪਰ, ਐਲਿਜ਼ੀ ਤੁਹਾਡੇ ਹੱਥ ਦੀਆਂ ਲਕੀਰਾਂ ਵਿਆਹ ਦੱਸਦੀਆਂ ਹਨ।''
ਮੈਂ ਆਪਣੇ ਬੋਝੇ ਵਿੱਚ ਧੜਕਦੇ ਉਹਦੇ ਹੱਥ ਨੂੰ ਕੱਢ ਕੇ, ਉਹਦੀ ਰੇਸ਼ਮੀ ਤਲੀ ਉਤੇ ਉਂਗਲੀ ਫੇਰੀ, ਹੇਠਾਂ ਫੇਰੀ, ਉਤਾਂਹ ਵਲ ਫੇਰੀ, ਤੇ ਉਹਦਾ ਦੂਜਾ ਹੱਥ ਫੜ ਕੇ ਮੈਂ ਆਪਣੀ ਜੇਬ ਵਿੱਚ ਪਾ ਲਿਆ।
ਐਲਿਜ਼ੀ ਮੇਰੇ ਮੂੰਹ ਵਲ ਤੱਕਣ ਲੱਗ ਪਈ।"ਜੇ ਮੇਰੀ ਮਰਜ਼ੀ ਵਿਆਹ ਲਈ ਨਾ ਵੀ ਰਹੀ ਹੋਵੇ-ਤਾਂ ਵੀ? '' ਉਸ ਮੁਸਕਰਾ ਕੇ ਪੁੱਛਿਆ।
"ਮਰਜ਼ੀ ਕੋਈ ਪੱਥਰ-ਲਕੀਰ ਨਹੀਂ ਹੁੰਦੀ-ਜਜ਼ਬਿਆਂ ਦਾ ਪੰਘਰਾ ਹੀ ਹੁੰਦਾ ਹੈ। ਹੋਣੀ ਜਿਹੋ ਜਿਹੇ ਕੌਲ ਕਟੋਰੇ ਵਿੱਚ ਉਹਨੂੰ ਪਾ ਲਵੇ, ਉਹੋ ਜਿਹੀ ਇਹਦੀ ਸ਼ਕਲ ਹੋ ਜਾਂਦੀ ਹੈ। …. ਤੁਹਾਡੇ ਵਰਗਾ ਹੱਥ ਅਣਫੜਿਆ ਰਹਿਣ ਲਈ ਨਹੀਂ ਬਣਿਆ ਹੁੰਦਾ।''
ਉਹਦੇ ਦੋਵੇਂ ਹੱਥ ਮੈਂ ਆਪਣੇ ਹੱਥਾਂ ਵਿੱਚ ਲੈ ਲਏ, ਤੇ ਉਹਨਾਂ ਉਤੇ ਜਿਵੇਂ ਕੋਈ ਕਸਬੀ ਜੋਤਸ਼ੀ ਰਹੱਸ ਝਾੜਦਾ ਹੈ, ਮੈਂ ਆਪਣੇ ਪੋਟੇ ਨਾਲ ਪੰਜ ਠੋਕਰਾਂ ਲਾਈਆਂ, ਦੋ ਹੌਲੀਆਂ ਤੇ ਤਿੰਨ ਜ਼ਰਾ ਓਦੂੰ ਜ਼ੋਰ ਦੀਆਂ।
ਉਸ ਸਮਝਿਆ ਇਹ ਮੇਰਾ ਜਾਦੂ-ਹੁਨਰ ਸੀ, ਪਰ ਸੀ ਇਹ ਨਿਰੋਲ ਮੇਰਾ ਸਾਦਾ ਜਿਹਾ ਪਿਆਰ-ਹੁਨਰ, ਤੇ ਐਲਿਜ਼ੀ ਦੇ ਅੰਦਰੋਂ ਸੁੱਤਾ ਕੁੱਝ ਜਾਗ ਪਿਆ-ਕੋਈ ਬਿਜਲੀ ਅੰਗ ਅੰਗ ਵਿਚੋਂ ਧੜਕ ਗਈ।
"ਤੁਸਾਂ ਕੀ ਕਰ ਦਿੱਤੈ ਮੈਨੂੰ-ਹੋਰ ਦੀ ਹੋਰ ਹੋ ਗਈ ਹਾਂ, ਏਸ ਜਹਾਜ਼ ਦੀ ਇਕੱਲ ਵਰਗੀ ਖੋਹ ਹੁਣ ਮੇਰੇ ਵਿੱਚ ਉੱਕੀ ਨਹੀਂ ਰਹੀ। …. ਆਹ- ਹੁਣ ਅਣਰੋਈ ਮੈਂ ਨਹੀਂ ਮਰ ਜਾਵਾਂਗੀ-ਸਮਿਆਂ ਦਾ ਬੇਲਿਹਾਜ਼ ਸਮੁੰਦਰ ਮੇਰਾ ਨਾਮੋ-ਨਿਸ਼ਾਨ ਆਪਣੀਆਂ ਠਾਠਾਂ ਹੇਠ ਨੇਸਤ ਨਹੀਂ ਕਰ ਸਕੇਗਾ।
…. ਤੁਸੀਂ ਤਾਂ ਮੈਨੂੰ ਯਾਦ ਰੱਖੋਗੇ, ਕਦੇ ਮੈਂ ਤੁਹਾਨੂੰ ਮਿਲੀ ਸਾਂ।
ਉਹਦੇ ਹੱਥ ਮੈਂ ਬੁੱਲ੍ਹਾਂ ਨਾਲ ਲਾ ਲਏ।
"ਮੇਰੀ ਨਿੱਕੀ ਯਾਦ ਨਾਲੋਂ ਵੀ ਕੋਈ ਵਡੇਰੀ ਪ੍ਰੀਤ ਤੁਹਾਨੂੰ ਮਿਲੇਗੀ-ਇਹ ਦਿਲ ਤੁਹਾਡਾ ਕਿਸੇ ਚੰਗੀ ਹਿੱਕ ਨੂੰ ਜ਼ਰੂਰ ਰੰਗੇਗਾ।''
ਜਹਾਜ਼ ਦਾ ਕਪਤਾਨ ਸਾਡੇ ਕੋਲੋਂ ਲੰਘ ਗਿਆ। ਦੋ ਜਹਾਜ਼ੀ ਵੀ ਸਾਨੂੰ ਬੈਠਿਆਂ ਵੇਖ ਕੇ ਜ਼ਰਾ ਵਲਾ ਗਏ।
ਘੜਿਆਲ ਨੇ ਅੱਧੀ ਰਾਤ ਖੜਕਾ ਦਿੱਤੀ।
"ਐਲਿਜ਼ੀ, ਮੈਂ ਬੜਾ ਖ਼ੁਸ਼ ਹਾਂ ਕਿ ਤੁਸੀਂ ਅੱਜ ਮੇਰੇ ਕੋਲ ਆ ਗਏ-ਤੁਸਾਂ ਮੈਨੂੰ ਹੱਥ ਵਿਖਾਇਆ। ਪਹਿਲੀ ਵਾਰ ਮੇਰੀ ਮਰਜ਼ੀ ਨਾਲ ਤੁਸੀਂ ਮੈਨੂੰ ਜੋਤਸ਼ੀ ਬਣਾ ਚਲੇ ਹੋ। ਬਿਨਾ ਮਰਜ਼ੀ ਮੈਂ ਕਈ ਹੱਥ ਵੇਖੇ-ਤੁਹਾਡਾ ਹੱਥ ਵੇਖਣ ਲਈ ਅੱਧੀ-ਅੱਧੀ ਰਾਤ ਮੈਂ ਚਾਹ ਕੀਤੀ ।"
ਹੁਣ ਐਲਿਜ਼ੀ ਠੰਢ ਅੰਤਾਂ ਦੀ ਉਤਰ ਆਈ ਹੈ-ਤੁਹਾਨੂੰ ਪਤਾ ਨਹੀਂ ਲੱਗ ਰਿਹਾ, ਪਰ ਮੈਂ ਆਪਣੇ ਆਪ ਨੂੰ ਦੋਸ਼ੀ ਮਹਿਸੂਸ ਕਰ ਰਿਹਾ ਹਾਂ-ਉਠੋ-ਆਓ-ਹੁਣ ਤੁਹਾਨੂੰ ਆਪਣੇ ਬਿਸਤਰੇ ਵਿੱਚ ਚਲੇ ਜਾਣਾ ਚਾਹੀਦਾ ਹੈ। ''
ਮੈਨੂੰ ਯਕੀਨ ਹੈ, ਓਸ ਰਾਤ ਮੇਰੇ ਕੋਲੋਂ ਜਾ ਕੇ ਐਲਿਜ਼ੀ ਨੇ ਬਿਸਤਰੇ ਉਤੇ ਏਨੇ ਪਾਸੇ ਨਹੀਂ ਪਰਤੇ ਹੋਣੇ ਜਿੰਨੇ ਉਹ ਅੱਗੇ ਪਰਤਿਆ ਕਰਦੀ ਸੀ। ਪਰ ਮੇਰੀ ਆਪਣੀ ਹਾਲਤ ਅਨੋਖੀ ਹੋ ਗਈ, ਕਈ ਪਾਸੇ ਪਰਤੇ, ਕਈ ਤਦਬੀਰਾਂ ਕੀਤੀਆਂ-ਪਰ ਨੀਂਦ ਨਾ ਆਈ-ਇਕੋ ਸ਼ਿਕਵਾ ਰਹਿ ਰਹਿ ਕੇ ਬੁੱਲ੍ਹਾਂ ਉਤੇ ਆਉਾਂਦਾ ਰਿਹਾ।
ਓੜਕ ਮੈਂ ਉੱਠ ਖਲੋਤਾ ਤੇ ਕਲਮ ਦੇ ਬੁੱਲ੍ਹਾਂ 'ਚਂਰ ਉਹ ਸ਼ਿਕਵਾ ਮੈਂ ਆਪਣੀ ਨੋਟ-ਬੁੱਕ ਵਿੱਚ ਵਗਾ ਦਿੱਤਾ:
"ਓ ਜਾਨੇ ਜਾਨਾ, ਕਿਹੋ ਜਿਹਾ ਸਾਕੀ ਆਪਣਾ ਤੂੰ ਮੈਨੂੰ ਬਣਾ ਦਿੱਤਾ ਹੈ। ਭਰੀਆਂ ਸੁਰਾਹੀਆਂ ਤੇ ਪੈਮਾਨਿਆਂ ਵਾਲੇ ਮੈਖ਼ਾਨੇ ਉਤੇ ਤੂੰ ਮੈਨੂੰ ਬਿਠਾ ਦਿੱਤਾ। ਤੇਰੇ ਚਾਹੁਣ ਵਾਲੇ ਆਉਂਦੇ, ਤੇਰਾ ਹੁਕਮ ਹੈ, ਤੇਰੀਆਂ ਸੁਰਾਹੀਆਂ ਵਿਚੋਂ ਭਰ ਭਰ ਕੇ ਨਿਰੀ ਸ਼ਰਾਬ ਹੀ ਮੈਂ ਉਹਨਾਂ ਨੂੰ ਨਾ ਪਿਆਈ ਜਾਵਾਂ, ਸਗੋਂ ਹਰ ਸਾਗਰ ਵਿੱਚ ਆਪਣੇ ਦਿਲ ਦਾ ਇੱਕ ਟੋਟਾ ਵੀ ਘੋਲ ਦਿਆਂ ਕਰਾਂ। …. ਮਖ਼ਮੂਰ ਹੋ ਹੋ ਜਾਂਦੇ ਨੇ ਤੇਰੇ ਚਾਹੁਣ ਵਾਲੇ। ਪਤਾ ਨਹੀਂ ਇਹ ਖ਼ੁਮਾਰ ਤੇਰੀ ਸ਼ਰਾਬ ਦਾ ਹੈ ਕਿ ਮੇਰੇ ਦਿਲ ਦੇ ਟੋਟਿਆਂ ਦਾ! …. ਪਰ ਸੁਣ ਲੈ, ਮੇਰੀ ਬੇ-ਸਮਰ ਮੁਹੱਬਤ ! ਦਿਲੋਂ ਉੱਠ, ਸ਼ਿਕਵਾ ਬਣਕੇ ਮੀਟੇ ਬੁੱਲ੍ਹ ਜ਼ੋਰੀਂ ਖੁਲ੍ਹਾ ਰਹੀ ਹੈ-ਤੂੰ ਮੈਨੂੰ ਆਪਣੇ ਮੈਖ਼ਾਨੇ ਉਤੇ ਬਿਠਾ ਕੇ ਹੁਕਮ ਦੇ ਦਿੱਤਾ ਹੈ ਕਿ ਏਥੋਂ ਕੋਈ ਮੁੜਿਆ ਨਾ ਜਾਏ-ਪਰ ਮੇਰੇ ਸਹਿਕਦੇ ਬੁੱਲ੍ਹਾਂ ਉਤੇ ਤੇਰੀ ਸ਼ਫ਼ਕਤ ਦਾ ਕੋਈ ਕਤਰਾ ਕਦੇ ਡਿੱਗਾ ਨਹੀਂ। ਇਹ ਪਿਆਸੇ ਬੁੱਲ੍ਹ ਤੇਰੇ ਅਸ਼ਕਾਂ ਲਈ ਮੁਸਕਰਾ-ਮੁਸਕਰਾ ਕੇ ਤ੍ਰੇੜੇ ਗਏ ਨੇ-ਪਿਆਰ ਦੀ ਤਿਸ਼ਨਗੀ ਨੇ ਇਹਨਾਂ ਦੇ ਵਟ ਵਟ ਉੱਤੇ ਸਿੱਕਰੀ ਬੰਨ੍ਹ ਦਿੱਤੀ ਹੈ। …. .
"ਪਰ ਮੈਂ, ਤੇਰਾ ਬੇ-ਨਸੀਬ ਸਾਕੀ, ਤੇਰੀ ਬੇ-ਮੁਰਵੱਤੀ ਦਾ ਆਜਿਜ਼ ਸ਼ਿਕਾਰ, ਜਿਸ ਨੂੰ ਵੇਖਣ ਵਾਲੇ ਬੜਾ ਖ਼ੁਸ਼ਨਸੀਬ ਆਖਦੇ ਨੇ-ਬੈਠਾ ਜੂ ਹਾਂ ਤੇਰੇ ਬਖ਼ਤਾਵਰ ਮੈਖ਼ਾਨੇ ਉਤੇ-ਕਦ ਤਕ ਇਹਦੇ ਬੁੱਲ੍ਹ ਦੂਜਿਆਂ ਲਈ ਮਸਕਰਾਂਦੇ ਰਹਿਣਗੇ? ਓੜਕ-ਓੜਕ-ਮੈਂ ਤੈਨੂੰ ਕੀ ਆਖਾਂ? ਜਾਨੇ ਜਾਨਾਂ ਨੂੰ ਕਦ ਕਿਸੇ ਨੂੰ ਕੁੱਝ ਆਖਿਆ ਹੈ …. . । ''
ਤੇ ਜਿਉਂ ਮੈਖ਼ਾਨੇ ਦੀ ਮਲਕਾ ਨੂੰ ਏਸ ਸਾਕੀ ਦੀ ਅਜੇ ਲੋੜ ਹੈ ਸੀ, ਰਾਤ ਦੀ ਇਕੱਲ ਵਿੱਚ ਪਰੀ-ਖੰਭ ਫੜਕੇ-ਮੇਰੀਆਂ ਅੱਖਾਂ ਕਿਸੇ ਨੇ ਚੁੰਮ ਕੇ ਮੇਲ ਸੁੱਟੀਆਂ।
(ਰੰਗ ਸਹਿਕਦਾ ਦਿਲ ਤੇ ਹੋਰ ਕਹਾਣੀਆਂ ਵਿਚੋਂ
੧੯੭੨ ਦੂਜੀ ਵਾਰ)