Ikk Siddhi Sarak (Punjabi Story) : S. Saki
ਇੱਕ ਸਿੱਧੀ ਸੜਕ (ਕਹਾਣੀ) : ਐਸ ਸਾਕੀ
ਸਵੇਰ ਦੇ ਕੋਈ ਸਾਢੇ ਚਾਰ ਵੱਜਦੇ ਹੀ ਉਸ ਹੱਥ-ਗੱਡੀ ਦੀ ਆਵਾਜ਼ ਸੁਣਾਈ ਪੈਂਦੀ ਹੈ ਤਾਂ ਇਸ ਦੇ ਨਾਲ ਹੀ ਸੁੱਤੀ ਪਈ ਕਾਲੋਨੀ ਪਹਿਲਾਂ ਕੁਝ ਚਿਰ ਲਈ ਜਿਵੇਂ ਜਾਗ ਜਾਂਦੀ ਹੈ ਤੇ ਫਿਰ ਦਹਿਲ ਜਾਂਦੀ ਹੈ। ਹੌਲੀ-ਹੌਲੀ ਕਾਲੋਨੀ ਦੀ ਸਿੱਧੀ ਸੜਕ ’ਤੇ ਤੁਰਦੀ ਹੋਈ ਉਹ ਔਰਤ ਹੱਥ-ਗੱਡੀ ਨੂੰ ਧੱਕ ਕੇ ਲਿਜਾਂਦੀ ਹੋਈ ਕਾਲੋਨੀ ’ਚੋਂ ਬਾਹਰ ਨਿਕਲ ਜਾਂਦੀ ਹੈ।
ਇਹ ਨਵੀਂ ਬਣੀ ਸਾਫ਼-ਸੁਥਰੀ ਕਾਲੋਨੀ ਸੀ ਜਿਸ ਵਿੱਚ ਘਰ ਖ਼ਰੀਦ ਕੇ ਅਸੀਂ ਹੁਣੇ ਸ਼ਿਫਟ ਹੋਏ ਸੀ। ਉਂਜ ਤਾਂ ਇਸ ਕਾਲੋਨੀ ਵਿੱਚ ਬਹੁਤ ਕੁਝ ਚੰਗਾ ਸੀ: ਖੁੱਲ੍ਹੀਆਂ ਸੜਕਾਂ, ਨਵੇਂ-ਨਵੇਂ ਸੋਹਣੇ ਡਿਜ਼ਾਈਨ ਵਾਲੇ ਘਰ, ਪਾਰਕ, ਸਕੂਲ, ਮਾਰਕੀਟ ਤੇ ਹੋਰ ਬਹੁਤ ਸਾਰੀਆਂ ਸਹੂਲਤਾਂ; ਪਰ ਮੇਰੇ ਲਈ ਤਾਂ ਸਵੇਰ ਦੀ ਸੈਰ ਕਰਨ ਵਾਸਤੇ ਇਸ ਤੋਂ ਵਧੀਆ ਥਾਂ ਦਿੱਲੀ ਦੀ ਹੋਰ ਕਿਸੇ ਵੀ ਕਾਲੋਨੀ ਵਿੱਚ ਨਹੀਂ ਮਿਲ ਸਕਦੀ ਸੀ।
ਜਦੋਂ ਮੈਂ ਪਹਿਲੇ ਦਿਨ ਸਵੇਰੇ ਸੈਰ ਕਰਨ ਲਈ ਘਰੋਂ ਬਾਹਰ ਨਿਕਲ ‘ਏ’ ਬਲਾਕ ਦੀ ਮੁੱਖ ਸਿੱਧੀ ਸੜਕ ’ਤੇ ਪਹੁੰਚਿਆ ਤਾਂ ਮੈਨੂੰ ਦੂਰੋਂ ਇਹ ਆਵਾਜ਼ ਸੁਣਾਈ ਦਿੱਤੀ ਸੀ। ਖਾਲੀ ਸੜਕ ਦੇ ਦੋਵੇਂ ਪਾਸੇ ਲੱਗੇ ਬਿਜਲੀ ਦੇ ਖੰਭਿਆਂ ’ਤੇ ਬਲਦੇ ਲਾਟੂਆਂ ਦੀ ਰੌਸ਼ਨੀ ਵਿੱਚ ਖੜ੍ਹਾ ਮੈਂ ਸਿੱਧੀ ਤੁਰੀ ਜਾਂਦੀ ਉਸ ਸੜਕ ਵੱਲ ਵੇਖਣ ਲੱਗਾ ਜਿਧਰੋਂ ਇਹ ਆਵਾਜ਼ ਆ ਰਹੀ ਸੀ। ਕੁਝ ਚਿਰ ਮੈਂ ਚੁੱਪ ਖਡ਼੍ਹਾ ਰਿਹਾ। ਉਦੋਂ ਹੀ ਹੌਲੀ-ਹੌਲੀ ਤੁਰਦੀ ਇੱਕ ਕਾਫ਼ੀ ਵੱਡੀ ਉਮਰ ਦੀ ਔਰਤ ਹੱਥ-ਗੱਡੀ ਧੱਕਦੀ ਮੇਰੇ ਨੇਡ਼ੇ ਪਹੁੰਚੀ ਤੇ ਫਿਰ ਉਸੇ ਤਰ੍ਹਾਂ ਤੁਰਦੀ ਹੋਈ ਅੱਗੇ ਲੰਘ ਗਈ।
ਖੰਭੇ ਦੇ ਲਾਟੂ ਦੀ ਰੌਸ਼ਨੀ ਵਿੱਚ ਉਹ ਮੈਨੂੰ ਸੱਤਰ ਸਾਲ ਤੋਂ ਵੀ ਵੱਧ ਉਮਰ ਦੀ ਜਾਪੀ, ਜਿਸ ਨੇ ਜਿਵੇਂ ਸਰੀਰ ਦੀਆਂ ਹੱਡੀਆਂ ਨੂੰ ਮਾਸ ’ਚ ਲਪੇਟ ਉੱਪਰੋਂ ਸੂਤੀ ਚਾਦਰ ਵਿੱਚ ਲੁਕੋ ਰੱਖਿਆ ਸੀ। ਭਾਵੇਂ ਉਸ ਵੇਲੇ ਜਨਵਰੀ ਦਾ ਮਹੀਨਾ ਸੀ ਤੇ ਸੀਤ ਹਵਾ ਚੱਲ ਰਹੀ ਸੀ, ਪਰ ਤਾਂ ਵੀ ਉਸ ਔਰਤ ਨੇ ਸਿਰਫ਼ ਮਟਮੈਲੀ ਜਿਹੀ ਸੂਤੀ ਧੋਤੀ ਬੰਨ੍ਹੀ ਹੋਈ ਸੀ ਤੇ ਉੱਪਰ ਇੱਕ ਪਤਲੀ ਚਾਦਰ ਦੀ ਬੁੱਕਲ ਮਾਰੀ ਹੋਈ ਸੀ।
ਉਸ ਨੇ ਦੋਵੇਂ ਹੱਥਾਂ ਨਾਲ ਹੱਥ-ਗੱਡੀ ਫਡ਼ੀ ਹੋਈ ਸੀ ਜਿਹਡ਼ੀ ਘਰ ਦੀ ਬਣਾਈ ਜਾਪਦੀ ਸੀ। ਇਸ ਦੇ ਪਹੀਆਂ ’ਚੋਂ ਅਜੀਬ ਜਿਹੀ ਆਵਾਜ਼ ਨਿਕਲ ਰਹੀ ਸੀ। ਚੌਦਾਂ-ਪੰਦਰਾਂ ਵਰ੍ਹਿਆਂ ਦਾ ਇੱਕ ਮੁੰਡਾ ਸੁੰਗੜ ਕੇ ਉਸ ਵਿੱਚ ਬੈਠਾ ਸੀ ਜਾਂ ਉਸ ਨੂੰ ਜ਼ਬਰਦਸਤੀ ਬਿਠਾਇਆ ਹੋਇਆ ਸੀ ਕਿਉਂਕਿ ਉਸ ’ਚ ਬੈਠਾ ਉਹ ਸਹਿਜ ਨਹੀਂ ਲੱਗ ਰਿਹਾ ਸੀ। ਉਸ ਦਾ ਸਿਰ ਇੱਕ ਪਾਸੇ ਨੂੰ ਲੁੜਕਿਆ ਹੋਇਆ ਸੀ ਤੇ ਉਸ ਦੀ ਇੱਕ ਸੁੱਕੀ ਲੱਤ ਉੱਪਰ ਦਿੱਤੀ ਮੋਟੀ ਚਾਦਰ ’ਚੋਂ ਬਾਹਰ ਨਿਕਲੀ ਹੋਈ ਸੀ।
ਮੈਨੂੰ ਕੁਝ ਸਮਝ ਨਹੀਂ ਲੱਗੀ। ਮੈਂ ਤਾਂ ਬਸ ਜਿਵੇਂ ਸੋਚਦਾ ਰਹਿ ਗਿਆ ਕਿ ਇਹ ਔਰਤ ਇੰਨੀ ਠੰਢ ਵਿੱਚ ਸਵੇਰੇ-ਸਵੇਰੇ ਇਸ ਮੁੰਡੇ ਨੂੰ ਹੱਥ-ਗੱਡੀ ’ਚ ਬਿਠਾਈ ਕਿੱਥੇ ਜਾ ਰਹੀ ਹੈ? ਮੈਂ ਸਵੇਰੇ ਸੈਰ ਕਰ ਕੇ ਘਰ ਮੁੜ ਆਇਆ ਤੇ ਇਹ ਗੱਲ ਮੇਰੇ ਮਨ ’ਚੋਂ ਨਿਕਲ ਗਈ। ਉਸ ਤੋਂ ਅਗਲੇ ਚਾਰ-ਪੰਜ ਦਿਨ ਬਦਲਾਅ ਲਈ ਮੈਂ ‘ਏ’ ਬਲਾਕ ਨੂੰ ਛੱਡ ‘ਬੀ’ ਬਲਾਕ ਦੀ ਨਵੀਂ ਸੜਕ ਵੱਲ ਨਿਕਲਦਾ ਰਿਹਾ, ਪਰ ਉਹ ਸੜਕ ਮੈਨੂੰ ਬਹੁਤੀ ਰਾਸ ਨਹੀਂ ਆਈ। ਪਹਿਲੀ ਗੱਲ ਇਹ ਸੀ ਕਿ ਉਸ ’ਤੇ ਬਿਜਲੀ ਦੇ ਖੰਭੇ ਤਾਂ ਲੱਗੇ ਹੋਏ ਸਨ, ਪਰ ਉਨ੍ਹਾਂ ਵਿੱਚੋਂ ਕਈਆਂ ’ਤੇ ਲਾਟੂ ਨਹੀਂ ਜਗਦੇ ਸਨ। ਦੂਜਾ, ਉਹ ਸੜਕ ‘ਏ’ ਬਲਾਕ ਦੀ ਸੜਕ ਵਾਂਗ ਸਿੱਧੀ ਨਹੀਂ ਸੀ, ਸਗੋਂ ਕਈ ਵਲ ਖਾਂਦੀ ਸੀ। ਉਨ੍ਹਾਂ ਚਾਰ-ਪੰਜ ਦਿਨਾਂ ਵਿੱਚ ਮੈਨੂੰ ਉਸ ਔਰਤ ਦਾ ਖ਼ਿਆਲ ਵੀ ਨਹੀਂ ਆਇਆ।
ਪਰ ਜਦੋਂ ਮੈਂ ਅਗਲੇ ਦਿਨ ਮੁੜ ‘ਏ’ ਬਲਾਕ ਦੀ ਉਸ ਸਿੱਧੀ ਸੜਕ ’ਤੇ ਨਿਕਲਿਆ ਤਾਂ ਉਸੇ ਹੱਥ-ਗੱਡੀ ਦੀ ਆਵਾਜ਼ ਮੈਨੂੰ ਫਿਰ ਸੁਣਾਈ ਦਿੱਤੀ ਜਿਹਡ਼ੀ ਦੂਰੋਂ ਹੌਲੀ-ਹੌਲੀ ਮੇਰੇ ਨੇਡ਼ੇ ਆਉਂਦੀ ਜਾ ਰਹੀ ਸੀ।
ਮੇਰੇ ਕਦਮ ਖ਼ੁਦ-ਬ-ਖ਼ੁਦ ਰੁਕ ਗਏ। ਮੇਰੀ ਨਜ਼ਰ ਦੂਰ ਤਕ ਜਾਂਦੀ ਉਸ ਸਿੱਧੀ ਸੜਕ ਵੱਲ ਸੀ। ਦੂਰੋਂ ਮੈਨੂੰ ਖੰਭਿਆਂ ’ਤੇ ਬਲਦੇ ਲਾਟੂਆਂ ਦੀ ਮੱਧਮ ਰੌਸ਼ਨੀ ਵਿੱਚ ਹੱਥ-ਗੱਡੀ ਖਿੱਚੀ ਤੁਰਦੀ ਆ ਰਹੀ ਉਹ ਔਰਤ ਇੱਕ ਪਰਛਾਵੇਂ ਜਿਹੀ ਜਾਪੀ। ਮੇਰੇ ਨੇਡ਼ੇ ਪਹੁੰਚ ਕੇ ਵੀ ਉਹ ਕੁਝ ਨਹੀਂ ਬੋਲੀ। ਉਹ ਅਜੇ ਅੱਗੇ ਹੋਣ ਨੂੰ ਹੋਈ ਹੀ ਸੀ ਕਿ ਮੈਂ ਵੀ ਉਹਦੇ ਨਾਲ-ਨਾਲ ਤੁਰ ਪਿਆ ਤੇ ਉਸ ਨੂੰ ਪੁੱਛਿਆ, ‘‘ਅੰਮਾ ਕਿੱਥੋਂ ਆਉਂਦੀ ਹੈਂ ਤੂੰ? ਇੰਨੀ ਸਵੇਰੇ ਕਿੱਥੇ ਜਾਂਦੀ ਹੈਂ? …ਤੇ ਹੱਥ-ਗੱਡੀ ’ਚ ਤੇਰੇ ਨਾਲ…।’’ ਮੈਂ ਉਸ ਨੂੰ ਇਕੱਠੇ ਤਿੰਨ ਸਵਾਲ ਪੁੱਛੇ ਤੇ ਤੀਜਾ ਸਵਾਲ ਅਧੂਰਾ ਛੱਡ ਦਿੱਤਾ। ਪਹਿਲਾਂ ਤਾਂ ਉਹ ਕੁਝ ਬੋਲੀ ਨਹੀਂ, ਬਸ ਹੱਥ-ਗੱਡੀ ਧੱਕਦੀ ਰਹੀ, ਪਰ ਫਿਰ ਉਹ ਆਪ ਹੀ ਮੇਰੇ ਨਾਲ ਗੱਲਾਂ ਕਰਨ ਲੱਗੀ।
‘‘ਅਸੀਂ ਇਸ ਕਾਲੋਨੀ ਦੇ ਨਾਲ ਝੁੱਗੀ ਬਸਤੀ ’ਚ ਰਹਿੰਦੇ ਹਾਂ। …ਮੇਰੀ ਵੀ ਉੱਥੇ ਇੱਕ ਝੁੱਗੀ ਹੈ। ਮੇਰੇ ਨਾਲ ਇਹ ਮੇਰਾ ਪੁੱਤਰ ਹੈ। ਅਸੀਂ ਸਵੇਰੇ ਨਾਲ ਦੀ ਸੂਰੀਆ ਕਾਲੋਨੀ ਦੇ ਸ਼ਿਵ ਮੰਦਿਰ ਜਾਂਦੇ ਹਾਂ।’’ ਮੇਰੇ ਤਿੰਨੋਂ ਸਵਾਲਾਂ ਦਾ ਜਵਾਬ ਦਿੰਦੀ ਹੋਈ ਉਹ ਬੋਲੀ।
‘‘ਸ਼ਿਵ ਮੰਦਿਰ…? ਇੰਨੀ ਸਵੇਰੇ…? ਅੰਮਾ ਜੀ, ਤੁਸੀਂ ਦਿਨ ਚਡ਼੍ਹੇ ਵੀ ਤਾਂ ਮੱਥਾ ਟੇਕਣ ਲਈ ਮੰਦਿਰ ਜਾ ਸਕਦੇ ਹੋ। ਇੰਨੀ ਠੰਢ ਵਿੱਚ ਇਸ ਹੱਥ-ਗੱਡੀ ਨੂੰ ਧੱਕ ਕੇ ਲੈ ਜਾਣਾ ਕੀ ਔਖਾ ਨਹੀਂ ਲੱਗਦਾ…?’’ ਮੇਰੇ ਇਹ ਪੁੱਛਣ ’ਤੇ ਕਾਫ਼ੀ ਚਿਰ ਉਹ ਕੁਝ ਨਹੀਂ ਬੋਲੀ, ਸਗੋਂ ਉਸੇ ਤਰ੍ਹਾਂ ਪਹਿਲਾਂ ਵਾਂਗ ਹੱਥ-ਗੱਡੀ ਨੂੰ ਧੱਕ ਕੇ ਅੱਗੇ ਲਿਜਾਂਦੀ ਰਹੀ, ਪਰ ਕੁਝ ਚਿਰ ਬਾਅਦ ਮੇਰੇ ਸਵਾਲ ਦਾ ਜਵਾਬ ਦੇਣ ਲਈ ਉਹ ਕਹਿਣ ਲੱਗੀ, ‘‘ਨਹੀਂ… ਅਸੀਂ ਮੰਦਿਰ ਮੱਥਾ ਟੇਕਣ ਨਹੀਂ ਜਾਂਦੇ…।’’
‘‘ਮੱਥਾ ਟੇਕਣ ਨਹੀਂ ਜਾਂਦੇ ਤਾਂ ਫਿਰ ਕੀ ਕਰਨ…?’’ ਇਸ ਵਾਰੀ ਮੈਂ ਹੈਰਾਨ ਹੁੰਦਿਆਂ ਪੁੱਛਿਆ।
‘‘ਅਸਲ ਵਿੱਚ ਮੈਂ ਤੇ ਮੇਰਾ ਪੁੱਤ ਉੱਥੇ ਭੀਖ ਮੰਗਣ ਜਾਂਦੇ ਹਾਂ। ਸਵੇਰੇ-ਸਵੇਰੇ ਮੰਦਿਰ ’ਚ ਔਰਤਾਂ ਸ਼ਿਵ ਜੀ ਨੂੰ ਦੁੱਧ ਤੇ ਜਲ ਚਡ਼੍ਹਾਉਣ ਆਉਂਦੀਆਂ ਨੇ…! ਫਿਰ ਮੇਰੇ ਪੁੱਤ ਨੂੰ ਇਸ ਹਾਲਤ ’ਚ ਵੇਖ ਕੇ ਉਹ…।’’
‘‘ਕੀ ਹੋਇਆ ਇਸ ਨੂੰ…?’’ ਉਸ ਦੀ ਗੱਲ ਕੱਟਦਿਆਂ ਮੈਂ ਪੁੱਛਿਆ।
‘‘ਹੋਣਾ ਕੀ ਹੈ, ਰੱਬ ਦੀ ਮਾਰ ਹੈ ਇਸ ’ਤੇ। ਇਹ ਤਾਂ ਜਨਮ ਤੋਂ ਹੀ ਅਪੰਗ ਹੈ। ਇਸ ਦੀ ਗਰਦਨ ਜਨਮ ਤੋਂ ਹੀ ਇੱਕ ਪਾਸੇ ਨੂੰ ਲੁੜਕੀ ਹੋਈ ਹੈ। ਇਸ ਦੀ ਸੱਜੀ ਲੱਤ ਸੁੱਕੀ ਹੋਈ ਹੈ। ਇਹ ਆਪ ਤਾਂ ਤੁਰ ਵੀ ਨਹੀਂ ਸਕਦਾ। ਆਪ ਕੁਝ ਕਰ ਵੀ ਨਹੀਂ ਸਕਦਾ। ਇਸ ਦਾ ਤਾਂ ਸੱਜਾ ਹੱਥ ਵੀ ਨਕਾਰਾ ਹੈ।’’ ਬੁੱਢੀ ਦੀ ਗੱਲ ਸੁਣ ਕੇ ਮੇਰਾ ਮਨ ਖ਼ਰਾਬ ਹੋ ਜਾਂਦਾ, ਪਰ ਫਿਰ ਉਹ ਆਪਣੀ ਗੱਲ ਨੂੰ ਅੱਗੇ ਤੋਰਦੀ ਹੋਈ ਕਹਿਣ ਲੱਗੀ, ‘‘ਅਸਲ ’ਚ ਤਾਂ ਸਾਡੇ ਸਾਰੇ ਘਰ ’ਤੇ ਹੀ ਰੱਬ ਦੀ ਮਾਰ ਹੈ। ਇਸ ਦਾ ਪਿਓ ਦਮੇ ਦਾ ਮਾਰਿਆ ਹੋਇਆ। ਉਹ ਸਾਰਾ ਦਿਨ ਮੰਜੇ ’ਤੇ ਬੈਠਾ ਰਹਿੰਦਾ ਹੈ। ਉਸ ਤੋਂ ਤਾਂ ਆਪਣਾ-ਆਪ ਵੀ ਨਹੀਂ ਸਾਂਭਿਆ ਜਾਂਦਾ। ਸਭ ਕੁਝ ਮੰਜੇ ’ਤੇ ਹੀ ਕਰਦਾ ਰਹਿੰਦਾ। ਫਿਰ ਮੇਰੀ ਵੱਡੀ ਧੀ ਹੈ। ਉਸ ਨੂੰ ਉਹਦੇ ਘਰਵਾਲੇ ਨੇ ਛੱਡ ਦਿੱਤਾ। ਉਸ ਦਾ ਸ਼ਰਾਬੀ-ਕਬਾਬੀ ਪਤੀ ਉਸ ਨੂੰ ਤੇ ਆਪਣੇ ਟੱਬਰ ਨੂੰ ਨਹੀਂ ਸਾਂਭ ਸਕਿਆ। ਉਹ ਵੀ ਆਪਣੇ ਦੋ ਜੁਆਕਾਂ ਨਾਲ ਸਾਡੇ ਘਰ ਬੈਠੀ ਹੈ।’’
‘‘ਫਿਰ ਘਰ ਕਿਵੇਂ ਤੁਰਦਾ?’’ ਮੈਂ ਹੌਲੀ-ਹੌਲੀ ਔਰਤ ਨਾਲ ਤੁਰਿਆ ਜਾਂਦਾ ਉਸ ਨੂੰ ਪੁੱਛਦਾ ਹਾਂ, ‘‘ਘਰ ਕਾਹਦਾ ਤੁਰਦਾ…? ਗ਼ਰੀਬੀ ਹੈ ਘਰ ’ਚ… ਭੁੱਖਮਰੀ ਹੈ ਘਰ ’ਚ। ਘਰ ਕਾਹਦਾ ਨਰਕ ਭੋਗ ਰਹੇ ਹਾਂ ਅਸੀਂ ਸਾਰੇ। ਬਸ ਇਸ ਮੁੰਡੇ ਕਰਕੇ ਹੀ ਘਰ ਤੁਰਦਾ…!’’
ਮੈਂ ਉਸ ਔਰਤ ਵੱਲ ਇਸ ਤਰ੍ਹਾਂ ਵੇਖਿਆ ਜਿਵੇਂ ਉਹਦੀ ਘਰ ਤੋਰਨ ਵਾਲੀ ਗੱਲ ਮੇਰੀ ਸਮਝ ਵਿੱਚ ਨਾ ਆਈ ਹੋਵੇ। ਕੁਝ ਚਿਰ ਲਈ ਅਸੀਂ ਦੋਵੇਂ ਚੁੱਪ ਰਹੇ, ਪਰ ਫਿਰ ਉਹ ਆਪੇ ਬੋਲਣ ਲੱਗੀ, ‘‘ਇਹ ਹੱਥ-ਗੱਡੀ ’ਚ ਬੈਠਾ ਮੇਰਾ ਪੁੱਤ ਰਾਜੂ ਹੈ ਜਿਸ ਕਰਕੇ ਅਸੀਂ ਰੋਟੀ ਖਾਂਦੇ ਹਾਂ। ਇਸੇ ਦੇ ਸਿਰ ’ਤੇ ਇਸ ਦੇ ਬਾਪ ਦੀ ਦਵਾਈ ਚਲਦੀ ਹੈ। ਛੱਡੀ ਹੋਈ ਧੀ ਦੇ ਜੁਆਕਾਂ ਦੇ ਮੂੰਹ ’ਚ ਅੰਨ ਪੈਂਦਾ।’’
ਉਸ ਦੀ ਗੱਲ ਮੁੱਕਣ ਨੂੰ ਹੋਈ ਹੀ ਸੀ ਕਿ ਉਹ ਬਿਰਧ ਔਰਤ ਮੈਨੂੰ ਸੜਕ ’ਤੇ ਛੱਡ ਸ਼ਿਵ ਮੰਦਿਰ ਵੱਲ ਮੁੜ ਗਈ।
ਹੁਣ ਉਹ ਔਰਤ ਰੋਜ਼ ਹੀ ਸਵੇਰੇ ਮੈਨੂੰ ਦਿਸਦੀ ਹੈ। ਉਸੇ ਤਰ੍ਹਾਂ ਸੂਤੀ ਧੋਤੀ ਪਹਿਨੀ, ਉਸੇ ਤਰ੍ਹਾਂ ਹੱਥ-ਗੱਡੀ ’ਚ ਬੈਠੇ ਉਸ ਦੇ ਪੁੱਤ ਦੀ ਇੱਕ ਪਾਸੇ ਨੂੰ ਲੁੜਕੀ ਹੋਈ ਗਰਦਨ ਤੇ ਉਹਦੀ ਸੁੱਕੀ ਹੋਈ ਇੱਕ ਲੱਤ। ਪੁੱਤ ਨੂੰ ਹੱਥ-ਗੱਡੀ ’ਚ ਲੱਦ ਉਹ ਸ਼ਿਵ ਮੰਦਿਰ ਵੱਲ ਜਾਂਦੀ ਹੋਈ। ਉਹ ਆਪੇ ਮੇਰੇ ਨੇਡ਼ੇ ਨੂੰ ਹੋ ਸਿੱਧੀ ਤੁਰੀ ਜਾਂਦੀ ਸੜਕ ’ਤੇ ਲੰਘ ਜਾਂਦੀ ਹੈ। ਉਸ ਨੂੰ ਵੇਖ ਕੇ ਮੈਨੂੰ ਸਾਰਾ ਕੁਝ ਚੇਤੇ ਆ ਜਾਂਦਾ ਹੈ। ਉਸ ਦੀ ਝੁੱਗੀ ’ਚ ਮੰਜੇ ’ਤੇ ਬੈਠਾ ਦਮੇ ਦਾ ਮਾਰਿਆ ਪਤੀ, ਆਪਣੇ ਪਤੀ ਵੱਲੋਂ ਛੱਡੀ ਹੋਈ ਧੀ, ਉਸ ਦੇ ਦੋ ਬੱਚੇ ਤੇ ਉਸ ਨਾਲ ਉਨ੍ਹਾਂ ਦੀ ਭੁੱਖ…। ਚਾਰ-ਪੰਜ ਦਿਨਾਂ ਲਈ ਮੈਨੂੰ ਇੱਕ ਕੰਮ ਦੇ ਸਿਲਸਿਲੇ ’ਚ ਸ਼ਹਿਰੋਂ ਬਾਹਰ ਜਾਣਾ ਪੈ ਗਿਆ। ਜਦੋਂ ਮੈਂ ਵਾਪਸ ਆ ਕੇ ਰੋਜ਼ ਵਾਂਗ ਸਵੇਰ ਦੀ ਸੈਰ ਕਰਨ ਲਈ ਨਿਕਲਿਆ ਤਾਂ ਮੈਨੂੰ ਦੂਰੋਂ ਫਿਰ ਉਹ ਔਰਤ ਹੱਥ-ਗੱਡੀ ਲਈ ਆਉਂਦੀ ਦਿਸੀ।
ਮੈਂ ਤੁਰਦਾ ਹੋਇਆ ਰੁਕ ਗਿਆ ਤੇ ਉਹਦੀ ਉਡੀਕ ਕਰਨ ਲੱਗਿਆ। ਉਹ ਔਰਤ ਫਿਰ ਖੰਭਿਆਂ ’ਤੇ ਲੱਗੇ ਲਾਟੂਆਂ ਦੀ ਮੱਧਮ ਰੌਸ਼ਨੀ ਵਿੱਚੋਂ ਦੂਰੋਂ ਇੱਕ ਪਰਛਾਵੇਂ ਵਾਂਗ ਤੁਰੀ ਆ ਰਹੀ ਜਾਪਦੀ ਸੀ, ਜਦੋਂ ਉਹ ਮੇਰੇ ਨੇਡ਼ੇ ਪਹੁੰਚੀ ਤਾਂ ਮੈਂ ਵੇਖਿਆ ਉਹਦੀ ਹੱਥ-ਗੱਡੀ ਖਾਲੀ ਸੀ।
‘‘ਅੰਮਾਂ, ਅੱਜ ਰਾਜੂ ਨੂੰ ਕਿਉਂ ਨਹੀਂ ਲੈ ਕੇ ਆਈ? ਕਿੱਥੇ ਹੈ ਉਹ?’’ ਮੇਰੇ ਪੁੱਛੇ ਦੋ ਸਵਾਲ ਸੁਣ ਕੇ ਉਹ ਤੁਰਦੀ ਹੋਈ ਰੁਕ ਗਈ।
‘‘ਮੇਰੇ ਰਾਜੂ ਨੂੰ ਤਾਂ ਰੱਬ ਨੇ ਬੁਲਾ ਲਿਆ।’’ ਉਹਦੇ ਸੰਘ ’ਚੋਂ ਇਹ ਆਵਾਜ਼ ਮਸਾਂ ਹੀ ਬਾਹਰ ਨਿਕਲੀ। ਉਸ ਦੀ ਇਸ ਗੱਲ ’ਤੇ ਮੈਂ ਤਾਂ ਜਿਵੇਂ ਸੁੰਨ ਹੀ ਹੋ ਗਿਆ। ਮੇਰੇ ਕੋਲੋਂ ਕੁਝ ਚਿਰ ਲਈ ਕੁਝ ਨਹੀਂ ਬੋਲਿਆ ਗਿਆ। ਪਰ ਫਿਰ… ‘‘ਬਹੁਤ ਦੁੱਖ ਦੀ ਗੱਲ ਹੈ ਇਹ ਅੰਮਾਂ।’’ ਉਸ ਨੂੰ ਹਮਦਰਦੀ ਜਤਾਉਂਦਿਆਂ ਮੈਂ ਕਿਹਾ।
‘‘ਦੁੱਖ ਕਾਹਦਾ…? ਹਸਪਤਾਲ ਦੇ ਵੱਡੇ ਡਾਕਟਰ ਨੇ ਤਾਂ ਬਹੁਤ ਪਹਿਲਾਂ ਕਿਹਾ ਸੀ ਕਿ ਹੁਣ ਉਹ ਬਹੁਤੇ ਦਿਨ ਨਹੀਂ ਕੱਟੇਗਾ। ਉਸ ਦੀ ਤਾਂ ਬਿਮਾਰੀ ਹੀ ਅਜਿਹੀ ਸੀ ਕਿ ਜਿਹਡ਼ੀ ਉਸ ਨੂੰ ਹੌਲੀ-ਹੌਲੀ ਖਾ ਰਹੀ ਸੀ। ਫਿਰ ਬਿਮਾਰੀ ਉਸ ਨੂੰ ਸਾਰਾ ਖਾ ਗਈ ਤੇ ਉਹ ਚਲਾ ਗਿਆ। ਜਦੋਂ ਉਸ ਨੇ ਮਰ ਹੀ ਜਾਣਾ ਸੀ ਫਿਰ ਦੁੱਖ ਕਾਹਦਾ? ਜਦੋਂ ਬੰਦੇ ਨੂੰ ਕੁਝ ਹੋਣ ਦਾ ਪਹਿਲਾਂ ਤੋਂ ਹੀ ਪਤਾ ਹੋਵੇ ਫਿਰ ਉਸ ਲਈ ਦੁੱਖ ਕਰਨਾ ਵੀ ਨਹੀਂ ਚਾਹੀਦਾ। ਹੁਣ ਮੈਨੂੰ ਫ਼ਿਕਰ ਤਾਂ ਇਸ ਗੱਲ ਦਾ ਹੈ ਕਿ ਉਸ ਬਿਨਾਂ ਸਾਡਾ ਘਰ ਕਿਵੇਂ ਤੁਰੇਗਾ? ਸ਼ਿਵ ਮੰਦਿਰ ’ਚ ਸਾਨੂੰ ਭੀਖ ਕੌਣ ਦੇਵੇਗਾ? ਅੱਜ ਦਾ ਬੰਦਾ ਇੰਨਾ ਬੰਦੇ ਕੋਲੋਂ ਨਹੀਂ ਡਰਦਾ ਜਿੰਨਾ ਰੱਬ ਕੋਲੋਂ ਡਰਦਾ। ਜਿਸ ਨੂੰ ਉਸ ਨੇ ਕਦੇ ਵੇਖਿਆ ਨਹੀਂ ਹੁੰਦਾ। ਮੇਰੇ ਅਪੰਗ ਪੁੱਤ ਨੂੰ ਹੱਥ-ਗੱਡੀ ’ਚ ਬੈਠਾ ਵੇਖ ਸ਼ਿਵ ਜੀ ਨੂੰ ਦੁੱਧ ਤੇ ਜਲ ਚਡ਼੍ਹਾਉਣ ਵਾਲੀਆਂ ਉਨ੍ਹਾਂ ਔਰਤਾਂ ਨੂੰ ਡਰ ਤਾਂ ਇਸ ਗੱਲ ਤੋਂ ਲੱਗਦਾ ਸੀ ਕਿ ਰੱਬ ਕਿਤੇ ਉਨ੍ਹਾਂ ਨੂੰ ਜਾਂ ਉਨ੍ਹਾਂ ਦੇ ਘਰ ਦੇ ਕਿਸੇ ਜੀਅ ਨੂੰ ਮੇਰੇ ਰਾਜੂ ਜਿਹਾ ਨਾ ਬਣਾ ਦੇਵੇ। ਇਸ ਸਭ ਤੋਂ ਬਚਣ ਲਈ ਉਹ ਰੱਬ ਤੋਂ ਡਰਦੀਆਂ ਮਾਰੀਆਂ ਪੁੰਨ-ਦਾਨ ਕਰ ਕੇ ਸਾਨੂੰ ਭੀਖ ਦਿੰਦੀਆਂ ਸਨ। ਇਹ ਸਾਰਾ ਕੁਝ ਭਾਵੇਂ ਉਨ੍ਹਾਂ ਨੂੰ ਮਜਬੂਰੀਵੱਸ ਹੀ ਕਰਨਾ ਪੈਂਦਾ। ਇਸ ਤਰ੍ਹਾਂ ਕਰਕੇ ਉਹ ਰੱਬ ਦੇ ਕਰੋਪ ਤੋਂ ਬਚਣਾ ਚਾਹੁੰਦੀਆਂ ਸਨ। ਹੁਣ ਉਨ੍ਹਾਂ ਨੂੰ ਰਾਜੂ ਨਹੀਂ ਦਿਸੇਗਾ ਤਾਂ ਉਨ੍ਹਾਂ ਨੂੰ ਰੱਬ ਕੋਲੋਂ ਡਰ ਵੀ ਨਹੀਂ ਲੱਗੇਗਾ ਤੇ ਨਾ ਹੀ ਇਸ ਦੁੱਖ ਤੋਂ ਬਚਣ ਲਈ ਉਹ ਮੈਨੂੰ ਭੀਖ ਦੇਣਗੀਆਂ। ਪਰ ਹੁਣ ਮੈਂ ਖ਼ਾਲੀ ਹੱਥ-ਗੱਡੀ ਲੈ ਜਾਂਦੀ ਹਾਂ ਤੇ ਸਵੇਰੇ ਹੀ ਜਾ ਕੇ ਮੰਦਿਰ ਨੇਡ਼ੇ ਬਹਿ ਜਾਂਦੀ ਹਾਂ। ਠੀਕ ਹੈ ਭਾਵੇਂ ਇਸ ਵਿੱਚ ਮੇਰਾ ਰਾਜੂ ਪੁੱਤ ਨਹੀਂ ਹੁੰਦਾ, ਪਰ ਤਾਂ ਵੀ ਖਾਲੀ ਹੱਥ-ਗੱਡੀ ਵੇਖ ਕੇ ਉਹ ਔਰਤਾਂ ਮੈਨੂੰ ਕੁਝ ਨਾ ਕੁਝ ਦੇ ਜਾਂਦੀਆਂ ਨੇ, ਜਿਨ੍ਹਾਂ ਕਦੇ ਇਸ ਵਿੱਚ ਮੇਰੇ ਅਪੰਗ ਪੁੱਤ ਨੂੰ ਵੇਖਿਆ ਸੀ। ਜਿਸ ਦੇ ਮਰਨ ਦਾ ਵੀ ਉਨ੍ਹਾਂ ਨੂੰ ਪਤਾ ਹੈ। ਫਿਰ ਮਰਨਾ ਤਾਂ ਕੋਈ ਵੀ ਨਹੀਂ ਚਾਹੁੰਦਾ। ਮੌਤ ਤੋਂ ਹਰ ਬੰਦੇ ਨੂੰ ਡਰ ਲੱਗਦਾ ਹੈ। ਮੇਰੇ ਪੁੱਤ ਨੂੰ ਯਾਦ ਕਰ ਕੇ ਉਨ੍ਹਾਂ ਨੂੰ ਵੀ ਜ਼ਰੂਰ ਲੱਗਦਾ ਹੋਣਾ।’’
ਲੰਬੀ ਗੱਲ ਮੁਕਾ ਕੇ ਉਹ ਬਿਰਧ ਔਰਤ ਸੂਤੀ ਧੋਤੀ ਨਾਲ ਆਪਣੀਆਂ ਅੱਖਾਂ ਪੂੰਝਣ ਲੱਗੀ ਤੇ ਫਿਰ ਚੁੱਪ-ਚਾਪ ਖ਼ਾਲੀ ਹੱਥ-ਗੱਡੀ ਲੈ ਭੀਖ ਮੰਗਣ ਲਈ ਸ਼ਿਵ ਮੰਦਿਰ ਵੱਲ ਤੁਰ ਪਈ।
ਮੈਂ ਬਿਜਲੀ ਦੇ ਖੰਭੇ ’ਤੇ ਬਲਦੇ ਲਾਟੂ ਦੀ ਮੱਧਮ ਰੌਸ਼ਨੀ ’ਚ ਖਲੋਤਾ ਰਿਹਾ। ਮੇਰੀ ਨਜ਼ਰ ਦੂਰ ਤਕ ਚਲੀ ਗਈ, ਸਿੱਧੀ ਸੜਕ ਵੱਲ ਵੇਖਣ ਲੱਗੀ, ਚੁੱਪ-ਚਾਪ ਸੜਕ, ਸੁੰਨੀ-ਸੁੰਨੀ ਸੜਕ ਜਿਸ ’ਤੇ ਉਹ ਬਿਰਧ ਔਰਤ ਆਪਣੇ ਅਪੰਗ ਪੁੱਤ ਤੋਂ ਬਿਨਾਂ ਖ਼ਾਲੀ ਹੱਥ-ਗੱਡੀ ਲੈ ਭੀਖ ਮੰਗਣ ਲਈ ਹੌਲੀ-ਹੌਲੀ ਤੁਰਦੀ ਜਾ ਰਹੀ ਸੀ।