Ik Vadda Aajari Neta (Lekh) : Gurbakhsh Singh Preetlari
ਇਕ ਵੱਡਾ ਆਜੜੀ ਨੇਤਾ (ਲੇਖ) : ਗੁਰਬਖ਼ਸ਼ ਸਿੰਘ ਪ੍ਰੀਤਲੜੀ
ਜਿਵੇਂ ਕੋਈ ਪੰਜ ਹਜ਼ਾਰ ਵਰ੍ਹੇ ਤੋਂ
ਵੀ ਪਹਿਲਾਂ ਦੇ ਸਮੇਂ ਨੀਲ ਦਰਿਆ ਦੇ
ਕੰਢੇ ਬਾਦਸ਼ਾਹ ਮੈਨੀਸ ਨੇ ਸ਼ਹਿਰ ਤੇ
ਪਿੰਡ ਵਸਾਏ ਸਨ, ਏਸ ਤਰ੍ਹਾਂ ਹੀ,ਉਸ
ਇਲਾਕੇ ਵਿਚ ਜਿੱਥੇ ਹੁਣ ਇਰਾਕ
ਆਬਾਦ ਹੈ, ਦਰਿਆ ਫ਼ਰਾਤ ਦੇ ਕੰਢੇ
ਵੀ ਸ਼ਹਿਰ ਆਬਾਦ ਸਨ। ਅੱਜ ਤੋਂ ਚਾਰ
ਹਜ਼ਾਰ ਵਰ੍ਹੇ ਤੋਂ ਵੀ ਵੱਧ ਸਮਾਂ ਹੋਇਆ,
ਇਕ ਸ਼ਹਿਰ ਉਰ ਵਿਚ ਇਕ ਵੱਡਾ
ਮਨੁੱਖ ਤੇਰਾਹ ਰਹਿੰਦਾ ਸੀ। ਇਹਦੇ
ਘਰ ਦਾ ਵਿਹੜਾ ਖੁੱਲ੍ਹਾ ਤੇ ਵਿਚ ਫਵਾਰਾ
ਖੇਡਦਾ ਸੀ। ਇਹ ਕਈ ਭੇਡਾਂ ਤੇ ਊਠਾਂ
ਦਾ ਮਾਲਕ ਸੀ। ਬੜਾ ਅਮੀਰ ਸੀ ਤੇ
ਆਪਣੇ ਕਬੀਲੇ ਦਾ ਮੁਖੀਆ ਸੀ।
ਇਹਦਾ ਪੁੱਤਰ ਐਬਰਾਹਮ, ਇਕ
ਦਿਨ ਇਹਦੇ ਕੋਲ ਆ ਕੇ ਕਹਿਣ ਲੱਗਾ,
"ਪਿਤਾ ਜੀ, ਮੈਂ ਉਰ ਤੋਂ ਦੂਰ ਬਾਹਰ
ਕਿਤੇ ਜਾਣਾ ਚਾਹੁੰਦਾ ਹਾਂ।"
"ਤੂੰ ਏਡਾ ਸੁਹਣਾ ਸ਼ਹਿਰ ਛੱਡ
ਜਾਏਂਗਾ? ਸਾਡੇ ਘਰ ਕਿੰਨੇ ਸੁਹਣੇ ਨੇ
ਤੇ ਕਿੰਨੀਆਂ ਸੁਹਣੀਆਂ ਇਸਦੀਆਂ
ਦੀਵਾਰਾਂ ਨੇ। ਅਸਾਂ ਚੰਨ ਦੇਵਤੇ ਲਈ
ਕੇਡਾ ਸੁਹਣਾ ਮੰਦਰ ਬਣਾਇਆ ਹੋਇਆ
ਹੈ। ਚਵ੍ਹਾਂ ਪਾਸਿਆਂ ਤੋਂ ਲੋਕ ਸਾਡੇ ਲਈ
ਮਾਲ ਲਿਆਉਂਦੇ ਨੇ। ਤੈਨੂੰ ਹੋਰ ਕੀ
ਚਾਹੀਦਾ ਹੈ?"
"ਮੈਂ ਆਪਣੀਆਂ ਭੇਡਾਂ ਲਈ
ਹਰਿਆਲੀਆਂ ਚਰਾਂਦਾਂ ਚਾਹੁੰਦਾ ਹਾਂ।
ਏਥੇ ਉਨਹਾਂ ਲਈ ਘਾਹ ਕਾਫ਼ੀ ਨਹੀਂ।
ਤੇ ਮੈਂ ਨਿਰੇ ਚੰਨ ਦੇਵਤੇ ਦੀ ਪੂਜਾ ਨਾਲ
ਸੰਤੁਸ਼ਟ ਨਹੀਂ ਹੋ ਸਕਿਆ।"
"ਜੇ ਤੂੰ ਸ਼ਹਿਰ ਛੱਡ ਕੇ ਸਹਿਰਾਵਾਂ
(ਮਾਰੂਥਲਾਂ) ਵਿਚ ਚਲਿਆ ਗਿਓਂ, ਤਾਂ
ਘਰਾਂ ਦੀ ਥਾਂ ਤੈਨੂੰ ਬੂਘਾਂ ਵਿਚ ਰਹਿਣਾ
ਪਵੇਗਾ, ਤੇ ਥਾਂ ਥਾਂ ਭਟਕਦਿਆਂ ਫਿਰਨਾ
ਪਵੇਗਾ- ਕਿਤੇ ਹੀ ਤੈਨੂੰ ਸਬਜ਼ਾਜ਼ਾਰ
ਮਿਲਣਗੇ।" ਪਿਓ ਨੇ ਤਾੜਨਾ ਕੀਤੀ।
"ਮੈਂ ਜਾਨਣਾਂ", ਐਬਰਾਹਮ ਨੇ
ਆਖਿਆ, "ਮੈਂ ਚੰਨ ਨਾਲੋਂ ਵੀ ਚੰਗੇਰਾ
ਰੱਬ ਲੱਭਣਾ ਚਾਹੁੰਦਾ ਹਾਂ। ਮੈਨੂੰ ਜਾਪਦੈ
ਜਿਓਂ ਦੂਰ ਸਾਰਿਓਂ ਅਸਲੀ ਰੱਬ ਮੈਨੂੰ
ਬੁਲਾ ਰਿਹੈ, ਓਥੇ ਜਾ ਕੇ ਮੈਂ ਓਹਦਾ
ਗਿਆਨ ਪ੍ਰਾਪਤ ਕਰਾਂਗਾ। ਕਈ ਮੇਰੇ
ਲੋਕ ਮੇਰੇ ਨਾਲ ਜਾਣ ਨੂੰ ਤਿਆਰ
ਨੇ- ਪਰ ਮੈਂ ਤੁਹਾਨੂੰ ਏਥੇ ਇਕੱਲਿਆਂ
ਛੱਡ ਕੇ ਨਹੀਂ ਜਾਣਾ ਚਾਹੁੰਦਾ।"
"ਚੰਗਾ," ਪਿਓ ਨੇ ਆਖਿਆ, "ਜੇ
ਤੇਰੀ ਇਹੀ ਮਰਜ਼ੀ ਏ, ਤਾਂ ਮੈਂ ਤੇਰੇ
ਨਾਲ ਚੱਲਾਂਗਾ। ਸਹਿਰਾਵਾਂ ਖੁੱਲ੍ਹ ਤੇ
ਤਾਜ਼ਗੀ ਬਹੁਤ ਦੇਂਦੀਆਂ ਨੇ। ਤੇਰਾ ਸੱਚਾ
ਰੱਬ ਸਾਨੂੰ ਕਿਸੇ ਚੰਗੇਰੀ ਮੰਜ਼ਲ ਲਈ
ਅਗਵਾਈ ਕਰੇਗਾ।"
ਸਫ਼ਰ ਦੀਆਂ ਤਿਆਰੀਆਂ ਅਰੰਭੀਆਂ
ਗਈਆਂ। ਖੋਤੇ ਲੱਦੇ ਗਏ। ਮਸ਼ਕਾਂ
ਤੇ ਚੱਕੀਆਂ, ਭਾਂਡੇ, ਅਨਾਜ ਤੇ ਫਲ
ਉਨਹਾਂ ਤੇ ਧਰਿਆ ਗਿਆ। ਊਠਾਂ
ਉਤੇ ਇਸਤ੍ਰੀਆਂ ਚੜ੍ਹ ਬੈਠੀਆਂ, ਬੁੱਢੇ
ਤੇ ਬੱਚੇ; ਊਠਾਂ ਦੀਆਂ ਲਗਾਮਾਂ ਨਾਲ
ਟੱਲੀਆਂ ਛਣਕ ਰਹੀਆਂ ਸਨ। ਹਰ ਊਠ
ਦਾ ਇੱਕ ਊਠਵਾਨ ਮੁੰਡਾ ਹੁੰਦਾ ਸੀ।
ਊਠਾਂ ਪਿੱਛੇ ਭੇਡਾਂ ਦੇ ਵੱਗ, ਤੇ ਉਹਨਾਂ
ਦੁਆਲੇ ਬਘਿਆੜੀ ਕੁੱਤੇ ਰਾਖੇ ਸਨ।
ਜਵਾਨ ਰਦ ਘੋੜਿਆਂ ਉਤੇ ਸਵਾਰ ਸਨ,
ਤੇ ਉਹਨਾਂ ਦੇ ਹੱਥੀਂ ਬਰਛੀਆਂ ਫੜੀਆਂ
ਸਨ। ਸਹਿਰਾਵਾਂ ਵਿਚ ਡਾਕੂ ਵੀ ਰਹਿੰਦੇ
ਸਨ। ਇਹ ਬਹਾਦਰ ਨੌਜਵਾਨ ਆਪਣੇ
ਲੋਕਾਂ ਦੇ ਹਰ ਖਤਰੇ ਵਿਚ ਰਾਖੇ ਸਨ।
ਇਸਤ੍ਰੀਆਂ, ਬੱਚੇ, ਬੁੱਢੇ ਸੌਂਦੇ, ਇਹ
ਜਾਗਦੇ ਸਨ।
ਜਦੋਂ ਸਾਰੀ ਤਿਆਰੀ ਸੰਪੂਰਨ ਹੋ ਗਈ,
ਤਾਂ ਕਾਫ਼ਲਾ ਤੁਰ ਪਿਆ। ਉਰ ਸ਼ਹਿਰ
ਦੇ ਦਰਵਾਜ਼ੇ ਉਨਹਾਂ ਉਤੇ ਬੰਦ ਹੋ ਗਏ।
ਉਹ ਫਿਰੰਤੂ ਮੁਸਾਫ਼ਰ ਬਣ ਗਏ।
ਪਹਿਲੇ ਦਿਨ ਉਨਹਾਂ ਲੰਮਾ ਸਫ਼ਰ
ਕੀਤਾ।ਐਬਰਾਹਮ ਨੇ ਅਗਵਾਈ ਕੀਤੀ।
ਸੂਰਜ ਤੇ ਸਿਤਾਰਿਆਂ ਨੇ ਸੇਧ ਦਿੱਤੀ।
ਸ਼ਾਮੀਂ ਐਬਰਾਹਮ ਨੇ ਬਰਛੀ ਜ਼ਮੀਨ
ਵਿਚ ਗੱਡ ਦਿਤੀ। ਇਹ ਨਿਸ਼ਾਨੀ ਸੀ ਕਿ
ਇਥੇ ਕਾਫ਼ਲੇ ਦਾ ਟਿਕਾਣਾ ਹੋਵੇਗਾ। ਉਚੇ
ਊਠਾਂ ਨੇ ਗੋਡੇ ਟੇਕ ਦਿਤੇ, ਇਸਤਰੀਆਂ
ਤੇ ਬੱਚੇ ਛਣਕਦੇ ਹਾਸੇ ਹੱਸ ਉਤਰ
ਆਏ। ਭੇਡਾਂ ਘਾਹ ਨੂੰ ਮੂੰਹ ਮਾਰਨ ਲੱਗ
ਪਈਆਂ, ਲੇਲੇ ਮਾਵਾਂ ਨੂੰ ਬੁਲਾਣ ਲੱਗ
ਪਏ। ਇਸਤ੍ਰੀਆਂ ਨੇ ਤੰਬੂ ਖੜ੍ਹੇ ਕਰ
ਦਿਤੇ ਤੇ ਲੰਗਰ ਦਾ ਆਹਰ ਪਾਹਰ ਸ਼ੁਰੂ
ਕਰ ਦਿਤਾ।
ਚਾਂਦੀ-ਚਿੱਟਾ ਚੰਨ ਨਿਕਲਿਆ,
ਤੇ ਸਾਰਾ ਕਾਫ਼ਲਾ ਖੁਸ਼ ਸੀ, ਆਰਾਮ
ਕਰ ਰਿਹਾ ਸੀ, ਬੈਠਾ ਖਾ ਰਿਹਾ ਸੀ,
ਕਹਾਣੀਆਂ ਸੁਣਾ ਰਿਹਾ ਸੀ- ਚੰਨਚਾਨਣੀ
ਵਿਚ ਬੇਫ਼ਿਕਰ ਦਿਲ ਪਿਆਰਚੁਹਲ
ਕਰ ਰਹੇ ਸਨ। ਖਾਣ ਨੂੰ ਪਨੀਰ
ਸੀ, ਮਿੱਠੀਆਂ ਰੋਟੀਆਂ ਸਨ, ਸ਼ਹਿਦ
ਸੀ, ਤੇ ਸੁੱਕੇ ਫਲ ਸਨ। ਛੋਟੇ ਬੱਚਿਆਂ
ਨੂੰ ਨਿੱਘਾ ਤਾਜ਼ਾ ਦੁੱਧ ਦਿਤਾ ਗਿਆ। ਖਾ
ਪੀ ਕੇ, ਖੇਡ ਮੱਲ ਕੇ, ਕਹਾਣੀਆਂ ਸੁਣਸੁਣਾ
ਕੇ ਉਹ ਸੌਂ ਗਏ।
ਕਈ ਦਿਨ ਉਹ ਤੁਰਦੇ ਤੇ ਰਾਤੀਂ
ਆਰਾਮ ਕਰਦੇ ਰਹੇ, ਤੇ ਕਿਸੇ ਨਵੀਂ
ਮੰਜ਼ਲ ਦੀ ਢੂੰਡ ਵਿਚ ਬੜਾ ਕੁਝ ਵੇਖਦੇ,
ਤੇ ਸਵਾਦ ਲੈਂਦੇ ਰਹੇ।
ਇਕ ਵਾਰੀ ਇਕ ਪਹਾੜੀ ਸ਼ੇਰ ਭੇਡਾਂ
ਉਤੇ ਆ ਪਿਆ। ਪਰ ਬਹਾਦਰ ਆਜੜੀ
ਐਬਰਾਹਮ ਨੇ ਉਹਨੂੰ ਮਾਰ ਮੁਕਾਇਆ।
ਸਾਰੇ ਏਡੇ ਖੁਸ਼ ਹੋਏ, ਕਿ ਦੂਜੇ ਦਿਨ
ਅੱਗ ਦੁਆਲੇ ਬੈਠਿਆਂ ਨੇ ਇਕ ਗੀਤ
ਜੋੜ ਲਿਆ ਤੇ ਸਾਰੇ ਹੇਕ ਲਾ ਕੇ ਗਾਉਣ
ਲੱਗ ਪਏ।
ਪਹਾੜਾਂ ਵਿਚੋਂ ਇਕ ਸ਼ੇਰ ਆਇਆ,
ਅਸਾਂ ਉਸ ਨੂੰ ਮਾਰ ਮੁਕਾਇਆ,
ਪਹਾੜਾਂ ਵਿਚੋਂ ਇਕ ਸ਼ੇਰ ਆਇਆ,
ਕਮਾਨ ਸਾਡੀ ਤਣ ਗਈ,
ਤੀਰ ਸਾਡਾ ਉੱਡ ਪਿਆ।
ਪਹਾੜਾਂ ਵਿਚੋਂ ਇਕ ਸ਼ੇਰ ਆਇਆ,
ਅਸਾਂ ਉਸ ਨੂੰ ਮਾਰ ਮੁਕਾਇਆ।
ਇਕ ਵਾਰੀ ਕਿਸੇ ਓਹਲੇ ਦੇ ਪਿੱਛੇ
ਡਾਕੂਆਂ ਦਾ ਟੋਲਾ ਉਨਹਾਂ ਉਤੇ ਟੁੱਟ
ਪਿਆ ਪਰ ਘੋੜ-ਸਵਾਰ ਜਵਾਨਾਂ ਨੇ
ਉਹਨਾਂ ਨੂੰ ਵੇਖ ਲਿਆ ਸੀ, ਤੇ ਉਹ
ਉਹਨਾਂ ਦੀਆਂ ਤਿੱਖੀਆਂ ਬਰਛੀਆਂ ਦੀ
ਤਾਬ ਨਾ ਲਿਆ ਸਕੇ।
ਓੜਕ ਕਈ ਖੁਸ਼ ਦਿਨਾਂ ਦੇ ਸਫ਼ਰ
ਬਾਅਦ, ਕੁਝ ਮੁਸੀਬਤਾਂ ਤੇ ਮੁਸ਼ਕਲਾਂ
ਵਿਚੋਂ ਲੰਘਦੇ ਤੇ ਖਾਈਆਂ ਖੰਦਰਾਂ ਟੱਪਦੇ
ਉਹ ਕੈਨਾਨ ਇਲਾਕੇ ਵਿਚ ਇਕ ਹਰੀਭਰੀ
ਜਰਖੇਜ਼ ਵਾਦੀ ਵਿਚ ਪਹੁੰਚ ਗਏ।
ਇਕ ਓਕ ਬ੍ਰਿਛ ਦੇ ਹੇਠਾਂ ਐਬਰਾਹਮ ਨੇ
ਤੰਬੂ ਗੱਡ ਦਿਤਾ, ਤੇ ਓਥੇ ਆਪਣਾ ਘਰ
ਬਣਾ ਲਿਆ। ਏਥੇ ਕੁਝ ਸਮੇਂ ਬਾਅਦ
ਬੜਾ ਸ਼ਾਨਦਾਰ ਸ਼ਹਿਰ ਵਸ ਪਿਆ, ਤੇ
ਵੱਡਾ ਲਾਭ ਜਿਹੜਾ ਐਬਰਾਹਮ ਨੂੰ
ਜਾਪਿਆ ਉਹ ਇਹ ਸੀ, ਕਿ ਉਰ ਸ਼ਹਿਰ
ਦੇ ਬੁੱਤਾਂ ਤੇ ਚੰਨ ਦੇਵਤੇ ਦੇ ਮੰਦਰ ਤੋਂ
ਦੂਰ ਸਾਰੇ ਆ ਕੇ ਉਸ ਨੇ ਸ੍ਰਿਸ਼ਟੀ ਦੇ
ਰੱਬ ਨੂੰ ਲੱਭ ਲਿਆ। ਇਹ ਰੱਬ ਉਸ ਨੂੰ
ਕਦਮ ਕਦਮ ਉਤੇ ਆਪਣਾ
ਝਲਕਾਰਾ ਦੇਂਦਾ ਸੀ, ਤੇ ਓੜਕ ਉਨਹਾਂ
ਨੂੰ ਆਪਣੀ ਮੰਜ਼ਲ ਦਿਸ ਪਈ, ਤੇ ਏਸ
ਮੰਜ਼ਲ ਦੇ ਰੱਬ ਨੇ ਉਹਦੀ ਸੋਚਣੀ ਦੀਆਂ
ਤੰਗ ਵਲਗਣਾਂ ਸਭ ਢਾਹ ਦਿਤੀਆਂ, ਤੇ
ਸੂਰਜ, ਚੰਨ, ਸਿਤਾਰੇ, ਪਸ਼ੂ, ਪੰਛੀ ਤੇ
ਮਨੁੱਖ ਸਭ ਉਸ ਨੂੰ ਰੱਬ ਦਾ ਹੀ ਰੂਪ
ਦਿੱਸਣ ਲੱਗ ਪਏ।