Ikk Vakhra Jiha Sakoon : Dr. Faqir Chand Shukla

ਇੱਕ ਵੱਖਰਾ ਜਿਹਾ ਸਕੂਨ : ਫ਼ਕੀਰ ਚੰਦ ਸ਼ੁਕਲਾ

ਪਿੰਡੋਂ ਪੜ੍ਹਾਈ ਪੂਰੀ ਕਰਨ ਮਗਰੋਂ ਅਗਲੀ ਪੜ੍ਹਾਈ ਲਈ ਮੈਂ ਲੁਧਿਆਣੇ ਦੇ ਇੱਕ ਚੰਗੇ ਸਕੂਲ ਵਿੱਚ ਦਾਖ਼ਲ ਹੋ ਗਿਆ ਸੀ ਪਰ ਪਤਾ ਨਹੀਂ ਕਿਉਂ ਮੈਨੂੰ ਸ਼ਹਿਰੀ ਮੁੰਡਿਆਂ ਤੋਂ ਡਰ ਜਿਹਾ ਲੱਗਿਆ ਰਹਿੰਦਾ। ਮੇਰਾ ਸਾਦਾ ਪਹਿਰਾਵਾ ਅਤੇ ਅੰਗਰੇਜ਼ੀ ਬੋਲਣ ਦਾ ਪੇਂਡੂ ਲਹਿਜ਼ਾ ਉਨ੍ਹਾਂ ਲਈ ਮੇਰਾ ਮਜ਼ਾਕ ਉਡਾਉਣ ਦਾ ਸਬੱਬ ਬਣ ਜਾਂਦਾ ਸੀ। ਇੱਕ ਦਿਨ ਟਿੱਚਰ ‘ਤੇ ਪਤਾ ਨਹੀਂ ਮੈਨੂੰ ਕਿਵੇਂ ਇੰਨਾ ਗੁੱਸਾ ਆ ਗਿਆ ਕਿ ਮੈਂ ਇੱਕ ਸ਼ਹਿਰੀ ਮੁੰਡੇ ਦੀ ਚੰਗੀ ਝੰਡ ਕਰ ਦਿੱਤੀ। ਅਗਲੇ ਦਿਨ ਕਈ ਮੁੰਡੇ ਮੈਨੂੰ ਖ਼ੁਸ਼ੀ-ਖ਼ੁਸ਼ੀ ਆਪਣੇ ਨਾਲ ਬਿਠਾਉਣ ਲਈ ਤਿਆਰ ਹੋ ਗਏ ਸਨ ਤੇ ਇਸ ਤਰ੍ਹਾਂ ਆਪਣੀ ਗੱਡੀ ਰੁੜਣ ਲੱਗੀ ਸੀ।
ਉਨ੍ਹੀਂ ਦਿਨੀਂ ਅੰਗਰੇਜ਼ੀ ਵਾਲੇ ਮਾਸਟਰ ਜੀ ਨੇ ਸਾਨੂੰ ਲੇਡੀ ਕਲੇਅਰ ਨਾਂ ਦੀ ਕਵਿਤਾ ਚੇਤੇ ਕਰਨ ਲਈ ਆਖਿਆ ਸੀ। ਉਨ੍ਹਾਂ ਨੇ ਪਤਾ ਨਹੀਂ ਕਿਉਂ ਆਖ ਦਿੱਤਾ ਸੀ ਕਿ ਇਹ ਕਵਿਤਾ ‘ਡਾਅਨ’ ਨਾਂ ਦੀ ਗਾਈਡ (ਹੈਲਪ ਬੁੱਕ) ਵਿੱਚੋਂ ਹੀ ਚੇਤੇ ਕਰਨੀ ਹੈ, ‘ਪਾਇਨੀਅਰ’ ਵਿੱਚੋਂ ਨਹੀਂ। ਮੇਰੀ ਆਰਥਿਕ ਹਾਲਤ ਬਹੁਤ ਖਸਤਾ ਸੀ। ਮੇਰੇ ਕੋਲ ਦੋਵਾਂ ਵਿੱਚੋਂ ਕੋਈ ਗਾਈਡ ਨਹੀਂ ਸੀ। ਮੇਰੇ ਇੱਕ ਦੋਸਤ ਕੋਲ ਪਾਇਨੀਅਰ ਸੀ। ਮੈਂ ਸੋਚਿਆ ਕਿ ਉਸ ਕੋਲੋਂ ਕੁਝ ਦੇਰ ਲਈ ਮੰਗ ਕੇ ਕਾਪੀ ‘ਤੇ ਨੋਟ ਕਰ ਲਵਾਂਗਾ ਪਰ ਮੰਗਣ ‘ਤੇ ਉਸ ਨੇ ਕਿਤਾਬ ਹੀ ਮੈਨੂੰ ਫੜਾ ਦਿੱਤੀ, ”ਤੂੰ ਲੈ ਜਾ ਯਾਰ ਮੈਥੋਂ ਨ੍ਹੀਂ ਪੜ੍ਹ ਹੁੰਦੀ। ਨਾਲੇ ਜੇ ਨਾ ਸੁਣਾਇਆ ਤਾਂ ਕੀ ਹੋ ਜਾਊ ਦੋ-ਚਾਰ ਛਿੱਤਰ ਪੈ ਜਾਣਗੇ। ਕੀ ਫ਼ਰਕ ਪੈਂਦਾ ਐ। ਆਪਾਂ ਨੂੰ ਤਾਂ ਬਥੇਰੀ ਵਾਰੀ ਕੁੱਟ ਪਈ ਏ।”
ਮੈਂ ਹੈਰਾਨ ਸੀ ਕਿ ਇਸ ਨੂੰ ਕੁੱਟ ਖਾ ਕੇ ਵੀ ਸ਼ਰਮ ਨਹੀਂ ਆਉਂਦੀ ਤੇ ਮੇਰੇ ਡਰ ਦੇ ਮਾਰੇ ਸਾਹ ਸੁੱਕ ਰਹੇ ਹਨ ਕਿ ਕਿਤੇ ਮਾਸਟਰ ਜੀ ਬੇਇੱਜ਼ਤੀ ਨਾ ਕਰ ਦੇਣ। ਖੈਰ! ਉਸ ਦੀ ਗਾਈਡ ਲੈ ਕੇ ਮੈਂ ਚੰਗੀ ਤਰ੍ਹਾਂ ਘੋਟਾ ਲਾ ਲਿਆ ਸੀ।
ਅਗਲੇ ਦਿਨ ਮਾਸਟਰ ਜੀ ਨੇ ਸਬਕ ਸੁਣਿਆ ਤਾਂ ਅੱਸੀ ਫ਼ੀਸਦੀ ਤੋਂ ਵੱਧ ਵਿਦਿਆਰਥੀਆਂ ਨੂੰ ਚੇਤੇ ਨਹੀਂ ਸੀ। ਮੇਰੀ ਵਾਰੀ ਆਈ ਤਾਂ ਮੈਂ ਫਟਾਫਟ ਸੁਣਾ ਦਿੱਤੀ। ਮਾਸਟਰ ਜੀ ਨੇ ਜਮਾਤ ਦੇ ਬਾਕੀ ਮੁੰਡਿਆਂ ਨੂੰ ਜਿਵੇਂ ਝਾੜ ਪਾਉਂਦੇ ਹੋਏ ਆਖਿਆ ਸੀ, ‘ਓਏ ਕੋਈ ਸ਼ਰਮ ਹਯਾ ਹੈ ਤੁਹਾਨੂੰ ਇੱਕ ਛੋਟੀ ਜਿਹੀ ਪੋਇਮ ਚੇਤੇ ਨਹੀਂ ਕਰ ਸਕਦੇ?’ ਉਨ੍ਹਾਂ ਮੁੜ ਮੈਨੂੰ ਸ਼ਾਬਾਸ਼ੀ ਦਿੰਦਿਆਂ ਆਖਿਆ, ”ਆਹ ਵੇਖੋ ਫ਼ਕੀਰ ਚੰਦ ਨੇ ਕਿੰਨਾ ਵਧੀਆ ਸੁਣਾਇਐ। ਵੈਰੀ ਗੁੱਡ ਬੇਟੇ।”
ਬਿੰਦ ਕੁ ਰੁਕ ਕੇ ਉਨ੍ਹਾਂ ਮੈਨੂੰ ਪੁੱਛਿਆ ਸੀ, ”ਹਾਂ ਪੁੱਤ, ਕਿੱਥੋਂ ਚੇਤੇ ਕੀਤੀ ਸੀ, ‘ਡਾਅਨ’ ਵਿੱਚੋਂ?”
”ਨਹੀਂ ਸਰ, ਪਾਇਨੀਅਰ ‘ਚੋਂ।” ਪਤਾ ਨਹੀਂ ਕਿਉਂ ਮੈਂ ਖ਼ੁਦ ਨੂੰ ਬਹੁਤਾ ਸਤਿਆਵਾਦੀ ਰਾਜਾ ਹਰੀਸ਼ ਚੰਦਰ ਸਮਝਦਾ ਸੀ। ਇੰਨਾ ਕਹਿਣ ਦੀ ਦੇਰ ਸੀ ਕਿ ਮਾਸਟਰ ਜੀ ਜਿਵੇਂ ਅੱਗ-ਬਗੂਲਾ ਹੋ ਗਏ, ”ਮੈਂ ਤਾਂ ਤੁਹਾਨੂੰ ‘ਡਾਅਨ’ ਵਿੱਚੋਂ ਚੇਤੇ ਕਰਨ ਲਈ ਆਖਿਆ ਸੀ।”
”…ਮਾਸਟਰ ਜੀ, ਲੇਡੀ ਕਲੇਅਰ ਤਾਂ ਉਹੋ ਰਹਿਣੀ ਏ ਭਾਵੇਂ ਜਿੱਥੋਂ ਮਰਜ਼ੀ ਚੇਤੇ ਕਰੀਏ, ਏਸ ਨਾਲ ਕੀ ਫ਼ਰਕ ਪੈਂਦੈ।” ਸਕੂਲ ਵੇਲੇ ਹੀ ਡਰਾਮਿਆਂ ਅਤੇ ਵਾਦ-ਵਿਵਾਦ ਮੁਕਾਬਲਿਆਂ ਵਿੱਚ ਭਾਗ ਲੈਣ ਕਰਕੇ ਮੈਨੂੰ ਬੋਲਣ ਦੀ ਭੋਰਾ ਜਿੰਨੀ ਵੀ ਝਿਜਕ ਨਹੀਂ ਸੀ। ਮੇਰੇ ਇਨ੍ਹਾਂ ਸ਼ਬਦਾਂ ਨੇ ਜਿਵੇਂ ਬਲਦੀ ‘ਤੇ ਤੇਲ ਦਾ ਕੰਮ ਕੀਤਾ ਸੀ।
”ਮੈਂ ਦੱਸਦਾ ਹਾਂ ਤੈਨੂੰ ਕੀ ਫ਼ਰਕ ਪੈਂਦੈ, ਬਹੁਤਾ ਚਪਰ-ਚਪਰ ਕਰੀ ਜਾ ਰਿਹਾ ਹੈਂ” ਮਾਸਟਰ ਜੀ ਨੇ ਗੁੱਸੇ ਨਾਲ ਚੀਕਦਿਆਂ ਮੇਰਾ ਵੜ੍ਹਾਂਗਾ ਸ਼ੁਰੂ ਕਰ ਦਿੱਤਾ। ਛੇਤੀ ਹੀ ਉਹ ਮੈਨੂੰ ਕੁੱਟ-ਕੁੱਟ ਕੇ ਜਿਵੇਂ ਥੱਕ ਗਏ ਸਨ। ਆਖ਼ਰ ਉਨ੍ਹਾਂ ਕਲਪਦਿਆਂ ਕਿਹਾ, ”ਰੋਂਦਾ ਵੀ ਨ੍ਹੀਂ। ਕੁੱਟ-ਕੁੱਟ ਕੇ ਮੈਨੂੰ ਸਾਹ ਚੜ੍ਹ ਗਿਐ। ਹੱਥ ਵੀ ਦੁਖਣ ਲੱਗੇ ਨੇ।”
ਮੈਂ ਪਿੰਡ ਦਾ ਜੰਮਪਲ ਅਤੇ ਗੁੰਦਵੇਂ ਸਰੀਰ ਵਾਲਾ ਸੀ। ਮਾਸਟਰ ਜੀ ਦੀ ਕੁੱਟ ਨਾਲ ਮੈਨੂੰ ਸਰੀਰਕ ਤੌਰ ‘ਤੇ ਬਹੁਤਾ ਦੁਖ ਨਾ ਹੋਇਆ, ਪਰ ਮਨ ਹੀ ਮਨ ਤਿਲਮਿਲਾ ਉੱਠਿਆ। ਮਾਸਟਰ ਜੀ ਦਾ ਇਹ ਵਰਤਾਓ ਮੈਥੋਂ ਬਰਦਾਸ਼ਤ ਨਾ ਹੋਇਆ। ਮੇਰੇ ਮਨ ਵਿੱਚ ਹਲਚਲ ਮਚੀ ਰਹੀ। ਆਖ਼ਰ ਉਸੇ ਰਾਤ ਮੈਂ ਇਸ ਘਟਨਾ ਨੂੰ ਇੱਕ ਕਹਾਣੀ ਦਾ ਰੂਪ ਦੇ ਦਿੱਤਾ। ਉਸ ਵੇਲੇ ਇੰਨੀ ਸਮਝ ਤਾਂ ਨਹੀਂ ਸੀ ਕਿ ਪਾਤਰਾਂ ਦੇ ਨਾਂ ਅਤੇ ਸਥਾਨ ਬਦਲਣੇ ਹੁੰਦੇ ਹਨ। ਮੈਂ ਸਕੂਲ ਅਤੇ ਮਾਸਟਰ ਜੀ ਦਾ ਨਾਂ ਵੀ ਅਸਲੀ ਲਿਖ ਦਿੱਤੇ ਸਨ ਤੇ ਉਹ ਕਹਾਣੀ ਇੱਕ ਅਖ਼ਬਾਰ ਵਿੱਚ ਛਪਣ ਲਈ ਭੇਜ ਦਿੱਤੀ ਸੀ।
ਕੁਝ ਦਿਨਾਂ ਮਗਰੋਂ ਉਹ ਕਹਾਣੀ ਅਖ਼ਬਾਰ ਵਿੱਚ ਛਪ ਗਈ ਅਤੇ ਕਹਾਣੀ ਦੇ ਅੰਤ ਵਿੱਚ ਮੇਰੀ ਜਮਾਤ ਦਸਵੀਂ ਈ ਅਤੇ ਸਕੂਲ ਤੇ ਸ਼ਹਿਰ ਦਾ ਨਾਂ ਵੀ ਛਪਿਆ ਹੋਇਆ ਸੀ। ਅਖ਼ਬਾਰ ਸਕੂਲ ਵਿੱਚ ਆਉਂਦਾ ਸੀ। ਇਸ ਲਈ ਸਵੇਰੇ ਸਕੂਲ ਲੱਗਣ ਤਕ ਕਈਆਂ ਨੂੰ ਪਤਾ ਲੱਗ ਚੁੱਕਾ ਸੀ ਕਿ ਉਸ ਦਿਨ ਅਖ਼ਬਾਰ ਵਿੱਚ ਮੇਰੀ ਕਹਾਣੀ ਛਪੀ ਸੀ।
ਸਕੂਲ ਵਿੱਚ ਸਵੇਰੇ ਪ੍ਰਾਰਥਨਾ ਸਭਾ ਹੁੰਦੀ ਸੀ। ਅਸੈਂਬਲੀ ਵਿੱਚ ਹੈੱਡਮਾਸਟਰ ਸਾਹਿਬ ਨੇ ਮਾਈਕ ‘ਤੇ ਹੀ ਪੁੱਛਿਆ, ‘ਫ਼ਕੀਰ ਚੰਦ ਸ਼ੁਕਲਾ ਦਸਵੀਂ ਈ ਕੌਣ ਹੈ?’ ਮੈਂ ਆਪਣਾ ਹੱਥ ਖੜਾ ਕਰ ਦਿੱਤਾ। ਹੈੱਡਮਾਸਟਰ ਸਾਹਿਬ ਹਿੰਦੀ ਬੋਲਦੇ ਸਨ। ਉਨ੍ਹਾਂ ਫਿਰ ਪੁੱਛਿਆ, ‘ਆਜ ਆਪ ਕੀ ਕਹਾਨੀ ਪ੍ਰਕਾਸ਼ਤ ਹੂਈ ਹੈ?’ ਮੈਂ ਹਾਂ ਵਿੱਚ ਜਵਾਬ ਦਿੱਤਾ। ‘ਪ੍ਰਾਰਥਨਾ ਕੇ ਤੁਰੰਤ ਬਾਅਦ ਮੁਝੇ ਮੇਰੇ ਕਾਰਯਾਲਯ ਮੇਂ ਆਕਰ ਮਿਲਨਾ।’ ਉਨ੍ਹਾਂ ਨੇ ਆਪਣਾ ਹੁਕਮ ਸੁਣਾ ਦਿੱਤਾ ਸੀ।
ਮੇਰੇ ਜਮਾਤੀ ਕਹਿਣ ਲੱਗੇ, ‘ਤੇਰੀ ਕਹਾਣੀ ‘ਤੇ ਖ਼ੁਸ਼ ਹੋ ਕੇ ਬਾਬੇ ਨੇ ਸ਼ਾਬਾਸ਼ ਦੇਣ ਲਈ ਬੁਲਾਇਆ ਹੋਣੈ। ਜਾ ਛੇਤੀ ਜਾ।’
ਮੈਂ ਪ੍ਰਾਰਥਨਾ ਸਭਾ ਖ਼ਤਮ ਹੁੰਦਿਆਂ ਹੀ ਉਨ੍ਹਾਂ ਦੇ ਦਫ਼ਤਰ ਵੱਲ ਤੁਰ ਪਿਆ। ਇਜਾਜ਼ਤ ਲੈ ਕੇ ਮੈਂ ਉਨ੍ਹਾਂ ਦੇ ਕਮਰੇ ਅੰਦਰ ਚਲਾ ਗਿਆ, ਪਰ ਇਹ ਕੀ? ਮੇਰੇ ਅੰਦਰ ਵੜਦਿਆਂ ਸਾਰ ਉਨ੍ਹਾਂ ਹੱਥ ਵਿੱਚ ਫੜੀ ਖੂੰਡੀ ਨਾਲ ਮੈਨੂੰ ਕੁੱਟਣਾ ਸ਼ੁਰੂ ਕਰ ਦਿੱਤਾ, ‘ਸ਼ਰਮ ਨਹੀਂ ਆਤੀ ਅਪਨੇ ਅਧਿਆਪਕੋਂ ਕੋ ਬਦਨਾਮ ਕਰਤੇ ਹੂਏ, ਯਹ ਤੁਮ ਨੇ ਹੀ ਲਿਖਾ ਹੈ ਕਿ ਮਾਸਟਰ ਜੀ ਕਿਤਾਬੋਂ ਪਰ ਕਮਿਸ਼ਨ ਲੇਨੇ ਕੇ ਲੀਏ ਮੇਰੇ ਜੈਸੇ ਵਿਦਿਆਰਥੀਓਂ ਕੀ ਸਬਕ ਸੁਨਾਨੇ ਪਰ ਭੀ ਪਿਟਾਈ ਕਰ ਦੇਤੇ ਹੈਂ। ਉਨਹੇਂ ਤੋ ਸਬਕ ਸੁਨਨੇ ਸੇ ਮਤਲਬ ਹੋਨਾ ਚਾਹੀਏ ਹਮ ਕਹੀਂ ਸੇ ਭੀ ਯਾਦ ਕਰੇਂ। ਕਿਉਂ ਹਮੇਂ ਏਕ ਵਿਸ਼ੇਸ਼ ਪੁਸਤਕ ਸੇ ਹੀ ਯਾਦ ਕਰਨੇ ਕੋ ਕਹਤੇ ਹੈਂ।’
ਉਨ੍ਹਾਂ ਨੇ ਕੁੱਟ-ਕੁੱਟ ਕੇ ਮੇਰੇ ਸਰੀਰ ‘ਤੇ ਲਾਸਾਂ ਪਾ ਦਿੱਤੀਆਂ ਸਨ। ਮੈਂ ਕੁਝ ਕਹਿਣਾ ਚਾਹਿਆ ਪਰ ਉਨ੍ਹਾਂ ਮੈਨੂੰ ਕੁਝ ਬੋਲਣ ਦਾ ਮੌਕਾ ਨਹੀਂ ਦਿੱਤਾ। ਖੂੰਡੀ ਨਾਲ ਕੁੱਟਦੇ ਰਹੇ। ਆਖ਼ਰ ਕਦੋਂ ਤਕ ਕੁੱਟਦੇ ਰਹਿੰਦੇ। ਛੇਤੀ ਹੀ ਉਨ੍ਹਾਂ ਨੂੰ ਸਾਹ ਚੜ੍ਹ ਗਿਆ ਸੀ। ਉਹ ਲੰਮੇ-ਲੰਮੇ ਸਾਹ ਲੈਣ ਲੱਗੇ ਸਨ। ਹੁਣ ਪਤਾ ਨਹੀਂ ਕਿਸ ਕਾਰਨ ਉਨ੍ਹਾਂ ਨੇ ਮੇਰੀ ਗੱਲ ਸੁਣਨ ਦੀ ਬੇਨਤੀ ਪਰਵਾਨ ਕਰ ਲਈ। ਮੈਂ ਉਨ੍ਹਾਂ ਨੂੰ ‘ਲੇਡੀ ਕਲੇਅਰ’ ਵਾਲੀ ਸਾਰੀ ਘਟਨਾ ਸੱਚੋ-ਸੱਚ ਸੁਣਾ ਦਿੱਤੀ ਕਿ ਕਿਵੇਂ ਮੈਨੂੰ ਅੰਗਰੇਜ਼ੀ ਵਾਲੇ ਮਾਸਟਰ ਜੀ ਨੇ ਬਿਨਾਂ ਕਿਸੇ ਕਸੂਰ ਤੋਂ ਕੁੱਟਿਆ ਸੀ। ਮੈਂ ਕਿਹਾ, ‘ਸਰ, ਮੈਨੂੰ ਲਿਖਣ ਦਾ ਸ਼ੌਕ ਹੈ। ਮੈਂ ਹੋਰ ਤਾਂ ਕੁਝ ਨਹੀਂ ਕਰ ਸਕਦਾ ਸੀ। ਇਸ ਲਈ ਆਪਣੇ ਗੁੱਸੇ ਤੇ ਆਪਣੇ ਨਾਲ ਹੋਈ ਜ਼ਿਆਦਤੀ ਨੂੰ ਕਹਾਣੀ ਦਾ ਰੂਪ ਦੇ ਦਿੱਤਾ।’ ਹੈੱਡਮਾਸਟਰ ਸਾਹਿਬ ਨੂੰ ਹੁਣ ਸ਼ਾਇਦ ਆਪਣੇ ਵਰਤਾਓ ‘ਤੇ ਅਫ਼ਸੋਸ ਹੋ ਰਿਹਾ ਹੋਵੇ। ਉਨ੍ਹਾਂ ਨੇ ਪਿਆਰ ਨਾਲ ਮੈਨੂੰ ਗਲਵਕੜੀ ਵਿੱਚ ਲੈਂਦਿਆਂ ਮੇਰਾ ਮੱਥਾ ਚੁੰਮਦਿਆਂ ਕਿਹਾ ਸੀ, ‘ਬੇਟੇ, ਸੱਚ ਬੋਲਨਾ ਬਹੁਤ ਕਠਿਨ ਹੋਤਾ ਹੈ, ਬਹੁਤ ਮੁਸੀਬਤੇਂ ਸਹਿਨੀ ਪੜ੍ਹਤੀ ਹੈਂ। ਅਗਰ ਤੁਮਨੇ ਇਸੀ ਪ੍ਰਕਾਰ ਸੱਚ ਕਾ ਦਾਮਨ ਨਹੀਂ ਛੋੜਾ ਤੋ ਮੁਝੇ ਬਹੁਤ ਖ਼ੁਸ਼ੀ ਹੋਗੀ।’
…ਤੇ ਲਓ ਜੀ ਉਹ ਦਿਨ ਤੇ ਅੱਜ ਦਾ ਦਿਨ। ਕੋਈ ਯਕੀਨ ਕਰੇ ਭਾਵੇਂ ਨਾ, ਮੈਂ ਝੂਠ ਨੂੰ ਨੇੜੇ ਨਹੀਂ ਫੜਕਣ ਦਿੱਤਾ। ਸੱਚ ਬੋਲਣ ਕਰਕੇ ਮੈਂ ਜ਼ਿੰਦਗੀ ਵਿੱਚ ਕਿੰਨੇ ਕੁ ਰਗੜੇ ਖਾਧੇ, ਕਿੰਨੇ ਕੁ ਪੁਆੜੇ ਪਏ ਅਤੇ ਕਿੰਨੇ ਕੁ ਮੇਰੇ ਨਾਲ ਰੁੱਸੇ, ਕਿੰਨਿਆਂ ਤੋਂ ਲਾਹ-ਪਾਹ ਕਰਵਾਉਣੀ ਪਈ, ਇਹ ਕੋਈ ਸੋਚ ਵੀ ਨਹੀਂ ਸਕਦਾ। ਪਰ ਸੱਚ ਬੋਲਣ ਦਾ ਆਪਣਾ ਹੀ ਆਨੰਦ ਹੈ। ਰਗੜੇ ਤਾਂ ਮਨੁੱਖ ਨੂੰ ਜ਼ਿੰਦਗੀ ਵਿੱਚ ਉਂਜ ਵੀ ਕਿਤੇ ਨਾ ਕਿਤੇ ਲੱਗ ਹੀ ਜਾਂਦੇ ਹਨ। ਫਿਰ ਸੱਚ ਬੋਲਣ ਤੋਂ ਮੂੰਹ ਕਿਉਂ ਮੋੜੀਏ?

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਡਾ. ਫਕੀਰ ਚੰਦ ਸ਼਼ੁਕਲਾ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ