Introducing Friend (Punjabi Story) : Charan Singh Shaheed

ਇਨਟਰੋਡੀਊਸਿੰਗ ਫ੍ਰੈਂਡ (ਕਹਾਣੀ) : ਚਰਨ ਸਿੰਘ ਸ਼ਹੀਦ

ਅਸੀਂ ਦਿੱਲੀ ਵਿੱਚ ਪਹਿਲੀ ਵਾਰ ਹੀ ਆਏ ਸਾਂ। ਏਥੇ ਸਾਡਾ ਇੱਕੋ ਇਕ ਬੇਤਕੱਲਫ਼ ਦੋਸਤ ਸੀ ਰਾਇ ਬਹਾਦਰ ਪਰਲੂ ਸ਼ਾਹ ਐਮ. ਆਰ. ਏ. ਐਸ. ਸੀ। ਅਸੀਂ ਉਸਨੂੰ ਤਾਰ ਦੇ ਛੱਡੀ ਸੀ ਤੇ ਉਹ ਆਪਣੇ ਧੰਨ ਭਾਗ ਜਾਣਕੇ ਆਪਣੀ ਮੋਟਰ ਲੈ ਕੇ ਸਾਡੇ ਸ੍ਵਾਗਤ ਲਈ ਸਟੇਸ਼ਨ ਤੇ ਹਾਜ਼ਰ ਹੋ ਗਿਆ ਸੀ। ਅਸੀਂ ਉਸੇ ਦੀ ਕੋਠੀ ਉਤਰੇ’ ਉਹਨੂੰ ਚੰਦ ਚੜ੍ਹ ਗਿਆ । ਬੜਾ ਆਕੜੇ, ਬੜਾ ਫ਼ਖ਼ਰ ਕਰੇ, ਬੜਾ ਫੁੱਲੇ, ਖ਼ੁਸ਼ੀ ਨਾਲ ਉਸਦੀ ਚੋਲੀ ਦੀਆਂ ਤਣੀਆਂ ਟੁੱਟਦੀਆਂ ਜਾਣ, ਹਾਂ ਸੱਚ,ਉਹ ਕਪੜਿਆਂ ਵਿੱਚ ਨਾ ਮੇਵੇਂ। ਉਸ ਨੂੰ ਇਸ ਗੱਲ ਦਾ ਬੜਾ ਮਾਣ ਸੀ ਕਿ ਬਾਬੇ ਵਰਿਆਮੇ ਵਰਗਾ ਮਹਾਨ ਵੱਡਾ ਆਦਮੀ ਉਸ ਦੀ ਕੁਟੀਆ ਵਿੱਚ ਠਹਿਰਿਆ ਹੈ। ਉਹ ਬੜੇ ਹੰਕਾਰ ਨਾਲ ਤੂੰ ਤੂੰ ਕਰਦਾ ਸਾਨੂੰ ਆਪਣੇ ਨਾਲ ਮੋਟਰ ਵਿੱਚ ਬਿਠਾ ਕੇ ਫੱਨੇ ਖ਼ਾਂ ਬਣਕੇ ਦਿੱਲੀ ਦੇ ਬਾਜ਼ਾਰਾਂ ਦੀ ਸੈਲ ਕਰਾਉਣ ਲਈ ਚਲ ਪਿਆ ਤੇ ਏਹ ਕਹਿੰਦਾ ਸੀ ਕਿ ਤੁਹਾਨੂੰ ਸੈਲ ਕਰਾ ਲਿਆਵਾਂ, ਪਰ ਅੰਦਰੋਂ ਉਸਦਾ ਮਤਲਬ ਕੇਵਲ ਏਹ ਸੀ ਕਿ ਲੋਕੀ ਉਸ ਨੂੰ ਬਾਬੇ ਵਰਿਆਮੇ ਨਾਲ ਬੈਠਾ ਦੇਖ ਕੇ ਉਸਦੀ ਵਧੇਰੇ ਇਜ਼ਤ ਕਰਣ ਲੱਗ ਜਾਣ।

ਰਾਹ ਵਿਚ ਉਹ ਜਿਸ ਕਿਸੇ ਚੰਗੇ ਵਾਕਫ ਨੂੰ ਜਾਂਦਿਆਂ ਦੇਖਦਾ ਫ਼ੌਰਨ ਮੋਟਰ ਖੜੀ ਕਰਕੇ ਉਸਨੂੰ ਸਾਡੇ ਨਾਲ ਇੰਟ੍ਰੋਡਿਊਸ ਕਰਾਉਣ ਦੀ ਕਰਦਾ। ਭਾਵ ਉਸਨੂੰ ਦਸਦਾ "ਵੇਖ ਲੈ, ਮੇਰੇ ਨਾਲ ਬਾਬਾ ਵਰਿਆਮਾ ਬਠਾ ਹੈ। ਵੇਖ, ਮੈਂ ਕਿੱਡਾ ਵੱਡਾ ਆਦਮੀ ਹਾਂ ।”

ਪਹਿਲੀ 'ਬਿਸਮਿਲਾ' ਇੱਕ ਸਿੱਖ ਸਰਦਾਰ ਤੋਂ ਅਰੰਭ ਹੋਈ। ਪਰਲੂ ਸ਼ਾਹ ਨੇ ਉਸ ਨੂੰ ਦੇਖਦਿਆਂ ਹੀ ਮੋਟਰ ਖੜੀ ਕਰ ਲਈ ਤੇ ‘ਹੈਲੋ ਹੈਲੋ' ਦਾ ਇਕ ਰੌਲਾ ਪਾ ਦਿੱਤਾ। ਸਰਦਾਰ ਸਾਹਿਬ ਖਲੋ ਗਏ। ਪਰਲੂ ਸ਼ਾਹ ਨੇ ਇੱਕ ਦੋ ਮਾਮੂਲੀ ਗੱਲਾ ਕਰਕੇ ਕਿਹਾ, ਓਹ, ਲੈਟਮੀ ਇੰਟ੍ਰੋਡਿਊਸ ਯੂ ਟੂ ਦੀ ਫੇਮਸ ਬਾਬਾ ਵਰਿਆਮਾ' (ਆਓ ਮੈਂ ਤੂਹਾਨੂੰ ਮਸ਼ਹੂਰ ਬਾਬੇ ਵਰਿਆਮੇ ਨਾਲ ਪਰੀਚਯ ਕਰਾਵਾਂ) ਫੇਰ ਮੇਰੀ ਵੱਲ ਮੂੰਹ ਕਰਕੇ ਕਿਹਾ ਦਿਸ ਜੈਂਟਲਮੈਨ ਇਜ਼ ਮਾਈ ਬੈਸਟ ਫ੍ਰੈਂਡ (ਇਹ ਸੱਜਣ ਮੇਰੇ ਸਭ ਤੋਂ ਚੰਗੇ ਦੋਸਤ ਹਨ) ਸਰਦਾਰ ਬ: ਗੁਲ ਬਹਿਸ਼ਤ ਸਿੰਘ ਰਈਸੇ ਆਜ਼ਮ ਔਫ ਦਿਲੀ ਇਹ ਕਹਿਕੇ ਉਹਨਾਂ ਦੀ ਉਪਮਾ ਸ਼ੁਰੂ ਕਰ ਦਿੱਤੀ ‘ਇਹ ਬੜੇ ਨੇਕ ਹਨ, ਬੜੇ ਕੌਮੀ ਸੇਵਕ ਹਨ, ਬੜੇ ਨਿਰਛਲ ਹਨ। ਅਸੀਂ ਗੁਲ ਬਹਿਸ਼ਤ ਸਿੰਘ ਨੂੰ ਮਿਲਕੇ ਖੁਸ਼ ਹੋਏ ਯਾ ਨਾ ਹੋਏ, ਪਰ ਉਹ ਸਾਨੂੰ ਮਿਲ ਕੇ ਤੇ ਸਾਡੇ ਸਾਮ੍ਹਣੇ ਆਪਣੀ ਉਪਮਾ ਸੁਣਕੇ ਬੜਾ ਈ ਖੁਸ਼ ਹੋਇਆ ਤੇ ਗਰਮ ਜੋਸ਼ੀ ਨਾਲ ਹੱਥ ਮਿਲਾਕੇ ਆਪਣੇ ਭਾਗਾਂ ਤੇ ਫ਼ਖ਼ਰ ਕਰਦਾ ਹੋਇਆ ਚਲਾ ਗਿਆ। ਜਦ ਸਾਡੀ ਮੋਟਰ ਤੁਰ ਪਈ ਤਾਂ ਪਰਲੂ ਸ਼ਾਹ ਨੇ ਫੌਰਨ ਸਾਨੂੰ ਖ਼ਬਰਦਾਰ ਕਰਨ ਲਈ ਕਿਹਾ “ਬਾਬਾ ਜੀ, ਦੇਖਣਾ, ਕਦੀ ਇਹ ਆਦਮੀ ਫੇਰ ਟੱਕਰ ਪਏ ਤਾਂ ਇਹਦੇ ਧੋਖੇ ਵਿੱਚ ਨਾ ਆਉਣਾ, ਬੜਾ ਦੁਸ਼ਟ ਆਦਮੀ ਜੇ । ਅਸਲੀ ਮਿੱਤ੍ਰ, ਧ੍ਰੋਹ ਤੇ ਪਾਮਰ ਏ ਮੈਂ ਇਸਨੂੰ ਦਿਲੋਂ ਸਖ਼ਤ ਨਫ਼ਰਤ ਕਰਦਾ ਹਾਂ ।"

ਅਸੀਂ ਬੜੇ ਹੈਰਾਨ ਹੋਏ ਕਿ ਨਾਲੇ ਤੇ ਉਸਨੂੰ ਅਪਣਾ ਸਭ ਤੋਂ ਚੰਗਾ ਯਾਰ ਕਹਿੰਦਾ ਹੈ ਤੇ ਉਸਦੇ ਮੂੰਹ ਤੇ ਤਾਰੀਫ ਦੇ ਪੁਲ ਬੰਨ੍ਹਦਾ ਹੈ ਤੇ ਨਾਲੇ ਉਸਨੂੰ ਬੇਈਮਾਨ ਤੇ ਧੋਖੇਬਾਜ਼ ਦੁਸ਼ਟ ਕਹਿੰਦਾ ਹੈ। ਖ਼ੈਰ, ਅਸੀਂ ਉਸਦੀ ਮੋਟਰ ਵਿੱਚ ਬੈਠੇ ਹੋਏ ਸਾਂ, ਇਸ ਲਈ ਉਸ ਨਾਲ ਲੜਨਾ ਚੰਗਾ ਨਾ ਸਮਝਿਆ।

ਅਗਲੇ ਬਾਜ਼ਾਰ ਜਾਕੇ ਪਰਲੂ ਸ਼ਾਹ ਦਾ ਇਕ ਹੋਰ, ‘ਬੈਸਟ ਫਰੈਂਡ’ ‘ਖ਼ਾਨ ਬਹਾਦੁਰ ਕਰਮ ਦਾਦ ਖ਼ਾਨ ਈ. ਸੀ. ਓ. ਔਨਰੇਰੀ ਮੈਜਿਸਟ੍ਰੇਟ' ਟੱਕਰ ਪਿਆ । ਪਰਲੂ ਸ਼ਾਹ ਨੇ ਮੋਟਰ ਖੜੀ ਕਰਕੇ ਉਸਨੂੰ ਭੀ ਸਾਡੇ ਨਾਲ ‘ਇੰਟ੍ਰੋਡਿਉਸ’ ਕਰਾਇਆ ਤੇ ਉਸ ਦੀ ਭੀ ਬੇਹਦ ਤਾਰੀਫ਼ ਕੀਤੀ। ਪਰ ਜਦ ਉਹ ਤੁਰ ਗਿਆ ਤਾਂ ਪਰਲੂ ਸ਼ਾਹ ਹੁਰੀਂ ਸਾਨੂੰ ‘ਵਾਰਨਿੰਗ’ ਦੇਣ ਲੱਗ ਪਏ ਭਾਵ ਖਬਰਦਾਰ ਕਰਨ ਲਗ ਪਏ ਕਿ ਇਹ ਆਦਮੀ ਬੜਾ ਹੀ ਨੀਚ ਹੈ, ਦੇਖਣਾ ਕਦੀ ਏਸਦੇ ਫੰਦੇ ਵਿੱਚ ਨਾ ਫਸ ਜਾਣਾ।

ਅਸੀਂ ਹੈਰਾਨ ਹੋ ਕੇ ਚਲੇ ਜਾ ਰਹੇ ਸਾਂ ਕਿ ਅਗਲੇ ਬਜ਼ਾਰ ਵਿੱਚ ਪਰਲੂ ਸ਼ਾਹ ਦਾ ਇਕ ਹੋਰ ਪਿਆਰਾ ਮਿੱਤ੍ਰ ‘ਔਨਰੇਬਲ ਸਰ ਬਾਊਨਰੈਂਡ ਆਈ. ਈ ਕੇ. ਐਨ. ਮਿਲ ਪਿਆ। ਪਰਲੂ ਸ਼ਾਹ ਨੇ ਉਸਦੀ ਹੱਦੋਂ ਵੱਧ ਉਪਮਾਂ ਕੀਤੀ ਤੇ ਕਿਹਾ ‘ਏਹੋ ਜੇਹੇ ਅੰਗ੍ਰੇਜ਼ ਪੰਜ ਸੱਤ ਭੀ ਹੋਣ ਤਾਂ ਇੰਗਲੈਂਡ ਤੇ ਹਿੰਦੁਸਤਾਨ ਸਕੇ ਭਰਾ ਬਣ ਜਾਣ। ਜਦ ਉਹ ਭੀ ਚਲਾ ਗਿਆ ਤਾਂ ਪਰਲੂ ਸ਼ਾਹ ਨੇ ਕਿਹਾ ‘ਡੈਵਿਲ, ਡੈਵਿਲ, ਬਾਬਾ ਜੀ ਏਹ ਆਦਮੀ ਅਸਲ ‘ਡੈਵਿਲ ਹੈ, ਮੇਰੇ ਵੱਸ ਹੋਵੇ ਤਾਂ ਉਸ ਨੂੰ ਜਾਨੋ ਮਰਵਾ ਦਿਆਂ ਪਿਛਲੇ ਸਾਲ ਮੇਰੇ ਠੇਕੇ ਵਿੱਚ ਏਸੇ ਨੇ ਲੱਤ ਮਾਰੀ ਸੀ।' ਅਸੀਂ ਫੇਰ ਹੈਰਾਨ ਹੋਏ ਕਿ ਪਰਲੂ ਸ਼ਾਹ ਭੀ ਕਿਸਤਰ੍ਹਾਂ ਦਾ ਆਦਮੀ ਹੈ । ਅੱਗੇ ਫੇਰ ਉਹਨਾਂ ਦਾ ਇਕ ‘ਯਾਰਗੁਰੂ’ ਮਿਲ ਪਿਆ । ਉਹ ਸੀ ‘ਸ੍ਰੀ ਮਾਨ ਮਹਾਂ-ਮਹੋਪਾਧਯਾਇ ਪੰਡਤ ਲਾਲ ਬੁਲੱਕੜ ਮਹੌਦਯ । ਪਰਲੂ ਸ਼ਾਹ ਨੇ ਮੋਟਰ ਤੋਂ ਉਤਰ ਕੇ ਉਸ ਦੀ ਗੋਡੀਂ ਹੱਥ ਲਾਇਆ ਤੇ ਐਸੀ ਕਲਿਆਣ ਕੀਤੀ ਜੋ ਇੱਕ ਕਵੀ ਲਈ ਅਲੰਕਾਰ ਅਤ ਕਥਣੀ ਲਈ ਵਧ ਤੋਂ ਵਧ ਮਸਾਲਾ ਦੇਣ ਵਾਸਤੇ ਕਾਫ਼ੀ ਸੀ। ਅਸੀਂ ਸਮਝਦੇ ਸਾਂ ਕਿ ਇਹ ਮਹਾਂ ਮਹੌਪਾਧਆਇ ਜ਼ਰੂਰ ਹੀ ਪਰਲੂ ਸ਼ਾਹ ਦੀ ਸੱਚੀ ਉਪਮਾ ਦੇ ਪਾਤਰ ਹਨ, ਪਰ ਉਹਨਾਂ ਦੇ ਜਾਣ ਤੋਂ ਬਾਦ ਪਰਲੂ ਸ਼ਾਹ ਨੇ ਕਿਹਾ ‘ਮੱਕਾਰ, ਬੇਈਮਾਨ, ਫ਼ਰੇਬੀ, ਬਾਬਾ ਜੀ ! ਇਸਦਾ ਕਦੀ ਦਰਸ਼ਨ ਭੀ ਨਾ ਕਰਨਾ ।’

ਅਸੀਂ ਸਮਝ ਗਏ ਕਿ ਪਰਲੂ ਸ਼ਾਹ ਉਹਨਾਂ ਭਦਰ ਪੁਰਸ਼ਾਂ ਵਿੱਚੋਂ ਹਨ ਜੋ ਹਰੇਕ ਆਦਮੀ ਦੇ ਮੂੰਹ ਉੱਤੇ ਤਾਰੀਫ਼ ਤੇ ਪਿੱਠ ਪਿੱਛੋਂ ਨਿੰਦਿਆ ਕਰਦੇ ਹਨ ਤੇ ਅੱਜ ਕਲ ਸੌ ਵਿੱਚੋਂ ਨੜਿੰਨਵੇਂ ਸਹੀ ਤਿੰਨ ਬਟਾ ਚਾਰ ਏਹੋ ਜੇਹੇ ਆਦਮੀ ਹੀ ਲੱਭਦੇ ਹਨ।

ਉਸ ਤੋਂ ਬਾਦ ਭੀ ਦਰਜਨਾਂ ਹੋਰ ਏਹੋ ਜਹੀਆਂ ਹੀ ਇੰਟ੍ਰੋਡਕਸ਼ਨਾਂ ਹੋਈਆਂ ਤੇ ਅਖ਼ੀਰ ਇੱਕ ਆਦਮੀ ਅਜੇਹਾ ਭੀ ਟੱਕਰ ਪਿਆ ਜੋ ਸਾਡੇ ਨਾਮ ਤੇ ਤਾਰੀਫ਼ ਤੋਂ ਨਾਵਾਕਿਫ਼ ਸੀ। ਉਸਨੂੰ ਪਤਾ ਹੀ ਨਹੀਂ ਸੀ ਕਿ ਬਾਬਾ ਵਰਿਆਮਾ ਕੌਣ ਬਲਾ ਹੈ ? ਸੋ ਪਰਲੂ ਸ਼ਾਹ ਨੇ ਉਸਦੇ ਦਿਲ ਉੱਤੇ ਸਾਡੀ ਮਹਾਨਤਾ ਬਿਠਾਉਣ ਲਈ ਸਾਡੀ ਉਪਮਾ ਸ਼ੁਰੂ ਕਰ ਦਿੱਤੀ ਤੇ ਕਿਹਾ ‘ਵਾਹ ਓਇ ਮੂਰਖਾ, ਤੂੰ ਜੰਮਿਆ ਕਿਉਂ ਸੈਂ ? ਕੀ ਤੂੰ ਬਾਬੇ ਵਰਿਆਮੇ ਦਾ ਨਾਮ ਨਹੀਂ ਸੁਣਿਆਂ ? ਇਹਨਾਂ ਦਾ ਨਾਮ ਤਾਂ ਪੜਦਿਆਂ ਵਿੱਚ ਬੈਠੀਆਂ ਜਨਾਨੀਆਂ ਤੇ ਗਲੀਆਂ ਵਿੱਚ ਖੇਡਦੇ ਮੁੰਡੇ ਵੀ ਜਾਣਦੇ ਨੇ। ਨਵੀਆਂ ਵਿਆਹੀਆਂ ਦੁਲਹਨਾਂ ਤਦ ਤੱਕ ਡੋਲੀ ਵਿੱਚ ਨਹੀਂ ਚੜ੍ਹਦੀਆਂ ਜਦ ਤੱਕ ਉਹਨਾਂ ਨੂੰ ਬਾਬੇ ਵਰਿਆਮੇ ਦਾ ਕੋਈ ਲੇਖ ਰੋਣੋਂ ਚੁੱਪ ਕਰਾਉਣ ਲਈ ਨਾ ਸੁਣਾਇਆ ਜਾਵੇ । ਭਲੇ ਲੋਕਾ । ਬਾਬਾ ਵਰਿਆਮਾ ਤਾਂ ਇਸ ਵੇਲੇ ਪੰਜਾਬ ਦਾ ਨੱਕ ਏ ?' ਅਸੀਂ ਆਪਣੀ ਤਾਰੀਫ਼ ਸੁਣਕੇ ਖੁਸ਼ ਤਾ ਬੜੇ ਹੋਏ, ਪਰ ਸਾਨੂੰ ਪਰਲੂ ਸ਼ਾਹ ਦੇ ਅਸੂਲ ਦਾ ਪਤਾ ਸੀ, ਇਸ ਲਈ ਅਸੀਂ ਮੋਟਰ ਵਿੱਚੋਂ ਉਤਰ ਕੇ ਪੰਜ ਦਸ ਕਦਮ ਪਰੇ ਜਾ ਖਲੋਤੇ । ਪਰਲੂ ਸ਼ਾਹ ਹੈਰਾਨ ਹੋ ਕੇ ਪੁੱਛਣ ਲੱਗਾ ‘ਕਿਉਂ ਬਾਬਾ ਜੀ, ਓਥੇ ਕਿਉਂ ਚਲੇ ਗਏ ਹੋ?' ਅਸੀਂ ਹੱਸਕੇ ਕਿਹਾ “ਇਸ ਲਈ ਕਿ ਤੁਹਾਡਾ ਢਿੱਡ ਆਫਰ ਨਾ ਜਾਵੇ ਕਿਉਂ ਜੋ ਤੁਸੀਂ ਹਰ ਦੋਸਤ ਦੀ ਉਸਤਤ ਦੇ ਬਾਦ ਨਿੰਦਾ ਜ਼ਰੂਰ ਕਰਦੇ ਹੋ।'

ਪਰਲੂ ਸ਼ਾਹ ਦਾ ਮੂੰਹ ਟੱਢਿਆ ਰਹਿ ਗਿਆ। ਉਸਨੂੰ ਜ਼ਮੀਨ ਨੇ ਵੇਹਲ ਨਾ ਦਿੱਤਾ, ਨਹੀਂ ਤਾਂ ਉਹ ਜ਼ਰੂਰ ਗ਼ਰਕ ਹੋ ਜਾਂਦਾ। ਅਸੀਂ ਉਸਨੂੰ ਇੰਜ ਹੀ ਛੱਡਕੇ ਸਟੇਸ਼ਨ ਤੇ ਆ ਗਏ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਚਰਨ ਸਿੰਘ ਸ਼ਹੀਦ
  • ਮੁੱਖ ਪੰਨਾ : ਕਾਵਿ ਰਚਨਾਵਾਂ, ਚਰਨ ਸਿੰਘ ਸ਼ਹੀਦ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ