Jad Laal Pagg Ruldi Vekhi (Punjabi Story) : Gurcharan Singh Sehnsra
ਜਦ ਲਾਲ ਪੱਗ ਰੁਲਦੀ ਵੇਖੀ (ਕਹਾਣੀ) : ਗੁਰਚਰਨ ਸਿੰਘ ਸਹਿੰਸਰਾ
ਸੰਨ 40 ਦੀ ਮਈ ਦੇ ਵਿਚਕਾਰਲੇ ਦਿਨ ਸਨ। ਮੈਂ ਰੱਸ਼ਕਈ ਜਾਣ ਲਈ ਸਵੇਰੇ ਨੌਂ ਵਜੇ ਨੁਸ਼ਹਿਰੇ ਦੇ ਮੋਟਰ ਅੱਡੇ ਉਤੇ ਮਰਦਾਨ ਦੇ ਪਲੇਟਫਾਰਮ ’ਤੇ ਲੱਗੀ ਲਾਰੀ ਵਿੱਚ ਜਾ ਬੈਠਾ।
ਨੁਸ਼ਹਿਰੇ ਦਾ ਲਾਰੀ-ਅੱਡਾ ਉਦੋਂ ਤੱਕ ਵੇਖੇ ਸਾਰੇ ਲਾਰੀ ਅੱਡਿਆਂ ਨਾਲੋਂ ਚੰਗਾ, ਸੁਥਰਾ ਤੇ ਮੁਸਾਫਰਾਂ ਨੂੰ ਬੜੀਆਂ ਸਹੂਲਤਾਂ ਦਿੰਦਾ ਸੀ। ਏਥੇ ਰੇਲ ਦੇ ਵੱਡੇ ਸਟੇਸ਼ਨਾਂ ਵਾਂਗ ਜੁਦਾ ਜੁਦਾ ਦੁਜਾ ਬੰਨਿਆਂ ਨੂੰ ਜਾਣ ਵਾਲੀਆਂ ਲਾਰੀਆਂ ਲਈ ਪਲੇਟ ਫਾਰਮ ਬਣੇ ਹੋਏ ਸਨ ਤੇ ਇਹਨਾਂ ਪਲੇਟ ਫਾਰਮਾਂ ਦੇ ਉਤੋਂ ਦੀ ਇੱਕ ਵੱਡਾ ਸਾਰਾ ਟੀਨ ਦਾ ਪੱਕਾ ਢਾਰਾ ਛੱਤਿਆ ਹੋਇਆ ਸੀ। ਮੀਂਹ ਹੋਵੇ ਜਾਂ ਧੁੱਪ ਮੁਸਾਫਰ ਆਰਾਮ ਨਾਲ ਲਾਰੀਆਂ ਵਿੱਚ ਚੜ੍ਹ ਉਤਰ ਸਕਦੇ ਸਨ।
ਲਾਰੀ ਪਿਛੋਂ ਪਸ਼ਾਉਰੋਂ ਆਈ ਸੀ। ਕੁਝ ਸਵਾਰੀਆਂ ਉਤਰੀਆਂ ਤੇ ਉਨ੍ਹਾਂ ਦੀ ਥਾਂ ਮੇਰੇ ਵਰਗੀਆਂ ਹੋਰ ਨਵੀਆਂ ਜਾ ਚੜ੍ਹੀਆਂ। ਲਾਰੀਆਂ ਵਿਚ ਉਦੋਂ, ਜੋ ਅਜੇ ਬੱਸਾਂ ਨਹੀਂ ਕਹਾਉਣ ਲੱਗੀਆਂ ਸਨ, ਸੀਟਾਂ ਦੇ ਮੂੰਹ ਅਗਾਂਹ ਡਰਾਈਵਰ ਦੀ ਸੀਟ ਵੱਲ ਨਹੀਂ ਸਨ, ਸਗੋਂ ਤਿੰਨ ਲੰਮੇ ਬੈਂਚ ਹੁੰਦੇ ਸਨ, ਦੋ ਤਾਂ ਪਾਸਿਆਂ ’ਤੇ ਬਾਹਰਲੇ ਬੰਨਿਆਂ ਨਾਲ਼ ਤੇ ਇੱਕ ਵਿਚਾਲੇ। ਇੱਕ ਬੂਹਾ ਅਗਲੇ ਪਾਸੇ ਡਰਾਈਵਰ ਦੇ ਖੱਬੇ ਹੱਥ ਤੇ ਦੂਸਰਾ ਲਾਰੀ ਦੇ ਪਿੱਠ ਵਿੱਚ ਹੁੰਦਾ ਸੀ। ਵਿਚਕਾਰਲੇ ਬੈਂਚ ਵਾਲੀਆਂ ਸਵਾਰੀਆਂ ਦੀਆਂ ਲੱਤਾਂ, ਸੱਜੇ ਜਾਂ ਖੱਬੇ, ਜਿਸ ਬੰਨੇ ਬੈਂਚ ਦਾ ਮੂੰਹ ਹੋਵੇ ਉਧਰ ਦੀਆਂ ਸਵਾਰੀਆਂ ਵਲ ਹੁੰਦੀਆਂ ਤੇ ਸਾਹਮਣੇ ਦੀਆਂ ਸਵਾਰੀਆਂ ਦੀਆਂ ਲੱਤਾਂ ਵਿਚ ਫਸਦੀਆਂ ਸਨ।
ਖੱਬੇ ਹੱਥ ਦੇ ਮੇਰੇ ਬੈਂਚ ਸਾਹਮਣੇ ਵਿਚਕਾਰਲੇ ਬੈਂਚ ਉਤੇ ਦੋ ਪੁਲਸੀ ਸਿਪਾਹੀਆਂ ਨੇ ਦੋ ਪੱਕੀ ਹੋਈ ਜਵਾਨੀ ਦੇ ਪਠਾਣ ਕੈਦੀ ਇੱਕੇ ਹੀ ਹੱਥਕੜੀ ਵਿੱਚ ਜਰੁਟ ਕਰਕੇ ਤੇ ਪੈਰਾਂ ਨੂੰ ਬੇੜੀਆਂ ਲਾ ਕੇ ਬਠਾਏ ਹੋਏ ਸਨ। ਉਨ੍ਹਾਂ ਦੇ ਖੱਬੇ ਪਾਸੇ ਬੈਠੇ ਸਿਪਾਹੀ ਨੇ ਹੱਥਕੜੀ ਦੀ ਸੰਗਲੀ ਆਪਣੀ ਪੇਟੀ ਵਿਚ ਪਰੋਤੀ ਹੋਈ ਸੀ। ਦੂਸਰਾ ਇੱਕ ਪਾਸੇ ਗਾਤਰੇ ਵਿੱਚ ਰਫਲ ਦੇ ਕਾਰਤੂਸਾਂ ਨਾਲ ਭਰੀਆਂ ਜੇਬਾਂ ਵਾਲ਼ੀ ਨਸਵਾਰੀ ਪੇਟੀ ਤੇ ਦੂਜੇ ਪਾਸੇ ਖਾਦੀ ਜ਼ੀਨ ਦੇ ਝੋਲੇ ਦਾ ਬੰਗਣਾ ਪਾਈ ਰਫਲ ਲੈ ਕੇ ਸੱਜੇ ਪਾਸੇ ਬੈਠਾ ਸੀ। ਦੁਹਾਂ ਦੀ ਵਰਦੀ ਬਹੁਤ ਚੁਸਤ ਸੀ ਤੇ ਕਾਲ਼ੇ ਰੰਗ ਦੇ ਬੂਟ ਪੇਟੀ ਬਹੁਤ ਲਿਸ਼ਕਾਏ ਹੋਏ ਸਨ ਜਿਵੇਂ ਅੰਗਰੇਜ਼ੀ ਰਾਜ ਵਿਚ ਆਮ ਪੁਲਸ ਵਾਲੇ ਰਖਦੇ ਸਨ। ਦੋਵੇਂ ਸਿਪਾਹੀ ਉਠਦੀ ਜਵਾਨੀ ਦੇ ਗਭਰੂ ਸਨ।
ਦੋਵੇਂ ਕੈਦੀ ਪਠਾਣ ਬੜੇ ਹੱਟੇ ਕੱਟੇ ਸਨ। ਉਨ੍ਹਾਂ ਦੇ ਚਿਹਰਿਆਂ ਦੀ ਸ਼ੂਕਾ ਸ਼ਾਕੀ ਤੇ ਅੱਖਾਂ ਤੋਂ ਡਰ ਲਗਦਾ ਸੀ। ਉਨ੍ਹਾਂ ਤੋਂ ਡਰ ਡਰ ਨਿੱਕੇ ਬੱਚੇ ਆਪਣੇ ਮਾਪਿਆਂ ਨੂੰ ਚਿੰਬੜ ਚਿੰਬੜ ਉਹਨਾਂ ਦੇ ਕੰਨਾਂ ਵਿੱਚ ਹੌਲ਼ੀ ਹੌਲ਼ੀ ਚੋਰ ਚੋਰ ਆਖਦੇ ਸਨ। ਸਾਰੀਆਂ ਨਵੀਆਂ ਸਵਾਰੀਆਂ ਨੇ, ਵਿੱਚੇ ਹੀ ਮੈਂ, ਉਨ੍ਹਾਂ ਤੋਂ ਹਟ ਕੇ ਬੈਠਣ ਦਾ ਚਾਰਾ ਕੀਤਾ।
ਲਾਰੀ ਭਰ ਗਈ ਤੇ ਤੁਰ ਪਈ। ਜੇਠ ਮਹੀਨੇ ਦੀ ਧੁਪ ਵਾਹਵਾ ਚਮਕ ਆਈ ਸੀ।
ਮੇਰੇ ਸੱਜੇ ਪਾਸੇ ਨਾਲ ਹੀ ਦੋ ਬਿੱਲੀਆਂ ਅੱਖਾਂ ਵਾਲੇ ਕੈਦੀਆਂ ਦੇ ਹਾਣ ਦੇ ਦੋ ਹੋਰ ਪਠਾਣ ਬੈਠੇ ਸਨ। ਉਨ੍ਹਾਂ ਦੀ ਸ਼ਕਲ ਸੂਰਤ ਤੇ ਦਿੱਖ ਕੈਦੀਆਂ ਵਾਂਗ ਹੀ ਡਰਾਉਣੀ ਜਾਪਦੀ ਸੀ। ਉਹ ਲਾਰੀ ਦੇ ਅੱਡੇ ਤੇ ਖਲੋਤਿਆਂ ਤੇ ਤੁਰੇ ਜਾਂਦਿਆਂ ਵੀ ਆਪਸ ਵਿਚ ਘੁਸਰ ਮੁਸਰ ਕਰੀ ਗਏ। ਉਨ੍ਹਾਂ ਦੀ ਇਸ ਫੁਸ ਫੁਸ ਤੋਂ ਸਵਾਰੀਆਂ ਤੰਗ ਪੈ ਰਹੀਆਂ ਸਨ। ਵਿੱਚ ਵਿਚਾਲੇ ਉਨ੍ਹਾਂ ਦੀਆਂ ਅੱਖਾਂ ਕਿਤੇ ਕਿਤੇ ਕੈਦੀਆਂ ਵਲ ਸਿੱਧੀਆਂ ਹੋ ਜਾਂਦੀਆਂ ਤਾਂ ਇਨ੍ਹਾਂ ਦੀ ਤੱਕ ਨਾਲ ਕੈਦੀਆਂ ਦੇ ਚਿਹਰਿਆਂ ’ਤੇ ਪ੍ਰਭਾਵਾਂ ਤੋਂ ਸ਼ੱਕ ਪੈਂਦਾ ਸੀ ਕਿ ਉਹ ਕੈਦੀਆਂ ਦੇ ਜ਼ਰੂਰ ਸਨੇਹੀ ਹੋਣਗੇ। ਇਸ ਤੋਂ ਇਲਾਵਾ ਉਨ੍ਹਾਂ ਵਿੱਚ ਹੋਰ ਕੋਈ ਲੱਛਣ ਨਹੀਂ ਦਿਸਿਆ ਜਿਸ ਤੋਂ ਉਨ੍ਹਾਂ ਦੀ ਵਾਕਫੀ ਪਰਗਟ ਹੁੰਦੀ ਹੋਵੇ।
ਸਿਪਾਹੀ ਵੀ ਸਰੀਰ ਦੇ ਤਕੜੇ ਨਰੋਏ ਗੱਭਰੂ ਸਨ ਤੇ ਉਹ ਆਪਣੇ ਕੈਦੀਆਂ ਨੂੰ ਸੰਭਾਲੀ ਬੜੇ ਬੇਫਿਕਰ ਬੈਠੇ ਸਨ। ਲਾਰੀ ਰੇਲ ਦੇ ਪੁਲ ਤੋਂ ਕਾਬਲ ਦਰਿਆ ਪਾਰ ਕਰ ਗਈ ਤੇ ਅਕਾਲੀ ਫੂਲਾ ਸਿੰਘ ਸ਼ਹੀਦ ਵਾਲੀ ਪਹਾੜੀ ਦਾ ਢਿੱਡ ਚੀਰ ਕੇ ਲੰਘਾਈ ਗਈ ਸੜਕ ਉਤੋਂ ਦੀ ਘੂਕਦੀ ਰਸਾਲਪੁਰ ਜਾ ਖਲੋਤੀ। ਉਥੇ ਜਦ ਕੁਝ ਸਵਾਰੀਆਂ ਉਤਰੀਆਂ ਤੇ ਚੜ੍ਹੀਆਂ ਤਾਂ ਲਾਰੀ ਤੁਰ ਪਈ।
ਪਹਾੜੀ ਲੰਘਦਿਆਂ ਹੀ ਕਾਬਲ ਦਰਿਆ ਦੇ ਪਾਰਲਾ ਜੁਗਰਾਫੀਆ ਦਿਸ ਪਿਆ। ਚਾਰ ਚੁਫੇਰੇ ਦਿਸਹਦੇ ਉਤੇ ਪਹਾੜਾਂ ਦੀਆਂ ਲਤਰਾਂ ਤੇ ਲਤਰਾਂ ਚੜ੍ਹੀਆਂ ਦਿਸਦੀਆਂ ਸਨ ਜੋ ਘੱਟੇ ਮਿੱਟੀ ਦੀ ਚੜ੍ਹੀ ਹੋਈ ਧੁੰਦ ਵਿੱਚ ਬੜੀਆਂ ਨਿੰਗੀਆਂ ਨਜ਼ਰੀ ਆ ਰਹੀਆਂ ਸਨ। ਇਹ ਦਰਿਆ ਕਾਬਲ ਦਾ ਵਿਰਲ ਬਹੁਤ ਵੱਡਾ ਮੈਦਾਨੀ ਪੱਧਰ ਸੀ ਜਿਸ ਵਿੱਚ ਨਹਿਰਾਂ ਤੇ ਖੂਹਾਂ ਤੋਂ ਸਿੰਜਾਈ ਹੰਦੀ ਸੀ। ਪਿੰਡਾਂ ਲਾਗੇ, ਖੂਹਾਂ ’ਤੇ, ਸੜਕਾਂ ਤੇ ਸ਼ਹਿਰਾਂ ਦੇ ਕੰਢਿਆਂ ਤੇ ਤਾਂ ਰੁੱਖ ਦਰਖਤ ਬਹੁਤ ਸਨ ਪਰ ਰੱਸ਼ਕਈ ਤਕ ਖੇਤਾਂ ਵਿਚ ਸ਼ਾਇਦ ਹੀ ਕੋਈ ਦਰਖਤ ਦਿਸਦਾ ਹੋਵੇ।
ਰਸਾਲਪੁਰੋਂ ਉਰੇ ਤੇ ਅਗਾਂਹ ਲੰਘਕੇ ਵੀ ਸੜਕ ਦੇ ਦੋਹੀਂ ਪਾਸੀਂ ਨਿਗਾਹ ਦੇ ਪਸਾਰ ਤਕ ਕਣਕਾਂ ਦੇ ਵੱਢ ਸੁੰਝੇ ਪਏ ਸਨ। ਸੱਜੇ ਹੱਥ ਤਾਂ ਦੂਰ ਹਟਕੇ ਰੁੱਖਾਂ ਦਰਖਤਾਂ ਦੀ ਹਰਿਆਉਲ ਝੌਲ਼ਾ ਮਾਰਦੀ ਸੀ, ਪਰ ਖੱਬੇ ਹੱਥ ਤਾਂ ਉਜਾੜ ਹੀ ਉਜਾੜ ਸੀ। ਕੋਈ ਪਿੰਡ ਨਜ਼ਰੇ ਨਹੀਂ ਸੀ ਚੜ੍ਹਦਾ। ਮਈ ਦੀਆਂ ਧੁੱਪਾਂ ਵੱਢਾਂ ਵਿੱਚੋਂ ਕਣਕ ਦੇ ਬੁਥਿਆਂ ਤੇ ਪੋਹਲੀ ਨੂੰ ਸੁਕਾ ਰਹੀਆਂ ਸਨ ਤੇ ਦਰਿਆਵਾਂ ਤੇ ਪਹਾੜਾਂ ਦੇ ਨੇੜ ਸਦਕਾ ਹਮੇਸ਼ਾ ਚਲਦੀ ਰਹਿੰਦੀ ਹਵਾ ਪੋਹਲੀ ਨੂੰ ਉਖਾੜ ਉਖਾੜ ਡੂੰਘੇ ਨਾਲ਼ਿਆਂ ਦੀਆਂ ਖੱਡਾਂ ਦੇ ਖੂੰਜੇ ਖਰਲਾਂ ਤੇ ਹੋਰ ਓਟ ਵਾਲੀਆਂ ਥਾਵਾਂ ਵਿਚ ਢੇਰ ਲਾਈ ਜਾਂਦੀ ਸੀ। ਧੁੱਪ ਦੇ ਤੇਜ਼ ਹੋਣ ਨਾਲ਼ ਇਹ ਹਵਾ ਤੇਜ਼ ਹੋ ਜਾਂਦੀ ਤੇ ਮਿੱਟੀ ਘੱਟਾ ਤੇ ਕੱਖ ਕਾਣ ਉਡਾਉਣ ਲਗ ਪੈਂਦੀ।
*****
ਹਵਾ ਵਾਹਵਾ ਤੇਜ਼ ਹੋ ਗਈ ਸੀ ਜੋ ਲਾਰੀ ਦੀਆਂ ਬਾਰੀਆਂ ਵਿੱਚੋਂ ਸ਼ੂਕਦੀ ਸਾਡੀਆਂ ਝੁੰਗੀਆਂ ਦੇ ਸ਼ੁੰਭਲੇ ਉਡਾ ਰਹੀ ਸੀ। ਲਾਰੀ ਜਦ ਰਸਾਲਪੁਰ ਲੰਘ ਤੁਰੀ ਤਾਂ ਇੱਕ ਕੈਦੀ ਮੂੰਹ ਨੂੰ ਵੱਟ ਚਾੜ੍ਹ ਤੇ ਨੱਕ ਵਟ ਬੈਠਿਆਂ ਬੈਠਿਆਂ ਉਸਲ ਵੱਟੇ ਭੰਨਣ ਲੱਗ ਪਿਆ ਤੇ ਉਹਨੇ ਢਿੱਡ ਘੁਟ ਘੁਟ ਪਸ਼ਤੋ ਵਿਚ ਹਾਲ ਪਾਹਰਿਆ ਕਰਨੀ ਸ਼ੁਰੂ ਕਰ ਦਿਤੀ, ਜਿਸ ਤੋਂ ਮੇਰੇ ਵਰਗੇ ਉਦੋਂ ਪਸ਼ਤੋ ਨ ਜਾਨਣ ਵਾਲੇ ਨੂੰ ਵੀ ਮਾਲੂਮ ਹੋ ਗਿਆ ਕਿ ਉਸਦੇ ਢਿੱਡ ਵਿਚ ਜ਼ਰੂਰ ਕੋਈ ਸੂਲ ਉਠਿਆ ਸੀ ਤੇ ਟੱਟੀ ਜਾਣ ਲਈ ਤਰਲੇ ਮਾਰ ਰਿਹਾ ਸੀ। ਉਹ ਭਾਵੇਂ ਕੈਦੀ ਸੀ, ਖਬਰੇ ਕਿੰਨਾ ਪਾਪੀ ਹੋਵੇਗਾ, ਪਰ ਮਨੁੱਖ ਤਾਂ ਸੀ। ਇਸ ਮਨੁੱਖੀ ਨਾਤੇ ਨੇ ਸਾਡੇ ਦਿਲਾਂ ਵਿੱਚ ਪੈਦਾ ਹੋਈ ਉਸ ਵਲ ਘਿਰਨਾ ਨੂੰ ਨਰਮਾ ਦਿਤਾ ਤੇ ਸਾਡੀਆਂ ਹਮਦਰਦੀਆਂ ਉਹਦੇ ਵੱਲ ਕਰ ਦਿਤੀਆਂ ਤੇ ਸਵਾਰੀਆਂ ਨੂੰ ਉਸ ਉਤੇ ਤਰਸ ਆਉਣ ਲੱਗ ਪਿਆ।
ਪਰ ਸਿਪਾਹੀ ਕੋਈ ਪਰਵਾਹ ਨਹੀਂ ਸੀ ਕਰ ਰਹੇ। ਉਨ੍ਹਾਂ ਵਿੱਚ ਅੰਗਰੇਜ਼ੀ ਸਾਮਰਾਜ ਵਲੋਂ ਗੁਲਾਮ ਲੋਕਾਂ ਦੀਆਂ ਲੋੜਾਂ ਵੱਲ ਵਰਤੀ ਜਾ ਰਹੀ ਬੇਪਰਵਾਹੀ, ਬੇਰੁਖੀ, ਬੇਰਹਿਮੀ ਤੇ ਬੇਕਿਰਕੀ ਕੁੱਟ ਕੁੱਟਕੇ ਭਰੀ ਹੋਈ ਜਾਪਦੀ ਸੀ। ਇਸ ਤਰ੍ਹਾਂ ਲਗਦਾ ਸੀ ਜਿਵੇਂ ਸਤਾਰਾਂ ਰੁਪੈ ਮਹੀਨੇ ਵਿੱਚ ਅੰਗਰੇਜ਼ੀ ਹਕੂਮਤ ਨੇ ਉਨ੍ਹਾਂ ਦੇ ਦਿਲਾਂ ਵਿੱਚੋਂ ਇਨਸਾਨੀ ਹਮਦਰਦੀ ਦਾ ਖਾਨਾ ਹੀ ਕੱਢ ਲਿਆ ਹੋਵੇ।
ਕੈਦੀ ਦੀ ਦੁਹਾਈ ਨੇ ਸਾਰੀਆਂ ਸਵਾਰੀਆਂ ਦੇ ਦਿਲਾਂ ਨੂੰ ਨਰਮਾਕੇ ਸਿਪਾਹੀਆਂ ਦੀ ਆਕੜ ਉਤੇ ਗੁੱਸਾ ਚੜ੍ਹਾ ਦਿਤਾ ਸੀ। ਸਵਾਰੀਆਂ ਕੈਦੀ ਵਲ ਰਹਿਮ ਦੀਆਂ ਤੇ ਸਿਪਾਹੀਆਂ ਨੂੰ ਕਹਿਰ ਦੀਆਂ ਨਜ਼ਰਾਂ ਨਾਲ ਵੇਖਣ ਲੱਗ ਪਈਆਂ। ਕਈ ਤਾਂ ਸਿਪਾਹੀਆਂ ਨੂੰ ਕੈਦੀ ਦੀ ਮੰਗ ਮੰਨ ਲੈਣ ਲਈ ਆਖਣ ਡਹਿ ਪਈਆਂ। ਪਰ ਸਿਪਾਹੀਆਂ ਦੇ ਖਾਨਿਆਂ ਵਿਚ ਕੈਦੀ ਦੀ ਤਰਲੋ ਮੱਛੀ ਤੇ ਸਵਾਰੀਆਂ ਦੀਆਂ ਬੇਨਤੀਆਂ ਦਾ ਕੋਈ ਅਸਰ ਨਹੀਂ ਸੀ ਪੈ ਰਿਹਾ। ਜਾਪਦਾ ਸੀ ਕਿ ਉਨ੍ਹਾਂ ਨੂੰ ਬਰਤਾਨਵੀ ਹਾਕਮਾਂ ਵਲੋਂ ਅਜੇ ਇਹ ਦਸਿਆ ਹੀ ਨਹੀਂ ਸੀ ਗਿਆ ਕਿ ਚਲਦੀ ਲਾਰੀ ਵਿੱਚ ਅਜਿਹਾ ਮਾਮਲਾ ਪੇਸ਼ ਆ ਜਾਵੇ ਤਾਂ ਕੀ ਕੀਤਾ ਜਾਵੇ।
ਅਖੀਰ ਜਦ ਲਾਰੀ ਰਸਾਲਪੁਰ ਤੋਂ ਢਾਈ ਮੀਲ ਨਿਕਲ਼ ਆਈ ਤਾਂ ਕੈਦੀ ਨੇ ਝੱਗਾ ਚੁਕਕੇ ਨਾਲ਼ੇ ਨੂੰ ਹੱਥ ਪਾਇਆ ਤੇ ਬੈਂਚੋਂ ਉਤਰ ਕੇ ਲਾਰੀ ਵਿਚ ਹੀ ਟੱਟੀ ਬੈਠ ਜਾਣ ਦਾ ਸਾਂਗ ਧਾਰਿਆ। ਇਹ ਵੇਖ ਕੇ ਸਵਾਰੀਆਂ ਵਿਚ ਹਫੜਾ ਦਫੜੀ ਮਚ ਗਈ ਤੇ ਉਹ ਸਿਪਾਹੀਆਂ ਉਤੇ ਬਹੁਤ ਔਖੀਆਂ ਹੋਣ ਲਗ ਪਈਆਂ। ਸਿਪਾਹੀਆਂ ਦੀ ਸਾਮਰਾਜੀ ਆਕੜ ਟੁੱਟੀ ਤੇ ਉਨ੍ਹਾਂ ਨੇ ਲਾਰੀ ਖੜੀ ਕਰਵਾ ਲਈ।
ਉਹ ਕੈਦੀਆਂ ਨੂੰ ਲੈ ਕੇ ਲਾਰੀ ਦੀ ਅਗਲੀ ਬਾਰੀ ਥਾਣੀਂ ਹੇਠਾਂ ਉਤਰ ਗਏ। ਐਨ ਉਸੇ ਵੇਲੇ ਮੇਰੇ ਕੋਲ ਬੈਠੇ ਦਗਾ ਰੌੜਾ ਦਗਾ ਰੌੜਾ ਕਰਦੇ ਆ ਰਹੇ ਯਾਨੀ ਪਸ਼ਤੋ ਬੋਲਦੇ ਆ ਰਹੇ ਦੋਵੇਂ ਪਠਾਣ ਵੀ ਪਿਛਲੀ ਬਾਰੀ ਉਤਰਕੇ ਕੈਦੀਆਂ ਕੋਲ ਚਲੇ ਗਏ।
ਸਿਪਾਹੀ ਕੈਦੀਆਂ ਨੂੰ ਲੈ ਕੇ ਲਾਰੀ ਤੋਂ ਅਜੇ ਦੋ ਕਦਮ ਹੀ ਪਰੇ ਹਟੇ ਸਨ ਕਿ ਡਜ਼ ਦੀ ਆਵਾਜ਼ ਆਈ ਤੇ ਨਾਲ਼ ਹੀ ਦੋਂਹ ਬੰਦਿਆਂ ਦੇ ਭੁੰਜੇ ਢਹਿ ਪੈਣ ਦਾ ਖੜਕਾ ਹੋਇਆ।
ਮੌਤ ਨਗਾਰੇ ਦੀ ਆਵਾਜ਼ ਤੋਂ ਡਰ ਕੇ ਸਭ ਸਵਾਰੀਆਂ ਆਪੋ ਆਪਣੀ ਥਾਈਂ ਦੜ ਵੱਟ ਗਈਆਂ ਤੇ ਕਿਸੇ ਦਾ ਬਾਹਰ ਨਿਕਲ਼ ਕੇ ਵੇਖਣ ਦਾ ਹੌਸਲਾ ਨਾ ਪਿਆ। ਮਾਪਿਆਂ ਨੇ ਬੱਚੇ ਛਾਤੀਆਂ ਨਾਲ਼ ਘੁੱਟ ਲਏ। ਸਵਾਰੀਆਂ ਅੰਦਰ ਬੈਠੀਆਂ ਹੀ ਵਾਪਰੀ ਨੂੰ ਜਾਨਣ ਦੀ ਕੋਸ਼ਿਸ਼ ਕਰਨ ਤੱਕ ਹੀ ਸੀਮਤ ਰਹਿ ਗਈਆਂ। ਮੈਂ ਧੌਣ ਭੰਵਾ ਕੇ ਆਪਣੀ ਸੀਟ ਤੋਂ ਹੀ ਬਿਨਾਂ ਸਿਰ ਬਾਹਰ ਕਢਿਆਂ ਕੁਕੜ ਵਾਂਗ ਬਾਹਰ ਝਾਕਿਆ ਤਾਂ ਦੋਵੇਂ ਕੈਦੀ ਸਿੱਧੇ ਪਏ ਸਨ ਤੇ ਸਿਪਾਹੀ ਕਿਧਰੇ ਨਹੀਂ ਸਨ ਦਿਸਦੇ। ਮੇਰੇ ਪਾਸੋਂ ਹੀ ਉਠ ਕੇ ਜਾਣ ਵਾਲ਼ੇ ਜਵਾਨਾਂ ਵਿੱਚੋਂ ਇੱਕ ਦੇ ਹੱਥ ਵਿੱਚ ਮਾੜਾ ਮਾੜਾ ਧੂੰਆਂ ਛੱਡ ਰਿਹਾ ਪਿਸਤੌਲ ਫੜਿਆ ਹੋਇਆ ਸੀ ਤੇ ਦੂਸਰਾ ਇਸ ਤਰ੍ਹਾਂ ਨਿੰਵਿਆ ਹੋਇਆ ਸੀ ਜਿਵੇਂ ਭੋਏਂ ਤੋਂ ਕੋਈ ਚੀਜ਼ ਚੁਕ ਰਿਹਾ ਹੋਵੇ।
ਮੈਂ ਥੋੜਾ ਜਿਹਾ ਹੋਰ ਹੌਸਲਾ ਕੀਤਾ ਤੇ ਬਾਰੀ ਨਾਲ ਮੱਥਾ ਲਾ ਕੇ ਹੋਰ ਹੇਠਾਂ ਕਰਕੇ ਨਿਗਾਹ ਮਾਰੀ ਤਾਂ ਇਕ ਤ ਸਿਪਾਹੀ ਜ਼ਮੀਨ ’ਤੇ ਡਿੱਗਾ ਪਿਆ ਸੀ ਤੇ ਨਿੰਵਿਆਂ ਹੋਇਆ ਜਵਾਨ ਸੱਜੇ ਹੱਥ ਵਿੱਚ ਪਿਸਤੌਲ ਫੜੀ ਖੱਬੇ ਹੱਥ ਨਾਲ਼ ਉਸ ਦੀ ਪੇਟੀ ਖੋਲ੍ਹ ਰਿਹਾ ਸੀ। ਰਫਲ ਵਾਲ਼ੇ ਸਿਪਾਹੀ ਦੀਆਂ ਲਾਰੀ ਹੇਠ ਵੜੇ ਜਾਂਦੇ ਦੀਆਂ ਮਸਾਂ ਲੱਤਾਂ ਹੀ ਦਿਸੀਆਂ। ਨਿੰਵਿਆਂ ਹੋਇਆ ਜਵਾਨ ਸਿਪਾਹੀ ਦੀ ਪੇਟੀ ਵਿੱਚੋਂ ਹੱਥਕੜੀ ਦੀ ਸੰਗਲੀ ਕਢ ਕੇ ਸਿੱਧਾ ਖੜਾ ਹੋ ਗਿਆ ਤਾਂ ਦੋਹਾਂ ਜਣਿਆਂ ਨੇ ਆਪਣੇ ਪਿਸਤੌਲਾਂ ਦੀਆਂ ਨਾਲ਼ੀਆਂ ਲਾਰੀ ਵੱਲ ਸਿੱਧੀਆਂ ਕਰ ਦਿਤੀਆਂ। ਉਸ ਬੰਨੇ ਦੀਆਂ ਸਾਰੀਆਂ ਸਵਾਰੀਆਂ ਨੇ ਨਿਉਂਕੇ ਲੱਤਾਂ ਉਤੇ ਸਿਰ ਰਖ ਲਏ। ਬਾਹਰੋਂ ਚੰਗੇ ਰੋਹ ਵਾਲ਼ੀ ਕੜਕਦੀ ਪਸ਼ਤੋ ਵਿੱਚ ਤਾੜਨਾ ਹੋਈ, ਜਿਸ ਨੂੰ ਪਸ਼ਤੋਆਂ ਨੇ ਤਾਂ ਸਮਝਣਾ ਹੀ ਸੀ, ਮੇਰੇ ਵਰਗੇ ਅਨਪੜ੍ਹ ਵੀ ਜਾਣ ਗਏ ਕਿ ਉਨ੍ਹਾਂ ਦੇ ਕੰਮ ਵਿੱਚ ਦਖਲ ਦੇਣ ਵਾਲ਼ਿਆਂ ਨੂੰ ਉਹ ਜਾਨੋਂ ਮਾਰ ਦੇਣਗੇ।
ਸਭ ਸਵਾਰੀਆਂ ਇਸ ਮੌਤ ਦੀ ਘੁਰਕੀ ਤੋਂ ਸਹਿਮ ਗਈਆਂ ਤੇ ਕੋਈ ਵੀ ਹਿੰਦ ਦਾ ਲਾਲ ਬਾਹਰ ਜਾਣ ਤੇ ਪਰਾਈ ਹਕੂਮਤ ਦੀ ਮੌਤੇ ਮਰਨ ਲਈ ਤਿਆਰ ਨਾ ਹੋਇਆ।
ਸਵਾਰੀਆਂ ਵਲੋਂ ਤਸੱਲੀ ਕਰ ਕੇ ਇੱਕ ਕੈਦੀ ਨੇ ਹਥਕੜੀ ਦੀ ਸੰਗਲੀ ਗਲ਼ ਵਿੱਚ ਲਮਕਾ ਲਈ ਤੇ ਖਾਲੀ ਹੱਥ ਨਾਲ ਆਪਣੇ ਤੇ ਦੂਸਰੇ ਦੇ ਸਿਪਾਹੀ ਦੀ ਢੱਠੀ ਹੋਈ ਰਫਲ ਚੁਕ ਲਈ। ਅੱਗੇ ਅੱਗੇ ਕੈਦੀਆਂ ਦਾ ਜਰੁਟ ਬੇੜੀਆਂ ਛਣਕਾਉਂਦਾ ਤੇ ਪਿੱਛੇ ਪਿੱਛੇ ਪਿਸਤੌਲਾਂ ਵਾਲ਼ੇ ਪਠਾਣ ਲਹਿੰਦੇ ਬੰਨੇ ਕਣਕਾਂ ਦੇ ਵੱਢਾਂ ਵਿੱਚ ਸਿੱਧੇ ਹੋ ਤੁਰੇ। ਪਿਸਤੌਲਾਂ ਵਾਲੇ ਮੁੜ ਮੁੜ ਲਾਰੀ ਵੱਲ ਵੇਖਦੇ ਤੇ ਪਿਸਤੌਲਾਂ ਵਿੱਚੋਂ ਮੌਤ ਵਗਾਹ ਮਾਰਨ ਦਾ ਡਰ ਦਿੰਦੇ ਬੜੀ ਮੌਜ ਨਾਲ਼ ਜਾ ਰਹੇ ਸਨ।
ਜਦ ਉਹ ਫਰਲਾਂਗ ਤੋਂ ਅਗਾਂਹ ਨਿਕਲ਼ ਗਏ ਤਾਂ ਪਹਿਲਾਂ ਡਰਾਇਵਰ, ਫੇਰ ਕਲੀਨਰ ਤੇ ਉਨ੍ਹਾਂ ਦੀ ਵੇਖਾ ਵੇਖੀ ਸਭ ਮਰਦ ਸਵਾਰੀਆਂ ਲਾਰੀ ਤੋਂ ਉਤਰ ਪਈਆਂ। ਸਾਨੂੰ ਉਤਰਿਆ ਵੇਖਕੇ ਲਾਰੀ ਹੇਠ ਵੜਿਆ ਸਿਪਾਹੀ ਵੀ ਬਾਹਰ ਨਿਕਲ਼ ਆਇਆ। ਉਸਦਾ ਰੰਗ ਪੀਲਾ ਭੂਕ ਤੇ ਸਰੀਰ ਤਰੇਲੀਉ ਤਰੇਲੀ ਹੋਇਆ ਪਿਆ ਸੀ। ਉਸ ਨੇ ਬਾਹਰ ਆ ਕੇ ਆਪਣੀ ਬੁਜ਼ਦਿਲੀ ਦੇ ਨਿਸ਼ਾਨ ਮਿਟਾਉਣ ਲਈ ਕਾਰਤੂਸਾਂ ਦੇ ਗਾਤਰੇ ਪਾਈ ਪੇਟੀ ਤੇ ਝੋਲਾ ਸੂਤ ਕੀਤੇ, ਆਪਣੀ ਵਰਦੀ ਝਾੜੀ ਤੇ ਬੋਝੇ ਵਿੱਚੋਂ ਰੁਮਾਲ ਕਢ ਕੇ ਗੋਡਿਆਂ ’ਤੇ ਅਰਕਾਂ ਦੀ ਮਿੱਟੀ ਪੂੰਝੀ। ਉਸ ਦਾ ਇਹ ਝਾੜ ਪੂੰਝ ਦਾ ਕੰਮ, ਉਸ ਦੀ ਕੰਬਣੀ ਤੇ ਨਮੋਸ਼ੀ ਨੂੰ ਸਾਥੋਂ ਲੁਕਾ ਨਾ ਸਕਿਆ ਤੇ ਅਸੀਂ ਸਾਰੇ ਉਸ ਦੀ ਬੁਜ਼ਦਿਲੀ ਉਤੇ ਨਰੋਲ ਸੂਰਮਗਤੀ ਦੇ ਪੱਖ ਤੋਂ ਘਿਰਨਾ ਕਰ ਰਹੇ ਸਾਂ।
ਚਿੱਤ ਪਏ ਹੋਏ ਸਿਪਾਹੀ ਦੀ ਸੱਜੀ ਪੁੜਪੁੜੀ ਤੋਂ ਗੋਲੀ ਨਾਲ ਹੋਈ ਮੋਰੀ ਵਿੱਚੋਂ ਬਿੱਲੀ ਦੀ ਪੂਛ ਵਰਗੀ ਲਹੂ ਦੀ ਧਾਰ ਵਗ ਵਗ ਉਸ ਦੀ ਗਿੱਚੀ ਹੇਠ ਛਪੜੀ ਲਾਈ ਦਾ ਰਹੀ ਸੀ, ਜਿਸ ਨਾਲ਼ ਮੂਸਲ ਵਰਗੇ ਕੁੱਲੇ ਉਤੇ ਬੱਧੀ ਹੋਈ ਲਾਲ ਪਟਕੇ ਵਾਲੀ ਖਾਕੀ ਪਗੜੀ ਹੇਠੋਂ ਲਿਬੜਦੀ ਜਾਂਦੀ ਸੀ।
ਡਰਾਇਵਰ ਨੇ ਅਗਾਂਹ ਹੋਕੇ ਉਸ ਦੇ ਨੰਗੇ ਗੁੱਟ ਉਤੇ ਹੱਥ ਰਖਿਆ ਤੇ ਨਿਰਾਸਤਾ ਨਾਲ ਸਿਰ ਮਾਰਕੇ ਆਖਿਆ ‘‘ਖਤਮ!’’
ਮੁਸਲਮ ਸਵਾਰੀਆਂ ਦੇ ਹੱਥ ਅੱਡੇ ਗਏ ਤੇ ਉਹ ਉਸ ਦੀ ਰੂਹ ਦੀ ਸ਼ਾਂਤੀ ਤੇ ਉਸ ਦੇ ਗੁਨਾਹਾਂ ਦੀ ਬਖਸ਼ੀਸ਼ ਵਾਸਤੇ ਦੁਆ ਕਹਿਣ ਲੱਗ ਪਈਆਂ।
ਮੈਂ ਦੁਆ ਉਆ ਕੀ ਕਰਨੀ ਸੀ। ਮੈਂ ਤਾਂ ਸਿਆਸੀ ਕੰਘੀਆਂ ਮਾਰਨ ਲੱਗ ਪਿਆ।
ਜਿਸ ਗੋਲੀ ਦੀ ਦਬੱਲ ਵਰਤੋਂ ਨਾਲ ਅੰਗਰੇਜ਼ੀ ਸਾਮਰਾਜ ਸਾਡੀ ਆਜ਼ਾਦੀ ਨੂੰ ਖੋਹੀ ਅਤੇ ਦੱਬੀ ਬੈਠਾ ਸੀ, ਅੱਜ ਉਹ ਗੋਲੀ ਜਦ ਉਸ ਦੇ ਭਾੜੇ ਤੇ ਲਏ ਹੋਏ ਗੋਲੀ ਮਾਰ ਯਮਾਂ ਵੱਲ ਸਿੱਧੀ ਹੋਈ ਤਾਂ ਦੋਵੇਂ ਯਮ, ਸਾਨੂੰ ਦੱਬੀ ਤੇ ਡਰਾਈ ਰਖਣ ਵਾਲਾ ਗੋਲ਼ੀ ਗੱਟਾ ਕੋਲ਼ ਹੁੰਦਿਆਂ ਸੁੰਦਿਆਂ, ਜ਼ਮੀਨ ’ਤੇ ਢੱਠੇ ਪਏ ਸਨ- ਇੱਕ ਗੋਲ਼ੀ ਦੀ ਮੌਤ ਦਾ ਮਾਰਿਆ ਤੇ ਦੂਸਰਾ ਗੋਲ਼ੀ ਦੇ ਡਰ ਦਾ ਮਾਰਿਆ।
ਉਹ ਚਾਰੇ ਜਣੇ ਅਜੇ ਨੇੜੇ ਹੀ ਜਾ ਰਹੇ ਸਨ, ਉਨ੍ਹਾਂ ਪਠਾਣਾਂ ਤਾਂ ਕੁਜਾ ਤੋਰ ਵੀ ਤਿੱਖੀ ਨ ਕੀਤੀ। ਮਾਲੂਮ ਹੁੰਦਾ ਸੀ ਕਿ ਉਨ੍ਹਾਂ ਦੀਆਂ ਖਾਖਾਂ ਵਿੱਚ ਅੰਗਰੇਜ਼ੀ ਰਾਜ ਦੀ ਵਿਕਰਾਲ ਹਥਿਆਰ ਸ਼ਕਤੀ ਦੇ ਸਿਰ ’ਤੇ ਆ ਕੜਕਣ ਦਾ ਉੱਕਾ ਹੀ ਡਰ ਨਹੀਂ ਸੀ।
ਅਸਾਂ ਅਜੇ ਲੋਕਾਂ ਨੂੰ ਚੰਗੀ ਤਰ੍ਹਾਂ ਵੇਖਿਆ ਵੀ ਨਹੀਂ ਸੀ ਤੇ ਸੁੱਖੀ ਸਾਂਦੀ ਬਚ ਰਹੇ ਸਿਪਾਹੀ ਦਾ ਬੁਜ਼ਦਿਲੀ ਤੇ ਨਮੋਸ਼ੀ ਹਜ਼ਾਰ ਜਤਨ ਕਰਨ ’ਤੇ ਵੀ ਨਹੀਂ ਸੀ ਲੁਕੀ ਕਿ ਮਰਦਾਨ ਵੱਲੋਂ ਇੱਕ ਕਾਰ ਆ ਗਈ ਜਿਸ ਨੂੰ ਸਿਪਾਹੀ ਨੇ ਹੱਥ ਖੜਾ ਕਰ ਕੇ ਰੋਕ ਲਿਆ। ਇਹ ਸਾਡੇ ਡਰਾਈਵਰ ਨੂੰ ਚਲੇ ਨਾ ਜਾਣ ਲਈ ਆਖ ਕੇ ਕਾਰ ਵਿੱਚ ਬੈਠ ਰਸਾਲਪੁਰ ਨੂੰ ਚਲਿਆ ਗਿਆ।
*****
ਲਾਰੀ ਰੁਕੀ ਰਹੀ। ਸਵਾਰੀਆਂ ਤਿੰਨ-ਤਿੰਨ ਚਹੁੰ-ਚਹੁੰ ਦੀਆਂ ਟੋਲੀਆਂ ਹੋ ਕੇ ਇਸ ਘਟਨਾ ਉਤੇ, ਇਸ ਦੇ ਭਿੰਨ-ਭਿੰਨ ਪੱਖਾਂ ਉਤੇ, ਇਸ ਦੇ ਨਿਕਲ਼ਣ ਵਾਲ਼ੇ ਨਤੀਜੇ ਉਤੇ, ਨਿੰਦ ਵਿਚਾਰ ਕਰਨ ਲਗ ਪਈਆਂ। ਸਵਾਰੀਆਂ ਤਕਰੀਬਨ ਸਾਰੀਆਂ ਹੀ ਪਸ਼ਤੋ ਸਨ ਤੇ ਮੈਂ ਇਕੱਲਾ ਹਿਨਕੋ ਸਾਂ। ਇਸ ਲਈ ਮੈਂ ਇਕੱਲਾ ਹੀ ਅਟੰਕ ਖੜਾ ਸਾਂ। ਮੈਂ ਡਰ ਰਿਹਾ ਸਾਂ ਕਿ ਚੰਗੇ ਫਸੇ? ਪਤਾ ਨਹੀਂ ਕਦੋਂ ਛੁਟਕਾਰਾ ਹੋਵੇ? ਪੁਲਸ ਤਾਂ ਪੁੱਛ ਪੜਤਾਲ ਕਰ ਕੇ ਹੀ ਸਵਾਰੀਆਂ ਦੀ ਖਲਾਸੀ ਕਰੇਗੀ। ਮੈਨੂੰ ਬਹੁਤ ਕਾਹਲ ਸੀ।
ਕਈਆਂ ਸਵਾਰੀਆਂ ਤੇ ਖਾਸ ਕਰ ਜਨਾਨੀਆਂ ਨੂੰ ਉਸ ਮੁਰਦੇ ਉਤੇ, ਸਿਪਾਹੀ ਕਰਕੇ ਨਹੀਂ, ਇੱਕ ਜਵਾਨ ਬੰਦਾ ਹੋਣ ਕਰ ਕੇ ਤੇ ਕਿਸੇ ਦਾ ਪੁੱਤਰ ਹੋਣ ਦੇ ਨਾਤੇ ਅਫਸੋਸ ਹੋ ਰਿਹਾ ਸੀ। ਪਰ ਮੈਨੂੰ ਉਸ ਸਿਪਾਹੀ ਦੀ ਮੌਤ ਉਤੇ ਚਿੜੀ ਦੇ ਮਰਨ ਜੋਗਾ ਵੀ ਹਿਰਖ ਨਹੀਂ ਸੀ ਤੇ ਲਾਰੀ ਹੇਠ ਵੜੇ ਹੋਏ ਸਿਪਾਹੀ ਦੀ ਬੁਜ਼ਦਿਲੀ ’ਤੇ ਵੀ ਮੈਨੂੰ ਕੋਈ ਚਿੰਤਾ ਨਹੀਂ ਸੀ ਜਿਸ ਨੇ ਸਤਾਰਾਂ ਰੁਪੈ ਮਹੀਨੇ ਦੇ ਭਾੜੇ ਉਤੇ ਅੰਗਰੇਜ਼ ਨੂੰ ਦਿੱਤੀ ਹੋਈ ਆਪਣੀ ਜਾਨ ਬੜੀ ਹਿੰਮਤ ਨਾਲ਼ ਭੰਗ ਦੇ ਭਾੜੇ ਜਾਣ ਤੋਂ ਬਚਾ ਲਈ ਸੀ!
ਮੈਨੂੰ ਸਮੇਂ ਦੀ ਹੋ ਰਹੀ ਖੇਹ ਖਰਾਬੀ ਵਿੱਚ ਵੀ ਉਹ ਜਣੇ ਬੜੇ ਚੰਗੇ ਤੇ ਸੂਰਮੇ ਜਾਪਣ ਲੱਗੇ ਜਿਨ੍ਹਾਂ ਨੇ ਅੰਗਰੇਜ਼ੀ ਸਾਮਰਾਜ ਦੇ ਪੁਲਸੀ ਜਬਾੜਿਆਂ ਵਿੱਚੋਂ ਆਪਣੇ ਨਾਲ਼ ਦਿਆਂ ਨੂੰ ਛੁਡਾ ਲਿਆ ਸੀ। ਮੈਂ ਕੈਦੀਆਂ ਦੇ ਚਲਿਤਰ ਤੇ ਉਨ੍ਹਾਂ ਦੇ ਨਾਲ਼ ਦਿਆਂ ਦੀ ਖੋਹਾਮਾਹੀ ਦੀ ਦਲੇਰੀ, ਹਿੰਮਤ ਤੇ ਸਫਲਤਾ ਉਤੇ ਮਨ ਵਿੱਚ ਅਸ਼ ਅਸ਼ ਕਰ ਰਿਹਾ ਸਾਂ।
ਸਵਾਰੀਆਂ ਦੀ ਆਪਸੀ ਦੰਦ ਕਥਾ ਤੇ ਮੇਰੇ ਸੋਚ ਨਿਰਨੇ ਅਜੇ ਖਤਮ ਨਹੀਂ ਸਨ ਹੋਏ ਕਿ ਰਸਾਲਪੁਰ ਵੱਲੋਂ ਦੀ ਲਾਲ ਧਾਰੀ ਵਾਲੀ ਗੂੜੇ ਨੀਲੇ ਰੰਗ ਦੀ ਆ ਰਹੀ ਸਟੇਸ਼ਨ ਵੈਗਨ ਦੀਆਂ ਬਰੇਕਾਂ ਚੀਕੀਆਂ ਉਹ ਸਾਡੇ ਲਾਗੇ ਆ ਕੇ ਖਲੋ ਗਈ। ਉਸ ਵਿੱਚੋਂ ਮਦਾਰੀ ਦੇ ਪਾਟੇ ਖਾਂ ਦੀ ਫੁਰਤੀ ਨਾਲ਼ ਉਹੋ ਸਿਪਾਹੀ ਤੇ ਮਿਲੀਸ਼ਏ ਦੀ ਵਰਦੀ ਵਾਲੇ, ਗੋਲੀ ਗੱਟੇ ਨਾਲ਼ ਲੈਸ ਦਸ ਬਾਰਾਂ ਸਿਪਾਹੀ, ਇੱਕ ਹਵਾਲਦਾਰ ਤੇ ਇੱਕ ਥਾਣੇਦਾਰ ਉਤਰੇ, ਜਿਨ੍ਹਾਂ ਨੂੰ ਸਾਡੇ ਡਰਾਈਵਰ ਨੇ ‘ਉਨ੍ਹਾਂ ’ ਵੱਲ ਉਂਗਲ ਕਰਕੇ ਦਸਿਆ ਕਿ ‘‘ਉਹ ਜਾਂਦੇ ਹਨ’’।
ਉਹ ਅਜੇ ਵੀ ਦੂਰ ਵੱਢਾਂ ਵਿੱਚ ਜਾਂਦੇ ਮਾੜੇ ਮਾੜੇ ਦਿਸ ਰਹੇ ਸਨ। ਪੁਲਸ ਵਾਲ਼ਿਆਂ ਨੇ ਬਤਖਾਂ ਵਾਂਗ ਧੌਣਾਂ ਚੁਕਕੇ ‘ਉਹਨਾਂ’ ਵੱਲ ਵੇਖਿਆ। ਥਾਣੇਦਾਰ ਤੇ ਹਵਾਲਦਾਰ ਨੇ ਅੱਖਾਂ ਉਤੇ ਸੱਜੇ ਹੱਥਾਂ ਦਾ ਬਰਾਂਡਾ ਬਣਾਕੇ ਉਨ੍ਹਾਂ ਨੂੰ ਚੰਗੇ ਧਿਆਨ ਨਾਲ਼ ਜਾਚਿਆ। ਜਦ ਉਹਨਾਂ ਦੀ ਤਸੱਲੀ ਹੋ ਗਈ ਤਾਂ ਹਵਾਲਦਾਰ ਤੇ ਅੱਠਾਂ ਸਿਪਾਹੀਆਂ ਨੇ ਆਪਣੀਆਂ ਪੇਟੀਆਂ ਨਾਲ਼ੋਂ ਸੰਗੀਨਾਂ ਖਿੱਚੀਆਂ ਤੇ ਰਫ਼ਲਾਂ ਦੀਆਂ ਨਾਸਾਂ ਤੇ ਟੰਗ ਲਈਆਂ। ਫੇਰ ਉਹਨਾਂ ਸਣੇ ਰਫ਼ਲਾਂ ਆਪਣੀਆਂ ਸੱਜੀਆਂ ਬਾਹਾਂ ਉਤਾਂਹ ਉਲਾਰੀਆਂ ਤੇ ‘ਯਾ ਆਲੀ’ ਦਾ ਨਾਅਰਾ ਮਾਰਕੇ ਉਨ੍ਹਾਂ ਦੇ ਮਗਰ ਦੌੜ ਗਏ।
ਥਾਣੇਦਾਰ ਨੇ, ਜਿਸ ਕਿਰਲੇ ਵਾਂਗ ਧੌਣ ਅਕੜਾਈ ਹੋਈ ਸੀ ਤੇ ਜਿਸਦੀ ਖਾਕੀ ਪੱਗ ਦਾ ਮਾਇਆ ਨਾਲ਼ ਆਕੜਿਆ ਖੜਾ ਕਲਗੇ ਵਰਗਾ ਫਰਲਾ ਅੰਗਰੇਜ਼ੀ ਰਾਜ ਦੀ ਹੈਂਕੜ ਦਾ ਸੂਚਕ ਸੀ, ਬਾਕੀ ਰਹਿੰਦੇ ਸਿਪਾਹੀਆਂ ਨੂੰ ਨਾਲ਼ ਲੈ ਕੇ ਤਫਤੀਸ਼ ਸ਼ੁਰੂ ਕਰ ਦਿਤੀ। ਉਸਨੇ ਗੱਡੀ ਵਿੱਚ ਪਏ ਆਪਣੇ ਬੈਗ ਵਿੱਚੋਂ ਕੁਝ ਕਾਗਜ਼ ਤੇ ਫੁਟਾਂ ਵਾਲ਼ਾ ਫੀਤਾ ਕਢਿਆ। ਮਰੇ ਸਿਪਾਹੀ ਦੀ ਲਾਸ਼ ਨੂੰ ਚੰਗੀ ਤਰ੍ਹਾਂ ਵੇਖਿਆ। ਉਸਦੇ ਜ਼ਖਮ ਦੀ ਥਾਂ ਅੱਖਾਂ ਅੱਖਾਂ ਵਿੱਚ ਹੀ ਨਾਪੀ। ਲੋਥ ਤੋਂ ਲਾਰੀ ਦੀ ਵਿੱਥ ਮਿਣੀ ਤੇ ਉਸ ਦੇ ਡਿੱਗੇ ਹੋਏ ਥਾਂ ਤੇ ਲਾਰੀ ਦੇ ਖਲੋਣ ਦਾ ਨਕਸ਼ਾ ਬਣਾਇਆ। ਨਕਸ਼ੇ ਉਤੇ ਨੱਠ ਗਏ ਹੋਇਆਂ ਦੇ ਉਤਰਨ ਤੇ ਖਲੋਣ ਵਾਲ਼ੀਆਂ ਥਾਵਾਂ ਦੇ ਨਿਸ਼ਾਨ ਲਾਏ ਤੇ ਤਫਦੀਸ਼ ਦੇ ਹੋਰ ਸਾਰੇ ਖੇਖਣ ਪੂਰੇ ਕੀਤੇ।
ਫੇਰ ਉਹ ਪੁਛ ਪੁਛਾਈ ਲਈ ਸਵਾਰੀਆਂ ਵੱਲ ਹੋਇਆ। ਮੈਨੂੰ ਖੁਸ਼ੋਪਸ਼ ਜਿਹਾ ਵੇਖਕੇ ਉਹ ਸਭ ਤੋਂ ਪਹਿਲਾਂ ਮੈਨੂੰ ਹੀ ਪੁਛਣ ਲੱਗਾ। ਮੈਂ ਨਿਰੋਲ ਛਾਛੀ ਉਚਾਰਨ ਦੀ ਪੰਜਾਬੀ ਬੋਲਦਿਆਂ ਹੋਇਆਂ ਆਪਣਾ ਥਾਂ ਪਤਾ ਸ਼ਮਸ਼ਾਬਾਦ ਜ਼ਿਲਾ ਅਟਕ ਦਸਿਆ ਜਿਥੇ ਮੇਰਾ ਸਿਆਸੀ ਕੰਮਾਂ ਲਈ ਆਮ ਜਾਣ ਆਉਣ ਤੇ ਰਹਿਣ ਬਹਿਣ ਸੀ, ਜਿਥੋਂ ਦੇ ਕਈ ਬੰਦੇ ਮੇਰੀ ਸ਼ਾਹਦੀ ਦੇਣ ਲਈ ਤਿਆਰ ਸਨ। ਪਰ ਇਸ ਖਲਜੱਗਣ ਵਿੱਚ ਗਏ ਹੋਏ ਮੇਰੇ ਭਾਗ ਇਸ ਕਰਕੇ ਸਾਫ ਬਚ ਨਿਕਲ਼ੇ ਕਿ ਮੈਂ ਪਸ਼ਤੋ ਨਹੀਂ ਜਾਣਦਾ ਸਾਂ। ਇਸ ਲਈ ਥਾਣੇਦਾਰ ਨੇ ਮੈਨੂੰ ਗਵਾਹਾਂ ਵਿੱਚ ਨਾ ਰਖਿਆ ਤੇ ਜਾਣ ਦੀ ਆਗਿਆ ਦੇ ਦਿਤੀ।
ਮੈਂ ਸ਼ੁਕਰ ਮਨਾਇਆ ਤੇ ਉਥੋਂ ਖਿਸਕਣ ਦੀ ਕੀਤੀ। ਮੈਂ ਬਾਕੀ ਸਾਰੀਆਂ ਸਵਾਰੀਆਂ ਨੂੰ ਉਥੇ ਅੜਿਆ ਛੱਡਕੇ ਪੈਦਲ ਹੀ ਰਸ਼ਕਈ ਨੂੰ ਤੁਰ ਪਿਆ, ਜੋ ਉਥੋਂ ਢਾਈ ਮੀਲ ਹੀ ਬਾਕੀ ਰਹਿ ਗਈ ਸੀ। ਮਰਦਾਨ ਇਸ ਤੋਂ ਪੰਜ ਮੀਲ ਹੋਰ ਅਗਾਂਹ ਸੀ। ਮਰਦਾਨ ਦੇ ਜ਼ਿਲੇ ਦੇ ਬਾਗ ਬਗੀਚਿਆਂ ਦੀ ਸਰਸਬਜ਼ੀ ਰਸ਼ਕਾਈ ਤੋਂ ਸ਼ੁਰੂ ਹੋ ਜਾਂਦੀ ਹੈ ਤੇ ਉਥੋਂ ਰਸ਼ਕਈ ਦੇ ਬਾਗਾਂ ਦੇ ਉਦਾਲੇ ਵਾੜ ਵਾਂਗ ਖੜੇ ਸਫੈਦੇ ਦੇ ਦਰਖਤਾਂ ਤੇ ਐਧਰ ਉਧਰ ਦੇ ਹੋਰ ਰੁਖਾਂ ਦੀ ਹਰੀ ਹਰੀ ਧਾਰ ਨਜ਼ਰ ਆਉਂਦੀ ਸੀ।
ਮੈਂ ਰਵਾਂ ਰਵਾਂ ਪੌਣੇ ਘੰਟੇ ਵਿੱਚ ਹੀ ਰਸ਼ਕਈ ਪਹੁੰਚ ਗਿਆ ਤੇ ਆਪਣੇ ਪਰਾਹੁਣੇ ਘਰ ਇਬਾਸ ਖਾਂ ਨੂੰ ਜਾ ਸਲਾਮ ਦੁਆ ਬੁਲਾਈ। ਖੈਰ ਸੁਖ ਪੁਛਣ ਪੁਛਾਉਣ ਤੋਂ ਬਾਅਦ ਉਸਨੇ ਗਲੀ ਤੋਂ ਪਰਲੇ ਪਾਰ ਦੇ ਘਰ ਵਿੱਚ ਕੰਧ ਦੇ ਉਤੋਂ ਦੀ ਚਾਹ ਲਿਆਉਣ ਲਈ ਆਵਾਜ਼ ਦਿਤੀ।
ਮੇਰਾ ਪਰਾਹੁਣਾ ਘਰ ਇਧਰੋਂ ਜਾਂਦੇ ਹੱਥ ਹੀ ਪਿੰਡੋਂ ਬਾਹਰ ਸੜਕ ਦੇ ਗੋਲੇ ’ਤੇ ਦਸ ਪੰਦਰਾਂ ਕਦਮ ਹਟਵਾਂ ਸੀ। ਘਰ ਉਚੇ ਥਾਂ ਹੋਣ ਕਰਕੇ ਵਿਹੜ ਵਿੱਚ ਖਲੋਤਿਆਂ ਨੂੰ ਸੜਕ ਤੇ ਉਸਤੋਂ ਪਾਰ ਰੇਲ ਦਾ ਸਟੇਸ਼ਨ ਤੇ ਪਲੇਟਫਾਰਮ ਦਿਸਦੇ ਸਨ।
ਚਾਹ ਆਈ ਤੇ ਇਸ ਤੋਂ ਛੇਤੀ ਹੀ ਮਗਰੋਂ ਰੋਟੀ ਆ ਗਈ। ਅਜੇ ਅਸੀਂ ਰੋਟੀ ਖਾਂਦੇ ਸਾਂ ਕਿ ਬਾਹਰ ਸੜਕੇ ਤੇ ਫੌਜੀ ਮਾਰਚ ਦੇ ਟਾਪਾਂ ਦੀ ਆਵਾਜ਼ ਆਉਣ ਲੱਗ ਪਈ। ਉਠਕੇ ਵੇਖਿਆ ਤਾਂ ਮਰਦਾਨ ਵਾਲ਼ੇ ਪਾਸਿਉਂ ਮਿਲੀਸ਼ੀਏ ਦੀ ਵਰਦੀ ਵਾਲ਼ੀ ਹਥਿਆਰਬੰਦ ਪੁਲਸ ਦੀ ਤਕੜੀ ਪਲਟਣ ਚਾਰ ਚਾਰ ਦੀਆਂ ਲਾਈਨਾਂ ਵਿੱਚ ਰਫਲਾਂ ਮੋਢਿਆਂ ਨਾਲ਼ ਖੜੀਆਂ ਕਰੀ ਰਸਾਲਪੁਰ ਨੂੰ ਜਾ ਰਹੀ ਸੀ ਤੇ ਦੁਪਿਹਰ ਦੀ ਧੁੱਪ ਵਿੱਚ ਰਫਲਾਂ ਦੀਆਂ ਸੰਗੀਨਾਂ ਲਿਸ਼ਕਾਰੇ ਮਾਰ ਰਹੀਆਂ ਸਨ। ਉਸਤੋਂ ਬਾਅਦ ਕਈ ਹੋਰ ਪੁਲਸੀ ਪਲਟਣਾਂ ਉਧਰ ਨੂੰ ਲੰਘੀਆਂ। ਇਸ ਤਰ੍ਹਾਂ ਜਾਪਦਾ ਸੀ ਕਿਵੇਂ ਰਸਾਲਪੁਰ ਵੱਲ ਕਿਧਰੇ ਲਾਮ ਲੱਗ ਗਈ ਹੋਵੇ। ਬਾਅਦ ਲੌਢੇ ਕੁ ਵੇਲੇ ਕੁਝ ਪੁਲਸੀ ਧਾੜਾਂ ਮੁੜ ਆਈਆਂ ਤੇ ਮਰਦਾਨ ਵੱਲ ਨੂੰ ਵਾਪਸ ਜਾਣ ਲੱਗ ਪਈਆਂ। ਪਰ ਮਰਦਾਨ ਵਲੋਂ ਹੋਰ ਜਾਣੀਆਂ ਨਾ ਹਟੀਆਂ।
ਬਰਤਾਨਵੀ ਸਾਮਰਾਜੀ ਸਰਾਲ ਆਪਣੀ ਆਈ ’ਤੇ ਆ ਗਈ ਹੋਈ ਮਾਲੂਮ ਹੁੰਦੀ ਸੀ। ਮੈਨੂੰ ਉਨ੍ਹਾਂ ਨੱਠ ਗਿਆਂ ਦੀ ਜਾਨ ਦਾ ਖਤਰਾ ਪੈਦਾ ਹੋ ਗਿਆ ਤੇ ਮੈਂ ਜਾਤਾ, ਕਿ ਰਸਾਲਪੁਰ ਨੂੰ ਜਾ ਰਹੀਆਂ ਸੰਗੀਨਾਂ ਚੜ੍ਹੀਆਂ ਰਫ਼ਲਾਂ ਉਨ੍ਹਾਂ ਦੀ ਬੋਟੀ ਬੋਟੀ ਉਡਾ ਦੇਣਗੀਆਂ। ਇਸ ਲਿਹਾਜ਼ ਨਾਲ਼ ਉਹ ਸੂਰਮਿਆਂ ਤੋਂ ਮੈਨੂੰ ਵਿਚਾਰੇ ਜਾਪਣ ਲੱਗ ਪਏ।
ਪਰ ਸ਼ਾਮ ਨੂੰ ਮੇਰੇ ਇਹ ਭਹਿਮਸੇ ਦੂਰ ਹੋ ਗਏ, ਜਦ ਰਸ਼ਕਈ ਵਿੱਚ ਖਾਉਪੀਏ ਨਾਲ਼ ਇਹ ਢੰਡੋਰਾ ਪਿਟਵਾਇਆ ਗਿਆ ਕਿ ‘‘ਕੁਝ ਬਦਮਾਸ਼ਾਂ ਨੇ ਦੋ ਡਾਕੂਆਂ ਨੂੰ ਪੁਲਸ ਹੱਥੋਂ ਖੋਹ ਲਿਆ ਹੈ। ਜੇ ਕੋਈ ਉਨ੍ਹਾਂ ਨੂੰ ਫੜਾਵੇ ਜਾਂ ਗਰਿਫਤਾਰ ਕਰਾਉਣ ਲਈ ਉਨ੍ਹਾਂ ਦੀ ਸੂਹ ਦੇਵੇ, ਉਸਨੂੰ ਸਰਕਾਰ ਇਨਾਮ ਦੇਵੇਗੀ।’’
ਮੈਂ ਤੇ ਇਬਾਸ ਖਾਂ ਨੇ, ਜਿਸ ਨੂੰ ਮੈਂ ਆਉਂਦਿਆਂ ਹੀ ਸਾਰੀ ਕਹਾਣੀ ਦੱਸ ਦਿਤੀ ਸੀ, ਬਰਤਾਨਵੀ ਰਾਜ ਦੀ ਇਸ ਨਾਮਰਦੀ ਦੀ ਬੜੀ ਖਿੱਲੀ ਉਡਾਈ।
ਭਾਵੇਂ ਉਸ ਲਾਰੀ ਵਿੱਚ ਬੈਠਣਾ ਮੇਰੇ ਵਰਗੇ ਅਲੋਪ ਕੰਮ ਕਰਨ ਵਾਲ਼ੇ ਸਿਆਸੀ ਬੰਦੇ ਲਈ ਬੜੀ ਕਮਅਕਲੀ ਸੀ, ਪਰ ਇਸ ਸਮੇਂ ਉਸ ਤੋਂ ਬਾਅਦ ਹਥਿਆਰਬੰਦ ਪੁਲਸ ਦੇ ਚੜ੍ਹੇ ਕਟਕ ਤੇ ਉਨ੍ਹਾਂ ਦੀ ਅਯੋਗਤਾ ਨੇ ਮੇਰੇ ਅੰਦਰ ਬੜਾ ਸੋਚ ਪਰਿਵਰਤਨ ਲਿਆਂਦਾ। ਮੇਰੀਆਂ ਸੋਚਾਂ ਤੇ ਵਿਚਾਰਾਂ ਨੱਠ ਜਾਣ ਵਾਲ਼ਿਆਂ ਦੀ ਵਰਿਆਮਗੀ ਤੇ ਬਹਾਦਰੀ ਉਤੇ ਅਸ਼ ਅਸ਼ ਕਰੀ ਜਾਣ ਤੋਂ ਵਧਕੇ ਸਿਆਸੀ ਉਡਾਰੀਆਂ ਬਣ ਗਈਆਂ ਤੇ ਇਨ੍ਹਾਂ ਸੋਚਾਂ ਦੇ ਮਨ ਵਿੱਚ ਉਠੇ ਜਵਾਬੀ ਸਿੱਟੇ ਨੇ ਬਰਤਾਨਵੀ ਰਾਜ ਦੀ ਹਥਿਆਰਬੰਦ ਤਾਕਤ ਤੋਂ ਮੇਰਾ ਡਰ ਉੱਕਾ ਹੀ ਉਡਾ ਦਿਤਾ ਤੇ ਉਸਦੀ ਦੁਨੀਆਂ ਦੀਆਂ ਮਾੜੀਆਂ ਤੇ ਫਾਡੀ ਕੌਮਾਂ ਨੂੰ ਦਬਾਈ ਰਖਣ ਦੀ ਮਾਰ ਖੋਰ ਸ਼ਕਤੀ ਮੈਨੂੰ ਹੇਚ ਜਾਪਣ ਲਗ ਪਈ ਤੇ ਬਰਤਾਨਵੀ ਸ਼ੇਰ ਮੇਰੀ ਨਿਗਾਹ ਵਿੱਚ ਨਿਰਾ ਕਾਗਤੀ ਡਰਨਾ ਬਣ ਗਿਆ।
ਮੇਰੇ ਅੰਦਰ ਇਹ ਸਵਾਲ ਬਾਰੰਬਾਰ ਉਠ ਰਹੇ ਸਨ।
‘‘ਐਡੀ ਵੱਡੀ ਹਕੂਮਤ ਦਾ ਰਫਲ ਵਾਲ਼ਾ ਸਿਪਾਹੀ ਪਿਸਤੌਲਾਂ ਵਾਲ਼ੇ ਦੋਂਹ ਜਣਿਆਂ ਤੋਂ ਡਰਕੇ ਰਫਲ ਸੁਟ ਬਹੇ ਤੇ ਲਾਰੀ ਹੇਠਾਂ ਵੜ ਕੇ ਜਾਨ ਬਚਾਏ?’’
‘‘ਬਰਤਾਨਵੀ ਰਾਜ ਸ਼ਕਤੀ ਦੇ ਸੂਰਮਿਆਂ ਦੀ ਰਫਲਾਂ ਵਾਲ਼ੀ ਕਿੰਨੇ ਬੰਦਿਆਂ ਦੀ ਗਾਰਦ ਬੇੜੀਆਂ ਨਾਲ਼ ਡੰਗੇ ਹੋਏ ਸਾਹਮਣੇ ਆ ਰਹੇ ਦਿਸਦੇ ਕੈਦੀਆਂ ਨੂੰ ਨਾ ਫੜ ਸਕੀ?’’
‘‘ਉਪਰੰਤ ਹਥਿਆਰਬੰਦ ਪੁਲਸ ਦੀਆਂ ਪਲਟਨਾਂ ਦੇ ਚੜ੍ਹੇ ਕਟਕ ਵੀ ਉਨ੍ਹਾਂ ਨੂੰ ਗਰਿਫਤਾਰ ਕਰਨ ਤੋਂ ਅਸਮਰਥ ਰਹੇ?’’
‘‘ਜਦ ਬਰਤਾਨਵੀ ਸੂਰਮਾਈ ਦੀ ਹਥਿਆਰਬੰਦ ਸ਼ਕਤੀ ਦਾ ਸਾਰਾ ਜ਼ੋਰ ਨਕੰਮਾ ਸਾਬਤ ਹੋਇਆ ਤਾਂ ਉਸਨੂੰ ਅਖੀਰ ਆਪਣੀ ਮੁੱਢ ਕਦੀਮ ਤੋਂ ਚਲਾਈ ਹੋਈ ਤਮਾਂਅ ਦੇ ਦੇ ਜਨਤਾ ਵਿੱਚੋਂ ਬੰਦੇ ਖਰੀਦਣ ਤੇ ਗਦਾਰ ਬਣਾ ਲੈਣ ਦੀ ਨਿੰਦਕ ਤੇ ਕੁਟਿਲ ਸਾਮਰਾਜੀ ਨੀਤੀ ਦਾ ਆਸਰਾ ਲੈਣਾ ਪਿਆ ਤੇ ਉਸਨੇ ਇਨਾਮ ਦਾ ਲਾਲਚ ਦੇ ਕੇ ਲਾਲਚੀ ਹਿਤਾਂ ਨੂੰ ਭਰਮਾਉਣ ਤੇ ਭੱਜ ਗਿਆਂ ਨੂੰ ਫੜਾ ਦੇਣ ਦਾ ਢੰਡੋਰਾ ਫਿਰਵਾਇਆ?’’
ਮੇਰੀਆਂ ਨਜ਼ਰਾਂ ਵਿੱਚ ਇਹ ਉਸ ਅੰਗਰੇਜ਼ੀ ਰਾਜ ਦਾ ਸਭ ਤੋਂ ਵੱਡਾ ਗੀਦੀਪੁਣਾ ਤੇ ਕੁਟਲਤਾ ਸੀ ਜਿਸ ਦੇ ਦੁਨੀਆਂ ਦੀਆਂ ਅਨੇਕਾਂ ਕੌਮਾਂ ਉਤੇ ਜਬਰ ਜ਼ੁਲਮ ਨਾਲ਼ ਠੋਸੇ ਹੋਏ ਰਾਜ ਉਤੇ ‘ਸੂਰਜ ਨਹੀਂ ਛੁਪਦਾ’ ਕਿਹਾ ਜਾਂਦਾ ਸੀ।
ਇਨ੍ਹਾਂ ਸਵਾਲਾਂ ਦਾ ਮੇਰੇ ਮਨ ਵਿੱਚੋਂ ਇਹ ਜਵਾਬ ਆ ਰਿਹਾ ਸੀ ਕਿ ‘‘ਭਲਿਆ ਲੋਕਾ! ਉਹ ਤਾਂ ਅਜੇ ਡਾਕੂ ਸਨ, ਜੋ ਆਪਣੇ ਨਿੱਜੀ ਸੀਮਿਤ ਹਿਤਾਂ ਵਾਸਤੇ ਐਨੀ ਵੱਡੀ ਰਾਜ ਤਾਕਤ ਦੇ ਮੂੰਹ ਆਉਣ ਤੋਂ ਨਹੀਂ ਝੰਵੇ ਤੇ ਉਸ ਪਾਸੋਂ ਆਪਣੇ ਨਾਲ਼ ਦਿਆਂ ਨੂੰ ਛੁਡਾਕੇ ਕਿਧਰੇ ਗਾਇਬ ਹੋ ਗਏ। ਜੇ ਕਿਤੇ ਆਜ਼ਾਦੀ ਦੀ ਲਹਿਰ ਦੀਆਂ ਸਿਆਣੀਆਂ ਜਥੇਬੰਦ ਤਾਕਤਾਂ ਹਥਿਆਰ ਫੜ ਲੈਣ ਤਾਂ ਜ਼ੁਲਮ ਜ਼ੋਰ ਨਾਲ਼ ਦਬਾਈ ਰੱਖਣ ਵਾਲ਼ੀਆਂ ਰਫਲਾਂ ਜੋ ਕੇਵਲ ਨਿਹੱਥਿਆਂ ਦੇ ਹੀ ਲਹੂ ਨਹਾਉਂਦੀਆਂ ਹਨ ਜਨਤਾ ਦੀ ਹਥਿਆਰਬੰਦ ਸੱਟ ਅੱਗੇ, ਭਾਵੇਂ ਉਹ ਛੋਟੀ ਹੀ ਹੋਵੇ, ਬੋਦੀਆਂ ਪੈ ਜਾਂਦੀਆਂ ਹਨ।’’
ਇਸ ਗੱਲ ਨੇ ਜਨਤਾ ਦੇ ਕੌਮੀ ਏਕੇ ਦੀ ਲੜਨ ਸ਼ਕਤੀ ਉਤੇ ਮੇਰਾ ਭਰੋਸਾ ਤੇ ਵਿਸ਼ਵਾਸ ਹੋਰ ਪੱਕਾ ਕਰ ਦਿਤਾ ਤੇ ਇਸ ਵਿਸ਼ਵਾਸ ਤੋਂ ਦੇਸ਼ ਦੀ ਆਜ਼ਾਦੀ ਲਈ ਹਥਿਆਰ ਲੈ ਕੇ ਲੜਨ ਦੀ ਮੇਰੀ ਦਰਿੜਤਾ ਵਧੇਰੇ ਮਜ਼ਬੂਤ ਹੋ ਗਈ।
ਉਂਝ ਤਾਂ ਮੈਂ ਅੱਗੇ ਹੀ ਇਨਕਲਾਬੀ ਸਾਂ ਤੇ ਹਥਿਆਰਬੰਦ ਇਨਕਲਾਬ ਵਿੱਚ ਦੀਨ ਰੱਖਣ ਵਾਲ਼ੀ ਕਿਰਤੀ ਪਾਰਟੀ ਦਾ ਉਘਾ ਮੁਹਰੀ ਸਾਂ, ਪਰ ਉਸ ਦਿਨ ਤੋਂ ਮੈਂ ਬਰਤਾਨਵੀ ਸਾਮਰਾਜ ਦੀ ਹਥਿਆਰਬੰਦ ਸ਼ਕਤੀ ਦੇ ਜ਼ੋਰ ਨੂੰ ਤੁੱਛ ਸਮਝਣ ਲਗ ਪਿਆ ਤੇ ਕੌਮੀ ਲਹਿਰ ਅੰਦਰ ਮੁਹਰੇ ਹੋ ਕੇ ਅੰਗਰੇਜ਼ੀ ਰਾਜ ਵਿਰੁਧ ਲੜ ਰਹੀਆਂ ਸਿਆਸੀ ਪਾਰਟੀਆਂ ਤੇ ਜਥੇਬੰਦੀਆਂ ਨੂੰ ਹਥਿਆਰਨ ਤੇ ਬਰਤਾਨਵੀ ਸਾਮਰਾਜ ਨਾਲ਼ ਟੱਕਰਾਂ ਲੈਣ ਤੇ ਬਗ਼ਾਵਤ ਕਰਨ ਦੇ ਰਾਹ ਦਾ ਬੜਾ ਪੱਕਾ ਉਪਾਸ਼ਕ ਹੋ ਗਿਆ।
*****
(ਸੋ 1947 ਵਿੱਚ ਜਾ ਕੇ ਉਹੀ ਗੱਲ ਹੋਈ। ਜਦ ਦੂਸਰੀ ਵੱਡੀ ਜੰਗ ਵਿੱਚ ਮਾਰ ਖਾ ਖਾ ਕੇ ਕਮਜ਼ੋਰ ਹੋ ਗਏ ਹੋਏ ਅੰਗਰੇਜ਼ੀ ਸਾਮਰਾਜ ਦੀ ਹਿੰਦੁਸਤਾਨੀ ਹਕੂਮਤ ਦੀ ਦੇਸੀ ਦਲ ਸੈਨਾ ਨੇ ਬਗ਼ਾਵਤ ਕੀਤੀ, ਹਵਾਈ ਸੈਨਾ ਤੇ ਬਿਹਾਰ ਦੀ ਪੁਲਸ ਨੇ ਹੜਤਾਲਾਂ ਕਰ ਦਿਤੀਆਂ ਤਾਂ ਅੰਗਰੇਜ਼ੀ ਸਾਮਰਾਜ ਦੇ ਹਿੰਦੁਸਤਾਨ ਉਤੇ ਰਾਜ ਕਰਨ ਤੇ ਇਸ ਦੀ ਆਜ਼ਾਦੀ ਦੱਬੀ ਮਿਧੀ ਰੱਖਣ ਦੇ ਇਹ ਡੰਡੇ ਤੇ ਰਫਲਾਂ ਠੁਸ ਹੋ ਗਈਆਂ ਤੇ ਉਸ ਨੂੰ ਹਿੰਦੁਸਤਾਨ ਵਿੱਚੋਂ ਆਪਣਾ ਰਾਜ ਚੁਕ ਕੇ ਪਤਰਾ ਵਾਚਣਾ ਪਿਆ।)