art (Punjabi Article): Labh Singh Shergill

ਜਦੋਂ ਫਿਰ ਇੱਕ ਥੱਪੜ ਹੋਰ ਜੜਿਆ (ਲੇਖ) : ਲਾਭ ਸਿੰਘ ਸ਼ੇਰਗਿੱਲ

ਦੂਰੋਂ ਆਉਂਦਿਆਂ ਨੂੰ ਦੇਖਦੇ ਹੀ ਸਾਰਿਆਂ ਦੇ ਸਾਹ ਸੁੱਕ ਜਾਂਦੇ ਤੇ ਅੰਦਰੋਂ ਕੰਬਣੀ ਜਿਹੀ ਛਿੜ ਜਾਂਦੀ। ਦਿਲ ਦੀ ਧੜਕਣ ਤੇਜ਼ ਹੋ ਜਾਂਦੀ। ਮਨ ਵਿੱਚ ਸੋਚਦੇ ਇਹ ਬੀਮਾਰ ਕਿਉਂ ਨਹੀਂ ਹੁੰਦੇ ? ਕਦੇ ਛੁੱਟੀ ਹੀ ਨਹੀਂ ਮਾਰਦੇ।ਇਨ੍ਹਾਂ ਨੂੰ ਕਦੇ ਬੁਖ਼ਾਰ ਹੀ ਨਹੀਂ ਚੜ੍ਹਦਾ। ਪਤਾ ਨਹੀਂ ਹੋਰ ਕੀ-ਕੀ ਸੋਚੀ ਜਾਣਾ ਪਰ ਉਹ ਹਰ ਵਖ਼ਤ ਬੜੇ ਊਰਜਾਵਾਨ ਦਿਸਦੇ। ਦੇਖਣ ਵਿੱਚ ਬੜੇ ਰਿਸ਼ਟਪੁਸ਼ਟ, ਗਠਵਾਂ ਸਰੀਰ, ਸਾਂਵਲਾ ਰੰਗ, ਕੱਪੜਾ-ਲੀੜਾ ਸਮੇਂ ਦੀ ਤਰਜ਼ ਦਾ ਤੇ ਫਬਵਾਂ,ਚਿਣਵੇਂ ਲੜਾਂ ਵਾਲ਼ੀ ਪੱਗ,ਕੱਦ ਤਕਰੀਬਨ ਛੇ ਫੁੱਟ ਦੇ ਕਰੀਬ ਮਾਸਟਰ ਰਾਮ ਲਾਲ ਜੀ ਜਿਨ੍ਹਾਂ ਨੇ ਸਕੂਲ ਵਿੱਚ ਹੁੰਦਿਆਂ ਕਦੇ ਵੀ ਆਪਣੇ ਵਿਸ਼ੇ ਦੇ ਪੀਰੀਅਡਾਂ ਨੂੰ ਨਹੀਂ ਖੁੰਝਾਇਆ ਸੀ। ਪੀਰੀਅਡ ਦੀ ਘੰਟੀ ਵੱਜਣ 'ਤੇ ਤੁਰੰਤ ਜਮਾਤ ਲਾਉਣ ਲਈ ਆ ਬਹੁੜਦੇ। ਉਹ ਅੰਗਰੇਜ਼ੀ ਪੜਾਉਂਦੇ ਸਨ। ਸਕੂਲ ਦੇ ਸਾਰੇ ਅਧਿਆਪਕ ਹੀ ਸੁਹਿਰਦ ਤੇ ਆਪਣੇ ਫਰਜ਼ ਪ੍ਰਤੀ ਪੂਰੇ ਸਮਰਪਿਤ ਸਨ ਪਰ ਮਾਸਟਰ ਰਾਮ ਲਾਲ ਜੀ ਦਾ ਅਕਸ ਅੱਜ ਵੀ ਮੇਰੇ ਜ਼ਿਹਨ ਵਿੱਚ ਬਿਲਕੁਲ ਉਸੇ ਤਰ੍ਹਾਂ ਹੀ ਉੱਭਰ ਆਉਂਦਾ ਹੈ ਜਿਵੇਂ ਸਾਨੂੰ ਪੜ੍ਹਾਉਂਦੇ ਸਮੇਂ ਹੁੰਦਾ ਸੀ। ਉਨ੍ਹਾਂ ਦਾ ਸਾਡੀ ਜਮਾਤ ਵੱਲ ਅੰਗਰੇਜ਼ੀ ਦਾ ਪੀਰੀਅਡ ਸ਼ੁਰੂ ਹੋਣ 'ਤੇ ਇਸ ਤਰ੍ਹਾਂ ਦੀ ਤੋਰ ਤੇ ਜਜ਼ਬੇ ਨਾਲ਼ ਆਉਣਾ ਜਿਵੇਂ ਇੱਕ ਕਮਾਂਡਰ ਜਿਹੜਾ ਆਪਣੀ ਪਲਟਨ ਨੂੰ ਹਰ ਪੱਖੋਂ ਸੰਪੰਨ ਬਣਾਉਣ ਦੇ ਜਜ਼ਬੇ ਨੂੰ ਆਪਣੇ ਜ਼ਿਹਨ ਵਿੱਚ ਰੱਖ ਕੇ ਸਿਖਲਾਈ ਦਿੰਦਾ ਹੈ। ਉਨ੍ਹਾਂ ਨੂੰ ਆਉਂਦਿਆਂ ਦੇਖ ਕੇ ਅਸੀਂ ਫਟਾਫਟ ਦਿੱਤੇ ਸਬਕ ਦੀ ਦੁਹਰਾਈ ਕਰਨੀ ਸ਼ੁਰੂ ਕਰ ਦਿੰਦੇ ਸੀ।

ਸਾਡੇ ਸਕੂਲ ਵਿੱਚ ਬੱਚਿਆਂ ਦੇ ਬੈਠਣ ਲਈ ਅਲੱਗ-ਅਲੱਗ ਪਾਰਕ ਬਣੇ ਹੋਏ ਸੀ। ਗਰਮੀਆਂ ਵਿੱਚ ਇਨ੍ਹਾਂ ਪਾਰਕਾਂ ਵਿੱਚ ਸਾਡੀਆਂ ਜਮਾਤਾਂ ਲੱਗਦੀਆਂ ਸਨ। ਆਲ਼ੇ-ਦੁਆਲ਼ੇ ਰੁਮਕਦੀ ਹਵਾ, ਦਰੱਖਤਾਂ ਦੀ ਠੰਢੀ ਛਾਂ 'ਤੇ ਆਲ੍ਹਣਿਆਂ ਵਿੱਚ ਪੰਛੀਆਂ ਦੀ ਚਹਿ-ਚਹਾਟ ਅਤੇ ਕਿਆਰੀਆਂ ਵਿੱਚ ਰੰਗ-ਬਿਰੰਗੇ ਫੁੱਲਾਂ ਦੀ ਮਹਿਕ ਇਹ ਸਭ ਇੱਕ ਅਲੱਗ ਹੀ ਕਿਸਮ ਦਾ ਮਨਮੋਹਕ ਵਾਤਾਵਰਨ ਸਿਰਜਦੇ ਸਨ ਪਰ ਸਾਡਾ ਧਿਆਨ ਤਾਂ ਅਧਿਆਪਕ ਦੀ ਕੁੱਟ ਤੋਂ ਬਚਣ ਵੱਲ ਜ਼ਿਆਦਾ ਹੁੰਦਾ ਸੀ। ਹਵਾ ਦਾ ਬੁੱਲ੍ਹਾ ਆਉਣ 'ਤੇ ਗਰਮੀ ਨਾਲ਼ ਆਏ ਮੁੜ੍ਹਕੇ ਦੀ ਠੰਡਕ ਅੱਜ ਦੇ ਏਅਰ ਕੰਡੀਸ਼ਨ ਨਾਲੋਂ ਕਿਤੇ ਬਿਹਤਰ ਸੀ। ਪਸੀਨੇ ਦਾ ਬਾਹਰ ਨਿਕਲਣਾ ਸਰੀਰ ਨੂੰ ਤੰਦਰੁਸਤ ਰੱਖਣ ਦੀ ਕਿਰਿਆ ਹੁੰਦੀ ਹੈ। ਉਦੋਂ ਬਿਜਲੀ ਘੱਟ ਹੀ ਆਉਂਦੀ ਸੀ । ਰਿਹਾਇਸ਼ੀ ਤੇ ਖੇਤੀ ਖੇਤਰ ਦੀ ਲਾਇਨ ਇੱਕੋ ਹੀ ਹੁੰਦੀ ਸੀ। ਇੱਕ ਵਾਰ ਗਰਮੀਆਂ ਦੇ ਦਿਨਾਂ ਵਿੱਚ ਰੋਜ਼ ਦੀ ਤਰ੍ਹਾਂ ਬਾਹਰ ਪਾਰਕ 'ਚ ਮਾਸਟਰ ਰਾਮ ਲਾਲ ਜੀ ਨੇ ਅੰਗਰੇਜ਼ੀ ਦਾ ਪੀਰੀਅਡ ਲਿਆ। ਉਨ੍ਹਾਂ ਨੇ ਇੱਕ ਦੋ ਦਿਨ ਪਹਿਲਾਂ ਗਰਾਮਰ ਦਾ ਇੱਕ ਸਬਕ ਜੋ ਪੰਜਾਬੀ ਤੋਂ ਅੰਗ੍ਰੇਜ਼ੀ ਵਿੱਚ ਅਨੁਵਾਦ ਕਰਨ ਨਾਲ਼ ਸੰਬੰਧਿਤ ਸੀ,ਦੇ ਰੂਲ ਸਮਝਾਏ ਅਤੇ ਫਿਰ ਇੱਕ ਟੈਸਟ ਲਿਆ। ਕੁੱਝ ਵਾਕ ਅਨੁਵਾਦ ਕਰਨ ਲਈ ਬੋਲ ਦਿੱਤੇ। ਦਿੱਤੇ ਮਿਥੇ ਸਮੇਂ ਤੋਂ ਬਾਅਦ ਸਾਡੀਆਂ ਕਾਪੀਆਂ ਚੈੱਕ ਕਰਨ ਲੱਗੇ। ਸਾਰੇ ਵਾਰੋ-ਵਾਰੀ ਆਪਣੀਆਂ ਕਾਪੀਆਂ ਚੈੱਕ ਕਰਵਾ ਰਹੇ ਸੀ ਅਤੇ ਜਿਨ੍ਹਾਂ ਦੇ ਵਾਕ ਗ਼ਲਤ ਸੀ ਉਨ੍ਹਾਂ ਦੀ ਨਾਲੋਂ ਨਾਲ਼ ਛਿੱਤਰ-ਪਰੇਡ ਵੀ ਹੋ ਰਹੀ ਸੀ। ਮੇਰੀ ਵੀ ਵਾਰੀ ਆ ਗਈ। ਜਿਉਂ ਹੀ ਉਨ੍ਹਾਂ ਨੇ ਕਾਪੀ ਦੇਖੀ ਤਾਂ ਕਾਟੇ ਤੇ ਕਾਟਾ ਵੱਜਣ ਲੱਗਾ। ਪੰਜ-ਛੇ ਵਾਕਾਂ ਵਿੱਚੋਂ ਸ਼ਾਇਦ ਮੇਰਾ ਇੱਕ ਅੱਧਾ ਹੀ ਠੀਕ ਸੀ।

ਬਸ ਫੇਰ ਕੀ ਸੀ, ਗੱਲ੍ਹਾਂ 'ਤੇ ਇੱਕ ਦੋ ਜਚਾ ਕੇ ਧਰੇ। ਜ਼ੋਰ ਦੀ ਵੱਜੇ ਥੱਪੜਾਂ ਨਾਲ਼ ਮੇਰੇ ਕੰਨ ਸੁੰਨ ਹੋ ਗਏ ਅਤੇ ਮੇਰਾ ਰੋਣਾ ਨਿਕਲ ਗਿਆ। ਮੈਂ ਰੋਂਦਾ ਰੋਂਦਾ ਆਪਣੀ ਕਾਪੀ ਲੈ ਕੇ ਜਿੱਥੇ ਦੂਜੇ ਹਮਜਮਾਤੀ ਖੜ੍ਹੇ ਸੀ ਉਨ੍ਹਾਂ ਕੋਲ਼ ਜਾ ਖੜ੍ਹਾ ਹੋਇਆ। ਮੇਰੀਆਂ ਗੱਲ੍ਹਾਂ ਵਿੱਚੋਂ ਅਜੇ ਵੀ ਸੇਕ ਨਿਕਲ ਰਿਹਾ ਸੀ ਤੇ ਮੇਰਾ ਰੋਣਾ ਰੁਕ ਨਹੀਂ ਸੀ ਰਿਹਾ। ਜਿਉਂ ਹੀ ਮਾਸਟਰ ਜੀ ਦਾ ਧਿਆਨ ਮੇਰੇ ਰੋਂਦੇ 'ਤੇ ਪਿਆ ਤਾਂ ਉਨ੍ਹਾਂ ਨੇ ਦੁਬਾਰਾ ਆਪਣੇ ਕੋਲ਼ ਬੁਲਾਇਆ ਤੇ ਇੱਕ ਥੱਪੜ ਫੇਰ ਟਿਕਾ ਕੇ ਰੱਖਿਆ। ਬਸ ਹੁਣ ਮੇਰੀ ਹਾਲਤ ਕੀ ਸੀ ? ਨਾ ਮੈਂ ਰੋ ਸਕਦਾ ਸੀ ਤੇ ਨਾ ਰਹਿ ਸਕਦਾ ਸੀ। ਬਿਨਾਂ ਆਵਾਜ਼ ਤੇ ਬਿਨਾਂ ਹੌਕਿਆਂ ਤੋਂ ਆਪਣਾ ਰੋਣਾ ਰੋਕਣਾ ਉਸ ਸਮੇਂ ਸ਼ਾਇਦ ਮੈਨੂੰ ਹੀ ਪਤੈ ਕਿ ਉਸ ਸਥਿਤੀ ਨੂੰ ਮੈਂ ਕਿਵੇਂ ਪਾਰ ਕੀਤਾ ਹੋਵੇਗਾ। ਅਗਲੇ ਦਿਨ ਦੁਬਾਰਾ ਟੈਸਟ ਲੈਣ ਦਾ ਮਾਸਟਰ ਜੀ ਫੁਰਮਾਨ ਸੁਣਾ ਗਏ। ਮੁਨੀਟਰ ਪ੍ਰਵੀਨ ਕੁਮਾਰ ਸਾਡੀ ਜਮਾਤ ਵਿੱਚੋਂ ਸਭ ਤੋਂ ਹੁਸ਼ਿਆਰ ਸੀ। ਮੈਂ ਉਸ ਨੂੰ ਕਿਹਾ ਕਿ ਯਾਰ ਮੈਨੂੰ ਇਹ ਸਮਝਾ ਦੇ ਕਿ ਕਿੱਥੇ ਕੀ ਲੱਗਦਾ ਹੈ ? ਉਸ‌ਨੇ ਜਿੰਨੇ ਕੁ ਮੈਂ ਸਮਝ ਸਕਦਾ ਸੀ ਰੂਲ ਮੈਨੂੰ ਸਮਝਾ ਦਿੱਤੇ ਤੇ ਮੈਂ ਵੀ ਲਿਖਵਾਏ ਰੂਲਜ਼ ਨੂੰ ਚੰਗੀ ਤਰ੍ਹਾਂ ਘੋਖਿਆ। ਬਸ ਉਸ ਦਿਨ ਤੋਂ ਬਾਅਦ ਅਧਿਆਪਕਾਂ ਨੇ ਜੋ ਵੀ ਪੜ੍ਹਾਇਆ, ਧਿਆਨ ਨਾਲ਼ ਸੁਣਿਆ, ਜੇ ਸਮਝ ਨਾ ਆਉਂਦਾ ਤਾਂ ਬਸ ਬੜੇ ਜ਼ਬਰਦਸਤ ਤਰੀਕੇ ਨਾਲ਼ ਰੱਟਾ ਲਾ ਲੈਂਦਾ। ਉਸ ਤੋਂ ਬਾਅਦ ਫਿਰ ਕਦੇ ਵੀ ਛੇਤੀ ਕੀਤਿਆਂ ਕਿਸੇ ਅਧਿਆਪਕ ਤੋਂ ਥੱਪੜ ਨਹੀਂ ਖਾਧੇ। ਹੁਣ ਲਿਖਤੀ ਤੇ ਜ਼ੁਬਾਨੀ ਟੈਸਟ ਲਈ ਦਿੱਤੇ ਕੰਮ ਨੂੰ ਪ੍ਰਵੀਨ ਤੇ ਮੈਂ ਹੀ ਕਰਦੇ, ਬਾਕੀ ਤਕਰੀਬਨ ਸਾਰੀ ਜਮਾਤ ਖੜ੍ਹੀ ਹੀ ਹੁੰਦੀ ਸੀ। ਹੌਲ਼ੀ-ਹੌਲ਼ੀ ਮੈਂ ਦੂਜੇ ਨੰਬਰ ਦਾ ਮੁਨੀਟਰ ਬਣ ਗਿਆ। ਰੋਜ਼ ਜਮਾਤ ਦੇ ਹਾਜ਼ਰ ਤੇ ਗੈਰਹਾਜ਼ਰ ਬੱਚਿਆਂ ਦੀ ਗਿਣਤੀ ਨੋਟ ਕਰਵਾਉਣਾ ਸਾਡਾ ਦੋਵਾਂ ਦਾ ਕੰਮ ਸੀ। ਅੱਜ ਜਦੋਂ ਮੈਂ ਖ਼ੁਦ ਜਮਾਤ ਵਿੱਚ ਵਿਦਿਆਰਥੀਆਂ ਨੂੰ ਉਹੀ ਵਿਸ਼ਾ ਪੜ੍ਹਾ ਰਿਹਾ ਹੁੰਦਾ ਹਾਂ ਤਾਂ ਬੁਹਤ ਵਾਰ ਉਹ ਸਤਿਕਾਰਤ ਸ਼ਖ਼ਸੀਅਤ ਮੇਰੇ ਜ਼ਿਹਨ ਵਿੱਚ ਅੱਜ ਵੀ ਉਸੇ ਰੂਪ ਵਿੱਚ ਉਭਰ ਆਉਂਦੀ ਹੈ। ਕਿੰਨੀ ਸਮਰਪਿਤ ਭਾਵਨਾ ਨਾਲ਼ ਉਹ ਆਪਣਾ ਫਰਜ਼ ਨਿਭਾ ਰਹੇ ਹੁੰਦੇ ਸਨ। ਉਹ ਅੱਜ ਜਿੱਥੇ ਵੀ ਹਨ ਉਨ੍ਹਾਂ ਨੂੰ ਮੇਰਾ ਡੰਡਵੱਤ ਪ੍ਰਣਾਮ।

ਸੁਹਿਰਦ ਤੇ ਆਪਣੇ ਕਿੱਤੇ ਨੂੰ ਸਮਰਪਿਤ ਅਧਿਆਪਕ ਆਪਣੇ ਫਰਜ਼ ਨੂੰ ਪ੍ਰਮਾਤਮਾ ਦੀ ਪੂਜਾ ਕਰਨ ਦੇ ਤੁੱਲ ਸਮਝਦੇ ਹੋਏ ਆਪਣੀ ਜਮਾਤ ਦੇ ਸਾਰੇ ਬੱਚਿਆਂ ਨੂੰ ਬਿਨਾਂ ਕਿਸੇ ਭੇਦ ਭਾਵ ਦੇ ਸਿੱਖਿਆ ਦਿੰਦੇ ਅਤੇ ਸਭ ਨੂੰ ਆਪਣੇ ਬੱਚਿਆਂ ਵਾਂਗ ਪਿਆਰ ਕਰਦੇ ਹਨ। ਜਦੋਂ ਬੱਚੇ ਅਧਿਆਪਕ ਦੀ ਗੱਲ ਸੁਣਨ ਲੱਗ ਜਾਣ ਤੇ ਪ੍ਰੀਖਿਆਵਾਂ ਵਿੱਚ ਖਰੇ ਉਤਰਣ ਤਾਂ ਅਧਿਆਪਕ ਉਨ੍ਹਾਂ ਨੂੰ ਸੁੰਦਰ ਸ਼ਬਦਾਂ ਵਿੱਚ ਪਿੱਠ ਥਾਪੜ ਕੇ ਸ਼ਾਬਾਸ਼ੀ ਦਿੰਦੇ ਹਨ ਅਤੇ ਹੋਰ ਬਿਹਤਰ ਨਤੀਜੇ ਪ੍ਰਾਪਤ ਕਰਨ ਲਈ ਪ੍ਰੇਰਿਤ ਵੀ ਕਰਦੇ ਹਨ। ਚੰਗੇ ਨਤੀਜਿਆਂ ਦੇ ਰੂਪ ਵਿੱਚ ਅਧਿਆਪਕ ਨੂੰ ਆਪਣੇ ਕਿੱਤੇ ਨੂੰ ਹੋਰ ਚਮਕਾਉਣ ਲਈ ਊਰਜਾ ਮਿਲਦੀ ਹੈ ਤੇ ਲੱਗਦਾ ਹੈ ਕਿ ਉਹ ਆਪਣੇ ਫਰਜ਼ ਦੀ ਚੰਗੀ ਤਰ੍ਹਾਂ ਪਾਲਣਾ ਕਰ ਰਿਹਾ ਹੈ। ਬਸ ਇਹ ਹੀ ਇੱਕ ਅਧਿਆਪਕ ਲਈ ਸਕੂਨ ਵਾਲ਼ੀ ਗੱਲ ਹੁੰਦੀ ਹੈ। ਸਮੇਂ ਦੀ ਕਰਵੱਟ ਨੇ ਸਾਰਾ ਕੁੱਝ ਬਦਲ ਕੇ ਰੱਖ ਦਿੱਤਾ। ਨਾ ਹੀ ਉਹੋ ਜਿਹੇ ਉਸਤਾਦ ਰਹੇ, ਨਾ ਹੀ ਸ਼ਗਿਰਦ। ਇਸ ਲਈ ਸ਼ਾਇਦ ਅਸੀਂ ਖ਼ੁਦ ਵੀ ਜ਼ਿੰਮੇਵਾਰ ਹਾਂ। ਅਸੀਂ ਆਪਣੇ ਫ਼ਰਜ਼ਾਂ ਨੂੰ ਪੂਰੀ ਤਰ੍ਹਾਂ ਨਿਭਾਅ ਨਹੀਂ ਪਾਏ। ਦੂਜੇ ਪਾਸੇ ਰਹਿੰਦਾ-ਖੂੰਹਦਾ ਅਢੁੱਕਵੀਆਂ ਵਿਦਿਅਕ ਨੀਤੀਆਂ ਤੇ ਮਾੜੇ ਢਾਂਚੇ ਦੀ ਭੇਂਟ ਚੜ੍ਹਦਾ ਜਾ ਰਿਹਾ ਹੈ।

ਜੇਕਰ ਅਸੀਂ ਗੱਲ ਕਰੀਏ ਤਾਂ ਅੱਜ ਦੀ ਸਿੱਖਿਆ ਪ੍ਰਣਾਲੀ ਬੇਸ਼ੱਕ ਤਕਨਾਲੋਜੀ ਭਰਪੂਰ ਹੋ ਗਈ ਹੈ। ਅਸੀਂ ਨਵੀਆਂ ਤਕਨੀਕਾਂ ਨੂੰ ਸਿੱਖਿਆ ਪ੍ਰਦਾਨ ਕਰਨ ਲਈ ਵਰਤ ਰਹੇ ਹਾਂ ਪਰ ਨੈਤਿਕ ਕਦਰਾਂ-ਕੀਮਤਾਂ ਦੀ ਗੱਲ ਸਾਡੀਆਂ ਸੰਸਥਾਵਾਂ ਵਿੱਚੋਂ ਗਾਇਬ ਹੁੰਦੀ ਜਾ ਰਹੀ ਹੈ ਜੋ ਭਵਿੱਖ ਲਈ ਚੰਗਾ ਸੰਕੇਤ ਨਹੀਂ। ਅਧਿਆਪਕ ਤੇ ਵਿਦਿਆਰਥੀ ਦੇ ਰਿਸ਼ਤੇ ਵੀ ਸੁਖਾਵੇਂ ਨਹੀਂ ਰਹੇ। ਇਸ ਤੋਂ ਇਲਾਵਾ ਅੱਜ ਸਿੱਖਿਆ ਦੇ ਨਾਂ 'ਤੇ ਨਿੱਤ ਨਵੇਂ ਤਜਰਬੇ ਕੀਤੇ ਜਾ ਰਹੇ ਹਨ। ਬਹੁਤੀ ਵਾਰ ਅਧਿਆਪਕ ਨੂੰ ਜਮਾਤ ਨਾਲੋਂ ਤੋੜ ਕੇ ਕੁੱਝ ਬੇਲੋੜੀਆਂ ਗਤੀਵਿਧੀਆਂ ਵਿੱਚ ਉਲਝਾਇਆ ਜਾ ਰਿਹਾ ਹੈ। ਹੋਣਾ ਇਹ ਚਾਹੀਦਾ ਹੈ ਕਿ ਉਸ ਨੂੰ ਵੱਧ ਤੋਂ ਵੱਧ ਆਪਣੀਆਂ ਜਮਾਤਾਂ ਨਾਲ਼ ਜੋੜਨ ਲਈ ਬਾਹਰਲੇ ਕੰਮਾਂ ਤੇ ਦਬਾਅ ਤੋਂ ਮੁਕਤ ਕਰਕੇ ਆਜ਼ਾਦ ਤਬੀਅਤ ਨਾਲ਼ ਪੜਾਉਣ ਦਿੱਤਾ ਜਾਵੇ ਫਿਰ ਹੀ ਉਹ ਆਪਣੇ ਕਿੱਤੇ ਨਾਲ਼ ਸਹੀ ਇਨਸਾਫ਼ ਕਰ ਸਕੇਗਾ।

  • ਮੁੱਖ ਪੰਨਾ : ਕਹਾਣੀਆਂ ਅਤੇ ਲੇਖ : ਲਾਭ ਸਿੰਘ ਸ਼ੇਰਗਿੱਲ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •