Jadu Da Chintara : Belarusian Fairytale

ਜਾਦੂ ਦਾ ਚਿੰਤਾਰਾ : ਬੇਲਾਰੂਸੀ ਪਰੀ-ਕਹਾਣੀ

ਇਕ ਵਾਰੀ ਦੀ ਗਲ ਏ, ਇਕ ਮੁੰਡਾ ਹੁੰਦਾ ਸੀ; ਉਹ ਅਸਲੋਂ ਬਾਲ ਵਰੇਸ ਤੋਂ ਹੀ ਬੰਸੀ ਵਜਾਣ ਲਗ ਪਿਆ। ਢੱਗੇ ਚਾਰਦਿਆਂ ਉਹ ਕੋਈ ਨਾੜ ਤੋੜ ਲੈਂਦਾ, ਉਹਦੀ ਬੰਸੀ ਬਣਾ ਲੈਂਦਾ, ਤੇ ਵਜਾਣ ਲਗ ਪੈਂਦਾ, ਤੇ ਢੱਗੇ ਘਾਹ ਨੂੰ ਮੂੰਹ ਮਾਰਨਾ ਬੰਦ ਕਰ ਦੇਂਦੇ, ਆਪਣੇ ਕੰਨ ਖੜੇ ਕਰ ਲੈਂਦੇ ਤੇ ਸੁਣਨ ਲਗ ਪੈਂਦੇ। ਉਹਨੂੰ ਸੁਣ ਕੇ ਜੰਗਲ ਦੇ ਪੰਛੀ ਚੁਪ ਹੋ ਜਾਂਦੇ, ਤੇ ਦਲਦਲਾਂ ਦੇ ਡੱਡੂ ਤਕ ਵੀ ਟਰ-ਟਰ ਬੰਦ ਕਰ ਦੇਂਦੇ।

ਉਹ ਰਾਤ ਨੂੰ ਘੋੜੇ ਚਰਾਣ ਨਿਕਲ ਜਾਂਦਾ, ਤੇ ਚਰਾਂਦਾਂ ਵਿਚ ਰੌਣਕ ਲਗੀ ਤੇ ਮੌਜ ਮਾਣੀ ਜਾ ਰਹੀ ਹੁੰਦੀ, ਗਭਰੂ ਮੁਟਿਆਰਾਂ ਗੌਂਦੇ ਤੇ ਹਾਸਾ ਮਖੌਲ ਕਰ ਰਹੇ ਹੁੰਦੇ, ਜਿਵੇਂ ਨੌਜਵਾਨਾਂ ਦਾ ਕਰਨਾ ਬਣਦਾ ਏ। ਰਾਤ ਚੰਗੀ ਸੁਹਣੀ ਤੇ ਨਿੱਘੀ ਹੁੰਦੀ, ਤੇ ਜ਼ਮੀਨ ਤੋਂ ਹੁਆੜ ਉਠ ਰਹੀ ਹੁੰਦੀ।

ਤੇ ਮੁੰਡਾ ਉਠ ਖਲੋਂਦਾ ਤੇ ਆਪਣੀ ਬੰਸੀ ਵਜਾਣ ਲਗ ਪੈਂਦਾ, ਤੇ ਸਭ ਗਭਰੂ ਮੁਟਿਆਰਾਂ ਇਕਦਮ ਅਡੋਲ ਹੋ ਜਾਂਦੇ। ਤੇ ਹਰ ਕਿਸੇ ਨੂੰ ਇੰਜ ਲਗਦਾ ਜਿਵੇਂ ਤਰਾਟਾਂ ਪਾ ਰਹੇ ਦਿਲ ਉਤੇ ਕੋਈ ਫਿਹਾ ਰਖ ਦਿਤਾ ਗਿਆ ਹੋਵੇ, ਤੇ ਜਿਵੇਂ ਕੋਈ ਅਣ-ਪਛਾਤੀ ਤਾਕਤ ਉਹਨੂੰ ਉਪਰ ਚੁੱਕ ਡੂੰਘੇ ਨੀਲੇ ਅਸਮਾਨ ਵਿਚ ਡਲ੍ਹਕਦੇ ਤਾਰਿਆਂ ਕੋਲ ਪਹੁੰਚਾ ਰਹੀ ਹੋਵੇ।

ਰਾਤ ਦੇ ਵਾਗੀ ਅਹਿਲ ਹੋ ਬੈਠ ਜਾਂਦੇ, ਉਹਨਾਂ ਨੂੰ ਆਪਣੇ ਪੀੜ ਕਰ ਰਹੇ, ਥਕੇ ਹੋਏ ਅੰਗਾਂ ਦਾ ਤੇ ਭੁੱਖੇ ਢਿੱਡਾਂ ਦਾ ਧਿਆਨ ਨਾ ਰਹਿੰਦਾ।

ਉਹ ਓਥੇ ਬੈਠੇ ਰਹਿੰਦੇ ਤੇ ਸੁਣੀ ਜਾਂਦੇ।

ਤੇ ਹਰ ਕੋਈ ਇੰਜ ਮਹਿਸੂਸ ਕਰਦਾ , ਜਿਵੇਂ ਉਹ ਆਪਣੀ ਪੂਰੀ ਜ਼ਿੰਦਗੀ ਓਥੇ ਹੀ ਬੈਠ ਤੇ ਮਨ ਮੋਹ ਲੈਂਦੇ ਨਗ਼ਮੇ ਨੂੰ ਸੁਣ ਲੰਘਾ ਸਕਦਾ ਹੋਵੇ।

ਸੰਗੀਤ ਬੰਦ ਹੋ ਜਾਂਦਾ, ਪਰ ਕਿਸੇ ਨੂੰ ਵੀ ਆਪਣੀ ਥਾਂ ਤੋਂ ਹਿੱਲਣ ਦੀ ਹਿੰਮਤ ਨਾ ਹੁੰਦੀ, ਮਤੇ ਉਹ ਉਸ ਜਾਦੂ-ਭਰੀ ਆਵਾਜ਼ ਨੂੰ ਡਰਾ ਨਾ ਦੇਵੇ, ਜਿਹੜੀ ਝੁੰਡਾਂ ਤੇ ਜੰਗਲਾਂ ਵਿਚੋਂ ਤੇ ਦੂਰ ਅਸਮਾਨ ਵਿਚੋਂ, ਬੁਲਬੁਲ ਵਾਂਗ ਗੌਣ ਦੀ ਵਾਛੜ ਕਰੀ ਜਾਂਦੀ।

ਤਾਂ ਬੰਸੀ ਫੇਰ ਵਜ ਪੈਂਦੀ, ਇਸ ਵਾਰੀ ਕੋਈ ਗ਼ਮ ਵਾਲੀ ਤਰਜ਼ ਹੁੰਦੀ, ਤੇ ਹਰ ਕਿਸੇ ਉਤੇ ਉਦਾਸੀ ਤੇ ਦਿਲਗੀਰੀ ਛਾ ਜਾਂਦੀ...ਚਿਰਾਕੇ ਰਾਤੀਂ ਮਾਲਕ ਦੀਆਂ ਪੈਲੀਆਂ ਤੋਂ ਮੁੜਦਿਆਂ, ਕਿਸਾਨ ਮਰਦ ਤੀਵੀਆਂ ਅਟਕ ਜਾਂਦੇ ਤੇ ਆਵਾਜ਼ ਦੇ ਕੰਨੀਂ ਪੈਣ ਉਤੇ ਸੁਣਨ ਲਗਦੇ, ਤੇ ਸੁਣ-ਸੁਣ ਉਹ ਕਦੀ ਰਜਦੇ ਨਾ ਲਗਦੇ।ਉਹਨਾਂ ਦੀਆਂ ਅੱਖਾਂ ਸਾਹਮਣੇ ਉਹਨਾਂ ਦੀ ਜ਼ਿੰਦਗੀ ਆ ਖਲੋਂਦੀ, ਉਹਨਾਂ ਦੀ ਗ਼ਰੀਬੀ ਤੇ ਦੁਖ-ਪੀੜ, ਨਿਰਦਈ ਜਾਗੀਰਦਾਰ, ਮੁਨਸਫ਼ ਤੇ ਮੁਹਤਮਮ, ਤੇ ਉਹਨਾਂ ਦੇ ਦਿਲ ਇੰਜ ਭਾਰੇ ਹੋ ਜਾਂਦੇ ਕਿ ਉਹਨਾਂ ਦਾ ਜੀ ਕਰਦਾ, ਉਹ ਆਪਣੀ ਉਦਾਸੀ ਨੂੰ ਉਚੀ-ਉਚੀ ਰੋ ਕੇ ਪ੍ਰਗਟ ਕਰਨ, ਜਿਵੇਂ ਉਹਨਾਂ ਕਿਸੇ ਪਿਆਰੀ ਵਿੱਛੜ ਗਈ ਆਤਮਾ ਲਈ ਕਰਨਾ ਸੀ, ਜਾਂ ਲਾਮਾਂ ਨੂੰ ਭੇਜ ਦਿਤੇ ਗਏ ਪੁੱਤਰ ਲਈ।

ਪਰ ਉਦਾਸੀ ਵਾਲੀ ਤਰਜ਼ ਖੁਸ਼ੀ ਵਾਲੀ ਤਰਜ਼ ਵਿਚ ਬਦਲ ਜਾਂਦੀ, ਤੇ ਸੁਣਨ ਵਾਲੇ ਆਪਣੀਆਂ ਦਾਤਰੀਆਂ, ਖੁਰਪੇ ਤੇ ਤਰਾਂਗਲ ਸੁਟ ਦੇਂਦੇ ਤੇ ਢਾਕੀਂ ਹਥ ਰਖ ਨੱਚਣ ਲਗ ਪੈਂਦੇ।

ਮਰਦ ਤੇ ਤੀਵੀਆਂ, ਘੋੜੇ, ਰੁਖ, ਅਸਮਾਨ ਦੇ ਤਾਰੇ ਤੇ ਬੱਦਲ ਨੱਚਣ ਲਗ ਪੈਂਦੇ — ਸਾਰੀ ਦੁਨੀਆਂ ਨੱਚਣ ਤੇ ਖੁਸ਼ੀ ਮਨਾਣ ਲਗ ਪੈਂਦੀ।

ਬੰਸੀ ਵਾਲੇ ਦੀ ਜਾਦੂ-ਭਰੀ ਸ਼ਕਤੀ ਇੰਜ ਓੜਕਾਂ ਦੀ ਸੀ ਕਿ ਉਹ ਦਿਲ ਦਾ, ਜੁ ਵੀ ਚਾਹੇ, ਹਾਲ ਕਰ ਸਕਦਾ ਸੀ।

ਬੰਸੀ ਵਾਲਾ ਜਦੋਂ ਵਡਾ ਹੋ ਗਿਆ, ਉਹਨੇ ਇਕ ਚਿੰਤਾਰਾ ਬਣਾ ਲਿਆ ਤੇ ਉਹਨੂੰ ਲੈ ਦੇਸ ਵਿਚ ਘੁੰਮਣ ਲਗਾ। ਉਹ ਜਿਥੇ ਕਿਤੇ ਵੀ ਜਾਂਦਾ, ਆਪਣਾ ਚਿੰਤਾਰਾ ਵਜਾਂਦਾ; ਤੇ ਉਹਨੂੰ ਇੰਜ ਖੁਆਇਆ-ਪਿਆਇਆ ਜਾਂਦਾ, ਉਹਦੇ ਨਾਲ ਇੰਜ ਪੇਸ਼ ਆਇਆ ਜਾਂਦਾ, ਜਿਵੇਂ ਉਹ ਕੋਈ ਚਿਰ-ਉਡੀਕਿਆ ਪ੍ਰਾਹੁਣਾ ਹੋਵੇ ਤੇ ਜਦੋਂ ਉਹ ਆਪਣੇ ਰਾਹੇ ਪੈਂਦਾ, ਚੰਗੀਆਂ-ਚੰਗੀਆਂ ਚੀਜ਼ਾਂ ਨਾਲ ਉਹਨੂੰ ਲਦ ਦਿਤਾ ਜਾਂਦਾ।

ਕਿੰਨੇ ਹੀ ਲੰਮੇ ਦਿਨ ਚਿੰਤਾਰੇ ਵਾਲਾ ਦੇਸ ਵਿਚ ਘੁੰਮਦਾ ਰਿਹਾ, ਚੰਗੇ ਲੋਕਾਂ ਲਈ ਉਹ ਖੁਸ਼ੀ ਦਾ ਸੁਨੇਹਾ ਸੀ, ਤੇ ਜ਼ਾਲਮ ਜਾਗੀਰਦਾਰਾਂ ਲਈ ਵਖ਼ਤਾਂ ਦਾ। ਮਾਲਕਾਂ ਦੀਆਂ ਅੱਖਾਂ ਵਿਚ ਤਾਂ ਉਹ ਕੰਡਾ ਬਣ ਕੇ ਚੁਭਦਾ ਸੀ, ਇਸ ਲਈ ਕਿ ਜਿਥੇ ਕਿਤੇ ਵੀ ਉਹ ਆ ਨਿਕਲਦਾ, ਗੁਲਾਮ ਆਪਣੇ ਮਾਲਕਾਂ ਦੀ ਆਗਿਆ ਪਾਲਣ ਤੋਂ ਇਨਕਾਰ ਕਰ ਦੇਂਦੇ। ਤੇ ਉਹ ਉਹਨਾਂ ਦਾ ਰਾਹ ਇੰਜ ਰੋਕ ਲੈਂਦਾ, ਜਿਵੇਂ ਹੱਡੀ ਸੰਘ ਨੂੰ।

ਤੇ ਮਾਲਕਾਂ ਨੇ ਉਹਨੂੰ ਖ਼ਤਮ ਕਰਨ ਦੀ ਧਾਰ ਲਈ। ਉਹਨਾਂ ਇਕ ਤੇ ਫੇਰ ਇਕ ਹੋਰ ਬੰਦਾ ਚਿੰਤਾਰੇ ਵਾਲੇ ਨੂੰ ਡੋਬਣ ਜਾਂ ਮਾਰਨ ਲਈ ਘਲਣਾ ਚਾਹਿਆ। ਪਰ ਜਾਣ ਨੂੰ ਕੋਈ ਵੀ ਤਿਆਰ ਨਹੀਂ ਸੀ, ਇਸ ਲਈ ਕਿ ਲੋਕ ਚਿੰਤਾਰੇ ਵਾਲੇ ਨੂੰ ਪਿਆਰਦੇ ਸਨ, ਤੇ ਮੁਹਤਮਮ ਉਹਨੂੰ ਜਾਦੂਗਰ ਸਮਝਦੇ ਸਨ ਤੇ ਡਰਦੇ ਸਨ।

ਤਾਂ ਫੇਰ ਮਾਲਕਾਂ ਨੇ ਪਾਤਾਲ ਤੋਂ ਦੈਂਤ ਬੁਲਵਾਏ ਤੇ ਰਲ ਕੇ ਉਹ ਉਹਦੇ ਖਿਲਾਫ਼ ਸਾਜ਼ਸ਼ ਘੜਨ ਲਗੇ। ਇਸ ਲਈ ਕਿ ਕਿਸੇ ਤੋਂ ਵੀ ਗੁੱਝਾ ਨਹੀਂ, ਮਾਲਕ ਤੇ ਦੈਂਤ ਇਕੋ ਹੀ ਮਿੱਟੀ ਦੇ ਬਣੇ ਹੋਏ ਸਨ।

ਇਕ ਦਿਨ ਜਦੋਂ ਚਿੰਤਾਰੇ ਵਾਲਾ ਜੰਗਲ ਵਿਚੋਂ ਲੰਘ ਰਿਹਾ ਸੀ, ਦੈਂਤਾਂ ਨੇ ਬਾਰਾਂ ਭੁੱਖੇ ਬਘਿਆੜ ਉਹਦੇ ਵਲ ਘਲ ਦਿਤੇ। ਬਘਿਆੜ ਚਿੰਤਾਰੇ ਵਾਲੇ ਦੇ ਰਾਹ ਵਿਚ ਖੜੇ ਸਨ, ਦੰਦ ਕਰੀਚ ਰਹੇ ਸਨ ਤੇ ਉਹਨਾਂ ਦੀਆਂ ਅੱਖਾਂ ਅੰਗਿਆਰਾਂ ਵਾਂਗ ਦੱਗ ਰਹੀਆਂ ਸਨ। ਤੇ ਚਿੰਤਾਰੇ ਵਾਲੇ ਦੇ ਹਥ, ਬਿਨਾਂ ਉਸ ਝੋਲੇ ਤੋਂ ਜਿਸ ਵਿਚ ਉਹਦਾ ਚਿੰਤਾਰਾ ਸੀ, ਕੋਈ ਹਥਿਆਰ ਨਹੀਂ ਸੀ।

"ਆਖ਼ਰੀ ਵੇਲਾ ਆ ਗਿਐ ਮੇਰਾ," ਉਹਨੇ ਸੋਚਿਆ।

ਤਾਂ ਉਹਨੇ ਝੋਲੇ ਵਿਚੋਂ ਚਿੰਤਾਰਾ ਕਢਿਆ। ਉਹ ਮਰਨ ਤੋਂ ਪਹਿਲਾਂ ਇਕ ਵਾਰੀ ਫੇਰ ਸੰਗੀਤ ਰਚਣਾ ਚਾਹੁੰਦਾ ਸੀ। ਉਹਨੇ ਇਕ ਦਰਖ਼ਤ ਨਾਲ ਢਾਸਨਾ ਲਾ ਲਈ ਤੇ ਤਾਰਾਂ ਉਤੇ ਗਜ਼ ਫੇਰਿਆ।

ਚਿੰਤਾਰਾ ਇੰਜ ਬੋਲਿਆ, ਜਿਵੇਂ ਕੋਈ ਜਿਊਂਦੀ-ਜਾਗਦੀ ਚੀਜ਼ ਹੋਵੇ, ਤੇ ਜੰਗਲ ਵਿਚ ਸੰਗੀਤ ਦੀਆਂ ਟੁਣਕਾਰਾਂ ਗੂੰਜ ਉਠੀਆਂ। ਇਕਦਮ ਹੀ ਝਾੜੀਆਂ ਤੇ ਜੰਗਲ ਅਹਿੱਲ ਹੋ ਗਏ, ਇਕ ਵੀ ਪੱਤਾ ਨਹੀਂ ਸੀ ਸਰਕ ਰਿਹਾ; ਬਘਿਆੜ ਇੰਜ ਓਥੇ ਦੇ ਓਥੇ ਖੜੇ ਰਹਿ ਗਏ, ਜਿਵੇਂ ਜੰਮ ਗਏ ਹੋਣ, ਉਹਨਾਂ ਦੇ ਜਬਾੜੇ ਖੁਲ੍ਹੇ ਸਨ, ਭੁਖ ਦਾ ਧਿਆਨ ਨਹੀਂ ਸਾਨੇਂ ਰਿਹਾ ਤੇ ਡੁਬ ਕੇ ਸੁਣ ਰਹੇ ਸਨ।

ਤੇ ਜਦੋਂ ਸੰਗੀਤ ਬੰਦ ਹੋਇਆ, ਤੇ ਬਘਿਆੜ, ਮਾਣੋ ਸੁਫ਼ਨੇ ਵਿਚ, ਜੰਗਲ ਦੇ ਅੰਦਰ ਵਲ ਚਲੇ ਗਏ।

ਚਿੰਤਾਰੇ ਵਾਲਾ ਟੁਰਦਾ ਗਿਆ। ਜੰਗਲ ਤੋਂ ਪਾਰ ਸੂਰਜ ਡੁਬ ਰਿਹਾ ਸੀ, ਉਹਦੀਆਂ ਸੁਨਹਿਰੀ ਕਿਰਨਾਂ ਦਰਖ਼ਤਾਂ ਦੀਆਂ ਟੀਸੀਆਂ ਝਿਲਮਿਲਾ ਰਹੀਆਂ ਸਨ। ਇੰਜ ਚੁਪ-ਚਾਂ ਹੋਈ ਪਈ ਸੀ ਕਿ ਕਿਸੇ ਆਵਾਜ਼ ਦਾ ਸਾਹ ਤਕ ਵੀ ਨਹੀਂ ਸੀ ਸੁਣੀ ਰਿਹਾ।

ਚਿੰਤਾਰੇ ਵਾਲਾ ਦਰਿਆ ਦੇ ਕੰਢੇ ਉਤੇ ਬੈਠ ਗਿਆ, ਉਹ ਆਪਣਾ ਚਿੰਤਾਰਾ ਵਜਾਣ ਲਗ ਪਿਆ। ਉਹਨੇ ਏਨਾ ਸੁਹਣਾ ਵਜਾਇਆ ਕਿ ਧਰਤੀ ਤੇ ਅਸਮਾਨ ਨੇ ਕੰਨ ਲਾ ਲਏ। ਉਹ ਉਹਨੂੰ ਸਦਾ ਸੁਣੀ ਜਾਣ ਲਈ ਤਿਆਰ ਲਗਦੇ ਸਨ। ਫੇਰ ਉਹਨੇ ਇਕ ਰੌਣਕੀ ਪੋਲਕਾ ਸ਼ੁਰੂ ਕੀਤਾ ਤੇ ਉਹਦੇ ਆਲੇ-ਦੁਆਲੇ ਦੀ ਹਰ ਚੀਜ਼ ਨੱਚਣ ਲਗ ਪਈ: ਤਾਰੇ ਇੰਜ ਘੁਮਾਟੀਆਂ ਤੇ ਵਲ ਖਾਣ ਲਗ ਪਏ, ਜਿਵੇਂ ਸਿਆਲਾਂ ਵਿਚ ਝੱਖੜ ਦੀ ਬਰਫ਼ ਖਾਂਦੀ ਏ, ਬੱਦਲ ਅਸਮਾਨ ਵਿਚ ਤਾਰੀਆਂ ਲਾਣ ਲਗ ਪਏ, ਤੇ ਮੱਛੀਆਂ ਇੰਜ ਭੁੜਕਣ ਤੇ ਪਾਣੀ ਨਾਲ ਟਪ-ਟਪ ਵੱਜਣ ਲਗੀਆਂ ਕਿ ਦਰਿਆ ਉਬਲਦੇ ਪਾਣੀ ਵਾਂਗ ਖੌਲਣ ਲਗ ਪਿਆ।

ਏਥੋਂ ਤਕ ਕਿ ਪਾਣੀ ਦੇ ਦੇਆਂ ਦਾ ਰਾਜਾ ਵੀ ਆਪਣੇ ਆਪ ਨੂੰ ਨਾ ਰੋਕ ਸਕਿਆ ਤੇ ਉਹ ਵੀ ਨੱਚਣ ਲੱਗ ਪਿਆ, ਤੇ ਉਹਨੇ ਇੰਜ ਲੁੱਡੀ ਪਾਈ ਕਿ ਦਰਿਆ ਦਾ ਪਾਣੀ ਕੰਢਿਉਂ ਬਾਹਰ ਵਹਿ ਨਿਕਲਿਆ। ਦੈਂਤ ਡਰ ਗਏ ਤੇ ਆਪਣੇ ਛਪੜਾਂ ਵਿਚੋਂ ਭਜ ਨਿਕਲੇ, ਪਰ ਭਾਵੇਂ ਉਹ ਰੋਹ ਨਾਲ ਦੰਦ ਕਰੀਚਦੇ ਰਹੇ, ਉਹ ਚਿੰਤਾਰੇ ਵਾਲੇ ਦਾ ਕੁਝ ਵੀ ਨਹੀਂ ਸਨ ਵਿਗਾੜ ਸਕਦੇ।

ਤੇ ਚਿੰਤਾਰੇ ਵਾਲੇ ਨੇ ਜਦੋਂ ਤਕਿਆ ਕਿ ਪਾਣੀ ਦੇ ਦੇਆਂ ਦਾ ਰਾਜਾ ਲੋਕਾਂ ਦੀਆਂ ਪੈਲੀਆਂ ਤੇ ਬਾਗ਼ਾਂ ਵਿਚ ਹੜ੍ਹ ਲਿਆ ਰਿਹਾ ਸੀ, ਉਹਨੇ ਚਿੰਤਾਰਾ ਵਜਾਣਾ ਬੰਦ ਕਰ ਦਿਤਾ, ਚਿੰਤਾਰੇ ਨੂੰ ਝੋਲੇ ਵਿਚ ਪਾ ਲਿਆ ਤੇ ਆਪਣੇ ਰਾਹੇ ਪੈ ਗਿਆ।

ਉਹ ਟੁਰਦਾ ਗਿਆ, ਟੁਰਦਾ ਗਿਆ, ਤੇ ਚਾਣਚਕ ਹੀ ਦੋ ਜਵਾਨ ਮਲਕ ਭੱਜੇ-ਭੱਜੇ ਉਹਦੇ ਕੋਲ ਆਏ।

"ਅਜ ਰਾਤੀਂ ਸਾਡੇ ਨਾਚ ਏ," ਉਹਨਾਂ ਆਖਿਆ। "ਚਿੰਤਾਰੇ ਵਾਲਿਆ, ਆ, ਸਾਡੇ ਲਈ ਸੰਗੀਤ ਵਜਾ, ਅਸੀਂ ਤੈਨੂੰ ਚੰਗੇ ਪੈਸੇ ਦਿਆਂਗੇ।"

ਚਿੰਤਾਰੇ ਵਾਲੇ ਨੇ ਸੋਚਿਆ, ਉਹ ਕਰੇ ਤਾਂ ਕੀ ਕਰੇ! ਰਾਤ ਹਨੇਰੀ ਸੀ, ਤੇ ਉਹਦੇ ਕੋਲ ਸੌਣ ਨੂੰ ਥਾਂ ਕੋਈ ਨਹੀਂ ਸੀ, ਤੇ ਨਾ ਹੀ ਕੋਲ ਪੈਸੇ ਸਨ।

"ਠੀਕ ਏ," ਉਹਨੇ ਆਖਿਆ, "ਮੈਂ ਤੁਹਾਡੇ ਲਈ ਵਜਾ ਦਿਆਂਗਾਂ ਸੰਗੀਤ।"

ਨੌਜਵਾਨ ਮਲਕ ਚਿੰਤਾਰੇ ਵਾਲੇ ਨੂੰ ਇਕ ਮਹਿਲ ਵਿਚ ਲੈ ਆਏ, ਜਿਥੇ ਏਨੇ ਨੌਜਵਾਨ ਮਲਕ ਤੇ ਮਲਕਾਣੀਆਂ ਸਨ ਕਿ ਗਿਣੀਆਂ ਹੀ ਨਹੀਂ ਸਨ ਜਾ ਸਕਦੀਆਂ।

ਤੇ ਓਥੇ ਮੇਜ਼ ਉਤੇ ਇਕ ਵਡਾ ਸਾਰਾ ਪਿਆਲਾ ਰਖਿਆ ਹੋਇਆ ਸੀ, ਤੇ ਸਾਰੇ ਨੌਜਵਾਨ ਮਲਕ ਤੇ ਮਲਕਾਣੀਆਂ ਵਾਰੋ-ਵਾਰੀ ਉਹਦੇ ਵਲ ਭੱਜੇ ਜਾ ਰਹੇ ਸਨ। ਉਹ ਵਾਰੋ-ਵਾਰੀ ਉਂਗਲ ਪਿਆਲੇ ਵਿਚ ਪਾਂਦੇ ਤੇ ਫੇਰ ਉਹਨੂੰ ਅੱਖਾਂ ਉਤੇ ਫੇਰਦੇ।

ਚਿੰਤਾਰੇ ਵਾਲਾ ਵੀ ਪਿਆਲੇ ਕੋਲ ਗਿਆ, ਉਹਨੇ ਉਂਗਲ ਡੋਬੀ ਤੇ ਆਪਣੀਆਂ ਅੱਖਾਂ ਉਤੇ ਫੇਰੀ। ਜਿਵੇਂ ਹੀ ਉਹਨੇ ਇੰਜ ਕੀਤਾ, ਉਹਨੂੰ ਦਿਸ ਪਿਆ ਕਿ ਓਥੇ ਮਹਿਲ ਕੋਈ ਨਹੀਂ ਸੀ, ਸਗੋਂ ਆਪ ਪਾਤਾਲ ਸੀ, ਤੇ ਮਲਕ-ਮਲਕਾਣੀਆਂ ਕੋਈ ਨਹੀਂ ਸਨ, ਸਗੋਂ ਦੈਂਤ ਤੇ ਦੈਂਤਾਣੀਆਂ ਸਨ।

"ਹੱਛਾ, ਤੇ ਨਾਚ ਏਸ ਕਿਸਮ ਦੈ!" ਚਿੰਤਾਰੇ ਵਾਲੇ ਨੇ ਦਿਲ ਵਿਚ ਸੋਚਿਆ। "ਠਹਿਰ ਜਾਓ, ਸੰਗੀਤ ਵੀ ਮੈਂ ਤੁਹਾਨੂੰ ਚੰਗਾ ਸੁਣਾਨਾਂ।"

ਤਾਂ ਉਹਨੇ ਚਿੰਤਾਰਾ ਸੁਰ ਕੀਤਾ ਤੇ ਉਹਦਾ ਗਜ਼ ਸਾਜ਼ ਦੀਆਂ ਜਿਊਂਦੀਆਂ ਤਾਰਾਂ ਉਤੇ ਫਿਰਿਆ, ਤੇ ਉਹਦੇ ਚੁਗਿਰਦੇ ਦਾ ਸਾਰਾ ਕੁਝ ਢੇਰੀ ਹੋ ਗਿਆ, ਤੇ ਦੈਂਤ ਤੇ ਦੈਂਤਾਣੀਆਂ ਉਡ-ਪੁਡ ਗਏ ਤੇ ਫੇਰ ਕਦੀ ਵੀ ਨਾ ਦਿੱਸੇ।

  • ਮੁੱਖ ਪੰਨਾ : ਲੋਕ ਕਹਾਣੀਆਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ