Jago Meete Vich (Punjabi Story) : Surinder Singh Narula
ਜਾਗੋ ਮੀਟੇ ਵਿੱਚ (ਕਹਾਣੀ) : ਸੁਰਿੰਦਰ ਸਿੰਘ ਨਰੂਲਾ
ਖਸ ਨਾਲ ਢਕੇ ਹੋਏ ਵਰਾਂਡੇ ਵਿੱਚ ਤਰਕਾਲਾਂ ਦਾ ਘੁਸ ਮੁਸਾ ਸੀ, ਪਰ ਉੱਚੇ ਰੋਸ਼ਨਦਾਨਾਂ ਚੋਂ ਆਉਂਦੀ ਦੁਪਹਿਰ ਦੀ ਧੁਪ ਵਰਾਂਡੇ ਦੀ ਛੱਤ ਨੂੰ ਉਜਾਗਰ ਕਰ ਰਹੀ ਸੀ । ਬਾਹਰ ਹੁਮਸ ਹੋਣ ਕਰਕੇ ਅੰਦਰ ਦੀ ਹਵਾ ਉਭੇ ਸਾਹ ਲੈਂਦੇ, ਦਮੇ-ਰੋਗੀ ਦੇ ਸਾਹ ਵਾਂਗ ਗਲ-ਘੋਟੂ ਸੀ ।ਵਰਾਂਡੇ ਦੇ ਅੰਦਰਵਾਰ ਇੱਕ ਉੱਚੇ ਥੰਮ੍ਹੇ ਤੇ ਮੱਖੀਆਂ ਦੀ ਅਹਿਲ ਕਤਾਰ ਸੀ, ਜਿਵੇਂ ਉਹ ਮੱਖੀ-ਮਾਰ ਕਾਗ਼ਜ਼ ਨਾਲ ਚਿਮਟ ਕੇ ਰਹਿ ਗਈਆਂ ਹੋਣ । ਕਦੇ ਕਦੇ ਰੋਸ਼ਨਦਾਨਾਂ ਵਿੱਚ ਚਿੜੀਆਂ ਦੇ ਲੜਨ ਦੀ ਆਵਾਜ਼ ਜਾਂ ਬਾਹਰਲੀ ਸੜਕ ਤੇ ਅਚਨਚੇਤ ਟਾਂਗੇ ਦਾ ਖੜਾਕ ਵਰਾਂਡੇ ਦੀ ਚੁਪ-ਚਾਂ ਨੂੰ ਤੋੜ ਦੇਂਦਾ ਸੀ ।
ਹਰੀਆ ਦਫ਼ਤਰ ਦੇ ਬੂਹੇ ਅਗੇ ਬੈਠਾ ਪੱਖੇ ਦੀ ਰਸੀ ਨੂੰ ਖਿਚ ਰਿਹਾ ਸੀ । ਉਸਦੇ ਛੀਟਕੇ ਸਰੀਰ ਦੀਆਂ ਰਗਾਂ ਗਰਮੀ ਕਰਕੇ ਉਭਰੀਂਆਂ ਹੋਈਆਂ ਸਨ ਤੇ ਜਦੋਂ ਉਹ ਪੱਖੇ ਨੂੰ ਖਿਚਣ ਲਗਾ ਆਪਣੀ ਅਰਕ ਤਕ ਨੰਗੀ ਬਾਂਹ ਨੂੰ ਉਤਾਂਹ ਚੁਕਦਾ ਤਾਂ ਉਸ ਦੀਆਂ ਰਗਾਂ ਹੋਰ ਵੀ ਉਘੜੀਆਂ ਨਜ਼ਰ ਆਉਂਦੀਆਂ । ਉਸਦੇ ਗਲ ਦੇ ਖੱਦਰ ਦੇ ਕੁੜਤੇ ਨੇ ਉਸਦੇ ਸੁਕੜੇ ਸਰੀਰ ਨੂੰ ਗੰਢ ਵਾਂਗ ਲਪੇਟਿਆ ਹੋਇਆ ਸੀ । ਉਸ ਦੇ ਕੁੜਤੇ ਦੇ ਕਾਜਾਂ ਨਾਲ ਲਮਕੇ ਹੋਏ ਜਿਸਤ ਦੇ ਬਟਨਾਂ ਦੀਆਂ ਪਿਠਾਂ ਨਿਮ੍ਹੀ ਧੁਪ ਦੀ ਰੋਸ਼ਨੀ ਵਿੱਚ ਨਕਲੀ ਹੀਰਿਆਂ ਵਾਂਗ ਚਮਕ ਰਹੀਆਂ ਸਨ । ਆਪਣੀਆਂ ਅੱਖਾਂ ਮੀਟ ਕੇ ਉਹ ਪੱਖੇ ਦੀ ਰੱਸੀ ਨੂੰ ਖਿਚੀ ਜਾ ਰਿਹਾ ਸੀ । ਜਦੋਂ ਉਹ ਆਕੜ ਭੰਨਦਾ ਹੋਇਆ ਆਪਣੀ ਸੱਜੀ ਲੱਤ ਨੂੰ ਸਿਧਾ ਕਰਦਾ ਤਾਂ ਉਸਦਾ ਕਾਲੇ ਲੁਧਿਆਣੇ ਦਾ ਪਜਾਮਾਂ ਸੁੱਕੀ ਕੌਲ ਚਪਣੀ ਵਾਂਗ ਉਭਰ ਆਉਂਦਾ।
ਹਰੀਏ ਦੀਆਂ ਅੱਖਾਂ ਬੰਦ ਸਨ ਪਰ ਉਹ ਮਸ਼ੀਨ ਵਾਂਗ ਪੱਖੇ ਦੀ ਰੱਸੀ ਨੂੰ ਖਿਚੀ ਜਾਂਦਾ ਸੀ । ਅਚਨਚੇਤ ਉਸ ਦੀ ਅੱਖ ਖੁਲ੍ਹ ਜਾਂਦੀ ਤੇ ਵਰਾਂਡੇ ਦੇ ਥਮ੍ਹਾਂ ਦੇ ਸਾਏ ਉਸਨੂੰ ਫੈਲਦੇ ਨਜ਼ਰ ਆਉਂਦੇ।ਰੱਸੀ ਦਾ ਲੰਬਾ ਸਾਇਆ ਵਿੰਨ੍ਹੇ ਹੋਏ ਸੱਪ ਵਾਂਗ ਤੜਫ਼ ਰਿਹਾ ਸੀ।
ਨੀਂਦਰ ਨਾਲ ਹਰੀਏ ਦੀਆਂ ਅੱਖਾਂ ਭਾਰੀਆਂ ਹੋ ਰਹੀਆਂ ਸਨ ਤੇ ਉਸ ਦੀ ਰੰਗ-ਬਰੰਗੇ ਅਬਰਕ ਨਾਲ ਸਜੀ ਹੋਈ ਟੋਪੀ ਇੱਕ ਪਾਸੇ ਨੂੰ ਸਰਕ ਜਾਂਦੀ। ਅੱਖਾਂ ਦੇ ਥੱਲੇ ਲਮਕਦੀਆਂ ਮਾਸ ਦੀਆਂ ਥੈਲੀਆਂ ਖੁੰਬਾਂ ਵਾਂਗ ਢਲਕ ਜਾਂਦੀਆਂ ਸਨ । ਉਸ ਦੇ ਸਜੇ ਹੱਥ ਨੇ ਰੱਸੀ ਨੂੰ ਖਿਚਣਾ ਬੰਦ ਕਰ ਦਿੱਤਾ ਤੇ ਉਸਦਾ ਸਿਰ ਸਜੇ ਮੋਢੇ ਨੂੰ ਢਿਲ਼ਕ ਗਿਆ।
ਦਰਵਾਜ਼ੇ ਨਾਲ ਦੀ ਚਿਕ ਨੂੰ ਹਟਾ ਕੇ ਇੱਕ ਮਰੀਅਲ ਜਿਹਾ ਬਾਬੂ ਜਿਸਦੀ ਚਿੱਟੀ ਪਤਲੂਣ ਵਟੋ ਵਟ ਹੋਈ ਹੋਈ ਸੀ, ਤੇ ਚਿਹਰੇ ਤੇ ਬੇਰੌਣਕੀ ਜਹੀ ਸੀ, ਬਾਹਰ ਆਇਆ । ਆਉਂਦਿਆਂ ਹੀ ਉਸਨੇ ਹਰੀਏ ਦੇ ਸਿਰ ਤੇ ਪਟੋਕੀ ਮਾਰੀ ਤੇ ਜਦੋਂ ਹਰੀਏ ਨੇ ਅੱਖਾਂ ਖੋਲ੍ਹੀਆਂ ਤਾਂ ਉਸ ਦੀਆਂ ਅੱਖਾਂ ਦੇ ਲਾਲ ਡੋਰੇ ਨਿਮ੍ਹੀ ਧੁਪ ਵਿਚ ਉਭਰ ਆਏ, ਤੇ ਪੁਤਲੀ ਦੀ ਸਿਆਹੀ ਇੱਕ ਨੁਕਰੇ ਡੁਲ੍ਹ ਗਈ ।
"ਓਏ ਸੌਹਰੀ ਦਿਆ, ਤੈਨੂੰ ਜਹਾਨੋਂ ਆਖ਼ਰ ਦੀ ਨੀਂਦਰ ਆਉਂਦੀ ਏ ? ਅੰਦਰ ਹੁਸੜ ਨਾਲ ਦਮ ਘੁਟਦਾ ਏ, ਤੂੰ ਬਾਹਰ ਬੈਠਾ ਊਂਘ ਰਿਹਾ ਏਂ।ਇੱਕ ਮਿੰਟ ਵੀ ਰੱਸੀ ਢਿਲੀ ਛੱਡੀ ਤਾਂ ਤਾਲੂ ਗੰਜਾ ਕਰ ਦਿਆਂਗਾ ।" ਬਾਬੂ ਇਹ ਆਖਦਾ ਹੋਇਆ ਹੌਕਣ ਲਗ ਪਿਆ ਤੇ ਉਸਦੀ ਗਿਚੀ ਦੇ ਥਲੇ ਦਾ ਟੋਇਆ ਡੂੰਘਾ ਹੋ ਗਿਆ ।
ਹਰੀਏ ਨੇ ਸੱਜੇ ਹੱਥ ਦੀ ਪਿਠ ਨਾਲ ਅੱਖਾਂ ਨੂੰ ਮਲਿਆ ।ਹੱਥ ਦੀ ਪਿਠ ਤੇ ਫੁਲੇਰੀ ਦੇ ਦਾਗ਼ ਸਨ।
ਹਰੀਆ ਰੱਸੀ ਨੂੰ ਜ਼ੋਰ ਜ਼ੋਰ ਨਾਲ ਖਿਚ ਰਿਹਾ ਸੀ ਤੇ ਰੱਸੀ ਦੀ ਰੀਲ ਦੀ ਚੀਂ ਚੀਂ ਉਚੀ ਹੋ ਗਈ । ਹਰੀਏ ਨੂੰ ਨਿਛ ਆਉਣ ਲਗੀ ਤਾਂ ਉਸ ਦੀਆਂ ਦੰਦਾਂ ਨਾਲ ਟੁਕੀਆਂ ਤੇ ਕੈਂਚੀ ਨਾਲ ਕੁਤਰੀਆਂ ਮੁਛਾਂ ਕੀੜੀਆਂ ਦੇ ਭੌਣ ਵਾਂਗ ਕੁਰਬਲ ਕੁਰਬਲ ਕਰ ਉਠੀਆਂ।
ਰੱਸੀ ਦੀ ਚੀਂ ਚੀਂ ਘਟ ਹੁੰਦੀ ਗਈ ਤੇ ਉਹ ਫੇਰ ਊਂਘਣ ਲਗ ਪਿਆ ।ਉਸ ਦੀ ਠੋਡੀ ਉਸ ਦੀ ਹਿਕ ਨਾਲ ਜਾ ਲਗੀ।ਉਸਦੇ ਬੁਲ੍ਹ ਫਰਕ ਰਹੇ ਸਨ ਤੇ ਉਸ ਦੀ ਲੰਬੀ ਆਕੜੀ ਹੋਈ ਲੱਤ ਟੁਟੇ ਟਹਿਣ ਵਾਂਗ ਇੱਕ ਪਾਸੇ ਨੂੰ ਹੋ ਗਈ । ਹਰੀਏ ਦੇ ਬੁਲ੍ਹਾਂ ਤੇ ਮੁਸਕਾਨ ਜਹੀ ਆਈ ਤੇ ਰੋਸ਼ਨੀ ਵਿੱਚ ਉਸ ਦੇ ਪੀਲੇ ਮੈਲ-ਮਾਰੇ ਦੰਦ ਚਮਕ ਉਠੇ।
+++ +++
ਹੁਸ਼ਿਆਰਪੁਰ ਦੇ ਇੱਕ ਛੋਟੇ ਜਹੇ ਪਿੰਡ ਵਿੱਚ ਸੰਝ ਦਾ ਵੇਲਾ ਸੀ। ਕੁਝ ਪਹਾੜੀ ਮੁੰਡੇ ਸਿਰੋਂ ਨੰਗੇ, ਪੈਰੋਂ ਨੰਗੇ ਮੈਲੇ ਖੱਦਰ ਦੇ ਤੰਗ ਕੁੜਤੇ ਪਾਈ ਪਹਾੜੀ ਗਊਆਂ ਪਿੰਡ ਵਲ ਹਿਕ ਰਹੇ ਸਨ। ਇਸ ਵੇਲੇ ਉਹ ਇੱਕ ਪਗਡੰਡੀ ਤੇ ਉਤਾਂਹ ਨੂੰ ਚੜ੍ਹ ਰਹੇ ਸਨ।
ਉਨ੍ਹਾਂ ਚੋਂ ਇੱਕ ਮੁੰਡੇ ਨੇ ਆਪਣੇ ਸੱਜੇ ਹੱਥ ਦੀ ਉਂਗਲ ਨਾਲ ਅੱਖਾਂ ਤੇ ਛਪਰ ਬਣਾਉਂਦਿਆਂ ਆਖਿਆ :
"ਓਏ ਹਰੀਏ ਤੈਨੂੰ ਇੱਕ ਬਾਤ ਗਲਾਵਾਂ ?"
ਸਾਰੇ ਮੁੰਡੇ ਇਕੇ ਵਾਰ ਹੀ ਬੋਲ ਉਠੇ, "ਗਲਾਵੀਂ ਓਏ ਗਲਾਵੀਂ।"
"ਸੁਣ ਓਏ ਹਰੀਆ। ਤੂੰ ਥਾ, ਤੁਸ ਦਾ ਥਾ ਭਾਉ ਤੇ ਉਸਦੀ ਲਾੜ੍ਹੀ। ਸਭੇ ਰਾਤ ਕਟਣੇ ਜੋ ਸ਼ਿਆਰਪੁਰੇ ਦੇ ਟੇਸ਼ਣੇ ਤੇ ਠਹਿਰੀ ਗਏ । ਕੋਈ ਅਧੀ ਰਾਤੀ ਜੋ ਮਾਂ ਖੁਚੈ ਨੇ ਦੋ ਚੋਰ ਆਏ, ਨਾਲੇ ਲੁਟੀ ਗਏ ਨਾਲੇ ਪੁਟੀ ਗਏ ਨਾਲੇ ਤੁਸ ਦੇ ਭਾਉ ਦੀ ਲਾੜੀ ਏ ਜੋ ਲਈ ਗਏ।"
ਇਹ ਆਖ ਕੇ ਉਹ ਮੁੰਡਾ ਆਪ-ਮੁਹਾਰਾ ਹਸਣ ਲਗ ਪਿਆ ਤੇ ਨਾਲ ਦੇ ਮੁੰਡਿਆਂ ਨੇ ਵੀ ਖਿਲੀ ਮਚਾ ਦਿੱਤੀ।
ਹਰੀਏ ਨੇ ਕ੍ਰੋਧ ਨਾਲ ਗਾਂਈਆਂ ਹਿਕਣ ਵਾਲੀ ਸੋਟੀ ਉਸ ਮੁੰਡੇ ਵਲ ਉਲਾਰੀ ਪਰ ਇੱਕ ਡਿਗੇ ਹੋਏ ਦਰੱਖ਼ਤ ਨਾਲ ਉਸਦਾ ਪੈਰ ਅੜ ਗਿਆ ਤੇ ਉਹ ਮੂੰਹ ਪਰਨੇ ਜ਼ਮੀਨ ਤੇ ਜਾ ਪਿਆ । ਉਸ ਦੇ ਸਿਰ ਨੂੰ ਇੱਕ ਚੰਗਾ ਤਕੜਾ ਧੱਕਾ ਵੱਜਾ।
"ਓਏ ਸਹੁਰੀ ਦਿਆ ਫੇਰ ਸੌਂ ਗਿਆ ਏਂ ?" ਦਫ਼ਤਰ ਦੇ ਬਾਊ ਨੇ ਬਾਹਰ ਆ ਕੇ ਹਰੀਏ ਦੇ ਸਿਰ ਤੇ ਪਟੋਕੀ ਮਾਰ ਕੇ ਆਖਿਆ।
ਹਰੀਏ ਦੀ ਅੱਖ ਖੁਲ੍ਹ ਗਈ ਤੇ ਪੇਂਡੂ ਮੁੰਡਿਆਂ ਦੀ ਖਿਲੀ ਬਾਊ ਦੀ ਕੁਰੱਖਤ ਆਵਾਜ਼ ਵਿੱਚ ਬਦਲ ਗਈ।
"ਜੇ ਹੁਣ ਰਸੀ ਢਿਲੀ ਛੱਡੀ ਤਾਂ ਵਖੀਆਂ ਸੇਕ ਦਿਆਂਗਾ ।" ਬਾਊ ਬੁੜ ਬੁੜ ਕਰਦਾ ਵਾਪਸ ਮੁੜ ਗਿਆ ਤੇ ਹਰੀਆ ਮੁੜ ਕੇ ਰੱਸੀ ਨੂੰ ਜ਼ੋਰ ਜ਼ੋਰ ਨਾਲ ਖਿਚਣ ਲਗ ਪਿਆ ।
ਹਰੀਏ ਦੀ ਅਰਕ ਤਕ ਨੰਗੀ ਬਾਂਹ ਦੀਆਂ ਰਗਾਂ ਲਾਸਾਂ ਵਾਂਗ ਉਭਰੀਆਂ ਹੋਈਆਂ ਸਨ ਤੇ ਜਦ ਉਸ ਨੇ ਆਕੜ ਭੰਨ ਕੇ ਲੱਤ ਸਿਧੀ ਕੀਤੀ ਤਾਂ ਕਾਲੇ ਲੁਧਿਆਣੇ ਦਾ ਪਜਾਮਾ ਕੌਲ ਚਪਣੀ ਵਾਂਗ ਉਭਰ ਆਇਆ ।
('ਜਗਰਾਤਾ' ਵਿੱਚੋਂ)