Punjabi Stories/Kahanian
ਨਵਤੇਜ ਸਿੰਘ
Navtej Singh
Punjabi Kavita
  

Jallhianwala Jaag Pia Navtej Singh

ਜਲ੍ਹਿਆਂਵਾਲਾ ਜਾਗ ਪਿਆ ਨਵਤੇਜ ਸਿੰਘ

ਜਿਸ ਰੋਜ਼ਾਨਾ ਅਖ਼ਬਾਰ ਵਿਚ ਮੈਂ ਰਿਪੋਰਟਰ ਦਾ ਕੰਮ ਕਰਦਾ ਹਾਂ, ਉਹਦਾ 'ਆਜ਼ਾਦੀ ਨੰਬਰ' ਬੜੀ ਸਜ ਧਜ ਨਾਲ ਨਿਕਲ ਰਿਹਾ ਸੀ। ਆਜ਼ਾਦੀ ਬਾਰੇ ਲੇਖ ਤੇ ਬਿਆਨ ਛਪਣ ਲਈ ਆ ਰਹੇ ਸਨ, ਆਜ਼ਾਦੀ ਦੀਆਂ ਤਸਵੀਰਾਂ ਦੇ ਬਲਾਕ ਬਣ ਰਹੇ ਸਨ, ਤੇ ਧੜਾ ਧੜ ਇਸ਼ਤਿਹਾਰ ਬੁੱਕ ਹੋ ਰਹੇ ਸਨ।
ਸਾਡੇ ਇਸ਼ਤਿਹਾਰ ਮੈਨੇਜਰ ਨੂੰ ਮਾਲਕ ਨੇ ਕਿਹਾ ਸੀ, "ਹਰ ਵਰ੍ਹੇ ਆਜ਼ਾਦੀ ਦਿਨ ਅਖ਼ਬਾਰਾਂ ਲਈ ਇਸ਼ਤਿਹਾਰਾਂ ਦੀ ਤੀਣੀ ਚੌਣੀ ਆਮਦਨ ਦਾ ਢੋਆ ਲੈ ਕੇ ਔਂਦਾ ਏ!"
ਇਸ਼ਤਿਹਾਰ ਆ ਰਹੇ ਸਨ ਜਿਨ੍ਹਾਂ ਵਿਚ ਬਿਸਕੁਟ, ਕ੍ਰਿਕਟ ਬੈਟ ਤੇ ਬੰਦੂਕ, ਮਾਰਵਾੜੀ ਸੀਮਾ ਕੰਪਨੀ, ਬਰਤਾਨਵੀ ਬੈਂਕ, ਤੇ ਅਮਰੀਕਨ ਕੋਕਾ ਕੋਲਾ… ਗੱਲ ਕੀ ਹਰ ਚੀਜ਼ ਦਾ ਸਾਡੇ ਦੇਸ਼ ਦੀ ਆਜ਼ਾਦੀ ਨਾਲ ਨਹੁੰ-ਮਾਸ ਦਾ ਰਿਸ਼ਤਾ ਖੋਲ੍ਹ ਕੇ ਦੱਸਿਆ ਗਿਆ ਸੀ।
ਸ਼ੈਦ ਸਾਨੂੰ ਆਜ਼ਾਦ ਕਰ ਕੇ ਆਪਣੇ ਘਰ ਚਲੇ ਜਾਣ ਵਾਲਿਆਂ ਦੀ ਸਜਰੀ ਪੈੜ ਦਾ ਰੇਤਾ ਹਿੱਕ ਨੂੰ ਲਾਣ ਦਾ ਯਤਨ ਸੀ, ਤਕਰੀਬਨ ਹਰ ਲੇਖ, ਬਿਆਨ ਤੇ ਇਸ਼ਤਿਹਾਰ ਅੰਗ੍ਰਜ਼ੀ ਵਿਚ ਸੀ।
ਤਰਜਮਾ ਕਰਨ ਵਾਲੇ ਸਟਾਫ਼ ਦੇ ਵਿਤੋਂ ਕੰਮ ਕਿਤੇ ਵਧ ਜਾਣ ਕਰਕੇ ਸਾਨੂੰ ਰਿਪੋਰਟਰਾਂ ਨੂੰ ਵੀ ਇਸੇ ਕੰਮ ਉਤੇ ਨੂੜ ਦਿੱਤਾ ਗਿਆ ਸੀ। ਨਾਲੇ ਰਿਪੋਰਟਾਂ ਤੇ ਅੱਗੇ ਵੀ ਸਾਨੂੰ ਦਫ਼ਤਰ ਵਿਚ ਬਹਿ ਕੇ ਹੀ ਲਿਖਣੀਆਂ ਪੈਂਦੀਆਂ ਸਨ। ਜੋ ਅੱਖਾਂ ਨਾਲ ਵੇਖੀਦਾ ਹੈ, ਓਹੀ ਤੇ ਸਿੱਧਾ ਸਪਾਟ ਨਹੀਂ ਨਾ ਲਿਖ ਦੇਈਦਾ! ਸਭ ਕੁਝ ਇਹ ਸੋਚ ਵਿਚਾਰ ਕੇ ਲਿਖੀਦਾ ਹੈ ਕਿ ਸਾਡੀ ਅਖ਼ਬਾਰ ਦੇ ਡਾਇਰੈਕਟਰ ਇਹਨੂੰ ਕਿਸ ਤਰ੍ਹਾਂ ਪੇਸ਼ ਕਰਨਾ ਚਾਹੁਣਗੇ।
ਸੋ ਏਨੇ ਦਿਨ ਆਜ਼ਾਦੀ… ਆਜ਼ਾਦੀ… ਦਫ਼ਤਰ ਦੇ ਕਲਾਕ ਵਾਂਗ ਸਾਡੇ ਦਿਮਾਗ ਵਿਚ ਟਿਕ ਟਿਕ ਹੁੰਦੀ ਰਹੀ ਸੀ, ਤੇ ਆਜ਼ਾਦੀ… ਆਜ਼ਾਦੀ… ਸਾਡੀ ਕਲਮ ਦੀ ਸਿਆਹੀ ਵਗਦੀ ਰਹੀ ਸੀ। 'ਆਜ਼ਾਦੀ ਨੰਬਰ' ਦੀ ਇਹ ਗਾਹੜ ਮੁੱਕਦਿਆਂ ਸਾਰ ਹੀ ਮੇਰੀ ਨੌਕਰੀ ਫੇਰ ਮੈਨੂੰ ਅਜਿਹੇ ਥਾਂ 'ਤੇ ਲੈ ਗਈ ਜਿੱਥੇ ਹਰ ਚੌਥਾ ਲਫ਼ਜ਼ ਜਿਹੜਾ ਮੇਰੇ ਕੰਨੀਂ ਪੈਂਦਾ ਉਹ 'ਆਜ਼ਾਦੀ' ਸੀ।
ਜਲ੍ਹਿਆਂਵਾਲੇ ਬਾਗ਼ ਵਿਚ ਆਜ਼ਾਦੀ ਦਿਨ ਮਨਾਇਆ ਜਾ ਰਿਹਾ ਸੀ, ਤੇ ਮੈਂ ਇਸ ਜਲਸੇ ਦੀ ਰਿਪੋਰਟ ਲਿਖਣੀ ਸੀ।
ਬੜੇ ਉੱਘੇ ਕੌਮੀ ਨੇਤਾ ਸਟੇਜ ਉੱਤੇ ਸਜੇ ਹੋਏ ਸਨ। ਝੰਡੇ ਝੰਡੀਆਂ ਨੇ ਉਨ੍ਹਾਂ ਦੇ ਸਿਰਾਂ ਉੱਤੇ ਜਿਵੇਂ ਇਕ ਸਾਇਬਾਨ ਤਣ ਦਿੱਤਾ ਸੀ। ਕੌਮੀ ਨੇਤਾ ਵਾਰੀ ਵਾਰੀ ਬੋਲ ਰਹੇ ਸਨ – ਤੇ ਜਿਸ ਤਰ੍ਹਾਂ ਸਾਡੇ 'ਆਜ਼ਾਦੀ ਨੰਬਰ' ਦੇ ਹਰ ਇਸ਼ਤਿਹਾਰ ਵਿਚ ਆਜ਼ਾਦੀ ਦਾ ਸਬੰਧ ਇਸ਼ਤਿਹਾਰ ਦੇਣ ਵਾਲੀ ਫ਼ਰਮ ਦੇ ਮਾਲ – ਭਾਵੇਂ ਕ੍ਰਿਕਟ ਬੈਟ ਜਾਂ ਬੰਦੂਕ, ਭਾਵੇਂ ਬਰਤਾਨਵੀ ਬੈਂਕ ਜਾਂ ਅਮਰੀਕਨ ਕੋਕਾ ਕੋਲਾ ਨਾਲ ਖੋਲ੍ਹ ਕੇ ਦੱਸਿਆ ਗਿਆ ਸੀ, ਉਸੇ ਤਰ੍ਹਾਂ ਹੀ ਇੱਥੇ ਸਾਰੇ ਨੇਤਾ ਵਾਰੀ ਵਾਰੀ ਆਪਣੀ ਪਾਰਟੀ ਨਾਲ ਆਜ਼ਾਦੀ ਦਾ, ਤੇ ਆਜ਼ਾਦੀ ਨਾਲ ਆਪਣੀ ਪਾਰਟੀ ਦੇ ਸਬੰਧ ਖੋਲ੍ਹ ਕੇ ਸਮਝਾਅ ਰਹੇ ਸਨ – ਇਕ ਬੀਜ ਸੀ ਤੇ ਦੂਜਾ ਬੂਟਾ, ਤੇ 'ਅਹਿੰਸਾ' ਇਸ ਬੂਟੇ ਲਈ ਜਿਵੇਂ ਖਾਦ ਸੀ। ਤੇ ਭਾਸ਼ਣ ਜਾਰੀ ਸਨ… ਆਜ਼ਾਦੀ… ਸਾਡੀ ਪਾਰਟੀ… ਆਜ਼ਾਦੀ।
ਏਸ ਖੁੱਲ੍ਹੇ ਬਾਗ਼ ਵਿਚ ਵੀ ਦਫ਼ਤਰ ਦੇ ਕਲਾਕ ਵਰਗੀ ਟਿਕ ਟਿਕ ਲਗਾਤਾਰ ਨਿੱਕੀਆਂ ਨਿੱਕੀਆਂ ਹਥੌੜੀਆਂ ਵਾਂਗ ਮੇਰੇ ਦਿਮਾਗ ਵਿਚ ਵੱਜਣ ਲੱਗ ਪਈ। ਕੁਝ ਏਨੇ ਦਿਨਾਂ ਦੀ ਥਕਾਵਟ ਸੀ ਤੇ ਕੁਝ ਇਹ ਅਕਾਵੀਂ ਟਿਕ ਟਿਕ, ਮੈਨੂੰ ਊਂਘ ਜਿਹੀ ਔਂਦੀ ਜਾਪੀ। ਊਂਘ ਹਟਾਣ ਲਈ ਮੈਂ ਆਪਣੀ ਕਾਪੀ ਉੱਤੇ ਰਿਪੋਰਟ ਦਾ ਹੈੱਡਿੰਗ ਲਿਖਣਾ ਸ਼ੁਰੂ ਕੀਤਾ,
"ਆਜ਼ਾਦੀ ਦੇ ਤੀਰਥ… ਆਜ਼ਾਦੀ ਦਿਨ ਦਾ ਜਲਸਾ"
ਫੇਰ ਮੈਂ ਸੋਚਿਆ 'ਤੀਰਥ' ਤੇ 'ਜਲਸਾ' ਦੋਵਾਂ ਨਾਲ ਇਕ ਇਕ ਵਿਸ਼ੇਸ਼ਣ ਜੋੜ ਦਿੱਤਾ ਜਾਏ 'ਪਵਿੱਤਰ ਤੀਰਥ' – 'ਮਹਾਨ ਜਲਸਾ'।
ਸਾਡੀ ਪਾਰਟੀ… ਆਜ਼ਾਦੀ… ਨੇਤਾ ਬੋਲੀ ਜਾ ਰਹੇ ਸਨ। ਅਹਿੰਸਾ… ਆਦਮ-ਤਸ਼ੱਦਦ… ਲਾਊਡ ਸਪੀਕਰ ਗੂੰਜ ਰਹੇ ਸਨ।
ਤੇ ਨੀਂਦਰ ਨੇ ਮੈਨੂੰ ਆਪਣੇ ਵੱਸ ਕਰ ਲਿਆ…
ਜਲ੍ਹਿਆਂਵਾਲਾ ਬਾਗ਼ ਹੀ ਸੀ ਇਹ! ਪਰ ਅਛੋਪਲੇ ਹੀ ਸਰੋਤੇ ਤੇ ਬੁਲਾਰੇ ਦੋਵੇਂ ਬਦਲ ਗਏ ਸਨ। ਝੰਡੇ ਝੰਡੀਆਂ ਦਾ ਸਾਇਬਾਨ ਅਲੋਪ ਹੋ ਗਿਆ ਸੀ, ਤੇ ਅਲੋਪ ਉਹ ਅਕਾਵੀਂ ਟਿਕ ਟਿਕ, ਅਲੋਪ ਉਹ ਉਜਲੀਆਂ ਖੁੰਭ-ਚੜ੍ਹੀਆਂ ਪੁਸ਼ਾਕਾਂ। ਹੁਣ ਸਭਨਾਂ ਦੀਆਂ ਪੁਸ਼ਾਕਾਂ ਉੱਤੇ ਲਹੂ ਦੇ ਡਬ ਸਨ। ਇਕ ਕੁੜੀ ਉੱਠ ਕੇ ਖੜੋ ਗਈ, ਮਿੱਠੇ ਸੋਲ੍ਹਾਂ ਕੁ ਵਰ੍ਹਿਆਂ ਦੀ ਕੁੜੀ, "ਜਲ੍ਹਿਆਂਵਾਲੇ ਬਾਗ਼, ਮੈਂ ਤੇ ਮੇਰੇ ਪੰਜ ਸਾਥੀ ਕੂਚ-ਬਿਹਾਰ ਤੋਂ ਚਲ ਕੇ ਤੇਰੇ ਕੋਲ ਆਏ ਹਾਂ। ਮੇਰੇ ਨਾਲ ਸੁਰੇਸ਼ ਏ – ਸੱਤਾਂ ਵਰ੍ਹਿਆਂ ਦੀ ਕਬੀਤਾ ਏ, ਤੇ ਮੇਰਾ ਹਮਉਮਰ ਸਤੀਸ਼ – ਤੇ ਸਾਥੋਂ ਰਤਾ ਕੁ ਵੱਡੇ ਬਾਦਲ ਤੇ ਮਹਾਂਬੀਰ। ਜਿਸ ਮਹੀਨੇ ਡਾਇਰ ਨੇ ਤੇਰੀ ਹਿੱਕ ਉੱਤੇ ਗੋਲੀਆਂ ਚਲਾਈਆਂ ਸਨ, ਬੱਤੀ ਵਰ੍ਹਿਆਂ ਬਾਅਦ ਓਸੇ ਵਿਸਾਖ ਦੇ ਮਹੀਨੇ ਸਾਨੂੰ ਛਿਆਂ ਨੂੰ ਗੋਲੀ ਮਾਰੀ ਗਈ। ਅਸੀਂ ਭੁੱਖੇ ਸਾਂ, ਸਾਡੇ ਭੈਣ ਭਰਾ ਤੇ ਮਾਂ ਪਿਓ ਭੁੱਖੇ ਸਨ। ਤੇ ਅਸਾਂ ਸਭਨਾਂ ਰਲ ਕੇ ਆਪਣੀ ਸਰਕਾਰ ਕੋਲੋਂ ਰੋਟੀ ਮੰਗੀ – ਤੇ ਉਨ੍ਹਾਂ ਸਾਡੇ ਉੱਤੇ ਗੋਲੀ ਚਲਾਅ ਦਿੱਤੀ…"
ਇਕ ਮਾਂ ਉੱਠੀ, ਚਾਂਦੀ ਚਿੱਟੇ ਕੇਸਾਂ ਵਾਲੀ ਮਾਂ, "ਮੈਂ ਮਾਂ ਹਾਂ, ਮੇਰੀਆਂ ਅਣਗਿਣਤ ਧੀਆਂ ਨੇ। ਹਿੰਦੁਸਤਾਨ ਦੇ ਅਨੇਕਾਂ ਪਿੰਡਾਂ ਤੇ ਨਗਰਾਂ ਵਿਚ, ਸਭਨੀਂ ਥਾਈਂ ਮੇਰੀਆਂ ਹੀ ਧੀਆਂ ਵਸਦੀਆਂ ਨੇ। ਜਲ੍ਹਿਆਂਵਾਲੇ ਬਾਗ਼, ਇਨ੍ਹਾਂ ਪਿੰਡਾਂ ਵਿਚ ਅੱਜ ਦੇ ਡਾਇਰਾਂ ਨੇ ਮੇਰੀਆਂ ਧੀਆਂ ਨੂੰ ਆਪਣੇ ਪਿਓਵਾਂ ਤੇ ਆਪਣੇ ਭਰਾਵਾਂ ਨਾਲ ਜਬਰੀ ਨੰਗਿਆਂ ਲਿਟਾਇਆ ਹੈ। ਉਨ੍ਹਾਂ ਦੀਆਂ ਸੁਥਣਾਂ ਵਿਚ ਜੋਕਾਂ ਤੇ ਪੀਸੀਆਂ ਹੋਈਆਂ ਮਰਚਾਂ ਤੁੰਨੀਆਂ ਨੇ। ਉਨ੍ਹਾਂ ਨੂੰ ਅਲਫ਼ ਨੰਗੀਆਂ ਕਰ ਕੇ ਪੁਲਿਸ ਤੇ ਫ਼ੌਜ ਦੀ ਐਸ਼ ਦਾ ਸਮਾਨ ਬਣਾਇਆ ਏ…"
ਤੇ ਏਸ ਮਾਂ ਮਗਰੋਂ ਕਈ ਨਿਆਣੇ, ਮਨੁੱਖੀ ਬੋਟ ਜਹੇ, ਅੱਗੇ ਆਏ। ਇਨ੍ਹਾਂ ਦੀਆਂ ਮਾਂਵਾਂ ਦੇ ਥਣ ਸੁੱਕ ਗਏ ਸਨ, ਤੇ ਇਹ ਬੋਟ ਵਿਲਕ ਵਿਲਕ ਕੇ ਮਰ ਗਏ ਸਨ। ਤਿੰਨ ਤਿੰਨ ਚਾਰ ਚਾਰ ਮਹੀਨਿਆਂ ਦੇ ਬਾਲ, ਸੁੱਕੀਆਂ ਹੱਡੀਆਂ ਪਰ ਫੁੱਲੇ ਢਿੱਡ… ਤੇ ਉਹ ਬੋਲ ਨਹੀਂ ਸਨ ਸਕਦੇ, ਹੌਲੀ ਹੌਲੀ, ਲਗਾਤਾਰ ਰੋਈ ਜਾ ਰਹੇ ਸਨ। ਉਹ ਮਾਂਵਾਂ ਦੇ ਥਣ ਟਟੋਲਦੇ ਸਨ, ਮਾਂਵਾਂ ਦੀਆਂ ਬਾਹਵਾਂ ਲੱਭਦੇ ਸਨ। ਪਰ ਥਣ ਕਿਸੇ ਰਾਕਸ਼ ਨੇ ਸੁਕਾਅ ਦਿੱਤੇ ਸਨ, ਤੇ ਮਾਂਵਾਂ ਠੇਕੇਦਾਰਾਂ ਨੂੰ ਰੋੜੀ ਕੁੱਟਣ ਲਈ ਸੌਂਪ ਦਿੱਤੀਆਂ ਗਈਆਂ ਸਨ… ਸੋ ਇਹ ਨਿਆਣੇ ਰੋਈ ਜਾ ਰਹੇ ਸਨ, ਹੌਲੀ ਹੌਲੀ, ਲਗਾਤਾਰ ਤੇ ਪਤਾ ਨਹੀ ਜਲ੍ਹਿਆਂਵਾਲੇ ਬਾਗ਼ ਵਿਚ ਕਿਵੇਂ ਪੁੱਜ ਗਏ ਸਨ…
ਇਕ ਪੰਜਾਬੀ ਗੱਭਰੂ ਉਠਿਆ, "ਮੈਂ ਪ੍ਰੇਮ ਸਿੰਘ ਸਰਾਭਾ ਹਾਂ – ਓਸ ਕਰਤਾਰ ਸਿੰਘ ਸਰਾਭਾ ਦਾ ਗਰਾਈਂ ਜਿਸ ਨੂੰ ਅੰਗ੍ਰੇਜ਼ ਹਾਕਮਾਂ ਨੇ ਬਗਾਵਤ ਦੇ ਦੋਸ਼ ਵਿਚ ਫਾਹੇ ਲਾ ਦਿੱਤਾ ਸੀ। ਅਸਾਂ ਕਰਤਾਰ ਸਿੰਘ ਸਰਾਭੇ ਦੀ 'ਵਾਜ ਉਹਦੀ ਮੌਤ ਨਾਲ ਹੀ ਚੁੱਪ ਨਹੀਂ ਹੋ ਜਾਣ ਦਿੱਤੀ, ਅਸੀਂ ਉਹਦੀ 'ਵਾਜ ਨਾਨਕ, ਹੀਰ ਤੇ ਭਗਤ ਸਿੰਘ ਦੀ ਜੰਮਣ-ਭੌਂ ਦੀ ਨੁੱਕਰ ਨੁੱਕਰ ਤੱਕ ਪੁਚਾਣ ਲਈ ਆਪਣੀ ਪੂਰੀ ਵਾਹ ਲਾਈ ਏ, ਏਸ ਲਈ ਅੱਜ ਦੇ ਹਾਕਮਾਂ ਨੇ ਮੈਨੂੰ ਤੇ ਮੇਰੇ ਅਨੇਕਾਂ ਸਾਥੀਆਂ ਨੂੰ ਜੇਲ੍ਹ ਵਿਚ ਡਕ ਦਿੱਤਾ, ਸਾਡੇ ਉੱਤੇ ਅਣ-ਮਨੁੱਖੀ ਜ਼ੁਲਮ ਕੀਤੇ। ਅਸੀਂ ਜ਼ੁਲਮ ਦੇ ਖਿਲਾਫ਼ ਭੁੱਖ ਹੜਤਾਲਾਂ ਕੀਤੀਆਂ, ਮਹੀਨਿਆਂ ਬੱਧੀ ਭੁੱਖ-ਹੜਤਾਲਾਂ, ਤੇ ਇਕ ਭੁੱਖ-ਹੜਤਾਲ ਵਿਚ ਉਨ੍ਹਾਂ ਤਸੀਹੇ ਦੇ ਦੇ ਮੈਨੂੰ ਪਾਰ ਬੁਲਾਅ ਦਿੱਤਾ। ਪਰ ਜਲ੍ਹਿਆਂਵਾਲੇ ਬਾਗ਼, ਤੂੰ ਚੰਗੀ ਤਰ੍ਹਾਂ ਜਾਣਦਾ ਏਂ ਕਿ ਜਿੱਥੇ ਇਕ ਸ਼ਹੀਦ ਡਿਗਦਾ ਏ ਓਥੋਂ ਤੀਹ ਨਹੀਂ, ਤਿੰਨ ਸੌਂ, ਤਿੰਨ ਹਜ਼ਾਰ ਹੋਰ ਉੱਠਦੇ ਨੇ, ਤੇ ਜਿਵੇਂ ਤੇਰੀ ਹਿੱਕ ਛਾਨਣੀ ਕਰਨ ਵਾਲੇ ਡਾਇਰਾਂ ਦੇ ਦਿਨ ਪੁਗ ਗਏ, ਤਿਵੇਂ…"
ਤੇ ਉਹਦੇ ਮਗਰੋਂ ਇਕ ਮਜ਼ਦੂਰ ਉਠਿਆ, ਜਿਹੜਾ ਪ੍ਰਦੇਸਾਂ ਤੋਂ ਸਮੁੰਦਰ ਚੀਰ ਕੇ ਇੱਥੇ ਪੁੱਜਾ ਸੀ, "ਮੈਂ ਆਪਣੀ ਉਮਰ ਦਾ ਬਹੁਤਾ ਹਿੱਸਾ ਮਲਾਇਆ ਦੇ ਜੰਗਲਾਂ ਵਿਚ ਅੰਗਰੇਜ਼ ਮਾਲਕਾਂ ਲਈ ਰਬੜ ਪੈਦਾ ਕਰਦਾ ਰਿਹਾ ਹਾਂ। ਓਥੇ ਏਸ ਦੇਸ਼ ਵਿਚੋਂ ਵੀ ਬੜੇ ਮਜ਼ਦੂਰ ਗਏ ਹੋਏ ਨੇ। ਜਲ੍ਹਿਆਂਵਾਲੇ ਬਾਗ਼, ਇਨ੍ਹਾਂ ਵਿਚੋਂ ਇਕ ਗਨਪਤੀ ਨੇ ਇਕ ਦਿਨ ਰਬੜ ਦੇ ਦਰੱਖਤ ਥੱਲੇ ਕੰਮ ਕਰਦਿਆਂ ਮੈਨੂੰ ਤੇਰੀ ਕਹਾਣੀ ਸੁਣਾਈ ਸੀ। ਤੇ ਹੁਣ ਉਹੀ ਗਨਪਤੀ ਆਪ ਤੇਰੇ ਵਰਗੇ ਇਕ ਮਹਾਨ ਸਾਕੇ ਦਾ ਸੂਰਮਾ ਬਣ ਚੁੱਕਿਆ ਏ। ਜਦੋਂ ਜਰਵਾਣਿਆਂ ਨੇ ਉਹਨੂੰ ਮਾਰਿਆ ਤਾਂ ਉਹਦਿਆਂ ਬੁੱਲ੍ਹਾਂ ਉਤੇ ਵੀ ਉਹੀ ਮੁਸਕਰਾਹਟ ਸੀ ਜਿਹੜੀ ਇਕ ਦਿਨ ਅਨੇਕਾਂ ਫੁੱਲਾਂ ਵਾਂਗ ਤੇਰੇ ਪਿੰਡੇ ਉੱਤੇ ਖਿੜੀ ਸੀ…
"ਤੇਰੇ ਦੇਸ਼ ਦੇ ਹਾਕਮਾਂ ਦੀ ਰਜ਼ਾਮੰਦੀ ਨਾਲ ਅੰਗਰੇਜ਼ ਅਫ਼ਸਰ ਇੱਥੋਂ ਔਂਦੇ ਨੇ। ਤੇਰੇ ਦੇਸ਼ ਦਾ ਮਿੱਠਾ ਪਾਣੀ ਪੀ ਕੇ ਤੇ ਨਰੋਇਆ ਅੰਨ ਖਾ ਕੇ, ਤੇਰੇ ਦੇਸ਼ ਦੀਆਂ ਰੇਲਾਂ ਤੇ ਚੜ੍ਹ ਕੇ ਉਹ ਇਥੋਂ ਗੋਰਖੇ ਸਿਪਾਹੀ ਭਰਤੀ ਕਰ ਲਿਜਾਂਦੇ ਨੇ। ਇਹ ਗੋਰਖੇ ਸਿਪਾਹੀ ਮੇਰੇ ਦੇਸ਼ ਵਿਚ ਜਾ ਕੇ ਅਨੇਕਾਂ ਜਲ੍ਹਿਆਂਵਾਲੇ ਬਾਗ਼ ਲਾਂਦੇ ਨੇ। ਇਨ੍ਹਾਂ ਵਿਚੋਂ ਹੀ ਕਿਸੇ ਇਕ ਦੀ ਗੋਲੀ ਨੇ ਮੇਰੀ ਜਿੰਦ ਲਈ ਸੀ।"
ਤੇ ਇਕ ਭਰਵੀਂ 'ਵਾਜ ਸੁਣਾਈ ਦਿੱਤੀ – ਲਹੂ ਦੇ ਦਰਿਆ ਤਰ ਕੇ ਆਈ, ਜ਼ਬਰ ਦੇ ਪਹਾੜ ਲੰਘ ਕੇ ਆਈ 'ਵਾਜ, "ਮੈਂ ਦੱਖਣ ਤੋਂ ਆਇਆ ਹਾਂ। ਮੈਂ ਦੱਖਣ ਦੇ ਸ਼ਹੀਦਾਂ ਵੱਲੋਂ ਏਸ ਸ਼ਹੀਦਾਂ ਦੀ ਧਰਤੀ ਲਈ ਸ਼ਰਧਾ ਦੇ ਕੁਝ ਲਾਲ ਚੰਗਿਆੜੇ ਲੈ ਕੇ ਆਇਆ ਹਾਂ। ਲੋਕਾਂ ਲਈ ਭਵਿੱਖ ਦੀਆਂ ਨੂਰੀ ਕਿਰਨਾਂ ਲੈ ਕੇ ਆਇਆ ਹਾਂ। ਦੱਖਣ ਤੋਂ ਸ਼ਹੀਦਾਂ ਦੇ ਹੱਥ ਉੱਠੇ ਨੇ, ਜਲ੍ਹਿਆਂਵਾਲੇ ਦੇ ਸ਼ਹੀਦਾਂ ਨਾਲ ਇਹ ਹੱਥ ਮਿਲ ਰਹੇ ਨੇ…।"
ਤੇ ਫੇਰ ਜਲ੍ਹਿਆਂ ਵਾਲੇ ਦਾ ਅਣੂ ਅਣੂ ਜਾਗ ਪਿਆ। ਏਨੇ ਵਰ੍ਹਿਆਂ ਤੋਂ ਸੁੱਤੇ ਸ਼ਹੀਦ ਜਾਗ ਪਏ। ਪੁਰਾਣੀਆਂ ਗੋਲੀਆਂ ਦੇ ਨਿਸ਼ਾਨ ਜਾਗ ਕੇ ਨਵੀਆਂ ਗੋਲੀਆਂ ਦੇ ਫੱਟਾਂ ਨੂੰ ਮਮਤਾ ਨਾਲ ਤੱਕਣ ਲੱਗ ਪਏ। ਪੁਰਾਣਾ ਤੇ ਸੱਜਰਾ ਡੁੱਲ੍ਹਾ ਲਹੂ ਇਕ ਦੂਜੇ ਵਿਚ ਰਲ ਗਿਆ। ਲਹੂ—ਸੁੱਚਾ ਤੇ ਲਾਲ, ਲਹੂ— ਅਨੋਖਾ ਤੇ ਪਵਿੱਤਰ, ਲਹੂ- ਜਿਦ੍ਹੀ ਹਵਾੜ ਵਿਚ ਭਿੰਨ੍ਹੀ ਜਿਹੀ ਮਹਿਕ ਸੀ, ਇਕ ਚਿਰ ਪੁਰਾਣੀ ਪਰ ਨਿੱਤ-ਨਵੀਂ ਮਹਿਕ, ਆਜ਼ਾਦੀ ਦੀ ਨਰੋਈ, ਮਨੁੱਖਤਾ ਜਿੰਨੀ ਪੁਰਾਣੀ ਤੇ ਸੱਜਰੀ ਮਹਿਕ….
ਹੁਣ ਜਲ੍ਹਿਆਂਵਾਲੇ ਬਾਗ਼ ਵਿਚ ਲੋਕਾਂ ਦਾ ਠਾਠਾਂ ਮਾਰਦਾ ਸਮੁੰਦਰ ਆਣ ਪੁੱਜਾ ਸੀ, ਤੇ ਇਹ ਸਮੁੰਦਰ ਗੜ੍ਹਕ ਰਿਹਾ ਸੀ। ਪੁਲਿਸ ਦੇ ਸਿਪਾਹੀ ਬੰਦੂਕਾਂ ਨਾਲ ਤੇ ਕੁਝ ਵਲੰਟੀਅਰ ਲਾਠੀਆਂ ਨਾਲ ਸਮੁੰਦਰ ਦੀਆਂ ਲਹਿਰਾਂ ਨੂੰ ਡੱਕਣ ਦਾ ਉਪਰਾਲਾ ਕਰ ਰਹੇ ਸਨ। ਲੋਕਾਂ ਦਾ ਸਮੁੰਦਰ ਚੜ੍ਹਦਾ ਆ ਰਿਹਾ ਸੀ। ਪੁਲਿਸ ਦੀਆਂ ਗੋਲੀਆਂ, ਵਲੰਟੀਅਰਾਂ ਦੀਆਂ ਲਾਠੀਆਂ, ਲੋਕਾਂ ਦਾ ਲਹੂ… ਪਰ ਸਮੁੰਦਰ ਫੈਲਦਾ ਜਾ ਰਿਹਾ ਸੀ… ਅੱਭੜਵਾਹੇ ਮੈਂ ਜਾਗ ਪਿਆ। ਮੇਰੇ ਸਾਹਮਣੇ ਓਸੇ ਤਰ੍ਹਾਂ ਲਾਊਡ ਸਪੀਕਰ ਵਿਚੋਂ 'ਵਾਜ ਆ ਰਹੀ ਸੀ, "ਸਾਡੀ ਪਾਰਟੀ… ਆਜ਼ਾਦੀ… ਅਹਿੰਸਾ…"
ਮੈਂ ਜਾਗ ਪਿਆ। ਮੇਰੀ ਕਲਮ ਦੀ ਅਣਖ ਜਾਗ ਪਈ। ਮੇਰੀ ਕਲਮ ਵੀ ਲੋਕਾਂ ਦੇ ਇਸ ਸਮੁੰਦਰ ਦੀ ਇਕ ਲਹਿਰ ਬਣ ਗਈ। ਮੇਰੀ ਕਲਮ ਨੇ ਇਸ ਜਲਸੇ ਦੀ ਰਿਪੋਰਟ ਨੂੰ ਮਾਲਕ ਦੀ ਮਰਜ਼ੀ ਅਨੁਸਾਰ ਲਿਖਣੋਂ ਉੱਕਾ ਇਨਕਾਰ ਕਰ ਦਿੱਤਾ।

ਪੰਜਾਬੀ ਕਹਾਣੀਆਂ (ਮੁੱਖ ਪੰਨਾ)