Jammu Ji Tusin Bare Raa : Principal Sujan Singh
ਜੰਮੂ ਜੀ, ਤੁਸੀਂ ਬੜੇ ਰਾਅ (ਲੇਖ) : ਪ੍ਰਿੰਸੀਪਲ ਸੁਜਾਨ ਸਿੰਘ
'ਜੰਮੂ ਰਾਅ ਤੇ ਕਾਲੇ ਸ਼ਾਹ' ਦਾ ਹੋਕਾ ਬਰਸਾਤ ਵਿਚ ਪੰਜਾਬ ਦੇ ਹਰ ਸ਼ਹਿਰ ਨਿਵਾਸੀ ਨੇ ਸੁਣਿਆ ਹੋਵੇਗਾ। ਅਸਲ ਵਿਚ ਜੰਮੂਆਂ, ਅੰਬਾਂ, ਖੁੰਬਾਂ, ਪੀਂਘਾਂ, ਗਿੱਧੇ ਤੇ ਹਰਿਆਵਲ ਬਾਝ ਬਰਸਾਤ ਕਾਹਦੀ ਬਰਸਾਤ ਹੋਈ ? ਇਨ੍ਹਾਂ ਤੋਂ ਸੱਖਣੀ ਕੋਇਟੇ ਦੀ ਬਰਸਾਤ ਤਾਹੀਓਂ ਮੈਨੂੰ ਨਹੀਂ ਸੁਖਾਂਦੀ ਰਹੀ।
ਨਿੱਕੀ ਤੋਂ ਨਿੱਕੀ ਸ਼ੈਅ ਸਾਡੇ ਜੀਵਨ ਨੂੰ ਕਾਇਮ ਰੱਖਣ ਵਿਚ ਵਧ ਤੋਂ ਵਧ ਸਹਾਈ ਹੁੰਦੀ ਹੈ। ਹਵਾ ਵੱਲ ਹੀ ਵੇਖੋ, ਸਾਰਾ ਦਿਨ ਉਸ ਦੇ ਆਸਰੇ ਜਿਉਂਦੇ ਹਾਂ, ਪਰ ਦੱਸੋ ਖਾਂ, ਚਵੀ ਘੰਟਿਆਂ ਵਿਚੋਂ ਕਦੇ ਵੀ ਕਿਸੇ ਨੂੰ ਯਾਦ ਆਇਆ ਹੈ ਕਿ ਹਵਾ ਉਨ੍ਹਾਂ ਲਈ ਕਿੰਨੀ ਕੁ ਜ਼ਰੂਰੀ ਹੈ। ਬਹੁਤੇ ਤਾਂ ਆਪਣੇ ਆਪ ਨੂੰ ਆਪਣੀ ਚਲਾਕੀ ਆਸਰੇ ਜਿਉਂਦਾ ਸਮਝਦੇ ਹਨ। ਖੈਰ, ਮੈਂ ਜੰਮੂਆਂ ਨੂੰ ਹਰ ਹਿੰਦੁਸਤਾਨੀ ਦੇ ਜੀਵਨ ਲਈ ਜ਼ਰੂਰੀ ਸਮਝਦਾ ਹਾਂ।
ਮੇਰੇ ਜੀਵਨ ਦੀਆਂ ਕਈ ਸੋਹਣੀਆਂ ਤੇ ਮਨਮੋਹਣੀਆਂ ਯਾਦਾਂ ਦਾ ਸਬੰਧ ਜੰਮੂਆਂ ਨਾਲ ਹੈ । ਹਰ ਚੀਜ਼ ਦੀ ਸੁੰਦਰਤਾ ਉਸ ਦੇ ਨਾਲ ਸਬੰਧਤ ਘਟਨਾਵਾਂ, ਜਜ਼ਬਾਤ ਤੇ ਯਾਦਾਂ ਦੇ ਆਸਰੇ ਖੜ੍ਹੀ ਹੁੰਦੀ ਹੈ। ਜੰਮੂ ਮੈਨੂੰ ਕਈ ਹੁਸੀਨ ਫਲਾਂ ਨਾਲੋਂ ਸੋਹਣਾ ਲਗਦਾ ਹੈ, ਤੇ ਇਸੇ ਕਰ ਕੇ ਸ਼ਾਇਦ ਮੈਂ ਕਾਲੀਆਂ ਹਬਸ਼ਣਾਂ ਦੇ ਮੋਟੇ ਬੁੱਲ੍ਹਾਂ ਵਿਚੋਂ ਵੀ ਸੁੰਦਰਤਾ ਪਛਾਣ ਸਕਿਆ ਹਾਂ। ਰੰਗ ਦਾ ਕੀ ਹੈ? ਦੇਖਣਾ ਤੇ ਸੁਆਦ ਹੈ; ਤੇ ਇਹੋ ਸੁਆਦ ਸ਼ਾਇਦ ਬਦਲ ਕੇ ਜਾਨਦਾਰਾਂ ਵਿਚ ਰੂਹ ਬਣ ਜਾਂਦਾ ਹੈ। ਇਸੇ ਲਈ ਸ਼ਾਇਦ ਪਾਲ ਸਿੰਘ ਹੋਰੀਂ ਅਕਸਰ ਕਿਹਾ ਕਰਦੇ ਹਨ, "ਰੰਗ ਦਾ ਕੀ ਹੈ? ਚਾਹੀਦੀ ਤੇ ਰੂਹ ਹੈ।"
ਜੰਮੂਆਂ ਨਾਲ ਮੇਰਾ ਪਿਆਰ ਪੁਰਾਤਨ ਇਨਸਾਨ ਵਰਗਾ ਹੈ, ਜਿਹੜਾ ਹਰ ਚੀਜ਼ ਨੂੰ ਸੁਆਦ ਲਈ ਪਿਆਰ ਕਰਦਾ ਸੀ। ਹਰ ਖਾਣ ਵਾਲੀ ਚੀਜ਼ ਓਦੋਂ ਇਨਸਾਨ ਲਈ ਚੰਗੀ ਹੀ ਨਹੀਂ, ਸੋਹਣੀ ਵੀ ਹੁੰਦੀ ਸੀ। ਜਿਸ ਨੂੰ ਪਿਆਰ ਕਰਨਾ, ਉਸ ਨੂੰ ਦੁੱਖ ਦੇਣਾ ਪਿਆਰ ਦਾ ਇਕ ਅੰਗ ਹੁੰਦਾ ਸੀ। ਪਿਆਰ ਵਿਚ ਮਨੁੱਖ ਇਸਤਰੀ ਤੇ ਇਸਤਰੀ ਮਨੁੱਖ ਦੇ ਸਰੀਰ 'ਤੇ ਨਹੁੰ ਮਾਰਦੇ ਸਨ, ਦੰਦੀਆਂ ਵਢਦੇ ਸਨ। ਚੁੰਮਣ ਦੀ ਆਦਤ ਜਾਂ ਰਸਮ ਉਸੇ ਪਿਆਰ ਦਾ ਇਕ ਚਿੰਨ੍ਹ ਮਾਤਰ ਰਹਿ ਗਈ ਹੈ। ਮਨੁੱਖੀ ਪਿਆਰ ਭਾਵੇਂ ਬੜਾ ਸੂਖਮ ਹੋ ਗਿਆ ਹੈ, ਪਰ ਜੰਮੂਆਂ ਨਾਲ ਮੇਰਾ ਪਿਆਰ ਪੁਰਾਣੀ ਕਿਸਮ ਦਾ ਹੀ ਹੈ। ਮੈਂ ਉਨ੍ਹਾਂ ਦਾ ਸੁਆਦ ਦੰਦਾਂ, ਬੁੱਲ੍ਹਾਂ ਤੇ ਜੀਭ ਨਾਲ ਲੈਂਦਾ ਹਾਂ।
ਮੇਰੇ ਪਿਤਾ ਜੀ ਇਸ ਨੂੰ ਜਾਮਣਾਂ ਕਹਿੰਦੇ ਹੁੰਦੇ ਸਨ। ਕਲਕੱਤੇ ਭਲਿਆਂ ਸਮਿਆਂ ਵਿਚ ਇਹ ਇਕ ਪੈਸੇ ਦੇ ਕੋੜੀ ਵਿਕਦੇ ਹੁੰਦੇ ਸਨ। ਪਿਤਾ ਜੀ ਮੋਟੇ-ਮੋਟੇ ਚੁਣਾ ਕੇ ਘਰ ਲਿਆਉਂਦੇ ਹੁੰਦੇ ਸਨ ਤੇ ਅਸੀਂ ਇਨ੍ਹਾਂ ਨੂੰ ਬੰਗਾਲੀਆਂ ਵਾਂਗ ਬਿਨਾ ਲੂਣ ਲਾਇਆ ਖਾਂਦੇ ਸਾਂ। ਪਿਤਾ ਜੀ ਦੀ ਜੀਭ ਨੀਲੀ ਹੋਈ ਦੇਖ ਕੇ ਮੈਂ ਇਕ ਵਾਰੀ ਆਖਿਆ ਸੀ, "ਚਾਚਾ ਜੀ, ਬਿਲੂ ਸ਼ਾਹੀ ਜਾਮਣਾਂ ਦੀ ਬਣਦੀ ਹੈ?" ਪਿਤਾ ਜੀ ਸੁਣ ਕੇ ਬੜੇ ਹੱਸੇ ਸਨ ਤੇ ਕੁਝ ਚਿਰ ਮਗਰੋਂ ਸੰਜੀਦਾ ਹੋ ਕੇ ਮਾਤਾ ਜੀ ਨੂੰ ਆਖਿਆ ਸੀ, "ਤੇਰਾ ਪੁੱਤਰ ਤੇ ਕੋਈ ਸਾਇੰਸਦਾਨ ਬਣਦਾ ਜਾਪਦਾ ਐ।" ਮਾਤਾ ਜੀ ਨੇ ਖਬਰੇ ਸਾਇੰਸਦਾਨ ਨੂੰ ਕੋਈ ਗਾਲ੍ਹ ਸਮਝਿਆ ਤੇ ਆਖਣ ਲੱਗੇ, "ਏਦਾਂ ਨਾ ਕਿਹਾ ਕਰੋ ਜੀ।" ਪਿਤਾ ਜੀ ਫੇਰ ਖਿੜਖਿੜਾ ਕੇ ਹੱਸ ਪਏ।
ਕਿੰਨਾ ਚਿਰ ਮੈਂ ਪਿਤਾ ਜੀ ਨੂੰ ਜੰਮੂਆਂ ਦੇ ਦਰੱਖਤ ਦਿਖਲਾਣ ਲਈ ਕਹਿੰਦਾ ਰਿਹਾ, ਜ਼ਿਦ ਕਰਦਾ ਰਿਹਾ। ਇਕ ਦਿਨ ਪਿਤਾ ਜੀ ਬੜੇ ਖੁਸ਼ ਖੁਸ਼ ਆਏ। ਆਖਣ ਲੱਗੇ, "ਲੈ ਬਈ, ਸਿੱਖਾਂ ਦੀ ਇਕ ਹੋਰ ਤਕਲੀਫ ਰਫਾ ਹੋ ਗਈ ਏ। ਹੋੜੇ ਇਕ ਵੱਡੀ ਸਾਰੀ ਬਿਲਡਿੰਗ ਕਿਰਾਏ 'ਤੇ ਲੈ ਕੇ ਨਵਾਂ ਗੁਰਦੁਆਰਾ ਬਣਾ ਦਿੱਤਾ ਐ।" ਤੇ ਮੇਰੇ ਵੱਲ ਤੱਕ ਕੇ ਬੋਲੇ, "ਤੇ, ਲੈ ਕਾਕਾ, ਜਾਮਣਾਂ ਦੇ ਦਰੱਖਤ ਵੀ ਉਥੇ ਬੜੇ ਨੇ।" ਮੈਨੂੰ ਚੰਗੀ ਤਰ੍ਹਾਂ ਚੇਤਾ ਹੈ ਕਿ ਮੈਂ ਖੁਸ਼ੀ ਵਿਚ ਨੱਚ ਉਠਿਆ ਸਾਂ ਤੇ ਮੈਨੂੰ ਨੱਚਦਾ ਦੇਖ ਕੇ ਪਿਤਾ ਜੀ ਗਿੱਧੇ ਦੇ ਤਾਲ ਨਾਲ ਗਾਉਣ ਲੱਗ ਪਏ ਸਨ,
"ਨੱਚ ਘੁਗੀਏ ਤੈਨੂੰ ਭੱਪਾ ਦਿਆਂਗੇ।"
ਅਗਲੇ ਦਿਨ ਐਤਵਾਰ ਸੰਵਰ-ਸੰਵਾਰ ਕੇ ਮੈਨੂੰ ਨਵੇਂ ਗੁਰਦੁਆਰੇ ਖੜ੍ਹਿਆ ਗਿਆ ਸੀ। ਹਾਲੀਂ ਸੰਗਤ ਜੁੜੀ ਨਹੀਂ ਸੀ । ਪਿਤਾ ਜੀ ਨੇ ਮੈਨੂੰ ਜਾਮਣਾਂ ਦੇ ਦਰੱਖਤ ਦਿਖਾਏ ਤੇ ਕਹਿਣ ਲੱਗੇ, "ਲੈ ਬਈ, ਸਾਂਭ ਜਾਮਣਾਂ ਦੇ ਦਰੱਖਤ।"
ਮੈਂ ਕਿਹਾ, "ਇਹ ਕਿਤੇ ਜਾਮਣਾਂ ਦੇ ਦਰੱਖਤ ਨੇ?"
"ਤੇ ਹੋਰ ਕੀ ਨੇ ਇਹ?" ਪਿਤਾ ਜੀ ਨੇ ਪੁੱਛਿਆ।
"ਇਨ੍ਹਾਂ ਨਾਲ ਤੇ ਜਾਮਣਾਂ ਹੈ ਈ ਨਹੀਂ।" ਮੈਂ ਆਖਿਆ।
ਪਿਤਾ ਜੀ ਨੇ ਬਥੇਰਾ ਸਮਝਾਇਆ ਕਿ ਇਹ ਜਾਮਣਾਂ ਦੀ ਬਹਾਰ ਨਹੀਂ, ਇਸੇ ਕਰ ਕੇ ਜਾਮਣਾਂ ਨਹੀਂ ਲੱਗੀਆਂ, ਪਰ ਹਨ ਇਹ ਜਾਮਣਾਂ ਦੇ ਹੀ ਦਰੱਖਤ; ਪਰ ਮੈਂ ਪਿਤਾ ਜੀ ਦੀ ਇਕ ਗੱਲ ਵੀ ਨਹੀਂ ਸਾਂ ਮੰਨਦਾ। ਅਸਲ ਵਿਚ ਤਰਕਵਾਦੀ ਤੇ ਬੱਚਾ ਇਕੋ ਜਿਹੇ ਹੁੰਦੇ ਹਨ, ਜੋ ਕਾਰਨ ਕਾਰਜ ਦੇ ਮਸਲੇ ਦੇ ਬੜੇ ਪਾਬੰਦ ਹੁੰਦੇ ਹਨ। ਕਿੱਕਰ ਦੀ ਟਾਹਣੀ ਨਾਲ ਜੰਮੂਆਂ ਦਾ ਗੁੱਛਾ ਲਮਕਾ ਕੇ ਮੈਨੂੰ ਮਨਾਇਆ ਜਾ ਸਕਦਾ ਹੈ ਕਿ ਜੰਮੂਆਂ ਦਾ ਬੂਟਾ ਹੈ, ਪਰ ਜੰਮੂਆਂ ਦੇ ਬੂਟੇ ਨੂੰ ਬਿਨਾ ਜੰਮੂਆਂ ਦੇ, ਜੰਮੂਆਂ ਦਾ ਬੂਟਾ ਮੰਨ ਲੈਣਾ ਮੇਰੇ ਲਈ ਅਸੰਭਵ ਸੀ। ਅਚਾਨਕ ਜੰਮੂਆਂ ਨਾਲੋਂ ਇਕ ਪੱਤਾ ਟੁੱਟਾ। ਮੈਂ ਪਿਤਾ ਜੀ ਦੀ ਪਿੱਠ ਪਿੱਛੋਂ ਚੁਕ ਕੇ ਸੁਭਾਉਕੀ ਉਸ ਨੂੰ ਮੂੰਹ ਵਿਚ ਪਾ ਲਿਆ। ਪਿਤਾ ਜੀ ਆਪਣੇ ਇਕ ਮਿੱਤਰ ਨਾਲ ਗੱਲਾਂ ਕਰ ਰਹੇ ਸਨ, ਜਦ ਮੈਂ ਉਸ ਨੂੰ ਜ਼ਰਾ ਕੁ ਚਿੱਥਿਆ, ਮੈਂ ਅਚਾਨਕ ਬੋਲ ਉਠਿਆ, "ਚਾਚਾ ਜੀ, ਇਹ ਜਾਮਣਾਂ ਦੇ ਦਰੱਖਤ ਹੀ ਹਨ!" ਪਿਤਾ ਜੀ ਹੈਰਾਨ ਸਨ ਕਿ ਮੇਰੀ ਇਕ ਨਾ ਮੰਨਣ ਵਾਲਾ ਹੁਣ ਕਿਵੇਂ ਮੰਨ ਗਿਆ ਹੈ ਕਿ ਇਹ ਜਾਮਣਾਂ ਦੇ ਦਰੱਖਤ ਹੀ ਹਨ। ਆਖਰ ਉਨ੍ਹਾਂ ਮੇਰਾ ਹਿਲਦਾ ਮੂੰਹ ਵੇਖ ਲਿਆ ਤੇ ਮੂੰਹ ਵਿਚ ਪੱਤਾ ਦੇਖ ਕੇ ਮੁਸਕਰਾ ਪਏ ਤੇ ਆਪਣੇ ਮਿੱਤਰ ਸਰਦਾਰ ਗੰਡਾ ਸਿੰਘ 'ਜਾਚਕ' ਵੱਲ ਦੇਖ ਕੇ ਆਖਣ ਲੱਗੇ, "ਸਰਦਾਰ ਜੀ, ਇਹ ਮੁੰਡਾ ਜ਼ਰੂਰ ਸੈਂਟਿਸਟ ਬਣੇਗਾ। ਖਬਰੇ ਦੇਸ਼ ਦਾ ਕੋਈ ਕੰਮ ਸਵਾਰ ਸਕੇ।" ਜਦ ਪਿਤਾ ਜੀ ਨੇ ਸਾਰੀ ਗੱਲ ਸਰਦਾਰ ਹੁਰਾਂ ਨੂੰ ਸਮਝਾਈ ਤਾਂ ਉਨ੍ਹਾਂ ਵੀ ਉਨ੍ਹਾਂ ਦੀ ਹਾਂ ਵਿਚ ਹਾਂ ਮਿਲਾਈ। ਕਹਿਣ ਲੱਗੇ, "ਪੱਤਿਆਂ ਦੇ ਸੁਆਦ ਤੋਂ ਇਹ ਸਿੱਟਾ ਕੱਢਣ ਵਾਲਾ ਕਿ ਇਹ ਅਮਕੇ ਫਲ ਦਾ ਦਰੱਖਤ ਹੈ, ਜ਼ਰੂਰ ਸਾਇੰਸਦਾਨ ਹੋਵੇਗਾ।"
ਪਰ ਮੈਂ ਅੱਜ ਕੱਲ੍ਹ ਸਾਇੰਸਦਾਨ ਨਹੀਂ ਹਾਂ। ਕਿਵੇਂ ਜੀਵਨ ਦੀ ਇਕ ਘਟਨਾ ਸਾਰੀਆਂ ਆਸਾਂ ਤੇ ਪੇਸ਼ੀਨਗੋਈਆਂ 'ਤੇ ਪਾਣੀ ਫੇਰ ਦਿੰਦੀ ਹੈ, ਪਰ ਮੈਨੂੰ ਸਾਇੰਸਦਾਨ ਦੀ ਥਾਂ ਸਾਹਿਤਕਾਰ ਬਣਨ ਵਿਚ ਕੋਈ ਅਫਸੋਸ ਨਹੀਂ ਹੋਇਆ। ਆਖਰ ਦੋਹਾਂ ਦਾ ਕੰਮ ਮਨੁੱਖਤਾ ਦੀ ਤਰੱਕੀ ਲਈ ਕੁਝ ਕਰਨਾ ਹੈ। ਸਾਇੰਸਦਾਨ ਦੀ ਕਾਢ ਮਨੁੱਖਤਾ, ਸਭਿਆਚਾਰ ਤੇ ਤਹਿਜ਼ੀਬ ਦੀ ਤਬਾਹੀ ਦਾ ਕਾਰਨ ਬਣ ਸਕਦੀ ਹੈ, ਪਰ ਉਹ ਸਾਹਿਤਕਾਰ, ਸਾਹਿਤਕਾਰ ਹੀ ਨਹੀਂ, ਜਿਸ ਦੇ ਮੂੰਹੋਂ ਮਨੁੱਖਤਾ ਦੀ ਤਬਾਹੀ ਦੇ ਹੱਕ ਵਿਚ ਇਕ ਸ਼ਬਦ ਵੀ ਨਿਕਲਦਾ ਹੈ।
ਮੇਰੀ ਜਾਂਚੇ ਸਭ ਤੋਂ ਮਿੱਠੇ ਜੰਮੂ ਬੋਸ ਬਾਬੂ ਦੀ ਬਾੜੀ ਦੇ ਹੁੰਦੇ ਸਨ। ਮੇਰੀ ਮਾਤਾ ਜੀ ਦਾ ਬੋਸ ਬਾਬੂ ਦੀ ਪਤਨੀ ਨਾਲ ਬੜਾ ਗੂੜ੍ਹ ਸੀ। ਮੇਰੇ ਜਨਮ ਤੋਂ ਪਹਿਲਾਂ ਮਾਤਾ ਜੀ ਉਨ੍ਹਾਂ ਦੇ ਪਿੰਡ ਉਨ੍ਹਾਂ ਦੀ ਲਾਗਲੀ ਬਾੜੀ ਵਿਚ ਰਹੇ ਸਨ। ਮਹੀਨੇ ਪੰਦਰ੍ਹੀਂ ਦਿਨੀਂ ਮਾਤਾ ਜੀ ਰੇਲ ਦਾ ਸਫਰ ਕਰ ਕੇ ਕਲਕੱਤਿਓਂ ਉਨ੍ਹਾਂ ਨੂੰ ਮਿਲਣ ਜਾਂਦੇ। ਮੈਂ ਵੀ ਰੁੱਸ ਰੋ ਕੇ ਉਨ੍ਹਾਂ ਨਾਲ ਤੁਰ ਪੈਂਦਾ ਸਾਂ। ਜੰਮੂਆਂ ਦੀ ਖਿੱਚ ਮੈਨੂੰ ਮਜਬੂਰ ਕਰਦੀ ਸੀ, ਪਰ ਹੁਣ ਜਦ ਮੈਂ ਆਪਣੀਆਂ ਭੁੱਲੀਆਂ ਯਾਦਾਂ ਨੂੰ ਸੁਰਜੀਤ ਕਰ ਕੇ ਦਿਲ ਦੀਆਂ ਅੱਖਾਂ ਅੱਗੇ ਗੁਜ਼ਾਰਦਾ ਹਾਂ ਤਾਂ ਇਕ ਹੋਰ ਕਾਰਨ ਵੀ ਮੈਨੂੰ ਉਥੇ ਜਾਣ ਦਾ ਸੁਝਦਾ ਹੈ, ਜੋ ਅਚੇਤ ਅਵਸਥਾ ਵਿਚ ਖਬਰੇ ਜੰਮੂਆਂ ਦੀ ਖਿੱਚ ਤੋਂ ਵੀ ਪ੍ਰਬਲ ਹੁੰਦਾ ਸੀ। ਉਹ ਸੀ ਬੋਸ ਬਾਬੂ ਦੀ ਸੱਤ ਅੱਠ ਸਾਲ ਦੀ ਮ੍ਰਿਣਾਲਨੀ। ਸਾਰੇ ਨਾਂ ਦੇ ਮਗਰ ਦੇਵੀ ਲਗਦਾ ਸੀ, ਪਰ ਬੋਸ ਬਾਬੂ ਦੀ ਪਤਨੀ ਉਸ ਨੂੰ ਬਹੁਤੇ ਪਿਆਰ ਨਾਲ ਮਿਨੂੰ ਸੱਦਦੀ ਹੁੰਦੀ ਸੀ ਤੇ ਮੇਰੀ ਮਾਤਾ ਨੇ ਉਸ ਨੂੰ ਪੰਜਾਬੀ ਵਿਚ ਮੁੰਨੀ ਬਣਾ ਛਡਿਆ ਸੀ। ਮਿਨੂੰ ਦੀ ਬਾੜੀ ਵਿਚ ਜਾਮਣੂਆਂ ਤੇ ਅਮਰੂਦਾਂ ਤੋਂ ਛੁਟ ਦੋ ਤਿੰਨ ਨਾਰੀਅਲ ਦੇ ਦਰੱਖਤ ਵੀ ਲੱਗੇ ਹੋਏ ਸਨ। ਆਲੇ-ਦੁਆਲੇ ਫੁੱਲ-ਬੂਟਿਆਂ ਦੀਆਂ ਕਿਆਰੀਆਂ ਹੁੰਦੀਆਂ ਸਨ। ਮੈਂ ਤੇ ਮਿਨੂੰ ਆਮ ਤੌਰ 'ਤੇ ਇਥੇ ਖੇਲਦੇ ਸਾਂ। ਬਰਸਾਤ ਵਿਚ ਜੰਮੂਆਂ ਦੀ ਬੜੀ ਮੌਜ ਹੁੰਦੀ ਸੀ। ਮਿਨੂੰ ਭਾਵੇਂ ਮੈਥੋਂ ਛੋਟੀ ਸੀ, ਪਰ ਦਰੱਖਤ 'ਤੇ ਚੜ੍ਹਨ ਵਿਚ ਮੈਥੋਂ ਤੇਜ਼ ਸੀ। ਮੈਨੂੰ ਉਹ ਜੰਮੂ ਦੇ ਦਰੱਖਤ 'ਤੇ ਘੱਟ ਹੀ ਚੜ੍ਹਨ ਦਿੰਦੀ ਸੀ। ਉਹ ਕਿਹਾ ਕਰਦੀ, "ਜੰਮੂਆਂ ਦੀ ਟਾਹਣੀ ਕੱਚੀ ਹੁੰਦੀ ਹੈ, ਤੂੰ ਉਤੇ ਨਾ ਚੜ੍ਹ।" ਉਸ ਦੀ ਉਸ ਕੁਰਬਾਨੀ ਦਾ ਅੰਦਾਜ਼ਾ ਮੈਂ ਉਦੋਂ ਨਹੀਂ ਸੀ ਲਾ ਸਕਦਾ। ਭੀਲਣੀ ਦੇ ਜੂਠੇ ਬੇਰ ਭਗਵਾਨ ਰਾਮ ਨੂੰ ਕਿੰਨੇ ਸੁਆਦ ਲੱਗੇ ਹੋਣਗੇ, ਉਹ ਉਹੋ ਅੰਦਾਜ਼ਾ ਕਰ ਸਕਦਾ ਹੈ ਜੋ ਮੇਰੇ ਵਰਗੇ ਤਜਰਬੇ ਵਿਚੋਂ ਇਕ ਵਾਰੀ ਲੰਘਿਆ ਹੋਵੇ। ਮਿਨੂੰ ਦਰੱਖਤ 'ਤੇ ਚੜ੍ਹ ਕੇ ਮਿੱਠੇ ਤੇ ਰਸੇ ਹੋਏ ਜੰਮੂ ਚੱਖ ਕੇ ਮੇਰੇ ਵੱਲ ਸੁੱਟਦੀ ਹੁੰਦੀ ਸੀ ਤੇ ਮੈਂ ਸੁਆਦ ਨਾਲ ਖਾਂਦਾ ਹੁੰਦਾ ਸਾਂ। ਉਹੋ ਜਿਹੇ ਮਿੱਠੇ ਜੰਮੂ ਮੈਨੂੰ ਫਿਰ ਕਦੇ ਨਹੀਂ ਜੁੜੇ। ਹੁਣ ਮੈਂ ਸੋਚਦਾ ਹਾਂ ਕਿ ਖਬਰੇ ਉਹ ਉਸ ਦੇ ਬੁੱਲ੍ਹਾਂ ਦੀ ਮਿਠਾਸ ਸੀ, ਜੋ ਜੰਮੂਆਂ ਵਿਚ ਆ ਜਾਂਦੀ ਸੀ। ਉਸ ਦੇ ਬੁੱਲ੍ਹ ਅਜੰਤਾ ਦੀਆਂ ਚਿਤ੍ਰਿਤ ਦੇਵੀਆਂ ਦੇ ਬੁੱਲ੍ਹਾਂ ਦੇ ਮਾਡਲ ਸਨ। ਮਾਤਾ ਜੀ ਤੇ ਮਿਨੂੰ ਦੀ ਮਾਤਾ ਦੀਆਂ ਕਈ ਲੰਮੀਆਂ ਆਸਾਂ ਸਨ। ਮੈਂ ਉਨ੍ਹਾਂ ਦੀਆਂ ਗੱਲਾਂ ਦਾ ਅਰਥ ਨਹੀਂ ਸੀ ਸਮਝ ਸਕਦਾ। ਉਦੋਂ ਪਿਆਰ ਦੇ ਰੰਗ ਤੇ ਵਿਸ਼ੇ ਦੀ ਭੜਕ ਨਹੀਂ ਸੀ ਆਈ, ਨਾ ਹੀ ਪਿਆਰ ਦੇ ਸ਼ਬਦ ਨਾਲ ਮੇਰੀ ਵਾਕਫੀਅਤ ਸੀ। ਮਿਨੂੰ ਕਿਸੇ ਬੰਗਾਲੀ ਨਵ-ਯੁਵਕ ਨਾਲ ਵਿਆਹੀ ਗਈ ਹੋਵੇਗੀ। ਮੈਂ ਮਿਨੂੰ ਨੂੰ ਅਕਸਰ ਯਾਦ ਕਰਦਾ ਹਾਂ, ਕੀ ਉਹ ਵੀ ਕਦੇ ਮੈਨੂੰ ਯਾਦ ਕਰਦੀ ਹੋਵੇਗੀ? ਕੌਣ ਜਾਣੇ? ਪਰ ਜੀਵਨ ਇਹੋ ਜਿਹਾ ਹੀ ਹੈ! ਮਨੁੱਖੀ ਵਾਹ ਦੀਆਂ ਗੱਲਾਂ ਦੀ ਰੋਕਥਾਮ ਮਨੁੱਖ ਯਤਨ ਨਾਲ ਕਰ ਸਕਦਾ ਹੈ, ਪਰ ਕੁਦਰਤ ਦੀਆਂ ਘਟਨਾਵਾਂ ਦੇ ਪ੍ਰਵਾਹ ਅੱਗੇ ਬੰਨ੍ਹ ਲਾਉਣਾ ਸ਼ਾਇਦ ਉਸ ਦੀ ਸਮਰੱਥਾ ਤੋਂ ਬਾਹਰ ਹੈ।
"ਹਛਾ ਸੁਖ ਜਿਥੇ ਜਾਏ ਘੁੱਗ ਵੱਸੇ,
ਸਾਡੇ ਦਿਲੋਂ ਵੀ ਕਿਸੇ ਨੇ ਖੋਹ ਲਈ ਏ।"
ਚਾਤ੍ਰਿਕ ਜੀ ਦੀ ਤੁਕ ਵਿਚ 'ਲਿਆ' ਦੀ ਥਾਂ 'ਤੇ 'ਲਈ' ਕਰਨ ਪਿੱਛੇ ਉਹ ਜ਼ਰੂਰ ਮੈਨੂੰ ਮੁਆਫ ਕਰਨਗੇ।
ਜੀਵਨ ਦੁਖ-ਮਯ ਨਹੀਂ। ਸੁਖ ਦੀਆਂ ਘੜੀਆਂ ਸ਼ਾਇਦ ਬੰਦੇ ਨੂੰ ਦੁਖ ਤੋਂ ਕਿਤੇ ਬਹੁਤੀਆਂ ਪ੍ਰਾਪਤ ਹਨ, ਪਰ ਦੁਖ ਆਪਣੀ ਭਿਆਨਕ ਕਰੂਪਤਾ ਤੇ ਅਸਹਿ ਪੀੜ ਕਾਰਨ ਸਦਾ ਚੇਤੇ ਰਹਿਣ ਵਾਲੀ ਚੀਜ਼ ਬਣ ਕੇ ਰਹਿ ਜਾਂਦਾ ਹੈ। ਜੰਮੂਆਂ ਦੀ ਛਾਵੇਂ ਮੈਂ ਕਈ ਖੇਲਾਂ ਖੇਲੀਆਂ ਤੇ ਕਿਤਾਬਾਂ ਪੜ੍ਹੀਆਂ ਹਨ- ਕਈ ਇਮਤਿਹਾਨ
ਪਾਸ ਕੀਤੇ ਹਨ। ਹੁਣ ਆਖਰੀ ਇਮਤਿਹਾਨ ਦੇ ਪਰਚੇ ਲਿਖ ਰਿਹਾ ਹਾਂ। ਬੁੱਢੇ ਮਾਲੀ ਵਾਂਗ ਮੈਨੂੰ ਨੌਸ਼ੀਰਵਾਂ ਦੇ ਮਾਇਕ ਇਨਾਮ ਦੀ ਲੋੜ ਨਹੀਂ। ਚਾਹੁੰਦਾ ਹਾਂ, ਜੰਮੂਆਂ ਦੇ ਬੂਟੇ ਵਾਂਗ ਮੇਰੇ ਕੰਮ ਵੀ ਕਦੇ ਕਿਸੇ ਨੂੰ ਛਾਂ, ਤ੍ਰਿਪਤੀ ਤੇ ਸੁਆਦ ਦੇ ਸਕਣ। ਰੱਬ ਜਾਣੇ ਮੈਂ ਇਸ ਵਿਚ ਕਾਮਯਾਬ ਹੋਵਾਂਗਾ ਕਿ ਨਹੀਂ, ਪਰ ਬਾਵਾ ਬਲਵੰਤ ਦੀ ਇਹ ਤੁਕ ਆਸ ਬੰਨਾਉਂਦੀ ਹੈ:
ਕੋਸ਼ਿਸ਼ ਤਾਂ ਕਰ ਗਿਆ ਮੈਂ
ਤੇਰੇ ਇਮਤਿਹਾਨ ਵਿਚ,
ਆਇਆ ਹਾਂ ਜੇ ਨਾਕਾਮ ਦੁਬਾਰਾ
ਕਿਸੇ ਨੂੰ ਕੀ?
ਕਹਿੰਦੇ ਹੁੰਦੇ ਹਨ, ਕੱਜੇ ਚੁੰਮਣ ਵਾਂਗ ਚੋਰੀ ਦਾ ਗੁੜ ਵੀ ਮਿੱਠਾ ਹੁੰਦਾ ਹੈ- ਗੁੜ ਹੀ ਨਹੀਂ, ਜੰਮੂ ਵੀ ਮਿੱਠੇ ਹੁੰਦੇ ਹਨ, ਪਰ ਕਈ ਵਾਰੀ ਮਹਿੰਗੇ ਭਾਅ ਪੈਂਦੇ ਹਨ। ਇਕ ਵਾਰੀ ਸੈਰ ਕਰਦੇ ਕਰਦੇ ਯਾਰਾਂ ਦਾ ਇਕ ਜੁੱਟ ਬਾਗ ਵਿਚ ਜਾ ਵੜਿਆ। ਉਜਾਗਰ ਨੇ ਦਾਅ ਬਚਾ ਕੇ ਖੂਹ ਦੀ ਮਣ 'ਤੇ ਚੜ੍ਹ ਕੇ ਇਕ ਰਸਿਆ ਹੋਇਆ ਗੁੱਛਾ ਜੰਮੂਆਂ ਦਾ, ਸਮੇਤ ਡੰਡੀ ਲਾਹ ਲਿਆ। ਰਾਖਾ ਕਿਤੋਂ ਲਾਗੋਂ ਹੀ ਨਿਕਲ ਆਇਆ। ਉਸ, ਉਸ ਨੂੰ ਪਕੜ ਲਿਆ। ਅਸੀਂ ਮੁੰਡਪੁਣੇ ਤੋਂ ਅਗਾਂਹ ਪੈਰ ਰਖਿਆ ਹੋਇਆ ਸੀ, ਇਸ ਲਈ ਯਾਰ ਨੂੰ ਛੱਡ ਕੇ ਨੱਸਣਾ ਵਾਜਬ ਨਾ ਸਮਝਿਆ। ਬਾਕੀ ਸਾਰੇ ਵੀ ਉਥੇ ਖੜੋਤੇ ਰਹੇ ਤੇ ਉਸ 'ਤੇ ਰੁਹਬ ਪਾਉਣ ਦਾ ਜਤਨ ਕੀਤਾ। ਉਸ 'ਵਾਜ ਮਾਰ ਕੇ ਹੋਰ ਰਾਖੇ ਸੱਦ ਲਏ। ਕੁਝ ਕਹਿਣ ਲੱਗੇ, "ਇਨ੍ਹਾਂ ਨੂੰ ਕੰਨ ਫੜਾਓ।" ਅਸੀਂ ਆਕੜ ਖੜੋਤੇ। ਸਾਵੀਂ ਤਾਕਤ ਦੇਖ ਕੇ ਰਾਖੇ ਬਹਿਸ ਵਿਚ ਪੈ ਗਏ। ਇਕ ਕਹਿਣ ਲੱਗਾ, "ਬਈ,
ਤੁਸੀਂ ਗੁੱਛਾ ਟਾਹਣੀ ਨਾਲ ਲਾ ਦਿਓ ਤੇ ਅਸੀਂ ਤੁਹਾਨੂੰ ਛੱਡ ਦਿੰਦੇ ਹਾਂ।" ਉਜਾਗਰ ਨੇ ਆਖਿਆ, "ਇਹ ਤਾਂ ਮੇਰੇ ਖੱਬੇ ਹੱਥ ਦਾ ਕੰਮ ਹੈ। ਲੈ ਹੁਣੇ ਲਾ ਦਿੰਨਾਂ।" ਉਜਾਗਰ ਕਈ ਮੰਤਰ ਜਾਣਦਾ ਸੀ। ਅਸੀਂ ਕਿਹਾ ਕਿ ਕੋਈ ਮੰਤਰ ਚਲਾਏਗਾ। ਰਾਖੇ ਵੀ ਹੈਰਾਨ ਖੜ੍ਹੇ ਸਨ, ਜਦ ਉਜਾਗਰ ਨੇ ਮਣ 'ਤੇ ਚੜ੍ਹ ਕੇ ਪੱਗ ਵਿਚੋਂ ਇਕ ਪਿੰਨ ਕੱਢ ਕੇ ਗੁੱਛੇ ਦੀ ਡੰਡੀ ਟਾਹਣੀ ਨਾਲ ਟਾਂਕ ਦਿੱਤੀ। ਅਸੀਂ ਸਾਰੇ ਹੱਸ ਹੱਸ ਦੂਹਰੇ ਹੋ ਗਏ ਤੇ ਰਾਖੇ ਵੀ। ਪਹਿਲੇ ਰਾਖੇ ਨੇ ਇਸ ਸੂਖਮ ਮਖੌਲ ਦੀ ਉਹ ਕਦਰ ਕੀਤੀ ਕਿ ਬੁੱਕ ਬੁੱਕ ਜਾਮਣੂ ਦੇ ਕੇ ਸਾਨੂੰ ਵਿਦਾ ਕੀਤਾ। ਕਾਸ਼! ਕਿਤੇ ਉਜਾਗਰ ਦੀਆਂ ਗੱਲਾਂ ਤੇ ਕਰਤਬਾਂ ਦਾ ਹਾਸ-ਰਸ ਮੇਰੀ ਲੇਖਣੀ ਵਿਚ ਆ
ਜਾਂਦਾ ਤਾਂ ਮੇਰੀਆਂ ਲਿਖਤਾਂ ਦਾ ਮੁੱਲ ਚਾਰ ਬੁੱਕ ਜਾਮਣੂ ਤੇ ਪੈ ਜਾਂਦਾ!
ਪਿਤਾ ਜੀ ਜਦ ਜਾਮਣਾਂ ਲਿਆਉਂਦੇ ਸਨ ਤਾਂ ਕਿਸੇ ਨਾ ਕਿਸੇ ਬਹਾਨੇ ਇਹ ਤੁਕ ਜ਼ਰੂਰ ਸੁਣਾਉਂਦੇ ਸਨ ਕਿ 'ਭਾਵੇਂ ਚੀਂ ਕਰ, ਭਾਵੇਂ ਭੀਂ ਕਰ, ਕਾਲੇ ਕਾਲੇ ਕਭੀ ਨਾ ਛੋੜੂੰ।" ਤੇ ਮਗਰੋਂ ਇਹ ਕਹਾਣੀ ਸ਼ੁਰੂ ਹੋ ਜਾਂਦੀ ਸੀ- ਕਿਸੇ ਪੂਰਬੀਏ ਨੂੰ ਸੁਜਾਨ ਵਾਂਗ ਜਾਮਣਾਂ ਖਾਣ ਦਾ ਬੜਾ ਚਸਕਾ ਪੈ ਗਿਆ। ਰੋਜ਼ ਬਰਸਾਤ ਵਿਚ ਜਾਮਣਾਂ ਦੇ ਦਰੱਖਤਾਂ 'ਤੇ ਜਾ ਚੜ੍ਹਦਾ। ਇਕ ਦਿਨ ਇਕ ਕਾਲਾ ਭੌਰ ਗੁੱਛੇ 'ਤੇ ਜਾਮਣ ਬਣਿਆ ਬੈਠਾ ਸੀ। ਉਸ ਨੂੰ ਉਸ ਨੇ ਰਸਿਆ ਜੰਮੂ ਸਮਝ ਕੇ ਪਕੜ ਲਿਆ। ਉਹ ਭੀਂ ਭੀਂ ਕਰਨ ਲਗ ਪਿਆ, ਪਰ ਪੂਰਬੀਏ ਨੇ ਇਹ ਕਹਿੰਦਿਆਂ ਕਿ "ਭਾਵੇਂ ਚੀਂ ਕਰ, ਭਾਵੇਂ ਭੀਂ ਕਰ, ਕਾਲੇ ਕਾਲੇ ਕਭੀ ਨਾ ਛੋੜੂੰ" ਉਸ ਨੂੰ ਮੂੰਹ ਵਿਚ ਪਾ ਲਿਆ- ਇਹ ਕਹਾਣੀ ਮੈਨੂੰ ਓਦੋਂ ਤੱਕ ਗੱਪ ਜਾਪਦੀ ਰਹੀ ਜਦ ਤੱਕ ਮੈਨੂੰ ਆਪ ਇਹੋ ਜਿਹਾ ਤਜਰਬਾ ਨਾ ਹੋ ਗਿਆ, ਪਰ ਮੈਂ ਭੌਰ ਨੂੰ ਮੂੰਹ ਵਿਚ ਨਹੀਂ ਸੀ ਪਾਇਆ।
ਜੰਮੂ ਖਾਣ ਵਾਲੇ ਮਨੁੱਖ ਸਿਆਣੇ ਹੁੰਦੇ ਹਨ। ਇਹ ਨਾ ਸਮਝਣਾ ਕਿ ਮੈਂ ਆਪਣੀ ਸਿਆਣਪ ਸਾਬਤ ਕਰਨ ਲਈ ਦਲੀਲ ਘੜ ਰਿਹਾ ਹਾਂ, ਪਰ ਇਹ ਜ਼ਰੂਰ ਕਹਾਂਗਾ ਕਿ ਥੋੜ੍ਹੀ ਬਹੁਤ ਅਕਲ ਜੋ ਮੇਰੇ ਵਿਚ ਹੈ, ਉਹ ਜੰਮੂਆਂ ਦੀ ਬਦੌਲਤ ਹੀ ਹੈ। ਸਬੂਤ ਵਜੋਂ ਪੰਡਿਤ ਵਿਸ਼ਨੂੰ ਸ਼ਰਮਾ ਦੇ ਪੰਚ ਤੰਤਰ ਦੀ ਕਹਾਣੀ ਪੇਸ਼ ਕਰਦਾ ਹਾਂ:
ਇਕ ਬਾਂਦਰ ਦਰਿਆ ਦੇ ਕੰਢੇ ਜੰਮੂਆਂ ਦੇ ਦਰੱਖਤ 'ਤੇ ਰਹਿੰਦਾ ਸੀ। ਉਸ ਦਾ ਯਰਾਨਾ ਇਕ ਮਗਰਮੱਛ ਨਾਲ ਪੈ ਗਿਆ। ਬਰਸਾਤ ਦੇ ਦਿਨਾਂ ਵਿਚ ਬਾਂਦਰ ਨੇ ਕੁਝ ਰਸੇ ਹੋਏ ਜੰਮੂ ਮਗਰਮੱਛ ਵੱਲ ਸੁੱਟੇ, ਜੋ ਉਸ ਨੇ ਮੂੰਹ ਵਿਚ ਬੋਚ ਲਏ। ਬਾਂਦਰ ਨੇ ਕਿਹਾ, "ਬਈ, ਇਹ ਜੰਮੂ ਸਾਡੀ ਭਰਜਾਈ ਨੂੰ ਦਵੀਂ।" ਮਗਰ ਨੇ ਏਸੇ ਤਰ੍ਹਾਂ ਹੀ ਕੀਤਾ। ਮਗਰ ਦੀ ਪਤਨੀ ਨੇ ਜੰਮੂ ਖਾ ਕੇ ਕਿਹਾ, "ਜੇ ਜੰਮੂ ਏਨੇ ਮਿੱਠੇ ਹਨ ਤੇ ਜਿਹੜਾ ਨਿਤ ਇਹ ਜੰਮੂ ਖਾਂਦਾ ਹੈ, ਉਸ ਦਾ ਦਿਲ ਕਿੱਡਾ ਮਿੱਠਾ ਹੋਵੇਗਾ। ਮੈਨੂੰ ਉਸ ਦਾ ਦਿਲ ਲਿਆ ਕੇ ਦਿਓ।" ਮਗਰ ਨੇ ਲੱਖ ਸਮਝਾਇਆ ਕਿ ਬਾਂਦਰ ਉਸ ਦਾ ਦੋਸਤ ਹੈ, ਪਰ ਉਸ ਨੇ ਉਸ ਦੀ ਇਕ ਨਾ ਸੁਣੀ। ਦਸ਼ਰਥ ਵਾਂਗ ਔਰਤ ਦਾ ਕਹਿਣਾ ਮੰਨਣਾ ਪਿਆ। ਜਦ ਬੰਦੇ ਔਰਤਾਂ ਪਿਛੇ ਦੋਸਤਾਂ, ਭਰਾਵਾਂ, ਪਿਤਾ, ਪੁੱਤਰਾਂ ਨੂੰ ਭੁੱਲ ਜਾਂਦੇ ਹਨ, ਤਾਂ ਉਹ ਵਿਚਾਰਾ ਤਾਂ ਜਲ-ਜੀਵ ਸੀ! ਆਖਰ ਨਾਰ ਦਾ ਭਛਾਇਆ ਕੰਢੇ
'ਤੇ ਪਹੁੰਚਿਆ ਤੇ ਆਖਣ ਲੱਗਾ, "ਭਰਾਵਾ! ਤੇਰੀ ਭਰਜਾਈ ਬੜੀ ਖੁਸ਼ ਹੋਈ ਹੈ। ਉਸ ਆਖਿਆ ਹੈ, ਮੇਰੇ ਦਿਉਰ ਨੂੰ ਆਪਣੇ ਘਰ ਲਿਆਓ। ਸੋ, ਚੱਲ ਤੈਨੂੰ ਉਸ ਪਾਰ ਆਪਣੇ ਘਰ ਲੈ ਚੱਲਾਂ।" ਬਾਂਦਰ ਨੇ ਮੰਨ ਲਿਆ ਤੇ ਛਾਲ ਮਾਰ ਕੇ ਉਸ ਦੀ ਪਿੱਠ 'ਤੇ ਚੜ੍ਹ ਬੈਠਾ। ਮਗਰਮੱਛ ਦਿਲ ਦਾ ਭੈੜਾ ਨਹੀਂ ਸੀ, ਕੇਵਲ ਨਾਰ ਦਾ ਪੜ੍ਹਾਇਆ ਹੋਇਆ ਸੀ। ਅੱਧ ਵਿਚਕਾਰ ਜਾ ਕੇ ਸੋਚਿਆ, ਹੁਣ ਬਾਂਦਰ ਬਾਹਰ ਤੇ ਜਾ ਨਹੀਂ ਸਕਦਾ, ਸੋ ਇਸ ਨੂੰ ਅਸਲੀਅਤ ਤੋਂ ਜਾਣੂੰ ਕਰਾ ਛੱਡਾਂ! ਕਹਿਣ ਲੱਗਾ, "ਬਈ, ਮੈਂ ਤੇ ਤੇਰਾ ਦਿਲ ਆਪਣੀ ਪਤਨੀ ਨੂੰ ਖੁਆਣ ਵਾਸਤੇ ਲੈ ਚਲਿਆ ਹਾਂ।" ਹਾਜ਼ਰ ਜਵਾਬ ਸਿਆਣੇ ਬਾਂਦਰ ਨੇ ਆਖਿਆ, "ਤੇ ਤੂੰ ਮੈਨੂੰ ਪਹਿਲੋਂ ਕਿਉਂ ਨਾ ਦੱਸਿਆ?" ਮਗਰ ਨੇ ਹੈਰਾਨ ਹੋ ਕੇ ਪੁੱਛਿਆ, "ਤੇ ਹੁਣ ਕੀ ਹੋ ਗਿਆ ਹੈ?" ਬਾਂਦਰ ਆਖਣ ਲੱਗਾ, "ਤੈਨੂੰ ਪਤਾ ਨਹੀਂ ਕਿ ਜਦੋਂ ਮੈਂ ਪਾਣੀ ਵਿਚ ਆਉਂਦਾ ਹਾਂ, ਦਿਲ ਦਰੱਖਤ 'ਤੇ ਕੱਢ ਕੇ ਰੱਖ ਆਉਂਦਾ ਹਾਂ। ਜੇ ਤੂੰ ਮੁੜੇਂ ਤਾਂ ਭਰਜਾਈ ਵਾਸਤੇ ਦਿਲ ਲੈ ਹੀ ਆਈਏ।" ਮਗਰ ਵਿਚਾਰਾ ਮੁੜ ਪਿਆ। ਕੰਢੇ 'ਤੇ ਪਹੁੰਚਣ ਤੋਂ ਪਹਿਲੋਂ ਹੀ ਬਾਂਦਰ ਟਪੂਸੀ ਮਾਰ ਕੇ ਟਾਹਣੀ 'ਤੇ ਜਾ ਬੈਠਾ। ਮਗਰ ਉਸ ਨੂੰ ਸੱਦਦਾ ਰਿਹਾ, ਪਰ ਬਾਂਦਰ ਨੇ ਕਿਹਾ, "ਮੂਰਖਾ! ਕਦੇ ਦਿਲ ਵੀ ਦਰੱਖਤਾਂ 'ਤੇ ਟੰਗੇ ਗਏ ਨੇ?" ਭਲਾ ਦੱਸੋ ਖਾਂ, ਇੰਨੀ ਸਿਆਣਪ ਲਗਾਤਾਰ ਜੰਮੂ ਖਾਣ ਵਾਲੇ ਤੋਂ ਬਗੈਰ ਹੋਰ ਕਿਸੇ ਦੀ ਹੋ ਸਕਦੀ ਹੈ?
ਕਹਿੰਦੇ ਹਨ, ਵੇਦ ਆਰੀਆਂ ਨੇ ਹਿੰਦ ਵਿਚ ਆ ਕੇ ਲਿਖੇ। ਉਸ ਦਾ ਵੀ ਕਾਰਨ ਹੈ। ਹਿੰਦ ਦਾ ਨਾਂ ਜੰਬੂ-ਦੀਪ ਵੀ ਰਿਹਾ ਹੈ। ਜੰਮੂ ਹਿੰਦੁਸਤਾਨ ਤੋਂ ਬਿਨਾ ਹੋਰ ਕਿਤੇ ਹੁੰਦੀ ਵੀ ਨਹੀਂ। ਸੋ, ਆਰੀਆਂ ਨੇ ਹਿੰਦ ਵਿਚ ਆ ਕੇ ਜੰਮੂ ਖਾ ਕੇ ਹੀ ਵੇਦ ਉਚਾਰਨ ਵਾਲੀ ਦਿਬ-ਦ੍ਰਿਸ਼ਟੀ ਤੇ ਮਧੁਰ ਸੁਰ ਪ੍ਰਾਪਤ ਕੀਤੀ ਹੋਣੀ ਹੈ।
ਮੇਰੇ ਵਾਂਗ ਤੁਹਾਡੇ ਦਿਲ ਵਿਚ ਵੀ ਖਿਆਲ ਉਠ ਸਕਦਾ ਹੈ ਕਿ ਜੰਮੂ ਨਾਲ 'ਰਾਅ' ਕਿਉਂ ਲਾਉਂਦੇ ਹਨ। ਮੇਰਾ ਖਿਆਲ ਹੈ ਕਿ ਜੰਮੂਆਂ ਨੂੰ ਖਿਤਾਬ ਮਿਲਿਆ ਹੋਇਆ ਹੈ। ਫਲਾਂ ਵਿਚ ਇਹ ਰਾਏ ਸਾਹਿਬਾਂ ਜਾਂ ਰਾਏ ਬਹਾਦਰਾਂ ਦਾ ਰੁਤਬਾ ਰਖਦੇ ਹਨ। ਤੋਤਿਆਂ ਦੀਆਂ ਵੀ ਦੋ ਕਿਸਮਾਂ ਹਨ, ਰਾਅ ਅਤੇ ਟੁਣੂਏ। ਰਾਅ ਆਦਮੀਆਂ ਦੀ ਬੋਲੀ ਦੀ ਨਕਲ ਕਰ ਸਕਦੇ ਹਨ ਤੇ ਟੁਣੂਏ ਨਹੀਂ ਕਰ ਸਕਦੇ। ਖਬਰੇ ਰਾਅ ਤੋਤੇ, ਰਾਅ ਜਾਮਣੂ ਖਾ ਕੇ ਹੀ ਆਦਮੀ ਦੀ ਨਕਲ ਕਰਨ ਸਿੱਖੇ ਹੋਣ। ਤੋਤਿਆਂ ਤੋਂ ਲੈ ਕੇ ਮੇਰੇ ਇਕ ਦੋਸਤ ਨੇ ਕੱਚੇ ਜੰਮੂਆਂ ਦਾ ਨਾਂ ਟੁਣੂਏ ਰੱਖ ਦਿੱਤਾ ਸੀ।
ਅਕਾਲੀਏ - ਰੱਬ ਉਸ ਦਾ ਸੁਰਗਾਂ ਵਿਚ ਵਾਸਾ ਕਰੇ - ਨਾਲ ਅਸੀਂ ਇਕ ਵਾਰ ਮਤਵਾਲੇ ਦੀ ਬਗੀਚੀ ਗਏ। ਹਰਦਿੱਤ ਦਾ ਨਾਂ ਅਕਾਲੀਆ ਇਸ ਵਾਸਤੇ ਪਿਆ ਸੀ ਕਿ ਗੁਰਦੁਆਰਾ ਸੁਧਾਰ ਲਹਿਰ ਵਿਚ ਉਹ ਮੁੰਡਪੁਣੇ ਵਿਚ ਕੈਦ ਕੱਟ ਆਇਆ ਸੀ। ਸ਼ਰਾਰਤੀ ਉਹ ਬੜਾ ਸੀ। ਜਾਣਦਾ ਬੁਝਦਾ ਕਿ ਬਗੀਚੀ ਦਾ ਮਹੰਤ ਕੁਟੀਆ ਵਿਚ ਹੀ ਹੈ, ਉਹ ਇਕ ਜਾਮਣਾਂ ਦੇ ਦਰੱਖਤ 'ਤੇ ਜਾ ਚੜ੍ਹਿਆ। ਪੱਕਾ ਜੰਮੂ ਤੋੜ ਕੇ ਮੂੰਹ ਵਿਚ ਪਾ ਲੈਂਦਾ ਤੇ ਇਕ ਨਾਹਰਾ ਲਾਉਂਦਾ, 'ਜੰਮੂ ਜੀ, ਤੁਸੀਂ ਬੜੇ ਰਾਅ!' ਤੇ ਸਾਡੇ ਵੱਲ ਕੱਚੇ ਜੰਮੂ ਸੁੱਟੀ ਜਾਂਦਾ। ਨਾਹਰਾ ਸੁਣ ਕੇ ਮਹੰਤ ਆ ਗਿਆ ਤੇ ਅਕਾਲੀਏ ਨੂੰ ਕਿਹਾ, "ਥੱਲੇ ਉਤਰ ਆ।" ਅਸੀਂ ਕਿਹਾ, "ਮਹੰਤ ਜੀ, ਛੱਡੋ ਪਰੇ ਚਾਰ ਜੰਮੂ ਖਾ ਲੈਣ ਦਿਓ।" ਮਹੰਤ ਕੜਕਿਆ, "ਖਾ ਲੈਣ ਦਿਓ! ਤੁਹਾਡੇ ਪਿਓ ਦੇ ਨੇ?" ਅਕਾਲੀਆ ਆਖਣ ਲੱਗਾ, "ਮਹੰਤ ਜੀ, ਤੁਸੀਂ ਕਿਹੜੇ ਬਗੀਚੇ ਤੇ ਬੂਟਿਆਂ 'ਤੇ ਪੈਸੇ ਖਰਚੇ ਹੋਏ ਨੇ।"
ਇਹ ਸੱਚੀ ਗੱਲ ਸੁਣ ਕੇ ਮਹੰਤ ਲੋਹਾ ਲਾਖਾ ਹੋ ਗਿਆ, "ਹੋਰ ਤੇਰੇ ਪਿਓ ਨੇ ਖਰਚੇ ਨੇ? ਤੇਰੇ ਪਿਓ ਦਾ ਬੂਟਾ ਹੈ?"
ਅਕਾਲੀਆ ਆਕੜ ਕੇ ਕਹਿਣ ਲੱਗਾ, "ਆਹੋ ਮੇਰੇ ਪਿਓ ਦਾ ਬੂਟਾ ਹੈ।"
"ਕਿਹੜੇ ਪਿਓ ਦਾ ਓਏ?" ਮਹੰਤ ਨੇ ਅੱਖਾਂ ਸੁਰਖ ਕਰ ਕੇ ਕਿਹਾ।
"ਓਹੋ ਜਿਹੜਾ ਤੇਰਾ ਪਿਓ ਹੈ।"
ਮਹੰਤ ਨੇ ਇਸ ਨੂੰ ਕੋਈ ਗਾਲ੍ਹ ਸਮਝਿਆ, ਪਰ ਅਕਾਲੀਏ ਨੇ ਸਮਝਾਇਆ ਕਿ ਕੀ ਰੱਬ ਸਾਡਾ ਸਾਰਿਆਂ ਦਾ ਸਾਂਝਾ ਬਾਪੂ ਨਹੀਂ। ਮਹੰਤ ਕਹਿਣ ਲੱਗਾ, "ਹੁਣ ਗੱਲ ਬਦਲਾਉਂਦਾ ਐਂ? ਨਿਕਲਿਓ ਓਏ ਬਾਲਕਿਓ!" ਝੱਟ ਭੂੰ-ਭੂੰ ਕਰਦੇ ਭੂੰਡਾਂ ਧਮੋੜੀਆਂ ਵਾਂਗ ਸੱਤ ਅੱਠ ਡੱਟੇ ਨਿਕਲ ਆਏ। ਪਲ ਭਰ ਵਿਚ ਹੀ ਅਸੀਂ ਉਨ੍ਹਾਂ ਦੀ ਗਿਣਤੀ ਤੇ ਬਲ ਨੂੰ ਜਾਚਿਆ। ਅਕਾਲੀਏ ਨੇ ਅੱਖ ਦਾ ਇਕ ਇਸ਼ਾਰਾ ਕੀਤਾ ਕਿ ਅਸੀਂ ਉਠ ਨੱਸੀਏ।
ਬੇਅੰਤ ਨੇ ਆਵਾਜ਼ ਕੱਸਿਆ, 'ਆ ਜਾਓ ਮੇਰੇ ਵੱਲ' ਤੇ ਪੱਟਾਂ 'ਤੇ ਹੱਥ ਮਾਰੇ। ਉਹ ਸਾਰੇ ਉਸ ਵੱਲ ਨੱਸੇ। ਉਹ ਗੌਰਮਿੰਟ ਸਕੂਲ ਦਾ ਸਭ ਤੋਂ ਤੇਜ਼ ਹਾਕੀ ਦਾ ਖਿਲਾੜੀ ਸੀ। ਉਸ ਵੱਡਾ ਹਮਲਾ ਆਪਣੇ 'ਤੇ ਖਿੱਚ ਲਿਆ ਤੇ ਉਨ੍ਹਾਂ ਨੂੰ ਮਗਰ ਲਾ ਕੇ ਸੜਕ ਵੱਲ ਉਠ ਨੱਸਾ। ਅਸੀਂ ਪੈਲੀਆਂ ਦੀ ਵੱਟੇ ਪੈ ਕੇ ਉਚੇ ਗਾਚੇ ਦੀਆਂ ਕਿਆਰੀਆਂ ਵਿਚ ਜਾ ਲੁਕੇ।
ਅਕਾਲੀਆ ਨਾਹਰੇ ਲਾ ਰਿਹਾ ਸੀ: 'ਜੰਮੂ ਜੀ, ਤੁਸੀਂ ਬੜੇ ਰਾਅ!' ਅਸੀਂ ਉਸ ਨੂੰ ਚੁਪ ਕਰਾਉਣ ਦਾ ਜਤਨ ਕੀਤਾ, ਪਰ ਉਹ ਕਹਿਣ ਲੱਗਾ, "ਤੁਸੀਂ ਮੇਰੀ ਚਾਲ ਨਹੀਂ ਜਾਣਦੇ। ਅੱਜ ਇਕ ਵਿਹਲੜ ਮੁਸ਼ਟੰਡੇ ਨੂੰ ਜ਼ਰੂਰ ਸਜ਼ਾ ਦੇਵਾਂਗਾ, ਤੁਸੀਂ ਮੇਰੇ ਨਾਲ ਰਹਿਣਾ।" ਅਤੇ ਫੇਰ ਨਾਹਰੇ ਲਾਉਣੇ ਸ਼ੁਰੂ ਕਰ ਦਿੱਤੇ। ਨਾਹਰੇ ਸੁਣ ਕੇ 'ਕੱਲਾ ਸਾਧ ਸਾਨੂੰ ਲੱਭਣ ਲਈ ਮੱਕਈ 'ਚ ਆ ਵੜਿਆ। ਅਕਾਲੀਏ ਨੇ ਫੜ ਕੇ ਲੰਮਾ ਪਾ ਲਿਆ। ਉਸ ਦੇ ਪਰਨੇ ਨਾਲ ਉਸ ਦਾ ਮੂੰਹ ਰਲ ਮਿਲ ਕੇ ਬੰਨ੍ਹਿਆ ਗਿਆ, ਹੱਥ ਪੈਰ ਬੰਨ੍ਹਣ ਲਈ ਅਮਰੇ ਦੀ ਪਾਟੀ ਪੱਗ ਸ਼ਹੀਦ ਕੀਤੀ ਗਈ ਤੇ ਚੰਗਾ ਚਾਹ ਪਾਣੀ ਛਕਾ ਕੇ ਉਸ ਨੂੰ ਪੈਲੀ ਦੇ ਵਿਚਕਾਰੇ ਸੁੱਟ ਕੇ ਅਸੀਂ ਬਾਹਰ ਨਿਕਲ ਆਏ । ਬੇਅੰਤ ਕਿਥੇ ਡਾਹੀ ਦਿੰਦਾ ਸੀ। ਉਹ ਸਾਥੋਂ ਪਹਿਲੋਂ ਸ਼ਹਿਰ ਆ ਵੜਿਆ ।
ਹੁਣ ਵੀ ਜਦ ਕਦੀ ਕੋਈ ਹੋਕਾ ਦਿੰਦਾ ਹੈ 'ਜੰਮੂ ਰਾਅ' ਤਾਂ ਨਾਲ ਹੀ ਯਾਦ ਆ ਜਾਂਦਾ ਹੈ, 'ਜੰਮੂ ਜੀ, ਤੁਸੀਂ ਬੜੇ ਰਾਅ' ਤੇ ਸਾਹਮਣੇ ਖੜ੍ਹੀ ਹੋ ਜਾਂਦੀ ਹੈ, ਸਵਰਗਵਾਸੀ ਅਕਾਲੀਏ ਦੀ ਸੂਰਤ, ਜੋ ਮੇਰੇ ਵਾਂਗ ਜੰਮੂਆਂ ਦਾ ਸ਼ੁਕੀਨ ਸੀ, ਜੋ ਸੱਚ 'ਤੇ ਅੜ ਜਾਂਦਾ ਸੀ, ਸਮੇਂ ਨੂੰ ਪਛਾਣਦਾ ਸੀ, ਨਾਮ-ਧਰੀਕ ਵਿਹਲੜ ਸਾਧੂਆਂ ਨੂੰ ਰਾਹੇ ਪਾਉਂਦਾ ਸੀ ਤੇ ਆਜ਼ਾਦੀ ਦਾ ਪੁਜਾਰੀ ਸੀ। ਹੁਣ ਸਾਥੀ ਵਿਛੋੜ ਬੈਠਾ ਹਾਂ, ਮਿੱਤਰ ਗੁਆ ਬੈਠਾ ਹਾਂ। ਜੀਉਂ ਰਿਹਾ ਹਾਂ 'ਜੰਮੂ ਪਾਰਟੀ' ਦੇ ਰਹਿ ਗਏ ਦੂਰ ਦੂਰ ਬੈਠੇ ਦੋਸਤਾਂ ਦੇ ਪਿਆਰ 'ਤੇ। ਜੀਅ ਕਰਦਾ ਹੈ ਕਿ ਕਦੇ ਬਰਸਾਤ ਵਿਚ ਸਾਰਿਆਂ ਨੂੰ ਸੱਦ ਕੇ ਜੰਮੂਆਂ ਦਾ ਨਿਉਂਦਾ ਦਿਆਂ, ਪਰ ਖਰੀਦ ਕੇ ਖਾਧੇ ਜੰਮੂਆਂ ਦਾ ਖਬਰੇ ਸੁਆਦ ਆਵੇ ਕਿ ਨਾ ਆਵੇ। ਆਓ, ਜੰਮੂਆਂ ਦੀ ਤਾਰੀਫ ਕਰੀਏ ਤੇ ਉਨ੍ਹਾਂ ਦੇ ਗੁਣ ਗਾਵੀਏ।
ਜੰਮੂਆਂ ਦੀ ਹਰ ਸ਼ੈਅ ਕੰਮ ਆਉਂਦੀ ਹੈ। ਜੰਮੂ ਵਧੀ ਤਿਲੀ ਦੀ ਕੁਦਰਤੀ ਦਵਾ ਹਨ। ਜੰਮੂਆਂ ਦਾ ਸਿਰਕਾ ਲਿਫ ਲਈ ਕਾਰਗਰ ਹੈ। ਜੰਮੂਆਂ ਦਾ ਗੁਲਫਾ ਕਬਜ਼-ਕੁਸ਼ਾ ਹੈ। ਗਿਟਕ ਦਾ ਚੂਰਨ ਮੋਕਲਿਆਂ ਨੂੰ ਹਟਾਉਂਦਾ ਹੈ। ਜੜ੍ਹਾਂ, ਛਾਲ ਤੇ ਗਿਟਕਾਂ ਦਾ ਤੇਲ ਬੁੱਢਿਆਂ ਦੇ ਲਮਕ ਪਏ ਮਾਸ ਨੂੰ ਦ੍ਰਿੜ੍ਹ ਕਰ ਦਿੰਦਾ ਹੈ। ਇਸ ਦੀ ਲੱਕੜ ਨੂੰ ਲੋਕੀਂ ਨਿਕੰਮਾ ਆਖਦੇ ਸਨ, ਪਰ ਹੁਣ ਉਹ ਵੀ ਤਸਵੀਰਾਂ ਦੇ ਫਰੇਮਾਂ ਲਈ ਵਰਤੀ ਜਾਣ ਲਗ ਪਈ ਹੈ। ਇਹ ਦੇਖ ਕੇ ਮੀਆਂ ਖੁਲਦੀ ਦੀ ਕਵਿਤਾ ਦਾ ਯਾਦ ਆਉਂਦੀ ਹੈ:
ਬੰਦੇ ਕੋਲੋਂ ਰੁੱਖ ਚੰਗੇਰਾ,
ਲੱਗ ਪਿਆ ਬਿਨ ਲਾਇਓਂ।
ਵੱਟੇ ਖਾਵੇ ਤੇ ਫਲ ਖੁਆਵੇ,
ਫਰਕ ਨ ਕਰਦਾ ਸਾਇਓਂ।
ਲਕੜੀ ਉਸ ਦੀ ਸੈ ਕੰਮ ਆਵੇ,
ਫਰਕ ਨਹੀਂ ਸਿਰਪਾਇਓਂ।
ਮੀਆਂ ਖੁਲਦੀ ਦੱਸ ਮੁਇਆ
ਜੀਂਵਦਿਆਂ ਨੂੰ ਕਿਹੜੇ ਕੰਮ ਆਇਓਂ।
ਰੱਬ ਕਰੇ ਜੰਮੂਆਂ ਨੇ ਜਿਵੇਂ ਹਿੰਦ ਨੂੰ ਆਪਣਾ ਨਾਂ ਦਿੱਤਾ ਹੈ, ਹਿੰਦ ਵਾਸੀਆਂ ਨੂੰ ਆਜ਼ਾਦੀ ਹਾਸਲ ਕਰਨ ਲਈ ਸ਼ਕਤੀ ਵੀ ਦੇਣ। ਹਿੰਦ ਦੇ ਤਿਰੰਗੇ 'ਤੇ ਜਾਮਣੂਆਂ ਦੀ ਟਹਿਣੀ ਤੇ ਜਾਮਣੂਆਂ ਦਾ ਗੁੱਛਾ ਸੁੱਖ, ਸ਼ਾਂਤੀ, ਕੁਰਬਾਨੀ, ਬਹਾਦਰੀ ਤੇ ਆਜ਼ਾਦੀ ਦਾ ਚਿੰਨ੍ਹ ਹੋ ਜਾਏ ਤੇ ਸਾਡਾ ਨਾਹਰਾ ਹੋਵੇ:
"ਜੰਮੂ ਜ਼ਿੰਦਾਬਾਦ!
ਜੰਬੂ ਦੀਪ ਆਜ਼ਾਦ।"
ਤੇ ਹਿੰਦ ਦੇ ਇਸ ਨਾਂ ਤੇ ਨਾਹਰੇ 'ਤੇ ਸ਼ਾਇਦ ਕਿਸੇ ਧਿਰ ਨੂੰ ਵੀ ਇਤਰਾਜ਼ ਨਾ ਹੋਵੇ।