Janam Din (Punjabi Story) : Savinder Singh Uppal
ਜਨਮ ਦਿਨ (ਕਹਾਣੀ) : ਸਵਿੰਦਰ ਸਿੰਘ ਉੱਪਲ
ਜਿਉਂ ਹੀ ਜੁਗਲ ਪ੍ਰਸ਼ਾਦ ਦੀ ਪੰਜ ਰੁਪਏ ਤਨਖਾਹ ਵਧੀ, ਉਸ ਆਪਣੇ ਸਭ ਤੋਂ ਛੋਟੇ ਲੜਕੇ ਜੋਤੀ ਨੂੰ ਮੁੱਢ ਤੋਂ ਹੀ ਅੰਗਰੇਜ਼ੀ ਪੜ੍ਹਾਈ ਜਾਣ ਵਾਲੇ ਤੇ ਨਵੀਂਆਂ ਵਿੱਦਿਅਕ ਵਿਉਂਤਾਂ ਅਨੁਸਾਰ ਚਲ ਰਹੇ ਕਿਸੇ ਸਕੂਲ ਵਿੱਚ ਦਾਖ਼ਲ ਕਰਾਣ ਦੀ ਚਿਰ ਸੋਚੀ ਸੱਧਰ ਪੂਰੀ ਕਰਨੀ ਚਾਹੀ ਪਰ ਉਸ ਦੀ ਪਤਨੀ ਤਾਂ ਪਤੀ ਦੀ ਤਨਖ਼ਾਹ ਵਧਣ ਦੀ ਕਈ ਦਿਨਾਂ ਦੀ ਲੱਗੀ ਆਸ ਰਾਹੀਂ ਘਰ ਦੀਆਂ ਕਈ ਥੁੜਾਂ ਪੂਰੀਆਂ ਕਰਨ ਦੀ ਸੋਚੀ ਬੈਠੀ ਸੀ।ਜੋਤੀ ਨੂੰ ਅਜਿਹੇ ਅੰਗਰੇਜ਼ੀ ਸਕੂਲ ਵਿੱਚ ਦਾਖ਼ਲ ਕਰਾਉਣ ਦੀ ਗੱਲ ਸੁਣ ਕੇ ਦੇਵਕੀ ਕੁਝ ਚਿਰ ਲਈ ਸੋਚੀਂ ਪੈ ਗਈ ਪਰ ਆਖ਼ਰ ਇਹ ਆਖੇ ਬਿਨਾਂ ਨਾ ਰਹਿ ਸਕੀ।
‘‘ਮੈਂ ਤੇ ਕਹਿਨੀ ਆਂ, ਜੋਤੀ ਨੂੰ ਕਿਸੇ ਛੋਟੇ-ਮੋਟੇ ਸਕੂਲ ਵਿੱਚ ਦਾਖ਼ਲ ਕਰਾ ਦਿਓ।ਅਸੀਂ ਕਿੱਥੋਂ ਭਰ ਸਕਨੇ ਆਂ ਪੰਜ ਰੁਪਏ ਮਹੀਨਾ ਫ਼ੀਸ।’’
‘‘ਓਏ ਭਲੀਏ ਲੋਕੇ, ਇਹ ਜਿਹੜੀ ਪੰਜ ਰੁਪਏ ‘ਤਨਖ਼ਾਹ ਵਧੀ ਏ, ਇਹੋ ਸਮਝੀਂ, ਨਹੀਂ ਵਧੀ।’
‘‘ਹਾਏ, ਹਾਏ ! ਇੰਜ ਨਾ ਆਖੋ।’
ਤੇ ਜੋਤੀ ਨੂੰ ਚਾਅਵਾਂ ਮਲ੍ਹਾਰਾਂ ਨਾਲ ਨਵੀਨ ਵਿਉਂਤਾਂ ਅਨੁਸਾਰ ਚੱਲ ਰਹੇ ਲਾਗਲੇ ਸਕੂਲ ਵਿੱਚ ਦਾਖ਼ਲ ਕਰਾ ਦਿੱਤਾ। ਜੁਗਲ ਪ੍ਰਸ਼ਾਦ ਜਿੱਥੇ ਇਹ ਚਾਹੁੰਦਾ ਸੀ ਕਿ ਉਸ ਦਾ ਲੜਕਾ ਅੰਗਰੇਜ਼ੀ ਵਿੱਚ ਪ੍ਰਬੀਨ ਹੋਵੇ, ਉੱਥੇ ਉਹ ਜ਼ਿਆਦਾ ਇਸ ਕਰਕੇ ਅਜਿਹੇ ਸਕੂਲ ਵਿੱਚ ਮੁੰਡੇ ਨੂੰ ਦਾਖ਼ਲ ਕਰਾਉਣਾ ਜ਼ਰੂਰੀ ਸਮਝਦਾ ਸੀ ਕਿ ਉੱਥੇ ਹਰ ਸ਼ਖ਼ਸੀਅਤ ਨੂੰ ਪੁੰਗਰਨ ਲਈ ਲੋੜੀਂਦੀ ਤਰ੍ਹਾਂ ਦੇ ਅਵਸਰ ਦਿੱਤੇ ਜਾਂਦੇ ਹਨ। ਕਦੀ-ਕਦੀ ਉਹ ਦਫ਼ਤਰ ਜਾਣ ਸਮੇਂ ਘਰੋਂ ਕੁਝ ਸਵੇਰੇ ਟੁਰ ਜਾਂਦਾ ਸੀ ਅਤੇ ਅਜਿਹੇ ਸਕੂਲਾਂ ਦੇ ਬਾਹਰ ਖਲੋ ਕੇ ਵੇਖਦਾ ਕਿ ਬੱਚੇ ਚੰਗੇ ਕੱਪੜੇ ਪਾਏ, ਊਚ-ਨੀਚ ਤੋਂ ਬੇ-ਲਾਗ, ਨਿੱਖਰੇ ਪੁਖਰੇ ਹੌਲੀ-ਹੌਲੀ ਇੱਕ-ਦੂਜੇ ਨਾਲ ਗੱਲਾਂ ਕਰਦੇ, ਆਪਸ ਵਿੱਚ ਪਿਆਰ ਨਾਲ ਖੇਡਦੇ। ਗਾਲ੍ਹ ਕੱਢਣੀ ਤਾਂ ਉਹਨਾਂ ਦੀਆ ਉਸਤਾਨੀਆਂ ਅਨੁਸਾਰ ਪਾਪ ਸੀ, ਬਿਨਾਂ ਝਿਜਕ ਉਹ ਹਰ ਇੱਕ ਨਾਲ਼ ਗੱਲਾਂ ਕਰ ਲੈਂਦੇ ਅਤੇ ਉਤਸ਼ਾਹ ਭਰਪੂਰ ਆਪਣੇ ਆਪ 'ਤੇ ਪੂਰਾ ਭਰੋਸਾ ਹੋਣ ਕਾਰਨ ਉਹ ਅਵਸਰ ਅਨੁਸਾਰ ਗੱਲ ਸੋਚ ਸਕਦੇ। ਇਹੋ ਜਿਹੀਆਂ ਕੁਝ ਗੱਲਾਂ ਸਨ, ਜਿਨ੍ਹਾਂ ਕਾਰਨ ਜੁਗਲ ਪ੍ਰਸ਼ਾਦ ਦੀ ਚਿਰੋਕਣੀ ਸੱਧਰ ਸੀ ਕਿ ਉਹ ਵੀ ਆਪਣੇ ਨਿੱਕੇ ਲੜਕੇ ਨੂੰ ਅਜਿਹੇ ਸਕੂਲ ਵਿੱਚ ਦਾਖ਼ਲ ਕਰਾਏ।
ਇਹਨਾਂ ਸਕੂਲਾਂ ਵਿੱਚ ਪੜ੍ਹਾਉਣ ਨੂੰ ਤਾਂ ਹਰ ਇੱਕ ਦਾ ਦਿਲ ਕਰਦਾ ਹੈ ਪਰ ਪੜ੍ਹਾ ਕੋਈ-ਕੋਈ ਹੀ ਸਕਦਾ ਹੈ ਕਿਉਂ ਜੋ ਇਹਨਾਂ ਸਕੂਲਾਂ ਦੀਆ ਮੁੱਛਾਂ ਦਾੜ੍ਹੀ ਤੋਂ ਵੀ ਵੱਡੀਆਂ ਹੁੰਦੀਆਂ ਹਨ। ਭਾਵ ਦਾਖ਼ਲਾ, ਵਰਦੀ, ਖੇਡਾਂ ਦੀ ਫ਼ੀਸ, ਖਾਣ-ਪੀਣ ਦੇ ਪੈਸੇ ਆਦਿ ਕੁਝ ਅਜਿਹੀਆਂ ਰਕਮਾਂ ਹਨ, ਜਿਨ੍ਹਾਂ ਨੂੰ ਦੇਣ ਨਾਲ ਹੀ ਆਮ ਮਨੁੱਖ ਦਾ ਤਾਂ ਕਚੂਮਰ ਹੀ ਨਿਕਲ ਜਾਂਦਾ ਹੈ ਪਰ ਜੁਗਲ ਪ੍ਰਸ਼ਾਦ ਇਰਾਦੇ ਦਾ ਬੜਾ ਪੱਕਾ ਸੀ। ਇਸ ਕਰ ਕੇ ਉਸ ਇੱਧਰੋਂ ਮੰਗ-ਤੰਗ ਕੇ ਬੜੀ ਮੁਸ਼ਕਿਲ ਨਾਲ ਇਕੱਠੇ ਕੀਤੇ ਚਾਲੀ ਰੁਪਏ ਦੇਣ ਵੇਲੇ ਜ਼ਰਾ ਚੂੰ-ਚਾਂ ਨਾ ਕੀਤੀ।ਮੁੰਡੇ ਨੂੰ ਸਕੂਲ ਵਿੱਚ ਦਾਖ਼ਲ ਕਰਾ ਕੇ ਉਹ ਬਹੁਤ ਖ਼ੁਸ਼ ਹੋਇਆ।ਅੱਜ ਉਹ ਮਾਣ ਨਾਲ ਟੁਰ ਰਿਹਾ ਸੀ। ਉਹ ਸੋਚਦਾ, ਜੋਤੀ ਇਹੋ-ਜਿਹੇ ਨਿਖਰੇ ਤੇ ਸਾਫ਼ ਵਾਤਾਵਰਨ ਵਿੱਚ ਪੜ੍ਹ ਕੇ ਬਹੁਤ ਲਾਇਕ ਬਣੇਗਾ।ਆਜ਼ਾਦ ਭਾਰਤ ਦਾ ਉਹ ਇੱਕ ਬਹੁਤ ਵੱਡਾ ਤੇ ਚੰਗਾ ਅਫ਼ਸਰ ਬਣ ਜਾਵੇਗਾ।ਸਾਡੇ ਉੱਠ ਰਹੇ ਭਾਰਤ ਨੂੰ ਅਜਿਹੇ ਅਫ਼ਸਰਾਂ ਦੀ ਸਖ਼ਤ ਲੋੜ ਹੈ। ਸਾਡੇ ਭਾਰਤ ਲਈ ਜੋਤੀ, ਜੋਤ ਬਣ ਕੇ ਵਿਖਾ ਦਏਗਾ।
ਜੋਤੀ ਜਿੱਥੇ ਲਾਇਕ ਸੀ ਉੱਥੇ ਸੋਹਣਾ ਵੀ ਪੁੱਜ ਕੇ ਸੀ। ਉਸ ਦੀ ਉਸਤਾਨੀ ਸਾਫ਼ ਤੇ ਚਿੱਟੇ ਕੱਪੜਿਆਂ ਵਿੱਚ ਚਮਕੇ ਉਸ ਦੇ ਰੂਪ, ਸੁੰਦਰ ਨਕਸ਼ਾਂ ਨੂੰ ਵੇਖ ਕੇ ਪਿਆਰ ਕੀਤੇ ਬਿਨਾਂ ਨਾ ਰਹਿ ਸਕਦੀ। ਉਹ ਉਸ ਦਾ ਉਚੇਚਾ ਧਿਆਨ ਰੱਖਦੀ।
ਮਹੀਨੇ ਪਿੱਛੋਂ ਜਦੋਂ ਉਸ ਦਾ ਇਮਤਿਹਾਨ ਹੋਇਆ ਤਾਂ ਜੋਤੀ ਸਾਰੇ ਜਮਾਤੀਆਂ ਤੋਂ ਹਰ ਗੱਲ ਵਿੱਚ ਅੱਗੇ ਸੀ। ਉਸ ਦੀ ਪ੍ਰਿੰਸੀਪਲ ਨੇ ਰਿਪੋਰਟ ਵਿੱਚ ਖ਼ੁਸ਼ੀ ਪ੍ਰਗਟ ਕਰਨ ਦੇ ਨਾਲ-ਨਾਲ ਜੁਗਲ ਪ੍ਰਸ਼ਾਦ ਨੂੰ ਅਜਿਹੇ ਕਾਬਲ ਤੇ ਲਾਇਕ ਸਪੁੱਤਰ ਦਾ ਪਿਓ ਹੋਣ ਉੱਤੇ ਵਧਾਈ ਘੱਲੀ।
ਹੁਣ ਤਾਂ ਜੁਗਲ ਪ੍ਰਸ਼ਾਦ ਆਪਣੇ ਵਰਗਾ ਖ਼ੁਸ਼-ਕਿਸਮਤ ਪਿਓ ਕਿਸੇ ਨੂੰ ਸਮਝਦਾ ਹੀ ਨਹੀਂ ਸੀ। ਦਫ਼ਤਰ ਵਿੱਚ ਉਹ ਆਪਣੇ ਕਲਰਕ ਸਾਥੀਆਂ ਨਾਲ ਜੋਤੀ ਦੀ ਲਿਆਕਤ ਬਾਰੇ ਗੱਲਾਂ ਬੜੇ ਮਾਣ ਨਾਲ ਕਰਦਾ ਅਤੇ ਘਰ ਵਿੱਚ ਉਹ ਬਾਕੀ ਦੇ ਧੀਆਂ ਪੁੱਤਰਾਂ ਨੂੰ ਜੋਤੀ ਵਰਗਾ ਲਾਇਕ ਬਣਨ ਦੀ ਪ੍ਰੇਰਨਾ ਦਿੰਦਾ ਰਹਿੰਦਾ।ਦੇਵਕੀ ਨੂੰ ਕਈ- ਕਈ ਵਾਰੀ ਕਹਿੰਦਾ, ‘‘ਮੈਂ ਕਹਿੰਦਾ ਨਹੀਂ ਸੀ ਹੁੰਦਾ ਕਿ ਜੋਤੀ ਸਾਰੇ ਖ਼ਾਨਦਾਨ ਦਾ ਨਾਂ ਰੌਸ਼ਨ ਕਰੇਗਾ।"
ਇਹ ਗੱਲ ਸੁਣ ਕੇ ਉਸ ਦੀ ਪਤਨੀ ਦੇਵਕੀ ਵੀ ਆਪਣੇ ਆਪ ਉੱਤੇ ਦਿਲ ਹੀ ਦਿਲ ਵਿੱਚ ਇਸ ਗੱਲ ਕਾਰਨ ਮਾਣ ਕਰਦੀ ਕਿ ਆਖ਼ਰ ਇਹੋ-ਜਿਹਾ ਲਾਇਕ, ਚੰਨ ਪੁੱਤਰ ਜੰਮਿਆ ਤਾਂ ਮੈਂ ਹੀ ਹੈ ਨਾ।
ਹਾਲਾਂ ਛੇ ਮਹੀਨੇ ਹੀ ਲੰਘੇ ਸਨ ਕਿ ਇੱਕ ਦਿਨ ਜੋਤੀ, ਪ੍ਰਿੰਸੀਪਲ ਦੀ ਇੱਕ ਚਿੱਠੀ ਲਿਆਇਆ। ਜੁਗਲ ਪ੍ਰਸ਼ਾਦ ਉਸ ਨੂੰ ਪੜ੍ਹਦਿਆਂ ਹੀ ਖਿੜ-ਪੁੜ ਗਿਆ।
‘‘ਮੈਂ ਕਿਹਾ ਸੁਣਨੀ ਏਂ ਜੋਤੀ ਦੀ ਮਾਂ ! ਇਹ ਵੇਖੋ।’ ਤੇ ਉਹ ਜੋਤੀ ਨੂੰ ਚੁੱਕ ਕੇ ਰਸੋਈ ਵਿੱਚ ਲੈ ਗਿਆ।ਉਹ ਜੋਤੀ ਨੂੰ ਪਿਆਰ ਤੇ ਪਿਆਰ ਦੇਈ ਜਾ ਰਿਹਾ ਸੀ ਜਿਵੇਂ ਉਸ ਨੇ ਅੱਜ ਪਿਆਰ ਦੇਣ ਦਾ ਰਿਕਾਰਡ ਤੋੜ ਕੇ ਹੀ ਰੱਖ ਦੇਣਾ ਹੋਵੇ ਤੇ ਜੋਤੀ ਵਿਚਾਰਾ ਹੈਰਾਨ ਪ੍ਰੇਸ਼ਾਨ ਪਿਉ ਦੇ ਮੂੰਹ ਵੱਲ ਹੀ ਦੇਖੀ ਜਾ ਰਿਹਾ ਸੀ।
"ਮੈਂ ਕਿਹਾ ਜੀ ਗੱਲ ਤੇ ਦੱਸੋ, ਇਤਨੇ ਖ਼ੁਸ਼ ਕਿਸ ਗੱਲੋਂ ਪਏ ਹੁੰਦੇ ਹੋ?'' ਦੇਵਕੀ ਵੀ ਗੱਲ ਜਾਣ ਕੇ, ਇਸ ਖ਼ੁਸ਼ੀ ਵਿੱਚ ਛੇਤੀ ਤੋਂ ਛੇਤੀ ਸ਼ਾਮਲ ਹੋਣ ਲਈ ਉਤਾਵਲੀ ਹੋ ਰਹੀ ਸੀ।
‘‘ਚੱਲ ਕਮਰੇ ਵਿੱਚ ਚੱਲ, ਇਹ ਗੱਲ ਜ਼ਰਾ ਅਰਾਮ ਨਾਲ਼ ਦੱਸਣ ਵਾਲੀ ਏ।’ ਤੇ ਜੁਗਲ ਪ੍ਰਸ਼ਾਦ ਜੋਤੀ ਨੂੰ ਉਸੇ ਤਰ੍ਹਾਂ ਚੁੱਕ ਕੇ ਕਮਰੇ ਵਿੱਚ ਆ ਗਿਆ।
ਦੇਵਕੀ ਵੀ ਖ਼ੁਸ਼ੀ ਲਈ ਤਿਆਰ ਹੁੰਦੀ ਹੋਈ ਉਤਾਵਲੀ ਪਤੀ ਦੇ ਪਿੱਛੇ ਕਮਰੇ ਵਿੱਚ ਆ ਗਈ।
‘‘ਜ਼ਰਾ ਮੰਜੇ ਤੇ ਬੈਠ ਜਾ।'’ ਜੁਗਲ ਪ੍ਰਸ਼ਾਦ ਮੁਸਕਰਾਇਆ ਅਤੇ ਕੁਰਸੀ ਉੱਤੇ ਬੈਠ ਕੇ, ਆਈ ਚਿੱਠੀ ਨੂੰ ਫਿਰ ਪੜ੍ਹਨ ਲਈ ਐਨਕ ਨੂੰ ਨੱਕ ਉੱਤੇ ਠੀਕ ਜਮਾਉਣ ਲੱਗ ਪਿਆ।
ਇੱਕ ਅੱਧ ਮਿੰਟ ਲਈ ਉਹ ਅੰਗਰੇਜ਼ੀ ਵਿੱਚ ਲਿਖੀ ਚਿੱਠੀ ਨੂੰ ਫਿਰ ਪੜ੍ਹਦਾ ਰਿਹਾ, ਤਾਂ ਜੋ ਉਹ ਸਾਰੀ ਦੀ ਸਾਰੀ ਖ਼ੁਸ਼ਖ਼ਬਰੀ ਨੂੰ ਆਪਣੀ ਜੀਵਨ-ਸਾਥਣ ਨਾਲ ਸਾਂਝੀ ਕਰ ਸਕੇ।
"ਦੱਸੋ ਵੀ ਨਾ’’, ਫਿਰ ਦੇਵਕੀ ਨੇ ਇੰਝ ਮੁਸਕਰਾਂਦਿਆਂ ਆਖਿਆ, ਜਿਵੇਂ ਉਸ ਤੋਂ ਹੋਰ ਉਡੀਕਣਾ ਅਸਹਿ ਹੋ ਰਿਹਾ ਸੀ।
‘‘ਲੈ ਸੁਣ’’, ਤੇ ਫਿਰ ਉਸ ਐਨਕ ਉੱਚੀ ਕਰ ਕੇ ਹੌਲੀ-ਹੌਲੀ ਦੇਵਕੀ ਨੂੰ ਸਮਝਾਦਿਆਂ ਕਿਹਾ :
"ਐਤਵਾਰ ਨੂੰ,
ਜੋਤੀ ਦੀ ਪ੍ਰਿੰਸੀਪਲ ਨੇ ਲਿਖਿਆ ਹੈ ਕਿ ਇਸ ਪ੍ਰਾਂਤ ਦੇ ਪ੍ਰਸਿੱਧ ਮੰਤਰੀ ਸ੍ਰੀ ਜਵਾਲਾ ਪ੍ਰਸ਼ਾਦ ਦਾ ਜਨਮ-ਦਿਨ ਇੱਥੋਂ ਦੀ ਨਾਗਰਿਕ ਸਭਾ ਵੱਲੋਂ ਮਨਾਇਆ ਜਾ ਰਿਹਾ ਹੈ। ਸ਼ਹਿਰ ਦੇ ਚੋਣਵੇਂ ਸਕੂਲਾਂ ਦੇ ਦੋ ਲਾਇਕ ਵਿਦਿਆਰਥੀਆਂ ਨੂੰ ਇਸ ਮੌਕੇ ਉੱਤੇ ਮੰਤਰੀ ਜੀ ਮਿਲਣਾ ਪਸੰਦ ਕਰਨਗੇ। ਕੇ. ਜੀ. ਜਮਾਤ ਵਿੱਚੋਂ ਸਾਡੇ ਜੋਤੀ ਨੂੰ ਚੁਣਿਆ ਗਿਆ ਹੈ।ਇਹ ਉਹਨਾਂ ਨੂੰ ਹਾਰ ਪਾਏਗਾ।"
ਇਹ ਸੁਣਦਿਆਂ ਸਾਰ ਦੇਵਕੀ ਨੇ ਉਠ ਕੇ ਜੋਤੀ ਨੂੰ ਆਪਣੀ ਗੋਦ ਵਿੱਚ ਲੈ ਲਿਆ। ‘‘ਇਹ ਮੇਰਾ ਲਾਲ ਜਾਏਗਾ ! ਐਡੇ ਵੱਡੇ ਮੰਤਰੀ ਕੋਲ !! ਮੈਂ ਸਦਕੇ ਜਾਵਾਂ।" ਫਿਰ ਘੁੱਟ ਕੇ ਜੋਤੀ ਨੂੰ ਛਾਤੀ ਨਾਲ ਲਾ ਲਿਆ।ਦੇਵਕੀ ਦਾ ਚਿਹਰਾ ਉਸ ਵੇਲੇ ਕਿਸੇ ਤੇਜੱਸਵੀ ਦੇ ਚਿਹਰੇ ਨਾਲੋਂ ਘੱਟ ਨਹੀਂ ਸੀ ਚਮਕ ਰਿਹਾ।
ਪਤਨੀ ਨੂੰ ਖ਼ੁਸ਼ ਹੁੰਦਿਆਂ ਵੇਖ ਕੇ ਜੁਗਲ ਪ੍ਰਸ਼ਾਦ ਹੋਰ ਗਦ-ਗਦ ਹੋ ਗਿਆ। ਜੋਤੀ ਨੇ ਅੱਜ ਉਸ ਦੀ ਗੱਲ ਰੱਖ ਵਿਖਾਈ ਸੀ। ਫਿਰ ਉਸ ਅੱਖਾਂ ਮੀਟ ਲਈਆਂ, ਤਾਂ ਜੋ ਉਹ ਸਾਰੀ ਖ਼ੁਸ਼ੀ ਨੂੰ ਆਪਣੇ ਅੰਦਰ ਸਿੰਜਰ ਲਏ।
ਪਰ ਝੱਟ ਹੀ ਅੱਖਾਂ ਖੋਲ੍ਹ ਕੇ ਉਸ ਨੇ ਦੇਵਕੀ ਨੂੰ ਆਖਿਆ, ‘‘ਹਾਂ, ਸੱਚ ਮੈਂ ਇਹ ਤਾਂ ਤੈਨੂੰ ਦੱਸਣਾ ਭੁੱਲ ਗਿਆ ਕਿ ਜੋਤੀ ਲਈ ਕੁਝ ਖ਼ਾਸ ਤਰ੍ਹਾਂ ਦੇ ਕੱਪੜੇ ਤਿਆਰ ਕਰਨੇ ਨੇ, ਉੱਥੇ ਪਾ ਕੇ ਜਾਣ ਲਈ।” ਫਿਰ ਐਨਕ ਠੀਕ ਕਰਕੇ ਚਿੱਠੀ ਨੂੰ ਪੜ੍ਹਦਿਆਂ- ਪੜ੍ਹਦਿਆਂ ਹੀ ਆਖਦਾ ਗਿਆ, ‘‘ਚਿੱਟੀ ਕਮੀਜ਼, ਚਿੱਟੀ ਨਿੱਕਰ, ਚਿੱਟੀਆਂ ਜੁਰਾਬਾਂ ਤੇ ਇੱਕ ਸੁਨਹਿਰੀ ਹਾਰ।"
ਇਹਨਾਂ ਚੀਜ਼ਾਂ ਦੇ ਨਾਂ ਸੁਣਦਿਆਂ ਹੀ ਦੇਵਕੀ ਦੀ ਖ਼ੁਸ਼ੀ ਕਾਫ਼ੂਰ ਹੋ ਗਈ।ਉਸ ਦੇ ਮੂੰਹ ਉੱਤੇ ਆ ਰਿਹਾ ਖੇੜਾ ਉੱਥੇ ਹੀ ਰੁਕ ਗਿਆ ਤੇ ਫਿਰ ਹੌਲੀ-ਹੌਲੀ ਖੇੜੇ ਦੀ ਥਾਂ ਚਿੰਤਾ, ਦੁੱਖ ਤੇ ਕਲੇਸ਼ ਨੇ ਮੱਲ ਲਈ।ਉਸ ਇੰਝ ਅਨੁਭਵ ਕੀਤਾ ਜਿਵੇਂ ਕਿ ਉਹ ਖੇੜੇ ਦੇ ਮਹਿਲ ਨੂੰ ਦੂਰੋਂ ਵੇਖ ਕੇ ਖ਼ੁਸ਼ ਹੋ ਗਈ ਸੀ ਅਤੇ ਜਿਉਂ ਹੀ ਉਸ ਨੇ ਖ਼ੁਸ਼ੀ-ਖੁਸ਼ੀ ਉਸ ਦੇ ਅੰਦਰ ਪੈਰ ਧਰਨ ਲਈ ਚੁੱਕਿਆ, ਕਿਸੇ ਨੇ ਅਚਾਨਕ ਹੀ ਖੇੜੇ ਦੇ ਮਹਿਲ ਦਾ ਦਰਵਾਜ਼ਾ ਹੀ ਬੰਦ ਕਰ ਦਿੱਤਾ।
‘‘ਕੀ ਗੱਲ ਏ ਉਦਾਸ ਹੋ ਗਈ ਏਂ?'' ਜੁਗਲ ਪ੍ਰਸ਼ਾਦ ਨੂੰ ਇਸ ਖ਼ੁਸ਼ੀ ਦੀ ਘੜੀ ਸਮੇਂ ਉਸ ਦਾ ਬਿਲ-ਬਿਤੌਰੀ ਵਰਗਾ ਮੂੰਹ ਜਰਾ ਨਾ ਭਾਇਆ।
‘‘ਮੈਂ ਸੋਚਦੀ ਹਾਂ, ਇਹਨਾਂ ਚੀਜ਼ਾਂ ਵਾਸਤੇ ਪੈਸੇ ਕਿੱਥੋਂ ਲਵਾਂਗੇ।ਅੱਜ ਤੇ ਮਹੀਨੇ ਦੀ ਛੱਬੀ ਤਾਰੀਕ ਏ ਘਰ ਮਸਾਂ ਦਸ ਬਾਰਾਂ ਆਨੇ ਪਏ ਨੇ, ਦਾਲ ਸਬਜ਼ੀ ਲਈ। ਹਾਲਾਂ ਤਾਂ ਪਿਛਲੇ ਮੰਗੇ ਚਾਲੀ ਵੀ ਨਹੀਂ ਉੱਤਰੇ।’’
ਇਸ ਕਰੜੀ ਅਸਲੀਅਤ ਨੇ ਤਾਂ ਜਿਵੇਂ ਜੁਗਲ ਪ੍ਰਸ਼ਾਦ ਨੂੰ ਵੀ ਹੇਠਾਂ ਪਟਾਕ ਮਾਰਿਆ ਹੋਵੇ, ਉਹ ਤਾਂ ਹਾਲਾਂ ਤੀਕ ਖੇੜੇ ਦੇ ਗਗਨ ਉੱਤੇ ਹੀ ਪਿੱਤਰੀ-ਪਿਆਰ ਦੇ ਖੰਭ ਲਾਈ, ਉਡਾਰੀਆਂ ਲਾਈ ਜਾ ਰਿਹਾ ਸੀ। ਉਸ ਦਾ ਇਸ ਜ਼ਰੂਰੀ ਪਾਸੇ ਪਹਿਲਾਂ ਧਿਆਨ ਹੀ ਨਹੀਂ ਸੀ ਗਿਆ ਜਿਵੇਂ ਸਵਾਦਿਸ਼ਟ ਭੋਜਨ ਲਈ ਜਲਦੀ-ਜਲਦੀ ਖਾਧਿਆਂ ਦੰਦਾਂ ਹੇਠ ਆ ਕੇ ਕੱਟੀ ਗਈ ਜੀਭ ਸਾਰੇ ਦਾ ਸਾਰਾ ਸੁਆਦ ਮਾਰ ਦਿੰਦੀ ਹੈ, ਕੁਝ ਇਸ ਤਰ੍ਹਾਂ ਬੇਸੁਆਦੀ ਜੁਗਲ-ਪ੍ਰਸ਼ਾਦ ਨੇ ਦੇਵਕੀ ਦੀ ਅਸਲੀਅਤ ਵਰਗੀ ਕੌੜੀ ਗੱਲ ਸੁਣ ਕੇ ਅਨੁਭਵ ਕੀਤੀ। ਉਸ ਨੂੰ ਆਪਣੀ ਤੰਗ ਮਾਇਕ ਹਾਲਤ ਉੱਤੇ ਬੜੀ ਖਿੱਝ ਆਈ, ਜਿਹੜੀ ਕਦਮ-ਕਦਮ ਉੱਤੇ ਉਸ ਦਾ ਰਾਹ ਆਣ ਰੋਕਦੀ ਸੀ।ਫਿਰ ਉਸ ਦੀ ਇਹ ਖਿੱਝ ਕਰੋਧ ਬਣ ਦੇਵਕੀ ਉੱਤੇ ਵਸ ਪਈ।
"ਬਸ ਤੂੰ ਤਾਂ ਹਰ ਵੇਲ਼ੇ ਇਹੋ ਹੀ ਰੋਣੇ ਰੋਂਦੀ ਰਿਹਾ ਕਰੀਂ। ਲੋਕੀਂ ਇਹੋ-ਜਿਹੇ ਮੌਕਿਆਂ ਲਈ ਤਰਸਦੇ ਨੇ, ਤੂੰ ਹੈਂ ਕਿ...।’’
‘‘ਉਹੋ, ਤੁਸੀਂ ਤੇ ਐਵੇਂ ਹੀ ਪਏ ਗਰਮ ਹੁੰਦੇ ਹੋ। ਕੀ ਮੈਂ ਨਹੀਂ ਚਾਹੁੰਦੀ ਮੇਰੇ ਲਾਲ ਦੀ ਸ਼ਾਨ ਵਧੇ ਪਰ ਇਹਨਾਂ ਚੀਜ਼ਾਂ ਦਾ ਇੰਤਜ਼ਾਮ ਕਰਨ ਨਾਲ ਹੀ ਹੋਣਾ ਏਂ।ਐਵੇਂ ਥੁੱਕਾਂ ਨਾਲ ਤਾਂ ਵੜੇ ਨਹੀਂ ਪੱਕਦੇ।
"ਭਾਵੇਂ ਕੁਝ ਹੋ ਜਾਏ, ਇਹਨਾਂ ਚੀਜ਼ਾਂ ਦਾ ਇੰਤਜ਼ਾਮ ਮੈਂ ਕਰ ਕੇ ਹੀ ਛੱਡਾਂਗਾ।” ਜੁਗਲ ਪ੍ਰਸ਼ਾਦ ਨੇ ਦ੍ਰਿੜ੍ਹਤਾ ਨਾਲ ਕਿਹਾ।
‘ਮੈਂ ਵੇਖਦੀ ਹਾਂ ਗੁੱਡੀ ਦੀ ਬੁਗਨੀ ਵਿੱਚ ਕਿੰਨੇ ਪੈਸੇ ਨੇ। ਉਹ ਰੋਵੇਗੀ ਤਾਂ ਸਹੀ ਪਰ ਮੈਂ ਉਸ ਨੂੰ ਪਰਚਾ ਲਵਾਂਗੀ' ਤੇ ਉਹ ਬੁਗਨੀ ਲੈਣ ਚਲੀ ਗਈ।
ਦੇਵਕੀ ਦੇ ਜਾਣ ਉੱਤੇ ਜੁਗਲ ਪ੍ਰਸ਼ਾਦ ਨੇ ਸੋਚਿਆ, 'ਮੈਂ ਐਵੇਂ ਹੀ ਦੇਵਕੀ ਵਿਚਾਰੀ ਉੱਤੇ ਗੁੱਸੇ ਹੋਣ ਲੱਗ ਜਾਂਦਾ ਹਾਂ ਇਹ ਪੈਸੇ ਦੀ ਘਾਟ ਮੈਨੂੰ ਹਮੇਸ਼ਾਂ ਗੁੱਸਾ ਚੜ੍ਹਾ ਦਿੰਦੀ ਹੈ। ਇਹ ਵੀ ਕੀ ਜ਼ਿੰਦਗੀ ਹੋਈ, ਪੈਸੇ ਪੈਸੇ ਲਈ ਯਭਕਦੇ ਫਿਰਨਾ। ਕੀ ਸਾਡੇ ਗ਼ਰੀਬਾਂ ਦਾ ਇਤਨਾ ਵੀ ਹੱਕ ਨਹੀਂ ਕਿ ਅਸੀਂ ਆਪਣੇ ਹੋਣਹਾਰ ਲੜਕੇ ਦੀ ਇੱਕ ਨਿੱਕੀ ਖ਼ੁਸ਼ੀ ਨੂੰ ਖ਼ਰੀਦ ਸਕੀਏ ਤੇ ਇਹ ਅਮੀਰ, ਹਜ਼ਾਰਾਂ ਰੁਪਏ ਐਵੇਂ ਹੀ ਅਯਾਸ਼ੀ ਵਿੱਚ ਰੋੜ੍ਹਦੇ ਫਿਰਦੇ ਨੇ। ਅਸੀਂ ਗ਼ਰੀਬ ਉਤਨਾ ਚਿਰ ਨਹੀਂ ਉੱਠ ਸਕਾਂਗੇ, ਜਿਤਨਾ ਚਿਰ ਅਸੀਂ ਆਪ ਯਤਨ ਨਹੀਂ ਕਰਦੇ। ਅਮੀਰ ਨੇ ਤਾਂ ਨਾ ਸਾਨੂੰ ਉਠਾਲਣਾ ਹੈ ਅਤੇ ਨਾ ਹੀ ਕਦੀ ਉੱਠਣ ਦੇਣਾ ਹੈ।’
ਫਿਰ ਉਸ ਦਾ ਧਿਆਨ ਦੇਵਕੀ ਵੱਲ ਗਿਆ, ਜਿਹੜੀ ਵਿਚਾਰੀ ਜਦੋਂ ਦੀ ਵਿਆਹੀ ਗਈ ਸੀ, ਤੰਗੀ ਤੁਰਸ਼ੀ ਦੇ ਪੁੜਾਂ ਵਿੱਚ ਹੀ ਪਿਸ ਰਹੀ ਸੀ। ਹੁਣ ਉਸ ਦੇ ਮਨ ਵਿੱਚ ਦੇਵਕੀ ਲਈ ਵਧੇਰੇ ਤਰਸ ਸੀ। ਵਿਚਾਰੀ ਕੀ ਕਰੇ ਬੜੀ ਮੁਸ਼ਕਲ ਨਾਲ ਡੇਢ ਸੌ ਵਿੱਚ ਪੰਜ ਬੱਚਿਆਂ ਨੂੰ ਪਾਲਦੀ ਏ।
‘ਮੈਂ ਕਿਹਾ ਜੀ, ਗੁੱਡੀ ਦੀ ਬੁਗਨੀ 'ਚੋਂ ਸਾਢੇ ਸੱਤ ਆਨੇ ਨਿਕਲੇ ਤੇ ਜੋਤੀ ਦੀ ਬੁਗਨੀ 'ਚੋਂ ਬਾਰਾਂ ਆਨੇ।’
ਜੁਗਲ ਪ੍ਰਸ਼ਾਦ ਨੇ ਵੇਖਿਆ ਕਿ ਉਹ ਵਿਚਾਰੀ ਯਤਨ ਕਰ ਰਹੀ ਸੀ ਕਿ ਕਿਸੇ ਤਰ੍ਹਾਂ ਮੇਰਾ ਲਾਲ, ਸਕੂਲ ਵਾਲਿਆਂ ਦੀ ਇੱਛਾ ਅਨੁਸਾਰ ਤਿਆਰ ਹੋ ਕੇ ਐਤਵਾਰ ਨੂੰ ਸਕੂਲ ਜਾ ਸਕੇ।ਉਸ ਸੋਚਿਆ, ਸਕੂਲ ਵਾਲਿਆਂ ਤਾਂ ਆਪਣੇ ਵੱਲੋਂ ਸਾਡੇ ਬੱਚੇ ਨੂੰ ਮਾਣ ਦਿੱਤਾ ਹੈ ਪਰ ਉਹ ਕੀ ਜਾਣਨ ਕਿ ਇਹ ਮਾਣ ਸਾਡੇ ਲਈ ਜ਼ਹਿਮਤ ਬਣ ਜਾਏਗਾ।ਹੱਛਾ ਪਰਵਾਹ ਨਹੀਂ ਭਾਵੇਂ ਕੁਝ ਵੀ ਹੋ ਜਾਏ, ਮੇਰੇ ਬੱਚੇ ਨੂੰ ਐਤਵਾਰ ਇਹ ਸਾਰੀਆਂ ਚੀਜ਼ਾਂ ਮਿਲਣੀਆਂ ਹੀ ਚਾਹੀਦੀਆਂ ਹਨ। ਅੱਜ ਵੀਰਵਾਰ ਹੈ, ਵਿੱਚੋਂ ਦਿਨ ਤੇ ਹੋਏ ਸ਼ੁਕਰ ਤੇ ਸਨਿਚਰ, ਕੋਈ ਗੱਲ ਨਹੀਂ। ਇਹ ਸੋਚ ਕੇ ਉਹ ਪੱਕੇ ਇਰਾਦੇ ਨਾਲ ਘਰੋਂ ਬਾਹਰ ਨਿਕਲ ਗਿਆ, ਕਿਸੇ ਤੋਂ ਕੁਝ ਪੈਸੇ ਫੜਨ ਲਈ, ਬਿਨਾਂ ਇਸ ਗੱਲ ਨੂੰ ਅਨੁਭਵ ਕੀਤਿਆਂ ਕਿ ਮੈਂ ਹੁਣੇ ਹੀ ਦਫ਼ਤਰੋਂ ਥੱਕਾ-ਟੁੱਟਾ ਆਇਆ ਹਾਂ।
ਘੰਟੇ ਪਿੱਛੋਂ ਜਦ ਉਹ ਮੁੜਿਆ ਤਾਂ ਉਹਦੀ ਜੇਬ ਵਿੱਚ ਰੁਪਏ-ਰੁਪਏ ਦੇ ਤਿੰਨ ਨੋਟ ਸਨ। ਉਸ ਨੂੰ ਇਹਨਾਂ ਤਿੰਨਾਂ ਰੁਪਿਆਂ ਦਾ ਉਧਾਰ ਲੈਣ ਲਈ ਕਿੰਨਿਆਂ ਅੱਗੇ ਲਿਲਕੜੀਆਂ ਲੈਣੀਆਂ ਪਈਆਂ ਸਨ ਤੇ ਤਦ ਜਾ ਕੇ ਉਹ ਇੱਕ ਮਿੱਤਰ ਕੋਲੋਂ ਤਿੰਨ ਰੁਪਏ ਫੜ ਸਕਿਆ ਸੀ।
ਘਰ ਵਿੱਚ ਆ ਕੇ ਬਜਟ ਵਿੱਚ ਆ ਪਈ ਨਵੀਂ ਤੇੜ ਉੱਤੇ ਵਿਚਾਰ ਕੀਤੀ ਗਈ।
‘‘ਇੱਕ ਫਟੀ ਸਫ਼ੈਦ ਚਾਦਰ ਵਿੱਚੋਂ ਗੁਆਂਢਣ ਦੀ ਮਸ਼ੀਨ 'ਤੇ ਮੈਂ ਇਸ ਦੀ ਕਮੀਜ਼ ਤਾਂ ਤਿਆਰ ਕਰ ਲਵਾਂਗੀ।ਹਾਂ ਚਿੱਟੀ ਨਿੱਕਰ ਦਾ ਕੱਪੜਾ ਵੀ ਬਜ਼ਾਰੋਂ ਲੈਣਾ ਹੀ ਪੈਣਾ ਹੈ ਤੇ ਸਵਾਉਣੀ ਦਰਜ਼ੀ ਤੋਂ ਪਵੇਗੀ, ਮੈਨੂੰ ਨਿੱਕਰ ਸਿਊਣ ਦੀ ਜਾਚ ਨਹੀਂ। ਦੇਵਕੀ ਨੇ ਪਤੀ ਨੂੰ ਇਹਨਾਂ ਪੈਸਿਆ ਨਾਲ ਹੀ ਕੰਮ ਸਾਰਨ ਦੀ ਤਰਕੀਬ ਦੱਸਦਿਆਂ ਕਿਹਾ।
ਦੇਵਕੀ ਤੋਂ ਬੁਗਨੀਆਂ ਵਿੱਚੋਂ ਨਿਕਲਿਆਂ ਭੰਨ ਤੋੜ ਲੈ ਕੇ ਜਦੋਂ ਉਹ ਘਰੋਂ ਤੁਰਨ ਲੱਗਾ ਤਾਂ ਉਸ ਵੇਖਿਆ ਜੋਤੀ ਘਰ ਨਹੀਂ ਸੀ। ਸਾਰੇ ਪਾਸੇ ਭਾਲਿਆ ਪਰ ਕਿਧਰੇ ਨਜ਼ਰ ਨਾ ਆਇਆ। ਭਾਵੇਂ ਇਸ ਸਮੇਂ ਥੋੜ੍ਹਾ-ਥੋੜ੍ਹਾ ਹਨ੍ਹੇਰਾ ਹੋ ਗਿਆ ਸੀ ਪਰ ਜੁਗਲ ਪ੍ਰਸ਼ਾਦ ਨਹੀਂ ਸੀ ਚਾਹੁੰਦਾ ਕਿ ਇਸ ਕੰਮ ਵਿੱਚ ਹੋਰ ਦੇਰ ਕੀਤੀ ਜਾਏ।ਉਹ ਆਪ ਹੀ ਜੋਤੀ ਨੂੰ ਲੱਭਣ ਚਲਾ ਗਿਆ। ਉਸ ਵੇਖਿਆ ਕਿ ਬਾਹਰ ਗਲੀ ਵਿੱਚ ਜੋਤੀ ਮੁੰਡਿਆਂ ਨਾਲ ਖੇਡ ਰਿਹਾ ਸੀ।ਉਸ ਨੂੰ ਇਸ ਤਰ੍ਹਾਂ ਨਿਸ਼ਚਿੰਤ ਵੇਖ ਉਸ ਸੋਚਿਆ, ‘‘ਸਚ ਕਹਿੰਦੇ ਨੇ ਕਿ ਬਚਪਨ ਬਾਦਸ਼ਾਹੀ ਹੁੰਦੀ ਹੈ। ਇਸ ਨੂੰ ਕੋਈ ਫ਼ਿਕਰ ਨਹੀਂ ਆਪਣੇ ਕੱਪੜੇ ਦਾ ਬੰਦੋਬਸਤ ਕਰਨ ਦਾ, ਮਾਪੇ ਆਪੇ ਪਏ ਫ਼ਿਕਰ ਕਰਨ।’’ ਕੋਈ ਦੋ ਘੰਟਿਆਂ ਪਿੱਛੋਂ ਜਦੋਂ ਜੁਗਲ ਪ੍ਰਸ਼ਾਦ ਅਤੇ ਜੋਤੀ ਘਰ ਮੁੜ ਰਹੇ ਸਨ ਤਾਂ ਦੋਹਾਂ ਦੇ ਚਿਹਰੇ ਖਿੜੇ ਹੋਏ ਸਨ। ਜੋਤੀ ਤਾਂ ਇਸ ਲਈ ਖ਼ੁਸ਼ ਸੀ ਕਿ ਅੱਜ ਉਸ ਲਈ ਨਵੇਂ ਬੂਟ, ਜਰਾਬਾਂ ਅਤੇ ਨਿੱਕਰ ਦਾ ਕੱਪੜਾ ਆਦਿ ਚੀਜ਼ਾਂ ਖ਼ਰੀਦੀਆਂ ਗਈਆਂ ਸਨ ਅਤੇ ਜੁਗਲ ਪ੍ਰਸ਼ਾਦ ਇਸ ਔਕੜ ਨੂੰ ਹੱਲ ਕਰਨ ਪਿੱਛੋਂ ਇਸ ਕਰਕੇ ਖ਼ੁਸ਼ ਸੀ ਕਿ ਉਹ ਆਪਣੇ ਹੋਣਹਾਰ ਬੱਚੇ ਨੂੰ ਮੰਤਰੀ ਜੀ ਦੇ ਜਨਮ-ਦਿਨ ਦੇ ਸਮਾਗ਼ਮ ਤੇ ਹਰ ਹਾਲਤ ਘੱਲ ਸਕੇਗਾ।ਉਹ ਦਰਜ਼ੀ ਨੂੰ ਸਨਿੱਚਰਵਾਰ ਦੀ ਨਿੱਕਰ ਦੇਣ ਦੀ ਪੱਕੀ ਤਾਕੀਦ ਕਰ ਆਇਆ ਸੀ। ਉਹ ਰਸਤੇ ਵਿੱਚ ਸੋਚਦਾ ਆਇਆ ਸੀ ਕਿ ਸੱਚ ਕਹਿੰਦੇ ਨੇ ਇੱਕੋ ਹੋਣਹਾਰ ਬੱਚਾ ਹੀ ਘਰ ਦੇ ਨਾਂ ਨੂੰ ਚਮਕਾ ਦਿੰਦਾ ਹੈ।ਐਤਵਾਰ ਵਾਲੇ ਦਿਨ ਜਿੱਥੇ ਹੋਰ ਚੋਣਵੇਂ ਸਕੂਲਾਂ ਦੇ ਬੱਚੇ ਸਟੇਜ ਉੱਤੇ ਜਾ ਕੇ ਹਾਰ ਪਾਉਣਗੇ, ਉਹਨਾਂ ਵਿੱਚ ਮੇਰਾ ਜੋਤੀ ਵੀ ਹੋਵੇਗਾ।ਜਦੋਂ ਇਸ ਦਾ ਨਾਂ ਬੋਲਿਆ ਜਾਵੇਗਾ, ਜੋਤੀ ਪ੍ਰਸ਼ਾਦ ਸਪੁੱਤਰ ਲਾਲਾ ਜੁਗਲ ਪ੍ਰਸ਼ਾਦ ਤਾਂ ਉੱਥੇ ਬੈਠੇ ਹੋਰ ਪਤਵੰਤਿਆਂ ਤੇ ਮੰਤਰੀਆਂ ਨੂੰ ਪਤਾ ਲੱਗੇਗਾ ਕਿ ਇਹ ਮੁੰਡਾ ਲਾਲਾ ਜੁਗਲ ਪ੍ਰਸ਼ਾਦ ਦਾ ਹੈ।ਫ਼ਿਲਮ ਲਈ ਜਾਏਗੀ, ਅਖ਼ਬਾਰ ਵਿੱਚ ਇਸ ਦਾ ਨਾਂ ਆਵੇਗਾ ਤੇ ਹੋ ਸਕਦਾ ਏ ਇਸ ਦੀ ਤਸਵੀਰ ਵੀ ਆਵੇ।ਇਹ ਸੋਚ ਕੇ ਉਸ ਦੀਆਂ ਵਾਛਾਂ ਖਿੱਲ ਗਈਆਂ ਅਤੇ ਉਹ ਆਪਣੇ ਆਪ ਨੂੰ ਦਿਲ ਹੀ ਦਿਲ ਵਿੱਚ ਇਸ ਗੱਲੋਂ ਸ਼ਾਬਾਸ਼ ਦੇਣ ਲੱਗਾ ਕਿ ਕਮ-ਅਜ਼-ਕਮ ਇੱਕ ਮੁੰਡੇ ਨੂੰ ਤਾਂ ਚੰਗੇ ਸਕੂਲ ਵਿੱਚ ਦਾਖ਼ਲ ਕਰਾਉਣ ਦੀ ਮੈਂ ਸਿਆਣਪ ਕੀਤੀ ਸੀ।ਜਿਹੜੀ ਸ਼ਾਨ ਮੇਰੇ ਚਾਰ ਮੁੰਡਿਆਂ ਕੁੜੀਆਂ ਨੇ ਵੀ ਰਲ ਕੇ ਨਹੀਂ ਸੀ ਵਧਾਈ, ਉਹ ਇਕੱਲੇ ਨੇ ਵਧਾ ਵਿਖਾਈ।
ਘਰ ਵੜਦਿਆਂ ਸਾਰ ਉਸ ਦੇਵਕੀ ਨੂੰ ਬੁਲਾਇਆ ਅਤੇ ਬੜੇ ਮਾਣ ਅਤੇ ਉਤਸ਼ਾਹ ਨਾਲ ਜੁਗਲ ਪ੍ਰਸ਼ਾਦ ਨੇ ਉਸ ਨੂੰ ਦੱਸਿਆ, ‘‘ਜੋਤੀ ਦੀ ਮਾਂ, ਮੈਂ ਨਿੱਕਰ ਦਾ ਕੱਪੜਾ ਖ਼ਰੀਦ ਕੇ ਦਰਜ਼ੀ ਨੂੰ ਦੇ ਆਇਆ ਹਾਂ ਤੇ ਸ਼ਨਿਚਰਵਾਰ ਦੀ ਪੱਕੀ ਵੀ ਕਰ ਆਇਆ ਹਾਂ।ਤੂੰ ਇਹ ਬੂਟ-ਜੁਰਾਬਾਂ ਤੇ ਹਾਰ ਥੈਲੇ 'ਚ ਸੰਭਾਲ ਛੱਡ ਤੇ ਨਾਲੇ ਕਮੀਜ਼ ਕੱਲ੍ਹ ਜ਼ਰੂਰ ਬਣਾ ਛੱਡੀਂ।'' ਫਿਰ ਕੁਝ ਚੇਤੇ ਕਰ ਕੇ ਉਹ ਖ਼ੁਸ਼ੀ ਨਾਲ ਬੋਲਿਆ, ‘‘ਜੋਤੀ ਦੀ ਮਾਂ, ਅੱਜ ਰੱਬ ਨੇ ਇੱਕ ਹੋਰ ਬੜਾ ਸਬੱਬ ਕਰ ਦਿੱਤਾ। ਮੈਂ ਜਦੋਂ ਇੱਥੋਂ ਛਪਦੀ ਅਖ਼ਬਾਰ ਦੇ ਦਫ਼ਤਰ ਕੋਲੋਂ ਦੀ ਲੰਘਿਆ ਤੇ ਖ਼ਿਆਲ ਆਇਆ ਕਿ ਪਤਾ ਕਰੀਏ ਉਸ ਦਿਨ ਸਮਾਗਮ ਸਮੇਂ ਜੋਤੀ ਦੇ ਹਾਰ ਪਾਉਣ ਦੀ ਫੋਟੋ ਦਾ ਵੀ ਪ੍ਰਬੰਧ ਹੋ ਸਕੇ।ਜਿਉਂ ਹੀ ਮੈਂ ਅੰਦਰ ਵੜਿਆ ਕਿ ਫੋਟੋਗ੍ਰਾਫਰ ਕੈਮਰਾ ਲਟਕਾਈ ਬਾਹਰ ਆ ਰਿਹਾ ਸੀ। ਮੈਂ ਉਸ ਨਾਲ ਗੱਲ ਜਾ ਕੀਤੀ ਤੇ ਪਤਾ ਲੱਗਾ ਕਿ ਐਤਵਾਰ ਵਾਲੇ ਸਮਾਗਮ ਤੇ ਉਹੀ ਜਾ ਰਿਹਾ ਸੀ।ਮੈਂ ਉਸ ਦੇ ਨਾਲ ਵੀ ਗੱਲ ਕਰ ਆਇਆ ਹਾਂ ਕਿ ਜਦੋਂ ਰਿਪਬਲਿਕ ਸਕੂਲ ਦਾ ਕੇ. ਜੀ ਜਮਾਤ ਦਾ ਪ੍ਰਤੀਨਿਧ ਮੇਰਾ ਇਹ ਮੁੰਡਾ ਮੰਤਰੀ ਜੀ ਨੂੰ ਹਾਰ ਪਾਏ, ਉਹ ਫੋਟੋ ਜ਼ਰੂਰ ਖਿੱਚੇ।
ਦੇਵਕੀ ਦੇ ਮੂੰਹ ਤੇ ਕੁਝ ਚਿੰਤਾ ਦੇ ਨਿਸ਼ਾਨ ਵੇਖ ਕੇ ਆਪਣੀ ਖ਼ੁਸ਼ੀ ਵਿੱਚ ਬਿਨਾਂ ਕੋਈ ਫ਼ਰਕ ਪੈਣ ਦਿੱਤਿਆਂ ਫਿਰ ਉਹ ਝੱਟ ਬੋਲਿਆ, ‘ਬਾਕੀ ਰਹੀ ਪੈਸਿਆਂ ਦੀ ਗੱਲ, ਫੋਟੋ ਬਣਨ ਤੀਕ ਪਹਿਲੀ ਤਰੀਕ ਹੋ ਹੀ ਜਾਣੀ ਹੈ। ਭਲੀਏ ਲੋਕੇ! ਰੱਬ ਆਪ ਕਰਦਾ ਏ ਗ਼ਰੀਬਾਂ ਦਾ ਕੰਮ। ਹਾ......ਹਾ......ਹਾ......!’' ਜੁਗਲ ਪ੍ਰਸ਼ਾਦ ਸਾਰੀ ਦੀ ਸਾਰੀ ਗੱਲ ਇੱਕੋ ਵਾਰੀ ਹੀ ਕਹਿ ਗਿਆ ਤੇ ਫਿਰ ਕਦੀ-ਕਦੀ ਪ੍ਰਾਪਤ ਹੋਈ ਖ਼ੁਸ਼ੀ ਦੇ ਅਜਿਹੇ ਅਵਸਰ ਤੋਂ ਪੂਰਾ-ਪੂਰਾ ਲਾਭ ਉਠਾਉਂਦਿਆਂ, ਉਹ ਹੱਸ-ਹੱਸ ਕੇ ਦੂਹਰਾ ਹੋਣ ਲੱਗਾ।
ਦੇਵਕੀ ਇਸ ਫੋਟੋ ਦੀ ਫ਼ਜ਼ੂਲ-ਖ਼ਰਚੀ ਬਾਬਤ ਕੁਝ ਕਹਿਣਾ ਤਾਂ ਚਾਹੁੰਦੀ ਸੀ ਪਰ ਫਿਰ ਪਤੀ ਦੇ ਰੰਗ ਵਿੱਚ ਭੰਗ ਪੈ ਜਾਣ ਦੇ ਡਰ ਵਜੋਂ ਕੁਝ ਨਾ ਬੋਲੀ ਤੇ ਉੱਠ ਕੇ ਬਾਹਰ ਚਲੀ ਗਈ।
ਸਵੇਰੇ ਮੁੰਡੇ-ਕੁੜੀਆਂ ਨੂੰ ਸਕੂਲ ਤੇ ਜੁਗਲ ਪ੍ਰਸ਼ਾਦ ਨੂੰ ਦਫ਼ਤਰ ਟੋਰ ਕੇ ਦੇਵਕੀ ਨੇ ਇੱਕ ਪੁਰਾਣੀ ਚਿੱਟੀ ਚਾਦਰ ਕੱਢੀ। ਪਹਿਲਾਂ ਤਾਂ ਉਸ ਨੂੰ ਚੰਗੀ ਤਰ੍ਹਾ ਜਾਚਿਆ ਪੜਤਾਲਿਆ, ਫਿਰ ਜਾਚ ਕੀਤੀ ਅਤੇ ਸਾਰਾ ਦਿਨ ਮਗਜ਼ ਪੱਚੀ ਕਰ ਕੇ ਗੁਆਂਢਣ ਦੀ ਮਸ਼ੀਨ ਤੇ ਸ਼ਾਮ ਤੀਕ ਮੁਸ਼ਕਲ ਨਾਲ ਜੋਤੀ ਦੀ ਕਮੀਜ਼ ਤਿਆਰ ਕਰ ਸਕੀ । ਉਧਰ ਜੁਗਲ ਪ੍ਰਸ਼ਾਦ ਨੇ ਦੋ ਘੰਟਿਆਂ ਦੀ ਛੁੱਟੀ ਲਈ ਅਤੇ ਨਾਗਰਕ ਸਭਾ ਦੇ ਦਫ਼ਤਰ ਜਾ ਕੇ ਯਤਨ ਕੀਤਾ ਕਿ ਕਿਸੇ ਤਰ੍ਹਾਂ ਉਸ ਨੂੰ ਵੀ ਨਿਮੰਤਰਨ-ਪੱਤਰ ਮਿਲ ਸਕੇ ਤਾਂ ਜੋ ਉਹ ਆਪਣੀਆਂ ਅੱਖਾਂ ਨਾਲ, ਆਪਣੇ ਪਿਆਰੇ ਪੁੱਤਰ ਨੂੰ ਮਾਣ ਪ੍ਰਾਪਤ ਕਰਦਿਆਂ ਵੇਖ ਸਕੇ ਪਰ ਉਸ ਨੂੰ ਪਤਾ ਲੱਗਾ ਕਿ ਉਸ ਸਮਾਗਮ ਵਿੱਚ ਤਾਂ ਵੱਡੇ-ਵੱਡੇ ਰਾਜਨੀਤਿਕ ਆਗੂ, ਅਮੀਰ ਲੱਖ-ਪਤੀਏ, ਵੱਡੇ- ਵੱਡੇ ਅਫ਼ਸਰ ਤੇ ਕੁਝ ਸੱਦੇ ਗਏ ਬੱਚੇ ਹੀ ਜਾ ਸਕਦੇ ਹਨ।ਉਸ ਸੋਚਿਆ ਕਿ ਮੈਂ ਇਹਨਾਂ ਵਿੱਚੋਂ ਕਿਸੇ ਗਿਣਤੀ ਵਿੱਚ ਵੀ ਨਹੀਂ ਆਉਂਦਾ। ਵਿਚਾਰਾ ਦਿਲ ਦੀਆਂ ਉਮੰਗਾਂ ਦਿਲ ਵਿੱਚ ਹੀ ਦਬੋਚ ਕੇ ਰਹਿ ਗਿਆ।
ਐਤਵਾਰ ਦਾ ਦਿਨ ਆਇਆ। ਅੱਜ ਸਾਰੇ ਟੱਬਰ ਨੂੰ ਜੋਤੀ ਉੱਤੇ ਮਾਣ ਸੀ, ਜਿਸ ਕਰਕੇ ਸਾਰੇ ਉਸ ਨੂੰ ਤਿਆਰ ਕਰਨ ਵਿੱਚ ਜੁਟੇ ਪਏ ਸਨ। ਕੋਈ ਉਸ ਨੂੰ ਸਾਬਣ ਮਲ ਕੇ ਨੁਹਾ ਰਿਹਾ ਸੀ। ਕੋਈ-ਨਿੱਕਰ ਕਮੀਜ਼ ਨੂੰ ਇਸਤਰੀ ਕਰ ਰਿਹਾ ਸੀ ਤੇ ਕੋਈ ਉਸ ਦੀ ਕੰਘੀ ਪੱਟੀ ਦੇ ਆਹਰ-ਪਾਹਰ ਵਿੱਚ ਜੁਟਿਆ ਹੋਇਆ ਸੀ।
ਤਕਾਲਾਂ ਨੂੰ ਸਾਰਾ ਟੱਬਰ ਇਸ ਗੱਲ ਦੀ ਇੰਤਜ਼ਾਰ ਵਿੱਚ ਸੀ ਕਿ ਕਿਸ ਵੇਲੇ ਜੋਤੀ ਸਮਾਗਮ ਤੋਂ ਵਾਪਸ ਆਏ ਤਾਂ ਜੋ ਉਹ ਆਪਣੀ ਜ਼ਬਾਨੀ ਸਾਰੀ ਰੌਣਕ ਤੇ ਮਿਲੇ ਮਾਣ ਨੂੰ ਵਿਸਥਾਰ ਨਾਲ ਬਿਆਨ ਕਰੇ। ਜੁਗਲ ਪ੍ਰਸ਼ਾਦ ਦੋ ਵਾਰੀ ਸੜਕ ਤੇ ਆਪ ਜਾ ਚੁੱਕਾ ਸੀ। ਬੱਚਿਆਂ ਨੂੰ ਵੇਖਣ ਲਈ ਸੜਕ ਤੇ ਭੇਜਣ ਦਾ ਤਾਂ ਅੰਤ ਹੀ ਕੋਈ ਨਹੀਂ ਸੀ। ਪਰ ਹਾਲਾਂ ਤੀਕ ਉਹ ਨਹੀਂ ਸੀ ਪਰਤਿਆ।
ਅਖੀਰ ਉਸ ਦੂਰੋਂ ਵੇਖਿਆ, ਉਸ ਦੀ ਪ੍ਰਿੰਸੀਪਲ ਜੋਤੀ ਨੂੰ ਆਪ ਨਾਲ ਲਿਆ ਰਹੀ ਸੀ।ਇਹ ਨਜ਼ਾਰਾ ਤੱਕ ਕੇ ਤਾਂ ਜੁਗਲ ਪ੍ਰਸ਼ਾਦ ਦੀ ਖ਼ੁਸ਼ੀ ਦਾ ਕੋਈ ਅੰਤ ਹੀ ਨਾ ਰਿਹਾ।ਦੇਵਕੀ ਦਾ ਧਿਆਨ ਉਸ ਪਾਸੇ ਵੱਲ ਖਿਚਦਿਆਂ ਉਹ ਗੱਦ-ਗੱਦ ਹੋ ਕੇ ਬੋਲਿਆ, ‘ਆਖ਼ਰ ਸਾਰੇ ਸਕੂਲ ਦਾ ਲਾਇਕ ਬੱਚਾ ਜੁ ਹੋਇਆ, ਪ੍ਰਿੰਸੀਪਲ ਵੀ ਇਸ ਨਾਲ ਆਉਣਾ ਫ਼ਖ਼ਰ ਸਮਝਦੀ ਏ।ਉਹ ਵੇਖ ਉਹ ਘੜੀ-ਮੁੜੀ ਜੋਤੀ ਵੱਲ ਉਠ ਕੇ ਉਸ ਨੂੰ ਘੁੱਟਦੀ ਤੇ ਗੱਲਾਂ ਕਰਦੀ ਏ।’
ਦੇਵਕੀ ਹੋਰ ਬੱਚਿਆਂ ਨੂੰ ਵੀ ਇਸ ਖ਼ੁਸ਼ੀ ਦੇ ਨਜ਼ਾਰੇ ਨੂੰ ਮਾਨਣ ਦਾ ਮੌਕਾ ਦੇਣ ਦੇ ਖ਼ਿਆਲ ਨਾਲ ਉਹਨਾਂ ਨੂੰ ਸੱਦਣ ਲਈ ਅੰਦਰ ਚਲੀ ਗਈ।
ਪਰ ਨੇੜੇ ਆਉਣ ਤੇ ਜੁਗਲ ਪ੍ਰਸ਼ਾਦ ਨੇ ਵੇਖਿਆ, ਜੋਤੀ ਡਸਕੋਰੇ ਭਰ ਰਿਹਾ ਸੀ। ਇਹ ਵੇਖ ਕੇ ਜੁਗਲ ਪ੍ਰਸ਼ਾਦ ਹੱਕਾ-ਬੱਕਾ ਰਹਿ ਗਿਆ।ਉਸ ਨੂੰ ਇਸ ਗੱਲ ਦੀ ਸਮਝ ਹੀ ਨਹੀਂ ਸੀ ਆ ਰਹੀ। ਆਉਂਦਿਆਂ ਸਾਰ ਉਸ ਨੂੰ ਪ੍ਰਿੰਸੀਪਲ ਨੇ ਆਖਣਾ ਸ਼ੁਰੂ ਕਰ ਦਿੱਤਾ, ‘‘ਮਿਸਟਰ ਜੁਗਲ ਪ੍ਰਸ਼ਾਦ! ਮੈਨੂੰ ਬਹੁਤ ਅਫ਼ਸੋਸ ਹੈ ਕਿ ਆਪ ਜੀ ਦੇ ਸਪੁੱਤਰ ਜੋਤੀ ਨੂੰ ਹਾਰ ਪਹਿਨਾਣ ਦਾ ਮਾਣ ਨਹੀਂ ਮਿਲ ਸਕਿਆ ਕਿਉਂਕਿ ਸੇਠ ਲਖਪਤ ਰਾਏ ਨੇ ਜੋਤੀ ਦੀ ਥਾਂ ਆਪਣੇ ਪੁੱਤਰ ਦਾ ਨਾਂ ਬਦਲਵਾ ਲਿਆ ਸੀ।ਮੈਂ ਤਾਂ ਉਸ ਦੀ ਇੱਕ ਨਾ ਸੁਣੀ, ਪਰ ਉਸ ਨੇ ਸਾਡੇ ਚੇਅਰਮੈਨ ਨੂੰ ਆਖ ਕੇ ਇਹ ਕੰਮ ਕਰਵਾ ਲਿਆ।ਤੁਸੀਂ ਜਾਣਦੇ ਹੋ ਕਿ ਮੈਂ ਤਾਂ ਇੱਕ ਮੁਲਾਜ਼ਮ ਹੀ ਹਾਂ।"
ਇਹ ਸਾਰਾ ਕੁਝ ਜੋਤੀ ਦੀ ਪ੍ਰਿੰਸੀਪਲ ਇੱਕੋ ਸਾਹ ਵਿੱਚ ਕਹਿ ਕੇ ਚਲਦੀ ਬਣੀ ਜਿਵੇਂ ਕੋਈ ਮੁਸ਼ਾਫਰ ਆਉਣ ਵਾਲੇ ਤੂਫ਼ਾਨ ਦੀ ਮਾਰ ਤੋਂ ਬਚਣ ਲਈ ਖਿਸਕਣ ਦੀ ਕਰਦਾ ਹੈ।
ਜੁਗਲ ਪ੍ਰਸ਼ਾਦ ਲਈ ਜਿਵੇਂ ਕੜ ਪਾਟ ਗਿਆ ਹੋਵੇ। ਉਸ ਨੂੰ ਆਪਣੇ ਪੈਰਾਂ ਹੇਠੋਂ ਜ਼ਮੀਨ ਨਿਕਲਦੀ ਜਾਪੀ।ਉਹ ਉੱਥੇ ਦਾ ਉੱਥੇ ਖਲੋਤਾ ਰਹਿ ਗਿਆ। ਉਸ ਇੰਞ ਮਹਿਸੂਸ ਕੀਤਾ, ਜਿਵੇਂ ਕਿਸੇ ਮੋਟੀ ਗੋਗੜ ਵਾਲੇ ਨੇ ਉਸ ਦੇ ਅੰਦਰ ਪਟਰੌਲ ਛਿੜਕਣ ਪਿੱਛੋਂ ਤੀਲ੍ਹੀ ਬਾਲ ਕੇ ਉਸ ਦੀਆਂ ਸੱਧਰਾਂ ਤੇ ਉਮੰਗਾਂ ਨੂੰ ਫੂਕ ਦਿੱਤਾ ਹੈ।ਉਸ ਅੱਗ ਦਾ ਲਾਂਬੂ ਉਸ ਦੇ ਰੋਮ-ਰੋਮ ਵਿੱਚੋਂ ਨਿਕਲ ਕੇ ਉਸ ਨੂੰ ਸਾੜ ਰਿਹਾ ਹੈ। ਅਚਾਨਕ ਉਸ ਦੀਆਂ ਅੱਖਾਂ ਵਿੱਚ ਲਹੂ ਨਿਕਲ ਆਇਆ ਤੇ ਉਹ ਦ੍ਰਿੜ੍ਹਤਾ ਨਾਲ ਕੜਕਿਆ, ''ਅੱਜ ਉਸ ਮੰਤਰੀ ਦਾ ਜਨਮ-ਦਿਨ ਨਹੀਂ, ਮੇਰਾ ਜਨਮ-ਦਿਨ ਏ, ਮੇਰੀ ਸੁੱਤੀ ਜੁਰੱਅਤ ਤੇ ਦਲੇਰੀ ਦਾ ਜਨਮ ਦਿਨ ਏ।ਮੈਂ ਵੇਖਾਂਗਾ ਕਿਵੇਂ ਕੋਈ ਗ਼ਰੀਬਾਂ ਦੀਆਂ ਸੱਧਰਾਂ ਤੇ ਉਮੰਗਾਂ ਨੂੰ ਲਿਤਾੜਨ ਦੀ ਜੁਰਅਤ ਕਰੇਗਾ।"
ਬਾਹਰ ਆ ਕੇ ਦੇਵਕੀ ਤੇ ਹੋਰ ਬੱਚਿਆਂ ਨੇ ਜੋਤੀ ਨੂੰ ਡਸਕੋਰੇ ਭਰਦਿਆਂ ਅਤੇ ਜੁਗਲ ਪ੍ਰਸ਼ਾਦ ਨੂੰ ਜੋਸ਼ ਅਤੇ ਗੁੱਸੇ ਵਿੱਚ ਭੜਕਦਿਆਂ ਦੇਖਿਆ ਤਾਂ ਉਹਨਾਂ ਦੀਆਂ ਅੱਖਾਂ ਟੱਡੀਆਂ ਦੀਆਂ ਟੱਡੀਆਂ ਰਹਿ ਗਈਆਂ।