Jangli Kabootar (Story in Punjabi) : Ismat Chughtai
ਜੰਗਲੀ ਕਬੂਤਰ (ਕਹਾਣੀ) : ਇਸਮਤ ਚੁਗ਼ਤਾਈ
ਕਮਰੇ ਵਿਚ ਫਿੱਕਾ ਹਨੇਰਾ ਭਰਿਆ ਹੋਇਆ ਸੀ ਤੇ ਆਬਿਦਾ ਦੋਵਾਂ ਹਥੇਲੀਆਂ ਵਿਚਕਾਰ ਸਿਰ ਘੁੱਟੀ, ਗੁੰਮ-ਸੁੰਮ ਜਿਹੀ ਬੈਠੀ ਹੋਈ ਸੀ। ਸੁਰਮਈ ਧੁੰਏਂ ਵਾਂਗ ਰਾਤ, ਅਛੋਪਲੇ ਹੀ, ਕਮਰੇ ਵਿਚ ਵੜਦੀ ਆ ਰਹੀ ਸੀ; ਪਰ ਚਾਰੇ ਪਾਸੇ ਫ਼ੈਲੇ ਹਨੇਰੇ ਨਾਲੋਂ ਵੱਧ ਗੂੜ੍ਹਾ ਹਨੇਰਾ ਉਸਦੇ ਸੁੰਨਸਾਨ ਦਿਲ ਵਿਚ ਪਸਰਿਆ ਹੋਇਆ ਸੀ। ਹੰਝੂਆਂ ਦੇ ਸੋਤੇ ਸੁੱਕ ਚੁੱਕੇ ਸਨ ਤੇ ਪਲਕਾਂ ਹੇਠ ਰੇਤ ਰੜਕ ਰਹੀ ਸੀ।
ਨਾਲ ਵਾਲੇ ਬੰਗਲੇ ਵਿਚ ਟੈਲੀਫ਼ੋਨ ਦੀ ਘੰਟੀ ਲਗਾਤਾਰ ਸਿਸਕੀਆਂ ਲੈ ਰਹੀ ਸੀ। ਘਰ ਵਾਲੇ ਸ਼ਾਇਦ ਕਿੱਧਰੇ ਬਾਹਰ ਗਏ ਹੋਏ ਸਨ। ਨੌਕਰਾਂ ਦੇ ਕੁਆਟਰਾਂ ਵੱਲੋਂ ਧੀਮੀ ਆਵਾਜ਼ ਵਿਚ ਗੱਲਾਂ ਕਰਨ ਅਤੇ ਭਾਂਡਿਆਂ ਦੇ ਖੜਕਣ ਦੀਆਂ ਆਵਾਜ਼ਾਂ ਆ ਰਹੀਆਂ ਸਨ।
ਆਬਿਦਾ ਨੇ ਹੱਥ ਵਧਾ ਕੇ ਡਬਲ-ਬੈੱਡ ਦੀ ਚਾਦਰ ਦੀਆਂ ਸਿਲਵਟਾਂ ਨੂੰ ਮਿਟਾਅ ਦਿੱਤਾ। ਕਾਸ਼, ਇਨਸਾਨੀ ਹੱਥਾਂ ਵਿਚ ਏਨੀ ਤਾਕਤ ਹੁੰਦੀ ਕਿ ਦਿਲ ਉੱਪਰ ਇਕ ਪਿੱਛੋਂ ਇਕ ਪਈਆਂ ਅਣਗਿਣਤ ਸਿਲਵਟਾਂ ਨੂੰ ਵੀ ਮਿਟਾ ਸਕਦਾ! ਰਤਾ ਭੈਭੀਤ ਜਿਹੀ ਹੋ ਕੇ ਉਸਨੇ ਸਿਰਹਾਣੇ ਵਾਲਾ ਲੈਂਪ ਬਾਲ ਦਿੱਤਾ। ਬੈੱਡ-ਕਵਰ ਦੇ ਸੁਰਮਈ ਤੇ ਸਫ਼ੇਦ ਫੁੱਲ ਟਹਿਕਣ ਲੱਗ ਪਏ¸ ਅੱਧਾ; ਪਲੰਘ ਜਾਗ ਪਿਆ। ਪਰ ਉਹ ਹਿੱਸਾ ਜਿੱਥੇ ਮਾਜਿਦ ਹੁੰਦੇ ਸਨ, ਕਬਰ ਵਰਗੇ ਹਨੇਰੇ ਵਿਚ ਡੁੱਬਿਆ ਰਿਹਾ। ਉਹਨਾਂ ਦੇ ਸਿਰਹਾਣੇ ਵਾਲਾ ਲੈਂਪ ਆਬਿਦਾ ਦੀ ਪਹੁੰਚ ਤੋਂ ਦੂਰ ਸੀ ਤੇ ਉਹ ਇਹ ਵੀ ਜਾਣਦੀ ਸੀ ਕਿ ਬੈੱਡ-ਲੈਂਪ ਦੀ ਰੌਸ਼ਨੀ ਉਸ ਹਨੇਰੇ ਨੂੰ ਨਹੀਂ ਮਿਟਾਅ ਸਕੇਗੀ, ਜਿਸ ਵਿਚ ਉਹ ਡੁੱਬ ਚੁੱਕੇ ਸਨ। ਮੁੱਦਤ ਬੀਤਿਆਂ ਵੀ ਛੇ ਮਹੀਨੇ ਹੋ ਗਏ ਸਨ¸ ਅੰਮਾਂ ਕਈ ਵਾਰੀ ਲਿਖ ਚੁੱਕੀ ਸੀ ਕਿ ਬੇਟਾ ਕਦੋਂ ਤਕ ਇਸ ਕਬਾੜ-ਘਰ ਵਿਚ ਇਕੱਲੀ ਜਾਨ ਨੂੰ ਖਪਾਂਦੀ ਰਹੇਂਗੀ?
ਪਰ ਆਬਿਦਾ ਨੇ ਦੁੱਖ ਨੂੰ ਹੀ ਜ਼ਿੰਦਗੀ ਦਾ ਸਹਾਰਾ ਬਣਾ ਲਿਆ ਸੀ, ਉਸ ਕੋਲ ਉਹਨਾਂ ਦੀ ਕੋਈ ਹੋਰ ਨਿਸ਼ਾਨੀ ਵੀ ਤਾਂ ਨਹੀਂ ਸੀ¸ ਮਾਜਿਦ ਦਾ ਦੁੱਖ ਹੀ ਉਸਦਾ ਇਕਲੌਤਾ ਸਾਥੀ ਸੀ। ਹਾਲਾਂਕਿ ਉਹ ਜਾਣਦੀ ਸੀ ਕਿ ਡਬਲ-ਬੈੱਡ ਦਾ ਅੱਧਾ ਹਿੱਸਾ ਕਦੀ ਰੌਸ਼ਨ ਨਹੀਂ ਹੋਵੇਗਾ, ਹੱਥ ਛੁਹ ਜਾਣ ਪਿੱਛੋਂ ਉਹਨਾਂ ਦਾ ਸਰੀਰ ਤ੍ਰਭਕ ਕੇ ਲਿਪਟ ਜਾਣ ਦੇ ਸੁਨੇਹੇ ਨਹੀਂ ਦਵੇਗਾ। ਇਸ ਕਮਰੇ ਵਿਚ ਕਦੀ ਉਹਨਾਂ ਦੇ ਵਿਸ਼ੇਸ਼ ਸਿਗਰਟ ਦੀ ਗੰਧ ਨਹੀਂ ਮਹਿਕੇਗੀ...ਤੇ ਨਾ ਹੀ ਕੋਈ ਸਵੇਰੇ-ਸਵਖ਼ਤੇ ਬਾਥਰੂਮ ਵਿਚ ਖੜਕਾ-ਦੜਕਾ ਕਰਦਿਆਂ ਹੋਇਆਂ, ਬੇਸੁਰੇ ਗੀਤ ਹੀ ਗਾਵੇਗਾ। ਹੁਣ ਕਿਸੇ ਦਾ ਬਿਨਾਂ ਸ਼ੇਵ ਕੀਤਾ ਖ਼ੁਰਦਰਾ ਗੱਲ੍ਹ ਉਸਦੀ ਠੋਡੀ ਨੂੰ ਨਹੀਂ ਛਿੱਲੇਗਾ।
ਕਮਰੇ ਦੀ ਖਿੜਕੀ ਦੇ ਨਾਲ ਸੁੱਕ ਕੇ ਝਾੜੀ ਬਣੀ ਚਮੇਲੀ ਦੀ ਵੇਲ ਉੱਪਰ ਚਿੜੀਆਂ ਨੇ ਚੀਕਾ-ਰੌਲੀ ਪਾ ਦਿੱਤੀ। ਕੋਈ ਗੱਡਾ 'ਚੂੰ-ਚੂੰ' ਦਾ ਵਿਰਲਾਪ ਕਰਦਾ ਹੋਇਆ ਸੜਕ ਉੱਪਰ ਤੁਰਿਆ ਜਾ ਰਿਹਾ ਸੀ। ਅਚਾਨਕ ਆਬਿਦਾ ਉੱਠੀ ਤੇ ਦੱਬਵੇਂ ਪੈਰੀਂ ਤੁਰਦੀ ਹੋਈ ਕੱਪੜਿਆਂ ਵਾਲੀ ਅਲਮਾਰੀ ਕੋਲ ਜਾ ਖੜ੍ਹੀ ਹੋਈ¸ ਅਲਮਾਰੀ ਵਿਚੋਂ ਮਾਜਿਦ ਦੀ ਕਮੀਜ਼ ਕੱਢੀ, ਦੋਵਾਂ ਹੱਥਾਂ ਨਾਲ ਉਸਨੂੰ ਖੂਬ ਮਸਲਿਆ ਤੇ ਹੇਠਾਂ ਸੁੱਟ ਦਿੱਤੀ। ਫੇਰ ਕੋਟ, ਪਤਲੂਨ ਤੇ ਟਾਈ ਕੱਢੀ ਤੇ ਬੜੀ ਲਾਪ੍ਰਵਾਹੀ ਜਿਹੀ ਨਾਲ ਉਹਨਾਂ ਤਿੰਨਾਂ ਨੂੰ ਅੱਧੇ ਕੁਰਸੀ ਉੱਪਰ ਤੇ ਅੱਧੇ ਹੇਠਾਂ ਸੁੱਟ ਦਿੱਤਾ। ਦਰਾਜ ਵਿਚੋਂ ਇਕ ਸਿਗਰਟ ਤੇ ਲਾਈਟਰ ਕੱਢਿਆ। ਸਿਗਰਟ ਸੁਲਗਾਈ, ਮਾਜਿਦ ਵਾਲੇ ਪਾਸੇ ਦਾ ਲੈਂਪ ਆਨ ਕੀਤਾ ਤੇ ਸੁਲਗਦੀ ਹੋਈ ਸਿਗਰਟ ਨੂੰ ਐਸ਼ਟਰੇ ਦੀਆਂ ਬੁੱਲ੍ਹੀਆਂ ਉੱਪਰ ਰੱਖ ਦਿੱਤਾ। ਯਕਦਮ ਕਮਰੇ ਦਾ ਸੁੰਨਾਪਨ ਕਾਫ਼ੁਰ ਹੋ ਗਿਆ...ਤੇ ਆਬਿਦਾ ਬੜੇ ਆਰਾਮ ਨਾਲ, ਝੂਲਣ ਵਾਲੀ ਕੁਰਸੀ ਉੱਤੇ ਬੈਠ ਕੇ, ਮਾਜਿਦ ਦਾ ਸਵੈਟਰ ਬੁਨਣ ਲੱਗ ਪਈ।
ਕੰਮਨ ਬਜੀਆ (ਵੱਡੀ ਭੈਣ) ਦੀ ਸ਼ਾਦੀ ਵਿਚ, ਬਰਾਤੀਆਂ ਨਾਲ ਉੱਚੀ-ਉੱਚੀ ਹੱਸਦਿਆਂ, ਭਾਈ ਮਾਜਿਦ ਨੂੰ ਪਹਿਲੀ ਵਾਰੀ ਦੇਖਿਆ ਸੀ ਉਸਨੇ। ਉਹ, ਉਸਦੀ ਦੂਰ ਦੇ ਰਿਸ਼ਤੇ ਦੀ ਖਾਲਾ (ਮਾਸੀ) ਦੇ ਪੁੱਤਰ ਸਨ। ਦੇਖੇ ਨਹੀਂ ਸਨ, ਪਰ ਸੁਣਿਆ ਬੜਾ ਕੁਝ ਸੀ ਉਹਨਾਂ ਬਾਰੇ। ਬੜੇ ਹੀ ਫਲਰਟ ਕਿਸਮ ਦੇ ਬੰਦੇ ਨੇ, ਅਣਗਿਣਤ ਨਾਕਾਮ ਤੇ ਕਾਮਯਾਬ ਇਸ਼ਕ ਲੜਾ ਚੁੱਕੇ ਨੇ। ਹਰ ਸਾਲ ਸੁਣਨ ਵਿਚ ਆਉਂਦਾ, ਭਾਈ ਮਾਜਿਦ ਕਿਸੇ ਐਕਟਰੈਸ ਨਾਲ ਸ਼ਾਦੀ ਕਰ ਰਹੇ ਨੇ। ਫੇਰ ਸੁਣਦੇ¸ ਸ਼ਾਦੀ ਹੋ ਰਹੀ ਹੈ, ਪਰ ਕਿਸੇ ਦੋਸਤ ਦੀ ਤਲਾਕ ਸ਼ੁਦਾ ਪਤਨੀ ਨਾਲ। ਕਦੀ ਸੁਣਦੇ¸ ਇਕ ਲੇਡੀ ਡਾਕਟਰ ਉੱਪਰ ਮਿਹਰਬਾਨ ਹੋਏ ਹੋਏ ਨੇ, ਸਿਵਲ ਮੈਰਿਜ ਹੋਣ ਹੀ ਵਾਲੀ ਹੈ।...ਤੇ ਉਹ ਸਕੂਲ ਟੀਚਰ ਜਿਸ ਨਾਲ ਡਾਢੀ ਫਰੈਂਡਸ਼ਿਪ ਸੀ, ਆਤਮ-ਹੱਤਿਆ ਕਰ ਲੈਣ ਦੀਆਂ ਧਮਕੀ ਦੇ ਰਹੀ ਹੈ। ਇਹ ਗੱਲਾਂ ਸੁਣ-ਸੁਣ ਕੇ ਭਾਈ ਮਾਜਿਦ ਦੀ ਸ਼ਖਸੀਅਤ, ਕਿਸੇ ਇੰਦਰ ਜਾਲ ਨਾਲੋਂ ਘੱਟ ਨਹੀਂ ਸੀ ਲੱਗਦੀ। ਕੁੜੀਆਂ ਮਜ਼ੇ ਲੈ-ਲੈ ਕੇ ਉਹਨਾਂ ਦੇ ਇਸ਼ਕ ਦੇ ਮਾਰ੍ਹਕਿਆਂ ਦੀ ਸਮੀਖਿਆ ਕਰਦੀਆਂ।
ਬਾਜੀ ਦੀ ਸ਼ਾਦੀ ਤੋਂ ਬਾਅਦ ਖਾਨਦਾਨੀ ਦਾਵਤਾਂ ਵਿਚ ਭਾਈ ਮਾਜਿਦ ਨੂੰ ਹੋਰ ਨੇੜਿਓਂ ਦੇਖਣ ਦਾ ਮੌਕਾ ਮਿਲਿਆ। ਯਕਦਮ ਯੁਸਫ਼ ਸਾਨੀ ਤਾਂ ਨਹੀਂ ਸਨ ਪਰ ਕੋਈ ਗੱਲ ਜ਼ਰੂਰ ਹੈ ਸੀ ਕਿ ਮਿਲਦਿਆਂ ਹੀ ਦਿਲ ਦੀਆਂ ਧੜਕਨਾਂ ਤੇਜ਼ ਹੋ ਜਾਂਦੀਆਂ ਸਨ ਤੇ ਮਨ ਅੰਦਰ ਕੁਤਕੁਤੀਆਂ ਜਿਹੀਆਂ ਹੋਣ ਲੱਗਦੀਆਂ ਸਨ। ਕਈ ਕੁੜੀਆਂ ਤਾਂ ਪੂਰੀ ਤਰ੍ਹਾਂ ਨਾਲ ਆਸ਼ਕ ਵੀ ਹੋ ਗਈਆਂ ਸਨ ਤੇ ਭਾਈ ਮਾਜਿਦ ਦੇ ਨਾਂ ਨਾਲ ਛੇੜੀਆਂ ਵੀ ਜਾਂਦੀਆਂ ਸਨ।
“ਅੱਛਾ, ਤਾਂ ਤੁਸੀਂ ਓ ਆਬਿਦਾ!” ਮਿਲਦਿਆਂ ਹੀ ਫਿਕਰਾ ਉਛਾਲਿਆ ਸੀ ਉਹਨਾਂ ਨੇ।
“ਜੀ, ਕੋਈ ਸ਼ਿਕਾਇਤ ਦਰਜ ਕਰਵਾਈ ਗਈ ਏ ਮੇਰੇ ਖ਼ਿਲਾਫ਼ ਤੁਹਾਡੇ ਕੋਲ?” ਉਸਨੇ ਵੀ ਅੱਗਾ ਵਲ਼ ਲਿਆ ਸੀ।
“ਆ¸ ਨਹੀਂ, ਸ਼ਿਕਾਇਤ ਤਾਂ ਨਹੀਂ। ਵੈਸੇ ਇੰਜ ਮੈਂ ਕਦੋਂ ਆਖਿਐ?”
“ਵੈਸੇ ਪੁੱਛਿਆ ਤਾਂ ਤੁਸੀਂ ਕੁਛ ਏਸੇ ਤਰ੍ਹਾਂ ਸੀ।”
“ਬਈ ਵਾਹ¸ ਤੁੱਕਾ ਸੋਹਣਾ ਲਾ ਲੈਂਦੇ ਓ!”
“ਜੀ, ਸ਼ੁਕਰੀਆ!” ਤੇ ਉਹ ਬੜੀ ਤੇਜ਼ੀ ਨਾਲ ਮੁੜ ਕੇ ਖਾਲਾ ਬੇਗ਼ਮ ਦਾ ਹੱਥ ਵੰਡਾਉਣ ਖਾਤਰ ਡਾਇਨਿੰਗ-ਰੂਮ ਵਿਚ ਚਲੀ ਗਈ ਸੀ। ਉਸ ਨੂੰ ਗੁੱਸਾ ਆ ਰਿਹਾ ਸੀ ਕਿਉਂਕਿ ਉਹਦਾ ਦਿਲ ਵੀ ਬਿਨਾਂ ਗੱਲੋਂ ਏਨੇ ਜ਼ੋਰ-ਸ਼ੋਰ ਨਾਲ ਧੜਕਨ ਲੱਗ ਪਿਆ ਸੀ।
“ਏ-ਬੀ¸ ਇਹਨਾਂ ਖੀਰ ਵਾਲੇ ਪਿਆਲਿਆਂ ਉੱਪਰ ਪਿਸਤੇ ਦੀ ਕੁਤਰਨ ਤਾਂ ਬਰੂਰ ਦੇ ਜ਼ਰਾ। ਇਹ ਕੁੜੀਆਂ ਕੰਬਖ਼ਤ ਤਾਂ ਖ਼ੁਦਾ ਜਾਨੇ...ਪਤਾ ਨਹੀਂ ਕੀ ਕਲਾਕਾਰੀ ਘੋਟਣ ਡਹੀਆਂ ਨੇ।” ਖਾਲਾ ਬੇਗ਼ਮ ਨੇ ਪਿਆਜ ਤੇ ਲੱਛੇ, ਸੀਖ-ਕਬਾਬ ਦੀ ਡਿੱਸ਼ ਉੱਪਰ ਸਜਾਂਦਿਆਂ ਹੋਇਆਂ ਕਿਹਾ।
ਆਬਿਦਾ ਨੇ ਦੇਖਿਆ ਚਾਰ-ਪੰਜ ਕੁੜੀਆਂ ਖੀਰ ਦੇ ਪਿਆਲਿਆਂ ਉੱਪਰ ਪਿਸਤੇ ਦੀ ਕੁਤਰਣ ਨਾਲ ਬਾਜੀ ਤੇ ਉਸਦੇ ਦੂਹਲੇ ਮੀਆਂ ਦਾ ਨਾਂ ਲਿਖਣ ਵਿਚ ਰੁੱਝੀਆਂ ਹੋਈਆਂ ਸਨ। ਉਹ ਝੁਕ ਕੇ ਪੜ੍ਹਨ ਲੱਗੀ, ਸ਼ਬਾਨਾ ਨੇ ਸ਼ਰਾਰਤ ਵਜੋਂ ਉਸ ਦੇ ਬੁੱਲ੍ਹਾਂ ਉੱਪਰ ਚਾਂਦੀ ਦਾ ਵਰਕ ਲਾ ਦਿੱਤਾ। ਸ਼ਬਾਨਾ ਭਾਈ ਮਾਜਿਦ ਦੀ ਛੋਟੀ ਭੈਣ ਸੀ¸ ਮੋਈ ਹਰੇਕ ਕੁੜੀ ਨੂੰ ਭਾਬੀ ਆਖ ਕੇ ਚਿੜਾਉਂਦੀ ਹੁੰਦੀ ਸੀ।
ਖਾਣਾ ਖਾਂਦਿਆਂ ਉਹ ਭਾਈ ਮਾਜਿਦ ਕੋਲੋਂ ਲੰਘੀ ਤਾਂ ਉਹਨਾਂ ਵਾਕ ਉਛਾਲਿਆ...:
“ਦੂਜਿਆਂ ਦੀ ਖਾਤਰ ਕਰਨ ਦੇ ਬਹਾਨੇ ਲੋਕ ਖ਼ੁਦ ਤਰ-ਮਾਲ ਉਡਾਅ ਰਹੇ ਨੇ ...”
“ਅੱਛਾ...ਤਾਂ ਤੁਸੀਂ ਜੋਤਿਸ਼ ਵੀ ਲਾ ਲੈਂਦੇ ਓ? ਜਾਂ ਫੇਰ ਐਨਕਾਂ ਵਿਚ ਐਕਸਰੇ ਮਸ਼ੀਨ ਲੱਗੀ ਹੋਈ ਏ ਬਈ ਪੇਟ ਦੇ ਅੰਦਰ ਦਾ ਦ੍ਰਿਸ਼ ਦਿਸ ਪੈਂਦਾ ਏ?” ਉਸਨੇ ਕੁਸੈਲ-ਜਿਹੀ ਨਾਲ ਕਿਹਾ ਸੀ¸ ਪਰ ਦਿਲ ਕੰਬਖ਼ਤ ਸੀ ਕਿ ਫੇਰ ਤੇਜ਼-ਤੇਜ਼ ਧੜਕਣ ਲੱਗ ਪਿਆ ਸੀ।
“ਵੈਸੇ ਪੇਟ ਦਾ ਐਕਸਰਾ ਕਰਨ ਦੀ ਲੋੜ ਨਹੀਂ, ਬੁੱਲ੍ਹ ਹੀ ਏਸ ਗੱਲ ਦੀ ਗਵਾਹੀ ਦੇ ਰਹੇ ਨੇ।” ਚੁੜੈਲ ਸ਼ਬਾਨਾ ਖਿੜ-ਖਿੜ ਕਰਦੇ ਹੱਸ ਪਈ ਸੀ ਤੇ ਪੂੰਝ ਲੈਣ ਪਿੱਛੋਂ ਵੀ ਬੁੱਲ੍ਹਾਂ ਉੱਪਰ ਚਾਂਦੀ ਦੇ ਵਰਕ ਦੀ ਹੋਂਦ ਬਾਕੀ ਸੀ।
ਤੇ ਫੇਰ ਜਦੋਂ ਉਸਦੀ ਨਿਗਾਹ ਭਾਈ ਮਾਜਿਦ ਦੇ ਸਾਹਮਣੇ ਪਏ ਖੀਰ ਵਾਲੇ ਪਿਆਲੇ ਉੱਪਰ ਪਈ ਤਾਂ ਉਸਦੀ ਜਾਨ ਹੀ ਨਿਕਲ ਗਈ 'ਆਬਿਦਾ-ਮਾਜਿਦ' ਪਿਸਤੇ ਦੀ ਕੁਤਰਨ ਨਾਲ ਲਿਖਿਆ ਹੋਇਆ ਸੀ।
ਉਸਨੇ ਚਾਹਿਆ ਪਿਆਲਾ ਬਦਲ ਦਏ, ਪਰ ਹੱਥ ਵਧਾਇਆ ਤਾਂ ਮਾਜਿਦ ਨੇ ਟੋਕ ਦਿੱਤਾ...:
“ਜੀ, ਇਹ ਮੇਰੇ ਹਿੱਸੇ ਦਾ ਏ।”
“ਮੈਂ-ਮੈਂ¸ ਦੂਸਰਾ ਲਿਆ ਦੇਂਦੀ ਆਂ।” ਉਹ ਖਾਸੀ ਘਬਰਾ ਗਈ ਸੀ, 'ਜੇ ਅੰਮੀ ਨੇ ਦੇਖ ਲਿਆ ਜਾਂ ਕਿਸੇ ਹੋਰ ਬਜ਼ੁਰਗ ਦੀ ਨਿਗਾਹ ਪੈ ਗਈ ਤਾਂ ਕਿਆਮਤ ਹੀ ਆ ਜਾਏਗੀ।'
“ਕਿਉਂ, ਏਸ 'ਚ ਕੀ ਖਰਾਬੀ ਏ?”
“ਕੁੱਛ ਨਹੀਂ¸ਮੈਂ।” ਉਸਨੇ ਕਾਹਲ ਨਾਲ, ਪੂਰੇ ਪੰਜੇ ਹੇਠ, ਪਿਆਲਾ ਢਕ ਦਿੱਤਾ।
“ਤਾਂ ਫੇਰ ਛੱਡੋ ਮੇਰਾ ਪਿਆਲਾ।” ਮਾਜਿਦ ਦੀਆਂ ਪੰਜੇ ਉਂਗਲਾਂ ਉੱਪਰ ਸਵਾਰ ਹੋ ਗਈਆਂ ਸਨ¸ ਆਬਿਦਾ ਨੇ ਝਿਜਕ ਕੇ ਝੱਟ ਹੱਥ ਪਿੱਛੇ ਖਿੱਚ ਲਿਆ ਸੀ।
“ਓ-ਅ¸”
ਭਾਈ ਮਾਜਿਦ ਨੂੰ ਪਿਆਲੇ ਦੇ ਭੇਦ ਦਾ ਪਤਾ ਲੱਗਾ ਤਾਂ ਉਹ ਕੰਨਾਂ ਤਕ ਲਾਲ ਹੋ ਗਏ; ਤੇ ਆਬਿਦਾ ਬੱਗੀ-ਫੂਸ ਹੋ ਗਈ। ਉਹ ਕਾਹਲ ਨਾਲ ਮੁੜੀ ਤੇ ਗਲਾਸਾਂ ਵਿਚ ਪਾਣੀ ਪਾਉਣ ਲੱਗ ਪਈ।
ਪਿੱਛੋਂ ਉਹ ਬੜਾ ਹੱਸਦੇ ਹੁੰਦੇ ਸਨ, ਪਰ ਉਸ ਦਿਨ ਉਸਨੇ ਸ਼ਬਾਨਾ ਦੀ ਉਹ ਗਤ ਬਣਾਈ ਸੀ ਕਿ ਰੋਂਦਿਆਂ-ਰੋਂਦਿਆਂ ਮੂੰਹ ਸੁੱਜ ਗਿਆ ਸੀ ਮੋਈ ਦਾ; ਨਾਲੇ ਭਾਈ ਮਾਜਿਦ ਨੂੰ ਵੀ ਉਹ ਧੋਬੀ ਪਟਕੇ ਲੁਆਏ ਸਨ ਕਿ ਯਾਦ ਹੀ ਕਰਦੇ ਹੋਣਗੇ।...ਤੇ ਸ਼ਬਾਨਾ ਲੁਤਰੀ ਨੇ ਰੋ-ਰੋ ਕੇ ਸਾਰਾ ਕੁਝ ਆਪਣੇ ਭਰਾ ਨੂੰ ਜਾ ਦੱਸਿਆ ਸੀ।
“ਸ਼ਬਾਨਾ ਨੂੰ ਰੁਆ ਕੇ ਭਲਾ ਤੁਹਾਨੂੰ ਕੀ ਮਿਲਿਆ? ਮੇਰੇ ਨਾਲ ਨਫ਼ਰਤ ਜਾਹਰ ਕਰਨ ਦੇ ਹੋਰ ਵੀ ਤਰੀਕੇ ਹੋ ਸਕਦੇ ਸਨ। ਵੈਸੇ ਜਾਹਰ ਕਰਨ ਦੀ ਤਕਲੀਫ਼ ਕਰਨ ਦੀ ਵੀ ਜ਼ਿਆਦਾ ਲੋੜ ਨਹੀਂ, ਮੈਂ ਏਨਾ ਬੁੱਧੂ ਨਹੀਂ ਕਿ...” ਉਹਨਾਂ ਕਿਸੇ ਹੋਰ ਦਾਵਤ ਵਿਚ ਉਸਨੂੰ ਘੇਰ ਲਿਆ ਸੀ।
“ਉਹ¸ ਮੈਂ ਗੁੱਸੇ ਵਿਚ ਸੀ,” ਉਸਨੂੰ ਗੁੱਸਾ ਆ ਰਿਹਾ ਕਿ ਉਸ ਦਿਨ ਸ਼ਬਾਨਾ ਉੱਪਰ ਉਸਨੂੰ ਓਨਾ ਗੁੱਸਾ ਕਿਉਂ ਆਇਆ ਸੀ!
“ਉਹ ਨਿਆਣੀ ਏਂ, ਸਮਝਦੀ ਏ ਜਿਵੇਂ ਉਹ ਆਪਣੇ ਭਰਾ ਉੱਤੇ ਜਾਨ ਦਿੰਦੀ ਏ, ਹੋਰ ਸਭ ਵੀ ਉਸੇ ਤਰ੍ਹਾਂ ਕਰਦੇ ਹੋਣਗੇ। ਤੁਸੀਂ ਉਸਨੂੰ ਪਸੰਦ ਓ, ਬਹੁਤ ਈ ਜ਼ਿਆਦਾ ਪਸੰਦ! ਆਪਣੀ ਅਕਲ ਅਨੁਸਾਰ ਉਸਨੇ ਬੜੀ ਦਿਲਚਸਪ ਸ਼ਰਾਰਤ ਕੀਤੀ ਹੋਏਗੀ¸ ਤੇ ਉਸ ਵਿਚਾਰੀ ਦੇ ਫਰਿਸ਼ਤਿਆਂ ਨੂੰ ਵੀ ਪਤਾ ਨਹੀਂ ਹੋਣਾ ਕਿ ਇੰਜ ਉਹ ਤੁਹਾਨੂੰ ਏਡੀ ਵੱਡੀ ਗਾਲ੍ਹ ਦੇ ਰਹੀ ਏ।”
“ਮੈਂ-ਮੈਨੂੰ ਅਫ਼ਸੋਸ ਏ, ਪਤਾ ਨਹੀਂ ਕਿਉਂ ਮੇਰੀ ਜੀਭ ਸੜ ਗਈ ਸੀ ਤੇ ਮੈਂ ਵਿਚਾਰੀ ਨੂੰ ਫਿਟਕਾਰਣ ਬੈਠ ਗਈ ਸਾਂ।” ਆਬਿਦਾ ਦਾ ਜੀਅ ਚਾਹਿਆ¸ ਡੁੱਬ ਮਰੇ। ਇਹ ਸਭ ਹੋ ਕੀ ਰਿਹਾ ਸੀ?
“ਸੁਣਨਾ¸” ਉਹ ਤੁਰਨ ਲੱਗੀ ਤਾਂ ਭਾਈ ਮਾਜਿਦ ਨੇ ਉਸਨੂੰ ਰੋਕ ਕੇ ਪੁੱਛਿਆ, “ਕੋਈ ਤੁਹਾਨੂੰ ਕਿਸੇ ਬਾਰੇ ਕੁਛ ਵੀ ਕਹਿ ਦਏ, ਤੁਸੀਂ ਉਸ ਗੱਲ ਦੀ ਪੁੱਛ-ਪੜਤਾਲ ਕੀਤੇ ਬਿਨਾਂ ਹੀ ਉਸ 'ਤੇ ਵਿਸ਼ਵਾਸ ਕਰ ਲੈਂਦੇ ਓ...?”
“ਨਹੀਂ।”
“ਫੇਰ ਤੁਸੀਂ ਉਸਨੂੰ ਤਾਅਨੇ ਕਿਸ ਲਈ ਦਿੱਤੇ?”
“ਮੈਂ¸ ਪਤਾ ਨਹੀਂ ਉਦੋਂ ਕੀ ਹੋ ਗਿਆ ਸੀ ਮੈਨੂੰ...ਮੈਂ, ਉਸ ਤੋਂ ਮੁਆਫ਼ੀ ਮੰਗ ਲਵਾਂਗੀ।”
“ਤੇ ਜ਼ਰਾ ਮੈਥੋਂ ਮੁਆਫ਼ੀ ਮੰਗਣ ਦੀ ਮਹੱਤਤਾ 'ਤੇ ਵੀ ਗੌਰ ਕਰਨਾ। ਜੇ ਕੋਈ ਤੁਹਾਡੇ ਬਾਰੇ ਇਹੋ ਜਿਹੀਆਂ ਵਾਹਯਾਤ ਗੱਲਾਂ ਕਹਿੰਦਾ ਤਾਂ ਖ਼ੁਦਾ ਦੀ ਸਹੁੰ, ਮੈਂ ਕਦੀ ਯਕੀਨ ਨਾ ਕਰਦਾ।”
“ਕਿਉਂ ਯਕੀਨ ਨਾ ਕਰਦੇ? ਤੁਹਾਨੂੰ ਕੀ ਪਤਾ ਕਿ...”
“ਮੈਂਨੂੰ ਪਤਾ ਏ।”
“ਕੀ ਪਤਾ ਏ?”
“ਤੁਹਾਡੇ ਬਾਰੇ ਕਾਫੀ ਕੁਛ ਜਾਣਦਾ ਆਂ ਮੈਂ, ਮੇਰੀ ਭੈਣ ਆਪਣੇ ਹਰ ਖ਼ਤ ਵਿਚ ਮੈਨੂੰ ਤੁਹਾਡੀ ਹਰੇਕ ਗੱਲ ਲਿਖ ਦੇਂਦੀ ਏ। ਏਥੋਂ ਤੀਕ ਕਿ ਫਲਾਣੇ ਦਿਨ ਤੁਸੀਂ ਫਲਾਣੇ-ਫਲਾਣੇ ਕੱਪੜੇ ਪਾਏ ਹੋਏ ਸਨ।”
“ਓ-ਅ¸” ਆਬਿਦਾ ਨੂੰ ਫੇਰ ਗੁੱਸਾ ਚੜ੍ਹਨ ਲੱਗ ਪਿਆ...ਪਰ ਸਿਰਫ ਆਪਣੇ ਆਪ ਉੱਤੇ।
“ਅੱਛਾ, ਤਾਂ ਇਹ ਦੱਸੋ ਬਈ ਆਵਾਰਾ, ਬਦਮਾਸ਼ ਤੇ ਲਫੰਗਾ ਹੋਣ ਤੋਂ ਬਿਨਾਂ ਹੋਰ ਕੀ-ਕੀ ਐਬ ਨੇ ਮੇਰੇ ਵਿਚ?”
“ਕੋਈ ਨਹੀਂ।” ਉਸਨੇ ਮਰੀ ਜਿਹੀ ਆਵਾਜ਼ ਵਿਚ ਕਿਹਾ। ਭਾਈ ਮਾਜਿਦ ਤੇਜ਼ੀ ਨਾਲ ਮੁੜ ਕੇ ਹੋਰ ਲੋਕਾਂ ਨਾਲ ਗੱਲਾਂ ਕਰਨ ਲੱਗ ਪਏ।
ਫੇਰ ਭਾਈ ਮਾਜਿਦ ਚਲੇ ਗਏ। ਅੰਮੀ ਨੂੰ ਸਲਾਮ ਕਰਨ ਆਏ; ਉਸਨੂੰ ਮਿਲੇ ਤੱਕ ਨਹੀਂ। ਉਹ ਅੰਦਰਲੇ ਕਮਰੇ ਵਿਚ ਸੀ, ਪਰ ਉਹਨਾਂ ਉਸ ਬਾਰੇ ਪੁੱਛਿਆ ਤਕ ਨਹੀਂ।
ਤੇ ਇਕ ਹਫ਼ਤੇ ਦੇ ਅੰਦਰ-ਅੰਦਰ ਉਹਨਾਂ ਵੱਲੋਂ ਸ਼ਾਦੀ ਦਾ ਪੈਗ਼ਾਮ ਆ ਗਿਆ। ਬਾਜੀ ਨੇ ਦੱਸਿਆ ਕਿ ਉਸ ਦੀ ਮਰਜ਼ੀ ਪੁੱਛੀ ਗਈ ਹੈ, ਅੰਮੀ ਵੱਲੋਂ ਤਾਂ ਹਾਂ ਹੈ।
“ਫੇਰ ਮੇਰੀ ਮਰਜ਼ੀ ਪੁੱਛਣ ਦੀ ਕੀ ਲੋੜ ਏ?”
“ਐਵੇਂ ਈ, ਰਸਮ ਜੋ ਹੋਈ।”
“ਤੇ ਜੇ ਮੈਂ ਇਨਕਾਰ ਕਰ ਦਿਆਂ, ਫੇਰ?”
“ਏ-ਹੇ! ਝੱਲੀ ਹੋਈ ਹੋਈ ਏਂ ਕਿ...! ਏਨਾ ਚੰਗਾ ਮੁੰਡਾ।”
“ਹੋਵੇ ਪਿਆ¸ ਜੇ ਮੈਨੂੰ ਪਸੰਦ ਨਾ ਹੋਵੇ ਫੇਰ?”
“ਏ ਚਲ ਪਰ੍ਹੇ, ਐਵੇਂ ਨਾ ਬਣ...ਸਾਥੋਂ ਉੱਡਣ ਡਈ ਏਂ; ਮੂੰਹੋਂ ਬਕ-ਬਕ ਕਰੀ ਜਾਨੀ ਏਂ, ਜ਼ਰਾ ਸ਼ੀਸ਼ਾ ਚੁੱਕ ਕੇ ਸ਼ਕਲ ਤਾਂ ਦੇਖ ਆਪਣੀ...ਦਿਲ ਦਾ ਸ਼ੀਸ਼ਾ ਬਣੀ ਹੋਈ ਏ।”
ਨਿਰ-ਉੱਤਰ ਜਿਹੀ ਹੋ ਕੇ ਉਹ ਉੱਚੀ-ਉੱਚੀ ਰੋਣ ਲੱਗ ਪਈ ਸੀ।
“ਏ-ਬੀ, ਝੱਲੀ ਨਾ ਬਣ। ਏਸ 'ਚ ਖਰਾਬੀ ਕੀ ਏ ਭਲਾ, ਦਿਲ ਈ ਤਾਂ ਦਿੱਤਾ ਏ¸ ਖ਼ੁਦਾ ਨਾ ਕਰੇ¸ ਕੋਈ ਇੱਜਤ ਤਾਂ ਨਹੀਂ ਨਾ ਦਿੱਤੀ।”
“ਬਾਜੀ ਮੈਨੂੰ ਡਰ ਲੱਗਦਾ ਪਿਆ ਏ।”
ਕਿਉਂ?”
“ਪਤਾ ਨਹੀਂ।”
“ਐਵੇਂ ਕਮਲ ਨਾ ਮਾਰ। ਨਾਲੇ ਕੱਲ੍ਹ ਈ ਤਾਂ ਸ਼ਾਦੀ ਨਹੀਂ ਹੋਣ ਲੱਗੀ।...ਮਾਜਿਦ ਮੀਆਂ ਨੇ ਤੈਨੂੰ ਖ਼ਤ ਲਿਖਣ ਦੀ ਇਜਾਜ਼ਤ ਮੰਗੀ ਏ।”
“ਪਰ ਬਈ, ਦੂਰੋਂ ਖ਼ਤ ਲਿਖਣ-ਲਿਖਾਣ ਨਾਲ ਕੀ ਪਤਾ ਲੱਗਦੈ?”
“ਏ-ਬੀ¸ ਹੋਰ ਕੀ 'ਸ਼ਿੱਪ' ਭਿੜਾਉਣ ਦੀ ਇਜਾਜ਼ਤ ਚਾਹੀਦੀ ਏ? ਏ, ਤੂੰ ਤਾਂ ਏਡੀ ਖੁਸ਼ਨਸੀਬ ਏਂ ਕਿ ਗੱਲਾਂ ਕਰਨ ਦਾ ਮੌਕਾ ਵੀ ਮਿਲਿਆ ਏ...ਮੈਂ ਤੇਰੇ ਦੂਹਲੇ-ਭਾਈ ਦੀ ਇਕ ਝਲਕ ਮੱਝਾਂ ਵਾਲੇ ਕੋਠੇ 'ਚੋਂ ਦੇਖੀ ਸੀ, ਤੇ ਅੱਲਾ ਕਸਮ ਉਸ ਇਕੋ ਝਲਕ ਨੇ ਛੱਕੇ ਛੁਡਾਅ ਦਿੱਤੇ ਸੀ ਮੇਰੇ! ਦਿਨ ਰਾਤ ਇਹੀ ਲੱਗਦਾ ਸੀ, ਉਹ ਆਏ ਨੇ...ਬੈਠੇ ਤੱਕੀ ਜਾ ਰਹੇ ਨੇ...ਅੱਖਾਂ ਹੀ ਅੱਖਾਂ ਵਿਚ ਛੇੜਦੇ ਪਏ ਨੇ¸ ਤੌਬਾ!”
ਤੇ ਬਾਜੀ ਖਿੜ-ਖਿੜ ਹੱਸਦੀ ਹੋਈ ਤੁਰ ਗਈ ਸੀ।
'ਦਿਲ-ਫੈਂਕ ਭਾਵੇਂ ਹਾਂ, ਪਰ ਇਸ ਗੱਲ ਦਾ ਯਕੀਨ ਕਰਨਾ ਕਿ ਇਸ ਦਿਲ ਨੂੰ ਅਜੇ ਤਕ ਕਿਸੇ ਨੇ ਕੈਚ ਨਹੀਂ ਕੀਤਾ।' ਮਾਜਿਦ ਨੇ ਆਪਣੇ ਖ਼ਤ ਵਿਚ ਲਿਖਿਆ, 'ਤੇ ਇਹ ਭਰੋਸਾ ਵੀ ਨਹੀਂ ਦਿਵਾਂਦਾ ਕਿ ਤੁਹਾਡੇ ਨਾਲ ਸ਼ਾਦੀ ਕਰ ਲੈਣ ਪਿੱਛੋਂ ਪ੍ਰਹੇਜ਼ਗਾਰ (ਵੈਸ਼ਨੂੰ) ਜਾਂ ਸਿਰਫ ਪਤਨੀ-ਵਰਤਾ ਬਣ ਜਾਵਾਂਗਾ। ਇਹ ਫ਼ੈਸਲਾ ਤੁਹਾਨੂੰ ਕਰਨਾ ਪਏਗਾ ਕਿ ਤੁਸੀਂ ਆਪਣੀ ਚੀਜ਼ ਕਿਸੇ ਹੋਰ ਨੂੰ ਦੇਣ ਦਿਓਗੇ ਜਾਂ ਨਹੀਂ!'
ਮੈਂ ਦਿਲ ਨੂੰ ਲੈਣ ਜਾਂ ਦੇਣ ਵਾਲੀ ਸ਼ੈ ਨਹੀਂ ਸਮਝਦੀ। ਦਿਲ ਕੁਝ ਵੀ ਹੋਵੇ ਤੁਹਾਡੀ ਮਲਕੀਅਤ ਹੀ ਰਹੇਗਾ। ਤੁਸੀਂ ਜਿੱਥੇ ਚਾਹੋ ਦਿੰਦੇ-ਲੈਂਦੇ ਫਿਰੋ¸ ਪਰ ਮੈਂ ਇਸ ਮਾਮਲੇ ਵਿਚ ਤੁਹਾਡੀ ਸਾਂਝੀਵਾਲ ਨਹੀਂ ਹੋਵਾਂਗੀ।' ਆਬਿਦਾ ਨੇ ਜੁਆਬ ਦਿੱਤਾ ਸੀ।
'ਬਈ ਬੜੀ ਵੱਡੀ ਘੁੰਡੀ ਫੜੀ ਬੈਠੇ ਓ...ਇਸ ਦਾ ਇਹ ਮਤਲਬ ਹੋਇਆ ਕਿ ਸਾਡੀ ਸ਼ਾਦੀ ਨਹੀਂ ਹੋ ਸਕਦੀ?' ਮਾਜਿਦ ਨੇ ਲਿਖਿਆ ਸੀ।
ਨਹੀਂ, ਇਸ ਦਾ ਇਹ ਮਤਲਬ ਨਹੀਂ।' ਤੇ ਆਬਿਦਾ ਨੇ ਖਾਸੀ ਸੋਚ-ਵਿਚਾਰ ਪਿੱਛੋਂ ਇਹ ਉਤਰ ਦਿੱਤਾ ਸੀ।
ਸ਼ਾਦੀ ਤੋਂ ਬਾਅਦ ਆਬਿਦਾ ਨੂੰ ਅਹਿਸਾਸ ਹੋਇਆ ਕਿ ਜਿਹੜਾ ਖ਼ਤਾਂ ਰਾਹੀਂ ਜਿੱਤ ਸਕਦਾ ਹੈ, ਜਦੋਂ ਉਹ ਸਾਹਮਣੇ ਹੋਏ ਤਾਂ ਕੋਈ ਕਿੰਨਾਂ ਬੇਵੱਸ ਤੇ ਅਪਾਹਜ ਜਿਹਾ ਮਹਿਸੂਸ ਕਰਦਾ ਹੈ! ਉਸਨੇ ਕਦੀ ਕਿਸੇ ਹੋਰ ਮਰਦ ਦੀ ਮੁਹੱਬਤ ਤਾਂ ਕੀ, ਇਸ ਵਿਚਾਰ ਨੂੰ ਵੀ ਦਿਲ 'ਚ ਜਗ੍ਹਾ ਨਹੀਂ ਸੀ ਦਿੱਤੀ। ਮਾਜਿਦ ਦੇ ਇਸ਼ਕ ਵਿਚ ਉਸਨੂੰ ਖ਼ੁਦਾ ਦਾ ਰੂਪ ਦਿਖਾਈ ਦਿੱਤਾ। ਦੋਹਾਂ ਹੱਥਾਂ ਨਾਲ ਉਸਨੇ ਆਪਣੀ ਦੁਨੀਆਂ ਸਮੇਟ ਕੇ ਉਸਦੀ ਝੋਲੀ ਵਿਚ ਪਾ ਦਿੱਤੀ¸ ਪਰ ਔਰਤ ਦੇ ਸਵੈਮਾਨ ਨੂੰ ਹੱਥੋਂ ਨਹੀਂ ਸੀ ਜਾਣ ਦਿੱਤਾ। ਕਦੀ ਮਾਜਿਦ ਨੂੰ ਘਰ ਆਉਣ ਵਿਚ ਜ਼ਰਾ ਦੇਰ ਹੋ ਜਾਂਦੀ ਤਾਂ ਉਹ ਬੇਚੈਨ, ਸਿੱਜਲ ਅੱਖਾਂ ਨਾਲ ਬੂਹੇ ਵੱਲ ਤੱਕਦੀ ਰਹਿੰਦੀ।...ਤੇ ਜਦੋਂ ਉਹ ਆ ਜਾਂਦਾ ਤਾਂ ਆਪਣੇ ਦਿਲ ਦੀਆਂ ਧੜਕਣਾ ਨੂੰ ਮਸਲ ਕੇ ਬੜੀ ਲਾਪ੍ਰਵਾਹੀ-ਜਿਹੀ ਨਾਲ ਕਿਸੇ ਫ਼ਜੂਲ ਜਿਹੇ ਕੰਮ ਵਿਚ ਰੁੱਝ ਜਾਂਦੀ। ਕਦੀ ਭਾਵੁਕ ਹੋ ਕੇ ਉਸਨੂੰ ਆਪਣੀਆਂ ਬਾਹਾਂ ਵਿਚ ਸਮੇਟ ਲੈਣ ਦੀ ਕੋਸ਼ਿਸ਼ ਕਰਦਾ ਤਾਂ, ਆਪਣੇ ਆਪ ਉੱਪਰ ਕਾਬੂ ਰੱਖ ਕੇ, ਉਸਦੇ ਜੋਸ਼ ਉੱਪਰ ਠੰਡੇ ਪਾਣੀ ਦੇ ਛਿੱਟੇ ਤਰੌਂਕ ਦੇਂਦੀ।
“ਅਹਿ-ਅਹਿ ਕਾਲੀਨ ਤਾਂ ਦੇਖੋ, ਠੀਕ ਏ ਨਾ?” ਤੇ ਮਾਜਿਦ ਕਾਲੀਨ ਵੱਲ ਦੇਖਣ ਲੱਗ ਪੈਂਦਾ। ਏਨੇ ਵਿਚ ਉਸਦਾ ਜੋਸ਼ ਠੰਡਾ ਹੋ ਜਾਂਦਾ। ਉਹ, ਉਸਨੂੰ ਪਿਆਰ ਵੱਲ ਝੁਕਣ ਦੇ ਘੱਟ ਤੋਂ ਘੱਟ ਮੌਕੇ ਦੇਣ ਦੀ ਮਾਰੀ, ਬੜੀਆਂ ਖੁਸ਼ਕ ਆਰਥਕ ਤੇ ਰਾਜਨੀਤਕ ਸਮੱਸਿਆਵਾਂ ਵਿਚ ਉਲਝਾ ਦੇਂਦੀ।
ਹੋਰ ਤਾਂ ਹੋਰ, ਉਹ ਇਸ ਡਬਲ-ਬੈੱਡ ਉੱਤੇ ਵੀ ਬਹਿਸਬਾਜੀ ਦਾ ਖਹਿੜਾ ਨਹੀਂ ਸੀ ਛੱਡਦੀ ਹੁੰਦੀ। ਅਸਲ ਵਿਚ ਉਹ ਉਸ ਤੋਂ ਡਰਦੀ ਸੀ ਤੇ ਉਹਨੂੰ ਇਕ ਔਰਤ-ਖੋਰ-ਮਰਦ ਸਮਝਦੀ ਸੀ।
ਉਹ ਅਕਸਰ ਸੋਚਦੀ¸ ਜੇ ਉਸਨੇ ਆਪਣਾ ਤਨ, ਮਨ ਸਭੇ ਕੁਝ ਉਸਨੂੰ ਸੌਂਪ ਦਿੱਤਾ ਤੇ ਉਹ ਉਸ ਨਾਲ ਦਗ਼ਾ ਕਰ ਗਿਆ ਤਾਂ ਉਹ ਕੱਖ ਦੀ ਨਹੀਂ ਰਹੇਗੀ ਤੇ ਸ਼ਾਇਦ ਜਿਉਂਦੀ ਵੀ ਨਹੀਂ ਰਹਿ ਸਕੇਗੀ। ਇਸ ਲਈ ਉਹ ਹਰ ਵੇਲੇ ਉਸਨੂੰ ਇਹੀ ਜਤਾਉਂਦੀ ਰਹਿੰਦੀ ਕਿ ਦੁਨੀਆਂ ਵਿਚ ਹੋਰਨਾਂ ਕੰਮਾਂ ਤੇ ਚੀਜ਼ਾਂ ਵਿਚ ਵੀ ਉਸਦੀ ਰੂਚੀ ਹੈ; ਉਹ ਸਿਰਫ ਏਸੇ ਕੰਮ ਲਈ ਵਿਹਲੀ ਨਹੀਂ।
ਪਰ ਇਕ ਘਟਨਾ ਨੇ ਉਸਦੀ ਇਸ ਰੂਚੀ ਤੇ ਨੀਤੀ ਨੂੰ ਚੂਰ-ਚੂਰ ਕਰ ਦਿੱਤਾ। ਹੋਇਆ ਉਹੀ ਜਿਸਦਾ ਉਸਨੂੰ ਡਰ ਸੀ। ਉਹ ਮਾਜਿਦ ਦੇ ਅਤੀਤ ਨੂੰ ਭੁੱਲ ਜਾਣਾ ਚਾਹੁੰਦੀ ਸੀ, ਪਰ ਉਹ ਅੱਗੇ ਆ ਕੇ ਉਸਦੀ ਹਿੱਕ ਉੱਤੇ ਸਵਾਰ ਹੋ ਗਿਆ।
ਇਕ ਦਿਨ ਉਸਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਫ਼ੋਨ ਕੀਤਾ ਕਿ 'ਮਾਜਿਦ ਨੂੰ ਤੁਰੰਤ ਹਸਪਤਾਲ ਭੇਜ ਦਿਓ, ਕਮਰਾ ਨੰਬਰ 6 ਵਿਚ... ਉਸਦੀ ਬੀਵੀ ਦੇ ਬੱਚਾ ਹੋਇਆ ਹੈ। ਬੱਚਾ ਠੀਕ-ਠਾਕ ਹੈ, ਪਰ ਜੱਚਾ ਆਖਰੀ ਸਾਹਾਂ 'ਤੇ ਹੈ... ਜੇ.ਜੇ. ਹਸਪਤਾਲ ਪਹੁੰਚੇ।'
ਮਾਜਿਦ ਘਰ ਪਹੁੰਚਿਆ ਤਾਂ ਆਬਿਦਾ ਦੀ ਹਾਲਤ ਦੇਖ ਕੇ ਹੱਕਾ-ਬੱਕਾ ਰਹਿ ਗਿਆ। ਉਹ ਟੈਲੀਫ਼ੋਨ ਕੋਲ ਬੈਠੀ ਹੋਈ ਸੀ। ਅਜੇ ਤਾਂ ਉਸ ਦੇ ਵਿਆਹ ਦੀ ਮਹਿੰਦੀ ਦੀ ਚਮਕ ਵੀ ਮੱਠੀ ਨਹੀਂ ਸੀ ਪਈ ਪਰ ਉਸਦਾ ਜਿਸਮ ਨਿਢਾਲ ਦੇ ਰੰਗ ਬੱਗਾ-ਫੂਸ ਹੋਇਆ ਹੋਇਆ ਸੀ।
“ਤੇਰੀ ਬੀਵੀ ਦੇ ਬੱਚਾ ਹੋਇਆ ਏ...” ਉਹ ਮੁਸਕਰਾਈ।
“ਕੀ? ਸ਼ਾਦੀ ਨੂੰ ਤਾਂ ਅਜੇ ਦੋ ਮਹੀਨੇ ਵੀ ਨਹੀਂ ਹੋਏ। ਬਈ ਵਾਹ,” ਉਸਦੀ ਜਾਨ ਵਿਚ ਜਾਨ ਆਈ ਤੇ ਉਸਨੇ, ਉਸਨੂੰ ਬਾਹਾਂ ਵਿਚ ਸਮੇਟ ਲਿਆ।
“ਆਦਮੀ ਏਂ ਕਿ ਜਾਨਵਰ,” ਉਹ, ਉਸਨੂੰ ਪਰ੍ਹਾਂ ਧਰੀਕ ਕੇ ਦੂਰ ਜਾ ਖੜ੍ਹੀ ਹੋਈ, “ਇਕ ਬੇਵੱਸ ਔਰਤ ਤੇਰੇ ਕਮੀਨੇਪਣ ਦਾ ਸ਼ਿਕਾਰ ਹੋ ਰਹੀ ਏ ਤੇ ਤੂੰ...।”
“ਆਬਿਦਾ ਕੀ ਕਹਿ ਰਹੀ ਏਂ ਤੂੰ?”
“ਮੈਂ ਤੈਨੂੰ ਹਰ ਜਗ੍ਹਾ ਫ਼ੋਨ ਕੀਤੇ...”
“ਪਰ...”
“ਜੇ.ਜੇ. ਹਸਪਤਾਲ ਵਿਚ...ਬੱਚਾ ਠੀਕ ਏ, ਪਰ ਮਾਂ ਦਾ ਆਖ਼ਰੀ ਵਕਤ ਏ।” ਉਸ ਉੱਤੇ ਪਾਗਲਪਨ ਸਵਾਰ ਹੋਇਆ ਜਾਪਦਾ ਸੀ।
“ਤੈਨੂੰ ਹੋ ਕੀ ਗਿਐ?... ਤੇਰੇ ਸਿਰ ਦੀ ਕਸਮ ਸਿਵਾਏ ਤੇਰੇ ਮੇਰੀ ਕੋਈ ਬੀਵੀ ਨਹੀਂ...।”
“ਕੀ ਤੂੰ ਉਸਨੂੰ ਤਲਾਕ ਦੇ ਦਿੱਤੈ, ਦਰਿੰਦੇ? ਆਪਣੇ ਬੱਚੇ ਦੀ ਮਾਂ ਨੂੰ ...।” ਜੇ ਉਸਦਾ ਵੱਸ ਚਲਦਾ ਤਾਂ ਉਹ ਉਸਦਾ ਗਲ਼ਾ ਘੁੱਟ ਦੇਂਦੀ। ਮਾਜਿਦ ਨੇ ਉਸਨੂੰ ਸਮਝਾਉਣਾ ਚਾਹਿਆ ਪਰ ਉਸਨੇ, ਉਸਦਾ ਮੂੰਹ ਵਲੂੰਧਰ ਛੱਡਿਆ, ਕੱਪੜੇ ਪਾੜ ਸੁੱਟੇ ਤੇ ਦੋਵਾਂ ਹੱਥਾਂ ਨਾਲ ਮੂੰਹ ਲਕੋਅ ਕੇ ਉੱਚੀ-ਉੱਚੀ ਰੋਣ ਲੱਗ ਪਈ।
“ਆਬਿਦਾ ਖ਼ੁਦਾ ਦੇ ਵਾਸਤੇ ਰੋ ਨਾ...ਮੇਰੀ ਗੱਲ ਤਾਂ ਸੁਣ।”
“ਮੈਨੂੰ ਹੱਥ ਨਾ ਲਾ। ਤੂੰ ਸਮਝਦਾ ਏਂ ਮੈਂ ਆਪਣੀ ਕਿਸਮਤ 'ਤੇ ਰੋ ਰਹੀ ਆਂ... ਨਹੀਂ ਖ਼ੁਦਾ ਦੀ ਸਹੁੰ, ਮੈਂ ਉਸ ਬਦਨਸੀਬ ਔਰਤ ਦੀ ਕਿਸਮਤ 'ਤੇ ਰੋ ਰਹੀ ਆਂ ਜਿਸ ਨਾਲ ਤੂੰ ਦਗ਼ਾ ਕੀਤੈ।”
“ਓਇ ਰੱਬਾ, ਦਸ ਤਾਂ ਸਈ ਬਈ ਗੱਲ ਕੀ ਏ?” ਮਾਜਿਦ ਖਿਝ ਗਏ ਤੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਤਾਂ ਉਹਨਾਂ ਜੇ. ਜੇ. ਹਸਪਤਾਲ ਫ਼ੋਨ ਕੀਤਾ...:
“ਹੈਲੋ, ਪਲੀਜ਼ ਜ਼ਰਾ ਦੱਸਣ ਦਾ ਕਸ਼ਟ ਕਰਨਾ ਕਿ ਕਮਰਾ ਨੰਬਰ 6 ਦੀ ਮਰੀਜ਼ ਦਾ ਨਾਂ ਕੀ ਏ?”
ਪੁੱਛਗਿੱਛ ਤੇ ਬਹਿਸ ਤੋਂ ਬਾਅਦ ਪਤਾ ਲੱਗਿਆ ਕਿ ਕਮਰਾ ਨੰਬਰ 6 ਖ਼ਾਲੀ ਹੈ।
“ਓ-ਅ... ਤਾਂ ਉਹ ਮਰ ਗਈ!...ਹੇ ਖ਼ੁਦਾ!!... ਤੂੰ ਹਤਿਆਰਾ ਏਂ...ਤੂੰ ਉਸਨੂੰ ਮਾਰ ਛੱਡਿਆ¸ ਤੇ ਤੇਰਾ ਬੱਚਾ...ਬਦਨਸੀਬ ਬੱਚਾ! ਉਸਦਾ ਕੀ ਹੋਏਗਾ? ਯਤੀਮਖਾਨੇ ਵਿਚ ਪਲੇਗਾ...ਨਹੀਂ...ਉਹ ਯਤੀਮਖਾਨੇ 'ਚ ਨਹੀਂ ਪਲੇਗਾ, ਉਸਨੂੰ ਮਾਂ ਦਾ ਪਿਆਰ ਨਹੀਂ ਮਿਲਿਆ...ਤੇ ਉਸਦਾ ਪਿਓ ਇਕ ਸ਼ੈਤਾਨ ਐ ...।”
ਇਕ ਮੁਸੀਬਤ ਖੜ੍ਹੀ ਹੋ ਗਈ। ਬੜੀ ਮੁਸ਼ਕਿਲ ਨਾਲ ਜੇ. ਜੇ. ਹਸਪਤਾਲ ਵਾਲਿਆਂ ਤੋਂ ਤਸੱਲੀ ਕਰਵਾਈ ਗਈ ਕਿ ਕਮਰਾ ਨੰਬਰ ਛੇ ਵਿਚ ਕਿਸੇ ਔਰਤ ਦੇ ਬੱਚਾ ਨਹੀਂ ਹੋਇਆ। ਇਕ ਬਦਹਜ਼ਮੀ ਦੇ ਮਰੀਜ਼ ਲਾਲਾ ਜੀ ਸਨ, ਉਹ ਵੀ ਦੋ ਦਿਨ ਹੋਏ ਚਲੇ ਗਏ ਨੇ। ਫੇਰ ਇਸ ਰਹੱਸ ਦਾ ਭੇਦ ਖੁੱਲਿਆ। ਮਾਜਿਦ ਦੇ ਇਕ ਦੋਸਤ ਜਿਹਨਾਂ ਇਹ ਕੋਝਾ ਮਜ਼ਾਕ ਕੀਤਾ ਸੀ, ਸਮਝਦੇ ਸਨ, ਆਬਿਦਾ ਮਜ਼ਾਕ ਨੂੰ ਹਾਸੜ ਵਿਚ ਬਦਲ ਦਏਗੀ। ਅਖੀਰ ਲੰਮੀ ਬਹਿਸ ਤੋਂ ਬਾਅਦ ਸਿੱਟਾ ਇਹ ਨਿਕਲਿਆ ਕਿ ਸਾਰੀ ਗ਼ਲਤੀ ਉਸ ਮੂਰਖ ਦੋਸਤ ਦੀ ਸੀ ਤੇ ਆਬਿਦਾ ਦੀ ਅਕਲਮੰਦੀ, ਇਹ ਸੀ ਕਿ ਮਜ਼ਾਕ ਨੂੰ ਸੱਚ ਮੰਨ ਬੈਠੀ ਸੀ।
ਖ਼ੈਰ, ਗੱਲ ਆਈ-ਗਈ ਹੋ ਗਈ। ਪਰ ਆਬਿਦਾ¸ ਉਸ ਫ਼ੋਨ-ਕਾਲ ਤੋਂ ਬਾਅਦ, ਜੋ ਕੁਝ ਉਸਦੇ ਦਿਲ ਉੱਤੇ ਬੀਤਿਆ ਸੀ¸ ਭੁੱਲ ਨਹੀਂ ਸੀ ਸਕੀ। ਇਹ ਗੱਲ ਵਾਰੀ-ਵਾਰੀ ਉਸਨੂੰ ਭਿਆਨਕ ਸੁਪਨੇ ਬਣ-ਬਣ ਕੇ ਡਰਾਉਂਦੀ ਰਹੀ ਕਿ ਹਸਪਤਾਲ ਵਿਚ ਉਸਦੇ ਬੱਚਾ ਹੋਇਆ ਹੈ, ਉਹ ਆਖਰੀ ਸਾਹਾਂ 'ਤੇ ਹੈ ਤੇ ਮਾਜਿਦ ਦੀ ਨਵੀਂ ਬੀਵੀ ਉਸਨੂੰ ਭਾਲਣ ਖਾਤਰ ਜਗ੍ਹਾ-ਜਗ੍ਹਾ ਫ਼ੋਨ ਕਰ ਰਹੀ ਹੈ।...ਪਰ ਉਹ ਕਿਤੇ ਵੀ ਨਹੀਂ ਮਿਲ ਰਿਹਾ।
ਤੇ ਉਹ ਕਮਰਾ ਨੰਬਰ ਛੇ ਵਿਚ ਪ੍ਰਾਣ ਤਿਆਗ ਦੇਂਦੀ ਹੈ।
ਪਰ ਦਸ ਸਾਲ ਬੀਤ ਗਏ, ਸੁਪਨਾ ਸੱਚ ਸਿੱਧ ਨਹੀਂ ਹੋ ਸਕਿਆ। ਡਾਕਟਰ ਕਹਿੰਦੇ ਰਹੇ, 'ਦੋਵੇਂ ਠੀਕ-ਠਾਕ ਨੇ, ਬੱਚੇ ਦੇ ਨਾ ਹੋਣ ਦਾ ਕੋਈ ਵਿਸ਼ੇਸ਼ ਕਾਰਨ ਤਾਂ ਹੈ ਨਹੀਂ।'
'ਖ਼ੁਦਾ ਦਾ ਵਾਸਤਾ ਈ, ਬਸ ਆ-ਜਾ।' ਮਾਜਿਦ ਦਾ ਤਾਜ਼ਾ ਖ਼ਤ ਉਸਦੇ ਸਾਹਮਣੇ ਪਿਆ ਸੀ। ਤਾਰਾਂ ਤੇ ਖ਼ਤ ਲਗਾਤਾਰ ਆ ਰਹੇ ਸਨ।
ਅੰਮੀ ਜਾਨ ਦੀ ਹਾਲਤ ਖਾਸੀ ਨਾਜ਼ੁਕ ਹੈ।' ਉਹ ਵਾਰੀ-ਵਾਰੀ ਇਹੋ ਜਵਾਬ ਦੇਂਦੀ। ਮਾਜਿਦ ਦੀ ਮਾਂ ਨੂੰ ਅਧਰੰਗ ਦਾ ਦੂਜਾ ਦੌਰਾ ਪਿਆ ਸੀ। ਉਹ, ਉਹਨਾਂ ਦਾ ਪਤਾ ਲੈਣ ਆਏ ਸਨ। ਆਬਿਦਾ ਉਹਨਾਂ ਦੀ ਦੇਖਭਾਲ ਕਰਨ ਲਈ ਇੱਥੇ ਹੀ ਰਹਿ ਪਈ ਸੀ¸ ਹੁਣ ਵੱਡੀ ਬੀ ਸੀ ਕਿ ਨਾ ਤਾਂ ਮਰਦੀ ਹੀ ਸੀ ਤੇ ਨਾ ਹੀ ਠੀਕ ਹੁੰਦੀ ਸੀ। 'ਮੈਂ ਇਹਨਾਂ ਨੂੰ ਇਸ ਹਾਲਤ ਵਿਚ ਛੱਡ ਕੇ ਕਿੰਜ ਆ ਸਕਦੀ ਹਾਂ! ਇੰਜ ਤੜਫਣ ਕਿਉਂ ਡਹੇ ਓ, ਇਸ ਦੌਰਾਨ ਕਿਸੇ ਹੋਰ ਨਾਲ ਇਸ਼ਕ ਫੁਰਮਾਅ ਛੱਡੋ¸ ਟਾਈਮ ਪਾਸ ਹੋ ਜਾਏਗਾ।' ਉਹ ਮਾਜਿਦ ਨੂੰ ਚਿੜਾਉਣ ਖਾਤਰ ਮਜ਼ਾਕ ਵਜੋਂ ਲਿਖਦੀ, 'ਕੀ ਦਸ ਵਰ੍ਹਿਆਂ ਵਿਚ ਹੀ ਸਾਰੇ ਦਾਅ-ਪੇਚ ਭੁੱਲ ਗਏ ਓ?' ਉਹ ਹੋਰ ਤਪਾਉਂਦੀ।
'ਤੇਰੀ ਸ਼ਾਮਤ ਆਈ ਲੱਗਦੀ ਹੈ?' ਉਹ ਭਖੇ-ਭਖਾਏ ਲਿਖਦੇ।
ਖ਼ੁਦਾ-ਖ਼ੁਦਾ ਕਰਕੇ ਅੰਮੀ ਜਾਨ ਦੀ ਤਬੀਅਤ ਜ਼ਰਾ ਸੰਭਲੀ ਤਾਂ ਕੰਮਨ ਬਾਜੀ ਆਪਣਾ ਛੇਵਾਂ ਬੱਚਾ ਜੰਮਣ ਆ ਪਹੁੰਚੀ¸ ਇਕ ਆਬਿਦਾ ਹੀ ਲੰਡੀ-ਚਿੜੀ ਸੀ; ਬਾਕੀ ਆਪੋ-ਆਪਣੇ ਚੂਚੇ ਸਾਂਭਣ ਵਿਚ ਰੁੱਝੀਆਂ ਹੋਈਆਂ ਸਨ।
'ਕਹੋ ਤਾਂ ਬਜੀਆ ਨੂੰ ਇਸ ਹਾਲਤ ਵਿਚ ਛੱਡ ਕੇ ਆ ਜਾਵਾਂ?' ਉਸਨੇ ਮਾਜਿਦ ਨੂੰ ਲਿਖਿਆ।
'ਨਹੀਂ, ਐਸੀ ਵੀ ਜਲਦੀ ਨਹੀਂ। ਪਰ ਖ਼ੁਦਾ ਦਾ ਵਾਸਤਾ ਈ, ਇਸ ਪਿੱਛੋਂ ਫ਼ੌਰਨ ਰਵਾਨਾ ਹੋ ਪਵੀਂ।' ਮਾਜਿਦ ਨੇ ਮਰੇ ਹੋਏ ਮਨ ਨਾਲ ਜਵਾਬ ਦਿੱਤਾ।
ਇਸੇ ਚੱਕਰ ਵਿਚ ਪੂਰੇ ਛੇ ਮਹੀਨੇ ਲੰਘ ਗਏ। ਜਦੋਂ ਉਹ ਆਈ ਮਾਜਿਦ ਦੇ ਬੂਰੇ ਹਾਲ ਹੋਏ-ਹੋਏ ਸਨ ਪਰ ਉਹ ਘਰ ਦੀ ਉਜਾੜ-ਸੂਰਤ ਨੂੰ ਸੰਵਾਰਨ ਵਿਚ ਰੁੱਝ ਗਈ। ਨਾ ਚਾਦਰਾਂ-ਤੌਲੀਆਂ ਦਾ ਪਤਾ ਸੀ, ਨਾ ਭਾਂਡਿਆਂ ਦਾ ਠਿਕਾਣਾ! ਅੱਧੇ ਤਾਂ ਗੁਆਂਢੀਆਂ ਦੇ ਗਏ ਹੋਏ ਸਨ।
“ਰੱਬ ਦੇ ਵਾਸਤੇ ਨਵੇਂ ਖਰੀਦ ਲਿਆ ਤੇ ਖਹਿੜਾ ਛੱਡ।” ਹਰ ਵੇਲੇ ਦੇ ਚਮਚਿਆਂ, ਕੌਲੀਆਂ ਦੇ ਜ਼ਿਕਰ ਤੋਂ ਤੰਗ ਆ ਕੇ ਮਾਜਿਦ ਨੇ ਕਿਹਾ, ਪਰ ਆਬਿਦਾ ਉੱਪਰ ਤਾਂ ਜਿਵੇਂ ਇਹੀ ਧੁੰਨ ਸਵਾਰ ਹੋਈ-ਹੋਈ ਸੀ। ਉਸ ਨੇ ਜਦੋਂ ਤਕ ਘਰ ਨੂੰ ਐਨ ਲਿਸ਼ਕਾ ਨਹੀਂ ਲਿਆ, ਆਰਾਮ ਨਾਲ ਨਹੀਂ ਬੈਠੀ।
ਬੈੱਡ-ਰੂਮ, ਡਰਾਇੰਗ-ਰੂਮ ਤੇ ਕਿਚਨ ਲਿਸ਼ਕਾ ਕੇ ਉਸ ਨੇ ਕੱਪੜਿਆਂ ਵੱਲ ਧਿਆਨ ਦਿੱਤਾ¸ਮਾਜਿਦ ਦੇ ਲਗਭਗ ਅੱਧੇ ਕੱਪੜੇ ਗ਼ਾਇਬ ਸਨ। ਖ਼ੁਦ ਉਸ ਦੀਆਂ ਕਈ ਸਾੜ੍ਹੀਆਂ ਵੀ ਨਹੀਂ ਸਨ ਦਿਸ ਰਹੀਆਂ¸ ਸੌਂਫੀਆ ਤੇ ਇਕ ਦੋ ਹੋਰ ਕੀਮਤੀ ਸਾੜ੍ਹੀਆਂ ਨੂੰ ਛੱਡ ਕੇ, ਕਈ ਗ਼ਾਇਬ ਸਨ। ਉਹ ਨੌਕਰਾਂ ਨੂੰ ਫਿਟਕਾਰਦੀ ਰਹੀ। ਸਾਰੇ ਕੁਰਾਨ ਉੱਪਰ ਹੱਥ ਧਰਨ ਲਈ ਤਿਆਰ ਸਨ। ਬੈਰਾ, ਹਰ ਰੋਜ਼ ਸਾਹਿਬ ਦੇ ਸਾਹਮਣੇ ਜਿੰਦਰਾ ਲਾ ਕੇ ਚਾਬੀ ਉਹਨਾਂ ਨੂੰ ਫੜਾ ਦੇਂਦਾ ਸੀ।
ਸਭ ਤੋਂ ਵਧ ਚਿੰਤਾ ਉਸਨੂੰ ਮਾਜਿਦ ਦੀ ਸੀ; ਉਹ ਵੀ ਲਗਭਗ ਅੱਧੇ ਗ਼ਾਇਬ ਹੋ ਚੁੱਕੇ ਸਨ। ਉੱਡੀ ਉੱਡੀ ਸੂਰਤ, ਗਵਾਚੀਆਂ-ਗਵਾਚੀਆਂ ਜਿਹੀਆਂ ਨਜ਼ਰਾਂ! ਆਬਿਦਾ ਘਰ ਦੇ ਚੱਕਰ ਵਿਚ ਧਿਆਨ ਹੀ ਨਹੀਂ ਸੀ ਦੇ ਸਕੀ¸ ਉਹ ਵੀ ਜਿਵੇਂ ਗੂੰਗੇ-ਬੌਰੇ ਜਿਹੇ ਹੋ ਗਏ ਸਨ।
“ਤੂੰ ਵਾਪਸ ਆ ਕੇ ਵੀ ਨਹੀਂ ਮਿਲੀ...” ਉਹਨਾਂ ਨੇ ਜਿਵੇਂ ਉਲਾਂਭਾ ਜਿਹਾ ਦਿੱਤਾ।
“ਦੇਖਦੇ ਨਹੀਂ ਪਏ, ਘਰ ਦਾ ਕਬਾੜਖ਼ਾਨਾ ਬਣਿਆਂ ਪਿਆ ਏ¸ ਮੇਰਾ ਟੈਲਕਮ ਪਾਊਡਰ ਵਾਲਾ ਡੱਬਾ ਵੀ ਗ਼ਾਇਬ ਐ। ਕਿਹੜੀ-ਕਿਹੜੀ ਚੀਜ ਨੂੰ ਰੋਵਾਂ!”
“ਉਸਦੀ ਬੋ ਬੜੀ ਭੈੜੀ ਲੱਗਦੀ ਹੁੰਦੀ ਸੀ ਤੈਨੂੰ...”
“ਮੈਨੂੰ ਨਹੀਂ, ਤੁਹਾਨੂੰ! ਤੁਸੀਂ ਹੀ ਨੱਕ ਬੁੱਲ੍ਹ ਵੱਟਦੇ ਹੁੰਦੇ ਸੀ। ਖੈਰ, ਮਗਰੋਂ ਲੱਥਾ ਕੋਈ ਗੱਲ ਨਹੀਂ। ਮੈਨੂੰ ਤਾਂ ਇਸ ਗੱਲ ਦਾ ਗੁੱਸਾ ਏ ਬਈ ਇਹ ਹੂੰਝਾ ਕਿਸ ਨੇ ਫੇਰਿਆ ਹੋਇਆ?”
“ਮੈਂ...!” ਮਾਜਿਦ ਨੇ ਮੁਜਰਮਾਂ ਵਾਂਗ ਉਸ ਵੱਲ ਵਿੰਹਦਿਆਂ ਕਿਹਾ।
ਸੁਲਗਦੀ ਹੋਈ ਸਿਗਰੇਟ ਮੇਜ਼ਪੋਸ਼ ਉੱਪਰ ਡਿੱਗ ਪਈ। ਇਕੋ ਝਟਕੇ ਨਾਲ ਉਹ ਮਾਜਿਦ ਦੇ ਯਾਦ-ਮਹਿਲ ਵਿਚੋਂ ਨੱਸ ਕੇ ਕਮਰੇ ਵਿਚ ਪਰਤ ਆਈ। ਇਸ ਲੰਮੇ ਸਫ਼ਰ ਨੇ ਉਸਨੂੰ ਥਕਾਅ ਦਿੱਤਾ ਸੀ। ਉਸਨੇ ਸਵੈਟਰ ਕੁਰਸੀ ਉੱਤੇ ਰੱਖ ਦਿੱਤਾ¸ ਜਦੋਂ ਪੂਰਾ ਹੋ ਜਾਏਗਾ ਤਾਂ ਇਸਨੂੰ ਪ੍ਰੈਸ ਕਰਕੇ ਪਿਛਲੇ ਹਫ਼ਤੇ ਪੂਰੇ ਹੋਏ ਸਵੈਟਰ ਕੋਲ ਰੱਖ ਦਏਗੀ।
ਉਸਨੇ ਖ਼ੁਦ ਨੂੰ ਦੁੱਖਾਂ ਦੇ ਹਵਾਲੇ ਕਰ ਦਿੱਤਾ ਤੇ ਆਪਣੇ ਹਿੱਸੇ ਦੇ ਪਲੰਘ ਉੱਤੇ ਜਾ ਲੇਟੀ। ਹੰਝੂ ਦੋਹਾਂ ਪੁੜਪੁੜੀਆਂ ਤੋਂ ਹੁੰਦੇ ਹੋਏ ਵਾਲਾਂ ਨੂੰ ਭਿਓਣ ਲੱਗੇ। ਉਸਨੇ ਸਿਰਹਾਣੇ ਉੱਪਰ ਪੋਲਾ ਜਿਹਾ ਹੱਥ ਰੱਖਿਆ ਤੇ ਫੇਰ ਅਤੀਤ ਵੱਲ ਮੂੰਹ ਕਰ ਲਿਆ। ਕੜੀ ਜੋੜਨ ਲਈ ਦਿਮਾਗ਼ ਉੱਪਰ ਜ਼ਰਾ ਜਿੰਨਾਂ ਵੀ ਜ਼ੋਰ ਨਹੀਂ ਸੀ ਦੇਣਾ ਪਿਆ।
“ਕੈਨਟੀਨ 'ਚ ਕੰਮ ਕਰਦੀ ਏ?”
“ਹੋਰ ਕਿੰਨੀ ਵਾਰੀ ਪੁੱਛੇਂਗੀ?”
“ਜਿੰਨੀ ਵਾਰੀ ਤੁਸੀਂ ਇਹ ਕਹਿੰਦੇ ਰਹੋਗੇ, ਤੁਹਾਨੂੰ ਉਸ ਨਾਲ ਮੁਹੱਬਤ ਨਹੀਂ।” ਉਸਦੀ ਆਵਾਜ਼ ਵਿਚ ਮੌਤ ਵਰਗਾ ਧੀਰਜ ਸੀ।
“ਇੰਜ ਤਾਂ ਇਹ ਬਹਿਸ ਕਦੀ ਖ਼ਤਮ ਨਹੀਂ ਹੋਏਗੀ।”
“ਇਸ ਦੇ ਬਾਵਜੂਦ ਤੁਹਾਡੀ ਰਾਏ ਵਿਚ ਮੈਨੂੰ ਇੱਥੇ ਹੀ ਰਹਿਣਾ ਚਾਹੀਦਾ ਏ?”
“ਹਾਂ।”
“ਮੈਂ...ਇਸ...ਢੰਢਾਰ ਘਰ (ਸੁੰਨਸਾਨ-ਬੀਆਬਾਨ ਘਰ) ਵਿਚ 'ਕੱਲੀ ਕੀ ਕਰਾਂਗੀ? ਤੁਸੀਂ ਚਲੇ ਜਾਓਗੇ ਤਾਂ...।”
“ਨਹੀਂ।”
“ਪਰ...।”
“ਮੈਂ ਤੇਰੇ ਬਗ਼ੈਰ ਨਹੀਂ ਰਹਿ ਸਕਦਾ।” ਮਾਜਿਦ ਨੇ ਬੱਚਿਆਂ ਵਾਂਗ ਜ਼ਿੱਦ ਕੀਤੀ। ਆਬਿਦਾ ਦਾ ਦਿਲ ਚਾਹਿਆ, ਉਸ ਦਾ ਮੂੰਹ ਵਲੂੰਧਰ ਸੁੱਟੇ, ਪਰ ਸਿਰਫ ਮੁਸਕੁਰਾ ਦੇ ਰਹਿ ਗਈ। ਮਾਜਿਦ ਦੀਆਂ ਅੱਖਾਂ ਝੁਕ ਗਈਆਂ।
“ਮੈਂ ਸਵੇਰੇ ਪਹਿਲੀ ਗੱਡੀ ਚਲੀ ਜਾਵਾਂਗੀ।” ਆਬਿਦਾ ਨੇ ਆਪਣਾ ਫ਼ੈਸਲਾ ਸੁਣਾਇਆ ਤੇ ਉਠ ਕੇ ਖੜ੍ਹੀ ਹੋ ਗਈ।
“ਤੂੰ ਪਹਿਲੀ ਗੱਡੀ ਨਹੀਂ ਫੜ੍ਹ ਸਕਣੀ।” ਮਾਜਿਦ ਨੇ ਪੂਰੇ ਵਿਸ਼ਵਾਸ ਨਾਲ ਕਿਹਾ, “ਏਨੇ ਸਵੇਰੇ ਕਫ਼ਨ-ਦਫ਼ਨ ਦਾ ਇੰਤਜ਼ਾਮ ਹੀ ਨਹੀਂ ਹੋ ਸਕੇਗਾ।”
“ਫੇਰ ਉਹੀ ਧਮਕੀਆਂ! ਜ਼ਰਾ ਸੋਚੋ ਤਾਂ ਸਹੀ, ਤੁਸੀਂ ਕੀ ਕਹਿ ਰਹੇ ਓ? ਮੇਰਾ ਧੀਰਜ ਫ਼ੌਲਾਦ ਦਾ ਨਹੀਂ ਬਣਿਆ ਹੋਇਆ!”
“ਮੇਰਾ ਵੀ ਇਹੀ ਖ਼ਿਆਲ ਸੀ। ਕਾਸ਼, ਮੈਂ ਤੇਰੇ ਧੀਰਜ ਰੂਪੀ ਖੋਲ ਨੂੰ ਤੋੜ ਸਕਦਾ। ਤੂੰ ਆਮ ਔਰਤਾਂ ਵਾਂਗ ਮੇਰਾ ਚਿਹਰਾ ਵਲੂੰਧਰ ਸੁੱਟਦੀ। ਪਰ ਤੂੰ ਆਮ ਔਰਤ ਨਹੀਂ। ਤੂੰ ਆਬਿਦਾ ਏਂ। ਤੇਰੇ ਪੈਰਾਂ 'ਤੇ ਸਿਰ ਰੱਖ ਕੇ ਆਪਣੀਆਂ ਗ਼ਲਤੀਆਂ ਦੀ ਮੁਆਫ਼ੀ ਮੰਗਣ ਦੀ ਹਿੰਮਤ ਵੀ ਤਾਂ ਨਹੀਂ ਪੈਂਦੀ।”
“ਇਹਨਾਂ ਫ਼ਿਲਾਸਫ਼ਰਾਂ ਵਰਗੀਆਂ ਗੱਲਾਂ ਦਾ ਕੋਈ ਫ਼ਾਇਦਾ ਨਹੀਂ। ਤੁਹਾਡਾ ਫ਼ਰਜ਼ ਬਣਦੈ, ਇਨਸਾਨੀਅਤ ਨੂੰ ਹੱਥੋਂ ਨਾ ਜਾਣ ਦਿਓ। ਮੈਂ ਨਹੀਂ ਚਾਹੁੰਦੀ ਤੁਸੀਂ ਉਸ ਨਾਲ ਵੀ ਦਗ਼ਾ ਕਰੋਂ।”
“ਆਬਿਦਾ, ਤੇਰੇ ਨਰਮ ਲਹਿਜੇ ਦੇ ਜ਼ਹਿਰ ਨੇ ਹੀ ਮੈਨੂੰ ਅਪਾਹਿਜ ਬਣਾਅ ਕੇ ਰੱਖ ਦਿੱਤਾ ਏ। ਮੈਂ ਸਿਰਫ ਇਸ ਉਮੀਦ 'ਤੇ ਕਿ ਤੂੰ ਹੋਰਨਾਂ ਔਰਤਾਂ ਨਾਲੋਂ ਵੱਖਰੀ ਸੋਚ ਦੀ ਮਾਲਕ ਏਂ ਤੇ ਮੇਰੀ ਗ਼ਲਤੀ ਉੱਤੇ ਨਿਰਪੱਖ ਹੋ ਕੇ ਸੋਚ ਸਕੇਂਗੀ, ਹੁਣ ਤੱਕ ਉਹ ਕੁਝ ਨਹੀਂ ਕੀਤਾ ਜੋ ਮੈਨੂੰ ਕਰਨਾਂ ਚਾਹੀਦਾ ਸੀ।”
“ਕੀ ਕਰਨਾਂ ਚਾਹੀਦਾ ਸੀ ਤੁਹਾਨੂੰ, ਜੋ ਹੁਣ ਤੱਕ ਨਹੀਂ ਕੀਤਾ?”
“ਮੈਨੂੰ ਜਿਊਂਦਿਆਂ ਰਹਿਣ ਦਾ ਕੋਈ ਅਧਿਕਾਰ ਨਹੀਂ। ਇਕ ਅਧੂਰੇ ਇਨਸਾਨ ਨੂੰ ਜੇ ਮੁਆਫ਼ ਨਾ ਕੀਤਾ ਜਾ ਸਕਦਾ ਹੋਏ ਤਾਂ ਉਸ ਲਈ ਇਕੋ ਰਸਤਾ ਰਹਿ ਜਾਂਦਾ ਹੈ।...”
“ਯਾਨੀ, ਖੁਦਕਸ਼ੀ?”
“ਹਾਂ।”
“ਇਹਨਾਂ ਰੁਮਾਂਟਿਕ ਗੱਲਾਂ ਵਿਚ ਕਿਉਂ ਉਲਝਾਂਦੇ ਪਏ ਓ...” ਆਬਿਦਾ ਨੇ ਅਕੇਵੇਂ ਜਿਹੇ ਨਾਲ ਕਿਹਾ।
“ਆਬਿਦਾ, ਜੇ ਮੈਂ ਗ਼ਲਤੀ ਨਾਲ ਅੰਗਿਆਰਾ ਚੁੱਕ ਲਿਆ ਏ ਤਾਂ ਇਸਦਾ ਇਹ ਮਤਲਬ ਹੈ ਕਿ ਹੁਣ ਸਾਰੀ ਉਮਰ ਉਸਨੂੰ ਹੱਥੇਲੀ ਉੱਤੇ ਰੱਖ ਕੇ ਫੂਕਾਂ ਮਾਰਦਾ ਰਹਾਂ?”
“ਬੜੀ ਘਿਸੀ-ਪਿਟੀ ਦਲੀਲ ਏ, ਅੰਗਿਆਰਾਂ ਨਾਲ ਖੇਡਣ ਦੇ ਤਾਂ ਤੁਸੀਂ ਹਮੇਸ਼ਾ ਦੇ ਆਦੀ ਹੋ। ਦਸ ਸਾਲ ਤੁਸੀਂ ਇਕ ਇਹੋ ਜਿਹੀ ਜ਼ਿੰਦਗੀ ਬਿਤਾਉਂਦੇ ਰਹੇ, ਜੋ ਨਾ ਤੁਹਾਨੂੰ ਪਸੰਦ ਸੀ ਤੇ ਨਾ ਹੀ ਸੁਭਾਵਿਕ। ਮੌਕਾ ਮਿਲਦਿਆਂ ਹੀ ਤੁਸੀਂ ਆਪਣੀ ਅਸਲੀਅਤ 'ਤੇ ਆ ਗਏ।” ਆਬਿਦਾ ਦੇ ਲਹਿਜੇ ਵਿਚ ਨਾਰਾਜ਼ਗੀ ਘੁਲੀ ਹੋਈ ਸੀ¸ ਮਾਜਿਦ ਨੂੰ ਕੁਝ ਉਮੀਦ ਜਿਹੀ ਵੱਝੀ।
“ਆਬਿਦਾ, ਜੇ ਇਹੋ ਜਿਹੀ ਕੋਈ ਮੂਰਖਤਾ ਤੂੰ ਕਰ ਬੈਠਦੀ ਤਾਂ ਖ਼ੁਦਾ ਗਵਾਹ ਹੈ, ਮੈਂ ਇਹ ਸਜ਼ਾ ਨਾ ਦੇਂਦਾ। ਤੇਰੇ ਖ਼ਿਆਲ ਵਿਚ ਕੀ ਸੱਚਮੁੱਚ ਮੈਂ ਉਸ ਅਨਪੜ੍ਹ ਗੰਵਾਰ ਕੁੜੀ ਨਾਲ ਜ਼ਿੰਦਗੀ ਗੁਜ਼ਾਰ ਸਕਦਾ ਆਂ?”
“ਜੇ ਸੱਚਮੁੱਚ ਹੀ ਉਹ ਏਨੀ ਗ਼ੈਰ-ਦਿਲਚਸਪ ਸੀ ਤਾਂ ਤੁਹਾਡੀ ਦਿਲ ਨਿਵਾਜ-ਮਹਿਬੂਬਾ ਕਿੰਜ ਬਣ ਗਈ?”
“ਜੇ ਕੋਈ ਪਿਸ਼ਾਬ ਕਰਨ ਲਈ ਮੂਤਰੀ (ਪਿਸ਼ਾਬ-ਘਰ) ਵਿਚ ਵੜ ਜਾਏ ਤਾਂ ਉਸਨੂੰ ਉੱਥੇ ਹੀ ਕੈਦ ਕਰ ਦੇਣਾ ਚਾਹੀਦਾ ਹੈ?...ਤੇ ਕੀ ਉਹ ਸਾਰੀ ਉਮਰ ਉੱਥੇ ਗੁਜਾਰ ਸਕਦਾ ਏ? ਮੈਂ ਕਦੀ ਦਾਅਵਾ ਨਹੀਂ ਕੀਤਾ ਕਿ ਮੈਂ ਫ਼ਰਿਸ਼ਤਾ ਹਾਂ। ਤੂੰ ਚੰਗੀ ਤਰ੍ਹਾਂ ਜਾਣਦੀ ਏਂ ਕਿ ਮੈਂ ਇਕ ਬੋਦਾ ਤੇ ਅਧੂਰਾ ਆਦਮੀ ਆਂ¸ਪਰ ਏਡੀ ਵੱਡੀ ਸਜ਼ਾ ਦਾ ਹੱਕਦਾਰ ਨਹੀਂ। ਤੂੰ ਆਪ ਸੋਚ ਜੇ ਮੈਂ ਉਸਨੂੰ ਬਰਦਾਸ਼ਤ ਕਰ ਸਕਦਾ ਹੁੰਦਾ ਤਾਂ ਰਾਹ ਵਿਚ ਰੁਕਾਵਟ ਕਿਹੜੀ ਸੀ? ਤੇਰੀ ਇਸ ਜਬਰਦਸਤੀ ਦੀ ਨੌਬਤ ਹੀ ਨਹੀਂ ਸੀ ਆਉਣੀ। ਮੈਂ ਬਿਨਾਂ ਦੱਸੇ-ਪੁੱਛੇ ਤੈਨੂੰ ਛੱਡ ਕੇ ਜਾ ਸਕਦਾ ਸਾਂ¸ ਕੀ ਤੂੰ ਮੈਨੂੰ ਰੋਕ ਲੈਂਦੀ?”
“ਕਤਈ ਨਹੀਂ।”
“ਕਸਮ ਨਾਲ ਤੂੰ ਮੈਨੂੰ ਦੋਹਾਂ ਹੱਥਾਂ ਨਾਲ ਧਰੀਕ ਰਹੀ ਏਂ। ਜੇ ਮੇਰੇ ਵਿਚ ਜ਼ਰਾ ਜਿੰਨੀ ਵੀ ਹਿਊਂ ਹੁੰਦੀ, ਤਾਂ ਮੈਂ ਹਮੇਸ਼ਾ ਲਈ ਮੂੰਹ ਕਾਲਾ ਕਰ ਜਾਂਦਾ।”
“ਜੇ ਮੈਥੋਂ ਕੋਈ ਅਜਿਹੀ ਗ਼ਲਤੀ ਹੋ ਜਾਂਦੀ ਫੇਰ?”
“ਫੇਰ, ਖ਼ੁਦਾ ਜਾਣਦਾ ਏ, ਮੈਂ ਤੇਰੀਆਂ ਹੱਡੀਆਂ ਤੋੜ ਕੇ ਰੱਖ ਦੇਂਦਾ। ਪਰ ਤੈਨੂੰ ਇਕ ਵਹਿਸ਼ੀ ਦਰਿੰਦੇ ਨਾਲ ਰਹਿਣ ਦੀ ਸਜ਼ਾ ਕਦੀ ਨਾ ਦੇਂਦਾ।”
“ਖ਼ੈਰ, ਤੁਸੀਂ ਚਾਹੁੰਦੇ ਕੀ ਓ?”
“ਤੂੰ ਜੋ ਸਜ਼ਾ ਚਾਹੇਂ, ਦੇ-ਲੈ। ਤੈਨੂੰ ਮੇਰੇ ਤੋਂ ਘਿਣ ਆਉਂਦੀ ਏ, ਤਾਂ ਮੈਂ ਤੇਰੀ ਮਰਜ਼ੀ ਤੋਂ ਬਿਨਾਂ ਤੈਨੂੰ ਹੱਥ ਵੀ ਨਹੀਂ ਲਾਵਾਂਗਾ। ਅਸੀਂ ਦੋ ਦੋਸਤਾਂ ਵਾਂਗ ਤਾਂ ਇਕੱਠੇ ਰਹਿ ਸਕਦੇ ਆਂ ਨਾ?”
“ਪਰ ਇਹ ਕੀ ਜ਼ਰੂਰੀ ਏ ਕਿ ਦੋਸਤ ਰਹਿਣ ਵੀ ਇਕੱਠੇ? ਉਸਨੂੰ ਤੁਹਾਡੀ ਜ਼ਰੂਰਤ ਏ, ਇਕੱਲੀ ਜ਼ਿੰਦਗੀ ਦਾ ਮੁਕਾਬਲਾ ਕਿੰਜ ਕਰੇਗੀ, ਉਹ?”
“ਤੈਨੂੰ ਉਸ ਉੱਤੇ ਬੜਾ ਰਹਿਮ ਆ ਰਿਹੈ ?”
“ਉਹ ਰਹਿਮ ਦੇ ਕਾਬਲ ਵੀ ਹੈ। ਨਾਲੇ ਉਸ ਬੇਗੁਨਾਹ ਮਾਸੂਮ ਦਾ ਕੀ ਬਣੇਗਾ? ਮਾਜਿਦ ਤੁਹਾਨੂੰ ਉਸ ਨਾਲ ਸ਼ਾਦੀ ਕਰਨੀ ਹੀ ਪਏਗੀ।”
“ਆਬਿਦਾ,” ਮਾਜਿਦ ਨੇ ਉਠ ਕੇ ਬੇਚੈਨੀ ਨਾਲ ਟਹਿਲਣਾ ਸ਼ੁਰੂ ਕਰ ਦਿੱਤਾ, “ਤੂੰ ਜੋ ਵੀ ਫ਼ੈਸਲਾ ਕਰੇਂਗੀ, ਮੈਨੂੰ ਮੰਜ਼ੂਰ ਹੋਏਗਾ ਪਰ; ਸ਼ਾਦੀ ਨਹੀਂ। ਇਹ ਘਿਸੀ ਪਿਟੀ, ਸਦੀਆਂ ਪੁਰਾਣੀ ਸਜ਼ਾ ਨਾ ਦੇਅ...ਮੈਂ ਸਹਿ ਨਹੀਂ ਸਕਾਂਗਾ। ਸ਼ਾਦੀ ਕਿਸੇ ਮਜ਼ਬੂਰੀ ਜਾਂ ਦਬਾਅ ਹੇਠ ਆ ਕੇ ਨਹੀਂ ਕੀਤੀ ਜਾਂਦੀ।”
“ਪਰ ਇੱਕ ਮਾਸੂਮ...!”
“ਮੈਂ ਰੁਪਏ-ਪੈਸੇ ਦੀ ਮਦਦ ਤੋਂ ਇਨਕਾਰ ਨਹੀਂ ਕਰ ਰਿਹਾ। ਜੋ ਪਬਲਿਸਿਟੀ ਹੋਏਗੀ, ਸੋ ਵੱਖਰੀ।”
“ਰੁਪਏ-ਪੈਸੇ ਦੀ ਮਦਦ! ਮੈਨੂੰ ਨਹੀਂ ਪਤਾ ਸੀ ਤੁਸੀਂ ਰੁਪਏ-ਪੈਸੇ ਨੂੰ ਏਨੀ ਅਹਿਮੀਅਤ (ਮਹੱਤਵ) ਦੇਂਦੇ ਓ? ਕੀ ਰੁਪਏ-ਪੈਸੇ ਨਾਲ ਹਰ ਚੀਜ ਦੀ ਕਮੀ ਪੂਰੀ ਹੋ ਜਾਏਗੀ?”
“ਮੈਨੂੰ ਦੁਨੀਆਂ ਦਾਰੀ ਤੋਂ ਨਫ਼ਰਤ ਐ। ਇਹ ਸ਼ਾਦੀ ਸਿਰਫ ਦੁਨੀਆਂ ਨੂੰ ਦਿਖਾਉਣ ਖਾਤਰ ਕਰਨਾਂ, ਆਪਣੀ ਜਮੀਰ ਨਾਲ ਗੱਦਾਰੀ ਹੋਏਗੀ। ਮੈਂ ਉਸ ਕੁੜੀ ਨਾਲ ਲੰਮਾ ਸਫ਼ਰ ਨਹੀਂ ਕਰ ਸਕਦਾ।”
“ਜ਼ਿਆਦਾ ਡਰਾਮਾਈ ਬਣਨ ਦੀ ਜ਼ਰੂਰਤ ਨਹੀਂ, ਮੈਂ ਸਭ ਸਮਝਦੀ ਹਾਂ¸ ਜੇ ਤੈਨੂੰ ਉਸ ਨਾਲ ਏਨਾ ਪਿਆਰ ਨਹੀਂ ਸੀ ਤਾਂ ਮੇਰੀਆਂ ਸਾੜ੍ਹੀਆਂ ਕਿਉਂ ਦਿੱਤੀਆਂ ਸਨ ਉਸਨੂੰ?”
“ਸਿਰਫ ਇਸ ਲਈ ਕਿ ਉਹ ਮੈਨੂੰ ਪਸੰਦ ਨਹੀਂ ਸਨ...ਏਸੇ ਲਈ ਸੁੱਟ ਦਿੱਤੀਆਂ ਬੱਸ,” ਮਾਜਿਦ ਨੇ ਮਰੀ ਜਿਹੀ ਆਵਾਜ਼ ਵਿਚ ਕਿਹਾ, “ਆਬਿਦਾ, ਕੀ ਮੈਂ ਵਾਕਈ ਗੁਨਾਹ ਕੀਤਾ ਹੈ? ਕੀ ਇਸ ਤੋਂ ਪਹਿਲਾਂ ਕਦੀ ਕਿਸੇ ਨੇ ਇਹ ਮੂਰਖਤਾ ਨਹੀਂ ਕੀਤੀ? ਮੈਂ ਤੈਨੂੰ ਕਿੰਨੀ ਵਾਰੀ ਦੱਸ ਚੁੱਕਿਆਂ ਬਈ ਮੈਂ ਬੜਾ ਪ੍ਰੇਸ਼ਾਨ ਸਾਂ। ਮੈਂ ਤੈਨੂੰ ਖ਼ਤ ਲਿਖੇ, ਤਾਰਾਂ ਕੀਤੀਆਂ, ਤੂੰ ਨਹੀਂ ਆਈ। ਮੈਂ ਸਾਫ-ਸਾਫ ਲਿਖਿਆ ਕਿ ਮੈਨੂੰ ਤੇਰੀ ਜ਼ਰੂਰਤ ਹੈ¸ ਮੇਰੇ ਖ਼ਤ ਚੁੱਕ ਕੇ ਦੇਖ। ਇਥੋਂ ਤਕ ਲਿਖਿਆ ਕਿ ਮੇਰੀ ਜਾਨ ਤੇ ਇਮਾਨ 'ਤੇ ਬਣੀ ਹੋਈ ਹੈ¸ ਖ਼ੁਦਾਰਾ ਮੇਰੀ ਮਦਦ ਕਰ, ਮੈਨੂੰ ਬਚਾਅ ਲੈ!”
“ਅੰਮੀ ਜਾਨ ਨੂੰ ਛੱਡ ਕੇ ਕਿੰਜ ਆ ਜਾਂਦੀ!...ਤੇ ਉਪਰੋਂ ਬਜੀਆ ਦਾ ਜਾਪਾ...!”
“ਤੇ ਜੇ ਉਸ ਦੌਰਾਨ ਮੈਂ ਮਰ ਜਾਂਦਾ, ਫੇਰ ਤੂੰ ਨਾ ਆਉਂਦੀ? ਸੱਸ ਤੇ ਭੈਣ ਦੇ ਸਾਹਮਣੇ ਮੇਰੀ ਕੀ ਹੈਸੀਅਤ ਸੀ!”
“ਖ਼ੁਦਾ ਨਾ ਕਰੇ ਜੇ ਤੁਸੀਂ ਬਿਮਾਰ ਵੀ ਹੁੰਦੇ ਤਾਂ...”
“ਤਾਂ ਕੀ ਮੈਂ ਬਿਮਾਰ ਨਹੀਂ ਸਾਂ?”
“ਇਹ ਕੋਈ ਬਿਮਾਰੀ ਨਹੀਂ ਹੁੰਦੀ,” ਆਬਿਦਾ ਕੱਚੀ ਜਿਹੀ ਹੁੰਦੀ ਬੋਲੀ।
“ਜਾਨੇ-ਮਨ, ਇਹ ਦੁਨੀਆਂ ਦੀ ਸਭ ਤੋਂ ਭਿਆਨਕ ਬਿਮਾਰੀ ਹੈ¸ ਇਹਨੇ ਵੱਡੇ-ਵੱਡੇ ਮਾਹਾਂਪੁਰਸ਼ਾਂ ਦੇ ਛੱਕੇ-ਛੁਡਾਅ ਦਿੱਤੇ ਨੇ।”
“ਉਫ਼, ਮੇਰੀ ਅਕਲ 'ਚ ਕੁਝ ਨਹੀਂ ਆ ਰਿਹਾ¸ ਤੁਸੀਂ ਆਪਣੀ ਹੀ ਵਕਾਲਤ ਛਾਂਟੀ ਜਾ ਰਹੇ ਓ।”
“ਆਬਿਦਾ, ਮੈਂ ਤੈਥੋਂ ਕਤਈ ਉਮੀਦ ਨਹੀਂ ਕਰ ਰਿਹਾ ਕਿ ਤੂੰ ਮੈਨੂੰ ਮੁਆਫ਼ ਕਰ ਦੇ ਜਾਂ ਗਲ਼ੇ ਲਾ ਲੈ। ਹਾਲਾਂਕਿ ਖ਼ੁਦਾ ਗਵਾਹ ਹੈ, ਜੇ ਇੰਜ ਹੁੰਦਾ ਏ ਤਾਂ ਇਸ ਚਮਤਕਾਰ ਉੱਤੇ ਮੈਂ ਆਪਣੀ ਬਾਕੀ ਦੀ ਜ਼ਿੰਦਗੀ ਨਿਛਾਵਰ ਕਰਨ ਲਈ ਤਿਆਰ ਆਂ। ਮੈਂ ਜਾਣਦਾਂ, ਤੇਰੇ ਦਿਲ ਵਿਚ ਹੁਣ ਮੈਨੂੰ, ਉਹ ਜਗ੍ਹਾ ਨਹੀਂ ਮਿਲ ਸਕਦੀ ਜਿਹੜੀ ਮੈਂ ਗੰਵਾਅ ਦਿੱਤੀ ਏ, ਪਰ ਮੈਂ ਫੇਰ ਵੀ ਤੈਨੂੰ ਬੇਨਤੀ ਕਰਾਂਗਾ ਕਿ ਇਕ ਵਾਰੀ ਉਸਨੂੰ ਮਿਲ ਆ¸ ਫੇਰ ਕੋਈ ਫ਼ੈਸਲਾ ਕਰੀਂ। ਜੇ ਫੇਰ ਵੀ ਤੂੰ ਆਪਣੇ ਇਸ ਫ਼ੈਸਲੇ ਉੱਪਰ ਕਾਇਮ ਰਹੀ ਤਾਂ ਤੂੰ ਜੋ ਕਹੇਂਗੀ, ਉਹੀ ਹੋਏਗਾ।”
“ਜਾਣਦੀ ਹਾਂ ਤੁਹਾਥੋਂ ਨਹੀਂ ਜਿੱਤ ਸਕਦੀ। ਮੈਨੂੰ ਆਪਣੇ ਅਸੂਲ ਹੀ ਬਦਲਣੇ ਪੈਣਗੇ। ਤੁਸੀਂ ਇਕ ਸ਼ਾਦੀ ਹੋਰ ਵੀ ਕਰ ਸਕਦੇ ਹੋ, ਮੇਰੀ ਇਜਾਜ਼ਤ ਹੈ।”
“ਮੈਨੂੰ ਤੇਰੀ ਇਜਾਜ਼ਤ ਤੋਂ ਬਿਨਾਂ ਵੀ ਅਜੇ ਤਿੰਨ ਸ਼ਾਦੀਆਂ ਹੋਰ ਕਰਵਾਉਣ ਦਾ ਹੱਕ ਪ੍ਰਾਪਤ ਹੈ, ਪਰ ਸ਼ਾਦੀ ਇਕ ਮੁਕੱਦਸ ਅਹਿਦ (ਪਵਿੱਤਰ-ਪ੍ਰਤੀਗਿਆ) ਹੁੰਦੀ ਏ ਤੇ ਹਰੇਕ ਐਰ-ਗ਼ੈਰ ਨਾਲ ਨਹੀਂ ਕਰ ਲਈ ਜਾਂਦੀ, ਤੇ ਨਾ ਹੀ ਵਾਰੀ-ਵਾਰੀ ਕੀਤੀ ਜਾਂਦੀ ਏ।”
“ਹਰੇਕ ਐਰ-ਗ਼ੈਰ ਨਾਲ ਪਿਆਰ ਕੀਤਾ ਜਾ ਸਕਦਾ ਏ?”
“ਜੇ ਕੋਈ ਨਾਲੀ ਵਿਚ ਡਿੱਗ ਪਏ ਤਾਂ ਇਸਦਾ ਇਹ ਅਰਥ ਤਾਂ ਨਹੀਂ ਕਿ ਉਸਨੂੰ ਗੰਦਗੀ ਨਾਲ ਪਿਆਰ ਹੋ ਗਿਆ...! ਤਨ ਦਾ ਮਿਲਨ ਜੇ ਉਸ ਵਿਚ ਰੂਹ ਦਾ ਸਾਥ ਨਾ ਹੋਏ, ਪਿਆਰ ਨਹੀਂ ਕਹਾਉਂਦਾ।...ਵਾਸਨਾ ਤੇ ਪਿਆਰ ਵਿਚ ਬੜਾ ਅੰਤਰ ਹੁੰਦੈ, ਆਬਿਦਾ।”
“ਉਫ਼ ਖ਼ੁਦਾ!” ਆਬਿਦਾ ਨੇ ਦੋਹਾਂ ਹੱਥਾਂ ਨਾਲ ਸਿਰ ਫੜ੍ਹ ਲਿਆ। ਉਹ ਖ਼ੁਦ ਵੀ ਹੈਰਾਨ ਸੀ ਕਿ ਉਹ ਕਿੰਜ ਸਹਿਜ ਨਾਲ ਜ਼ਿੰਦਗੀ ਦੀ ਸਭ ਤੋਂ ਭਿਆਨਕ ਦੁਰਘਟਨਾ ਬਾਰੇ ਗੱਲਬਾਤ ਕਰ ਰਹੀ ਸੀ! ਉਸਦਾ ਦਿਲ ਹਰੇਕ ਜਜ਼ਬੇ ਤੋਂ ਖ਼ਾਲੀ ਸੀ।
“ਹੁਣ ਮੈਂ ਜ਼ਿੰਦਗੀ ਦੀ ਭੀਖ ਵੀ ਨਹੀਂ ਮੰਗਾਂਗਾ, ਤੈਥੋਂ। ”...ਜੇ ਉਹ ਮਰਦਾਂ ਵਾਲੀ ਜਬਰਦਸਤੀ 'ਤੇ ਉਤਰ ਆਉਂਦਾ ਤਾਂ ਆਬਿਦਾ ਕੀ ਕਰ ਲੈਂਦੀ? “ਮੈਂ ਕਹਿ ਚੁੱਕਿਆਂ, ਉਹ ਕੁੜੀ ਅੰਦਰੋਂ ਬਿਲਕੁਲ ਖੋਖ਼ਲੀ ਹੈ।”
“ਉਹਦਾ ਤਨ ਤਾਂ ਖੋਖ਼ਲਾ ਨਹੀਂ,” ਆਬਿਦਾ ਨੇ ਮਿਹਣਾ ਮਾਰਿਆ।
“ਤਨ ਵੀ¸ ਜੋ ਮੇਰੇ ਲਈ ਏਨੇ ਅਜ਼ਾਬ (ਦੁੱਖ) ਲਿਆਇਆ ਕਿ ਮੈਨੂੰ ਉਸ ਤੋਂ ਘਿਣ ਆਉਣ ਲੱਗ ਪਈ। ਆਬਿਦਾ ਮੈਂ ਕਈ ਵਾਰੀ ਸੋਚਿਆ, ਤੇਰੇ ਆਉਣ ਤੋਂ ਪਹਿਲਾਂ ਹੀ ਛੁਟਕਾਰਾ ਪਾ ਲਵਾਂ। ਤੇਰੇ ਨਾਲ ਕਿੰਜ ਅੱਖਾਂ ਮਿਲਾਵਾਂਗਾ? ਪਰ ਤੇਰਾ ਫ਼ੈਸਲਾ ਸੁਣੇ ਬਗ਼ੈਰ ਮੈਂ ਮਰ ਵੀ ਤਾਂ ਨਹੀਂ ਸਕਦਾ।”
“ਬਸ¸ ਉਹੀ ਛੋਹਰ-ਛੰਡਿਆਂ ਵਾਲੀਆਂ ਧਮਕੀਆਂ। ਕਦੀ ਅੰਮੀ ਜਾਨ ਦੇ ਬੁੱਢਾਪੇ ਦਾ ਖ਼ਿਆਲ ਕੀਤਾ ਏ! ਉਹਨਾਂ ਨੂੰ ਤਾਂ ਚੈਨ ਨਾਲ ਮਰ ਜਾਣ ਦਿਓ। ਇਕਲੌਤੇ ਬੇਟੇ ਦਾ ਗ਼ਮ ਉਹਨਾਂ ਦੇ ਪੱਲੇ ਬੰਨ੍ਹ ਜਾਣਾ ਸਭ ਤੋਂ ਵੱਡੀ ਬੁਜਦਿਲੀ ਹੋਏਗੀ।”
“ਨਾ ਛੱਡਿਆਂ ਸਰਦਾ ਏ, ਨਾ ਨਿਗਲਿਆਂ...।”
“ਜੇ ਬੱਚੇ ਦਾ ਖ਼ਿਆਲ ਏ, ਤਾਂ ਨਿਕਾਹ ਕਰਕੇ ਮਗਰੋਂ ਤਲਾਕ ਦੇ ਦੇਣਾ।”
“ਮੇਰੇ ਵਰਗੇ ਅਧੁਰੇ ਆਦਮੀ ਨੂੰ ਜੇ ਮੱਲੋਮਲੀ ਪੂਰਾ ਕਰ ਦਿੱਤਾ ਜਾਏ ਤਾਂ ਵੀ ਉਸ ਉੱਪਰ ਮਾਣ ਨਹੀਂ ਕੀਤਾ ਜਾ ਸਕਦਾ। ਅੱਵਲ ਤਾਂ ਉਹ ਪੈਦਾ ਹੋਣ ਤੋਂ ਪਹਿਲਾਂ ਹੀ ਯਤੀਮ ਹੋ ਜਾਏਗਾ, ਦੂਸਰੇ ਇਹ ਸ਼ਾਦੀ ਤੇ ਤਲਾਕ ਦਾ ਪਾਖੰਡ ਮੈਂ ਨਹੀਂ ਕਰ ਸਕਦਾ।”
ਉਸੇ ਡਬਲ-ਬੈੱਡ ਉੱਪਰ ਜਿੱਥੇ ਪਿਆਰ ਤੇ ਮੁਹੱਬਤ ਵਿਚ ਧੜਕਦੇ ਹੋਏ ਪਲ ਜੀਵਨ ਦੀ ਹਰੇਕ ਪ੍ਰਾਪਤੀ ਬਣ ਗਏ ਸਨ, ਉਹ ਗਈ ਰਾਤ ਤਕ ਕਿਤਾਬਾਂ ਪੜ੍ਹਦੇ ਰਹਿੰਦੇ, ਪਿਆਰ ਕਰਦੇ। ਫੇਰ ਦੁਨੀਆਂ-ਜਹਾਨ ਦੀਆਂ ਗੱਲਾਂ-ਬਹਿਸਾਂ¸ ਫੇਰ ਪਿਆਰ, ਫੇਰ ਗੱਲਾਂ ਬਾਤਾਂ। ਇਕ ਦੂਸਰੇ ਤੋਂ ਜੀਅ ਹੀ ਨਹੀਂ ਸੀ ਭਰਦਾ ਹੁੰਦਾ। ਕਦੀ ਸੱਖਨੀ ਗੋਦਾ ਦੀ ਕਸਕ ਵੀ ਮਹਿਸੂਸ ਨਹੀਂ ਸੀ ਹੋਈ ਕਦੀ।
ਅੱਜ ਉਸੇ ਪਲੰਘ ਉੱਤੇ ਬੈਠੇ ਦੋ ਅਜਨਬੀਆਂ ਨੇ ਸਵੇਰ ਕਰ ਦਿੱਤੀ।
ਮਿੱਟ-ਮੈਲਾ ਜਿਹਾ ਚਾਨਣ ਕਮਰੇ ਵਿਚ ਰਿਸਣ ਲੱਗਾ। ਰਸੋਈਏ ਦੀ ਕੋਠੜੀ ਵਿਚ ਬੱਚੇ ਦੀ 'ਰੀਂ-ਰੀਂ' ਸ਼ੁਰੂ ਹੋ ਗਈ। ਇਹਨਾਂ ਬਦਨਸੀਬ ਮੀਆਂ ਬੀਵੀ ਦੇ ਚਿਹਰੇ ਉੱਪਰ ਪਿੱਲਤਣ ਛਾਈ ਹੋਈ ਸੀ¸ ਇਹ ਸੁਹਾਗ ਰਾਤ ਦੀ ਸਵੇਰ ਨਹੀਂ, ਕਿਆਮਤ ਦੀ ਰਾਤ ਦੀ ਉਹ ਸਵੇਰ ਸੀ ਜਿਹੜੀ ਸੂਰਜ ਦੀ ਰੋਸ਼ਨੀ ਵਿਚ ਵੀ ਹਨੇਰ-ਘੁੱਪ ਹੀ ਰਹੇਗੀ। ਮਾਜਿਦ ਦੀਆਂ ਉਂਘਲਾਈਆਂ ਜਿਹੀਆਂ ਅੱਖਾਂ ਦੇ ਗਿਰਦ ਕਾਲੇ ਘੇਰੇ ਪੈ ਗਏ ਸਨ। ਐਸ਼-ਟਰੇ ਸਿਗਰੇਟ ਦੇ ਟੋਟਿਆਂ ਨਾਲ ਭਰੀ ਪਈ ਸੀ। ਦੋਹੇਂ ਥੱਕ ਕੇ ਚੂਰ ਹੋਏ, ਆਪਣੀ ਆਪਣੀ ਜਗ੍ਹਾ ਢਹਿ ਪਏ। ਮਾਜਿਦ ਦੀਆਂ ਪੁੜਪੁੜੀਆਂ ਉੱਪਰ ਝੁਲਸੀ ਹੋਈ ਚਾਂਦੀ ਦੇ ਤਾਰ ਝਿਲਮਿਲਾ ਰਹੇ ਸਨ। ਆਬਿਦਾ ਦਾ ਦਿਲ ਚਾਹਿਆ ਉਹ ਸਭ ਕੁਝ ਭੁੱਲ ਕੇ ਉਸਦੀ ਬਿਨਾਂ ਸ਼ੇਵ ਕੀਤੀ, ਨੀਲੀ ਖੁਰਦਰੀ ਠੋਡੀ ਉੱਪਰ ਆਪਣੇ ਪਿਆਸੇ ਹੋਂਠ ਰੱਖ ਦਏ ਤੇ ਜਨਮਾਂ-ਜਨਮਾਂ ਤੋਂ ਡੱਕੇ ਹੋਏ ਹੰਝੂਆਂ ਦਾ ਬੰਨ੍ਹ ਖੋਲ੍ਹ ਦਏ।
ਜਦੋਂ ਇਹ ਭਿਆਨਕ ਸੁਪਨਾ ਟੁੱਟੇਗਾ, ਉਹ ਨਵੀਂ ਸਵੇਰ ਹੋਏਗੀ।
ਨਾਲੀ ਦੇ ਚਿੱਕੜ ਤੋਂ ਚੱਪਲਾਂ ਬਚਾਉਂਦੀ, ਨੱਕ ਉਤੇ ਸਾੜ੍ਹੀ ਦਾ ਪੱਲਾ ਰੱਖੀ, ਉਹ ਤੁਰੀ ਜਾ ਰਹੀ ਸੀ। ਇਕ ਘਰ ਦੇ ਬੂਹੇ ਅੱਗੇ ਦਮੇਂ ਦੀ ਮਾਰੀ ਇਕ ਬੁੱਢੀ ਸਾਹਾਂ ਦੀ ਧੌਂਕਣੀ ਨਾਲ ਜੂਝ ਰਹੀ ਸੀ। ਢਾਬੇ ਵਾਲੇ ਦੇ ਰੇਡੀਓ ਨੇ 'ਖੜਕਾਟ' ਪਾਇਆ ਹੋਇਆ ਸੀ। ਨਾਲੀ ਕਿਨਾਰੇ ਕਈ ਨੰਗ-ਧੜੰਗ ਬੱਚੇ ਪੈਰਾਂ ਭਾਰ ਬੈਠੇ ਹੋਏ ਸਨ। ਇਕ ਬਿੱਲੀ ਦਾ ਬੱਚਾ ਇਕ ਕਾਗਜ਼ ਉੱਪਰ ਬੜੀ ਗੰਭੀਰਤਾ ਨਾਲ ਵਾਰੀ-ਵਾਰੀ ਹਮਲੇ ਕਰ ਰਿਹਾ ਸੀ। ਉਸਦੇ ਆਉਣ ਦੀ ਖ਼ਬਰ ਫ਼ੈਲ ਰਹੀ ਸੀ। ਲੋਕ ਬਾਲਕੋਨੀ ਵਿਚੋਂ ਝੁਕ-ਝੁਕ ਉਸਨੂੰ ਦੇਖ ਰਹੇ ਸਨ।
ਮੋਨਾ ਨੇ ਦਰਵਾਜ਼ਾ ਖੋਹਲਿਆ, ਅੱਖਾਂ ਸਿਕੋੜ ਕੇ ਉਸ ਵੱਲ ਦੇਖਿਆ ਤੇ ਦਰਵਾਜ਼ਾ ਖੁੱਲ੍ਹਾ ਛੱਡ ਕੇ ਅੰਦਰ ਚਲੀ ਗਈ। ਇਹੀ ਅੰਦਰ ਲੰਘ ਆਉਣ ਦੀ ਇਜਾਜ਼ਤ ਸੀ। ਉੱਚੀ ਜਿਹੀ ਬੇਆਰਾਮ ਕੁਰਸੀ ਉੱਤੇ ਬੈਠ ਕੇ ਆਬਿਦਾ ਸੋਚਣ ਲੱਗੀ, 'ਉਸਨੇ ਇੱਥੇ ਆਉਣ ਦੀ ਮੂਰਖਤਾ ਕਿਉਂ ਕੀਤੀ?...ਮਾਜਿਦ ਦੀਆਂ ਗੱਲਾਂ 'ਤੇ ਯਕੀਨ ਕਿਉਂ ਨਹੀਂ ਸੀ ਕੀਤਾ?'
ਮੋਨਾ ਸੁੰਦਰ ਸ਼ਕਲ ਸੂਰਤ ਤੇ ਭਰੇ-ਪੂਰੇ ਸ਼ਰੀਰ ਵਾਲੀ ਕੁੜੀ ਸੀ ਤੇ ਇਸ ਵੇਲੇ ਕੁਝ ਵਧੇਰੇ ਹੀ ਭਰੀ-ਭਰੀ ਲੱਗ ਰਹੀ ਸੀ। ਤੁਰਦੀ ਸੀ ਤਾਂ ਬੜੇ ਹੀ ਕੋਝੇ ਅੰਦਾਜ਼ ਵਿਚ ਮਟਕ-ਮਟਕ ਕੇ, ਜਿਵੇਂ ਦਿਖਾਉਣਾ ਚਾਹੁੰਦੀ ਹੋਏ ਕਿ ਜਿਸ ਸ਼ੈ ਲਈ ਉਹ ਦਸ ਸਾਲ ਡਾਕਟਰਾਂ ਦੇ ਤੁਰੀ ਫਿਰਦੀ ਰਹੀ, ਉਸਦੇ ਸਿਰ ਜਬਰਦਸਤੀ ਮੜ੍ਹ ਦਿੱਤੀ ਗਈ ਹੈ¸ ਤੇਰਾ ਅਜਾਬ ਮੈਨੂੰ ਭੋਗਨਾਂ ਪੈ ਰਿਹੈ...।
“ਤੂੰ¸ ਤੂੰ ਚਾਹੁੰਦੀ ਏਂ, ਉਹ ਸ਼ਾਦੀ ਕਰ ਲੈਣ?” ਆਬਿਦਾ ਦੀ ਜੁਬਾਨ ਤਾਲੂ ਨਾਲ ਚਿਪਕੀ ਜਾ ਰਹੀ ਸੀ। ਖੋਪੜੀ ਦੇ ਵਿਚਕਾਰਲੇ ਹਿੱਸੇ ਉੱਪਰ ਕੋਈ 'ਧੱਪ-ਧੱਪ' ਪੈਰ ਮਾਰ ਰਿਹਾ ਸੀ। ਪੁੜਪੁੜੀਆਂ ਦੀਆਂ ਨਸਾਂ ਤਣੀਆਂ ਹੋਈਆਂ ਸਨ...ਸਾਰੀ ਰਾਤ ਦੇ ਜਗਰਾਤੇ ਤੇ ਜਜ਼ਬਾਤੀ-ਤੂਫ਼ਾਨ ਨਾਲ ਜੁਝਦੇ ਰਹਿਣ ਤੋਂ ਬਾਅਦ ਉਸਨੂੰ ਇਸ ਮੈਦਾਨ ਵਿਚ ਨਹੀਂ ਸੀ ਉਤਰਨਾ ਚਾਹੀਦਾ।
“ਸ਼ਾਦੀ ਦਾ ਤੂੰ ਕਿਹੜਾ ਤਮਗਾ ਖੱਟਿਆ ਈ, ਜਿਹੜਾ ਮੈਨੂੰ ਮਿਲ ਜਾਏਗਾ?” ਉਸਨੇ ਸਿਗਰਟ ਸੁਲਗਾਈ,
ਸੂਟਾ ਖਿੱਚ ਕੇ ਪੂਰਾ ਮੂੰਹ ਭਰ ਲਿਆ ਤੇ ਫੇਰ ਹੌਲੀ-ਹੌਲੀ ਨੱਕ ਤੇ ਮੂੰਹ ਵਿਚੋਂ ਧੂੰਆਂ ਕੱਢਣ ਲੱਗ ਪਈ। ਮਰਦਾਂ ਦੀ ਸਿਗਰਟ ਦੀ ਖੁਸ਼ਬੂ ਆਬਿਦਾ ਨੂੰ ਬੜੀ ਭਲੀ ਲੱਗਦੀ ਸੀ, ਪਰ ਉਸਦੀ ਸਿਗਰਟ ਦੇ ਧੂੰਏਂ ਵਿਚ, ਸਾਹ-ਘੁਟਦਾ ਹੋਇਆ ਮਹਿਸੂਸ ਹੋਇਆ।
“ਹੋਰ ਕੀ ਚਾਹੁੰਦੀ ਏਂ ਤੂੰ?”
“ਇਸ ਮੁਸੀਬਤ ਦਾ ਹੱਲ ਪਤਾ ਕਰਨਾ ਚਾਹੁੰਦੀ ਆਂ।” ਉਸਨੇ ਸਿਗਰਟ ਭੋਇੰ ਉੱਤੇ ਸੁੱਟ ਕੇ ਮਸਲ ਦਿੱਤੀ, ਮੂੰਹ ਅੱਗੇ ਹੱਥ ਰੱਖ ਕੇ ਨੱਸੀ ਤੇ ਗੁਸਲਖਾਨੇ ਵਿਚ ਜਾ ਵੜੀ।
ਉਸਦੇ ਉਲਟੀ ਕਰਨ ਦੀਆਂ ਆਵਾਜ਼ਾਂ ਸੁਣ ਕੇ ਆਬਿਦਾ ਨੂੰ ਸਿਰ ਤੋਂ ਪੈਰਾਂ ਤੀਕ ਕਾਂਬਾ ਛਿੜ ਪਿਆ; ਜੇ ਇਹ ਆਵਾਜ਼ ਅੰਮੀ ਜਾਨ ਦੇ ਕੰਨਾਂ ਤਕ ਪਹੁੰਚ ਜਾਂਦੀ, ਫੇਰ?...ਇਕ ਵਾਰੀ ਉਸਨੂੰ ਬਦਹਜਮੀ ਕਾਰਨ ਉਂਜ ਹੀ ਸਵੇਰੇ-ਸਵੇਰੇ ਕੈ ਆ ਗਈ ਸੀ ਤਾਂ ਅੰਮੀ ਜਾਨ ਖਤਾਈਆਂ ਵੰਡਣ 'ਤੇ ਤੁਲ ਗਏ ਸਨ। ਮੋਨਾ ਗੁਸਲਖਾਨੇ ਵਿਚੋਂ ਅੱਖਾਂ ਪੂੰਝਦੀ ਹੋਈ ਬਾਹਰ ਨਿਕਲੀ ਤੇ ਨਿਢਾਲ ਜਿਹੀ ਹੋ ਕੇ ਆਰਾਮ ਕੁਰਸੀ ਉੱਤੇ ਬੈਠ ਗਈ। ਕੁਝ ਚਿਰ ਚੁੱਪ ਵਰਤੀ ਰਹੀ।
“ਜੇ ਇਸ ਮੁਸੀਬਤ ਤੋਂ ਪਿੱਛਾ ਹੀ ਛੁਡਾਉਣਾ ਚਾਹੁੰਦੀ ਏਂ, ਤਾਂ ਬੇਫਿਕਰ ਰਹਿ, ਇਸ ਦਾ ਇੰਤਜਾਮ ਵੀ ਹੋ ਜਾਏਗਾ।” ਮਾਜਿਦ ਦਾ ਬੱਚਾ, ਸਾਰੇ ਖਾਨਦਾਨ ਦਾ ਇਕਲੌਤਾ...ਉਹ ਖ਼ੁਦ ਪਾਲ ਲਏਗੀ!
“ਤੇ ਉਦੋਂ ਤਕ ਮੇਰੀ ਥਾਂ ਧੰਦਾ ਤੂੰ ਸੰਭਾਲੇਂਗੀ?” ਉਸਨੇ ਕਮੀਨਪੁਣੇ ਨਾਲ ਮੁਸਕਰਾ ਕੇ ਕਿਹਾ। ਆਬਿਦਾ ਲਹੂ ਦਾ ਘੁੱਟ ਪੀ ਕੇ ਰਹਿ ਗਈ¸ ਇਹ ਘੁੱਟ ਹੁਣ ਉਸਦੀ ਆਦਤ ਬਣਦੇ ਜਾ ਰਹੇ ਸਨ।
“ਹਾਂ,” ਉਸਨੇ ਮੁਸਕਰਾ ਕੇ ਕਿਹਾ, “ਤੈਨੂੰ ਰੁਪਈਆਂ ਤਕ ਮਤਲਬ ਹੈ, ਉਹ ਤੈਨੂੰ ਹਰ ਮਹੀਨੇ ਪਹੁੰਚ ਜਾਇਆ ਕਰਨਗੇ।”
ਕੁਝ ਚਿਰ ਉਹ ਆਬਿਦਾ ਵੱਲ ਰਹਿਮ ਭਰੀਆਂ ਨਿਗਾਹਾਂ ਨਾਲ ਤੱਕਦੀ ਰਹੀ।
“ਤੂੰ ਬਾਂਝ ਏਂ?” ਫੇਰ ਹੌਲੀ ਜਿਹੀ ਕਿਹਾ, “ਕਿੰਨੀ ਖੁਸ਼ਨਸੀਬ ਏਂ!”
“ਨਸੀਬ ਆਪਣੇ ਹੱਥ ਵਿਚ ਨਹੀਂ ਹੁੰਦੇ।”
“ਤੈਨੂੰ ਆਪਣੇ ਸ਼ੌਹਰ (ਪਤੀ) ਨਾਲ ਨਫ਼ਰਤ ਨਹੀਂ?”
“ਨਫ਼ਰਤ! ਨਫ਼ਰਤ ਕਰਨਾ ਵੀ ਆਪਣੇ ਵੱਸ ਦੀ ਗੱਲ ਨਹੀਂ ਹੁੰਦਾ।”
“ਤੇ ਮੇਰੇ ਨਾਲ...?”
“ਤੇਰੇ ਨਾਲ ਨਫ਼ਰਤ ਕਰਕੇ ਕੀ ਮਿਲੇਗਾ?”
“ਨਾ ਮਿਲੇ¸ ਪਰ ਜੇ ਤੂੰ ਮੇਰਾ ਮੀਆਂ ਖੋਹਿਆ ਹੁੰਦਾ, ਤਾਂ ਮੈਂ ਤੈਨੂੰ ਜਾਨੋਂ ਮਾਰ ਮੁਕਾਂਦੀ!”
ਆਬਿਦਾ ਦੇ ਜੀਅ 'ਚ ਆਇਆ, ਕਹਿ ਦੇਏ ਇਹ ਤੇਰਾ ਭਰਮ ਹੈ। ਪਰ ਉਹ ਟਲ ਗਈ¸ ਕੌਣ ਮੂੰਹ-ਫੱਟ ਦੇ ਮੂੰਹ ਲੱਗੇ।
“ਤੂੰ ਤੇ ਫਰਿਸ਼ਤਾ ਏਂ।” ਉਸ ਧੀਮੀ ਆਵਾਜ਼ ਵਿਚ ਕਿਹਾ, “ਮੈਨੂੰ ਅਜ ਕੱਲ ਜ਼ਰਾ ਜਿੰਨੀ ਗੱਲ 'ਤੇ ਗੁੱਸਾ ਆ ਜਾਂਦਾ ਏ। ਮੁਹੱਲੇ ਦੇ ਲੋਕ ਬੜੇ ਕਮੀਨੇ ਨੇ...ਮੇਰੀ ਲੈਂਡ-ਲੇਡੀ ਬੜੀ ਮੱਕਾਰ ਔਰਤ ਐ। ਇਕ ਮਹੀਨੇ ਦਾ ਕਿਰਾਇਆ ਨਾ ਮਿਲਿਆ ਤਾਂ ਮੈਨੂੰ ਸੜਕ ਉੱਤੇ ਸੁਟਵਾਅ ਦਏਗੀ। ਤੇਰੇ ਚਹੇਤੇ ਮੀਆਂ ਦੀ ਮਿਹਰਬਾਨੀ ਸਦਕਾ ਨੌਕਰੀ ਵੀ ਗਈ¸ ਉਹ ਮੈਨੂੰ ਟਈਪ ਤੇ ਸ਼ਾਰਟ ਹੈਂਡ ਸਿਖਾ ਰਿਹਾ ਸੀ। ਮੈਨੂੰ ਕੀ ਪਤਾ ਸੀ ਕਿ ਏਡਾ ਭੋਂਦੂ ਏ, ਮੈਨੂੰ ਮੁਸੀਬਤ ਵਿਚ ਪਾ ਦਏਗਾ।”
“ਜੇ ਤੈਨੂੰ ਪਸੰਦ ਹੋਏ ਤਾਂ ਮੈਂ ਤੇਰੇ ਰਹਿਣ ਦਾ ਇੰਤਜਾਮ ਕਰ ਦੇਨੀ ਆਂ। ਪੂਨੇ ਮੇਰੀ ਇਕ ਸਹੇਲੀ ਰਹਿੰਦੀ ਏ।” ਆਬਿਦਾ ਨੇ ਗੱਲਬਾਤ ਦਾ ਵਿਸ਼ਾ ਬਦਲਣ ਲਈ ਕਿਹਾ।
“ਤੇਰੀ ਸਹੇਲੀ ਮੈਨੂੰ ਰੱਖ ਲਏਗੀ?”
“ਜਰੂਰ ਰੱਖ ਲਏਗੀ, ਉਸਨੂੰ ਸਭ ਕੁਝ ਦੱਸਣ ਦੀ ਕੋਈ ਜ਼ਰੂਰਤ ਵੀ ਨਹੀਂ। ਵੈਸੇ ਅੱਜ ਕੱਲ ਉਹ ਵਿਲਾਇਤ ਗਈ ਹੋਈ ਏ। ਸਾਲ ਤੋਂ ਪਹਿਲਾਂ ਤਾਂ ਕੀ ਮੁੜੇਗੀ।”
“ਮੈਂ ਇਕੱਲੀ ਉੱਥੇ ਮਰ ਜਾਵਾਂਗੀ।”
“ਮੈਂ ਵੀ ਨਾਲ ਚੱਲਾਂਗੀ।”
“ਤੂੰ?”
“ਆਪਣਾ ਇਕ ਨੌਕਰ ਰੱਖ ਲਵਾਂਗੀਆਂ।”
“ਉਸਨੂੰ ਕਹਿ ਦਿਆਂਗੀ, ਮੈਂ ਤੇਰੀ ਭੈਣ ਆਂ।”
“ਕੀ ਹਰਜ਼ ਏ।”
“ਵਾਕਈ ਤੂੰ ਫਰਿਸ਼ਤਾ ਏਂ।” ਉਸਨੇ ਸ਼ਰਾਰਤ ਵੱਸ ਮੁਸਕਰਾ ਕੇ ਇੰਜ ਕਿਹਾ ਜਿਵੇਂ ਕਹਿ ਰਹੀ ਹੋਏ¸ 'ਤੂੰ ਨਿਰੀ ਊੱਲੁ ਦੀ ਪੱਠੀ ਏਂ।'
ਆਬਿਦਾ ਸਾਮਾਨ ਬੰਨ੍ਹ ਰਹੀ ਸੀ ਤੇ ਮਾਜਿਦ ਅੱਖਾਂ ਮੀਚੀ ਆਰਾਮ ਕੁਰਸੀ ਉੱਤੇ ਪਏ ਸਨ।
ਉਹ ਸਟੇਸ਼ਨ ਤਕ ਛੱਡਣ ਵੀ ਨਹੀਂ ਸਨ ਜਾ ਸਕਦੇ, ਕਿਉਂਕਿ ਉੱਥੇ ਮੋਨਾ ਵੀ ਹੋਣੀ ਸੀ। ਮੋਨਾ ਦਿਨੋ-ਦਿਨ ਵਧੇਰੇ ਬਦਤਮੀਜ਼ ਤੇ ਚਿੜਚਿੜੀ ਹੁੰਦੀ ਜਾ ਰਹੀ ਸੀ। ਉਸਨੂੰ ਕਿਸੇ ਇਕਾਂਤ ਕੋਨੇ ਵਿਚ ਬੱਚਾ ਪੈਦਾ ਕਰਨ ਦਾ ਬਿਲਕੁਲ ਵੀ ਆਨੰਦ ਨਹੀਂ ਸੀ ਆ ਰਿਹਾ। ਆਬਿਦਾ ਬੱਚੇ ਲਈ ਨਿੱਕੀਆਂ-ਨਿੱਕੀਆਂ ਫਰਾਕਾਂ ਤੇ ਨੇਪਕਿਨ ਸਿਉਂਦੀ ਰਹਿੰਦੀ। ਮੋਨਾ ਕਦੀ-ਕਦੀ ਉਸਦੇ ਇਹਨਾਂ ਰੁਝੇਵਿਆਂ ਉੱਪਰ ਖਿਝ ਜਾਂਦੀ ਤੇ ਅੰਗਿਆਰ ਉਗਲਣ ਲੱਗਦੀ...:
“ਮਰ ਜਾਏ ਤਾਂ ਚੰਗਾ ਹੋਏ।”
ਆਬਿਦਾ ਸਿਰ ਤੋਂ ਪੈਰਾਂ ਤੀਕ ਕੰਬਣ ਲੱਗਦੀ ਜਿਵੇਂ, ਉਸਦੇ ਆਪਣੇ ਬੱਚੇ ਨੂੰ ਕੋਈ ਕਾਲੀ ਜੀਭ ਵਾਲੀ ਗਾਲ੍ਹਾਂ ਕੱਢ ਰਹੀ ਹੋਏ।
“ਤੈਨੂੰ ਅਜਿਹੇ ਹਰਾਮੀ ਨਾਲ ਮੁਹੱਬਤ ਐ? ਦਿਲ ਨਹੀਂ ਮੱਚਦਾ ਤੇਰਾ? ਛੱਡ ਕਿਉਂ ਨਹੀਂ ਦਿੰਦੀ ਉਸ ਲੱਚੇ ਨੂੰ...”' ਉਹ ਮਾਜਿਦ ਨੂੰ ਜਾਪੇ ਤੋਂ ਪਹਿਲਾਂ ਦੀਆਂ ਸਾਰੀਆਂ ਤਕਲੀਫ਼ਾਂ ਦਾ ਜ਼ਿੰਮੇਵਾਰ ਠਹਿਰਾਉਂਦੀ, “ਮੈਂ ਕਿਹਾ ਅਜੇ ਤਾਂ ਤੂੰ ਜਵਾਨ ਏਂ। ਕਸਮ ਨਾਲ ਚੰਗੇ ਤੋਂ ਚੰਗਾ ਬੰਦਾ ਟੱਕਰ ਜਾਏਗਾ। ਕੀ ਤੂੰ ਕਦੀ ਕਿਸੇ ਨੂੰ ਪਿਆਰ ਕੀਤਾ ਈ? ਮੇਰਾ ਮਤਲਬ ਏ ਉਸਦੇ ਇਲਾਵਾ...” ਤੇ ਫੇਰ ਉਹ ਨੌਹਾਂ ਨਾਲ ਆਪਣਾ ਨਕਾਰਾ ਹੋਇਆ ਢਿੱਡ ਖੁਰਕਣ ਲੱਗ ਪੈਂਦੀ।
“ਜੇਤੂਨ ਦਾ ਤੇਲ ਪਿਆ ਏ, ਤੂੰ ਲਾਉਂਦੀ ਈ ਨਹੀਂ; ਖੁਰਕ ਘੱਟ ਹੋ ਜਾਏਗੀ...” ਉਹ ਬੜੀ ਹਮਦਰਦੀ ਨਾਲ ਕਹਿੰਦੀ ਪਰ ਮੋਨਾ ਭਖ਼ ਜਾਂਦੀ ਤੇ ਗੰਦੀਆਂ-ਗੰਦੀਆਂ ਗਾਲ੍ਹਾਂ 'ਤੇ ਉਤਰ ਆਉਂਦੀ...:
“ਆਪਣੀ... 'ਤੇ ਲਾ ਲੈ।” ਫੇਰ ਉਹ ਰੋਣ ਲੱਗ ਪੈਂਦੀ ਤੇ ਸਾਰੀ ਦੁਨੀਆਂ ਨੂੰ ਗਾਲ੍ਹਾਂ ਨਾਲ ਭਰ ਦੇਂਦੀ। ਆਬਿਦਾ ਚੁੱਪਚਾਪ ਬੱਚੇ ਦਾ ਸਵੈਟਰ ਬੁਣਦੀ ਰਹਿੰਦੀ।
“ਮੈਂ ਗਲ਼ਾ ਘੁੱਟ ਦਿਆਂਗੀ ਕੁੱਤੇ ਦੇ ਬੱਚੇ ਦਾ,” ਕਦੀ-ਕਦੀ ਉਹ ਧਮਕੀਆਂ ਦੇਣ ਲੱਗਦੀ¸ “ਮੈਂ ਆਪਣਾ ਬੱਚਾ ਤੈਨੂੰ ਨਹੀਂ ਦਿਆਂਗੀ। ਆਪਣੇ ਵਰਗਾ ਬਣਾਅ ਦਏਂਗੀ।...ਤੇ ਜੇ ਮੋਇਆ ਪਿਓ 'ਤੇ ਗਿਆ ਤਾਂ ਜ਼ਮਾਨੇ ਭਰ ਦੀਆਂ ਕੁੜੀਆਂ ਨੂੰ ਫਾਹੁੰਦਾ ਫਿਰੇਗਾ। ਤੂੰ ਈ ਏਂ ਜਿਹੜੀ ਬਦਮਾਸ਼ ਨੂੰ ਝੱਲਦੀ ਪਈ ਏਂ। ਮੇਰੀ ਗੱਲ ਹੋਰ ਏ¸ ਤੂੰ ਸਇਦਾਨੀ ਏਂ, ਪਵਿੱਤਰ ਔਰਤ ਏਂ, ਗ਼ੈਰ ਦਾ ਜੂਠਾ ਨਹੀਂ ਖਾਂਦੀ...ਤੈਨੂੰ ਘਿਣ ਨਹੀਂ ਆਉਂਦੀ?”
ਉਹ ਸੱਪਾਂ-ਠੂੰਹਿਆਂ ਦੇ ਗੁੱਛੇ ਉਗਲੀ ਜਾਂਦੀ। ਆਬਿਦਾ ਗੂੰਗੇ-ਬੋਲਿਆਂ ਵਾਂਗ ਚੁੱਪਚਾਪ ਬੈਠੀ ਰਹਿੰਦੀ। ਇੰਜ ਲੱਗਦਾ, ਦਿਮਾਗ਼ ਨੂੰ ਖੂਨ ਪਹੁੰਚਣਾ ਬੰਦਾ ਹੋ ਗਿਆ ਹੈ। ਸਿਵਾਏ ਮਾਜਿਦ ਦੇ ਕੁਝ ਗੂੜ੍ਹੇ ਮਿੱਤਰਾਂ ਦੇ ਇਹ ਗੱਲ ਕੋਈ ਹੋਰ ਨਹੀਂ ਸੀ ਜਾਣਦਾ ਕਿ ਮੋਨਾ ਲਾਹੌਰ ਦੀ ਜੰਮ-ਪਲ ਸੀ। ਲਖ਼ਨਊ ਦੇ ਲਾਲ ਬਾਗ ਵਿਚ ਅੱਠਵੀਂ ਤਕ ਪੜ੍ਹੀ ਸੀ...ਫੇਰ ਬੰਬਈ ਦਾ ਸ਼ੌਕ ਇੱਥੇ ਉਡਾਅ ਲਿਆਇਆ। ਬਹਾਨੇ ਵਜੋਂ ਲਗਾਤਾਰ ਨਿੱਕੀਆਂ ਮੋਟੀਆਂ ਨੌਕਰੀਆਂ ਵੀ ਮਿਲਦੀਆਂ ਰਹੀਆਂ। ਕੰਬਖਤ ਕੁਝ ਵਧੇਰੇ ਹੀ ਬੇਵਕੂਫ਼ ਸੀ, ਵਰਨਾਂ ਸੱਠ ਰੁਪਏ ਦੇ ਕਮਰੇ ਵਿਚ ਰਹਿਣ ਦੀ ਬਜਾਏ ਤਾਜ਼ ਵਰਗੇ ਕਿਸੇ ਹੋਟਲ ਵਿਚ ਰਹਿ ਰਹੀ ਹੁੰਦੀ। ਚਿਹਰੇ ਤੋਂ ਕਤਈ ਹਰਾਫ਼ਾ (ਚਰਿੱਤਰਹੀਣ) ਨਹੀਂ ਸੀ ਲੱਗਦੀ। ਘਰ-ਬਾਰ ਵਿਚ ਕੋਈ ਦਿਲਚਸਪੀ ਨਹੀਂ ਸੀ, ਪਰ ਕੱਪੜਾ-ਲੱਤਾ ਚੰਗੇ ਤੋਂ ਚੰਗਾ ਪਾਉਂਦੀ ਤੇ ਵੱਡੇ-ਵੱਡੇ ਹੋਟਲਾਂ ਵਿਚ ਜਾਂਦੀ ਹੁੰਦੀ ਸੀ।
ਉਸ ਵੇਲੇ ਉਹ ਆਬਿਦਾ ਦੇ ਡਰੈਸਿੰਗ ਗਾਊਣ ਵਿਚ, ਵੱਡੀ ਡਬਲ-ਰੋਟੀ ਵਰਗੀ ਦਿਸ ਰਹੀ ਸੀ। ਇਹ ਗਾਊਣ ਆਬਿਦਾ ਦੇ ਮਾਮੂਜਾਨ ਪੈਰਿਸ ਤੋਂ ਲਿਆਏ ਸਨ। ਉਹ ਉਸ ਕਮੀਨੀ ਨੂੰ ਬਰਦਾਸ਼ਤ ਕਰ ਰਹੀ ਸੀ। ਇਕ ਵਾਰੀ ਬੱਚਾ ਗੋਦ ਲੈਣ ਵਾਲੇ ਕਾਗਜਾਂ ਉੱਪਰ ਦਸਖ਼ਤ ਕਰ ਦਏ, ਫੇਰ ਦੇਖਾਂਗੀ। ਉਹ ਵੀ ਤਾੜ ਗਈ ਜਾਪਦੀ ਸੀ, ਹਰ ਵੇਲੇ ਧਮਕੀਆਂ ਦੇਂਦੀ ਰਹਿੰਦੀ ਸੀ।
ਬੱਚਾ ਪੈਦਾ ਕਰਨ ਦੀਆਂ ਵਧੇਰੇ ਪੀੜਾਂ ਆਬਿਦਾ ਨੂੰ ਝੱਲਣੀਆਂ ਪਈਆਂ ਸਨ। ਮੁਰਦਾਰ ਗਾਲ੍ਹਾਂ ਕੱਢ-ਕੱਢ ਕੇ ਭੇਦ ਖੋਹਲੀ ਜਾ ਰਹੀ ਸੀ। ਆਬਿਦਾ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸਨੂੰ ਏਨੇ ਜ਼ੋਰ ਨਾਲ ਧੱਕਾ ਮਾਰਿਆ ਕਿ ਜੇ ਨਰਸ ਉਸਨੂੰ ਫੜ ਨਾ ਲੈਂਦੀ ਤਾਂ ਉਹ ਚਾਰੇ ਖਾਨੇ ਚਿੱਤ ਡਿੱਗੀ ਹੁੰਦੀ।
ਕੁੜੀ ਦੇ ਪੈਦਾ ਹੋ ਜਾਣ ਦੀ ਤਾਰ ਮਾਜਿਦ ਨੂੰ ਉਸਨੇ ਛੇੜਣ ਖਾਤਰ ਨਹੀਂ ਸੀ ਦਿੱਤੀ। ਦੁਰ-ਘਟਨਾਵਾਂ ਨੇ ਕੁਝ ਏਦਾਂ ਚਕਰਾਅ ਦਿੱਤਾ ਸੀ ਕਿ ਦਿਮਾਗ਼ ਸਿਲ-ਪੱਥਰ ਜਿਹਾ ਹੋ ਗਿਆ ਸੀ। ਕੁੜੀ ਬਿਲਕੁਲ ਆਪਣੇ ਦਾਦਕਿਆਂ ਉੱਪਰ ਗਈ ਸੀ। ਮਾਜਿਦ ਦੇ ਰਿਸ਼ਤੇ ਸਦਕਾ ਖ਼ੁਦ ਉਸਦਾ ਆਪਣਾ ਖੂਨ ਵੀ ਉਸਦੀਆਂ ਰਗਾਂ ਵਿਚ ਦੌੜ ਰਿਹਾ ਸੀ¸ ਏਨੀ ਓਪਰੀ ਨਹੀਂ ਸੀ ਲੱਗੀ। ਫੇਰ ਕੋਲ ਰਹੀ ਤਾਂ ਕੁਝ ਆਦਤਾਂ ਮੱਲੋ-ਮੱਲੀ ਉਸ ਵਰਗੀਆਂ ਹੋ ਜਾਣਗੀਆਂ। ਉਸਨੂੰ ਕੁੜੀ ਦਾ ਡਾਢਾ ਮੋਹ ਆਉਣ ਲੱਗ ਪਿਆ। ਲੋਕ ਕਹਿੰਦੇ ਨੇ¸ 'ਜੇ ਮਮਤਾ ਸੱਚੀ ਹੋਏ ਤਾਂ ਦੁੱਧ ਵੀ ਉਤਰ ਆਉਂਦਾ ਏ!'
ਉਹ ਘਰੋਂ ਯਖਨੀ (ਮਾਸ ਦਾ ਸੂਪ) ਤੇ ਦੇਸੀ ਘਿਓ ਲੈ ਕੇ ਆਈ ਤਾਂ ਹੱਕੀ-ਬੱਕੀ ਰਹਿ ਗਈ! ਮੋਨਾ ਕੁੜੀ ਨੂੰ ਦੁੱਧ ਚੁੰਘਾ ਰਹੀ ਸੀ!
“ਉਈ¸ ਦੰਦੀ ਵੱਢਦੀ ਏ!” ਉਹ ਰੋਣਹਾਕੀ ਜਿਹੀ ਹੋ ਕੇ ਹੱਸ ਪਈ। ਆਬਿਦਾ ਦੇ ਦਿਲ ਵਿਚ ਜਿਵੇਂ ਕਿਸੇ ਨੇ ਖੰਜਰ ਖੋਭ ਦਿੱਤਾ। ਬੱਸ ਦੋ ਦਿਨ ਹੋਰ, ਫੇਰ ਹਸਪਤਾਲ ਵਿਚੋਂ ਛੁੱਟੀ ਮਿਲ ਜਾਏਗੀ। ਉਸਨੇ ਚਾਹਿਆ ਕੁੜੀ ਨੂੰ ਪੰਘੂੜੇ ਵਿਚ ਲਿਟਾਅ ਦਏ।
“ਰਹਿਣ ਦੇ¸ ਨਰਸ ਨੂੰ ਆ ਜਾਣ ਦੇ...।”
“ਕੀ ਮੈਂ ਨਹੀਂ ਚੁੱਕ ਸਕਦੀ ਨਿਆਣੀ ਨੂੰ?”
“ਹਾਂ, ਤੂੰ ਤਾਂ ਸੈਂਕੜੇ ਨਿਆਣੇ ਜੰਮੇ ਹੋਏ ਨੇ...” ਬਿਨਾਂ ਗੱਲ ਤੋਂ ਹੀ ਮੋਨਾ ਉਸ ਨਾਲ ਉਲਝ ਪਈ ਸੀ।
“ਇਹਨਾਂ ਨਰਸਾਂ ਨੇ ਕਿਹੜੇ ਨਿਆਣੇ ਜੰਮੇ ਹੁੰਦੇ ਨੇ? ਇਹ ਵੀ ਤਾਂ ਨਿਆਣਿਆਂ ਨੂੰ ਸੰਭਾਲ ਦੀਆਂ ਨੇ।”
ਉਦੋਂ ਹੀ ਨਰਸ ਆ ਗਈ ਤੇ ਗੱਲ ਆਈ-ਗਈ ਹੋ ਗਈ।
“ਸਬਿਹਾ ਵੀ ਕੋਈ ਨਾਂ ਏਂ! ਕੈਥਰੀਨ¸ ਕੈਥੀ ਮੇਰੀ ਮਾਂ ਦਾ ਨਾਂ ਸੀ।”
ਆਬਿਦਾ ਨੂੰ ਕੈਥੀ ਉੱਪਰ ਬੜੀ ਘਿਣ ਆਈ। ਸ਼ਾਦੀ ਤੋਂ ਪਹਿਲਾਂ ਉਹ ਤੈਅ ਕਰ ਚੁੱਕੀ ਸੀ ਕਿ ਜੇ ਕੁੜੀ ਹੋਈ ਤਾਂ ਸਬਿਹਾ ਨਾਂ ਰੱਖੇਗੀ ਤੇ ਮੁੰਡਾ ਹੋਇਆ ਤਾਂ; ਖ਼ੈਰ।
ਪਰ ਜਦੋਂ ਮੋਨਾ ਨੇ ਸਾਫ ਇਨਕਾਰ ਕਰ ਦਿੱਤਾ ਕਿ ਉਹ ਆਪਣੀ ਬੱਚੀ ਕਿੰਜ ਛੱਡ ਸਕਦੀ ਹੈ, ਏਨੀ ਕੁ ਜਾਨ ਉਸ ਦੇ ਬਿਨਾਂ ਕਿੰਜ ਜੀਵੇਗੀ ਤਾਂ ਆਬਿਦਾ ਨੇ ਕਿਹਾ, “ਓਪਰਾ ਦੁੱਧ ਲਾ ਦਿੱਤਾ ਜਾਏਗਾ।”
“ਮਰ ਜਾਏਗੀ¸ ਓਪਰੇ ਦੁੱਧ 'ਤੇ ਤਾਂ।”
“ਮਰ ਕਿਉਂ ਜਾਏਗੀ, ਨਰਸ ਦੋ ਵੇਲੇ ਓਸਟਰ ਮਿਲਕ ਨਹੀਂ ਦੇਂਦੀ”
“ਉਹ ਤਾਂ ਅਜੇ ਦੁੱਧ ਘੱਟ ਏ, ਇਸ ਲਈ ਦੇਣਾ ਪੈਂਦਾ ਏ। ਡਾਕਟਰ ਨੇ ਗੋਲੀਆਂ ਲਿਖ ਕੇ ਦੇਣ ਲਈ ਕਿਹੈ।”
“ਦੁੱਧ ਛੁੱਡਾਣਾ ਏ ਤਾਂ ਗੋਲੀਆਂ...”
“ਕਿਉਂ, ਛੁਡਾਉਣਾ ਕਿਉਂ ਐਂ? ਮਾਂ ਦਾ ਦੁੱਧ ਬੱਚੇ ਲਈ ਬਹੁਤ ਚੰਗਾ ਹੁੰਦੈ।” ਉਹ ਆਬਿਦਾ ਤੋਂ ਅੱਖਾਂ ਚੁਰਾਅ ਰਹੀ ਸੀ। ਉਸ ਦਾ ਦਿਲ ਘਟਣ ਲੱਗਾ।
“ਤੂੰ ਇੰਜ ਘੂਰ-ਘੂਰ ਕਿਉਂ ਦੇਖ ਰਹੀ ਏਂ ਮੈਨੂੰ! ਠੀਕ ਈ ਤਾਂ ਕਹਿ ਰਹੀ ਆਂ।”
“ਪਰ ਤੂੰ¸ ਤੂੰ ਬੱਚੀ ਨੂੰ ਪਾਲੇਂਗੀ? ਪਰ ਤੂੰ ...”
“ਕੋਈ ਮਾਈ ਰੱਖ ਲਵਾਂਗੀ¸ ਆਇਆ ਵੀ ਜੇ ਸਸਤੀ ਮਿਲ ਗਈ ਤਾਂ...ਕੰਮ ਚੱਲ ਜਾਏਗਾ।”
“ਤਾਂ ਤੂੰ ਫ਼ੈਸਲਾ ਬਦਲ ਲਿਐ?”
“ਕਿਹੜਾ ਫ਼ੈਸਲਾ?”
“ਤੂੰ ਕਹਿੰਦੀ ਸੈਂ, ਤੂੰ ਇਸ ਮੁਸੀਬਤ ਤੋਂ ਖਹਿੜਾ ਛੁਡਾਉਣਾ ਚਾਹੁੰਦੀ ਏਂ?”
“ਉਦੋਂ ਚਾਹੁੰਦੀ ਸਾਂ, ਪਰ ਹੁਣ ਤਾਂ ਮੇਰੀ ਜਾਨ ਏ ਇਹ¸ ਮੇਰੀ ਗੁਡੀਆ, ਮੇਰੀ ਕੈਥੀ ਡਾਰਲਿੰਗ।”
ਉਹ 'ਚਟਾਚਟ' ਬੱਚੀ ਨੂੰ ਚੁੰਮਣ ਲੱਗ ਪਈ। ਫੇਰ ਕੁਸੈਲ-ਜਿਹੀ ਨਾਲ ਆਬਿਦਾ ਵੱਲ ਤੱਕਿਆ, ਪਰ ਸਹਿਮ ਗਈ, “ਤੂੰ ਮੇਰੀ ਬੱਚੀ ਖੋਹਣਾ ਚਾਹੁੰਦੀ ਏਂ? ਨਹੀਂ, ਮੈਂ ਨਹੀਂ ਦਿਆਂਗੀ¸ ਹਰਗਿਜ ਨਹੀਂ ਦਿਆਂਗੀ। ਇਸ ਦੇ ਸਿਵਾਏ ਮੇਰਾ ਕੌਣ ਏਂ! ਮੈਂ, ਮੈਂ ਮਰ ਜਾਵਾਂਗੀ! ਤੂੰ ਭਾਵੇਂ ਹਸਪਤਾਲ ਦਾ ਬਿੱਲ ਨਾ ਦੇਅ¸ ਮੈਂ ਮਿਹਨਤ ਮਜਦੂਰੀ ਕਰਕੇ ਇਕ ਇਕ ਪੈਸਾ ਖ਼ੁਦ ਲਾਹ ਦਿਆਂਗੀ। ਮੈਨੂੰ ਤੇਰੇ ਕੱਪੜੇ-ਲੀੜੇ ਦੀ ਵੀ ਕੋਈ ਲੋੜ ਨਹੀਂ। ਕੁਝ ਨਹੀਂ ਚਾਹੀਦਾ ਮੈਨੂੰ...” ਉਹ ਉੱਚੀ-ਉੱਚੀ ਰੋਣ ਲੱਗ ਪਈ।
“ਮੋਨਾ ਇਕ ਵਾਰੀ ਫੇਰ ਸੋਚ ਲੈ ਤੂੰ¸ ਤੂੰ ਏਸ ਵੇਲੇ ਜਜ਼ਬਾਤੀ ਹੋਈ-ਹੋਈ ਏਂ। ਆਪਣਾ ਨਹੀਂ ਤਾਂ ਬੱਚੀ ਦਾ ਖ਼ਿਆਲ ਕਰ¸ ਤੂੰ ਇਸਨੂੰ ਕਿਸ ਤਰ੍ਹਾਂ ਦੀ ਜ਼ਿੰਦਗੀ ਦੇ ਸਕਦੀ ਏਂ?”
“ਤੈਨੂੰ ਕੀ ਤੂੰ ਸਾਰੀ ਦੁਨੀਆਂ ਦਾ ਠੇਕਾ ਲਿਐ ਕੋਈ! ਮੈਂ ਜਾਣਦੀ ਆਂ, ਤੂੰ ਇਹ ਸਭ ਕੁਝ ਕਿਉਂ ਕਰ ਰਹੀ ਏਂ¸ ਤਾਂ ਕਿ ਤੇਰਾ ਜਮੀਰ ਤੈਨੂੰ ਲਾਹਨਤਾਂ ਨਾ ਪਾਏ। ਮੇਰੀ ਬੱਚੀ ਲਿਜਾ ਕੇ ਤੂੰ ਆਪਣੇ ਮੀਏਂ ਉੱਤੇ ਵੱਖਰਾ ਅਹਿਸਾਨ ਕਰੇਂਗੀ ਕਿ ਤੂੰ ਉਸਦੇ ਗੁਨਾਹ, ਆਪਣੇ ਸਿਰ ਲੈ ਲਏ ਨੇ। ਉਹ ਤੇਰੇ ਪੈਰ ਧੋ-ਧੋ ਕੇ ਪੀਏਗਾ; ਉੱਲੂ ਦਾ ਪੱਠਾ। ਤੈਨੂੰ ਨਹੀਂ ਦਿਆਂਗੀ...ਚਾਹੇ ਕਿਸੇ ਯਤੀਮਖਾਨੇ ਵਿਚ ਸੁੱਟ ਆਵਾਂ। ਹੂੰ...ਏਸੇ ਲਈ ਮਿੱਠੀਆਂ ਮਾਰੀਆਂ ਜਾ ਰਹੀਆਂ ਸਨ, ਕੱਪੜੇ ਬਣਵਾਏ ਜਾ ਰਹੇ ਸੀ¸ ਮੇਰੀ ਬੱਚੀ ਨਾਲ ਆਪਣੀ ਸੜੀ ਕੁੱਖ ਨੂੰ ਠੰਡਿਆਂ ਕਰਨਾ ਚਾਹੁੰਦੀ ਏਂ ਤੂੰ? ਵਰਨਾ ਹੋਰ ਕਿਹੜੀ ਔਰਤ ਹੈ, ਜਿਹੜੀ ਆਪਣੇ ਖਸਮ ਦੇ ਹਰਾਮੀ ਪਿੱਲਿਆਂ ਨੂੰ ਸਮੇਟਦੀ ਫਿਰਦੀ ਏ!”
ਆਬਿਦਾ ਨੂੰ ਇੰਜ ਲੱਗਿਆ ਜਿਵੇਂ ਉਸਦੇ ਫੇਫੜਿਆਂ ਦੀ ਖੱਲ ਸੁੱਕ ਕੇ ਆਪਸ ਵਿਚ ਚਿਪਕ ਗਈ ਹੈ। ਸਿਰ ਵੱਲ ਖ਼ੂਨ ਦਾ ਦੌਰਾ ਬੰਦ ਹੋ ਚੁੱਕਿਆ ਹੈ, ਤੇ ਕਿਸੇ ਵੀ ਪਲ ਉਹ ਸੁੱਕੀ ਲੱਕੜੀ ਵਾਂਗ ਭੜਭੜ ਕਰਕੇ ਬਲਣੀ ਸ਼ੁਰੂ ਹੋ ਜਾਏਗੀ। ਉਸਨੇ ਅੱਖਾਂ ਬੰਦ ਕਰ ਲਈਆਂ ਤੇ ਸਿਰ ਪਿਛਾਂਹ ਟਿਕਾਅ ਦਿੱਤਾ।
ਅਚਾਨਕ ਮੋਨਾ ਨੂੰ ਆਪਣੇ ਕਮੀਨੇਪਣ ਦਾ ਅਹਿਸਾਸ ਹੋਇਆ। ਉਹ ਭੁੜਕ ਕੇ ਉੱਠੀ ਤੇ ਆਬਿਦਾ ਦੇ ਪੈਰ ਫੜ੍ਹ ਲਏ…:
“ਸੌਰੀ ਦੀਦੀ¸ ਮੈਨੂੰ ਮੁਆਫ਼ ਕਰ ਦਿਓ¸ ਲੈ ਜਾਓ ਤੁਸੀਂ ਏਸ ਕੰਮਬਖ਼ਤ ਨੂੰ, ਮੈਂ ਬੜੀ ਕਮੀਨੀ ਆਂ। ਤੁਸੀਂ ਮੇਰੀ ਕਿੰਨੀ ਸੇਵਾ ਕੀਤੀ, ਤੇ ਮੈਂ...! ਮੈਨੂੰ, ਮੁਆਫ਼ ਕਰ ਦਿਓ...।”
ਆਬਿਦਾ ਦਾ ਦਿਲ ਕੀਤਾ ਨਾਮੁਰਾਦ ਨੂੰ ਛੱਡ ਕੇ ਉਸੇ ਸਮੇਂ ਉੱਥੋਂ ਚਲੀ ਜਾਏ। ਪਰ ਸਹਿ ਜਾਣਾ ਹੀ ਠੀਕ ਸਮਝਿਆ। ਸਮਝਾ-ਬੁਝਾਅ ਕੇ ਉਸਨੂੰ ਬਿਸਤਰੇ ਉੱਤੇ ਲਿਟਾਅ ਦਿੱਤਾ।
“ਤਾਂ ਤੂੰ ਫ਼ੈਸਲਾ ਕਰ ਲਿਆ ਏ?”
“ਕੀ?” ਮੋਨਾ ਨੇ ਮਰੀ ਜਿਹੀ ਆਵਾਜ਼ ਵਿਚ ਪੁੱਛਿਆ।
“ਬੱਚੀ ਬਾਰੇ...?”
“ਬੜੀ ਕਠੋਰ ਏਂ ਤੂੰ!” ਉਹ ਫੇਰ ਸਿਸਕਨ ਲੱਗ ਪਈ।
“ਕਿਉਂ ਹਲਕਾਨ ਹੋ ਰਹੀ ਏਂ¸ ਜੇ ਤੂੰ ਬੱਚੀ ਦੇਣੀ ਈ ਏਂ ਤਾਂ ਜਿੰਨੀ ਜਲਦੀ ਹੋ ਸਕੇ, ਵੱਖ ਕਰ ਦੇਅ¸ ਤਾਂ ਕਿ ਦੁੱਧ ਸੁੱਕਣ ਵਿਚ ਆਸਾਨੀ ਰਹੇ।...ਤੇ ਜੇ ਨਹੀਂ ਦੇਣੀ ਤਾਂ ਫੇਰ ਰੋਣ ਦੀ ਭਲਾ ਕੀ ਜ਼ਰਰੂਤ ਏ।”
“ਕੁਝ ਸਮਝ ਵਿਚ ਨਹੀਂ ਆਉਂਦਾ ਪਿਆ¸ ਦਿਲ ਨੂੰ ਚੀਰ ਪਏ ਪੈਂਦੇ ਨੇ। ਮੈਂ ਉਸਨੂੰ ਦੇਖ ਤਾਂ ਸਕਾਂਗੀ ਨਾ?”
“ਕਿਉਂ ਨਹੀਂ, ਜਦੋਂ ਤੇਰਾ ਦਿਲ ਚਾਹੇ।”
“ਉਹ ਮੈਨੂੰ ਕੀ ਕਿਹਾ ਕਰੇਗੀ? ਮੰਮੀ ਤਾਂ ਖ਼ੈਰ ਤੁਹਾਨੂੰ ਸਮਝੇਗੀ¸ ਫੇਰ ਮੈਨੂੰ? ਮੈਨੂੰ ਕੀ ਸਮਝੇਗੀ ਆਪਣੀ?”
“ਆਂਟੀ¸ ਜਾਂ¸ਜੋ ਤੂੰ...।” ਆਬਿਦਾ ਦੇ ਦਿਲ ਨੂੰ ਫੇਰ ਡੋਬ ਪੈਣ ਲੱਗ ਪਿਆ।”
“ਮੇਰੀ ਬੱਚੀ ਮੈਨੂੰ ਆਂਟੀ ਕਹੇਗੀ!” ਉਹ ਫੇਰ ਭੜਕ ਪਈ, “ਤੇ ਤੈਨੂੰ ਮੰਮੀ? ਤੇ ਉਹਨਾਂ ਨੂੰ ਕਹੇਗੀ...ਉਹਨਾਂ ਨੂੰ ਕਹੇਗੀ ਪਾਪ, ਹੈ-ਨਾ?”
ਆਬਿਦਾ ਨੇ ਤੈਅ ਕੀਤਾ ਹੋਇਆ ਸੀ ਕਿ ਬੱਚੀ ਉਸਨੂੰ ਅੰਮੀ, ਤੇ ਮਾਜਿਦ ਨੂੰ ਅੱਬਾ ਕਹੇਗੀ। ਉਸਨੂੰ ਮੰਮੀ-ਪਾਪਾ ਨਾਲ ਸਖ਼ਤ ਨਫ਼ਰਤ ਸੀ। ਪਰ ਉਸਨੇ ਇਸ ਜ਼ਹਿਰ ਦੀ ਪੁੜੀ ਨਾਲ ਉਲਝਣਾ ਠੀਕ ਨਾ ਸਮਝਿਆ।
ਦੋ ਦਿਨ ਹਸਪਤਾਲ ਵਿਚ ਸੂਲੀ 'ਤੇ ਕੱਟੇ। ਮੋਨਾ ਘੜੀ ਵਿਚ ਤੋਲਾ, ਘੜੀ ਵਿਚ ਮਾਸਾ ਹੋ ਜਾਂਦੀ। ਕਦੀ ਕਹਿੰਦੀ ਬੱਚੀ ਸੱਚਮੁੱਚ ਉਸਦੀ ਜਾਨ ਲਈ ਮੁਸੀਬਤ ਬਣ ਗਈ ਹੈ, ਕਦੀ ਯਕਦਮ ਉਸਦੀ ਜੁਦਾਈ ਵਿਚ ਖ਼ੁਦਕਸ਼ੀ ਕਰ ਲੈਣ ਦੀਆਂ ਧਮਕੀਆਂ ਦੇਣ ਲੱਗ ਪੈਂਦੀ¸ ਕਦੀ ਆਬਿਦਾ ਨੂੰ ਮਿਹਣੇ ਤੇ ਮਾਜਿਦ ਦੀਆਂ ਸੱਤ ਪੁਸ਼ਤਾਂ ਨੂੰ ਸਿਲਵਤਾਂ ਸੁਨਾਉਣ ਬੈਠ ਜਾਂਦੀ।
ਆਬਿਦਾ ਹਸਪਤਾਲ ਵਿਚ ਹੀ ਫ਼ੈਸਲਾ ਕਰ ਲੈਣਾ ਚਾਹੁੰਦੀ ਸੀ। ਉਸਦੀ ਸਹੇਲੀ ਯੂਰਪ ਤੋਂ ਵਾਪਸ ਆ ਰਹੀ ਸੀ¸ ਉਹ ਮੋਨਾ ਦਾ ਕਿੱਸਾ ਉਸ ਘਰ ਵਿਚ ਨਹੀਂ ਸੀ ਖਿਲਾਰਨਾ ਚਾਹੁੰਦੀ। ਅਖੀਰਲੇ ਦਿਨ ਉਹ ਪੱਕਾ ਇਰਾਦਾ ਕਰਕੇ ਹਸਪਤਾਲ ਪਹੁੰਚੀ ਕਿ ਅੱਜ ਗੱਲ ਏਧਰ ਜਾਂ ਉਧਰ ਕਰਕੇ ਹੀ ਰਹੇਗੀ।
ਪਰ, ਹਸਪਤਾਲ ਪਹੁੰਚ ਕੇ ਉਸਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ।
ਮੋਨਾ ਬੱਚੀ ਨੂੰ ਲੈ ਕੇ ਜਾ ਚੁੱਕੀ ਸੀ। ਉਹ ਆਪਣੀਆਂ ਚੂੜੀਆਂ ਤੇ ਲਾਕਟ ਗਰੰਟੀ ਵਜੋਂ ਦਫ਼ਤਰ ਵਿਚ ਛੱਡ ਕੇ ਬੱਚੀ ਨੂੰ ਨਾਲ ਲੈ ਕੇ ਟੈਕਸੀ ਵਿਚ ਚਲੀ ਗਈ ਸੀ। ਸਿਰਫ ਇਕ ਜੋੜਾ ਕੱਪੜੇ ਤੇ ਕੰਬਲ ਨਾਲ ਲੈ ਗਈ ਸੀ, ਬਾਕੀ ਸਭ ਕੁਝ ਉੱਥੇ ਹੀ ਛੱਡ ਗਈ ਸੀ।
ਆਬਿਦਾ ਨੇ ਬਿਨਾਂ ਕੁਝ ਕਹੇ-ਪੁੱਛੇ ਗਹਿਣੇ ਲੈ ਕੇ ਬਿੱਲ ਤਾਰ ਦਿੱਤਾ ਤੇ ਸਾਮਾਨ ਲੈ-ਕੇ ਵਾਪਸ ਪਰਤ ਆਈ।
ਜਦੋਂ ਉਹ ਘਰ ਪਹੁੰਚੀ, ਮਾਜਿਦ ਨੇ ਦਰਵਾਖ਼ਾ ਖੋਹਲਿਆ ਸੀ। ਉਸਨੂੰ ਖ਼ਾਲੀ ਹੱਥ ਦੇਖ ਕੇ ਉਹ ਕੁਝ ਵੀ ਨਹੀਂ ਸੀ ਸਮਝ ਸਕਿਆ। ਕਿਉਂਕਿ ਉਹ ਖੁਸ਼ ਨਜ਼ਰ ਆ ਰਹੀ ਸੀ, ਇਸ ਲਈ ਉਹ ਸਮਝਿਆ ਸ਼ਇਦ ਕੋਈ ਆਇਆ ਮਿਲ ਗਈ ਹੈ। ਆਬਿਦਾ ਇਕੋ ਸਾਹ ਬੋਲਦੀ ਜਾ ਰਹੀ ਸੀ...:
“ਹਾਏ ਕਿੰਨੀ ਸਵੀਟ ਏ...ਤੇ ਸ਼ਕਲ ਤਾਂ ਬੜੀ ਹੀ ਭੋਲੀ ਜਿਹੀ ਏ! ਅੱਖਾਂ ਮੈਨੂੰ ਤਾਂ ਸੁਰਮਈ ਲੱਗੀਆਂ, ਪਰ ਨਰਸ ਕਹਿ ਰਹੀ ਸੀ, ਪਹਿਲਾਂ-ਪਹਿਲਾਂ ਬੱਚਿਆਂ ਦੀਆਂ ਇਵੇਂ ਈ ਲੱਗਦੀਆਂ ਨੇ ...ਸ਼ਇਦ ਸ਼ਰਬਤੀ ਹੋ ਜਾਣ! ਵਾਲ ਵੀ ਤਾਂ ਭੂਰੇ ਨੇ...ਮੁਲਾਇਮ; ਰੇਸ਼ਮ ਵਰਗੇ¸ ਢਿੱਡ ਦੇ ਵਾਲ ਰੇਸ਼ਮ ਵਰਗੇ ਈ ਹੁੰਦੇ ਨੇ। ਅਕੀਕੇ (ਮੁੰਨਣ) ਪਿੱਛੋਂ ਜ਼ਰਾ ਸੰਘਣੇ ਹੋ ਜਾਣਗੇ। ਅਜੇ ਤਾਂ ਅੱਬਾ ਜਾਨ ਵਾਂਗਰ ਗੰਜੀ ਈ ਲੱਗਦੀ ਏ। ਪਰ ਡਾਕਟਰ ਕਹਿ ਰਹੀ ਸੀ...” ਅਚਾਨਕ ਉਹ ਚੁੱਪ ਹੋ ਗਈ।
ਮਾਜਿਦ ਪਹਿਲਾਂ ਤਾਂ ਉਸ ਦੀਆਂ ਬੱਚਿਆਂ ਵਰਗੀਆਂ ਗੱਲਾਂ ਸੁਣ ਕੇ ਮੁਸਕਰਾਂਦਾ ਰਿਹਾ, ਪਰ ਜਦੋਂ ਉਹ ਬੋਲਦੀ ਹੀ ਰਹੀ ਤਾਂ ਕੁਝ ਫਿੱਕਾ ਜਿਹਾ ਪੈ ਗਿਆ। ਉਹ ਉਸ ਬੱਚੀ ਬਾਰੇ ਇੰਜ ਦਸ ਰਹੀ ਸੀ ਜਿਵੇਂ ਉਹ ਉਸਦੀ ਭੈਣ ਜਾਂ ਭਾਂਜੀ ਦੀ ਔਲਾਦ ਹੋਵੇ¸ ਉਹ ਵਾਰੀ-ਵਾਰੀ ਮੁਸਕਰਾ ਰਹੀ ਸੀ ਤੇ ਕਈ ਵਾਰੀ ਤਾਂ ਠਹਾਕਾ ਮਾਰ ਕੇ ਹੱਸ ਵੀ ਪੈਂਦੀ ਸੀ। ਮਾਜਿਦ ਦੀ ਕੋਈ ਗੱਲ ਪੁੱਛਣ ਦੀ ਹਿੰਮਤ ਨਾ ਪਈ। ਉਹ ਪਲ-ਪਲ ਉਲਝਦਾ ਜਾ ਰਿਹਾ ਸੀ। ਉਹ ਗੁਡੀਆ ਲਈ ਜੋ-ਜੋ ਸਾਮਾਨ ਖਰੀਦ ਕੇ ਜਾਂ ਬਣਾਅ ਕੇ ਲੈ ਗਈ ਸੀ, ਸਾਰਾ ਜਿਵੇਂ ਦਾ ਤਿਵੇਂ ਵਾਪਸ ਲੈ ਆਈ ਸੀ¸ ਪਰ ਗੁਡੀਆ ਕਿੱਥੇ ਸੀ?
“ਤੇ ਪਿੰਕ ਰੰਗ ਤਾਂ ਬੜਾ ਈ ਖਿੜਦਾ ਏ। ਹਲਕਾ ਪਿੰਕ ਸਾਰਿਆਂ ਬੱਚਿਆਂ ਦੇ ਫੱਬ ਜਾਂਦਾ ਏ। ਪਰ ਇਹ ਲਾਲ, ਪੀਲੇ ਪੇਂਡੂ ਜਿਹੇ ਰੰਗ ਕੈਥੀ ਦੇ ਬਿਲਕੁਲ ਨਹੀਂ ਜਚਣੇ,” ਉਹ ਕੱਪੜਿਆਂ ਵਾਲਾ ਸੰਦੂਕ ਖੋਹਲ ਕੇ ਛੇਤੀ ਛੇਤੀ ਕੁਝ ਲੱਭਣ ਲੱਗ ਪਈ।
“ਕੈਥੀ?” ਮਾਜਿਦ ਨੇ ਮੂਰਖਾਂ ਵਾਂਗ ਪੁੱਛਿਆ। ਵੈਸੇ ਉਹ ਸੋਚ ਰਿਹਾ ਸੀ, ਆਬਿਦਾ ਕਿੰਨੀ ਥੱਕੀ-ਥੱਕੀ ਜਿਹੀ ਲੱਗ ਰਹੀ ਹੈ...
“ਹਾਂ! ਕਾਫੀ ਸਵੀਟ ਨਾਂ ਏਂ¸ ਕੈਥਰੀਨ! ਮੋਨਾ ਦੀ ਮਾਂ ਦਾ ਨਾਂ ਵੀ ਕੈਥਰੀਨ ਸੀ।”
ਮਾਜਿਦ ਚੁੱਪਚਾਪ ਖੜ੍ਹਾ ਕਾਲੀਨ ਦੀਆਂ ਫੁੱਲ-ਪੱਤੀਆਂ ਨੂੰ ਘੂਰ ਰਿਹਾ ਸੀ। ਆਬਿਦਾ ਦੇ ਸਾਹਾਂ ਦੀ ਗਤੀ ਖਾਸੀ ਤੇਜ਼ ਹੋਈ-ਹੋਈ ਸੀ। ਮਾਜਿਦ ਦਾ ਦਿਲ ਭਰ ਆਇਆ।
“ਸਬਿਹਾ ਵਾਕਈ ਬੜਾ ਪੁਰਾਣਾ ਨਾਂ ਏਂ,” ਉਹ ਹੌਂਕ ਰਹੀ ਸੀ, ਜਿਵੇਂ ਬੜੀ ਦੂਰੋਂ ਨੱਸ ਕੇ ਆਈ ਹੋਵੇ, “ਨਵੇਂ ਨਾਂ ਕਿੰਨੇ ਪਿਆਰੇ-ਪਿਆਰੇ ਹੁੰਦੇ ਨੇ¸”
ਉਹ ਸਿਸਕੀ, “ਕੈਥਰੀਨ ਕਿੰਨਾਂ ਪਿਆਰਾ ਨਾਂ ਏਂ! ਹੈ-ਨਾ?”
“ਮਾਮਲਾ ਕੀ ਏ?” ਮਾਜਿਦ ਨੇ ਅਤਿ ਧੀਮੀ ਆਵਾਜ਼ ਵਿਚ ਪੁੱਛਿਆ।
“ਬਈ, ਤੁਹਾਨੂੰ ਮੇਰੀ ਤਾਰ ਨਹੀਂ ਮਿਲੀ! ਪਿਆਰੀ-ਜਿਹੀ ਗੁਡੀਆ ਪੈਦਾ ਹੋਈ ਏ! ਮੇਰਾ ਖ਼ਤ ਵੀ ਨਹੀਂ ਮਿਲਿਆ?” ਫੇਰ ਉਹ ਸੂਟਕੇਸ ਦੀਆਂ ਤੈਹਾਂ ਵਿਚੋਂ ਕੋਈ ਅਤਿ ਮਹੱਤਵਪੂਰਨ ਚੀਜ਼ ਲੱਭਣ ਲੱਗ ਪਈ ਸੀ।
“ਮਿਲੇ ਸਨ ...” ਅਪਰਾਧ ਭਾਵਨਾ ਏਨੀ ਮਹਿਸੂਸ ਹੋ ਰਹੀ ਸੀ ਕਿ ਮਾਜਿਦ ਹੇਠਾਂ ਹੀ ਹੇਠਾਂ ਧਸਦੇ ਜਾ ਰਹੀ ਸਨ। “ਪਰ ਤੂੰ ਅਡਾਪਟੇਸ਼ਨ ਦੇ ਕਾਗਜ਼ ਨਹੀਂ ਭੇਜੇ¸ ਇਸ ਲਈ....।”
“ਮੈਂ ਇਰਾਦਾ ਬਦਲ ਦਿੱਤਾ ਏ!”
“ਓ-ਅ!”
“ਏਡੇ ਬੱਚੀ ਨੂੰ ਮਾਂ ਤੋਂ ਵੱਖ ਕਰਨਾ ਸਰਾਸਰ ਜੁਲਮ ਏਂ। ਮੈਂ ਏਨੀ ਖ਼ੁਦਗਰਜ਼ ਨਹੀਂ ਆਂ ਕਿ ਉਸਦੀ ਬੱਚੀ ਖੋਹ ਕੇ ਆਪਣੀ ਸੜੀ ਕੁੱਖ ਨੂੰ ਆਬਾਦ ਕਰ ਲਵਾਂ। ਉਸਨੂੰ ਮੇਰੀ ਕਿਸੇ ਵੀ ਚੀਜ ਦੀ ਜ਼ਰੂਰਤ ਨਹੀਂ। ਇਹ ਕੱਪੜੇ...ਸੂਟ ਵੀ ਨਹੀਂ ਕਰਦੇ, ਉਸ ਉੱਪਰ; ਉਸਦੇ ਤਾਂ ਗੁਲਾਬੀ ਰੰਗ ਫੱਬਦਾ ਐ।” ਆਬਿਦਾ ਜਿਵੇਂ ਉਂਘ ਜਿਹੀ ਰਹੀ ਸੀ...ਮਾਜਿਦ ਸਿਲ-ਪੱਥਰ ਹੋਇਆ¸ ਉਸ ਵੱਲ ਤੱਕਦਾ ਰਿਹਾ।
ਅਚਾਨਕ ਉਹ ਸੁੱਕੇ ਪੱਤੇ ਵਾਂਗ ਕੰਬੀ ਤੇ ਮੂਧੇ-ਮੂੰਹ ਖੁੱਲ੍ਹੇ ਹੋਏ ਸੂਟਕੇਸ ਉੱਪਰ ਜਾ ਡਿੱਗੀ।
ਆਬਿਦਾ ਦੀ ਬਿਮਾਰੀ ਦੀ ਖਬਰ ਸੁਣਦਿਆਂ ਹੀ ਦੁਨੀਆਂ ਭਰ ਦੇ ਰਿਸ਼ਤੇਦਾਰ ਇਕੱਠੇ ਹੋ ਗਏ। ਜਿਹੜਾ ਵੀ ਉਸਦੀ ਪੀਲੀ ਹਲਦੀ ਵਰਗੀ ਰੰਗਤ ਤੇ ਠੰਡੇ-ਯਖ਼ ਹੱਥ-ਪੈਰ ਦੇਖਦਾ, ਦੁੱਖ ਪਰਗਟ ਕਰਨ ਲੱਗਦਾ। 'ਹਾਏ ਏਨੇ ਦਿਨਾਂ ਦੀਆਂ ਮੰਨਤਾਂ-ਮਨੌਤਾਂ ਬਾਅਦ, ਬੂਰ ਆਇਆ ਤੇ ਝੜ ਗਿਆ।'
ਜਦੋਂ ਆਬਿਦਾ ਨੇ ਵੀ ਇਸ ਮਿਥਿਆ ਗੱਲ ਦਾ ਖੰਡਨ ਨਾ ਕੀਤਾ ਤਾਂ ਮਾਜਿਦ ਨੇ ਵੀ ਚੁੱਪ ਧਾਰੀ ਰੱਖੀ। ਜੇ ਲੋਕ ਸਮਝਦੇ ਨੇ ਕਿ ਗਰਭਪਾਤ ਹੋਇਆ ਹੈ ਤਾਂ ਉਹ ਕਿਉਂ ਇਸ ਸੁਖਦ ਧਾਰਨਾ ਦਾ ਖੰਡਨ ਕਰੇ? ਵੈਸੇ ਉਸਨੂੰ ਤਾਂ ਇੰਜ ਮਹਿਸੂਸ ਹੋ ਰਿਹਾ ਸੀ ਜਿਵੇਂ ਉਹ ਹੱਥੀਂ ਆਪਣੇ ਢਿੱਡੋਂ ਜਾਈ ਨੂੰ ਦਫ਼ਨ ਕਰਕੇ ਆਈ ਹੋਵੇ।
ਘਰ ਵਿਚ ਮਹਿਮਾਨਾ ਦੀ ਭੀੜ ਕਾਰਨ ਮੀਆਂ ਬੀਵੀ ਨੂੰ ਆਪਸ ਵਿਚ ਗੱਲ ਕਰਨ ਦਾ ਮੌਕਾ ਤਕ ਨਹੀਂ ਸੀ ਮਿਲਿਆ। ਵੈਸੇ ਮਾਜਿਦ ਕੁਝ ਨਿਸਚਿੰਤ ਜਿਹਾ ਹੋ ਗਿਆ ਸੀ¸ ਆਬਿਦਾ ਦੀ ਗੋਦ ਵਿਚ ਉਸਦੀ ਮੂਰਖਤਾ ਦਾ ਫਲ ਕਿੰਨਾ ਅਜੀਬ ਲੱਗਣਾ ਸੀ! ਹਰ ਵੇਲੇ ਗਲ਼ੇ ਵਿਚ ਰੱਸਾ ਜਿਹਾ ਪਿਆ ਰਹਿੰਦਾ ਮੋਨਾ ਨੇ ਕੁੜੀ ਨਾ ਦੇ ਕੇ ਉਸ ਉੱਤੇ ਬੜਾ ਵੱਡਾ ਅਹਿਸਾਨ ਕੀਤਾ ਸੀ।
ਮੋਨਾ ਦੀ ਚਿੱਠੀ ਦਫ਼ਤਰ ਦੇ ਪਤੇ ਉੱਤੇ ਦੇਖ ਕੇ ਉਹ ਹੋਰਾਂ ਪਤੀਆਂ ਵਾਂਗ ਹੀ ਤ੍ਰਭਕਿਆ। ਆਬਿਦਾ ਤੋਂ ਲਕੋਅ ਰੱਖਣ ਦਾ ਤਾਂ ਕੋਈ ਸਵਾਲ ਹੀ ਨਹੀਂ ਸੀ ਪੈਦਾ ਹੁੰਦਾ। ਵੈਸੇ ਮਹਿਮਾਨਾ ਸਾਹਮਣੇ ਤਾਂ ਉਹ ਵੀ ਬੜੀ ਪਿਆਰ ਕਰਨ ਵਾਲੀ ਬੀਵੀ ਦਿਖਾਈ ਦਿੰਦੀ ਸੀ ਪਰ ਇਕਾਂਤ ਵਿਚ ਉਸ ਨਾਲ ਗੱਲ ਕਰਨ ਦੇ ਖ਼ਿਆਲ ਤੋਂ ਹੀ ਮਾਜਿਦ ਨੂੰ ਧੁੜਧੁੜੀਆਂ ਆਉਣ ਲੱਗ ਪੈਂਦੀਆਂ ਸਨ। ਨਾਲੇ ਉਹ ਇਸ ਗੱਲ ਨੂੰ ਭੁੱਲਦੀ ਜਾ ਰਹੀ ਹੈ¸ ਫੇਰ ਜਖ਼ਮਾਂ ਨੂੰ ਕੁਰੇਦਨ ਦਾ ਭਲਾ ਕੀ ਫ਼ਾਇਦਾ? ਪਰ ਜਦੋਂ ਉਹ ਦਫ਼ਤਰੋਂ ਘਰ ਆਇਆ ਤਾਂ ਆਬਿਦਾ ਨਾਲ ਨਜ਼ਰਾਂ ਮਿਲਾਉਣ ਦੀ ਹਿੰਮਤ ਨਹੀਂ ਸੀ ਹੋ ਰਹੀ। ਉਸ ਨੇ ਬੜੀ ਸ਼ਾਨ ਤੇ ਲਾਪ੍ਰਵਾਹੀ ਨਾਲ ਉਸਦੀ ਸਿਹਤ ਦਾ ਹਾਲ ਪੁੱਛਿਆ। ਫੇਰ ਗਰਮੀ ਦੀ ਸ਼ਿਕਾਇਤ ਕਰਨ ਲੱਗਾ। ਪਰ ਉਸ ਦੇ ਪੈਰਾਂ ਵਿਚ ਸੂਈਆਂ ਜਿਹੀਆਂ ਚੁਭਣ ਲੱਗੀਆਂ ਜਦੋਂ ਉਸਨੇ ਉਸਨੂੰ ਟਿਕਟਿਕੀ ਲਾ ਕੇ ਆਪਣੇ ਵੱਲ ਦੇਖਦਿਆਂ ਵੇਖਿਆ।
“ਕੀ ਲਿਖਿਆ ਏ?” ਆਬਿਦਾ ਨੇ ਬੜੇ ਪਿਆਰ ਨਾਲ ਪੁੱਛਿਆ। ਕੁਝ ਚਿਰ ਲਈ ਉਹ ਬਰਫ਼ ਦੀ ਸਿਲ ਹੀ ਤਾਂ ਬਣ ਗਿਆ ਸੀ। 'ਤੈਨੂੰ ਕਿਵੇਂ ਪਤਾ ਲੱਗਿਆ, ਜਾਦੂਗਰਨੀਏਂ?' ਪਰ ਉਹ ਉਸੇ ਤਰ੍ਹਾਂ ਚੁੱਪ ਰਿਹਾ।
“ਠੀਕ ਠਾਕ ਤਾਂ ਹੈ ਨਾ?” ਉਸਨੂੰ ਜੇਬ ਟਟੋਲਦਿਆਂ ਦੇਖ ਕੇ ਉਹ ਬੋਲੀ।
ਮੋਨਾ ਨੇ ਲਿਖਿਆ ਸੀ, 'ਆਪਣੀ ਬੀਵੀ ਤੋਂ ਹੱਥ ਜੋੜ ਕੇ ਮੇਰੇ ਵੱਲੋਂ ਮੁਆਫ਼ੀ ਮੰਗ ਕੇ ਕਹਿਣਾ ਕਿ ਉਹ ਮਾਂ ਨਹੀਂ, ਪਰ ਢੇਰ ਸਾਰੀਆਂ ਕਿਤਾਬਾਂ ਤਾਂ ਪੜ੍ਹੀਆਂ ਹਨ¸ ਇਸ ਲਈ ਥੋੜ੍ਹਾ ਬਹੁਤ ਤਾਂ ਅੰਦਾਜ਼ਾ ਹੋਏਗਾ ਕਿ ਮੈਂ ਗੰਵਾਰ ਸਹੀ, ਮਾਂ ਤਾਂ ਹਾਂ।...ਉਹ ਇਹ ਕਿਉਂ ਸੋਚਦੀ ਹੈ ਕਿ ਮੈਂ ਉਸਨੂੰ, ਆਪਣੇ ਵਰਗੀ ਬੇਵਕੂਫ਼ ਬਣਾ ਦਿਆਂਗੀ? ਮੈਂ ਪਵਿੱਤਰ ਮਰੀਅਮ ਦੀ ਸਹੁੰ ਖਾ ਕੇ ਕਹਿੰਦੀ ਹਾਂ, ਮੈਂ ਉਸਨੂੰ ਸ਼ਰੀਫ਼ਜਾਦੀਆਂ ਵਾਂਗ ਨੇਕ ਤੇ ਪਵਿੱਤਰ ਰੱਖਾਂਗੀ। ਜ਼ਰਾ ਤਾਕਤ ਆ ਜਾਏ ਤਾਂ ਮੈਨੂੰ ਯਕੀਨ ਹੈ, ਇੱਥੇ ਕਾਰਖਾਨੇ ਵਿਚ ਮੈਨੂੰ ਟਾਈਪਿਟ ਦੀ 'ਜਾਬ' ਮਿਲ ਜਾਏਗੀ। ਮਿਹਰਬਾਨੀ ਕਰਕੇ ਇਸ ਮਾਮਲੇ ਵਿਚ ਆਪਣੀ ਬੀਵੀ ਨੂੰ ਨਾ ਘਸੀਟੋ। ਉਹ ਬੜੀ ਨੇਕ ਦਿਲ ਹੈ, ਮੈਨੂੰ ਉਸ ਤੋਂ ਡਰ ਲੱਗਦਾ ਹੈ'।
ਜਿਵੇਂ-ਜਿਵੇਂ ਆਬਿਦਾ ਖ਼ਤ ਪੜ੍ਹਦੀ ਗਈ ਉਸਦੇ ਚਿਹਰੇ ਉੱਪਰ ਮੁਸਕਰਾਹਟ ਫ਼ੈਲਦੀ ਗਈ ਤੇ ਮਾਜਿਦ ਦੇ ਚਿਹਰੇ ਉਪਰ ਫਿਟਕਾਰਾਂ...। ਉਸਦਾ ਖ਼ਿਆਲ ਸੀ¸ ਗੱਲ, ਗਈ-ਬੀਤੀ ਹੋ ਗਈ ਹੈ। ਹੁਣ ਅੰਤਰ-ਆਤਮਾਂ ਤੋਂ ਬੋਝ ਵੀ ਲੱਥ ਜਾਏਗਾ। ਤਣਾਅ ਮਿਟ ਜਾਏਗਾ। ਆਬਿਦਾ ਫੇਰ ਪਹਿਲਾਂ ਵਾਂਗਰ ਦਿਲਚਸਪ ਤੇ ਗਾਲੜੀ ਹੋ ਜਾਏਗੀ। ਮੁਆਫ਼ੀ ਮਿਲ ਜਾਏਗੀ।
“ਡਰਾਫਟ ਭੇਜਣ ਵਿਚ ਆਸਾਨੀ ਰਹੇਗੀ ਜਾਂ ਮਨੀਆਡਰ?” ਉਸਨੇ ਖੁਸ਼ ਹੋ ਕੇ ਪੁੱਛਿਆ ਸੀ। ਮਾਜਿਦ ਦਾ ਚਿਹਰਾ ਲੱਥ ਗਿਆ¸ ਇਹ ਔਰਤ ਹੈ ਜਾਂ ਚਟਾਨ! ਕਾਸ਼ ਆਮ ਔਰਤਾਂ ਵਾਂਗ ਉਸਦਾ ਮੂੰਹ ਵਲੂੰਧਰ ਸੁੱਟਦੀ, ਗਾਲ੍ਹਾਂ ਦੇਣ ਲੱਗ ਪੈਂਦੀ ਤਾਂ ਉਹ ਇੰਜ ਉੱਲੂਆਂ ਵਾਂਗ ਬੈਠਾ, ਦੇਖਣ ਜੋਗਾ ਤਾਂ ਨਾ ਰਹਿ ਜਾਂਦਾ।
“ਨਾ ਡਰਾਫਟ, ਨਾ ਮਨੀਆਡਰ। ਉਹ ਖ਼ੁਦ ਕਮਾਅ ਸਕਦੀ ਹੈ।” ਬਜਾਏ ਅਹਿਸਾਨ ਮੰਨਣ ਦੇ ਉਹ ਚਿੜ ਗਿਆ।
“ਝੱਲ-ਵਲੱਲੀਆਂ ਗੱਲਾਂ ਨਾ ਕਰੋ।”
“ਉਹ ਤੈਨੂੰ ਗਾਲ੍ਹਾਂ ਦੇ ਰਹੀ ਹੈ ਤੇ ਤੂੰ ਉਸਨੂੰ ਮਨੀਆਡਰ ਭੇਜਣ ਦੀ ਫਿਕਰ ਵਿਚ ਏਂ।”
“ਉਹ ਆਪਣਾ ਫ਼ਰਜ਼ ਅਦਾ ਕਰ ਰਹੀ ਏ ਤੇ ਮੈਂ ਆਪਣਾ।”
ਮਾਜਿਦ ਦੇ ਦਿਲ ਵਿਚ ਆਇਆ ਕੂਕ ਕੇ ਕਹੇ, 'ਉਹ ਤੇਰਾ ਗੁਨਾਹ ਨਹੀਂ, ਮੇਰਾ ਗੁਨਾਹ ਹੈ। ਤੂੰ ਉਸਨੂੰ ਆਪਣੇ ਸਿਰ ਕਿਉਂ ਲੈ ਰਹੀ ਏਂ'...ਪਰ ਉਹ ਚੁੱਪ ਰਿਹਾ ਤੇ ਚਿੱਠੀ ਉਸਦੇ ਹੱਥੋਂ ਲੈ ਕੇ ਪਾੜਨ ਲੱਗਾ।
“ਓ-ਓ¸ ਮੈਨੂੰ ਪਤਾ ਤਾਂ ਦੇਖ ਲੈਣ ਦਿਓ।” ਉਸਨੇ ਚਿੱਠੀ ਖੋਹ ਕੇ ਆਪਣੇ ਸਿਰਹਾਣੇ ਹੇਠ ਰੱਖ ਲਈ।
“ਕੀ ਕਰੇਂਗੀ ਇਸਦਾ?”
“ਸਿਰ 'ਚ ਮਾਰਾਂਗੀ ਆਪਣੇ।”
ਉਸਦਾ ਹਾਲ-ਚਾਲ ਪੁੱਛਣ ਆਏ ਲੋਕ ਦਿਨ ਭਰ ਬੰਬਈ ਦੀ ਸੈਰ ਵਿਚ ਮਸਤ ਰਹਿੰਦੇ। ਐਲੀਫੈਂਟਾ 'ਚ ਪਿਕਨਿਕ ਦੇ ਪ੍ਰੋਗਰਾਮ ਬਣਾਉਂਦੇ। ਫ਼ਿਲਮਾਂ ਦੀਆਂ ਸ਼ੂਟਿੰਗਾਂ ਦੇਖਦੇ ਤੇ ਫ਼ਿਲਮ ਸਟਾਰਾਂ ਨੂੰ ਮਿਲਣ ਤੁਰੇ ਰਹਿੰਦੇ। ਲੰਮੇ-ਵੱਡੇ ਦਸਤਰਖਾਨ ਸਜਦੇ, ਹਾਸਾ-ਠੱਠਾ ਹੁੰਦਾ¸ ਪਰ ਉਸ ਹੁਲੜ-ਮਸਤੀ ਵਿਚ ਕਿਸੇ ਨੂੰ ਵੀ ਮੀਆਂ ਬੀਵੀ ਦੀ ਮਾਨਸਿਕ ਹਾਲਤ ਦਾ ਅਹਿਸਾਸ ਤਕ ਨਾ ਹੁੰਦਾ। ਇਸ ਬੰਗਲੇ ਵਿਚ ਦੋਏ ਆਪੋ-ਆਪਣੀਆਂ ਸਲੀਬਾਂ ਚੁੱਕੀ, ਝੂਠੀਆਂ-ਮੁਸਕਰਾਹਟਾਂ ਖਿਲਾਰਦੇ ਹੋਏ, ਦੇਖਣ ਵਾਲਿਆਂ ਲਈ ਆਦਰਸ਼ ਦੰਪਤੀ ਬਣੇ ਰਹਿੰਦੇ ਪਰ ਰਾਤ ਨੂੰ ਜਦੋਂ ਡਬਲ-ਬੈੱਡ ਉੱਪਰ ਲੇਟਦੇ ਤਾਂ ਇਕ ਪੱਥਰੀਲੀ ਕੰਧ ਉਹਨਾਂ ਵਿਚਕਾਰ ਉੱਸਰੀ ਹੋਈ ਜਾਪਦੀ।
ਇਕ ਵਾਰੀ ਮਾਜਿਦ ਨੇ ਉਸ ਕੰਧ ਨੂੰ ਆਪਣਾ ਵਹਿਮ ਸਮਝ ਕੇ, ਆਬਿਦਾ ਨੂੰ ਆਪਣੇ ਵੱਲ ਖਿੱਚਣਾ ਚਾਹਿਆ ਤਾਂ ਉਹ ਯਕਦਮ ਡਰ ਗਈ ਤੇ ਉਸਦੀ ਚੀਕ ਵੀ ਨਿਕਾਲ ਗਈ। ਲੈਂਪ ਜਗਾਇਆ, ਤਾਂ ਬਿੰਦ ਦਾ ਬਿੰਦ ਉਸਨੂੰ ਆਬਿਦਾ ਦੀਆਂ ਨਿਗਾਹਾਂ ਵਿਚ ਅਜਿਹੀ ਭਿਆਨਕ ਨਫ਼ਰਤ ਦਿਖਾਈ ਦਿੱਤੀ ਕਿ ਉਹ ਠਠੰਬਰ ਕੇ ਪਿੱਛੇ ਹਟ ਗਿਆ।
“ਓ-ਅ, ਮੈਂ ਉਂਘ ਗਈ ਸਾਂ।” ਦੂਜੇ ਪਲ ਮੁਸਕਰਾਹਟ ਪਰਤ ਆਈ ਤੇ ਉਹ ਢੈਲੀ ਪੈ ਗਈ। ਜੇ ਮਾਜਿਦ ਚਾਹੁੰਦਾ ਤਾਂ ਉਸਨੂੰ ਆਪਣੀਆਂ ਬਾਹਾਂ ਵਿਚ ਸਮੇਟ ਲੈਂਦਾ ਪਰ, ਉਸ ਦੀਆਂ ਬਾਹਾਂ ਬੇਜਾਨ ਜਿਹੀਆਂ ਹੋ ਗਈਆਂ ਸਨ।
ਇਸ ਤੋਂ ਬਿਨਾਂ ਵੀ ਜਦੋਂ ਉਹ ਬੜੀ ਸੋਚ-ਵਿਚਾਰ ਤੋਂ ਪਿੱਛੋਂ ਉਸਨੂੰ ਆਪਣੀ ਗਲਵੱਕੜੀ ਵਿਚ ਲੈਣ ਦੀ ਕੋਸ਼ਿਸ਼ ਕਰਦਾ, ਉਹ ਜ਼ਰਾ ਜਿੰਨੀ ਝਿਜਕ ਤੋਂ ਬਾਅਦ ਪਿਘਲ ਤਾਂ ਜਾਂਦੀ ਪਰ ਗੱਲ ਨੂੰ ਘੁਮਾਅ-ਫਿਰਾਅ ਕੇ ਮੋਨਾ ਤੇ ਕੈਥੀ ਉੱਪਰ ਲੈ ਆਉਂਦੀ ਤੇ ਮਾਜਿਦ ਦੀ ਰਹੀ-ਸਹੀ ਹਿੰਮਤ ਵੀ ਜੁਆਬ ਦੇ ਜਾਂਦੀ।
“ਅਜੇ ਤਕ ਨਾਰਾਜ਼ ਏਂ?” ਉਸਨੇ ਪੁਰਾਣੇ ਲਹਿਜੇ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕੀਤੀ।
“ਉਫ਼, ਇਹ ਚਿਪਚਿਪੀਆਂ ਗੱਲਾਂ ਨਾ ਕਰਿਆ ਕਰੋ, ਘਿਣ ਆਉਂਦੀ ਏ।” ਉਹ ਵੀ ਪੁਰਾਣੇ ਅੱਲ੍ਹੜ ਅੰਦਾਜ਼ ਵਿਚ ਤੁੜਕਦੀ, “ਭਲਾ ਨਾਰਾਜ਼ ਕਾਸ ਤੋਂ ਹੋਵਾਂਗੀ।”
“ਕਤਰਾ ਤੇ ਰਹੀ ਏਂ।”
“ਅੱਲਾ, ਮੈਂ ਕਿਉਂ ਕਤਰਾਉਣ ਲੱਗੀ? ਮੈਂ ਕਿਹੜਾ ਕੋਈ ਚੋਰੀ ਕੀਤੀ ਏ ਜੋ ਤੁਹਾਥੋਂ ਕਤਰਾਵਾਂਗੀ?”
“ਚੋਰੀ ਤਾਂ ਮੈਂ ਕੀਤੀ¸ ਪਰ ਸਜ਼ਾ ਤੈਨੂੰ ਭੁਗਤਨੀ ਪਈ।”
“ਏਨੇ ਰੁਮਾਂਟਿਕ ਨਾ ਬਣੋ। ਅੱਛਾ ਚਲੋ, ਸੌਂ ਜਾਓ। ਘਰ ਵਿਚ ਮਹਿਮਾਨ ਭਰੇ ਹੋਏ ਨੇ ਤੇ ਸਾਨੂੰ ਚੋਚਲੇ ਸੁੱਝ ਰਹੇ ਨੇ।”
“ਤੈਨੂੰ ਤਾਂ ਬਸ ਕੋਈ ਬਹਾਨਾ ਚਾਹੀਦਾ ਹੁੰਦੈ।”
“ਵਾਧੂ ਦਾ ਵਹਿਮ ਹੋ ਗਿਆ ਏ ਤੁਹਾਨੂੰ, ਹੋਰ ਕੁਝ ਨਹੀਂ।” ਆਬਿਦਾ ਖਿਝ ਗਈ।
“ਸੱਚ ਦੱਸੀਂ ਕਿੰਨੇ ਦਿਨਾਂ ਦਾ ਅਸੀਂ ਪਿਆਰ ਨਹੀਂ ਕੀਤਾ?”
“ਲਓ...” ਆਬਿਦਾ ਨੇ ਉਸ ਕੰਡਿਆਲੀ ਵਾੜ ਦੇ ਉਸ ਪਾਸਿਓਂ ਝੁਕ ਕੇ ਆਪਣੇ ਠਰੇ ਜਿਹੇ, ਅਜਨਬੀ ਹੋਂਠ, ਉਸਦੇ ਅਸੁਆਦੀ ਹੋਂਠਾਂ ਉੱਪਰ ਰੱਖ ਦਿੱਤੇ। “ਬਸ?” ਦੋਏ ਬੜੀ ਦੇਰ ਤਕ ਏਨੇ ਨਾਜ਼ੁਕ ਤੇ ਦਿਲਚਸਪ ਵਿਸ਼ੇ ਉੱਪਰ ਬੜੀ ਰੁੱਖੀ ਜਿਹੀ ਬਹਿਸ ਕਰਦੇ ਰਹੇ¸ ਜਿਸਦਾ ਨਾ ਕੋਈ ਸਿਰ ਸੀ, ਨਾ ਕੋਈ ਪੈਰ। ਇੱਥੋਂ ਤਕ ਕਿ ਸੰਘ ਸੁੱਕਣ ਲੱਗੇ ਤੇ ਅੱਖਾਂ ਵਿਚ ਰੜਕ ਪੈਣ ਲੱਗ ਪਈ। ਅਖ਼ੀਰ ਦੋਏ ਥੱਕ-ਹਾਰ ਕੇ ਸੌਂ ਗਏ¸ ਪਰ ਨੀਂਦ ਵਿਚ ਆਹਾਂ ਭਰਦੇ ਰਹੇ, ਕਰਾਹੁੰਦੇ ਰਹੇ ਤੇ ਇਕ ਦੂਸਰੇ ਨੂੰ ਲੱਭਦੇ ਰਹੇ।
ਮਹਿਮਾਨ ਹੌਲੀ-ਹੌਲੀ ਵਿਦਾ ਹੋਣ ਲੱਗੇ। ਆਖੀਰ ਕਣਕ ਵਿਚ ਘੁੰਡੀਆਂ ਹੀ ਰਹਿ ਗਈਆਂ। ਆਬਿਦਾ ਦੀ ਖ਼ਰਾਬ ਸਿਹਤ ਵੱਲ ਦੇਖ ਕੇ ਉਹਨਾਂ ਨੇ ਉਸਨੂੰ ਪੇਕੇ ਭੇਜ ਦੇਣ ਦੀ ਸਲਾਹ ਦਿੱਤੀ¸ ਤੇ ਆਬਿਦਾ ਤਿਆਰ ਹੋ ਗਈ।
“ਕਿਉਂ, ਤਿਆਰੀ ਖਿੱਚ ਲਈ ਏ?” ਮਾਜਿਦ ਬੁਰਾ ਮੰਨ ਗਏ।
“ਬਾਜੀ ਨਹੀਂ ਮੰਨਦੀ ਪਈ। ਮੈਂ ਵੀ ਸੋਚ ਰਹੀ ਆਂ, ਅੰਮੀ ਕਿੰਨੇ ਦਿਨਾਂ ਦੇ ਇਕੱਲੇ ਨੇ।”
“ਮੈਂ ਵੀ ਤਾਂ ਇਕੱਲਾ ਆਂ।”
“ਅਗਲੇ ਮਹੀਨੇ ਤੁਸੀਂ ਟੂਰ 'ਤੇ ਜਾ ਰਹੇ ਓ, ਤਦ ਮੈਂ ਵੀ ਇਕੱਲੀ ਰਹਿ ਜਾਵਾਂਗੀ। ਫਰੀਦਾ ਦਾ ਜਨਮ ਦਿਨ ਵੀ ਆ ਰਿਹੈ। ਸੋਚਦੀ ਆਂ, ਉਹ ਪਿਆਜੀ ਰੰਗ ਦੀ ਚੀਨੀ ਅਤਲਸ ਜੋ ਤੁਸੀਂ ਮੇਰੀ ਕਮੀਜ ਲਈ ਲਿਆਏ ਸੀ, ਉਸਦਾ ਸੂਟ ਬਣਾ ਦਿਆਂ। ਮੈਂ ਤਾਂ ਸੱਬੀ¸ ਕੈਥੀ ਦੇ ਜਨਮ ਦਿਨ ਲਈ ਰੱਖੀ ਸੀ ਪਰ ਹੁਣ ਸੋਚਦੀ ਆਂ...”
ਉਹ ਜਿਵੇਂ ਆਪਣੇ ਆਪ ਨਾਲ ਗੱਲਾਂ ਕਰ ਰਹੀ ਸੀ। ਮਾਜਿਦ ਨੂੰ ਜਿਵੇਂ ਕੋਈ ਡੰਗ ਮਾਰ ਰਿਹਾ ਸੀ¸ ਪਰ ਉਸਨੇ ਧੀਰਜ ਨਾ ਛੱਡਿਆ।
“ਘਰ ਫੇਰ ਉਲਟ-ਪਲਟ ਹੋ ਜਾਏਗਾ।”
“ਮੈਂ ਐਤਕੀਂ ਸਾਰੇ ਚੰਗੇ-ਚੰਗੇ ਸੂਟ ਜਿੰਦਰੇ 'ਚ ਬੰਦਾ ਕਰਕੇ ਜਾਵਾਂਗੀ। ਬਸ ਜ਼ਰੂਰਤ ਦੀਆਂ ਚੀਜਾਂ ਦੀ ਚਾਬੀ ਤੁਹਾਨੂੰ ਫੜਾ ਜਾਵਾਂਗੀ।”
“ਕੀ ਮੈਨੂੰ ਵੀ ਬਕਸੇ 'ਚ ਬੰਦ ਕਰਕੇ ਜਿੰਦਰਾ ਲਾ ਜਾਵੇਂਗੀ!”
“ਨਹੀਂ ਤੁਹਾਨੂੰ ਤਾਂ ਆਪਣੇ ਦਿਲ ਵਿਚ ਬੰਦ ਕਰਦੇ ਨਾਲ ਹੀ ਲੈ ਜਾਵਾਂਗੀ।” ਉਸਨੇ ਸ਼ਰਾਰਤ ਕੀਤੀ ਪਰ ਮਾਜਿਦ ਦਾ ਵਧ ਰਿਹਾ ਹੌਸਲਾ ਨਹੀਂ ਦੇਖਿਆ ਤੇ ਬੜੇ ਆਰਾਮ ਨਾਲ ਉਠ ਕੇ ਪਲੰਘ ਹੇਠੋਂ ਸੂਟਕੇਸ ਕੱਢਣ ਲੱਗ ਪਈ। ਮਾਜਿਦਾ ਮੂਰਖਾਂ ਵਾਂਗ ਸਿਰਹਾਣਿਆਂ ਹੇਠ ਹੱਥ ਮਾਰਨ ਲੱਗਾ ਜਿਵੇਂ ਕੁਝ ਲੱਭ ਰਿਹਾ ਹੋਏ। ਆਸ ਦੇ ਉਲਟ ਉਸਦੇ ਹੱਥ ਕਾਗਜ਼ ਦਾ ਇਕ ਟੁਕੜਾ ਆ ਗਿਆ...ਉਸਨੇ ਦੇਖਿਆ, ਉਹ ਮੋਨਾ ਦੇ ਮਨੀਆਡਰ ਦੀ ਰਸੀਦ ਸੀ। ਉਸਨੂੰ ਲੱਗਿਆ ਨਾੜਾਂ ਵਿਚ ਵਹਿ ਰਿਹਾ ਖੂਨ, ਅਚਾਨਕ ਰੁਕ ਗਿਆ ਹੈ।
“ਓ-ਏ¸ ਤੇ ਮੈਂ ਸਾਰੇ ਘਰ ਵਿਚ ਲੱਭਦੀ ਫਿਰ ਰਹੀ ਸਾਂ ਕਿ ਰਸੀਦ ਕਿੱਥੇ ਗਈ...” ਉਸਨੇ ਉਸਦੇ ਹੱਥੋਂ ਰਸੀਦ ਫੜ੍ਹ ਲਈ, ਦਰਾਜ ਖੋਲ੍ਹ ਕੇ ਇਕ ਬੜੀ ਹੀ ਖੂਬਸੂਰਤ ਫਾਈਲ ਕੱਢੀ ਤੇ ਉਸ ਵਿਚ ਨੱਥੀ ਕਰ ਦਿੱਤੀ।
ਉਸ ਰਾਤ ਅਚਾਨਕ ਮਾਜਿਦ ਦੀ ਅੱਖ ਖੁੱਲ੍ਹ ਗਈ। ਆਬਿਦਾ ਨੀਂਦ ਵਿਚ ਹੌਂਕੇ ਲੈ ਰਹੀ ਸੀ।
“ਆਬਿਦਾ! ਆਬਿਦਾ!! ਕੀ ਹੋਇਆ? ਆਬਿਦਾ...” ਮਾਜਿਦ ਨੇ ਉਸਨੂੰ ਝੰਜੋੜਿਆ ਤੇ ਉਹ ਉੱਠ ਕੇ ਬੈਠ ਗਈ।
“ਕੀ ਗੱਲ ਏ?” ਉਸਨੇ ਹੈਰਾਨ ਹੁੰਦਿਆਂ ਪੁੱਛਿਆ¸ ਆਵਾਜ਼ ਵਿਚ ਗ਼ਮ ਜਾਂ ਡਰ ਦੇ ਆਸਾਰ ਨਹੀਂ ਸਨ।
“ਤੂੰ ਸੁੱਤੀ ਪਈ ਰੋ ਰਹੀ ਸੈਂ¸ ਕੋਈ ਡਰਾਵਨਾ ਸੁਪਨਾ ਦੇਖਿਆ ਈ?”
“ਨਹੀਂ।”
“ਫੇਰ ਰੋ ਕਿਉਂ ਰਹੀ ਸੈਂ?”
“ਮੈਂ ਕਦੋਂ ਰੋ ਰਹੀ ਸਾਂ !” ਉਸਨੇ ਆਪਣੇ ਚਿਹਰੇ ਉੱਤੇ ਹੱਥ ਫੇਰਿਆ, “ਹੈਂ!” ਉਹ ਅੱਥਰੂ ਦੇਖ ਕੇ ਹੱਸ ਪਈ, “ਪਰ ਕਸਮ ਨਾਲ ਮੈਂ ਕੋਈ ਸੁਪਨਾ ਨਹੀਂ ਦੇਖਿਆ। ਕਈ ਸਾਲਾਂ ਤੋਂ ਮੈਨੂੰ ਕਦੀ ਕੋਈ ਸੁਪਨਾ ਹੀ ਨਹੀਂ ਆਇਆ।” ਉਹ ਆਪਣੀ ਸਫਾਈ ਪੇਸ਼ ਕਰਨ ਲੱਗੀ।
“ਭੁੱਲ ਗਈ ਹੋਏਂਗੀ। ਕਈ ਸੁਪਨੇ ਇਹੋ ਜਿਹੇ ਵੀ ਹੁੰਦੇ ਨੇ।”
“ਪਰ ਮੈਂ ਜੋ ਕਹਿ ਰਹੀ ਆਂ, ਮੈਨੂੰ ਕੋਈ ਸੁਪਨਾ ਆਇਆ ਹੀ ਨਹੀਂ ਕਦੀ। ਫਿਰ ਤੁਸੀਂ ਮੱਲੋਮੱਲੀ...” ਉਹ ਬੁਰਾ ਮੰਨ ਗਈ।
“ਇਸ ਵਿਚ ਕੋਈ ਬੁਰਾਈ ਤਾਂ ਨਹੀਂ¸ ਸਾਰੇ ਲੋਕ ਸੁਪਨੇ ਦੇਖਦੇ ਨੇ।”
“ਜੇ ਮੈਂ ਸੁਪਨਾ ਦੇਖਿਆ ਹੁੰਦਾ ਤਾਂ ਮੁੱਕਰਨ ਵਾਲੀ ਕੀ ਗੱਲ ਸੀ¸ ਸੁਪਨਿਆਂ ਉੱਪਰ ਟੈਕਸ ਲੱਗਦਾ ਏ ਕੋਈ?...ਜੋ ਮੈਂ ਝੂਠ ਬੋਲਾਂਗੀ?” ਉਸਦੀ ਆਵਾਜ਼ ਉੱਚੀ ਹੋਣ ਲੱਗ ਪਈ।
“ਓ-ਹੋ, ਪਰ...।”
“ਮੈਂ ਕੁਰਾਨ ਦੀ ਸਹੁੰ ਖਾ ਕੇ ਕਹਿੰਦੀ ਆਂ, ਜੇ ਮੈਂ ਕੋਈ ਸੁਪਨਾ ਦੇਖਿਆ ਹੋਏ ਤਾਂ ਮੇਰੀਆਂ ਅੱਖਾਂ ਫੁੱਟ ਜਾਣ...” ਉਹ ਹਿਸਟੀਰੀਕਲ ਹੋ ਗਈ।
“ਆਬਿਦਾ¸ ਖ਼ਦਾ ਦਾ ਵਾਸਤਾ ਈ¸ ਮੈਂ ਤਾਂ ਉਂਜ ਈ ਪੁੱਛ ਰਿਹਾ ਸਾਂ।” ਮਾਜਿਦ ਘਬਰਾ ਗਿਆ।
“ਪਰ ਉਂਜ ਵੀ ਕਿਉਂ ਪੁੱਛ ਰਹੇ ਸੌ? ਤੁਸੀਂ ਸਮਝਦੇ ਓ ਮੈਂ ਬਹਾਨੇਬਾਜ਼ ਜਾਂ ਕਮੀਨੀ ਆਂ!” ਉਸਨੇ ਰੋਣਾ ਸ਼ੁਰੂ ਕਰ ਦਿੱਤਾ।
ਆਬਿਦਾ...ਹੌਲੀ ਬੋਲ...ਪਲੀਜ਼, ਪਲੀਜ਼,” ਉਸਨੇ, ਉਸਨੂੰ ਬੱਚਿਆਂ ਵਾਂਗ ਬਾਹਾਂ ਵਿਚ ਘੁੱਟ ਕੇ ਪਿਆਰਨਾ-ਪੁਚਕਾਰਨਾ ਸ਼ੁਰੂ ਕਰ ਦਿੱਤਾ, “ਮੇਰੀ ਜਾਨ, ਆਈ ਐਮ ਸਾਰੀ...ਮੈਥੋਂ ਗ਼ਲਤੀ ਹੋ ਗਈ। ਤੇਰੀਆਂ ਭਾਵਨਾਵਾਂ ਅਤਿ...” ਉਸ ਦੀਆਂ ਬਾਹਾਂ ਵਿਚ ਉਹ ਕਮਾਨ ਵਾਂਗ ਆਕੜ ਗਈ।
“ਪਰ...” ਉਸਨੇ ਆਪਣੇ ਆਪ ਨੂੰ ਢਿੱਲਾ ਛੱਡ ਦਿੱਤਾ।
“ਸ਼ੀ...ਬਸ ਮੈਂ ਕਿਹਾ ਨਾ, ਮੈਨੂੰ ਭੁਲੇਖਾ ਲੱਗਿਆ ਏ।” ਮਾਜਿਦ ਨੇ ਉਸਨੂੰ ਆਪਣੀ ਬੁੱਕਲ ਵਿਚ ਭਰ ਲੈਣ ਦੀ ਕੋਸ਼ਿਸ਼ ਕੀਤੀ...ਪਰ ਇੰਜ ਲੱਗਦਾ ਸੀ ਜਿਵੇਂ ਉਹ ਪ੍ਰੇਮ ਕਰਨਾ ਹੀ ਭੁੱਲਦੇ ਜਾ ਰਹੀ ਨੇ! ਉਹ ਜੋ ਹਮੇਸ਼ਾ ਝੱਟ, ਫਿੱਟ ਹੋ ਜਾਂਦੇ ਹੁੰਦੇ ਸਨ¸ਅੱਜ ਉਹ ਗੱਲ ਨਾ ਬਣ ਸਕੀ...ਜਾਪਦਾ ਸੀ ਕੁਹਣੀਆਂ ਹੀ ਕੁਹਣੀਆਂ ਨਿਕਲ ਆਈਆਂ ਨੇ। ਜਾਂ ਫੇਰ ਕਿਸੇ ਬੁਝਾਰਤ ਦੀਆਂ ਕੁਝ ਮਹਤੱਵਪੂਰਨ ਕੜੀਆਂ ਗੁੰਮ ਨੇ। ਉਸਨੇ ਹੋਠਾਂ ਨੂੰ ਚੁੰਮਣ ਦੀ ਕੋਸ਼ਿਸ਼ ਕੀਤੀ ਪਰ ਕੋਈ ਕਲ਼ ਟੇਢੀ ਹੀ ਮਹਿਸੂਸ ਹੋਈ। ਲੱਤਾਂ ਬੇਜਾਨ ਜਿਹੀਆਂ ਪਈਆਂ ਸਨ, ਪੱਟ ਨੂੰ ਅਜਿਹੀ ਕੁੜੱਲ ਪਈ ਕਿ ਆਬਿਦਾ ਦੀ ਗਰਦਨ ਇਕ ਪਾਸੇ ਵੱਲ ਨੂੰ ਟੇਢੀ ਹੋ ਗਈ। ਕੱਚੇ ਜਿਹੇ ਹੋ ਕੇ ਦੋਏ ਵੱਖ ਹੋ ਗਏ ਤੇ ਆਪੋ-ਆਪਣੀਆਂ ਨਸਾਂ-ਪੱਠਿਆਂ ਨੂੰ ਮਲਣ-ਪਲੋਸਣ ਲੱਗੇ। ਆਬਿਦਾ ਕੁਝ ਚਿਰ ਸੁਸਤ ਜਿਹੀ ਬੈਠੀ ਹੱਥਾਂ ਦੀਆਂ ਉਂਗਲਾਂ ਦੇ ਪਟਾਕੇ ਕੱਢਦੀ ਰਹੀ। ਮਾਜਿਦ ਨੇ ਸਿਗਰਟ ਦਾ ਏਡਾ ਲੰਮਾਂ ਸੂਟਾ ਖਿੱਚਿਆ ਕਿ ਧੂੰਏਂ ਨਾਲ ਛਾਤੀ ਪਾਟਣ ਵਾਲੀ ਹੋ ਗਈ।
ਦੋਏ ਆਪੋ ਆਪਣੀ ਥਾਂ, ਛੱਤ ਵੱਲ ਤੱਕਦੇ ਹੋਏ ਹਨੇਰੇ ਵਿਚ ਲੇਟੇ ਰਹੇ।
“ਮੈਂ ਸੁਪਨੇ ਦੇਖਣੇ ਛੱਡ ਦਿੱਤੇ ਨੇ।” ਤੇ ਉਹ ਪਾਸਾ ਪਰਤ ਕੇ ਪਈ, ਖ਼ਾਲੀ ਕੰਧ ਨੂੰ ਤੱਕਦੀ ਰਹੀ।
ਮਾਜਿਦ ਨੇ ਇਹ ਸੋਚ ਕੇ ਕਿ ਜਦੋਂ ਸਾਰੇ ਮਹਿਮਾਨ ਚਲੇ ਗਏ ਤੇ ਘਰ ਸੁੰਨ-ਮਸਾਨ ਹੋ ਜਾਏਗਾ, ਤਾਂ ਆਬਿਦਾ ਕਿਤੇ ਪਾਗਲ ਹੀ ਨਾ ਹੋ ਜਾਏ¸ ਉਸਦੇ ਜਾਣ ਦੀ ਤਿਆਰੀ ਵਿਚ ਰੋਕ-ਟੋਕ ਨਹੀਂ ਕੀਤੀ। ਉੱਥੇ ਭਰੇ-ਪੂਰੇ ਪਰਿਵਾਰ ਵਿਚ ਰਹਿ ਕੇ ਉਹ ਆਪੇ ਹੌਲੀ-ਹੌਲੀ ਨਾਰਮਲ ਹੋ ਜਾਏਗੀ। ਮਨ ਵੀ ਸੰਭਲ ਜਾਏਗਾ। ਗਰਮੀਆਂ ਵਿਚ ਅੰਮੀ ਜਾਨ ਨੈਨੀਤਾਲ ਜਾ ਰਹੇ ਨੇ¸ ਉੱਥੋਂ ਦੇ ਮਾਹੌਲ ਵਿਚ ਉਸਦਾ ਗ਼ਮ ਅਤੇ ਗੁੱਸਾ ਵੀ ਕਾਫ਼ੂਰ ਹੋ ਜਾਏਗਾ।
'ਦੁਨੀਆਂ ਦੇ ਸਾਰੇ ਬੱਚੇ, ਆਪਣੇ ਬੱਚੇ ਈ ਨੇ।' ਉਸਨੂੰ ਬੇਔਲਾਦ ਹੋਣ ਦਾ ਜ਼ਰਾ ਵੀ ਦੁੱਖ ਨਹੀਂ ਸੀ।
ਖਾਨਦਾਨ ਵਿਚ ਉੱਪਰੋਂ ਹੇਠਾਂ ਤੀਕ ਬੱਚੇ ਹੀ ਬੱਚੇ, ਸੁਰਲ-ਸੁਰਲ ਕਰਦੇ ਫਿਰਦੇ ਸਨ। ਪਰ ਬਾਂਝ ਨਾਲ ਸਾਰੇ ਈਰਖਾ ਕਰਦੇ ਸਨ। ਜਿੰਨਾਂ ਆਨੰਦਮਈ ਜੀਵਨ ਇਹਨਾਂ ਦੋਹਾਂ ਦਾ ਬੀਤਿਆ ਸੀ, ਜੇ ਬੱਚੇ ਹੋ ਗਏ ਹੁੰਦੇ ਤਾਂ ਨਹੀਂ ਸੀ ਬੀਤਣਾ। ਤਦੇ ਤਾਂ ਖਾਨਦਾਨ ਵਾਲੇ ਮਾਜਿਦ ਨੂੰ ਜੋਰੂ ਦਾ ਗ਼ੁਲਾਮ ਸਮਝਦੇ ਸਨ। ਭੇਦ ਖੋਲ੍ਹਣ ਵਾਲੇ ਇਹ ਦੋਏ ਹੀ ਤਾਂ ਸਨ...ਜਾਂ ਫੇਰ ਮਾਜਿਦ ਦੇ ਦੋਸਤ, ਜਿਹੜੇ ਉਹਨਾਂ ਨਾਲੋਂ ਵੀ ਵਧੇਰੇ ਸਾਵਧਾਨ ਸਨ। ਏਨੀਆਂ ਮਾਨਸਿਕ ਉਲਝਣਾ ਤੇ ਦੂਰੀਆਂ ਦੇ ਬਾਵਜੂਦ ਦੋਹਾਂ ਦਾ ਭਰਮ ਬਣਿਆ ਹੋਇਆ ਸੀ¸ ਤੇ ਦੋਏ ਆਦਰਸ਼ ਪ੍ਰੇਮੀ-ਪ੍ਰੇਮਿਕਾ ਸਮਝੇ ਜਾਂਦੇ ਸਨ।
ਆਬਿਦਾ ਦੇ ਖ਼ਤਾਂ ਤੋਂ ਮਾਜਿਦ ਨੂੰ ਯਕੀਨ ਹੋ ਗਿਆ, ਕਿ ਉਹ ਉੱਥੇ ਖੁਸ਼ ਹੈ। ਆਏ ਦਿਨ ਦਾਵਤਾਂ, ਮੰਗਨੀਆਂ, ਸ਼ਾਦੀਆਂ, ਛਠੀ, ਢਿੱਡੇ (ਗੋਦਭਰਾਈ), ਸਿਨੇਮਾ ਤੇ ਪਿਕਨਿਕ...
ਅੰਮੀ ਜਾਨ ਨੂੰ ਪਤਾ ਵੀ ਨਹੀਂ ਕਿ ਉਹਨਾਂ ਦੀ ਮੁਰਾਦ ਪੂਰੀ ਹੋ ਚੁੱਕੀ ਹੈ। ਕਿਸੇ ਨਜੂਮੀਂ (ਜੋਤਸ਼ੀ) ਨੇ ਦੱਸਿਆ ਸੀ ਕਿ ਤੁਹਾਡੇ ਨਸੀਬ ਵਿਚ ਔਲਾਦ ਨਹੀਂ...ਬੜਾ ਰੋਏ। ਕਿੰਨਾਂ ਖ਼ੂਨ ਸੜਿਆ ਸੀ ਮੇਰਾ! ਜੀ ਕੀਤਾ ਸੀ, ਕੰਮਬਖ਼ਤ ਜੋਤਸ਼ੀ ਦਾ ਮੂੰਹ ਵਲੂੰਧਰ ਸੁੱਟਾਂ। ਠੱਗ ਕਿਤੋਂ ਦਾ! ਪਰ ਦੇਖੋ ਕਿੱਡਾ ਜੁਲਮ ਏਂ, ਉਹਨਾਂ ਨੂੰ ਅਜੇ ਤੱਕ ਖੁਸ਼ਖਬਰੀ ਦਾ ਪਤਾ ਹੀ ਨਹੀਂ!'
ਪਰ ਫੇਰ ਉਹ ਹਾਸੇ-ਮਜ਼ਾਕ ਤੇ ਚਟਪਟੀ ਜ਼ਿੰਦਗੀ ਦਾ ਛੇੜਾ-ਛੇੜ ਬਹਿੰਦੀ, 'ਮੇਰੀ ਜਾਨ, ਮੈਂ ਭਾਂਡਿਆਂ ਵਾਲੇ ਸੰਦੂਕ ਨੂੰ ਜਿੰਦਰਾ ਲਾਉਣਾ ਭੁੱਲ ਗਈ ਸਾਂ। ਉਂਜ ਜਿੰਦਰਾ ਲਾਉਣਾ ਵੀ ਮੂਰਖਤਾ ਹੈ, ਟੁੱਟ-ਭੱਜ ਜਾਣ ਦਿਓ ਨਾਮੁਰਾਦਾਂ ਨੂੰ¸ ਹੋਰ ਆ ਜਾਣਗੇ। ਪਰ ਮਨੀਆਡਰ ਭੇਜਣਾ ਨਾ ਭੁੱਲਨਾ।'
'ਆਬਿਦਾ...! ਮੇਰੀ ਪਿਆਰੀਏ। ਮੇਰੀ ਜਾਨ ਆਬਿਦਾ; ਜਿਸਮ ਨਾਲ ਰੂਹ ਲੈ ਕੇ...ਵਾਪਸ ਕਦ ਆ ਰਹੀ ਹੈਂ? ਹੁਣ ਇਕੱਲਿਆਂ ਇਹ ਕਾਲ ਕੋਠੜੀ ਝੱਲੀ ਨਹੀਂ ਜਾਂਦੀ। ਰਾਤੀਂ ਤੈਨੂੰ ਸੁਪਨੇ ਵਿਚ ਦੇਖਿਆ। ਤੇਰੇ ਹੱਥ ਵਿਚ ਉਹੀ ਖੀਰ ਵਾਲਾ ਪਿਆਲਾ ਸੀ। ਜਿਸ ਉੱਪਰ ਸ਼ਬਾਨਾ ਨੇ ਪਿਸਤੇ ਦੀ ਕੁਤਰਨ ਨਾਲ 'ਮਾਜਿਦ-ਆਬਿਦਾ' ਲਿਖ ਦਿੱਤਾ ਸੀ, ਤੇ ਤੂੰ ਨਾਰਾਜ਼ ਹੋ ਗਈ ਸੈਂ। ਮੈਂ ਹੱਸ ਰਿਹਾ ਸਾਂ। ਜਦੋਂ ਅੱਖ ਖੁੱਲ੍ਹੀ ਤਾਂ ਯਕੀਨ ਮੰਨੀ, ਮੇਰਾ ਚਿਹਰਾ ਹੰਝੂਆਂ ਨਾਲ ਭਿੱਜਿਆ ਹੋਇਆ ਸੀ। ਮੈਂ ਬਹੁਤ ਇਕੱਲਾ ਮਹਿਸੂਸ ਕਰ ਰਿਹਾਂ...ਹੁਣ ਆ ਵੀ ਜਾਅ...।'
ਤੁਹਾਡਾ ਖ਼ਤ ਪੜ੍ਹ ਕੇ ਬੜਾ ਹਾਸਾ ਆਇਆ। ਏਨੀਆਂ ਰੁਮਾਂਟਿਕ ਗੱਲਾਂ ਬੋਰ, ਲੱਗਦੀਆਂ ਨੇ। ਇੰਜ ਲੱਗਦਾ ਏ, ਜਿਵੇਂ 'ਮਸਨਵੀ-ਜ਼ਹਰੇ-ਇਸ਼ਕ' ਪੜ੍ਹ ਕੇ ਖ਼ਤ ਲਿਖਣ ਬੈਠੇ ਹੋਵੋ। ਮਹੀਨਾ ਵੀ ਪੂਰਾ ਨਹੀਂ ਹੋਇਆ, ਬੁਲਾਉਣ ਲੱਗ ਪਏ! ਜ਼ਿਆਦਾ ਬਹਾਰ 'ਚ ਨਾ ਆਓ; ਤੇ ਦੇਖੋ, ਜਾਣ ਤੋਂ ਪਹਿਲਾਂ ਭਾਈ ਸਦੀਕੀ ਨੂੰ ਚੈੱਕ ਦੇਣਾ ਨਾ ਭੁੱਲ ਜਾਣਾ¸ ਖਰਚਾ ਨਾ ਪਹੁੰਚਿਆ ਤਾਂ ਮੈਨੂੰ ਚਿੰਤਾ ਰਹੇਗੀ। ਤਿੰਨੀ, ਪੈਰ-ਪੈਰ ਤੁਰਨ ਲੱਗ ਪਈ ਹੈ। ਬਾਜੀ ਜ਼ਿੱਦ ਕਰ ਰਹੀ ਹੈ ਕਿ ਮੈਂ ਉਸਨੂੰ ਆਪਣੀ ਬੇਟੀ ਬਣਾਅ ਲਵਾਂ...ਪੱਕਾ ਕਾਗਜ਼ ਲਿਖ ਦੇਣ ਦਾ ਧਰਵਾਸ ਦਿੰਦੀ ਹੈ। ਮੈਂ ਹੱਸ ਕੇ ਟਾਲ ਦੇਂਦੀ ਹਾਂ¸ ਸਾਰੇ ਬੱਚੇ ਮੇਰੇ ਈ ਨੇ। ਬੱਚੇ ਵੀ ਕੋਈ ਲੈਣ-ਦੇਣ ਵਾਲੀ ਚੀਜ਼ ਹੁੰਦੇ ਨੇ! ਇਸ ਵਿਹਾਰ ਬਾਰੇ ਸੋਚਦੀ ਹਾਂ ਤਾਂ ਲੂੰ-ਕੰਡੇ ਖੜ੍ਹੇ ਹੋ ਜਾਂਦੇ ਨੇ। ਸ਼ਬਾਨਾ ਤੇ ਮੰਜ਼ੂਰ ਵੀ ਆ ਰਹੇ ਨੇ। ਕਿਹਾ ਜਾ ਰਿਹਾ ਏ, ਮੈਂ ਹੀ ਉਸਨੂੰ ਸੰਭਾਲਾਂ¸ ਜਾਪੇ ਕਟਾਉਣ ਦਾ ਚੋਖਾ ਤਜ਼ੁਰਬਾ ਜੋ ਹੋ ਗਿਐ ਮੇਰਾ। ਸਵੈਟਰ ਬੁਣ ਰਹੀ ਹਾਂ। ਬਾਕੀ ਕੱਪੜੇ ਤਿਆਰ ਕਰ ਲਏ ਨੇ। ਕੁਝ ਬਾਜੀ ਦੇ ਦਏਗੀ। ਕਹਿੰਦੀ ਹੈ, ਕੁੜੀ ਹੋਈ ਤਾਂ ਸਬਿਹਾ ਨਾਂ ਰੱਖੇਗੀ ਤੇ ਉਸਨੂੰ ਮੇਰੇ ਕੋਲ ਹੀ ਛੱਡ ਕੇ ਵਲਾਇਤ ਚਲੀ ਜਾਏਗੀ¸ ਜਾਪਦਾ ਹੈ, ਅੱਲਾ ਮੀਆਂ ਨਾਲੋਂ ਤਾਂ ਉਸਦੇ ਬੰਦੇ ਹੀ ਉਦਾਰ ਨੇ।'
ਡੰਗ, ਡੰਗ, ਡੰਗ¸ਮਾਜਿਦ ਜ਼ਹਿਰ ਦੇ ਬੋਝ ਹੇਠ ਦਬ ਕੇ ਰਹਿ ਗਿਆ ਸੀ। ਟੂਰ 'ਤੇ ਜਾਣ ਲਈ ਸਾਮਾਨ ਬੰਨ੍ਹਿਆਂ ਸੀ, ਪਰ ਦਿਲ ਕਹਿ ਰਿਹਾ ਸੀ¸ ਸਿੱਧਾ ਆਬਿਦਾ ਕੋਲ ਪਹੁੰਚ ਜਾਏ 'ਤੇ ਉਸਦੇ ਮੂੰਹ 'ਤੇ ਇਕ ਥੱਪੜ ਮਾਰ ਕੇ ਕਹੇ¸ ਤੂੰ ਮੇਰੀ ਬੀਵੀ ਏਂ, ਮੇਰੀ ਜ਼ਿੰਦਗੀ ਦੀ ਉਮੰਗ ਏਂ। ਤੇਰੇ ਉੱਪਰ ਮੇਰਾ ਅਧਿਕਾਰ ਹੈ। ਤਰਸਾਅ ਨਾ, ਹੁਣ ਮੇਰੀਆਂ ਬਾਹਾਂ ਵਿਚ ਆ ਜਾ¸ ਆ ਜਾ।
ਤੇ ਉਹ ਆ ਗਈ।
ਜਦੋਂ ਉਸਨੇ ਦਰਵਾਜ਼ਾ ਖੋਲ੍ਹਿਆ, ਉਹ ਹੇਠਲੀ ਪੌੜੀ ਉੱਪਰ ਖੜ੍ਹੀ ਮੁਸਕਰਾ ਰਹੀ ਸੀ। ਸ਼ਾਮ ਦੇ ਰਹੱਸਮਈ ਧੂੰਏਂ ਵਿਚਕਾਰ ਉਸਦੀ ਕਪਾਹ-ਰੰਗੀ ਫਰਾਂਸੀਸੀ ਜਾਰਜੈਟ ਦੀ ਸਾੜ੍ਹੀ ਉੱਪਰ ਕਾਮਦਾਨੀ ਦੀ ਕੁਆਰ ਝਿਲਮਿਲਾ ਰਹੀ ਸੀ। ਉਹ ਉਸ ਨਾਲ ਰਗੜ ਖਾਂਦੀ ਹੋਈ ਅੰਦਰ ਆਣ ਵੜੀ। ਬੜੀ ਬੇਪ੍ਰਵਾਹੀ ਨਾਲ ਬਟੂਆ ਕੁਰਸੀ ਉੱਤੇ ਸੁੱਟਿਆ ਤੇ ਸੈਂਡਲ ਲਾਹ ਕੇ ਆਪਣੀ ਵਿਸ਼ੇਸ ਕੁਰਸੀ ਉੱਪਰ ਪੂਰੇ ਠਾਠ ਨਾਲ ਬੈਠ ਗਈ। ਜਿਵੇਂ ਰੋਜ਼ ਉੱਥੇ ਹੀ ਬੈਠਦੀ ਹੋਵੇ ਤੇ ਕਦੀ ਕਿਧਰੇ ਗਈ ਹੀ ਨਾ ਹੋਵੇ। ਉਸਦਾ ਸਰੀਰ ਕੁਝ ਭਰ ਗਿਆ ਸੀ; ਰੰਗ ਨਿੱਖਰ ਆਇਆ ਸੀ ਤੇ ਮਮਤਾ ਨੇ ਚਿਹਰੇ ਉਪਰਲੀ ਝੁੰਜਲਾਹਟ ਮਿਟਾਅ ਦਿੱਤੀ ਸੀ।
“ਕਿਉਂ ਆਈ ਏਂ?”
“ਕੇਹਾ ਭੱਦਾ ਸਵਾਲ ਏ! ਦਿਲ ਕੀਤਾ ਆ ਗਈ।” ਉਹ ਲਾਪ੍ਰਵਾਹੀ ਨਾਲ ਪੈਰ ਹਿਲਾਉਣ ਲੱਗ ਪਈ।
“ਦੇਖ¸ ਤੂੰ¸ ਤੂੰ!”
“ਓ-ਹੋ¸ ਤੁਸੀਂ ਤਾਂ ਕੁਆਰੀਆਂ ਵਾਂਗਰ ਹਕਲਾਉਣ ਲੱਗ ਪਏ ਓ!”
“ਪਲੀਜ਼ ਗੋ-ਅਵੇ। ਕਿਰਪਾ ਕਰ, ਤੇ ਮੇਰੀਆਂ ਅੱਖਾਂ ਤੋਂ ਦੂਰ ਹੋ ਜਾ।” ਮਾਜਿਦ ਨੇ ਕਾਹਲ ਨਾਲ ਕੁਰਸੀ ਤੋਂ ਉਸਦਾ ਬਟੂਆ ਚੁੱਕਿਆ ਤੇ ਉਸਦੇ ਹੱਥ ਵਿਚ ਫੜਾ ਦਿੱਤਾ।
“ਥੈਂਕਸ,” ਉਸਨੇ ਸੈਂਡਲ ਕਾਲੀਨ ਉੱਪਰ ਉਛਾਲ ਕੇ ਚੌਂਕੜੀ ਮਾਰ ਲਈ ਤੇ ਬਟੂਆ ਖੋਲ੍ਹ ਕੇ ਸ਼ੀਸ਼ੇ ਵਿਚ ਆਪਣੇ ਬੁੱਲ੍ਹ ਸਿਕੋੜ-ਸਿਕੋੜ ਦੇਖਣ ਲੱਗ ਪਈ।
“ਦੇਖ ਮੋਨਾ, ਤੂੰ ਜੱਗ ਹਸਾਈ ਕਰਵਾਉਣਾ ਚਾਹੁੰਦੀ ਏਂ ਤਾਂ ਵੱਖਰੀ ਗੱਲ ਏ, ਮੈਂ ਤੈਨੂੰ ਧੋਖਾ ਨਹੀਂ ਦਿੱਤਾ।” ਮਾਜਿਦ ਦਾ ਗਲ਼ਾ ਸੁੱਕ ਗਿਆ ਸੀ।
“ਮੈਂ ਕਦ ਕਿਹੈ, ਤੁਸੀਂ ਮੈਨੂੰ ਧੋਖਾ ਦਿੱਤਾ ਏ!” ਉਸਨੇ ਬੜੀ ਮੁਸ਼ਕਲ ਨਾਲ ਆਪਣਾ ਹਾਸਾ ਰੋਕਿਆ ਹੋਇਆ ਸੀ।
“ਸਾਡੀ ਦੋਸਤੀ...!”
“ਦੋਸਤੀ...?” ਉਹ ਅੱਖਾਂ ਝਪਕਾ ਕੇ ਮੁਸਕਰਾਈ।
“ਉਹ-ਉਹ ਜੋ ਵੀ ਹੈ, ਨਹੀਂ¸ ਸੀ।” ਉਸਨੇ ਕਾਹਲ ਨਾਲ ਆਪਣੀ ਗ਼ਲਤੀ ਸੁਧਾਰੀ, “ਮੈਂ ਤੇਰੇ ਨਾਲ ਸ਼ਾਦੀ ਦਾ ਕੋਈ ਵਾਅਦਾ ਨਹੀਂ ਸੀ ਕੀਤਾ।”
“ਓਇ-ਬਈ ਫੇਰ ਕੀ ਹੋਇਆ। ਏਸ ਵੇਲੇ ਮੈਂ ਤੁਹਾਡੇ ਨਾਲ ਕੋਈ ਸ਼ਾਦੀ ਕਰਨ ਆਈ ਆਂ?” ਉਹ ਇਕ ਉੱਚਾ ਤੇ ਟੁਣਕਵਾਂ ਹਾਸਾ ਹੱਸੀ, “ਵਾਹ!”
“ਤਾਂ ਫੇਰ¸ ਤੂੰ ਜਾ ਸਕਦੀ ਐਂ।”
“ਜਾ ਤਾਂ ਸਕਦੀ ਆਂ, ਪਰ ਜਾਵਾਂ ਕਿਉਂ?” ਉਹ ਵਿੱਟਰ ਗਈ, “ਮੈਂ ਤੁਹਾਥੋਂ ਕੁਝ ਖੋਹ ਰਹੀ ਆਂ ਜਾਂ ਕੁਝ ਮੰਗ ਰਹੀ ਹਾਂ? ਪੁੱਛ ਤਾਂ ਲੈਂਦੇ ਕਿ ਆਈ ਕਿਉਂ ਆਈ ਆਂ?” ਉਸ ਦੀਆਂ ਅੱਖਾਂ ਵਿਚ ਅੱਥਰੂ ਆ ਗਏ।
“ਅੱਛਾ ਦੱਸ ਫੇਰ, ਕਿਉਂ ਆਈ ਏਂ?”
“ਦੱਸਦੀ ਆਂ,” ਉਹ ਚਿੜ ਕੇ ਬੋਲੀ, “ਇਉਂ ਹਿਰਖ ਕੇ ਕਿਉਂ ਪੈਂਦੇ ਪਏ ਓ? ਮੈਂ ਤੁਹਾਡੀ ਬੀਵੀ ਨਹੀਂ ਬਈ ਦਬ ਜਾਵਾਂਗੀ...?”
“ਮੇਰੀ ਬੀਵੀ¸ਉਸਦੀ ਗੱਲ ਨਾ ਕਰ¸ ਆਪਣਾ ਮਤਲਬ ਬਿਆਨ ਕਰ।”
“ਇੰਜ ਭੜਕੇ ਕਿਉਂ ਫਿਰਦੇ ਓ! ਬੈਠ ਜਾਓਂ, ਤਾਂ ਕੋਈ ਹਰਜ਼ ਏ?” ਮਾਜਿਦ ਬੈਠ ਗਿਆ। “ਸ਼ਰਨ ਨੂੰ ਜਾਣਦੇ ਓ?”
“ਨਹੀਂ।”
“ਉਹ ਤਾਂ ਤੁਹਾਨੂੰ ਬੜੀ ਚੰਗੀ ਤਰ੍ਹਾਂ ਜਾਣਦਾ ਏ¸ ਨਹੀਂ-ਨਹੀਂ, ਬਾਈ-ਗਾਡ ਮੈਂ ਕੁਝ ਨਹੀਂ ਦੱਸਿਆ। ਉਸਨੂੰ ਪਹਿਲਾਂ ਹੀ ਸਭ ਕੁਝ ਪਤਾ ਸੀ।” ਮਾਜਿਦਾ ਦਾ ਚਿਹਰਾ ਲਾਲ ਹੋ ਗਿਆ।
“ਅੱਛਾ ਫੇਰ¸?”
“ਫੇਰ ਕੀ? ਸ਼ੋਲਾਪੁਰ ਵਿਚ ਉਸ ਨਾਲ ਮੁਲਾਕਾਤ ਹੋਈ ਸੀ।”
“ਵਿਨੋਦ ਸ਼ਰਨ¸ ਸ਼ਕੁੰਤਲਾ ਦਾ ਹਸਬੈਂਡ?”
“ਹਾਂ-ਉਹੀ।”
“ਉਹ ਤਾਂ ਤੇਰੀ ਸਹੇਲੀ ਏ...?”
“ਤਾਂ ਕੀ ਹੋਇਆ? ਸ਼ਕੁਨ ਮੇਰੀ ਸਹੇਲੀ ਏ। ਇਸੇ ਲਈ ਤਾਂ ਉਹ ਮੇਰਾ ਬੜਾ ਖ਼ਿਆਲ ਰੱਖਦੇ ਨੇ¸” ਉਹ ਸੈਂਡਲ ਪਾ ਕੇ ਖੜੀ ਹੋ ਗਈ, “ਅੱਛਾ ਹੁਣ ਚਲਦੀ ਆਂ।” ਮੁਸਕਰਾ ਕੇ ਬੋਲੀ।
“ਇਹੀ ਦੱਸਣ ਆਈ ਸੈਂ?”
“ਹਾਂ।” ਉਹ ਝੁਕ ਕੇ ਸੈਂਡਲਾਂ ਦੇ ਤਸਮੇ ਬੰਨ੍ਹਣ ਲੱਗ ਪਈ।
“ਇਹ ਕਿ ਉਹ ਤੇਰੀ ਸਹੇਲੀ ਦੇ ਹਸਬੈਂਡ ਨੇ? ਜਾਂ...ਤੇਰਾ ਬੜਾ ਖ਼ਿਆਲ ਰੱਖਦੇ ਨੇ ?” ਮਾਜਿਦ ਦੀ ਆਵਾਜ਼ ਵਿਚ ਕੁਸੈਲ ਘੁਲੀ ਹੋਈ ਸੀ।
“ਹਾਂ, ਇਹੀ ਦੱਸਣ ਆਈ ਸਾਂ।” ਉਹ ਫੇਰ 'ਧੱਮ' ਕਰਕੇ ਬੈਠ ਗਈ।
“ਪਰ ਮੈਨੂੰ ਦੱਸਣ ਦੀ ਕੀ ਲੋੜ ਆ ਪਈ?” ਮਾਜਿਦ ਦਾ ਦਮ ਘੁਟ ਰਿਹਾ ਸੀ।
“ਇਸ ਲਈ ਕਿ ਕਦੀ ਤੁਸੀਂ ਵੀ ਮੇਰਾ ਬੜਾ ਖ਼ਿਆਲ ਰੱਖਦੇ ਹੁੰਦੇ ਸੌ।”
“ਹੁਣ ਵੀ ਖ਼ਿਆਲ ਤਾਂ ਰੱਖਦਾਂ ਤੇਰਾ¸ ਚੈੱਕ ਭੇਜਣ ਹੀ ਵਾਲਾ ਸਾਂ।” ਉਸਨੇ ਦਰਾਜ਼ ਵਿਚੋਂ ਚੈੱਕ ਕੱਢ ਕੇ ਉਸਨੂੰ ਫੜਾ ਦਿੱਤਾ।
“ਓ-ਅ, ਥੈਂਕਸ।” ਉਹ ਤਾਂ ਸਮਝਿਆ ਸੀ ਵਾਪਸ ਮੂੰਹ 'ਤੇ ਮਾਰੇਗੀ ਪਰ ਉਸਨੇ ਬੜੀ ਸ਼ਾਂਤੀ ਨਾਲ ਚੈੱਕ ਬਟੂਏ ਵਿਚ ਪਾ ਲਿਆ ਸੀ। ਮਾਜਿਦ ਨੂੰ ਬੜੀ ਨਿਰਾਸ਼ਾ ਹੋਈ। “ਮੈਂ ਕੀ ਕਹਿ ਰਹੀ ਸਾਂ¸ ਹਾਂ, ਤੁਸੀਂ ਵੀ ਮੇਰਾ ਖ਼ਿਆਲ ਰੱਖਦੇ ਹੋ। ਵੈਸੇ ਤੁਹਾਥੋਂ ਜਿਆਦਾ ਤਾਂ ਉਹ¸ ਤੁਹਾਡੀ ਬੀਵੀ ਮੇਰਾ ਖ਼ਿਆਲ ਰੱਖਦੀ ਏ। ਬਈ ਕਮਾਲ ਦੀ ਔਰਤ ਹੈ!” ਉਸਦੀ ਆਵਾਜ਼ ਅਚਾਨਕ ਉੱਚੀ ਹੋ ਗਈ ਸੀ, “ਏਨੇ ਸਬਰ ਵਾਲੀ ਔਰਤ ਕਿ ਮੇਰਾ ਤਾਂ ਦਮ ਘੁਟਣ ਲੱਗ ਪੈਂਦਾ ਸੀ। ਗੁੱਸਾ ਜਾਂ ਨਫ਼ਰਤ ਤਾਂ ਕੋਈ ਝੱਲ ਸਕਦੈ, ਪਰ ਉਫ਼! ਉਸਦੀ ਮੁਸਕਰਾਹਟ¸ ਉਸ ਤੋਂ ਭੈ ਆਉਂਦਾ ਸੀ। ਬੁਰਾ ਭਲਾ ਕਹਿ ਲਏ ਤਾਂ ਚਲੋ ਛੁੱਟੀ ਹੋਈ, ਪਰ ਉਹ ਤਾਂ ਇੰਜ ਮੁਸਕਰਾਂਦੀ ਏ ਕਿ ਇਨਸਾਨ ਖ਼ੁਦ ਆਪਣੇ ਆਪ ਨੂੰ ਬੜਾ ਹੀ ਹੀਣ ਤੇ ਨੀਚ ਮਹਿਸੂਸ ਕਰਨ ਲੱਗ ਪੈਂਦਾ ਹੈ।”
“ਤੂੰ ਜਾ ਰਹੀ ਸੈਂ, ਮੈਂ ਵੀ ਸਵੇਰੇ ਜਲਦੀ ਉੱਠਣਾ ਏਂ।” ਮਾਜਿਦ ਨੇ ਰੁੱਖੇਵੇਂ ਜਿਹੇ ਨਾਲ ਕਿਹਾ ਕਿਉਂਕਿ ਉਸਨੂੰ ਮੋਨਾ ਦੀਆਂ ਗੱਲਾਂ ਤੋਂ ਭੈ ਆਉਣ ਲੱਗ ਪਿਆ ਸੀ। ਉਹ ਖ਼ੁਦ ਆਪਣੇ ਆਪ ਨਾਲ ਕਿਸੇ ਕਿਸਮ ਦਾ ਸਮਝੌਤਾ ਨਹੀਂ ਸੀ ਕਰਨਾ ਚਾਹੁੰਦਾ।
“ਤਾਂ ਤੁਹਾਡੀ ਕੀ ਰਾਏ ਐ?...ਸ਼ਰਨ ਖਰਾ ਆਦਮੀ ਨਹੀਂ?”
“ਮੈਨੂੰ ਨਹੀਂ ਪਤਾ।” ਮਾਜਿਦ ਨੇ ਬੜੀ ਕੁੜਿੱਤਣ ਨਾਲ ਕਿਹਾ।
“ਉਹ ਹੋਏਗਾ ਕਮੀਨਾ, ਮੇਰਾ ਕੀ ਵਿਗਾੜ ਲਏਗਾ। ਕਹਿੰਦਾ ਏ, ਓਥੇ ਗੰਦਗੀ 'ਚ ਨਾ ਰਹਿ¸ ਪੈਡਰ ਰੋਡ 'ਤੇ ਇਕ ਫ਼ਲੈਟ ਹੈ ਉਸਦਾ...ਇਕ ਸ਼ਾਂਤਾ ਕਰੂਜ ਵਿਚ ਹੈ। ਮੈਨੂੰ ਸ਼ਾਂਤਾ ਕਰੂਜ ਵਾਲਾ ਚੰਗਾ ਲੱਗਿਆ। ਵੱਖਰੇ ਦਾ ਵੱਖਰਾ, ਕਿਉਂ?”
“ਮੈਂ ਕੁਛ ਨਹੀਂ ਜਾਣਦਾ।” ਮਾਜਿਦ ਨੇ ਨਫ਼ਰਤ ਨਾਲ ਮੂੰਹ ਦੂਜੇ ਪਾਸੇ ਕਰ ਲਿਆ।
“ਓਇ-ਹੋਇ, ਕਿੰਨੇ ਭੋਲੇ ਬਣਦੇ ਓ! ਮੈਂ ਜਾਣਦੀ ਆਂ, ਤੁਸੀਂ ਜਾਣ ਬੁੱਝ ਕੇ ਕੋਈ ਰਾਏ ਨਹੀਂ ਦੇਣੀ ਚਾਹੁੰਦੇ। ਮੈਂ ਜੋ ਕੁਝ ਕਰ ਰਹੀ ਆਂ, ਕੈਥੀ ਵਾਸਤੇ ਕਰ ਰਹੀ ਆਂ।”
“ਉਸਦਾ ਖਰਚਾ ਤੈਨੂੰ ਮਿਲ ਰਿਹੈ।”
“ਤੇ ਮੇਰਾ ਕੋਈ ਖਰਚਾ ਨਹੀਂ? ਮੈਂ ਹਵਾ 'ਤੇ ਜਿਊਂਦੀ ਆਂ? ਕੀ ਤੁਹਾਡੇ ਤਿੰਨ ਸੌ ਰੁਪਏ ਵਿਚ ਮਾਂ-ਧੀ ਤੇ ਇਕ ਨੌਕਰ ਦਾ ਗੁਜਾਰਾ ਇਸ ਬੰਬਈ ਵਿਚ ਹੋ ਸਕਦੈ? ਚਲੋ ਤੁਸੀਂ ਪੰਜ ਸੌ ਵੀ ਕਰ ਦਿਓਂ, ਤਾਂ ਵੀ?”
“ਪਰ ਸ਼ਕੁੰਤਲਾ ਤੇਰੀ ਦੋਸਤ ਹੈ।”
“ਦੋਸਤ ਤਾਂ ਹੈ, ਤੇ ਵਿਚਾਰੀ ਨੇ ਬੁਰੇ ਵਕਤਾਂ ਵਿਚ ਮੇਰੀ ਮਦਦ ਵੀ ਕੀਤਾ ਏ।...ਪਰ ਜ਼ਰਾ ਸੋਚੋ, ਉਹ ਕੋਈ ਹੋਰ ਰੱਖ ਲਏਗਾ।” ਉਹ ਸ਼ਰਾਰਤ ਵੱਸ ਹੱਸੀ, “ਫੇਰ ਮੈਂ ਖਾਹਮ-ਖਾਹ ਕੁਰਬਾਨੀ ਵੀ ਦਿਆਂ ਤੇ ਕੋਈ ਮੁੱਲ ਵੀ ਨਾ ਪਵੇ, ਕਿਉਂ?”
“ਮੈਂ ਕੋਈ ਰਾਏ ਨਹੀਂ ਦੇ ਸਕਦਾ।”
“ਪਹਿਲਾਂ ਤਾਂ ਤੁਸੀਂ ਏਨੇ 'ਪੁਅਰ' ਨਹੀਂ ਹੁੰਦੇ ਸੌ। ਸੱਚ ਪੁੱਛਾਂ, ਕੀ ਮੇਰੀ ਯਾਦ ਜ਼ਰਾ ਨਹੀਂ ਆਉਂਦੀ?”
“ਮੇਰਾ ਤੇਰਾ ਵਕਤੀ ਤੇ ਸਿਰਫ਼ ਜਿਸਮਾਨੀ ਰਿਸ਼ਤਾ ਸੀ।”
“ਔਰਤ-ਮਰਦ ਵਿਚਕਾਰ ਕੋਈ ਹੋਰ ਰਿਸ਼ਤਾ ਵੀ ਹੁੰਦਾ ਏ...?”
“ਹਾਂ, ਵਿਚਾਰਾਂ ਦੀ ਇਕਸੁਰਤਾ ਹੁੰਦੀ ਏ¸ ਇਕ ਕਿਸਮ ਦੀ, ਇਕ ਦਿਮਾਗ਼ੀ ਕਨਸੈਂਟ ਹੁੰਦੀ ਏ।”
“ਤੇ ਮੇਰੇ ਵਿਚਾਰੀ ਕੋਲ ਤਾਂ ਦਿਮਾਗ਼ ਹੀ ਨਹੀਂ ਸੀ। ਬੱਸ ਇਹ ਮਿੱਟੀ ਦਾ ਜਿਸਮ ਸੀ...” ਉਹ ਅਜੀਬ ਜਿਹੀਆਂ ਨਜ਼ਰਾਂ ਨਾਲ ਉਸ ਵੱਲ ਦੇਖਣ ਲੱਗੀ, “ਤੇ ਜਿਸਮ ਵਿਚ ਸੋਚਣ-ਵਿਚਾਰਨ ਜਾਂ ਯਾਦ ਰੱਖਣ ਦੀ ਤਾਕਤ ਹੀ ਨਹੀਂ ਹੁੰਦੀ¸ ਤੁਹਾਡਾ ਜਿਸਮ ਵੀ ਯਾਦ ਨਹੀਂ ਕਰਦਾ?” ਉਹ ਉਸ ਵੱਲ ਵਧਦੀ ਆ ਰਹੀ ਸੀ। ਮਾਜਿਦ ਉਸਦੀ ਪਹੁੰਚ ਤੋਂ ਦੂਰ ਰਹਿਣ ਲਈ ਪਰ੍ਹੇ ਜਾ ਕੇ ਦਰਾਜ ਵਿਚੋਂ ਮਾਚਸ ਲੱਭਣ ਲੱਗ ਪਿਆ।
“ਮੇਰਾ ਜਿਸਮ ਤਾਂ ਨਹੀਂ ਭੁੱਲਦਾ¸ ਜਦੋਂ ਕੈਥੀ ਨੂੰ ਦੇਖਦੀ ਆਂ ਯਾਦ ਆ ਜਾਂਦੀ ਏ।” ਉਹ ਗੱਲਾਂ ਕਰਦੀ-ਕਰਦੀ ਦਰਵਾਜ਼ੇ ਵੱਲ ਵਧਣ ਲੱਗੀ। ਮਾਜਿਦ ਨੇ ਛਿੜੀ ਹੋਈ ਕੰਬਨੀ ਨੂੰ ਛਿਪਾਉਣ ਖਾਤਰ ਸਿਗਰਟ ਸੁਲਗਾ ਲਈ।
“ਪਤਾ ਨਹੀਂ ਕਿਉਂ ਤੁਸੀਂ ਹੋਰਾਂ ਵਰਗੇ ਨਹੀਂ ਲੱਗਦੇ! ਤੁਹਾਡੇ ਨਾਲ ਇੰਜ ਲੱਗਦਾ ਹੈ ਜਿਵੇਂ ਮੈਂ ਕੋਈ ਗੁਨਾਹ ਨਹੀਂ ਕੀਤਾ¸ ਸਾਡਾ ਰਿਸ਼ਤਾ ਪਵਿੱਤਰ ਹੈ। ਤੁਸੀਂ ਮੈਨੂੰ ਅਨਮੋਲ ਸ਼ੈ ਦਿੱਤੀ ਏ, ਜਿਹੜੀ ਹੋਰ ਕਿਤੋਂ ਨਹੀਂ ਮਿਲੀ। ਮੁਕੱਦਸ (ਪਵਿੱਤਰ) ਮਾਂ ਮੇਰੇ ਗੁਨਾਹ ਮੁਆਫ਼ ਕਰੇ, ਮੈਂ ਘੰਟਿਆਂ ਬੱਧੀ ਉਸ ਦੇ ਸਾਹਮਣੇ ਗੋਡੇ ਟੇਕ ਕੇ ਗਿੜਗਿੜਾਉਂਦੀ ਰਹਿੰਦੀ ਆਂ।...'ਮਾਂ ਮੈਨੂੰ ਸਕੂਨ (ਸ਼ਾਂਤੀ) ਦੇਅ...ਗੁਨਾਹ ਨੂੰ ਇਬਾਦਾਤ ਦਾ ਰੁਤਬਾ ਨਾ ਹਾਸਲ ਕਰਨ ਦੇ।' ਮਾਜਿਦ।” ਅਚਾਨਕ ਉਹ ਉਸਦੀ ਪਿੱਠ ਨਾਲ ਮੂੰਹ ਜੋੜ ਕੇ ਸਿਸਕਨ ਲੱਗ ਪਈ। ਉਸਨੇ ਦੋਏ ਹੱਥਾਂ ਨਾਲ ਉਸਦੇ ਲੱਕ ਨੂੰ ਜਕੜ ਲਿਆ ਸੀ।
ਮਾਜਿਦ ਦੇ ਮੱਥੇ ਉੱਪਰ ਪਸੀਨਾ ਆ ਗਿਆ। ਉਸਨੇ ਬਲਦਾ ਹੋਇਆ ਸਿਗਰਟ ਮੁੱਠੀ ਵਿਚ ਘੁੱਟ ਲਿਆ ਤੇ ਅੱਖਾਂ ਮੀਚ ਲਈਆਂ। ਫੇਰ ਇਕੋ ਝਟਕੇ ਨਾਲ, ਆਪਣੇ ਲੱਕ ਦੁਆਲੇ ਵਲੀਆਂ ਹੋਈਆਂ, ਮੋਨਾ ਦੀਆਂ ਬਾਹਾਂ ਨੂੰ ਵੱਖ ਕਰ ਦਿੱਤਾ ਤੇ ਧਰੀਕ ਕੇ ਉਸਨੂੰ ਦਰਵਾਜ਼ੇ ਤੱਕ ਲੈ ਗਿਆ।
ਮੋਨਾ ਦੀਆਂ ਅੱਖਾਂ ਵਿਚੋਂ ਅੱਥਰੂ ਵਗ ਰਹੇ ਸਨ। ਜੂੜਾ ਖੁੱਲ੍ਹ ਕੇ ਇਕ ਪਾਸੇ ਝੂਲ ਗਿਆ ਸੀ।
“ਆਈ ਐਮ ਸਾਰੀ।” ਉਸਨੇ ਹਥੇਲੀ ਨਾਲ ਨੱਕ ਤੇ ਅੱਖਾਂ ਪੂੰਝਦਿਆਂ ਬੜੀ ਆਕੜ ਨਾਲ ਕਿਹਾ। ਫੇਰ ਰੁਮਾਲ ਕੱਢ ਕੇ ਚਿਹਰਾ ਸਾਫ ਕਰਨ ਲੱਗ ਪਈ। “ਕਦੀ ਕੈਥੀ ਦੀ ਮੁਸਕਰਾਹਟ ਵਿਚ ਤੁਸੀਂ ਯਾਦ ਆ ਜਾਂਦੇ ਓ ਤਾਂ ਜੀਅ ਕਰਦਾ ਏ ਉਸਦਾ ਗਲ਼ਾ ਘੁੱਟ ਦਿਆਂ।” ਮਾਜਿਦ ਦੀ ਹਾਲਤ ਦੇਖ ਕੇ ਉਹ ਪਿਘਲ ਗਈ।
“ਮੈਨੂੰ... ਮੁਆਫ਼ ਕਰੀਂ ਮੋਨਾ...ਮੈਂ ਬੜਾ ਹੀ ਅਧੂਰਾ ਇਨਸਾਨ ਆਂ। ਮੈਂ...ਆਬਿਦਾ...।”
“ਮੈਂ ਜਾਣਦੀ ਆਂ।” ਉਸਨੇ ਫ਼ਿਲਾਸਫ਼ਰਾਂ ਵਾਂਗ ਧੀਮੀ ਆਵਾਜ਼ ਵਿਚ ਕਿਹਾ, “ਮੈਂ ਵੇਸ਼ਵਾ ਆਂ ਤੇ ਜੇ ਤੁਹਾਡੀ ਜਗ੍ਹਾ ਏਸ ਵੇਲੇ ਹੋਰ ਕੋਈ ਹੁੰਦਾ ਤਾਂ ਉਸਨੂੰ ਕੱਚਾ ਖਾ ਜਾਂਦੀ। ਪਰ ਤੁਹਾਡੇ ਮਾਮਲੇ ਵਿਚ ਮੈਂ ਵੀ ਅਧੂਰੀ ਵੇਸ਼ਵਾ ਆਂ।” ਉਹ ਕੱਚੀ ਜਿਹੀ ਹਾਸੀ ਵਿਚ ਆਪਣੇ ਦੁੱਖ ਨੂੰ ਛਿਪਾਉਣ ਦੀ ਕੋਸ਼ਿਸ਼ ਕਰਨ ਲੱਗੀ।
ਦਰਵਾਜੇ ਦੇ ਪੱਲੇ ਹਿੱਲ ਰਹੇ ਸਨ¸ ਬਾਹਰ ਹਲਕੀ-ਹਲਕੀ ਫੁਆਰ ਵਿਚ ਸਿਸਕੀਆਂ ਘੁਲੀਆਂ ਹੋਈਆਂ ਜਾਪਦੀਆਂ ਸਨ। ਮਾਜਿਦ ਦੀ ਝੁਲਸੀ ਹੋਈ ਹਥੇਲੀ ਵਿਚ ਸੂਈਆਂ ਚੁਭ ਰਹੀਆਂ ਸਨ।
ਆਬਿਦਾ¸ ਆਬਿਦਾ ਕੀ ਦੋਸਤੀ ਦਾ ਇਹੀ ਤਰੀਕਾ ਹੈ ਕਿ ਮੈਂ ਇੱਥੇ ਹਾਂ ਤੇ ਤੂੰ ਉੱਥੇ ਬਾਜੀ ਦੇ ਨਿਆਣਿਆਂ ਨਾਲ ਕੈਰਮ ਖੇਡ ਰਹੀ ਏਂ!'
ਖਾਣੇ ਵੇਲੇ ਭੁੱਖ ਨਾ ਹੋਣ ਦਾ ਬਹਾਨਾ ਕਰਕੇ ਉਹ ਸੌਣ ਚਲਾ ਗਿਆ। ਪਾਸੇ ਪਰਤਦਿਆਂ ਅੱਧੀ ਰਾਤ ਬੀਤ ਗਈ। ਉੱਠ ਕੇ ਪਾਣੀ ਪੀਤਾ। ਟਹਿਲਿਆ, ਪੜ੍ਹਨ ਦੀ ਕੋਸ਼ਿਸ਼ ਕੀਤੀ...ਪਰ ਦਿਮਾਗ਼ ਵਿਚ ਰਿੱਝ ਰਿਹਾ ਲਾਵਾ ਠੰਡਾ ਨਾ ਹੋਇਆ; ਤਨ ਦੀ ਪੁਕਾਰ ਮੱਠੀ ਨਹੀਂ ਪਈ। ਉਸਦੀਆਂ ਅੱਖਾਂ ਸਾਹਮਣੇ ਕਪਾਹ ਰੰਗੇ ਬਦਲਾਂ ਵਿਚ ਤਾਰੇ ਝਿਲਮਿਲ-ਝਿਲਮਿਲ ਕਰੀ ਜਾ ਰਹੇ ਸਨ। ਉਸਨੇ ਕਈ ਵਾਰੀ ਆਪਣੇ ਦੁਆਲਿਓਂ ਉਹਨਾਂ ਹੱਥਾਂ ਦੀ ਕੰਘੀ ਨੂੰ ਖੋਹਲ ਸੁੱਟਣਾ ਚਾਹਿਆ, ਪਰ ਉਸਦਾ ਸਰੀਰ ਅਜਗਰ ਦੀ ਲੋਹ-ਪਕੜ ਤੋਂ ਮੁਕਤ ਨਹੀਂ ਹੋ ਸਕਿਆ। ਉਸਨੇ ਕਮੀਜ ਬਦਲ ਲਈ ਸੀ...ਪਰ ਜਿੱਥੇ ਉਸਦੇ ਹੰਝੂ ਲੱਗੇ ਸਨ, ਅੰਗਿਆਰ ਰੱਖੇ ਜਾਪਦੇ ਸਨ। ਹਵਾ ਰੁਕ-ਰੁਕ ਕੇ ਚੱਲ ਰਹੀ ਸੀ¸ ਖਿੜਕੀ ਦੀ ਚੁਗਾਠ ਉੱਪਰ ਚਮੇਲੀ ਦੀ ਟਾਹਨੀ ਸਿਰ ਮਾਰ ਰਹੀ ਸੀ।
ਐਸੀ-ਤੈਸੀ ਟੂਰ ਦੀ!'...ਉਹ ਭੁੜਕ ਕੇ ਉਠ ਬੈਠਾ ਹੋਇਆ। ਸਿਰਹਾਣੇ ਵਾਲਾ ਲੈਂਪ ਜਗਾਇਆ। ਉੱਧਰ ਭੌਂ ਕੇ ਦੇਖਿਆ¸ ਜਿੱਥੇ ਆਬਿਦਾ ਗੱਲ੍ਹ ਹੇਠ ਹਥੇਲੀ ਰੱਖੀ ਸੁੱਤੀ ਹੁੰਦੀ ਸੀ। ਲੱਗਿਆ, ਹੁਣੇ ਉਠ ਕੇ ਕਿਧਰੇ ਨੱਠ ਗਈ ਹੈ!¸ ਉਸਨੂੰ ਆਪਣੇ ਪਾਗਲ ਹੋਣ ਦਾ ਭਰਮ ਹੋਣ ਲੱਗਿਆ। ਉਹ ਕਿਤੇ ਨਹੀਂ ਜਾ ਸਕਦੀ। ਉਸ ਤੋਂ ਨੱਸ ਕੇ ਹੋਰ ਕਿਧਰੇ ਜਾਏਗੀ ਵੀ ਕਿੱਥੇ? ਉਹ ਉਸਦੀ ਪਤਨੀ ਹੈ। ਉਸਦੇ ਦਿਲ ਦੀ ਸ਼ਾਂਤੀ ਭੰਗ ਕਰਕੇ ਆਪ ਆਰਾਮ ਨਾਲ ਸੁੱਤੀ ਪਈ ਹੋਏਗੀ; ਤੇ ਸ਼ਇਦ ਕੋਈ ਡਰਾਵਨਾ ਸੁਪਨਾ ਦੇਖ ਕੇ ਹੁਬਕੀਂ-ਹੁਬਕੀ ਰੋ ਰਹੀ ਹੋਏਗੀ; ਤੇ ਜਾਗ ਪੈਣ ਪਿੱਛੋਂ ਸਾਫ ਮੁੱਕਰ ਜਾਏਗੀ।...
'ਮੈਂ ਸੁਪਨੇ ਦੇਖਣੇ ਛੱਡ ਦਿੱਤੇ ਨੇ।'
ਕੋਈ ਸੁਪਨੇ ਦੇਖਣੇ ਵੀ ਛੱਡ ਸਕਦਾ ਹੈ ਭਲਾ? ਸੁਪਨੇ ਤਾਂ ਜ਼ਿੰਦਗੀ ਦੇ ਸਹਾਰੇ ਹੁੰਦੇ ਨੇ। ਕੋਈ ਜਾਣ ਬੂਝ ਕੇ ਜਿਊਣਾ ਛੱਡ ਸਕਦਾ ਹੈ ਭਲਾ? ਅਸਲ ਵਿਚ ਉਸਦੇ ਸੁਪਨੇ ਚਕਨਾ-ਚੂਰ ਹੋ ਚੁੱਕੇ ਨੇ। ਉਹ ਉਹਨਾਂ ਸੁਪਨਿਆਂ ਨੂੰ ਮੁੜ ਜੋੜ ਦਏਗਾ। ਉਹ ਉਸਦੀਆਂ ਅੱਖਾਂ ਚੁੰਮ ਕੇ ਫੇਰ ਉਹਨਾਂ ਵਿਚ ਤਾਰੇ ਜਗਾ ਦਏਗਾ। ਜ਼ਿੰਦਗੀ ਫੇਰ ਪਰਤ ਆਏਗੀ। ਇਹ ਸੁੰਨਾਪਣ ਦੂਰ ਹੋ ਜਾਏਗਾ, ਫੇਰ ਚਾਂਦੀ ਦੇ ਵਰਕ ਉੱਪਰ ਦੋ ਨਾਂ, ਉਭਰ ਕੇ, ਚਮਕਣ ਲੱਗਣਗੇ।
ਉਸਨੇ ਛੇਤੀ-ਛੇਤੀ ਕੱਪੜੇ ਪਾਏ। ਗੱਡੀ ਦੀ ਚਾਬੀ, ਉਸਨੇ ਡਰਾਈਵਰ ਕੋਲ ਹੀ ਰਹਿਣ ਦਿੱਤੀ ਸੀ ਕਿਉਂਕਿ ਸਵੇਰੇ ਸਵਖਤੇ ਹੀ ਉਸਨੇ ਉਸਨੂੰ ਏਅਰ ਪੋਰਟ ਪਹੁੰਚਾਉਣਾ ਸੀ। ਖ਼ੈਰ, ਕੋਈ ਚਿੰਤਾ ਨਹੀਂ¸ ਕੋਈ ਟੈਕਸੀ ਮਿਲ ਜਾਏਗੀ।
ਉਹ ਬਰਸਾਤੀ ਲੈਣਾ ਵੀ ਭੁੱਲ ਗਿਆ, ਵੈਸੇ ਬਾਰਸ਼ ਵੀ ਰੁਕ ਚੁੱਕੀ ਸੀ। ਸੜਕ ਦੀ ਮਿੱਟਮੈਲੀ ਰੋਸ਼ਨੀ ਵਿਚ ਲੱਗਦਾ ਸੀ, ਸੜਕ ਉੱਪਰ ਤੇਲ ਚੋਪੜਿਆ ਹੋਇਆ ਹੈ। ਉਸਦਾ ਹਮਰਾਹੀ ਸਿਰਫ ਇਕ ਭਿੱਜਿਆ ਹੋਇਆ ਕੁੱਤਾ ਸੀ।
ਓਪੇਰਾ ਹਾਊਸ ਤਕ ਉਹ ਲੱਥ-ਪੱਥ ਹੋ ਗਿਆ। ਟੈਕਸੀ ਵਾਲੇ ਨੇ ਸ਼ੱਕੀ-ਜਿਹੀਆਂ ਨਜ਼ਰਾਂ ਨਾਲ ਦੇਖਿਆ, ਪਰ ਉਦੋਂ ਤਕ ਉਹ ਅੰਦਰ ਲੁੜਕ ਚੁੱਕਿਆ ਸੀ।
“ਡਿੰਕਨ ਰੋਡ।” ਪਤਾ ਨਹੀਂ ਅੰਦਰ ਕੌਣ ਬੋਲ ਰਿਹਾ ਸੀ!
ਥੱਕ-ਹਾਰ ਕੇ ਉਸਨੇ ਆਪਣੇ ਆਪ ਨੂੰ ਉਸ ਅਜਨਬੀ ਤਾਕਤ ਦੇ ਹਵਾਲੇ ਕਰ ਦਿੱਤਾ ਸੀ ਤੇ ਉਹ ਤਾਕਤ ਉਸਦੇ ਚਾਰੇ ਪਾਸਿਓਂ ਲਿਪਟ ਕੇ ਕਿਸੇ ਅਜਗਰ ਵਾਂਗ ਹੀ ਉਸਨੂੰ ਮਸਲੀ-ਮਧੋਲੀ ਜਾ ਰਹੀ ਸੀ। ਉਹ ਜ਼ਰਾ ਵੀ 'ਇੰਟਲੈਕਚੁਅਲ' ਨਹੀਂ¸ ਹੁਣ ਇਸ ਭਰਮ ਦੀ ਤਖ਼ਤੀ ਨੂੰ ਅੱਗ ਲਾ ਦਏਗਾ ਉਹ। ਉਸਦਾ ਤੇ ਆਬਿਦਾ ਦਾ ਕੋਈ ਜੋੜ ਨਹੀਂ। ਕੱਲ੍ਹ ਪਹਿਲੀ ਡਾਕ ਵਿਚ ਉਹ ਤਲਾਕਨਾਮਾ ਭੇਜ ਦਏਗਾ। ਉਹ ਇਹਨਾਂ ਬੁਲੰਦੀਆਂ ਦਾ ਹੱਕਦਾਰ ਨਹੀਂ।
ਚਿੱਕੜ ਤੇ ਗੰਦਗੀ ਵੱਲੋਂ ਬੇਪ੍ਰਵਾਹ ਉਹ ਲੰਮੀਆਂ-ਲੰਮੀਆਂ ਪਲਾਂਘਾਂ ਪੁੱਟਦਾ ਹੋਇਆ ਗਲੀ ਵਿਚ ਮੁੜ ਗਿਆ। ਰੁਮਾਲ ਕੱਢ ਕੇ ਚਿਹਰਾ ਸਾਫ ਕਰਨ ਲੱਗਾ ਤਾਂ ਕਾਗਜ਼ ਦਾ ਇਕ ਟੁਕੜਾ ਫੱਟੜ-ਚਿੜੀ ਵਾਂਗ ਫੜਫੜਾਉਂਦਾ ਹੋਇਆ ਚਿੱਕੜ ਵਿਚ ਜਾ ਡਿੱਗਿਆ। ਉਸਨੇ ਚੁੱਕ ਕੇ ਦੇਖਿਆ¸ ਉਸਦਾ ਵਿਜਟਿੰਗ ਕਾਰਡ ਸੀ। ਉਸਦਾ ਨਾਂ, ਅਹੂਦਾ, ਟੈਲੀਫ਼ੋਨ ਨੰਬਰ¸ ਬਿੰਦ ਦਾ ਬਿੰਦ ਉਹ ਹਿਰਖ ਗਿਆ, 'ਇਹ ਕੌਣ ਨਾਮੂਰਾਦ ਹੋਇਆ?'
ਪਰ ਹੌਲੀ-ਹੌਲੀ ਉਸਦੇ ਚਿੱਕੜ ਵਿਚ ਧਸੇ ਪੈਰਾਂ ਵਾਂਗ ਇਹ ਗੱਲ ਉਸਦੇ ਦਿਮਾਗ਼ ਵਿਚ ਧਸਣ ਲੱਗੀ ਕਿ ਇਹ ਮੂਰਖ ਉਹ ਆਪ ਹੀ ਹੈ। ਏਨਾ ਸ਼ਰੀਫ ਤੇ ਸਭਿਅ ਇਨਸਾਨ ਇਸ ਚਿੱਕੜ ਵਿਚ ਕੀ ਕਰ ਰਿਹਾ ਹੈ? ਉਹ ਕਾਰਡ ਵੱਲ ਦੇਖਦਾ ਤੇ ਕਦੀ ਮੋਨਾ ਦੇ ਬੰਦ ਦਰਵਾਜ਼ੇ ਵੱਲ।
ਉਹ ਇੱਥੇ ਕਿਵੇਂ ਪਹੁੰਚ ਗਿਆ? ਜਾ ਉਹ ਕਿੱਥੇ ਰਿਹਾ ਸੀ, ਤੇ ਆ ਕਿੱਥੇ ਗਿਆ ਹੈ? ਬੌਂਦਲਿਆ ਜਿਹਾ ਉਹ ਪਿਛਾਂਹ ਵੱਲ ਪਰਤਿਆ¸ ਮੁਹੱਲੇ ਦੀ ਗਰੀਬੀ ਤੇ ਨੰਗਾਪਣ ਉਸਦੇ ਪਿੱਛੇ-ਪਿੱਛੇ ਹੋ ਲਏ। ਰਾਤ, ਹੋਰ ਕਾਲੀ ਹੋ ਗਈ ਜਾਪਦੀ ਸੀ। ਮੀਂਹ ਨੇ ਮੁੜ ਆ ਘੇਰਿਆ ਤੇ ਉਹ ਤੇਜ਼ੀ ਨਾਲ ਗੰਦੀਆਂ-ਮੰਦੀਆਂ, ਨਿੱਕੀਆਂ-ਵੱਡੀਆਂ, ਭੀੜੀਆਂ ਗਲੀਆਂ ਨੂੰ ਪਿੱਛੇ ਛੱਡਦਾ ਹੋਇਆ ਦੌੜਦਾ ਰਿਹਾ।
ਇਕ ਵਾਰੀ ਸਭਿਅ ਸੰਸਾਰ ਵਿਚ ਵਾਪਸ ਆ ਕੇ ਉਸਨੇ ਘੜੀ ਦੇਖੀ, ਪੌਣੇ ਤਿੰਨ ਵੱਜ ਚੁੱਕੇ ਸਨ¸ ਛੇ ਵਜੇ ਉਸਨੇ ਜਹਾਜ਼ ਚੜ੍ਹਨਾ ਸੀ। ਦੂਰ-ਦੂਰ ਤਕ ਕਿਸੇ ਟੈਕਸੀ ਦਾ ਨਾਂ ਨਿਸ਼ਾਨ ਤਕ ਨਹੀਂ ਸੀ। ਉਹ ਦੌੜਦਾ ਰਿਹਾ¸ ਗੰਦਗੀ ਤੋਂ ਦੂਰ, ਆਪਣੀ ਮੂਰਖਤਾ ਤੇ ਦੁਨੀਆਂ ਦੇ ਮਿਹਣਿਆਂ ਤੋਂ ਦੂਰ, ਪੂਰੇ ਇਨਸਾਨਾਂ ਦੀ ਦੂਨੀਆਂ ਵੱਲ। ਉਹ ਕਿਸੇ ਵੀ ਕੀਮਤ 'ਤੇ ਆਪਣੀ ਦੁਨੀਆਂ ਤੇ ਆਪਣੀ ਹਸਤੀ ਤਿਆਗਣ ਲਈ ਤਿਆਰ ਸੀ।
ਫਲੋਰਾ ਫਾਊਂਟੈਨ ਤੋਂ ਉਸਨੂੰ ਟੈਕਸੀ ਮਿਲ ਗਈ।...ਤੇ ਜਦੋਂ ਉਹ ਘਰੇ ਪਹੁੰਚਿਆ ਤਾਂ ਮਾਨਸਿਕ ਤੇ ਸਰੀਰਕ ਤੌਰ 'ਤੇ ਏਨਾ ਥੱਕਿਆ ਹੋਇਆ ਸੀ ਕਿ ਕੱਪੜੇ ਬਦਲਣ ਦੀ ਤਾਕਤ ਵੀ ਨਹੀਂ ਸੀ ਉਸ ਵਿਚ। ਉਹ ਜ਼ਰਾ ਸੁਸਤਾ ਲੈਣ ਲਈ ਦੀਵਾਨ ਉੱਤੇ ਲੇਟ ਗਿਆ¸ ਪਲੇਨ ਦੀ ਉਡਾਨ ਵਿਚ ਅਜੇ ਢਾਈ ਘੰਟੇ ਰਹਿੰਦੇ ਸਨ।
ਜਦੋਂ ਸਾਢੇ ਚਾਰ ਵਜੇ ਅਲਾਰਮ ਵੱਜਣ ਲੱਗਾ ਤਾਂ ਉਸਦੇ ਹੱਥਾਂ ਵਿਚ ਏਨੀ ਤਾਕਤ ਵੀ ਨਹੀਂ ਸੀ ਕਿ ਬਟਨ ਦੱਬ ਕੇ ਉਸਨੂੰ ਬੰਦ ਹੀ ਕਰ ਦੇਂਦਾ। ਉਸਦਾ ਸਿਰ ਮਣਾ-ਮੂੰਹੀਂ ਭਾਰਾ ਹੋਇਆ ਹੋਇਆ ਸੀ ਤੇ ਲੱਤਾਂ ਬੁਰੀ ਤਰ੍ਹਾਂ ਟੁੱਟ ਰਹੇ ਸਨ। ਬੜੀ ਮੁਸ਼ਕਲ ਨਾਲ ਉਹ ਉਠਿਆ, ਪਰ ਚਕਰਾਅ ਕੇ ਉੱਥੇ ਹੀ ਡਿੱਗ ਪਿਆ। ਉਸਨੂੰ ਆਪਣੀ ਹਾਲਤ ਉੱਪਰ ਏਨਾਂ ਰਹਿਮ ਆਇਆ ਕਿ ਖ਼ੁਦ ਉਹਦਾ ਰੋਣ ਨਿਕਲ ਗਿਆ।
ਗਰਮੀ!...ਉਸਨੇ ਚਾਹਿਆ ਕਿ ਅੰਗਿਆਰਾਂ ਦੀ ਉਸ ਪਰਤ ਨੂੰ ਆਪਣੇ ਉੱਪਰੋਂ ਲਾਹ ਸੁੱਟੇ। ਪਰ ਸਫੇਦ ਫੰਬਿਆਂ ਵਰਗੀ ਨਰਮ-ਨਰਮ ਬਰਫ਼ ਵਿਚ ਉਹ ਨੱਕ ਤੱਕ ਧਸ ਚੁੱਕਿਆ ਸੀ। ਸਾਹਾਂ ਦੀ ਗਤੀ ਦੇ ਨਾਲ-ਨਾਲ ਉਸਦੀ ਖੋਪੜੀ ਵਿਚ ਇਕ ਭਾਰੀ ਪੈਂਡੂਲਮ ਏਧਰ-ਉਧਰ ਉਸਦੀਆਂ ਪੁੜਪੁੜੀਆਂ ਨਾਲ ਟਕਰਾਅ ਰਿਹਾ ਸੀ। ਉਸਦੇ ਲੱਕ ਦੁਆਲੇ ਲਚਕਦਾਰ ਮਰਮਰੀ ਅਜਗਰ ਲਿਪਟੇ ਹੋਏ ਸਨ¸ ਕਪਾਹ ਰੰਗਾ ਚਿੱਕੜ ਉਸਦੇ ਸਾਹਾਂ ਵਿਚ ਘੁਲਦਾ ਜਾ ਰਿਹਾ ਸੀ¸ ਤਾਰਿਆਂ ਦੀ ਫੁਆਰ ਹੀਰੇ ਦੀ ਰਾਖ ਬਣਕੇ ਅੱਖਾਂ ਵਿਚ ਰੜਕ ਰਹੀ ਸੀ।
ਪਿਆਜ ਦੇ ਸੁੱਕੇ ਛਿਲਕੇ ਵਿਚ ਲਿਪਟੀ ਹੋਈ ਆਬਿਦਾ ਉਸ ਉੱਪਰ ਖੰਭ ਪਸਾਰੀ, ਹੰਝੂ ਵਹਾਅ ਰਹੀ ਹੈ¸ ਉਸਦੇ ਆਰ ਪਾਰ ਦੁੱਧ ਦੀਆਂ ਬੋਤਲਾਂ ਦੀ ਕਤਾਰਾਂ ਬੜੀ ਤਰਤੀਬ ਨਾਲ ਸਰਕ ਰਹੀ ਸੀ¸ ਤੇ ਉਸਦੀਆਂ ਰਗਾਂ ਵਿਚ ਬਰਫ਼ ਦੀਆਂ ਬਰੀਕ ਬਰੀਕ ਕੈਂਕਰਾਂ ਰੜਕ ਰਹੀਆਂ ਸਨ¸ 'ਆਬਿਦਾ, ਆਬਿਦਾ।' ਉਸਨੇ ਬੋਲਾਉਣਾ ਚਾਹਿਆ, ਪਰ ਮੂੰਹ ਲੋਹੇ ਦੇ ਸ਼ਿਕੰਜੇ ਵਿਚ ਜਕੜਿਆ ਹੋਇਆ ਸੀ ਜਿਹੜਾ ਜਰ ਚੁੱਕਿਆ ਸੀ।
ਅੱਖਾਂ ਖੁੱਲ੍ਹੀਆਂ ਹੋਣ 'ਤੇ ਵੀ ਉਹ ਆਪਣੇ ਉੱਪਰ ਝੁਕੀ ਹੋਈ ਆਬਿਦਾ ਨੂੰ ਸੁਪਨਾ ਸਮਝਦਾ ਰਿਹਾ। ਆਬਿਦਾ, ਜਿਸਨੇ ਸੁਪਨੇ ਦੇਖਨਾ ਛੱਡ ਕੇ ਆਪ ਕਿਸੇ ਲੰਮੇ ਸੁਪਨੇ ਦਾ ਰੂਪ ਧਾਰ ਲਿਆ ਸੀ। ਉਸ ਵਿਚ ਉਸ ਸੁਪਨੇ ਨਾਲ ਜੂਝਣ ਦੀ ਤਾਕਤ ਨਹੀਂ ਸੀ ਰਹੀ।
ਪਰ ਜਦੋਂ ਉਸਨੇ ਗੁਲਾਬੀ ਕਾਗਜ਼ ਵਾਂਗ ਸਰਸਰਾਂਦਾ ਹੋਇਆ ਹੱਥ ਉਸਦੇ ਮੱਥੇ ਉੱਪਰ ਰੱਖਿਆ ਤਾਂ ਉਹ ਪੂਰੀ ਤਰ੍ਹਾਂ ਜਾਗ ਪਿਆ।
“ਤੂੰ-ਤੂੰ-ਕਿੱਦਾਂ...?” ਉਹ ਉਠਣ ਲੱਗਿਆ।
“ਉਠੋ ਨਾ।” ਉਸਨੇ ਸਿਸਕੀ ਜਿਹੀ ਲਈ।
“ਤੂੰ ਰੋ ਰਹੀ ਏਂ?” ਉਸਨੇ ਉਂਗਲ ਨਾਲ ਉਸਦੀ ਭਿੱਜੀ ਹੋਈ ਗੱਲ੍ਹ ਉੱਤੇ ਲਕੀਰ ਖਿੱਚੀ ਤੇ ਥਕੇਵੇਂ ਜਿਹੇ ਕਾਰਨ ਅੱਖਾਂ ਮੀਚ ਲਈਆਂ।
ਦੂਜੀ ਵਾਰੀ ਜਦੋਂ ਉਸਦੀਆਂ ਅੱਖਾਂ ਖੁੱਲ੍ਹੀਆਂ ਤਾਂ ਸਵੇਰ ਹੋ ਚੁੱਕੀ ਸੀ। ਆਬਿਦਾ ਦਾ ਗੁਲਾਬੀ ਗਰਾਰਾ ਤੇ ਦੁਪੱਟਾ ਵੱਟੋ-ਵੱਟ ਹੋਇਆ-ਹੋਇਆ ਸੀ। ਮੱਥੇ ਉੱਪਰ ਇਕ ਥੱਕੀ ਜਿਹੀ ਲਿਟ ਬੇਦਮ ਪਈ ਸੀ, ਪਰ ਉਸਦੀਆਂ ਅੱਖਾਂ ਵਿਚੋਂ ਪਾਣੀ ਝਿਰ ਰਿਹਾ ਸੀ।
ਗਿਆਰਾਂ ਦਿਨਾਂ ਬਾਅਦ ਉਸਦਾ ਬੁਖਾਰ ਲੱਥਾ ਸੀ...ਏਨੇ ਦਿਨ ਉਹ ਕਿਸ ਦੁਨੀਆਂ ਵਿਚ ਰਿਹਾ, ਕੀ ਕਰਦਾ ਰਿਹਾ, ਉਸਨੂੰ ਕੁਝ ਵੀ ਯਾਦ ਨਹੀਂ ਸੀ ਤੇ ਇੰਜ ਆਪਣੀ ਜ਼ਿੰਦਗੀ ਦੇ ਗਿਆਰਾਂ ਦਿਨ ਗੁਆਚ ਜਾਣ ਕਾਰਨ ਉਹ ਖਾਸਾ ਭੈਭੀਤ ਹੋ ਗਿਆ ਸੀ।
“ਕੀ ਹੋਇਆ ਸੀ?”
“ਗਠੀਆ ਬੁਖ਼ਾਰ।”
“ਤੂੰ ਕਦ ਆਈ...?”
“ਸ਼ੁਕਰਵਾਰ ਨੂੰ ਤਾਰ ਮਿਲੀ...ਮੈਂ ਆਈ ਤਾਂ...” ਉਹ ਹੱਸ ਵੀ ਰਹੀ ਸੀ ਤੇ ਹੰਝੂ ਵੀ ਵਗ ਰਹੇ ਸਨ, “ਹਾਏ ਮੱਜੂ¸ ਤੁਸੀਂ ਤਾਂ ਮੈਨੂੰ ਡਰਾ ਈ ਦਿੱਤਾ।” ਆਬਿਦਾ ਨੇ ਉਸਦਾ ਹੱਥ ਫੜ ਕੇ ਆਪਣੀ ਗੱਲ੍ਹ ਨਾਲ ਲਾ ਲਿਆ।
“ਫੇਰ 'ਕੱਲਾ ਛੱਡ ਕੇ ਜਾਏਂਗੀ?” ਮਾਜਿਦ ਨੇ ਉਸਦਾ ਹੇਠਲਾ ਹੋਂਠ ਛੂਹ ਕੇ ਕਿਹਾ।
“ਕਦੋਂ ਗਈ ਸਾਂ ਤੁਹਾਨੂੰ ਛੱਡ ਕੇ, ਦਿਲ ਤਾਂ ਹਰ ਵੇਲੇ ਇੱਥੇ ਹੀ ਹੁੰਦਾ ਸੀ ਤੁਹਾਡੇ ਕੋਲ।”
“ਖ਼ਤਾਂ ਤੋਂ ਤਾਂ ਇੰਜ ਨਹੀਂ ਸੀ ਲੱਗਦਾ।”
“ਉਹ! ਓ-ਜੀ, ਖ਼ਤ ਤਾਂ ਤੁਹਾਨੂੰ ਜਲਾਉਣ ਖਾਤਰ ਲਿਖ ਦਿੱਤੇ ਸਨ।” ਆਬਿਦਾ ਦੀਆਂ ਅੱਖਾਂ ਵਿਚੋਂ ਮਿਠਾਸ ਟਪਕਣ ਲੱਗੀ।
“ਐਤਕੀਂ ਜਲਾਇਆ ਤਾਂ ਖ਼ੁਦਾ ਦੀ ਸਹੁੰ ਭਸਮ ਈ ਹੋ ਜਾਵਾਂਗੇ ਅਸੀਂ।”
“ਤੌਬਾ! ਤੌਬਾ ਮੇਰੀ! ਅੱਲਾ...” ਉਸਨੇ ਆਪਣੇ ਕੰਨ ਦੀ ਲੌਲ ਮਰੋੜ ਕੇ, ਗੱਲ੍ਹ ਉੱਤੇ ਚਪੇੜਾਂ ਮਾਰਦਿਆਂ ਕਿਹਾ, “ਜਾਨ ਹੁਣ ਇਹੋ ਜਿਹੀ ਗ਼ਲਤੀ ਨਹੀਂ ਹੋਏਗੀ।”
ਫੇਰ ਨਵੀਂ ਹੋਈ ਸ਼ਾਦੀ ਵਰਗੇ ਦਿਨ ਪਰਤ ਆਏ¸ ਮੌਜਾਂ ਲੱਗ ਗਈਆਂ। ਸਵੇਰ ਤੋਂ ਲੈ ਕੇ ਸ਼ਾਮ ਤੀਕ ਦੋਸਤਾਂ ਦੀ ਭੀੜ ਲੱਗੀ ਰਹਿੰਦੀ। ਫੁੱਲ, ਫਲ, ਮਿਠਿਆਈਆਂ ਤੇ ਕਿਤਾਬਾਂ ਏਨੀਆਂ ਆਈਆਂ ਕਿ ਵਰਤਣ ਵਾਲਿਆਂ ਦੀ ਕਮੀ ਪੈ ਗਈ। ਖ਼ਤ, ਤਾਰ ਤੇ ਕਾਰਡ ਏਨੇ ਆਏ ਕਿ ਆਬਿਦਾ ਨੇ ਥਾਲਾਂ ਵਿਚ ਪਾ ਕੇ ਸਿਰਹਾਣੇ ਬਣੀ ਸ਼ੈਲਫ ਉੱਤੇ ਸਜਾ ਦਿੱਤੇ।
ਬਿਮਾਰੀ ਦੇ ਦਿਨਾਂ ਵਿਚ ਮਾਜਿਦ ਨੂੰ ਗੈਸਟ-ਰੂਮ ਵਿਚ ਪਹੁੰਚਾ ਦਿੱਤਾ ਗਿਆ ਸੀ। ਡਬਲ-ਬੈੱਡ ਉੱਪਰ ਮਰੀਜ਼ ਦੀ ਦੇਖਭਾਲ ਕਰਨੀ ਵੀ ਕੁਝ ਮੁਸ਼ਕਲ ਹੁੰਦੀ ਸੀ। ਜਦੋਂ ਉਹ ਸਹਾਰੇ ਨਾਲ ਤੁਰਨ ਦੇ ਕਾਬਲ ਹੋ ਗਿਆ, ਉਹ ਉਸਨੂੰ ਆਪਣੇ ਕਮਰੇ ਵਿਚ ਲੈ ਆਈ। ਇਸ ਦੌਰਾਨ ਉਸਨੇ ਕਮਰੇ ਦੀ ਦਿੱਖ ਹੀ ਬਦਲ ਦਿੱਤੀ ਸੀ¸ ਬਰਸਾਤ ਦੇ ਦਿਨਾਂ ਵਿਚ ਧੁੱਪ ਘੱਟ ਹੁੰਦੀ ਹੈ ਇਸ ਲਈ ਉਸਨੇ ਭਾਰੇ ਪਰਦੇ ਉਤਾਰ ਕੇ ਹਲਕੇ ਪਿਆਜੀ ਰੰਗੇ ਨੇਟਵਰਕ ਦੇ ਪਰਦੇ ਲਾ ਦਿੱਤੇ ਸਨ। ਕਮਰੇ ਵਿਚ ਹਰੇਕ ਚੀਜ ਅੱਖਾਂ ਨੂੰ ਆਰਾਮ ਪਹੁੰਚਾਉਣ ਵਾਲੀ ਸਫੇਦ ਜਾਂ ਫਿੱਕੇ ਗੁਲਾਬੀ ਰੰਗ ਦੀ ਸੀ। ਚਿੱਟੇ ਕੰਡਲਵਰਕ ਦੇ ਪਲੰਘਪੋਸ਼ ਦੇਖ ਕੇ ਬਰਫ਼ ਦੇ ਮੈਦਾਨ ਯਾਦ ਆ ਜਾਂਦੇ ਸਨ। ਮਾਜਿਦ ਦਾ ਬੰਦ-ਬੰਦ, ਮਿੰਨ੍ਹੇ-ਮਿੰਨ੍ਹੇ ਦਰਦ ਨਾਲ ਖੁੱਸਦਾ ਰਹਿੰਦਾ। ਇਕ, ਕਦੀ ਨਾ ਉਤਰਨ ਵਾਲੀ ਥਕਾਨ ਤੇ ਉਦਾਸੀ ਛਾਈ ਰਹਿੰਦੀ। ਆਬਿਦਾ ਉਸਨੂੰ ਗੋਦੀ ਦੇ ਬਾਲ ਵਾਂਗ ਹੀ ਪ੍ਰਚਾਉਂਦੀ ਰਹਿੰਦੀ। ਉਸਦੀ ਮੁਹੱਬਤ, ਪਿਆਜੀ-ਗੁਲਾਬੀ ਸ਼ਾਮਿਆਨੇ ਦੀ ਛਾਂ ਵਾਂਗ ਸ਼ਾਂਤੀ-ਭਰਪੂਰ ਛਾਂ ਕਰੀ ਰੱਖਦੀ। ਉਸ ਠੰਡੀ ਛਾਂ ਵਿਚ ਅੱਖਾਂ ਬੰਦ ਕਰੀ ਪਿਆ ਮਾਜਿਦ, ਆਪਣੀ ਕਿਸਮਤ ਉੱਪਰ ਹੈਰਾਨ ਹੁੰਦਾ¸ ਮੌਤ ਦੇ ਮੂੰਹ ਵਿਚ ਜਾ ਕੇ ਉਸਨੇ ਆਬਿਦਾ ਨੂੰ ਦੁਬਾਰਾ ਪਾ ਲਿਆ ਹੈ। ਇਕ ਭਿਆਨਕ ਸੁਪਨੇ ਦਾ ਅੰਤ ਹੋ ਚੁੱਕਿਆ ਸੀ ਤੇ ਜ਼ਿੰਦਗੀ ਮੁੜ ਪੱਧਰੇ ਰਾਹਾਂ ਉੱਪਰ ਤੁਰ ਪਈ ਜਾਪਦੀ ਸੀ।
ਹੌਲੀ-ਹੌਲੀ ਹਾਲ-ਚਾਲ ਪੁੱਛਣ ਵਾਲਿਆਂ ਦਾ ਮੇਲਾ ਘੱਟ, ਤੇ ਫੇਰ ਖ਼ਤਮ ਹੋ ਗਿਆ। ਮਾਜਿਦ ਨੇ ਦੋ ਮਹੀਨੇ ਦੀ ਛੁੱਟੀ ਹੋਰ ਲੈ ਲਈ। ਡਾਕਟਰ ਨੇ ਸਾਵਧਾਨੀ ਵਰਤਨ ਦੀ ਹਦਾਇਤ ਕੀਤੀ ਸੀ। ਗਠੀਏ ਬੁਖਾਰ ਦਾ ਦਿਲ ਉੱਤੇ ਬੜਾ ਮਾੜਾ ਅਸਰ ਹੁੰਦਾ ਹੈ ਤੇ ਪ੍ਰਹੇਜ਼, ਇਲਾਜ਼ ਨਾਲੋਂ ਵੱਡਾ ਹੁੰਦਾ ਹੈ। ਆਬਿਦਾ ਆਪਣੇ ਹੱਥੀਂ ਉਸ ਲਈ ਖਾਣਾ ਬਣਾਉਂਦੀ ਤੇ ਚਮਚੇ ਨਾਲ ਖੁਆਉਣ ਦੀ ਜ਼ਿੱਦ ਕਰਦੀ। ਵੈਸੇ, ਬਹੁਤ ਜ਼ਿਆਦਾ ਨਿਮਰਤਾ ਦਾ ਪ੍ਰਦਰਸ਼ਨ ਜਿਹੜਾ ਅਕਸਰ ਮਹਿਮਾਨਾਂ ਦੇ ਸਾਹਮਣੇ ਹੋਣਾ ਚਾਹੀਦਾ ਸੀ, ਉਹ ਉਸਨੂੰ ਗ਼ੈਰਜ਼ਰੂਰੀ ਸਮਝ ਕੇ ਅੱਖੋਂ ਪਰੋਖੇ ਕਰ ਜਾਂਦੀ। ਪਰ ਪ੍ਰਹੇਜ਼ ਦੇ ਮਾਮਲੇ ਵਿਚ ਬੜੀ ਕਠੋਰ ਸੀ ਉਹ। ਜੇ ਉਂਜ ਹੀ ਮਾਜਿਦ ਕਦੀ ਉਸਨੂੰ ਆਪਣੇ ਵੱਲ ਖਿੱਚਦਾ ਤਾਂ ਉਹ ਸਖ਼ਤੀ ਨਾਲ ਮਨ੍ਹਾਂ ਕਰ ਦੇਂਦੀ। ਸਾਧਾਰਨ ਉਤੇਜਨਾ ਤੋਂ ਬਚਣ ਲਈ, ਲੰਮੇ-ਵੱਡੇ ਕੰਮਾਂ ਵਿਚ ਰੁੱਝੀ ਰਹਿੰਦੀ। ਕਈ ਵਾਰੀ ਕਹਿਣ ਤੋਂ ਬਾਅਦ ਉਹ ਨਾਈਟ ਸੂਟ ਬਦਲਦੀ। ਬਜਾਏ ਕੋਈ ਸੁੰਦਰ ਨਾਈਟ-ਡਰੈਸ ਪਾਉਣ ਦੇ, ਪੂਰੀਆਂ ਬਾਹਾਂ ਵਾਲੇ ਕੁਰਤੇ ਤੇ ਢਿੱਲੇ ਪਾਜਾਮੇ ਜਿਹੇ ਪਾਉਣ ਲੱਗ ਪਈ ਸੀ ਉਹ।
ਮਾਜਿਦ ਨੇ ਸਖ਼ਤ ਵਿਰੋਧ ਕੀਤਾ।
“ਇਹ ਝੱਲ-ਵਲੱਲਾਪਣ ਮੈਨੂੰ ਬਿਲਕੁਲ ਪਸੰਦ ਨਹੀਂ।”
“ਉੱਥੇ ਨਾਈਟ ਸੂਟ ਬੜੇ ਓਪਰੇ ਲੱਗਦੇ ਸਨ, ਮੈਂ ਸ਼ਬਾਨਾ ਨੂੰ ਦੇ ਦਿੱਤੇ।”
“ਤਾਂ ਨਵੇਂ ਬਣਵਾਅ ਲੈ।”
“ਕਿਉਂ?”
“ਮੈਂ ਜੋ ਕਹਿ ਰਿਹਾਂ।”
“ਕਿਉਂ ਕਹਿ ਰਹੇ ਓ ਤੁਸੀਂ?” ਉਹ ਸ਼ਰਾਰਤ ਵੱਸ ਹੱਸਦੀ, “ਮੈਂ ਤਾਂ ਨਹੀਂ ਕਹਿੰਦੀ ਪਈ¸ ਤੇ ਤੁਸੀਂ ਸ਼ੁਰੂ ਤੋਂ ਹੀ ਕੁਰਤਾ ਪਾਜਾਮਾ ਪਾਉਂਦੇ ਓ, ਤੇ ਮੈਨੂੰ ਬੜੇ ਸੈਕਸੀ ਲੱਗਦੇ ਓ!”
“ਪਹਿਲਾਂ ਕਿਉਂ ਪਾਉਂਦੀ ਹੁੰਦੀ ਸੈਂ?
“ਪਹਿਲਾਂ ਦੀ ਗੱਲ ਹੋਰ ਸੀ¸ ਪਹਿਲਾਂ ਤਾਂ ਕਿਸੇ ਵੇਲੇ ਮੈਂ ਗੋਡਿਆਂ ਭਾਰ ਰੁੜ੍ਹਦੀ ਵੀ ਹੁੰਦੀ ਸਾਂ। ਚੂਸਨੀ ਵੀ ਚੁੰਘਦੀ ਹੁੰਦੀ ਸਾਂ।”
ਮਾਜਿਦ ਕੱਚੇ ਜਿਹੇ ਹੋ ਗਏ।
“ਤੇ ਸੱਚੀ ਗੱਲ ਇਹ ਹੈ, ਬੁਢਾਪੇ ਵਿਚ ਇਹ ਚੋਚਲੇ ਚੰਗੇ ਨਹੀਂ ਲੱਗਦੇ।”
“ਤਾਂ ਤੂੰ ਬੁੱਢੀ ਹੋ ਗਈ ਏਂ?”
“ਮੋਨਾ ਦੇ ਮੁਕਾਬਲੇ 'ਚ ਤਾਂ ਬੁੱਢੀ ਈ ਆਂ। ਕੋਈ ਦਸ ਵਰ੍ਹਿਆਂ ਦਾ ਫ਼ਰਕ ਹੋਏਗਾ।”
ਮਾਜਿਦ ਦਾ ਦਿਲ ਬੈਠਣ ਲੱਗਾ। ਨਹੀਂ¸ ਆਬਿਦਾ ਨੇ ਉਸਨੂੰ ਮੁਆਫ਼ ਨਹੀਂ ਸੀ ਕੀਤਾ, ਤੇ ਕਦੀ ਮੁਆਫ਼ ਕਰੇਗੀ ਵੀ ਨਹੀਂ।
“ਛੱਡੋ, ਕੀ ਕੱਪੜਿਆਂ ਦੀ ਬਹਿਸ ਲੈ ਬੈਠੇ ਓ...ਬਈ, ਮੈਂ ਤਾਂ ਮੁੱਸਮੀ ਦਾ ਜੂਸ ਦੇਣਾ ਈ ਭੁੱਲ ਗਈ।” ਉਹ ਕਾਹਲ ਨਾਲ ਉਠ ਕੇ ਬਾਹਰ ਚਲੀ ਗਈ।
ਠੀਕ ਵੀ ਹੈ, ਕੱਪੜਿਆਂ ਨਾਲ ਕੀ ਫ਼ਰਕ ਪੈਂਦਾ ਹੈ? ਜੇ ਬਰਫ਼ ਦੀ ਸਿਲ ਨੂੰ ਲਾਲ-ਸੂਹੇ ਰੇਸ਼ਮੀ-ਜੋੜੇ ਵਿਚ ਲਪੇਟ ਦਿੱਤਾ ਜਾਏ...ਤਾਂ ਕੀ ਉਹ ਦੁਲਹਨ ਬਣ ਜਾਏਗੀ? ਤੇ ਬਰਫ਼ ਦੀ ਸਿਲ ਉਸਦੀ ਛਾਤੀ ਉੱਪਰ ਭਾਰੀ, ਹੋਰ ਭਾਰੀ, ਹੁੰਦੀ ਗਈ।
ਸਰੀਰਕ ਤੌਰ ਉਤੇ ਉਹ ਨਾਰਮਲ ਹੋ ਚੁੱਕਿਆ ਸੀ। ਦਫ਼ਤਰ ਵੀ ਜਾਣ ਲੱਗ ਪਿਆ ਸੀ ਪਰ ਆਬਿਦਾ ਬੜੀ ਮੁਸ਼ਤੈਦੀ ਨਾਲ ਕਿਸੇ ਨਰਸ ਵਾਂਗ ਹੀ ਆਪਣਾ ਕਰਤੱਵ ਨਿਭਾ ਰਹੀ ਸੀ। ਜਿੱਥੋਂ ਤਕ ਸੰਭਵ ਹੁੰਦਾ, ਉਹ ਆਨੀ-ਬਹਾਨੀ ਉਸਦਾ ਧਿਆਨ ਹੋਰ ਪਾਸੀਂ ਲਾਈ ਰੱਖਦੀ।
“ਆਬਿਦਾ...” ਅਖੀਰ ਉਸਨੇ ਤੰਗ ਆ ਕੇ, ਖੁੱਲ੍ਹ ਕੇ ਗੱਲ ਕਰਨ ਦਾ ਫ਼ੈਸਲਾ ਕਰ ਲਿਆ।
“ਜੀ...?” ਉਹ ਬੜੇ ਪਿਆਰ ਨਾਲ ਬੋਲੀ।
“ਕੀ ਮੈਂ ਬਹੁਤ ਬੀਮਾਰ ਹਾਂ?”
“ਖ਼ੁਦਾ ਨਾ ਕਰੇ...ਕਿਉਂ?”
“ਇਹੀ ਮੈਂ ਪੁੱਛਣਾ ਚਾਹੁੰਦਾ ਆਂ...ਤਾਂ ਫੇਰ ਇਹ ਦੂਰੀ ਕਿਉਂ?”
ਆਬਿਦਾ ਨੇ ਕੋਈ ਜਵਾਬ ਨਾ ਦਿੱਤਾ¸ ਬੈੱਡ-ਕਵਰ ਉੱਤੇ ਅਦਿੱਖ ਚਿੱਤਰ ਬਣਾਉਂਦੀ-ਮਿਟਾਉਂਦੀ ਰਹੀ।
“ਜਵਾਬ ਦੇਅ, ਮੇਰੀ ਗੱਲ ਦਾ?”
“ਜਵਾਬ ਨਾ ਹੋਏ ਤਾਂ...ਕਿੱਥੋਂ ਦਿਆਂ?” ਉਸਨੇ ਮਰੀ ਜਿਹੀ ਆਵਾਜ਼ ਵਿਚ ਕਿਹਾ।
“ਕੀ ਸਾਡੀ ਸ਼ਾਦੀ ਦੇ ਕੋਈ ਅਰਥ ਨਹੀਂ?”
ਆਬਿਦਾ ਦਾ ਸਿਰ ਹੋਰ ਝੁਕ ਗਿਆ।
“ਆਬਿਦਾ¸ ਖ਼ੁਦਾ ਦੇ ਵਾਸਤੇ ਜੁਆਬ ਦੇ...?”
ਆਬਿਦਾ ਦੀਆਂ ਨਜ਼ਰਾਂ ਹੌਲੀ-ਹੌਲੀ ਉੱਪਰ ਉਠੀਆਂ ਤੇ ਖਿੜਕੀ ਦੇ ਬਾਹਰ ਕੁਝ ਲੱਭਣ ਚਲੀਆਂ ਗਈਆਂ। ਉਸਦਾ ਚਿਹਰਾ ਅਤਿ ਪੀਲਾ ਤੇ ਮੁਰਝਾਇਆ ਜਿਹਾ ਲੱਗਣ ਲੱਗ ਪਿਆ ਸੀ।
“ਪਤਾ ਨਹੀਂ...” ਉਸਦੀਆਂ ਅੱਖਾਂ ਸਿੱਜਲ ਹੋ ਗਈਆਂ ਸਨ।
“ਆਬਿਦਾ ਮੇਰੀ ਜਾਨ!” ਉਸਨੇ ਬੇਚੈਨ ਹੋ ਕੇ ਉਸਨੂੰ ਆਪਣੀ ਹਿੱਕੇ ਨਾਲ ਘੁੱਟ ਲੈਣਾ ਚਾਹਿਆ, ਪਰ ਇੰਜ ਮਹਿਸੂਸ ਹੋਇਆ ਜਿਵੇਂ ਉਸਦੀਆਂ ਬਾਹਾਂ ਵਿਚ ਉਸਦੀ ਬੀਵੀ ਦੇ ਬਜਾਏ ਕੰਡੇਦਾਰ ਫ਼ੌਲਾਦੀ ਤਾਰ ਦਾ ਪੂਰਾ ਬੰਡਲ ਆ ਗਿਆ ਸੀ, ਜਿਸ ਵਿਚ ਕਤਈ ਲਚਕ ਨਹੀਂ ਸੀ।
“ਉਫ਼...ਨਾੜ ਚੜ੍ਹ ਗਈ...।” ਉਹ ਝੇਂਪ ਮਿਟਾਉਣ ਖਾਤਰ, ਸਿਰ ਖੁਰਕਣ ਲੱਗ ਪਈ।
“ਮੇਰੇ ਹੱਥਾਂ 'ਚ ਸੂਲਾਂ ਲੱਗੀਆਂ ਹੋਈਆਂ ਨੇ?”
“ਨਹੀਂ...ਪਰ...ਉਹ...” ਉਹ ਉਸ ਤੋਂ ਟਲ ਜਾਣਾ ਚਾਹੁੰਦੀ ਸੀ।
“ਪਰ ਕੀ?” ਉਸਨੇ ਉਸਦਾ ਹੱਥ ਫੜ੍ਹ ਕੇ ਫੇਰ ਬਿਠਾਅ ਲਿਆ।
“ਓ-ਹੋ...” ਉਹ ਕਰਾਹੀ।
“ਸੌਰੀ...ਕੀ ਕਹਿ ਰਹੀ ਸੈਂ ਤੂੰ?”
“ਤੁਹਾਡੇ ਹੱਥ...” ਉਹ ਫੇਰ ਝਿਜਕ ਗਈ।
“ਕੀ ਹੋਇਆ ਮੇਰੇ ਹੱਥਾਂ ਨੂੰ?” ਉਹ ਥਕਾਵਟ ਜਿਹੀ ਮਹਿਸੂਸ ਕਰਨ ਲੱਗਾ, ”ਸੂਲਾਂ ਉੱਗੀਆਂ ਹੋਈਆਂ ਨੇ ਮੇਰੇ ਹੱਥਾਂ ਵਿਚ?”
“ਕਿਉਂ ਪੁੱਛ ਰਹੇ ਓ ਇਹ ਉਲਟੀਆਂ-ਸਿੱਧੀਆਂ ਗੱਲਾਂ, ਤੁਹਾਡੇ ਹੱਥਾਂ ਵਿਚ ਕੁਝ ਵੀ ਨਹੀਂ। ਸ਼ਇਦ ਮੇਰੇ ਲਈ...ਕੁਝ ਵੀ ਨਹੀਂ।”
“ਕੀ ਮਤਲਬ?”
“ਤੁਸੀਂ ਮੈਨੂੰ ਹੱਥ ਲਾਉਂਦੇ ਓ ਤਾਂ¸ ਤਾਂ ਇੰਜ ਲੱਗਦਾ ਏ, ਆਪਣੇ ਦਿਲ ਉੱਪਰ ਜਬਰ ਕਰ ਰਹੇ ਓ...ਤੇ ਇਸ ਦਾ ਮਾਜਿਦ, ਕੋਈ ਫਾਇਦਾ ਨਹੀਂ।...ਮੱਜੂ, ਇਹ ਨਾਟਕ ਹੁਣ ਖਤਮ ਹੋ ਜਾਣਾ ਚਾਹੀਦਾ ਹੈ।” ਉਸਦੇ ਚਿਹਰੇ ਉੱਤੇ ਅਜੀਬ ਜਿਹੀ ਕਠੋਰਤਾ ਆ ਗਈ, “ਇਹ ਰਿਸ਼ਤਾ ਜਬਰਦਸਤੀ ਦਾ ਨਹੀਂ¸ ਦਿਲ ਦਾ ਰਿਸ਼ਤਾ ਹੁੰਦਾ ਹੈ।”
“ਯਾਨੀ ਮੈਂ ਦਿਲ ਨਾਲ ਜਬਰਦਸਤੀ ਕਰਕੇ ਤੈਨੂੰ...! ਤੈਨੂੰ?...ਤੂੰ ਅਜਿਹੀਆਂ ਗੱਲਾਂ ਕਰ ਰਹੀ ਏਂ!”
“ਹਾਂ...ਤੇ ਇਸ ਦਾ ਕਾਰਨ ਬਿਲਕੁਲ ਸਪਸ਼ਟ ਤੇ ਪ੍ਰਤੱਖ਼ ਏ। ਤੁਸੀਂ ਤੇ ਮੈਂ ਦੋਹਾਂ ਨੇ ਗ਼ਲਤੀ ਕੀਤੀ ਹੈ।”
“ਗ਼ਲਤੀ?”
“ਦੇਖੋ ਮੱਜੂ¸ ਸਮਝਨ ਦੀ ਕੋਸ਼ਿਸ਼ ਕਰੋ¸ ਇਕ ਤਾਰ ਕੱਟ ਦਿੱਤਾ ਜਾਏ ਤਾਂ ਕਰੰਟ ਦਾ ਸਿਲਸਿਲਾ ਖ਼ਤਮ ਹੋ ਜਾਂਦਾ ਏ¸ ਤੇ ਫੇਰ ਜੇ¸ ਦੂਜੇ ਪਾਸੇ ਦਾ ਤਾਰ ਫੇਰ ਕੱਟ ਕੇ ਉਸ ਨਾਲ ਜੋੜਣ ਦੀ ਕੋਸ਼ਿਸ ਕੀਤੀ ਜਾਏ ਤਾਂ ਫਿਊਜ਼ ਉੱਡ ਜਾਂਦਾ ਐ ਤੇ ਜ਼ੋਰਦਾਰ ਸ਼ਾਕ ਵੀ ਲੱਗਦਾ ਏ।”
“ਟੁੱਟੇ ਹੋਏ ਤਾਰ ਮੁੜ ਜੋੜੇ ਵੀ ਜਾ ਸਕਦੇ ਨੇ।”
“ਉਸ ਸਿਲੋਸ਼ਨ ਸਾਡੇ ਮਿਲਾਪ ਨਾਲ ਨਹੀਂ ਬਣ ਸਕਿਆ।”
“ਕੀ ਮਤਲਬ?”
“ਜਦੋਂ ਮੀਆਂ ਬੀਵੀ ਵਿਚਲੇ ਤਾਰ ਟੁੱਟਣੇ ਸ਼ੁਰੂ ਹੋ ਜਾਂਦੇ ਨੇ¸ ਬੱਚੇ ਸਿਲੋਸ਼ਨ ਬਣ ਕੇ ਉਹਨਾਂ ਨੂੰ ਜੋੜੀ ਰੱਖਦੇ ਨੇ।”
“ਓ¸ ਤੂੰ ਮੈਨੂੰ ਪਾਗ਼ਲ ਕਰ ਦਏਂਗੀ। ਆਬਿਦਾ, ਮੇਰੀ ਜਾਨ ਮੈਂ ਤੇਰਾ ਆਂ, ਮੇਰਾ ਦਿਲ ਤੇਰੇ ਏ।”
“ਪਰ ਜਿਸਮ ਮੇਰਾ ਨਹੀਂ।”
“ਆਬਿਦਾ...! ਪਲੀਜ਼!!...”
“ਤੇ ਅਜਿਹੀ ਕੋਈ ਸ਼ਾਦੀ ਨਹੀਂ ਨਿਭ ਸਕਦੀ। ਤੁਹਾਡੇ ਇਹ ਦੋ ਟੁੱਕੜੇ, ਵੱਖਰੇ-ਵੱਖਰੇ ਕਿਸੇ ਦੇ ਕੰਮ ਦੇ ਨਹੀਂ¸ ਉਹ ਜਿਸਮ, ਜਿਸ ਵਿਚ ਦਿਲ ਨਾ ਹੋਏ...ਤੇ ਉਹ ਦਿਲ, ਜਿਸ...!”
“ਆਬਿਦਾ...!”
“ਮੈਂ ਬਹੁਤ ਸੋਚਿਆ¸ ਏਨਾ ਸੋਚਿਆ ਕਿ ਸੋਚ-ਸੋਚ ਕੇ ਮੱਤ ਮਰੀ ਗਈ। ਇਸ ਦੇ ਸਿਵਾਏ ਕੋਈ ਚਾਰਾ ਨਹੀਂ। ਤੁਸੀਂ ਆਪਣੇ ਜਿਸਮ ਨਾਲੋਂ ਦਿਲ ਨੂੰ ਵੱਖ ਰੱਖ ਕੇ ਜਿਊਂਦੇ ਨਹੀਂ ਰਹਿ ਸਕਦੇ। ਇਸ ਲਈ ਤੁਹਾਨੂੰ ਸਹੀ-ਸਲਾਮਤ ਤੇ ਪੂਰਾ ਬਣਨਾ ਪਏਗਾ।”
“ਤੂੰ ਮੈਨੂੰ ਉਲਝਾਈ ਜਾ ਰਹੀ ਏਂ। ਅੱਛਾ, ਮੈਂ ਤੇਰੀ ਥਿਊਰੀ ਮੰਨ ਵੀ ਲਵਾਂ¸ ਫੇਰ ਵੀ ਮੇਰਾ ਦਿਲ ਤੇ ਦਿਮਾਗ਼ ਤਾਂ ਤੇਰਾ ਈ ਏ, ਤੇ ਸਾਲਾਂ ਬੱਧੀ ਮੇਰੇ ਜਿਸਮ ਨੇ ਵੀ ਤੇਰੀ ਪ੍ਰਕਰਮਾਂ ਕੀਤੀ ਏ। ਜੇ ਇਕ ਜ਼ਰਾ ਜਿੰਨੇ ਤੂਫ਼ਾਨ ਕਾਰਨ ਪਲ-ਛਿਨ ਲਈ ਭਟਕ ਗਿਆ ਸੀ¸ ਤਾਂ ਕੀ ਤੂੰ ਮੁੜ ਆਪਣੇ ਕਦਮਾਂ ਵਿਚ ਜਗ੍ਹਾ ਨਹੀਂ ਦਏਂਗੀ, ਉਸਨੂੰ?”
“ਜਿਸਮ ਦੀ ਏਨੀ ਬੇਇੱਜਤੀ ਨਾ ਕਰੋ। ਮੈਨੂੰ ਤੁਹਾਡਾ ਜਿਸਮ ਕਦਮਾਂ ਵਿਚ ਨਹੀਂ, ਖੁੱਲ੍ਹੀਆਂ ਬਾਹਾਂ ਵਿਚ ਚਾਹੀਦਾ ਏ। ਪਰ ਮੈਂ ਤੁਹਾਨੂੰ, ਤੁਹਾਡੇ ਨਾਲੋਂ ਵੱਧ ਜਾਣਦੀ ਆਂ। ਤੁਹਾਡਾ ਜਿਸਮ, ਤੁਹਾਡੇ ਦਿਮਾਗ਼ ਦਾ ਗ਼ੁਲਾਮ ਨਹੀਂ¸ ਤੇ ਮੈਂ ਧੱਕਾ ਕਰਨ ਦੀ ਆਦੀ ਨਹੀਂ।”
“ਤੇ ਮੇਰਾ ਦਿਮਾਗ਼ ਮੇਰੇ ਜਿਸਮ ਦਾ ਗ਼ੁਲਾਮ ਹੈ!”
“ਹਰੇਕ ਮਰਦ ਦੀ ਦੇਹ, ਉਸਦੇ ਦਿਮਾਗ਼ ਉੱਤੇ ਛਾਈ ਰਹਿੰਦੀ ਏ। ਇਸ ਵਿਚ ਸ਼ਰਮ ਵਾਲੀ ਕਿਹੜੀ ਗੱਲ ਏ? ਸਦੀਆਂ ਦੇ ਤਜ਼ੁਰਬਿਆਂ ਦਾ ਸਿੱਟਾ ਏ ਇਹ¸ ਨਾਲੇ ਫੇਰ ਖੇਰੂ-ਖੇਰੂ ਹੋ ਜਾਣ ਨਾਲੋਂ ਚੰਗਾ ਏ, ਸਮਝੌਤਾ ਕਰ ਲਿਆ ਜਾਏ।”
“ਯਾਨੀ ਜੇ ਮੇਰਾ ਜਿਸਮ ਚਿੱਕੜ ਵਿਚ ਲੇਟਾ ਲਾਉਣ ਲਈ ਮਚਲ ਜਾਏ ਤਾਂ ਮੈਂ ਆਪਣੇ ਦਿਮਾਗ਼ ਨੂੰ ਵੀ ਗਟਰ ਵਿਚ ਸੁੱਟ ਦਿਆਂ!”
“ਅਕਲ ਤੇ ਪੜ੍ਹਾਈ-ਲਿਖਾਈ ਦੀ ਤੱਕੜੀ ਵਿਚ ਇਨਸਾਨ ਨੂੰ ਤੋਲਨਾ ਇਨਸਾਫ ਨਹੀਂ...ਜਿਵੇਂ ਮੋਨਾ ਚੰਗੀ ਔਰਤ ਐ...ਜੋ ਖਜਾਨਾ ਉਸ ਕੋਲ ਹੈ, ਮੇਰੇ ਕੋਲ ਨਹੀਂ। ਇਸ ਲਈ ਚਿੱਕੜ ਵੀ ਕਦੀ-ਕਦੀ ਸੰਦਲ ਨਾਲੋਂ ਵਧੇਰੇ ਲਾਭਵੰਤ ਸਿੱਧ ਹੁੰਦਾ ਐ।”
“ਇਸੇ ਇਨਫੀਰੀਅਟੀ ਕੰਮਪਲੈਕਸ (ਹੀਣ ਭਾਵਨਾ) ਨੇ ਤੇਰੀ ਮੱਤ ਮਾਰ ਦਿੱਤੀ ਏ¸ ਪਤਾ ਈ ਕੀ ਕਹਿ ਰਹੀ ਏਂ ਤੂੰ?”
“ਠੀਕ ਈ ਕਹਿ ਰਹੀ ਆਂ¸ ਵਰਨਾ ਉਹ ਤੁਹਾਨੂੰ ਇੰਜ ਖੋਹ ਕੇ ਨਾ ਲੈ ਜਾਂਦੀ।”
“ਬਕਵਾਸ! ਮੇਰਾ ਕਦੀ ਕੋਈ ਕੁਛ ਨਹੀਂ ਲੈ ਗਿਆ।”
“...ਕੁਛ ਨਾ ਸਹੀ, ਪਰ ਮਲਾਈ ਤਾਂ ਲਾਹ ਕੇ ਲੈ ਈ ਗਈ।” ਉਹ ਖਿੜ-ਖਿੜ ਕਰਕੇ ਹੱਸੀ। ਉਸਦੀਆਂ ਅੱਖਾਂ ਵਿਚ ਇਕ ਅਜੀਬ ਕਿਸਮ ਦੀ ਚਮਕ ਸੀ। ਚਿਹਰਾ ਲਾਲ-ਸੂਹਾ ਹੋਇਆ-ਹੋਇਆ ਸੀ। ਉਂਗਲਾਂ ਦੇ ਪੋਟੇ ਠੰਡੇ-ਯੱਖ ਸਨ ਤੇ ਹਥੇਲੀਆਂ ਪਸੀਨੇ ਨਾਲ ਤਰ।...ਅੱਗ ਤੇ ਪਾਣੀ ਦੇ ਇਸ ਬੇਰਹਿਮ ਸੁਮੇਲ ਸਦਕਾ ਉਸਦੀ ਹਾਲਤ ਬੜੀ ਅਜੀਬ ਜਿਹੀ ਹੋ ਗਈ ਸੀ।
“ਫੇਰ ਹੁਣ ਕੀ ਇਰਾਦਾ ਏ ਤੇਰਾ?” ਮਾਜਿਦ ਨੇ ਖਿਝ ਕੇ ਪੁੱਛਿਆ।
“ਤੁਸੀਂ ਉਸ ਨਾਲ ਸ਼ਾਦੀ ਕਰ ਲਓ...ਦੇਖੋ, ਦੇਖੋ¸ ਠੰਡੇ ਦਿਲ ਨਾਲ ਗੱਲ ਸੁਣੋ। ਤੁਸੀਂ ਜੇ ਤੱਤੇ ਤਵੇ 'ਤੇ ਬੈਠ ਜਾਓ ਤੇ ਇਹ ਕਹੋ ਕਿ ਉਸਦਾ ਜਿਸਮ ਜ਼ਿਆਦਾ ਹੁਸੀਨ ਨਹੀਂ, ਤਾਂ ਵੀ ਮੈਂ ਯਕੀਨ ਨਹੀਂ ਕਰਾਂਗੀ।”
“ਦੁਨੀਆਂ ਵਿਚ ਕਰੋੜਾਂ ਔਰਤਾਂ ਦੇ ਜਿਸਮ ਉਸ ਨਾਲੋਂ ਵੀ ਜ਼ਿਆਦਾ...ਉਸ ਨਾਲੋਂ ਕਿਤੇ ਵਧੇਰੇ ਦਿਲ-ਖਿੱਚ ਤੇ ਹੁਸੀਨ ਨੇ ਪਰ ਇਸਦਾ ਇਹ ਮਤਲਬ ਤਾਂ ਨਹੀਂ ਕਿ ਮੈਂ ਅਕਲ ਦੇ ਸਾਰੇ ਦਰਵਾਜ਼ੇ ਬੰਦ ਕਰਕੇ ਜਿਉਂਦਾ ਰਹਿ ਸਕਦਾ ਆਂ। ਇਹ ਨਾਦਰਸ਼ਾਹੀ ਹੁਕਮ ਦੇਣ ਦਾ ਤੈਨੂੰ ਕੋਈ ਹੱਕ ਨਹੀਂ। ਜਰਾ ਸੋਚ, ਤੂੰ ਮੈਨੂੰ ਕਿੰਜ ਬੁਰੀ ਤਰਾਂ ਠੁਕਰਾ ਰਹੀ ਏਂ?...ਜੇ ਇਵੇਂ ਹੀ ਸੀ ਤਾਂ ਤੂੰ ਉਸ ਵੇਲੇ ਫ਼ੈਸਲਾ ਕਿਉਂ ਨਹੀਂ ਸੀ ਕੀਤਾ ਜਦੋਂ...”
“ਉਦੋਂ ਔਰਤ ਦਾ ਸਵੈਮਾਨ ਸਾਹਮਣੇ ਆਣ ਖਲੋਤਾ ਸੀ, ਤੇ ਮੇਰੀ ਅਕਾਲ 'ਤੇ ਪਰਦਾ ਪੈ ਗਿਆ ਸੀ। ਤੁਹਾਡੇ ਉੱਪਰ ਏਨਾ ਹੱਕ ਸਮਝਦੀ ਸਾਂ ਕਿ ਅੰਦਾਜ਼ਾ ਵੀ ਨਹੀਂ ਲਾ ਸਕੀ ਕਿ ਤੁਹਾਨੂੰ ਜਿੱਤ ਨਹੀਂ ਸਕਾਂਗੀ। ਹੁਣ ਤੁਹਾਨੂੰ ਅਧੂਰਾ ਮਹਿਸੂਸ ਕਰਕੇ ਇਸ ਫ਼ੈਸਲੇ 'ਤੇ ਪਹੁੰਚੀ ਆਂ ਕਿ ਇਹ ਮੇਰੀ ਖ਼ੁਦਗਰਜੀ ਤੇ ਕਮੀਨਾਪਣ ਹੈ ਕਿ ਤੁਹਾਡੇ ਵੰਡਾਰੇ ਉੱਪਰ ਤੁਲ ਗਈ ਆਂ। ਦੂਸਰਾ ਵਾਕਈ ਉਸ ਵੇਲੇ ਹੱਦ ਤੋਂ ਵਧ ਖ਼ੁਦਗਰਜ ਹੋ ਗਈ ਸਾਂ ਕਿ ਤੁਹਾਨੂੰ ਗੰਵਾਅ ਬੈਠਣ ਤੋਂ ਬਾਅਦ ਕਿਤੇ ਮੇਰੇ ਔਰਤਪੁਣੇ ਉੱਤੇ ਉਂਗਲਾਂ ਨਾ ਉਠਣ ਲੱਗ ਪੈਣ। ਲੋਕੀ ਤੁਹਾਨੂੰ ਮਾੜਾ ਤਾਂ ਆਖਦੇ ਈ, ਨਾਲ ਈ ਮੇਰੇ ਉੱਪਰ ਵੀ ਤਰਸ ਖਾਂਦੇ। ਉਫ਼ ਅੱਲਾ, ਆਪਣੇ ਉੱਤੇ ਤਰਸ ਖਾਂਦਿਆਂ ਕਿੰਜ ਦੇਖਦੀ ਦੁਨੀਆਂ ਨੂੰ!” ਬੜਾ ਹੀ ਬੋਦਾ ਤੇ ਮੂਰਖਤਾ ਭਰਿਆ ਘੁਮੰਡ ਸੀ, ਹਾਰ ਤੋਂ ਬਚਣ ਲਈ ਪੈਂਤਰੇ ਬਾਜੀ 'ਤੇ ਉਤਰ ਆਇਆ! ਮੈਨੂੰ ਆਪਣੇ ਆਪ ਉੱਤੇ ਭਰੋਸਾ ਸੀ ਕਿ ਮੈਂ ਉਲਟੀ ਹੋਈ ਕੌਡੀ ਨੂੰ ਪਲਟ ਦਿਆਂਗੀ। ਤੁਸੀਂ ਵੀ ਮੇਰੇ ਰਹੋਗੇ ਤੇ ਤੁਹਾਡੀ ਬੱਚੀ ਨੂੰ ਮਮਤਾ ਦੇ ਕੇ ਸ਼ਾਇਦ ਇਸ ਜ਼ਿਆਦਤੀ ਦਾ ਬਦਲਾ ਵੀ ਲਾਹ ਸਕਾਂਗੀ, ਜਿਹੜੀ ਮੈਂ ਬਾਂਝ ਹੋ ਕੇ ਤੁਹਾਡੇ ਨਾਲ ਕੀਤੀ ਏ।”
“ਤੂੰ ਆਪਣੀ ਜਾਨੇ, ਆਪਣੀ ਹਿੱਕ ਉੱਪਰ ਦੁਹਥੜਾਂ ਮਾਰ ਕੇ ਪਸ਼ਚਾਤਾਪ ਕਰ ਰਹੀ ਏਂ?”
“... ... ...”
“ਤਾਂ ਤੂੰ ਫ਼ੈਸਲਾ ਕਰ ਲਿਆ ਏ ਕਿ ਆਪਣੇ ਜ਼ਮੀਰ ਦੀਆਂ ਫ਼ਿਟਕਾਰਾਂ ਤੋਂ ਬਚਣ ਲਈ ਤੇ ਆਪਣੀ ਦਿਮਾਗ਼ੀ ਸ਼ਾਂਤੀ ਲਈ ਮੇਰੀ ਬਲੀ ਚੜ੍ਹਾਅ ਦਏਂਗੀ?”
“ਹਾਸੇ ਮਜਾਕ ਵਜੋਂ ਨਹੀਂ, ਬੜਾ ਸੋਚ ਵਿਚਾਰ ਕੇ ਮੈਂ ਇਹ ਫ਼ੈਸਲਾ ਲੈ ਸਕੀ ਆਂ।”
“ਤਾਂ ਹੁਣ ਤੂੰ ਮੈਨੂੰ ਦੇ-ਦੇਣ ਲਈ ਪੂਰੀ ਤਰਾਂ ਤਿਆਰ ਏਂ?”
ਆਬਿਦਾ ਚੁੱਪ ਰਹੀ। ਉਹ ਫੇਰ ਪਤਾ ਨਹੀਂ ਕਿਹੜੀਆਂ ਸੋਚਾਂ ਵਿਚ ਗੁਆਚ ਗਈ ਸੀ!
“ਕੀ ਹੋਰ ਕੋਈ ਰਾਸਤਾ ਨਹੀਂ? ਤੇਰੇ ਦਿਲ ਵਿਚ ਮੇਰੇ ਲਈ ਕੋਈ ਗੁੰਜਾਇਸ਼ ਬਾਕੀ ਨਹੀਂ ਰਹੀ?”
“ਇਸ ਦੇ ਉਲਟ¸ ਮੇਰੇ ਦਿਲ ਵਿਚ ਸਿਵਾਏ, ਤੁਹਾਡੇ ਹੋਰ ਕਿਸੇ ਭਰਮ ਲਈ ਕੋਈ ਗੁੰਜਾਇਸ਼ ਨਹੀਂ। ਪਿਛਲੇ ਡੇਢ ਸਾਲ ਤੋਂ ਬਸ ਤੁਸੀਂ ਹੀ ਤੁਸੀਂ ਹੋ ਚਾਰੇ ਪਾਸੇ। ਤੁਹਾਡੇ ਨਾਲ ਨਫ਼ਰਤ, ਤੁਹਾਡੇ ਉੱਪਰ ਗੁੱਸਾ, ਤੁਹਾਡੇ ਨਾਲ ਪਿਆਰ ਤੇ ਹਮਦਰਦੀ...ਬੱਸ, ਤੁਹਾਡੇ ਨਾਲ ਹੀ ਜਾ ਮਿਲਦੇ ਨੇ ਮੇਰੀਆਂ ਸੋਚਾਂ ਦੇ ਸਾਰੇ ਸਿਰੇ।...ਤੇ ਤੁਸੀਂ ਕਹਿੰਦੇ ਹੋ, ਮੇਰੇ ਦਿਲ ਵਿਚ ਤੁਹਾਡੇ ਲਈ ਕੋਈ ਗੁੰਜਾਇਸ਼ ਨਹੀਂ! ਤੁਹਾਡੇ ਬਾਰੇ ਮੈਂ ਏਨਾਂ ਸੋਚਿਆ ਹੈ, ਜੇ ਓਨਾ ਖ਼ੁਦਾ ਬਾਰੇ ਸੋਚਦੀ ਤਾਂ ਲਾਜ਼ਮੀ ਪੈਗ਼ੰਬਰ ਦਾ ਰੁਤਬਾ (ਦਰਜਾ) ਪ੍ਰਾਪਤ ਕਰ ਲੈਂਦੀ। ਪਰ ਤੁਹਾਨੂੰ ਨਾ ਪਾ ਸਕੀ।”
“ਪਾਉਂਦੀ ਤਾਂ ਤਦ ਜੇ ਗਵਾਚਿਆ ਹੁੰਦਾ। ਅੱਛਾ, ਤੂੰ ਕਿਹਾ ਸੀ ਤੇਰੇ ਦਿਲ ਵਿਚ ਮੇਰੇ ਲਈ ਗੁੱਸਾ ਵੀ ਹੈ, ਤੇ ਪਿਆਰ ਵੀ। ਇਸ ਦਾ ਮਤਲਬ ਇਹ ਹੋਇਆ ਕਿ ਮੈਂ ਤੇਰੇ ਦਿਲ ਵਿਚ ਅਜੇ ਵੀ ਜਿਊਂਦਾ ਹਾਂ¸ ਫੇਰ ਜਿਊਂਦੇ ਨੂੰ ਦਫ਼ਨ ਕਰਨ ਦਾ ਫ਼ੈਸਲਾ ਕਿੰਜ ਕਰ ਲਿਆ ਏ ਤੂੰ?...ਆਬਿਦਾ, ਮੇਰੀ ਜਾਨ! ਕੀ ਤੇਰਾ ਜਿਸਮ ਮੈਨੂੰ ਕਦੀ ਨਹੀਂ ਬੁਲਾਂਦਾ?”
“ਨਹੀਂ ਬੁਲਾਂਦਾ...? ਮੇਰਾ ਜਿਸਮ ਤੁਹਾਡੇ ਜਿਸਮ ਦੀ ਛੋਹ ਲਈ ਤਰਸ ਗਿਆ ਏ।”
“ਫੇਰ ਜਦੋਂ ਮੈਂ ਹੱਥ ਲਾਉਂਦਾਂ ਤਾਂ...?”
“ਤਾਂ...ਤਾਂ ਪਤਾ ਨਹੀਂ ਕੀ ਹੋ ਜਾਂਦਾ ਏ!” ਸ਼ਾਇਦ ਉਹ ਆਪਣੇ ਇਨਫੀਰੀਅਰਟੀ ਕੰਪਲੈਕਸ ਕਾਰਨ ਝਿਜਕ ਕੇ ਸਿਲ-ਪੱਥਰ ਹੋ ਜਾਂਦੀ ਹੈ।
“ਆਬਿਦਾ!” ਮਾਜਿਦ ਨੂੰ ਉਸਦੀ ਓਪਰੀ-ਜਿਹੀ ਤੱਕਣੀ ਤੋਂ ਭੈ ਆਉਣ ਲੱਗਾ, “ਮੇਰੇ ਕੋਲ ਆ...ਏਧਰ!” ਉਹ ਖਿੜਕੀ ਕੋਲ ਉਸ ਵੱਲ ਪਿੱਠ ਕਰੀ ਖੜ੍ਹੀ ਸੀ।
“ਆਬਿਦਾ!”
“ਇਹ ਸਾਰਾ ਝੰਜਟ ਉਦੋਂ ਹੀ ਮੁੱਕ ਜਾਂਦਾ!”
“ਮੈਂ ਤੇਰੇ ਬਿਨਾਂ ਜਿਊਂਦਾ ਨਹੀਂ ਰਹਿ ਸਕਦਾ!”
“ਤੁਸੀਂ ਇਹੀ ਕਹਿੰਦੇ, ਤੇ ਜਾਨ ਦੇਣ ਲਈ ਤੁਲ ਜਾਂਦੇ ਪਰ ਸਾਰੇ ਤੁਹਾਨੂੰ ਬਚਾਅ ਕੇ ਸਮਝਾਉਂਦੇ 'ਮਰਨ ਵਾਲਿਆਂ ਨਾਲ ਕੋਈ ਨਹੀਂ ਮਰਦਾ।' ਤੇ ਤੁਸੀਂ ਸਮਝ ਜਾਂਦੇ। ਫੇਰ ਤੁਸੀਂ ਇੰਜ ਆਪਣੇ ਜੀਵਨ ਦੇ ਦੋ ਟੁਕੜੇ ਕਰ ਦੇਣ ਲਈ ਮਜਬੂਰ ਨਾ ਹੁੰਦੇ। ਤੁਸੀਂ ਆਪਣੇ ਅਰਥਾਂ ਵਿਚ ਜਿਊਂਦੇ ਰਹਿੰਦੇ। ਤੁਸੀਂ, ਤੁਹਾਡੀ ਬੀਵੀ ਤੇ ਬੱਚੀ।”
“ਬੰਦ ਕਰ ਇਹ ਬਕਵਾਸ, ਖ਼ੁਦਾ ਦੇ ਵਾਸਤੇ! ਤੈਨੂੰ ਕੀ ਹੋ ਗਿਆ ਏ?”
“ਉਹ ਵੀ ਬੜੀ ਸ਼ਰਮਿੰਦੀ ਹੁੰਦੀ। ਤੇ ਕੋਈ ਵੱਡੀ ਗੱਲ ਨਹੀਂ, ਮੇਰੀ ਸ਼ੁਕਰਗੁਜਾਰ ਵੀ ਹੁੰਦੀ ਕਿ ਮੈਂ ਉਸਨੂੰ ਜ਼ਿੰਦਗੀ ਸੰਵਾਰਨ ਦਾ ਇਕ ਚਾਂਸ ਦਿੱਤਾ ਏ¸ ਫੇਰ ਸ਼ਇਦ ਉਸਦਾ ਨਾਂ ਬਜਾਏ ਕੈਥੀ ਦੇ ਸਬਿਹਾ ਰੱਖ ਦੇਂਦੀ।”
ਮਾਜਿਦ ਦਾ ਸਿਰ ਚਕਰਾ ਰਿਹਾ ਸੀ ਤੇ ਅੱਖਾਂ ਸਾਹਮਣੇ ਰੰਗ-ਬਿਰੰਗੇ ਦਾਇਰੇ ਚੱਕਰ ਕੱਟ ਰਹੀ ਸਨ।
“ਜਦੋਂ ਪਹਿਲੀ ਵਾਰੀ ਮੈਨੂੰ ਪਤਾ ਲੱਗਿਆ ਤਾਂ ਮੈਂ ਮਰਨ ਦਾ ਇਰਾਦਾ ਕਰਕੇ ਸਮੁੰਦਰ ਵੱਲ ਚਲੀ ਗਈ, ਪਰ ਮੇਰੀ ਹਿੰਮਤ ਜਵਾਬ ਦੇ ਗਈ। ਇਕ ਵਾਰੀ ਸਮੁੰਦਰ ਵਿਚ ਨਹਾਉਂਦਿਆਂ ਹੋਇਆਂ ਮੇਰਾ ਪੈਰ ਤਿਲ੍ਹਕ ਗਿਆ ਸੀ ਤੇ ਮੈਂ ਖੂਬ ਗੋਤੇ ਖਾਧੇ ਸਨ, ਨੱਕ-ਮੂੰਹ ਵਿਚ ਪਾਣੀ ਪੈ ਗਿਆ ਸੀ। ਇਸ ਲਈ ਮੈਂ ਡਰ ਗਈ¸ ਮੌਤ ਤੋਂ ਨਹੀਂ, ਮੌਤ ਵੱਲ ਜਾਣ ਤੋਂ...”
ਉਹ ਖਿੜਕੀ ਦੇ ਬਾਹਰ ਸੁੰਨ ਵਿਚ ਪਤਾ ਨਹੀਂ ਕੀ ਲੱਭ ਰਹੀ ਸੀ ?...ਸ਼ਾਇਦ ਉਹਨਾਂ ਸੁਪਨਿਆਂ ਦੇ ਪਰਛਾਵੇਂ, ਜਿਹੜੇ ਟੁੱਟ ਚੁੱਕੇ ਸਨ। ਉਸਦੇ ਚਿਹਰੇ ਉੱਤੇ ਇਕ ਨਵੀਂ ਥਕਾਨ ਸੀ। ਮਾਜਿਦ ਨੇ ਅੱਖਾਂ ਮੀਚ ਲਈਆਂ ਤੇ ਸਿਰ ਸਿਰਹਾਣੇ ਉੱਪਰ ਟਿਕਾਅ ਦਿੱਤਾ।
ਕਿਸ ਗੁਲਾਬੀ ਤਿੱਤਰੀ ਵਾਂਗ ਉਸਦਾ ਦੁੱਪਟਾ ਫੜਫੜਾ ਰਿਹਾ ਸੀ¸ ਉਸਦੀਆਂ ਪੁਤਲੀਆਂ ਉਤੋਂ ਤਿਲ੍ਹਕ ਕੇ ਉਹ ਬੜੀ ਦੂਰ ਚਲੀ ਗਈ। ਏਨੀ ਦੂਰ ਕਿ ਮਾਸ ਦਾ ਇਕ ਬੁੱਤ ਜਿਹਾ ਬਣ ਗਿਆ।
“ਆਬਿਦਾ!” ਉਸਨੇ ਗਲ਼ੇ ਦੀਆਂ ਗਹਿਰਾਈਆਂ ਵਿਚੋਂ ਉਸਨੂੰ ਆਵਾਜ਼ ਦਿੱਤੀ¸ ਪਰ ਕੋਈ ਧੁਨੀ ਪੈਦਾ ਨਹੀਂ ਹੋਈ। ਉਸਨੇ ਤ੍ਰਭਕ ਕੇ ਅੱਖਾਂ ਖੋਹਲ ਦਿੱਤੀਆਂ। ਆਬਿਦਾ ਦੀ ਦੇਹ ਖਿੜਕੀ 'ਚੋਂ ਬਾਹਰ ਵੱਲ ਉੱਲਰੀ ਹੋਈ ਸੀ।
“ਆਬਿਦਾ!”
ਉਹ ਤ੍ਰਭਕੀ ਪਰ ਦੂਜੇ ਹੀ ਪਲ ਮਾਜਿਦ ਨੇ ਉਸਨੂੰ ਆਪਣੀਆਂ ਬਾਹਾਂ ਵਿਚ ਜਕੜ ਲਿਆ।
“ਕੀ ਹੋਇਆ ਮੱਜੂ!” ਉਹ ਉਸਦੀਆਂ ਫ਼ੈਲੀਆਂ ਹੋਈਆਂ ਅੱਖਾਂ ਦੇਖ ਕੇ ਸਹਿਮ ਗਈ।
“ਤੂੰ-ਤੂੰ¸ ਇਸ ਖਿੜਕੀ ਵਿਚੋਂ...!”
“ਖਿੜਕੀ ਵਿਚੋਂ?”
“ਹਾਂ¸ ਆਬਿਦਾ¸” ਉਸਦੇ ਮੱਥੇ ਉੱਪਰ ਪਸੀਨੇ ਦੀਆਂ ਬੂੰਦਾ ਚਮਕਣ ਲੱਗੀਆਂ।
“ਓ-ਅ ਤੁਸੀਂ ਸਮਝੇ, ਮੈਂ ਇਸ ਖਿੜਕੀ ਵਿਚੋਂ ਛਾਲ ਮਾਰ ਕੇ ਖੁਦਕਸ਼ੀ ਕਰਨ ਲੱਗੀ ਆਂ?”
“ਹਾਂ, ਮੇਰੀ ਜਾਨ ਨਿਕਲ ਗਈ ਸੀ ਆਬਿਦਾ...ਤੂੰ...।”
ਉਸਦੀ ਦੇਹ ਦੀ ਲਚਕ ਫੇਰ ਫੌਲਾਦੀ ਤਾਰਾਂ ਵਿਚ ਬਦਲ ਗਈ।
“ਪਰ ਇਹ ਖਿੜਕੀ ਤਾਂ ਜ਼ਮੀਨ ਤੋਂ ਤਿੰਨ ਫੁੱਟ ਉੱਚੀ ਵੀ ਨਹੀਂ। ਇੱਥੋਂ ਡਿੱਗ ਤੇ ਤਾਂ ਮੇਰੇ ਪੈਰ ਵਿਚ ਮੋਚ ਆਉਣ ਦਾ ਖਤਰਾ ਵੀ ਨਹੀਂ।” ਉਹ ਹੱਸ ਪਈ।
ਮਾਜਿਦ ਦੇ ਹੱਥਾਂ ਵਿਚ ਜ਼ਹਿਰੀਲੇ ਕੰਡੇ ਖੁਭ ਗਏ।
“ਜੇ ਇਹ ਖਿੜਕੀ ਬਜਾਏ ਤਿੰਨ ਦੇ ਤੀਹ ਫੁੱਟ ਉੱਚੀ ਹੁੰਦੀ¸ ਫੇਰ? ਫੇਰ¸ ਓ-ਅ ਖ਼ੁਦਾ!”
“ਫੇਰ, ਤੁਸੀਂ ਮੈਨੂੰ ਹੇਠਾਂ ਸੁੱਟ ਦਿੰਦੇ !” ਉਸਦੀ ਆਵਾਜ਼ ਵਿਚ ਮਿਠਾਸ ਸੀ।
“ਆਬਿਦਾ!”
“ਤੇ ਲੋਕ ਸਮਝਦੇ ਕਿ ਦਿਲ ਟੁੱਟ ਜਾਣ ਕਰਕੇ ਮੈਂ ਖੁਦਕਸ਼ੀ ਕਰ ਲਈ ਏ।” ਉਹ ਬੁੱਲ੍ਹੀਆਂ ਵਿਚ ਮੁਸਕਰਾ ਰਹੀ ਸੀ।
“ਤੂੰ-ਤੂੰ ਸਮਝਦੀ ਏਂ¸” ਉਸਦੀ ਆਵਾਜ਼ ਵਿਚ ਉਲਾਂਭਾ ਨਹੀਂ, ਥਕਾਵਟ ਭਰੀ ਹੋਈ ਸੀ।
“ਸਮਝਣਾ ਤਾਂ ਨਹੀਂ ਚਾਹੁੰਦੀ ਮਾਜਿਦ! ਪਰ ਮੈਂ ਹਾਰ ਗਈ ਆਂ।” ਉਹ ਹੱਸੀ, “ਹੁਣ ਤੁਸੀਂ ਠੀਕ ਹੋ ਗਏ ਓ, ਮੈਂ ਇੱਥੇ ਬੇਕਾਰ ਕਿਉਂ ਤੁਹਾਡੀ ਉਲਝਣ ਦਾ ਕਾਰਨ ਬਣੀ ਬੈਠੀ ਰਹਾਂ?” ਉਸਦੀ ਆਵਾਜ਼ ਵਿਚ ਅਥਾਹ ਨਰਮੀ ਸੀ।
ਉਹ ਵੀਰਾਨ-ਸੁੰਨੀਆਂ ਅੱਖਾਂ ਨਾਲ ਚੁੱਪਚਾਪ ਉਸ ਵੱਲ ਦੇਖਦਾ ਰਿਹਾ।
“ਹਮੀਦਾ ਨੇਰੋਬੀ ਜਾਂਦਿਆਂ ਏਧਰ ਹੋ ਕੇ ਜਾਏਗੀ। ਮੈਂ ਉਸਨੂੰ ਲਿਖ ਦਿਆਂ ਕਿ ਅੰਮੀ ਜਾਨ ਨੂੰ ਮੇਰੀ ਜ਼ਰੂਰਤ ਹੈ¸ ਉਹ ਇੱਥੇ ਮਹੀਨਾ ਕੁ ਪਹਿਲਾਂ ਆ ਜਾਏ¸ ਉਸਦੇ ਆਉਣ ਨਾਲ ਰੌਣਕ ਹੋ ਜਾਏਗੀ।”
ਉਹ ਫੇਰ ਵੀ ਚੁੱਪ ਰਿਹਾ।
“ਫੇਰ ਤੁਸੀਂ ਕੁਝ ਦਿਨਾਂ ਲਈ ਬੰਗਲੌਰ, ਅਮੀਨਾ ਖਾਲਾ ਕੋਲ ਚਲੋ ਜਾਣਾ।”
“ਫੇਰ?”
“ਅੰਮੀ ਨੂੰ ਬਰਸਾਤ ਦੇ ਮੌਸਮ ਵਿਚ ਬੜੀ ਤੰਗੀ ਹੁੰਦੀ ਏ।”
“ਤੂੰ ਜਾਣਾ ਚਾਹੁੰਦੀ ਏਂ?”
“ਮਕਾਨ ਦੀ ਮੁਰੰਮਤ ਵੀ ਜ਼ਰੂਰੀ ਐ। ਮੈਂ ਸੋਚਦੀ ਆਂ ਜੇ ਵੱਡੇ ਅੱਬਾ ਵਾਲਾ ਘਰ ਵਿਕ ਜਾਏ ਤਾਂ ਡਾਕਟਰ ਦਾ ਬਿੱਲ ਤੇ ਸ਼ੰਕਰ ਦੇ ਪੈਸੇ ਸਿਰੋਂ ਲੱਥ ਜਾਣ।”
“ਮੇਰੀ ਗੱਲ ਦਾ ਜਵਾਬ ਦੇਅ, ਤੂੰ ਜਾਣਾ ਚਾਹੁੰਦੀ ਏਂ?”
“ਮੈਂ-ਮੈਂ ਸੋਚਦੀ ਆਂ ਜੇ...!”
“ਕੀ?”
ਉਹ ਚੁੱਪ ਹੋ ਕੇ ਆਪਣੇ ਦੁਪੱਟੇ ਦੀਆਂ ਸਿਲਵਟਾਂ ਕੱਢਣ ਲੱਗ ਪਈ।
“ਤੂੰ ਡਰਦੀ ਏਂ ਕਿ ਅਮਰੀਕਨ ਫ਼ਿਲਮਾਂ ਵਾਂਗ ਕਿਤੇ ਮੈਂ ਤੈਨੂੰ ਕਤਲ...”
“...ਨਹੀਂ, ਮੈਂ ਮਰਨ ਤੋਂ ਨਹੀਂ ਡਰਦੀ ਮਾਜਿਦ¸ ਮ-ਮੈਨੂੰ ਆਪਣੀ ਦਿਮਾਗ਼ੀ ਹਾਲਤ ਉੱਤੇ ਸ਼ੱਕ ਹੋਣ ਲੱਗ ਪਿਆ ਏ। ਮੇਰੀ ਦੇਹ¸ ਓ-ਅ, ਮੈਂ ਕੀ ਦੱਸਾਂ। ਕੀ ਤੁਹਾਨੂੰ ਕੁਝ ਮਹਿਸੂਸ ਨਹੀਂ ਹੁੰਦਾ?”
“ਤੈਨੂੰ ਆਪਣੀ ਦਿਮਾਗ਼ੀ ਹਾਲਤ 'ਤੇ ਸ਼ੱਕ ਹੋ ਗਿਆ ਏ¸ ਜਾਂ ਮੇਰੇ ਉੱਤੇ?”
“ਦੋਏ ਗੱਲਾਂ ਈ ਨੇ। ਮੱਜੂ ਮੇਰੀ ਜਾਨ! ਅਸੀਂ ਦੋਏ ਜਿਹਨਾਂ ਹਾਲਤਾਂ ਵਿਚੋਂ ਲੰਘੇ ਆਂ, ਉਹ ਬੜੀ ਕੌੜੀ ਸਚਾਈ ਏ।”
“ਜਾਣਦਾਂ, ਜੋ ਤੇਰੇ 'ਤੇ ਬੀਤੀ ਏ¸ ਦੁਨੀਆਂ ਦੀ ਕਿਸੇ ਹੋਰ ਔਰਤ 'ਤੇ ਨਹੀਂ ਬੀਤੀ।” ਅਚਾਨਕ ਮਾਜਿਦ ਦਾ ਚਿਹਰਾ ਸੁਰਖ ਹੋ ਗਿਆ।
“ਇਹ ਤਾਂ ਮੈਂ ਨਹੀਂ ਕਹਿੰਦੀ, ਪਰ ਸ਼ਾਇਦ ਮੈਂ ਦੂਸਰੀਆਂ ਔਰਤਾਂ ਵਾਂਗ ਪੂਰੀ ਨਹੀਂ। ਮੇਰਾ ਦਿਲ ਛੋਟਾ ਏ। ਈਰਖਾ ਨਾਲ ਭਰਿਆ ਹੋਇਆ ਏ।”
“ਆਬਿਦਾ, ਮੈਂ ਗੁਨਾਹ ਕੀਤਾ¸ ਉਸਨੂੰ ਮੰਨ ਲਿਆ¸ ਤੋਬਾ ਕੀਤੀ!”
ਅੱਕ ਕੇ ਆਬਿਦਾ ਨੇ ਮੇਜ਼ ਤੋਂ ਗਿਲਾਸ ਚੁੱਕਿਆ ਤੇ ਫ਼ਰਸ਼ ਉੱਤੇ ਸੁੱਟ ਦਿੱਤਾ। ਕੱਚ ਦੇ ਟੁੱਕੜੇ ਇਧਰ-ਉਧਰ ਖਿੱਲਰ ਗਏ।
“ਜੇ ਹੁਣ ਮੈਂ ਆਪਣੀ ਗ਼ਲਤੀ ਮੰਨ ਲਵਾਂ¸ ਕੀ ਇਹ ਟੁਕੜੇ ਜੁੜ ਜਾਣਗੇ?”
“ਤਾਂ ਤੂੰ ਜਾਣਾ ਚਾਹੁੰਦੀ ਏਂ¸ ਚਾਹੇ ਫੇਰ ਟੁਕੜੇ ਜੁੜਨ ਜਾਂ ਕੂੜੇ ਦੇ ਢੇਰ 'ਤੇ ਸੂੱਟ ਦਿੱਤੇ ਜਾਣ?”
“ਵਕਤ ਸਾਰੇ ਜਖ਼ਮ ਭਰ ਦੇਂਦਾ ਏ। ਤੁਹਾਡੀ ਬਿਮਾਰੀ ਦੇ ਕਾਰਨ...ਸ਼ਇਦ ਕੱਚੇ ਖਰ੍ਹੀਂਡ ਉੱਚੜ ਗਏ ਨੇ।”
“ਆਬਿਦਾ¸ ਜਾਣਦੀ ਏਂ ਕਦੀ ਮੈਂ ਕੀ ਸੋਚਦਾ ਹੁੰਦਾ ਸਾਂ?”
“ਕੀ?”
“ਕਿ ਜੇ ਤੂੰ ਕਦੀ ਮੇਰੇ ਨਾਲ ਬੇਵਫ਼ਾਈ ਕੀਤੀ ਤਾਂ ਖ਼ੁਦਾ-ਕਸਮ, ਤੇਰਾ ਗਲ਼ਾ ਘੁੱਟ ਦਿਆਂਗਾ ਤੇ ਫੇਰ ਆਪਣੇ ਗੋਲੀ ਮਾਰ ਲਵਾਂਗਾ। ਪਰ ਹੁਣ...”
“ਹੁਣ...?”
“ਹੁਣ ਮੈਂ ਦੁਆ ਮੰਗਦਾਂ ਕਿ ਕਾਸ਼, ਤੇਰੇ ਕਦਮ ਲੜਖੜਾ ਜਾਣ। ਤੂੰ ਮੇਰੇ ਨਾਲ ਦਗ਼ਾ ਕਰੇਂ¸ ਤੇ ਤੱਕੜੀ ਦੇ ਦੋਏ ਪਾਲੜੇ ਬਰੋਬਰ ਹੋ ਜਾਣ। ਤੂੰ ਵੀ ਏਨੀ ਪਲੀਤ ਹੋ ਜਾਏਂ। ਫੇਰ ਅਸੀਂ ਦੋਏ ਬਰਾਬਰ ਹੋ ਜਾਈਏ...ਇਹ ਦੂਰੀ ਮਿਟ ਜਾਏ।”
“ਇਸੇ ਲਈ ਮੈਂ ਕਹਿੰਦੀ ਆਂ, ਸਾਨੂੰ ਇਕੱਠੇ ਨਹੀਂ ਰਹਿਣਾ ਚਾਹੀਦਾ। ਵਰਨਾ ਉਹ ਹੋ ਜਾਏਗਾ, ਜੋ ਨਹੀਂ ਹੋਣਾ ਚਾਹੀਦਾ।” ਉਸਦੇ ਸਾਹਾਂ ਦੀ ਗਤੀ ਏਨੀ ਤੇਜ਼ ਹੋ ਗਈ, ਜਿਵੇਂ ਖਾਸੀ ਲੰਮੀ ਦੌੜ ਲਾ ਕੇ ਆਈ ਹੋਏ।
“ਹਮੀਦਾ ਨੂੰ ਲਿਖ ਦੇ, ਮੇਰੇ ਗਰਮ ਕੱਪੜੇ ਲੈਂਦੀ ਆਏ¸ ਬੰਗਲੌਰ ਵਿਚ ਠੰਡ ਹੋਏਗੀ।” ਮਾਜਿਦ ਨੇ ਪਾਸਾ ਪਰਤ ਕੇ ਕੰਧ ਵੱਲ ਮੂੰਹ ਕਰ ਲਿਆ।
ਆਬਿਦਾ ਛੇਤੀ-ਛੇਤੀ ਪਲੇਟਾਂ-ਚਮਚੇ ਗਿਣ ਕੇ ਅਲਮਾਰੀ ਵਿਚ ਰੱਖ ਰਹੀ ਸੀ। ਫਾਲਤੂ ਤੌਲੀਏ, ਚਾਦਰਾਂ ਉਸਨੇ ਆਪਣੇ ਬਕਸੇ ਵਿਚ ਪਾ ਲਈਆਂ ਸਨ। ਪਤਾ ਨਹੀਂ ਕਿੰਨੇ ਦਿਨਾਂ ਦੀ ਯਤਰਾ ਹੋਏਗੀ¸ ਲੋਕ ਬੜੇ ਕਮੀਨੇ ਹੁੰਦੇ ਨੇ, ਬਹੁਕਰ ਤੀਕ ਨਹੀਂ ਛੱਡਦੇ।
ਆਬਿਦਾ ਹਮੇਸ਼ਾ ਰੰਗਲੇ ਦੁਪੱਟੇ ਲੈਂਦੀ ਹੁੰਦੀ ਸੀ। ਸਾਲ ਭਰ ਚਲ ਜਾਂਦੇ ਸਨ। ਉਸਦੇ ਉਹ ਦੁਪੱਟੇ¸ ਜਿਹੜੇ ਉਹ ਸਹੁਰਿਆਂ ਤੋਂ ਰੰਗਾਅ ਕੇ ਲਿਆਉਂਦੀ ਹੁੰਦੀ ਸੀ। ਜਦੋਂ ਰੰਗ ਫਿੱਕੇ ਪੈ ਜਾਂਦੇ ਤਾਂ ਉਹ ਆਪ ਹੀ ਉਹਨਾਂ ਨੂੰ ਰੰਗ ਕੇ ਕੁਝ ਦਿਨ ਹੋਰ ਕੰਮ ਚਲਾ ਲੈਂਦੀ। ਪਰ ਕੁਝ ਦਿਨਾਂ ਦੀ ਉਹ ਸਫੇਦ ਦੁਪੱਟਾ ਲਈ ਫਿਰਦੀ ਸੀ। ਫੇਰ ਇਕ ਦਿਨ ਸੋਨੇ ਦੀਆਂ ਚੂੜੀਆਂ ਵੀ ਲਾਹ ਦਿੱਤੀਆ ਕਿ ਜੀਅ ਅੱਕ ਗਿਆ ਏ। ਮਾਜਿਦ ਚੋਰ ਅੱਖ ਨਾਲ ਦੇਖਦਾ ਤਾਂ ਉਸਦਾ ਦਿਲ ਬੈਠਣ ਲੱਗ ਪੈਂਦਾ¸ ਅਜੇ ਤਾਂ ਮਰਿਆ ਨਹੀਂ...ਫੇਰ ਆਬਿਦਾ ਨੇ ਉਸਦਾ ਸੋਗ ਕਿਉਂ ਮਨਾਉਣਾ ਸ਼ੁਰੂ ਕਰ ਦਿੱਤਾ ਹੈ।
“ਅੰਗੂਠੀ ਕਿੱਥੇ ਐ?” ਇਹ ਅੰਗੂਠੀ ਉਸਦੀ ਮਾਂ ਨੇ ਦਿੱਤੀ ਸੀ ਕਿ ਬੇਟਾ ਦੁਲਹਨ ਦੇ ਪਾ ਕੇ ਫੇਰ ਉਸਦਾ ਮੂੰਹ ਦੇਖੀਂ।
“ਕਿਹੜੀ ਅੰਗੂਠੀ? ਉਹ, ਉਸਦਾ ਨਗ ਢਿੱਲਾ ਪੈ ਗਿਆ ਸੀ। ਸ਼ੰਕਰ ਨੂੰ ਦੇ ਦਿੱਤੀ ਏ ਠੀਕ ਕਰਾਉਣ ਲਈ।” ਮਾਜਿਦ ਨੇ ਸ਼ੰਕਰ ਤੋਂ ਪੁੱਛਿਆ ਤਾਂ ਉਹ ਭੰਵਤਰ ਗਿਆ।
“ਓ-ਅ¸ ਸ਼ਾਇਦ ਭੁੱਲ ਗਈ ਹੋਏਗੀ।” ਪਰ ਉਸਨੇ ਆਬਿਦਾ ਨਾਲ ਇਸ ਦਾ ਜ਼ਿਕਰ ਕਰਨਾ ਆਪਣੀ ਹੱਤਕ ਸਮਝਿਆ।
ਦੋਹਾਂ ਦੀ ਸ਼ਾਦੀ ਵੇਲੇ ਦੀ ਜਿਹੜੀ ਤਸਵੀਰ ਡਰੈਸਿੰਗ-ਟੇਬਲ 'ਤੇ ਪਈ ਹੁੰਦੀ ਸੀ¸ ਉਸਦਾ ਖ਼ਾਲੀ ਫਰੇਮ ਉਸਨੇ ਫੱਟੇ ਉੱਤੇ ਪਿਆ ਦੇਖਿਆ ਤੇ ਚੁੱਪਚਾਪ ਉੱਥੇ ਹੀ ਪਿਆ ਰਹਿਣ ਦਿੱਤਾ। ਰੱਦੀ ਦੀ ਟੋਕਰੀ ਵਿਚ ਉਸਨੂੰ ਸਿਰਫ ਆਬਿਦਾ ਦੀ ਤਸਵੀਰ ਦੇ ਟੁਕੜੇ ਨਜ਼ਰ ਆਏ, ਉਸਦੀ ਆਪਣੀ ਤਸਵੀਰ ਗਾਇਬ ਸੀ¸ ਤਾਂ ਆਬਿਦਾ ਇਸ ਵਾਰ ਸਾਰੇ ਰਿਸ਼ਤੇ ਤੋੜ ਕੇ ਜਾ ਰਹੀ ਹੈ!
ਫੇਰ, ਇਕ ਦਿਨ ਫੇਰ ਪਲੇਟਾਂ, ਚਮਚੇ ਸਾਈਡ ਬੋਰਡ ਉੱਤੇ ਸਜ ਗਏ। ਤੋਲੀਏ, ਚਾਦਰਾਂ ਵੱਡੇ ਸੰਦੂਕ ਵਿਚੋਂ ਨਿਕਲ ਆਈਆਂ ਤੇ ਸ਼ੰਕਰ ਨੂੰ ਕਹਿ ਕੇ ਕਲੀ ਕਰਨ ਵਾਲੇ ਬੁਲਾਏ ਗਏ।
ਪਰ ਅੰਗੂਠੀ ਤੇ ਚੂੜੀਆਂ ਵਾਪਸ ਨਾ ਆਈਆਂ।
ਡਾਕ ਆਉਂਦੀ ਤਾਂ ਆਬਿਦਾ ਇੱਲ੍ਹ ਵਾਂਗ ਝਪਟਦੀ। ਮਾਜਿਦਾ ਦੀ ਡਾਕ ਮੇਜ਼ ਉੱਤੇ ਰੱਖ ਕੇ ਗੁਸਲਖਾਨੇ ਵਿਚ ਜਾ ਬੰਦ ਹੁੰਦੀ। ਫਲੈਟ ਵਿਚ ਉਸਨੇ ਇਕ ਦਿਨ ਬਹੁਤ ਹੀ ਵਧੀਆ ਕਿਸਮ ਦੇ ਲਿਫ਼ਾਫ਼ੇ ਦੇ ਟੁਕੜੇ ਦੇਖੇ। ਪਤਾ ਬੜੇ ਸੁੰਦਰ ਅੱਖਰਾਂ ਵਿਚ ਟਾਈਪ ਕੀਤਾ ਹੋਇਆ ਸੀ। ਆਬਿਦਾ ਗੁੰਮਸੁੰਮ ਜਿਹੀ ਗੁਸਲਖਾਨੇ 'ਚੋਂ ਬਾਹਰ ਆਈ। ਫੇਰ ਗਾਦਰੇਜ ਦੀ ਅਲਮਾਰੀ ਦੇ ਲਾਕਰ ਦੇ ਖੁੱਲ੍ਹਣ ਤੇ ਬੰਦ ਹੋਣ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ।
“ਮੈਂ ਹੁਣੇ ਆਈ, ਜ਼ਰਾ ਮੋੜ ਤਕ ਜਾ ਰਹੀ ਆਂ।”
ਮਾਜਿਦ ਜਾਸੂਸੀ ਵਿਚ ਐਕਸਪਰਟ ਹੁੰਦਾ ਜਾ ਰਿਹਾ ਸੀ¸ ਉਹ ਮੋੜ ਤਕ ਨਹੀਂ, ਉਸਤੋਂ ਅੱਗੇ ਡਾਕਖਾਨੇ ਤਕ ਜਾਂਦੀ ਹੁੰਦੀ ਸੀ।
ਸ਼ਾਇਦ ਕਿਧਰੇ ਨੌਕਰੀ ਦਾ ਪ੍ਰੋਗਰਾਮ ਹੈ', ਮਾਜਿਦ ਸੋਚਦਾ। ਉਸਦੇ ਹੱਡਾਂ-ਪੈਰਾਂ ਦਾ ਦਰਦ ਫੇਰ ਜਾਗ ਪਿਆ ਸੀ। ਬਿਨਾਂ ਤਨਖ਼ਾਹ, ਛੇ ਮਹੀਨਿਆਂ ਦੀ, ਛੁੱਟੀ ਦੀ ਅਰਜੀ ਦਿੱਤੀ ਹੋਈ ਸੀ। ਆਬਿਦਾ ਨੂੰ ਅੰਮੀ ਨੇ ਜਿਹੜਾ ਦੋ ਹਜ਼ਾਰ ਦਾ ਡਰਾਫਟ ਭੇਜਿਆ ਸੀ, ਉਸ ਤੋਂ ਪਤਾ ਲੱਗਦਾ ਸੀ, ਗੁਲਰ ਨੂੰ ਫੁੱਲ ਆਉਣੇ ਸ਼ੁਰੂ ਹੋ ਗਏ ਨੇ। ਆਬਿਦਾ ਨੂੰ ਹਮੇਸ਼ਾ ਉਹ ਇਕ ਇਕ ਪੈਸਾ ਫੜਾ ਦੇਂਦਾ ਸੀ। ਪਿਛਲੀ ਤਿੰਨ ਮਹੀਨੇ ਦੀ ਛੁੱਟੀ ਦੀ ਤਨਖਾਹ ਅੱਧੀ ਹੀ ਮੰਜ਼ੂਰ ਹੋਈ ਸੀ।
“ਹਮੀਦਾ ਦਾ ਕੋਈ ਖ਼ਤ ਆਇਆ?” ਉਸਨੇ ਦਸ ਬਾਰਾਂ ਦਿਨ ਸਬਰ ਕਰਨ ਪਿੱਛੋਂ ਪੁੱਛ ਹੀ ਲਿਆ।
“ਨਹੀਂ।”
“ਕਿਉਂ?”
ਜਵਾਬ ਦੇਣ ਦੇ ਬਜਾਏ ਉਹ ਦੂਸਰੇ ਕਮਰੇ ਵਿਚ ਜਾ ਕੇ ਮਜ਼ਦੂਰਾਂ ਨੂੰ ਵੱਖ-ਵੱਖ ਕਮਰਿਆਂ ਵਿਚ ਵੱਖਰੇ-ਵੱਖਰੇ ਰੰਗਾਂ ਬਾਰੇ ਸਮਝਾਉਣ ਲੱਗ ਪਈ।
“ਮੈਂ ਕੀ ਪੁੱਛਿਆ ਸੀ?” ਉਹ ਡਰਾਇੰਗ ਰੂਮ ਵਿਚੋਂ ਲੰਘਣ ਲੱਗੀ ਤਾਂ ਮਾਜਿਦ ਨੇ ਟੋਕਿਆ।
“ਕੀ¸ਕੀ...” ਉਸਨੇ ਜ਼ਰਾ ਤੁਣਕ ਕੇ ਜਵਾਬ ਦਿੱਤਾ, “ਮੈਨੂੰ ਨਹੀਂ ਪਤਾ।”
“ਕੀ ਮਤਲਬ?”
“ਬਈ, ਕਿਉਂ ਤੰਗ ਕਰ ਰਹੇ ਓ? ਮਿਸਤਰੀ ਕਹਿੰਦਾ ਏ ਲਾਈਲਾਕ ਬੈੱਡ ਰੂਮ ਵਿਚ ਠੀਕ ਨਹੀਂ ਰਹੇਗਾ।”
“ਲਾਈਲਾਕ?”
“ਅੱਛਾ ਲਾਈਲਾਕ ਨਹੀਂ ਤਾਂ ਬਿਲਕੁਲ ਫਿੱਕਾ ਕਥਈ ਕਰ ਦਿਓ।” ਉਹ ਮਾਜਿਦ ਨੂੰ ਬਿਲਕੁਲ ਨਜ਼ਰ ਅੰਦਾਜ਼ ਕਰਕੇ ਮਿਸਤਰੀ ਨਾਲ ਸਿਰ ਖਪਾਉਣ ਲੱਗ ਪਈ।
ਪਤਾ ਨਹੀਂ ਕਿਉਂ ਮਾਜਿਦ ਦਾ ਦਿਲ ਉਦਾਸ ਜਿਹਾ ਹੋ ਗਿਆ। ਬਾਰਾਂ ਵਰ੍ਹੇ ਪਹਿਲਾਂ ਵਾਲੀ ਨਵੀਂ ਵਿਆਹੀ ਦੁਲਹਨ ਯਾਦ ਆਉਣ ਲੱਗੀ। ਰਾਤੀਂ ਸੁੱਤੀ ਪਈ ਬੁੜਬੁੜਾਉਣ ਲੱਗਦੀ...:
ਫਿੱਕੇ ਬਦਾਮੀ ਪਰਦੇ ਤਾਂ ਹਰ ਕਮਰੇ ਵਿਚ ਖਪ ਜਾਣਗੇ¸ ਪਰ ਦੀਵਾਨ ਉੱਪਰ ਬਦਾਮੀ ਕਵਰ ਹੋਣਾ ਲਾਜ਼ਮੀ ਏਂ।' ਤੇ ਉਹ ਉਸਦੀ ਘਰਬਾਰੀ ਦਾ ਮਜ਼ਾਕ ਉਡਾਉਂਦਾ।
“ਇਨਟੀਰੀਅਰ ਡੈਕੋਰੇਸ਼ਨ (ਘਰੇਲੂ ਸਜਾਵਟ) ਦਾ ਕੋਰਸ ਕਰ ਲਵਾਂ?” ਉਹ ਬੜੇ ਚਾਅ ਨਾਲ ਪੁੱਛਦੀ।
“ਛੱਡ...।”
“ਤਾਂ ਫੇਰ ਖਾਣਾ ਪਕਾਉਣ ਦਾ? ਘਰ ਵਿਚ ਵਿਹਲਿਆਂ ਵੀ ਤਾਂ ਵਕਤ ਬਰਬਾਦ ਹੁੰਦਾ ਏ।”
“ਵਾਹਯਾਤ!”
“ਤਾਂ ਫੇਰ ਤੁਹਾਡੀ ਰਾਏ ਵਿਚ ਕਿਹੜਾ ਕੋਰਸ ਠੀਕ ਰਹੇਗਾ?”
“ਇੰਟਰਕੋਰਸ (ਸੰਭੋਗ)।” ਉਹ ਉਸਨੂੰ ਛੇੜਦਾ ਤੇ ਫੜ੍ਹ ਲੈਂਦਾ।
“ਹਟੋ!” ਉਹ ਸੰਗ ਕੇ ਮੂੰਹ ਫੁਲਾ ਲੈਂਦੀ, “ਹਰ ਵੇਲੇ ਗੰਦੀਆਂ ਗੱਲਾਂ। ਛੀ...”
“ਜ਼ਿੰਦਗੀ ਦੀ ਅਤਿ ਸੁੰਦਰ ਗੱਲ ਨੂੰ, ਗੰਦੀ ਗੱਲ ਕਹਿ ਰਹੀ ਏਂ!”
ਉਸਨੇ ਇਕ ਲੰਮਾਂ ਹਊਕਾ ਲਿਆ। ਕੀ ਆਬਿਦਾ ਦੇ ਸੁਪਨੇ ਮੁੜ ਜਾਗ ਸਕਦੇ ਨੇ?
“ਹਾਂ ਕੀ ਪੁੱਛ ਰਹੇ ਸੀ?...ਬੜਾ ਬੁੱਧੂ ਏ ਇਹ ਮਿਸਤਰੀ। ਟਾਲ-ਮਟੋਲ ਕਰੀ ਜਾਂਦਾ ਪਿਆ ਸੀ।” ਉਹ ਆ ਕੇ ਬੜੀ ਸ਼ਾਨ ਨਾਲ ਕੁਰਸੀ ਉੱਤੇ ਬੈਠ ਗਈ।
“ਹਮੀਦਾ ਦਾ ਖ਼ਤ ਆਇਆ?” ਉਸਦਾ ਦਿਲ ਤਾਂ ਨਹੀਂ ਕਰਦਾ ਸੀ ਦੁਬਾਰਾ ਪੁੱਛਣ ਨੂੰ।
“ਨਹੀਂ, ਮੈਂ ਜਵਾਬ ਈ ਨਹੀਂ ਸੀ ਦਿੱਤਾ¸ ਜਿਹੜਾ ਉਸਦਾ ਖ਼ਤ ਆਉਂਦਾ। ਉਇ-ਹੋਇ...ਇਕ ਗ਼ਜ਼ਬ ਹੋ ਗਿਆ!”
“ਕੀ ਹੋਇਆ ?”
“ਮੇਰੀ ਤਾਂ ਮੱਤ ਈ ਮਾਰੀ ਗਈ ਏ। ਖ਼ੈਰ, ਰੰਗਵਾ ਲਵਾਂਗੀ।”
“ਕੀ ਬਕ ਰਹੀ ਏਂ¸ ਮੇਰੀ ਕੁਝ ਸਮਝ 'ਚ ਨਹੀਂ ਆ ਰਿਹਾ।” ਮਾਜਿਦ ਚਿੜ ਗਿਆ।
“ਬੈੱਡ-ਰੂਮ ਦੇ ਪਰਦੇ ਤਾਂ ਗੁਲਾਬੀ ਨੇ। ਬੜੇ ਚੀਪ ਲੱਗਣਗੇ। ਜ਼ਰਾ ਗੂੜ੍ਹੇ ਕਥਈ ਠੀਕ ਰਹਿਣਗੇ ਜਾਂ ਫੇਰ ਪਿਸਤੇਈ।
ਉਹ ਆਪਣੇ ਆਪ ਨਾਲ ਗੱਲਾਂ ਕਰਨ ਲੱਗੀ, ਜਿਵੇਂ ਮਾਜਿਦ ਉੱਥੇ ਸੀ ਹੀ ਨਹੀਂ।
“ਲਾਹੌਲ-ਵਲਾ-ਕੂਵੱਤ।” ਮਾਜਿਦ ਚਿੜ ਕੇ ਬੋਲਿਆ।
ਅਚਾਨਕ ਉਹ ਹੱਸ ਪਈ। ਹੱਸਦੀ-ਹੱਸਦੀ ਦੀਆਂ ਅੱਖਾਂ ਵਿਚ ਪਾਣੀ ਆ ਗਿਆ। ਫੇਰ ਬੜੇ ਪਿਆਰ ਨਾਲ ਉਸ ਵੱਲ ਤੱਕਣ ਲੱਗੀ।
“ਸਾਫ-ਸਾਫ ਕਿਉਂ ਨਹੀਂ ਪੁੱਛ ਲੈਂਦੇ ਕਿ ਮੈਂ ਜਾ ਰਹੀ ਹਾਂ ਕਿ ਨਹੀਂ...?”
ਮਾਜਿਦ ਦੇ ਸੰਘ ਵਿਚ ਗੋਲਾ ਜਿਹਾ ਫਸ ਗਿਆ।
“ਦੱਸ...।”
“ਕੀ?” ਉਹ ਫੇਰ ਸ਼ਰਾਰਤ ਉੱਤੇ ਉਤਰ ਆਈ।
“ਜਾ ਰਹੀ ਏਂ?” ਉਸਨੇ ਧੜਕਦੇ ਹੋਏ ਦਿਲ ਨਾਲ ਪੁੱਛਿਆ।
“ਨਹੀਂ।”
“ਕਿਉਂ?” ਉਸਨੇ ਬੜੀ ਮੁਸ਼ਕਲ ਨਾਲ ਭਿਚੇ ਜਿਹੇ ਗਲ਼ੇ ਵਿਚੋਂ ਪੁੱਛਿਆ। ਕਿਤੇ ਉਸਦੇ ਕੰਨਾਂ ਨੂੰ ਧੋਖਾ ਤਾਂ ਨਹੀਂ ਹੋਇਆ!
“ਮੇਰੀ ਮਰਜ਼ੀ।”
“ਤੇ¸ ਕੱਚ ਦੇ ਟੁਕੜੇ?”
“ਉਹ ਕੂੜੇਦਾਨ ਵਿਚ ਸੁੱਟ ਦਿੱਤੇ ਨੇ।” ਉਹ ਢੀਠਾਂ ਵਾਂਗ ਪੈਰ ਹਿਲਾਉਣ ਲੱਗ ਪਈ।
ਉਹ, ਚੁੱਪਚਾਪ ਅੱਖਾਂ ਸਿਕੋੜੀ ਬੈਠਾ ਉਸ ਵੱਲ ਤੱਕਦਾ ਰਿਹਾ!
ਤੇ ਫੇਰ ਉਹ ਲਿਫ਼ਾਫ਼ੇ ਦੇ ਟੁਕੜੇ...ਡਾਕਘਰ ਦੇ ਚੱਕਰ...ਤੇ ਗੋਦਰੇਜ ਦੀ ਅਲਮਾਰੀ ਦੇ ਲਾਕਰ ਦਾ ਖੜਕਾ? ਉਸਦੇ ਸਿਰ ਵਿਚ ਧਮਾਕੇ ਹੋ ਰਹੇ ਸਨ। ਹੇਠੋਂ ਦਿਲ ਨੂੰ ਜਿਵੇਂ ਕੋਈ ਉੱਪਰ ਵੱਲ ਧਰੀਕ ਰਿਹਾ ਸੀ। ਫੇਫੜਿਆਂ ਵਿਚ ਰੇਤ ਦੇ ਵਰੋਲੇ ਚੱਕਰ ਕੱਟ ਰਹੇ ਸਨ।
ਉਸਨੇ ਬਾਹਾਂ ਫ਼ੈਲਾਅ ਦਿੱਤੀਆਂ। ਆਬਿਦਾ ਦਾ ਦੁਪੱਟ ਪਿਆਜ ਦੇ ਛਿਲਕੇ ਵਾਂਗ ਮੋਢਿਆਂ ਤੋਂ ਉਤਰ ਗਿਆ।
ਨੁਰੂ ਸੱਕੇ ਦੀ ਧੀ ਆਪਣੇ ਮੈਲੇ ਬਦਬੂਦਾਰ ਦੁਪੱਟੇ ਨਾਲ ਉਸ ਦੇ ਅੱਥਰੂ ਪੂੰਝ ਰਹੀ ਸੀ। ਪਰ ਉਸਦੀਆਂ ਅੱਖਾਂ ਦੇ ਤਾਂ ਜਿਵੇਂ ਵਾਲਵ ਹੀ ਗਲ਼ ਚੁੱਕੇ ਸਨ। ਲੱਕੜ-ਬਾਲਣ ਵਾਲੀ ਕੋਠੜੀ ਦੇ ਕੱਚੇ ਫ਼ਰਸ਼ ਉੱਪਰ ਪਸੀਨੇ ਦੀਆਂ ਬੂੰਦਾਂ ਟਪਕ ਕੇ ਸਮਾਉਂਦੀਆਂ ਜਾ ਰਹੀ ਸਨ। ਉਹ ਉਸਦੇ ਅਨਾੜੀਪਣ ਉੱਤੇ ਹੱਸ ਰਹੀ ਸੀ।
ਪਰ ਆਬਿਦਾ ਹੱਸੀ ਨਹੀਂ।
ਬਾਹਰ ਨਿੱਕੀ-ਨਿੱਕੀ ਬਰਸਾਤ ਦੀ ਫੁਆਰ ਮਾਤਮ ਕਰ ਰਹੀ ਸੀ। ਮਾਜਿਦ ਮਿੱਟੀ ਦੇ ਮਾਧੋ ਵਾਂਗ ਵਿਲਕ ਰਿਹਾ ਸੀ। ਆਬਿਦਾ ਦੇ ਮਾਵਾ ਦਿੱਤੇ ਦੁਪੱਟੇ ਨਾਲ ਉਸਦੇ ਪਪੋਟੇ ਛਿੱਲੇ ਗਏ ਸਨ।
ਜਦੋਂ ਮੈਲੀ-ਮੈਲੀ ਸਵੇਰ ਹੋ ਗਈ, ਥਕਾਨ ਨਾਲ ਚੂਰ ਹੋ ਕੇ ਦੋਏ ਦਰਦ ਭਰੀ ਨੀਂਦ ਵਿਚ ਡੁੱਬ ਗਏ।
“ਤੇਰੇ ਜੇਵਰ ਕਿੱਥੇ ਨੇ?” ਮਾਜਿਦ ਨੇ ਇਕ ਦਿਨ ਪੁੱਛਿਆ।
“ਅੰਮੀ ਜਾਨ ਕੋਲ ਰੱਖ ਆਈ ਸਾਂ।” ਆਬਿਦਾ ਕੁਸ਼ਨ ਦੇ ਗਿਲਾਫ਼ ਬਦਲ ਰਹੀ ਸੀ।
“ਉਹ ਨਹੀਂ, ਜਿਹੜੇ ਤੇਰੇ ਹਮੇਸ਼ਾ ਪਾਏ ਹੁੰਦੇ ਸਨ¸ ਬੁੰਦੇ ਵਗ਼ੈਰਾ।”
“ਪਾਏ ਨੇ।”
“ਚੂੜੀਆਂ, ਅੰਗੂਠੀ?”
“ਸਭ ਕੁਝ ਪਿਆ ਏ।...ਪਰ ਕਿਉਂ?”
“ਪਾਉਂਦੀ ਕਿਉਂ ਨਹੀਂ?”
“ਐਵੇਂ ਈ¸ ਜੀ ਕਾਹਲਾ ਪੈਣ ਲੱਗ ਪਿਆ ਸੀ...ਪਾ ਲਵਾਂਗੀ।”
“ਹੁਣੇ ਪਾ ਲੈ।”
“ਕਿਉਂ? ਕੀ ਬਿਨਾਂ ਜੇਵਰਾਂ ਤੋਂ ਚੰਗੀ ਨਹੀਂ ਲੱਗਦੀ?”
“ਯਕੀਨ ਨਹੀਂ ਰਿਹਾ?”
“ਫੇਰ ਉਹੀ ਬਿਨਾਂ ਸਿਰ ਪੈਰ ਦੀਆਂ ਗੱਲਾਂ। ਮਾਸ਼ਾ ਅੱਲਾ ਇਕ ਲੜਕੀ ਦੇ ਬਾਪ ਓ, ਤੁਹਾਡੇ ਉੱਤੇ ਕੌਣ ਯਕੀਨ ਨਹੀਂ ਕਰੇਗਾ।”
“ਆਬਿਦਾ!”
“ਹੂੰ।”
“ਤਲਾਕ ਲੈ-ਲੈ।”
“ਕਿਉਂ? ਫੇਰ ਕੀੜਾ ਟੱਪਿਆ ਏ!”
“ਇਕ ਵਾਰੀ ਤੂੰ ਤਲਾਕ ਮੰਗਿਆ ਸੀ। ਮੈਂ ਇਨਕਾਰ ਕਰ ਦਿੱਤਾ ਸੀ। ਹੁਣ ਮੈਂ ਸਮਝਦਾਂ¸ ਆਬਿਦਾ ਮੈਂ ਮਰ ਚੁੱਕਿਆ ਆਂ।”
“ਮੱਜੂ ਡਾਰਲਿੰਗ ਮੈਂ ਵੀਨਾ ਜੀ ਨੂੰ ਪੁੱਛਿਆ ਸੀ¸ ਉਹ ਕਹਿੰਦੀ ਏ, ਇਸ ਬੀਮਾਰੀ ਤੋਂ ਪਿੱਛੋਂ ਇੰਜ ਹੋ ਜਾਂਦਾ ਏ। ਸਭ ਠੀਕ ਹੋ ਜਾਏਗਾ।”
“ਤੇ ਜੇ ਨਾ ਹੋਇਆ?”
“ਮੱਜੂ, ਸ਼ਾਦੀ ਬਸ ਇਕੋ ਜਜ਼ਬੇ ਦਾ ਨਾਂ ਨਹੀਂ। ਇਸ ਲਲਕ ਦੀ ਪੂਰਤੀ ਲਈ ਬਾਜ਼ਾਰ ਖੁੱਲ੍ਹੇ ਹੋਏ ਨੇ। ਮੈਨੂੰ ਤੁਹਾਡੇ ਨਾਲ ਕੋਈ ਸ਼ਿਕਾਇਤ ਨਹੀਂ। ਪਰ ਜੇ ਤੁਸੀਂ ਸੋਚਦੇ ਓ ਕਿ ਇਹ ਪਖੰਡ ਏ...ਮੈਂ ਤੁਹਾਡੀ¸ ਤੁਹਾਡੀ ਇਸ ਤਕਲੀਫ ਦਾ ਕਾਰਨ ਆਂ ਤਾਂ ਕੌਣ ਰੋਕ ਸਕਦਾ ਏ...ਜੇ ਕੋਈ ਦੂਸਰੀ ਔਰਤ ਤੁਹਾਨੂੰ ਜਿਊਂਦਿਆਂ ਕਰ ਸਕਦੀ ਏ ਤਾਂ...।”
“ਮੈਨੂੰ ਕੋਈ ਜਿਊਂਦਾ ਨਹੀਂ ਕਰ ਸਕਦਾ। ਦੂਸਰੀ, ਤੀਸਰੀ, ਚੌਥੀ...ਮੈਨੂੰ ਕੋਈ ਔਰਤ ਨਹੀਂ ਚਾਹੀਦੀ।”
“ਤਾਂ ਇਕ ਕੰਮ ਕਰੋ।”
“ਕੀ?”
“ਮੈਨੂੰ ਔਰਤ ਨਾ ਸਮਝੋ ਆਪਣਾ ਹਮਦਰਦ, ਜਾਂ ਫੇਰ ਜੋ ਵੀ ਚਾਹੋ ਸਮਝ ਲਓ। ਰਿਸ਼ਤੇਦਾਰ ਤਾਂ ਹਾਂ ਹੀ, ਉਹੀ ਸਮਝ ਲਓ।”
“ਤੂੰ ਬੜੀ ਜਿੱਦਲ ਏਂ।”
“ਇਸ ਵਿਚ ਕੀ ਸ਼ੱਕ ਏ।”
“ਅੱਛਾ ਬਕਵਾਸ ਬੰਦ ਕਰ।”
ਮਾਜਿਦ ਕੁਝ ਚਿਰ ਅੱਖਾਂ ਮੀਚੀ ਲੇਟਿਆ ਰਿਹਾ। ਫੇਰ ਬੋਲਿਆ, “ਆਬਿਦਾ!”
“ਹਾਂ, ਜਾਨ!”
“ਇਹ ਨੌਕਰੀ ਤਾਂ ਹੁਣ ਜਾਂਦੀ ਦਿਖਾਈ ਦੇਂਦੀ ਏ।”
“ਨਹੀਂ, ਅਜੇ ਤੁਸੀਂ ਦਸ ਮਹੀਨੇ ਦੀ ਛੁੱਟੀ ਹੋਰ ਲੈ ਸਕਦੇ ਓ।”
“ਬਿਨਾਂ ਤਨਖਾਹ ਦੇ?”
“ਹਾਂ।”
“ਭੁੱਖੀ ਮਰ ਜਾਏਂਗੀ।”
“ਅਸਾਂ ਤਾਂ ਪਹਿਲਾਂ ਈ ਤੁਹਾਡੇ ਉੱਪਰ ਮਰੀ-ਮਿਟੇ ਹੋਏ ਆਂ, ਹੁਣ ਇਹਦਾ ਮਜ਼ਾ ਵੀ ਚੱਖ ਲਵਾਂਗੇ। ਵੈਸੇ ਬਾਰਾਂ ਸਾਲ ਤੁਸੀਂ ਸਾਨੂੰ ਰੱਖਿਆ, ਹੁਣ ਬਾਰਾਂ ਸਾਲ ਅਸੀਂ ਤੁਹਾਨੂੰ ਰੱਖ ਲਵਾਂਗੇ।”
“ਬੜੀ ਜ਼ਿੱਦੀ ਏਂ!”
“ਇਸ ਵਿਚ ਕੀ ਸ਼ੱਕ ਏ।”
“ਪਰ ਬੜੀ ਪਿਆਰੀ ਜ਼ਿੱਦ ਏ।”
“ਇਸੇ ਲਈ ਤਾਂ ਤਲਾਕ ਨਹੀਂਓਂ ਲੈ ਰਹੇ ਅਸੀਂ।”
“ਤੂੰ ਮੈਨੂੰ ਸੱਚਮੁੱਚ ਅਪਾਹਿਜ ਬਣਾਅ ਦਿੱਤਾ ਏ।”
“ਤਾਂ ਕਿ ਭੱਜ ਨਾ ਜਾਓ।” ਉਹ ਖੁੱਲ੍ਹ ਕੇ ਹੱਸੀ।
“ਆਬਿਦਾ!”
“ਉਫ਼-ਓ, ਅਜੇ ਹੋਰ ਕੁਝ ਵੀ ਕਹਿਣਾ ਏਂ?”
“ਪਿਆਜੀ ਦੁਪੱਟਾ ਨਾ ਲਿਆ ਕਰ।”
“ਲਓ ਨਹੀਂ ਲੈਂਦੀ।” ਉਸਨੇ ਦੁਪੱਟਾ ਲਾਹ ਕੇ ਉਸਦੇ ਚਿਹਰੇ ਵੱਲ ਉਛਾਲ ਦਿੱਤਾ। ਮਾਜਿਦ ਨੇ ਝਪਟ ਕੇ ਉਸਨੂੰ ਗਦੈਲਿਆਂ ਦੇ ਢੇਰ ਉੱਪਰ ਸੁੱਟ ਲਿਆ। ਉਦੋਂ ਹੀ ਘੰਟੀ ਵੱਜੀ ਤੇ ਡਾਕ ਵਾਲੇ ਡੱਬੇ ਵਿਚ ਠੱਕ ਕਰਕੇ ਕੁਝ ਕਾਗਜ਼ਾਂ ਦੇ ਡਿੱਗਣ ਦੀ ਆਵਾਜ਼ ਆਈ। ਆਬਿਦਾ ਤ੍ਰਭਕ ਕੇ ਉਸਦੀਆਂ ਬਾਹਾਂ ਵਿਚੋਂ ਨਿਕਲ ਗਈ। ਜ਼ਮੀਨ ਉੱਤੇ ਪਿਆ 'ਪਿਆਜ ਦਾ ਛਿੱਲਕਾ' ਚੁੱਕ ਕੇ ਦਰਵਾਜ਼ੇ ਵੱਲ ਦੌੜੀ।
ਡਾਕ ਲੈ ਕੇ ਵਾਪਸ ਆਈ ਤੇ ਉਸਦੇ ਸਾਹਮਣੇ ਰੱਖ ਕੇ ਆਪ ਰਸੋਈ ਵੱਲ ਤੁਰ ਗਈ¸ “ਸੂਪ ਲਈ ਕਹਿਣਾ ਭੁੱਲ ਗਈ ਸਾਂ।” ਮਾਜਿਦ ਸਮਝ ਗਿਆ ਕਿ ਉਹ ਝੂਠ ਬੋਲ ਰਹੀ ਹੈ, ਕੁਝ ਛਿਪਾ ਰਹੀ ਹੈ।
ਉਸਨੂੰ ਪੱਕਾ ਯਕੀਨ ਹੋ ਗਿਆ ਸੀ ਕਿ ਉਸ ਦੀਆਂ ਸਾਰੀਆਂ ਉਲਝਣਾ ਦਾ ਜਵਾਬ ਆਬਿਦਾ ਦੀ ਗੋਦਰੇਜ਼ ਦੀ ਅਲਮਾਰੀ ਵਿਚ ਹੈ। ਆਬਿਦਾ ਇਕ ਮਿੰਟ ਲਈ ਵੀ ਕੂੰਜੀ ਦਾ ਵਿਸਾਹ ਨਹੀਂ ਸੀ ਖਾਂਦੀ ਤੇ ਉਸ ਤੋਂ ਮੰਗਣ ਦੀ ਹਿੰਮਤ ਨਹੀਂ ਸੀ ਉਸ ਵਿਚ।
ਪਰ ਜੇ ਲਾਕਰ ਨਾ ਖੁੱਲ੍ਹਿਆ ਤਾਂ ਉਹ ਪਾਗਲ ਹੋ ਜਾਏਗਾ। ਕਈ ਦਿਨ ਉਹ ਲਾਕਰ ਨੂੰ ਖੋਹਲਣ ਦੀਆਂ ਸਕੀਮਾਂ ਬਣਾਉਂਦਾ ਰਿਹਾ। ਉਹ ਕੂੰਜੀਆਂ ਖੜਕਾਉਂਦੀ ਇਧਰੋਂ-ਉਧਰ ਤੁਰੀ ਫਿਰਦੀ, ਮਾਜਿਦ ਦੀ ਖਿਝ ਵਧਦੀ ਜਾਂਦੀ¸ ਅਖੀਰ ਅਜਿਹੀ ਕਿਹੜੀ ਸ਼ੈ ਉਸਨੇ ਉਸ ਵਿਚ ਲੁਕਾਈ ਹੋਈ ਹੈ?
ਇਕ ਦਿਨ ਉਸਦੀ ਕਿਸਮਤ ਨੇ ਜ਼ੋਰ ਮਾਰਿਆ ਤੇ ਉਸਨੇ ਦੇਖਿਆ ਕਿ ਕੂੰਜੀਆਂ ਦਾ ਗੁੱਛਾ ਕਿਸੇ ਅਲੜ੍ਹ ਹਸੀਨਾ ਵਾਂਗ ਆਬਿਦਾ ਦੇ ਸਿਰਹਾਣੇ ਹੇਠੋਂ ਝਾਤੀਆਂ ਮਾਰ ਰਿਹਾ ਹੈ। ਉਸਦੇ ਦਿਲ ਦੀ ਧੜਕਨ ਤੇਜ਼ ਹੋਣ ਲੱਗੀ ਤੇ ਉਹ ਥਕਾਨ ਦਾ ਬਹਾਨਾ ਕਰਕੇ ਲੇਟ ਗਿਆ। ਆਬਿਦਾ ਉਸਦੀ ਚਾਲ ਵੱਲੋਂ ਅਨਜਾਣ, ਸ਼ੀਸ਼ੇ ਸਾਹਮਣੇ ਬੈਠੀ ਵਾਲ ਵਾਹ ਰਹੀ ਸੀ। ਸ਼ਾਇਦ ਡਾਕਖਾਨੇ ਜਾਣ ਦਾ ਇਰਾਦਾ ਸੀ, ਸਾੜ੍ਹੀ ਉਸਨੇ ਬੰਨ੍ਹੀ ਹੋਈ ਸੀ। ਤਿਆਰ ਹੋ ਕੇ ਉਹ ਦਰਵਾਜ਼ੇ ਤਕ ਗਈ¸ ਲੱਕ ਨਾਲ ਹਮੇਸ਼ਾ ਲਟਕਣ ਵਾਲੇ ਗੁੱਛੇ ਦੀ ਅਣਹੋਂਦ ਦੇ ਅਹਿਸਾਸ ਨੂੰ ਮਹਿਸੂਸ ਕੀਤਾ ਤੇ ਝੱਟ ਵਾਪਸ ਪਰਤ ਆਈ।
ਮਾਜਿਦ ਦੀ ਜਾਨ ਹੀ ਨਿਕਲ ਗਈ। ਉਹ ਨਿਰਜਿੰਦ ਜਿਹਾ ਹੋਇਆ ਲੇਟਿਆ ਰਿਹਾ। ਉਹ ਕੁਝ ਚਿਰ ਸਿਰਹਾਣੇ ਵੱਲ ਖੜ੍ਹੀ, ਸਿਰਹਾਣੇ ਹੇਠੋਂ ਚਾਬੀਆਂ ਦਾ ਗੁੱਛਾ ਕੱਢਣ ਬਾਰੇ ਸੋਚਦੀ ਰਹੀ। ਮਾਜਿਦ ਦਾ ਦਿਲ ਏਨੇ ਜ਼ੋਰ ਨਾਲ ਧੜਕ ਰਿਹਾ ਸੀ ਕਿ ਉਸਨੂੰ ਲੱਗਿਆ, ਉਹ ਸੁਣ ਰਹੀ ਹੈ।
ਉਸਦੇ ਚਲੇ ਜਾਣ ਪਿੱਛੋਂ ਵੀ ਉਹ ਕੁਝ ਚਿਰ ਤੱਕ ਬਿਨਾਂ ਹਿੱਲੇ-ਜੁੱਲੇ ਪਿਆ ਰਿਹਾ। ਆਬਿਦਾ ਦੇ ਸੈਂਡਲਾਂ ਦੀ ਟਿਪ-ਟਿਪ ਦੂਰ ਚਲੀ ਗਈ ਤਾਂ ਕੰਬਦਾ ਹੋਇਆ ਉਠਿਆ। ਉਸਨੂੰ ਇਹ ਵੀ ਪਤਾ ਨਹੀਂ ਸੀ ਕਿ ਕਿਹੜੀ ਚਾਬੀ ਕਿਸ ਜਿੰਦਰੇ ਦੀ ਹੈ।
ਉਸਦਾ ਪਿੰਡਾ ਕਿਸੇ ਅਗਿਆਤ ਪੀੜ ਨੇ ਭੰਨਿਆਂ ਹੋਇਆ ਸੀ ਤੇ ਖੱਬੀ ਬਾਂਹ ਸੁੰਨ ਹੁੰਦੀ ਜਾ ਰਹੀ ਸੀ। ਮੋਢੇ ਉੱਪਰ ਖਾਸਾ ਭਾਰ ਜਿਹਾ ਜਾਪਦਾ ਸੀ¸ ਹਾਰਟ-ਅਟੈਕ ਹੋ ਸਕਦਾ ਹੈ। ਪਰ ਉਹ ਜਾਨ ਦੀ ਬਾਜੀ ਲਾ ਕੇ ਕੁੰਜੀ ਪਿੱਛੋਂ ਕੁੰਜੀ ਲਾਉਂਦਾ ਰਿਹਾ। ਖ਼ੁਦਾ-ਖ਼ੁਦਾ ਕਰਕੇ ਅਲਮਾਰੀ ਖੁੱਲ੍ਹੀ। ਲਾਕਰ ਵਿਚ ਕੁਝ ਵੀ ਨਹੀਂ ਸੀ। ਬਸ ਇਕ ਕੋਨੇ ਵਿਚ ਨਗਾਂ ਵਾਲੀਆਂ ਲਾਖ ਦੀਆਂ ਚੂੜੀਆਂ ਤੇ ਦੋ ਚਾਰ ਆਰਟੀਫੀਸ਼ਲ ਜੇਵਰ ਪਏ ਸਨ। ਇਕ ਚੈੱਕ ਬੁੱਕ ਸੀ, ਬਿਜਲੀ ਤੇ ਗੈਸ ਦੇ ਬਿਲ ਸਨ। ਪਰ ਦੂਸਰੇ ਪਾਸੇ ਪਈ ਇਕ ਮੋਟੀ ਸਾਰੀ ਫਾਇਲ ਨੂੰ ਦੇਖ ਕੇ ਉਹ ਘਬਰਾ ਗਿਆ। ਕਿੰਨੀ ਭਾਰੀ ਸੀ, ਉਹ ਸਾਧਾਰਨ ਫਾਇਲ! ਬੜੀ ਮੁਸ਼ਕਲ ਨਾਲ ਉਹ ਕੁਰਸੀ ਤੱਕ ਪਹੁੰਚਿਆ ਸੀ।
ਫਾਇਲ ਕੀ ਸੀ ਮਾਜਿਦ ਦਾ ਕੱਚਾ ਚਿੱਠਾ ਸੀ।...ਮੋਨਾ ਦਾ ਹਰੇਕ ਖ਼ਤ ਬੜੇ ਸੁਚੱਜੇ ਢੰਗ ਨਾਲ ਨੱਥੀ ਕੀਤਾ ਹੋਇਆ ਸੀ। ਇਸ ਤੋਂ ਬਿਨਾਂ ਅੱਜ ਤੱਕ ਜੋ ਕੁਝ ਵੀ ਇਸ ਸਿਲਸਿਲੇ ਵਿਚ ਖਰਚ ਹੋਇਆ ਸੀ, ਉਸਦੇ ਪੈਸੇ-ਪੈਸੇ ਦਾ ਹਿਸਾਬ-ਕਿਤਾਬ ਸੀ। ਹਸਪਤਾਲ ਦਾ ਖਰਚਾ, ਨਰਸਾਂ ਦੀ ਬਖ਼ਸ਼ੀਸ, ਟੈਕਸੀ ਦਾ ਕਿਰਾਇਆ, ਪੂਨੇ ਵਿਚ ਰਹਾਇਸ਼ ਦੌਰਾਨ ਹੋਇਆ ਖਰਚ, ਇੱਥੋਂ ਤਕ ਕਿ ਜਿਹੜੇ ਕੱਪੜੇ ਆਬਿਦਾ ਨੇ ਕੈਥੀ ਲਈ ਬਣਾਏ ਸਨ¸ ਉੱਨ ਤੇ ਸਲਾਈਆਂ ਤਕ ਦਾ ਵੇਰਵਾ ਦਰਜ ਸੀ। ਤਿੰਨ ਸੌ ਰੁਪਏ ਮਹੀਨਾ 'ਤੇ ਫ਼ੈਸਲਾ ਹੋਇਆ ਸੀ, ਪਰ ਹਰ ਮਹੀਨੇ ਕਿਸੇ ਨਾ ਕਿਸੇ ਕਾਰਨ ਸੌ-ਪੰਜਾਹ ਰੁਪਏ ਫਾਲਤੂ ਦਰਜ ਹੋਏ-ਹੋਏ ਸਨ। ਪਰ ਆਖ਼ਰੀ ਰਕਮ ਦੀ ਰਸੀਦ, ਜਿਹੜੀ ਕੁਝ ਦਿਨ ਪਹਿਲਾਂ ਹੀ ਭੇਜੀ ਗਈ ਸੀ¸ ਪੰਜ ਸੌ ਰੁਪਏ ਦੀ ਸੀ।
ਉਸਨੇ ਕਦੀ ਸੋਚਿਆ ਵੀ ਨਹੀਂ ਸੀ ਕਿ ਇਕ ਛੋਟੀ ਜਿਹੀ ਜਿੰਦਾ ਦਿਲੀ, ਏਨੀ ਮਹਿੰਗੀ ਪਏਗੀ। ਲੋਕ ਵੱਡੇ-ਵੱਡੇ ਗੁਨਾਹ ਕਰਦੇ ਨੇ, ਅਯਾਸ਼ੀਆਂ ਕਰਦੇ ਨੇ ਤੇ¸ ਹੱਥ ਝਾੜ ਕੇ ਤੁਰ ਆਉਂਦੇ ਨੇ। ਪਹਿਲੇ ਜ਼ਮਾਨੇ ਵਿਚ ਕੁਕਰਮ ਕਰਨ ਵਾਲੇ ਨੂੰ ਪੱਥਰ ਮਾਰ-ਮਾਰ ਕੇ ਮਾਰ ਦਿੱਤਾ ਜਾਂਦਾ ਸੀ, ਪਰ ਉਹ ਨਿੱਕੀਆਂ-ਨਿੱਕੀਆਂ ਕੰਕੜੀਆਂ ਦੀ ਬੌਛਾਰ ਹੇਠ ਦਬ ਚੁੱਕਿਆ ਸੀ ਤੇ ਉਸਦਾ ਸਾਹ ਅਜੇ ਵੀ ਚੱਲ ਰਿਹਾ ਸੀ। ਮੋਨਾ ਦੇ ਪਹਿਲੇ ਖ਼ਤ ਹੁਣ ਵਾਲਿਆਂ ਨਾਲੋਂ ਭਿੰਨ ਸਨ। ਉਹਨਾਂ ਦਾ ਕਾਗਜ਼ ਮੁਲਾਇਮ, ਸੁੰਦਰ ਤੇ ਖੁਸ਼ਬੂਦਾਰ ਸੀ। ਪਤਾ ਵੀ ਡੰਕਨ ਰੋਡ ਦਾ ਨਹੀਂ, ਉਮੈਰ ਪਾਰਕ ਦਾ ਸੀ। ਸਭ ਤੋਂ ਅਖ਼ਰਲੇ ਖ਼ਤ ਵਿਚ ਉਸਨੇ ਲਿਖਿਆ ਸੀ...:
ਉਸਦੇ ਰੁਝੇਵਿਆਂ ਨੂੰ ਦੇਖ ਕੇ ਨੇਨੀ ਦਾ ਹੋਣਾ ਬੜਾ ਜ਼ਰੂਰੀ ਹੈ। ਕੰਮ ਕਰਨ ਲਈ ਮੰਗਲੋਰੀ ਉਸਦੇ ਸੂਤ ਆਇਆ ਹੋਇਆ ਹੈ, ਪਰ ਉਹ ਪੋਤੜੇ ਨਹੀਂ ਧੋਂਦਾ। ਇਸ ਲਈ ਗੰਗਾ ਨੂੰ ਰੱਖਣਾ ਪਿਆ ਹੈ। ਪੌਣੇ ਚਾਰ ਸੌ ਤਾਂ ਫਲੈਟ ਦਾ ਕਿਰਾਇਆ ਹੀ ਹੈ। ਸੋ ਕੁੜੀ ਦਾ ਬੋਝ ਸਰਨ ਦੇ ਮੋਢਿਆਂ 'ਤੇ...'
ਮਾਜਿਦ ਦੇ ਖੱਬੇ ਮੋਢੇ ਵਿਚ ਬਰਛਾ ਜਿਹਾ ਵੱਜਿਆ। ਦਿਮਾਗ਼ ਵਿਚ ਸੂਲਾਂ ਚੁਭਣ ਲੱਗ ਪਈਆਂ।
ਅਖੀਰ ਵਿਚ ਲਿਖਿਆ ਸੀ...: 'ਜੇ ਤੰਗੀ ਦਾ ਇਹੀ ਹਾਲ ਰਿਹਾ ਤਾਂ ਕੁੜੀ ਨੂੰ ਕਿਸੇ ਯਤੀਮਖਾਨੇ ਵਿਚ ਛੱਡਨਾਂ ਪਏਗਾ।'
ਤੇ ਤੰਗੀ ਦੂਰ ਕਰਨ ਖਾਤਰ ਆਬਿਦਾ ਨੇ ਜਿਹੜੇ ਪੰਜ ਸੌ ਰੁਪਏ ਭੇਜੇ ਸਨ, ਉਹਨਾਂ ਦੀ ਰਸੀਦ ਨਾਲ ਨੱਥੀ ਕੀਤੀ ਹੋਈ ਸੀ।
“ਤੁਸੀਂ ਚੋਰੀ ਵੀ ਕਰਨ ਲੱਗ ਪਏ?” ਆਬਿਦਾ ਨੇ ਫਾਈਲ ਖੋਹਣ ਦੀ ਕੋਸ਼ਿਸ਼ ਕੀਤੀ। ਉਹ ਕਦੋਂ ਆਈ ਸੀ¸ ਮਾਜਿਦ ਨੂੰ ਪਤਾ ਵੀ ਨਹੀਂ ਸੀ ਲੱਗਿਆ।
“'ਵੀ' ਤੋਂ ਤੇਰਾ ਮਤਲਬ ਏ, ਹਰਾਮਖੋਰੀ ਦੇ ਨਾਲ-ਨਾਲ¸ ਕਿਉਂ?”
“ਅੱਛਾ, ਮਿਹਬਾਨੀ ਕਰਕੇ ਬਾਜਾਰੂ ਗੱਲਾਂ ਨਾ ਕਰੋ।” ਉਸਨੇ ਫਾਈਲ ਛੱਡ ਦਿੱਤੀ ਤੇ ਅਪਰਾਧੀਆਂ ਵਾਂਗ ਅਲਮਾਰੀ ਬੰਦ ਕਰਨ ਚਲੀ ਗਈ।
“ਮੇਰੇ ਨਾਂ ਆਏ ਖ਼ਤ ਤੇਰੇ ਕੋਲ ਕਿਵੇਂ ਪਹੁੰਚੇ?”
ਉਹ ਉਸ ਵੱਲੋਂ ਬੇਧਿਆਨ, ਪਿੱਠ ਕਰੀ, ਲਾਕਰ ਫਰੋਲਦੀ ਰਹੀ।
“ਮੇਰੇ ਸਵਾਲ ਦਾ ਜਵਾਬ ਦੇ¸” ਉਹ ਕੜਕਿਆ।
“ਸ਼ੰਕਰ ਨੇ ਭੇਜੇ ਸਨ।”
“ਹਰਾਮਜ਼ਾਦਾ, ਉਸਨੇ ਮੇਰੇ ਨਾਂ ਆਏ ਖ਼ਤ ਤੈਨੂੰ ਕਿਉਂ ਭੇਜੇ?”
“ਉਸਦਾ ਕੋਈ ਕਸੂਰ ਨਹੀਂ। ਮੈਂ ਉਸਨੂੰ ਹਦਾਇਤ ਕਰ ਗਈ ਸੀ।”
“ਕਿਉਂ?”
“ਇਸ ਲਈ ਕਿ ਤੁਸੀਂ ਇਹ ਮਾਮਲਾ ਮੇਰੇ ਸਪੁਰਦ ਕਰ ਦਿੱਤਾ ਸੀ।”
“ਇਸੇ ਕਰਕੇ ਡਾਕਖਾਨੇ ਭੱਜੀ ਜਾਂਦੀ ਏਂ?”
“ਬਿਲਕੁਲ ਨਹੀਂ ਭੱਜੀ ਜਾਂਦੀ, ਬੜੇ ਆਰਾਮ ਨਾਲ ਜਾਂਦੀ ਆਂ। ਅੱਲ੍ਹਾ ਦੀ ਸੌਂਹ।” ਉਹ ਅਲਮਾਰੀ ਬੰਦ ਕਰਕੇ ਮੁਸਕਰਾਈ।
“ਤਿੰਨ ਸੌ ਤੋਂ ਪੰਜ ਸੌ ਰੁਪਏ ਤੂੰ ਕਿਸ ਦੀ ਇਜਾਜ਼ਤ ਨਾਲ ਕਰ ਦਿੱਤੇ ਨੇ?”
“ਖ਼ੁਦ ਆਪਣੀ ਇਜਾਜ਼ਤ ਨਾਲ ਜੀ।”
“ਉਹ ਤੈਨੂੰ ਬਲੈਕ-ਮੇਲ ਕਰਦੀ ਰਹੀ ਤੇ ਤੂੰ¸ ਤੂੰ ਮੈਨੂੰ ਪੁੱਛਣਾ ਵੀ ਜ਼ਰੂਰੀ ਨਹੀਂ ਸਮਝਿਆ?”
“ਤੁਹਾਨੂੰ ਪ੍ਰੇਸ਼ਾਨ ਕਰਨ ਦਾ ਕੀ ਫ਼ਇਦਾ ਸੀ¸ ਡਾਕਟਰ ਕਹਿੰਦੇ ਨੇ, ਇਸ ਬੀਮਾਰੀ ਤੋਂ ਬਾਅਦ ਸਾਲਾਂ ਤਕ ਸਾਵਧਾਨੀ ਤੋਂ ਕੰਮ ਲੈਣਾ ਚਾਹੀਦਾ ਏ।”
“ਤੇ ਤੂੰ ਇਹ ਨਹੀਂ ਸੋਚਿਆ ਕਿ ਜਦੋਂ ਮੈਨੂੰ ਪਤਾ ਲੱਗੇਗਾ, ਉਦੋਂ...!”
“ਮੇਰਾ ਖ਼ਿਆਲ ਸੀ, ਤੁਹਾਨੂੰ ਕਦੀ ਪਤਾ ਨਹੀਂ ਲੱਗੇਗਾ। ਜਿਸ ਦਿਨ ਦਾ ਇਸ ਮਾਮਲਾ ਤੁਸੀਂ ਮੇਰੇ ਸਪੁਰਦ ਕੀਤਾ ਏ, ਕਦੀ ਕੁਝ ਨਹੀਂ ਪੁੱਛਿਆ, ਕਦੀ ਕੋਈ ਵੇਰਵਾ ਪੁੱਛਣ ਦੀ ਕੋਸ਼ਿਸ਼ ਨਹੀਂ ਕੀਤੀ। ਮੇਰਾ ਖ਼ਿਆਲ ਸੀ ਤੁਹਾਨੂੰ ਇਸ ਫ਼ਾਈਲ ਦਾ ਪਤਾ ਈ ਨਹੀਂ ਹੋਣਾ। ਤੇ ਤੁਸੀਂ ਕਦੀ ਮੇਰੇ ਉੱਪਰ ਸ਼ੱਕ ਕਰਕੇ, ਮੇਰੀ ਅਲਮਾਰੀ ਦੀ ਤਲਾਸ਼ੀ ਵੀ ਲਓਗੇ¸ ਇਹ ਗੱਲ ਮੇਰੇ ਸੁਪਨੇ ਵਿਚ ਵੀ ਨਹੀਂ ਸੀ।” ਉਸਨੇ ਆਪਣਾ ਸੁੱਕੇ ਕਾਗਜ਼ ਵਰਗਾ ਹੱਥ ਉਸਦੇ ਮੋਢੇ ਉੱਪਰ ਫੇਰਿਆ, “ਲੇਟ ਜਾਓ।”
ਆਬਿਦਾ ਦੇ ਹੱਥ ਦੀ ਛੂਹ ਦੇ ਨਾਲ ਹੀ ਮਾਜਿਦ ਹੋਰ ਭੜਕ ਗਿਆ।
“ਹਰ ਗੱਲ ਦੀ ਕੋਈ ਹੱਦ ਹੁੰਦੀ ਏ,” ਉਸਨੇ ਆਬਿਦਾ ਦਾ ਹੱਥ ਝਟਕ ਦਿੱਤਾ, “ਤੂੰ ਜਿਹੜੀ ਇਹ ਫਰਦ-ਜੁਰਮ (ਅਪਰਾਧ ਦਾ ਕੱਚਾ ਚਿੱਠਾ) ਏਨੀ ਮਿਹਨਤ ਨਾਲ ਤਿਆਰ ਕੀਤੀ ਏ, ਉਸਦਾ ਜਵਾਬ ਨਹੀਂ।”
“ਫਰਦ-ਜੁਰਮ?” ਆਬਿਦਾ ਦਾ ਰੰਗ, ਮਿੱਟੀ ਹੋ ਗਿਆ। ਉਸ ਬੌਖਲਾ ਕੇ ਕਾਹਲੀ-ਕਾਹਲੀ ਆਪਣੇ ਪੱਲੇ ਦੀਆਂ ਅਦਿੱਖ ਸਿਲਵਟਾਂ ਮਿਟਾਉਣ ਲੱਗ ਪਈ।
“ਇਸ ਡਰ ਨਾਲ ਕਿ ਜੇ ਮੈਂ ਕਿਤੇ ਭੁੱਲ ਜਾਵਾਂ ਤੇ ਇਨਕਾਰ ਕਰਨ ਲੱਗਾਂ, ਤਾਂ ਤੂੰ...”
“ਨਹੀਂ-ਨਹੀਂ ਮੱਜੂ ਤੁਹਾਡੇ ਸਿਰ ਦੀ ਸੌਂਹ ਮੈਂ-ਮੈਂ¸” ਉਸਦੇ ਚਿਹਰੇ ਦੀਆਂ ਨਸਾਂ ਫਰਕਣ ਲੱਗੀਆਂ, “ਮੈਂ ਤੁਹਾਨੂੰ ਕੋਈ ਗੱਲ ਭੁਲਾਉਣਾ ਨਹੀਂ ਚਾਹੁੰਦੀ। ਮੈਂ ਇਹ ਕਦੀ ਨਹੀਂ ਸੋਚਿਆ ਕਿ ਤੁਹਾਨੂੰ ਆਪਣੀ ਔਲਾਦ ਨਾਲ ਮੁਹੱਬਤ ਨਹੀਂ। ਜਾਂ ਉਸਦੀ ਮਾਂ ਨਾਲ ਤੁਹਾਡਾ ਕੋਈ ਰਿਸ਼ਤਾ ਨਹੀਂ। ਮੇਰਾ ਤੁਹਾਡਾ ਰਿਸ਼ਤਾ ਤਾਂ ਸਿਰਫ ਮੇਰੇ ਦਮ ਤੱਕ ਏ...ਤੇ ਉਸਦਾ ਰਿਸ਼ਤਾ, ਬੇਟੀ ਤੇ ਉਸਦੀ ਔਲਾਦ ਦੀ ਔਲਾਦ¸ ਬਹੁਤ ਦੂਰ ਤੱਕ ਜਾਏਗਾ।”
“ਤੇਰੀ ਦਰਿਆ ਦਿਲੀ ਦਾ ਜਵਾਬ ਨਹੀਂ। ਤੂੰ ਦੇਵੀ ਏਂ ਦੇਵੀ! ਮੈਨੂੰ ਆਪਣੇ ਚਰਨਾਂ ਉਪਰ ਮੱਥਾ ਟੇਕਣ ਦੇ ਜ਼ਰਾ,” ਮਾਜਿਦ ਨੇ ਬੜੇ ਡਰਾਮਾਈ ਅੰਦਾਜ਼ ਵਿਚ ਵਿਅੰਗ ਬਾਣ ਛੱਡਿਆ।
“ਤੁਸੀਂ ਚਾਹੋ ਤਾਂ ਇਸ ਤੋਂ ਵੀ ਜ਼ਿਆਦਾ ਕਮੀਨੀਆਂ ਚੋਭਾਂ ਲਾ ਸਕਦੇ ਓ।”
“ਤੇ ਤੂੰ ਸਹਿ ਲਏਂਗੀ¸ ਤਾਂਕਿ ਸ਼ਰਮਿੰਦਗੀ ਦਾ ਬੋਝ ਮੇਰੀ ਛਾਤੀ ਉੱਪਰ ਹੋਰ ਵਧ ਜਾਏ।”
“ਕਹਿ ਲਓ ਸਾਰਾ ਜ਼ਹਿਰ ਉਗਲ ਦਿਓ। ਸ਼ਾਇਦ ਕੁਝ ਕੜਵਾਹਟ ਘੱਟ ਹੋ ਜਾਏ। ਅਸੂਲਨ ਤਾਂ ਮੈਨੂੰ ਰੋਣਾ-ਪਿਟਣਾ ਤੇ ਦੁਹਾਈਆਂ ਪਾਉਣੀਆਂ ਚਾਹੀਦੀਆਂ ਸੀ, ਕਿਉਂਕਿ ਇਹੀ ਦੁਨੀਆਂ ਭਰ ਦੀਆਂ ਸ਼ਰੀਫ਼ ਬੀਵੀਆਂ ਦਾ ਦਸਤੂਰ ਏ...ਪਰ ਤੁਸੀਂ ਜਦੋਂ ਮੈਨੂੰ ਆਪਣੇ ਭੇਦ ਦਾ ਸਾਂਝੀਵਾਲ ਬਣਾਇਆ ਤਾਂ ਬੀਵੀ ਨਹੀਂ ਆਪਣਾ ਦੋਸਤ ਸਮਝਿਆ। ਤੁਸੀਂ ਇਕ ਅਨੋਖੀ ਗੱਲ ਕੀਤੀ, ਮੈਂ ਇਕ ਅਨੋਖਾ ਹੁੰਘਾਰਾ ਭਰਿਆ। ਤੁਸੀਂ ਜਾਣਦੇ ਹੋ, ਮੈਂ ਕਿੰਨੀ ਕੁ ਸਿਆਣੀ ਆਂ¸ ਇਹ ਫਾਈਲ ਤੁਹਾਡਾ ਕੱਚਾ ਚਿੱਠਾ ਨਹੀਂ, ਮੈਂ ਕਿਸੇ ਕੰਮ ਨੂੰ ਵੀ ਰਲਗੱਡ ਕਰਕੇ ਰਾਜ਼ੀ ਨਹੀਂ। ਚੱਲੋ ਏਸ ਕਰਮਾਂ ਸੜੀ ਫਾਈਲ ਨੂੰ ਚੁੱਲ੍ਹੇ ਵਿਚ ਸੁੱਟ ਦੇਈਏ, ਬਸ।”
“ਤੂੰ ਜਾਣ ਲੱਗੀ ਸੈਂ, ਫੇਰ ਆਪਣਾ ਇਰਾਦਾ ਕਿਉਂ ਬਦਲ ਦਿੱਤਾ ਸੀ?”
“ਮੱਜੂ ਬਾਰਾਂ ਸਾਲ ਤੱਕ ਤੁਹਾਡੇ ਨਾਲ ਰਹਿ ਕੇ, ਤੁਹਾਡੀ ਆਦੀ ਜੋ ਹੋ ਗਈ ਆਂ। ਤੁਹਾਡੀ ਚਿੰਤਾ ਨੂੰ ਤੇ ਤੁਹਾਨੂੰ ਆਪਣਾ ਸਮਝਦੀ ਆਂ। ਤੁਹਾਡੀ ਬਿਮਾਰੀ ਮੇਰੀ ਏ। ਤੁਸੀਂ ਖੁਸ਼ ਹੋ ਕੇ ਖਾਣਾ ਖਾ ਲਵੋਂ, ਮੇਰਾ ਪੇਟ ਭਰ ਜਾਂਦਾ ਏ। ਤੁਹਾਡੇ ਜੋੜਾਂ 'ਚ ਦਰਦ ਹੁੰਦਾ ਏ, ਮੇਰੇ ਕਾਲਜੇ ਵਿਚ ਚੀਰ ਪੈਣ ਲੱਗਦੇ ਨੇ। ਯਕੀਨ ਨਹੀਂ ਆਇਆ ਅਜੇ ਤੱਕ ਕਿ ਤੁਹਾਡੇ ਦਿਲ ਵਿਚ ਮੇਰੇ ਲਈ ਕੋਈ ਜਗ੍ਹਾ ਨਹੀਂ। ਹਾਂ-ਹਾਂ ਕਹਿ ਦਿਓ, ਪਤੀਵਰਤਾ ਹਾਂ...। ਅੱਛਾ ਦੱਸੋ ਜੇ ਤਲਾਕ ਤੋਂ ਬਾਅਦਾ ਵੀ ਮੈਂ ਤੁਹਾਨੂੰ ਆਪਣਾ ਮੰਨਦੀ ਰਹੀ ਤਾਂ ਤੁਸੀਂ ਮੇਰਾ ਕੀ ਕਰ ਲਓਗੇ?”
“ਖ਼ੁਦਾ ਦਾ ਵਾਸਤਾ ਐ, ਮੈਨੂੰ ਏਡਾ ਉੱਚਾ ਦਰਜਾ ਨਾ ਦੇਅ...ਮੇਰਾ ਦਮ ਘੁਟਣ ਲੱਗਦਾ ਏ। ਮੈਂ ਏਨਾ ਬੋਝ ਨਹੀਂ ਝੱਲ ਸਕਾਂਗਾ।” ਉਸਦਾ ਚਿਹਰਾ ਬੱਡਰੂਪ ਹੋ ਗਿਆ।
“ਅੱਲਾ, ਮਾਜਿਦ ਮੇਰੀ ਜਾਨ¸” ਉਹ ਬੇਚੈਨੀ ਨਾਲ ਉਂਗਲਾਂ ਦੇ ਪਟਾਕੇ ਕੱਢਣ ਲੱਗ ਪਈ।
“ਇਹ ਮੁਹੱਬਤ ਨਹੀਂ ਫਾਹਾ ਏ, ਜੇ ਮੈਂ ਤੈਨੂੰ ਹੱਥ ਲਾਉਂਦਾ ਆਂ ਤਾਂ ਤੇਰੀਆਂ ਰਗਾਂ ਵਿਚ ਖ਼ੂਨ ਜੰਮ ਜਾਂਦਾ ਏ, ਕੁੜਲਾਂ ਪੈ ਜਾਂਦੀਆਂ ਨੇ।...ਮੈਨੂੰ ਰੁਹਾਨੀਂ ਮੁਹੱਬਤ ਤੋਂ ਡਰ ਲੱਗਦਾ ਏ, ਆਬਿਦਾ। ਅਜਿਹੀ ਮੁਹੱਬਤ ਮੁਰਦੇ ਕਰ ਸਕਦੇ ਹੋਣਗੇ। ਮੈਨੂੰ ਇਕ ਲਾਸ਼ ਤੋਂ ਘਿਣ ਆਉਂਦੀ ਐ।” ਉਹ ਬੇਚੈਨੀ ਨਾਲ ਟਹਿਲਣ ਲੱਗਾ। ਫੇਰ ਇਕ ਦਮ ਉਸਦੇ ਦੋਏ ਹੱਥ ਫੜ ਕੇ ਬੋਲਿਆ, “ਮੇਰੇ ਪੁੱਟੇ ਹੋਏ ਟੋਏ ਵਿਚ ਤੂੰ ਨਾ ਡਿੱਗ¸ ਆਬਿਦਾ, ਇਸ ਮੱਕੜੀ ਦੇ ਜਾਲੇ 'ਚੋਂ ਨਿਕਲ ਜਾਅ...”
“ਕਿੱਦਾਂ ਨਿਕਲ ਜਾਵਾਂ, ਕੋਈ ਰਸਤਾ ਵੀ ਤਾਂ ਹੋਏ?” ਉਹ ਦੋਏ ਹੱਥਾਂ ਵਿਚ ਮੂੰਹ ਛਿਪਾਅ ਕੇ ਲੰਮੇ-ਲੰਮੇ ਹਊਕੇ ਲੈਣ ਲੱਗ ਪਈ ਸੀ।
“ਮੈਂ ਹੁਣੇ ਟਿਕਟ ਦਾ ਬੰਦੋਬਸਤ ਕਰਦਾ ਆਂ।” ਉਹ ਉਠਿਆ।
“ਜਾਣ ਦਾ ਵਕਤ ਬੀਤ ਚੁੱਕਿਆ ਐ।”
“ਕੀ ਮਤਲਬ?”
“ਸ਼ੁਰੂ 'ਚ ਈ, ਤੁਹਾਡੀਆਂ ਗੱਲਾਂ ਵਿਚ ਨਾ ਆ ਕੇ ਚਲੀ ਜਾਂਦੀ ਤਾਂ ਸਭ ਠੀਕ ਹੋ ਜਾਂਦਾ, ਪਰ ਨਹੀਂ ਜਾ ਸਕੀ। ਮੇਰੇ ਸਵਾਰਥੀ-ਪਨ ਤੇ ਮੇਰੀ ਕਮਜ਼ੋਰੀ ਨੇ ਮੇਰੇ ਪੈਰ ਜਕੜ ਦਿੱਤੇ ਸਨ।”
“ਮੈਂ ਤੈਨੂੰ ਰੋਕਿਆ...?”
“ਪਰ ਮੈਂ ਕਿਉਂ ਰੁਕੀ? ਕਿਉਂ ਰੁਕਣਾ ਚਾਹੁੰਦੀ ਸੀ? ਤੁਸਾਂ ਕਦੀ ਸੋਚਿਆ?”
“ਤੇਰੀ ਥਿਊਰੀ ਮੈਨੂੰ ਪਾਗਲ ਕਰ ਦਏਗੀ।”
“ਮੇਰੇ ਕਾਰਨ ਤੁਹਾਡੀ ਜ਼ਿੰਦਗੀ ਵੀ ਬਰਬਾਦ ਹੋਈ। ਉਸਨੂੰ ਸ਼ਰਨ ਜੀ ਦਾ ਅਹਿਸਾਨ ਲੈਣਾ ਪਿਆ...ਕਿਉਂਕਿ ਇਸ ਘਰ ਦੇ ਦਰਵਾਜ਼ੇ ਉਸ ਲਈ ਬੰਦ ਸਨ। ਸਾਰੇ ਰਾਈਟਸ ਮੇਰੇ ਨਾਂ ਰਿਜ਼ਰਵ ਸਨ। ਮੈਂ ਮਿਸੇਜ ਮਾਜਿਦ ਕਹਾਉਂਦੀ ਸਾਂ।...ਤੇ ਉਹ ਤੁਹਾਡੀ ਬੱਚੀ ਦੀ ਮਾਂ ਹੋ ਕੇ ਵੀ, ਅਸੂਲਨ ਕੋਈ ਨਹੀਂ। ਇਹ ਅਸੂਲ ਨਹੀਂ, ਪਾਖੰਡ ਹੈ।”
“ਜੇ ਕੋਈ ਨਾਲੀ ਵਿਚ ਕੈ ਕਰ ਦਏ ਤੇ ਉਸ ਵਿਚ ਕੀੜੇ ਪੈਦਾ ਹੋ ਜਾਣ ਤਾਂ ਉਸ ਨਾਲੀ ਨਾਲ ਉਸਦਾ ਵਿਆਹ ਹੋ ਜਾਏਗਾ?”
“ਤੁਸੀਂ ਮੋਨਾ ਨੂੰ ਨਾਲੀ ਤੇ ਬੱਚੀ ਨੂੰ ਕੀੜਾ ਕਹਿ ਕੇ ਆਪਣੀ ਸਮਝੇ, ਮੇਰੀ ਇੱਜਤ-ਵਧਾਈ ਕਰ ਰਹੇ ਓ! ਪਰ ਮਾਜਿਦ, ਮੈਂ ਏਨੀ ਹੋਛੀ ਨਹੀਂ। ਮੈਂ ਮੋਨਾ ਨੂੰ ਤੁਹਾਡੇ ਨਾਲੋਂ ਵਧੇਰੇ ਨੇੜੇ ਹੋ ਕੇ ਦੇਖਿਆ ਏ। ਹਾਂ-ਹਾਂ, ਤੁਸੀਂ ਉਸ ਨਾਲ ਸੰਵੇਂ ਜ਼ਰੂਰ ਓ, ਪਰ ਮੈਂ ਉਸ ਨਾਲ ਨਾ-ਉਮੀਦੀ ਤੇ ਪ੍ਰੇਸ਼ਾਨੀ ਵਿਚ ਡੁੱਬੀਆਂ ਹੋਈਆਂ ਰਾਤਾਂ ਕੱਟੀਆਂ ਨੇ। ਇਕੱਠਿਆਂ ਬੈਠ ਕੇ ਤੁਹਾਡੀ ਬੇਵਫ਼ਈ ਦਾ ਮਾਤਮ ਮਨਾਇਆ ਏ। ਜਾਣਦੇ ਓ, ਉਸਨੂੰ ਮੇਰੇ ਉੱਪਰ ਬੜਾ ਤਰਸ ਆਉਂਦਾ ਸੀ। ਉਸਨੇ ਇਕ ਪਲ ਲਈ ਵੀ ਯਕੀਨ ਨਹੀਂ ਕੀਤਾ ਕਿ ਤੁਸੀਂ ਉਸਨੂੰ ਮੇਰੇ ਵਰਗੀ ਗ਼ੈਰ-ਦਿਲਚਸਪ ਚੀਜ਼ ਲਈ ਛੱਡ ਰਹੇ ਓ।...ਉਹ ਸਮਝਦੀ ਸੀ, ਤੁਸੀਂ ਹਰਜਾਈ ਆਵਾਰਾ ਹੋ ਤੇ ਮੈਂ ਸਾਰੀ ਉਮਰ ਤੁਹਾਡੀਆਂ ਅਯਾਸ਼ੀਆਂ ਨੂੰ ਆਪਣੇ ਪੱਲੇ ਨਾਲ ਢੱਕਦੀ ਰਹਾਂਗੀ¸ ਤੇ ਮੇਰੇ ਵਰਗੀ ਬੰਜਰ ਔਰਤ ਦਾ ਇਹੋ ਧਰਮ ਏਂ।”
“ਇਕ ਵੇਸ਼ਵਾ ਨਾਲ ਮਿਲ ਕੇ ਤੂੰ ਮੇਰੇ ਖ਼ਿਲਾਫ਼ ਮੋਰਚਾ ਲਾ ਲਿਆ ਏ?”
“ਅਸੀਂ ਵਿਚਾਰੀਆਂ, ਤੁਹਾਡੇ ਖ਼ਿਲਾਫ਼ ਕੀ ਮੋਰਚਾ ਲਾਵਾਂਗੀਆਂ? ਤੁਹਾਡੇ ਪਿੱਛੇ ਅਸੀਂ ਇਕ ਦੂਜੀ ਦੀ ਗਰਦਨ ਮਰੋੜਦੀਆਂ ਫਿਰਦੀਆਂ ਆਂ। ਤੁਸੀਂ ਕਦੀ ਠੋਕਰ ਮਾਰਦੇ ਓ, ਕਦੀ ਨੱਕ ਰਗੜ ਕੇ ਆਪਣਾ ਉੱਲੂ ਸਿੱਧਾ ਕਰ ਲੈਂਦੇ ਓ। ਅੱਛਾ, ਮੈਂ ਇਕ ਸ਼ਰਤ 'ਤੇ ਤਲਾਕ ਦੇਣ ਲਈ ਤਿਆਰ ਆਂ ਕਿ ਤੁਸੀਂ ਉਸ ਨਾਲ ਸ਼ਾਦੀ ਕਰ ਲਓਗੇ...ਤੁਹਾਨੂੰ ਮੰਜ਼ੂਰ ਏ?”
“ਫੇਰ ਉਹੀ ਮੁਰਗੀ ਦੀ ਇਕ ਲੱਤ...ਮੈਂ ਕਹਿ ਚੁੱਕਿਆ ਆਂ¸ ਉਸਦਾ ਤੇ ਮੇਰਾ ਕੋਈ ਜੋੜ ਨਹੀਂ।”
“ਇਸ ਲਈ ਕਿ ਉਹ ਤੁਹਾਡੇ ਇਲਾਵਾ, ਹੋਰਾਂ ਦੇ ਇਸਤਮਾਲ ਵਿਚ ਵੀ ਰਹਿ ਚੁੱਕੀ ਹੈ?...ਤਾਂ ਫੇਰ ਇਹ ਵੀ ਕਹੋ ਕਿ ਮੇਰਾ ਤੇ ਤੁਹਾਡਾ ਵੀ ਕੋਈ ਜੋੜ ਨਹੀਂ, ਕਿਉਂਕਿ ਤੁਸੀਂ ਵੀ ਤਾਂ ਹੋਰਾਂ ਦੇ ਕੰਮ ਆ ਚੁੱਕੇ ਓ। ਜਦ ਕਿ ਮੈਂ ਸਿਰਫ ਤੁਹਾਡੀ ਦਾਸੀ ਹੀ ਰਹੀ ਆਂ। ਹਾਂ, ਕਹਿ ਦਿਓ ਬਕਵਾਸ ਕਰ ਰਹੀ ਆਂ...ਪਰ ਇਸ ਸੀਨਾ-ਜੋਰੀ ਨਾਲ ਕੰਮ ਨਹੀਂਓਂ ਚੱਲਣਾ।”
“ਤੂੰ ਉਲਟੀ ਬਹਿਸ ਕਰ ਰਹੀ ਏਂ¸ ਫਜ਼ੂਲ ਉਸਦੀ ਵਕਾਲਤ ਕਰਨ ਡਈ ਏਂ।”
“ਮਾਜਿਦ ਸਾਹਬ, ਤੁਸੀਂ ਭੁੱਲ ਕੇ ਕਦੀ ਇਹ ਵੀ ਸੋਚਿਆ ਏ ਕਿ ਜਦੋਂ ਸੱਬੀ¸ ਕੈਥੀ ਜਵਾਨ ਹੋਏਗੀ ਤਾਂ ਆਪਣੇ ਬਾਰੇ ਵਿਚ ਕੀ ਫ਼ੈਸਲਾ ਕਰੇਗੀ? ਜਦੋਂ ਇਕ ਇਕ ਕਰਕੇ ਮੋਨਾ ਦੇ ਸਾਰੇ ਚਾਹੁੰਣ ਵਾਲੇ ਕੱਲ੍ਹ ਦੀ ਗੱਲ ਹੋ ਜਾਣਗੇ ਤਾਂ ਉਹ, ਉਸ ਬੱਚੀ ਨੂੰ ਵੀ ਉਹੀ ਰਸਤਾ ਦਿਖਾਉਣ 'ਤੇ ਮਜ਼ਬੂਰ ਹੋ ਜਾਏਗੀ¸ ਜਿਸ ਉੱਪਰ ਉਹ ਭਟਕ ਰਹੀ ਏ। ਮੈਂ ਆਰਾਮ ਨਾਲ ਘਰ-ਬਾਰ ਸੰਭਾਲੀ ਬੈਠੀ ਰਹਾਂਗੀ¸ ਤਾਂ ਮੇਰੀ ਜਮੀਰ ਮੈਨੂੰ ਕੋਈ ਸਵਾਲ ਨਹੀਂ ਕਰੇਗੀ?...ਸ਼ਰਨ ਤੋਂ ਬਾਅਦ...”
“ਸ਼ਰਨ ਤੋਂ ਬਾਅਦਾ ਵਾਲਾ ਸਵਾਲ ਕਿੱਥੇ ਉਠਦਾ ਏ ਅਜੇ ਤਾਂ ਉਹ ਮਜ਼ੇ ਨਾਲ ਤੀਹ ਚਾਲੀ ਸਾਲ ਹੋਰ ਚੱਲ ਸਕਦਾ ਏ¸ ਖਾਸਾ ਹੱਟਾ-ਕੱਟਾ ਪਿਆ ਏ।”
“ਹੱਟਾ-ਕੱਟਾ ਪਿਆ ਏ, ਇਹੀ ਤਾਂ ਚਿੰਤਾ ਵਾਲੀ ਗੱਲ ਏ। ਸ਼ਰਨ ਹਰ ਛੇ ਮਹੀਨੇ ਬਾਅਦ ਮੋਟਰ ਬਦਲਦਾ ਏ। ਮੋਟਰਾਂ ਉੱਪਰ ਰੋਕ ਐ¸ ਪਰ ਲੜਕੀ ਬਦਲਣ ਲਈ ਉਸਨੂੰ ਛੇ ਮਹੀਨੇ ਉਡੀਕ ਕਰਨ ਦੀ ਜ਼ਰੂਰਤ ਨਹੀਂ। ਕੱਲ੍ਹ ਮੈਂ ਪੋਸਟ ਆਫਿਸ 'ਚੋਂ ਨਿਕਲੀ ਤਾਂ ਉਹ ਇਕ ਸੁੰਦਰ ਜਵਾਨ ਕੁੜੀ ਨਾਲ ਗਰੈਂਡ ਬਾਜ਼ਾਰ ਵਿਚੋਂ ਪੈਕਟਾਂ ਦਾ ਢੇਰ ਚੁੱਕੀ ਨਿਕਲ ਰਿਹਾ ਸੀ। ਮੈਨੂੰ ਦੇਖ ਕੇ ਘਬਰਾ ਗਿਆ। ਉਸਦੇ ਕਿਸੇ ਦੋਸਤ ਦੀ ਸਾਹਬਜ਼ਾਦੀ ਏ, ਬੰਬਈ ਸੈਰ ਕਰਨ ਆਈ ਏ। ਤਾਜ ਵਿਚ ਸ਼ਰਨ ਦੀ ਕੰਪਨੀ ਦੇ ਐਗਜੀਕਿਉਟਿਵ ਸੂਟ ਵਿਚ ਠਹਿਰੀ ਹੋਈ ਏ।”
“ਇਹ ਆਖਰੀ ਖ਼ਬਰ ਕਿੱਥੋਂ ਮਿਲੀ?”
“ਮਿਲ ਗਈ ਜਿੱਥੋਂ ਮਿਲਣੀ ਚਾਹੀਦੀ ਸੀ।” ਉਹ ਬੜੇ ਰਹੱਸਮਈ ਢੰਗ ਨਾਲ ਮੁਸਕਰਾਈ।
“ਬੜੀਆਂ ਘੱਟ ਬੀਵੀਆਂ ਏਨੀਆਂ ਗਰੇਟ ਮਿਲਣਗੀਆਂ ਜਿਹੜੀਆਂ ਆਪਣੇ ਪਤੀ ਦੀ ਮਾਸ਼ੂਕਾ ਦੇ ਆਸ਼ਿਕਾਂ ਦੀ ਏਨੀ ਨਿਗਰਾਨੀ ਕਰ ਸਕਣ।” ਮਾਜਿਦ ਦੀ ਜ਼ੁਬਾਨ ਦੀ ਕੁਸੈਲ ਹੋਰ ਕੁੜਿੱਤਣ ਫੜ੍ਹ ਗਈ। ਆਬਿਦਾ ਜਖ਼ਮੀ ਹੋਈ ਨਿਗਾਹ ਨਾਲ ਉਸ ਵੱਲ ਤੱਕਦੀ ਰਹੀ। ਉਸਦਾ ਸੁੱਟਿਆ ਹਰ ਪਾਸਾ ਮੂਧਾ ਹੀ ਪਿਆ ਹੈ।
“ਜਾਨ, ਬਹੁਤ ਥੱਕ ਗਏ ਹੋ¸ ਥੋੜ੍ਹੀ ਦੇਰ ਆਰਾਮ ਕਰ ਲਓ।” ਆਬਿਦਾ ਨੇ ਸਹਾਰਾ ਦੇਣਾ ਚਾਹਿਆ ਪਰ ਉਹ ਪਿਆਰ ਭਰੇ ਹੱਥਾਂ ਤੋਂ ਝਿਜਕ ਕੇ ਪਿਛਾਂਹ ਹਟ ਗਿਆ। ਉਸਦੇ ਦਿਮਾਗ਼ ਵਿਚ 'ਸ਼ਾਂ-ਸ਼ਾਂ' ਹੋ ਰਹੀ ਸੀ ਤੇ ਕੰਨਾਂ ਵਿਚ ਭਿਨਭਿਨਾਹਟ¸ ਜਿਵੇਂ ਕਿਸੇ ਨੇ ਸ਼ਹਿਦ ਦੀਆਂ ਮੱਖੀਆਂ ਉਡਾਅ ਦਿੱਤੀਆਂ ਹੋਣ। ਉਸਨੇ ਹਾਰੇ ਹੋਏ ਜੁਆਰੀ ਵਾਂਗ ਸਿਰਹਾਣੇ ਉੱਤੇ ਸਿਰ ਰੱਖ ਕੇ ਅੱਖਾਂ ਮੀਚ ਲਈਆਂ।
ਮਾਜਿਦ ਨੇ ਆਪਣੇ ਪਿੱਛੇ ਦਰਵਾਜ਼ਾ ਬੰਦ ਕੀਤਾ ਤੇ ਫਿੱਕੇ-ਹਨੇਰੇ ਨਾਲ ਭਰੇ ਪੈਸੇਜ ਵਿਚੋਂ ਹੁੰਦਾ ਹੋਇਆ ਡਰਾਇੰਗ-ਰੂਮ ਵਿਚ ਚਲਾ ਗਿਆ। ਆਬਿਦਾ ਇਕ ਸਟੂਲ ਉੱਪਰ ਚੜ੍ਹੀ, ਆਪਣੇ ਪਿਆਜੀ ਦੁੱਪਟੇ ਦੇ ਪੱਲੇ ਨਾਲ, ਅੰਮੀ ਜਾਨ ਦੀ ਤਸਵੀਰ ਉੱਪਰੋਂ ਕਲਪਿਤ ਧੂੜ ਝਾੜ ਰਹੀ ਸੀ। ਉਸਨੇ ਗਰਦਨ ਭੁਆਂ ਕੇ ਮਾਜਿਦ ਵੱਲ ਦੇਖਿਆ। ਕੁਝ ਕਹਿਣਾ ਚਾਹਿਆ ਪਰ ਸ਼ਬਦ ਉਸਦੇ ਹੋਠਾਂ ਤੱਕ ਆ ਕੇ ਰੁਕ ਗਏ। ਦੋਹਾਂ ਦੀਆਂ ਨਜ਼ਰਾਂ ਮਿਲੀਆਂ ਤੇ ਉਲਝੀਆਂ ਰਹਿ ਗਈਆਂ।
“ਤੁਸੀਂ...ਮੱਜੂ...” ਉਹ ਸਟੂਲ ਤੋਂ ਇਕ ਪੈਰ ਲਟਕਾ ਕੇ ਬੈਠ ਗਈ।
ਮਾਜਿਦ ਨੂੰ ਸ਼ਰਾਬੀਆਂ ਵਾਂਗ ਲੜਖੜਾਂਦਿਆ ਦੇਖ ਕੇ ਉਹ ਕਾਹਲ ਨਾਲ ਉਸਦੇ ਕੋਲ ਪਹੁੰਚ ਗਈ, ਪਰ ਹੱਥ ਲਾਉਣ ਦੀ ਹਿੰਮਤ ਨਾ ਹੋਈ। ਮਾਜਿਦ ਦਾ ਸਰੀਰ, ਚਿੱਲਾ ਚੜ੍ਹੀ ਕਮਾਨ ਵਾਂਗ, ਤਣਿਆ ਹੋਇਆ ਸੀ। ਅੱਖਾਂ ਵਿਚ ਧੁੰਦ ਛਾਈ ਜਾਪਦੀ ਸੀ।
“ਤੁਸੀਂ ਆ ਗਏ?” ਆਬਿਦਾ ਇਸ ਪਾਰੋਂ ਬੋਲੀ।
“ਹਾਂ।” ਮਾਜਿਦ ਨੇ ਬਹੁਤ ਦੂਰੋਂ, ਉਸ ਪਾਰੋਂ, ਜਵਾਬ ਦਿੱਤਾ।
“ਥੱਕੇ-ਹਾਰੇ ਸਿੱਧੇ ਦਫ਼ਤਰੋਂ ਹੀ ਉਧਰ ਚਲੇ ਗਏ ਸੀ?” ਆਬਿਦਾ ਨੇ ਦਰਦ ਭਰਿਆ ਹਊਕਾ ਖਿਚਿਆ, “ਲਓ ਇੱਥੇ ਬੈਠ ਜਾਓ।” ਉਸਨੇ ਉਸਦੀ ਵਿਸ਼ੇਸ ਕੁਰਸੀ ਅੱਗੇ ਖਿਸਕਾ ਦਿੱਤੀ। ਪਰ ਉਹ ਓਵੇਂ ਦੀ ਜਿਵੇਂ ਖੜ੍ਹਾ, ਸਿਲ-ਪੱਥਰ ਹੋਈਆਂ ਅੱਖਾਂ ਨਾਲ ਉਸਦੇ ਆਰ-ਪਾਰ ਦੇਖਦਾ ਰਿਹਾ।
“ਚਾਹ ਲਈ ਕਹਿ ਦਿਆਂ,” ਉਹ ਰਸੋਈ ਵੱਲ ਜਾਣ ਲੱਗੀ¸ ਮਾਜਿਦ ਦੀ ਤੱਕਣੀ ਤੋਂ ਭੈਭੀਤ ਹੋ ਗਈ ਸੀ ਉਹ। ਜਦੋਂ ਉਹ ਚਾਹ ਵਾਲੀ ਟਰੇ ਲੈ ਕੇ ਵਾਪਸ ਆਈ, ਮਾਜਿਦ ਜਿਵੇਂ ਦਾ ਤਿਵੇਂ, ਅਹਿਲ-ਅਡੋਲ, ਖਲੋਤਾ ਹੋਇਆ ਸੀ। ਉਸਦੇ ਹੱਥ ਬੇਜਾਨ ਜਿਹੇ ਲਟਕ ਰਹੇ ਸਨ ਜਿਵੇਂ ਆਪਣਾ ਕਾਰਜ ਛੱਡ ਬੈਠੇ ਹੋਣ। ਆਬਿਦਾ ਨੇ ਟਰੇ ਮੇਜ਼ ਉੱਤੇ ਰੱਖ ਦਿੱਤੀ ਤੇ ਕਾਲੀਨ ਉੱਪਰ ਬੈਠ ਕੇ ਚਾਹਦਾਨੀ ਵਿਚੋਂ ਖੰਡ ਪਾ ਕੇ ਚਮਚਾ ਫੇਰਨ ਲੱਗੀ।
“ਕੀ ਕਿਹਾ?” ਬਿਨਾਂ ਕਿਸੇ ਭੂਮਿਕਾ ਦੇ ਉਸਨੇ ਪੁੱਛਿਆ।
“ਉਸਨੇ ਕਿਹਾ ਏ, ਤੇਰੇ ਨਾਲ ਗੱਲ ਕਰਕੇ ਫ਼ੈਸਲਾ ਕਰੇਗੀ।”
“ਓ-ਅ...।” ਉਸਨੇ ਦੋ ਚਮਚ ਖੰਡ ਪਿਆਲੀ ਵਿਚ ਪਾ ਦਿੱਤੀ। ਪੱਲੇ ਨਾਲ ਕੇਤਲੀ ਫੜ੍ਹ ਕੇ ਚਾਹ ਪਾਉਣ ਲੱਗੀ, “ਤੇ ਜੇ ਐਤਵਾਰ ਤਕ ਸਬਰ ਕਰ ਲੈਂਦੇ ਤਾਂ ਕਿਹੜੀ ਟਰੇਨ ਲੰਘ ਜਾਂਦੀ! ਤੁਸੀਂ ਉਸ ਕੋਲ ਕਿਉਂ ਗਏ? ਉਸ ਨੀਚ ਔਰਤ ਦੀਆਂ ਮਿੰਨਤਾਂ ਕਰਨ ਦੀ ਲੋੜ ਕੀ ਸੀ ਤੁਹਾਨੂੰ?”
“ਪਰ ਤੂੰ ਤਾਂ ਵਿਗੜੀ ਗੱਲ ਬਣਾਉਣ ਵਿਚ ਅਕਸਪਰਟ ਏਂ¸ ਮਾਮਲਾ ਤੇਰੇ ਹੱਥ ਵਿਚ ਪਹੁੰਚ ਕੇ ਆਪਣੇ ਆਪ ਸੁਲਝ ਜਾਏਗਾ।”
“ਅਹਿਸਾਨ ਫ਼ਰਾਮੋਸ਼ ਕਿਤੋਂ ਦੀ¸”' ਆਬਿਦਾ ਦਾ ਖ਼ੂਨ ਉਬਾਲੇ ਖਾਣ ਲੱਗਾ, “ਉਸਦੀ ਇਹ ਮਜ਼ਾਲ ਕਿ ਉਹ ਤੁਹਾਡੇ ਨਾਲ ਬਦਤਮੀਜੀ ਕਰੇ।”
“ਕਤਈ ਇਸ ਦੇ ਉਲਟ, ਉਹ ਤੇਰੇ ਅਹਿਸਾਨਾਂ ਦੇ ਬੋਝ ਹੇਠ ਦੱਬੀ ਹੋਈ ਏ ਤੇ ਤੇਰੀ ਇਜਾਜ਼ਤ ਦੇ ਬਿਨਾਂ ਕੋਈ ਕਦਮ ਨਹੀਂ ਚੁੱਕਣਾ ਚਾਹੁੰਦੀ।”
ਆਬਿਦਾ ਨਿਰਉੱਤਰ ਜਿਹੀ ਹੋ ਗਈ।
“ਪਤਾ ਨਹੀਂ ਖੰਡ ਪਾਈ ਕਿ ਨਹੀਂ!” ਉਹ ਸ਼ੂਗਰ-ਪਾਟ ਨੂੰ ਕੰਬਦੇ ਹੱਥਾਂ ਨਾਲ ਟੋਹਣ-ਟਟੋਲਨ ਲੱਗੀ।
“ਉਸਦਾ ਲੂੰ-ਲੂੰ ਤੇਰੀਆਂ ਮਿਹਰਬਾਨੀਆਂ ਤੇ ਅਹਿਸਾਨਾਂ ਦੇ ਜਾਲ ਵਿਚ ਜਕੜਿਆ ਹੋਇਆ ਐ। ਤੇਰੇ ਪਿਆਰ ਨੇ ਮੇਰੀ ਬੇਵਫ਼ਾਈ ਦੇ ਦਾਗ਼ ਨੂੰ ਛਿਪਾਅ ਦਿੱਤਾ ਏ। ਮੈਂ ਉਸਨੂੰ ਦੁੱਖ ਤੇ ਬਦਨਾਮੀ ਦਿੱਤੀ। ਪਰ ਤੂੰ ਉਸਨੂੰ ਮਾਂ ਦਾ ਪਿਆਰ, ਭੈਣ ਦੀ ਹਮਦਰਦੀ ਤੇ ਦੋਸਤ ਦੀ ਮੁਹੱਬਤ ਦਿੱਤੀ। ਤੂੰ ਉਸਦੀ ਡੁੱਬਦੀ ਕਿਸ਼ਤੀ ਦਾ ਪਤਵਾਰ ਬਣ ਕੇ ਉਸਨੂੰ ਦਰ-ਦਰ ਦੀਆਂ ਠੋਕਰਾਂ ਤੋਂ ਬਚਾਅ ਲਿਆ। ਤੂੰ ਰੁਪਏ ਮੇਰੇ ਨਾਂ 'ਤੇ ਭੇਜੇ, ਪਰ ਉਹ ਇਹ ਵੀ ਜਾਣਦੀ ਹੈ ਕਿ ਤੂੰ ਆਪਣੇ ਜੇਵਰ ਵੇਚ ਕੇ...!”
“ਲਾਹਨਤ ਭੇਜੋ ਨਾਮੁਰਾਦ ਜੇਵਰਾਂ 'ਤੇ।” ਉਹ ਤੇਜ਼ੀ ਨਾਲ ਪਿਆਲੀ ਵਿਚ ਚਮਚਾ ਘੁਮਾਉਣ ਲੱਗ ਪਈ।
“ਆਸ਼ਿਕ ਤਾਂ ਉਸਨੇ ਬੜੇ ਦੇਖੇ ਸਨ, ਪਰ ਤੇਰੇ ਵਰਗੀ ਕਿਸੇ ਆਸ਼ਕ ਦੀ ਪਿਆਰ ਕਰਨ ਵਾਲੀ ਤੇ ਮਿਹਰਬਾਨ ਬੀਵੀ ਨਾਲ ਉਸਦਾ ਪਾਲਾ ਪਹਿਲੀ ਵਾਰੀ ਪਿਆ ਸੀ...ਤੇ ਉਹ ਤੈਥੋਂ ਬੜੀ ਡਰੀ ਹੋਈ ਏ,” ਮਾਜਿਦ ਖੁੱਲ੍ਹ ਕੇ ਮੁਸਕਰਾ ਰਿਹਾ ਸੀ। ਪਰ ਇਹ ਦੇਖ ਕੇ ਆਬਿਦਾ ਦਾ ਦਿਲ ਬੈਠ ਗਿਆ ਕਿ ਉਸਦੀਆਂ ਅੱਖਾਂ ਵਿਚੋਂ ਪ੍ਰਸ਼ੰਸਾ ਦੀ ਬਜਾਏ ਵਿਅੰਗ-ਬਾਣ ਵਰ੍ਹ ਰਹੇ ਸਨ।
“ਮੈਂ...ਮੈਂ...” ਉਹ ਬੇਚੈਨ ਜਿਹੀ ਹੋ ਗਈ।
“ਤੂੰ ਚਾਹੇਂ ਤਾਂ ਮੇਰੀ ਜ਼ਿੰਦਗੀ ਦਾ ਪਾਸਾ ਪਲਟ ਸਕਦੀ ਏਂ। ਜੇ ਤੂੰ ਆਪਣੀਆਂ ਸਾਰੀਆਂ ਮਿਹਰਬਾਨੀਆਂ ਤੇ ਅਹਿਸਾਨਾਂ ਦਾ ਵਾਸਤਾ ਪਾ ਕੇ ਉਸਨੂੰ ਕਹੇਂ ਕਿ ਉਹ ਤੇਰੇ ਪਿਆਰੇ ਪਤੀ ਉੱਪਰ ਰਹਿਮ ਕਰੇ, ਵਰਨਾ ਉਹ ਮਿਟ ਜਾਏਗਾ, ਤਬਾਹ ਹੋ ਜਾਏਗਾ ਤੇ ਉਸਦਾ ਦਿਲ ਜੋ ਅਸਲ ਵਿਚ ਤੇਰਾ ਏ, ਟੁੱਟ ਕੇ ਚੂਰ-ਚੂਰ ਹੋ ਜਾਏਗਾ।” ਮਾਜਿਦ ਨੇ ਨਾਟਕੀ ਢੰਗ ਨਾਲ ਸੀਨੇ ਉੱਤੇ ਹੱਥ ਰੱਖ ਕੇ ਕਿਹਾ, “ਮੈਂ ਤੇਰਾ ਚਹੇਤਾ ਮੱਜਨ ਆਂ, ਆਬਿਦਾ। ਮੇਰਾ ਦਿਲ, ਦਿਮਾਗ਼, ਫੇਫੜੇ, ਗੁਰਦੇ, ਸਭ ਤੇਰੇ ਨੇ। ਮੇਰੇ ਮੂੰਹ ਵਿਚਲੀ ਗਰਾਹੀ, ਤੇਰੇ ਪੇਟ ਵਿਚ ਪਹੁੰਚਦੀ ਏ। ਮੈਨੂੰ ਖਾਣਾ ਹਜਮ ਨਾ ਹੋਵੇ ਤਾਂ ਤੈਨੂੰ ਕੈ ਆ ਜਾਂਦੀ ਏ। ਮੇਰੀ ਸ਼ਾਹਰਗ ਕੱਟੀ ਜਾਵੇ ਤਾਂ ਖ਼ੂਨ ਤੇਰੇ ਵਗਦਾ ਏ। ਤੂੰ, ਤੂੰ ਹੀ ਮੇਰਾ ਸਭ ਕੁਝ ਏਂ¸ ਤੇ ਮੈਂ ਸਿਰਫ ਇਕ ਧੋਖਾ ਆਂ। ਇਕ ਗਲਤੀ, ਭੁੱਲ ਜਾਂ ਫੇਰ ਕੋਈ ਬੇਕਾਰ ਜਿਹੀ ਘਟਨਾ...।”
ਆਬਿਦਾ ਦੇ ਬੁੱਲ੍ਹ ਹਿਲੇ ਪਰ ਆਵਾਜ਼ ਨਾ ਨਿਕਲੀ। ਉਹ ਬਿਨਾਂ ਅੱਖਾਂ ਫਰਕਾਏ ਉਸ ਵੱਲ ਦੇਖਦੀ ਰਹੀ।
“ਤੇ ਜੇ ਤੂੰ ਮੇਰੀ ਸਿਫ਼ਾਰਸ਼ ਕਰ ਦਏਂ ਤਾਂ ਉਹ ਮੈਨੂੰ ਸੀਨੇ ਨਾਲ ਲਾ ਲਏਗੀ। ਫੇਰ ਮੈਂ ਤੈਥੋਂ ਇਜਾਜ਼ਤ ਲੈ ਕੇ ਉਸਨੂੰ ਆਪਣੀਆਂ ਬਾਹਾਂ ਵਿਚ ਸਮੇਟ ਲਵਾਂਗਾ ਤੇ ਤੇਰੀਆਂ ਸ਼ੁਭ-ਇੱਛਾਵਾਂ ਦੀ ਛਤਰ-ਛਾਇਆ ਹੇਠ ਉਸ ਨਾਲ...”
“ਮਾਜਿਦ, ਇਹ ਕੀ ਕਹਿ ਰਹੇ ਓ!”
“ਤੂੰ ਮੇਰੇ ਗੁਨਾਹ ਨੂੰ ਆਪਣੇ ਪੱਲੇ ਹੇਠ ਛੁਪਾ ਲਿਆ, ਮੈਂ ਜਨਮਾਂ-ਜਨਮਾਂ ਤਕ ਤੇਰੀ ਦਿੱਤੀ ਨਸੀਹਤ ਨੂੰ ਚੇਤੇ ਰੱਖਾਂਗਾ।” ਉਸਦੇ ਸਾਹਾਂ ਦੀ ਗਤੀ ਤੇਜ਼ ਹੋ ਗਈ ਸੀ।
“ਮੱਜੂ...ਤੁਸੀਂ ਬਹੁਤ ਥੱਕ ਗਏ ਓ। ਜ਼ਰਾ...” ਉਹ ਘਬਰਾ ਕੇ ਆਪਣੀ ਝੋਲੀ ਵਿਚੋਂ ਕੁਝ ਲੱਭਣ ਲੱਗੀ।
“ਨਹੀਂ ਹੁਣ ਮੈਂ ਆਰਾਮ ਨਹੀਂ ਕਰਾਂਗਾ।”
“ਸੁਣੋ ਵੀ...”
“ਨਹੀਂ ਅੱਜ ਮੇਰੇ ਕੋਲ ਸੁਣਨ ਲਈ ਵਕਤ ਨਹੀਂ...ਅੱਜ ਸੁਣਨ ਦੀ ਵਾਰੀ ਸਿਰਫ਼ ਤੇਰੀ ਐ।”
“ਕਹੋ¸ ਜੋ ਜੀਅ 'ਚ ਆਏ ਕਹੋ¸ ਮੈਂ ਸੁਣ ਰਹੀ ਆਂ।” ਉਹ ਆਪਣੇ ਹੱਥਾਂ ਨੂੰ ਉਲਟ-ਪਲਟ ਕੇ ਦੇਖਣ ਲੱਗੀ।
“ਤੈਨੂੰ ਪਤਾ ਸੀ, ਮੈਂ ਕਿੱਥੇ ਗਿਆ ਆਂ?”
“ਤੁਸੀਂ ਜਦੋਂ ਆਫ਼ਿਸ ਤੋਂ ਨਾ ਆਏ ਤਾਂ ਮੈਂ ਸੋਚਿਆ...”
“ਤੈਨੂੰ ਇਹ ਵੀ ਪਤਾ ਸੀ, ਮੈਨੂੰ ਕੀ ਜਵਾਬ ਮਿਲੇਗਾ?”
“ਮੈਂ-ਮੈਂ...” ਉਹ ਇਧਰ-ਉਧਰ ਦੇਖਣ ਲੱਗੀ ਜਿਵੇਂ ਉਸਦੀ ਗੱਲ ਦਾ ਜਵਾਬ ਟੋਲਣ ਲੱਗ ਪਈ ਹੋਵੇ।
“ਤੂੰ ਤਾਂ ਗੈਬ (ਅਦ੍ਰਿਸ਼ ਭਵਿੱਖ) ਦਾ ਹਾਲ ਜਾਣਦੀ ਏਂ। ਫੇਰ ਤੈਨੂੰ ਪੁੱਛਣ ਦੀ ਕੀ ਜ਼ਰੂਰਤ ਸੀ?”
“ਮੈਂ-ਤਾਂ-ਮਾਜਿਦ, ਤੁਸੀਂ...” ਉਸਦੀ ਝੋਲੀ ਖ਼ਾਲੀ ਸੀ ਤੇ ਉਹ ਚੋਰ ਜਿਹੀ ਬਣੀ ਬੈਠੀ ਰਹੀ।
“ਕਿਉਂਕਿ ਤੂੰ ਬਿਸਾਤ ਦਾ ਇਕ-ਇਕ ਮੋਹਰਾ ਚੁਣ-ਚੁਣ ਕੇ ਮਾਰਨ ਵਿਚ ਵਿਸ਼ਵਾਸ ਰੱਖਦੀ ਏਂ।”
“ਅੱਲਾ...!” ਉਸਦੇ ਹੱਥ ਖ਼ਾਲੀ ਸਨ।
“ਤੇ ਇਹ ਤੇਰਾ ਆਖ਼ਰੀ ਵਾਰ ਸੀ। ਤੂੰ ਕਈ ਦਿਨਾਂ ਤੋਂ ਮੈਨੂੰ ਉਕਸਾ ਰਹੀ ਸੈਂ।... ਤੂੰ ਅਖੀਰੀ ਚੋਟ ਕਰਨ ਲਈ ਬੜੀ ਖ਼ੁਬਸੂਰਤੀ ਨਾਲ ਜ਼ਮੀਨ ਪੱਧਰ ਕਰ ਰਹੀ ਸੈਂ। ਔਰਤ ਦੇ ਸੁਭਾ ਵਿਚ ਹੀ ਚਾਲਬਾਜੀ ਹੈ। ਮੈਂ ਇਹ ਘਿਸਿਆ ਪਿਟਿਆ ਵਾਕ ਦੂਹਰਾਉਣਾ ਨਹੀਂ ਚਾਹੁੰਦਾ, ਨਾ ਹੀ ਇਸ ਵਿਚ ਮੇਰਾ ਵਿਸ਼ਵਾਸ ਐ। ਪਰ ਖ਼ੁਦਾ ਗਵਾਹ ਏ ਆਬਿਦਾ, ਤੂੰ ਮੇਰੇ ਨਾਲ ਇਨਸਾਫ਼ ਨਹੀਂ ਕੀਤਾ।”
“ਇਸ ਵੇਲੇ ਤੁਹਾਡੇ ਹੋਸ਼ ਠਿਕਾਣੇ ਨਹੀਂ, ਕੁਝ ਚਿਰ ਬਾਅਦ ਜ਼ਰਾ ਸ਼ਾਂਤੀ ਨਾਲ...”
“ਸ਼ਾਂਤੀ, ਸ਼ਾਂਤੀ, ਸ਼ਾਂਤੀ¸ ਮੈਨੂੰ ਇਸ ਸ਼ਬਦ ਤੋਂ ਘਿਣ ਆਉਂਦੀ ਏ।” ਉਸਦੀਆਂ ਪੁੜਪੁੜੀਆਂ ਦੀਆਂ ਨਸਾਂ ਉਭਰ ਆਈਆਂ, “ਸ਼ਾਂਤੀ ਦਾ ਸਮਾਂ ਲੰਘ ਚੁੱਕਿਆ ਏ।” ਉਸ ਨੇ ਫੇਰ ਕਿਹਾ, “ਸਾਰੇ ਮੋਰਚਿਆਂ ਦੀ ਨਾਕਾਬੰਦੀ ਮੁਕੰਮਲ ਹੋ ਗਈ ਹੈ... ਅੱਜ ਮੇਰਾ ਅਸਤੀਫ਼ਾ ਵੀ ਮੰਜ਼ੂਰ ਹੋ ਗਿਆ ਐ।”
“ਪਰ ਅਜੇ ਤਾਂ ਤੁਸੀਂ ਹੋਰ ਛੁੱਟੀ ਲੈ ਸਕਦੇ ਸੀ।”
“ਜਾਪਦਾ ਏ ਹੁਣ ਮੇਰੀ ਪਰਮਾਨੈਂਨਟ ਛੁੱਟੀ ਦਾ ਸਮਾਂ ਦੂਰ ਨਹੀਂ।” ਫੇਫੜਿਆਂ ਵਿਚ ਜਗ੍ਹਾ ਦੀ ਕਮੀ ਕਾਰਨ ਸਾਹ ਬੜੇ ਉੱਖੜੇ-ਉੱਖੜੇ ਜਿਹੇ ਆ ਰਹੇ ਸਨ।
“ਮਾਜਿਦ ਮੈਂ ਤੁਹਾਡੇ ਅੱਗੇ ਹੱਥ ਜੋੜਦੀ ਆਂ...” ਉਹਦਾ ਰੋਣ ਨਿਕਲ ਗਿਆ।
“ਹੁਣ ਮੈਂ ਜਿਊਣਾ ਵੀ ਚਾਹਾਂ, ਤਾਂ ਵੀ ਜਿਊਂ ਨਹੀਂ ਸਕਦਾ।” ਉਹ ਬਹਿਕੀਆਂ, ਸੱਖਣੀਆਂ ਨਿਗਾਹਾਂ ਨਾਲ ਕੰਧਾਂ-ਖੂੰਜਿਆਂ ਵੱਲ ਤੱਕਣ ਲੱਗਾ, “ਤੇਰਾ ਜੀਅ ਬਹਿਲਾਉਣ ਲਈ ਕਠਪੁਤਲੀ ਨਹੀਂ ਬਣ ਸਕਦਾ। ਤੂੰ ਤਾਂ ਖ਼ੁਦਾ ਤੋਂ ਚਾਹੁੰਦੀ ਹੋਏਂਗੀ, ਮੈਂ ਅਪਾਹਿਜ ਹੋ ਜਾਵਾਂ। ਫੇਰ ਤੂੰ ਹੀ ਮੇਰੇ ਹੱਥ ਪੈਰ ਬਣ ਜਾਏਂ, ਮੇਰੀ ਜ਼ਬਾਨ ਬਣ ਜਾਏਂ ਤੇ ਮੇਰੀ ਜੀਅ ਭਰ ਕੇ ਸੇਵਾ ਕਰੇਂ।”
“ਖ਼ੁਦਾ ਨਾ ਕਰੇ¸ ਮੈਂ ਤੁਹਾਡੇ ਪੈਰ ਫੜਦੀ ਆਂ¸ ਅੱਲ੍ਹਾ,” ਉਹ ਸਿਰ ਤੋਂ ਪੈਰਾਂ ਤਕ ਕੰਬ ਰਹੀ ਸੀ।
“ਤੇ ਸ਼ਾਇਦ ਮੈਂ ਵੀ ਤੇਰੇ ਨਾਲ ਮੁਹੱਬਤ ਨਹੀਂ ਕੀਤੀ। ਤੈਨੂੰ ਦੇਖ ਕੇ ਮੈਂ ਸੋਚਿਆ, ਤੇਰੇ ਬਿਨਾਂ ਮੇਰੀ ਜ਼ਿੰਦਗੀ ਅਧੂਰੀ ਰਹੇਗੀ। ਇਹ ਮੁਹੱਬਤ ਨਹੀਂ ਖੁਦਗਰਜ਼ੀ ਸੀ। ਮੈਂ ਆਪਣੀ ਜ਼ਿੰਦਗੀ ਬਣਾਉਣ ਲਈ ਤੈਨੂੰ ਪਾ ਲਿਆ, ਤੇ ਤੂੰ¸ ਤੂੰ ਵੀ ਮੇਰੀ ਆਵਾਰਾ-ਗਰਦੀ ਦੇ ਕਿੱਸੇ ਸੁਣ ਕੇ ਮੈਨੂੰ ਸੁਧਾਰਨ ਦਾ ਪੱਕਾ ਇਰਾਦਾ ਕਰ ਲਿਆ। ਤੈਨੂੰ ਜੰਗਲੀ ਕਬੂਤਰਾਂ ਨੂੰ ਸਿਧਾਉਣ ਦਾ ਬੜਾ ਸ਼ੌਕ ਸੀ। ਵਹਿਸ਼ੀ ਪਰਿੰਦੇ ਤੇਰੀ ਹੱਥੇਲੀ ਤੋਂ ਦਾਨਾ ਖਾਣ ਲੱਗਦੇ ਸਨ...ਹੈ ਨਾ?” ਸ਼ਬਦ ਇਕ ਦੂਸਰੇ ਵਿਚ ਉਲਝਦੇ ਜਾ ਰਹੇ ਸਨ।
“ਯਾ ਅੱਲ੍ਹਾ¸ ਓ ਮੇਰੇ ਅੱਲ੍ਹਾ¸ਮੈਂ ਮਰ ਜਾਵਾਂਗੀ।”
“ਨਹੀਂ ਤੂੰ ਨਹੀਂ ਮਰੇਂਗੀ। ਤੇਰੇ ਸੀਨੇ ਵਿਚ ਇੰਜ ਹੀ ਧੜਕਨ ਜਾਰੀ ਰਹੇਗੀ। ਮੇਰੇ ਬਾਅਦ ਮੇਰਾ ਦਿਲ ਵੀ ਤਾਂ ਤੇਰੇ ਸੀਨੇ ਵਿਚ ਧੜਕਨ ਲੱਗ ਪਏਗਾ¸ ਮੈਂ-ਮੇਰਾ ਵਜੂਦ ਸਭ ਕੁਝ ਤੂੰ ਸਮੇਟ ਲਿਆ ਏ। ਹੁਣ ਇਹ¸ ਇਹ ਕਦੀ ਨਹੀਂ ਖਿੱਲਰ ਸਕਦਾ। ਕਦੀ ਨਿਵਾਣਾ ਵੱਲ ਨਹੀਂ ਜਾ ਸਕਦਾ¸ ਤੇਰੀ ਹੋਂਦ ਦੇ ਨਾਲ-ਨਾਲ ਉੱਚਾ¸ ਹੋਰ ਉੱਚਾ, ਮੇਰੀ ਪਹੁੰਚ ਤੋਂ ਉੱਚਾ¸ ਉਠਦਾ ਜਾਏਗਾ...ਮੇਰੇ ਸਾਹ ਤੇਰੇ ਹੋਂਠਾਂ ਉੱਪਰ ਸਿਸਕਦੇ ਰਹਿਣਗੇ। ਮੇਰੀਆਂ ਅੱਖਾਂ ਦੀ ਰੋਸ਼ਨੀ ਹੁਣ ਤੇਰੀਆਂ ਅੱਖਾਂ ਵਿਚ ਜਗਮਗਾਏਗੀ...” ਫੇਰ ਮਾਜਿਦ ਦੇ ਮੂੰਹੋਂ ਅਜੀਬ-ਅਜੀਬ ਆਵਾਜ਼ਾਂ ਨਿਕਲਣ ਲੱਗੀਆਂ। ਅੱਖਾਂ ਕਿਸੇ ਗੁੱਝੀ ਪੀੜ ਸਦਕਾ ਬਾਹਰ ਵੱਲ ਨਿਕਲ ਆਈਆਂ। ਚਿਹਰਾ ਤਪੇ ਹੋਏ ਤਾਂਬੇ ਵਾਂਗ ਸੁਰਖ਼ ਹੋ ਗਿਆ। ਉਹ ਦੋਹਾਂ ਹੱਥਾਂ ਨਾਲ ਆਪਣਾ ਗਲ਼ਾ ਰਗੜਣ ਲੱਗ ਪਿਆ¸ ਤੇ ਆਬਿਦਾ ਦੇ ਸੰਭਾਲਦਿਆਂ-ਸੰਭਾਲਦਿਆਂ, ਮੂਧੜੇ-ਮੂੰਹ ਆ ਡਿੱਗਿਆ।
ਸਾਰੇ ਵਾਤਾਵਰਣ ਉੱਪਰ ਇਕ ਚੁੱਪ ਜਿਹੀ ਛਾ ਗਈ¸ ਜਿਵੇਂ ਬੰਬਈ ਦੀ ਆਤਮਾਂ ਨਿਕਲ ਗਈ ਹੋਵੇ। ਆਬਿਦਾ ਦੇ ਕੰਨ ਬੋਲੇ ਹੋ ਗਏ। ਕਮਰੇ ਦਾ ਹਨੇਰਾ ਹੋਰ ਗੂੜ੍ਹਾ ਹੋ ਗਿਆ। ਉਸਨੇ ਬੜੀ ਸਾਵਧਾਨੀ ਨਾਲ ਉਸਨੂੰ ਦੀਵਾਨ ਉੱਪਰ ਸਿੱਧਾ ਲਿਟਾਅ ਦਿੱਤਾ। ਖੁੱਲ੍ਹੀਆਂ ਹੋਈਆਂ ਅੱਖਾਂ ਨੂੰ, ਠਰੀਆਂ ਹੋਈਆ ਹੱਥੇਲੀਆਂ ਨਾਲ, ਬੰਦ ਕੀਤਾ ਤੇ ਵਾਰ-ਵਾਰ ਖੁੱਲ੍ਹ ਰਹੇ ਜਬਾੜੇ ਨੂੰ ਆਪਣੇ ਗੁਲਾਬੀ ਦੁਪੱਟੇ ਨਾਲ ਬੰਨ੍ਹ ਦਿੱਤਾ। ਬਾਹਾਂ ਪਾਸੀਂ ਸੁਚੱਜੇ ਢੰਗ ਨਾਲ ਟਿਕਾਅ ਦਿੱਤੀਆਂ। ਪੋਨੀਟੇਲ 'ਚੋਂ ਰੀਬਨ ਖਿੱਚ ਕੇ ਉਸਦੇ ਪੈਰਾਂ ਦੇ ਅੰਗੂਠੇ ਬੰਨ੍ਹੇ ਤੇ ਕਿਸੇ ਆਗਿਆਕਾਰੀ ਬੱਚੇ ਵਾਂਗ, ਇਕ ਪਾਸੇ ਸਟੂਲ ਉੱਪਰ ਬੈਠ ਗਈ।
ਇਕ ਪਲ ਲਈ ਮਾਜਿਦ ਦੀਆਂ ਅੱਧ-ਮਿਚੀਆਂ ਅੱਖਾਂ ਦੀਆਂ ਪੁਤਲੀਆਂ ਕੰਬੀਆਂ। ਉਸਨੇ ਟੇਢੀ ਅੱਖੇ ਆਬਿਦਾ ਵੱਲ ਦੇਖਿਆ। ਹੋਠਾਂ ਉੱਤੇ ਇਕ ਮੁਸਕਾਨ ਕੰਬੀ। ਹਿੱਕ ਹੇਠ ਜ਼ੋਰਦਾਰ ਠਹਾਕਿਆਂ ਦਾ ਤੂਫ਼ਾਨ ਉਠਿਆ¸ ਫੇਰ ਦੁਨੀਆਂ ਰੁੱਕ ਗਈ।
ਮਾਜਿਦ ਦੀ ਆਖ਼ਰੀ ਨਜ਼ਰ ਕਈ ਕਹਾਣੀਆਂ ਕਹਿ ਗਈ :
ਤੂੰ ਏਨੀ ਸੁਘੜ ਏਂ¸ ਪ੍ਰਾਣ ਨਿਕਲਣ ਤੋਂ ਪਹਿਲਾਂ ਈ ਸਜਾਅ-ਸੰਵਾਰ ਦਿੱਤਾ ਈ। ਉਮੀਦ ਐ ਦੂਜੀ ਦੁਨੀਆਂ ਵਿਚ ਵੀ ਤੇਰੀਆਂ ਦੁਆਵਾਂ ਨੇ ਮੇਰੇ ਆਰਾਮ ਦਾ ਪੂਰਾ-ਪੂਰਾ ਇੰਤਜ਼ਾਮ ਕਰ ਦਿੱਤਾ ਹੋਏਗਾ।'
ਆਬਿਦਾ ਦੀਆਂ ਦੋਏ ਬਾਹਾਂ ਸੁਹਾਗ ਦੀਆਂ ਚੂੜੀਆਂ ਦੇ ਭਾਰ ਨਾਲ ਥੱਕ ਕੇ ਝੂਲ ਗਈਆਂ¸ ਤੇ ਉਹ ਟੁੱਟੇ ਹੋਏ ਤਾਰੇ ਵਾਂਗ ਸ਼ੁੰਨ ਵਿਚ ਡੁੱਬਦੀ ਗਈ।
ਘੰਟੀ ਵਾਰੀ-ਵਾਰੀ ਵੱਜ ਰਹੀ ਸੀ¸ ਜਾਂ ਇਹ ਉਸਦਾ ਭਰਮ ਸੀ। ਉਂਜ ਹੀ ਘੰਟੀਆਂ ਵੱਜਣ ਲੱਗ ਪੈਂਦੀਆਂ ਸਨ। ਸ਼ਾਇਦ ਗੁਆਂਢਣਾ ਦੇ ਪਤੀ ਦਫ਼ਤਰਾਂ 'ਚੋਂ ਵਾਪਸ ਆ ਰਹੇ ਹੋਣਗੇ। ਉਸਦੇ ਫ਼ਲੈਟ ਦੀ ਘੰਟੀ, ਉਮਰ ਭਰ, ਕਦੀ ਨਹੀਂ ਵੱਜੇਗੀ। ਦਰਵਾਜ਼ਾ ਖੋਲ੍ਹਦਿਆਂ ਹੀ ਉਸਨੂੰ ਬਾਹਾਂ ਵਿਚ ਘੁੱਟ ਕੇ, ਉਸਦੇ ਬਾਸੀ ਹੋਂਠ ਕੋਈ ਨਹੀਂ ਚੁੰਮੇਗਾ...ਕਦੀ ਨਹੀਂ ਚੁੰਮੇਗਾ। ਉਹ ਕਬਰ ਵਿਚ ਲੇਟੀ ਸੀ। ਲੋਕ ਛੱਤ ਤੱਕ ਤੁੜੀ ਵਾਂਗ ਭਰੇ ਹੋਏ ਸਨ। ਹੰਝੂ ਵਗ ਰਹੇ ਸਨ। ਸੋਗ ਦੀਆਂ ਘਣਘੋਰ ਘਟਾਵਾਂ ਝੂਲ ਰਹੀਆਂ ਸਨ। ਦੁਨੀਆਂ ਭਰੀ-ਪੂਰੀ ਸੀ, ਪਰ ਉਸਦੀ ਜ਼ਿੰਦਗੀ ਖ਼ਾਲੀ ਤੇ ਸੁੰਨੀ-ਸੱਖਣੀ। ਬਾਹਾਂ ਹੌਲੀਆਂ ਫੁੱਲ ਹੋ ਚੁੱਕੀਆਂ ਸਨ। ਕੋਰੀ ਮਲਮਲ ਦੇ ਸਫ਼ੇਦ ਦੁਪੱਟੇ ਵਿਚ ਲੋਬਾਨ ਤੇ ਕਾਫੂਰ ਦੀ ਡਰਾਵਨੀ ਬੂ ਰਚੀ ਹੋਈ ਸੀ।
...ਘੰਟੀ ਬੀਮਾਰ ਬੱਚੇ ਵਾਂਗ ਲਗਾਤਾਰ ਠੁਣਕ ਰਹੀ ਸੀ¸ ਜਿਵੇਂ ਦੂਰ ਕਿਸੇ ਹੋਰ ਦੁਨੀਆਂ ਵਿਚ ਵੱਜ ਰਹੀ ਹੋਏ। ਉਸਨੇ ਬੜੇ ਮੋਹ ਨਾਲ ਖਿੱਲਰੇ ਹੋਏ ਸੁਪਨੇ ਸਮੇਟੇ ਤੇ ਗਾਦਰੇਜ਼ ਦੀ ਅਲਮਾਰੀ ਵਿਚ ਬੰਦ ਕਰ ਦਿੱਤੇ। ਅੱਧ ਬੁਣਿਆ ਸਵੈਟਰ ਚੁੱਕ ਕੇ ਦਰਾਜ ਵਿਚ ਰੱਖ ਦਿੱਤਾ। ਪੈਰਾਂ ਦੀ ਚੱਪਲ ਪਲੰਘ ਹੇਠ ਖਿਸਕਾ ਦਿੱਤੀ।...ਤੇ ਚੁਟਕੀ ਨਾਲ ਨਿੱਕੀਆਂ-ਨਿੱਕੀਆਂ ਜੁਰਾਬਾਂ ਚੁੱਕ ਕੇ, ਇਕ ਕੋਨੇ ਵਿਚ ਰੱਖ ਦਿੱਤੀਆਂ। ਜਦੋਂ ਉਸਨੇ ਆਪਣਾ ਸ਼ੱਕ ਮਿਟਾਉਣ ਲਈ ਦਰਵਾਜ਼ਾ ਖੋਲ੍ਹਿਆ, ਮੋਨਾ ਨਿਰਾਸ਼ ਹੋ ਕੇ ਵਾਪਸ ਮੁੜ ਚੱਲੀ ਸੀ।
ਖੜਾਕ ਸੁਣ ਕੇ ਉਹ ਵਾਪਸ ਪਰਤ ਆਈ।
“ਜ਼ਰਾ ਅੱਖ ਲੱਗ ਗਈ ਸੀ।”
“ਉਫ਼, ਤੁਹਾਡੀ ਧੀ ਕਿੰਨੀ ਭਾਰੀ ਹੋ ਗਈ ਏ!” ਉਸਦਾ ਸਾਹ ਚੜ੍ਹਿਆ ਹੋਇਆ ਸੀ।
“ਬਕ ਨਾ, ਤੇਰੇ ਮੂੰਹ ਵਿਚ ਖੇਹ¸ ਲਿਆ ਮੈਨੂੰ ਫੜਾ ਦੇਅ।” ਉਸਨੇ ਕੁੜੀ ਨੂੰ ਫੜ੍ਹ ਲਿਆ।
“ਫਿਰ ਵਾਪਸ ਨਹੀਂ ਲਵਾਂਗੀ।” ਉਹ ਬਨਾਉਟੀ ਜਿਹਾ ਹਾਸਾ ਹੱਸਦੀ ਹੋਈ ਬੋਲੀ।
“ਗੱਲਾਂ ਨਾ ਬਣਾ। ਕਿੱਥੋਂ ਦਾ ਪ੍ਰੋਗਰਾਮ ਏਂ?” ਉਹ ਕੁੜੀ ਨੂੰ ਫੜ੍ਹ ਕੇ ਸੋਫੇ ਉੱਤੇ ਬੈਠ ਗਈ।
“ਪੂਨੇ ਦੀ ਆਖ਼ਰੀ ਰੇਸ ਏ। ਉਸ ਤੋਂ ਪਿੱਛੋਂ ਦੋ ਮਹੀਨਿਆਂ ਲਈ ਮਹਾਬਲੇਸ਼ਵਰ ਜਾਣ ਦਾ ਇਰਾਦਾ ਸੀ...ਪਰ ਇਹ ਤੁਹਾਨੂੰ ਬੜਾ ਤੰਗ ਕਰੇਗੀ।”
“ਹਮਦਰਦੀ ਲਈ ਸ਼ੁਕਰੀਆ। ਸ਼ਰਨ ਤਾਂ ਠੀਕ ਨੇ?” ਉਸਨੇ ਗੱਲ ਟਾਲਣ ਲਈ ਪੁੱਛਿਆ।
“ਠੀਕ ਨੇ ਅਕਤੂਬਰ ਵਿਚ ਉਹਨਾਂ ਦੇ ਡਾਈਵੋਰਸ ਕੇਸ ਦਾ ਫ਼ੈਸਲਾ ਹੋ ਜਾਏਗਾ।”
“ਹੂੰ, ਚਲੋ ਮੁਬਾਰਕਾਂ!”
“ਮੈਂ-ਮੈਂ ਕਿੰਨੀ ਕਮੀਨੀ ਆਂ। ਗਰਜ ਹੁੰਦੀ ਏ ਤਾਂ ਇਸਨੂੰ ਤੁਹਾਡੇ ਸਿਰ ਮੜ੍ਹ ਕੇ ਤੁਰ ਜਾਂਦੀ ਆਂ।...ਤੇ ਹੁਣ ਤਾਂ ਮੇਰੀ ਸਮਝ 'ਚ ਨਹੀਂ ਆਉਂਦਾ ਕਿ ਕੀ ਕਰਾਂ...”
“ਫਿਕਰ ਨਾ ਕਰ, ਸਭ ਕੁਝ ਸਮਝ ਆਉਣ ਲੱਗ ਪਏਗਾ। ਸ਼ਾਦੀ ਕ੍ਰਿਸਮਿਸ ਤੋਂ ਪਹਿਲਾਂ ਜਾਂ...!”
“ਨਹੀਂ, ਦੇਰ ਕਰਨ 'ਚ ਕੋਈ ਫਾਇਦਾ ਨਹੀਂ। ਮਰਦ ਜਾਤ ਦਾ ਕੀ ਭਰੋਸਾ! ਨਾ ਜਾਣੇ ਕਦੋਂ ਦਿਲ ਬਦਲ ਜਾਏ? ਅਜੇ ਤਾਂ ਲੋਹਾ ਗਰਮ ਏਂ¸ ਪਰ ਇਹ ਸੋਚਦੀ ਆਂ ਕਿ-ਕਿ...!”
ਆਬਿਦਾ ਨੇ ਕਤਈ ਉਸਦੀ ਮਦਦ ਨਾ ਕੀਤੀ ਪਰ ਉਸਦਾ ਦਿਲ ਜ਼ੋਰ-ਜ਼ੋਰ ਨਾਲ ਧੜਕਣ ਲੱਗ ਪਿਆ ਸੀ। ਜੋ ਵੀ ਮੋਨਾ ਕਹਿਣਾ ਚਾਹੁੰਦੀ ਸੀ, ਖ਼ੁਦ ਹੀ ਕਹਿ ਦਏ।
“ਸ਼ਰਨ ਜੀ ਨੂੰ ਬੱਚੇ ਬਿਲਕੁਲ ਪਸੰਦ ਨਹੀਂ।”
ਆਬਿਦਾ ਚੁੱਪ ਰਹੀ।
“ਮੇਰਾ ਝਗੜਾ ਵੀ ਹੋਇਐ ਕਈ ਵਾਰੀ¸ ਪਰ ਉਹ ਖਰਚਾ ਦੇਣ ਲਈ ਤਿਆਰ ਨੇ।”
“ਇਸ ਨਿੱਕੀ-ਜਿਹੀ ਜਿੰਦ ਦਾ ਖਰਚਾ ਈ ਕੀ ਏ?...ਤੇ ਨਾਲੇ ਇਹ ਕੋਈ ਯਤੀਮ ਬੱਚੀ ਨਹੀਂ।”
ਮੋਨਾ ਦੀਆਂ ਅੱਖਾਂ ਸਿੱਜਲ ਹੋ ਗਈਆਂ।
“ਮੈਂ ਉਦੋਂ ਹੀ ਦੇ ਦਿੱਤੀ ਹੁੰਦੀ ਤਾਂ ਤੁਸੀਂ ਖੁਸ਼ੀ-ਖੁਸ਼ੀ ਲੈ ਲੈਣੀ ਸੀ!”
ਆਬਿਦਾ ਚੁੱਪ ਰਹੀ।
“ਮੈਂ ਜ਼ਿੱਦ ਮਾਰਿਆਂ ਨਹੀਂ ਦਿੱਤੀ¸ ਪਰ ਮੈਨੂੰ ਕਦੀ ਚੈਨ ਨਹੀਂ ਮਿਲਿਆ। ਇੰਜ ਲੱਗਦਾ ਰਿਹਾ ਜਿਵੇਂ ਮੈਂ ਕਿਸੇ ਹੋਰ ਦਾ ਨਿਆਣਾ ਚੁੱਕ ਲਿਆਈ ਹੋਵਾਂ...”
ਆਬਿਦਾ ਚੁੱਪ ਰਹੀ ਤੇ ਚੀਚੀ ਨਾਲ ਸਬਿਹਾ ਦਾ ਚੀਰ ਕੱਢਦੀ ਰਹੀ।
“ਤੁਸੀਂ ਇਕ ਗੱਲ ਨੋਟ ਕੀਤੀ? ਮੇਰੇ ਨਾਲੋਂ ਜ਼ਿਆਦਾ ਇਹ ਤੁਹਾਡੇ ਨਾਲ ਮਿਲਦੀ ਏ! ਕਦੀ ਮੈਨੂੰ ਬੜਾ ਗੁੱਸਾ ਆਉਂਦਾ ਸੀ। ਮੈਂ ਸੋਚਦੀ ਸਾਂ, ਤੁਸੀਂ ਜਾਦੂਗਰਨੀ ਓ। ਤੁਸੀਂ ਪੇਟ ਵਿਚ ਈ ਇਸਨੂੰ ਮੈਥੋਂ ਖੋਹਣਾ ਸ਼ੁਰੂ ਕਰ ਦਿੱਤਾ ਸੀ।”
ਆਬਿਦਾ ਕੁਝ ਨਾ ਬੋਲੀ। ਬਸ ਅਪਰਾਧੀਆਂ ਵਾਂਗ ਨੀਵੀਂ ਪਾਈ ਬੈਠੀ ਰਹੀ।
“ਪਰ ਇਹ ਮੇਰੀ ਬੇਵਕੂਫ਼ੀ ਸੀ। ਅਸਲ ਵਿਚ ਇਹ ਖਾਨਦਾਨੀ ਚਿਹਰਿਆਂ ਦੀ ਸਮਾਨਤਾ ਐ¸ ਮਾਜਿਦ ਸਾਹਬ ਤੁਹਾਡੇ ਫਸਟ ਕਜਨ ਸੀ ਨਾ?...”
ਆਬਿਦਾ ਨੇ ਕੋਈ ਉੱਤਰ ਨਾ ਦਿੱਤਾ।
“ਕੀ ਇੰਜ ਹੋ ਸਕਦਾ ਏ ਕਿ ਇਕ ਔਰਤ ਦਾ ਬੱਚਾ ਦੂਜੀ ਦੀ ਕੁੱਖ ਵਿਚ ਪਲੇ?” ਮੋਨਾ ਨੇ ਸਹਿਮੀ ਜਿਹੀ ਆਵਾਜ਼ ਵਿਚ ਪੁੱਛਿਆ।
ਆਬਿਦਾ ਦੇ ਹੋਂਠ ਫੇਰ ਵੀ ਨਾ ਹਿੱਲੇ।
“ਖ਼ੁਦਾ ਦੀ ਤਾਕਤ ਸਾਹਮਣੇ ਕੁਝ ਵੀ ਅਸੰਭਵ ਨਹੀਂ।” ਮੋਨਾ ਨੇ ਆਪਣੇ ਸੀਨੇ ਉੱਪਰ ਸਲੀਬ ਦਾ ਨਿਸ਼ਾਨ ਬਣਾਇਆ ਤੇ ਬਿਨਾਂ ਪਿੱਛੇ ਮੁੜ ਕੇ ਦੇਖਿਆਂ ਬਾਹਰ ਨਿਕਲ ਗਈ।
ਉਸਦੇ ਚਲੇ ਜਾਣ ਪਿੱਛੋਂ ਆਬਿਦਾ ਨੇ ਸੁੱਤੀ ਹੋਈ ਕੁੜੀ ਨੂੰ ਚੁੱਕ ਕੇ ਉਸਦੀਆਂ ਨਰਮ-ਮੁਲਾਇਮ, ਨੀਂਦ ਵਿਚ ਡੁੱਬੀਆਂ ਬਾਹਾਂ ਦਾ ਹਾਰ ਆਪਦੇ ਗਲ਼ੇ ਵਿਚ ਪਾਇਆ ਤੇ ਪੱਬਾਂ ਭਾਰ ਤੁਰਦੀ ਹੋਈ ਆਪਣੇ ਬੈੱਡ-ਰੂਮ ਵਿਚ ਆ ਗਈ।
ਉਸਨੇ ਹੌਲੀ ਜਿਹੇ ਕੁੜੀ ਨੂੰ ਉਸ ਜਗ੍ਹਾ ਲਿਟਾਅ ਦਿੱਤਾ ਜਿੱਥੇ ਮਾਜਿਦ ਸੁੱਤੇ ਹੁੰਦੇ ਸਨ। ਸੁੰਨੀ ਸੇਜ ਜਾਗ ਪਈ। ਉਬਾਸੀ ਲੈਂਦਿਆਂ ਹੋਇਆਂ ਉਹ ਆਪਣੀ ਜਗ੍ਹਾ ਲੇਟ ਗਈ।...ਤੇ ਸਿਰਹਾਣੇ 'ਤੇ ਸਿਰ ਰੱਖਦਿਆਂ ਹੀ ਗੂੜ੍ਹੀ ਨੀਂਦ ਵਿਚ ਡੁੱਬ ਗਈ। ਏਨੀ ਗੂੜ੍ਹੀ ਤੇ ਪਿਆਰੀ ਨੀਂਦ ਤਾਂ ਉਸਨੂੰ ਕਈ ਸਾਲਾਂ ਦੀ ਨਹੀਂ ਸੀ ਆਈ।
ਕੰਧ ਉੱਤੇ ਟੰਗੀ ਹੋਈ ਮਾਜਿਦ ਦੀ ਤਸਵੀਰ ਦੀਆਂ ਖੁੱਲ੍ਹੀਆਂ ਅੱਖਾਂ ਸਿੱਥਲ ਸਨ। ਉਹਨਾਂ ਵਿਚ ਨੀਂਦ ਕਿੱਥੇ?...
...........................................................ਸਮਾਪਤ...............................................
(ਅਨੁਵਾਦ: ਮਹਿੰਦਰ ਬੇਦੀ, ਜੈਤੋ)