Jasoos (Punjabi Story) : Navtej Singh
ਜਸੂਸ (ਕਹਾਣੀ) : ਨਵਤੇਜ ਸਿੰਘ
ਠੇਕੇਦਾਰ ਜੀ ਅੱਡੇ ਵਿਚਲੀ ਹਲਵਾਈ ਦੀ ਦੁਕਾਨ ਉਤੇ ਸਾਰਾ ਦਿਨ ਹੀ ਬੈਠੇ ਰਹਿੰਦੇ ਹਨ। ਹੋਰ ਕਿਸੇ ਵੇਲੇ ਭਾਵੇਂ ਕੁਝ ਦੇਰ ਉਹ ਏਧਰ-ਉਧਰ ਹੋ ਜਾਣ, ਪਰ ਰੋਜ਼ ਜਿਸ ਵੇਲੇ ਪਿੰਡ ਦੇ ਸਕੂਲ ਵਿਚ ਪੜ੍ਹਾਣ ਲਈ ਆਉਂਦੀਆਂ ਉਸਤਾਨੀਆਂ ਬਸ ਵਿਚੋਂ ਉਤਰਦੀਆਂ ਹਨ, ਤੇ ਰੋਜ਼ ਜਿਸ ਵੇਲੇ ਉਹ ਸ਼ਹਿਰ ਜਾਣ ਲਈ ਬਸ ਵਿਚ ਚੜ੍ਹਦੀਆਂ ਹਨ, ਓਦੋਂ ਠੇਕੇਦਾਰ ਸਾਹਿਬ ਪੂਰੇ ਨੇਮ ਨਾਲ ਇਥੇ ਹੀ ਹੁੰਦੇ ਹਨ।
ਉਸਤਾਨੀਆਂ ਆਪਸ ਵਿਚ ਗੱਲਬਾਤ ਕਰਦੀਆਂ ਉਨ੍ਹਾਂ ਨੂੰ ‘ਠੇਕੇਦਾਰ’ ਨਹੀਂ, ‘ਇੰਨਸਪੈਕਟਰ’ ਕਹਿਣ ਲੱਗ ਪਈਆਂ ਹਨ, ‘ਇਹ ਸਾਡੀ ਹਾਜ਼ਰੀ ਲਾਂਦਾ ਏ, ਕੌਣ ਕਿਹੜੇ ਵੇਲੇ ਆਂਦੀ ਤੇ ਜਾਂਦੀ ਏ।’
ਪਹਿਲੋਂ ਪਹਿਲੋਂ ਤਾਂ ਉਸਤਾਨੀਆਂ ਮਖ਼ੌਲ ਵਿਚ ਗੱਲ ਆਈ ਗਈ ਕਰਦੀਆਂ ਰਹੀਆਂ, ਪਰ ਕੁਝ ਚਿਰ ਪਿਛੋਂ ਰੋਜ਼ ਦਿਹਾੜੀ ਆਉਣ ਵੇਲੇ ਬਿਲਾ-ਨਾਗ਼ਾ ਇਹ ਠੇਕੇਦਾਰ-ਇੰਸਪੈਕਟਰ ਅੱਖਾਂ ਉਨ੍ਹਾਂ ਨੂੰ ਬੜੀਆਂ ਔਖੀਆਂ ਜਾਪਣ ਲਗ ਪਈਆਂ। ਉਸਤਾਨੀਆਂ ਆਪਸ ਵਿਚ ਬੈਠ ਕੇ ਇਸ ਰੋਜ਼ਾਨਾ ਮੁਸੀਬਤ ਤੋਂ ਬਚਣ ਦਾ ਕੋਈ ਉਪਰਾਲਾ ਸੋਚਦੀਆਂ, ਪਰ ਉਨ੍ਹਾਂ ਨੂੰ ਕੋਈ ਢੰਗ ਨਾ ਲੱਭਦਾ।
ਸ਼ਹਿਰੋਂ ਆਉਣ ਵਾਲੀਆਂ ਉਸਤਾਨੀਆਂ ਦੀ ਸ਼ਿਕਾਇਤ, ਤੇ ਠੇਕੇਦਾਰ ਸਾਹਿਬ ਦੇ ਖ਼ਿਲਾਫ਼! ਭਲਾ ਕਿਸ ਸੁਣਨੀ ਸੀ। ਉਹ ਵਿਆਹੇ ਵਰ੍ਹੇ ਸਨ, ਬਾਲ-ਬੱਚੇਦਾਰ ਸਨ, ਰੋਜ਼ ਦੋ ਵੇਲੇ ਨੇਮ ਨਾਲ ਗੁਰਦੁਆਰੇ ਜਾਂਦੇ ਸਨ, ਤੇ ਜਦੋਂ ਅੱਡੇ ਉਤਲੇ ਹਲਵਾਈ ਦੀ ਦੁਕਾਨ ਉਤੇ ਨਾ ਬੈਠੇ ਹੁੰਦੇ ਤਾਂ ਆਪਣੇ ਘਰ ਦੇ ਵਰਾਂਡੇ ਵਿਚ ਮੰਜੀ ਉਤੇ ਚੌਂਕੜੀ ਮਾਰ ਉਚੀ ਉਚੀ ਪਾਠ ਕਰਦੇ ਰਹਿੰਦੇ। ਤੇ ਇਹ ਉਸਤਾਨੀਆਂ, ਇਹ ਸ਼ਹਿਰਨਾਂ, ਇਹ ਚੁਸਤ ਕਪੜੇ ਪਾਣ ਵਾਲੀਆਂ, ਇਹ ਗੁੱਟ ਉਤੇ ਘੜੀ ਲਾਣ ਵਾਲੀਆਂ, ਇਹ ਜਿਨ੍ਹਾਂ ਨੇ ਪਤਾ ਨਹੀਂ ਕਿਹੜੇ ਕਿਹੜੇ ਸਕੂਲਾਂ ਤੇ ਕਾਲਿਜਾਂ ਦਾ ਪਾਣੀ ਪੀਤਾ ਹੋਇਆ ਸੀ, ਇਨ੍ਹਾਂ ਦੀ ਕੌਣ ਸੁਣੇਗਾ! ਸੋ ਰੋਜ਼ ਦੋ ਵੇਲੇ ਉਸਤਾਨੀਆਂ ਨੂੰ ਠੇਕੇਦਾਰ ਸਾਹਿਬ ਦੀਆਂ ਨਜ਼ਰਾਂ ਦੀ ਤੇਗ਼ ਥਲਿਓਂ ਲੰਘਣਾ ਪੈਂਦਾ।
ਇਹ ਪਿੰਡ ਹਿੰਦ-ਪਾਕਿ ਸਰਹੱਦ ਦੇ ਨੇੜੇ ਸੀ। ਪਿਛਲੇ ਵਰ੍ਹੇ ਜਿਹੜੀ ਏਥੇ ਲੜਾਈ ਹੋਈ ਸੀ, ਉਸ ਤੋਂ ਬਾਅਦ ਠੇਕੇਦਾਰ ਸਾਹਿਬ ਨੇ ਇਥੇ ਪੱਕਾ ਰਹਿਣਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਦਾ ਇਕ ਨਜ਼ਦੀਕੀ ਰਿਸ਼ਤੇਦਾਰ ਰਸੂਖ ਵਾਲੇ ਮਹਿਕਮੇ ਵਿਚ ਵੱਡਾ ਅਫ਼ਸਰ ਸੀ; ਤੇ ਇਨ੍ਹਾਂ ਨੂੰ ਸਰਹੱਦ ਦੇ ਨੇੜੇ ਕਈ ਪੁਲੀਆਂ ਤੇ ਸੜਕਾਂ ਮੁਰੰਮਤ ਕਰਨ ਦੇ ਠੇਕੇ ਉਹਨੇ ਲੈ ਦਿੱਤੇ ਸਨ। ਦੇਸ਼-ਸੇਵਾ ਦਾ ਚੰਗਾ ਮੌਕਾ ਸੀ। ਭਾਵੇਂ ਇਨ੍ਹਾਂ ਠੇਕਿਆਂ ਦੀ ਆਮਦਨ ਦਾ ਬਹੁਤ ਵੱਡਾ ਹਿੱਸਾ ਰਸੂਖ ਵਾਲੇ ਮਹਿਕਮੇ ਵਿਚਲੇ ਰਿਸ਼ਤੇਦਾਰ ਅਫ਼ਸਰ ਦੀ ਪੱਤੀ ਵਿਚ ਚਲਾ ਜਾਂਦਾ ਸੀ, ਪਰ ਫੇਰ ਵੀ ਠੇਕੇਦਾਰ ਸਾਹਿਬ ਨੂੰ ਬਚਤ ਵਾਹਵਾ ਸੀ। ਉਸ ਅਫ਼ਸਰ ਨੇ ਬਹੁਤ ਸਾਰੀਆਂ ਪੁਲੀਆਂ ਤੇ ਸੜਕਾਂ—ਜਿਨ੍ਹਾਂ ਉਤੇ ਇਕ ਤਸਲਾ ਬਜਰੀ ਜਾਂ ਸੀਮੈਂਟ ਦੀ ਮੁਰੰਮਤ ਲਈ ਨਹੀਂ ਸੀ ਵਰਤਿਆ ਗਿਆ, ਤੇ ਅੱਧੀ ਦਿਹਾੜੀ ਵੀ ਕਿਸੇ ਮਜ਼ਦੂਰ ਦੀ ਨਹੀਂ ਸੀ ਲਗੀ—ਦੀ ਮੁਰੰਮਤ ਦੇ ਵੱਡੇ-ਵੱਡੇ ਬਿਲ ਵੀ ਪਾਸ ਕਰਵਾ ਦਿੱਤੇ ਸਨ।
ਏਸ ਪਿਛਲੀ ਲੜਾਈ ਨੂੰ ਇਕ ਵਰ੍ਹਾ ਪੂਰਾ ਹੋਣ ਲਗਾ ਸੀ। ਸਰਹੱਦ ਤੋਂ ਪਾਰ ਹੁਣ ਫੇਰ ਰੋਜ਼ ਰਾਤ ਨੂੰ ਗੋਲੇ ਦਾਗਣ, ਟੈਂਕ ਚਲਣ, ਜੈੱਟ ਉਡਣ ਦੀਆਂ ਵਾਜਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ। ਸਾਰੇ ਇਲਾਕੇ ਵਿਚ ਆਮ ਹਵਾ ਸੀ ਕਿ ਐਨ ਪਿਛਲੇ ਵਰ੍ਹੇ ਵਾਲੀ ਹੀ ਤ੍ਰੀਕ ਨੂੰ ਫੇਰ ਜੰਗ ਲਗ ਜਾਣੀ ਸੀ। ਕੁਝ ਦਿਨਾਂ ਤੋਂ ਆਪਣੀ ਫ਼ੌਜ ਵੀ ਸਰਹੱਦ ਦੇ ਨੇੜੇ ਥਾਓਂ-ਥਾਈਂ ਆਉਣੀ ਸ਼ੁਰੂ ਹੋ ਗਈ ਸੀ, ਤੇ ਅਖ਼ਬਾਰਾਂ ਵੀ ਜੰਗ ਬਾਰੇ ਹਾਲ-ਪ੍ਹਾਰਿਆ ਪਾਣ ਲੱਗ ਪਈਆਂ ਸਨ।
ਐਤਕੀ ਪਿਛਲੇ ਸਾਲ ਵਾਂਗ ਲੋਕ ਡਟੇ ਨਹੀਂ ਸਨ ਹੋਏ, ਡੋਲੇ ਹੋਏ ਸਨ; ਪਰ ਠੇਕੇਦਾਰ ਸਾਹਿਬ ਬੜੇ ਹੌਂਸਲੇ ਵਿਚ ਸਨ। ਹਲਵਾਈ ਦੀ ਦੁਕਾਨ ਉਤੇ ਉਹ ਸਾਰਾ ਸਾਰਾ ਦਿਨ ਆਉਂਦਿਆਂ-ਜਾਂਦਿਆਂ ਲੋਕਾਂ ਨੂੰ ਡਟੇ ਰਹਿਣ ਦਾ ਸਬਕ ਦੇਂਦੇ। ਆਪਣੀਆਂ ਫ਼ੌਜੀ ਤਿਆਰੀਆਂ ਬਾਰੇ ਹੌਂਸਲੇ ਭਰੀਆਂ ਖ਼ਬਰਾਂ ਸੁਣਾਂਦੇ। ਦੁਸ਼ਮਣ ਫ਼ੌਜ ਦੀਆਂ ਘਾਟਾਂ ਦੱਸਦੇ, ਤੇ ਇਕ ਵੱਡੀ ਤਾੜਨਾ ਉਹ ਸਭਨਾਂ ਨੂੰ ਕਰਦੇ, “ਦੁਸ਼ਮਣ ਕੋਲ ਇਕੋ ਹੀ ਚੀਜ਼ ਸਾਡੇ ਤੋਂ ਵੱਧ ਏ, ਉਹ ਨੇ ਉਹਦੇ ਜਸੂਸ—ਸਾਡੇ ਨਾਲੋਂ ਗਿਣਤੀ ਵਿਚ ਵੀ ਵਧ ਤੇ ਮਾਰ ਕਰਨ ਵਿਚ ਵੀ ਵਧ। ਇਨ੍ਹਾਂ ਤੋਂ ਬਚ ਕੇ ਰਹੋ। ਕੋਈ ਓਭੜ ਬੰਦਾ ਜੇ ਪਿੰਡ ਵਿਚ ਦਿਸੇ ਤਾਂ ਉਹਨੂੰ ਚੰਗੀ ਤਰ੍ਹਾਂ ਘੋਖੋਂ। ਰਤਾ ਸ਼ਕ ਹੋਏ ਤਾਂ ਝਟ ਪੁਲਿਸ ਦੇ ਹਵਾਲੇ ਕਰੋ।”
ਠੇਕੇਦਾਰਨੀ ਜਦੋਂ ਹੁਣ ਉਨ੍ਹਾਂ ਨੂੰ ਪਹਿਲਾਂ ਵਾਂਗ ਕਦੇ ਕਹਿੰਦੀ, “ਸਰਦਾਰ ਜੀ, ਕੋਈ ਕੰਮ ਸ਼ੁਰੂ ਕਰੋ। ਰੋਜ਼ ਅੱਡੇ ਉੱਤੇ ਸਾਰੀ ਦਿਹਾੜ ਲੰਘਾਣਾ ਠੀਕ ਨਹੀਂ ਚੰਗਾ” ਤਾਂ ਉਹ ਆਖਦੇ, “ਬਸ, ਸਰਦਾਰਨੀਏਂ, ਹੁਣ ਫੇਰ ਰੌਣਕਾਂ ਲੱਗਣ ਵਾਲੀਆਂ ਨੇ, ਤੇ ਫੇਰ ਪੁਲੀਆਂ ਤੇ ਸੜਕਾਂ ਦੀ ਮੁਰੰਮਤ ਦੇ ਠੇਕੇ ਮਿਲਣਗੇ।”
ਠੇਕੇਦਾਰ ਹੁਰਾਂ ਨੂੰ ਇਸੇ ਰਾਤ ਸੁਫ਼ਨੇ ਵਿਚ ਦਿਸਿਆ ਕਿ ਸਾਡੀ ਫ਼ੌਜ ਦੇ ਕੁਝ ਟਰੱਕ ਗੋਲੇ ਬਾਰੂਦ ਸਣੇ ਇਕ ਪੁਲੀ ਟੁੱਟਣ ਕਰਕੇ ਮੂਧੇ ਜਾ ਪਏ ਹਨ, ਤੇ ਚੁਫੇਰੇ ਭਿਆਨਕ ਅੱਗ ਫੈਲ ਗਈ ਹੈ, ਤੇ ਗੋਲਾ ਬਾਰੂਦ ਦਬਾਦਬ ਫਟੀ ਜਾ ਰਿਹਾ ਹੈ …ਤੇ ਇਹ ਪੁਲੀ ਉਨ੍ਹਾਂ ਵਿਚੋਂ ਹੀ ਇਕ ਹੈ ਜਿਦ੍ਹੀ ਮੁਰੰਮਤ ਦਾ ਵੱਡਾ ਸਾਰਾ ਬਿੱਲ, ਬਜਰੀ, ਸੀਮੈਂਟ ਤੇ ਇਕ ਤਸਲੇ ਜਾਂ ਮਜ਼ਦੂਰ ਦੀ ਇਕ ਦਿਹਾੜ ਤਕ ਖ਼ਰਚੇ ਬਿਨਾਂ, ਉਨ੍ਹਾਂ ਦੇ ਅਫ਼ਸਰ ਰਿਸ਼ਤੇਦਾਰ ਦੇ ਰਸੂਖ਼ ਨਾਲ ਪਾਸ ਹੋ ਗਿਆ ਸੀ। …ਠੇਕੇਦਾਰ ਹੁਰੀਂ ਅਭੜਵਾਹੇ ਚੰਦਰੇ ਸੁਫ਼ਨੇ ਵਿਚੋਂ ਜਾਗ ਪਏ, ਤੇ ਉਠ ਕੇ ਚੌਂਕੜੀ ਮਾਰ ਕੇ ਪਾਠ ਕਰਨ ਲੱਗ ਪਏ।
ਸਵੇਰੇ ਕੁਝ ਚਿਰ ਇਸ ਸੁਪਨੇ ਦਾ ਅਸਰ ਭਾਵੇਂ ਉਨ੍ਹਾਂ ਉਤੇ ਰਿਹਾ, ਪਰ ਜਦੋਂ ਉਹ ਅੱਡੇ ਵਾਲੀ ਹਲਵਾਈ ਦੀ ਦੁਕਾਨ ਉਤੇ ਗਏ, ਤਾਂ ਉਹ ਪਹਿਲਾਂ ਵਾਂਗ ਹੀ ਨੌ ਬਰ ਨੌ ਸਨ। ਅੱਜ ਸਗੋਂ ਉਨ੍ਹਾਂ ਪਹਿਲੀ ਵਾਰ ਬਸੋਂ ਉਤਰਦਿਆਂ ਮੁੱਖ ਅਧਿਆਪਕਾ ਨੂੰ ‘ਭੈਣ ਜੀ’ ਕਹਿ ਕੇ ਰੋਕ ਵੀ ਲਿਆ।
ਇਕ ਪਾਸੇ ਖੜੋ ਕੇ ਉਹ ਉਸ ਨਾਲ ਕੁਝ ਚਿਰ ਗੱਲਾਂ ਕਰਦੇ ਰਹੇ—ਉਹ ਜਿਹੜੀ ਇਥੇ ਬੱਸ ਵਿਚ ਉਤਰਣ ਚੜ੍ਹਨ ਵਾਲੀਆਂ ਸਾਰੀਆਂ ਉਸਤਾਨੀਆਂ ਵਿਚੋਂ ਉਨ੍ਹਾਂ ਨੂੰ ਵਧ ਸੁਹਣੀ ਲਗਦੀ ਸੀ, ਤੇ ਕਈ ਵਾਰ ਰਾਤ ਨੂੰ ਉਨ੍ਹਾਂ ਦੇ ਸੁਫ਼ਨਿਆਂ ਵਿਚ ਵੀ ਆਂਦੀ-ਜਾਂਦੀ ਰਹੀ ਸੀ, ਇਕ ਵਾਰ ਉਹ ਸੁਫ਼ਨੇ ਵਿਚ ਉਨ੍ਹਾਂ ਨਾਲ ਸਿਨੇਮਾ ਵੇਖਣ ਵੀ ਗਈ ਸੀ, “ਜੇ ਤੁਸੀਂ ਕਹੋ ਤਾਂ ਮੈਂ ਕਿਸੇ ਦਿਨ ਤੁਹਾਡੇ ਸਕੂਲ ਆ ਕੇ ਵਿਦਿਆਰਥੀਆਂ ਨੂੰ ਲੜਾਈ ਦੇ ਹਾਲਾਤ ਵਿਚ ਉਨ੍ਹਾਂ ਦੇ ਫ਼ਰਜ਼ਾਂ ਤੇ ਆਮ ਸ਼ਹਿਰੀ ਰੱਖਿਆ ਬਾਰੇ ਲੈਕਚਰ ਦੇ ਦਿਆਂ।” ਪਰ ਇਹ ਸੁਹਣੀ ਮੁਖ-ਅਧਿਆਪਕਾ ਕੌਮ ਉਤੇ ਬਣੇ ਸੰਕਟ ਵਿਚ ਵੀ, ਠੀਕ ਜਵਾਬ ਦਿਤੇ ਬਿਨਾਂ, ਕੰਨੀ ਖਿਸਕਾ ਕੇ ਆਪਣੇ ਰਾਹ ਪੈ ਗਈ।
ਠੇਕੇਦਾਰ ਹੁਰਾਂ ਹਲਵਾਈ ਤੇ ਉਸ ਕੋਲ ਬੈਠੇ ਹੋਰ ਆਪਣੀ ਜਾਣ ਪਛਾਣ ਵਾਲਿਆਂ ਨੂੰ ਆ ਕੇ ਸਾਰੀ ਗੱਲ ਦੱਸੀ, ਤੇ ਫੇਰ ਕਹਿਣ ਲੱਗੇ, “ਇਨ੍ਹਾਂ ਮੇਮਾਂ ਨੂੰ ਕੀ ਲੱਗੇ ਦੇਸ਼ ਨਾਲ। ਬਸ ਰੋਜ਼ ਵੇਖਣ ਲਈ ਫ਼ਿਲਮਾਂ ਹੋਣ, ਤੇ ਪਤਾ ਨਹੀਂ ਕਿਸ ਕਿਸ ਨਾਲ ਸਿਨਮੇ ਜਾਂਦੀਆਂ ਨੇ! ਤੇ ਇਹ ਸਰੀਰ-ਉਭਾਰਵੇਂ ਕੱਪੜੇ ਹੋਣ, ਤੇ ਸੁਰਖ਼ੀ-ਬਿੰਦੀ! ਦੇਸ਼ ਪਏ ਖੂਹ ਵਿੱਚ...”
ਏਨੇ ਨੂੰ ਇਕ ਬੱਸ ਆ ਕੇ ਰੁਕੀ। ਠੇਕੇਦਾਰ ਸਾਹਿਬ ਨੇ ਸਭਨਾਂ ਸਵਾਰੀਆਂ ਨੂੰ ਘੋਖਿਆ। ਇਕ ਕੱਟੀ ਦਾੜ੍ਹੀ ਵਾਲਾ, ਮਾੜਚੂ ਜਿਹਾ ਬੰਦਾ ਬੱਸ ਵਿਚ ਸਭ ਤੋਂ ਪਿਛੋਂ ਹੌਲੀ-ਹੌਲੀ ਉਤਰਿਆ, ਤੇ ਫੇਰ ਕਿਸੇ ਰਾਹ ਨਾ ਪਿਆ, ਸਗੋਂ ਹਲਵਾਈ ਦੀ ਦੁਕਾਨ ਉਤੇ ਜਾ ਕੇ ਨੀਵੀਆਂ ਅੱਖਾਂ ਨਾਲ, ਥਥਲਾਂਦੀ, ਡਰੀ ਆਵਾਜ਼ ਵਿਚ ਚਾਹ ਮੰਗਣ ਲਗਾ। ਤੇ ਫੇਰ ਜਿਵੇਂ ਚਾਹ ਦੀ ਗੱਲ ਉਹ ਭੁੱਲ ਹੀ ਗਿਆ ਹੋਵੇ, ਉਹ ਤੁਰ ਪਿਆ। ਹਲਵਾਈ ਨੇ ਪਿਛੋਂ ਵਾਜ ਮਾਰੀ। ਉਹਨੇ ਅਣਸੁਣੀ ਕਰ ਦਿੱਤੀ।
ਠੇਕੇਦਾਰ ਸਾਹਿਬ ਉਠੇ, ਤੇ ਪੈਂਦਿਆਂ ਹੀ ਉਸਨੂੰ ਪਿਛੋਂਵਾਲੀ ਜਾ ਫੜਿਆ।
“ਕਿਧਰ ਚਲਿਆ ਏਂ?"
ਉਸ ਕੱਟੀ ਦਾੜ੍ਹੀ ਵਾਲੇ ਬੰਦੇ ਨੇ ਨਾਲ ਦੇ ਪਿੰਡ ਦਾ ਨਾਂ ਲਿਆ।
“ਪਰ ਤੂੰ ਜਾ ਤਾਂ ਹੋਰ ਕਿਤੇ ਰਿਹਾ ਏਂ? ਉਸ ਪਿੰਡ ਤੂੰ ਕਿਸ ਕੋਲ ਜਾਣਾ ਏਂ? ਸੱਚ ਸੱਚ ਦੱਸ।”
ਕੱਟੀ ਦਾੜ੍ਹੀ ਵਾਲਾ ਬੰਦਾ ਅੱਗੇ ਤੋਂ ਵੀ ਵਧ ਥਥਲਾਣ ਲਗ ਪਿਆ, “ਮੈਨੂੰ ਮਾਰੋ ਨਾ ਸਾਹਬ। ਮੇਰਾ ਕੋਈ ਕਸੂਰ ਨਹੀਂ,” ਤੇ ਕੱਟੀ ਦਾੜ੍ਹੀ ਵਾਲਾ ਬੰਦਾ ਹੱਥ ਜੋੜਨ ਲੱਗ ਪਿਆ।
“ਤੇਰਾ ਨਾਂ ਕੀ ਏ?”
“ਦਲਜੀਤ। ਕੋਈ ਕਸੂਰ ਨਹੀਂ ਸਾਹਿਬ,” ਤੇ ਕੱਟੀ ਦਾੜ੍ਹੀ ਵਾਲਾ ਬੰਦਾ ਥੱਲੇ ਡਿਗ ਪਿਆ, ਉਹਨੂੰ ਦੰਦਣ ਜਿਹੀ ਪੈ ਗਈ।
ਠੇਕੇਦਾਰ ਸਾਹਿਬ ਨੂੰ ਪੱਕਾ ਯਕੀਨ ਹੋ ਗਿਆ ਕਿ ਇਹ ਜ਼ਰੂਰ ਦੁਸ਼ਮਣ ਦਾ ਜਸੂਸ ਸੀ ਤੇ ਖੇਖਣ ਕਰ ਰਿਹਾ ਸੀ। ਉਨ੍ਹਾਂ ਉਹਦੀ ਤਲਾਸ਼ੀ ਲਈ—ਅੰਗਰੇਜ਼ੀ ਦੀ ਇਕ ਕਿਤਾਬ, ਪੰਜਾਬ ਦੇ ਵੱਖ-ਵੱਖ ਟੇਸ਼ਨਾਂ ਦੀਆਂ ਟਿਕਟਾਂ, ਕੁਝ ਖ਼ਤ ਜਿਹੜੇ ਅਜੀਬ ਗੋਲ-ਗੋਲ ਲਿਖਾਈ ਵਿਚ ਪੰਜਾਬੀ ਵਿਚ ਲਿਖੇ ਸਨ ਤੇ ਵਿਚ ਵਿਚ ਉਰਦੂ ਵੀ ਸੀ।
ਆਲੇ-ਦੁਆਲਿਓਂ ਲੋਕ ਇਕੱਠੇ ਹੋ ਗਏ। ਗ਼ਸ਼ ਖਾ ਕੇ ਡਿੱਗੇ ਨੂੰ ਪਾਣੀ ਕਿਸੇ ਨਾ ਪਿਆਇਆ। ਜਸੂਸ ਸੀ ਉਹ, ਕੋਈ ਆਦਮੀ ਥੋੜ੍ਹਾ ਸੀ; ਨਾਲੇ ਉਨ੍ਹਾਂ ਸਭਨਾਂ ਨੂੰ ਤਾਂ ਇਸ ਵੇਲੇ ਦੇਸ਼ ਦੀ ਫ਼ਿਕਰ ਪਈ ਹੋਈ ਸੀ।
“ਇਹ ਜਿਹੜੇ ਜਸੂਸ ਹੁੰਦੇ ਨੇ ਇਹ ਭਾਰਤੀ ਟੇਸ਼ਨਾਂ ਦੀਆਂ ਟਿਕਟਾਂ ਬੋਝੇ ਵਿਚ ਪਾਈ ਰਖਦੇ ਨੇ, ਤਾਂ ਜੋ ਕੋਈ ਸ਼ੱਕ ਨਾ ਕਰੇ।”
“ਇਹ ਚਿੱਠੀਆਂ ਵਿਚ ਉਰਦੂ ਲਿਖਿਆ ਏ? ਕਿ ਕੁਝ ਨਕਸ਼ ਬਣੇ ਹੋਏ ਨੇ?”
ਠੇਕੇਦਾਰ ਸਾਹਿਬ ਹੋਰਾਂ ਗਹੁ ਨਾਲ ਦੇਖਿਆ ਤਾਂ ਇਕ ਥਾਂ ਉਤੇ ਉਨ੍ਹਾਂ ਨੂੰ ਜਾਪਿਆ ਜਿਵੇਂ ਉਸ ਪੁਲੀ ਦਾ ਨਕਸ਼ਾ ਸੀ; ਜਿਹੜੀ ਰਾਤ ਨੂੰ ਉਨ੍ਹਾਂ ਸੁਫ਼ਨੇ ਵਿਚ ਟੁਟਦੀ ਵੇਖੀ ਸੀ।
“ਦਾੜ੍ਹੀ ਵੀ ਮੌਲਵੀਆਂ ਵਾਲੀ ਸੂ!”
“ਇਹਦਾ ਪਜਾਮਾ ਲਾਹ ਕੇ ਪੂਰਾ ਇਮਹਿਤਾਨ ਲੈ ਲਓ।”
“ਆਪੀਂ ਪੁਲਿਸ ਵਾਲੇ ਵੇਖਦੇ ਰਹਿਣਗੇ—ਮੈਨੂੰ ਤਾਂ ਵੀਹ ਵਿਸਵੇ ਯਕੀਨ ਏ ਕਿ ਇਹ ਬੜਾ ਖ਼ਤਰਨਾਕ ਜਸੂਸ ਏ। ਵੇਖੋ, ਪਾਗ਼ਲ ਦਾ ਤੇ ਦੰਦਣ ਪੈਣ ਦਾ ਕਿਹਾ ਕਾਮਯਾਬ ਪਾਰਟ ਕਰ ਰਿਹਾ ਏ!” ਠੇਕੇਦਾਰ ਹੁਰਾਂ ਉਹਨੂੰ ਠੁੱਡੇ ਮਾਰਦਿਆਂ ਕਿਹਾ।
ਭੀੜ ਕੱਟੀ ਹੋਈ ਦਾੜ੍ਹੀ ਵਾਲੇ ਬੰਦੇ ਨੂੰ ਘਸੀਟ ਕੇ ਸੜਕ ਉਤੇ ਲੈ ਗਈ। ਘਸੀਟਦਿਆਂ ਜੋ ਵੀ ਧੌਲ ਧੱਪਾ ਉਹ ਉਹਨੂੰ ਮਾਰ ਸਕੇ, ਦੇਸ਼ ਦੀ ਖਾਤਰ ਮਾਰਦੇ ਰਹੇ।
ਅਗਲੀ ਬੱਸ ਨੂੰ ਤਾਂ ਦੇਰ ਸੀ, ਸੜਕ ਤੋਂ ਇਕ ਰੇੜ੍ਹਾ ਲੰਘਦਾ ਪਿਆ ਸੀ। ਰੇੜ੍ਹੇ ਵਿਚ ਉਨ੍ਹਾਂ ਜਸੂਸ ਨੂੰ ਲੱਦ ਦਿੱਤਾ। ਆਪ ਠੇਕੇਦਾਰ ਸਾਹਿਬ ਤੇ ਦੋ ਜਣੇ ਸਾਈਕਲਾਂ ਉਤੇ ਚੜ੍ਹ ਕੇ ਨਾਲ ਹੋ ਪਏ, ਤੇ ਜਸੂਸ ਨੂੰ ਪੁਲਿਸ ਦੇ ਹਵਾਲੇ ਕਰ ਆਏ।
ਅਗਲੇ ਦੋ ਦਿਨ ਅੱਡੇ ਉਤੇ ਤੇ ਆਲੇ-ਦੁਆਲੇ ਇਲਾਕੇ ਵਿਚ ਸਭਨੀਂ ਥਾਈਂ ਇਸ ਜਸੂਸ ਦੇ ਫੜੇ ਜਾਣ ਦੀਆਂ ਗੱਲਾਂ ਠੇਕੇਦਾਰ ਸਾਹਿਬ ਦੀ ਤਾੜਵੀਂ ਅੱਖ ਦੀ ਮਹਿਮਾ ਹੁੰਦੀ ਰਹੀ। ਇਲਾਕੇ ਵਿਚ ਹਰ ਥਾਂ ਵੇਰਵੇ ਨਾਲ ਅੱਖੀਂ ਡਿੱਠਾ ਜ਼ਿਕਰ ਹੁੰਦਾ ਰਿਹਾ ਕਿ ਕਿਵੇਂ ਉਸ ਜਸੂਸ ਕੋਲੋਂ ਵਾਇਰਲੈਸ ਫੜੀ ਗਈ, ਪੁਲ ਉਡਾਣ ਵਾਲੇ ਪਲੀਤੇ ਫੜੇ ਗਏ, ਹਜ਼ਾਰਾਂ ਰੁਪਿਆਂ ਦੇ ਨੋਟ, ਤੇ ਸੋਨਾ ਫੜਿਆ ਗਿਆ।
ਦੋ ਦਿਨਾਂ ਪਿਛੋਂ ਇਸ ਅੱਡੇ ਤੋਂ ਅਗਲੇ ਪਿੰਡ—ਜਿਦ੍ਹਾ ਨਾ ਉਸ ਮਾੜਕੂ ਜਿਹੇ, ਕੱਟੀ ਦਾੜ੍ਹੀ ਵਾਲੇ ਬੰਦੇ ਨੇ ਠੇਕੇਦਾਰ ਸਾਹਮਣੇ ਲਿਆ ਸੀ—ਡੂੰਘੀਆਂ ਸ਼ਾਮਾਂ ਵੇਲੇ ਪੁਲਿਸ ਦੀ ਜੀਪ ਰੁਕੀ ਤੇ ਉਹਨੂੰ ਸਖ਼ਤ ਫਟੜ ਹਾਲਤ ਵਿੱਚ ਉੱਥੇ ਲਾਹ ਗਈ।
ਇਸ ਪਿੰਡ ਵਿਚ ਇਕ ਲੇਖਕ ਰਹਿੰਦਾ ਸੀ, ਤੇ ਉਹ ਫੱਟੜ ਬੰਦਾ ਪੁੱਛਦਾ-ਪੁਛਾਂਦਾ, ਡਿਗਦਾ-ਢਹਿੰਦਾ ਉਸ ਲੇਖਕ ਦੇ ਘਰ ਪੁੱਜ ਗਿਆ।
ਲੇਖਕ ਨੇ ਆਪਣੇ ਘਰ ਆਏ ਬੰਦੇ ਨੂੰ ਵੇਖਿਆ—ਹੱਥ-ਪੈਰ ਸੁਜੇ ਹੋਏ, ਸਾਰੇ ਕੱਪੜੇ ਲੀਰੋ-ਲੀਰ ਤੇ ਲਹੂ-ਲੁਹਾਨ, ਵਾਲ ਲਹੂ ਨਾਲ ਜਲੂਟੇ ਹੋਏ, ਪਿੰਡੇ ਉੱਤੇ ਨੀਲ, ਗੁਟ ਦੋਵੇਂ ਜ਼ਖ਼ਮੀ। ਨਾ ਉਸ ਕੋਲੋਂ ਚੰਗੀ ਤਰ੍ਹਾਂ ਬੈਠਿਆ ਜਾਏ, ਨਾ ਹੀ ਖਲੋਤਾ ਜਾਏ।
ਫੇਰ ਲੇਖਕ ਨੇ ਉਸ ਨਾਲ ਗੱਲਾਂ ਕਰ ਕੇ ਤੇ ਚਾਨਣ ਵਿਚ ਡੂੰਘੀ ਨੀਝੇ ਵੇਖਣ ਪਿੱਛੋਂ ਉਸਨੂੰ ਪਛਾਣ ਲਿਆ। ਉਹ ਫੱਟੜ ਬੰਦਾ, ਕੱਟੀ ਹੋਈ ਦਾੜ੍ਹੀ ਵਾਲਾ ਤੇ ਏਨੇ ਸਾਰੇ ਜ਼ਖ਼ਮਾਂ ਤੇ ਨੀਲਾਂ ਵਾਲਾ ਦਲਜੀਤ ਸੀ।
ਦਲਜੀਤ ਗਿੜਗਿੜਾਇਆ, “ਹੁਣ ਤਾਂ ਮੈਨੂੰ ਕੋਈ ਨਹੀਂ ਮਾਰੇਗਾ। ਮੈਂ ਸਿੱਖ ਹਾਂ ਨਾ? ਮੁਸਲਮਾਨ ਜਸੂਸ ਤੇ ਨਹੀਂ? ਮੈਂ ਸਿੱਖ ਹਾਂ। ਮੈਂ ਚਾਰ ਦਿਨਾਂ ਤੋਂ ਰੋਟੀ ਨਹੀਂ ਖਾਧੀ, ਬਸ ਮਾਰ, ਚਾਹ ਵੇਲੇ ਮਾਰ, ਰੋਟੀ ਵੇਲੇ ਮਾਰ, ਖੌ-ਪੀਏ ਮਾਰ...” ਤੇ ਫੇਰ ਉਹਨੂੰ ਜਿਵੇਂ ਦੰਦਣ ਪੈ ਗਈ, ਤੇ ਉਹ ਚੁਫਾਲ ਡਿੱਗ ਪਿਆ।
ਲੇਖਕ ਦੀ ਵਹੁਟੀ ਤੇ ਬੱਚੇ ਉਹਦੇ ਜ਼ਖ਼ਮਾਂ ਲਈ ਓਹੜ-ਪੋਹੜ ਕਰਨ ਲੱਗੇ। ਕਿਸੇ ਨਿੰਮ ਦੇ ਪੱਤੇ ਪਾਣੀ ਵਿਚ ਉਬਾਲਣੇ ਸ਼ੁਰੂ ਕੀਤੇ, ਕਿਸੇ ਸਟੋਵ ਉਤੇ ਚਾਹ ਬਣਾਨੀ ਸ਼ੁਰੂ ਕੀਤੀ।
ਲੇਖਕ ਨੇ ਆਪਣੇ ਪੁੱਤਰ ਨੂੰ ਝਟ-ਪਟ ਡਾਕਟਰ ਵੱਲ ਭੇਜਿਆ, ਅੱਜ ਵਰਗੀ ਚਿੰਤਾਜਨਕ ਹਾਲਤ ਕਦੇ ਵੀ ਅੱਗੇ ਦਲਜੀਤ ਦੀ ਨਹੀਂ ਸੀ ਹੋਈ।
ਲੇਖਕ ਦਲਜੀਤ ਦੇ ਨੇੜੇ ਜਾ ਬੈਠਾ। ਲੇਖਕ ਦੀਆਂ ਅੱਖਾਂ ਵਿਚੋਂ ਡਿੱਗੇ ਅੱਥਰੂ ਉਹਦੀ ਕੱਟੀ ਹੋਈ ਦਾੜੀ ਉਤੇ ਡਿਗਦੇ ਰਹੋ...
…ਅੱਜ ਤੋਂ ਪੂਰੇ ਚਵ੍ਹੀ ਵਰ੍ਹੇ ਪਹਿਲਾਂ ਦੀ ਗੱਲ ਏ, 1942 ਦੀ ਆਜ਼ਾਦੀ ਦੀ ਲਹਿਰ ਵੇਲੇ ਮੈਂ ਤੇ ਇਹ ਦਲਜੀਤ, ਤੇ ਤੀਜਾ ਸਾਡਾ ਮੁਸਲਮਾਨ ਸਾਥੀ ਨੱਬੀ ਫੜੇ ਗਏ ਸਾਂ। ਸ਼ਾਹੀ ਕਿਲੇ ਵਿਚ ਸਾਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਸੀ। ਨੱਬੀ ਤੇ ਮੈਂ ਤਾਂ ਸਰੀਰੋਂ ਬੜੇ ਤਕੜੇ ਸਾਂ, ਨਾਲੇ ਸਾਡੇ ਉਤੇ ਸ਼ਾਇਦ ਉਨ੍ਹਾਂ ਨੂੰ ਸ਼ੱਕ ਘੱਟ ਸੀ—ਅਸੀਂ ਦੋਵੇਂ ਤਾਂ ਸਹਿ ਗਏ, ਪਰ ਇਹ ਦਲਜੀਤ ਵਿਚਾਰਾ ਸਰੀਰੋਂ ਬਹੁਤ ਹੀ ਮਾੜਾ ਸੀ, ਤੇ ਨਾਲੇ ਇਸ ਬਾਰੇ ਕਾਗਜ਼ਾਂ ਵਿਚ ਸ਼ੱਕ ਬੜੇ ਵਧ ਸਨ, ਜੋ ਇਹਦੀ ਬਹੁਤ ਹੀ ਬੁਰੀ ਬਾਬ ਉਨ੍ਹਾਂ ਕੀਤੀ ਸੀ। ਉਸ ਤੋਂ ਬਾਅਦ ਇਹ ਕਦੇ ਵੀ ਦਿਮਾਗ਼ੀ ਤੌਰ ਉੱਤੇ ਪੂਰੀ ਸੁਰਤ ਵਿਚ ਨਾ ਆਇਆ। ਰਹਿੰਦੀ-ਖੂੰਹਦੀ ਕਸਰ ਹੋਰ ਸੰਤਾਲੀ ਦੇ ਫ਼ਸਾਦਾਂ ਵੇਲੇ ਨਿਕਲ ਗਈ, ਜਦੋਂ ਇਹਦੇ ਸਾਹਮਣੇ, ਇਹਨੂੰ ਚਾਰ ਜਣਿਆਂ ਫੜ ਰਖਿਆ ਸੀ, ਤੇ ਦੇਸ਼-ਭਗਤਾਂ ਨੇ ਨੱਬੀ ਨੂੰ ਜਾਨੋਂ ਮਾਰ ਦਿੱਤਾ। ਇਹਨੇ ਬਥੇਰਾ ਕਿਹਾ, “ਨੱਬੀ ਦੇਸ਼ ਦੀ ਆਜ਼ਾਦੀ ਲਈ ਸਾਡੇ ਨਾਲ ਲੜਦਾ ਰਿਹਾ ਏ—ਸ਼ਾਹੀ ਕਿਲੇ ਵਿਚ ਇਹਨੂੰ ਵੀ ਉਨ੍ਹਾਂ ਮੇਰੇ ਨਾਲ ਕੁੱਟਿਆ ਸੀ।” ਤੇ ਉਸ ਤੋਂ ਪਿਛੋਂ ਦਲਜੀਤ ਪਾਗਲਖ਼ਾਨੇ ਵੀ ਕਿੰਨੇ ਵਰ੍ਹੇ ਰਿਹਾ। ਫੇਰ ਆਪਣੇ ਪਿੰਡ। ਤੇ ਓਥੋਂ ਕਦੇ-ਕਦੇ ਤਿੰਨ-ਚਾਰ ਵਰ੍ਹਿਆਂ ਬਾਅਦ ਉਹ ਘਰੋਂ ਨੱਠ ਕੇ ਮੇਰੇ ਕੋਲ ਆ ਜਾਂਦਾ ਰਿਹਾ। ਕੁਝ ਦਿਨ ਮੇਰੇ ਕੋਲ ਰਹਿੰਦਾ ਤੇ ਫੇਰ ਉਹਦੇ ਵਾਰਸਾਂ ਨੂੰ ਮੈਂ ਚਿੱਠੀ ਪਾ ਦੇਂਦਾ ਤੇ ਉਹ ਇਹਨੂੰ ਲੈ ਜਾਂਦੇ ...
ਲੇਖਕ ਚੁੱਪ-ਚਾਪ ਨਿੰਮ ਵਾਲੇ ਗਰਮ ਪਾਣੀ ਨਾਲ ਦਲਜੀਤ ਦਾ ਪਿੰਡਾ ਧੋਂਦਾ ਰਿਹਾ।
[1966]