Jatt Ne Aakarkhan Jagirdar Naal Roti Kivein Khadhi : Ukrainian Lok Kahani

ਜੱਟ ਨੇ ਆਕੜਖਾਨ ਜਾਗੀਰਦਾਰ ਨਾਲ ਰੋਟੀ ਕਿਵੇਂ ਖਾਧੀ : ਯੂਕਰੇਨੀ ਪਰੀ-ਕਹਾਣੀ

ਇਕ ਵਾਰੀ ਦੀ ਗਲ ਏ , ਇਕ ਜਾਗੀਰਦਾਰ ਹੁੰਦਾ ਸੀ, ਜਿਹੜਾ ਰਿਜ਼ਕਵਾਨ ਵੀ ਸੀ ਤੇ ਆਕੜਖਾਨ ਵੀ। ਕੋਈ ਟਾਵਾਂ ਹੀ ਹੁੰਦਾ, ਜਿਹਦੇ ਨਾਲ ਉਹ ਕੋਈ ਸਰੋਕਾਰ ਰਖਦਾ। ਤੇ ਜਿਥੋਂ ਤਕ ਜੱਟਾਂ ਦਾ ਸਵਾਲ ਸੀ, ਉਹਨਾਂ ਨੂੰ ਤਾਂ ਉਹ ਬੰਦਾ ਜ਼ਾਤ ਤਕ ਸਮਝਣ ਤੋਂ ਇਨਕਾਰੀ ਸੀ , ਤੇ ਜੇ ਕੋਈ ਉਹਦੇ ਨੇੜੇ ਆਉਣ ਦੀ ਹਿੰਮਤ ਕਰਦਾ, ਉਹ ਆਪਣੇ ਨੌਕਰਾਂ ਨੂੰ ਹੁਕਮ ਦੇਂਦਾ , ਉਹਨੂੰ ਹਿਕ ਕੱਢਣ।

ਇਕ ਦਿਨ ਜੱਟ ਜੁੜ ਬੈਠੇ ਤੇ ਜਾਗੀਰਦਾਰ ਦੀਆਂ ਗੱਲਾਂ ਕਰਨ ਲਗ ਪਏ।

"ਅਜ ਮੈਂ ਜਾਗੀਰਦਾਰ ਨੂੰ ਬੜਾ ਨੇੜਿਉਂ ਵੇਖਿਐ , ਮੈਨੂੰ ਪੈਲੀ 'ਚ ਮਿਲ ਪਿਆ ਸੀ," ਇਕ ਆਖਣ ਲਗਾ।

"ਤੇ ਮੈਂ ਕਲ੍ਹ ਵਾੜ ਤੋਂ ਵੇਖਿਆ ਸੀ, ਜਾਗੀਰਦਾਰ ਝਰੋਖੇ 'ਚ ਬੈਠਾ ਕਾਹਵਾ ਪੀ ਰਿਹਾ ਸੀ," ਇਕ ਹੋਰ ਨੇ ਆਖਿਆ।

ਐਨ ਓਸ ਵੇਲੇ, ਕੰਗਾਲਾਂ 'ਚੋਂ ਕੰਗਾਲ, ਇਕ ਹੋਰ ਜਟ, ਆ ਨਿਕਲਿਆ, ਤੇ ਉਹਨਾਂ ਦੀਆਂ ਗੱਲਾਂ ਸੁਣ ਹੱਸਣ ਲਗ ਪਿਆ।

"ਥੂਹ! ਕਿਹੜੀ ਮੱਲ ਮਾਰ ਲਈ ਜੇ, ਉਹਨੇ ਕਿਹਾ। ਵਾੜ ਤੋਂ ਜਾਗੀਰਦਾਰ ਨੂੰ ਕੋਈ ਵੀ ਵੇਖ ਸਕਦੈ ਜੇ ਮੈਂ ਚਾਹਵਾਂ, ਤਾਂ ਜਾਗੀਰਦਾਰ ਨਾਲ ਰੋਟੀ ਖਾ ਸਕਨਾਂ।

"ਕੀ ਕਹਿ ਰਿਹੈਂ! ਰੋਟੀ ਖਾਏਂ ਉਹਦੇ ਨਾਲ, ਨਹੀਂ ਰੀਸਾਂ!" ਪਹਿਲੇ ਦੋਵੇਂ ਜਟ ਹੱਸਣ ਲਗ ਪਏ "ਵੇਖੀਂ, ਜਦੋਂ ਈ ਉਹਨੇ ਤੈਨੂੰ ਤਕਿਆ, ਉਹਨੇ ਤੈਨੂੰ ਬਾਹਰ ਸੁਟਾ ਦੇਣੈ। ਤੈਨੂੰ ਹਵੇਲੀ ਦੇ ਨੇੜੇ ਨਹੀਂ ਲੱਗਣ ਦੇਣਾ ਉਹਨੇ!"

ਤੇ ਦੋਵੇਂ ਜਟ ਤੀਜੇ ਨੂੰ ਟਿਚਰਾਂ ਕਰਨ ਤੇ ਗਾਲ੍ਹਾਂ ਕੱਢਣ ਲਗ ਪਏ।

"ਝੂਠਾ ਏਂ ਤੇ ਗੱਪੀਂ ਏਂ ਕਿਸੇ ਥਾਂ ਦਾ!" ਉਹ ਚਿਲਕੇ।

"ਮੈਂ ਨਹੀਂ ਹਾਂ!"

"ਚੰਗਾ, ਜੇ ਤੂੰ ਜਾਗੀਰਦਾਰ ਨਾਲ ਰੋਟੀ ਖਾ ਲਏਂ, ਤਾਂ ਸਾਡੇ ਤਿੰਨ ਬੋਰੀਆਂ ਕਣਕ ਤੇ ਦੋ ਢੱਗੇ ਦੇਣੇ ਬਣੇ, ਪਰ ਜੇ ਤੂੰ ਨਾ ਖਾਧੀ, ਤਾਂ ਜੁ ਤੈਨੂੰ ਕਰਨ ਨੂੰ ਕਹਾਂਗੇ, ਕਰਨਾ ਪਏਗਾ ਈ।"

"ਠੀਕ ਏ," ਜਟ ਨੇ ਜਵਾਬ ਦਿਤਾ।

ਉਹ ਜਾਗੀਰਦਾਰ ਦੇ ਇਹਾਤੇ ਵਿਚ ਆਣ ਵੜਿਆ, ਤੇ ਜਦੋਂ ਉਹ ਜਾਗੀਰਦਾਰ ਦੇ ਨੌਕਰਾਂ ਦੀ ਨਜ਼ਰੀਂ ਪਿਆ, ਉਹ ਛੇਤੀ ਨਾਲ ਹਵੇਲੀਉਂ ਬਾਹਰ ਆ ਗਏ ਤੇ ਉਹਨੂੰ ਬੰਨੇ ਹਿਕਣ ਲਗੇ।

"ਠਹਿਰ ਜਾਓ!" ਜਟ ਨੇ ਆਖਿਆ। "ਮੈਂ ਮਲਕ ਹੁਰਾਂ ਲਈ ਸ਼ੁਭ ਖ਼ਬਰ ਲਿਆਇਆਂ।"

"ਕੀ ਏ ਖ਼ਬਰ?"

"ਉਹ ਮੈਂ ਦੱਸਾਂਗਾ ਤੇ ਸਿਰਫ਼ ਮਲਕ ਹੁਰਾਂ ਨੂੰ ਈ ਦੱਸਾਂਗਾ।"

ਤੇ ਜਾਗੀਰਦਾਰ ਦੇ ਨੌਕਰ ਜਾਗੀਰਦਾਰ ਕੋਲ ਗਏ ਤੇ ਉਹਨਾਂ ਉਹਨੂੰ ਦਸਿਆ, ਜਟ ਨੇ ਕੀ ਆਖਿਆ ਸੀ।

ਜਾਗੀਰਦਾਰ ਨੂੰ ਖੁਤਖੁਤੀ ਲਗ ਗਈ, ਇਸ ਲਈ ਕਿ ਜਟ ਕੁਝ ਮੰਗਣ ਨਹੀਂ ਸੀ ਆਇਆ, ਸਗੋਂ ਖ਼ਬਰ ਦੇਣ ਆਇਆ ਸੀ। ਸ਼ਾਇਦ ਕੋਈ ਇਹੋ ਜਿਹੀ ਚੀਜ਼ ਨਿਕਲ ਆਵੇ, ਜਿਹੜੀ ਫ਼ਾਇਦੇ ਵਾਲੀ ਹੋਵੇ...

"ਜਟ ਨੂੰ ਅੰਦਰ ਲੈ ਆਓ!" ਉਹਨੇ ਨੌਕਰਾਂ ਨੂੰ ਆਖਿਆ।

ਨੌਕਰ ਜਟ ਨੂੰ ਹਵੇਲੀ ਵਿਚ ਲੈ ਆਏ, ਤੇ ਜਾਗੀਰਦਾਰ ਉਹਦੇ ਕੋਲ ਆਇਆ ਤੇ ਪੁਛਣ ਲਗਾ:

"ਕੀ ਖ਼ਬਰ ਲਿਆਇਐਂ?"

ਜਟ ਨੇ ਨੌਕਰਾਂ ਵਲ ਨਜ਼ਰ ਕੀਤੀ।

"ਮਲਕ ਸਾਹਬ, ਮੈਂ ਤੁਹਾਡੇ ਨਾਲ 'ਕਲਿਆਂ ਗਲ ਕਰਨਾ ਚਾਹੁਨਾਂ'" ਉਹਨੇ ਕਿਹਾ।

ਹੁਣ ਤਕ ਜਾਗੀਰਦਾਰ ਨੂੰ ਡਾਢੀ ਖੁਤਖੁਤੀ ਲਗ ਚੁਕੀ ਸੀ (ਜਟ ਉਹਨੂੰ ਦਸ ਕੀ ਸਕਦਾ ਸੀ?), ਤੇ ਉਹਨੇ ਨੌਕਰਾਂ ਨੂੰ ਚਲੇ ਜਾਣ ਦਾ ਹੁਕਮ ਦਿਤਾ।

ਜਿਵੇਂ ਹੀ ਉਹ ਇਕੱਲੇ ਰਹਿ ਗਏ, ਤਿਵੇਂ ਹੀ ਜਟ ਨੇ ਖੁਸਰ-ਫੁਸਰ ਕਰਦਿਆਂ ਕਿਹਾ:

"ਦਸੋ ਖਾਂ ਭਲਾ, ਮਿਹਰਵਾਨ ਮਲਕ ਸਾਹਬ, ਸੋਨੇ ਦੇ ਘੋੜੇ ਦੇ ਸਿਰ ਜਿੱਡੇ ਵਡੇ ਡਲੇ ਦਾ ਕਿੰਨਾ ਕੁ ਮੁਲ ਹੋਏਗਾ?"

"ਇਹਦਾ ਕਿਉਂ ਪਤਾ ਕਰਨਾ ਚਾਹੁਣੈ?" ਜਾਗੀਰਦਾਰ ਨੇ ਪੁਛਿਆ।

"ਹੈ ਕੋਈ ਵਜ੍ਹਾ।"

ਜਾਗੀਰਦਾਰ ਦੀਆ ਅੱਖਾਂ ਵਿਚ ਚਮਕ ਆ ਗਈ ਤੇ ਉਹਦੇ ਹਥ ਕੰਬਣ ਲਗ ਪਏ।

"ਜਟ ਨੇ ਇਹ ਸਵਾਲ ਮੇਰੇ ਤੋਂ ਐਵੇਂ ਈ ਨਹੀਂ ਪੁਛਿਆ," ਉਹ ਦਿਲ ਵਿਚ ਸੋਚਣ ਲਗਾ। "ਜ਼ਰੂਰ ਕੋਈ ਖਜ਼ਾਨਾ ਲਭ ਪਿਆ ਹੋਣਾ ਸੂ।"

ਤੇ ਉਹ ਜਟ ਤੋਂ ਜਵਾਬ ਕਢਾਣ ਦਾ ਜਤਨ ਕਰਨ ਲਗਾ।

"ਦਸ ਖਾਂ, ਭਲਿਆ ਲੋਕਾ, ਇਹਦਾ ਪਤਾ ਕਿਉਂ ਕਰਨਾ ਚਾਹੁਣੈ?" ਉਹਨੇ ਫੇਰ ਪੁਛਿਆ।

ਜਟ ਨੇ ਹਉਕਾ ਭਰਦਿਆਂ ਆਖਿਆ:

"ਠੀਕ ਏ, ਜੇ ਮੈਨੂੰ ਨਹੀਂ ਦਸਣਾ ਚਾਹੁੰਦੇ, ਤੇ ਨਾ ਦੱਸੋ। ਤੇ ਹੁਣ ਮੈਂ ਚਲਨਾਂ, ਮੇਰੀ ਰੋਟੀ ਮੈਨੂੰ ਉਡੀਕ ਰਹੀ ਏ।"

ਜਾਗੀਰਦਾਰ ਨੂੰ ਆਪਣੀ ਆਕੜਖਾਨੀ ਭੁਲ ਗਈ। ਲਾਲਚ ਨਾਲ ਉਹਨੂੰ ਜਿਵੇਂ ਕੰਬਣੀ ਛਿੜੀ ਹੋਈ ਸੀ।

"ਜਟ ਨੂੰ ਮੈਂ ਫਸਾ ਲੈਣੈਂ," ਉਹਨੇ ਦਿਲ ਵਿਚ ਸੋਚਿਆ, "ਤੇ ਸੋਨਾ ਲੈ ਲੈਣੈਂ ਇਹਦੇ ਕੋਲੋਂ।" ਤੇ ਉਹ ਜਟ ਨੂੰ ਆਖਣ ਲਗਾ:

"ਗਲ ਸੁਣ, ਭਲਿਆ ਲੋਕਾ, ਘਰ ਜਾਣ ਦੀ ਕਾਹਲ ਕਿਉਂ ਪਈ ਹੋਈ ਆ? ਜੇ ਭੁਖ ਲਗੀ ਹੋਈ ਆ, ਤਾਂ ਰੋਟੀ ਮੇਰੇ ਨਾਲ ਖਾ ਲੈ। ਨੌਕਰੋ-ਚਾਕਰੋ, ਆਓ, ਛੇਤੀ ਕਰੋ ਤੇ ਮੇਜ਼ ਲਾ ਦਿਓ, ਤੇ ਵੋਦਕਾ ਲਿਆਣੀ ਨਾ ਭੁਲਣਾ।"

ਨੌਕਰਾਂ ਨੇ ਇਕਦਮ ਹੀ ਮੇਜ਼ ਲਾ ਦਿਤਾ, ਵੋਦਕਾ ਤੇ ਠੰਡੇ ਪਕਵਾਣ ਪਰੋਸ ਦਿਤੇ, ਤੇ ਜਾਗੀਰਦਾਰ ਜਟ ਨੂੰ ਖੁਸ਼ ਕਰਨ ਲਗਾ, ਉਹਨੂੰ ਕਦੀ ਇਕ ਚੀਜ਼ ਪੇਸ਼ ਕਰਦਾ ਤੇ ਕਦੀ ਦੂਜੀ।

"ਪੀ, ਭਲਿਆ ਲੋਕਾ, ਤੇ ਢਿਡ ਭਰ ਕੇ ਖਾ! ਤਕੱਲੁਫ਼ ਨਾ ਕਰ!" ਉਹਨੇ ਆਖਿਆ।

ਤੇ ਜਟ ਨੇ ਨਾਂਹ ਨਾ ਕੀਤੀ ਤੇ ਢਿਡ ਭਰ ਕੇ ਖਾਧਾ-ਪੀਤਾ, ਤੇ ਏਧਰ ਜਾਗੀਰਦਾਰ ਉਹਦੀ ਪਲੇਟ ਉਤੇ ਢੇਰ ਲਾਂਦਾ ਤੇ ਉਹਦਾ ਗਲਾਸ ਮੁੜ ਭਰਦਾ ਰਿਹਾ।

ਜਦੋਂ ਜਟ ਨੇ ਏਨਾ ਖਾ-ਪੀ ਲਿਆ, ਜਿਸ ਤੋਂ ਵਧ ਉਹ ਖਾ-ਪੀ ਨਹੀਂ ਸੀ ਸਕਦਾ, ਜਾਗੀਰਦਾਰ ਨੇ ਕਿਹਾ:

"ਹੱਛਾ ਤੇ ਹੁਣ ਛੇਤੀ ਨਾਲ ਜਾ ਤੇ ਘੋੜੇ ਦੇ ਸਿਰ ਜਿੱਡਾ ਸੋਨੇ ਵਾਲਾ ਡਲਾ ਲੈ ਆ! ਉਹਦਾ ਕੀ ਬਣਾਣੈਂ, ਇਹਦਾ ਮੈਨੂੰ ਤੇਰੇ ਨਾਲੋਂ ਬਹੁਤਾ ਪਤੈ। ਤੇ ਤੈਨੂੰ ਮੈਂ ਇਕ ਰੂਬਲ ਇਨਾਮ ਦਿਆਂਗਾ।"

"ਨਹੀਂ, ਮਲਕ ਸਾਹਿਬ, ਮੈਂ ਸੋਨਾ ਨਹੀਂ ਲਿਆ ਕੇ ਦੇਣ ਲਗਾ ਜੇ," ਜਟ ਨੇ ਆਖਿਆ।

"ਕਿਉਂ ਨਹੀਂ ਲਿਆ ਕੇ ਦੇਣ ਲਗਾ?"

"ਏਸ ਲਈ ਕਿ ਮੇਰੇ ਕੋਲ ਹੈ ਈ ਨਹੀਂ।"

"ਕਿ ਕਿਹਾ ਈ?! ਤਾਂ ਮੁਲ ਕਿਉਂ ਪੁਛਦਾ ਸੈਂ?"

"ਐਵੇਂ ਪਤਾ ਕਰਨ ਲਈ!"

ਜਾਗੀਰਦਾਰ ਨੂੰ ਤਾਅ ਚੜ੍ਹ ਗਿਆ। ਉਹਦਾ ਮੂੰਹ ਸੂਹਾ ਹੋ ਗਿਆ ਤੇ ਉਹ ਜ਼ਮੀਨ ਉਤੇ ਪੈਰ ਮਾਰਨ ਲਗਾ:

"ਨਿਕਲ ਜਾ ਏਥੋਂ, ਬੇਵਾਕੂਫ਼ਾ!' ਉਹ ਕੜਕਿਆ।

ਜਵਾਬ ਵਿਚ ਜਟ ਨੇ ਆਖਿਆ:

"ਬਹੁਤ ਈ ਮਿਹਰਵਾਣ ਮਲਕ ਸਾਹਬ, ਮੈਂ ਏਡਾ ਬੇਵਾਕੂਫ਼ ਨਹੀਂ, ਜਿੱਡਾ ਮੈਨੂੰ ਤੁਸੀਂ ਸਮਝਦੇ ਹੋ! ਤੁਹਾਡੇ ਸਿਰੋਂ ਥੋੜੀ ਜਿਹੀ ਮੌਜ ਲੁਟ ਲਈ ਏ, ਤੇ ਨਾਲ ਈ ਤਿੰਨ ਬੋਰੀਆਂ ਕਣਕ ਤੇ ਗੋਲ ਸਿੰਙਾਂ ਵਾਲੇ ਢਗਿਆਂ ਦੀ ਸ਼ਰਤ ਜਿਤ ਲਈ ਏ। ਇਹ ਕੁਝ ਕਰਨ ਲਈ ਦਮਾਗ਼ ਦੀ ਲੋੜ ਏ!"

ਤੇ ਇਹ ਕਹਿ ਉਹ ਚਲਾ ਗਿਆ।

  • ਮੁੱਖ ਪੰਨਾ : ਲੋਕ ਕਹਾਣੀਆਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ