Jawahar Lal (Punjabi Story) : Naurang Singh

ਜਵਾਹਰ ਲਾਲ (ਕਹਾਣੀ) : ਨੌਰੰਗ ਸਿੰਘ

ਓਸ ਸਕੂਲੇ ਪੜਾਉਂਦਾ ਪੜਾਉਂਦਾ ਮੁਨਸ਼ੀ ਬੁੱਢਾ ਹੋ ਗਿਆ ਸੀ।

ਸ਼ਾਮੀਂ ਹੀ ਉਸ ਸੁਣ ਲਿਆ ਸੀ ਕਿ ਭਲਕੇ ਜਵਾਹਰ ਲਾਲ ਉਨਾਂ ਦੇ ਪਿੰਡ ਆ ਰਹੇ ਹਨ। ਉਸ ਗਲ ਪਾਇਆ ਖੱਦਰ ਦਾ ਕੁਰਤਾ ਤੇ ਪਾਜਾਮਾ ਧੋ ਲਏ ਤੇ ਜੁੱਤੀ ਤੇਲ ਨਾਲ ਲਿਸ਼ਕਾ ਲਈ। ਜੱਗੇ ਨਾਈ ਨੂੰ ਸਦ ਕੇ ਹਜਾਮਤ ਕਰਵਾਈ। ਪਤਲੀ ਜਿਹੀ ਚਿੱਟੇ ਵਾਲਾਂ ਦੀ ਬੋਦੀ ਉਸ ਦੇ ਸਿਰ ਤੇ ਪਾਣੀ ਦੀ ਧਾਰ ਜਾਪਦੀ ਸੀ।

ਨਾ ਉਸ ਕਦੇ ਕਾਂਗਰਸੀ ਫੰਡਾਂ ਵਿਚ ਚੰਦਾ ਦਿੱਤਾ ਸੀ ਤੇ ਨਾ ਹੀ ਉਹ ਕਾਂਗਰਸ ਦਾ ਮੈਂਬਰ ਕਦੇ ਬਣਿਆ, ਪਤਾ ਨਹੀਂ ਫੇਰ ਵੀ ਲੋਕੀਂ ਉਹਨੂੰ ਕਿਉਂ ਕਾਂਗਰਸੀਆ ਸੱਦਦੇ ਰਹਿੰਦੇ ਸਨ?

ਆਪਣਾ ਘਰ ਵੀ ਓਦਨ ਉਸ ਲਿੰਬਿਆ ਪੋਚਿਆ, ਚੀਜ਼ਾਂ ਤਰਤੀਬ ਵਾਰ ਚਿਣੀਆਂ ਜੀਕਰ ਜਵਾਹਰ ਲਾਲ ਨੇ ਪਹਿਲਾਂ ਓਸੇ ਦੇ ਘਰ ਜਾਣਾ ਹੁੰਦਾ ਹੈ। ਲਿੰਬਦੇ ਪੋਚਦੇ ਨੂੰ ਉਹਦੇ ਗੁਆਂਢੀਆਂ ਤਕਿਆ ਉਹ ਕੁਝ ਗੁਨ ਗੁਨਾ ਰਿਹਾ ਸੀ ਤੇ ਉਹਦੀਆਂ ਅਖਾਂ ਵਿਚ ਚਮਕ ਸੀ।

"ਕੀ ਗਲ ਏ ਮੁਨਸ਼ੀ ਜੀ - ਇਹ ਸਫ਼ਾਈ - ਹਜਾਮਤ " ਗੁਆਂਢੀ ਨੇ ਹਰਾਨੀ ਨਾਲ ਪੁਛਿਆ।

ਮੁਨਸ਼ੀ ਨੇ ਗੁਆਂਢੀ ਦੇ ਮੂੰਹ ਉਤੇ ਕੁਝ ਚਿਰ ਝਾਕਿਆ ਤੇ ਬੋਲਿਆ "ਭਲਕੇ........" ਤੇ ਉਹ ਅਗੇ ਕੁਝ ਨਾ ਦਸ ਸਕਿਆ, ਮਾਨੋਂ ਗਲ ਵਿਚੋਂ ਉਹਦੇ ਬੋਲ ਨਿਕਲ ਹੀ ਨਹੀਂ ਸਨ ਸਕਦੇ। ਗੁਆਂਢੀ ਚੁਪ ਕਰ ਗਿਆ, ਕਿਉਂਕਿ ਉਹਨੂੰ ਪਤਾ ਸੀ ਕਿ ਮੁਨਸ਼ੀ ਬੜਾ ਥੋੜਾ ਬੋਲਣ ਵਾਲਾ ਹੈ।

ਰਾਤੀਂ ਉਹ ਮੰਜੇ ਉਤੇ ਗੋਡੇ ਤੇ ਲਤ ਰਖੀ ਜਾਗਦਾ ਹੀ ਪਿਆ ਅਕਾਸ਼ ਵਲ ਤਕਦਾ ਸੀ।

ਦੂਜੇ ਦਿਨ ਸਵੇਰੇ ਹੀ ਹੁੱਕਾ ਭਰ ਕੇ ਮੁਨਸ਼ੀ ਮਦਰਸੇ ਦੇ ਥੜੇ ਤੇ ਜਾ ਬੈਠਾ।

ਮੁੰਡੇ ਬਸਤੇ ਸਿਰਾਂ ਤੇ ਚੁਕੀ ਦੋ ਦੋ ਤਿੰਨ ਤਿੰਨ ਦੀਆਂ ਟੋਲੀਆਂ ਵਿਚ ਆਉਂਦੇ ਪਏ ਸਨ — ਕਿਸੇ ਦਾ ਸਿਰ ਨੰਗਾ, ਕਿਸੇ ਦੀ ਕਛ ਢਲਕੀ ਹੋਈ, ਕਿਸੇ ਦਾ ਨਕ ਵਗਦਾ। ਕਾਠੇ ਦੇ ਝਗਿਆਂ ਵਿਚ ਉਹ ਮਦਰਸੇ ਦੀਆਂ ਚਟਾਈਆਂ ਤੇ ਬਹਿੰਦੇ ਜਾਂਦੇ ਸਨ।

ਮੁਨਸ਼ੀ ਅਜ ਉਨ੍ਹਾਂ ਨਾਲ ਕੋਈ ਗੱਲ ਨਹੀਂ ਸੀ ਕਰ ਰਿਹਾ। ਹੁੱਕੇ ਦੀ ਨੜੀ ਮੂੰਹ ਵਿਚ ਪਾ ਕੇ ਉਹ ਸਾਹਮਣੇ ਦੇ ਪਿੱਪਲ ਉਤੇ ਬੋਲਦੇ ਪੰਛੀਆਂ ਨੂੰ ਸੁਣ ਰਿਹਾ ਸੀ।

ਕਈ ਮੁੰਡਿਆਂ ਦੇ ਪਿਉ ਬਚਿਆਂ ਨੂੰ ਨਾਲ ਲਿਆਏ ਤੇ ਛਡ ਕੇ ਚਲੇ ਗਏ, ਕਈ ਜ਼ਨਾਨੀਆਂ ਆਪਣੇ ਪੁਤ੍ਰਾਂ ਨੂੰ ਮਦਰਸੇ ਦੇ ਬੂਹੇ ਤੀਕਰ ਛਡ ਕੇ ਮੁੜ ਗਈਆਂ ਪਰ ਮੁਨਸ਼ੀ ਨੂੰ ਕੋਈ ਪਤਾ ਨਾ ਲਗਾ। ਉਹ ਹੁੱਕੇ ਦਾ ਪੋਲਾ ਪੋਲਾ ਧੂੰ ਕਢਦਾ ਮਗਨ ਬੈਠਾ ਰਿਹਾ।

ਪਿੱਪਲ ਤੋਂ ਚਿੜੀਆਂ ਕਾਂ, ਗਟਾਰਾਂ ਆਪੋ ਆਪਣੀਆਂ ਬੋਲੀਆਂ ਬੋਲ ਕੇ ਖੇਤਾਂ ਵਲ ਉਡ ਗਈਆਂ। ਕੋਇਲ ਸਵੇਰ ਦੀ ਹੀ ਇਕ ਦੂਰ ਅੰਬ ਦੀ ਟਾਹਣੀ ਤੇ ਕੂਕ ਰਹੀ ਸੀ।

ਜਦੋਂ ਪਿੱਪਲ ਦਾ ਛੇਕਾਂ ਵਾਲਾ ਪਰਛਾਵਾਂ ਢਲਿਆ ਤੇ ਮਦਰਸੇ ਦੇ ਬੂਹੇ ਤੋਂ ਧੁਪ ਚਮਕੀ ਤਾਂ ਮੁਨਸ਼ੀ ਨੇ ਆਪਣੇ ਮੋਨੇ ਸਿਰ ਉਤੇ ਹਥ ਫੇਰਿਆ, ਬੋਦੀ ਨੂੰ ਇਕ ਦੋ ਵਾਰ ਉਂਗਲਾਂ ਵਿਚ ਸੂਤਿਆ ਤੇ ਮੁੰਡਿਆਂ ਵਲ ਤੱਕਿਆ। ਉਹਦਾ ਮੂੰਹ ਅਸਾਧਾਰਨ ਤੌਰ ਤੇ ਲਾਲ ਸੀ, ਤੇ ਉਹ ਬੋਲਿਆ―

"ਤੁਸੀਂ ਜਾਣਦੇ ਹੈਂ........." ਇੰਨਾ ਆਖ ਕੇ ਉਹ ਚੁਪ ਹੋ ਗਿਆ। ਮੁੰਡੇ ਖਾਮੋਸ਼ ਸਨ। ਸਾਰਿਆਂ ਦੀਆਂ ਨਜ਼ਰਾਂ ਬੁੱਢੇ ਮੁਨਸ਼ੀ ਦੇ ਚਿਹਰੇ ਤੇ ਲਗੀਆਂ ਹੋਈਆਂ ਸਨ। ਉਹਨਾਂ ਦਾ ਖ਼ਿਆਲ ਸੀ ਕਿ ਮੁਨਸ਼ੀ ਅਜ ਕੋਈ ਡਾਢਾ ਔਖਾ ਸੁਅਲ ਪਾਵੇਗਾ, ਜਿਸਦਾ ਉੱਤਰ ਉਹ ਖਬਰੇ ਦੇ ਹੀ ਨਾ ਸਕਣ।

"......ਤੁਸੀਂ ਜਾਣਦੇ ਹੋ ਅਜ ਜਵਾਹਰ ਲਾਲ ਜੀ ਆਉਂਦੇ ਪਏ ਨੇ" ਮੁੰਡੇ ਬਿਟ ਬਿਟ ਪਏ ਤਕਦੇ ਸਨ। ਕਿਸੇ ਨੂੰ ਵੀ ਸਮਝ ਨਾ ਆਈ ਕਿ ਮੁਨਸ਼ੀ ਕੀ ਪਿਆ ਆਖਦਾ ਸੀ। ਉਹਨਾਂ ਇਕ ਦੂਜੇ ਵਲ ਤਕਿਆ ਤੇ ਫੇਰ ਮੁਨਸ਼ੀ ਵਲ ਸਾਰੇ ਝਾਕਣ ਲਗ ਪਏ।

"ਦਸੋ! ਜਾਣਦੇ ਹੋ ਜਵਾਹਰ ਲਾਲ ਕੌਣ ਹੈ?" ਮੁਨਸ਼ੀ ਇਉਂ ਗਲਾਂ ਕਰਦਾ ਸੀ ਜੇਕਰ ਨੀਂਦਰ ਵਿਚ ਬੋਲਦਾ ਹੁੰਦਾ ਹੈ।

ਪਰ ਫੇਰ ਵੀ ਕੋਈ ਨਾ ਬੋਲਿਆ।

"ਜਾਣਦੇ ਹੋ - ਕੋਈ ਦੱਸੇ — ਹੱਥ ਖੜੇ ਕਰੋ।"

"ਜੀ......ਨਹੀਂ" ਕਿਸੇ ਵਿਚੋਂ ਉੱਤਰ ਦਿੱਤਾ।

"ਕੋਈ ਵੀ ਨਹੀਂ — ਕੋਈ ਵੀ ਨਹੀਂ?"

"ਜੀ ਨਹੀਂ ........ ਜੀ ਨਹੀਂ" ਸਾਰੇ ਇਕੋ ਵਾਰ ਬੋਲ ਪਏ।

"ਫੇਰ ਤੁਸੀਂ ਜਾਣਦੇ ਕੀ ਹੋ - ਦੱਸੋ ਕੀ ਜਾਣਦੇ ਹੋ? ਮੁਨਸ਼ੀ ਦੇ ਬੋਲ ਡੂੰਘਾ ਗਿਲਾ ਬਣ ਕੇ ਨਿਕਲ ਰਹੇ ਸਨ। ਇਕ ਮਿੰਟ ਲਈ ਉਹਦੀਆਂ ਅੱਖਾਂ ਵਿਚ ਨਿਰਾਸ਼ਾ ਭਰ ਗਈ।

ਰਾਤ ਵਰਗਾ ਸਨਾਟਾ ਮਦਰਸੇ ਵਿਚ ਛਾਇਆ ਹੋਇਆ ਸੀ। ਮੁਨਸ਼ੀ ਦੇ ਬੁਲ੍ਹ ਕੰਬਦੇ ਕੰਬਦੇ ਮੁੜ ਖੁਲ੍ਹੇ।

"...ਉਹ ਹਿੰਦੁਸਤਾਨ ਦਾ ਦਿਲ ਹੈ....ਸਮਝੇ" ਮੁੰਡੇ ਉਹਦੇ ਵਲ ਇਉਂ ਤੱਕਦੇ ਸਨ ਜੇਕਰ ਮੁਨਸ਼ੀ ਨਹੀਂ ਕੋਈ ਓਪਰਾ ਆਦਮੀ, ਉਹਨਾਂ ਨਾਲ ਗੱਲਾਂ ਕਰ ਰਿਹਾ ਹੁੰਦਾ ਹੈ।

"ਦਿਲ........ਭਲਾ ਕਿਉਂ ਹੈ ਦਿਲ.........ਜਾਣਦੇ ਹੋ?"

"ਨਹੀਂ ਜੀ" ਮੁੰਡਿਆਂ ਫੇਰ ਅਗੋਂ ਸਿਰ ਹਿਲਾਏ।

"ਤੁਸੀ ਤੇ ਕੁਝ ਵੀ ਨਹੀਂ ਜਾਣਦੇ......ਉਹ ਰੱਬਾ! ਤੁਸੀਂ ਤੇ ਕੁਝ ਵੀ ਨਹੀਂ ਜਾਣਦੇ — ਕੇਡੇ ਅਨਜਾਣ ਹੋ....." ਉਸ ਦੁਹਾਂ ਹਥਾਂ ਵਿਚ ਆਪਣਾ ਸਿਰ ਫੜ ਕੇ ਹਲੂਣਿਆਂ, "ਤੁਸੀਂ ਜਾਣਦੇ ਨਹੀਂ ਜਵਾਹਰ ਲਾਲ ਨੂੰ, ਜਿਹੜਾ ਹਿੰਦੁਸਤਾਨ ਲਈ ਧੜਕਦਾ ਹੈ — ਫੜਕਦਾ ਹੈ - ਜੁਆਨ ਦਿਲ।"

"ਇਹੋ ਜਿਹੀ ਪੜ੍ਹਾਈ ਮੁੰਡਿਆਂ ਅਗੇ ਕਦੇ ਨਹੀਂ ਸੀ ਪੜ੍ਹੀ। ਉਹ ਸਾਰੇ ਹੀ ਆਪਣੇ ਮੁਨਸ਼ੀ ਦੇ ਪ੍ਰਸ਼ਨ ਦਾ ਉੱਤਰ ਸੋਚ ਰਹੇ ਸਨ।

"ਤੁਹਾਡੇ ਘਰ ਉਤੇ ਜੇ ਕੋਈ ਕਬਜ਼ਾ ਕਰ ਲਵੇ ਤੁਸੀਂ ਉਹਨੂੰ ਚੰਗਾ ਸਮਝੋਗੇ?"

ਮੁੰਡੇ ਅੱਡੀਆਂ ਅੱਖਾਂ ਨਾਲ ਪਹਿਲਾਂ ਵਾਂਗ ਹੀ ਬੈਠ ਰਹੇ।

"ਦਸੋ ਵੀ — ਬੋਲੋ — ਚੰਗਾ ਸਮਝੋਗੇ ਤੁਸੀਂ ਉਹਨੂੰ?" ਉਹਦੀ ਅਵਾਜ਼ ਉੱਚੀ ਹੋ ਗਈ।

"ਨਹੀਂ ਕਦੇ ਨਹੀਂ।"

"......ਨਾਲੇ ਉਹ ਆਖੇ ਆਪਣੇ ਘਰ ਦੀ ਚੀਜ਼ ਵਸਤ ਮੇਰੇ ਕਬਜ਼ੇ ਵਿਚ ਰਹਿਣ ਦਿਓ — ਉਹਨੂੰ ਤੁਸੀ ਕਿਹੋ ਜਿਹਾ ਸਮਝੋਗੇ, ਹਥ ਖੜੇ ਕਰੋ!" ਬੁੱਢੇ ਮੁਨਸ਼ੀ ਦੇ ਅੰਦਰ ਜੋਸ਼ ਜਿਹਾ ਪੈਦਾ ਹੋ ਰਿਹਾ ਸੀ।

"ਬਹੁਤ ਭੈੜਾ-ਬਹੁਤ ਭੈੜਾ" ਅਵਾਜ਼ਾਂ ਆਈਆਂ।

"ਤੁਸੀਂ ਉਹਨੂੰ ਰਖੋਗੇ — ਰਹਿਣ ਦਿਓਗੇ ਆਪਣੇ ਘਰ?"

"ਕਦੇ ਨਹੀਂ"

"ਓ ਮੁੰਡਿਓ — ਤੁਸੀ ਜਾਣਦੇ ਹੋ ਤੁਹਾਡੇ ਘਰ ਉੱਤੇ ਕਿਸੇ ਗ਼ੈਰ ਨੇ ਕਬਜ਼ਾ ਕੀਤਾ ਹੋਇਆ ਹੈ" ਫੇਰ ਚੁਪ ਛਾ ਗਈ। ਪੇਂਡੂ ਪਰਾਇਮਰੀ ਦੇ ਬੱਚੇ ਅਜ ਆਪਣੇ ਮੁਨਸ਼ੀ ਦੀਆਂ ਗੱਲਾਂ ਹੈਰਾਨੀ ਪਰ ਗਹੁ ਨਾਲ ਸੁਣ ਰਹੇ ਸਨ।

ਮੁਨਸ਼ੀ ਦਾ ਚਿਹਰਾ ਪਲੋ ਪਲੀ ਲਾਲ ਹੋ ਗਿਆ। ਮੂੰਹ ਦੀਆਂ ਸੂਹੀਆਂ ਝੁਰੜੀਆਂ ਉਭਾਰ ਖਾ ਰਹੀਆਂ ਸਨ। ਉਸ ਹੁੱਕੇ ਦਾ ਮੂੰਹ ਇਕ ਪਾਸੇ ਭੁਆ ਦਿੱਤਾ ਤੇ ਉਹ ਥੜੇ ਉੱਤੇ ਖੜੋ ਗਿਆ।

"....ਜਵਾਹਰ ਲਾਲ ਕਹਿੰਦਾ, ਹੈ ਸਾਡਾ ਘਰ ਸਾਡੇ ਹਵਾਲੇ ਕਰ ਦਿਓ, ਕਿਉਂ ਕਬਜ਼ਾ ਕੀਤਾ ਹੈ ਸਾਡੇ ਵਤਨ ਤੇ – ਸੁਣੋ – ਸੁਣੋ, ਸੁਣਦੇ ਪਏ ਹੋ ਨਾ ਮੁੰਡਿਓ–"

ਪੈਲੀਆਂ ਨੂੰ ਰੋਟੀ ਖੜੀ ਜਾਂਦੀਆਂ ਜ਼ਨਾਨੀਆਂ ਮੁਨਸ਼ੀ ਦੀ ਵਾਜ ਸੁਣ ਕੇ ਮਦਰਸੇ ਦੀਆਂ ਬਾਰੀਆਂ ਨਾਲ ਲਗ ਖਲੋਤੀਆਂ। ਵਾਗੀ ਮੁੰਡੇ ਡੰਗਰ ਲਾਗਲੇ ਛਪੜ ਵਿਚ ਵਾੜ ਕੇ ਆਪਣੀਆਂ ਡੰਡੋਰਕੀਆਂ ਕੱਛਾਂ ਵਿਚ ਅੜਾਈ ਬੂਹੇ ਅੱਗੇ ਖਲੋਤੇ ਸਨ। ਮੁਨਸ਼ੀ ਨੂੰ ਇਉਂ ਸਬਕ ਪੜਾਉਂਦਾ ਉਹਨਾਂ ਅੱਗੇ ਕਦੇ ਨਹੀਂ ਸੀ ਸੁਣਿਆ। ਇਕ ਘੁਗੀਆਂ ਦਾ ਜੋੜਾ ਖਾਮੋਸ਼ੀ ਨਾਲ ਮਦਰਸੇ ਦੇ ਰੋਸ਼ਦਾਨ ਵਿਚ ਬੈਠਾ ਮੁਨਸ਼ੀ ਵਲ ਤਕ ਰਿਹਾ ਸੀ।

"......ਉਸ ਬਗ਼ਾਵਤ ਕਰ ਦਿੱਤੀ ਏ" ਮੁਨਸ਼ੀ ਬੋਲਦਾ ਗਿਆ, "ਤਕੜੀ ਬਗ਼ਾਵਤ ਜ਼ਬਰਦਸਤ ਬਗ਼ਾਵਤ —" ਬਗ਼ਾਵਤ ਕੀ ਹੁੰਦੀ ਏ, ਮੁੰਡਿਆਂ ਨੂੰ ਇਹਦੀ ਕੱਖ ਵੀ ਸਮਝ ਨਹੀਂ ਸੀ ਆਉਂਦੀ। ਉਹਨਾਂ ਨੂੰ ਮੁਨਸ਼ੀ ਦੀ ਅਵਾਜ਼ ਬੜੀ ਭਿਆਨਕ ਪਰਤੀਤ ਦੇ ਰਹੀ ਸੀ।

".....ਤੁਸੀਂ ਜਾਣਦੇ ਹੋਵੋਗੇ .............ਕਿੰਨੇ ਵਰ੍ਹੇ ਹੋਏ ਲਾਹੌਰ ਰਾਵੀ ਦੇ ਕੰਢੇ ੧੯੨੯ ਵਿਚ ਕਾਂਗਰਸ ਦਾ ਇਜਲਾਸ ਹੋਇਆ ਸੀ, ਜਾਣਦੇ ਹੋ – ਬੋਲੋ – ਬਾਹਵਾਂ ਖੜੀਆਂ ਕਰੋ।"

"ਕੋਈ ਨਹੀਂ ਜਾਣਦਾ............ ਉਹ ਬਦ-ਕਿਸਮਤੀ! ਇੰਨਾ ਕੁਝ ਵੀ ਨਹੀਂ ਜਾਣਦੇ............੨੬ ਜਨਵਰੀ ਦਾ ਦਿਨ ਤੁਸੀਂ ਜਾਣਦੇ ਨਹੀਂ?"

ਜ਼ਨਾਨੀਆਂ, ਵਾਗੀ ਤੇ ਕਈ ਬੁੱਢੇ ਅੱਖਾਂ ਪਾੜ ਪਾੜ ਮੁਨਸ਼ੀ ਨੂੰ ਸੁਣ ਰਹੇ ਸਨ।

"......ਬਸ ਓਦੋਂ ੨੬ ਜਨਵਰੀ ਨੂੰ ਆਜ਼ਾਦੀ ਦਾ ਝੰਡਾ ਲਹਿਰਾਇਆ ਗਿਆ ਸੀ, ਓਸ ਦਾ ਅਕਸ ਅੱਜ ਤੀਕਰ ਰਾਵੀ ਦੇ ਪਾਣੀਆਂ ਉੱਤੇ ਥਰਕਦਾ ਹੈ— ਜਵਾਹਰ ਲਾਲ ਨੇ ਹੀ ਇਹ ਲਹਿਰਾਇਆ ਸੀ......ਉਨ੍ਹਾਂ ਨੂੰ ਆਖਿਆ ਸੀ, ਮੁਕੰਮਲ ਤੌਰ ਪਰ ਸਾਡਾ ਘਰ ਸਾਡੇ ਹਵਾਲੇ ਕਰ ਦਿਓ।" ਬੋਲਦਾ ਬੋਲਦਾ ਮੁਨਸ਼ੀ ਹੁਣ ਕੰਬਣ ਲਗ ਪਿਆ। ਉਹਦੀ ਅਵਾਜ਼ ਲੜਖੜਾਉਂਦੀ ਸੀ। ਪਸੀਨੇ ਦੇ ਤੁਪਕੇ ਉਹਦੇ ਮੂੰਹ ਉੱਤੇ ਚਮਕ ਰਹੇ ਸਨ। ਜ਼ਨਾਨੀਆਂ ਮੂੰਹ ਵਿਚ ਉਂਗਲਾਂ ਪਾਈ, ਉਹਨੂੰ ਤਕ ਰਹੀਆਂ ਸਨ।"

"...ਆਪਣੇ ਘਰ ਦਾ ਪ੍ਰਬੰਧ ਅਸੀਂ ਆਪੇ ਕਰਾਂਗੇ—ਤੁਸੀਂ ਜਾਓ...... ਨਿਕਲ ਜਾਓ ਸਾਡੇ ਘਰੋਂ...........ਨਿਕਲ ਜਾਓ।"

ਏਨੇ ਨੂੰ ਮੋਟਰ ਦੀ ਧੂੜ ਦਿਖਾਈ ਦਿੱਤੀ, ਜਵਾਹਰ ਲਾਲ ਆ ਗਿਆ। ਮੋਟਰ ਨੇੜੇ ਆ ਪਹੁੰਚੀ............ਭੀੜ ਓਧਰ ਦੌੜ ਪਈ।

ਮੁਨਸ਼ੀ ਨੇ ਝੱਗੇ ਦੇ ਪੱਲੇ ਨਾਲ ਮੂੰਹ ਦਾ ਮੁੜ੍ਹਕਾ ਪੂੰਝਿਆ ਤੇ ਉਹ ਕੁਝ ਚਿਰ ਲਈ ਥੜੇ ਤੇ ਲੰਮਿਆਂ ਪੈ ਗਿਆ।

ਦੂਜੇ ਦਿਨ ਫੇਰ ਪੁਰਾਣੀ ਹਿੱਜਿਆਂ ਤੇ ਪਹਾੜਿਆਂ ਦੀ ਰਟ ਵਿਚ ਰੁੱਝਾ

ਹੋਇਆ ਮੁਨਸ਼ੀ ਮੁੰਡਿਆਂ ਨੂੰ ਪੜ੍ਹਾ ਰਿਹਾ ਸੀ।

('ਬੋਝਲ ਪੰਡ' ਵਿੱਚੋਂ)

  • ਮੁੱਖ ਪੰਨਾ : ਕਹਾਣੀਆਂ, ਨੌਰੰਗ ਸਿੰਘ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ