Jawalamukhi (Punjabi Essay) : Mohinder Singh Randhawa
ਜਵਾਲਾਮੁਖੀ (ਲੇਖ) : ਮਹਿੰਦਰ ਸਿੰਘ ਰੰਧਾਵਾ
ਜਦੋਂ ਅਸੀਂ ਕਾਂਗੜੇ ਦੇ ਡਾਕ ਬੰਗਲੇ ਤੋਂ ਚੱਲੇ ਅਜੇ ਮੂੰਹ ਝਾਖਰਾ ਹੀ ਸੀ। ਸੂਰਜ ਬਾਨ ਗੰਗਾ ਨੂੰ ਪਾਰ ਕਰਨ ਤੋਂ ਪਿਛੋਂ ਚੜ੍ਹਿਆ। ਬਾਨ ਗੰਗਾ ਤੋਂ ਪਾਰ ਕਾਂਗੜੇ ਦੇ ਕਿਲ੍ਹੇ ਦਾ ਇਕ ਅਦੁੱਤੀ ਨਜ਼ਾਰਾ ਦਿਖਾਈ ਦੇਂਦਾ ਹੈ। ਸੜਕ ਬੜੀ ਭੀੜੀ ਹੈ ਤੇ ਸੱਪਣੀ ਵਾਂਗ ਵੱਲ ਖਾਂਦੀ ਹੋਈ ਚਲੀ ਜਾਂਦੀ ਹੈ। ਇਥੋਂ ਰੇਲ ਦੀ ਲਾਈਨ ਵੀ ਨਜ਼ਰ ਆਉਂਦੀ ਹੈ ਤੇ ਅਸੀਂ ਵੇਖਿਆ, ਕੁਝ ਯਾਤਰੀ ਰੇਵਲੇ ਸਟੇਸ਼ਨ ਤੋਂ ਜਵਾਲਾ ਮੁਖੀ ਸੜਕ ਵੱਲ ਤੁਰੇ ਜਾ ਰਹੇ ਸਨ। ਅਖ਼ੀਰ ਅਸੀਂ ਰਾਣੀ ਤਾਲ ਪੁੱਜੇ। ਇਥੇ ਇਕ ਥਾਣਾ ਹੈ, ਪਹਾੜੀ ਦੇ ਬਿਲਕੁਲ ਉਤੇ ਡਾਕ ਬੰਗਲਾ ਹੈ। ਇਥੋਂ ਧੌਲੀਧਾਰ ਦਾ ਅਤਿ ਸੁੰਦਰ ਦ੍ਰਿਸ਼ ਦਿਖਾਈ ਦੇਂਦਾ ਹੈ।
ਡਾਕ ਬੰਗਲੇ ਦੇ ਕੋਲ ਇਕ ਟਿੱਲੇ 'ਤੇ ਬਾਬਾ ਫੱਤੂ ਦੀ ਸਮਾਧੀ ਹੈ। ਬਾਬਾ ਫੱਤੂ ਸੋਢੀ ਗੁਲਾਬ ਸਿੰਘ ਦਾ ਚੇਲਾ ਸੀ। ਸੋਢੀ ਗੁਲਾਬ ਸਿੰਘ ਨੇ ਬਾਬਾ ਫੱਤੂ ਨੂੰ ਗੁਰਿਆਈ ਬਖ਼ਸ਼ੀ ਸੀ। ਕਿਹਾ ਜਾਂਦਾ ਹੈ ਬਾਬਾ ਫੱਤੂ ਦੀ ਕਰਾਮਾਤ ਨਾਲ ਸੰਸਾਰ ਚੰਦ ਦਾ ਭਰਾ ਫਤਿਹ ਚੰਦ ਮੁੜਕੇ ਜੀ ਪਿਆ ਸੀ। ਬਾਬਾ ਫੱਤੂ ਨੂੰ ਪਹਾੜੀ ਲੋਕ ਅਜੇ ਤਕ ਸਤਿਕਾਰਦੇ ਹਨ ਤੇ ਉਹਦੀ ਸੁਗੰਧ ਖਾਂਦੇ ਹਨ। ਇਸ ਦੀ ਸਮਾਧੀ ਉਤੇ ਵਿਸਾਖੀ ਵਾਲੇ ਦਿਨ ਮੇਲਾ ਲਗਦਾ ਹੈ, ਜਿਥੋਂ ਦੂਰ ਨੇੜਿਓਂ ਕਈ ਮੁਰਾਦਾਂ ਪਾਉਣ ਆਉਂਦੇ ਹਨ। ਕਈ ਲੋਕ ਆਪਣੀਆਂ ਮਨੋਕਾਮਨਾਂ ਨੂੰ ਲਿਖ ਕੇ ਪੇਸ਼ ਕਰਦੇ ਹਨ ਅਤੇ ਸੁਖਾਂ ਸੁਖਦੇ ਹਨ। ਸਮਾਧੀ ਦਾ ਪੁਜਾਰੀ ਬਾਬਾ ਫੱਤੂ ਦੀ ਸਮਾਧੀ ਉਤੇ ਪ੍ਰਾਪਥਨਾ ਕਰਦਾ ਹੈ। ਜਦੋਂ ਕਿਸੇ ਦੀ ਮੁਰਾਦ ਪੂਰੀ ਹੋ ਜਾਂਦੀ ਹੈ, ਲੋਕੀ ਚੜ੍ਹਾਵਾ ਚੜ੍ਹਾਣ ਲਈ ਆਉਂਦੇ ਹਨ। ਕਾਂਗੜਾ ਤਹਿਸੀਲ ਵਿਚ ਲਾਂਜ ਨਾਂ ਦੇ ਪਿੰਡ ਵਿਚ ਇਸ ਤਰ੍ਹਾਂ ਦੀ ਇਕ ਹੋਰ ਦਰਗਾਹ ਹੈ, ਜਿਸ ਨੂੰ ਬਾਬਾ ਭੂਪਤ ਦੇ ਨਾਮ ਨਾਲ ਸੰਬੰਧਿਤ ਕੀਤਾ ਜਾਂਦਾ ਹੈ।ਉਥੇ ਵੀ ਲੋਕੀਂ ਇਸ ਤਰ੍ਹਾਂ ਦੀਆਂ ਮੁਰਾਦਾਂ ਲੈ ਕੇ ਜਾਂਦੇ ਹਨ। ਕਈ ਲੋਕ ਜਿਹੜੇ ਕਚਹਿਰੀਆਂ ਵਿਚ ਮੁਕੱਦਮਿਆਂ ਦੀਆਂ ਫ਼ੀਸਾਂ ਨਹੀਂ ਭਰ ਸਕਦੇ, ਬਾਬਾ ਭੂਪਤ ਦੀ ਸ਼ਰਨ ਲੈਂਦੇ ਹਨ। ਮਜ਼ਲੂਮ ਤੇ ਅਨਾਥ ਇਸ ਸਮਾਧੀ 'ਤੇ ਆ ਕੇ ਦੁਸ਼ਮਣਾਂ ਨੂੰ ਕੋਸਦੇ ਹਨ। ਜੇ ਕਦੇ ਕਿਸੇ ਅਜਿਹੇ ਦੁਸ਼ਮਨ ਨੂੰ ਕੋਈ ਬੀਮਾਰੀ ਲਗੇ ਜਾਂ ਉਸ ਉਪਰ ਕੋਈ ਹੋਰ ਮੁਸੀਬਤ ਆ ਜਾਵੇ ਤਾਂ ਉਹ ਸੋਚਦੇ ਹਨ ਕਿ ਇਹ ਬਾਬਾ ਭੂਪਤ ਦੇ ਸਰਾਪ ਕਰਕੇ ਹੀ ਹੈ। ਇਸੇ ਡਰ ਦੇ ਮਾਰੇ ਜਾਂ ਤੇ ਰਾਜ਼ੀਨਾਮਾਂ ਕਰ ਲੈਂਦੇ ਹਨ ਜਾਂ ਅਗਲੇ ਦਾ ਨੁਕਸਾਨ ਭਰ ਦੇਂਦੇ ਹਨ।
ਰਾਤ ਰਾਣੀ ਤਾਲ ਦੇ ਬੰਗਲੇ ਵਿਚ ਰਹਿ ਕੇ ਅਗਲੀ ਸਵੇਰ ਅਸੀਂ ਜਲਾਵਾ ਮੁਖੀ ਵੱਲ ਤੁਰ ਪਏ। ਰਾਣੀ ਤਾਲ ਤੋਂ ਜਵਾਲਾ ਮੁਖੀ ਤਕ ਸੜਕ ਯਾਤਰੂਆਂ ਦੀਆਂ ਵਹੀਰਾਂ ਕਰਕੇ ਮਿੱਟੀ ਘੱਟੇ ਨਾਲ ਲੱਦੀ ਰਹਿੰਦੀ ਹੈ। ਅਸੀਂ ਵੇਖਿਆ, ਬੇਸ਼ੁਮਾਰ ਯਾਤਰੂ ਕੋਈ ਪੈਦਲ, ਕੋਈ ਟਾਂਗਿਆਂ ਵਿਚ, ਅਗਨੀ ਦੀ ਦੇਵੀ ਦੇ ਮੰਦਰ ਵੱਲ ਜਾ ਰਹੇ ਸਨ। ਸੜਕ ਦੇ ਕੰਢੇ ਪਹਾੜੀ ਬੱਚੇ ਯਾਤਰੂਆਂ ਤੋਂ ਬਖ਼ਸ਼ੀਸ਼ ਮੰਗਣ ਲਈ ਦੋਹਾਂ ਪਾਸੀ ਥਾਉਂ ਥਾਉਂ ਆ ਖਲੋਂਦੇ ਹਨ।ਕਈ ਯਾਤਰੂਆਂ ਦੇ ਤਾਂ ਪਿਛੇ ਹੀ ਪੈ ਜਾਂਦੇ ਹਨ ਤੇ ‘ਦੇ ਜਾ ਲਾਲਾ ਪੈਸਾ, ਦੇ ਜਾ ਲਾਲਾ ਪੈਸਾ' ਕਰਦੇ ਦੂਰ ਤਕ ਪਿੱਛਾ ਕਰਦੇ ਹੋਏ ਅਗਲੇ ਨੂੰ ਉਦੋਂ ਹੀ ਛਡਦੇ ਹਨ ਜਦੋਂ ਉਹ ਪਲਿਉਂ ਕੁਝ ਨਾ ਕੁਝ ਝੜ ਜਾਵੇ।
ਆਖ਼ਰ ਜਵਾਲਾ ਮੁਖੀ ਦਾ ਪਵਿੱਤਰ ਪਿੰਡ ਵਿਖਾਈ ਦੇਣ ਲਗ ਪਿਆ। ਇਹ ਪਿੰਡ ਪਹਾੜੀ ਦੇ ਇਕ ਪਾਸੇ ਇਕ ਬਾਜ਼ ਦੇ ਆਲ੍ਹਣੇ ਵਾਂਗ ਬਣਿਆ ਹੋਇਆ ਹੈ। ਅਗਨੀ ਦੀ ਦੇਵੀ ਦੇ ਮੰਦਰ ਦਾ ਸੁਨਹਿਰੀ ਕਲਸ ਸਫ਼ੈਦ ਰੰਗ ਦੇ ਚੌਰਸ ਘਰਾਂ ਵਿਚ ਵਿਸ਼ੇਸ਼ ਤੌਰ 'ਤੇ ਵਿਖਾਈ ਦੇ ਰਿਹਾ ਸੀ। ਨਦੌਣ ਜਾਣ ਤੋਂ ਪਹਿਲਾਂ ਅਸੀਂ ਫ਼ੈਸਲਾ ਕੀਤਾ ਕਿ ਪਹਿਲੇ ਦੇਵੀ ਨੂੰ ਸਤਿਕਾਰਿਆ ਜਾਵੇ। ਅੱਠ ਸੌ ਸਾਲ ਹੋਏ, ਇਸ ਮੰਦਰ ਦੀ ਥਾਂ ਨੂੰ ਇਕ ਬ੍ਰਾਹਮਣ ਨੇ ਲੱਭਿਆ ਸੀ। ਕਿਹਾ ਜਾਂਦਾ ਹੈ ਕਿ ਦੱਖਣ ਵੱਲ ਦੂਰ ਰਹਿੰਦੇ ਇਕ ਬ੍ਰਾਹਮਣ ਨੂੰ ਦੇਵੀ ਦਾ ਪ੍ਰਕਾਸ਼ ਹੋਇਆ ਤੇ ਉਹਨੇ ਉਸ ਨੂੰ ਆਗਿਆ ਕੀਤੀ ਕਿ ਉਹ ਕਾਂਗੜੇ ਦੀਆਂ ਪਹਾੜੀਆਂ ਵਿਚ ਜਾਵੇ, ਜਿਥੇ ਉਸ ਨੂੰ ਜੰਗਲ ਵਿਚ ਅੱਗ ਦੀਆਂ ਲਾਟਾਂ ਜਗਦੀਆਂ ਵਿਖਾਈ ਦੇਣਗੀਆਂ। ਬ੍ਰਾਹਮਣ ਆਗਿਆ ਅਨੁਸਾਰ ਇਥੇ ਆਇਆ ਤੇ ਉਸ ਨੂੰ ਇਹ ਪਵਿੱਤਰ ਅਸਥਾਨ ਲੱਭ ਪਿਆ। ਉਸ ਨੇ ਇਥੇ ਹੀ ਇਕ ਮੰਦਰ ਬਣਾਇਆ, ਮੰਦਰ ਤਕ ਪੁੱਜਣ ਲਈ ਕਈ ਪੌੜੀਆਂ ਹਨ। ਪੌੜੀਆਂ ਦੇ ਦੋਹਾਂ ਪਾਸੇ ਦੁਕਾਨਾਂ ਹਨ, ਜਿਨ੍ਹਾਂ ਵਿਚ ਨਾਰੀਅਲ, ਮਿਠਾਈਆਂ, ਧੂਪਾਂ ਤੇ ਚਾਂਦੀ ਦੇ ਛੱਤਰ ਵਿਕਦੇ ਹਨ। ਇਹ ਚੀਜ਼ਾਂ ਯਾਤਰੂ ਲੋਕ ਖ਼ਰੀਦ ਕੇ ਚੜ੍ਹਾਉਂਦੇ ਹਨ ਤੇ ਪੁਜਾਰੀ ਫੇਰ ਇਨ੍ਹਾਂ ਨੂੰ ਮੁੜ ਦੁਕਾਨਦਾਰਾਂ ਕੋਲ ਵੇਚ ਦਿੰਦੇ ਹਨ। ਤੇ ਇੰਜ ਇਹ ਚੀਜ਼ਾਂ ਦੁਕਾਨਾਂ ਤੋਂ ਮੰਦਰ ਤੇ ਮੰਦਰ ਤੋਂ ਦੁਕਾਨਾਂ ਵਿਚ ਘੁੰਮਦੀਆਂ ਰਹਿੰਦੀਆਂ ਹਨ। ਜੁਆਲਾ ਮੁਖੀ ਤੇ ਜਦੋਂ ਕੋਈ ਯਾਤਰੂ ਪੁਜਦਾ ਹੈ, ਉਹਨੂੰ ਕਈ ਪਾਂਧੇ ਆ ਕੇ ਘੇਰ ਲੈਂਦੇ ਹਨ। ਇਹ ਲੋਕ ਉਸ ਦੇ ਵੱਡੇ ਵਡੇਰਿਆਂ ਦੇ, ਜਿਹੜੇ ਕਦੀ ਇਸ ਮੰਦਰ ਵੱਲ ਆਏ ਸਨ, ਨਾਮ ਤੇ ਪਤੇ ਦਸਦੇ ਹਨ। ਇਹ ਪਾਂਧੇ ਯਾਤਰੂਆਂ ਦੇ ਰਹਿਣ ਦਾ ਤੇ ਉਨ੍ਹਾਂ ਦੀ ਯਾਤਰਾ ਦਾ ਪ੍ਰਬੰਧ ਵੀ ਕਰਦੇ ਹਨ। ਜਵਾਲਾ ਮੁਖੀ ਦੇ ਪੁਜਾਰੀਆਂ ਨੂੰ ਭੋਜਕੀ ਕਹਿੰਦੇ ਹਨ। ਕਿਉਂਕਿ ਇਨ੍ਹਾਂ ਦਾ ਵੱਡਾ ਕੰਮ ਦੇਵੀ ਨੂੰ ਭੋਕਨ ਖਵਾਉਣਾ ਹੁੰਦਾ ਹੈ, ਜਿਸ ਦਾ ਅਰਥ ਆਪਣਾ ਪੇਟ ਭਰਨਾ ਹੁੰਦਾ ਹੈ। ਜਿਨ੍ਹਾਂ ਯਾਤਰੂਆਂ ਦੀ ਕੋਈ ਮੁਰਾਦ ਪੂਰੀ ਹੁੰਦੀ ਹੈ, ਉਹ ਦੇਵੀ ਦੀ ਸੇਵਾ ਵਿਚ ਚਾਂਦੀ ਦੀ ਇਕ ਨਿੱਕੀ ਜਿਹੀ ਛੱਤਰੀ ਸ਼ੁਕਰਾਨੇ ਵਜੋਂ ਪੇਸ਼ ਕਰਦੇ ਹਨ।
ਬਾਜ਼ਾਰ ਯਾਤਰੂਆਂ ਨਾਲ ਭਰਿਆ ਹੋਇਆ ਸੀ, ਅਸੀਂ ਪੰਜਾਬ ਤੇ ਉੱਤਰ ਪ੍ਰਦੇਸ਼ ਦੀਆਂ ਕਈ ਥਾਵਾਂ ਤੋਂ ਆਏ ਮਰਦਾਂ ਔਰਤਾਂ ਨਾਲ ਖਹਿੰਦੇ ਬੜੀ ਮੁਸ਼ਕਲ ਨਾਲ ਦੇਵੀ ਦੇ ਮੰਦਰ ਪੁਜੇ। ਬਾਹਰ ਦੇ ਦਰਵਾਜ਼ੇ 'ਤੇ ਅਸੀਂ ਆਪਣੇ ਜੋੜੇ ਲਾਹ ਕੇ ਮੰਦਰ ਵਿਚ ਨੰਗੇ ਪੈਰ ਪ੍ਰਵੇਸ਼ ਕੀਤਾ। ਯਾਤਰੂ ਲੋਕ ਦੇਵੀ ਨੂੰ ਪੈਸੇ ਚੜ੍ਹਉਂਦੇ ਹਨ। ਕਈ ਸ਼ਰਧਾਲੂ ਹਲਵਾ ਪੱਥਰ ਦੀਆਂ ਮੂਰਤੀਆਂ ਦੇ ਮੂੰਹ ਵਿਚ ਜਾ ਰਖਦੇ ਹਨ। ਸੰਗਮਰਮਰ ਦਾ ਫ਼ਰਸ਼ ਤਿਲਕਣਾ ਜਿਹਾ ਹੋਇਆ ਪਇਆ ਸੀ ਤੇ ਬੜੀ ਗਲ੍ਹਿਆਨ ਆਉਂਦੀ ਸੀ।
ਸਭ ਤੋਂ ਵਡੇ ਮੰਦਰ ਦੇ ਕਲਸ਼ ਸੁਨਹਿਰੀ ਹਨ, ਜਿਹੜੇ ਡੁਬਦੇ ਸੂਰਜ ਦੀ ਰੌਸ਼ਨੀ ਵਿਚ ਚਮਕ ਰਹੇ ਸਨ। ਮੰਦਰ ਦੇ ਅੰਦਰ ਪਹਾੜੀਆਂ ਵਿਚੋਂ ਗੈਸ ਨਿਕਲ ਰਹੀ ਹੈ, ਜਿਸ ਨੂੰ ਪੁਜਾਰੀ ਤੀਲੀ ਨਾਲ ਜਲਾ ਦੇਂਦੇ ਹਨ ਤੇ ਇਸ ਤਰ੍ਹਾਂ ਪੈਦਾ ਹੋਈ ਨੀਲੀ ਲਾਟਾਂ ਦੇ ਨਾਲ ਧਮਾਕੇ ਯਾਤਰੂਆਂ ਨੂੰ ਹੈਰਾਨ ਕਰ ਦਿੰਦੇ ਹਨ। ਉਤੇ ਕਰਕੇ ਹੋਰ ਕਈ ਛੋਟੇ ਮੰਦਰ ਹਨ, ਜਿਨ੍ਹਾਂ ਵਿਚ ਭਗਵੇ ਕਪੜਿਆਂ ਵਿਚ ਜਟਾਂ ਵਾਲੇ ਸਾਧੂ ਬੈਠੇ ਨਜ਼ਰ ਆਉਂਦੇ ਹਨ। ਜਵਾਲਾਮੁਖੀ ਦੇ ਕੋਲ ਛੇ ਚਸ਼ਮੇ ਹਨ, ਜਿਨ੍ਹਾਂ ਵਿਚ ਲੂਣ ਤੇ ਪੋਟਾਸ਼ੀਅਮ ਆਈਉਡਾਈਡ ਦੀ ਸ਼ਕਲ ਵਿਚ ਆਈਓਡੀਨ ਮਿਲਦੀ ਹੈ ।
ਕਿਹਾ ਜਾਂਦਾ ਹੈ, ਜਵਾਲਾਮੁਖੀ ਜਲੰਧਰ ਨਾਂ ਦੇ ਦਾਨਵ ਦਾ ਮੂੰਹ ਹੈ। ਕਥਾ ਇੰਜ ਹੈ ਕਿ ਜਲੰਧਰ ਦਾਨਵ ਨੂੰ ਸ਼ਿਵਜੀ ਮਹਾਰਾਜ ਨੇ ਇਕ ਪਹਾੜ ਸੁਟ ਕੇ ਕੁਚਲ ਦਿਤਾ। ਜਵਾਲਾਮੁਖੀ ਉਸ ਦਾਨਵ ਦਾ ਮੂੰਹ ਹੈ। ਉਸ ਦੀ ਪਿੱਠ ਦੁਆਬੇ ਦਾ ਉਤਲਾ ਹਿੱਸਾ ਹੈ, ਜਿਸ ਨੂੰ ਅੱਜਕੱਲ੍ਹ ਜਲੰਧਰ ਕਹਿੰਦੇ ਹਨ। ਇਸ ਇਲਾਕੇ ਵਿਚ ਕਈ ਮਸ਼ਹੂਰ ਮੰਦਰ ਹਨ। ਬੈਜਨਾਥ ਵਿਚ ਸ਼ਿਵ ਦਾ ਮੰਦਰ ਤੇ ਜੁਰੰਗਲ ਵਿਚ ਨੰਦੀ ਕੇਸਰ ਦਾ ਮੰਦਰ, ਜਿਹੜਾ ਡ੍ਹਾਡ ਦੇ ਸੁੰਦਰ ਬੰਗਲੇ ਦੇ ਸਾਹਮਣੇ ਹੈ। ਇਸ ਦਾਨਵ ਦੇ ਪੈਰ ਮੁਲਤਾਨ ਤੱਕ ਫੈਲ ਹੋਏ ਹਨ। ਜਲੰਧਰ ਦੀ ਕਥਾ ਇਕ ਤਰ੍ਹਾਂ ਕਾਂਗੜੇ ਦੀ ਵਾਦੀ ਦੇ ਪਹਾੜਾਂ ਦਾ ਮਾਇਊਸੀਨ ਸਮੁੰਦਰ ਵਿਚੋਂ ਉਭਰਨਾ ਵੀ ਦਰਸ਼ਾਂਦੀ ਹੈ। ਇਸ ਇਕ ਸਾਗਰ ਦੀ ਬਾਂਹ ਅੱਜਕਲ੍ਹ ਦੇ ਅਰਬ ਸਾਗਰ ਵਿਚੋਂ ਹੁਸ਼ਿਆਰ ਪੁਰ ਦੇ ਸ਼ਿਵਾਲਕ ਦੇ ਪਹਾੜਾਂ ਤੱਕ ਫੈਲੀ ਹੋਈ ਸੀ। ਸ਼ਿਵ ਮਹਾਰਾਜ ਦਾ ਸਾਗਰ ਦੇ ਬੇਟੇ ਜਲੰਧਰ ਨੂੰ ਹਰਾਉਣਾ ਇਕ ਤਰ੍ਹਾਂ ਨਾਲ ਸਮੁੰਦਰ ਦਾ ਪਰ੍ਹੇ ਹਟਣਾ ਤੇ ਉਸ ਵਿਚੋਂ ਪਹਾੜਾਂ ਦੇ ਨਿਕਲ ਆਉਣ ਦਾ ਇਕ ਚਿੰਨ੍ਹ ਮਲੂਮ ਹੁੰਦਾ ਹੈ।
ਇਸ ਮੰਦਰ ਵਿਚ ਕਈ ਮਸ਼ਹੂਰ ਹਸਤੀਆਂ ਆਈਆਂ। ਇਨ੍ਹਾਂ ਵਿਚੋਂ ਇਕ ਅਕਬਰ ਬਾਦਸ਼ਾਹ ਵੀ ਸੀ।ਅਜੇ ਵੀ ਪੁਜਾਰੀ ਲੋਕ ਇਕ ਕੂਲ੍ਹ ਵੱਲ ਇਸ਼ਾਰਾ ਕਰਦੇ ਹਨ, ਜਿਹੜੀ ਉਤੇ ਕਰਕੇ ਕਿਸੇ ਚਸ਼ਮੇ ਵਿਚੋਂ ਨਿਕਲਦੀ ਹੈ ਤੇ ਕਹਿੰਦੇ ਹਨ ਕਿ ਅਕਬਰ ਬਾਦਸ਼ਾਹ ਨੇ ਇਹ ਕੂਲ੍ਹ ਅਗਨੀ ਬੁਝਾਣ ਲਈ ਬਣਵਾਈ ਸੀ। ਪਰ ਉਸ ਨੂੰ ਇਸ ਵਿਚ ਕਾਮਯਾਬੀ ਨਾ ਹੋਈ ਤੇ ਜੋਤਾਂ ਉਂਜ ਦੀਆਂ ਉਂਜ ਜਾਗਦੀਆਂ ਰਹੀਆਂ। ਇਹ ਵੇਖ ਕੇ ਅਕਬਰ ਬਾਦਸ਼ਾਹ ਦੇਵੀ ਦਾ ਉਪਾਸ਼ਕ ਬਣ ਗਿਆ ਤੇ ਉਸ ਨੇ ਇਕ ਸੋਨੇ ਦਾ ਛਤਰ ਦੇਵੀ ਦੀ ਸੇਵਾ ਵਿਚ ਚੜ੍ਹਾਇਆ। ਕਿਹਾ ਜਾਂਦਾ ਹੈ ਜਦੋਂ ਅਕਬਰ ਬਾਦਸ਼ਾਹ ਨੇ ਆਪਣੇ ਕੀਮਤੀ ਚੜ੍ਹਾਵੇ ਵੱਲ ਹੰਕਾਰ ਭਰੀਆਂ ਨਜ਼ਰਾਂ ਨਾਲ ਵੇਖਿਆ ਤਾਂ ਸੋਨੇ ਦਾ ਉਹ ਛਤਰ ਤਾਂਬੇ ਦਾ ਬਣ ਗਿਆ। ਇਸ ਤਰ੍ਹਾਂ ਅਨੇਕਾਂ ਕਹਾਣੀਆਂ ਹਰ ਇਕ ਮੰਦਰ ਨਾਲ ਸੰਬੰਧਿਤ ਹਨ ਤੇ ਇਨ੍ਹਾਂ ਨਾਲ ਹੀ ਧਾਰਮਿਕ ਲੋਕ ਆਪਣੇ ਧਰਮ ਦੀ ਵਡਿਤਣ ਜ਼ਾਹਰ ਕਰਦੇ ਹਨ।
ਮਹਾਰਾਜਾ ਰਣਜੀਤ ਸਿੰਘ ਇਸ ਮੰਦਰ ਵਿਚ 1809 ਵਿਚ ਆਇਆ। ਸੰਸਾਰ ਚੰਦ ਦੇ ਕਹਿਣ 'ਤੇ ਮਹਾਰਾਜਾ ਰਣਜੀਤ ਸਿੰਘ ਨੇ ਗੋਰਖਿਆਂ ਨੂੰ ਹਰਾਇਆ ਤੇ ਉਨ੍ਹਾਂ ਨੂੰ ਸਤਲੁਜ ਦੇ ਪਾਰ ਧੱਕ ਦਿਤਾ। ਸੰਸਾਰ ਚੰਦ ਰਣਜੀਤ ਸਿੰਘ ਨੂੰ ਜਵਾਲਾ ਮੁਖੀ ਵਿਚ ਮਿਲਿਆ ਤੇ ਇਸ ਪਵਿਤਰ ਅਸਥਾਨ 'ਤੇ ਇਕਰਾਰਨਾਮਾ ਤੇ ਮੋਹਰਾਂ ਲਾਈਆਂ ਗਈਆਂ। ਮਹਾਰਾਜਾ ਰਣਜੀਤ ਸਿੰਘ ਨੇ ਕਾਂਗੜੇ ਦੇ ਕਿਲ੍ਹੇ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਤੇ ਲਾਗਲੇ ਪਿੰਡਾਂ ਦੀ ਸੰਸਾਰ ਚੰਦ ਨੂੰ ਇਕ ਜਾਗੀਰ ਦੇ ਦਿੱਤੀ ਗਈ। ਅਫ਼ਗਾਨਾਂ ਨੂੰ ਹਰਾ ਕੇ ਰਣਜੀਤ ਸਿੰਘ ਜਦੋਂ ਮੁੜਿਆ ਉਸ ਨੇ ਸ਼ੁਕਰਾਨੇ ਵਜੋਂ ਦੇਵੀ ਦੇ ਮੰਦਰ 'ਤੇ ਛੱਤ ਨੂੰ ਸੋਨੇ ਦਾ ਪੱਤਰਾ ਚੜ੍ਹਵਾਇਆ, ਤੇ ਗ਼ਰੀਬ ਗੁਰਬਿਆਂ ਨੂੰ ਬੇਸ਼ੁਮਾਰ ਦਾਨ ਦਿੱਤਾ। ਕਿਹਾ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਜਵਾਲਾ ਮੁਖੀ ਦੀਆਂ ਜੋਤਾਂ 'ਤੇ ਇੰਜ ਮੋਹਿਤ ਹੋਇਆ ਜਿਵੇਂ ਪਰਵਾਨਾ ਸਮ੍ਹਾਂ ਤੇ ਮੋਹਿਤ ਹੁੰਦਾ ਹੈ। ਰਣਜੀਤ ਸਿੰਘ ਦੇ ਪੁੱਤਰ ਖੜਕ ਸਿੰਘ ਨੇ ਦੇਵੀ ਨੂੰ ਚਾਂਦੀ ਦੇ ਦਰਵਾਜ਼ੇ ਚੜ੍ਹਾਏ। ਇਨ੍ਹਾਂ ਦਰਵਾਜ਼ਿਆਂ ਵਿਚ ਚਿਤਰਕਾਰੀ ਦਾ ਬਹੁਤ ਸ਼ਾਨਦਾਰ ਕੰਮ ਕੀਤਾ ਹੋਇਆ ਹੈ। ਇਥੋਂ ਦੇ ਪੁਜਾਰੀ ਇਨ੍ਹਾਂ ਦਰਵਾਜ਼ਿਆਂ ਨੂੰ ਬੜੇ ਮਾਣ ਨਾਲ ਵਿਖਾਉਂਦੇ ਹਨ। ਇਸ ਸਫ਼ਰ ਵਿਚ ਮੇਰੀ ਧਰਮ ਪਤਨੀ ਇਕਬਾਲ ਕੌਰ ਵੀ ਸਾਡੇ ਨਾਲ ਸੀ ਤੇ ਸਾਰੀ ਪਾਰਟੀ ਦੇ ਖਾਣ ਪੀਣ ਦਾ ਪ੍ਰਬੰਧ ਉਹਦੇ ਜ਼ਿਮੇਂ ਸੀ। ਇਕਬਾਲ, ਆਰਚਰ, ਮੁਲਕ ਰਾਜ, ਉਸ ਦੀ ਧਰਮ ਪਤਨੀ ਸ਼ੀਰੀਂ, ਤੇ ਸਕੱਤਰ ਡੌਲੀ ਮੈਥੋਂ ਅਲਹਿਦਾ ਮੰਦਰ ਵਿਚ ਗਏ। ਉਨ੍ਹਾਂ ਨੇ ਜੋ ਵੇਖਿਆ, ਉਹ ਇਕਬਾਲ ਬਿਆਨ ਕਰੇਗੀ ਤੇ ਸੁਣੋ :
“ਰਾਣੀ ਤਾਲ ਤੋਂ ਜਵਾਲਾ ਜੀ ਵਿਚੋਂ ਦੀ ਹੁੰਦਿਆਂ ਹੋਇਆਂ ਸਾਡਾ ਨਦੌਣ ਜਾਣ ਦਾ ਪ੍ਰੋਗਰਾਮ ਸੀ। ਸਵੇਰ ਦੀ ਚਾਹ ਵਾਣੀ ਤੋਂ ਪਿਛੋਂ ਹਮੇਸ਼ਾ ਦੁਪਹਿਰ ਦੀ ਰੋਟੀ ਨਾਲ ਬੰਨ੍ਹ ਲਿਆ ਕਰਦੇ ਸਾਂ। ਜਿਥੇ ਕਿਤੇ ਵੀ ਰੋਟੀ ਖਾਣ ਦਾ ਵਕਤ ਹੋ ਜਾਂਦਾ ਤੇ ਜਗ੍ਹਾ ਵੀ ਖ਼ੂਬਸੂਰਤ ਵਿਖਾਈ ਦਿੰਦੀ ਉਥੇ ਖਾਣ ਲਈ ਰੁਕ ਜਾਂਦੇ। ਸਾਰੇ ਮਿਲ ਕੇ ਖਾਣਾ ਗਰਮ ਕਰਦੇ ਤੇ ਇਕੱਠੇ ਬਹਿ ਕੇ ਖਾਂਦੇ, ਤੇ ਨਾਲੇ ਸਫ਼ਰ ਬਾਰੇ ਗੱਲਾਂ ਚਲਦੀਆਂ ਰਹਿੰਦੀਆਂ। ਫੇਰ ਥੋੜੀ ਦੇਰ ਆਰਾਮ ਕਰਕੇ ਚੀਜ਼ਾਂ ਇਕੱਠੀਆਂ ਕਰਕੇ ਅਗਲੇ ਪੜਾਅ ਲਈ ਤਿਆਰ ਹੋ ਜਾਂਦੇ।
“ਜਵਾਲਾ ਜੀ ਜਾਣ ਦੀ ਖ਼ਾਸ ਤੌਰ 'ਤੇ ਮੈਨੂੰ ਖ਼ੁਸ਼ੀ ਇਸ ਲਈ ਸੀ ਕਿ ਉਸ ਜਗ੍ਹਾ ਨੂੰ ਨਿੱਕਿਆਂ ਹੁੰਦਿਆਂ ਵੇਖਿਆ ਹੋਇਆ ਸੀ। ਇਸ ਦੀ ਧੁੰਧਲੀ ਜਿਹੀ ਯਾਦ ਅਜੇ ਤਕ ਮੇਰੇ ਦਿਮਾਗ਼ ਵਿਚ ਸੀ। ਜਦੋਂ ਵੀ ਅਸੀਂ ਉਸ ਪਾਸੇ ਵੱਲ ਗਏ, ਇਹ ਯਾਦ ਮੈਨੂੰ ਟੁੰਬਦੀ ਕਿ ਇਸ ਸਥਾਨ ਦੇ ਫਿਰ ਦਰਸ਼ਨ ਕੀਤੇ ਜਾਣ। ਏਨਾਂ ਕੁ ਮੈਨੂੰ ਯਾਦ ਹੈ ਕਿ ਉਨ੍ਹਾਂ ਦਿਨਾਂ ਵਿਚ ਇਹ ਰਸਤਾ ਸਿਰਫ਼ ਖ਼ਚਰਾਂ ਘੋੜਿਆਂ 'ਤੇ ਹੀ ਮੁਕਾਇਆ ਜਾਂਦਾ ਸੀ। ਬਹੁਤ ਛੋਟੀ ਜਿਹੀ, ਸੱਪ ਦੀ ਤਰ੍ਹਾਂ ਵੱਲ ਖਾਂਦੀ ਹੋਈ ਪਥਰੀਲੀ ਸੜਕ ਵਿਖਾਈ ਦਿੰਦੀ ਹੁੰਦੀ ਸੀ, ਤੇ ਇਸ ਸਫ਼ਰ ਨੂੰ ਲੋਕ ਦਿਨੇ ਸੂਰਜ ਛਿਪਣ ਤੋਂ ਪਹਿਲਾਂ ਖ਼ਤਮ ਕਰ ਲੈਂਦੇ ਸਨ ਕਿਉਂਕਿ ਜੰਗਲੀ ਜਾਨਵਰ ਅਕਸਰ ਜੰਗਲਾਂ ਵਿਚੋਂ ਨਿਕਲ ਕੇ ਸੜਕ ਉਤੇ ਮਿਲ ਪੈਂਦੇ ਸਨ, ਤੇ ਕਈ ਵਾਰੀ ਹਮਲਾ ਵੀ ਕਰ ਦਿੰਦੇ ਸਨ।
“ਮੈਨੂੰ ਅਜੇ ਤੱਕ ਯਾਦ ਹੈ ਕਿ ਉਥੋਂ ਦੇ ਪੰਡਿਤਾਂ ਨੇ ਸਾਨੂੰ ਕਈ ਜਗ੍ਹਾਂ ਤੇ ਫਿਰ ਕੇ ਲਾਟਾਂ ਵਿਖਾਈਆਂ ਤੇ ਕਿਹਾ ਕਿ ਇਥੇ ਦੇਵੀ ਪ੍ਰਗਟ ਹੋਈ ਹੈ ਤੇ ਸਾਡੇ ਵੇਖਦਿਆਂ ਵੇਖਦਿਆਂ ਸ਼ਰਧਾਲੂ ਲੋਕ ਖੋਏ ਦੇ ਅੱਧ ਅੱਧ ਸੇਰ ਦੇ ਪੇੜੇ ਪ੍ਰਸ਼ਾਦ ਦੇ ਤੌਰ 'ਤੇ ਲੈ ਕੇ ਮੰਦਰ ਵਿਚ ਲਾਟਾਂ ਦੇਵੀ ਦੇ ਅਗੇ ਰੱਖ ਕੇ ਮੱਥਾ ਟੇਕਦੇ। ਇਸੇ ਕਰਕੇ ਮੈਨੂੰ ਫੇਰ ਜਵਾਲਾ ਦੇ ਮੰਦਰ ਵੇਖਣ ਦੀ ਤੀਬਰ ਇੱਛਾ ਸੀ।
“ਜਦੋਂ ਅਸੀਂ ਜਵਾਲਾ ਜੀ ਪਹੁੰਚੇ ਤਾਂ ਮੰਦਰਾਂ ਵਿਚ ਤਾਂ ਕੋਈ ਬਹੁਤਾ ਫ਼ਰਕ ਨਜ਼ਰ ਨਹੀਂ ਆਇਆ, ਪਰ ਮੰਦਰ ਵੱਲ ਜਾਣ ਵਾਲੇ ਜਿਸ ਬਾਜ਼ਾਰ ਵਿਚੋਂ ਲੰਘ ਕੇ ਜਾਣਾ ਪੈਂਦਾ ਸੀ ਉਸ ਦੀ ਸੜਕ ਜ਼ਰੂਰ ਚੌੜੀ ਹੋ ਗਈ ਸੀ। ਰਸਤੇ ਵਿਚ ਅਸੀਂ ਸਾਰਿਆਂ ਨੇ ਬਾਜ਼ਾਰ ਵਿਚੋਂ ਚੀਜ਼ਾਂ ਲਈਆਂ। ਸਾਡੇ ਦੋਸਤ ਆਰਚਰ ਨੂੰ ਰੰਗ ਬਰੰਗੀਆਂ ਕੱਚ ਦੀਆਂ ਚੂੜੀਆਂ ਬਹੁਤ ਪਸੰਦ ਆਈਆਂ, ਤੇ ਉਸ ਨੇ ਆਪਣੀ ਲੜਕੀ ਲਈ ਚਾਰ-ਪੰਜ ਜੋੜੇ ਖ਼ਰੀਦੇ, ਬਾਕੀ ਕਿਸੇ ਨੇ ਅੰਬ ਕੀ ਲਕੜੀ ਦੇ ਬਣੇ ਹੋਏ ਚਮਚੇ, ਤੇ ਦਹੀਂ ਰੱਖਣ ਵਾਲੇ ਕੂੰਡੇ, ਤੇ ਲਕੜੀ ਦੀਆਂ ਆਟਾ ਗੁੰਨ੍ਹਣ ਲਈ ਪਰਾਤਾਂ ਖ਼ਰੀਦੀਆਂ ਜੋ ਕਿ ਉਥੋਂ ਦੇ ਲੋਕਾਂ ਨੇ ਖ਼ਾਸ ਸਫ਼ਾਈ ਨਾਲ ਬਣਾਈਆਂ ਹੁੰਦੀਆਂ ਹਨ। ਤੇ ਅਸੀਂ ਬਹੁਤ ਸਾਰੀ ਧੂਫ ਤੇ ਜਵੈਣ ਜੋ ਕਿ ਕੌੜੇ ਤੁੰਮਿਆਂ ਵਿਚ ਭਰੀ ਹੁੰਦੀ ਹੈ ਖ਼ਰੀਦ ਕੇ ਮੰਦਰ ਵੱਲ ਗਏ। ਜਿਥੇ ਪੁਜਾਰੀ ਸਿਰਫ਼ ਇਸੇ ਤਾਕ ਵਿਚ ਬੈਠੇ ਸਨ ਕਿ ਕੋਈ ਜ਼ਿਆਦਾ ਜੜ੍ਹਾਵਾ ਚੜ੍ਹਾਉਣ ਵਾਲਾ ਆਵੇ ਤੇ ਉਸੇ ਦੇ ਪਿਛੇ ਲਗਿਆ ਜਾਏ।
“ਮੰਦਰ ਦੀ ਸਫ਼ਾਈ ਵੱਲ ਉਨ੍ਹਾਂ ਦਾ ਕੋਈ ਧਿਆਨ ਨਹੀਂ ਸੀ, ਨਾ ਹੀ ਕੋਈ ਭਗਤੀ ਦਾ ਭਾਵ ਉਨ੍ਹਾਂ ਦੇ ਚਿਹਰਿਆਂ 'ਤੇ ਮਾਲੂਮ ਹੁੰਦਾ ਸੀ। ਲਾਗ ਦੇ ਪਿੰਡਾਂ ਦੇ ਆਦਮੀ ਤੇ ਤੀਵੀਆਂ ਦਾ ਇਕ ਜੱਥਾ ਜੋ ਕਿ ਸ਼ਾਇਦ ਕਿਸੇ ਮੰਨਤ ਦੀ ਪੂਰਤੀ ਦੇ ਖ਼ਿਆਲ ਨਾਲ ਉਥੇ ਪਹੁੰਚਿਆ ਸੀ ਇਕ ਜਗ੍ਹਾ ਮੂਰਤੀ ਦੇ ਅਗੇ ਬੈਠ ਕੇ। ਕ੍ਰਿਸ਼ਨ ਭਗਵਾਨ ਦੇ ਗੁਣ ਗਾ ਰਿਹਾ ਸੀ। ਆਦਮੀ ਢੋਲਕੀ ਤੇ ਟੱਲੀਆਂ ਵਜਾ ਰਹੇ ਸਨ, ਤੇ ਤੀਵੀਂਆਂ ਸਖੀਆਂ ਬਣ ਬਣ ਕੇ ਨੱਚ ਰਹੀਆਂ ਸਨ, ਤੇ ਜੋ ਨੱਚਣ ਤੋਂ ਸੰਗਦੀਆਂ ਸਨ ਉਨ੍ਹਾਂ ਨੂੰ ਕਹਿ ਰਹੀਆਂ ਸਨ, ਤੁਸੀਂ ਵੀ ਨੱਚੋ, ਭਗਵਾਨ ਦੇ ਸਾਹਮਣੇ ਨੱਚਣ ਵਿਚ ਸ਼ਰਮ ਨਹੀਂ ਕਰਨੀ ਚਾਹੀਦੀ। ਇਸ ਤਰ੍ਹਾਂ ਵਾਰੀ ਵਾਰੀ ਇਕ ਹਟਦੀ ਤੇ ਦੂਜੀ ਨੱਚਣ ਲਗ ਜਾਂਦੀ। ਕੁਝ ਦੇਰ ਤੱਕ ਅਸੀਂ ਉਨ੍ਹਾਂ ਨੂੰ ਵੇਖਦੇ ਰਹੇ । ਇਸ ਤੋਂ ਪਿਛੋਂ ਅਸੀਂ ਵੇਖਿਆ ਕਿ ਇਕ ਡੂੰਘੀ ਜਹੀ ਜਗ੍ਹਾ 'ਤੇ ਜ਼ਮੀਨ ਦੇ ਵਿਚ ਕੁਛ ਅੱਗ ਦੀਆਂ ਲਾਟਾਂ ਨਿਕਲ ਰਹੀਆਂ ਸਨ ਤੇ ਓਥੋਂ ਦੇ ਪਾਂਡੇ ਸਭ ਨੂੰ ਨਾਲ ਲੈ ਜਾਂਦੇ ਤੇ ਨਾਲੇ ਦਸਦੇ ਕਿ ਇਸ ਜਗ੍ਹਾ ਤੋਂ ਦੇਵੀ ਪ੍ਰਗਟ ਹੋਈ ਹੈ।
“ਇਸ ਤਰ੍ਹਾਂ ਦੀਆਂ ਲਾਟਾਂ ਹੋਰ ਵੀ ਥੋੜੇ ਥੋੜੇ ਫ਼ਾਸਲੇ ਤੋਂ ਨਿਕਲ ਰਹੀਆਂ ਸਨ। ਜਿਨ੍ਹਾਂ ਲੋਕਾਂ ਨੂੰ ਇਸ ਦਾ ਕਾਰਨ ਪਤਾ ਨਹੀਂ ਸੀ ਉਹ ਭਗਵਾਨ ਦੀ ਕੁਦਰਤ ਵੇਖ ਦੇ ਦੰਗ ਰਹਿ ਜਾਂਦੇ ਸਨ, ਪਰ ਕਿਸੇ ਦਾ ਮਨ ਦੀ ਸਫ਼ਾਈ ਵੱਲ ਧਿਆਨ ਨਹੀਂ ਸੀ ਜਾਂਦਾ, ਲਾਟਾਂ ਦੇਵੀ ਨੂੰ ਪੇੜੇ, ਪਤਾਸੇ ਤੇ ਕੜਾਹ ਭੇਟਾ ਕਰਕੇ ਤੇ ਲੋਕਾਂ ਨੇ ਆਪਣੇ ਪੈਰ ਧੋ ਕੇ ਇਤਨਾ ਚਿੱਕੜ ਕੀਤਾ ਹੋਇਆ ਸੀ ਕਿ ਉਥੇ ਖਲੋਣਾ ਵੀ ਮੁਸ਼ਕਲ ਹੋ ਰਿਹਾ ਸੀ। ਸਾਡੇ ਦੋਸਤ ਆਰਚਰ ਨੂੰ ਡਰ ਸੀ ਕਿ ਪੈਰਾਂ ਨੂੰ ਕਿਸੇ ਬਿਮਾਰੀ ਦੇ ਜਰਾਸੀਸ ਨਾ ਲਗ ਜਾਣ। ਉਸ ਨੇ ਨੱਕ ਅੱਗੇ ਰੁਮਾਲ ਰਖਿਆ ਤੇ ਸਭ ਕੁਝ ਜਲਦੀ ਜਲਦੀ ਵੇਖ ਕੇ ਹੇਠਾਂ ਉਤਰਨ ਦੀ ਕੀਤੀ। ਅਸੀਂ ਵੀ ਉਸੇ ਦੇ ਪਿਛੇ ਪਿਛੇ ਤੁਰ ਪਏ।"
ਜੁਆਲਾ ਮੁਖੀ ਦੇ ਸਫ਼ਰ ਵਿਚ ਸਾਡੇ ਨਾਲ ਇਕ ਲੋਕ ਗੀਤਾਂ ਦਾ ਸੰਗ੍ਰਹਿਕ ਵੀ ਸੀ। ਬੀਬੀ ਦਾੜ੍ਹੀ ਤੇ ਲੰਮੇ ਲੰਮੇ ਵਾਲ ਤੇ ਫ਼ੋਟੋਗ੍ਰਾਫ਼ੀ ਦਾ ਸ਼ੌਕੀਨ। ਫ਼ੋਟੋਗ੍ਰਾਫ਼ੀ ਉਸ ਦੀ ਏਨੀ ਚੰਗੀ ਕਿ ਫ਼ੋਟੋਆਂ ਵਿਚ ਜਾਨ ਪਾ ਦਿੰਦਾ। ਜਦ ਮੈਂ ਮੰਦਰ ਤੋਂ ਮੁੜ ਕੇ ਆਇਆ ਤਾਂ ਵੇਖਿਆ ਕਿ ਜੀਪ ਦੇ ਕੋਲ ਬੜੀ ਭੀੜ ਹੈ। ਪਤਾ ਲਗਾ ਕਿ ਮੇਰੇ ਮਿੱਤਰ ਇਕ ਪਹਾੜੀ ਔਰਤ ਦੀ ਫ਼ੋਟੋ ਖਿਚਦੇ ਉਸ ਨੂੰ ਮੂੰਹ ਦਾ ਪਲਾ ਉਤੇ ਥੱਲੇ ਕਰਨ ਦੀ ਹਿਦਾਇਤ ਦੇ ਰਹੇ ਸਨ ਕਿ ਉਪਰੋਂ ਉਸ ਦਾ ਪਤੀ ਆ ਗਿਆ। ਰੌਲਾ ਪੈ ਗਿਆ ਕਿ ਇਕ ਪਾਕਿਸਤਾਨੀ ਫ਼ਕੀਰ ਹਿੰਦੂ ਔਰਤਾਂ ਦੀਆਂ ਤਸਵੀਰਾਂ ਖਿੱਚ ਰਿਹਾ ਹੈ। ਫੇਰ ਕੀ ਸੀ ਕਿਸੇ ਨੇ ਬਾਂਹ ਫੜ, ਕਿਸੇ ਨੇ ਕੋਟ ਫੜ, ਖਿਚੋਤਾਣ ਸ਼ੁਰੂ ਕਰ ਦਿਤੀ।
ਹਿੰਦੁਸਤਾਨ ਵਿਚ, ਖ਼ਾਸ ਤੌਰ 'ਤੇ ਪੰਜਾਬ ਵਿਚ ਓਪਰੀਆਂ ਜ਼ਨਾਨੀਆਂ ਦੀ ਫ਼ੋਟੋਗ੍ਰਾਫ਼ੀ ਬੜੀ ਕਠਨ ਹੈ। ਹੋਰ ਨਹੀਂ ਤਾਂ ਇਨਾਂ ਕਹਿ ਦੇਣੋਂ ਨਹੀਂ ਟਲਦੀਆਂ, “ਜੇ ਫ਼ੋਟੋ ਖਿੱਚਣੀ ਹੈ ਤਾਂ ਆਪਣੀ ਮਾਂ ਦੀ ਖਿੱਚ, ਭੈਣ ਦੀ ਖਿੱਚ, ਤੂੰ ਸਾਥੋਂ ਕੀ ਲੈਣਾ ਹੈ।” ਅਸੀਂ ਆਪਣੇ ਮਿੱਤਰ ਨੂੰ ਬੜੀ ਮੁਸ਼ਕਲ ਨਾਲ ਬਚਾਇਆ। ਜੇ ਠਾਣੇਦਾਰ ਮੌਕੇ ਤੇ ਨਾ ਆ ਜਾਂਦਾ ਤਾਂ ਪਤਾ ਨਹੀਂ ਅਨਪੜ੍ਹ ਕਾਂਗੜਾ ਵਾਸੀ ਉਸ ਦੀ ਕੀ ਗਤ ਬਣਾਉਂਦੇ। ਉਨ੍ਹਾਂ ਨੂੰ ਸਮਝਾਇਆ ਗਿਆ ਕਿ ਇਹ ਪੰਜਾਬ ਦੇ ਟੈਗੋਰ ਹਨ, ਤੇ ਇਨ੍ਹਾਂ ਨੇ ਲੋਕ ਗੀਤ ਇਕੱਠੇ ਕਰਕੇ ਪੰਜਾਬੀ ਸਾਹਿਤ ਦੀ ਬੜੀ ਸੇਵਾ ਕੀਤੀ ਹੈ ਤੇ ਫ਼ੋਟੋਗ੍ਰਾਫ਼ੀ ਵੀ ਸਭਿਆਚਾਰਕ ਦ੍ਰਿਸ਼ਟੀਕੋਨ ਤੋਂ ਹੀ ਕਰ ਰਹੇ ਸਨ, ਤੇ ਇਨ੍ਹਾਂ ਦੀ ਕੋਈ ਮਾੜੀ ਨੀਅਤ ਨਹੀਂ ਸੀ। ਉਨ੍ਹਾਂ ਸਿੱਧੇ ਸਾਦੇ ਪਹਾੜੀਆਂ ਨੂੰ ਕੀ ਪਤਾ ਸੀ ਕਿ ਅੱਜ ਕਲ੍ਹ ਕਾਂਗੜੇ ਵਿਚ ਐਸੇ ਉਚੇ ਪੱਧਰ ਦੇ ਯਾਤਰੂ ਵੀ ਆਉਂਦੇ ਹਨ। ਉਨ੍ਹਾਂ ਨੂੰ ਤਾਂ ਹਾਲ ਤਾਈਂ ਭੈੜੇ ਯਾਤਰੂਆਂ ਦੀ ਧੱਕੇਸ਼ਾਹੀ ਦਾ ਹੀ ਤਜਰਬਾ ਸੀ ਜੋ ਉਨ੍ਹਾਂ ਦੀਆਂ ਸੁੰਦਰ ਤੀਵੀਆਂ ਨੂੰ ਬਹਿਕਾ ਕੇ ਮੈਦਾਨਾਂ ਵਿਚ ਲੈ ਜਾਂਦੇ ਸਨ।
ਜੇ ਇਕੱਲੀਆਂ ਹੋਣ ਤਾਂ ਬਹੁਤ ਸਾਰੀਆਂ ਤ੍ਰੀਮਤਾਂ ਫ਼ੋਟੋ ਖਿਚਾਉਣ ਤੋਂ ਇਨਕਾਰ ਨਹੀਂ ਕਰਦੀਆਂ, ਪਰ ਜੇ ਕਿਤੇ ਉਨ੍ਹਾਂ ਦੇ ਆਦਮੀ ਨੇੜੇ ਤੇੜੇ ਹੋਣ ਤਾਂ ਫ਼ੋਟੋ ਖਿੱਚਣਾ ਖ਼ਤਰੇ ਤੋਂ ਖ਼ਾਲੀ ਨਹੀਂ। ਇਕ ਵਾਰੀ ਅਸੀਂ ਸ਼ਿਮਲੇ ਤੋਂ ਨਾਰਕੰਡੇ ਜਾ ਰਹੇ ਸੀ, ਤੇ ਜਦ ਫਾਗੂ ਦੇ ਕੋਲ ਪਹੁੰਚੇ ਤਾਂ ਇਕ ਬੜੀ ਸੁੰਦਰ ਪਹਾੜਨ ਸੁਨਹਿਰੀ ਕੈਂਠਾ ਪਾਈ, ਸਿਰ 'ਤੇ ਗੂੜ੍ਹਾ ਪੀਲਾ ਰੁਮਾਲ ਬੰਨ੍ਹੀ ਤੇ ਨੱਕ ਵਿਚ ਲੋਂਗ ਪਾਈ, ਜਿਹੜਾ ਡੁਬਦੇ ਸੂਰਜ ਦੀ ਰੌਸ਼ਨੀ ਵਿਚ ਲਿਸ਼ਕਾਰੇ ਮਾਰ ਰਿਹਾ ਸੀ, ਸੜਕ 'ਤੇ ਠੁਮਕ ਠੁਮਕ ਕਰਦੀ ਜਾ ਰਹੀ ਸੀ। ਮੇਰੇ ਸਾਥੀ ਸ਼ੋਰੀ ਨੂੰ ਜਿਹੜਾ ਫ਼ੋਟੋਗ੍ਰਾਫ਼ੀ ਦੇ ਨਸ਼ੇ ਵਿਚ ਮਸਤ ਹੋਇਆ ਹੋਇਆ ਸੀ, ਅਜਿਹਾ ਮੌਕਾ ਕਿਥੋਂ ਮਿਲ ਸਕਣਾ ਸੀ। ਝਟ ਕੈਮਰਾ ਖੋਲ੍ਹ, ਟਿਚ ਟਿਚ ਕਰਨੀ ਸ਼ੁਰੂ ਕਰ ਦਿਤੀ। ਦੋ ਮਿੰਟਾਂ ਵਿਚ ਹੀ ਉਸ ਤ੍ਰੀਮਤ ਦਾ ਘਰ ਵਾਲਾ ਛੱਤਰੀ ਘੁਮਾਉਂਦਾ ਉਪਰੋਂ ਆ ਗਿਆ ਤੇ ਬੋਲਿਆ, “ਬਾਬੂ ਜੀ ਕੀ ਕਰਦੇ ਹੋ।” ਬਾਬੂ ਜੀ ਦੀ ਅਟੀ ਸਟੀ ਭੁਲ ਗਈ, ਤੇ ਕੈਮਰੇ ਦੇ ਲੈਨਜ਼ ਇਕ ਦਰਖ਼ਤ ਵੱਲ ਘੁਮਾ ਕੇ ਕਹਿਣ ਲੱਗਾ, “ਜੰਗਲ ਦੀ ਤਸਵੀਰ ਖਿੱਚਦਾ ਹਾਂ।”
('ਪੱਤੇ ਪੱਤੇ ਗੋਬਿੰਦ ਬੈਠਾ' ਵਿੱਚੋਂ)