Je Main Mur Jawan Hovan (Punjabi Essay) : Mohinder Singh Randhawa
ਜੇ ਮੈਂ ਮੁੜ ਜਵਾਨ ਹੋਵਾਂ (ਲੇਖ) : ਮਹਿੰਦਰ ਸਿੰਘ ਰੰਧਾਵਾ
ਮੈਨੂੰ ਕਿਹਾ ਗਿਆ ਹੈ ਕਿ ਮੈਂ ‘ਜੇ ਮੈਂ ਮੁੜ ਜਵਾਨ ਹੋਵਾਂ' ਦੇ ਵਿਸ਼ੇ ਉਤੇ ਕੁਝ ਕਹਾਂ। ਮੈਂ ਬ੍ਹਾਠ ਵਰ੍ਹਿਆਂ ਦਾ ਹਾਂ ਤੇ ਹਾਲੀ ਵੀ
ਆਪਣੇ ਆਪ ਨੂੰ ਜਵਾਨ ਮਹਿਸੂਸ ਕਰਦਾ ਹਾਂ। ਮੈਂ ਹਾਲੀ ਵੀ ਹਰ ਸ਼ਾਮ ਨੂੰ ਖੁਲ੍ਹੇ ਪੇਂਡੂ ਆਲੇ-ਦੁਆਲੇ ਵਿਚ ਤਿੰਨ ਮੀਲ ਲੰਮੀ ਸੈਰ ਕਰਦਾ ਹਾਂ। ਮੇਰੀ ਭੁੱਖ ਸਾਧਾਰਨ ਹੈ, ਤੇ ਮੇਰੇ ਅੰਦਰ ਸੁਹਜ ਤੇ ਸੁੰਦਰਤਾ ਦੀ ਸੂਝ ਹੈ। ਮੇਰੇ ਚਿਹਰੇ ਉਤੇ ਝੁਰੜੀਆਂ ਦਾ ਕੋਝ ਨਹੀਂ। ਜੇ ‘ਜਵਾਨ’ ਤੋਂ ਤੁਹਾਡਾ ਮਤਲਬ ਘੱਟ ਪੱਕੀ ਉਮਰ ਹੈ, ਜਿਵੇਂ ੨੫ ਵਰ੍ਹੇ, ਤਾਂ ਮੈਂ ਇਹੀ ਆਖਾਂਗਾ ਕਿ ਮੈਂ ਮੁੜ ਜਵਾਨ ਨਹੀਂ ਹੋਣਾ ਚਾਹੁੰਦਾ। ਲੋਕੀਂ ਬੁੱਢੇ ਓਦੋਂ ਹੁੰਦੇ ਹਨ ਜਦੋਂ ਉਹ ਆਪਣੇ ਆਦਰਸ਼ ਛਡ ਦੇਣ। ਮੈਂ ਅਜਿਹੇ ਲੋਕ ਵੀ ਵੇਖੇ ਹਨ, ਜਿਹੜੇ ਹਾਲੀ ਮਸਾਂ ਤੀਹਾਂ ਵਰ੍ਹਿਆਂ ਦੇ ਹੀ ਸਨ ਪਰ ਬਹੁਤ ਬੁੱਢੇ ਲਗ ਰਹੇ ਸਨ, ਤੇ ਮੈਂ ਅਜਿਹੇ ਲੋਕਾਂ ਨੂੰ ਵੀ ਮਿਲਿਆ ਹਾਂ ਜਿਹੜੇ ਸੱਤਰਾਂ ਵਰ੍ਹਿਆਂ ਦੇ ਹਨ ਤੇ ਹਾਲੀ ਵੀ ਜਵਾਨ ਜਾਪਦੇ ਹਨ। ਝੁਰੜੀਆਂ ਪਹਿਲੋਂ ਮਨੁੱਖ ਦੀ ਆਤਮਾ ਉਤੇ ਪੈਂਦੀਆਂ ਹਨ, ਤੇ ਫੇਰ ਉਹਦੇ ਚਿਹਰੇ ਉੱਤੇ। ਜਦੋਂ ਤਕ ਕਿਸੇ ਮਨੁੱਖ ਅੰਦਰ ਜੀਵਨ-ਉਤਸੁਕਤਾ ਜਿਉਂਦੀ ਹੈ ਤੇ ਉਹ ਆਪਣੇ ਉਤਸ਼ਾਹ ਭਖਦੇ ਰਖਦਾ ਹੈ, ਓਦੋਂ ਤਕ ਵਰ੍ਹਿਆਂ ਵਿਚ ਭਾਵੇਂ ਉਹ ਵੱਡਾ ਹੁੰਦਾ ਜਾਵੇ, ਉਹ ਬੁੱਢਾ ਨਹੀਂ ਹੋ ਸਕਦਾ।
ਕਈ ਲੋਕੀਂ ਕਹਿੰਦੇ ਹਨ ਕਿ ‘ਜਵਾਨੀ ਜ਼ਿੰਦਗੀ ਦਾ ਸਭ ਤੋਂ ਖ਼ੁਸ਼ ਸਮਾਂ ਹੁੰਦਾ ਹੈ।' ਮੇਰੀ ਜਾਚੇ ਏਦੂੰ ਵਧ ਗ਼ਲਤ ਹੋਰ ਕੋਈ ਗੱਲ ਨਹੀਂ ਹੋ ਸਕਦੀ। ਅਸਲੀਅਤ ਤਾਂ ਇਹ ਹੈ ਕਿ ਜਿਉਂ ਜਿਉਂ ਅਸੀਂ ਵਰ੍ਹਿਆਂ ਦੇ ਤਜਰਬਿਆਂ ਨਾਲ ਪੱਕਦੇ ਹਾਂ, ਤਿਉਂ ਤਿਉਂ ਅਸੀਂ ਵਧੇਰੇ ਖ਼ੁਸ਼ੀਆਂ ਪ੍ਰਾਪਤ ਕਰਨ ਦੇ ਯੋਗ ਹੁੰਦੇ ਜਾਂਦੇ ਹਾਂ। ਪਕੇਰੀ ਉਮਰ ਵਿਚ ਸਾਨੂੰ ਜ਼ਿੰਦਗੀ ਤੇ ਇਹਦੀਆਂ ਸਮੱਸਿਆਵਾਂ ਦੀ ਚੰਗੇਰੀ ਸਮਝ ਆਣ ਲਗ ਪੈਂਦੀ ਹੈ। ਜੀਵ-ਵਿਗਿਆਨ ਤੇ ਬਨਸਪਤੀ ਵਿਗਿਆਨ ਦੀ ਪੜ੍ਹਾਈ ਨਾਲ ਸਾਨੂੰ ਕੁਦਰਤ ਵਿਚ ਮਨੁੱਖ ਦੇ ਸਥਾਨ ਦੀ ਸੋਝੀ ਹੋ ਜਾਂਦੀ ਹੈ। ਇਸ ਸੋਝੀ ਸਦਕਾ ਸਾਡਾ ਮਨ ਬੜਾ ਅਮੀਰ ਹੋ ਜਾਂਦਾ ਹੈ। ਇਹ ਸੋਚਣਾ ਕਿ ਜਵਾਨੀ ਪਕੇਰੀ ਉਮਰ ਨਾਲੋਂ ਵਧੇਰੇ ਖ਼ੁਸ਼ ਸਮਾਂ ਹੁੰਦਾ ਹੈ, ਇਹ ਕਹਿਣ ਦੇ ਬਰਾਬਰ ਹੈ ਕਿ ‘ਪਹਾੜ ਦੇ ਪੈਰਾਂ ਵਿਚ ਖੜੋ ਕੇ ਜੋ ਦ੍ਰਿਸ਼ ਦਿਸਦਾ ਹੈ, ਉਹ ਪਹਾੜ ਦੀ ਸਿਖ਼ਰ ਉਤੇ ਖੜੋ ਕੇ ਦਿਸਦੇ ਦ੍ਰਿਸ਼ ਨਾਲੋਂ ਚੰਗੇਰਾ ਹੈ'। ਮਨੁੱਖ ਰਚਨਾਤਮਕ ਘਾਲਣਾ ਨਾਲ ਆਪਣੇ ਆਪ ਨੂੰ ਜਵਾਨ ਰੱਖ ਸਕਦਾ ਹੈ। ਮਨੁੱਖ ਲਈ ਕਿਰਤ ਵੀ ਓਨੀ ਹੀ ਜ਼ਰੂਰੀ ਹੈ ਜਿੰਨਾ ਖਾਣਾ, ਪੀਣਾ। ਜਿਨ੍ਹਾਂ ਨੂੰ ਇਹ ਸਮਝ ਨਹੀਂ ਆਈ ਉਨ੍ਹਾਂ ਨੇ ਹਾਲੀ ਤਕ ਜੀਵਨ ਦਾ ਭੇਤ ਨਹੀਂ ਪਾਇਆ। ਰਚਨਾਤਮਕ ਕਿਰਤ ਕਰਨ ਵਾਲਾ ਮਨੁੱਖ ਹੀ ਅਸਲੀ ਅਰਥਾਂ ਵਿਚ ਖ਼ੁਸ਼ ਹੋ ਸਕਦਾ ਹੈ। ਤੁਹਾਡਾ ਕੰਮ ਭਾਵੇਂ ਕਲਾ ਜਾਂ ਵਿਗਿਆਨ ਜਾਂ ਜੀਵਨ ਨਾਲ ਸੰਬੰਧਿਤ ਹੋਵੇ, ਰਚਨਾਤਮਕ ਕਿਰਤ ਦੀ ਖ਼ੁਸ਼ੀ ਦੇ ਤੁਲ ਕੋਈ ਖ਼ੁਸ਼ੀ ਨਹੀਂ ਹੋ ਸਕਦੀ। ਇਕ ਕਿਸਾਨ ਜਿਹੜਾ ਕਣਕ ਦੀ ਚੰਗੀ ਫ਼ਸਲ ਪੈਦਾ ਕਰਦਾ ਹੈ ਉਹ ਰਚਨਾਤਮਕ ਮਨੁੱਖ ਹੈ। ਜਦੋਂ ਤੁਸੀਂ ਆਪਣੇ ਬਾਗ਼ ਵਿਚ ਗੁਲਾਬ ਜਾਂ ਅੰਗੂਰ ਪੈਦਾ ਕਰਦੇ ਹੋ, ਤੁਸੀਂ ਰਚਨਾਤਮਕ ਮਨੁੱਖ ਹੈ। ਜਦੋਂ ਤੁਸੀਂ ਨਵੇਂ ਤੱਥ ਲਭਦੇ ਹੋ ਜਾਂ ਕੋਈ ਨਵਾਂ ਬੂਟਾ ਜਾਂ ਜੀਵ, ਤਾਂ ਤੁਸੀਂ ਰਚਨਾ ਤੇ ਖੋਜ ਦੀ ਝਰਨਾਹਟ ਦੇ ਤਰੰਗ ਅਨੁਭਵ ਕਰਦੇ ਹੋ। ਬਨਸਪਤੀ ਜਾਂ ਜੀਵਾਂ ਦੇ ਹਿੱਸਿਆਂ ਨੂੰ ਵੇਖਦਿਆਂ ਜਾਂ ਖੁਰਦਬੀਨ ਵਿਚੋਂ ਅਜਿਹੇ ਸੂਖਮ-ਦਰਸ਼ੀ ਜੀਵਾਂ ਨੂੰ ਤਕਦਿਆਂ ਜਿਹੜੇ ਖ਼ੁਰਦਬੀਨ ਵਿਚ ਹੀ ਦਿਸ ਸਕਦੇ ਹਨ, ਨਵੀਂ ਬਣਤਰ ਦਾ ਲਭ ਪੈਣਾ ਇਕ ਰਚਨਾਤਮਕ ਅਨੁਭਵ ਹੈ। ਚਿਤਰ ਵਾਹੁਣਾ ਜਾਂ ਲਿਖਣਾ ਰਚਨਾਤਮਕ ਕਿਰਿਆ ਹੈ।
ਬੜੇ ਲੋਕਾਂ ਲਈ ਜ਼ਿੰਦਗੀ ਦਾ ਮੁੱਖ ਮਨੋਰਥ ਦੌਲਤ ਪੈਦਾ ਕਰਨਾ ਹੈ। ਇਹ ਵੀ ਅਹਿਮ ਹੈ, ਕਿਉਂਕਿ ਰਚਨਾਤਮਕ ਖੇਤੀ ਤੇ ਸਨਅਤ ਦੇਸ਼ ਦੀ ਖ਼ੁਸ਼ਹਾਲੀ ਦਾ ਆਧਾਰ ਹਨ। ਪਰ ਇਸ ਤੋਂ ਕਿਸੇ ਵਧ ਅਹਿਮ ਸੁੰਦਰਤਾ ਦੀ ਰਚਨਾ ਤੇ ਗਿਆਨ ਦੀ ਖੋਜ ਤੇ ਪੈਰਵੀ ਹੈ। ਪਹਿਲੀ ਵਿਚੋਂ ਸਾਨੂੰ ਕਲਾ ਲਭਦੀ ਹੈ, ਤੇ ਦੂਜੀ ਵਿਚੋਂ ਸਾਇੰਸ। ਕਲਾ ਹੋਵੇ ਜਾਂ ਸਾਇੰਸ ਹੋਵੇ, ਪਰ ਰਚਨਾਤਮਕ ਉਦਮ ਦਾ ਮੁਢਲਾ ਸੋਮਾਂ ਸਾਂਝਾ ਹੀ ਹੈ।
ਰਚਨਾਤਮਕ ਲੇਖਣੀ ਕਲਾਪੂਰਨ ਅਮਲ ਤੇ ਮਹਾਨ ਆਨੰਦ ਦਾ ਸਾਧਨ ਹੈ। ਮੈਨੂੰ ਜ਼ਿੰਦਗੀ ਵਿਚ ਹੁਣ ਤਕ ਸਭ ਤੋਂ ਵੱਧ ਖ਼ੁਸ਼ੀ ਕਾਂਗੜਾ ਸ਼ੈਲੀ ਦੀ ਲਘੂ-ਕ੍ਰਿਤ (Miniature) ਚਿਤਰ-ਕਲਾ ਦੇ ਅਧਿਅਨ ਤੋਂ ਮਿਲੀ ਹੈ। ਇਸ ਕਲਾ ਉਤੇ ਪਹਿਲੀ ਝਾਤੀ ਤੁਹਾਨੂੰ ਇਕ ਸੁਖਾਵਾਂ ਅਹਿਸਾਸ ਦੇਂਦੀ ਹੈ, ਪਰ ਇਹ ਤੁਹਾਨੂੰ ਕੋਈ ਬਹੁਤ ਦੂਰ ਨਹੀਂ ਲਿਜਾਂਦੀ।ਪਰ ਜਿਉਂ ਜਿਉਂ ਤੁਸੀਂ ਇਸ ਵਿਚ ਡੂੰਘੇ ਖੁਭਦੇ ਹੋ, ਤੇ ਇਸ ਕਲਾ ਨੂੰ ਇਹਦੇ ਭੌਤਿਕ ਤੇ ਅਧਿਆਤਮਕ ਵਾਤਾਵਰਨ ਦੇ ਪਿਛੋਕੜ ਵਿਚ ਸਮਝਣ ਦੀ ਕੋਸ਼ਿਸ਼ ਕਰਦੇ ਹੋ, ਤਾਂ ਛੇਤੀ ਤੁਹਾਨੂੰ ਇਕ ਰੂਪ- ਬਣਤਰ ਲੱਭ ਪੈਂਦੀ ਹੈ। ਇਨ੍ਹਾਂ ਚਿਤਰਾਂ ਦੇ ਵਿਸ਼ੇ ਤੇ ਜਿਹੜੀਆਂ ਅਧਿਆਤਮਕ ਪ੍ਰੇਰਨਾਵਾਂ ਨੇ ਇਨ੍ਹਾਂ ਦੇ ਚਿਤਰਕਾਰਾਂ ਨੂੰ ਟੁੰਬਿਆ, ਇਨ੍ਹਾਂ ਦੋਵਾਂ ਦਾ ਗਿਆਨ ਤੁਹਾਨੂੰ ਇਕ ਨਵੀਂ ਸੋਝੀ ਦੇਂਦਾ ਹੈ। ਇਹ ਚਿਤਰ ਵਿਸ਼ੇਸ਼ ਵੰਨਗੀਆਂ ਵਿਚ ਆਪੇ ਵੰਡੇ ਜਾਣ ਲੱਗ ਪੈਂਦੇ ਹਨ।
ਕਲਾ ਬਾਰੇ ਕਿਤਾਬ ਲਿਖਣ ਲਈ ਪਹਿਲਾ ਕਦਮ ਓਦੋਂ ਪੁਟਿਆ ਜਾਂਦਾ ਹੈ ਜਦੋਂ ਵਖ ਵਖ ਕਾਂਡਾਂ ਦੇ ਸਿਰਲੇਖ ਲਭ ਪੈਂਦੇ ਹਨ। ਕਿਉਂਕਿ ਇਹ ਲੇਖਣੀ ਚਿਤਰਾਂ ਬਾਰੇ ਹੁੰਦੀ ਹੈ, ਸੋ ਲੇਖਕ ਉਨ੍ਹਾਂ ਦੇ ਵਿਸ਼ਿਆਂ ਦੀ ਚੋਣ ਕਰਦਾ ਹੈ। ਫੇਰ ਇਕ ਸਾਫ਼ ਖ਼ਾਕਾ ਦਿਸਣ ਲਗ ਪੈਂਦਾ ਹੈ ਤੇ ਓਹ ਲਿਖਣ ਵਿਚ ਰੁਝ ਜਾਂਦਾ ਹੈ। ਜਿਉਂ ਜਿਉਂ ਉਹ ਇਸ ਬਾਰੇ ਸੋਚਦਾ ਰਹਿੰਦਾ ਹੈ, ਮੁਢ ਵਿਚ ਜਿਹੜੇ ਖ਼ਿਆਲ ਧੁੰਦਲੇ ਸਨ, ਉਹ ਸਾਫ਼ ਹੁੰਦੇ ਜਾਂਦੇ ਹਨ। ਜਦੋਂ ਮੈਂ ਇਕੱਲਾ ਹੁੰਦਾ ਹਾਂ, ਖ਼ਾਸ ਕਰਕੇ ਖੇਤਾਂ ਵਿਚ ਸੈਰ ਕਰਦਿਆਂ ਮੇਰੇ ਮਨ ਵਿਚ ਬੜੇ ਦਿਲਚਸਪ ਖ਼ਿਆਲ ਫੁਰਦੇ ਹਨ ਤੇ ਇਹ ਅਮਲ ਕਈ ਵਾਰੀ ਰਾਤ ਤਕ ਜਾਰੀ ਰਹਿੰਦਾ ਹੈ ਕਿਉਂਕਿ ਅਚੇਤ ਮਨ ਟੁੰਬਿਆ ਜਾਂਦਾ ਹੈ, ਤੇ ਇਹ ਓਦੋਂ ਵੀ ਸਰਗਰਮ ਰਹਿੰਦਾ ਹੈ ਜਦੋਂ ਮੈਂ ਸੌਂ ਜਾਂਦਾ ਹਾਂ। ਅਗਲੀ ਸਵੇਰੇ ਕਈ ਸੁਝਾਓ, ਕਈ ਨਵੇਂ ਵਾਕੰਸ਼, ਕਈ ਨਵੇਂ ਵਾਕ ਤੇ ਨਵੀਂ ਸੂਝ ਆਪ-ਮੁਹਾਰੇ ਆ ਜਾਂਦੀ ਹੈ ਙ ਵਾਕ ਕਿਵੇਂ ਪੈਰੇ ਬਣਦੇ ਹਨ, ਤੇ ਪੈਰੇ ਅਗੋਂ ਕਾਂਡ ...... ਆਪਣੇ ਆਪ ਵਿਚ ਇਕ ਬੜਾ ਦਿਲਚਸਪ ਅਮਲ ਹੈ, ਤੇ ਇਕ ਅਜਿਹੀ ਕਿਰਿਆ ਹੈ ਜਿਸ ਤੋਂ ਬੜੀ ਡੂੰਘੀ ਤਸੱਲੀ ਮਿਲਦੀ ਹੈ। ਸਾਮਿਗਰੀ ਦਾ ਇਕ ਅਰੂਪ ਸਮੂਹ ਕਿਤਾਬ ਦੀ ਸ਼ਕਲ ਵਿਚ ਰੂਪਵਾਨ ਹੁੰਦਾ ਹੈ। ਚਿਤਰ ਕਾਂਡਾਂ ਵਿਚ ਵੰਡੇ ਜਾਂਦੇ ਹਨ। ਫੇਰ ਚੋਣ ਹੁੰਦੀ ਹੈ ਕਿ ਇਨ੍ਹਾਂ ਵਿਚੋਂ ਸਰਵਰਕ ਉਤੇ ਕਿਹੜਾ ਚਿਤਰ ਜਾਏ ਤੇ ਕਿਹੜੇ ਕਿਹੜੇ ਕਿਸ ਕਿਸ ਕਾਂਡ ਵਿਚ। ਅਖ਼ੀਰ ਕਿਤਾਬ ਤੇ ਅੰਦਰਲੀ ਵਸਤ ਤੇ ਉਹਦਾ ਅੰਤਮ ਰੂਪ ਨਿਖਰ ਜਾਂਦਾ ਹੈ ......ਤੇ ਇਹ ਸਭ ਮੈਨੂੰ ਮਹਾਨ ਆਨੰਦ ਦੇਂਦਾ ਹੈ। ਇਹ ਬੁਤਕਾਰੀ ਦੀ ਕਲਾ ਨਾਲ ਬਹੁਤ ਮਿਲਦਾ ਹੈ। ਬੁਤਕਾਰ ਮਿੱਟੀ ਦਾ ਢੇਲਾ ਲੈਂਦਾ ਹੈ, ਉਹਦੀ ਇਕ ਅਣਘੜ ਜਿਹੀ ਸ਼ਕਲ ਡੌਲਦਾ ਹੈ, ਤੇ ਫੇਰ ਉਹਨੂੰ ਓਦੋਂ ਤਕ ਕਟਦਾ ਤਰਾਸਦਾ ਰਹਿੰਦਾ ਹੈ ਜਦੋਂ ਤਕ ਉਸ ਵਿਚੋਂ ਲੋੜੀਂਦੀ ਨੁਹਾਰ ਨਹੀਂ ਨਿਕਲ ਆਉਂਦੀ। ਏਸੇ ਤਰ੍ਹਾਂ ਹੀ ਲਿਖਣ ਦੀ ਕਲਾ ਹੈ।
ਇਹ ਸਭ ਤਾਂ ਹੀ ਸੰਭਵ ਹੈ ਜੇ ਅਜਿਹੇ ਅਮਲ ਦੇ ਪਿਛੇ ਵੰਨ ਸੁਵੰਨਾ ਤਜਰਬਾ ਹੋਵੇ। ਬਹੁਤ ਸਾਰੀ ਪੜ੍ਹਾਈ ਕਰਨੀ ਪੈਂਦੀ ਹੈ, ਤਾਂ ਜੋ ਜਿਥੇ ਜਿਥੇ ਵੀ ਇਸ ਵਿਸ਼ੇ ਤੇ ਕੁਝ ਲਿਖਿਆ ਹੈ, ਉਹਦਾ ਪਤਾ ਲਗ ਸਕੇ। ਅਜਿਹੇ ਸੋਮਿਆ ਤੋਂ ਮਿਲੀ ਸਾਮਿਗਰੀ ਵਿਚੋਂ ਵੀ ਕਈ ਵਾਰ ਨਵੇਂ ਜੋੜ ਨਿਖਰ ਆਉਂਦੇ ਤੇ ਨਵੇਂ ਵਿਸ਼ੇ ਉਭਰ ਆਉਂਦੇ ਹਨ। ਇਹ ਇਕ ਅਜਿਹਾ ਕੰਮ ਹੈ ਜਿਸ ਨੂੰ ਸ਼ੁਰੂ ਕਰਨ ਦਾ ਮੈਂ ਪੰਝੀ ਵਰ੍ਹਿਆਂ ਦੀ ਉਮਰ ਵਿਚ ਸੁਫ਼ਨਾ ਵੀ ਨਹੀਂ ਸਾਂ ਲੈ ਸਕਦਾ। ਏਨੇ ਵਰ੍ਹਿਆਂ ਵਿਚ ਨਿਰੀਖਣ, ਅਧਿਐਨ ਤੇ ਯਾਤਰਾ ਨਾਲ ਜਿਹੜਾ ਅਨੁਭਵ ਪ੍ਰਾਪਤ ਹੁੰਦਾ ਹੈ, ਉਹ ਕੋਈ ਸੌਖੀ ਤਰ੍ਹਾਂ ਮਿਲੀ ਵਸਤ ਨਹੀਂ, ਉਹ ਸਿਰਫ਼ ਏਨੇ ਵਰ੍ਹਿਆਂ ਦੇ ਮਨੋਰਥ-ਪੂਰਨ ਅਧਿਐਨ ਤੇ ਨਿਰੀਖਣ ਦੀ ਹੀ ਪ੍ਰਾਪਤੀ ਹੈ।
ਜਦੋਂ ਆਦਮੀ ਇਨ੍ਹਾਂ ਸਾਰੇ ਪੱਖਾਂ ਬਾਰੇ ਵਿਚਾਰ ਕਰ ਲੈਂਦਾ ਹੈ, ਤਾਂ ਫਿਰ, ਮੈਨੂੰ ਯਕੀਨ ਹੈ, ਕਿ ਉਹਦੇ ਮਨ ਵਿਚ ‘ਜੇ ਮੈਂ ਮੁੜ ਜਵਾਨ ਹੋਵਾਂ’ ਦੀ ਹਿਰਸ ਨਹੀਂ ਰਹਿੰਦੀ, ਕਿਉਂਕਿ ਇਹਦੇ ਅਰਥ ਤਾਂ ਇਹੀ ਹੋਣਗੇ ਕਿ ਜੋ ਐਨੇ ਵਰ੍ਹਿਆਂ ਦੀ ਘਾਲਣਾ ਤੇ ਅਧਿਐਨ ਪਿਛੋਂ ਤੁਸੀਂ ਜਾਣਿਆ ਹੈ, ਉਸ ਨੂੰ ਅਣਜਾਣਿਆ ਕੀਤਾ ਜਾਏ, ਯਕੀਨਨ, ਮੈਂ ਮੁੜ ਪੰਝੀਆਂ ਵਰ੍ਹਿਆਂ ਦਾ ਨਹੀਂ ਹੋਣਾ ਚਾਹਾਂਗਾ......ਉਹ ਕਾਹਲੇ ਜੋਸ਼, ਕੱਚੇਪਣ ਤੇ ਜਲਦਬਾਜ਼ੀ ਦੀ ਉਮਰ ਹੁੰਦੀ ਹੈ ਤੇ ਓਦੋਂ ਵਿਵੇਕ ਬੁਧੀ ਤੇ ਨਿਰਣੇ ਦੀ ਸੂਝ ਘਟੀਆ ਹੁੰਦੀ ਹੈ।
ਲੋਕੀਂ ਆਪਣੀਆਂ ਗ਼ਲਤੀਆਂ ਨੂੰ ਤਜਰਬੇ ਦਾ ਨਾਂ ਦੇਂਦੇ ਹਨ।ਆਪਣੀ ਜਵਾਨੀ ਵਿਚ ਮੈਂ ਕਈ ਗ਼ਲਤੀਆਂ ਕੀਤੀਆਂ ਹੋਣਗੀਆਂ, ਤੇ ਹੁਣ ਨਾ ਮੇਰੇ ਵਿਚ ਅਜਿਹਾ ਇਰਾਦਾ ਹੈ ਤੇ ਨਾ ਹੀ ਅਜਿਹੀ ਤਾਂਘ ਕਿ ਇਹ ਅਮਲ ਫੇਰ ਮੁਢੋਂ ਸੁਢੋਂ ਸ਼ੁਰੂ ਕੀਤਾ ਜਾਏ।
('ਪੱਤੇ ਪੱਤੇ ਗੋਬਿੰਦ ਬੈਠਾ' ਵਿੱਚੋਂ)