Jeebh-Katti Chiri : Chini Lok Kahani
ਜੀਭ-ਕੱਟੀ ਚਿੜੀ : ਜਾਪਾਨੀ ਲੋਕ ਕਹਾਣੀ
ਇਕ ਵਾਰ ਦੀ ਗਲ ਹੈ ਕਿ ਇਕ ਥਾਂ ਇਕ ਬੁੱਢਾ ਮਰਦ ਤੇ ਉਸਦੀ ਤੀਵੀਂ ਰਹਿੰਦੇ ਸਨ। ਬੁੱਢਾ ਚੰਗੇ ਸਭਾ ਵਾਲਾ ਤੇ ਮਿਹਨਤੀ ਸੀ। ਪਰ ਉਸਦੀ ਪਤਨੀ ਜਿਨਾ ਹੋ ਸਕੇ ਘਟ ਕੰਮ ਕਰਦੀ ਅਤੇ ਸਦਾ ਹੀ ਟੇਢੀ ਬੁੜਬੜਾਂਦੀ ਤੇ ਲਾਲ ਪੀਲੀ ਹੋਈ ਰਹਿੰਦੀ। ਸਮਾਂ ਪੈਣ ਤੇ ਬੁਢਾ ਉਸਦੀਆਂ ਆਦਤਾਂ ਦਾ ਐਨਾਂ ਜਾਣੂ ਹੋ ਗਿਆ ਕਿ ਉਹ ਉਹਨਾਂ ਦਾ ਖਿਆਲ ਹੀ ਨਾ ਕਰਦਾ ।
ਦਿਨ ਨੂੰ ਉਹ ਖੇਤਾਂ ਵਿਚ ਕੰਮ ਕਰਦਾ ਅਤੇ ਉਸਦੇ ਕੋਈ ਬੱਚਾ ਨਹੀਂ ਸੀ। ਸੋ ਉਸਦੀ ਇਕ ਨਿਕੀ ਚਿੱੜੀ ਰਖੀ ਹੋਈ ਸੀ ਤਾਂ ਜੋ ਆਥਣ ਦਾ ਸਮਾਂ ਸੌਖਾ ਲੰਘ ਸਕੇ । ਓਹ ਚਿੜੀ ਨਾਲ ਗਲਾਂ ਕਰਨੀਆਂ ਅਤੇ ਉਸ ਨੂੰ ਅਜੀਬ ਖੇਡਾਂ ਖੜਾਨਾ ਪਸੰਦ ਕਰਦਾ ਸੀ, ਜਿਨਾਂ ਨੂੰ ਉਹ ਬੜੀ ਛੇਤੀ ਸਿਖ ਲੈਂਦੀ ਸੀ। ਉਹ ਉਸਨੂੰ ਕਮਰੇ ਵਿਚ ਉਡਣ ਲਈ ਪਿੰਜਰੇ ਵਿਚੋਂ ਬਾਹਰ ਆਮ ਛਡ ਦਿੰਦਾ ਸੀ। ਉਹ ਅਤੇ ਪੰਛੀ ਬਹੁਤ ਚੰਗੇ ਮਿਤ੍ਰ ਸਨ ।
ਇਕ ਦਿਨ ਜਦ ਉਹ ਬੁਢਾ ਬਾਹਰ ਸੀ। ਓਸਦੀ ਪਤਨੀ ਕਪੜੇ ਧੋਣ ਲਗੀ । ਇਸ ਲਈ ਉਸਨੇ ਕੁਝ ਲੇਵੀ (ਮਾਵਾ) ਬਣਾ ਕੇ ਰਖੀ ਹੋਈ ਸੀ, ਪਰ ਜਦ ਲੋੜ ਸਮੇਂ ਤਕਿਆ ਤਾਂ ਉਹ ਸਭ ਖਤਮ ਸੀ। ਏਸ ਸਮੇਂ ਨਿਕੀ ਚਿੜੀ ਉਡਕੇ ਥਲੇ ਆਈ। ਬੁਢੀ ਨੇ ਤਕਿਆ ਕਿ ਉਸਦੀ ਚੁੰਝ ਨਾਲ ਕੁਝ ਲੇਵੀ ਲੱਗੀ ਹੋਈ ਸੀ । ਪੰਛੀ ਇਹ ਕਹਿਣ ਦਾ ਯਤਨ ਕਰਦਾ ਜਾਪਦਾ ਸੀ, ਕਿ ਲੇਵੀ ਉਸਨੇ ਗਲਤੀ ਨਾਲ ਖਾ ਲਈ ਹੈ, ਜਿਸ ਲਈ ਉਸਨੂੰ ਅਫਸੋਸ ਹੈ ਕਿਉਂਕਿ ਉਹ ਥੱਲੇ ਨਿਉਂ ਰਿਹਾ ਸੀ, ਅਤੇ ਆਪਣੇ ਫੰਗਾਂ ਨੂੰ ਮਿੱਟੀ ਨਾਲ ਖੜਕਾ ਰਿਹਾ ਸੀ।
ਪਰ ਉਹ ਚੰਦਰੀ ਬੁੱਢੀ ਜਿਹੜੀ ਚਿੜੀ ਨੂੰ ਇਸ ਲਈ ਘਿਰਣਾ ਕਰਦੀ ਸੀ ਕਿਉਂਕਿ ਉਸਦਾ ਪਤੀ ਉਸਨੂੰ ਚਾਹੁੰਦਾ ਸੀ। ਉਹ ਪੰਛੀ ਨੂੰ ਨੁਕਸਾਨ ਪੁਚਾਣ ਲਈ ਇਕ ਬਹਾਨਾ ਲਭ ਕੇ ਬੜੀ ਪ੍ਰਸੰਨ ਹੋਈ ਉਸਨੇ ਉਸਦੀ ਪਿਠ ਉਪਰ ਮਾਰਨ ਲਈ ਅਪਣਾ ਹਥ ਚੁਕਿਆ ਓਸਨੂੰ ਝਪਟ ਕੇ ਫੜਿਆ ਅਤੇ ਝਿੜਕਿਆ ਏਨੇ ਨਾਲ ਉਸਦੀ ਤਸਲੀ ਨ ਹੋਈ ਉਸਨੇ ਅਪਣੀ ਕੈਂਚੀ ਲਈ ਅਤੇ ਕ੍ਰੋਧ ਦੇ ਦੌਰੇ ਵਿਚ ਉਸਦੀ ਜੀਭ ਕੱਟ ਸੁੱਟੀ ।
ਤੂੰ ਮੇਰੀ ਲੇਵੀ ਇਸੇ ਜੀਭ ਨਾਲ ਖਾਧੀ । ਉਹ ਗੁਸੇ ਵਿਚ ਬੋਲੀ ਏਸੇ ਲਈ ਮੈਂ ਇਸ ਨੂੰ ਕਟ ਦਿਤਾ ਹੈ। ਹੁਣ ਦੂਰ ਹੋ ਤੇ ਫੇਰ ਏਥੇ ਨ ਆਵੀਂ ?
ਚਿੜੀ ਘਰ ਵਿਚੋਂ ਉਡ ਗਈ- ਦੂਰ ਖੇਤਾਂ ਵਲ ਤੇ ਕਦੇ ਨ ਪਰਤੀ ? ਬੁਢੀ ਧੋਂਦੀ ਤੇ ਬੁੜ ਬੜਾਂਦੀ ਰਹੀ-ਬਸ ਧੋਣਾ, ਬੁੜ ਬੜਾਨਾ ।
ਜਦ ਬੁਢਾ ਘਰ ਆਇਆ ਤਾਂ ਉਸਨੂੰ ਚਿੜੀ ਨਾ ਲਭੀ। ਉਸ ਦੀ ਪਤਨੀ ਇਸ ਬਿਨਾਂ ਕੁਝ ਨ ਕਹਿੰਦੀ ਕਿ ਇਸ ਵਿਚ ਕੋਈ ਸ਼ਕ ਨਹੀਂ ਚਿੜੀ ਉਡ ਗਈ ਹੈ ਅਤੇ ਪੰਛੀ ਚੀਜ਼ ਹੀ ਉਡ ਜਾਣ ਵਾਲੀ ਕਿਸਮ ਦੀ ਹੈ। ਤੁਸੀਂ ਹੋਰ ਕੀ ਉਮੈਦ ਰਖਦੇ ਸੀ ? ਉਸ ਨੇ ਪੁਛਿਆ, ਅਤੇ ਫੇਰ ਇਕ ਪੰਛੀ ਪਿਛੇ ਕਿਓਂ ਪਏ ਹੋਏ ਹੋ ?
ਬੁਢੇ ਨੂੰ ਨਿਸਚਾ ਹੋ ਗਿਆ ਕਿ ਉਸ ਦੀ ਪਤਣੀ ਸਚ ਨਹੀਂ ਬੋਲ ਰਹੀ ਸੋ ਉਸਨੇ ਓਸਨੂੰ ਓਦੋਂ ਤਕ ਅਰਾਮ ਨ ਕਰਨ ਦਿਤਾ ਜਦ ਤਕ ਓਸਨੇ ਸੱਚੋ ਸੱਚ ਨਾ ਦਸ ਦਿਤਾ ਕਿ ਓਸ ਨੇ ਕੀ ਕੀਤਾ ਹੈ ਫਿਰ ਓਸ ਨੇ ਬੁਢੇ ਨੂੰ ਕੱਟੀ ਹੋਈ ਜੀਭ ਦਖਾਈ, ਓਹ ਇਹ ਪਈ ਹੈ । ਓਸ ਨੇ ਕਿਹਾ-‘ਮੇਰੀ ਖਾਧੀ ਲੇਵੀ ਦੇ ਬਦਲੇ ਓਸ ਸ਼ੁਹਦੀ ਨੂੰ ਠੀਕ ਹੀ ਤਾਂ ਸਜ਼ਾ ਮਿਲੀ ।
ਬੁਢੇ ਨੇ ਅਪਣੀ ਪਤਨੀ ਨੂੰ ਦਸਿਆ ਕਿ ਓਸਨੇ ਬਹੁਤ ਭੈੜਾ ਬਰਤਾ ਕੀਤਾ ਹੈ ਅਤੇ ਓਸਨੂੰ ਨਿਕੇ ਜਿਹੇ ਪੰਛੀ ਨਾਲ ਹੋਏ ਅਤਿਆਚਾਰ ਦਾ ਬੜਾ ਦੁਖ ਹੈ ।
ਦੂਜੇ ਦਿਨ ਬੁਢੇ ਨੇ ਚਿੜੀ ਦੇ ਲੱਭਣ ਲਈ ਅਪਣਾ ਪੱਕਾ ਇਰਾਦਾ ਬਣਾ ਲਿਆ ! ਓਸਨੇ ਜੰਗਲਾਂ ਅਤੇ ਪਹਾੜਾਂ ਵਿਚ ਦੀ ਓਸਨੂੰ ਲਭਣਾ ਅਰੰਭ ਦਿਤਾ।ਓਹ ਹਰ ਬਾਂਸਾ ਦੀ ਝਿੜੀ ਕੋਲ ਖੜੋਂਦਾ ਅਤੇ ਅਪਣੇ ਰਾਖਵੇਂ ਪੰਛੀ ਨੂੰ ਬੁਲਾਂਦਾ । ਆਖਰ ਜਦ ਓਸਨੇ ਤਕਰੀਬਨ ਸਭ ਆਸ ਛਡ ਦਿਤੀ ਸੀ - ਆਪਣੇ ਸਾਹਮਣੇ ਧਰਤੀ ਉਪਰ ਉਸਨੇ ਇਕ ਨਿਕੀ ਜਿਹੀ ਚਿੜੀ ਨੂੰ ਨਿਉਂਦਿਆਂ ਤਕਿਆ ਜੋ ਆਪਣੇ ਖੰਭਾਂ ਨੂੰ ਕਦੇ ਖੋਲਦੀ ਤੇ ਕਦੇ ਬੰਦ ਕਰਦੀ ਸੀ ਅਤੇ ਇਕ ਕਰਤਵ ਪਿਛੋਂ ਹੋਰ ਕਰਕੇ ਦਖਾਉਂਦੀ ਸੀ। ਇਸ ਤੋਂ ਬਿਨਾਂ ਇਕ ਹੋਰ ਅਸਚਰਜ ਗਲ- ਉਸ ਦੇ ਹੁਣ ਨਵੀਂ ਜੀਭ ਸੀ । ਜਿਸ ਨਾਲ ਉਹ ਚੰਗੀ ਜਾਪਾਨੀ ਬੋਲ ਸਕਦੀ ਸੀ ਅਤੇ ਬੁਢੇ ਦੇ ਕੀਤੇ ਹੋਏ ਪ੍ਰਸ਼ਨਾਂ ਦਾ ਉਤਰ ਦਿੰਦੀ ਸੀ।
ਹੁਣ ਬੁਢਾ ਸਭ ਦੁਖ ਤਕਲੀਫਾਂ ਅਤੇ ਅਤ ਦਾ ਥਕੇਵਾਂ ਭੁੱਲ ਗਿਆ ਅਤੇ ਇਹ ਜਾਣ ਕੇ ਉਸਦੀ ਖ਼ੁਸ਼ੀ ਦੀ ਕੋਈ ਹਦ ਨ ਰਹੀ ਕਿ ਉਸਦਾ ‘ਰਾਖਵਾਂ ਪੰਛੀ’ ਕੋਈ ਸਾਧਾਰਨ ਨਹੀਂ ਸਗੋਂ ‘ਪਰੀ ਚਿੜੀ' ਹੈ- ਅਤੇ ਇਸ ਤੋਂ ਵੀ ਵਧ ਕਿ ਚਿੜੀ ਆਪਣੇ ਦੁਖ ਨਾ ਤਕਦੀ ਹੋਈ ਉਸ ਦੇ ਸੁਖ ਲਈ ਉਸ ਦੇ ਘਰ ਰਹੀ ਸੀ।
ਚਿੜੀ ਨੇ ਉਸ ਨੂੰ ਦਸਿਆ ਕਿ ਇਹ ਜਾਣਕੇ ਕਿ ਉਹ ਆਵੇਗਾ ਉਹ ਉਸ ਨੂੰ ਉਡੀਕਦੀ ਰਹੀ ਸੀ ਅਤੇ ਉਸ ਨੂੰ ਆਪਣੇ ਘਰ ਤਕਣ ਲਈ ਬੁਢੇ ਨੂੰ ਕਿਹਾ । ਇਹ ਘਰ ਬਾਂਸਾਂ ਦੀ ਝਿੜੀ ਦੇ ਵਿਚਕਾਰ ਸੀ । ਘਰ ਦਾ ਸੁਹਪਣ ਤਕਕੇ ਬੁਢਾ ਅਸਚਰਜ ਰਹਿ ਗਿਆ, ਇਹ ਸਭ ਤੋਂ ਚਿਟੀ ਲਕੜ ਦਾ ਬਨਾਇਆ ਹੋਇਆ ਸੀ ਅਤੇ ਅੰਦਰ ਫਰਸ਼ ਬਹੁਤ ਹੀ ਕੋਮਲ ਤੇ ਪੋਲੀਆਂ ਰੰਗ ਬਰੰਗੀਆਂ ਦਰੀਆਂ ਨਾਲ ਢਕੀ ਹੋਈ ਸੀ ਅਤੇ ਜਿਸ ਗਦੈਲੇ 'ਤੇ ਉਹ ਬੈਠਾ ਇਹ ਬਹੁਤ ਵਧੀਆ ਰੇਸ਼ਮੀ ਸੀ।
ਜਦ ਉਹ ਅਜੇ ਬੈਠਾ ਕਮਰੇ ਅਤੇ ਉਸ ਵਿਚਲੀਆਂ ਕਿੰਨੀਆਂ ਹੀ ਚੀਜ਼ਾਂ ਦੀ ਸਲਾਹੁਤਾ ਹੀ ਕਰ ਰਿਹਾ ਸੀ ਪਰੀ ਚਿੜੀ, ਜਿਹੜੀ ਬਾਹਰ ਗਈ ਹੋਈ ਸੀ ਪਰਤ ਆਈ - ਅਤੇ ਸਭ ਤੋਂ ਵੱਡੀ ਅਸਚਰਜਤਾ ਵਾਲੀ ਗਲ ਜੋ ਉਸ ਨੇ ਤੱਕੀ ਕਿ ਉਹ ਹੁਣ ਇਕ ਪੰਛੀ ਨਹੀਂ ਸੀ ਸਗੋਂ ਸ਼ਾਨਦਾਰ ਕਪੜਿਆਂ ਵਿਚ ਇਕ ਸੁਹਣੀ ਪਰੀ ਇਸਤ੍ਰੀ ਦੇ ਰੂਪ ਵਿਚ ਸੀ। ਉਸਦੇ ਨਾਲ ਥਾਲਾਂ ਵਿਚ ਚਾਹ ਅਤੇ ਬਿਸਕੁਟ ਰਖੀ ਉਸਦੀਆਂ ਲੜਕੀਆਂ ਆਈਆਂ। ਉਹਨਾਂ ਨੇ ਬੁਢੇ ਦੀ ਬਹੁਤ ਸੇਵਾ ਕੀਤੀ ਅਤੇ ਇਓਂ ਗਲਾਂ ਕਰਦੀਆਂ ਸਨ ਜਿਵੇਂ ਓਹ ਓਸਨੂੰ ਅਪਨੇ ਜੀਵਨ ਦੇ ਮੁਢ ਤੋਂ ਹੀ ਜਾਣਦੀਆਂ ਹਨ ਅਤੇ ਇਸ ਗਲ ਵਿਚ ਕੁਝ ਵੀ ਅਜੀਬ ਨਹੀਂ ਕਿ ਬੁਢਾ ਰਾਣੀਆਂ ਜਿਹੀਆਂ ਪਰੀਆਂ ਨਾਲ ਬੈਠਾ ਅਤੇ ਚਾਹ ਪੀ ਰਿਹਾ ਸੀ। ਬੁਢਾ ਅਪਣੇ ਆਪ ਉਤੇ ਇਸ ਗਲ ਦਾ ਨਿਸਚਾ ਕਰਨ ਲਈ ਜ਼ੋਰ ਦੇ ਰਿਹਾ ਸੀ ਕਿ ਕਦੇ ਉਹ ਸੁਪਣਾ ਤਾਂ ਨਹੀਂ ਤਕ ਰਿਹਾ ਓਸਨੇ ਐਨਾਂ ਆਨੰਦ ਕਦੇ ਵੀ ਨਹੀਂ ਮਨਾਇਆ ਸੀ।
ਆਖਰ ਜਾਣ ਦਾ ਵੇਲਾ ਹੋ ਗਿਆ, ਪਰ ਜਾਣ ਤੋਂ ਪਹਿਲਾਂ ਪਰੀ-ਚਿੜੀ –ਜਿਵੇਂ ਓਹ ਉਸਨੂੰ ਕਹਿੰਦਾ ਸੀ – ਨੇ ਓਸਤੋਂ ਇਕਰਾਰ ਲਿਆ ਕਿ ਓਹ ਉਸਨੂੰ ਸਮੇਂ ਸਮੇਂ ਸਿਰ ਆਕੇ ਮਿਲਦਾ ਰਹੇਗਾ। ਫੇਰ ਓਸਨੇ ਅਪਣੇ ਨੌਕਰਾਂ ਨੂੰ ਦੋ ਡੱਬੇ ਲਿਆਉਣ ਲਈ ਕਿਹਾ - ਇਕ ਵੱਡਾ ਅਤੇ ਦੂਜਾ ਛੋਟਾ ਅਤੇ ਬੁਢੇ ਨੂੰ ਓਹਨਾਂ ਵਿਚੋਂ ਇਕ ਅਪਣੀ ਪਸੰਦ ਦਾ ਚੁਨਣ ਲਈ ਕਿਹਾ। ਉਸਨੇ ਛੋਟਾ ਚੁਣਿਆ ਕਿਉਂਕਿ ਉਸਨੇ ਵਡੇ ਨੂੰ ਅਪਣੇ ਚਕਣ ਤੋਂ ਭਾਰਾ ਸਮਝਿਆ।
ਜਦ ਬੁਢਾ ਘਰ ਪਰਤਿਆ ਤਾਂ ਓਸ ਨੇ ਅਪਣੀ ਪਤਨੀ ਨੂੰ ਸਧਾਰਨ ਨਾਲੋਂ ਵਧ ਟੇਡੀ ਤੇ ਬੁੜ ਬੜਾਂਦੀ ਤਕਿਆ – ਬਸ ਬੁੜ-ਬੜਾਈ ਜਾਣਾ। ਉਸਨੂੰ ਖੁਸ਼ੀ ਦੀ ਰੌ ਵਿਚ ਲਿਆਉਣ ਲਈ ਬੁਢੇ ਨੇ ਅਪਣਾ ਡੱਬਾ ਦਖਾਇਆ ਤੇ ਦਸਿਆ ਕਿ ਇਹ ਉਸਨੂੰ ਕਿਵੇਂ ਲਭਾ ਹੈ।
'ਆ, ਹੁਣ ਆਪਾਂ ਇਸ ਨੂੰ ਖੋਹਲ ਕੇ ਤਕੀਏ ਕਿ ਇਸ ਵਿਚ ਕੀ ਹੈ’। ਬੁਢੇ ਨੇ ਉਸ ਦੇ ਬੁੜ ਬੜਾਣ ਤੋਂ ਬਚਣ ਲਈ ਕਿਹਾ । ਉਹਨਾਂ ਦੀ ਅਸਚਰਜਤਾ ਦੀ ਹਦ ਨ ਰਹੀ ਜਦ ਉਹਨਾਂ ਨੇ ਡੱਬੇ ਨੂੰ ਸੋਨੇ ਚਾਂਦੀ ਨਾਲ ਭਰਿਆ ਤਕਿਆ । ਉਹ ਬੜੇ ਪ੍ਰਸੰਨ ਸਨ ਬੁਢਾ ਪਰੀ – ਚਿੜੀ ਨੂੰ ਅਸੀਸਾਂ ਦਿੰਦਾ ਨਹੀਂ ਥਕਦਾ ਸੀ।
ਪਰ ਬੁਢੀ ਨੂੰ ਬੁੜ-ਬੜਾਨ ਦਾ ਬਹਾਨਾ ਲੱਭਣ ਲਈ ਚਿਰ ਨ ਲਗਾ-
'ਤੁਸਾਂ ਵੱਡਾ ਡੱਬਾ ਕਿਓਂ ਨ ਲਿਆਂਦਾ ? ਤੁਸੀਂ ਐਡੇ ਮੂਰਖ ਕਿਵੇਂ ਬਣ ਗਏ ? ਐਡਾ ਵਡਾ ਕਮ-ਅਕਲ ਕਦੇ ਨਹੀਂ ਤਕਿਆ''?
ਓਹ ਬੁੜਬੜਾਂਦੀ ਰਹੀ, ਓਹ ਬੁੜ-ਬੜਾਂਦੀ ਰਹੀ ਓਹ ਬੁੜ-ਝੜਾਂਦੀ ਰਹੀ ਜਦ ਤਕ ਰਾਤ ਨਾ ਪੈ ਗਈ ਤੇ ਓਹ ਸੌਂ ਨਾ ਗਏ । ਦੂਜੇ ਦਿਨ ਸਵੇਰੇ ਹੀ ਵਡੇ ਡੱਬੇ ਲਈ ਜਾਣ ਲਈ ਓਸ ਨੇ ਅਪਣਾ ਇਰਾਦਾ ਬਣਾ ਲਿਆ । ਪਰ ਚਿੜੀ ਨੂੰ ਇਸ ਲਈ ਕਹਿਣ ਲਈ ਓਸ ਨੂੰ ਰੱਤੀ ਵੀ ਸ਼ਰਮ ਨਹੀਂ ਸੀ ਆਉਂਦੀ। ਹਾਲਾਂ ਕਿ ਗੁੱਸੇ ਦੀ ਰੌ ਵਿਚ ਓਸਨੇ ਓਸਦੀ ਜੀਭ ਕੱਟ ਦਿਤੀ ਸੀ। ਬੁਢੇ ਨੇ ਸਮਝ ਲਿਆ ਕਿ ਹੁਣ ਉਸਨੂੰ ਜਾਣੋਂ ਕੁਝ ਵੀ ਨਹੀਂ ਰੋਕ ਸਕੇਗਾ । ਸੋ ਉਸਨੇ ਬੁਢੀ ਨੂੰ ਰਾਤ ਦਸ ਦਿਤਾ।
ਬੁਢੀ ਨੂੰ ਅਪਣੇ ਘਰ ਆਉਂਦਿਆਂ ਦੇਖ ਕੇ ਪਰੀ ਚਿੜੀ ਬੜੀ ਹੈਰਾਨ ਹੋਈ। ਪਰ ਬੁਢੇ ਦੇ ਕਾਰਨ ਉਸਨੇ ਉਸਨੂੰ ਅੰਦਰ ਅਪਣੇ ਘਰ ਸਦ ਲਿਆ ਅਤੇ ਕਿਹਾ ਕਿ ਦਸੋ ਮੈਂ ਤੁਹਾਡਾ ਕੀ ਕੰਮ ਕਰ ਸਕਦੀ ਹਾਂ ? ਬੁਢੀ ਨੇ ਉਤ੍ਰ ਦਿਤਾ ਤੁਹਾਨੂੰ ਮੈਨੂੰ ਚੰਗੀ ਚਾਹ ਪਿਆਉਣ ਦੀ ਕੋਈ ਲੋੜ ਨਹੀਂ - ਮੈਨੂੰ ਇਸ ਕਿਸਮ ਦੀ ਕਿਸੇ ਚੀਜ਼ ਦੀ ਲੋੜ ਨਹੀਂ, ਮੈਨੂੰ ਕੇਵਲ ਵੱਡਾ ਡੱਬਾ ਚਾਹੀਦਾ ਹੈ। ਜਿਸ ਨੂੰ ਮੇਰਾ ਮੂਰਖ ਪਤੀ ਛਡ ਗਿਆ ਹੈ।
ਪਰੀ ਚਿੜੀ ਬੁਢੀ ਦੇ ਸੁਭਾ ਤੇ ਤਰਿਕਿਆਂ ਦੀ ਐਨੀ ਆਦੀ ਸੀ ਕਿ ਓਸ ਨੂੰ ਬੁਢੀ ਦੀ ਰੁਖੀ ਬੋਲੀ ਤੇ ਕੋਈ ਹੈਰਾਨੀ ਨਾ ਹੋਈ । ਉਸ ਨੇ ਆਪਣੇ ਨੌਕਰਾਂ ਨੂੰ ਡੱਬਾ ਲਿਆਉਣ ਲਈ ਕਿਹਾ - ਬੁਢੀ ਹਾਬੜ ਕੇ ਡੱਬੇ ਨੂੰ ਪਈ ਅਤੇ ਬਹੁਤ ਕਾਹਲੀ ਵਿਚ ਚਲ ਪਈ ਕਿਉਂਕਿ ਉਹ ਸੋਚਦੀ ਸੀ ਕਿ ਪਰੀ ਚਿੜੀ ਕਿਤੇ ਡੱਬਾ ਦੇਣ ਦਾ ਆਪਣਾ ਇਰਾਦਾ ਹੀ ਨਾ ਬਦਲ ਲਵੇ ਅਤੇ ਡੱਬਾ ਵਾਪਸ ਨਾ ਲੈ ਲਵੇ ! ਕੁਝ ਵਾਟ ਡੱਬੇ ਨੂੰ ਚੱਕ ਅਤੇ ਧੂਕੇ ਲਿਜਾਕੇ ਬੁਢੀ ਥਕ ਗਈ ਅਤੇ ਸਾਹ ਲੈਣ ਲਈ ਇਕ ਥਾਂ ਬੈਹ ਗਈ ।
“ਮੈਨੂੰ ਇਸ ਵਿਚ ਇਕ ਝਾਤ ਪਾ ਲੈਣੀ ਚਾਹੀਦੀ ਹੈ" ਉਸ ਸੋਚਿਆ।
ਹਰ ਪ੍ਰਕਾਰ ਦੇ ਧਨ ਬਾਰੇ ਸੋਚਦਿਆਂ ਉਸਨੇ ਡੱਬਾ ਖੋਲ੍ਹਿਆ ਜੋ ਕੁਝ ਉਸ ਨੇ ਤੱਕਿਆ ਇਸ ਨਾਲ ਉਸ ਦਾ ਸਿਰ ਚਕਰਾਨ ਲਗਾ । ਡੱਬਾ ਹਰ ਢੰਗ ਅਤੇ ਪ੍ਰਕਾਰ ਦੀਆਂ ਜਾਨਵਰਾਂ ਦੀਆਂ ਜੀਭਾਂ ਨਾਲ ਭਰਿਆ ਹੋਇਆ ਸੀ, ਅਤੇ ਇਕੋ ਵਾਰ ਹੀ ਸਭ ਜੀਭਾਂ ਨੇ ਗਾਉਣਾ ਸ਼ੁਰੂ ਕਰ ਦਿਤਾ -
ਬੁੜ ਬੜਾਓ, ਸੜੋ, ਮਚੋ, ਬੁੜ ਬੜਾਓ ਏਥੇ,
ਬੁੜ ਬੜਾਓ, ਸੜੋ, ਮਚੋ, ਬੁੜ ਬੜਾਓ ਓਥੇ,
ਹਰ ਥਾਂ ਬੁੜ ਬੜਾਓ ਬੁੜਬੜਾਓ, ਜਿਥੇ ਕਿਥੇ
ਫਿਰ ਅਚਾਨਕ ਹੀ ਹਰ ਜੀਭ ਨੇ ਇਕ ਇਕ ਦਿਓ, ਭੂਤ ਅਤੇ ਦੈਂਤ ਦੀ ਸ਼ਕਲ ਧਾਰਨ ਕਰ ਲਈ । ਅਤੇ ਇਹ ਸਾਰੇ ਟੱਪਦੇ ਨੱਚਦੇ ਡੱਬੇ ਵਿਚੋਂ ਬਾਹਰ ਨਿਕਲ ਆਏ । ਅਤੇ ਬੁਢੀ ਉਦਾਲੇ ਡਰਾਉਂਣੇ ਮੁੱਖਾਂ ਨੂੰ ਚੜਾਉਂਦਿਆਂ, ਕੁੱਦਣਾਂ ਅਰੰਭ ਕਰ ਦਿਤਾ।
ਬੁਢੀ ਨੇ ਆਪਣਾ ਸੌਦਾ ਪੱਤਾ ਸਾਂਭਿਆ ਤੇ ਸਿਰ ਤੇ ਪੈਰ ਰਖ ਕੇ ਭੱਜੀ – ਉਸ ਦੇ ਪਿਛੇ ੨ ਹੀ ਜਿੰਨਾਂ ਭੂਤਾਂ ਦੇ ਮਖੌਲ ਤੇ ਚਿੜਾਉਣ ਦਾ ਰੌਲਾ ਸੀ। ਜਦ ਓਹ ਘਰ ਪੁੱਜੀ ਤਾਂ ਓਸ ਲਈ ਖੜਨਾ ਵੀ ਕਠਨ ਸੀ - ਸੋ ਓਦੋਂ ਹੀ ਬਿਸਤਰੇ ਤੇ ਡਿਗ ਪਈ। ਦੂਜੇ ਦਿਨ ਜਦ ਓਹ ਉਠੀ ਤਾਂ ਪਿਛੋਂ ਅਪਣੀ ਮੌਤ ਤਕ ਕਦੇ ਬੁੜ ਬੜਾਂਦੀ ਨਹੀਂ ਸੁਣੀ ਗਈ ਸੀ ਅਤੇ ਓਹ ਸਦਾ ਪ੍ਰਸੰਨ ਰਹਿੰਦੀ ਸੀ, ਤੇ ਏਵੇਂ ਹੀ ਬੁਢਾ। ਇਓਂ ਉਸ ਜੋੜੀ ਦੇ ਰਹਿੰਦੇ ਦਿਨ ਬੜੀ ਪ੍ਰਸੰਨਤਾ ਤੇ ਆਨੰਦ ਵਿਚ ਲੰਘੇ।
- ਏਡੀ ਮੇਰੀ ਬਾਤ, ਉਤੋਂ ਪਈ ਰਾਤ -
(ਅਨੁਵਾਦ : ਤ੍ਰਿਲੋਚਨ ਸਿੰਘ ਗਿੱਲ)