Jeeva Vaagi : African Lok Kahani

ਜੀਵਾ ਵਾਗੀ : ਅਫ਼੍ਰੀਕਨ ਲੋਕ ਕਹਾਣੀ

ਬਹੁਤ ਪੁਰਾਨੇ ਸਮਿਆਂ ਦੀ ਗਲ ਹੈ, ਅਫ਼੍ਰੀਕਾ ਵਿਚ ਇਕ ਆਦਮੀ ਰਹਿੰਦਾ ਸੀ, ਜਿਸ ਕੋਲ ਬਹੁਤ ਹੀ ਚੰਗਾ ਤੇ ਸੁਹਣਾ ਵੱਗ ਸੀ। ਸਾਰੇ ਦੇਸ਼ ਵਿਚ ਹੋਰ ਕੋਈ ਆਦਮੀ ਉਸ ਜਿਹੇ ਵੱਗ ਦਾ ਮਾਲਕ ਹੋਣ ਦਾ ਮਾਣ ਨਹੀਂ ਕਰ ਸਕਦਾ ਸੀ । ਉਸ ਮਨੁੱਖ ਨੇ ਇਕ ਮੁੰਡਾ ਰਖਿਆ ਹੋਇਆ ਸੀ; ਜੋ ਕੇਵਲ ਏਸ ਵਗ ਦੀ ਦੇਖ ਭਾਲ ਹੀ ਕਰਦਾ ਸੀ। ਇਸ ਮੁੰਡੇ ਦਾ ਨਾਂ ਜੀਵਾ ਸੀ।

ਹਰ ਰੋਜ਼ ਜੀਵਾ ਵੱਗ ਨੂੰ ਬਾਹਰ ਲੈ ਜਾਂਦਾ ਸੀ ਤਾਂ ਜੋ ਉਹ ਮੈਦਾਨਾਂ ਦੇ ਚੰਗੇ ਘਾ ਨੂੰ ਚਰ ਸਕਦਾ। ਜਦ ਤਕ ਵਗ ਓਥੇ ਚਰਦਾ ਹੁੰਦਾ, ਜੀਵੇ ਨੂੰ ਨਿਗ੍ਹਾ ਰਖਨੀ ਪੈਂਦੀ ਤਾਂ ਜੋ ਪਸੂ ਬਹੁਤ ਦੂਰ ਨ ਨਿਕਲ ਜਾਣ ਜਾਂ ਕੋਈ ਜੰਗਲੀ ਜਾਨਵਰ ਉਹਨਾਂ ਉਪਰ ਹਮਲਾ ਨ ਕਰ ਦੇਵੇ।

ਜਿਨ੍ਹਾਂ ਪਸ਼ੂਆਂ ਵਿਚ ਜੀਵੇ ਦਾ ਸਾਰਾ ਦਿਨ ਲੰਘਦਾ ਸੀ। ਉਹ ਉਹਨਾ ਵਿਚ ਚੰਗੀ ਤਰਾਂ ਰਚ ਮਿਚ ਗਿਆ। ਪਸ਼ੂ ਵੀ ਉਸ ਨੂੰ ਚਾਹੁੰਦੇ ਸਨ । ਉਹ ਅਵਾਜ਼ ਦੇਣ ਤੇ ਉਸਦੇ ਪਿਛੇ ਆ ਜਾਂਦੇ ਸਨ। ਜਿਥੇ ਚਿਤ ਚਾਹੁੰਦਾ ਉਹ ਉਹਨਾਂ ਨੂੰ ਲੈ ਜਾਂਦਾ। ਪਸ਼ੂਆਂ ਨੂੰ ਹਕਣ ਦੀ ਲੋੜ ਨਹੀਂ ਸੀ; ਬਸ ਉਹਨਾਂ ਨੂੰ ਨਾਲ ਹੀ ਲੈ ਜਾਣਾ ਪੈਂਦਾ ਸੀ।

ਘਾਅ ਉਤੇ ਪਏ ਤੇ ਅਡੀਆਂ ਥੱਲੇ ਮਾਰਦੇ ੨ ਨੂੰ ਕਈ ਵਾਰੀ ਜੀਵੇ ਨੂੰ ਦਿਨ ਵਡੇਰਾ ਜਾਪਣ ਲਗ ਪੈਂਦਾ। ਕਿੰਨੇ ਹੀ ਵਾਰ ਉਸਦੀ ਇਛਾ ਹੁੰਦੀ ਕਿ ਕੋਈ ਨਵੀਂ ਤੇ ਅਨੋਖੀ ਗਲ ਵਾਪਰੇ। ਉਹ ਇਓਂ ਇਸ ਲਈ ਨਹੀਂ ਚਾਹੁੰਦਾ ਸੀ ਕਿ ਉਹ ਆਪਣੀ ਅਜ਼ਾਦੀ ਦੀ ਖੁਲ੍ਹੀ ਜ਼ਿੰਦਗੀ ਵਿਚ ਖ਼ੁਸ਼ ਨਹੀਂ ਸੀ। ਪਰ ਉਹ ਸਭ ਨੌਜਵਾਨਾਂ ਵਾਂਗ ਤਬਦੀਲੀ ਚਾਹੁੰਦਾ ਸੀ।

ਤਬਦੀਲੀ ਛੇਤੀ ਹੀ ਆ ਗਈ । ਇਕ ਦਿਨ ਜਦ ਉਹ ਕੁਝ ਦਰਖਤਾਂ ਹੇਠ ਅੱਧੇ ਮੀਟਾ ਜਿਹਾ ਸੁਤਾ ਸੀ। ਓਸ ਨੇ ਘੋੜਿਆਂ ਦੇ ਪੈੜਾਂ ਦੀ ਅਵਾਜ਼ ਸੁਣੀ ।

ਛੇਤੀ ਹੀ ਉਹ ਸਾਵਧਾਨ ਹੋ ਗਿਆ । ਪਿਛੇ ਕੁਝ ਝਾੜੀਆਂ ਵਿਚ ਦੀ ਉਸਨੇ ਮੈਦਾਨ ਵਲ ਤਕਿਆ । ਦੂਰ ਲਹਿੰਦੇ ਵਲ ਉਸਨੂੰ ਕੁਝ ਘੋੜ ਸਵਾਰ ਦਿਸੇ। ਜਿਓਂ ੨ ਉਹ ਤਕਦਾ ਗਿਆ, ਉਹ ਨੇੜੇ ਤੋਂ ਨੇੜੇ ਆਉਂਦੇ ਗਏ। ਆਖਰ ਉਹ ਐਨੇ ਨੇੜੇ ਆ ਗਏ ਕਿ ਜੀਵਾ ਜਾਣ ਗਿਆ ਕਿ ਇਹ ਉਹ ਲੁਟੇਰਿਆਂ ਦਾ ਗਰੋਹ ਹੈ ਜਿਸਤੋਂ ਸਾਰੇ ਉਦਾਲੇ ਪੁਦਾਲੇ ਦਾ ਇਲਾਕਾ ਡਰਦਾ ਹੈ।

ਉਹ ਹੁਣ ਕੀ ਕਰ ਸਕਦਾ ਸੀ ? ਉਸ ਨੂੰ ਆਪਣੇ ਮਾਲਕ ਦੇ ਵੱਗ ਦੀ ਸੋਚ ਸੀ । ਪਰ ਹੁਣ ਵੱਗ ਨੂੰ ਨਜ਼ਰੋਂ ਉਹਲੇ ਭਜਾ ਕੇ ਲੈ ਜਾਣ ਦਾ ਸਮਾਂ ਲੰਘ ਚੁਕਾ ਸੀ, ਕਿਉਂ ਜੋ ਲੁਟੇਰਿਆਂ ਨੇ ਵਗ ਨੂੰ ਜ਼ਰੂਰ ਤਕ ਹੀ ਲਿਆ ਸੀ।

ਜੀਵੇ ਦੇ ਨੇੜ ਅਵਾਜ਼ ਸੁਣਨ ਦੀ ਵਿਥ ਤਕ ਪੁਜਣ ਤਾਈਂ ਘੋੜ-ਸਵਾਰ ਵਗ ਵਲ ਵਧਦੇ ਆਏ, ਉਹ ਗਲਾਂ ਕਰ ਰਹੇ ਸੀ- ‘ਇਨ੍ਹਾਂ ਪਸ਼ੂਆਂ ਵਲ ਤਕੋ-’ ਇਕ ਨੇ ਸ੍ਰਦਾਰ ਵਲ ਤਕਦਿਆਂ ਕਿਹਾ, '-ਇਹਨਾਂ ਨਾਲੋਂ ਚੰਗਾ ਮਾਲ ਮੈਂ ਅਗੇ ਕਦੇ ਨਹੀਂ ਤਕਿਆ। ਆਪਾਂ ਇਨ੍ਹਾਂ ਨੂੰ ਨਾਲ ਲੈ ਚਲੀਏ ?' ਲੁਟੇਰੇ ਸਰਦਾਰ ਨੇ ਉਤ੍ਰ ਦਿਤਾ, 'ਅਸੀਂ ਇਨ੍ਹਾਂ ਨੂੰ ਖੜਾਂਗੇ । ਸੂਰਜ ਛਿਪਣ ਤੋਂ ਪਹਿਲਾਂ ਇਹ ਮਾਲ ਸਾਡਾ ਹੋਵੇਗਾ । ਸਾਥੀਓ ! ਮਾਲ ਨੂੰ ਇਕੱਠਾ ਕਰ ਲੈ ਚੱਲੋ'।

ਗਰੀਬ ਜੀਵੇ ਦਾ ਇਨ੍ਹਾਂ ਤਕੜੇ ਤੇ ਹਥਿਆਰਬੰਦ ਮਨੁਖਾਂ ਨਾਲ ਲੜਨ ਦਾ ਕੋਈ ਲਾਹਾ ਨਹੀਂ ਸੀ । ਉਹ ਸਭ ਕੁਝ ਹੋ ਰਹੇ ਨੂੰ ਤਾੜ ਤੇ ਤਕ ਹੀ ਸਕਦਾ ਸੀ। ਉਹ ਆਪਣੇ, ਆਪਦੇ ਮਾਲਕ ਤੇ ਸਭ ਤੋਂ ਵੱਧ ਗਾਈਆਂ ਲਈ ਅਫਸੋਸ ਨਾਲ ਸੋਚ ਰਿਹਾ ਸੀ-ਕਿਓਂ ਲੁਟੇਰਿਆਂ ਨੇ ਉਹਨਾਂ ਨਾਲ ਚੰਗਾ ਵਰਤਾ ਨਹੀਂ ਕੀਤਾ ।

ਲੁਟੇਰੇ ਸ੍ਰਦਾਰ ਦੇ ਹੁਕਮ ਨਾਲ ਕੁਝ ਆਦਮੀ ਇਕ ਪਾਸੇ ਤੇ ਦੂਜੇ ਪਾਸੀਂ ਹੋ ਗਏ ਤੇ ਉਹਨਾਂ ਸਾਰਾ ਉਦਾਲਾ ਪੁਦਾਲਾ ਘੇਰ ਲਿਆ । ਹੁਣ ਸ੍ਰਦਾਰ ਬੋਲਿਆ-ਹੁਣ ਇਨ੍ਹਾਂ ਨੂੰ ਹਕ ਲਓ, ਇਨ੍ਹਾਂ ਨੂੰ ਸਾਡੇ ਰਾਹ ਵਲ ਹੀ ਜਾਣਾ ਚਾਹੀਦਾ ਹੈ' ।

ਪਰ ਓਸਨੂੰ ਇਹ ਦੇਖ ਕੇ ਬੜੀ ਹੈਰਾਨੀ ਹੋਈ ਵੱਗ ਹਿਲਿਆ ਤਕ ਨਾ। ਆਦਮੀਆਂ ਨੇ ਐਨਾਂ ਰੌਲਾ ਪਾਇਆ ਕਿ ਮੀਲਾਂ ਤਕ ਨੇੜ ਦੇ ਪੰਛੀ ਉਡ ਗਏ । ਪਰ ਗਾਈਆਂ ਕੇਵਲ ਤਕ ਰਹੀਆਂ ਸਨ। ਜਿਵੇਂ ਕਹਿ ਰਹੀਆਂ ਹੋਣ- 'ਭਲਿਓ ਪੁਰਸ਼ੋ ਤੁਸੀਂ ਭੈੜਾ ਰੌਲਾ ਕਿਉਂ ਪਾ ਰਹੇ ਹੋ ?' ਅਤੇ ਫਿਰ ਉਹ ਘਾਅ ਚਰਨ ਲਗ ਪੈਂਦੀਆਂ ਸਨ, ਜਿਵੇਂ ਰੌਲੇ ਦਾ ਉਹਨਾਂ ਨਾਲ ਕੋਈ ਵਾਸਤਾ ਨ ਹੋਵੇ।

ਝਾੜੀਆਂ ਪਿਛੇ ਬੈਠਾ ਜੀਵਾ ਆਪਣੇ ਆਪ ਵਿਚ ਹਸਿਆ। ਓਸ ਨੂੰ ਪਤਾ ਸੀ ਕਿ ਮਾਲ ਉਸ ਦੇ ਸਦਣ ਤਕ ਨਹੀਂ ਹਿੱਲੇਗਾ। ਪਰ ਲੁਟੇਰੇ ਨਹੀਂ ਹਸਦੇ ਸਨ। ਉਹ ਗੁਸੇ ਸਨ । ਉਹਨਾਂ ਨੇ ਵਗ ਨੂੰ ਹਿਲਾਉਣ ਲਈ ਕਈ ਵਾਰ ਯਤਨ ਕੀਤਾ, ਪਰ ਪਸ਼ੂਆਂ ਨੂੰ ਇਕ ਕਦਮ ਵੀ ਉਹ ਨ ਹਲਾ ਸਕੇ । ਆਖਰ ਕਾਰ ਉਨ੍ਹਾਂ ਨੇ ਕਿਹਾ 'ਕਿਸੇ ਨੇ ਇਹਨਾਂ ਉਪਰ ਜ਼ਰੂਰ ਟੂਣਾ ਕੀਤਾ ਹੋਇਆ ਹੈ। ਉਹ ਏਹੋ ਜੇਹਾ ਕੌਣ ਹੋ ਸਕਦਾ ਹੈ ?'

ਲੁਟੇਰੇ ਸਰਦਾਰ ਨੇ ਕਿਹਾ— ‘ਜਦ ਤਕ ਅਸੀਂ ਉਸ ਨੂੰ ਲਭ ਨ ਲਵਾਂਗੇ। ਅਸੀਂ ਏਥੋਂ ਨਹੀਂ ਹਿਲਾਂਗੇ। ਸਾਥੀਓ, ਉਸ ਨੂੰ ਭਾਲੋ ਤੇ ਜੋ ਵੀ ਤੁਹਾਨੂੰ ਮਿਲਦਾ ਹੈ। ਮੇਰੇ ਕੋਲ ਲਿਆਓ।'

ਸੋ ਆਦਮੀ ਮੈਦਾਨ ਦੇ ਨੇੜੇ ਤੇੜੇ ਭਾਲਣ ਲਗ ਪਏ । ਉਨ੍ਹਾਂ ਨੇ ਝਾੜੀਆਂ ਵਿਚ, ਦਰਖਤਾਂ ਉਹਲੇ ਤੇ ਇਥੋਂ ਤਕ ਕਿ ਘਾ ਵਿਚ ਵੀ ਲਭਿਆ । ਪਰ ਉਹ ਜੀਵੇ ਨੂੰ ਨ ਢੂੰਡ ਸਕੇ। ਕਾਰਨ ਇਹ ਸੀ ਕਿ ਉਹ ਨੂੰ ਲਭਣ ਲਗੇ ਤਾਂ ਉਹ ਝਾੜੀਆਂ ਉਹਲਿਓਂ ਖਿਸਕੇ ਜ਼ਮੀਨ ਵਿਚ ਇਕ ਖਡ ਵਿਚ ਲੁਕ ਗਿਆ ਜਿਸ ਬਾਰੇ ਇਕਲਾ ਉਹ ਹੀ ਜਾਣਦਾ ਸੀ ।

ਭਾਲ ਐਨਾਂ ਚਿਰ ਜਾਰੀ ਰਹੀ ਕਿ ਜੀਵੇ ਨੂੰ ਆਸ ਸੀ ਕਿ ਉਹ ਹੁਣ ਭਾਲ ਛਡਕੇ ਆਪਣੇ ਰਾਹ ਪੈ ਗਏ ਹੋਣਗੇ । ਪਰ ਇਹ ਗਲ ਸਚੀ ਨ ਹੋਈ। ਇਕ ਘੋੜ ਸਵਾਰ ਉਸ ਦੇ ਲੁਕਣ ਦੇ ਥਾਂ ਦੇ ਐਨਾ ਨੇੜ ਦੀ ਲੰਘਿਆ ਕਿ ਉਸ ਦੇ ਘੋੜੇ ਦਾ ਪੈਰ ਖਡ ਵਿਚ ਪੈ ਗਿਆ ਤੇ ਉਹ ਘੋੜ ਸਵਾਰ ਜੀਵੇ ਦੇ ਸਾਹਮਣੇ ਘਾਅ ਪਰ ਡਿਗ ਪਿਆ। ਜੀਵਾ ਉਸ ਨੂੰ ਮਲੋ-ਮੱਲੀ ਸਾਹਮਣੇ ਦਿਸ ਪਿਆ ਤਾਂ ਉਸ ਨੇ ਚੀਕ ਮਾਰੀ- ‘ਉਹ ਏਥੇ ਹੈ, ਮੈਂ ਉਸ ਨੂੰ ਲਭ ਲਿਆ'। ਜੀਵੇ ਨੂੰ ਬਾਹਰ ਕਢਕੇ ਉਹ ਲੁਟੇਰੇ ਸ੍ਰਦਾਰ ਕੋਲ ਲੈ ਗਿਆ।

ਆਪਣੇ ਸਾਹਮਣੇ ਛੋਟੇ ਜਿਹੇ ਮੁੰਡੇ ਨੂੰ ਆਇਆ ਤੱਕਕੇ ਲੁਟੇਰੇ ਸਰਦਾਰ ਨੇ ਡਰਾਉਂਦਿਆਂ ਕਿਹਾ- ‘ਤੂੰ ਹੈਂ ? ਜਿਸ ਨੇ ਵਗ ਉਪਰ ਜਾਦੂ ਕੀਤਾ ਹੈ।' ਜੀਵਾ ਵਡੇ ਸਾਰੇ ਘੋੜੇ ਉਪਰ ਵਡੇ ਸਾਰੇ ਸਵਾਰ ਅੱਗੇ ਬਹੁਤ ਛੋਟਾ ਜਾਪਦਾ ਸੀ । ‘ਹੁਣ ਜਿਥੇ ਮੈਂ ਕਹਿੰਦਾ ਹਾਂ ਤੂੰ ਇਨ੍ਹਾਂ ਨੂੰ ਹਕ ਲੈ ਚਲ। ਨਹੀਂ ਮੇਰੇ ਆਦਮੀ ਤੈਨੂੰ ਮਾਰ ਦੇਣਗੇ। ਐਧਰ ਆ, ਤੇ ਛੇਤੀ ਚਲ ਪੌ । ਅਸੀਂ ਬਹੁਤ ਸਮਾਂ ਗੁਆ ਲਿਆ ਹੈ। ’- ਸਰਦਾਰ ਕੜਕਿਆ ।

ਜੀਵੇ ਨੂੰ ਪਤਾ ਸੀ ਕਿ ਹੁਣ ਕੋਈ ਚਾਰਾ ਨਹੀਂ ਉਸਨੂੰ ਲੁਟੇਰੇ ਸਰਦਾਰ ਦੇ ਕਹੇ ਅਨੁਸਾਰ ਕਰਨਾ ਹੀ ਪਵੇਗਾ। ਨਹੀਂ ਆਪਣੀ ਜਾਨ ਗਵਾਉਣੀ ਪਵੇਗੀ । ਪਹਿਲਾਂ ਉਸਨੇ ਇਕ ਹੌਲੀ ਜੇਹੀ ਸੀਟੀ ਮਾਰੀ ਤੇ ਫੇਰ ਬੋਲਿਆ ‘ ਗੀ-ਲੀ-ਲੀ-ਲੀ, ਗਾਈਓਂ ਚਲੀਆਂ ਆਓ --ਗੀ-ਲੀ-ਲੀ । ਉਸ ਦੀ ਇਸ ਆਵਾਜ਼ 'ਤੇ ਸਾਰੀਆਂ ਗਾਈਆਂ ਉਸ ਵਲ ਆਈਆਂ ਤੇ ਉਹ ਉਨ੍ਹਾਂ ਨੂੰ ਲੁਟੇਰਿਆਂ ਦੇ ਪਿਛੇ ਪਿਛੇ ਲਈ ਗਿਆ ।

ਬਾਕੀ ਦਾ ਸਾਰਾ ਦਿਨ ਉਹ ਗਰਮੀ ਵਿਚ ਮੈਦਾਨ ਵਿਚ ਦੀ ਚਲਦੇ ਹੀ ਰਹੇ। ਮਾਲ ਦੀਆਂ ਜੀਭਾਂ ਐਨੀਆਂ ਸੁਕ ਗਈਆਂ ਕਿ ਉਹ ਮੂੰਹੋਂ ਬਾਹਰ ਲਟਕ ਰਹੀਆਂ ਸਨ। ਪਰ ਕੋਈ ਕਿਤੇ ਪਾਣੀ ਨਹੀਂ ਸੀ, ਜੋ ਉਹ ਪੀ ਲੈਣ । ਉਹਨਾਂ ਦੇ ਸਿਰ ਅਫਸੋਸ ਵਿਚ ਥਲੇ ਡਿਗੇ ਹੋਏ ਸਨ, ਪਰ ਜੀਵਾ ਫੇਰ ਵੀ ਸੀਟੀਆਂ ਮਾਰਦਾ ਜਾਂ ਗਾਉਂਦਾ ‘ਗੀ-ਲੀ-ਲੀ-ਲੀ।’ ਸੋ ਓਹਨਾਂ ਕਦੇ ਅਟਕਣ ਦਾ ਯਤਨ ਨ ਕੀਤਾ।

ਸੂਰਜ ਛਿਪਦੇ ਨੂੰ ਉਹ ਇਕ ਅਜੀਬ ਵਡੇ ਸਾਰੇ ਕਰਾਲ (ਵਾੜਾ) ਵਿਚ ਆ ਗਏ, ਜਿਸ ਨੂੰ ਜੀਵੇ ਨੇ ਅੱਗੇ ਕਦੇ ਨਹੀਂ ਤਕਿਆ ਸੀ। ਨਿਰਾਸ ਵੱਗ ਸਿਰ ਝੁਕਾਈ ਇਕ ਫਾਟਕ ਅੱਗੇ ਖੜਾ ਉਡੀਕ ਕਰ ਰਿਹਾ ਸੀ ਕਿ ਲੁਟੇਰਿਆਂ ਦੇ ਤਿਖੇ ਹੁਕਮ ਨਾਲ ਜੀਵੇ ਨੇ ਇਕ ਵਾਰ ਫੇਰ ‘ਗੀ-ਲੀ-ਲੀ-ਲੀ' ਕਿਹਾ। ਇਹ ਸੁਣਕੇ ਮਾਲ ਐਨੀ ਛੇਤੀ ਦਰਵਾਜ਼ੇ ਵਿਚ ਦਾਖਲ ਹੋਇਆ ਕਿ ਪਸ਼ੂ ਇਕ ਦੂਜੇ ਨਾਲ ਯਰਨ ਤੇ ਖਹਿਣ ਲਗੇ ਉਨ੍ਹਾਂ ਨੂੰ ਇਉਂ ਲਗਾ ਜਿਵੇਂ ਅੰਦਰ ਉਹਨਾਂ ਨੂੰ ਕੁਝ ਖਾਣ ਪੀਣ ਨੂੰ ਲੱਭੇਗਾ ।

ਲਾਲ ਅੱਖਾਂ ਨਾਲ ਆਪਣੇ ਕੋਲੋਂ ਲੰਘਦੇ ਮਾਲ ਨੂੰ ਲੁਟੇਰਾ ਸਰਦਾਰ ਤਕ ਰਿਹਾ ਸੀ। ਇਹ ਇਸ ਦਾ ਢੋ ਨਾਲ ਮਿਲਿਆ ਤਕੜਾ ਇਨਾਮ ਸੀ। ਜਿਨ੍ਹਾਂ ਆਦਮੀਆਂ ਨੇ ਇਸ ਨੂੰ ਲਿਆਂਦਾ ਨਹੀਂ, ਲਿਆਣ ਦੀ ਕੋਸ਼ਸ਼ ਕੀਤੀ। ਉਹਨਾਂ ਨੂੰ ਇਨਾਮ ਦੇਣ ਵਜੋਂ ਉਸ ਨੇ ਸਭ ਤੋਂ ਚੰਗੀ ਗਾਂ ਨੂੰ ਮਾਰਕੇ ਰੋਟੀ ਬਨਾਉਣ ਲਈ ਕਿਹਾ।

ਵਿਚਾਰਾ ਜੀਵਾ ! ਉਸ ਨੂੰ ਇਸ ਗਲ ਤੇ ਬਹੁਤ ਰੰਜ ਹੋਇਆ ਕਿ ਉਸ ਦੇ ਵਗ ਵਿਚੋਂ ਇਕ ਗਾਂ ਲੈਜਾਈ ਜਾ ਰਹੀ ਹੈ। ਸਾਰੀਆਂ ਦੇ ਲੈ ਜਾਣ ਲਈ ਕਿੰਨੇ ਦਿਨ ਹੋਰ ਲਗਣਗੇ ? ਪਰ ਉਹ ਐਨਿਆਂ ਵਿਚਕਾਰ ਇਕਲਾ ਕੀ ਕਰ ਸਕਦਾ ਸੀ ?

ਜਦ ਗਾਂ ਰਿਨ੍ਹੀ ਗਈ ਤਾਂ ਆਦਮੀ ਰੋਟੀ ਲਈ ਬੈਠ ਗਏ । ਉਨ੍ਹਾਂ ਨੇ ਇਸ ਉਪਰ ਬਹੁਤ ਖੁਸ਼ੀ ਮਨਾਈ। ਉਹਨਾਂ ਨੇ ਜੀਵੇ ਨੂੰ ਵੀ ਨਾਲ ਰਲਣ ਲਈ ਕਿਹਾ, ਪਰ ਉਹ ਆਪਣੀ ਰਖਵਾਲੀ ਹੇਠ ਆਏ ਮਾਲ ਦਾ ਮਾਸ ਕਿਵੇਂ ਖਾ ਸਕਦਾ ਸੀ ? ਕੀ ਉਹ ਇਓਂ ਕਰ ਲੈਂਦਾ ? ਉਸ ਨੂੰ ਜਾਪਦਾ ਸੀ ਉਹ ਆਪਣੇ ਮਾਲਕ ਨੂੰ ਫੇਰ ਕਿਵੇਂ ਮੂੰਹ ਦਖਾਵੇਗਾ ।

ਜਦ ਉਹ ਇਕਲਾ ਬੈਠਾ ਸੀ ਤਾਂ ਉਸ ਨੂੰ ਇਕ ਗਲ ਸੁਝੀ- ਸ਼ਾਇਦ ਓਹ ਆਖਰ ਆਪਣੇ ਬਾਕੀ ਮਾਲ ਨੂੰ ਬਚਾ ਸਕੇ।ਆਦਮੀਆਂ ਨੇ ਐਨਾ ਖਾਧਾ ਪੀਤਾ ਕਿ ਓਹਨਾਂ ਵਿਚੋਂ ਬਹੁਤੇ ਹੁਣੇ ਹੀ ਊਂਘਦੇ ਦਿਸਦੇ ਸੀ । ਆਖਰ ਇਕ ਇਕ ਕਰਕੇ ਓਹ ਸਾਰੇ ਜਿਥੇ ੨ ਬੈਠੇ ਸਨ- ਸੌਂ ਗਏ।

ਜੀਵੇ ਨੇ ਸਾਰਿਆਂ ਦੇ ਸੌਣ ਤਕ ਦੇਖਿਆ ਤੇ ਉਡੀਕਿਆ ਉਹਨਾਂ ਵਾਂਗ ਉਸਨੂੰ ਨ ਸੌਣਾ ਤੇ ਉਡੀਕਣਾਂ ਮੁਸ਼ਕਲ ਸੀ – ਕਿਉਂਕਿ ਹੁਣ ਉਹ ਆਪ ਵੀ ਬੜੀ ਅਨੀਂਦਾ ਅਨੁਭਵ ਕਰ ਰਿਹਾ ਸੀ । ਓਸ ਨੇ ਆਪਣਾ ਆਪ ਮੁਸ਼ਕਲ ਵਿਚੋਂ ਕੁਝ ਨਿਕਲਦਾ ਦਿਸਿਆ ਜਦ ਓਸਨੇ ਆਖਰੀ ਆਦਮੀ ਨੂੰ ਵੀ ਸੁੱਤਾ ਤੇ ਘੁਰਾੜੇ ਮਾਰਦਾ ਸੁਣਿਆ ।

ਫੇਰ ਉਹ ਹੌਲੀ ਕੁ ਦੇਣੇ ਉਠਿਆ ਤੇ ਕਰਾਲ ਦੇ ਜਿਸ ਨੁਕਰ ਮਾਲ ਲਗਾ ਖੜਾ ਸੀ ਓਧਰ ਨੂੰ ਵਧਿਆ । ਧੀਮੀ ਜਿਹੀ ਆਵਾਜ਼ ਵਿਚ ਗਾਉਣਾ ਸ਼ੁਰੂ ਕੀਤਾ ‘ਗੀ-ਲੀ-ਲੀ-ਲੀ, ਉਠੋ ਗਾਈਓਂ, ਗੀ-ਲੀ-ਲੀ-ਲੀ।”

ਇਹ ਆਵਾਜ਼ ਸੁਣਕੇ ਸਾਰਾ ਵਗ ਇਕੋ ਵਾਰ ਉਠਿਆ । ਉਸ ਨੇ ਇਹ ਦੇਖਣ ਲਈ ਕਿ ਸਭ ਹਨ। ਉਹਨਾਂ ਨੂੰ ਗਿਣਿਆ। ਜਦ ਉਸ ਨੇ ਘਰੋਂ ਚਲਣ ਜਿੰਨੀਆਂ ਗਾਈਆਂ ਗਿਣੀਆਂ ਤਾਂ ਉਸ ਦੀ ਹੈਰਾਨੀ ਦੀ ਕੋਈ ਹਦ ਨ ਰਹੀ। ਤੇ ਨ ਹੀ ਉਸਨੂੰ ਕੋਈ ਓਪਰੀ ਗਾਂ ਦਿਸਦੀ ਸੀ । ਓਸ ਨੂੰ ਇਓਂ ਜਾਪਦਾ ਸੀ ਕਿ ਆਪਣੀ ਪਛਾਣੀ ਹੋਈ ਆਵਾਜ਼ ਸੁਣ ਕੇ ਮਰੀ ਗਾਂ ਜਿਓਂ ਪਈ ਹੈ ।

ਇਹ ਸੋਚਕੇ ਕਿ ਮਾਲ ਵਿਚੋਂ ਇਕ ਵੀ ਘਟ ਨਹੀਂ, ਜੀਵਾ ਖੁਸ਼ੀ ਨਾਲ ਭਰਿਆ ਹੋਇਆ ਕਰਾਲ ਵਿਚੋਂ ਬਾਹਰ ਮੈਦਾਨ ਵਲ ਵਧਿਆ। ਗਾਈਆਂ ਦੇ ਪੈਰ, ਪੈਰੋ ਪੈਰ ਉਸ ਪਿਛੇ ਆ ਰਹੇ ਸਨ ਅਤੇ ਚੰਨ ਚਾਣਨੀ ਵਿਚ ਉਹ ਠੀਕ ਰਾਹ ਲਈ ਜਾ ਰਿਹਾ ਸੀ ।

ਤੜਕ-ਸਾਰ ਉਹ ਆਪਣੇ ਮਾਲਕ ਦੇ ਕਰਾਲ ਵਿਚ ਪੁਜ ਗਿਆ ਉਸ ਨੇ ਗਾਈਆਂ ਨੂੰ ਉਸ ਵਿਚ ਵਾੜ ਦਿਤਾ। ਫੇਰ ਉਹ ਘਰ ਨੂੰ ਗਿਆ ਤੇ ਬੋਲਿਆ, ‘ਮਾਲਕ, ਮਾਲ ਘਰ ਪੁਜ ਗਿਆ ਹੈ ਲੁਟੇਰੇ ਇਹਨਾਂ ਨੂੰ ਲੈ ਗਏ ਸਨ ਤੇ ਉਹਨਾਂ ਸਭ ਤੋਂ ਚੰਗੀ ਗਾਂ ਨੂੰ ਮਾਰ ਵੀ ਦਿਤਾ ਸੀ ਪਰ ਮੇਰੀ ਜਾਦੂ ਭਰੀ ਆਵਾਜ਼ ਨਾਲ ਇਹ ਜਿਉਂ ਪਈ ਤੇ ਇਉਂ ਮੈਂ ਲੁਟੇਰਿਆਂ ਤੋਂ ਬਚ ਗਿਆ ।

ਮਾਲਕ ਜੀਵੇ ਤੇ ਏਨਾਂ ਖੁਸ਼ ਹੋਇਆ, ਜਿਸ ਨੇ ਐਨੀ ਬਹਾਦਰੀ ਨਾਲ ਉਸਦਾ ਮਾਲ ਬਚਾਇਆ ਸੀ, ਕਿ ਉਸ ਨੇ ਉਸ ਨੂੰ ਆਪਣੀਆਂ ਬਚਾਈਆਂ ਗਾਈਆਂ ਵਿਚੋਂ ਸਤ ਇਨਾਮ ਵਜੋਂ ਦੇ ਦਿਤੀਆਂ । ਇਸ ਨਿਕੇ ਵਗ ਨਾਲ ਜੀਵੇ ਨੇ ਆਪਣਾ ਜੀਵਨ ਸ਼ੁਰੂ ਕੀਤਾ।

ਜੀਵੇ ਨੇ ਪੂਰੀ ਮਿਹਨਤ ਕੀਤੀ ਤੇ ਉਸਦੇ ਕ੍ਰਿਤ ਭਰੇ ਦਿਨ ਚੰਗੇ ਲੰਘੇ । ਤੇ ਇਉਂ ਕੁਝ ਸਾਲਾਂ ਪਿਛੋਂ ਇਕ ਛੋਟੇ ਵਾਗੀ ਦੇ ਥਾਂ ਉਹ ਜ਼ੂਲਸ ਦਾ ਇਕ ਅਮੀਰ ਬਣ ਗਿਆ।

(ਅਨੁਵਾਦ : ਤ੍ਰਿਲੋਚਨ ਸਿੰਘ ਗਿੱਲ)

  • ਮੁੱਖ ਪੰਨਾ : ਲੋਕ ਕਹਾਣੀਆਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ