Jeha Bijai So Lunai Karma Sandra Khet : Surjit Singh Dila Ram

ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ : ਸੁਰਜੀਤ ਸਿੰਘ "ਦਿਲਾ ਰਾਮ"

ਜੀਤੇ ਨੇ ਕਾਲਜੋ ਪੜ੍ਹਾਈ ਪੂਰੀ ਕੀਤੀ ਤੇ ਚੁੱਕਿਆ ਸਮਾਨ ਘਰ ਵੱਲ ਨੂੰ ਤੁਰ ਪਿਆ।"ਜੀਤਿਆ! ਹੁਣ ਉਮਰ ਹੋਰ ਪੜ੍ਹਾਈ ਕਰਨ ਜੋਗੀ ਨਹੀ ਰਹੀ ਸਗੋਂ ਕਮਾਈ ਕਰਨ ਦੀ ਐ।" ਅਕਸਰ ਹੀ ਏਦਾਂ ਦੇ ਬੋਲ ਕੰਨਾਂ 'ਚ ਗੂੰਜਣ ਲੱਗੇ।ਬੇਸ਼ੱਕ ਓਹ ਹੋਰ ਪੜ੍ਹਨਾ ਚਾਹੁੰਦਾ ਸੀ ਪਰ ਹਾਲਾਤ ਪੈਰਾਂ 'ਚ ਬੇੜੀਆਂ ਪਾ ਰਹੇ ਸੀ।ਉਹ ਵਾਰ-ਵਾਰ ਘਰਦਿਆਂ ਨੂੰ ਕਿਹਾ ਕਰਦਾ ਕਿ ਹੱਥੀ ਕਾਰ ਕਰਨ ਵਾਲਾ ਕੰਮ ਉਨੇ ਨਹੀ ਸਿੱਖਿਆ ਜਿਸ ਕਰਕੇ ਉਨੂ ਹੁਣ ਔਖਾ ਲੱਗਦਾ ਹੈ।ਉਹ ਘਰਦਿਆਂ ਨੂੰ ਏਦਾਂ ਹੀ ਦਿਲਾਸਾ ਦਿੰਦਾ ਰਿਹਾ ਕਰੇ ਕਿ ਮੈ ਬੜੀ ਛੇਤੀ ਕਿਸੇ ਕਾਲਜ ਵਿੱਚ ਪੜਾਉਣ ਲੱਗ ਜਾਵਾਂਗਾ।ਪਰ ਜਿਹੜੀ ਪੜ੍ਹਾਈ ਉਨੇ ਕੀਤੀ ਸੀ ਉਹਦੇ ਨਾਲ ਸੰਬੰਧਤ ਕੋਈ ਨੇੜੇ ਕਾਲਜ ਨਹੀ ਸੀ ਤੇ ਜਿੱਥੇ ਸੀ ਉੱਥੇ ਕੋਈ ਪੋਸਟ ਨਹੀ। ਤਲਾਸ਼ ਲਈ ਉਨੂ ਘਰ-ਬਾਰ ਛੱਡਣਾ ਹੀ ਪੈਣਾ ਸੀ।ਜਿੱਥੇ ਕਿਤੇ ਵੀ ਉਹ ਪਤਾ ਕਰਦਾ ਤਾਂ ਨਿਰਾਸ਼ ਹੋ ਕੇ ਮੁੜਨਾ ਹੀ ਪੈਂਦਾ ਸੀ।ਹੁਣ ਹੌਲੀ-ਹੌਲੀ ਉਸਨੇ ਪਿਤਾ ਪੁਰਖੀ ਕਿੱਤਾ ਵੀ ਸਿੱਖ ਲਿਆ।ਘਰਦੇ ਕੰਮਾਂ 'ਚ ਵੀ ਉਨੇ ਹੱਥ ਵਟਾਉਣੇ ਸ਼ੁਰੂ ਕਰ ਦਿੱਤੇ। ਇਕ ਦਿਨ ਅਚਾਨਕ ਯੂਨੀਵਰਸਿਟੀ 'ਚ ਪੜ੍ਹਦੇ ਉਹਦੇ ਦੋਸਤ ਵਿੱਕੀ ਦਾ ਫੋਨ ਆਇਆ ਤੇ ਆਖਣ ਲੱਗਿਆ "ਗੁਰੂ ਰਾਮਦਾਸ ਦੀ ਨਗਰੀ 'ਚ ਇਕ ਕਾਲਜ ਹੈ ਓਥੇ ਪੋਸਟ ਖਾਲੀ ਹੈ ਤੂੰ ਉੱਥੇ ਜਾ ਮੇਰਾ ਵੀਰ।ਉੱਥੇ ਮੇਰਾ ਦੋਸਤ ਪੜ੍ਹਾ ਰਿਹਾ ਹੈ ਉਹ ਤੇਰੀ ਹਰ ਪੱਖ ਤੋਂ ਮਦਦ ਕਰੇਗਾ।ਤੇਰਾ ਓਥੇ ਕੰਮ ਜਰੂਰ ਬਣੇਗਾ।"

ਵਿਕੀ ਦੇ ਆਏ ਫੋਨ ਨੇ ਇੱਕਲੀ ਆਸ ਹੀ ਨਹੀ ਜਗ੍ਹਾਈ ਸਗੋਂ ਇਕ ਉਹ ਖੁਸ਼ੀ ਦਿਤੀ ਜਿਸਦਾ ਸ਼ਾਇਦ ਉਹ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਸੀ।ਕਿੱਟ 'ਚ ਉਨੇ ਕਾਗਜ਼ ਪਾਏ,ਮਾਂ-ਬਾਪ ਨੂੰ ਜੱਫੀ ਪਾ ਮਿਲਦਾ ਹੋਇਆ ਅੰਬਰਸਰ ਨੂੰ ਜਾਣ ਆਲੀ ਬੱਸ ਚੜ੍ਹ ਕਾਲਜ ਪਹੁੰਚ ਗਿਆ।ਪ੍ਰਿੰਸੀਪਲ ਨੇ ਯੋਗਤਾ ਦੇ ਦਸਤਾਵੇਜ਼ ਦੇਖਦਿਆਂ ਹੀ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ।ਇਸ ਪੌਣੇ ਘੰਟੇ ਦੀ ਹੋਈ ਗੱਲਬਾਤ ਨੇ ਪ੍ਰਿੰਸੀਪਲ ਤੇ ਇਤਨਾ ਕੁ ਪ੍ਰਭਾਵ ਪਾਇਆ ਕਿ ਝੱਟ ਹੀ ਮੈਡਮ ਨੇ ਆਖਿਆ "ਸੋਮਵਾਰ ਨੂੰ ਜੁਆਇੰਨ ਕਰੋ ਅਤੇ ਆਪਣਾ ਸਾਰਾ ਸਮਾਨ ਨਾਲ ਲੈ ਆਉਣਾ।" ਪੜ੍ਹਾਉਣ ਵਾਲੇ ਸਾਥੀ ਵੀ ਵਧਾਈਆਂ ਦੇਣ ਲੱਗ ਗਏ।ਜੀਤੇ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ।ਕਾਲਜ ਵਿੱਚੋਂ ਉਸਨੇ ਪ੍ਰਸ਼ਾਦਾ ਛਕਿਆ ਤੇ ਸ਼ੁਕਰਾਨੇ ਲਈ ਦਰਬਾਰ ਸਾਹਿਬ ਜਾ ਕੇ ਮੱਥਾ ਟੇਕਿਆ।ਜਦੋਂ ਬੱਸ ਤੋਂ ਉਤਰ ਕੇ ਘਰ ਪਹੁੰਚਿਆ ਤਾਂ ਮਾਂ ਨੇ ਵਾਰ-ਵਾਰ ਉਹਦਾ ਮੱਥਾ ਚੁੰਮਦਿਆਂ ਆਖਿਆ ਮੈਨੂੰ ਪਤਾ ਸੀ ਕਿ ਇਕ ਦਿਨ ਮੇਰਾ ਪੁੱਤ ਜਰੂਰ ਸਫਲ ਹੋਵੇਗਾ।ਐਤਵਾਰ ਦੀ ਸ਼ਾਮ ਨੂੰ ਹੀ ਕਾਲਜ ਵਿੱਚ ਰਿਪੋਰਟ ਕਰਨ ਲਈ ਕਿਹਾ ਗਿਆ ਸੀ ਪਰ ਸਵੇਰੇ ਹੀ ਵਿੱਕੀ ਦੇ ਉਸ ਦੋਸਤ ਦਾ ਫੋਨ ਆਇਆ ਕਿ "ਸਰ ਤੁਸੀ ਸੋਮਵਾਰ ਸੁਵੱਖਤੇ ਆ ਸਕਦੇ ਹੋ?" ਜੀਤੇ ਦੇ ਬੋਲ ਸਨ "ਕੋਈ ਨਾ ਵੀਰ ਜੀ! ਜਿਵੇਂ ਤੁਸੀ ਕਹੋ।"

ਐਤਵਾਰ ਦੀ ਸ਼ਾਮ ਨੂੰ ਉਸਨੇ ਸਮਾਨ ਪੈਕ ਕੀਤਾ।ਸੋਮਵਾਰ ਤੜਕੇ ਸਾਢੇ ਚਾਰ ਆਲੀ ਬੱਸ ਫੜ ਅੰਬਰਸਰ ਨੂੰ ਰਵਾਨਾ ਹੋਇਆ।ਕਾਲਜ ਵਿੱਚ ਤਕਰੀਬਨ 9ਵਜੇ ਰਿਪੋਰਟ ਕਰਨੀ ਸੀ।ਘਰਦੇ ਬੇਸਬਰੀ ਨਾਲ ਜੀਤੇ ਦੇ ਫੋਨ ਦਾ ਇੰਤਜ਼ਾਰ ਕਰ ਰਹੇ ਸਨ।ਤੁਰਨ ਵੇਲੇ ਮਾਂ ਨੇ ਕਿਹਾ ਸੀ ਕਿ "ਜਦੋਂ ਤੇਰਾ ਫੋਨ ਆਵੇਗਾ ਮੈ ਤੇ ਤੇਰਾ ਬਾਪੂ ਰਿਸ਼ਤੇਦਾਰਾਂ 'ਚ ਮਠਿਆਈ ਦੇ ਡੱਬੇ ਵੰਡ ਕੇ ਆਵਾਗੇ।"ਬਾਪੂ ਥੋੜ੍ਹਾ ਮੰਮੀ ਨਾਲ ਮਜਾਕੀਏ ਲਹਿਜ਼ੇ 'ਚ ਆਖਣ ਲੱਗਿਆ "ਕੋਈ ਡੱਬਾ ਨਹੀਂ ਦੇ ਕੇ ਆਉਣਾ ,ਉਹ ਬਹੁਤ ਦੇਂਦੇ ਰਹੇ ਨੇ...ਮੰਮੀ ਦਾ ਅੱਗੋਂ ਗੁਸੇ ਭਰੇ ਲਹਿਜ਼ੇ 'ਚ ਜਵਾਬ ਦੇਣਾਂ ਜੀਤੇ ਦੀ ਖੁਸ਼ੀ ਨੂੰ ਦੁੱਗਣੀ ਚੌਗੁਣੀ ਕਰ ਰਿਹਾ ਸੀ।

ਉਹ ਦਫਤਰ ਪਹੁੰਚਿਆ। ਦਫਤਰ 'ਚ ਬੈਠੇ ਦੋ ਵਿਅਕਤੀ ਸ਼ਾਇਦ ਪਹਿਲਾਂ ਹੀ ਪ੍ਰਿੰਸੀਪਲ ਦਾ ਇੰਤਜ਼ਾਰ ਕਰ ਰਹੇ ਸਨ।ਅਚਾਨਕ ਸਭ ਨੇ ਉਠ ਕੇ ਮੈਡਮ ਨੂੰ ਫਤਹਿ ਸਾਂਝੀ ਕੀਤੀ।ਨੈਤਿਕ ਗੁਣਾ ਦੀ ਸਾਂਝ ਪਾਉਂਦੇ ਹੋਏ ਉਹ ਭਾਵਪੂਰਵਕ ਲਫਜ਼ਾਂ ਵਿੱਚ ਜੀਤੇ ਨੂੰ ਆਖਣ ਲੱਗੇ ਕਿ "ਸਰ!ਇਨ੍ਹਾਂ ਨੂੰ ਮਿਲੋ ਇਹ ਹਨ ਦੀਪ ਸਰ।"ਕਹਿਣ ਲੱਗੇ ਇਹ ਪਹਿਲਾਂ ਇਸ ਕਾਲਜ ਵਿੱਚ ਪੜ੍ਹਾਇਆ ਕਰਦੇ ਸਨ ਫਿਰ ਇਹ ਕਿਸੇ ਹੋਰ ਕਾਲਜ ਵਿੱਚ ਗਏ ਚਲੇ।ਅਚਾਨਕ ਕੱਲ ਸ਼ਾਮ ਕਮੇਟੀ ਮੈਂਬਰਾਂ ਨੇ ਸਲਾਹ ਮਸ਼ਵਰਾ ਕੀਤਾ।ਮੈ ਤੁਹਾਡੇ ਹੱਕ 'ਚ ਬਥੇਰਾ ਕਿਹਾ ਕਿ ਉਸਨੂੰ ਬੁਲਾ ਲਿਆ ਹੈ ,ਪਰ ਕਮੇਟੀ ਵਿਚਲੇ ਵਰਿੰਦਰ ਸਿੰਘ ਜੋ ਕਿ ਤੁਹਾਡੇ ਹੀ ਕਾਲਜ ਦੇ ਪੁਰਾਣੇ ਵਿਦਿਆਰਥੀ ਰਹੇ ਹਨ ਨੇ ਬਹੁਤ ਜੋਰ ਪਾਇਆ ਕਿ ਦੀਪ ਨੂੰ ਹੀ ਏਥੇ ਰੱਖਿਆ ਜਾਵੇ।ਵਰਿੰਦਰ ਸਿੰਘ ਦੇ ਕਹਿਣ ਤੇ ਹੀ ਇਹ ਫੈਸਲਾ ਲਿਆ ਕਿ ਦੀਪ ਸਰ ਨੂੰ ਹੀ ਇੱਥੇ ਰੱਖਿਆ ਜਾਵੇ।ਕੁਝ ਸਮਾਂ ਘੁਸਰ ਮੁਸਰ ਹੋਈ ਤੇ ਵਿੱਕੀ ਦਾ ਦੋਸਤ ਵੀ ਆਖਣ ਲੱਗਿਆ "ਬਹੁਤ ਝਿੜਕਾਂ ਪਈਆਂ ਨੇ ਵਰਿੰਦਰ ਸਰ ਤੋਂ ਮੈਨੂੰ, ਅਖੇ! ਤੁਸੀ ਨਵਾਂ ਬੰਦਾ ਕਿਉਂ ਸੱਦਿਆ? ਕਿਸ ਦੀ ਆਗਿਆ ਤੋਂ ਉਸਨੂੰ ਬੁਲਾਇਆ?ਜੀਤੇ ਨੂੰ ਕਹਿਣ ਲੱਗਾ ਮੇਰੇ ਉਹ ਪ੍ਰਿੰਸੀਪਲ ਰਹੇ ਹਨ ਮੈ ਉਨ੍ਹਾਂ ਕੋਲੋ ਹੀ ਪੜ੍ਹਾਈ ਕੀਤੀ।ਮੈਨੂੰ ਮਾਫ ਕਰਨਾ ਮੇਰੇ ਦੋਸਤ ਅਜ ਮਜਬੂਰੀ ਹੈ।ਬਾਕੀ ਮੈਡਮ ਤੇ ਮੈਂਬਰਾਂ ਦੇ ਹੱਥ ਵਸ ਹੈ।" ਸਾਹਮਣੇ ਬੈਠਾ ਦੀਪ ਚੁਪਚਾਪ ਸੁਣ ਰਿਹਾ ਸੀ।ਜੀਤੇ ਨੇ ਉਸ ਵੱਲ ਦੇਖਦਿਆਂ ਆਖਿਆ "ਕੋਈ ਨਾ ਵੀਰ! ਤੁਸੀ ਜੁਆਇੰਨ ਕਰ ਲਵੋ।" ਇਹ ਲਫਜ਼ ਸੁਣ ਮੈਡਮ ਨੇ ਨੀਵੀ ਪਾਈ।ਉਸਨੂੰ ਕੁਝ ਸੁਝ ਨਹੀਂ ਸੀ ਰਿਹਾ ਕਿ ਉਹ ਕੀ ਕਹੇ।ਜੀਤਾ ਮੈਡਮ ਦੀਆਂ ਭਾਵਨਾਵਾਂ ਨੂੰ ਸਮਝਦਾ ਹੋਇਆ ਬੋਲਿਆ ,"ਕੋਈ ਨਾ ਮੈਡਮ! ਸ਼ਾਇਦ ਆਪਣਾ ਇਤਨਾ ਕੁ ਹੀ ਮੇਲ ਸੀ।ਹੋ ਸਕਦਾ ਮੇਰਾ ਦਾਣਾ ਪਾਣੀ ਕਿਤੇ ਹੋਰ ਹੋਵੇ।" ਬਹੁਤੀਆਂ ਗੱਲਾਂ ਨਾ ਕਹਿੰਦਾ ਹੋਇਆ ਸਭ ਨੂੰ ਸਤਿਕਾਰ ਸਹਿਤ ਫਤਹਿ ਬੁਲਾ ਉਥੋਂ ਵਿਦਾ ਹੋਇਆ।

ਦੋ ਵੱਡੇ ਭਾਰੀ ਸਮਾਨ ਨਾਲ ਭਰੇ ਝੋਲਿਆਂ ਨੂੰ ਚੁੱਕ ਕੁਲੀ ਬਣ ਉਥੋਂ ਵਾਪਸ ਤੁਰ ਗਿਆ।ਤੁਰਿਆ ਜਾ ਹੀ ਰਿਹਾ ਸੀ ਕਿ ਸਕੂਟਰ ਤੇ ਸਵਾਰ ਹੋਇਆ ਦੀਪ ਸਰ ਆ ਟੱਕਰਿਆ ਆਖਣ ਲੱਗਿਆ "ਤੁਸੀ ਖਾਲਸਾ ਕਾਲਜ ਪਤਾ ਜਰੂਰ ਕਰਨਾ, ਉਥੇ ਉਨ੍ਹਾਂ ਨੂੰ ਲੋੜ ਹੈ।ਮੈ ਉਥੋਂ ਹੀ ਆਇਆ ਹਾਂ।" ਜੀਤੇ ਦੇ ਬੋਲ ਸਨ "ਕੋਈ ਨਾ ਸਰ ਜੀ।" ਜੀਤੇ ਦੀ ਹਿੰਮਤ ਨਾ ਪਈ ਘਰ ਫੋਨ ਕਰਨ ਦੀ।ਜਦ ਘਰੋਂ ਫੋਨ ਆਇਆ ਤਾਂ ਇਤਨਾ ਹੀ ਕਹਿ ਸਕਿਆ ਕਿ "ਬੇਬੇ!ਸ਼ਾਇਦ ਏਥੇ ਆਪਣਾ ਦਾਣਾ ਪਾਣੀ ਨਹੀ ਸੀ ਲਿਖਿਆ।" ਉਸਦੇ ਮਾਂ-ਪਿਉ ਤੇ ਜੀਤੇ ਦੇ ਦਿਲ ਤੇ ਕੀ ਬੀਤੀ ਹੋਵੇਗੀ ਇਹ ਤਾਂ ਓਹੀ ਜਾਣਦਾ ਹੋਵੇਗਾ।ਉਸ ਦਿਨ ਉਹ ਦਰਬਾਰ ਸਾਹਿਬ ਰੁਕਿਆ ਤੇ ਅਰਦਾਸ ਕਰਦਾ ਰਿਹਾ ਹੋ ਕਿ ਸਕਦਾ ਮੇਰੇ ਲਈ ਕੋਈ ਵਧੀਆ ਜਗ੍ਹਾ ਹੋਵੇ।ਇਕ ਫੋਨ ਕਿਸੇ ਹੋਰ ਮੈਡਮ ਦਾ ਉਸ ਨੂੰ ਆਇਆ ਕਿ ਏਥੇ ਹੀ ਰੁਕਣਾ ਸ਼ਾਇਦ ਦੀਪ ਸਰ ਨੇ ਵੀ ਏਥੋਂ ਜਵਾਬ ਦੇ ਦਿੱਤਾ ਹੈ ਤੇ ਤੁਹਾਨੂੰ ਫਿਰ ਬੁਲਾ ਲੈਣ।ਪਰ ਕੁਝ ਸਮੇਂ ਬਾਅਦ ਹੀ ਇਹ ਪਤਾ ਲਗਿਆ ਕਿ ਨਹੀ ਉਹ ਉਥੇ ਹੀ ਰਹੇਗਾ।

ਘਰਦਿਆਂ ਦੇ ਦਿੱਤੇ ਹੌਸਲੇ ਉਸਨੂੰ ਸਾਰੀ ਉਮਰ ਨਹੀ ਭੁਲਦੇ।ਉਸਨੇ ਹਿੰਮਤ ਨਾ ਛੱਡੀ ਤੇ ਕਾਲਜਾਂ ਦੀ ਭਾਲ ਵਿੱਚ ਫਿਰ ਜੁਟ ਗਿਆ।ਇਕ ਦਿਨ ਉਨੇ ਅਖਬਾਰ 'ਚ ਭਗਤ ਪੂਰਨ ਸਿੰਘ ਦੇ ਪਿੰਡ ਕੋਲ ਨਵੇਂ ਖੁਲ੍ਹੇ ਕਾਲਜ ਬਾਰੇ ਪੜ੍ਹਿਆ।ਸੋਚਿਆ ਨਵਾਂ ਕਾਲਜ ਹੈ ਹੋ ਸਕਦਾ ਇਨ੍ਹਾਂ ਨੂੰ ਲੋੜ ਹੋਵੇ।ਚੱਕਿਆ ਝੋਲਾ ਤੇ ਤੁਰ ਪਿਆ।ਏਥੋਂ ਦੇ ਮੁਖੀ ਦਾ ਸੁਭਾਅ ਇਤਨਾ ਕੁ ਵਧੀਆ ਸੀ ਕਿ ਝੱਟ ਹੀ ਜੀਤੇ ਨੂੰ ਕਾਲਜ 'ਚ ਬੁਲਾ ਲਿਆ।ਏਥੇ ਜੀਤੇ ਵਿਚਾਰਕ ਮਤਭੇਦ ਜਰੂਰ ਹੋ ਸਕਦੇ ਪਰ ਉਹ ਆਪਣੀ ਮਸਤੀ ਚ ਅਗੇ ਵਧਦਾ ਚਲਿਆ ਗਿਆ।ਕੁਝ ਮਹੀਨੇ ਬੀਤਣ ਤੋਂ ਇਕ ਵਾਰ ਫਿਰ ਵਿੱਕੀ ਦਾ ਫੋਨ ਆਇਆ ਕਿ ਇਕ ਇੰਸਟੀਚਿਊਟ ਹੈ ਉਥੋਂ ਮੈ ਪੜਿਆ। ਤਨਖਾਹ ਵੀ ਵਧੀਆ।ਸਭ ਤਰ੍ਹਾਂ ਦੀ ਸਹੂਲਤ ਹੈ ਇਕ ਵਾਰ ਜਰੂਰ ਜਾਉ।

ਜਿੱਥੇ ਹੁਣ ਜੀਤਾ ਡਿਉਟੀ ਕਰਦਾ ਸੀਉਥੋਂ ਬਹਾਨਾ ਮਾਰ ਉਧਰ ਨੂੰ ਰਵਾਨਾ ਹੋਇਆ।ਇੰਸਟੀਚਿਊਟ ਦੇ ਪ੍ਰਿੰਸੀਪਲ ਇਤਨਾ ਕੁ ਪ੍ਰਭਾਵਿਤ ਹੋਇਆ ਤੇ ਆਖਣ ਲੱਗਿਆ ਏਥੇ ਹੀ ਰਹਿਣਾ।ਦੂਸਰੇ ਪਾਤਸ਼ਾਹ ਦੀ ਇਹ ਨਗਰੀ ਵੀ ਕਿਸੇ ਸਵਰਗ ਤੋਂ ਘੱਟ ਨਹੀ ਸੀ।ਉਹ ਦਸਿਆ ਕਰਦਾ ਸੀ ਕਿ ਜਿਸ ਦਿਨ ਮੈ ਉਥੇ ਗਿਆ ਤਾਂ ਮਨ 'ਚ ਤਾਂਘ ਉਠੀ ਕਿ ਗੁਰੂਘਰਾਂ ਦੇ ਦਰਸ਼ਨ ਕੀਤੇ ਜਾਣ।ਆਖਣ ਲੱਗਿਆ ਜ਼ੁਬਾਨੋ ਸੁਭਾਵਿਕ ਹੀ ਬੋਲ ਨਿਕਲੇ ਕਿ "ਕੀ ਪਤਾ ਏਥੇ ਕਿੰਨਾ ਚਿਰ ਰੁਕਣਾ।ਭਾਵੇਂ ਅਜ ਦਾ ਦਿਨ ਹੀ ਹੋਵੇ।" ਸ਼ਾਮ ਢਲੀ ਤੇ ਜਦੋਂ ਉਸਨੇ ਆਪਣੇ ਕਾਲਜ ਫੋਨ ਕਰਕੇ ਸਭ ਦੱਸਿਆ ਕਿ ਮੈ ਏਥੇ ਆਇਆ ਤਾਂ ਮੈਡਮ ਦੇ ਭਾਵਪੂਰਵਕ ਬੋਲ ਸਨ ਇਸ ਤਰ੍ਹਾਂ ਜਾਪਿਆ ਜਿਵੇ ਕੋਈ ਪਰਿਵਾਰ ਚੋਂ ਦੂਰ ਚਲਿਆ ਗਿਆ ਹੋਵੇ।ਫਿਰ ਹਿਰਦਾ ਵਲੂਧਰਿਆਂ ਗਿਆ।ਉਨੂ ਉਹ ਦਿਨ ਯਾਦ ਆਏ ਜਦੋਂ ਕੋਈ ਨਹੀ ਸੀ ਪੁੱਛਦਾ ਤਾਂ ਇਸੇ ਮੈਡਮ ਨੇ ਉਸਦੀਆਂ ਭਾਵਨਾਵਾਂ ਸਭ ਏਥੇ ਉਸਨੂੰ ਮੌਕਾ ਦਿੱਤਾ ਸੀ ਤੇ ਅਜ ਉਸਦਾ ਇਸ ਤਰ੍ਹਾਂ ਜਾਣਾਂ ਵੀ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਰਿਹਾ ਸੀ।ਛੇਤੀ ਹੀ ਮਨ ਬਣਾਇਆ ਕਿ ਉਹ ਉਥੇ ਨਹੀ ਰਹੇਗਾ ਤੇ ਵਾਪਸ ਜਾਵੇਗਾ।ਵਿੱਕੀ ਨਾਲ ਫੋਨ ਤੇ ਗੱਲ ਕੀਤੀ ਤੇ ਉਥੋਂ ਜਾਣ ਦਾ ਜਿਕਰ ਕੀਤਾ।ਅਗਲੀ ਸਵੇਰ ਪ੍ਰਿੰਸੀਪਲ ਨੇ ਵੀ ਬਥੇਰਾ ਯਤਨ ਕੀਤਾ ਪਰ ਉਹਦਾ ਮਨ ਬਣ ਚੁੱਕਿਆ ਸੀ।ਤਨਖਾਹ 'ਚ ਵਾਧਾ ਕਰਨ ਦੀ ਗਲ ਕਹੀ ਪਰ ਨਹੀ! ਉਹ ਜਾਣ ਦਾ ਮਨ ਬਣਾ ਚੁੱਕਿਆ ਸੀ।ਅਜੇ ਬਸ ਅੱਡੇ ਪਹੁੰਚਿਆਂ ਹੀ ਸੀ ਕਿ ਵਿੱਕੀ ਦਾ ਫੋਨ ਆਇਆ ਕਿ ਸਰ ਕਹਿੰਦੇ ਕਿ ਉਸਨੂੰ ਕਹਿ ਵਾਪਸ ਆ ਜਾਵੇ,ਵਿਚਾਰ ਕਰ ਲਵੇ,ਤਨਖ਼ਾਹ ਦੀ ਜੇ ਕੋਈ ਗੱਲ ਹੈ ਤਾਂ ਵਿਚਾਰ ਕਰ ਲਵਾਂਗੇ ਪਰ ਉਸਦੇ ਬੋਲ ਸਨ ਮੈ ਉਥੇ ਜਾ ਕਿ ਵਿਚਾਰ ਕਰਕੇ ਦੱਸਾਂਗਾ।ਵਿੱਕੀ ਆਖਣ ਲੱਗਿਆ ਅਜ ਦਾ ਦਿਨ ਤੇਰੇ ਕੋਲ ਸਮਾਂ ਹੈ ਸੋਚ ਲਵੀਂ।ਇਹ ਮੌਕਾ ਨਹੀ ਮਿਲਣਾ।ਪਰ ਇਹ ਬੋਲ ਵੀ ਉਸਨੂੰ ਰੋਕ ਨਾ ਸਕੇ।

ਬਸ ਦਾ ਸਫਰ ਕਰ ਰਿਹਾ ਸੀ ਕਿ ਉਸਨੂੰ ਕੁਝ ਯਾਦ ਆਉਣ ਲੱਗਿਆ।ਉਸਨੂੰ ਗੁਰੂ ਅੰਗਦ ਦੇਵ ਦੀ ਧਰਤੀ ਤੇ ਬਿਤਾਇਆ ਦਿਨ ਤੇ ਅਧਿਆਪਕਾਂ ਨਾਲ ਕੀਤੀਆਂ ਗੱਲਾਂ ਯਾਦ ਆਈਆਂ।ਉਸ ਸੰਸਥਾ 'ਚ ਪੜ੍ਹਾਉਂਦੇ ਅਧਿਆਪਕਾਂ ਦਸਿਆ ਕਿ ਉਹ ਵੀ ਏਥੋਂ ਹੀ ਪੜ੍ਹੇ ਹਨ।ਮੈ ਉਨ੍ਹਾਂ ਨੂੰ ਆਪਣੇ ਨਾਲ ਵਾਪਰੇ ਉਸ ਹਾਦਸੇ ਬਾਰੇ ਦੱਸਿਆ ਤਾਂ ਉਨ੍ਹਾਂ ਦੱਸਿਆ ਕਿ ਉਹ ਦੀਪ ਸਰ ਵੀ ਏਥੋਂ ਹੀ ਪੜ੍ਹਿਆ ਹੋਇਆ ਸੀ।ਰਸਤੇ 'ਚ ਜਦੋਂ ਉਸਨੂੰ ਇਹ ਦ੍ਰਿਸ਼ ਯਾਦ ਆਇਆ ਤਾਂ ਪ੍ਰਮਾਤਮਾ ਦੀ ਰਜ਼ਾ ਨੂੰ ਸਮਝਦਾ ਉਥੋਂ ਤੁਰਦਾ ਬਣਿਆ।ਦਰਅਸਲ ਉਹ ਸਮਝ ਗਿਆ ਸੀ ਕਿ ਇਹ ਓਹੀ ਵਰਿੰਦਰ ਸਿੰਘ ਨੇ ਜਿਨ੍ਹਾਂ ਨੇ ਦੀਪ ਸਰ ਨੂੰ ਦੁਬਾਰਾ ਉਸੇ ਕਾਲਜ ਵਿੱਚ ਰਹਿਣ ਦੀ ਹਦਾਇਤ ਕੀਤੀ ਸੀ ਤੇ ਵਿੱਕੀ ਦੇ ਦੋਸਤ ਨੂੰ ਵੀ ਝਿੜਕਿਆ ਸੀ।ਉਸਨੇ ਪ੍ਰਸ਼ਾਦਾ ਅੰਬਰਸਰ ਦੇ ਕਾਲਜੋ ਵੀ ਇਕ ਦਿਨ ਹੀ ਛਕਿਆ ਸੀ ਤੇ ਏਥੋਂ ਵੀ ਇਕ ਦਿਨ।ਇਕ ਦਿਨ ਦਾ ਹੋਰ ਰੁਕਣ ਲਈ ਉਸਨੂੰ ਵੀ ਕਿਹਾ ਗਿਆ ਸੀ ਕਿ ਉਥੇ ਰੁਕੇ ਤੇ ਕਿਹਾ ਏਥੇ ਵੀ ਏਹੋ ਕਿਹਾ ਗਿਆ ਸੀ ਕਿ ਇਕ ਦਿਨ ਹੋਰ ਵਿਚਾਰ ਕਰਨਾ। ਜੀਤਾ "ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ" ਪੜ੍ਹਦਾ ਹੋਇਆ ਕਾਲਜ ਨੂੰ ਤੁਰਦਾ ਬਣਿਆ।

  • ਮੁੱਖ ਪੰਨਾ : ਸੁਰਜੀਤ ਸਿੰਘ "ਦਿਲਾ ਰਾਮ" ਪੰਜਾਬੀ ਲੇਖ ਅਤੇ ਕਹਾਣੀਆਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ