Jelh Di Uh Raat (Punjabi Story) : Gurcharan Singh Sehnsra
ਜੇਲ੍ਹ ਦੀ ਉਹ ਰਾਤ (ਕਹਾਣੀ) : ਗੁਰਚਰਨ ਸਿੰਘ ਸਹਿੰਸਰਾ
19 ਜੁਲਾਈ, 1930 ਦੀ ਵਾਰਤਾ ਹੈ, ਜਿਸ ਦਿਨ ਫ਼ਕੀਰ ਚੰਦਰ ਫ਼ਾਖਰ, ਮੋਹਣ ਸਿੰਘ ਬਾਠ ਤੇ ਮੈਨੂੰ 35 ਹੋਰਨਾਂ ਰਾਜਸੀ ਕੈਦੀਆਂ ਨਾਲ਼ ਇੱਕ ਇੱਕ ਹੱਥਕੜੀ ਵਿੱਚ ਦੋ ਦੋ ਨੂੰ ਜਰੁਟ ਕਰਕੇ ਪੁਲਸ ਦੇ ਦੁੰਹ ਲਾਰੀ ਪਿੰਜਰਿਆਂ ਵਿੱਚ ਬੰਦ ਕੀਤਾ ਤੇ ਅੰਮ੍ਰਿਤਸਰ ਤੋਂ ਲਾਹੌਰ ਸੈਂਟਰਲ ਜੇਲ੍ਹ ਪੁਚਾ ਦਿੱਤਾ ਗਿਆ। ਜੇਲ੍ਹ ਫਾਟਕ ਦੀ ਖੁੱਲ੍ਹੀ ਬਾਰੀ ਨਾਲ਼ ਲਾਰੀਆਂ ਦੀਆਂ ਪਿੱਠਾਂ ਜੋੜ ਕੇ ਸਾਨੂੰ ਸਿੱਧਾ ਹੀ ਡਿਉੜ੍ਹੀ ਅੰਦਰ ਉਤਾਰ ਲਿਆ ਗਿਆ ਤੇ ਬਾਰੀਓਂ ਅੰਦਰ ਖੜੇ ਦਰਬਾਨ ਨੇ ਸਾਨੂੰ ਵਾੜੇ ਵਿੱਚ ਵੜ ਰਹੀਆਂ ਭੇਡਾਂ ਵਾਂਗ, ਲੰਘਦਿਆਂ ਨੂੰ ਮੋਢਿਆਂ 'ਤੇ ਹੱਥ ਲਾ ਲਾ ਕੇ ਗਿਣ ਲਿਆ।
ਬੜੀ ਵੱਡੀ ਡਿਉੜ੍ਹੀ ਸੀ ਜਿਸ ਨੂੰ ਵੇਖ ਕੇ ਡਰ ਲਗਦਾ ਸੀ। ਅਸੀਂ ਬਾਹਰ ਤਾਂ ਸਾਰੇ ਰਾਹ 'ਚੇ ਨਾਅਰੇ ਮਾਰਦੇ ਆਏ ਸਾਂ। ਇੱਥੋਂ ਦੇ ਜਲ-ਜਲੌ ਦਾ ਰੋਅਬ ਦਾਬ ਵੇਖਕੇ ਕੁਝ ਜਰਕਾਅ ਜਿਹਾ ਆ ਗਿਆ। ਜਦ ਸਾਡੇ ਨਾਲ਼ ਦੇ ਇੱਕ ਜਵਾਨ ਦੇ ਮੂੰਹੋਂ 'ਇਨਕਲਾਬ' ਨਿੱਕਲ਼ਿਆ ਤੇ ਅਸਾਂ ਅਜੇ 'ਜ਼ਿੰਦਾਬਾਅ' ਆਖਣਾ ਹੀ ਸੀ ਕਿ ਸਾਡੇ ਉਦਾਲ਼ੇ-ਪੁਦਾਲ਼ੇ ਹੋ ਗਏ ਵਾਰਡਰਾਂ ਦੀਆਂ ਘੁਰਕੀਆਂ ਨੇ ਸਾਨੂੰ ਠੱਪ ਕੇ ਰੱਖ ਦਿੱਤਾ। ਅਸੀਂ ਠਠੰਬਰ ਗਏ। ਥਾਣੇਦਾਰ ਤੇ ਸਿਪਾਹੀਆਂ ਨੇ, ਜਿਨ੍ਹਾਂ ਤੋਂ ਅਸੀਂ ਰਾਹ ਵਿੱਚ ਚੁੱਪ ਨਹੀਂ ਹੋਏ ਸਾਂ, ਸਾਡੇ ਵੱਲ ਇਸ ਤਰ੍ਹਾਂ ਮੁਸਕੜੀਆਂ ਵਿੱਚ ਦੇਖਿਆ, ਜਿਦਾਂ ਕਹਿ ਰਹੇ ਹੋਣ, 'ਬੱਚੂ, ਹੁਣ ਬੋਲੋ।'
ਡਿਉੜ੍ਹੀ ਦਾ ਤਾਂ ਵਾਤਾਵਰਨ ਹੀ ਬੜਾ ਭਿਆਨਕ ਤੇ ਜਾਨ-ਕੱਢਵਾਂ ਜਿਹਾ ਸੀ। ਡਿਉੜ੍ਹੀ ਵਿੱਚ, ਵਾਰਡਰਾਂ ਤੇ ਕੈਦੀਆਂ ਨਾਲ਼ ਭਰੀ ਹੋਣੀ ਹੋਣ 'ਤੇ ਵੀ ਕਬਰਾਂ ਵਰਗੀ ਚੁੱਪ ਵਰਤੀ ਹੋਈ ਸੀ। ਸਵਾਏ ਬਾਰੀ ਦੇ ਘੜੀ-ਮੁੜੀ ਖੁੱਲ੍ਹਾਂ ਤੇ ਬੰਦ ਹੋਣ ਵੇਲ਼ੇ ਜੰਦਰੇ ਦੇ ਖੁੱਲ੍ਹਣ ਮਾਰਨ ਦੀ ਅਵਾਜ਼ ਦੇ ਹੋਰ ਕੋਈ ਉੱਚੀ ਬਿੜਕ ਨਹੀਂ ਸੀ ਆਉਂਦੀ। ਦੋਵੇਂ ਫਾਟਕ ਲੁੱਕ ਨਾਲ਼ ਕਾਲ਼ੇ ਕੀਤੇ ਹੋਏ ਸਨ। ਪੰਜ ਸੱਤ ਸੁੱਕੇ ਸੜੇ ਮੋਨੇ ਵਾਰਡਰ ਮੁੱਛਾਂ ਨੂੰ ਚੋਪੜੀ ਤੇ ਢਿੱਡਾਂ ਨੂੰ ਚਮੜੇ ਦੀਆਂ ਲਿਛਕਵੀਆਂ ਨਸਵਾਰੀ ਪੇਟੀਆਂ ਕਸੀ ਮਾਰੂ ਵਹਿੜਕਿਆਂ ਵਾਂਗ ਸਰਕਾਰੀ ਰੋਅਬ ਵਿੱਚ ਨਾਸਾਂ ਫੁਲਾਈ ਸਾਡੇ ਉਦਾਲ਼ੇ ਆ ਖਲੋਤੇ ਸਨ। ਨਾਲ਼ ਦੋ ਤਿੰਨ ਪੀਲ਼ੀਆਂ ਤੇ ਕਈ ਕਾਲ਼ੀਆਂ ਪੱਗਾਂ ਤੇ ਸਲਵਾਰਾਂ ਵਾਲ਼ੇ ਕੈਦੀ ਜਮਾਂਦਾਰ ਤੇ ਨੰਬਰਦਾਰ ਲੱਕਾਂ ਨੂੰ ਵਲ੍ਹੇਟੇ ਹੋਏ ਪਰਨਿਆਂ ਉਤੋਂ ਦੀ ਕਾਲ਼ੀਆਂ ਪੇਟੀਆਂ ਲਾਈ ਫਿਰ ਰਹੇ ਸਨ, ਜਿਨ੍ਹਾਂ ਵਿੱਚ ਪਿੱਤਲ ਦੀਆਂ ਚਮਕਦੀਆਂ ਜੰਜ਼ੀਰੀਆਂ ਨਾਲ਼ ਸੀਟੀਆਂ ਟੰਗੀਆਂ ਹੋਈਆਂ ਸਨ।
ਇੱਥੋਂ ਦਾ ਦਰਬਾਨ ਅੰਮ੍ਰਿਤਸਰ ਜੇਲ੍ਹ ਦੇ ਦਰਬਾਨ ਵਾਂਗ ਕੋਈ ਟੁੱਟਾ-ਖੁੱਸਾ ਵਾਰਡਰ ਨਹੀਂ ਸੀ, ਸਗੋਂ ਇਕ ਮਰਤਬੇ ਵਾਲ਼ਾ ਸਰਦਾਰ ਸੀ, ਜਿਸ ਦੇ ਮੋਢਿਆਂ ਉੱਤੇ ਸੋਨੇ ਦੇ ਚਮਕੀਲੇ ਬਰਤਾਨਵੀਂ ਤਾਜ ਲੱਗੇ ਹੋਏ ਸਨ। ਵਰਦੀ ਹੋਰਨਾਂ ਵਾਰਡਰਾਂ ਨਾਲ਼ੋਂ ਚੰਗੀ ਸੁਥਰੀ ਤੇ ਪੱਧਰੀ ਸੀ। ਸਰੀਰੋਂ ਨਰੋਆ ਤੇ ਥਿੰਦਾ ਸੀ। ਤੇਜ਼ ਨਿੱਕਰ ਦੀ ਥਾਂ ਸਿੱਧੀ ਮੁਹਰੀ ਵਾਲ਼ੀ ਪਤਲੂਨ ਸੀ ਤੇ ਪਿੱਠ ਉਤੇ ਹਮੇਸ਼ਾਂ ਰਫਲ ਲਮਕਾਈ ਬਾਰੀਆਂ ਜਾਂ ਫਾਟਕ ਦੇ ਬੂਹੇ ਖੋਹਲਦਾ ਤੇ ਆਏ ਗਏ ਕੈਦੀਆਂ ਨੂੰ ਗਿਣਦਾ ਤੇ ਰਜਿਸਟਰੇ ਚਾੜ੍ਹਦਾ ਸੀ। ਦੋ ਹੋਰ ਚੁਸਤ ਵਰਦੀਆਂ ਵਾਲ਼ੇ ਵਾਰਡਰ ਉਸ ਦੇ ਸਹਾਇਕ ਸਨ। ਸਾਡੇ ਵਿੱਚੋਂ ਪੁਰਾਣਿਆਂ ਦਾ ਤਾਂ ਪਤਾ ਨਹੀਂ, ਪਰ ਨਵਿਆਂ ਦੇ ਦਿਲਾਂ ਉੱਤੇ ਉਸ ਅੰਗਰੇਜ਼ੀ ਰਾਜ ਦਾ ਦਬਕਾ ਬਹਿੰਦਾ ਜਾਪਿਆ, ਜਿਸ ਨੂੰ ਅਸੀਂ ਬਾਹਰ ਜਲਸਿਆਂ ਤੇ ਕਚਹਿਰੀਆਂ ਵਿੱਚ ਵੰਗਾਰਦੇ ਆਏ ਸਾਂ।
ਸਾਡੇ ਅੰਦਰ ਆਉਣ ਤੋਂ ਪਹਿਲਾਂ ਅਖ਼ਲਾਕੀ ਕੈਦੀਆਂ ਦੀਆਂ ਦੋ ਤਿੰਨ ਕਤਾਰਾਂ ਅੱਗੇ ਹੀ ਬਠਾਈਆਂ ਗਈਆਂ ਸਨ, ਜਿਨ੍ਹਾਂ ਨੂੰ ਤਿੰਨ ਮੁਛਵੱਟੇ ਵਾਰਡਰ ਹਮਕੀ ਤੁਮਕੀ ਕਰ ਰਹੇ ਸਨ। ਦੋ ਕੁ ਡੰਡਕਿਆਂ ਵਾਲ਼ੇ ਵਾਰਡਰ ਸਾਡੇ ਵੱਲ ਵੀ ਵਧੇ ਤੇ ਸਾਨੂੰ ਜੁਰਟ ਪਿੱਛੇ ਜੋੜ ਕੇ ਦੋਹਾਂ ਕਤਾਰਾਂ ਵਿੱਚ ਬਿਠਾ ਦਿੱਤਾ।
ਦਰਬਾਨ ਨੇ ਸਾਡੀ ਗਾਰਦ ਦੇ ਥਾਣੇਦਾਰ ਪਾਸੋਂ ਵਾਰੰਟ ਲੈ ਕੇ ਆਪਣੇ ਰਜਿਸਟਰ ਵਿੱਚ ਦਰਜ ਕਰਨੇ ਸ਼ੁਰੂ ਕੀਤੇ, ਨਾਲ਼ ਇੱਕ ਕੈਦੀ ਮੁਨਸ਼ੀ ਇੱਕ ਹੋਰ ਰਜਿਸਟਰ ਵਿੱਚ ਉਤਾਰ ਕਰੀ ਗਿਆ। ਰਜਿਸਟਰ-ਪੁਰੀ ਤੋਂ ਬਾਅਦ ਦਰਬਾਨ ਨੇ ਸਾਡੇ ਨਾਂ ਪੁਕਾਰ ਪੁਕਾਰ ਕੇ ਹਾਜ਼ਰੀ ਲਾਈ ਤੇ ਪੁਲਸ ਸਾਡੀਆਂ ਹੱਥਕੜੀਆਂ ਲਾਹ ਕੇ ਲੈ ਗਈ।
ਫੇਰ ਇੱਕ ਇੱਕ ਜਰੁਟ ਨੂੰ ਖਲ੍ਹਿਆਰ ਕੇ ਸਾਡੀ ਤਲਾਸ਼ੀ ਲਈ ਤੇ ਸਿਰਾਂ ਦੀਆਂ ਪੱਗਾਂ ਲੁਹਾ ਕੇ ਜੂੜੇ ਖੋਹਲ ਕੇ ਵੇਖੇ ਤੇ ਪੱਟ ਤੇ ਚੱਡੇ ਵੀ ਟੋਹੇ ਗਏ। ਇਸ ਤਰ੍ਹਾਂ ਡਿਉੜ੍ਹੀ ਵਿੱਚ ਕੋਈ ਇੱਕ ਘੰਟਾ ਲੱਗ ਗਿਆ।
ਇੱਥੋਂ ਦਰਬਾਨ ਤੋਂ ਲੈ ਕੇ ਕੈਦੀ ਨੰਬਰਦਾਰਾਂ ਤੇ ਮੁਨਸ਼ੀਆਂ ਤੱਕ ਹਰ ਇੱਕ ਦਾ ਸਾਡੇ ਨਾਲ਼ ਰਵੱਈਆ ਹਾਕਮਾਨਾਂ ਤੇ ਜਮਦੂਤਾਂ ਵਰਗਾ ਨਿਰਦਈ ਸੀ। ਓਏ, ਓ, ਤੂੰ ਤੂੰ ਤੇ ਹੋਰ ਗਾਲ੍ਹਾਂ ਦੀ ਹੀ ਬਹੁਤੀ ਵਰਤੋਂ ਹੁੰਦੀ ਸੀ।
ਅਖੀਰ ਡਿਉੜ੍ਹੀ ਦੀ ਅੰਦਰਲੀ ਬਾਰੀ ਖੁੱਲ੍ਹੀ ਤੇ ਇੱਕ ਮੁਨਸ਼ੀ ਤੇ ਦੋ ਨੰਬਰਦਾਰ ਸਾਨੂੰ ਦੋ ਦੋ ਦੀ ਕਤਾਰਾਂ ਵਿਚ ਤੋਰ ਕੇ ਅੰਦਰ ਲੈ ਗਏ। ਅੰਦਰ ਬੇਅੰਤ ਕੈਦੀ ਸਨ, ਜਿੱਧਰ ਦੇਖੋ ਕੈਦੀਆਂ ਦੀਆਂ ਦੋ ਦੋ ਜੁੜਵੀਆਂ ਕਤਾਰਾਂ ਹੱਥਾਂ ਵਿੱਚ ਲੋਹੇ ਦੇ ਬਾਟੇ ਤੇ ਮੋਢਿਆਂ ਉੱਤੇ ਗੰਢਰੀਆਂ ਜਿਹੀਆਂ ਲਮਕਾਈ ਤੁਰੀਆਂ ਜਾ ਆ ਰਹੀਆਂ ਸਨ। ਬਾਰਕਾਂ ਦੇ ਲੋਹੇ ਦੇ ਜੰਗਲੇ ਵਾਲ਼ੇ ਆਹਾਤਿਆਂ ਵਿੱਚ ਕੈਦੀ ਕੀੜਿਆਂ ਵਾਂਗ ਕੁਰਬਲ-ਕੁਰਬਲ ਕਰ ਰਹੇ ਸਨ। ਕਈਆਂ ਦੀਆਂ ਲੱਤਾਂ ਵਿੱਚ ਲਮਕ ਰਹੀਆਂ ਬੇੜੀਆਂ ਛਣਕ ਰਹੀਆਂ ਸਨ।
ਦੋ ਅਹਾਤਿਆਂ ਵਿਚਾਲੇ ਸੜਕ ਮੂਹਰੇ ਬਣੇ ਇੱਕ ਗੋਲ ਚੱਕਰ ਵਿੱਚ ਰੰਗੋਂ ਮੁਸ਼ਕੀ, ਢਿੱਡੋਂ ਗੋਗੜੀ, ਲੱਤਾਂ ਤੋਂ ਪਤਲਾ ਤੇ ਸਰੀਰੋਂ ਮੋਟਾ ਜਿਹਾ ਗੁਲਮੁੱਛਾਂ ਵਾਲ਼ਾ ਆਦਮੀ ਚਿੱਟਾ ਦੁੱਧ ਕੁੜਤਾ ਤੇ ਸਲਵਾਰ ਪਾਈ ਅਤੇ ਤੁਰਲੇਦਾਰ ਖ਼ਾਕੀ ਪੱਗ ਬੰਨੀ ਕੁਰਸੀ ਉੱਤੇ ਬੈਠਾ ਸੀ। ਜਿਸ ਬਾਰੇ ਝਬਦੇ ਹੀ ਪਤਾ ਲੱਗ ਗਿਆ ਕਿ ਉਹ ਚੀਫ ਵਾਰਡਰ ਸੀ ਤੇ ਕੈਦੀ ਲੋਕ ਉਸ ਨੂੰ 'ਬਾਬਾ' ਆਖ ਕੇ ਬੁਲਾਉਂਦੇ ਤੇ ਉਸ ਦੀਆਂ ਗੱਲਾਂ ਕਰਦੇ ਸਨ। ਦੋ ਤਿੰਨ ਵਾਰਡਰ ਪੰਜ ਸੱਤ ਕੈਦੀ ਨੰਬਰਦਾਰ ਤੇ ਤਿੰਨ ਕੁ ਮੁਨਸ਼ੀ ਉਹਦਾ ਸਟਾਫ ਸਨ। ਏਥੇ ਫੇਰ ਸਾਨੂੰ ਦੋ ਦੋ ਕਰਕੇ ਇੱਕ ਕਤਾਰਾ ਵਿੱਚ ਬਿਠਾਇਆ, ਸਾਡਾ ਨਾਂ ਪਤਾ ਤੇ ਕੈਦ ਦੀ ਮਿਆਦ ਲਿਖ ਦਿੱਤੀ ਗਏ। ਫੇਰ ਸਾਨੂੰ ਇਕੱਲੇ ਇਕੱਲੇ ਨੂੰ ਇੱਕ ਮੁੰਜ ਦੀ ਫੂਹੜੀ ਤੇ ਲੋਹੇ ਦੇ ਦੋ-ਦੋ ਬਾਟੇ ਦਿੱਤੇ ਗਏ। ਉਪਰੰਤ ਇੱਕ ਵਾਰਡਰ ਸਾਡੇ ਵੱਲ ਸਿੱਧਾ ਹੋ ਕੇ ਜ਼ੋਰ ਦੀ ਕਿੱਲ੍ਹਿਆ 'ਰਾਇਸ'।
ਸਾਨੂੰ ਕੋਈ ਪਤਾ ਨਹੀਂ ਲੱਗਾ ਕਿ ਉਸ ਨੇ ਐਨਾ ਜ਼ੋਰ ਦੀ ਬੋਲ ਕੇ ਚਾਉਲ ਕਿਉਂ ਆਖਿਆ ਹੈ, ਕਿਉਂਕਿ ਚਾਉਲਾਂ ਨੂੰ ਹੀ ਅੰਗਰੇਜ਼ੀ ਵਿੱਚ ਰਾਇਸ ਆਖੀਦਾ ਹੈ। ਜਦ ਇਸ ਅਣਸਮਝੇ ਹੁਕਮ ਉੱਤੇ ਅਸੀਂ ਹਿੱਲੇ ਹੀ ਨਾ ਤਾਂ ਇਸ ਨੂੰ ਹੁਕਮ ਅਦੂਲੀ ਸਮਝ ਕੇ ਸਾਰਾ ਸਟਾਫ, ਸਣੇ ਬਾਬੇ, ਗੁੱਸੇ ਤੇ ਹਿਰਖ ਨਾਲ਼ ਲਾਲੋ-ਲਾਲ ਹੋ ਗਿਆ।
'ਉੱਠੋ ਓਏ', ਬਾਬਾ ਸਾਡੇ ਉੱਤੇ ਦੇਆਂ ਵਾਂਗ ਗਰਜਿਆ ਤੇ ਅਸੀਂ ਉੱਠ ਕੇ ਖੜੇ ਹੋ ਗਏ। ਸਾਨੂੰ ਮੁੜ ਦੋ ਕਤਾਰਾਂ ਵਿੱਚ ਤੋਰ ਕੇ ਦੂਰ ਜਿਹੇ ਇੱਕ ਉੱਚੀਆਂ ਕੰਧਾਂ ਵਾਲ਼ੇ ਅਹਾਤੇ ਵਿੱਚ ਛੱਡ ਆਏ। ਏਥੇ ਵੀ ਗਿਣਤੀ ਤੇ ਰਸੀਦਾਂ ਦਾ ਉਹੀ ਡਰਾਮਾ ਹੋਇਆ ਤੇ ਸਾਨੂੰ ਇੱਕ ਵੱਡੀ ਸਾਰੀ ਬਾਰਕ ਦਾ ਬੂਹਾ ਖੋਲ੍ਹ ਕੇ ਅੰਦਰ ਵਾੜਿਆ ਤੇ ਜੰਦਰਾ ਮਾਰ ਦਿੱਤਾ ਗਿਆ।
ਬਾਰਕ ਅੱਗੇ ਹੀ ਬੰਦਿਆਂ ਨਾਲ ਤੂੜੀ ਪਈ ਸੀ। ਸਾਨੂੰ ਨਵੇਂ ਆਇਆਂ ਨੂੰ ਵੇਖਣ ਲਈ ਉਹ ਸਾਰੇ ਹੀ ਸਾਡੇ ਉਦਾਲ਼ੇ ਆ ਗਏ। ਸਾਰਿਆਂ ਦੇ ਚਿਹਰੇ ਸਾਡੇ ਆਉਣ ਦੀ ਖੁਸ਼ੀ ਵਿੱਚ ਮੁਸਕੜੀਆਂ ਪ੍ਰਗਟਾਉਂਦੇ ਖੁਸ਼ ਜਾਪਦੇ ਸਨ। ਵਾਕਫਾਂ ਨਾਲ਼ ਹੱਥ ਮਿਲ਼ਾਵਾ ਤੇ ਜੱਫ਼ੀਆਂ ਹੋਈਆਂ। ਬਾਕੀ ਅੰਮ੍ਰਿਤਸਰ ਰਹਿ ਗਏ ਹੋਇਆਂ ਦੀਆਂ ਸੁੱਖਾਂ ਸਾਂਦਾ ਪੁੱਛੀਆਂ ਗਈਆਂ। ਸਾਰਿਆਂ ਨੂੰ ਸਾਡੇ ਆਇਆਂ ਦਾ ਚਾਅ ਸੀ ਤੇ ਸਾਨੂੰ ਉਨ੍ਹਾਂ ਵਿੱਚ ਜਾ ਕੇ ਰਲਣ ਦਾ ਅਨੰਦ। ਇਸ ਸਵਾਗਤ ਤੇ ਪੁੱਛ ਪੁਛਾਈ ਵਿੱਚ ਕਾਫੀ ਸਮਾਂ ਲੱਗ ਗਿਆ। ਸਾਡੇ ਲਈ ਰੋਟੀ ਅੱਗੇ ਏਥੇ ਆਈ ਪਈ ਸੀ। ਰੋਟੀ ਖਾਂਦਿਆਂ ਤੇ ਗੱਲ੍ਹਾਂ ਕਰਦਿਆਂ ਕੋਈ ਹੋਰ ਅੱਧਾ ਹੋਰ ਲੰਘ ਗਿਆ।
ਅੰਗਰੇਜ਼ੀ ਰਾਜ ਸਾਨੂੰ ਕੈਦ ਕਰ ਕੇ ਬਾਹਰਲੀ ਦੁਨੀਆਂ ਤੋਂ ਉਂਝ ਹੀ ਅਲੱਗ ਕਰ ਲਿਆ ਸੀ। ਪਰ ਰਾਤ ਦੇ ਤਣ ਗਏ ਕਾਲ਼ੇ ਕੰਬਲ਼ ਨੇ ਸਾਥੋਂ ਬਾਰਕੋਂ ਬਾਹਰ ਦੀ ਕੁਦਰਤ ਵੀ ਲੁਕਾ ਲਈ। ਹੁਣ ਅਸੀਂ ਆਪਣੀ ਬੈਰਕ ਦੀ ਦੁਨੀਆਂ ਤੱਕ ਹੀ ਸੀਮਤ ਸਾਂ ਜੋ ਬਿਜਲੀ ਦੇ ਤਿੰਨ ਜਗ ਰਹੇ ਲਾਟੂਆਂ ਨਾਲ਼ ਸਾਡੇ ਅੱਗੇ ਪ੍ਰਕਾਸ਼ਮਾਨ ਸੀ।
ਇਹ ਲਾਟੂ ਬਹੁਤ ਹੀ ਮੱਧਮ ਸਨ। ਜਾਪਦਾ ਸੀ, ਕਿ ਇਹ ਕੈਦੀਆਂ ਨੂੰ ਪੜ੍ਹਨ ਲਿਖਣ ਦੀ ਸਹੂਲਤ ਦੇਣ ਵਾਸਤੇ ਨਹੀਂ ਸਨ ਲਾਏ ਗਏ, ਸਗੋਂ ਇਸ ਲਈ ਕਿ ਸਾਡੇ ਉਤੇ ਲਾਏ ਹੋਏ ਪਹਿਰੇਦਾਰ ਰਾਤ ਨੂੰ ਵੀ ਸਾਨੂੰ ਨਿਗਾਹ ਹੇਠ ਰੱਖ ਸਕਣ।
ਫਕੀਰ ਚੰਦ ਫ਼ਾਖਰ, ਮੋਹਣ ਸਿੰਘ ਬਾਠ ਤੇ ਮੈ! ਬਾਹਰ ਤੇ ਏਥੇ ਅੰਦਰ ਵੀ ਇੱਕ ਜੁਟ ਸਾਂ। ਸਾਡੇ ਰਲੇਵੇਂ ਸੰਗਰਾਮੀ ਜੀਵਨ ਨੇ ਸਾਨੂੰ ਇੱਕ ਦੂਜੇ ਦੇ ਬਹੁਤ ਨੇੜੇ ਕਰਕੇ ਆਪਸ ਦਾ ਸਨੇਹੀ ਤੇ ਹਿਤਾਇਸ਼ੀ ਬਣਾ ਦਿੱਤਾ ਹੋਇਆ ਸੀ। ਫ਼ਾਖਰ ਇਕੇਰਾਂ ਪਹਿਲਾਂ ਜੇਲ੍ਹ ਦਾ ਸਵਾਦ ਦੇਖ ਚੁੱਕਾ ਸੀ, ਪਰ ਅਸੀਂ ਦੋਵੇਂ ਨਵੇਂ ਬਟੇਰੇ ਸਾਂ। ਇਸ ਲਈ ਜੇਲ੍ਹੀ ਜੀਵਨ ਵਿੱਚ ਉਹ ਸਾਡੀ ਡੰਗੋਰੀ ਸੀ।
ਖੱਡੀਆਂ1 ਸਾਰੀਆਂ ਪਹਿਲਾਂ ਹੀ ਮੱਲੀਆਂ ਹੋਈਆਂ ਸਨ। ਸਾਨੂੰ ਸਾਰਿਆਂ ਨੂੰ ਖੱਡੀਆਂ ਵਿਚਾਲੇ ਖਾਲੀ ਪਈਆਂ ਥਾਵਾਂ 'ਤੇ ਫੁਹੜੀਆਂ ਸੁੱਟ ਕੇ ਬਿਸਤਰੇ ਲਾਉਣੇ ਪਏ। ਸਾਥੋਂ ਪਹਿਲਾਂ ਆਏ ਹੋਏ ਅੰਮ੍ਰਿਤਸਰ ਦੇ ਸਾਡੇ ਇੱਕ ਸ਼ਰਧਾਲੂ ਨੇ ਆਪਣੀ ਖੱਡੀ ਸਾਨੂੰ ਦੇ ਦਿੱਤੀ। ਜਿਸ ਉੱਤੇ ਉੱਚ ਦੇ ਪੀਰ ਵਾਂਗ ਅਸਾਂ ਮੋਹਣ ਸਿੰਘ ਬਾਠ ਦਾ ਬਿਸਤਰਾ ਲਵਾ ਦਿੱਤਾ, ਕਿਉਂਕਿ ਉਹ ਸਾਥੋਂ ਵਡੇਰਾ ਤੇ ਸਿਆਣਾ ਸੀ। ਫਾਖਰ ਤੇ ਮੈਂ ਉਸ ਦੇ ਅਲੇ-ਦੁਆਲੇ ਭੋਏਂ 'ਤੇ ਹੀ ਬਿਸਤਰੇ ਕਰ ਲਏ। ਇੱਕ ਪਹਿਲੇ ਦਿਨ ਤੇ ਦੂਜੇ ਰਾਤ ਪਈ ਹੋਣ ਕਰਕੇ ਅਜੇ ਸਾਨੂੰ ਬਾਰਕ ਦੀਆਂ ਔਖੀਆਂ ਸੌਖੀਆਂ ਥਾਵਾਂ ਦਾ ਪਤਾ ਨਹੀਂ ਸੀ ਲੱਗਾ ਤੇ ਨਾ ਹੀ ਇਸ ਦੇ ਵਾਸੀਆਂ ਦੀ ਹਾਥ ਆਈ ਸੀ।
ਜਿਵੇਂ ਤਰਕਾਲਾਂ ਵੇਲ਼ੇ ਪੰਖੇਰੂ ਆਪਣੇ ਬਿਸਰਾਮੀ ਰੁੱਖਾਂ ਉੱਤੇ ਆਪੋ ਆਪਣਾ ਸੁਖਾਲਾ ਥਾਂ ਲੱਭਣ ਤੇ ਚੁਹਲ-ਮੁਹਲ ਕਰਨ ਲਈ ਟਾਣੀਉਂ ਟਾਣੀ ਫਿਰਦੇ ਤੇ ਚੀਕ ਚਿਹਾੜਾ ਪਾਉਂਦੇ ਹਨ, ਏਸੇ ਤਰ੍ਹਾਂ ਸਾਡੀ ਬਾਰਕ ਵਿਚ ਕੈਦੀਆਂ ਦਾ ਹਾਲ ਸੀ। ਕਈ ਬਿਨਾਂ ਤਖਤਿਆਂ ਤੋਂ ਬੂਹਿਆਂ ਦੀਆਂ ਸੀਖਾਂ ਨਾਲ਼ ਲੱਗੇ ਦੂਸਰੀ ਲਾਗੇ ਦੀ ਬਾਰਕ ਵਿੱਚ ਸੀਖਾਂ ਨਾਲ਼ ਚਿੰਬੜੇ ਹੋਏ ਕੈਦੀਆਂ ਨਾਲ਼ ਗੱਲਾਂ ਕਰ ਰਹੇ ਸਨ। ਕੋਈ ਸੌਂ ਰਿਹਾ ਸੀ, ਕੋਈ ਆਪਣੇ ਬਿਸਤਰੇ ਦੀ ਰੁਲ਼ ਗਈ ਹੋਈ ਚਾਦਰ ਲੱਭ ਰਿਹਾ ਸੀ। ਕੋਈ ਬਾਹਰੋਂ ਚੁੱਕ ਕੇ ਲੈ ਆਂਦੀ ਹੋਈ ਰੋਟੀ ਖਾ ਰਿਹਾ ਸੀ। ਕਈ ਹਾਸੇ ਠੱਠੇ ਦੀ ਮਹਿਫਲ ਜਮਾਈ ਬੈਠੇ ਸਨ। ਕਈ ਖੱਡੀਆਂ ਉੱਤੇ ਉਦਾਲ਼ੇ ਦੇ ਸਾਥੀਆਂ ਨਾਲ਼ ਗੱਪਾਂ ਲੜਾ ਰਹੇ ਸਨ। ਦੋ ਤਿੰਨੀ ਥਾਈਂ ਨਿਮ੍ਹੀ ਜਿਹੀ ਰੌਸ਼ਨੀ ਵਿੱਚ ਤਾਸ਼ ਵਜ ਰਹੀ ਸੀ। ਇਸ ਸ਼ੋਰ ਸ਼ਰਾਬੇ ਵਿੱਚ ਕਈ ਚੁੱਪ ਵੱਟੀ ਆਪਣੀਆਂ ਹੋਈਆਂ ਬੀਤੀਆਂ ਉੱਤੇ ਝੂਰ ਵੀ ਰਹੇ ਸਨ।
ਅਸੀਂ ਤਿੰਨੇ ਬਿਸਤਰੇ ਲਾ ਕੇ ਛਿੰਝ ਦੇ ਲਾਕੜੀਆਂ ਵਾਂਗ ਫਿਰਨ ਨਿੱਕਲ ਤੁਰੇ ਤੇ ਬਾਰਕ ਨੂੰ ਵੇਖਣ ਚਾਖਣ ਤੇ ਵਾਕਫ਼ਾਂ ਨੂੰ ਮਿਲਣ ਮਿਲਾਉਣ ਲੱਗ ਪਏ। ਬਾਰਕ ਪੂਰੀ ਤਰ੍ਹਾਂ ਭਰੀ ਹੋਈ ਸੀ। ਸਭ ਖੱਡੀਆਂ ਤੇ ਇਨ੍ਹਾਂ ਦੇ ਵਿਚਾਲੇ ਦੀਆਂ ਥਾਵਾਂ ਉੱਤੇ ਬਿਸਤਰੇ ਲੱਗੇ ਹੋਏ ਸਨ ਅਤੇ ਕਈ ਤਾਂ ਖੱਡੀਆਂ ਖੱਡੀਆਂ ਦੇ ਪੈਰਾਂ ਵੱਲ ਲਾਂਘੇ ਦੀ ਥਾਂ ਬਿਸਤਰੇ ਵਛਾਈ ਲੇਟੇ ਹੋਏ ਸਨ। ਛਪੰਜਾ ਖੱਡੀਆਂ ਦੀਆਂ ਚਾਰ ਕਤਾਰਾਂ ਸਨ, ਜਿਸ ਦਾ ਮਤਲਬ ਬਾਰਕ ਛਪੰਜਾ ਕੈਦੀਆਂ ਵਾਸਤੇ ਸੀ, ਪਰ ਗਿਣਤੀ 121 ਦੀ ਬੰਦ ਹੋਈ ਸੀ।
ਫਿਰ ਤੁਰ ਕੇ ਆ ਕੇ ਅਸਾਂ ਬਿਸਤਰਿਆਂ ਉੱਤੇ ਬੈਠ ਕੇ ਸੋਚਿਆ ਤਾਂ ਜਾਪਿਆ ਕਿ ਡਿਉੜ੍ਹੀ ਤੋਂ ਲੈ ਕੇ ਇਸ ਖੱਡੀ ਤੱਕ ਸਾਡੇ ਨਾਲ਼ ਜੋ ਇਸ ਲਾਹੌਰ ਜੇਲ੍ਹ ਵਿੱਚ ਵਾਪਰੀ ਸੀ, ਉਹ ਅੰਮ੍ਰਿਤਸਰ ਜੇਲ੍ਹ ਨਾਲ਼ੋਂ ਕਿਤੇ ਵੱਧ ਹਾਕਮਾਨਾ, ਜ਼ਾਲਮਾਨਾ, ਕਠੋਰ ਤੇ ਡਰਾਊ ਸੀ। ਅੰਮ੍ਰਿਤਸਰ ਅਸਾਂ ਕੋਈ ਦਸ-ਪੰਦਰਾਂ ਦਿਨ ਕੱਟੇ ਸਨ। ਉੱਥੇ ਅਸੀਂ ਕੋਈ ਦੋ ਕੁ ਸੌ ਰਾਜਸੀ ਹਵਾਲਾਤੀ ਸਾਂ। ਸਾਨੂੰ ਤਾਂ ਉਹ ਜੇਲ੍ਹ ਹੀ ਮਾਲੂਮ ਨਹੀਂ ਸੀ ਹੋਈ। ਇਉਂ ਜਾਪਦਾ ਸੀ, ਜਿਵੇਂ ਸਰਕਾਰ ਦੇ ਜਵਾਈ ਹੁੰਦੇ ਸਾਂ! ਜਿੱਥੇ ਤੇ ਜਦੋਂ ਜੀ ਕਰਦਾ ਫਿਰੀਏ, ਬੈਠੀਏ, ਸੰਵੀਏ, ਲੇਟੀਏ, ਹੱਸੀਏ, ਰੋਈਏ, ਅਖ਼ਬਾਰਾਂ ਪੜ੍ਹੀਏ, ਛਾਲ਼ਾਂ ਮਾਰੀਏ, ਰਾਤ ਨੂੰ ਭਾਵੇਂ ਅੰਦਰ ਸੰਵੀਏ ਭਾਵੇਂ ਬਾਹਰ, ਜਦੋਂ ਮਰਜ਼ੀ ਆਏ ਡਿਉੜ੍ਹੀ ਜਾਈਏ, ਮੁਲਾਕਾਤਾਂ ਖੁੱਲੀਆਂ, ਕੋਈ ਰੋਕਣ ਵਾਲ਼ਾ ਨਹੀਂ, ਚਾਰੇ ਚੱਕ ਸਾਡੀ ਆਪਣੀ ਜਗੀਰ। ਜੇਲ੍ਹ ਵਾਲ਼ਿਆਂ ਦਾ ਕੰਮ ਕੇਵਲ ਡਿਉੜ੍ਹੀ ਦੇ ਬਾਹਰਲੇ ਬੂਹੇ ਨੂੰ ਪੱਕਾ ਰੱਖਣਾ, ਦੋ ਵੇਲ਼ੇ ਗਿਣਤੀ ਲੈਣੀ ਤੇ ਰੋਟੀ ਦੇਣੀ ਅਤੇ ਰਾਤ ਵੇਲ਼ੇ ਅਹਾਤਿਆਂ ਨੂੰ ਬਾਹਰੋਂ ਜੰਦਰੇ ਮਾਰਨਾ ਸੀ।
ਲਾਹੌਰ ਤਾਂ ਹਰ ਥਾਂ, ਹਰ ਵੇਲ਼ੇ ਧੌਂਸ, ਗੱਲ ਗੱਲ 'ਤੇ ਬੇਇਜ਼ਤੀ, ਤੁਰਦਿਆਂ ਗਿਣਤੀ ਦਿੰਦਿਆਂ ਦੋ-ਦੋ ਦੀਆਂ ਕਤਾਰਾਂ, ਦਿਨ ਵੇਲ਼ੇ ਹੀ ਅੰਦਰੀਂ ਬੰਦ ਹਮਕੀ ਤੁਮਕੀ ਬਹੁਤ, ਗੱਲ ਕੀ ਬਰਤਾਨਵੀਂ ਹਕੂਮਤ ਨੇ ਏਥੇ ਪੂਰੀ ਪੂਰੀ ਯਰਕਾਨਵੇ ਲਾਈ ਹੋਈ ਸੀ ਤੇ ਡਰ ਤੇ ਸਹਿਮ ਦਾ ਵਾਯੂਮੰਡਲ ਪਸਾਰਿਆ ਹੋਇਆ ਸੀ।
ਜਦ ਤੱਕ ਤਾਂ ਇੱਕ ਦੂਜੇ ਨੂੰ ਮਿਲਣ-ਮਿਲਾਉਣ ਦੇ ਵੇਖਣ-ਚਾਖਣ ਦਾ ਚਾਅ ਰਿਹਾ, ਐਨਾ ਮਾਲੂਮ ਨਹੀਂ ਹੋਇਆ, ਪਰ ਚੁੱਪ ਚਾਂ ਹੁੰਦਿਆਂ ਹੀ ਗਰਮੀ ਪਰਤੀਤ ਹੋਣ ਲਗ ਪਈ। ਉਂਝ ਤਾਂ ਡਿਉੜ੍ਹੀ ਵੜਦਿਆਂ ਹੀ ਇਸ ਦਾ ਵਾਰ ਸ਼ੁਰੂ ਹੋ ਗਿਆ ਸੀ, ਪਰ ਜਿਉਂ ਜਿਉਂ ਰਾਤ ਦੀ ਲੋਈ ਸਾਡੇ ਉੱਤੇ ਤਣਦੀ ਗਈ, ਇਹ ਵਧਦੀ ਗਈ।
ਅਜੇ ਬਰਸਾਤ ਨਹੀਂ ਸੀ ਲੱਗੀ, ਲੋਹੜੇ ਦੀ ਗਰਮੀ ਦੇ ਦਿਨ ਸਨ। ਪਰ ਉਸ ਦਿਨ ਹਵਾ ਉੱਕੀ ਹੀ ਬੰਦ ਸੀ। ਇਸ ਉੱਤੇ 121 ਬੰਦਿਆਂ ਦੀ ਹਵਾੜ ਨੇ ਬਾਰਕ ਨੂੰ ਤੰਦੂਰ ਵਾਂਗ ਤਾਅ ਛੱਡਿਆ ਸੀ। ਇੱਕ ਹੋਰ ਵਾਧਾ ਇਹ ਕਿ ਮੌਨਸੂਨ ਦੇ ਆਉਣ ਤੋਂ ਦੋ ਤਿੰਨ ਦਿਨ ਪਹਿਲਾਂ ਹਵਾ ਵਿੱਚ ਆ ਜਾਣ ਵਾਲੀ ਨਮੀ ਆਈ ਹੋਈ ਸੀ। ਇਸ ਨੇ ਗਰਮੀ ਨਾਲ਼ ਤਪ ਕੇ ਕਹਿਰ ਦਾ ਹੁੱਸੜ ਪੈਦਾ ਕਰ ਦਿੱਤਾ ਸੀ। ਸਰੀਰਾਂ ਵਿੱਚੋਂ ਮੁੜ੍ਹਕੇ ਦੀਆਂ ਧਾਰਾਂ ਸਿੰਮ ਰਹੀਆਂ ਸਨ। ਕੱਪੜਿਆਂ ਨੂੰ ਭਿੱਜਣੋਂ ਬਚਾਉਣ ਲਈ ਸਿੱਖ ਕਛਹਿਰਿਆਂ ਤੇ ਮੋਨੇ ਪਰਨਿਆਂ ਵਿੱਚ ਮੋਏ ਹੋਏ ਸਨ। ਗਰਮੀ ਐਨੀ ਅੱਤ ਮੈਂ ਆਪਣੀ ਪਿਛਲੀ ਛੋਟੀ ਜਿਹੀ ਉਮਰ ਵਿੱਚ ਕਦੇ ਨਹੀਂ ਸੀ ਵੇਖੀ। ਮੁਸਲਮ ਮਜ਼ਬਹੀ ਕਿਤਾਬਾਂ ਵਿੱਚ ਲਿਖੀ ਦੋਜ਼ਖਾਂ ਦੀ ਅਖੌਂਤੀ ਤਪਸ਼ ਬਾਰੇ ਨਿਰਾ ਪੜ੍ਹਿਆ ਹੀ ਸੀ। ਏਥੇ ਤਾਂ ਅਸੀਂ ਉਸ ਦਾ ਸਾਮਰਤੱਖ ਸ਼ਿਕਾਰ ਸਾਂ।
ਇਸ ਦੋਜ਼ਖੀ ਅੱਗ ਨੇ ਸਾਡੇ ਨਾਲ਼ ਜੇਲ੍ਹ ਦੀ ਡਿਉੜ੍ਹੀ ਤੋਂ ਲੈ ਕੇ ਇੱਥੋਂ ਤੱਕ ਆਉਂਦਿਆਂ ਹੋਇਆਂ ਸਭ ਬੇਇਜ਼ਤੀ ਭਰੇ ਯਰਕਾਊ ਸਕੂਲ ਮਾਤ ਪਾ ਦਿੱਤੇ। ਹਵਾਲਾਤਾਂ ਵਿਚ ਤਾਂ ਅਸਾਂ ਕਦੀ ਜੇਲ੍ਹ ਦੀ ਕੱਖ ਪਰਵਾਹ ਨਹੀਂ ਸੀ ਕੀਤੀ। ਪਰ 16 ਜੁਲਾਈ ਦੀ ਲਾਹੌਰ ਸੈਂਟਰਲ ਜੇਲ੍ਹ ਦੀ ਇਹ ਰਾਤ ਸਾਡੇ ਬੰਦੀਵਾਸ ਦੀ ਦਰਅਸਲ ਪਹਿਲੀ ਰਾਤ ਸੀ। ਇਸ ਰਾਤ ਅਸੀਂ ਅੱਤ ਔਖੇ ਹੋਏ। ਗਰਮੀ ਹੱਥੋਂ ਆ ਰਹੀ ਇਸ ਜਾਨ ਕੰਦਲ਼ ਨੇ ਜੇਲ੍ਹ ਆਉਣ ਦੀ ਕੁਰਬਾਨੀ ਕਰਨ ਦਾ ਸਾਡਾ, ਖਾਸਕਰ ਬਾਠ ਦਾ ਤੇ ਮੇਰਾ, ਸਾਰਾ ਜਾਅ ਅਤੇ ਗੁਮਾਨ ਮਾਰ ਦਿੱਤਾ। ਮਨ ਡੋਲਣ ਲੱਗਾ, ਝੋਰੇ ਆਉਣ ਲੱਗੇ, ਪਲੋ ਪਲੀ ਸਾਡੀ ਦੇਸ਼ ਭਗਤੀ ਦਾ ਚਾਉ ਘਟਦਾ ਤੇ ਪਛਤਾਵਾ ਭਾਰੂ ਹੁੰਦਾ ਜਾ ਰਿਹਾ ਸੀ। ਮਨ ਅੰਦਰ ਢਹਿਣ ਦੀ ਰੁਚੀ ਉੱਭਰ ਰਹੀ ਸੀ। ਇਸ ਢਾਹ ਨੂੰ ਵਾਰ-ਵਾਰ ਰੋਕਣ ਦੀ ਇੱਕੋ ਸਵਾਲ ਠੱਲ੍ਹ ਸੀ ਕਿ ਬਾਹਰ ਦੁਨੀਆਂ ਕੀ ਆਖੇਗੀ। ਤੇ ਫਿਰ ਇਕ ਦਮ ਰੋਂਦੀ ਮਾਂ ਦੀ ਤਸਵੀਰ ਮਨ ਦੀ ਸਲੇਟ ਉੱਤੇ ਆ ਖਿੱਚਦੀ ਤੇ 'ਮਾਫ਼ੀ ਨਾ ਮੰਗੀਂ' ਦਾ ਵਿਰੜ੍ਹਾ ਕੰਨਾਂ ਵਿੱਚ ਗੂੰਜ ਉੱਠਦਾ ਤੇ ਮੇਰੀ ਢਹਿ ਰਹੀ ਰੂਹ ਨੂੰ ਢਾਸਣਾ ਦੇ ਜਾਂਦਾ ਤੇ ਇਸ ਅਸਹਿ ਦੁੱਖ ਨੂੰ ਜਿਸ ਦਾ ਜੇਲ੍ਹ ਵਿੱਚ ਸਵਾਏ ਝੱਲਣ ਦੇ ਹੋਰ ਕੋਈ ਉਪਾਅ ਨਹੀਂ ਸੀ, ਸਹਾਰ ਲੈਣ ਦੀ ਸਮਰੱਥਾ ਬਖਸ਼ ਜਾਂਦਾ।
ਗਰਮੀ ਦੀ ਮਾਰ ਸਦਕਾ ਪੈਦਾ ਹੋ ਰਹੀ ਦੁਚਿੱਤੀ ਨੇ ਮੈਨੂੰ ਬੁੰਦਲਾਅ ਦਿੱਤਾ ਤੇ ਇਸ ਬੁੰਦਲਾਅ ਅੱਗੇ ਢਹਿ ਕੇ ਨੀਂਦੇ ਪੈ ਗਿਆ।
ਨੋਟ : 1. ਕੈਦੀਆਂ ਦੇ ਸੌਣ ਲਈ ਦੋ ਫੁੱਟ ਚੌੜਾ, ਢਾਈ ਫੁੱਟ ਉਚਾ ਤੇ ਛੇ ਫੁੱਟ ਲੰਮਾ ਥੜਾ। ਜੇਲ੍ਹ ਵਿੱਚ ਮੰਜੀਆਂ ਨਹੀਂ ਦਿੰਦੇ ਸਨ।
“ਗੁਰਚਰਨਿਆਂ! ਓਏ ਗੁਰਚਰਨਿਆਂ!!” ਬਾਠ ਮੈਨੂੰ ਝੰਜੋੜ ਰਿਹਾ ਸੀ।
“ਉਏ ਜੇਲ੍ਹ ਖੁੱਲ੍ਹ ਗਈ!”
ਮੈਂ ਅੱਬੜਵਾਹੀ ਉੱਠ ਕੇ ਬੈਠ ਗਿਆ। ਫ਼ਾਖਰ ਨੇ ਆਪਣਾ ਬਿਸਤਰਾ ਕੱਛੇ ਮਾਰਿਆ ਹੋਇਆ ਤੇ ਬਾਠ ਆਪਣਾ ਵਲ੍ਹੇਟ ਰਿਹਾ ਸੀ। ਮੈਂ ਵੀ ਜਾਗੋ ਮੀਣੇ ਉੱਠਿਆ, ਬਿਸਤਰਾ ਵਲ੍ਹੇਟ ਕੇ ਕੱਛੇ ਮਾਰਿਆ ਤੇ ਉਨ੍ਹਾਂ ਦੇ ਮਗਰ-ਮਗਰ ਤੁਰ ਪਿਆ। ਬਾਰਕ ਦੇ ਅੱਗੇ, ਗੱਡੀਉਂ ਉੱਤਰ ਕੇ ਫਾਟਕੋਂ ਲੰਘ ਰਹੇ ਮੁਸਾਫਰਾਂ ਵਾਂਗ, ਭੀੜ ਲੱਗੀ ਹੋਈ ਸੀ। ਇੱਕ ਵਾਰਡਰ ਬੂਹਾ ਖੋਲ੍ਹੀ ਖੜਾ ਸੀ। ਕੈਦੀ ਧੱਕੋ ਧੱਕੀ ਬਾਹਰ ਜਾ ਰਹੇ ਸਨ। ਅਸੀਂ ਵੀ ਧਕੀਂਦੇ ਬਾਹਰ ਚਲੇ ਗਏ।
ਵਿਹੜੇ ਵਿੱਚ ਤੇ ਅਹਾਤਿਉਂ ਬਾਹਰ ਵੀ ਸੀਟੀਆਂ ਵੱਜ ਰਹੀਆਂ ਸਨ ਤੇ ਕਿਧਰੇ ਹਟਵਾਂ ਗਿਰਜੇ ਘਰ ਦੇ ਘੰਟੇ ਵਾਂਗ ਟੱਲ ਖੜਕ ਰਿਹਾ ਸੀ। ਅਜੀਬ ਤਮਾਸ਼ਾ ਸੀ, ਜੋ ਬਾਠ ਤੇ ਮੈਂ ਪਹਿਲੀ ਵਾਰ ਵੇਖਿਆ।
ਬਾਹਰ ਕੁਝ ਆਰਾਮ ਸੀ। ਕੈਦੀ ਇੱਕ ਨਵੇਕਲੀ ਥਾਂ ਬਿਸਤਰੇ ਲਾਉਣ ਲੱਗ ਪਏ। ਫ਼ਾਖਰ ਨੇ, ਜੋ ਜੇਲ੍ਹਾਂ ਦੀ ਹਾਲਤ ਤੋਂ ਜਾਣੂ ਸੀ, ਸਾਨੂੰ ਆਖਿਆ :
“ਬਿਸਤਰੇ ਵਿਚਕਾਰ ਲਾਉ। ਹੁਣ ਕੁੱਟ ਪੈਣੀ ਹੈ। ਜੇ ਓਧਰੋਂ ਪੈਣ ਲੱਗੀ – ਉਸ ਅਹਾਤੇ ਦੇ ਵੱਡੇ ਫਾਟਕ ਵੱਲ ਹੱਥ ਕੀਤਾ – ਤਾਂ ਬਚ ਜਾਵਾਂਗੇ ਤੇ ਜੇ ਇੱਧਰੋਂ ਤਾਂ ਤਦ ਵੀ।” ਉਸ ਨੇ ਦੂਸਰੀ ਪਰਲੀ ਬਾਰਕ ਵੱਲ ਇਸ਼ਾਰਾ ਕੀਤਾ।
ਜਿਸ ਤਰ੍ਹਾਂ ਗੂੰਗੀ ਨੂੰ ਹਰ ਨਵੀਂ ਚੀਜ਼ ਵੇਖ ਕੇ ਹਾਸਾ ਆ ਜਾਂਦਾ ਹੈ, ਫ਼ਾਖਰ ਦੀ ਇਸ ਦਾਅ ਭਰੀ ਸਲਾਹ ਉਤੇ ਸਾਡਾ ਦੋਹਾਂ ਦਾ ਹਾਸਾ ਨਿੱਕਲ਼ ਪਿਆ ਤੇ ਅਸਾਂ ਤਿੰਨਾਂ ਨੇ ਸਭ ਦੇ ਵਿਚਕਾਰ ਬਿਸਤਰੇ ਲਾ ਲਏ।
ਬਿਸਤਰੇ ਲਾ ਕੇ ਅਸੀਂ ਮੂਰਖਾਂ ਵਾਂਗ ਇਸ ਭੌਜਲ ਉੱਤੇ ਅਜੇ ਹੱਸ ਹੀ ਰਹੇ ਸਾਂ ਕਿ ਅਹਾਤੇ ਦਾ ਬਾਹਰਲਾ ਵੱਡਾ ਫਾਟਕ ਖੁੱਲ੍ਹਾ। ਅੱਗੇ-ਅੱਗੇ ਤਿੰਨ ਚਾਰ ਤਹਿਮਤਾਂ ਵਾਲ਼ੇ ਸਿਰੋਂ ਨੰਗੇ ਆਦਮੀ ਤੇ ਪਿੱਛੇ ਵੀਹ ਵਾਰਡਰਾਂ ਦੀ ਡਾਂਗਾਂ ਫੜੀ ਧਾੜ ਦਗੜ-ਦਗੜ ਕਰਦੀ ਅੰਦਰ ਆ ਵੜੀ। ਇਹੋ ਜਿਹੀ ਇੱਕ ਹੋਰ ਧਾੜ ਅਗਲੀ ਨਾਲ਼ ਦੀ ਬੈਰਕ ਵੱਲੋਂ ਦੌੜਦੀ ਆ ਗਈ। ਬਾਅਦ ਵਿੱਚ ਪਤਾ ਲੱਗਾ ਕਿ ਤਹਿਮਤਾਂ ਵਾਲੇ ਸੁਪਰਡੰਟ, ਦਰੋਗਾ, ਨਾਇਬ ਤੇ ਡਾਕਟਰ ਸਨ। ਅੱਗੋਂ ਸਾਡੇ ਅੰਮ੍ਰਿਤਸਰੀ ਲੀਡਰ ਫੀਰੋਜ਼ਦੀਨ ਮਨਸੂਰ, ਅਮੀਰ ਚੰਦ ਗੁਪਤਾ ਤੇ ਦੋ ਕੁ ਹੋਰ ਗੁਪਤੇ ਉਨ੍ਹਾਂ ਨੂੰ ਮਿਲ਼ੇ। ਲੱਗੀ ਓਧਰੋਂ ਓਧਰੀ ਅੰਗਰੇਜ਼ੀ ਵੱਜਣ। ਸਾਡੇ ਗੁਪਤੇ ਉਨ੍ਹਾਂ ਨਾਲੋਂ ਬਹੁਤ ਬੋਲਦੇ ਸਨ।
ਹੋਰ ਵੀ ਕਾਫੀ ਬੰਦੇ ਜਾ ਉਦਾਲ਼ੇ ਹੋਏ, ਪਰ ਅਸੀਂ ਬਿਸਤਰਿਆਂ ਉਤੇ ਹੀ ਬੈਠੇ ਰਹੇ ਤੇ ਕੁਚੱਜਿਆਂ ਵਾਂਗ ਹੱਸੀ ਗਏ। ਗਰਮੀ ਵੀ ਭੁੱਲ ਗਈ ਸੀ।
“ਓਏ ਕੋਈ ਬੀਮਾਰ ਹੋ ਜਾਊ?” ਦੋ ਤਿੰਨ ਲਾਕੜੀ ਸਾਡੇ ਪਿੱਛੇ ਬੈਠਿਆਂ ਵਿੱਚੋਂ 'ਬੀਮਾਰ ਟੋਲ਼ਕੇ ਪੇਸ਼ ਕਰਨ ਲਈ ਘੁਸਰ-ਮੁਸਰ ਕਰਦੇ ਫਿਰਦੇ ਸਨ ਤੇ ਹਰ ਅੱਗੇ ਆਉਣ ਵਾਲ਼ੇ ਨੂੰ ਪੁੱਛਦੇ ਸਨ ਕਿ :
“ਤੂੰ ਹੋ ਜਾ?” ਉਸ ਦੇ ਨਾ ਮੰਨਣ 'ਤੇ ਫੇਰ ਅਗਲੇ ਨੂੰ।
“ਨਹੀਂ ਤਾਂ! ਤੂੰ ਹੀ ਹੋ ਜਾ!”
ਆਖਰ ਭਾਰਤ ਮਾਤਾ ਦਾ ਇੱਕ ਲਾਲ ਨਿੱਤਰ ਹੀ ਪਿਆ, ਜਿਸ ਨੇ ਸਾਡੀ ਪੱਤ ਰੱਖ ਲਈ।
ਉਸ ਨੂੰ ਭੋਏਂ 'ਤੇ ਲਿਟਾ ਦਿੱਤਾ ਗਿਆ। ਉਹ ਸੱਚੀਂ 'ਬੀਮਾਰ' ਬਣ ਕੇ ਕਸੀਸਾਂ ਵੱਟਦਾ ਤੇ ਢਿੱਡ ਨੂੰ ਘੁਟਦਾ 'ਹਾਏ ਮਰ ਗਿਆ, ਹਾਏ ਮਰ ਗਿਆ' ਦੀਆਂ ਲਿਲ੍ਹਾਂ ਕੱਢਣ ਲੱਗ ਪਿਆ।
ਸੁਪਰਡੰਟ ਤੇ ਡਾਕਟਰ ਨੇ ਉਸ ਨੂੰ ਆ ਕੇ ਵੇਖਿਆ ਤੇ ਹਸਪਤਾਲ ਲੈ ਜਾਣ ਦਾ ਹੁਕਮ ਦਿੱਤਾ। ਦੋ ਕੈਦੀ ਨੰਬਰਦਾਰਾਂ ਨੇ ਉਸ ਨੂੰ ਲੱਤਾਂ ਤੇ ਮੌਰਾਂ ਤੋਂ ਚੁੱਕ ਕੇ ਮੋਢਿਆਂ ਤੇ ਪਾ ਲਿਆ 'ਤੇ ਸ਼ਹਿਰਾਂ ਵਿੱਚ ਸ਼ਮਸ਼ਾਨ ਭੂਮੀ ਨੂੰ ਲਿਜਾਈ ਜਾ ਰਹੀ ਲਾਵਾਰਸ ਲਾਸ਼ ਵਾਂਗ, ਉੱਠ ਕੇ ਅਹਾਤਿਉਂ ਬਾਹਰ ਲੈ ਗਏ।
ਅਸੀਂ ਵੀ ਉੱਠ ਕੇ ਅੰਗਰੇਜ਼ੀ ਵੱਜਦੀ ਸੁਨਣ ਚਲੇ ਗਏ। ਸਾਡੇ ਪਿੜ ਪੱਲੇ ਇਹ ਪਿਆ ਕਿ ਗਰਮੀ ਖਾ ਕੇ ਇੱਕ ਬੰਦਾ ਬੀਮਾਰ ਹੋ ਗਿਆ ਸੀ। ਜਦ ਉਸ ਨੂੰ ਹਸਪਤਾਲ ਲੈ ਜਾਣ ਲਈ ਬਾਰਕ ਦਾ ਬੂਹਾ ਖੋਲ੍ਹਿਆ ਗਿਆ ਤਾਂ ਸਾਰੇ ਕੈਦੀ ਬਦੋ-ਬਦੀ ਬਾਹਰ ਨਿੱਕਲ ਪਏ। ਜਿਸ ਉਤੇ ਆਲਾਰਮ ਹੋ ਗਿਆ। ਸੀਟੀਆਂ ਤੇ ਘੜਿਆਲ ਵੱਜਣ ਲੱਗ ਪਏ। ਲਾਠੀਬੰਦ ਗਾਰਦਾਂ ਇਸ ਬਗਾਵਤ ਨੂੰ ਦਬਾਉਣ ਲਈ ਹੀ ਆਈਆਂ ਸਨ। 'ਬੀਮਾਰ' ਹਸਪਤਾਲ ਲਿਜਾਇਆ ਗਿਆ, ਅਗਲੀ ਗੱਲ ਏਥੇ ਮੁੱਕੀ ਕਿ ਅਸੀਂ ਫੇਰ ਅੰਦਰ ਜਾ ਕੇ ਬੰਦ ਹੋ ਜਾਈਏ। ਇੱਕ ਹਫਤੇ ਦੇ ਅੰਦਰ ਅੰਦਰ ਜਾਂ ਤਾਂ ਬਾਹਰ ਸੌਣ ਦੀ ਆਗਿਆ ਹੋ ਜਾਵੇਗੀ ਜਾਂ ਬਿਜਲੀ ਦੇ ਪੱਖੇ ਲਵਾ ਦਿੱਤੇ ਜਾਣਗੇ।
ਸਾਨੂੰ ਫੇਰ ਦੋਜ਼ਖੀ ਭੱਠੀ ਵਿੱਚ ਬੰਦ ਹੋਣਾ ਪਿਆ। ਘੜਿਆਲ ਵੱਜਣਾ ਬੰਦ ਹੋ ਗਿਆ। ਅੰਦਰ ਗਿਆ ਤਾਂ ਬਿਸਤਰੇ ਲਾਇਆਂ ਅਜੇ ਪੰਦਰਾਂ-ਵੀਹ ਮਿੰਟ ਹੀ ਹੋਏ ਸਨ ਕਿ ਹਨੇਰੀ ਆ ਗਈ ਤੇ ਆਈ ਵੀ ਬੜੇ ਜ਼ੋਰ ਦੀ ਚਹੁੰ ਪਾਸਿਆਂ ਦੇ ਸੀਖਾਂ ਵਾਲ਼ੇ ਦਰਾਂ ਨੂੰ ਤਖਤੇ ਨਾ ਹੋਣ ਕਰਕੇ ਹਨੇਰੀ ਦਾ ਮਿਟੀ ਘੱਟਾ ਕਿਵੇਂ ਰੁਕੇ? ਮੂੰਹ ਸਿਰ ਤੇ ਅੱਖਾਂ ਲੱਗੀਆਂ ਘੱਟੇ ਨਾਲ਼ ਭਰਨ। ਮੁੜ੍ਹਕੇ ਤੋਂ ਡਰਕੇ, ਉਤਾਰੇ ਹੋਏ ਕਪੜੇ ਮੁੜ ਪਾ ਕੇ ਮੂੰਹ ਸਿਰ ਲਪੇਟ ਲਿਆ ਗਿਆ, ਪਰ ਫੇਰ ਵੀ ਕੋਈ ਪਨਾਹ ਨਹੀਂ ਸੀ ਮਿਲ਼ ਰਹੀ। ਕੁਝ ਦੇਰ ਬਾਅਦ ਬੱਦਲ ਗੱਜਣ ਦੀ ਅਵਾਜ਼ ਆਉਣ ਲੱਗ ਪਈ ਤੇ ਪੰਦਰਾਂ-ਵੀਹਾਂ ਮਿੰਟਾਂ ਮਗਰੋਂ ਮੀਂਹ ਆ ਗਿਆ।
ਹੁਣ ਵਾਛੜ ਨੇ ਆ ਸਤਾਇਆ। ਨਾ ਇਹ ਬਹਿਣ ਦੇਵੇ ਨਾ ਪੈਣ। ਅਸੀਂ ਕੰਧਾਂ ਕੌਲਿਆਂ ਦੇ ਉਹਲੇ ਹੋ ਹੋ ਜਾਈਏ, ਜਾਂ ਬਾਰਕ ਦੇ ਦੂਸਰੇ ਬੰਨੇ ਜਾ ਖਲੋਈਏ। ਫੇਰ ਹਵਾ ਦਾ ਰੁੱਖ ਬਦਲ ਜਾਵੇ, ਵਾਛੜ ਉਧਰੋਂ ਆਉਣ ਲੱਗ ਪਏ। ਵਾਛੜ ਨੇ ਬਾਰਕ ਪਾਣੀਉਂ ਪਾਣੀ ਕਰ ਦਿੱਤੀ। ਅਖੀਰ ਮੀਂਹ ਵੀ ਜ਼ੋਰ ਲਾ ਕੇ ਹਟ ਗਿਆ। ਗਰਮੀ ਗਈ, ਠੰਡ ਆ ਗਈ, ਪਰ ਸਾਡੇ ਲਈ ਇਹ ਵੀ ਬਿਪਤਾ ਸੀ।
ਸਾਰਾ ਫਰਸ਼ ਗਿੱਲਾ ਹੋਇਆ ਪਿਆ ਸੀ। ਇਸ ਲਈ ਖੱਡੀਆਂ ਤੋਂ ਥੱਲੇ ਤਾਂ ਪਿਆ ਹੀ ਨਹੀਂ ਸੀ ਜਾ ਸਕਦਾ। ਇੱਕ ਇੱਕ ਖੱਡੀ ਉਤੇ ਦੋ-ਦੋ ਬੈਠੇ ਸਾਂ। ਇਸ ਤਰ੍ਹਾਂ ਨਾ ਆਪ ਸੌਂ ਸਕੇ ਤੇ ਨਾ ਖੱਡੀਆਂ ਵਾਲ਼ੇ। ਇੱਕ ਰਾਤ ਇਸੇ ਤਰ੍ਹਾਂ ਦੇ ਖਲਜਗਣਾਂ ਵਿੱਚ ਲੰਘ ਗਈ।
ਦਿਨ ਚੜ੍ਹਿਆ, ਗਿਣਤੀ ਵਾਲ਼ੇ ਆ ਗਏ। ਬੂਹਾ ਖੁੱਲ੍ਹਾ ਤੇ ਸਾਰਿਆਂ ਨੂੰ ਇੱਕ ਇੱਕ ਕਰਕੇ ਬਾਹਰ ਜਾਣ ਦਾ ਹੁਕਮ ਹੋਇਆ। ਦੋ ਕੈਦੀ ਨੰਬਰਦਾਰ, ਇੱਕ ਮੁਨਸ਼ੀ ਤੇ ਇੱਕ ਵਾਰਡਰ ਬੂਹੇ ਅੱਗੇ ਖੜੇ ਸਾਨੂੰ ਨਿੱਕਲ਼ਦਿਆਂ ਨੂੰ ਗਿਣੀ ਜਾਂਦੇ ਸਨ।
ਬਾਹਰ ਵਿਹੜੇ ਵਿੱਚ ਕਾਫੀ ਜਲ ਥਲ ਸੀ।
ਅਸਾਂ ਫਿਰਨਾ ਤੁਰਨਾ ਸ਼ੁਰੂ ਕਰ ਦਿੱਤਾ। ਭੌਜਲਾਂ ਭਰੀ ਰਾਤ ਸਮੇਂ ਭਿੰਨ-ਭਿੰਨ ਸਾਥੀਆਂ ਦੀਆਂ ਹਰਕਤਾਂ ਨੂੰ ਚਿਤਾਰ-ਚਿਤਾਰ ਚੰਗੀਆਂ ਨੂੰ ਵਡਿਆਰਦੇ, ਮਾੜੀਆਂ ਨੂੰ ਬੁਰਿਆਰਦੇ, ਕੁਚੱਜੀਆਂ ਤੇ ਹੱਸਦੇ ਡਿਊਟੀ ਉਤੇ ਲੱਗੇ ਸੰਤਰੀ ਵਾਂਗ ਬਾਰਕ ਦੇ ਨਾਲ਼ ਨਾਲ਼ ਐਧਰੋਂ ਓਧਰ ਤੇ ਓਧਰੋਂ ਏਧਰ ਟਹਿਲਣ ਲੱਗ ਪਏ।
ਘੰਟਾ ਕੁ ਮਗਰੋਂ ਅਹਾਤੇ ਦੇ ਵੱਡੇ ਦਰਵਾਜ਼ੇ ਦੀ ਖਿੜਕੀ ਖੁੱਲ੍ਹੀ। ਇਕ ਨੰਬਰਦਾਰ ਅੰਦਰ ਵੜਿਆ, ਝੱਟ ਖਲੋਤਾ, ਪਿਛਾਂ ਮੁੜ ਕੇ ਉਸ ਨੇ ਆਪਣਾ ਹੱਥ ਬਾਰੀ ਵਿੱਚੋਂ ਲੰਘਾਇਆ ਤੇ ਇੱਕ ਬੀਮਾਰ ਜਿਹੇ ਬੰਦੇ ਨੂੰ ਬਾਹੋਂ ਫੜ ਕੇ ਅੰਦਰ ਲਿਆਂਦਾ।
ਉਹ ਇੱਕ ਅੱਧ-ਖੜ ਮਾੜਕੂ ਜਿਹਾ, ਮਧਰਾ ਤੇ ਗੂਹੜੇ ਸਾਉਲੇ ਰੰਗ ਦਾ ਪੂਰਬੀਆ ਸੀ ਜੋ ਅੰਮ੍ਰਿਤਸਰੋਂ ਸਾਡੇ ਨਾਲ ਚਲਾਨ ਵਿੱਚ ਆਇਆ ਸੀ। ਉਸਦੀ ਅੰਮ੍ਰਿਤਸਰ ਇੱਕ ਨਿੱਕੀ ਜਿਹੀ ਪਾਨਾਂ ਦੀ ਦੁਕਾਨ ਸੀ ਤੇ ਉਹ ਪਿਕਟਿੰਗ ਵਿੱਚ ਤਿੰਨ ਮਹੀਨੇ ਕੈਦ ਹੋਇਆ।
ਉਹ ਦੋਹਾਂ ਹੱਥਾਂ ਨਾਲ ਢਿੱਡ ਘੁੱਟੀ ਮਸਾਂ ਹੀ ਤੁਰ ਰਿਹਾ ਸੀ। ਉਸਦੇ ਚਿਹਰੇ ਉੱਤੇ ਕਸੀਸਾਂ ਦੇ ਵੱਟ ਸਨ ਤੇ ਉਸਦੀ ਅੱਖਾਂ ਦੀ ਘੁੱਟ ਨੇ ਮੱਥੇ ਦੀਆਂ ਝੁਰੜੀਆਂ ਵਧੇਰੇ ਉਭਾਰ ਛੱਡੀਆਂ ਸਨ। ਜਾਪਦਾ ਸੀ, ਜਿਵੇਂ ਉਹ ਕਿਸੇ ਅਸਹਿ ਢਿੱਡ ਪੀੜ ਦਾ ਸ਼ਿਕਾਰ ਹੋਵੇ।
ਅਸੀਂ ਉਸਦੇ ਉਦਾਲ਼ੇ ਜਾ ਹੋਏ। ਉਸ ਦੀ ਹਾਲਤ ਉਤੇ ਸਾਨੂੰ ਬੜਾ ਤਰਸ ਆਇਆ। ਪਰ ਉਹ ਸਾਨੂੰ ਵੇਖਕੇ ਖੁਸ਼ ਹੋਣ ਦੀ ਥਾਂ ਅਤਿ ਕਹਿਰਵਾਨ ਹੋ ਗਿਆ। ਉਸ ਨੇ ਗੁੱਸੇ ਨਾਲ਼ ਅੱਖਾਂ ਪੁੱਟੀਆਂ ਤੇ ਕਚੀਚੀਆਂ ਵੱਟ ਕੇ ਸਾਨੂੰ ਪੈ ਗਿਆ :
“ਤੋਰੀ ਕਾਂਗਰਸ ਕੀ ਮਈਆ ਸੇ ਲਿਪਟ ਜਾਉਂ।”
“ਤੋਰੀ ਗਾਂਧੀ ਕੀ"
“ਤੋਰੀ ਸਭ ਕੀ ਮਈਆ"
“ਤੋਰੀ ਬਹਨਊਆ ਕੀ"
ਉਹ ਬਰਿਜ ਭਾਸ਼ਾ ਵਿਚ ਕਾਂਗਰਸ, ਗਾਂਧੀ ਤੇ ਸਾਨੂੰ ਵੱਡੀਆਂ ਵੱਡੀਆਂ ਗੰਦੀਆਂ ਗਾਲ੍ਹਾਂ ਕੱਢੀ ਪੈਰੋ ਪੈਰ ਵਧੇਰੇ ਲੋਹਾ ਲਾਖਾ ਹੁੰਦਾ ਗਿਆ।
ਜਦ ਸਾਡੇ ਵਿੱਚੋਂ ਕੁਝ ਚੌਧਰੀਆਂ ਨੇ ਉਸ ਨੂੰ ਚੁੱਪ ਕਰਾਉਣ ਤੇ ਦਮ-ਦਲਾਸਾ ਦੇਣ ਦੀ ਹਿੰਮਤ ਕੀਤੀ ਤਾਂ ਉਹ ਵਧੇਰੇ ਮੱਚ ਉੱਠਿਆ ਤੇ ਉਸ ਨੇ ਹੋਰ ਵਧੇਰੇ ਜ਼ੋਰ ਦੀ ਤਣੀਣਾਂ ਵੱਟ-ਵੱਟ ਬਰਿਜ ਭਾਸ਼ਾ ਦੀਆਂ ਗਾਲ਼ਾਂ ਦਾ ਇਨ-ਸਾਈਕਲੋਪੀਡੀਆ ਹੀ ਉਚਾਰਨਾ ਸ਼ੁਰੂ ਕਰ ਦਿੱਤਾ।
ਪਤਾ ਲੱਗਾ ਕਿ ਉਹ ਉਹੀ 'ਭਾਰਤ ਮਾਤਾ ਦਾ ਲਾਲ ਸੀ', ਜਿਸ ਨੇ ਝੂਠ ਮੂਠ ਬੀਮਾਰ ਬਣ ਕੇ ਸਾਨੂੰ ਸਾਰਿਆਂ ਨੂੰ ਝੂਠਾ ਹੋਣ ਤੋਂ ਬਚਾਇਆ ਸੀ। ਪਰ ਉਸ ਵਿਚਾਰੇ ਨੂੰ ਤੇ ਸਾਨੂੰ ਕੀ ਪਤਾ ਸੀ ਕਿ ਇਸ 'ਕੁਰਬਾਨੀ ਦੇ ਪੁੰਜ' ਨਾਲ ਹਸਪਤਾਲ ਜਾ ਕੇ ਕੀ ਬੀਤਣੀ ਹੈ।
ਉਨ੍ਹਾਂ ਨਾਮਾਨੀਮਾਂ ਨੇ ਉਸ ਨੂੰ ਹਸਪਤਾਲ ਲਿਜਾ ਕੇ ਬਦੋ-ਬਦੀ ਅਨੀਮਾ ਕਰਕੇ ਰੋਂਦੇ ਕੁਰਲਾਂਦੇ ਦੇ ਅੰਦਰ ਸੇਰ ਕੁ ਸਾਬਣ ਵਾਲਾ ਪਾਣੀ ਘੱਤ ਦਿੱਤਾ, ਜਿਸ ਨੇ ਨਾ ਸਿਰਫ ਉਸ ਦੀਆਂ ਆਂਦਰਾਂ ਹੀ, ਸਗੋਂ ਓਝਰੀ ਵੀ ਕੁਲੰਜ ਸੁੱਟੀ। ਮਾੜਾ ਤਾਂ ਉਹ ਪਹਿਲਾਂ ਹੀ ਸੀ, ਪਰ ਅਨੀਮੇ ਨੇ ਤਾਂ ਉਸ ਦੀ ਸਤਿਆ ਹੀ ਖਿੱਚ ਲਈ। ਇਸੇ ਦੁੱਖ ਦਾ ਮਾਰਿਆ ਉਹ ਸਾਡੇ ਨਾਲ਼ ਔਖਾ ਹੋ ਕੇ ਸਾਨੂੰ ਗਾਲ਼ਾਂ ਦੇ ਰਿਹਾ ਸੀ।
ਉਸ ਦਾ ਦੁੱਖ ਵੇਖ ਕੇ ਸਾਨੂੰ ਤਰਸ ਆ ਰਿਹਾ ਸੀ, ਗੁੱਸਾ ਵੇਖਕੇ ਹਰਖ ਤੇ ਨਵੀਂਆਂ ਨਵੀਂਆਂ ਗੱਲਾਂ ਸੁਣ ਕੇ ਹਾਸਾ।
*****
ਨੋਟ : 1. ਕੈਦੀਆਂ ਦੇ ਸੌਣ ਲਈ ਦੋ ਫੁੱਟ ਚੌੜਾ, ਢਾਈ ਫੁੱਟ ਉਚਾ ਤੇ ਛੇ ਫੁੱਟ ਲੰਮਾ ਥੜਾ। ਜੇਲ੍ਹ ਵਿੱਚ ਮੰਜੀਆਂ ਨਹੀਂ ਦਿੰਦੇ ਸਨ।