Jhando Mirasan Di Kala (Punjabi Essay) : Mohinder Singh Randhawa

ਝੰਡੋ ਮਿਰਾਸਨ ਦੀ ਕਲਾ (ਲੇਖ) : ਮਹਿੰਦਰ ਸਿੰਘ ਰੰਧਾਵਾ

ਕਾਫ਼ੀ ਚਿਰ ਤੋਂ ਮੈਂ ਆਪਣੇ ਪਿੰਡ ਦੀ ਝੰਡੋ ਮਿਰਾਸਨ ਦੀਆਂ ਅਲਾਹੁਣੀਆਂ ਰੀਕਾਰਡ ਕਰਨੀਆਂ ਚਾਹੁੰਦਾ ਸਾਂ। ਪੰਜਾਬ ਦੇ ਲਗਭਗ ਸਭ ਮਿਰਾਸੀ ਪਾਕਿਸਤਾਨ ਚਲੇ ਗਏ ਹਨ। ਝੰਡੋ ਮਿਰਾਸਨ ਵਰਗੀ ਕੋਈ ਟਾਂਵੀ ਸਬੱਬ ਨਾਲ ਇਧਰ ਬਚੀ ਹੋਈ ਹੈ। ਮੈਨੂੰ ਡਰ ਸੀ ਕਿ ਕਿਤੇ ਇਹ ਉਂਜ ਨਾ ਚਲ ਵੱਸੇ। ਪੰਜਾਬ ਦੇ ਮਿਰਾਸੀ ਬੜੇ ਗੁਣੀ ਬੰਦੇ ਸਨ। ਉਨ੍ਹਾਂ ਪਾਸ ਸਾਡਾ ਬਿਅੰਤ ਸਾਹਿਤੱਕ ਤੇ ਸਭਿਆਚਾਰਕ ਵਿਰਸਾ ਸਾਂਭਿਆ ਹੋਇਆ ਸੀ। ਰਾਗ ਰੰਗ ਤਮਾਸ਼ੇ ਨਕਲਾਂ ਆਦਿ ਦੀ ਤਾਂ ਉਨ੍ਹਾਂ ਦੀ ਇਜਾਰਾਦਾਰੀ ਸੀ। ਮੌਕਾ ਮਿਲਣ 'ਤੇ ਮੈਂ ਪਿੰਡ ਗਿਆ ਤਾਂ ਝੰਡੋ ਨੂੰ ਕੋਲ ਬਿਠਾ ਕੇ ਕੁਛ ਅਲਾਹੁਣੀਆਂ ਕਲਮਬੰਦ ਕੀਤੀਆਂ। ਬਿਨਾਂ ਟੀਕਾ ਟਿਪਣੀ ਉਹਦੇ ਮੂੰਹੋਂ ਸੁਣੀਆਂ ਪੇਸ਼ ਕਰਦਾ ਹਾਂ। ਕੁਝ ਵਿਦਵਾਨਾਂ ਵਾਂਗ ਆਪਣੇ ਪੰਡਤਾਊ ਪੁਣੇ ਦਾ ਭਾਰ ਪਾ ਕੇ ਅਸਲੀਅਤ ਦਾ ਗਲ ਘੁਟਣ ਦਾ ਯਤਨ ਨਹੀਂ ਕਰਾਂਗਾ।

ਅਲਾਹੁਣੀਆਂ ਪੰਜਾਬ ਦਾ ਮਸ਼ਹੂਰ ਕਾਵਿ ਭੇਦ ਹੈ। ਗੁਰੂ ਨਾਨਕ ਦੇਵ ਨੇ ਇਸ ਕਾਵਿ ਰੂਪ ਵਿਚ ਬਾਣੀ ਰਚ ਕੇ ਇਸ ਦੀ ਮਹੱਤਤਾ ਨੂੰ ਵਧਾਇਆ ਸੀ। ਅੱਜ ਕੱਲ੍ਹ ਆਮ ਲੋਕ ਇਨ੍ਹਾਂ ਅਲਾਹੁਣੀਆਂ ਨੂੰ ਫ਼ਾਲਤੂ ਹੀ ਸਮਝਣ ਲਗ ਪਏ ਹਨ। ਮਨੋਵਿਗਿਆਨਕ ਤੌਰ ਤੇ ਤਾਂ ਇਨ੍ਹਾਂ ਦੀ ਬਹੁਤ ਕੀਮਤ ਹੈ। ਕਵਿਤਾ ਦੇ ਗੁਣਾਂ ਦੇ ਪੱਖੋਂ ਵੀ ਮੈਂ ਇਨ੍ਹਾਂ ਨੂੰ ਅਮੀਰ ਵਿਰਸਾ ਸਮਝਦਾ ਹਾਂ। ਇਨ੍ਹਾਂ ਵਿਚ ਸਾਡੀਆਂ ਔਰਤਾਂ ਦੇ ਡੂੰਘੇ ਭਾਵ ਸਾਂਭੇ ਹੋਏ ਹਨ। ਜੁਆਨ ਜਹਾਨ ਮਨੁੱਖ ਦੀ ਮੌਤ ਸਮੇਂ ਦਾ ਸਿਆਪਾ ਕਰੜੇ ਤੋਂ ਕਰੜਾ ਦਿਲ ਰੁਆ ਦਿੰਦਾ ਹੈ।

ਪਿੰਡਾਂ ਤੇ ਸ਼ਹਿਰਾਂ ਦੀਆਂ ਅਲਾਹੁਣੀਆਂ ਵਿਚ ਫ਼ਰਕ ਹੈ। ਫੇਰ ਪੰਜਾਬ ਦੇ ਇਲਾਕੇ ਇਲਾਕੇ ਦੀਆਂ ਆਲਾਹੁਣੀਆਂ ਵਿਚ ਵੀ ਭੇਦ ਹੈ, ਪਰ ਭਾਵਨਾ ਸਭ ਵਿਚ ਇਕੋ ਕੰਮ ਕਰਦੀ ਹੈ। ਇਨ੍ਹਾਂ ਵਿਚ ਬਹੁਤ ਵੰਨਗੀਆਂ ਹਨ। ਵਡੀ ਗੱਲ ਇਹ ਹੈ ਕਿ ਮਰਨ ਵਾਲੇ ਦੀ ਉਮਰ ਨਾਲ ਇਨ੍ਹਾਂ ਦਾ ਬਹੁਤਾ ਸੰਬੰਧ ਹੈ। ਅੱਜ ਕਲ੍ਹ ਆਮ ਔਰਤਾਂ ਖ਼ਾਸ ਕਰਕੇ ਨੈਣਾਂ ਆਲਾਹੁਣੀਆਂ ਦਿੰਦੀਆਂ ਹਨ, ਪਰ ਝੰਡੋ ਦੀਆਂ ਆਲਾਹੁਣੀਆਂ ਦਾ ਸੁਰ ਤਾਲ ਵੀ ਵੱਖਰਾ ਹੈ। ਉਪੇਰੇ ਨਾਟਕ ਵਾਂਗ ਇਨ੍ਹਾਂ ਦਾ ਸੁਣਨ ਨਾਲ ਵਧੇਰੇ ਸੰਬੰਧ ਹੈ। ਝੰਡੋ ਦੀ ਤਾਨ ਵੀ ਵੱਖਰੀ ਹੈ, ਮਸ਼ਹੂਰ ਹੈ ਕਿ ਮਰਾਸੀ ਰੋਂਦਾ ਵੀ ਸੁਰ ਤਾਲ ਵਿਚ ਹੀ ਹੈ। ਕਈ ਟੋਕਕੇ ਉਹਦੇ ਆਪਣੇ ਜੋੜੇ ਹੋਏ ਹਨ। ਤੁਸੀਂ ਝੰਡੋ ਮਿਰਾਸਨ ਦੀ ਜ਼ਬਾਨੀ ਹੀ ਸੁਣੋ :

“ਮੈਂ ਆਪਣੇ ਪਿੰਡ ਬੋਦਲਾਂ ਵਿਚ ਵਧਾਵੇ ਤਰਖਾਣ ਦੀ ਭੈਣ ਦੇ ਮਾਲਕ ਮਰਨ ਵੇਲੇ ਅਲਾਹੁਣੀਆਂ ਦੇਣ ਗਈ। ਮੈਨੂੰ ਆਇਆ ਨਾ ਪਿੱਟਣਾ। ਮਿਲਕਾਂ ਤਖਾਣੀ ਨੇ ਮੇਰੇ ਮੂੰਹ 'ਤੇ ਚਪੇੜ ਕੱਢ ਮਾਰੀ। ਮੈਂ ਘਰ ਆ ਕੇ ਰੋਣ ਲਗ ਪਈ।”

“ਉਨ੍ਹੀਂ ਦਿਨੀਂ ਆਮ ਤੀਵੀਆਂ ਦੇ ਗਹਿਣੇ ਗੱਟੇ ਪਾਏ ਹੋਏ ਸਨ। ਮੈਂ ਵੀ ਗਹਿਣੀਆਂ ਨਾਲ ਲੱਦੀ ਹੁੰਦੀ ਸਾਂ। ਮੈਂ ਆਪਣੇ ਮੀਰ ਨਾਲ ਗੱਲ ਕੀਤੀ।ਉਹਨੇ ਕਿਹਾ ਸਾਡੇ ਪਿੰਡ ਦੀਆਂ ਤੀਵੀਆਂ ਬੜੀਆਂ ਹੁੰਦੜਹੇਲ ਨੇ। ਜੇ ਰੋਟੀ ਖਾਣੀ ਹੈ ਤਾਂ ਅਲਾਹੁਣਾ ਸਿਖ ਲੈ।

“ਮੈਂ ਗੁਰਦੇਈ ਨੈਨ ਤੇ ਆਪਣੀ ਸੱਸ ਉਮਰੀ ਤੋਂ ਅਲਾਹੁਣੀਆਂ ਸਿਖਣੀਆਂ ਸ਼ੁਰੂ ਕੀਤੀਆਂ। ਮੈਂ ਦੋ ਬੋਲ ਫੜਨੇ ਤੇ ਮੂੰਹ 'ਚ ਪਕਾਉਂਦੀ ਰਹਿਣਾ ਤੇ ਨਾਲੇ ਬੂਟੇ ਨੂੰ ਦੁੱਧ ਚੁੰਘਾਂਦੀ ਰਹਿਣਾ ਤੇ ਹੌਲੇ ਹੌਲੇ ਪੱਟਾਂ ’ਤੇ ਹੱਥ ਮਾਰ ਮਾਰ ਪਿੱਟਣ ਦੇ ਤਾਲ ਦੀ ਪ੍ਰਾਟੀਸ ਕਰੀ ਜਾਣੀ।ਹੁਣ ਮੇਰਾ ਏਨਾ ਪਿੱਟਣ ਦਾ ਅਭਿਆਸ ਹੋ ਗਿਆ ਹੈ ਕਿ ਵੀਹ ਮਿਰਾਸਣਾਂ ਹੋਣ ਮੈਂ ਕਿਸੇ ਦੀ ਲੰਘ ਨਹੀਂ ਲੱਵਣ ਦਿੰਦੀ। ਹੁਣ ਮੇਰੇ ਕੋਲੋਂ ਕਈ ਤੀਵੀਆਂ ਪਾਰੋ ਖ਼ੁਸ਼ੀਏ ਦੀ ਤੇ ਕਾਂਸ਼ੀ ਦੀ ਇਸ਼ਰੀ ਵੀ ਸਿਖ ਗਈਆਂ ਨੇ। ਬੁੱਢੇ ਅਲੋਂ ਸ਼ੁਰੂ ਕਰਦੀ ਹਾਂ :


ਬੁੱਢਾ ਮਰਨ ਵੇਲੇ ਅਲਾਹੁਣੀਆਂ ਪੱਟ 'ਤੇ ਹੱਥ ਮਾਰ ਕੇ ਪਿਟਣਾ ਹਾਏ; ਹਾਏ; ਸੂਬਿਆ; ਦਿੱਲੀ ਨਵਾਬ, ਤੇਰੇ ਘਰ ਘੋੜੇ ਘਰ ਪਾਖਰਾਂ ਸੂਬਿਆ ਦਿੱਲੀ ਨਵਾਬ ਤੇਰੇ ਘਰ ਲਗਾ ਦੀਵਾਨ ਜੀ ਧੀਆਂ ਦਾ ਤੂੰ ਪਰਗਨਾਂ ਨੂੰਹਾਂ ਦੀ ਜਾਗੀਰ, ਸੂਬਿਆ... ਧੀਆਂ ਪਾਵਨ ਚੂੜੇ ਨੂੰਹਾਂ ਦੇ ਗਲ ਹਾਰ ਸੂਬਿਆ ਦਿੱਲੀ ਨਵਾਬ... ਤੂੰ ਸੂਹੀਆਂ ਦਿੰਦਾ ਵੱਛੀਆਂ ਧੋਰੀ ਹੱਲੇ ਬਗ਼ੈਰ ਸੂਬਿਆ ਦਿੱਲੀ ਨਵਾਬ... ਦੂਰੋਂ ਆਏ ਮੰਗਤੇ ਸੁਣ ਕੇ ਤੇਰੀ ਸੋਅ ਸੂਬਿਆ ਦਿੱਲੀ ਨਵਾਬ... ਤੂੰ ਭੁੱਖਿਆ ਪੇਟ ਨਵਾਰਦਾ ਨੰਗਿਆਂ ਦੇਵੇਂ ਕਪੜੇ ਸੂਬਿਆ ਦਿੱਲੀ ਨਵਾਬ... ਸੱਦੋ ਤਾਂ ਜੇਠੇ ਪੁੱਤ ਨੂੰ ਗੋਡਾ ਦੇਵੇ ਆ ਸੱਦੋ ਜੇਠੀ ਨੂੰਹ ਨੂੰ ਗੋਬਰ ਚੌਂਕਾ ਲਾ ਸੂਬਿਆ ਦਿੱਲੀ ਨਵਾਬ... ਪਾਣੀ ਲਿਆਵੇ ਗੰਗ ਦਾ ਲਉ ਨਲ੍ਹਾ ਖ਼ੱਫ਼ਣ ਲਿਆਉ ਜ਼ਰੀ ਦਾ ਮੇਰੇ ਸੂਬੇ ਲਈ ਪਹਿਨਾ ਸੂਬਿਆ ਦਿੱਲੀ ਨਵਾਬ... ਮਜ਼ਲੀਂ ਮਜ਼ਲੀਂ ਲੈ ਚੱਲੇ ਹੋਰ ਵੱਡਾ ਪਰਵਾਰ ਜਾ ਉਤਾਰਿਆ ਗੰਗ ਮੈਂ ਦੱਮਾ ਦੀ ਬਲਕਾਰ ਮੋਹਾ ਪਾਵੋ ਤੋਲਵਾਂ ਸੂਬਿਆ ਦਿੱਲੀ ਨਵਾਬ... ਪੁੱਤੀ ਤਾਂ ਢਾਹਾਂ ਮਾਰੀਆਂ ਨੂੰਹਾਂ ਖਿਲਾਰੇ ਕੇਸ ਮਰ ਵੀ ਜਾਤਾ ਜੀ ਵੀ ਜਾਤਾ, ਰਾਜੇ ਦਾ ਸੁਰਗ 'ਚ ਰਾਸਾ ਸੂਬਿਆ ਦਿੱਲੀ ਨਵਾਬ ...

ਉਮਰ ਭੋਗ ਕੇ ਬੁੱਢਾ ਬੁੱਢੀ ਮਰੇ ਤਾਂ ਬੜਾ ਮਖ਼ੌਲ ਹੁੰਦਾ ਹੈ। ਕੁੜਮਣੀਆਂ ਗੁੱਡਾ ਗੁੱਡੀ ਬਣਾ ਕੇ ਲਿਆਉਂਦੀਆਂ ਹਨ। ਬੁੱਢਾ ਮਰੇ ਤਾਂ ਅਲਾਹੁਣੀਆਂ ਵਿਚ ਸੁਹਾਗ ਗਾਉਂਦੀਆਂ ਹਨ। ਜੇ ਬੁੱਢੀ ਮਰੇ ਤਾਂ ਘੋੜੀਆਂ ਗਾਈਆਂ ਜਾਂਦੀਆਂ ਹਨ। ਗੱਲ੍ਹਾਂ ਪਿੱਟਣ ਦੀ ਥਾਂ ਤੀਵੀਆਂ ਗੱਲ੍ਹਾਂ ਝਾੜਦੀਆਂ ਹਨ—ਹਲਕੀਆਂ ਹਲਕੀਆਂ ਪਟੋਕੀਆਂ ਮਾਰ ਕੇ। ਮੈਂ ਵੀ ਮਨ ਦੀਆਂ ਭੌਣੀਆਂ ਪੂਰੀਆਂ ਕਰਦੀ ਆਂ। ਕੁੜਮਣੀਆਂ ਨੂੰ ਚੋਂਦੀਆਂ ਚੋਂਦੀਆਂ ਸੁਣਾਂਦੀ ਆਂ। ਬੁੱਢੀ ਮਰੀ ਹੋਈ ਹੋਵੇ ਤਾਂ ਕਹੀ ਦਾ ਹੈ...


ਹਾਏ ਹਾਏ ਬੁੱਢੀਏ ਮੋਰਨੀਏਂ
ਬਹਿ ਜਾਹ ਮੋਠਾਂ ਦੀ ਰਾਖੀ

ਜੁਆਨ ਵੇਲੇ ਦੀਆਂ

ਹਾਏ ਹਾਏ ਸ਼ੇਰਾ ...
ਤੇਰੀ ਲੋੜ ਵਧੇਰੇ, ਖਸੇ ਲਾਣੇ ਵਾਲਾ,
ਛੱਡੇ ਡੋਲੇ ਵਾਲਾ, ਰੋਂਦਿਆਂ ਬੱਚਿਆਂ ਵਾਲਾ,
ਹਾਏ ਹਾਏ ਸ਼ੇਰਾ ਮਾਨ ਜੁਆਨੀ
ਤੇਰਾ ਕੀ ਸਲਾਹਾਂ।
ਖੱਟੀ ਨੇਕੀ ਵਾਲਾ
ਪੈਂਦੇ ਕੇਸਰ ਵਾਲਾ
ਨੀਵੀਆਂ ਚੱਸ਼ਮਾਂ ਵਾਲਾ
ਹਾਏ ਖਾਏ ਸ਼ੇਰਾ।

ਬੱਚੇ ਮਰਨ 'ਤੇ ਅਲਾਹੁਣੀਆਂ

ਲਾਲ ਹਾਏ ਹਾਏ ਲਾਲ
ਤੇਰੀ ਮਾਂ ਨਿਹਾਲ
ਤੇਰਾ ਪੇ ਨਿਹਾਲ
ਤੇਰੀ ਲੋੜ ਵਧੇਰੇ
ਲਾਲ ਹੈ ਹੈ ਲਾਲ...
ਰਖਿਆਂ ਗਹਿਣਿਆਂ ਵਾਲਾ
ਰਖਿਆਂ ਝਗਿਆਂ ਵਾਲਾ
ਤੈਨੂੰ ਮਾਰਿਆ ਮੌਤੇ
ਹਾਏ ਹਾਏ ਲਾਲ ਖਪਾਇਆ
ਹਾਏ ਹਾਏ ਘਰ ਗੁਆਇਆ
ਹਾਏ ਹਾਏ ਮਾਂ ਦਿਆ ਫੁੱਮਣਾ
ਤੂੰ ਕੀ ਖਾਧਾ ਕੀ ਖਟਿਆ
ਮਾਂ ਦਿਆ ਫੁੰਮਣਾ ...
ਤੂੰ ਕੀ ਲੈ ਗਿਆ ਨਾਲ
ਮਾਂ ਦਿਆ ਫੁੰਮਣਾ ...
ਤੂੰ ਦਿਤੀਆਂ ਸਾਈਆਂ ਵਾਲਾ
ਮੈਂ ਦਿਆ ਫੁੰਮਣਾ ...
ਮੁੜ ਗਿਆਂ ਲਾਗੀਆਂ ਵਾਲਿਆਂ
ਮਾਂ ਦਿਆ ਫੁੰਮਣਾ...
ਰੋਂਦੀ ਅੰਮੜੀ ਵਾਲਿਆ
ਮਾਂ ਦਿਆ ਫੁੰਮਣਾ...

ਇਸਤ੍ਰੀ ਮਰਨ ਵੇਲੇ

ਹੀਰੇ ਹਾਏ ਹਾਏ ਹੀਰੇ...
(ਹਿੱਕ 'ਤੇ ਦੋਹੱਥੜ ਮਾਰ ਕੇ)
ਹੀਰੇ ਮਾਨ ਜੁਆਨੀ
ਰੋਂਦਿਆਂ ਬੱਚਿਆਂ ਵਾਲੀ
ਖੁਸੇ ਲਾਣੇ ਵਾਲੀ
ਤੇਰਾ ਜਾਣ ਨਾ ਹੋਵੇ
ਤੇਰੀ ਲੋੜ ਵਧੇਰੇ
ਪਈ ਵਰਾਨੀ ਵਾਲੀ
ਰੋਂਦੇ ਲਾੜੇ ਵਾਲੀ
ਤੈਨੂੰ ਮਾਰਿਆ ਮੌਤੇ
ਹਾਏ ਹਾਏ ਲੁੱਟ ਬਹਾਲੇ

ਕੁਆਰੀ ਕੁੜੀ ਮਰਨ ਵੇਲੇ

ਨੀ ਹਾਏ ਹਾਏ ਧੀਏ
ਤੈਨੂੰ ਮਾਰਿਆ ਮੌਤੇ 
ਚੜ੍ਹੀਆਂ ਰੰਗਣਾ ਵਾਲੀ
ਰੋਂਦੀ ਅੰਮੜੀ ਵਾਲੀ
ਰੋਂਦਿਆਂ ਵੀਰਾਂ ਵਾਲੀ
ਧੀਏ ਹਾਏ ਹਾਏ ਧੀਏ...
ਧੀਏ ਮਾਂ ਦੀ ਬੱਚੀ
ਧੀਏ ਸਿਖਰੋਂ ਢੱਠੀ
ਧੀਏ ਅੱਨਖਾਧ ਗਈ
ਤੈਨੂੰ ਮਾਰਿਆ ਮੌਤੇ...

ਬੁਢੜੀ ਮਰਨ ਵੇਲੇ

ਤੈਨੂੰ ਕੀ ਹੋਇਆ ਕੀ ਹੋਇਆ
ਰਾਣੀਏ ਤੀਰਥੀਂ ਬੋਲ...ਹਾਏ ਹਾਏ...
ਤੈਨੂੰ ਕਿਧਰ ਦੀ ਮੁਹਿੰਮ ਏ
ਰਾਣੀਏ ਤੀਰਥੀਂ ਬੋਲ...
ਤੂੰ ਕਿਹੜੇ ਦਾਨ ਕਰੇਂਦੀ
ਰਾਣੀਏ ਤੀਰਥੀਂ ਬੋਲ ....
ਧੀਆਂ ਦਾ ਤੂੰ ਪਰਗਣਾ
ਨੂੰਹਾਂ ਦੀ ਤੂੰ ਜਾਗੀਰ
ਰਾਣੀਏ ਤੀਰਥੀਂ ਬੋਲ..
ਧੀਆਂ ਪਾਵੇਂ ਚੂੜੇ
ਨੂੰਹਾਂ ਦੇ ਗਲ ਹਾਰ
ਰਾਣੀਏ ਤੀਰਥੀਂ ਬੋਲ ...
ਪਾਣੀ ਲਿਆਵੇ ਗੰਗ ਦਾ
ਰਾਣੀ ਲਉ ਨਲ੍ਹਾ
ਕੱਢਣ ਲਿਆਉ ਜ਼ਰੀ ਦਾ
ਰਾਣੀ ਲਉ ਪਹਿਨਾ
ਮੰਜ਼ਲੀਂ ਮੰਜ਼ਲੀਂ ਲੈ ਚਲੇ
ਨਾਲ ਵੱਡਾ ਪਰਵਾਰ
ਰਾਣੀਏ ਤੀਰਥੀਂ ਬੋਲ
ਚੌਂਕੇ ਸੱਦਾ ਹੋਇਆ
ਮੇਰੀ ਰਾਣੀ ਲਉ ਬੁਲਾ
ਗੱਲ ਕਰੇ ਮਨ-ਭਾਉਂਦੀ
ਆਪਨੜੇ ਪਰਵਾਰ
ਰਾਣੀ ਚੂੰਡਾ ਸੱਚ ਦਾ
ਮੰਨਿਆ ਰਾਉ ਅਮੀਰ
ਰਾਉ ਅਮੀਰ ਨਾ ਜਾਈਏ
ਤੇਰੇ ਘਰ ਹੈ ਰਾਉ ਅਮੀਰ ?
ਤੇਰੇ ਖੁਲ੍ਹੇ ਤਾਂ ਧਰਮ ਦੁਆਰ ਹੈ
ਰਾਣੀਏ ਤੀਰਥੀਂ ਬੋਲ...

ਮਾਝੇ ਵਿਚ ਤਾਂ ਮਾਝੇ ਦੀਏ ਰਾਣੀਏ ਕਰ ਕੇ ਸੰਬੋਧਨ ਕਰ ਕੇ ਬੁਲਾਇਆ ਜਾਂਦਾ ਹੈ। ਮੰਜਕੀ ਦੇ ਇਲਾਕੇ ਜੁਆਨ ਇਸਤ੍ਰੀ ਨੂੰ ਬ੍ਰਹਮਾ ਦੀਏ ਰਾਣੀਏ ਕਰਕੇ ਸੰਬੋਧਨ ਕੀਤਾ ਜਾਂਦਾ ਹੈ।

ਕਿਸੇ ਕਿਸੇ ਥਾਂ ਤਾਂ ਅਸੀਂ ਉਪਰੇ ਦਿਲੋਂ ਬੋਲ ਕਰਦੀਆਂ ਰਹਿੰਦੀਆਂ ਹਾਂ ਤੇ ਕਿਸੇ ਕਿਸੇ ਥਾਂ ਏਨਾ ਮੌਤ ਵੇਲੇ ਚੀਕੇਵਟ ਪੈਂਦਾ ਕਿ ਮਰਨ ਵਾਲੇ ਦੇ ਮਾਪਿਆਂ ਦੀ ਹਾਲਤ ਦੇਖ ਕੇ ਮਿਰਾਸਣਾਂ ਨੂੰ ਵੀ ਗਸ਼ ਪੈ ਜਾਂਦਾ ਏ।

ਅੱਜ ਕਲ੍ਹ ਆਲਾਹੁਣੀਆਂ ਨੂੰ ਲੋਕੀ ਐਵੇਂ ਸਮਝਦੇ ਹਨ। ਬੱਚੇ ਜਾਂ ਜੁਆਨ ਜਹਾਨ ਦੇ ਮਰਨ ਸਮੇਂ ਇਹ ਜ਼ਰੂਰੀ ਹੋ ਜਾਂਦੀਆਂ ਹਨ। ਇਕ ਵਾਰ ਜੁਆਲੀ ਦਾ ਪਹਿਲਾ ਮੁੰਡਾ ਮਰ ਗਿਆ। ਬੜੀ ਦਲੇਰ ਔਰਤ ਸੀ। ਰੋਈ ਨਾ, ਸਮਾਂ ਘਰਦਿਆਂ ਨੂੰ ਕਹੇ, ਤੁਸੀਂ ਕਿਉਂ ਰੋਂਦੀਆਂ ਹੋ, ਜਿਹਨੇ ਪੇਟੋਂ ਜਾਇਆ ਜਾਂ ਉਹ ਨਹੀਂ ਰੋਂਦੀ। ਦੂਜੇ ਦਿਨ ਹੀ ਮੰਜੇ 'ਤੇ ਪੈ ਗਈ। ਘੜੀ ਮੁੜੀ ਦੰਦਲਾਂ ਪੈਣ। ਸ਼ਾਮ ਨੂੰ ਪੇਕਿਆਂ ਤੋਂ ਉਹਦੀ ਮਾਂ ਆਈ। ਉਹਦੇ ਗਲ ਲਗ ਕੇ ਰੋਣ ਲਗ ਪਈ। ਮੈਂ ਕਿਹਾ ਹਟਾਇਉ ਨਾ, ਰਜ ਕੇ ਰੋ ਲੈਣ ਦਿਓ। ਆਪੇ ਠੀਕ ਹੋ ਜਾਵੇਗੀ। ਓਹੋ ਗਲ ਹੋਈ।ਰੋ ਕੇ ਮਨ ਹੌਲਾ ਹੋ ਗਿਆ, ਚੰਗੀ ਭਲੀ ਹੋ ਗਈ। ਆਦਮੀ ਮਰ ਜਾਂਦਾ ਹੈ, ਤੀਵੀਆਂ ਲਈ ਰੋਣਾ ਜ਼ਰੂਰੀ ਹੁੰਦਾ ਹੈ। (ਲਓ ਸਮਝ ਲਓ ਝੰਢੋ ਤੋਂ ਕਥਾਰਸਿਜ਼ ਦਾ ਸਿਧਾਂਤ)

ਇਕ ਵਾਰ ਇਕ ਮਿਰਾਸਣ ਮੁਕਾਨ ਵਾਲੇ ਘਰ ਅਲਾਹੁਣੀਆਂ ਦੇਣ ਗਈ। ਮਿਰਾਸਣ ਦਾ ਪੁੱਤ ਘਰ ਛਡ ਕੇ ਮੁਕਾਣ ਵਾਲੇ ਘਰ ਆ ਗਿਆ। ਇਸਤ੍ਰੀਆਂ ਬੜੇ ਜੋਸ਼ ਵਿਚ ਪਿੱਟ ਰਹੀਆਂ ਸਨ। ਮਿਰਾਸਨ ਨੇ ਆਪਣੇ ਮਨ ਦੇ ਭਾਵਾਂ ਦਾ ਪ੍ਰਗਟਾ ਕਰਦਿਆਂ ਹੋਇਆਂ ਅਲਾਹੁਣੀ ਵਿਚ ਇਕ ਹੋਰ ਆਪਣੇ ਮਤਲਬ ਦੀ ਤੁਕ ਜੜ ਦਿੱਤੀ :

ਖਿੜਕੀ ਰਹਿ ਗਈ ਖੁਲੀ ਵੇ ਚੇਤੂ ਜਾ ਘਰ ਨੂੰ—
ਬਾਕੀ ਤੀਵੀਆਂ ਨੇ ਮਿਸਰੇ ਨੂੰ ਚੁਕ ਲਿਆ—
ਵੇ ਚੇਤੂ ਜਾ ਘਰ ਨੂੰ

ਕਈ ਵਾਰ ਮਿਰਾਸਣਾਂ ਅਲਾਹੁਣੀਆਂ ਵਿਚ ਵੀ ਮਨ ਪਰਚਾਵੇ ਦਾ ਢੰਗ ਲਭ ਲੈਂਦੀਆਂ ਹਨ।

ਇਕ ਮਿਰਾਸਣ ਆਪਣੀਆਂ ਜਜਮਾਨਣਾ ਦੇ ਨਾਲ ਪਿਟਣ ਗਈ। ਰਾਹ ਵਿਚ ਇਕ ਜੱਟ ਦੇ, ਛੋਲੇ ਤੋੜ ਕੇ ਖਾ ਲਏ। ਮੁਕਾਣ ਵੇਲੇ ਕਹਿਣ ਲਗੀ ਦਾਦੀ ਛੇਤੀਂ ਹਟ ਜਾਈਂ ਮੇਰੇ ਢਿੱਡ ਵਿਚ ਦਰਦ ਹੁੰਦੀ ਏ।ਮੀਰਜ਼ਾਦੀ ਨੇ ਅਲਾਹੁਣੀ ਵਿਚ ਹੀ ਹੋਰ ਫਿਕਰਾ ਜੜ ਦਿਤਾ :

ਤੇਰੇ ਢਿੱਡ ਵਿਚ ਫਿਰੇ ਗਲੂਟ
ਮਰ ਜਾਣ ਬੀਜਣ ਵਾਲੇ...

('ਪੱਤੇ ਪੱਤੇ ਗੋਬਿੰਦ ਬੈਠਾ' ਵਿੱਚੋਂ)

  • ਮੁੱਖ ਪੰਨਾ : ਮਹਿੰਦਰ ਸਿੰਘ ਰੰਧਾਵਾ : ਪੰਜਾਬੀ ਲੇਖ ਤੇ ਹੋਰ ਰਚਨਾਵਾਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ