Jhooth Bolde ? : Gurjant Takipur

ਝੂਠ ਬੋਲਦੇ ? (ਕਹਾਣੀ) : ਗੁਰਜੰਟ ਤਕੀਪੁਰ

"ਨੀ ਚੱਲੀਏ ਨੀ ਦੀਪੀ ਮੇਰੀ ਤੇ ਭਰ ਗਈ ਏ ਝੋਲੀ," "ਰੁਕ ਜਾਂ ਥੋੜ੍ਹਾ ਜਿਹਾ ਵੇਖ ਲਈਏ ਹੋਰ," ਸੜਕ ਦੇ ਕੰਢੇ ਲੱਗੇ ਕੂੜੇ ਦੇ ਢੇਰ ਚੋਂ 20-22 ਸਾਲ ਦੀਆਂ ਦੋ ਗਰੀਬ ਕੁੜੀਆਂ ਆਪਣੀ ਜ਼ਰੂਰਤ ਅਨੁਸਾਰ ਉਹ ਸਮਾਨ ਲੱਭ ਰਹੀਆਂ ਸਨ ਜੋ ਉਹਨਾਂ ਲਈ ਕੀਮਤੀ ਸੀ 'ਤੇ ਲੋਕਾਂ ਲਈ ਫਾਲਤੂ।
ਦੋਵਾਂ ਦਾ ਪੱਕੇ ਗੁੜ ਵਰਗਾ ਰੰਗ, ਤਿੱਖੇ ਨੈਣ ਨਕਸ਼ ਤੇ ਅੱਖਾਂ ਦੇ ਪਾਸੇ ਪਾਏ ਚੰਨ ਤਾਰੇ ਉਹਨਾਂ ਦੇ ਚਿਹਰਿਆਂ ਨੂੰ ਇਕ ਵੱਖਰੀ ਦਿੱਖ ਦੇ ਰਹੇ ਸਨ।
ਦੋਹਾਂ ਦੇ ਮੋਢਿਆਂ 'ਤੇ ਟੰਗੀਆਂ ਝੋਲੀਆਂ ਇੰਝ ਭਰੀਆਂ ਹੋਈਆਂ ਸਨ ਜਿਵੇਂ ਕੋਈ ਤੂੜੀ ਵਾਲਾ ਕੁੱਪ ਭਰਿਆ ਹੋਵੇ।
ਹੁਣ ਉਹਨਾਂ ਆਪਣਾ ਬਚਿਆ ਸਮਾਨ ਇਕੱਠਾ ਕੀਤਾ ਤੇ ਉੱਥੋਂ ਤੁਰ ਆਈਆਂ। ਰਸਤੇ 'ਚ ਇਕ ਘਰ ਅੱਗੇ ਬੜੀ ਚਹਿਲ ਪਹਿਲ ਵੇਖ ਉੱਥੇ ਹੀ ਰੁਕ ਗਈਆਂ, ਪੁੱਛਣ ਤੇ ਪਤਾ ਲੱਗਾ ਕਿ ਇਹਨਾਂ ਘਰ ਅਖੰਡ ਪਾਠ ਹੈ, ਕੱਲ ਨੂੰ ਆਵਾਂਗੀਆਂ ਇਹ ਸੋਚ ਕੇ ਉੱਥੋਂ ਤੁਰ ਆਈਆਂ।

ਪੂਰਬ ਵੱਲ ਸੂਰਜ ਦੀ ਟਿੱਕੀ ਚੜ ਰਹੀ ਸੀ ਕਿ ਇਹਨਾਂ ਦੀਆਂ ਝੁੱਗੀਆਂ ਵਿਚ ਕੁਝ ਹਿੱਲ ਜੁੱਲ ਹੋਈ, ਔਰਤਾਂ ਚੁੱਲੇ ਵੱਲ ਨੂੰ ਹੋਈਆਂ ਤੇ ਆਦਮੀ ਆਪਣੀਆਂ ਆਪਣੀਆਂ ਸਿਗਰਟਾਂ ਬਾਲ ਇਕ ਝੁੰਡ ਜਹੇ ਚ ਬੈਠ ਕੇ ਇਕ ਦੂਜੇ ਵੱਲ ਨੂੰ ਧੂੰਆਂ ਛੱਡਣ ਲੱਗੇ।

ਉਲਝੇ ਵਾਲਾਂ ਨੂੰ ਸੁਆਰਦੀ ਹੋਈ ਨੂਰੀ ਆਪਣੀ ਮੰਜੀ ਤੋਂ ਉੱਠੀ, ਮੂੰਹ ਹੱਥ ਧੋਤੇ ਤੇ ਨਾਲ ਹੀ ਯਾਦ ਆਇਆ ਕਿ ਅੱਜ ਤਾਂ ਅਖੰਡ ਪਾਠ ਵਾਲਿਆਂ ਦੇ ਘਰ ਜਾਣੈਂ, ਉੱਥੋਂ ਖੜੀ ਨੇ ਹੀ ਦੀਪੀ ਨੂੰ ਅਵਾਜ਼ ਮਾਰੀ, "ਨੀ ਦੀਪੀ ਆ ਜਾ ਨੀ ਚੱਲੀਏ," "ਓ ਕੋਠੀ ਵਾਲਿਆਂ ਦੇ ਘਰ," "ਆਈ ," "ਡੋਲੂ ਵੱਡਾ ਚੱਕ ਲਿਆਵੀਂ ਰੋਟੀਆਂ ਤੇ ਸਬਜ਼ੀ ਵੀ ਲੈ ਆਵਾਂਗੀਆਂ,"। ਹੁਣ ਕਾਹਲੇ ਪੈਰੀਂ ਉਹ ਦੋਵੇਂ ਉਹਨਾਂ ਦੇ ਘਰ ਵੱਲ ਨੂੰ ਤੁਰ ਪਈਆਂ, 'ਤੇ ਰਾਹ 'ਚ ਆਉਂਦੀਆਂ ਹੋਈਆਂ ਆਪਸ ਵਿੱਚ ਹੀ ਕੁਝ ਗੱਲਾਂ ਕਰਦੀਆਂ ਆ ਰਹੀਆਂ ਸਨ।

"ਨੀ ਤੈਨੂੰ ਗੱਲ ਦੱਸਾਂ ਇੱਕ," "ਹਾਂ ਬੋਲ," "ਮੈਂ ਤੇ ਕੱਲ ਉਹ ਦੁਕਾਨ ਤੋਂ ਕੋਈ ਸਮਾਨ ਲੈ ਕੇ ਆ ਰਹੀ ਸਾਂ 'ਤੇ ਰਾਹ 'ਚ ਦੋ ਕੁੜੀਆਂ ਜਹੀਆਂ ਵੇਖੀਆਂ ਪੈਂਟਾਂ ਪਾਈਆਂ ਹੋਈਆਂ ਉਹਨਾਂ ਦੇ ਮੈਂ 'ਤੇ ਉਹਨਾਂ ਦੇ ਵਾਲ ਵੇਖ ਕੇ ਹੀ ਹੈਰਾਨ ਜਹੀ ਰਹਿ ਗਈ, ਐਨੇ ਸਿੱਧੇ ਜਹੇ ਵਾਲ ਉਹਨਾਂ ਦੇ, ਸੱਚੀ ਮੈਨੂੰ ਤੇ ਬੜੇ ਸੋਹਣੇ ਲੱਗੇ, ਪਹਿਲੀ ਵਾਰ ਵੇਖੇ ਮੈਂ ਇਹੋ ਜਹੇ ਵਾਲ, ਮੈਂ ਤਾਂ ਆਪ ਫਿਰ ਘਰ ਆ ਕੇ ਕੰਘੀ ਲਈ ਤੇ ਮਾਰਨ ਲੱਗ ਪਈ ਵਾਲਾਂ 'ਚ ਕੀ ਮੈਂ ਵੀ ਉਵੇਂ ਦੇ ਹੀ ਕਰਾਂ, ਪਰ ਏ ਕੀ, ਇਕ ਵਾਰ ਦੋ ਵਾਰ ਮੈਂ 'ਤੇ ਕੋਈ ਦਸ ਵਾਰ ਕੰਘੀ ਵਾਹ ਛੱਡੀ ਵਾਲ ਉਵੇਂ ਦੇ ਉਵੇਂ ਹੀ ਟੇਢੇ ਮੇਢੇ ਜਹੇ," ਹਾ ਹਾ ਹਾ,,,,,,,,, "ਨੀ ਕੀ ਹੋ ਗਿਆ ਤੈਨੂੰ ਐਵੇਂ ਹੱਸੀ ਜਾਨੀਂ ਏਂ," "ਨੀ ਹੱਸਾਂ ਨਾ 'ਤੇ ਹੋਰ ਕੀ ਕਰਾਂ," "ਨੀ ਇੰਝ ਨੀ ਸਿੱਧੇ ਹੁੰਦੇ ਵਾਲ ਕੰਘੀ ਨਾਲ ਜਿਵੇਂ ਤੂੰ ਕਰਦੀ ਪਈ ਏਂ," "ਹੋਰ ਕਿਵੇਂ ਹੁੰਦੇ ਨੇ," "ਉਹ ਦੁਕਾਨ ਵੇਖਦੀ ਪਈ ਏਂ," "ਹਾਂ" "ਉੱਥੋਂ ਕਰਾਉਂਦੀਆਂ ਨੇ ਕੁੜੀਆਂ ਸਿੱਧੇ ਜਹੇ ਵਾਲ," 'ਤੇ ਵਾਵਾ ਸਾਰੇ ਪੈਸੇ ਲੱਗਦੇ ਨੇ," "ਇੰਝ ਨਹੀਂ ਹੁੰਦੇ," "ਅੱਛਾ,! "ਨੀ ਮੈਂ ਫੇਰ ਉਂਝ ਹੀ ਕਮਲਿਆਂ ਵਾਂਗ ਕੰਘੀ ਮਾਰਦੀ ਰਹੀ," ਦੋਵੇਂ ਹੱਸ ਪਈਆਂ।

ਉਹ ਦੋਵੇਂ ਹੁਣ ਅਖੰਡ ਪਾਠ ਵਾਲਿਆਂ ਦੇ ਘਰ ਪਹੁੰਚ ਚੁੱਕੀਆਂ ਸਨ, ਘੰਟਾ ਡੇਢ ਉਹ ਉਹਨਾਂ ਦੇ ਘਰ ਤੋਂ ਥੋੜ੍ਹੀ ਦੂਰੀ 'ਤੇ ਬੈਠੀਆਂ ਰਹੀਆਂ। ਦੀਵਾਨ ਚੱਲ ਰਹੇ ਸਨ 'ਤੇ ਲੋਕ ਆ ਜਾ ਰਹੇ ਸਨ। ਸਪੀਕਰਾਂ 'ਚੋਂ ਆਉਂਦੀ ਆਵਾਜ਼ ਉਹਨਾਂ ਨੂੰ ਸਾਫ ਸੁਣ ਰਹੀ ਸੀ। "ਭਾਈ ਸਾਡੇ ਗੁਰੂ ਸਾਹਿਬਾਨ ਜੀ ਨੇ ਏਸ ਜਾਤ ਪਾਤ ਦਾ ਪੂਰਾ ਖੰਡਨ ਕੀਤੈ," ਉਹਨਾਂ ਸਾਰਿਆਂ ਨੂੰ ਬਰਾਬਰ ਹੀ ਸਮਝਿਆ ਹੈ, ਗੁਰੂ ਨਾਨਕ ਦੇਵ ਜੀ ਨੇ ਭਾਈ ਲਾਲੋ ਦੇ ਘਰ ਆਪ ਜਾ ਕੇ ਲੰਗਰ ਛਕਿਆ ਸੀ, ਤੇ ਸਾਨੂੰ ਵੀ ਸਾਰਿਆਂ ਨੂੰ ਬਰਾਬਰ ਸਮਝਣਾ ਚਾਹੀਦਾ ਹੈ, ਕਿਸੇ ਨਾਲ ਕੋਈ ਭੇਦ ਭਾਵ ਨਹੀਂ ਕਰਨਾ ਚਾਹੀਦਾ ਚਾਹੇ ਕੋਈ ਉੱਚਾ ਹੈ ਭਾਂਵੇ ਨੀਵਾਂ। "
ਉਹ ਕੁੜੀਆਂ ਬੇਸ਼ੱਕ ਆਪਣੇ ਨਾਲ ਲਿਆਂਦੇ ਭਾਂਡੇ ਏਧਰ ਓਧਰ ਕਰ ਰਹੀਆਂ ਸਨ, ਪਰ ਇਹ ਸਾਰੀਆਂ ਗੱਲਾਂ ਉਹਨਾਂ ਨੂੰ ਵੀ ਸਾਫ ਸੁਣ ਰਹੀਆਂ ਸਨ।

ਕੁਝ ਸਮੇਂ ਬਾਅਦ ਸਮਾਪਤੀ ਦੀ ਅਰਦਾਸ ਹੋਈ ਤੇ ਪਰਿਵਾਰ ਲੰਗਰ ਵਰਤਾਉਣ ਵਾਲੇ ਪਾਸੇ ਹੋਇਆ, ਲੋਕ ਪੰਗਤ 'ਚ ਬੈਠਦੇ ਲੰਗਰ ਛਕਦੈ ਤੇ ਘਰ ਵਾਲਿਆਂ ਨੂੰ ਮਿਲ ਕੇ ਆਪਣੇ ਘਰਾਂ ਨੂੰ ਪਰਤ ਜਾਂਦੇ।
ਹੁਣ ਇਹਨਾਂ ਵੀ ਅੱਗੇ ਹੋ ਕੇ ਲੰਗਰ ਲੈਣ ਦੀ ਕੋਸ਼ਸ਼ ਕੀਤੀ, "ਓ ਕਿੱਧਰ ਮੂੰਹ ਚੱਕਿਐ, ਰੋਕ ਓਏ ਜੱਗੇ ਇਹਨਾਂ ਨੂੰ, ਸਾਲੀ ਕਤੀੜ ਅੰਦਰ ਵੜੀ ਆਉਂਦੀ ਏ, ਚਲੋ ਬਾਹਰ," ਇਹ ਬੋਲ ਘਰ ਦੇ ਮਾਲਕ ਦੇ ਸਨ, ਜੋ ਚਿੱਟਾ ਕੁੜਤਾ ਤੇ ਸੁਰਮੀਂ ਪੱਗ ਬੰਨੀ ਵਿਹੜੇ 'ਚ ਆ ਖੜਾ ਹੋਇਆ ਸੀ। "ਅਸੀਂ ਕੀ ਮੰਗਿਆ ਏ ਸਰਦਾਰਾ, ਦੋ ਰੋਟੀਆਂ ਹੀ ਨੇ ਪਾ ਛੱਡ ਤਾਂ, ਅਸੀਂ ਕੀ ਰੋਜ਼ ਆਵਦੀਆਂ ਏਥੇ," "ਬਹੁਤੀ ਜ਼ਬਾਨ ਨਾ ਚਲਾ ਮੇਰੇ ਨਾਲ, ਕੁਝ ਲੈ ਤੇ ਤੁਰਦੀਆਂ ਬਣੋਂ ਏਥੋਂ, ਮੇਰੇ ਨਾਲ ਮੱਥਾ ਲਾਉਂਦੀਆਂ ਨੇ, ਥੋਡੇ ਵਰਗੀਆਂ ਦਸ ਕੱਢਤੀਆਂ ਥੱ,,,,, ਗੱਲਾਂ ਮਾਰਦੀਆਂ ਇਹ। "
ਸਰਦਾਰ ਨੇ ਮੂੰਹ 'ਚ ਗੁੱਸੇ ਭਰੇ ਸ਼ਬਦ ਦੋ ਹੋਰ ਬੋਲੇ 'ਤੇ ਕੋਲ ਖੜੇ ਮੁੰਡੇ ਨੂੰ ਥੋੜੀ ਦਾਲ ਰੋਟੀ ਪਾਉਣ ਲਈ ਕਹਿ ਦਿੱਤਾ।

ਉਹ ਕੁੜੀਆਂ ਲੰਗਰ ਲੈਂਦੀਆਂ ਸੋਚ ਰਹੀਆਂ ਸਨ ਕਿ, ਏਨੀ ਵੱਡੀ ਕੋਠੀ ਦਾ ਮਾਲਕ ਏ, ਤੇ ਦਿਲ ਏਨਾ ਛੋਟਾ ਕ ਸੂ। ਉਹ ਦੋਵੇਂ ਆਪਣਾ ਸਮਾਨ ਲੈ ਉੱਥੋਂ ਤੁਰ ਆਈਆਂ, ਨੂਰੀ ਦੀਪੀ ਨੂੰ ਪੁੱਛਦੀ ਹੋਈ, " ਨੀ ਸਪੀਕਰ 'ਚ ਤਾਂ ਉਹਨਾਂ ਦਾ ਬਾਬਾ ਏ ਕਹਿੰਦਾ ਪਿਆ ਸੀ, ਕਿ ਕੋਈ ਉੱਚਾ ਨੀਵਾਂ ਨਹੀਂ ਹੁੰਦਾ, ਸਾਰੇ ਬਰਾਬਰ ਹੁੰਦੇ ਨੇ," "ਨੀ ਇਹ ਸਭ ਕਹਿਣ ਦੀਆਂ ਗੱਲਾਂ ਨੇ, ਏਥੇ ਇਨਸਾਨ ਨਹੀਂ ਅਮੀਰੀ ਵੇਖੀ ਜਾਂਦੀ ਆ, 'ਤੇ ਦਿਲ ਨਹੀਂ ਰੰਗ ਵੇਖਿਆ ਜਾਂਦਾ ਈ, ਤੇਰੇ ਮੇਰੇ ਵਰਗੇ ਨੂੰ 'ਤੇ ਕਿਸੇ ਸਾਂਝੀ ਥਾਂ 'ਤੇ ਨਹੀਂ ਬੈਠਣ ਦਿੱਤਾ ਜਾਂਦਾ, 'ਤੇ ਘਰ 'ਤੇ ਬੜੀ ਦੂਰ ਦੀ ਗੱਲ ਈ। "

"ਨੀ ਫਿਰ ਉਹਨਾਂ ਦਾ ਬਾਬਾ ਝੂਠ ਬੋਲਦਾ ਸੀ ?"
"ਝੂਠ ਹੀ ਬੋਲਦੇ ਹੋਣੇ, ਵੇਖਿਆ ਨੀ ਕਿਵੇਂ ਸਾਨੂੰ ਧੱਕੇ ਮਾਰ ਕੇ ਬਾਹਰ ਕੱਢਦੇ ਪਏ ਸਨ। "
ਦੋਵਾਂ ਦੇ ਦਿਲਾਂ ਅੰਦਰ ਇਕ ਲੀਕ ਜਹੀ ਖਿੱਚ ਹੋ ਗਈ 'ਤੇ ਨਾਲ ਹੀ ਆਸੇ ਪਾਸੇ ਆ ਕੇ ਕਿਤੇ ਨਫ਼ਰਤ ਵੀ ਬੈਠ ਗਈ।
ਪਤਾ ਨਹੀਂ ਕੋਠੀ ਵਾਲਿਆਂ ਨੂੰ ਲੈ ਕੇ ਜਾਂ ਸਪੀਕਰ 'ਚੋਂ ਬੋਲਦੇ ਬਾਬੇ ਬਾਰੇ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਗੁਰਜੰਟ ਤਕੀਪੁਰ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ