Jhooth Bolan 'Ch Sharam Kahdi ? : K.L. Garg

ਝੂਠ ਬੋਲਣ ‘ਚ ਸ਼ਰਮ ਕਾਹਦੀ ? (ਵਿਅੰਗ) : ਕੇ.ਐਲ. ਗਰਗ

ਅਸੀਂ ਆਪਣੇ ਇੱਕ ਪੁਰਾਣੇ ਜਮਾਤੀ ਨੂੰ ਖਿੱਝ ਕੇ ਪੁੱਛਿਆ, ”ਭਾਈ ਚੰਦੂ ਲਾਲ, ਤੈਨੂੰ ਪੈਰ ਪੈਰ ‘ਤੇ ਝੂਠ ਬੋਲਦਿਆਂ ਸ਼ਰਮ ਮਹਿਸੂਸ ਨਹੀਂ ਹੁੰਦੀ? ਸ਼ਰਮ ਆਉਂਦੀ ਹੀ ਨ੍ਹੀਂ ਭੋਰਾ ਮਾਸਾ?”
ਸਾਡਾ ਸਵਾਲ ਸੁਣਦਿਆਂ ਹੀ ਚੰਦੂ ਲਾਲ ਤਾੜੀ ਮਾਰ ਕੇ ਖ਼ੂਬ ਹੱਸਿਆ। ਕਹਿਣ ਲੱਗਾ? ”ਹੁਣ ਤਾਂ ਯਾਰ ਇਹ ਆਦਤ ਏਨੀਂ ਪੱਕ ਗਈ ਐ, ਬਈ ਕੁਝ ਵੀ ਮਹਿਸੂਸ ਨ੍ਹੀਂ ਹੁੰਦਾ। ਤੈਨੂੰ ਯਾਦ ਐ! ਜਦੋਂ ਆਪਾਂ ਸਕੂਲ ਦਾ ਕੰਮ ਕਰ ਕੇ ਨਈਂ ਲਿਜਾਂਦੇ ਹੁੰਦੇ ਸੀ ਤਾਂ ਗੰਜੇ ਮਾਸਟਰ ਦੀ ਕੁੱਟ ਤੋਂ ਡਰਦਿਆਂ ਝੂਠੀ-ਮੂਠੀ ਬੀਮਾਰ ਹੋ ਜਾਂਦੇ ਸੀ ਤੇ ਬੀਮਾਰੀ ਦੀ ਅਰਜ਼ੀ ‘ਤੇ ਵੀ ਆਪਾਂ ਆਪਣੇ ਬਾਪੂਆਂ ਦੇ ਦਸਤਖ਼ਤ ਵੀ ਆਪ ਹੀ ਝਰੀਟ ਲਿਆ ਕਰਦੇ ਸੀ। ਫੇਰ ਤੈਨੂੰ ਯਾਦ ਹੋਣੈ ਜਦੋਂ ਇੱਕ ਦਿਨ ਗੰਜੇ ਮਾਸਟਰ ਨੇ ਆਪਾਂ ਨੂੰ ਆਪਣੇ ਬਾਪੂ ਸਕੂਲ ਲਿਆਉਣ ਲਈ ਆਖਿਆ ਸੀ ਤਾਂ ਆਪਾਂ ਹਲਦੀ ਮਸਾਲੇ ਵਾਲੇ ਰਾਧੂ ਮੱਲ ਨੂੰ ਹੀ ਆਪਣਾ ਬਾਪੂ ਬਣਾ ਕੇ ਲੈ ਗਏ ਸੀ। ਕਿੰਨਾ ਮਜ਼ਾ ਆਉਂਦਾ ਸੀ ਉਦੋਂ ਝੂਠ ਮਾਰ ਮਾਰ ਕੇ…”
”ਫੇਰ ਅਸੀਂ ਆਪਣੇ ਬਾਪੂ ਨੂੰ ਸਾਡੀ ਬੇਬੇ ਮੂਹਰੇ ਝੂਠ ਬੋਲਦਿਆਂ ਦੇਖਿਆ। ਬਾਪੂ ਘਰੇ ਆਉਂਦਾ ਹੁੰਦਾ ਸੀ ਹਾਣੀਆਂ ਨਾਲ ਤਾਸ਼ ਖੇਡ ਕੇ। ਬੇਬੇ ਮੂਹਰੇ ਭੋਲਾ ਜਿਹਾ ਮੂੰਹ ਬਣਾ ਕੇ ਕਿਹਾ ਕਰਦਾ ਸੀ: ਆਪਾਂ ਨੂੰ ਤਾਂ ਜਵਾਨੀ ਦੀ ਸਹੁੰ ਐ, ਟੀਂਡਾ ਮੱਲ ਹਸਪਤਾਲ ਦਾਖ਼ਲ ਐ, ਉਹਦਾ ਪਤਾ ਕਰ ਕੇ ਆਇਆਂ। ਉਹ ਤਾਂ ਖ਼ੂਨ ਵੀ ਮੰਗਦੇ ਸੀ ਪਰ ਮੈਂ ਤਾਂ ਅੱਖ ਬਚਾ ਕੇ ਖਿਸਕ ਆਇਆ। ਖ਼ੂਨ ਦੇਣ ਲੱਗ ਪੈਂਦੇ ਤਾਂ ਅੱਧੀ ਰਾਤ ਹੋ ਜਾਣੀ ਸੀ ਉੱਥੇ ਈ। ਘਰਦਿਆਂ ਨੇ ਗੁਆਚ ਜਾਣ ਦੀ ਮੁਨਾਦੀ ਕਰਵਾਉਣ ਲੱਗ ਪੈਣਾ ਸੀ।”
”ਫੇਰ ਆਹ ਆਪਣੇ ਨੇਤਾ ਝੂਠ ਬੋਲਦੇ ਦੇਖੇ। ਦੇਖ ਲੈ ਕਿੱਡੇ-ਕਿੱਡੇ ਗਪੌੜ ਛੱਡਦੇ ਐ। ਖਾਂਦੇ ਐ ਸ਼ਰਮ ਇਹ ਤੋਲਾ ਮਾਸਾ? ਤੋਲਾ ਮਾਸਾ ਤਾਂ ਵੱਡਾ ਵੱਟਾ ਐ, ਇਹ ਤਾਂ ਰੱਤੀ ਭਰ ਵੀ ਸ਼ਰਮ ਨਹੀਂ ਖਾਂਦੇ।” ਸਾਡੇ ਛੋਟੇ ਜਿਹੇ ਸਵਾਲ ‘ਤੇ ਏਨਾ ਲੰਬਾ ਭਾਸ਼ਨ ਦਿੰਦਿਆਂ ਚੰਦੂ ਲਾਲ ਨੂੰ ਭੋਰਾ ਸ਼ਰਮ ਨਹੀਂ ਆਈ।
”ਪਰ ਚੰਦੂ ਲਾਲ ਤੈਨੂੰ ਪਤੈ ਬਈ ਇੱਕ ਝੂਠ ਢਕਣ ਵਾਸਤੇ ਸੌ ਹੋਰ ਰੰਗ ਬਰੰਗੇ ਝੂਠ ਬੋਲਣੇ ਪੈਂਦੇ ਐ। ਕਿਸੇ ਇੱਕ ਝੂਠ ‘ਤੇ ਤਾਂ ਸ਼ਰਮ ਆਉਂਦੀ ਹੀ ਹੋਣੀ ਐਂ? ਸੱਚ ਐ ਕਿ ਝੂਠ?” ਅਸੀਂ ਆਖਿਆ।
”ਝੂਠ, ਝੂਠ ਤੇ ਨਿਰਾ ਝੂਠ। ਕਿਸੇ ਝੂਠ ‘ਤੇ ਕੋਈ ਸ਼ਰਮ ਨਹੀਂ ਆਉਂਦੀ। ਆਪਣਾ ਹਿਸਾਬ ਤਾਂ ਹੁਣ ਇਹ ਐ ਮੋਤੀ ਰਾਮਾ! ਬਈ ਝੂਠ ਬੋਲਦੇ ਨਹੀਂ, ਤੇ ਸੱਚ ਦੇ ਨੇੜੇ ਨਹੀਂ ਜਾਂਦੇ। ਹੁਣ ਤਾਂ ਝੂਠ ਦੀ ਏਨੀ ਆਦਤ ਪੱਕ ਗਈ ਐ ਕਿ ਝੂਠ ਬੋਲਣ ‘ਚ ਸੁਆਦ ਹੀ ਬਹੁਤ ਆਉਂਦਾ ਐ। ਕਦੇ ਬੋਲ ਕੇ ਦੇਖੀਂ। ਫੇਰ ਪਤਾ ਲੱਗੂ ਕਿ ਇਹ ਤਾਂ ਚਟਨੀ ਵਾਲੇ ਪਕੌੜਿਆਂ ਤੋਂ ਵੀ ਸਵਾਦ ਹੁੰਦਾ ਐ।”
ਚੰਦੂ ਲਾਲ ਜਿਹੇ ਪਕਰੌੜ ਝੂਠੇ ਨਾਲ ਮਗ਼ਜ਼ ਖਪਾਈ ਕਰਨ ਦਾ ਕੋਈ ਲਾਭ ਨਹੀਂ ਸੀ। ਅਸੀਂ ਤੂਫ਼ਾਨ ਸਿੰਘ ਨੂੰ ਵੀ ਇਹੋ ਸਵਾਲ ਪੁੱਛਿਆ, ”ਤੂਫਾਨ ਸਿੰਹਾਂ, ਬੋਲਣ ਵੇਲੇ ਭੋਰਾ ਸ਼ਰਮ ਆਉਂਦੀ ਐ ਕਿ ਨਹੀਂ?” ਸਾਡਾ ਸਵਾਲ ਸੁਣਦਿਆਂ ਹੀ ਤੂਫ਼ਾਨ ਸਿੰਘ ਨੇ ਤੂਫ਼ਾਨੀ ਲਹਿਜੇ ਵਿੱਚ ਆਖਿਆ, ”ਸ਼ਰਮ ਤੇ ਝੂਠ ਵੱਖ-ਵੱਖ ਚੀਜ਼ਾਂ ਨੇ। ਦੋਵੇਂ ਕੰਮ ਇਕੱਠੇ ਨਹੀਂ ਹੋ ਸਕਦੇ। ਇਹ ਕਦੇ ਨਹੀਂ ਹੋ ਸਕਦਾ ਕਿ ਝੂਠ ਵੀ ਬੋਲੀਏ ਤੇ ਸ਼ਰਮ ਵੀ ਆਵੇ। ਇੱਕੋ ਕੰਮ ਹੀ ਹੋਊ, ਜਾਂ ਤਾਂ ਝੂਠ ਬੋਲਿਆ ਜਾਊ ਜਾਂ ਸ਼ਰਮ ਹੀ ਆਊ। ਜੇ ਚੰਦੂ ਲਾਲ ਜਿਹੇ ਹਰੀਸ਼ਚੰਦਰ ਝੂਠ ਬੋਲਦੇ ਸ਼ਰਮ ਨਹੀਂ ਮੰਨਦੇ ਤਾਂ ਆਪਣੇ ਜਿਹੇ ਪਾਪੀਆਂ ਨੂੰ ਸ਼ਰਮ ਕਿੱਥੋਂ ਆਉਣੀ ਐ? ਨਾਲੇ ਮੋਤੀ ਰਾਮਾ! ਝੂਠ ਬੋਲਣਾ ਤਾਂ ਹੁਣ ਫੈਸ਼ਨ ਹੀ ਹੋ ਗਿਐ। ਫੈਸ਼ਨ ਦਾ ਕੋਈ ਤਰਕ ਨਹੀਂ ਹੁੰਦਾ। ਜਿਵੇਂ ਢਾਈ ਸ਼ੌਕੀਨ ਅੱਜਕੱਲ੍ਹ ਬਗੈਰ ਸੋਚੇ ਸਮਝੇ ਫੈਸ਼ਨ ਕਰੀ ਜਾਂਦੇ ਐ, ਉਵੇਂ ਹੀ ਸਾਰੇ ਹੀ ਵੰਨ-ਸੁਵੰਨੇ ਝੂਠ ਬੋਲੀ ਜਾਂਦੇ ਐ। ਲੋਕ ਐਵੇਂ ਕਿੱਕਰਾਂ ਨੂੰ ਕਰੇਲੇ ਲਾਈ ਜਾਂਦੇ ਐ। ਫੇਰ ਸ਼ਰਮ ਕੀਹਨੂੰ ਕੀਹਤੋਂ ਆਉਣੀ ਐਂ ਭਲਾਂ?” ਤੂਫ਼ਾਨ ਸਿੰਘ ਆਪਣੀ ਗੱਲ ਆਖ ਕੇ ਲੀਡਰਾਂ ਦੇ ਤੂਫ਼ਾਨੀ ਦੌਰੇ ਵਾਂਗ ਅਹੁ ਗਿਆ, ਅਹੁ ਗਿਆ।
ਅਸੀਂ ਨੇਤਾ ਡੌਰੂ ਮੱਲ ਨੂੰ ਵੀ ਇਹੋ ਪ੍ਰਸ਼ਨ ਪੁੱਛਿਆ ਤਾਂ ਉਸ ਨੇ ਅਚਕਨ ਦੇ ਬਟਨ ਟੁੱਟ-ਟੁੱਟ ਜਾਂਦੀ ਤੋਂਦ ‘ਤੇ ਹੱਥ ਫੇਰਦਿਆਂ, ਮੁਸਕਰਾ ਕੇ ਆਖਿਆ, ”ਜਿਸ ਨੇ ਕੀ ਸ਼ਰਮ, ਉਸ ਦੇ ਫੂਟੇ ਕਰਮ। ਬੰਧੂ, ਸ਼ਰਮ ਖਾ ਕੇ ਕਰਮ ਫੁੱਟ ਜਾਂਦੇ ਐ। ਇਸ ਲਈ ਅਸੀਂ ਤਾਂ ਇਸ ਪਾਸੇ ਵੱਲ ਮੂੰਹ ਹੀ ਨਈਂ ਕਰਦੇ। ਬੰਦੇ ਦੇ ਕਰਮ ਟੁੱਟ ਜਾਣ ਤਾਂ ਅਸੈਂਬਲੀ ਚੋਣਾਂ ਲਈ ਪਾਰਟੀ ਟਿਕਟ ਨਹੀਂ ਮਿਲਦੀ। ਔਖੇ ਸੌਖੇ ਝੂਠ ਬੋਲ-ਬੋਲ ਜਨਤਾ ਦੀਆਂ ਵੋਟਾਂ ਨਾਲ ਜਿੱਤ ਵੀ ਜਾਈਏ ਤਾਂ ਮਨਿਸਟਰੀ ਨਹੀਂ ਮਿਲਦੀ। ਮਨਿਸਟਰੀ ਮਿਲ ਵੀ ਜਾਵੇ ਤਾਂ ਟੁੱਟੀ-ਫੁੱਟੀ ਝੂਠੀ ਜਿਹੀ ਮਿਲਦੀ ਐ, ਜਿਸ ‘ਚੋਂ ਸਿੱਧੀ ਉਂਗਲੀ ਨਾਲ ਘੀ ਨਹੀਂ ਨਿਕਲਦਾ। ਇਸ ਲਈ ਅਸੀਂ ਨੇਤਾ ਲੋਕ ਤਾਂ ਸ਼ਰਮ ਖਾਣ ਵਾਲੇ ਟੇਬਲ ਵੱਲ ਮੂੰਹ ਹੀ ਨਈਂ ਕਰਦੇ।”
ਝੂਠ ਬੋਲਣ ਤੇ ਸ਼ਰਮ ਕਰਨ ਵਾਲਾ ਮਸਲਾ ਛੱਡ ਕੇ ਅਸੀਂ ਬਾਬੂ ਕਨਛੇਦੀ ਲਾਲ ਦੇ ਦਫ਼ਤਰ ਪਹੁੰਚਦੇ ਹਾਂ। ਸਾਡਾ ਬੀਮਾਰੀ ਵੇਲੇ ਦਾ ਇੱਕ ਮੈਡੀਕਲ ਬਿੱਲ ਕਿੰਨੀ ਦੇਰ ਤੋਂ ਅੜਿਆ ਪਿਆ ਸੀ। ਬਾਬੂ ਕਨਛੇਦੀ ਲਾਲ ਦੇ ਟੇਬਲ ਕੋਲ ਪਹੁੰਚੇ ਤਾਂ ਉਹ ਸਾਨੂੰ ਇਉਂ ਦੇਖਣ ਲੱਗੇ ਜਿਵੇਂ ਕੋਈ ਡਾਕਟਰ ਮਾਲਦਾਰ ਮਰੀਜ਼ ਵੱਲ ਦੇਖਦਾ ਹੈ।
”ਹਾਂ ਜੀ?” ਉਨ੍ਹਾਂ ਸਾਨੂੰ ਇਉਂ ਪੁੱਛਿਆ ਜਿਵੇਂ ਜਾਣਦੇ ਹੀ ਨਾ ਹੋਣ। ”ਇੱਕ ਮੈਡੀਕਲ ਬਿੱਲ ਸੀ ਜੀ?” ਅਸੀਂ ਸੰਗਦੇ ਸੰਗਦੇ ਆਖਿਆ।
”ਹੈਗਾ। ਹੈਗਾ। ਬਿੱਲ ਤਾਂ ਹੈਗਾ। ਤੁਸੀਂ ਆਪ ਤਾਂ ਤੰਦਰੁਸਤ ਹੋ ਕੇ ਆ ਗਏ ਤੇ ਅਸੀਂ ਬਿੱਲ ਪਾਸ ਕਰਦੇ ਕਰਦੇ ਬੀਮਾਰ ਹੋਏ ਪਏ ਆਂ। ਕੋਈ ਟੀਕਾ ਟੂਕਾ ਸਾਡੇ ਵੀ ਲਾ ਦਿਉ ਤਾਕਤ ਦਾ।” ”ਟੀਕਾ? ਤਾਕਤ ਦਾ?” ਅਸੀਂ ਹੈਰਾਨ ਪ੍ਰੇਸ਼ਾਨ ਹੋ ਗਏ ਸਾਂ। ”ਤੁਸੀਂ ਅੰਗਰੇਜ਼ੀ ਮੁਹਾਵਰਾ ਸੁਣਿਆ ਹੀ ਹੋਣੈ। ਲੱਗਦੇ ਤਾਂ ਪੜ੍ਹੇ-ਲਿਖੇ ਓ, ‘ਟੂ ਗਰੀਸ ਦਿ ਪਾਮ’ ਮਤਲਬ ਹਥੇਲੀ ‘ਤੇ ਗਰੀਸ ਲਾਉਣੀ। ਕੋਈ ਗਰੀਸ ਲਾਉ, ਫੇਰ ਤੁਹਾਡੇ ਮੈਡੀਕਲ ਬਿੱਲ ਨੂੰ ਵੀ ਪਹੀਏ ਲਾਈਏ।”
”ਸ਼ਰੇਆਮ ਰਿਸ਼ਵਤ ਮੰਗਦਿਆਂ ਤੁਹਾਨੂੰ ਸ਼ਰਮ ਨਹੀਂ ਆਉਂਦੀ? ਤੁਸੀਂ ਤਾਂ ਸ਼ਰਮ ਵੇਚ ਕੇ ਹੀ ਖਾਧੀ ਲੱਗਦੀ ਐ?” ਅਸੀਂ ਬਾਬੂ ਕਨਛੇਦੀ ਲਾਲ ਦੀ ਰਮਜ਼ ਸਮਝਦਿਆਂ, ਝਾੜ ਪਾਊ ਲਹਿਜੇ ‘ਚ ਆਖਿਆ।
”ਸੰਗ ਸ਼ਰਮ ਤਾਂ ਤਦ ਆਵੇ ਜੇ ਅਸੀਂ ਰਿਸ਼ਵਤ ਨਾ ਲਈਏ। ਦਫ਼ਤਰ ‘ਚ ਕਿਸੇ ਬਾਊ ਨੂੰ ਮੂੰਹ ਦਿਖਾਉਣ ਜੋਗੇ ਨਾ ਰਹੀਏ। ਤੁਸੀਂ ਇਸ ਨੂੰ ਰਿਸ਼ਵਤ ਕਹਿ ਕੇ ਭ੍ਰਿਸ਼ਟ ਨਾ ਕਰੋ। ਇਹ ਤਾਂ ਚੰਗੀ ਭਾਵਨਾ ਦਿਖਾਉਣ ਦਾ ਬੋਨਸ ਹੈ। ਬੋਨਸ ਨਾ ਲੈ ਕੇ ਅਸੀਂ ਆਪਣੇ ਦਫ਼ਤਰੀ ਸਾਥੀਆਂ ਮੂਹਰੇ ਸ਼ਰਮਿੰਦਾ ਨਹੀਂ ਹੋਣਾ ਚਾਹੁੰਦੇ। ਤੁਸੀਂ ਕੁਝ ਗਰੀਸ ਵਾਲਾ ਕੰਮ ਕੀਤਾ ਹੁੰਦਾ ਤਾਂ ਇਸ ਬਿੱਲ ਦੇ ਪੈਸੇ ਡਕਾਰ ਕੇ ਤੁਸੀਂ ਦੁਬਾਰਾ ਹਸਪਤਾਲ ਜਾਣ ਜੋਗੇ ਹੁੰਦੇ। ਮੁਲਾਜ਼ਮ ਸਰਵਿਸ ਦੌਰਾਨ ਦਸ-ਵੀਹ ਮੈਡੀਕਲ ਬਿੱਲ ਹੀ ਹਜ਼ਮ ਨਾ ਕਰ ਸਕੇ, ਇਸ ਤੋਂ ਵੱਧ ਉਸ ਦੀ ਬਦਕਿਸਮਤੀ ਕੀ ਹੋਊ? ਸਾਡੇ ਕੋਲ ਤਾਂ ਤੁਹਾਡੇ ਇਹੋ ਜਿਹੇ ਬਾਬੂ ਵੀ ਆਉਂਦੇ ਐ ਜਿਹੜੇ ਹਰ ਮਹੀਨੇ ਇੱਕ ਵੱਡਾ ਮੈਡੀਕਲ ਬਿੱਲ ਪਾਸ ਕਰਵਾਉਂਦੇ ਐ। ਪੁੱਛੋ ਕਿਵੇਂ? ਸਾਡੇ ਨਾਲ ਆਪਸੀ ਮਿਲਵਰਤਣ ਸਦਕਾ। ਮਿਲਵਰਤਣ ਅੱਜ-ਕੱਲ੍ਹ ਬਹੁਤ ਵੱਡੀ ਚੀਜ਼ ਐ ਦਫ਼ਤਰੀ ਲਾਈਫ਼ ‘ਚ। ਮਿਲਵਰਤਣ ਨਾ ਹੋਵੇ ਤਾਂ ਬਾਬੂ ਲੋਕ ਤਾਂ ਸ਼ਰਮ ਨਾਲ ਹੀ ਮਰ ਜਾਣ।” ਅਸੀਂ ਸਮਝ ਗਏ ਸਾਂ ਕਿ ਸਿੱਧੀ ਉਂਗਲੀ ਨਾਲ ਘੀ ਇੱਥੇ ਨਹੀਂ ਨਿਕਲਣਾ। ਉਂਗਲ ਟੇਢੀ ਕਰਨੀ ਹੀ ਪੈਣੀ ਹੈ। ਸਾਨੂੰ ਆਪਣੀ ਸਿਆਣੀ ਪਤਨੀ ਦਾ ਸਾਡੇ ਵੱਲ ਸੁੱਟਿਆ ਡਾਇਲਾਗ ਯਾਦ ਆਇਆ, ”ਤੁਹਾਡੇ ਵਰਗਿਆਂ ਦੇ ਬਿੱਲ ਨਹੀਂ ਪਾਸ ਹੋਣੇ। ਗੁਆਂਢਣ ਭੂਰੀ ਦਾ ਘਰਵਾਲਾ ਤਾਂ ਬੀਮਾਰ ਵੀ ਨਹੀਂ ਸੀ ਹੋਇਆ। ਮੈਡੀਕਲ ਬਿੱਲ ਪਾਸ ਕਰਵਾ ਵੀ ਲਿਆਇਆ। ਉਸੇ ਬਿੱਲ ਦੇ ਪੈਸਿਆਂ ਨਾਲ ਉਸ ਨੂੰ ਇੱਕ ਸਾੜ੍ਹੀ ਤੇ ਮੁੰਡੇ ਨੂੰ ਸਾਈਕਲ ਲਿਆ ਕੇ ਦਿੱਤੈ। ਤੁਸੀਂ ਹਸਪਤਾਲ ਮੰਜਾ ਰਗੜ ਰਗੜ ਕੇ ਵੀ ਬਿੱਲ ਪਾਸ ਨਹੀਂ ਕਰਵਾ ਸਕੇ। ਡੰਹਮੋ ਮੱਥਾ ਉਸ ਚੰਦਰੇ ਦਾ…। ਚਾਰ ਪੈਸੇ ਘਰ ਆਉਣ।”
ਅਸੀਂ ਕਨਛੇਦੀ ਲਾਲ ਨੂੰ ਬਾਹਰ ਆਉਣ ਦਾ ਇਸ਼ਾਰਾ ਕਰਦੇ ਹਾਂ ਤਾਂ ਉਹ ਹੁੱਬ ਕੇ ਆਖਦੇ ਹਨ, ”ਇਸ ਦਫ਼ਤਰ ‘ਚ ਬਾਊ ਜੀ! ਕਿਸੇ ਨੂੰ ਕਿਸੇ ਦਾ ਸ਼ਰਮ ਨਹੀਂ। ਚਿਕ ਉਹਲੇ ਸਾਡਾ ਅਫ਼ਸਰ ਬੈਠਾ ਐ। ਉਹ ਵੀ ਸਾਡੇ ਵਾਲੀ ਗੱਡੀ ਦਾ ਹੀ ਸਵਾਰ ਹੈ। ਅਸੀਂ ਜੋ ਕੁਝ ਕਰਦੇ ਆਂ, ਠੋਕ ਵਜਾ ਕੇ ਕਰਦੇ ਆਂ। ਲਿਆਉ ਜੋ ਦਾਨ ਦੱਛਣਾ ਦੇਣੀ ਐਂ, ਫੜਾਉ ਸਿੱਧੀ ਹੀ।”
ਅਸੀਂ ਦਫ਼ਤਰ ਦੇ ਦੂਸਰੇ ਬਾਬੂਆਂ ਵੱਲ ਝਾਕੇ ਤਾਂ ਕਨਛੇਦੀ ਲਾਲ ਹੱਸ ਕੇ ਕਹਿਣ ਲੱਗਿਆ, ”ਇਹ ਸਭ ਵੀ ਇਸੇ ਗੱਡੀ ਦੇ ਸਵਾਰ ਐ, ਦਿਨ ‘ਚ ਦੋ ਚਾਰ ਵਾਰ, ਕਈ ਵਾਰੀ ਜੇ ਭੀੜ ਜ਼ਿਆਦਾ ਹੋਵੇ ਤਾਂ ਦਸ ਦਸ ਵਾਰ ਵੀ। ਇਨ੍ਹਾਂ ਦੀ ਸ਼ਰਮ ਨਾ ਕਰੋ।”
ਬਾਬੂ ਕਨਛੇਦੀ ਲਾਲ ਦੀ ਸੀਟ ਦੇ ਪਿੱਛੇ ਕੰਧ ‘ਤੇ ਵੱਡਾ ਪੋਸਟਰ ਲੱਗਿਆ ਹੋਇਆ ਸੀ। ਲਿਖਿਆ ਸੀ: ਰਿਸ਼ਵਤ ਲੈਣਾ ਤੇ ਦੇਣਾ ਪਾਪ ਹਨ ਤੇ ਕਾਨੂੰਨੀ ਜੁਰਮ ਵੀ।
ਬਾਬੂ ਕਨਛੇਦੀ ਲਾਲ ਨੇ ਉਸ ਪੋਸਟਰ ਦੀ ਹਾਜ਼ਰੀ ‘ਚ ਹੀ ਗਾਂਧੀ ਮਾਅਰਕਾ ਦੋ ਹਰੇ ਪੱਤੇ ਸਾਥੋਂ ਖ਼ੁਸ਼ੀ-ਖ਼ੁਸ਼ੀ ਗ੍ਰਹਿਣ ਕੀਤੇ ਤੇ ਦਫਤਰੀ ਮਾਹੌਲ ਖ਼ੁਸ਼ਗਵਾਰ ਹੋ ਗਿਆ।
ਅਸੀਂ ਵੀ ਹੁਣ ਆਪਣੀ ਪਤਨੀ ਨੂੰ ਖ਼ੁਸ਼ ਕਰਨ ਲਈ ਸਾੜ੍ਹੀ ਤੇ ਆਪਣੇ ਛੋਟੂ ਦੀ ਜ਼ਿੱਦ ਪੂਰੀ ਕਰਨ ਲਈ ਸਾਈਕਲ ਖ਼ਰੀਦਣ ਬਾਰੇ ਸੋਚਣ ਦੇ ਕਾਬਲ ਹੋ ਗਏ ਸਾਂ।
ਪਤਨੀ ਨੂੰ ਸਾੜ੍ਹੀ ਦਾ ਪੈਕਟ ਫੜਾਉਂਦਿਆਂ ਤੇ ਛੋਟੂ ਨੂੰ ਨਵੇਂ ਸਾਈਕਲ ਦੇ ਪੈਡਲ ਮਾਰਦਿਆਂ ਦੇਖ ਸਾਡੀਆਂ ਅੱਖਾਂ ਸ਼ਰਮ ਭਰੀਆਂ ਪਈਆਂ ਸਨ। ਪਤਨੀ ਨੇ ਸਾੜ੍ਹੀ ਪਹਿਨ ਕੇ ਸਾਨੂੰ ਪੁੱਛਿਆ, ”ਕਿਹੋ ਜਿਹੀ ਲੱਗਦੀ ਆਂ ਮੈਂ?” ”ਭੂਤਨੀ!” ਸਾਡੇ ਮੂੰਹੋਂ ਇਕਦਮ ਨਿਕਲ ਗਿਆ ਤੇ ਅਸੀਂ ਸ਼ਰਮ ਨਾਲ ਪਾਣੀ ਪਾਣੀ ਹੋ ਗਏ ਸਾਂ।

  • ਮੁੱਖ ਪੰਨਾ : ਪੰਜਾਬੀ ਕਹਾਣੀਆਂ ਤੇ ਵਿਅੰਗ; ਕੇ.ਐਲ. ਗਰਗ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ