Jiha Raja Tiha Mantri (Punjabi Story) : Bankim Chandra Chatterjee
ਜਿਹਾ ਰਾਜਾ, ਤਿਹਾ ਮੰਤਰੀ (ਕਹਾਣੀ) : ਬੰਕਿਮ ਚੰਦਰ ਚੈਟਰਜੀ
ਇੱਕ ਸੀ ਰਾਜਾ ਭਵਚੰਦਰ। ਉਸ ਦੇ ਮੰਤਰੀ ਦਾ ਨਾਂ ਸੀ - ਗਵਚੰਦਰ। ਰਾਜੇ ਅਤੇ ਮੰਤਰੀ ਦੀ ਅਕਲ ਦਾ ਕੀ ਕਹਿਣਾ ! ਕੌਣ ਅਜਿਹਾ ਹੋਵੇਗਾ ਜੋ ਇਨ੍ਹਾਂ ਨੂੰ ਜਾਣਦਾ ਨਾ ਹੋਵੇ !
ਮੰਤਰੀ ਗਵਚੰਦਰ ਆਪਣੀ ਬੁੱਧੀ ਬਾਹਰ ਨਿਕਲ ਜਾਣ ਦੇ ਡਰੋਂ ਆਪਣੇ ਨੱਕ-ਕੰਨਾਂ ਵਿੱਚ ਕੱਪੜੇ ਦੀਆਂ ਬੱਤੀਆਂ ਤੁੰਨੀ ਰਖਦਾ। ਏਨਾ ਹੀ ਨਹੀਂ, ਉਹ ਆਪਣੇ ਘਰ ਦੇ ਸਭ ਤੋਂ ਵੱਡੇ ਸੰਦੂਕ ਵਿੱਚ ਆਪਣੇ ਆਪ ਨੂੰ ਲੁਕਾਈ ਬੈਠਾ ਰਹਿੰਦਾ। ਰਾਜਾ ਭਵਚੰਦਰ ਜਦੋਂ ਕਿਸੇ ਔਕੜ ਵਿੱਚ ਹੁੰਦਾ ਤਾਂ ਮੰਤਰੀ ਗਵਚੰਦਰ ਸੰਦੂਕ ਵਿੱਚੋਂ ਬਾਹਰ ਨਿਕਲ, ਨੱਕ-ਕੰਨਾਂ ਦੀਆਂ ਬੱਤੀਆਂ ਕੱਢ ਕੇ ਆਪਣੀ ਬੁੱਧੀ ਨੂੰ ਹਵਾ ਦਿੰਦਾ ।
ਇੱਕ ਦਿਨ, ਇੱਕ ਸੂਰ ਭਟਕਦਾ ਹੋਇਆ ਓਸ ਸ਼ਹਿਰ ਆ ਪਹੁੰਚਿਆ। ਉਥੋਂ ਦੇ ਲੋਕਾਂ ਨੇ ਪਹਿਲਾਂ ਅਜਿਹਾ ਜਾਨਵਰ ਨਹੀਂ ਦੇਖਿਆ ਸੀ । ਲੋਕ ਡਰ ਗਏ। ਸਿਪਾਹੀ ਉਸ ਨੂੰ ਕਿਸੇ ਤਰ੍ਹਾਂ ਫੜ੍ਹ ਕੇ ਰਾਜੇ ਮੂਹਰੇ ਲੈ ਆਏ। ਰਾਜਾ ਭਵਚੰਦਰ ਵੀ ਉਹਨੂੰ ਦੇਖ ਕੇ ਹੈਰਾਨ ਹੋ ਗਿਆ। ਕਾਫੀ ਚਿਰ ਉਹ ਆਪਣਾ ਦਿਮਾਗ ਖਪਾਉਂਦਾ ਰਿਹਾ। ਸੋਚਦਿਆਂ-ਸੋਚਦਿਆਂ ਉਸਦੇ ਸਿਰ ਪੀੜ ਹੋਣ ਲੱਗੀ। ਪਰ ਉਹਦੀ ਅਕਲ ਨੇ ਉਸ ਦੀ ਕੋਈ ਮੱਦਦ ਨਾ ਕੀਤੀ। ਕਿਸੇ ਅਨਹੋਣੀ ਦੀ ਗੱਲ ਸੋਚ ਕੇ ਰਾਜੇ ਨੇ ਗਵਚੰਦਰ ਨੂੰ ਸੰਦੂਕ'ਚੋਂ ਬਾਹਰ ਕੱਢਵਾਇਆ। ਗਵਚੰਦਰ ਨੇ ਆਪਣੇ ਨੱਕ-ਕੰਨਾਂ ਦੀਆਂ ਬੱਤੀਆਂ ਕੱਢ ਕੇ ਦਿਮਾਗ ਨੂੰ ਹਵਾ ਲਵਾਈ। ਹਵਾ ਲੱਗਣ ਸਾਰ ਹੀ ਉਸ ਦੀ ਬੁੱਧੀ ਖੁੱਲ੍ਹ ਗਈ।ਉਸ ਦੀ ਸਮਝ ਵਿੱਚ ਇਹ ਗੱਲ ਆ ਗਈ ਕਿ ਇਹ ਜਰੂਰ ਹੀ ਕੋਈ ਹਾਥੀ ਹੈ ਜਿਹੜਾ ਭੁੱਖਾ ਰਹਿਣ ਕਰਕੇ ਲਿੱਸਾ ਹੋ ਗਿਆ ਹੈ ਜਾਂ ਫਿਰ ਕੋਈ ਚੂਹਾ ਹੈ ਜਿਹੜਾ ਬਹੁਤਾ ਖਾ ਕੇ ਮੋਟਾ ਹੋ ਗਿਆ ਹੈ। ਰਾਜੇ ਨੂੰ ਆਪਣੇ ਮੰਤਰੀ ਦੀ ਗੱਲ ਸਹੀ ਲੱਗੀ । ਉਸ ਨੇ ਗਵਚੰਦਰ ਦੀ ਸਮਝ ਨੂੰ ਦਾਦ ਦਿੱਤੀ ।
ਇੱਕ ਦਿਨ ਦੋ ਮੁਸਾਫਿਰ ਘੁੰਮਦੇ ਹੋਏ ਸ਼ਾਮ ਦੇ ਸਮੇਂ ਉਸ ਸ਼ਹਿਰ ਆਏ। ਉਨ੍ਹਾਂ ਇੱਕ ਝੀਲ ਦੇ ਕਿਨਾਰੇ ਡੇਰਾ ਲਾਇਆ। ਰਾਤ ਨੂੰ ਖਾਣਾ ਬਣਾਉਣ ਲਈ ਉਹ ਝੀਲ ਦੇ ਕੰਢੇ ਚੁੱਲ੍ਹਾ ਬਣਾਉਣ ਲਈ ਮਿੱਟੀ ਪੁੱਟਣ ਲੱਗੇ । ਅਜਿਹਾ ਕਰਦਿਆਂ ਹੋਇਆਂ ਉਨ੍ਹਾਂ ਤੇ ਪਹਿਰੇਦਾਰਾਂ ਦੀ ਨਜ਼ਰ ਪਈ।ਉਨ੍ਹਾਂ ਨੂੰ ਲੱਗਿਆ ਕਿ ਉਹ ਦੋਵੇਂ ਕੋਈ ਗਲਤ ਕੰਮ ਕਰਨ ਲਈ ਅਜਿਹਾ ਕਰ ਰਹੇ ਹਨ। ਪਹਿਰੇਦਾਰਾਂ ਨੇ ਉਨ੍ਹਾਂ ਦੋਵਾਂ ਮੁਸਾਫਿਰਾਂ ਨੂੰ ਫੜ੍ਹ ਲਿਆ ਅਤੇ ਅਗਲੇ ਦਿਨ ਰਾਜ ਦਰਬਾਰ ਵਿੱਚ ਪੇਸ਼ ਕੀਤਾ। ਰਾਜੇ ਨੂੰ ਵੀ ਝੀਲ ਦੇ ਕਿਨਾਰੇ ਟੋਆ ਪੁੱਟਣ ਦੀ ਗੱਲ ਤਾਂ ਬਹੁਤ ਗੰਭੀਰ ਲੱਗੀ । ਪਰ ਗੰਭੀਰ ਗੱਲ ਸੀ ਕੀ, ਇਸ ਨੂੰ ਉਹ ਸਮਝ ਨਾ ਸਕਿਆ । ਉਹਦੇ ਸਿਰ ਦਰਦ ਹੋਣ ਲੱਗਾ ।
ਉਸ ਨੇ ਤੁਰੰਤ ਗਵਚੰਦਰ ਨੂੰ ਹਾਜਰ ਕਰਨ ਦਾ ਹੁਕਮ ਦਿੱਤਾ ।ਗਵਚੰਦਰ ਨੇ ਸੰਦੂਕ ਤੋਂ ਬਾਹਰ ਨਿਕਲ ਕੇ ਆਪਣੇ ਨੱਕ-ਕੰਨਾਂ ਦੀਆਂ ਬੱਤੀਆਂ ਕੱਢੀਆਂ। ਉਸ ਦੀ ਬੁੱਧੀ ਨੂੰ ਹਵਾ ਲੱਗੀ ਤਾਂ ਇਸ ਮੁਸ਼ਕਿਲ ਦਾ ਹਲ ਵੀ ਨਿਕਲ ਆਇਆ । ਗਵਚੰਦਰ ਨੇ ਕਿਹਾ, "ਮਹਾਰਾਜ, ਇਹ ਦੋਵੇਂ ਪੱਕੇ ਚੋਰ ਹਨ। ਝੀਲ ਚੋਰੀ ਕਰਨ ਲਈ ਹੀ ਇਹ ਦੋਵੇਂ ਰਾਤ ਨੂੰ ਉਹਦੇ ਕਿਨਾਰੇ ਸੰਨ੍ਹ ਲਾ ਰਹੇ ਸਨ। ਇਨ੍ਹਾਂ ਨੂੰ ਮੌਕਾ ਮਿਲਦਾ ਤਾਂ ਮਹਾਰਾਜ, ਇਨ੍ਹਾਂ ਤੁਹਾਡੇ ਪੁਰਖਿਆਂ ਦੀ ਬਣਾਈ ਅਜਿਹੀ ਸੁੰਦਰ ਝੀਲ ਨੂੰ ਚੋਰੀ ਕਰਕੇ ਲੈ ਜਾਣਾ ਸੀ।ਅਜਿਹੇ ਚੋਰਾਂ ਨੂੰ ਤਾਂ ਸਲੀਬ ਤੇ ਚੜ੍ਹਾ ਦੇਣਾ ਚਾਹੀਦਾ ਹੈ।"
ਰਾਜੇ ਭਵਚੰਦਰ ਨੇ ਹੁਕਮ ਸੁਣਾਇਆ, "ਇਨ੍ਹਾਂ ਦੋਵਾਂ ਨੂੰ ਤੁਰੰਤ ਸਲੀਬ ਤੇ ਚੜ੍ਹਾ ਦਿੱਤਾ ਜਾਵੇ ।"
ਦੋਹਾਂ ਮੁਸਾਫਿਰਾਂ ਨੇ ਸੋਚਿਆ, "ਹਾਇ, ਅਸੀਂ ਤਾਂ ਬੇਮੌਤ ਮਾਰੇ ਗਏ।"
ਪਹਿਰੇਦਾਰ ਉਨ੍ਹਾਂ ਨੂੰ ਸਲੀਬ ਚੜ੍ਹਾਉਣ ਲਈ ਮੈਦਾਨ ਵਿੱਚ ਲੈ ਗਏ । ਨਾਲ ਹੀ ਰਾਜਾ ਵੀ ਗਿਆ, ਮੰਤਰੀ ਵੀ ਗਿਆ, ਸੰਤਰੀ ਵੀ ਗਏ। ਅਤੇ ਦਰਬਾਰੀ ਵੀ। ਇਸ ਦੌਰਾਨ ਉਨ੍ਹਾਂ ਦੋਵਾਂ ਮੁਸਾਫਿਰਾਂ ਨੇ ਇਸ਼ਾਰਿਆਂ-ਇਸ਼ਾਰਿਆਂ'ਚ ਹੀ ਇੱਕ ਵਿਉਂਤ ਬਣਾ ਲਈ। ਉਨ੍ਹਾਂ ਨੂੰ ਜਿਉਂ ਹੀ ਸਲੀਬ ਦੇ ਸਾਹਮਣੇ ਲਿਜਾਇਆ ਗਿਆ ਤਾਂ ਉਹ ਦੋਵੇਂ ਆਪੋ ਵਿੱਚ ਲੜਨ ਅਤੇ ਇੱਕ-ਦੂਜੇ ਨੂੰ ਧੱਕੇ ਦੇਣ ਲੱਗੇ ।
ਰਾਜੇ ਨੇ ਪੁੱਛਿਆ, "ਕੀ ਗੱਲ ਹੋ ਗਈ । ਇਸ ਤਰ੍ਹਾਂ ਕਿਉਂ ਲੜ ਰਹੇ ਹੋ ?"
ਇਹ ਸੁਣ ਕੇ ਉਨ੍ਹਾਂ ਦੋਹਾਂ'ਚੋਂ ਇੱਕ ਨੇ ਕਿਹਾ, "ਮਹਾਰਾਜ, ਗੌਰ ਨਾਲ ਦੇਖਿਓ, ਇਨ੍ਹਾਂ ਵਿੱਚੋਂ ਇੱਕ ਸਲੀਬ ਥੋੜ੍ਹੀ ਵੱਡੀ ਹੈ ਅਤੇ ਦੂਜੀ ਉਸ ਤੋਂ ਥੋੜ੍ਹੀ ਛੋਟੀ । ਅਸੀਂ ਦੋਵੇਂ ਜੋਤਸ਼ੀ ਹਾਂ । ਅਸੀਂ ਹਿਸਾਬ ਲਾ ਕੇ ਦੇਖਿਆ ਹੈ ਕਿ ਅੱਜ ਇਸ ਮਹੂਰਤ ਤੇ ਜੋ ਵੱਡੀ ਸਲੀਬ ਤੇ ਚੜ੍ਹ ਕੇ ਆਪਣੀ ਜਾਨ ਦੇਵੇਗਾ, ਉਹ ਅਗਲੇ ਜਨਮ ਵਿੱਚ ਪੂਰੀ ਦੁਨੀਆਂ ਦਾ ਰਾਜਾ ਬਣੇਗਾ । ਧਰਤੀ ਅਤੇ ਪਾਣੀ, ਸਭ ਉਸ ਦੀ ਮਲਕੀਅਤ ਹੋਣਗੇ ਅਤੇ ਜੋ ਇਸ ਛੋਟੀ ਸਲੀਬ ਤੇ ਚੜ੍ਹ ਕੇ ਜਾਨ ਦੇਵੇਗਾ, ਉਹ ਅਜਿਹੇ ਚੱਕਰਵਰਤੀ ਰਾਜੇ ਦਾ ਮੰਤਰੀ ਬਣੇਗਾ । ਮਹਾਰਾਜ, ਮੈਂ ਇਸ ਵੱਡੀ ਸਲੀਬ ਤੇ ਚੜ੍ਹਨਾ ਚਾਹੁੰਦਾ ਹਾਂ ਪਰ ਇਹ ਬੇਈਮਾਨ ਮੈਨੂੰ ਅਜਿਹਾ ਕਰਨ ਨਹੀਂ ਦੇ ਰਿਹਾ । ਮੈਨੂੰ ਵੱਡੀ ਸਲੀਬ ਕੋਲੋਂ ਧੱਕੇ ਦੇ ਕੇ ਪਰ੍ਹਾਂ ਕਰ ਰਿਹਾ ਹੈ।"
ਰਾਜੇ ਭਵਚੰਦਰ ਨੇ ਦੂਜੇ ਬੰਦੇ ਤੋਂ ਪੁੱਛਿਆ, " ਕੀ ਤੇਰਾ ਸਾਥੀ ਸੱਚ ਕਹਿ ਰਿਹਾ ਹੈ?"
ਦੂਜੇ ਆਦਮੀ ਨੇ ਕਿਹਾ, "ਹਾਂ ਮਹਾਰਾਜ ! ਪਰ ਮਹਾਰਾਜ, ਤੁਸੀਂ ਹੀ ਫੈਸਲਾ ਕਰੋ ਕਿ ਚੱਕਰਵਰਤੀ ਸਮਰਾਟ ਬਣਨ ਵਾਲਾ ਇਹ ਕੌਣ ਹੁੰਦਾ ਹੈ ? ਇਸ ਵਿੱਚ ਅਜਿਹੀ ਕਿਹੜੀ ਖੂਬੀ ਹੈ ਜਿਹੜੀ ਮੇਰੇ ਵਿੱਚ ਨਹੀਂ ਹੈ ? ਮੈਂ ਕਿਉਂ ਨਾ ਵੱਡੀ ਸਲੀਬ ਤੇ ਚੜ੍ਹਾਂ ?"
ਰਾਜੇ ਭਵਚੰਦਰ ਨੇ ਸੋਚਿਆ, "ਜੇਕਰ ਇਹ ਦੋਨੋਂ ਠੀਕ ਕਹਿ ਰਹੇ ਹਨ ਤਾਂ ਕਿਉਂ ਨਾ ਮੈਂ ?"
ਹੁਣ ਮਹਾਰਾਜ ਨੂੰ ਗੁੱਸਾ ਆ ਗਿਆ । ਉਹਦੇ ਰੋਮ ਖੜ੍ਹੇ ਹੋ ਗਏ। ਉਹ ਗੁੱਸੇ ਵਿੱਚ ਕੰਬਣ ਲੱਗਿਆ ਤੇ ਬੋਲਿਆ, "ਮੇਰੇ ਹੁੰਦੇ ਹੋਏ ਤੁਹਾਡੀ ਇਹ ਮਜਾਲ ਕਿ ਤੁਸੀਂ ਚੱਕਰਵਰਤੀ ਸਮਰਾਟ ਬਣਨ ਦਾ ਸੁਪਨਾ ਲਵੋ ? ਅਗਲੇ ਜਨਮ ਵਿੱਚ ਚੱਕਰਵਰਤੀ ਸਮਰਾਟ ਬਣਨ ਲਈ ਮੈਥੋਂ ਬਿਹਤਰ ਕੋਈ ਹੋ ਹੀ ਨਹੀਂ ਸਕਦਾ। ਤੁਸੀਂ ਦੋਵੇਂ ਅਗਲੇ ਜਨਮ ਵਿੱਚ ਵੀ ਅਜਿਹੇ ਹੀ ਰਹੋਗੇ ।"
ਇਹ ਕਹਿ ਕੇ ਮਹਾਰਾਜ ਭਵਚੰਦਰ ਨੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਉਨ੍ਹਾਂ ਨੂੰ ਧੱਕੇ ਮਾਰ ਕੇ ਰਾਜ ਤੋਂ ਬਾਹਰ ਕੱਢ ਦਿੱਤਾ ਜਾਵੇ। ਦੋਹਾਂ ਮੁਸਾਫਿਰਾਂ ਨੂੰ ਮੌਕਾ ਮਿਲਿਆ ਤਾਂ ਉਹ ਧੱਕੇ ਖਾਣ ਲਈ ਰੁਕੇ ਨਹੀਂ ,ਖੁਦ ਹੀ ਭੱਜ ਗਏ ।
ਇਸ ਤੋਂ ਬਾਅਦ ਰਾਜਾ ਭਵਚੰਦਰ ਬੜੇ ਮਾਣ ਨਾਲ ਅੱਗੇ ਹੋਇਆ ਅਤੇ ਵੱਡੀ ਸਲੀਬ ਤੇ ਚੜ੍ਹ ਗਿਆ । ਉਸ ਦੀ ਦੇਖਾ-ਦੇਖੀ ਅਗਲੇ ਜਨਮ ਵਿੱਚ ਮੰਤਰੀ ਬਣਨ ਦੇ ਲੋਭ ਵਿੱਚ ਗਵਚੰਦਰ ਵੀ ਦੂਜੀ ਸਲੀਬ ਤੇ ਚੜ੍ਹ ਗਿਆ । ਇਸ ਤਰ੍ਹਾਂ ਦੋਹਾਂ ਨੇ ਆਪਣੀ ਜਾਨ ਗਵਾ ਲਈ।
ਅਗਲੇ ਜਨਮ ਵਿੱਚ ਦੋਵੇਂ ਕੀ ਬਣੇ, ਕੋਈ ਨਹੀਂ ਜਾਣਦਾ !
(ਅਨੁਵਾਦ :- ਮੁਲਖ ਸਿੰਘ)