Jindagi (Punjabi Story) : Gurmeet Karyalvi

ਜਿੰਦਗੀ (ਕਹਾਣੀ) : ਗੁਰਮੀਤ ਕੜਿਆਲਵੀ

''ਇਹ ਆ ਬਈ ਆਪਣਾ ਪਊਆ ਡਰੈਵਰ । ਯਾਰਾਂ ਦਾ ਯਾਰ, ਪੂਰੀ ਜਿੰਦ ਜਾਨ ਸਾਡੇ ਮਹਿਕਮੇ ਦੀ। ਇਹਦੇ ਪੁੱਛਿਆਂ ਬਿਨਾਂ ਕੁੱਤੀ ਨ੍ਹੀ ਖੰਘਦੀ ਡੀਪੂ ਚ । ਆਹ ਵਰਕਸ ਮਨੇਜਰ ,ਟਰੈਫਿਕ ਮਨੇਜਰ ਤੇ ਇੰਨਸਪੈਕਟਰ ਤਾਂ ਕੰਨ ਭੰਨਦੇ ਆ ਬਾਈ ਕੋਲੋਂ। ਜੀ ਐਮ ਪੁੱਛ ਕੇ ਗੱਲ ਕਰਦੈ । '' ਨਛੱਤਰ ਨੇ ਪਊਏ ਤੋਂ ਚੋਰੀ ਮੈਨੂੰ ਅੱਖ ਮਾਰਦਿਆਂ ਦੱਸਿਆ।

ਨਛੱਤਰ ਨੇ ਵਰਕਸ਼ਾਪ ਵਿਚੋਂ ਨਿਕਲਦਿਆਂ ਹੀ ਮੇਰੇ ਨਾਲ ਹੱਥ ਮਿਲਾਇਆ ਅਤੇ ਸਾਡੇ ਤੋਂ ਮੂਹਰੇ ਤੁਰੇ ਜਾਂਦੇ ਡਰਾਈਵਰ ਜਾਪਦੇ ਆਦਮੀ ਨੂੰ ਆਵਾਜ਼ ਦੇ ਕੇ ਰੋਕ ਉਸ ਨਾਲ ਮੇਰੀ ਜਾਣ ਪਛਾਣ ਕਰਾਈ।
''ਜਾਣਦੇ ਓਏ ਨਛੱਤਰਾ ! ਐਵੇਂ ਗਿੱਦੜਾਂ ਦਾ ਗੰਦ ਪਹਾੜੀ ਚੜ੍ਹਾਈ ਜਾਨੈ। ਪੁੱਤਰਾ ਥੋਡੇ ਸਿਰ 'ਤੇ ਈ ਉੱਡਦੇ ਆਂ, ਨਹੀਂ ਮੇਲੇ 'ਚ ਚੱਕੀ ਰਾਹੇ ਨੂੰ ਕੋਈ ਪੁੱਛਦਾ ਭਲਾ ?'' ਪਊਏ ਨੇ ਪੀਲੇ ਦੰਦ ਬਾਹਰ ਕੱਢੇ ।
''ਨਛੱਤਰਾ ! ਆਪਣੇ ਬਾਈ ਡਰੈਵਰ ਦਾ ਨਾਂ ਕੀ ਦੱਸਿਆ ?'' ਮੈਂ ਜਾਣ ਪਛਾਣ ਵਧਾਉਣ ਦੀ ਮਨਸ਼ਾ ਨਾਲ ਨਹੀਂ, ਬੱਸ ਉਂਝ ਈ ਰਸਮੀ ਤੌਰ 'ਤੇ ਡਰਾਈਵਰ ਨੂੰ ਖੁਸ਼ ਕਰਨ ਲਈ ਪੁੱਛ ਲਿਆ ।
''ਦੱਸਿਆ ਤਾਂ ਹੈ ਪਊਆ, ਹੋਰ ਕੀ ? ਸਵਾਰੀ ਤੋਂ ਲੈ ਕੇ ਜੀ ਐੱਮ , ਡੀ ਐਮ ਤੇ ਡਾਇਰੈਕਟਰ ਤੱਕ ਸਾਰੇ ਇਹਨੂੰ ਪਊਆ ਈ ਆਂਹਦੇ ਆ । ਸਾਡੇ ਸਾਰੇ ਮਹਿਕਮੇ 'ਚ ਕਿਸੇ ਤੋਂ ਪੁੱਛ ਲਈਂ । ਕੱਤੀ ਸਤਾਰਾਂ ਵਾਲਾ ਪਊਆ ਤਾਂ ਮਸ਼ਹੂਰ ਆ ਸਾਰੀ ਰੋਡਵੇਜ਼ 'ਚ ।''
''ਹੱਛਾ।''

''ਦਾਰੂ ਦਾ ਇੱਕ ਪਊਆ ਪੀ ਕੇ ਗੱਡੀ ਦਾ ਸਟੇਰਿੰਗ ਸੰਭਾਲਦਾ । ਮਜ਼ਾਲ ਕੀ ਭੋਰਾ ਭਰ ਝੋਲ ਮਾਰਜੇ । ਸਾਲੀ ਮੁਰਗਾਬੀ ਵਾਂਗੂੰ ਤਰਦੀ ਫਿਰੂ ਰੋਡ 'ਤੇ । ਹੋਰ ਐਵੇਂ ਤਾਂ ਨੀ, ਸਾਰੇ ਕੰਡਕਟਰ ਡਰਾਈਵਰ ਗੋਡੀਂ ਹੱਥ ਲਾਉਂਦੇ ਬਾਈ ਦੇ।'' ਨਛੱਤਰ ਪੰਪ ਤੇ ਪੰਪ ਭਰ ਜਾ ਰਿਹਾ ਸੀ ।
''ਬਈ ਕਮਾਲ ਏ!'' ਮੈਂ ਝੂਠ-ਮੂਠ ਦੀ ਹੈਰਾਨੀ ਦਿਖਾਈ ।

''ਨਿੱਕਿਆ ! ਬੱਸ ਐਵੇਂ ਸ਼ੁਗਲ ਮੇਲਾ ਜਿਆ ਕਰ ਲਈਦਾ। ਏਨੇ ਨਾਲ ਕਾਟੋ ਫੁੱਲਾਂ 'ਤੇ ਖੇਡਦੀ ਰਹਿੰਦੀ ਆ ਸਾਰਾ ਦਿਨ । ਦਿਲ ਤਕੜਾ ਹੋ ਜਾਂਦਾ, ਨਹੀਂ ਤਾਂ ਮਾੜਾ ਮੋਟਾ-ਟਰੈਫਿਕ ਵੇਖ ਕੇ ਲੱਤਾਂ ਕੰਬਣ ਲੱਗ ਪੈਂਦੀਆਂ । ਨਾਲੇ ਬੱਸ 'ਚ ਸੋਹਣੀ ਤੀਵੀਂ ਵੱਲ ਵੇਖਕੇ ਦਿਲ ਘਾਊਂ-ਮਾਊਂ ਨ੍ਹੀ ਹੁੰਦਾ।'' ਖੱਬੀ ਅੱਖ ਦੱਬ ਕੇ ਪਊਏ ਨੇ ਆਖਿਆ । ਫੂਕ ਦਾ ਉਸ ਉੱਪਰ ਪੂਰਾ ਅਸਰ ਹੋ ਚੁੱਕਾ ਸੀ।

''ਸਵਾਰੀ ਵੀ ਚੋਟੀ ਦੀ ਬਹਿੰਦੀ ਆ ਪਊਏ ਦੀ ਬੱਸ 'ਚ ! ਕਈ ਸਵਾਰੀਆਂ ਤਾਂ ਬੱਝੀਆਂ ਹੋਈਆਂ ਪਊਏ ਦੀ ਬੱਸ ਨਾਲ । ਪਊਆ ਟੈਮੋ-ਬੇਟੈਮ ਹੋ ਜੇ ਤਾਂ ਬੱਸ ਭਾਲਦੀਆਂ ਫਿਰਨੀਆਂ ਅੱਡੇ 'ਚ । ਬਾਈ ਪਊਏ ਨੇ ਸ਼ੇਅਰ ਵੀ ਬੱਸ ਦੇ ਪਿੱਛੇ ਰੀਝ ਨਾਲ ਲਿਖਾਇਆ ਐ---ਬੱਸ ਅੱਡੇ ਵਿੱਚ ਬੱਸਾਂ ਫਿਰਦੀਆਂ, ਚੌਂਕਾਂ ਵਿੱਚ ਸਿਪਾਹੀ । ਮੋੜਾਂ ਉੱਤੇ ਪੁੱਛਣ ਸਵਾਰੀਆਂ, ਕੱਤੀ ਸਤਾਰਾਂ ਨ੍ਹੀ ਆਈ।"

''----ਉਏ ਧੀਆਂ-ਪੁੱਤਾਂ ਵਾਂਗੂੰ ਰੱਖੀ ਆ ਲਾਰੀ । ਕਈ ਸਵਾਰੀਆਂ ਤਾਂ ਨੰਬਰ ਨੋਟ ਕਰੀ ਫਿਰਦੀਆਂ । ਪੀ ਬੀ ਕੇ ਕੱਤੀ ਸਤਾਰਾਂ । ਆਉਂਦੀ ਕਿ ਨਹੀਂ ਬੁਕਿੰਗ ਸਾਰਿਆਂ ਨਾਲੋਂ ਵਾਧੂ ?'' ਸਾਡੇ ਨਾਲ ਤੁਰੇ ਜਾਂਦੇ ਪਊਏ ਨੇ ਛਾਤੀ ਚੌੜੀ ਕਰਦਿਆਂ ਕਿਹਾ । ਗੱਲਾਂ ਕਰਦੇ-ਕਰਦੇ ਅਸੀਂ ਅੱਡਾ ਲੰਘ ਕੇ ਨਾਲ ਹੀ ਪੈਂਦੇ ਬਸ਼ੀਰ ਦੇ ਹੋਟਲ 'ਤੇ ਆ ਪਹੁੰਚੇ । ਪੰਜ ਸੱਤ ਕੰਡਕਟਰ ਤੇ ਡਰਾਈਵਰ ਸਾਡੇ ਓਥੇ ਜਾਣ ਤੋਂ ਪਹਿਲਾਂ ਹੀ ਜੰਮੇ ਹੋਏ ਸਨ । ਪਊਏ ਨੂੰ ਵੇਖ ਕੇ ਤਾਂ ਜਿਵੇਂ ਸਾਰਿਆਂ ਨੂੰ ਚਾਅ ਚੜ੍ਹ ਗਿਆ ਸੀ ।

''ਲੈ ਬਈ ਆ ਗਿਆ ਪਊਆ । ਹੁਣ ਸੱਜੂ ਚੌਂਕੜੀ । ਸੁਣ ਲਉ ਨਕਲਾਂ ।'' ਢਿੱਡਲ ਜਿਹੇ ਦਿਸਦੇ ਡਰਾਈਵਰ ਨੇ ਆਖਿਆ ।
''ਕਿਉਂ ਭੈਣ ਆਵਦੀ ਦਿਆ---- ਜੀਜਾ ਤੇਰਾ ਨਕਲੀਆ ? ਅਖੇ ਸੁਣ ਲਓ ਨਕਲਾਂ ।'' ਪਊਏ ਨੇ ਚੜ੍ਹਾਈ ਕਰ ਦਿੱਤੀ ।
''ਨਾ ਬਈ ਤਾਇਆ, ਪਊਏ ਨੂੰ ਛੇੜਿਆ ਨਾ ਕਰੋ । ਇਕ ਤਾਂ ਆਪਾਂ ਨੂੰ ਦੁਨੀਆਂਦਾਰੀ ਦੀਆਂ ਗੱਲਾਂ ਸੁਣਾਉਂਦਾ, ਦੂਜਾ ਆਪਾਂ ਇਹਦਾ ਮਖੌਲ ਉਡਾਈਏ, ਏਹ ਚੰਗੀ ਗੱਲ ਨ੍ਹੀ ।'' ਬਿੱਕਰ ਕੰਡਕਟਰ ਨੇ ਪਊਏ ਦਾ ਗੁੱਸਾ ਢੈਲਾ ਕਰਨ ਦੇ ਇਰਾਦੇ ਨਾਲ ਕਿਹਾ ।

''ਉਏ ਮੈਂ ਕੀ ਏਹਦੀ ਪੂਛ ਨੂੰ ਹੱਥ ਲਾਤਾ ? ਐਵੇਂ ਸਿਰ ਚੜ੍ਹਨ ਲੱਗਾ !'' ਢਿੱਡਲ ਅਜੇ ਵੀ ਗੁੱਝੀ ਨਸ਼ਤਰ ਲਾਉਣੋ ਬਾਜ਼ ਨਹੀਂ ਸੀ ਆ ਰਿਹਾ ।
''ਢਿੱਡਲਾ ਤੂੰ ਪੱਕਾ---- ।'' ਪਊਏ ਨੇ ਵਿਅੰਗ ਸਮਝ ਲਿਆ ਸੀ ।

ਪਊਏ ਨੂੰ ਬੈਂਚ 'ਤੇ ਬਿਠਾ ਲਿਆ । ਮੈਂ ਤੇ ਨਛੱਤਰ ਵੀ ਹੁਣ ਉਸ ਚੰਡਾਲ ਚੌਂਕੜੀ ਵਿਚ ਸ਼ਾਮਲ ਹੋ ਚੁੱਕੇ ਸਾਂ। ਸ਼ਰਾਬ ਦੀ ਅਜੀਬ ਤਰ੍ਹਾਂ ਦੀ ਹਵਾੜ ਮੇਰੇ ਨੱਕ ਨੂੰ ਚੜ੍ਹ ਗਈ । ਮੈਂ ਨੱਕ ਸੁੰਗੇੜਦਿਆਂ ਆਸੇ-ਪਾਸੇ ਉਪਰ ਥੱਲੇ ਵੇਖਿਆ , ਜਾਪਦਾ ਸੀ, ਸ਼ਰਾਬ ਦੀ ਬੋਤਲ ਖਾਲੀ ਕਰਕੇ ਹੁਣੇ ਹੀ ਟੇਬਲ ਦੇ ਥੱਲੇ ਸੁੱਟੀ ਗਈ ਸੀ ।

''ਬਾਈ ਸਿੰਆਂ ਅੱਜ ਪਊਏ ਨੂੰ ਓਵਰ ਟੈਮ ਮਿਲਿਆ ਦੋ ਮਹੀਨਿਆਂ ਦਾ । ਅੱਜ ਤਾਂ ਸੁੱਕੀ ਈ ਚੱਲੂ, ਭਮੇਂ ਤੰਦੂਰੀ ਵੀ ਮੰਗਾ ਲਿਉ ।'' ਕਤਰੀ ਦਾਹੜੀ ਵਾਲੇ ਸ਼ੌਕੀਨ ਲੱਗਦੇ ਕੰਡਕਟਰ ਨੇ ਆਖਿਆ ।

''ਤੇ ਹੋਰ ਕੀ ਪਊਆ ਤੇਰੇ ਵਰਗਾ ? ਤੂੰ ਤਾਂ ਬਕਾਇਆ ਲੈ ਕੇ ਭਾਫ਼ ਨ੍ਹੀ ਕੱਢੀ । ਪਊਆ ਨ੍ਹੀ ਕਰਦਾ ਤੇਰੇ ਵਾਂਗੂੰ ।'' ਢਿੱਡਲ ਨੇ ਉਸ ਨੂੰ ਫੂਕ ਛਕਾਈ
''ਸਾਲਿਓ ! ਮੇਰਾ ਕੀ ਬੈਂਕ 'ਚ ਹਿੱਸਾ ! ਨਿੱਤ ਮੇਰੇ ਉਦਾਲੇ ਹੋ ਜਾਨੇ ਆਂ । ਅੱਜ ਨ੍ਹੀ ਮੈਂ ਆਉਂਦਾ ਥੋਡੀਆਂ ਮੋਮੋਠੱਗਣੀਆਂ 'ਚ । ਕਿਵੇਂ ਫੂਕ ਛਕਾਉਣ ਲੱਗੇ ਆ।'' ਪਊਏ ਨੇ ਗਾਹਲ਼ ਕੱਢੀ ।
''ਮਾਸੜਾ ਤੈਨੂੰ ਕੋਈ ਕੀ ਫੂਕ ਛਕਾਲੂ ? ਉਹ ਤਾਂ ਐਵੇਂ ਸਭੈਕੀ ਗੱਲ ਕਰਦੇ ਆਂ । ਕੋਈ ਝੂਠ ਆ ਇਹਦੇ 'ਚ ? ਪੈਸੇ ਜੋੜ ਕੇ ਤੂੰ ਕਿਹੜਾ ਮਾਸੀ ਸਾਡੀ ਨੂੰ ਬੁੰਦੇ ਕਰਾ ਕੇ ਦੇਣੇ।'' ਵਿਰਲੀ-ਵਿਰਲੀ ਦਾਹੜੀ ਵਾਲੇ ਕੰਡਕਟਰ ਮੁੰਡੇ ਨੇ ਕਿਹਾ
''ਤੇਰੀ ਮਾਂ ਵਾਸਤੇ ਤਾਂ ਕਰਾਉਣੇ ਆ ਨਾਂ।'' ਪਊਆ ਕਿਹੜਾ ਅੱਗੋਂ ਘੱਟ ਸੀ।

''ਮਾਂ ਵਾਸਤੇ ਬੁੰਦੇ ਫੇਰ ਕਰਾਦੀਂ ਪਹਿਲਾਂ ਪੁੱਤ ਆਖੇ ਬੋਤਲ ਤਾਂ ਮੰਗਾ ਲੈ।'' ਵਿਰਲੀ ਦਾਹੜੀ ਵਾਲਾ ਕੰਡਕਟਰ ਮੁੰਡਾ ਮੁਸਕੜੀਏਂ ਹੱਸਿਆ ।
''ਛੱਡੋ ਯਾਰ ਏਹਨੇ ਕੀ ਮੰਗਾਉਣੀ ਮਰੀ ਸ਼ਾਮੀ ਨੇ । ਦਿਲ ਕਿੱਥੋਂ ਲਿਆਊ ?'' ਖੱਬੀ ਪੱਗ ਵਾਲਾ ਬੋਲਿਆ।
''ਤੂੰ ਮੰਗਾ ਲੈ ਮਹਿ ਜਿੱਡੇ ਦਿਲ ਵਾਲਾ।'' ਪਊਆ ਕਿਸੇ ਵੀ ਤਰ੍ਹਾਂ ਹੇਠ ਨਹੀਂ ਸੀ ਆ ਰਿਹਾ।
''ਨਾ ਬਈ ਬਿੰਦਰਾ, ਐਡਾ ਮਾੜਾ ਦਿਲ ਨ੍ਹੀ ਪਊਏ ਦਾ । ਐਵੇਂ ਤੁਸੀਂ ਗਰਮੀ ਚੜ੍ਹਾ ਦੇਣੀ ।'' ਵਿਰਲੀ ਦਾਹੜੀ ਵਾਲੇ ਵੱਲੋਂ ਇਹ ਇਕ ਹੋਰ ਜਾਲ ਸੀ ।
''ਤੁਸੀਂ ਸਾਰੇ ਕੁੱਤੇ ਦੇ ਹੱਡ ਓਂ ਪੂਰੇ । ਢਿੱਡਲ ਤਾਂ ਪੂਰਾ ਹਰਾਮਦਾ----।'' ਪਊਏ ਦੇ ਹਥਿਆਰ ਡਿੱਗਣੇ ਸ਼ੁਰੂ ਹੋ ਗਏ ।

''ਮੰਗਾ ਲੈ ਮਾਸੜਾ ਬੋਤਲ । ਪੰਜਾਹਾਂ ਨਾਲ ਕਿਹੜਾ ਆਪਣੀ ਕੰਪਨੀ ਫੇਲ੍ਹ ਹੋਜੂ । ਐਨੇ ਮਿੰਨਤਾਂ-ਤਰਲਿਆਂ ਨਾਲ ਤਾਂ ਬੁੜਾ ਵਿਆਹ ਲੈਣਾ ਸੀ ।'' ਨਛੱਤਰ ਵੀ ਢਾਣੀ ਦੀ ਗੱਲ ਬਾਤ ਵਿੱਚ ਸ਼ਾਮਲ ਹੋ ਚੁੱਕਾ ਸੀ । ਲੱਗਦਾ ਸੀ ਸਾਰੇ ਪਊਏ ਨੂੰ ਹੀ ਮੁੰਨਣਾ ਚਾਹੁੰਦੇ ਸਨ ।

''ਤੁਸੀਂ ਨ੍ਹੀ ਲਹਿੰਦੇ ਮਗਰੋਂ ।" ਪਊਏ ਨੇ ਭੈੜਾ ਜਿਹਾ ਬਟੂਆ ਜੇਬ ਵਿਚੋਂ ਕੱਢਿਆ ਅਤੇ ਪੰਜਾਹ ਦਾ ਨੋਟ ਸ਼ੌਕੀਨ ਕੰਡਕਟਰ ਵੱਲ ਵਧਾ ਦਿੱਤਾ।
''ਫੜੋ ਦਫ਼ਾ ਹੋਵੇ । ਪਤਿਆਉਰਿਓ, ਸ਼ਰਾਬ ਦਾ ਕੀ ਐ, ਭਾਵੇਂ ਬੋਤਲ ਹੋਰ ਮੰਗਾ ਲਿਉ ਪਰ ਪਹਿਲਾਂ ਘੁੱਟ ਲਵਾ ਕੇ ਦਿਲ ਤਾਂ ਬੰਨ੍ਹਾ ਦਿੰਦੇ ।''
''ਹੁਣ ਦਿਲ ਛੱਡ ਸਰੀਰ ਵੀ ਬਣਾਲੀਂ ।'' ਢਿੱਡਲ ਨੇ ਵਿਅੰਗ ਬਾਣ ਫੇਰ ਚਲਾ ਦਿੱਤਾ ।
''ਹਾਅੋ ਹੁਣ ਤਾਂ ਤੈਨੂੰ ਗੱਲਾਂ ਆਉਣਗੀਆਂ ਈ । ਜੀਜੇ ਨੇ ਲਾ ਜੂ ਦਿੱਤੇ ਸਹੇ ਦੇ ਕੰਨ੍ਹਾ ਵਰਗੇ ।''

ਪਉਆ ਢਿੱਡਲ ਤੋਂ ਕਿਵੇਂ ਵੀ ਹਾਰ ਮੰਨਣ ਵਾਲਾ ਨਹੀਂ ਸੀ ਲੱਗਦਾ । ਸ਼ੌਕੀਨ ਕੰਡਕਟਰ ਨੇ ਨੇੜਲੇ ਠੇਕੇ ਤੋਂ ਮੋਟੇ ਸੰਤਰੇ ਦੀ ਬੋਤਲ ਫੜ ਲਿਆਦੀਂ । ਬਸ਼ੀਰ ਨੇ ਦੋ ਪਲੇਟਾਂ ਵਿੱਚ ਦਹੀ ਪਾ ਕੇ ਟੇਬਲ ਤੇ ਲਿਆ ਰੱਖੀਆਂ । ਇਕੋ ਚੱਕਰ ਨਾਲ ਹੀ ਬੋਤਲ ਦਸਾਂ ਗਲਾਸਾਂ ਦੇ ਥੱਲਿਆਂ ਨਾਲ ਜਾ ਲੱਗੀ।

''ਮਾਸੜਾ ਏਹ ਤਾਂ ਸਹੁਰੀ ਦਾ ਇਕ-ਇਕ ਪੈੱਗ ਵੀ ਨ੍ਹੀ ਬਣਿਆ ਪੂਰਾ।'' ਵਿਰਲੀ ਦਾਹੜੀ ਵਾਲੇ ਕੰਡਕਟਰ ਨੇ ਦੂਸਰੀ ਬੋਤਲ ਦੀ ਭੂਮਿਕਾ ਬੰਨ੍ਹਣੀ ਚਾਹੀ ।
''ਹੈਨੂੰ ਤਾਂ ਪੀ ਲੈ ਪਹਿਲਾਂ ਮਾਂ ਨੂੰ । ਹੋਰ ਵੀ ਡੰਮ੍ਹ ਦੂੰ ਮੱਥਾ।'' ਪਊਏ ਨੇ ਗਿਲਾਸ ਨੂੰ ਹੱਥ ਪਾਇਆ।
''ਆਜ ਕਾ ਜ਼ਾਮ ਭਰਜਾਈ ਸਾਡੀ ਦੇ ਨਾਮ ।'' ਢਿੱਡਲ ਗੱਬਰ ਸਟਾਈਲ ਵਿੱਚ ਬੋਲਿਆ। ਪਊਏ ਵੱਲ ਵੇਖਦਿਆਂ ਅੱਖ ਮਾਰੀ ਅਤੇ ਇਕੋ ਸਾਹੇ ਸੁੜਾਕ ਗਿਆ।
''ਬੜੇ ਚੰਗੇ ਮੌਕੇ ਯਾਦ ਕੀਤਾ ਭੈਣ ਨੂੰ ।'' ਪਊਏ ਨੇ ਜੁਆਬੀ ਧਾਵਾ ਕੀਤਾ ।

ਪਊਆ ਦੂਸਰੀ ਬੋਤਲ ਮੰਗਾ ਚੁੱਕਿਆ ਸੀ । ਕੰਮ ਚੱਲ ਸੋ ਚੱਲ ਹੋ ਚੁੱਕਾ ਸੀ । ਹੁਣ ਤਾਂ ਪਤਾ ਹੀ ਨਹੀਂ ਸੀ ਲੱਗਦਾ ਕਿ ਕਦੋਂ ਖ਼ਾਲੀ ਬੋਤਲ ਟੇਬਲ ਦੇ ਥੱਲੇ ਅਤੇ ਭਰੀ ਉੱਪਰ ਆ ਜਾਂਦੀ । ਪਊਏ ਦੀਆਂ ਬੋਤਲਾਂ ਤੋਂ ਬਗੈਰ, ਸ਼ੋਕੀਨ ਕੰਡਕਟਰ, ਵਿਰਲੀ ਦਾਹੜੀ ਵਾਲਾ ਮੁੰਡਾ ਅਤੇ ਨਛੱਤਰ ਵੀ ਇਕ-ਇਕ ਬੋਤਲ ਮੰਗਾ ਚੁੱਕੇ ਸਨ । ਮਹਿਫ਼ਲ ਪੂਰੇ ਰੌਂਅ ਵਿਚ ਆ ਚੁੱਕੀ ਸੀ । ਪਊਏ ਦੀ ਕਾਟੋ ਫੁੱਲਾਂ ਉੱਪਰ ਦੀ ਲੰਘ ਕੇ ਫਲਾਂ 'ਤੇ ਖੇਡਣ ਜਾ ਲੱਗੀ ਸੀ । ਹੁਣ ਤੱਕ ਮੈਨੂੰ ਪਊਏ ਵਿਚ ਕਾਫੀ ਰੁਚੀ ਪੈਦਾ ਹੋ ਚੁੱਕੀ ਸੀ । ਜਦੋਂ ਗੱਲ ਉਸ 'ਤੇ ਆ ਜਾਂਦੀ ਸੀ ਤਾਂ ਉਹ ਹੋਰ ਵੀ ਚੌੜਾ ਹੋ ਜਾਂਦਾ । ਸਾਰੀ ਜੂਡਲੀ ਦੇ ਮਜ਼ਾਕਾਂ ਦਾ ਠੁਣਾ ਉਸ ਦੇ ਸਿਰ ਹੀ ਆ ਕੇ ਭੱਜਦਾ ਸੀ । ਪਊਆ ਗੁੱਸਾ ਕਰਨ ਦੀ ਥਾਂ ਬੇਸ਼ਰਮੀ ਨਾਲ ਮਜ਼ਾਕ ਕਰਨ ਵਾਲੇ ਨੂੰ ਮੋੜਵਾਂ ਟੋਟਕਾ ਸੁਣਾ ਦਿੰਦਾ । ਜਦੋਂ ਉਹ ਗੱਲ ਕਰਕੇ ਹੱਸਦਾ ਤਾਂ ਕਰੇੜੇ ਮਾਰੇ ਪੀਲੇ ਦੰਦ ਬਾਹਰ ਵੱਲ ਨੂੰ ਲਪਕਣ ਦੀ ਕੋਸ਼ਿਸ਼ ਕਰਦੇ । ਉਹ ਬੇਤਰਤੀਬੀ ਨਾਲ ਅੱਖਾਂ ਨੂੰ ਵਾਰ-ਵਾਰ ਝਪਕਦਾ ਅਤੇ ਵਿਰਲੇ- ਵਿਰਲੇ ਦੰਦਾਂ ਵਿਚੋਂ ਦੀ ਥੁੱਕ ਦੀ ਪਿਚਕਾਰੀ ਦੂਰ ਵਗਾਹ ਮਾਰਦਾ । ਥੋੜੇ ਚਿਰ ਬਾਅਦ ਥਾਂ-ਥਾਂ ਤੋਂ ਗਰੀਸ ਨਾਲ ਲਿੱਬੜੀ ਪੱਗ ਨੂੰ ਘੁੱਟਦਾ ਹੋਇਆ ਉੱਪਰ ਥੱਲੇ, ਸੱਜੇ ਖੱਬੇ ਕਰਦਾ । ਪੰਜਾਹਾਂ ਨੂੰ ਟੱਪਿਆ ਉਹ ਆਪਣੀ ਉਮਰ ਨਾਲੋਂ ਜਿਆਦਾ ਬੁੱਢਾ ਲੱਗਦਾ ਸੀ। ਹੱਥਾਂ ਨੂੰ ਅਜੀਬੋ ਗਰੀਬ ਅੰਦਾਜ਼ ਵਿਚ ਹਿਲਾਉਂਦਾ ਕਿਸੇ ਵੀ ਤਰ੍ਹਾਂ ਚੰਗਾ ਨਹੀਂ ਸੀ ਲੱਗਦਾ। ਮੈਂ ਉਸ ਵੱਲ ਵੇਖਣ ਦੀ ਘੱਟ ਤੋਂ ਘੱਟ ਕੋਸ਼ਿਸ਼ ਕਰ ਰਿਹਾ ਸਾਂ ਪਰ ਜਦੋਂ ਹੀ ਉਹ ਬੇਸ਼ਰਮੀ ਭਰਿਆ ਟੋਟਕਾ ਸੁਣਾ ਕੇ ਹੱਸਦਾ, ਧਿਆਨ ਮਲੋਮੱਲੀ ਉਸ 'ਤੇ ਚਲਾ ਜਾਂਦਾ । ਉਸ ਦੀ ਕਰੜ-ਬਰੜ ਦਾਹੜੀ ਵਿਚ ਲੁਕੇ ਜ਼ਰ ਲੱਗੇ ਦੰਦ ਦਿਸਦੇ ਤਾਂ ਕਚਿਆਣ ਜਿਹੀ ਆ ਜਾਂਦੀ । ਉਹ ਸਾਰਿਆਂ ਵਿਚ ਕਿਸੇ ਮਹਾਰਾਜ ਵਾਂਗ ਚੌੜਾ ਹੋਇਆ ਬੈਠਾ ਸੀ।

''ਨਛੱਤਰਾ ! ਆ ਨਿੱਕੇ ਬਾਈ ਬਾਰੇ ਪੁੱਛਣ ਦਾ ਸਾਲਾ ਚੇਤਾ ਈ ਭੁੱਲ ਗਿਆ । ਭਤੀਜ ਜਾਣ-ਪਛਾਣ ਤਾਂ ਕਰਾ ਨਿੱਕੇ ਬਾਈ ਨਾਲ ।'' ਪਊਏ ਨੇ ਮੇਰੇ ਵੱਲ ਇਸ਼ਾਰਾ ਕਰਕੇ ਨਛੱਤਰ ਨੂੰ ਕਿਹਾ । ਮੈਨੂੰ ਸੁੰਗੜਿਆ ਜਿਹਾ ਵੇਖ ਉਹ ਮੇਰੀ ਸੰਕੋਚਤਾ ਸਮਝ ਗਿਆ ਸੀ ।
''ਲੈ ! ਗੱਲਾਂ-ਗੱਲਾਂ ਵਿਚ ਚੇਤਾ ਈ ਨੀਂ ਰਿਹਾ।'' ਨਛੱਤਰ ਨੂੰ ਆਪਣੀ ਭੁੱਲ ਦਾ ਅਹਿਸਾਸ ਹੋਇਆ !
''ਇਹ ਆਪਣੀ ਭੂਆ ਦਾ ਪੁੱਤ ਆ । ਸਮਾਧ ਭਾਈ ਲਾਗੇ ਪਿੰਡ ਆ । ਨਹਿਰ ਮਹਿਕਮੇ 'ਚ ਉਵਰਸੀਅਰ ਲੱਗਾ ਹੋਇਐ ।''
''ਦੁਰ-ਫਿੱਟੇ ਮੂੰਹ ਤੇਰੇ ਨਛੱਤਰਾ ! ਕੋਹੜੀਆ ਪਹਿਲਾਂ ਦੱਸ ਦਿੰਦਾ ਵਈ ਮੁੰਡੇ ਐੱਡਾ ਅਪਸਰ ਐ, ਸਾਲੀ ਕੋਈ ਚੰਗੀ ਮੰਗਾ ਲੈਂਦੇ, ਗਰੇਜ਼ੀ-ਗਰੂਜ਼ੀ । ਐਵੇਂ ਸਾਲਾ ਬਲਦ ਦਾ ਮੂਤ ਜਿਹਾ ਪੀਈ ਜਾਨੈ ਆਂ ।'' ਪਊਆ ਮੈਨੂੰ ਡਾਹਢਾ ਚੰਗਾ ਲੱਗਾ ।

''ਬਈ ਕੇਰਾਂ ਪਊਏ ਦੀ ਮਾਮੀ ਮਰਗੀ । ਪਊਏ ਨੇ ਸੋਚਿਆ ਜਾ ਕੇ ਮਾਮੇ ਨਾਲ ਫਸੋਸ ਕਰਨਾ ਚਾਹੀਦਾ । ਆਪਣੇ ਡੀਪੂ 'ਚ ਕੰਡਕਟਰ ਹੁੰਦਾ ਸੀ 'ਘੀਚੂ' । ਉਹਨੂੰ ਨਾਲ ਲੈ ਲਿਆ । ਦੋਵੇਂ ਤੁਰ ਪਏ ਮਾਮੇ ਦੇ ਪਿੰਡ ਨੂੰ । ਮਾਮਾ ਇਹਦਾ ਰਹਿੰਦਾ ਸੀ ਭਦੌੜ ਕੋਲੇ ਜੰਗੀਆਣੇ । ਤੁਰਨ ਲੱਗੇ ਤਾਂ ਪਊਆ ਕਹਿੰਦਾ ਅਖੇ ਅਫਸੋਸ ਕਰਨ ਤਾਂ ਜਾਣਾ, ਘੁੱਟ ਲਾ ਈ ਲਈਏ । ਏਨੇ ਨਾਲ ਫਸੋਸ ਚੰਗਾ ਹੋਜੂ ਮਾਮੇ ਨਾਲ । ਘੀਚੂ ਨੇ ਭੱਜ ਕੇ ਅਧੀਆ ਫੜ ਲਿਆਂਦਾ ਠੇਕੇ ਤੋਂ । ਕੰਡੇ ਜ੍ਹੇ 'ਚ ਹੋਕੇ ਚਲੇ ਗਏ ਭਦੌੜ । ਉਥੋਂ ਅਧੀਆ ਫੇਰ ਲੈ ਲਿਆ । ਗੱਲ ਕੀ ਵਾਹਵਾ ਗ਼ਹਿਰੇ ਜਿਹੇ ਹੋ ਗਏ ਦੋਵੇਂ । ਆਥਣ ਹੋਏ ਤਾਂ ਚਲੇ ਗਏ ਮਾਮੇ ਕੋਲ ।''
''ਭੈਣ ਆਵਦੀ ਦਾ ਗੱਲ ਬਣਾਊ ਹੁਣ ਜੀਜੇ ਦੀ ।'' ਪਊਏ ਨੇ ਢਿੱਡਲ ਡਰਾਈਵਰ ਦੀ ਗੱਲ ਕੱਟੀ ।
''ਮਾਸੜਾ ਸੁਣ ਤਾਂ ਲੈਣ ਦੇ !''
''ਢਿੱਡਲ ਕਿਹੜਾ ਥੋਨੂੰ ਰਮੈਣ ਦੀ ਕਥਾ ਸੁਣਾਉਣ ਲੱਗੇ । ਐਵੇਂ ਛੱਡੀ ਜਾਉ ਲੰਢੇ ਕੇ ----ਧੱਲੇ ਕੇ ਦੀਆਂ !'' ਅੰਦਰੋਂ ਪਊਆ ਖੁਸ਼ ਸੀ ।

''ਹੱਛਾ ਜੀ ! ਜਾਂਦਿਆਂ ਈ ਪਊਆ ਮਾਮੇ ਦੇ ਗਲ ਚਿੰਮਟ ਗਿਆ । ਲੱਗਾ ਧਾਹਾਂ ਮਾਰਨ । ਚੁੱਪ ਕਰਨ ਦਾ ਨਾਂ ਈ ਨਾ ਲਵੇ । ਮਾਮੇ ਨੇ ਸੋਚਿਆ ਬਈ ਭਾਣਜਾ ਮਾਮੀ ਦਾ ਵਿਰਾਗ ਕਰੀ ਜਾਂਦੈ । ਜਿਵੇਂ-ਜਿਵੇਂ ਪਊਏ ਹੋਰਾਂ ਨੂੰ ਮਾਮਾ ਚੁੱਪ ਕਰਾਵੇ, ਤਿਵੇਂ-ਤਿਵੇਂ ਇਹ ਰੇਸ ਜ਼ਿਆਦਾ ਕਰੀ ਜਾਣ।"
''ਡਰੈਵਰ ਜੁ ਸੀ !'' ਲੱਗਦੀ ਵਾਹ ਕੋਈ ਵੀ ਬੰਦਾ ਮੌਕਾ ਹੱਥੋਂ ਨਹੀਂ ਸੀ ਜਾਣ ਦਿੰਦਾ।

''ਮਸੀਂ ਕਿਤੇ ਜਾ ਕੇ ਚੁੱਪ ਕੀਤਾ । ਕਹਿੰਦਾ, 'ਮਾਮਾ ਅਜੇ ਥੋੜੇ ਦਿਨਾਂ ਦੀ ਗੱਲ ਐ। ਮੈਂ ਬੱਸ ਲਈ ਜਾਵਾਂ ਮਾਨਸੇ ਨੂੰ । ਮਾਮੀ ਅੱਡੇ ਚ ਖੜੀ । ਪੂਰੀ ਚੀਚ-ਵਹੁਟੀ ਬਣੀ । ਕਾਲੀ ਸਲਵਾਰ, ਕਾਸ਼ਨੀ ਕੁੜਤੀ । ਸਮਝ ਨ੍ਹੀ ਲੱਗਦੀ ਭੈਣ ਦੇਣੀ ਮਾਮੀ ਮਰ ਕਿਵੇਂ ਗਈ ?' ਨਾਲ ਦੀ ਨਾਲ ਹੀ ਆਪਣੇ ਪਉਏ ਹੋਰਾਂ ਨੇ ਫੇਰ ਡੁਸਕਣਾ ਸ਼ੁਰੂ ਕਰਤਾ । ਮਾਮਾ ਹੈਰਾਨ ਪਰੇਸ਼ਾਨ ਵ੍ਹੀ ਭਾਣਜਾ ਕਰੀ ਕੀ ਜਾਂਦਾ ? ਪਊਆ ਦਾਰੂ ਦੀ ਲੋਰ ਵਿਚ ਫੇਰ ਲੱਗ ਪਿਆ, 'ਮਾਮਾ ! ਸਾਲੀ ਮਾਮੀ ਦੀ ਉਮਰ ਹੈਨੀ ਸੀ ਮਰਨ ਆਲੀ । ਸੁਰਾਹੀ ਅਰਗੀ ਧੌਣ, ਮਿਰਗ ਅਰਗੀਆਂ ਅੱਖਾਂ, ਹਿਰਨੀ ਵਰਗੀ ਤੋਰ ! ਸਮਝ ਨ੍ਹੀ ਲੱਗਦੀ ਮਾਮੀ ਮਰ ਕਿਵੇਂ ਗਈ ?' ਬੱਸ ਜੀ ! ਮਾਮੇ ਹੋਰਾਂ ਦਾ ਪਾਰਾ ਚੜ੍ਹ ਗਿਆ ਸੱਤ ਅਸਮਾਨ । ਅੱਗਿਓਂ ਘੀਚੂ ਕੰਡਕਟਰ ਪਊਏ ਦਾ ਵੀ ਪਿਉ ਸੀ । ਉਹਨੇ ਸੋਚਿਆ ਮੈਂ ਕਿਉਂ ਪਿੱਛੇ ਰਹਾਂ । ਮੈਂ ਵੀ ਫਸੋਸ ਕਰਾਂ ਮਾਮੇ ਨਾਲ । ਮਾਮੇ ਦੇ ਨੇੜੇ ਜ੍ਹੇ ਹੋ ਕੇ ਕਹਿਣ ਲੱਗਾ, 'ਮਾਮਾ ! ਮਾਮੀ ਮਰ ਗਈ । ਭੈਣ ਦੇਣੀ---ਮਾਮੀ ਮਰਗੀ । ਫੇਰ ਕਿਹੜਾ ਆਪਣਾ ਬਾਂਦਰ ਧੁੱਪੇ ਬੰਨ੍ਹਗੀ ।' ਬੱਸ ਜੀ ! ਮਾਮੇ ਹੋਰੀਂ ਹੋਗੇ ਕੱਪੜਿਆਂ ਤੋਂ ਬਾਹਰ। ਉਨ੍ਹਾਂ ਤੋਂ ਹੋਰ ਸਬਰ ਨਾ ਹੋਇਆ। ਛੇਤੀ ਦੇਣੇ ਤੂੜੀ ਵਾਲੇ ਕੋਠੇ ਅੰਦਰੋ ਖੂੰਡਾ ਕੱਢ ਲਿਆਂਦਾ ਤੇ ਕਰ ਦਿੱਤੀ ਸ਼ੁਰੂ ਸੇਵਾ । ਵੇਂਹਦਿਆਂ ਵੇਂਹਦਿਆਂ ਭਾਣਜੇ ਹੋਣੀ ਹਵਾ ਹੋ ਗਏ ਕਿਧਰੇ ।'' ਢਿੱਡਲ ਦੀ ਗੱਲ ਸੁਣ ਕੇ ਹਾਸੜ ਮੱਚ ਗਈ । ਗੱਲ ਸੁਣਾਉਣ ਦਾ ਉਸਦਾ ਵੱਖਰਾ ਹੀ ਅੰਦਾਜ਼ ਸੀ।

'' ਢਿੱਡਲਾ ਤੂੰ ਪੱਕਾ ਭੈਣ ਆਵਦੀ ਦਾ ---।'' ਪਊਆ ਤੇ ਢਿੱਡਲ ਔਸਰ ਝੋਟੀਆਂ ਵਾਂਗ ਆਪਸ ਵਿਚ ਖਹਿੰਦੇ ਰਹਿੰਦੇ ਸਨ। '' ਬਈ ਭਾਈਚਾਰਿਆ ਯਾਰ ਉਹ ਸੁਣਾ ਸਾਨੂੰ, ਘੁੱਗੀ ਰੰਗੇ ਪਰਸ ਵਾਲੀ ਨਰਸ ਕਿਵੇਂ ਪੱਟੀ ਤੈਂਅ ।'' ਖੱਬੀ ਪੱਗ ਵਾਲਾ ਲੰਬੂ ਵਾਰ ਵਾਰ ਸੱਜੀ ਉਂਗਲ ਨਾਲ ਗਿੱਚੀ 'ਚੋਂ ਬਾਹਰ ਨਿਕਲੀਆਂ ਜਟੂਰੀਆਂ ਅੰਦਰ ਕਰਨ ਲੱਗ ਜਾਂਦਾ ਸੀ । ਸਾਰੇ ਹੀ ਪਊਏ ਨੂੰ ਛੇੜ- ਛਾੜ ਕਰਕੇ ਸੁਆਦ ਲੈ ਰਹੇ ਸਨ।

" ਉਏ, ਉਹ ਕਿਤੇ ਮੈਂ ਪੱਟੀ ਸੀ ? ਉਹ ਤਾਂ ਪੀ ਬੀ ਕੇ ਕੱਤੀ ਸਤਾਰਾਂ ਨੇ ਫਸਾਈ ਐ । ਨਰਸ ਨੂੰ ਪਿੰਡ ਦੇ ਅੱਡੇ ਤੋਂ ਚੱਕਦੀ ਆ । ਸੁਣਲੋ, ਪਹਿਲੇ ਦਿਨ ਨਰਸ ਨੇ ਦਿੱਤਾ ਹੱਥ । ਮੈਂ ਮਾਰੇ ਬਰੇਕ ਗੱਡੀ ਥਾਂ 'ਤੇ ਜਮਾਤੀ । ਜੋਗਿੰਦਰ ਕਨੈਕਟਰ ਮੇਰੇ ਨਾਲ ਔਖਾ- ਸੌਖਾ ਹੋਣ ਲੱਗਾ ਅਖੇ ਬੱਸ ਕਿਉਂ ਰੋਕੀ । ਇਹ ਕੋਈ ਲੋਕਲ ਐ ? ਮੈਂ ਜੋਗਿੰਦਰ ਨੂੰ ਮਾਰੀ ਅੱਖ ਬਈ ਚੁੱਪ ਰਹਿ ! ਅੱਛਾ ਜੀ ! ਨਰਸ ਆ ਚੜ੍ਹੀ ਕੱਤੀ ਸਤਾਰਾਂ 'ਚ । ਬੱਸ ਪੂਰੀ ਭਰੀ । ਮੈਂ ਅਵਾਜ਼ ਮਾਰ ਕੇ ਬੋਰਨਟ 'ਤੇ ਬਹਾਲੀ-ਭਾਈ ਬੀਬਾ ਬਹਿਜਾ ਐਥੇ। ਫੇਰ ਕੀ ਸਾਰੇ ਰਾਹ ਅੱਖਾਂ ਗੱਡੀ ਰੱਖੀਆਂ ਮਾਂ ਦੀ ਧੀ ਨੇ ।" ਪੰਜਾਹ ਪਾਰ ਕੀਤੇ ਬੁੱਢੇ ਤੋਂ ਅਜਿਹੀ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਿਆ । ਮੈਨੂੰ ਲੱਗਾ ਕਿ ਇਸਦੇ ਅੰਦਰੋ ਦੁਨੀਆਂ ਦਾ ਮੋਹ ਉੱਕਾ ਈ ਮਰ ਚੁੱਕਾ । ਇਹੋ ਜਿਹੀਆਂ ਗੱਲਾਂ ਮਰੇ ਦਿਲ ਵਾਲਾ ਹੀ ਕਰ ਸਕਦਾ ਹੈ ।
"ਹੱਛਾ ! ਅੱਖਾਂ ਗੱਡੀ ਰੱਖੀਆਂ ? '' ਢਿੱਡਲ ਸੀ ।
''ਢਿੱਡਲਾ ! ਤੇਰੀ ਉਹੀ ਨਰਸ ਭੈਣ ਫੇਰ ਤਾਂ ਨਿੱਤ ਆਉਣ ਜਾਣ ਲੱਗੀ ਕੱਤੀ ਸਤਾਰਾਂ ਈ ਭਾਲਿਆ ਕਰੇ ।'' ਪਊਆ ਢਿੱਡਲ ਦਾ ਵਿਅੰਗ ਸਮਝ ਗਿਆ ਸੀ ।
"ਮਾਸੜਾ ਕਦੇ ਸਾਡੀ ਮਾਸੀ ਨ੍ਹੀ ਯਾਦ ਆਈ ਰਾਤ ਬਰਾਤੇ ?'' ਵਿਰਲੀ-ਵਿਰਲੀ ਦਾਹੜੀ ਵਾਲਾ ਸੁਆਦ ਦੀ ਇਕ ਹੋਰ ਗੋਲੀ ਲੈਣ ਲੱਗਾ ।
"ਕੀ ਕਰਨਾ ਉਹਨੂੰ ਯਾਦ ਕਰਕੇ ?'' ਪਉਏ ਦੀ ਆਵਾਜ਼ ਇਕਦਮ ਬੈਠ ਗਈ । ਮੈਂ ਗਹੁ ਨਾਲ ਵੇਖਿਆ ਉਹਦੀਆਂ ਅੱਖਾਂ ਵਿਚ ਨਮੀ ਤੈਰਨ ਲੱਗ ਪਈ ਸੀ ।
"ਜੇ ਕਿਤੇ ਹੁਣ ਆ ਜਾਏ -----?"
"ਐਸਾ ਕੋਈ ਨਾ ਮਿਲਿਆ ਵੇ ਮੈਂ ਢੂੰਡ ਥੱਕੀ, ਜਿਹੜਾ ਗਿਆਂ ਨੂੰ ਮੋੜ ਲਿਆਉਂਦਾ ਈ ।'' ਪਊਏ ਨੇ ਜਵਾਬ ਵਿਚ ਵਾਰਿਸ਼ ਸ਼ਾਹ ਦੀ ਹੀਰ ਦੀਆਂ ਤੁਕਾਂ ਸੁਣਾ ਦਿੱਤੀਆਂ।
"ਯਾਦ ਤਾਂ ਕਰਦੀ ਈ ਹੋਊ ਕਦੇ ਕਦਾਈਂ ਉਹ ? " ਖੱਬੀ ਪੱਗ ਵਾਲਾ ਕਿਵੇਂ ਪਿੱਛੇ ਰਹਿ ਸਕਦਾ ਸੀ।
ਤੁਸੀਂ ਸਾਲਿਓ ਜਾਣ ਬੁੱਝ ਕੇ ਮੇਰੇ ਫੱਟਾਂ 'ਤੇ ਲੂਣ ਪਾਉਨੇ ਓਂ । ਮੇਰੇ ਤੋਂ ਪੀ ਕੇ ਮੇਰੇ ਤੇ ਈ ਖਰੀ ਕਰਨ ਲੱਗਪੇ ।'' ਪਉਏ ਤੋਂ ਹੋਰ ਸਬਰ ਨਾ ਹੋਇਆ। ਉਹ ਕਾਹਲੀ-ਕਾਹਲੀ ਉੱਠ ਕੇ ਬਾਹਰ ਆ ਗਿਆ । ਉਸਦੀਆਂ ਅੱਖਾਂ ਵਿਚ ਅੱਥਰੂ ਆ ਗਏ ਸਨ । ਉਸ ਨੇ ਚੁੱਪ-ਚਾਪ ਉਥੋਂ ਖਿਸਕ ਜਾਣਾ ਈ ਵਧੀਆ ਸਮਝਿਆ ਸੀ ।

"ਹਾਅ ਤੈਂਅ ਚੰਗੀ ਗੱਲ ਨ੍ਹੀ ਕੀਤੀ । ਐਵੇਂ ਮਾਸੀ-ਮਾਸੀ ਲਾਈ ਰੱਖੀ । ਲੱਗਦਾ ਮਾਸੀ ਦਾ। ਪਉਏ ਦਾ ਦਿਲ ਦੁਖੀ ਕਰਤਾ ।'' ਕੰਡਕਟਰ ਡਰਾਈਵਰ ਸਾਰੇ ਉਸ ਲੈਰੀ ਉਮਰ ਵਾਲੇ ਮੁੰਡੇ ਨੂੰ ਬੁਰਾ-ਭਲਾ ਕਹਿਣ ਲੱਗੇ ।
''ਬੱਸ ਯਾਰ ਐਵੇਂ ਮੂਡ-ਮੂਡ 'ਚ ਈ----।"

ਮੁੰਡਾ ਵੀ ਹੁਣ ਪਛਤਾ ਰਿਹਾ ਸੀ। ਹੌਲੀ-ਹੌਲੀ ਸਾਰੀ ਢਾਣੀ ਖਿੱਲਰ ਗਈ । ਨਛੱਤਰ ਮੈਨੂੰ ਆਪਣੇ ਕਵਾਟਰ ਵੱਲ ਲੈ ਤੁਰਿਆ । ਸਾਰੀ ਰਾਤ ਮੈਂ ਪਊਏ ਬਾਰੇ ਹੀ ਸੋਚਦਾ ਰਿਹਾ । ਤੜਕੇ ਉੱਠਦਿਆਂ ਹੀ ਮੈਂ ਨਛੱਤਰ ਕੋਲ ਪਊਏ ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ । ਨਛੱਤਰ ਨੂੰ ਮੇਰੀ ਆਦਤ ਦਾ ਪਤਾ ਸੀ ! ਮੇਰੀ ਲਿਖਣ-ਲਿਖਾਉਣ ਵਾਲੀ ਆਦਤ ਤੋਂ ਉਹ ਚਿਰਾਂ ਦਾ ਜਾਣੂ ਸੀ । ਬਿਨਾਂ ਕੋਈ ਸੁਆਲ ਕੀਤੇ ਉਹ ਪਊਏ ਦਾ ਪਤਾ ਕਰਨ ਉਸਦੇ ਕਵਾਟਰ ਚਲਾ ਗਿਆ । ਕੋਈ ਦਸਾਂ ਕੁ ਮਿੰਟਾਂ ਬਾਅਦ ਨਛੱਤਰ ਵਾਪਸ ਆ ਗਿਆ । ਪਊਏ ਨੇ ਮਿਲਣ ਲਈ ਸ਼ਾਮ ਦਾ ਸਮਾਂ ਦਿੱਤਾ ਸੀ । ਭਾਵੇਂ ਮੈਂ ਜ਼ਰੂਰੀ ਕੰਮ ਬਾਹਰ ਜਾਣਾ ਸੀ ਪਰ ਪਊਏ ਨੂੰ ਮਿਲਣ ਖਾਤਰ ਉਥੇ ਹੀ ਠਹਿਰ ਗਿਆ ।

ਸ਼ਾਮੀਂ ਪੰਜ ਵਜੇ ਤੋਂ ਪਹਿਲਾਂ ਹੀ ਨਛੱਤਰ ਮੈਨੂੰ ਪਊਏ ਦੇ ਕਮਰੇ ਵਿਚ ਛੱਡ ਆਇਆ। ਮੇਰੇ ਜਾਣ ਤੋਂ ਪਹਿਲਾਂ ਪਊਆ ਮੰਜੇ 'ਤੇ ਟੇਢਾ ਪਿਆ ਛੱਤ ਵੱਲ ਘੂਰ ਘੂਰ ਵੇਖ ਰਿਹਾ ਸੀ । ਨਾਲ ਪਏ ਪੁਰਾਣੇ ਜਿਹੇ ਟੇਬਲ ਉੱਤੇ ਕੱਚ ਦੇ ਦੋ ਗਲਾਸ, ਪਲੇਟ ਵਿਚ ਕੁੱਝ ਭੁਜੀਆਂ ਅਤੇ ਸ਼ਰਾਬ ਦੀ ਅੱਧਿਓਂ ਵੱਧ ਖਾਲੀ ਬੋਤਲ ਪਈ ਸੀ । ਮੈਨੂੰ ਵੇਖਦਿਆਂ ਹੀ ਪਊਆ ਮੰਜੇ ਤੋਂ ਉੱਠ ਕੇ ਬੈਠ ਗਿਆ ਅਤੇ ਲੱਤਾਂ ਥੱਲੇ ਲਮਕਾ ਲਈਆਂ ।

''ਪਹਿਲਾਂ ਘੁੱਟ ਲਾ ਲੈ, ਫੇਰ ਕਰਾਂਗੇ ਗੱਲਾਂ ।'' ਪਊਏ ਨੇ ਖਾਲੀ ਗਲਾਸ ਵਿਚ ਸ਼ਰਾਬ ਪਾ ਕੇ ਮੇਰੇ ਅੱਗੇ ਧਰ ਦਿਤੀ । ਪਤਾ ਨਹੀਂ ਕਿਉਂ ਮੈਂ ਕੋਈ ਨਾਂਹ ਨੁੱਕਰ ਨਾ ਕਰ ਸਕਿਆ।
''ਕੀ ਪੁੱਛਣੈ ?'' ਪਊਆ ਸਿੱਧਾ ਮੇਰੀਆਂ ਅੱਖਾਂ ਵਿਚ ਝਾਕਿਆ।

''ਤੇਰੇ ਬਾਰੇ, ਤੇਰੀ ਜ਼ਿੰਦਗੀ ਬਾਰੇ ਗੱਲਾਂ ਕਰਨੀਆਂ ।'' ਮੈਂ ਆਪਣੀ ਪੁੱਛ-ਗਿੱਛ ਦਾ ਮਕਸਦ ਦੱਸਦਿਆਂ ਗਹੁ ਨਾਲ ਕਮਰੇ ਦਾ ਨਿਰੀਖਣ ਕੀਤਾ । ਅੰਗੀਠੀ 'ਤੇ ਚਿਰਾਂ ਦੀ ਖਿੱਚੀ ਧੁੰਦਲੀ ਜਿਹੀ ਫੋਟੋ ਟਿਕਾਈ ਹੋਈ ਸੀ । ਫੋਟੋ ਕਿਸੇ ਔਰਤ ਦੀ ਸੀ ਜਿਸ ਕੋਲ ਸਾਲ ਕੁ ਦਾ ਬੱਚਾ ਚੁੱਕਿਆ ਹੋਇਆ ਸੀ ।

"ਮੈਨੂੰ ਪਤੈ ! ਨਛੱਤਰ ਨੇ ਮੈਨੂੰ ਦੱਸਿਆ ਸੀ ਅਖੇ ਤੂੰ ਖ਼ਵਾਰ 'ਚ ਘਾਣੀਆਂ ਘੂਣੀਆਂ ਵੀ ਲਿਖਦੈਂ। ਪੁੱਛ ਲੈ ਜੋ ਪੁੱਛਣੈ ?'' ਪਊਏ ਨੇ ਬੋਤਲ 'ਚੋਂ ਬਾਕੀ ਬਚੀ ਸ਼ਰਾਬ ਗਲਾਸ ਵਿਚ ਪਾ ਲਈ ।
"ਕੱਲ ਤੂੰ ਉੱਠ ਆਇਆ ਜਿਵੇਂ ਕੋਈ ਖ਼ਾਸ ? '' ਮੈਂ ਜਾਣ-ਬੁੱਝ ਕੇ ਵਾਕ ਅਧੂਰਾ ਛੱਡ ਦਿੱਤਾ।
"ਨਹੀਂ ਨਹੀਂ ਕੋਈ---।" ਪਊਆ ਤ੍ਰਬਕ ਕੇ ਮੰਜੇ ਤੋਂ ਉੱਠ ਖੜਾ ਹੋਇਆ । ਉਸ ਨੇ ਕਿਰ ਆਏ ਅੱਥਰੂ ਲੁਕਾਉਣ ਦੀ ਅਸਫਲ ਕੋਸ਼ਿਸ਼ ਕੀਤੀ ਪਰ ਕਮਰੇ ਵਿਚ ਅਜੀਬ ਤਰ੍ਹਾਂ ਦੀ ਚੁੱਪ ਸੀ ।

"ਨਿੱਕਿਆ ਕਾਹਦੀ ਜ਼ਿੰਦਗੀ ਸਾਡੀ --- ? ਪਿਉ ਮੇਰੇ ਜਨਮ ਲੈਣ ਤੋਂ ਪਹਿਲਾਂ ਤੇ ਮਾਂ ਜਨਮ ਦੇਣ ਤੋਂ ਬਾਅਦ ਰੱਬ ਨੂੰ ਪਿਆਰੀ ਹੋਗੀ । ਦਾਦਾ-ਦਾਦੀ ਕਹਿਣ ਲੱਗੇ, ਸਾਡੇ ਅਮਰ ਸਿੰਹੁ ਦਾ ਬੂਟਾ ਲੱਗਾ ਰਹਿ ਗਿਆ । ਆਂਡ ਗੁਆਂਢ ਨੇ ਨੱਕ ਬੁੱਲ਼੍ਹ ਕੱਢੇ, ਅਖੇ ਜਦੋਂ ਪੇਟ 'ਚ ਸੀ ਪਿਉ ਨੂੰ ਖਾ ਗਿਆ, ਬਾਹਰ ਆਇਆ ਤਾਂ ਮਾਂ ਨੂੰ ਨਿਗਲ ਗਿਆ। ਨਿਰਾ ਬੱਜੂ ਆ । ਜਿੰਨਾ ਚਿਰ ਦਾਦਾ-ਦਾਦੀ ਜਿਉਂਦੇ ਰਹੇ ਹਿੱਕ ਨਾਲ ਲਾਈ ਰੱਖਿਆ । ਚਾਚੀਆਂ-ਤਾਈਆਂ ਵੀ ਲੋੜ ਕਰਕੇ ਬੁੱਲਾਂ ਤੱਕ ਵਗ ਆਈ ਨਲੀ ਪੂੰਝਦੀਆਂ ਰਹੀਆਂ । ਬੱਸ ਦਾਦੇ-ਦਾਦੀ ਦੇ ਅੱਖਾਂ ਮੀਟਣ ਦੀ ਦੇਰ ਸੀ, ਮੈਂ ਤਾਂ ਐਵੇਂ ਵਾਧੂ ਪੱਥਰ ਬਣ ਕੇ ਰਹਿ ਗਿਆ ਘਰ"

"ਦੁਖੀ ਹੋਕੇ ਮੈਂ ਬਿਨਾਂ ਕਿਸੇ ਨੂੰ ਦੱਸਿਆਂ ਘਰੋਂ ਨਿਕਲ ਗਿਆ । ਸਾਰੀ ਦਿਹਾੜੀ ਬਿਨਾਂ ਕਿਸੇ ਮਤਲਬ ਦੇ ਸ਼ਹਿਰ ਭਾਉਂਦਾ ਰਿਹਾ । ਰਾਤ ਪੈਣ 'ਤੇ ਟਰੱਕ ਯੂਨੀਅਨ ਦੇ ਫੱਟੇ 'ਤੇ ਈ ਸੌਂ ਗਿਆ। ਤੜਕੇ ਕਿਸੇ ਬੰਦੇ ਨੇ ਉਠਾਇਆ। ਪਿੰਡ ਦਾ ਅਤਾ-ਪਤਾ ਪੁੱਛਿਆ । ਚਾਹ-ਪਾਣੀ ਵੀ ਪਿਆਇਆ । ਸਾਰੀ ਗੱਲ ਸੁਣ ਕੇ ਉਹ ਆਪਣੇ ਟਰੱਕ ਵਿਚ ਚੜ੍ਹਾ ਕੇ ਗੁਹਾਟੀ ਦਾ ਚੱਕਰ ਲਾਉਣ ਚਲਾ ਗਿਆ। ਇਹ ਖੋਸਿਆਂ ਵਾਲੇ ਦਾ ਜੀਤਾ ਸੀ । ਉੱਚੀਆਂ ਉੱਚੀਆਂ ਪਹਾੜੀਆਂ, ਡੂੰਘੀਆਂ-ਡੂੰਘੀਆਂ ਖੱਡਾਂ, ਥੱਲੇ ਬੰਦੇ ਤੁਰੇ ਫਿਰਦੇ ਕੀੜੀਆਂ ਵਰਗੇ ਲੱਗਣ । ਕਦੀ-ਕਦਾਈਂ ਖੱਡ ਵਿਚ ਡਿੱਗ ਕੇ ਫੱਟੀ-ਫੱਟੀ ਹੋਈ ਗੱਡੀ ਦਿਖਾਈ ਦਿੰਦੀ ਤਾਂ ਦਿਲ ਘਬਰਾਉਂਦਾ। ਜੀਤੇ ਨੇ ਗੱਲਾਂ ਸੁਣਾ- ਸੁਣਾ ਕੇ ਮਨ ਪਰਚਾਈ ਰੱਖਿਆ ! ਫੇਰ ਤਾਂ ਪੂਰੇ ਬਾਰ੍ਹਾਂ ਵਰ੍ਹੇ ਉਹਨੇ ਪੁੱਤਾਂ ਵਾਂਗੂੰ ਨਾਲ ਈ ਰੱਖਿਆ । ਬਿਨਾਂ ਮੂੰਹ ਬਾਹਰ ਕੱਢਿਆਂ ਔਖੀ ਤੋਂ ਔਖੀ ਥਾਂ 'ਤੇ ਗੱਡੀ ਬੈਕ ਲਾਉਣੀ ਸਿਖਾਈ । ਇਕ ਦਿਨ ਥਾਪੀ ਦੇ ਕੇ ਮਾਨਾਵੇਂ ਵਾਲੇ ਸਰਦਾਰਾਂ ਵਲੋਂ ਯੂਨੀਅਨ ਵਿਚ ਪਾਈ ਨਵੀਂ ਗੱਡੀ ਦੀਆਂ ਚਾਬੀਆਂ ਫੜਾ ਦਿੱਤੀਆਂ । ਮੈਂ ਮਾਣ ਨਾਲ ਉਸਤਾਦ ਦੇ ਗੋਡੀਂ ਹੱਥ ਲਾਏ । ਹੰਝੂ ਵੇਹਰ ਕੇ ਮੇਰੀਆਂ ਅੱਖਾਂ ਵਿਚ ਆ ਗਏ । ਮੈਂ ਸਿਰ ਉਸਤਾਦ ਦੇ ਪੈਰਾਂ ਵਿਚ ਰੱਖ ਕੇ ਰੋਣ ਲੱਗਾ । ਜੀਤੇ ਉਸਤਾਦ ਨੇ ਮੇਰੇ ਹੰਝੂ ਪੂੰਝੇ ਤੇ ਕਿੰਨਾ ਚਿਰ ਮੇਰਾ ਸਿਰ ਪਲੋਸਦਾ ਰਿਹਾ । ਉਹਦੀਆਂ ਆਵਦੀਆਂ ਅੱਖਾਂ 'ਚ ਵੀ ਹੜ ਆ ਗਿਆ ਸੀ ।" ਪਊਏ ਨੇ ਗਿਲਾਸ ਵਿਚਲੀ ਸ਼ਰਾਬ ਅੰਦਰ ਸੁੱਟ ਲਈ । "ਜੀਤੇ ਉਸਤਾਦ ਨੇ ਆਵਦੇ ਵਲੋਂ ਹੰਝੂ ਡੱਕਣ ਦੀ ਬਥੇਰੀ ਕੋਸ਼ਿਸ਼ ਕੀਤੀ ਪਰ ਰੋਕ ਨਾ ਸਕਿਆ । ਮੈਨੂੰ ਕਹਿੰਦਾ, ' ਲੈ ਕੋਹੜਾ ਰੋਣ ਡਹਿ ਪਿਆ , ਮੈਂ ਕਿਤੇ ਮਰ ਚੱਲਿਆਂ ? ਦੂਜੇ ਚੌਥੇ ਮਿਲਦੇ ਈ ਰਹਿਣਾ ਯੂਨੀਅਨ 'ਚ ।' ਏਸ ਗੱਲ ਤੋਂ ਅਗਲੇ ਦਿਨ ਈ ਮੈਂ ਮੁਜੱਫ਼ਰਪੁਰ ਦਾ ਗੇੜਾ ਭਰ ਕੇ ਲੈ ਤੁਰਿਆ । ਤੂੰ ਕਹੇਂਗਾ ਵਡਿਆਈਆਂ ਮਾਰਦੈ, ਦੁੱਕੀ-ਤਿੱਕੀ ਸਪਾਟਿਆਂ ਨੂੰ ਨ੍ਹੀ ਸੀ ਨੇੜੇ ਲੱਗਣ ਦਿੰਦਾ । ਫੇਰ ਵੀ ਜੀਤੇ ਉਸਤਾਦ ਦਾ ਚੰਡਿਆ ਸਾਂ । ਪੂਰੇ ਪੰਦਰੀਂ ਦਿਨੀਂ ਵਾਪਿਸ ਮੁੜਿਆ ।" ਉਸ ਨੇ ਮੇਰੇ ਹੱਥਲੇ ਗਿਲਾਸ ਨੂੰ ਖਾਲ਼ੀ ਕਰਨ ਦਾ ਇਸ਼ਾਰਾ ਕੀਤਾ।

"ਵਾਪਸੀ 'ਤੇ ਸਾਰਿਆਂ ਨੇ ਵਧਾਈਆਂ ਦਿੱਤੀਆਂ। ਉਸਤਾਦ ਨੇ ਮੁੜ-ਮੁੜ ਮੂੰਹ ਚੁੰਮਿਆ । ਦੁਪਹਿਰ ਤੋਂ ਈ ਰੂੜੀ ਮਾਰਕਾ ਦਾ ਦੌਰ ਚੱਲ ਪਿਆ। ਜੀਤਾ ਉਸਤਾਦ ਮੈਨੂੰ ਬੁੱਕਲ ਵਿਚ ਲੈ-ਲੈ ਘੁੱਟੇ । ਮੈਨੂੰ ਸਾਰੀ ਦੁਨੀਆਂ ਚੰਗੀ-ਚੰਗੀ ਲੱਗੇ । ਪਤਾ ਨਹੀਂ ਰਾਤ ਕਦੋਂ ਸੁੱਤੇ । ਅਗਲੇ ਦਿਨ ਫੇਰ ਗੁਹਾਟੀ । ਇਉਂ ਚੱਲ ਸੋ ਚੱਲ । ਸਾਲ ਤੀਆਂ ਵਾਂਗੂੰ ਨਿਕਲ ਗਿਆ । ਇਕ ਦਿਨ ਜੈਪੁਰ ਦਾ ਚੱਕਰ ਲਾ ਕੇ ਮੁੜਿਆ। ਗੱਡੀ ਆ ਕੇ ਯੂਨੀਅਨ ਵਿਚ ਖੜ੍ਹਾਈ ਤਾਂ ਸਾਰੇ ਮੇਰੇ ਦੁਆਲੇ ਹੋਗੇ । ਮਸੋਸੇ ਜਿਹੇ ਮੂੰਹ । ਸਿਰ ਸੁੱਟੇ , ਬੁੱਲ੍ਹਾਂ ਨੂੰ ਤਾਲੇ । ਗੱਲ ਕੋਈ ਦੱਸੇ ਨਾ । ਦੱਸਣ ਕੀ ? ਕਿਸੇ 'ਚ ਹਿੰਮਤ ਈ ਨ੍ਹੀ ਸੀ ਪੈ ਰਹੀ । ਮੈਂ ਹਾਕਲ-ਬਾਕਲ ਹੋ ਗਿਆ । ਡੌਰ-ਭੌਰ ਹੋ ਕੇ ਆਸੇ-ਪਾਸੇ ਵੇਖਿਆ । ਮੈਨੂੰ ਕੋਈ ਸਮਝ ਨਾ ਆਈ ਕਿ ਗੱਲ ਹੈ ਕੀ ? ਆਖ਼ਰ ਜੇਰਾ ਕਰਕੇ ਨੰਜੂ ਡਰੈਵਰ ਨੇ ਦੱਸ ਈ ਦਿੱਤਾ। ਸੁਣ ਕੇ ਮੇਰਾ ਕਾਲਜਾ ਪਾਟ ਗਿਆ । ਧਰਤੀ ਨਿੱਘਰਦੀ ਜਾਪੀ । ਮੈਂ ਝੱਲਿਆਂ ਵਾਂਗ ਰੋਣ ਲੱਗ ਪਿਆ। ਸੱਚੀ ਦੱਸਾਂ, ਜ਼ਿੰਦਗੀ 'ਚ ਪਹਿਲੀ ਵਾਰ ਏਨਾ ਰੋਇਆ ਸਾਂ ।"

"ਨੰਜੇ ਨੇ ਮੇਰੇ ਮੋਢਿਆਂ 'ਤੇ ਹੱਥ ਰੱਖਿਆ, ' ਐਨੀ ਚੜਾਈ ਤੋਂ ਡਿੱਗ ਕੇ ਗੱਡੀ ਦਾ ਕੀ ਬਚਣਾ ਸੀ ? ਸੁਣਿਐ ਫੱਟੀ ਫੱਟੀ ਹੋ ਕੇ ਖਿੱਲਰਗੀ । ਜੀਤੇ ਦੀ ਲਾਸ਼ ਤਾਂ ਊਈਂ ਬੇ-ਸਿਆਣ ਹੋਗੀ ਸੀ । ਕਲੀਡਰ ਦਾ ਤਾਂ ਕੋਈ ਥਹੁ ਪਤਾ ਈ ਨ੍ਹੀ ਲੱਗਾ । ਦੱਸਦੇ ਚੰਗੀ ਭਲੀ ਤੁਰੀ ਜਾਂਦੀ ਸੀ ਰੋੜ 'ਤੇ । ਰੱਬ ਜਾਣੇ ਜੀਤੇ ਦੀਆਂ ਅੱਖਾਂ ਅੱਗੇ ਕੀ ਨੇਰ੍ਹਾ ਆਇਆ, ਬੱਸ ਹੋਣੀ ਵਰਤਗੀ ।' ਮੈਂ ਸੋਚੀਂ ਜਾਵਾਂ ਰੱਬ ਕਰਕੇ ਸਾਰਾ ਕੁੱਛ ਝੂਠ ਹੋਵੇ।" ਪਊਏ ਨੇ ਅੱਖਾਂ 'ਚੋਂ ਬੇਮੁਹਾਰ ਵਗ ਪਏ ਅੱਥਰੂਆਂ ਨੂੰ ਪਰਨੇ ਨਾਲ ਸਾਫ਼ ਕੀਤਾ।

''ਛੋਟੇ ਵੀਰ, ਮੇਰੇ ਸੋਚਣ ਨਾਲ ਕੀ ਬਣਦਾ ਸੀ । ਮੌਤ ਦੀ ਖਬਰ ਵੀ ਕਦੇ ਝੂਠੀ ਹੋਈ ਐ ? ਡਰੈਵਰੀ ਕਰਦਿਆਂ ਮੌਤ ਨਾਲ ਖਹਿ ਕੇ ਬਹਿੰਦੀ ਆ ਸੀਟ 'ਤੇ, ਜਿਥੇ ਮੌਕਾ ਮਿਲਿਆ ਉਲਟਾ ਮਾਰੀ ਖੱਡ 'ਚ-----। ਪੁੱਤਾਂ ਆਂਗੂੰ ਪਾਲਿਆ ਸੀ ਮੈਨੂੰ ਡਾਹਢੇ ਨੇ ਬੜੀ ਧੱਕੇਸ਼ਾਹੀ ਕੀਤੀ । ਸਮਝ ਲੈ ਸਕਾ ਪਿਉ ਈ ਸੀ । ਦਾਦਾ-ਦਾਦੀ ਬਚਪਨ ਵਿਚ ਮੈਨੂੰ ਮੇਰੇ ਪਿਉ ਦੀਆਂ ਗੱਲਾਂ ਸੁਣਾਉਂਦੇ ਹੁੰਦੇ ਸੀਗੇ ।

ਜੀਤੇ ਕੋਲੇ ਰਹਿੰਦਿਆਂ ਮੈਨੂੰ ਕਦੇ ਲੱਗਿਆ ਈ ਨ੍ਹੀ ਸੀ ਵ੍ਹੀ ਮੇਰਾ ਪਿਉ ਹੈਨੀ । ਮੇਰਾ ਪਿਉ ਤਾਂ ਹੁਣ ਮਰਿਆ ਸੀ । ਪਿੰਡ ਆ ਕੇ ਮੈਂ ਭਾਨੋ ਦੀ ਬੁੱਕਲ ਵਿਚ ਸਿਰ ਰੱਖ ਕੇ ਬੱਚਿਆਂ ਵਾਂਗੂੰ ਰੋਂਦਾ ਰਿਹਾ । ਅੰਗੀਠੀ ਤੇ ਪਈ ਔਹ ਫੋਟੋ ਵੇਹਨਾ ਏ ਨਾ ? '' ਪਊਆ ਸਿੱਧਾ ਮੇਰੀਆਂ ਅੱਖਾਂ ਵਿਚ ਅੱਖਾਂ ਪਾ ਕੇ ਪਹਿਲਾਂ ਵਾਂਗ ਝਾਕਿਆ । ਮੈਂ ਦੁਬਾਰਾ ਫੇਰ ਔਰਤ ਦੀ ਫੋਟੋ ਵੱਲ ਵੇਖਿਆ ।

''ਤੂੰ ਪੁੱਛੇਂਗਾ ਇਹ ਕੌਣ ਐ ? ਇਹੀ ਪੁੱਛੇਂਗਾ ਨਾ ?'' ਪਊਏ ਨੇ ਆਪ ਹੀ ਸੁਆਲ ਕਰਕੇ ਆਪ ਹੀ ਉੱਤਰ ਦਿੱਤਾ , "ਇਹ ਉਹੀ ਆ ਜਿਹਨੂੰ ਮੁੰਡੀਹਰ ਮਾਸੀ-ਮਾਸੀ ਕਹਿ ਕੇ ਮੇਰੇ ਜ਼ਖ਼ਮ ਉਚੇੜਦੀ ਸੀ । ਇਹੀ ਮੇਰਾ ਫੱਟ ਐ । ਕਰਮਾਂ ਵਾਲੀ ਨਾਲ ਤਿੰਨ ਕੁ ਸਾਲ ਦਾ ਸਾਥ ਸੀ, ਨਿਭ ਗਿਆ। ਮੇਰੇ ਤਾਂ ਸਾਰੇ ਸਰੀਰ 'ਚ ਰਚ ਗਈ । ਭਲਾ ਤਿੰਨ ਸਾਲ ਕੋਈ ਥੋੜੇ ਹੁੰਦੇ ?'' ਪਊਏ ਨੇ ਅੱਖਾਂ ਮੇਰੇ ਉੱਪਰ ਗੱਡ ਦਿੱਤੀਆਂ । ਬਿੰਦ ਕੁ ਚੁੱਪ ਰਿਹਾ ਤੇ ਫੇਰ ਬੋਲਣਾ ਸ਼ੁਰੂ ਕਰ ਦਿੱਤਾ ।

"ਇਹ ਤਾਂ ਮੈਂ ਤੈਨੂੰ ਦੱਸਿਆ ਈ ਨ੍ਹੀ ਏਹ ਕੌਣ ਸੀ ? ਕੀਕਣ ਆਈ ? ਕਿੱਥੋਂ ਆਈ ? ਨਈਂ ਦੱਸਿਆ ਸੀ ਨਾ ?'' ਪਊਏ ਨੇ ਅਜੀਬ ਅੰਦਾਜ਼ ਵਿਚ ਅੱਖਾਂ ਝਪਕੀਆਂ ।

"ਮੈਂ ਤੇ ਉਸਤਾਦ ਜਦੋਂ ਕਦੇ ਬਾਹਰਲਾ ਚੱਕਰ ਲੈ ਕੇ ਜਾਂਦੇ ਹੁੰਦੇ ਸਾਂ ਤਾਂ ਵਾਪਸੀ 'ਤੇ ਵਾਹ ਲੱਗਦੀ ਰਾਜਪੁਰੇ ਲਾਗੇ ਭਾਨੋ ਦੇ ਪਿੰਡ ਜ਼ਰੂਰ ਹੋ ਕੇ ਆਉਂਦੇ । ਉਸਤਾਦ ਦਾ ਭਾਨੋ ਦੇ ਪਿੰਡ ਲੱਗ-ਲਗਾਉ ਸੀ ਕਿਸੇ ਨਾਲ ਥੋੜਾ-ਬਹੁਤਾ । ਮਹੀਨੇ ਪੰਦਰੀਂ ਦਿਨੀ ਗੇੜਾ ਵੱਜਦਾ । ਉਥੇ ਈ ਉਸਤਾਦ ਦੀ ਬੇਲਣ ਨੇ ਮੇਰੀ ਗੱਲ ਕਰਾਤੀ ਭਾਨੋ ਨਾਲ । ਭਾਨੋ ਹੋਣੀ ਭੈਣਾਂ ਸੀ ਪੰਜ । ਭਾਨੋ ਦਾ ਪਿਉ ਤੇ ਭਰਾ ਦੋਵੇਂ ਅਮਲੀ ਭੰਗੀ । ਪੈਸੇ ਲੈ ਕੇ ਕੂੰਜ ਵਰਗੀ ਕੁੜੀ ਦੁਹਾਜ਼ੂ-ਤਿਹਾਜ਼ੂ ਨਾਲ ਤੋਰ ਦਿੰਦੇ । ਦਾਅ ਲੱਗਦਾ ਤਾਂ ਪੇਕੇ ਮਿਲਣ ਆਈ ਨੂੰ ਹੋਰ ਅੱਗੇ ਵੇਚ ਦਿੰਦੇ । ਮੈਂ ਉਸਤਾਦ ਨਾਲ ਭਾਨੋ ਨੂੰ ਨਾਲ ਲਿਆਉਣ ਦੀ ਸਲਾਹ ਕੀਤੀ । ਉਹਨੇ ਨੰਨ੍ਹਾ ਨਾ ਪਾਇਆ । ਅਸੀਂ ਭਾਨੋ ਬਹਾਈ ਗੱਡੀ 'ਚ ਤੇ ਰਾਤੋ-ਰਾਤ ਪਿੰਡ । ਅੱਗੇ ਪਿੰਡ ਆਇਆਂ ਨੂੰ ਨਵਾਂ ਰੱਫੜ । ਚਾਚਿਆਂ ਤਾਇਆਂ ਨੇ ਥਾਂ ਦੇਣ ਦੀ ਬਜਾਏ ਡਰਾਇਆ ਧਮਕਾਇਆ । ਪੰਚਾਇਤ ਤੋਂ ਅੱਗੇ ਠਾਣੇ ਦਰਬਾਰੇ ਹੋ ਤੁਰੀ। ਆਖਰ ਵਾਹ ਨਾ ਚੱਲਦੀ ਵੇਖ ਸਮਝੌਤੇ 'ਤੇ ਆਗੇ । ਅਖੇ ਤੈਂਅ ਜ਼ਮੀਨ ਕੀ ਕਰਨੀ, ਡਰੈਵਰੀ ਕਰੀ ਚੱਲ । ਦਾਣਾ ਫੱਕਾ ਅਸੀਂ ਦੇ ਦਿਆ ਕਰਾਂਗੇ। ਮੈਂ ਲੜਾਈ ਝਗੜੇ ਤੋਂ ਚਾਲੂ ਸੀ। ਸੋਚਿਆ ਮਨਾ ਗੁਜ਼ਾਰਾ ਤੁਰਿਆ ਜਾਂਦਾ, ਜ਼ਮੀਨ ਸਿਰ 'ਚ ਮਾਰਨੀ ? ਲਓ ਜੀ ਜ਼ਮੀਨ ਮੈਂ ਛੱਡਤੀ। ਮਾੜਾ ਕੀਤਾ ਮੈਂ ? " ਪਊਏ ਨੇ ਫੋਟੋ ਚੁੱਕ ਕੇ ਪਰਨੇ ਨਾਲ ਸਾਫ ਕੀਤੀ 'ਤੇ ਫੇਰ ਪਹਿਲੇ ਵਾਲੇ ਥਾਂ 'ਤੇ ਟਿਕਾ ਦਿੱਤੀ ।

''ਸ਼ਰੀਕ ਨੂੰ ਵੇਖ ਕੇ ਜਰਦੈ ? ਕੋਈ ਨ੍ਹੀ ਜਰਦਾ ! ਸ਼ਰੀਕ ਥਹੁ ਟਿਕਾਣਾ ਪਤਾ ਕਰ ਭਾਨੋ ਦੇ ਮਾਪਿਆਂ ਪਾਸ ਜਾ ਵੱਜੇ । ਚੁੱਕ ਚੁਕਾ ਕੇ ਘਰ ਲੈ ਆਏ ਉਨ੍ਹਾਂ ਨੂੰ। ਭਾਨੋ ਦੇ ਭਰਾ ਭਾਨੋ ਨੂੰ ਨਾਲ ਕਹਿਣ ਨਾਲ ਚੱਲ । ਭਾਨੋ ਅੜਗੀ । ਹੱਥ ਨਾ ਅੜਦਾ ਵੇਖ ਭਰਾ ਮੁੜਗੇ ਉਵੇਂ ਜਿਵੇਂ । ਸਾਲ ਕੁ ਬਾਅਦ ਗੋਭਲਾ ਜਿਆ ਜੁਆਕ ਆ ਗਿਆ ਵਿਹੜੇ 'ਚ । ਮੇਰਾ ਤਾਂ ਪੈਰ ਧਰਤੀ 'ਤੇ ਨਾ ਲੱਗੇ । ਭਾਨੋ ਦੇ ਭਰਾਵਾਂ ਨੂੰ ਪਤਾ ਨ੍ਹੀ ਕਿੱਥੋਂ ਪਤਾ ਲੱਗਾ, ਸੰਧਾਰਾ ਲੈ ਕੇ ਆਗੇ । ਮੇਰਾ ਮੱਥਾ ਠਣਕਿਆ । ਭਾਨੋ ਦੇ ਭਰਾ ਮਿੱਠੀਆਂ-ਮਿੱਠੀਆਂ ਮਾਰਨ । ਭਾਨੋ ਖੁੱਭ ਗਈ । ਸਾਲ ਕੁ ਬਾਅਦ ਭਾਨੋ ਦਾ ਭਰਾ ਲੈਣ ਲਈ ਆਇਆ । ਭਾਨੋ ਮਾਪਿਆਂ ਨੂੰ ਮਿਲਣ ਜਾਣ ਵਾਸਤੇ ਤਿਆਰ ਹੋਗੀ । ਮੈਂ ਪਾਸੇ ਕਰ ਕੇ ਭਾਨੋ ਨੂੰ ਰੋਕਿਆ । ਉਸਨੇ ਮੂੰਹ ਕੁਸੈਲਾ ਜਿਹਾ ਕਰ ਲਿਆ । ਮੈਂ ਦੜ ਵੱਟ ਗਿਆ । ਬੱਸ ਭਾਨੋ ਮਿਲਣ ਲਈ ਗਈ ਮੁੜ ਕੇ ਨਾ ਆਈ । ਮੈਂ ਉਸ ਨੂੰ ਲੈਣ ਗਿਆ। ਵਿਹੜੇ 'ਚ ਭਾਨੋ ਨੂੰ ਨਾ ਦੇਖ ਕੇ ਮੈਂ ਹਾਕਲ-ਬਾਕਲ ਹੋ ਗਿਆ। ਸਾਲਿਆਂ ਨੇ ਕੋਈ ਨਿਆਂ ਸਿਰਾ ਈ ਨਾਂ ਦਿੱਤਾ । ਉਲਟਾ ਕਹਿੰਦੇ ਭਾਨੋ ਤਾਂ ਇਥੋਂ ਕਦੋਂ ਦੀ ਗਈ ਐ, ਤੂੰ ਸਾਡੀ ਭੈਣ ਮਾਰ ਕੇ ਕਿਤੇ ਖਪਾਤੀ । ਮੈਂ ਕੀ ਕਰਦਾ ? ਖਾਲੀ ਹੱਥ ਮੁੜ ਆਇਆ । ਪਿੱਛੋਂ ਪਤਾ ਲੱਗਾ ਭਾਨੋਂ ਮਾਲਵੇ ਦੇ ਕਿਸੇ ਪਿੰਡ ਪੈਸੇ ਲੈ ਕੇ ਦਹਾਜ਼ੂ ਨਾਲ ਤੋਰ ਦਿੱਤੀ ਸੀ । ਸਹੁਰੇ ਘਰ ਵਾਲੇ ਭਾਨੋ 'ਤੇ ਪੂਰਾ ਪਹਿਰਾ ਰੱਖਦੇ ਸਨ । ਘਰੋਂ ਪੈਰ ਬਾਹਰ ਧਰਨ ਦਾ ਉਹਨੂੰ ਹੁਕਮ ਨ੍ਹੀ ਸੀ । ਮੇਰਾ ਡੁੱਬ ਮਰਨ ਨੂੰ ਜੀਅ ਕੀਤਾ । ਕੌਲਿਆਂ ਨਾਲ ਲੱਗ-ਲੱਗ ਰੋਇਆ । ਸ਼ਰਾਬ 'ਚ ਡੁਬੋ ਲਿਆ ! ਮਾਲਕ ਸੱਦਣ ਆਏ ਤਾਂ ਗੱਡੀ ਦੀਆਂ ਚਾਬੀਆਂ ਫੜਾ ਦਿੱਤੀਆਂ । ਗੱਡੀ ਕਿਹੜੇ ਹੌਸਲੇ ਨਾਲ ਚਲਾਉਂਦਾ ? ਫਿਰ ਸਾਲ ਭਰ ਪਿੰਡ ਈ ਰਿਹਾ। ਰੋਡਵੇਜ਼ ਵਿੱਚ ਡਰੈਵਰਾਂ ਦੀ ਭਰਤੀ ਖੁੱਲੀ । ਸੋਚਿਆ ਵਿਹਲਾ ਮਨ ਆਹਰੇ ਲੱਗਜੂ । ਉਦੋਂ ਪੰਜ ਚਾਰ ਪੜ੍ਹੇ ਨੂੰ ਈ ਰੱਖ ਲੈਂਦੇ ਹੁੰਦੇ ਸੀ । ਪੜ੍ਹਾਈ ਕਿੱਥੇ ਸੀ ਅੱਜਕਲ੍ਹ ਵਾਂਗੂੰ । ਆਹ ਵੀਹ ਸਾਲ ਹੋ ਗਏ ਰੋਡਵੇਜ਼ 'ਚ ਡਰੈਵਰੀ ਕਰਦਿਆਂ । ਦਿਲ ਪਰਚ ਗਿਆ। ਲੋਕਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਢੋਈਦਾ । ਔਖੇ ਵੇਲੇ ਚਿੱਠੀ ਚੀਰਾ ਵੀ ਪੁਚਾਈਦਾ । ਹਜ਼ਾਰਾਂ ਲੋਕਾਂ ਦੇ ਗੁੱਝੇ ਭੇਤ ਦਿਲ 'ਚ ਸਾਂਭ ਕੇ ਰੱਖੀਦੇ । ਕਦੇ ਭਾਫ਼ ਨ੍ਹੀ ਕੱਡੀ । ਕਾਹਦੇ ਪਿੱਛੇ ?'' ''ਭਾਨੋ ਨ੍ਹੀ ਆਈ ਫੇਰ ਕਦੇ ਵੀ ?'' ਵਿਸ਼ਾ ਬਦਲ ਜਾਣ 'ਤੇ ਮੈਂ ਪਊਏ ਨੂੰ ਫੇਰ ਉਸੇ ਗੱਲ ਵੱਲ ਮੋੜਿਆ। "ਆਈ ਸੀ ਕੋਈ ਸੱਤੀ ਵਰੀਂ । ਕਾਲਾ ਸਿਆਹ ਰੰਗ । ਗੱਲ੍ਹਾਂ ਵਿਚ ਡੂੰਘ, ਭੱਦੇ ਜਏ । ਅੱਖਾਂ ਮੁਰਝਾਈਆਂ । ਮੈਨੂੰ ਤਾਂ ਕਿੰਨਾ ਚਿਰ ਸਿਆਣ ਈ ਨਾ ਆਈ । ਕੁਆਟਰ 'ਚ ਆ ਕੇ ਚੁਪ-ਚਾਪ, ਗੁੰਮ-ਸੁੰਮ ਬੈਠੀ ਰਹੀ । ਮੈਂ ਪੁੱਛਿਆ, 'ਕਿਉਂ ਭਾਨੋ ਠੀਕ ਐਂ ?' ਉਹਦੀ ਆਵਾਜ਼ ਜਿਵੇਂ ਖੂਹ 'ਚੋਂ ਆਈ ਸੀ । ਮਸਾਂ ਹੂੰ ਈ ਆਖਿਆ। ਮੈਂ ਆਵਦੇ ਵੱਲੋਂ ਨਿਹੋਰਾ ਮਾਰਿਆ, ਵੈਰਨੇ ਮੈਨੂੰ ਦੱਸਣਾ ਵੀ ਠੀਕ ਨਾ ਸਮਝਿਆ। ਮੈਂ ਤੈਨੂੰ ਇੱਕ ਵਾਰੀ ਵੀ ਜਾਣ ਤੋਂ ਨਾ ਰੋਕਦਾ ।''

"ਓਹ ! " ਮੇਰੇ ਮੂੰਹੋ ਆਪ ਮੁਹਾਰੇ ਨਿਕਲਿਆ । ਮੇਰੇ ਅੰਦਰ ਵੀ ਖੋਹ ਜਿਹੀ ਪੈ ਗਈ ਸੀ । ਪਿਆਰ 'ਚ ਵੱਡਾ ਧੋਖਾ ਖਾਣ ਬਾਅਦ ਦਿਲ ਪਤਲਾ ਪਿਆ ਹੋਇਆ ਸੀ।
''ਕਹਿੰਦੀ ਅਗਲੇ ਜਰਮ 'ਚ ਸਾਰੀ ਦੀ ਸਾਰੀ ਤੇਰੀ ਹੋ ਕੇ ਰਹੂੰ । ਇਹ ਆਖਦਿਆਂ ਭਾਨੋ ਦੀਆਂ ਤਾਂ ਚਾਂਗਰਾਂ ਨਿਕਲ ਗਈਆਂ । ਫੁੱਟ-ਫੁੱਟ ਰੋਣ ਲੱਗੀ । ਚੁੱਪ ਈ ਨਾ ਹੋਣ 'ਚ ਆਵੇ । ਘੰਟਾ ਕੁ ਭਰ ਮੇਰੇ ਕੋਲ ਰਹੀ, ਫੇਰ ਉੱਠ ਕੇ ਚਲੀ ਗਈ । ਫੇਰ ਕਦੇ ਨ੍ਹੀ ਆਈ।"
"ਤੂੰ ਵੀ ਨਹੀਂ ਗਿਆ ਕਦੇ ਮਿਲਣ ? '' ਮੈਂ ਪੁੱਛਿਆ ।

''ਕਾਹਦੇ ਵਾਸਤੇ ? ਕੀ ਕਰਨ ਜਾਣਾ ਸੀ ?'' ਪਊਆ ਹੌਲਾ ਫੁੱਲ ਹੋ ਗਿਆ।
"ਐਹ ਭਾਨੋ ਦੇ ਕੁੱਛੜ ਚੁੱਕਿਆ ਜੁਆਕ ਵੇਹਨਾ ਏਂ ਨਾ ? ਮੇਰੀ ਧੀ ਆ । ਹੁਣ ਤਾਂ ਵਿਆਹੁਣ ਵਾਲੀ ਹੋਊ । ਕੱਲ੍ਹ ਜਿਹੜੀ ਨਰਸ ਦੀ ਗੱਲ ਕਰਦੀ ਸੀ ਮੁੰਡੀਹਰ----।"
"ਆਹੋ !" ਮੈਨੂੰ ਉਤਸੁਕਤਾ ਹੋਈ ।

"ਮੈਨੂੰ ਭਾਨੋ ਦੀ ਕਸਮ ! ਮੈਂ ਉਹਨੂੰ ਕਦੇ ਮਾੜੀ ਨਿਗਾ ਨ੍ਹੀ ਝਾਕਿਆ । ਮੈਂ ਉਹਨੂੰ ਆਪਣੀ ਧੀ ਸਮਝਦੈਂ । ਜੇ ਭਲਾ ਮੈਂ ਮੁੰਡੀਹਰ ਨੂੰ ਕਹਾਂ ਕਿ ਨਰਸ ਕੁੜੀ ਮੈਨੂੰ ਧੀਆਂ ਵਰਗੀ ਲੱਗਦੀ ਐ, ਉਹ ਤਾਂ ਮੇਰਾ ਮਜ਼ਾਕ ਈ ਉਡਾਉਣ ਲੱਗ ਪੈਣ । ਮੈਨੂੰ ਭਾਨੋ ਦੀ ਸਹੁੰ, ਉਹ ਕੁੜੀ ਮੈਨੂੰ ਆਪਣੀ ਸਕੀ ਧੀ ਵਰਗੀ ਲਗਦੀ ਐ ।'' ਪਊਏ ਦੀਆਂ ਅੱਖਾਂ 'ਚੋਂ ਹੰਝੂ ਧਰਲ-ਧਰਲ ਡਿੱਗਣ ਲੱਗੇ। ''ਨਿੱਕਿਆ, ਤੂੰ ਮੇਰੀ ਜ਼ਿੰਦਗੀ ਬਾਰੇ ਪੁੱਛਿਆ ਸੀ ਨਾ ?'' ਪਊਏ ਨੇ ਮੇਰਾ ਕੋਈ ਜੁਆਬ ਉਡੀਕੇ ਬਗੈਰ ਹੀ ਗੱਲ ਫੇਰ ਚਾਲੂ ਕਰ ਦਿੱਤੀ।

"ਹੁਣ ਤਾਂ ਪੀ ਬੀ ਕੇ ਕੱਤੀ ਸਤਾਰਾਂ ਈ ਜਿੰਦਗੀ ਐ । ਪੀ ਬੀ ਕੇ ਕੱਤੀ ਸਤਾਰਾਂ । ਪੂਰੀ ਸ਼ਿੰਗਾਰ ਕੇ ਰੱਖੀਦੀ । ਇਕਦਮ ਟਿੱਪ-ਟਾਪ । ਅਪ-ਟੂ-ਡੇਟ। ਝਾਂਜਰਾਂ ਲਾ ਕੇ । ਪੂਰੇ ਡੀਪੂ 'ਚ ਗੱਲਾਂ ਹੁੰਦੀਆਂ ਕੱਤੀ ਸਤਾਰਾਂ ਦੀਆਂ । ਸਾਰੀਆਂ ਲਾਰੀਆਂ ਨਾਲੋਂ ਵੱਧ ਬੁਕਿੰਗ ਦਿੰਦੀ ਐ, ਮਰਜੀ ਜਿਹੜੇ ਰੂਟ 'ਤੇ ਪਾ ਦਿਉ । ਪਊਆ ਮਾਰੀਦਾ ਅੰਦਰ ਤੇ ਸਟੇਰਿੰਗ ਸੰਭਾਲ ਲਈਦਾ ਮਾਰਾਜ ਦਾ ਨਾਂ ਲੈ ਕੇ । ਦਾਣੇ ਗਿਣਦੀ ਰਹਿੰਦੀ ਰੋੜ 'ਤੇ । ਮਜ਼ਾਲ ਕੀ ਕੋਈ ਲਾਰੀ ਪਾਸ ਕਰਜੇ । ਪ੍ਰਾਈਵੇਟਾਂ ਆਲੇ ਤਾਂ ਧਾਹਾਂ ਮਾਰਦੇ। ਪਹਿਲਾਂ ਪਹਿਲ ਮੈਂ ਸੋਚਦਾ ਹੁੰਦਾ ਸਾਂ ਕਿ ਵਈ ਜਿੰਦਗੀ ਦੀ ਦੌੜ 'ਚ ਕਈ ਮੀਲ ਪਿਛੇ ਰਹਿ ਗਿਆਂ, ਪਰ ਜਦੋਂ ਕੱਤੀ ਸਤਾਰਾਂ ਫਰਾਟੇ ਭਰਦੀ ਕਿਸੇ ਬੱਸ ਟਰੱਕ ਨੂੰ ਪਾਸ ਕਰਦੀ ਆ ਨਾ, ਤਾਂ ਆਏ ਲੱਗਣ ਲੱਗਦਾ ਜਿਵੇਂ ਦੁਨੀਆਂ ਤੋਂ ਬਹੁਤ ਅੱਗੇ ਆ ਗਿਆ ਹੁੰਨਾ । ਉਸ ਟੈਮ ਸਾਰੇ ਈ ਗਿਲੇ ਸ਼ਿਕਵੇ ਦੂਰ ਹੋ ਜਾਂਦੇ ਜ਼ਿੰਦਗੀ ਨਾਲ ।''

ਗੱਲ ਖ਼ਤਮ ਕਰਕੇ ਪਊਆ ਡੂੰਘੀਆਂ ਡੂੰਘੀਆਂ ਨਜ਼ਰਾਂ ਨਾਲ ਖਲਾਅ ਵਿੱਚ ਦੇਖਣ ਲੱਗ ਪਿਆ । ਉਸਦੇ ਸ਼ਬਦਾਂ ਤੋਂ ਜ਼ਾਹਰ ਸੀ ਜਿਵੇਂ ਉਸ ਨੂੰ ਹੁਣ ਜਿੰਦਗੀ ਪ੍ਰਤੀ ਕੋਈ ਵੀ ਰੰਜ ਨਹੀਂ ਪਰ ਉਸਦੀਆਂ ਅੱਖਾਂ ਵਿੱਚ ਤੈਰ ਰਹੀ ਨਮੀ ਕੁੱਝ ਹੋਰ ਈ ਬਿਆਨ ਕਰ ਰਹੀ ਸੀ ।

  • ਮੁੱਖ ਪੰਨਾ : ਕਹਾਣੀਆਂ, ਗੁਰਮੀਤ ਕੜਿਆਲਵੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ